Skip to content

Skip to table of contents

ਯਿਸੂ ਦੀ ਰੀਸ ਕਰੋ—ਪਰਮੇਸ਼ੁਰ ਦੀ ਭਗਤੀ ਕਰ ਕੇ ਉਸ ਨੂੰ ਖ਼ੁਸ਼ ਕਰੋ

ਯਿਸੂ ਦੀ ਰੀਸ ਕਰੋ—ਪਰਮੇਸ਼ੁਰ ਦੀ ਭਗਤੀ ਕਰ ਕੇ ਉਸ ਨੂੰ ਖ਼ੁਸ਼ ਕਰੋ

ਯਿਸੂ ਦੀ ਰੀਸ ਕਰੋ​—ਪਰਮੇਸ਼ੁਰ ਦੀ ਭਗਤੀ ਕਰ ਕੇ ਉਸ ਨੂੰ ਖ਼ੁਸ਼ ਕਰੋ

ਪਰਮੇਸ਼ੁਰ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ” ਬੜੇ ਪ੍ਰੇਮ ਨਾਲ ਲੋਕਾਂ ਨੂੰ ਉਸ ਦੀ ਭਗਤੀ ਕਰਨ ਲਈ ਬੁਲਾਉਂਦਾ ਹੈ। (ਪਰ. 7:​9, 10; 15:​3, 4) ਜੋ-ਜੋ ਇਸ ਸੱਦੇ ਨੂੰ ਸਵੀਕਾਰ ਕਰਦੇ ਹਨ, ਉਹ ‘ਯਹੋਵਾਹ ਦੀ ਮਨੋਹਰਤਾ ਨੂੰ ਤਕ’ ਪਾਉਂਦੇ ਹਨ। (ਜ਼ਬੂ. 27:4; 90:17) ਜ਼ਬੂਰਾਂ ਦੇ ਲਿਖਾਰੀ ਵਾਂਗ ਉਹ ਉੱਚੀ ਆਵਾਜ਼ ਵਿਚ ਪਰਮੇਸ਼ੁਰ ਦੀ ਵਡਿਆਈ ਕਰਦੇ ਹੋਏ ਕਹਿੰਦੇ ਹਨ: “ਆਓ, ਅਸੀਂ ਮੱਥਾ ਟੇਕੀਏ ਅਤੇ ਨਿਉਂ ਕੇ ਯਹੋਵਾਹ ਆਪਣੇ ਸਿਰਜਣਹਾਰ ਦੇ ਅੱਗੇ ਗੋਡੇ ਨਿਵਾਈਏ!”​—⁠ਜ਼ਬੂ. 95:⁠6.

ਭਗਤੀ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ

ਪਰਮੇਸ਼ੁਰ ਦਾ ਇਕਲੌਤਾ ਪੁੱਤਰ ਹੋਣ ਦੇ ਨਾਤੇ ਯਿਸੂ ਕੋਲ ਆਪਣੇ ਪਿਤਾ ਦੀਆਂ ਸੋਚਾਂ, ਉਸ ਦੇ ਸਿਧਾਂਤਾਂ ਅਤੇ ਮਿਆਰਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹੋਣ ਲਈ ਕਾਫ਼ੀ ਸਮਾਂ ਸੀ। ਇਸ ਲਈ ਉਹ ਹੋਰਨਾਂ ਨੂੰ ਦੱਸ ਸਕਦਾ ਸੀ ਕਿ ਯਹੋਵਾਹ ਦੀ ਭਗਤੀ ਕਿਵੇਂ ਕੀਤੀ ਜਾਣੀ ਚਾਹੀਦੀ ਹੈ। ਉਸ ਨੇ ਕਿਹਾ: “ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ।”​—⁠ਯੂਹੰ. 1:14; 14:⁠6.

ਯਿਸੂ ਨੇ ਆਪਣੇ ਪਿਤਾ ਦੇ ਅਧੀਨ ਰਹਿਣ ਦੀ ਵਧੀਆ ਮਿਸਾਲ ਕਾਇਮ ਕੀਤੀ ਸੀ। ਉਸ ਨੇ ਕਿਹਾ: “ਮੈਂ ਆਪਣੀ ਵੱਲੋਂ ਕੁਝ ਨਹੀਂ ਕਰਦਾ ਪਰ ਜਿੱਦਾਂ ਪਿਤਾ ਨੇ ਮੈਨੂੰ ਸਿਖਾਲਿਆ ਹੈ ਓਦਾਂ ਹੀ ਮੈਂ ਏਹ ਗੱਲਾਂ ਆਖਦਾ ਹਾਂ।” ਇਸ ਤੋਂ ਇਲਾਵਾ ਉਸ ਨੇ ਇਹ ਵੀ ਕਿਹਾ: “ਮੈਂ ਸਦਾ ਓਹ ਕੰਮ ਕਰਦਾ ਹਾਂ ਜਿਹੜੇ ਉਸ ਨੂੰ ਭਾਉਂਦੇ ਹਨ।” (ਯੂਹੰ. 8:​28, 29) ਯਿਸੂ ਨੇ ਆਪਣੇ ਪਿਤਾ ਨੂੰ ਕਿਨ੍ਹਾਂ ਤਰੀਕਿਆਂ ਨਾਲ ਖ਼ੁਸ਼ ਕੀਤਾ ਸੀ?

ਯਿਸੂ ਨੇ ਆਪਣੇ ਪਿਤਾ ਯਹੋਵਾਹ ਦੀ ਭਗਤੀ ਕੀਤੀ ਸੀ। ਇਸ ਦਾ ਮਤਲਬ ਹੈ ਕਿ ਉਸ ਨੇ ਤਨ-ਮਨ ਲਾ ਕੇ ਉਸ ਦੀ ਸੇਵਾ ਕੀਤੀ ਸੀ। ਉਹ ਆਪਣੇ ਪਿਤਾ ਨਾਲ ਬਹੁਤ ਪਿਆਰ ਕਰਦਾ ਸੀ। ਇਸ ਦਾ ਸਬੂਤ ਉਸ ਨੇ ਆਪਣੇ ਪਿਤਾ ਦੇ ਕਹੇ ਵਿਚ ਰਹਿ ਕੇ ਦਿੱਤਾ ਅਤੇ ਭਾਵੇਂ ਉਸ ਨੂੰ ਮੁਸ਼ਕਲਾਂ ਸਹਿਣੀਆਂ ਪਈਆਂ, ਫਿਰ ਵੀ ਉਸ ਨੇ ਆਪਣੇ ਪਿਤਾ ਦੀ ਮਰਜ਼ੀ ਪੂਰੀ ਕੀਤੀ। (ਫ਼ਿਲਿ. 2:​7, 8) ਯਿਸੂ ਮੁੱਖ ਤੌਰ ਤੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਿਆ ਦਿੰਦਾ ਸੀ ਜਿਸ ਕਰਕੇ ਲੋਕ ਉਸ ਨੂੰ “ਗੁਰੂ ਜੀ” ਕਹਿੰਦੇ ਸਨ। (ਮੱਤੀ 22:​23, 24; ਯੂਹੰ. 3:2) ਇਸ ਤੋਂ ਇਲਾਵਾ ਦੂਸਰਿਆਂ ਦੀ ਮਦਦ ਕਰਨ ਲਈ ਯਿਸੂ ਹਮੇਸ਼ਾ ਤਿਆਰ ਰਹਿੰਦਾ ਸੀ। ਭਾਵੇਂ ਉਸ ਕੋਲ ਆਪਣੇ ਲਈ ਬਹੁਤਾ ਸਮਾਂ ਨਹੀਂ ਹੁੰਦਾ ਸੀ, ਪਰ ਦੂਸਰਿਆਂ ਦੀ ਸੇਵਾ ਕਰ ਕੇ ਉਸ ਨੂੰ ਬਹੁਤ ਖ਼ੁਸ਼ੀ ਮਿਲਦੀ ਸੀ। (ਮੱਤੀ 14:​13, 14; 20:28) ਇੰਨਾ ਵਿਅਸਤ ਹੋਣ ਦੇ ਬਾਵਜੂਦ ਯਿਸੂ ਨੇ ਹਮੇਸ਼ਾ ਆਪਣੇ ਪਿਤਾ ਨਾਲ ਪ੍ਰਾਰਥਨਾ ਵਿਚ ਗੱਲ ਕਰਨ ਲਈ ਸਮਾਂ ਕੱਢਿਆ ਸੀ। (ਲੂਕਾ 6:12) ਯਹੋਵਾਹ ਪਰਮੇਸ਼ੁਰ ਯਿਸੂ ਦੀ ਭਗਤੀ ਤੋਂ ਕਿੰਨਾ ਖ਼ੁਸ਼ ਸੀ!

ਰੱਬ ਨੂੰ ਖ਼ੁਸ਼ ਕਰਨ ਲਈ ਜਤਨ ਕਰੋ

ਯਹੋਵਾਹ ਨੇ ਆਪਣੇ ਪੁੱਤਰ ਵੱਲ ਦੇਖ ਕੇ ਕਿਹਾ ਕਿ ਉਹ ਉਸ ਤੋਂ ਪ੍ਰਸੰਨ ਸੀ। (ਮੱਤੀ 17:5) ਪਰ ਸ਼ਤਾਨ ਨੇ ਵੀ ਯਿਸੂ ਦੀ ਵਫ਼ਾਦਾਰੀ ਦੇਖ ਲਈ ਸੀ ਜਿਸ ਕਰਕੇ ਉਸ ਨੇ ਯਿਸੂ ਨੂੰ ਆਪਣਾ ਖ਼ਾਸ ਨਿਸ਼ਾਨਾ ਬਣਾਇਆ। ਕਿਉਂ? ਕਿਉਂਕਿ ਉਸ ਸਮੇਂ ਤਕ ਕੋਈ ਵੀ ਇਨਸਾਨ ਪੂਰੀ ਤਰ੍ਹਾਂ ਯਹੋਵਾਹ ਦਾ ਵਫ਼ਾਦਾਰ ਰਹਿ ਕੇ ਉਸ ਦੀ ਭਗਤੀ ਨਹੀਂ ਕਰ ਸਕਿਆ ਸੀ। ਸਿਰਫ਼ ਯਹੋਵਾਹ ਹੀ ਭਗਤੀ ਦਾ ਹੱਕਦਾਰ ਹੈ, ਪਰ ਸ਼ਤਾਨ ਯਿਸੂ ਨੂੰ ਯਹੋਵਾਹ ਦੀ ਭਗਤੀ ਕਰਨ ਤੋਂ ਰੋਕਣਾ ਚਾਹੁੰਦਾ ਸੀ।​—⁠ਪਰ. 4:⁠11.

ਯਿਸੂ ਨੂੰ ਯਹੋਵਾਹ ਤੋਂ ਦੂਰ ਕਰਨ ਲਈ ਸ਼ਤਾਨ “ਉਹ ਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲੈ ਗਿਆ ਅਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਨ੍ਹਾਂ ਦਾ ਜਲੌ ਉਹ ਨੂੰ ਵਿਖਾਇਆ।” ਫਿਰ ਉਸ ਨੇ ਕਿਹਾ: “ਜੇ ਤੂੰ ਨਿਉਂ ਕੇ ਮੈਨੂੰ ਮੱਥਾ ਟੇਕੇਂ ਤਾਂ ਇਹ ਸੱਭੋ ਕੁਝ ਮੈਂ ਤੈਨੂੰ ਦੇ ਦਿਆਂਗਾ।” ਇਹ ਸੁਣ ਕੇ ਯਿਸੂ ਨੇ ਕਿਹਾ: “ਹੇ ਸ਼ਤਾਨ ਚੱਲਿਆ ਜਾਹ! ਕਿਉਂ ਜੋ ਲਿਖਿਆ ਹੈ ਭਈ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ।” (ਮੱਤੀ 4:​8-10) ਯਿਸੂ ਨੇ ਇਹ ਗੱਲ ਪਛਾਣ ਲਈ ਸੀ ਕਿ ਵੱਡੇ ਫ਼ਾਇਦਿਆਂ ਦੇ ਬਾਵਜੂਦ ਜੇ ਉਸ ਨੇ ਸ਼ਤਾਨ ਨੂੰ ਮੱਥਾ ਟੇਕਿਆ, ਤਾਂ ਉਹ ਯਹੋਵਾਹ ਦੀ ਥਾਂ ਕਿਸੇ ਹੋਰ ਦੀ ਭਗਤੀ ਕਰ ਰਿਹਾ ਹੋਵੇਗਾ। ਉਹ ਇਸ ਤਰ੍ਹਾਂ ਕਰਨ ਲਈ ਬਿਲਕੁਲ ਤਿਆਰ ਨਹੀਂ ਸੀ!

ਅੱਜ ਸ਼ਾਇਦ ਸ਼ਤਾਨ ਸਾਡੇ ਨਾਲ ਸਿੱਧੇ ਤੌਰ ਤੇ ਉਹ ਨਾ ਕਰੇ ਜੋ ਉਸ ਨੇ ਯਿਸੂ ਨਾਲ ਕੀਤਾ ਸੀ। ਪਰ ਫਿਰ ਵੀ ਉਹ ਸਾਨੂੰ ਯਹੋਵਾਹ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਯਹੋਵਾਹ ਨੂੰ ਨਹੀਂ ਪਰ ਕਿਸੇ ਹੋਰ ਇਨਸਾਨ ਜਾਂ ਚੀਜ਼ ਨੂੰ ਪਹਿਲ ਦੇਈਏ।​—⁠2 ਕੁਰਿੰ. 4:⁠4.

ਯਿਸੂ ਮਸੀਹ ਨੇ ਆਪਣੀ ਮੌਤ ਤਕ ਵਫ਼ਾਦਾਰ ਰਹਿ ਕੇ ਯਹੋਵਾਹ ਦੀ ਵਡਿਆਈ ਉਸ ਤਰ੍ਹਾਂ ਕੀਤੀ ਜਿਵੇਂ ਕੋਈ ਹੋਰ ਇਨਸਾਨ ਨਹੀਂ ਕਰ ਸਕਿਆ ਸੀ। ਯਿਸੂ ਦੇ ਚੇਲੇ ਹੋਣ ਦੇ ਨਾਤੇ ਅਸੀਂ ਉਸ ਦੀ ਮਿਸਾਲ ਉੱਤੇ ਚੱਲ ਕੇ ਆਪਣੀ ਜ਼ਿੰਦਗੀ ਵਿਚ ਯਹੋਵਾਹ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦਿੰਦੇ ਹਾਂ। ਸਾਡੇ ਲਈ ਯਹੋਵਾਹ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਸਭ ਤੋਂ ਕੀਮਤੀ ਹੈ।

ਸਹੀ ਢੰਗ ਨਾਲ ਭਗਤੀ ਕਰ ਕੇ ਬਰਕਤਾਂ ਪਾਓ

ਜੇ ਅਸੀਂ ਉਸ ਤਰੀਕੇ ਨਾਲ ਭਗਤੀ ਕਰਾਂਗੇ ਜੋ ਪਰਮੇਸ਼ੁਰ ਦੀ ਨਜ਼ਰ ਵਿਚ “ਸ਼ੁੱਧ ਅਤੇ ਨਿਰਮਲ” ਹੈ, ਤਾਂ ਸਾਨੂੰ ਬਰਕਤਾਂ ਹੀ ਬਰਕਤਾਂ ਮਿਲਣਗੀਆਂ। (ਯਾਕੂ. 1:27) ਅਸੀਂ ਉਸ ਸਮੇਂ ਵਿਚ ਜੀ ਰਹੇ ਹਾਂ ਜਦ “ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼” ਅਤੇ “ਨੇਕੀ ਦੇ ਵੈਰੀ” ਹਨ। (2 ਤਿਮੋ. 3:​1-⁠5) ਪਰ ਸਾਡੀਆਂ ਕਲੀਸਿਯਾਵਾਂ ਵਿਚ ਅਸੀਂ ਅਜਿਹੇ ਨੇਕ ਤੇ ਸ਼ੁੱਧ ਇਨਸਾਨਾਂ ਨਾਲ ਸੰਗਤ ਕਰਦੇ ਹਾਂ ਜੋ ਸਹੀ ਢੰਗ ਨਾਲ ਯਹੋਵਾਹ ਦੀ ਭਗਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੀ ਇਹ ਇਕ ਵੱਡੀ ਬਰਕਤ ਨਹੀਂ ਹੈ?

ਸਾਡੀ ਸ਼ੁੱਧ ਜ਼ਮੀਰ ਇਕ ਹੋਰ ਬਰਕਤ ਹੈ। ਇਹ ਬਰਕਤ ਅਸੀਂ ਕਿਵੇਂ ਪਾ ਸਕਦੇ ਹਾਂ? ਇਸ ਦੁਨੀਆਂ ਤੋਂ ਬੇਦਾਗ਼ ਰਹਿ ਕੇ ਅਤੇ ਪਰਮੇਸ਼ੁਰ ਦੇ ਉੱਚੇ-ਸੁੱਚੇ ਮਿਆਰਾਂ ਤੇ ਚੱਲ ਕੇ। ਇਸ ਦੇ ਨਾਲ-ਨਾਲ ਇਹ ਜ਼ਰੂਰੀ ਹੈ ਕਿ ਅਸੀਂ ਹਕੂਮਤਾਂ ਦੇ ਉਨ੍ਹਾਂ ਕਾਨੂੰਨਾਂ ਦੀ ਪਾਲਣਾ ਕਰੀਏ ਜੋ ਪਰਮੇਸ਼ੁਰ ਦੇ ਹੁਕਮਾਂ ਦੇ ਖ਼ਿਲਾਫ਼ ਨਹੀਂ ਹਨ।​—⁠ਮਰ. 12:17; ਰਸੂ. 5:​27-29.

ਤਨ-ਮਨ ਲਾ ਕੇ ਯਹੋਵਾਹ ਦੀ ਭਗਤੀ ਕਰਨ ਦੀਆਂ ਹੋਰ ਵੀ ਬਰਕਤਾਂ ਹਨ। ਜਦ ਅਸੀਂ ਆਪਣੀ ਮਰਜ਼ੀ ਕਰਨ ਦੀ ਥਾਂ ਪਰਮੇਸ਼ੁਰ ਦੀ ਮਰਜ਼ੀ ਕਰਦੇ ਹਾਂ, ਤਾਂ ਸਾਨੂੰ ਜੀਉਣ ਦਾ ਮਕਸਦ ਮਿਲਦਾ ਹੈ। ਇਹ ਕਹਿਣ ਦੀ ਬਜਾਇ ਕਿ “ਆਓ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ,” ਅਸੀਂ ਮਰਨ ਦੀ ਨਹੀਂ, ਸਗੋਂ ਧਰਤੀ ਉੱਤੇ ਹਮੇਸ਼ਾ ਲਈ ਜੀਉਣ ਦੀ ਉਮੀਦ ਰੱਖਦੇ ਹਾਂ।​—⁠1 ਕੁਰਿੰ. 15:⁠32.

ਪਰਕਾਸ਼ ਦੀ ਪੋਥੀ ਵਿਚ ਸਾਨੂੰ ਉਸ ਸਮੇਂ ਬਾਰੇ ਦੱਸਿਆ ਗਿਆ ਹੈ ਜਦ ਸੁੱਚੇ ਮਨ ਨਾਲ ਯਹੋਵਾਹ ਦੀ ਭਗਤੀ ਕਰਨ ਵਾਲੇ “ਵੱਡੀ ਬਿਪਤਾ” ਵਿੱਚੋਂ ਬਚ ਨਿਕਲਣਗੇ। ਬਾਈਬਲ ਕਹਿੰਦੀ ਹੈ ਕਿ “ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਆਪਣਾ ਡੇਰਾ ਓਹਨਾਂ ਦੇ ਉੱਤੇ ਤਾਣੇਗਾ।” (ਪਰ. 7:​13-15) ਸਿੰਘਾਸਣ ਉੱਤੇ ਸਾਰੇ ਜਹਾਨ ਦਾ ਮਾਲਕ ਸਰਬਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਹੀ ਬੈਠਾ ਹੋਇਆ ਹੈ। ਜ਼ਰਾ ਸੋਚੋ ਕਿ ਉਹ ਸਮਾਂ ਕਿੰਨਾ ਵਧੀਆ ਹੋਵੇਗਾ ਜਦ ਯਹੋਵਾਹ ਤੁਹਾਨੂੰ ਪਨਾਹ ਦੇਵੇਗਾ ਅਤੇ ਤੁਹਾਨੂੰ ਕਿਸੇ ਚੀਜ਼ ਦਾ ਡਰ ਨਹੀਂ ਹੋਵੇਗਾ। ਜੇ ਸੋਚਿਆ ਜਾਵੇ, ਤਾਂ ਕੁਝ ਹੱਦ ਤਕ ਅੱਜ ਵੀ ਯਹੋਵਾਹ ਸਾਨੂੰ ਪਨਾਹ ਦਿੰਦਾ ਹੈ।

ਯਹੋਵਾਹ ਦੀ ਭਗਤੀ ਕਰਨ ਵਾਲਿਆਂ ਨੂੰ “ਅੰਮ੍ਰਿਤ ਜਲ ਦਿਆਂ ਸੋਤਿਆਂ ਕੋਲ” ਲੈ ਜਾਇਆ ਜਾਵੇਗਾ। ਇਹ ਸੋਤੇ ਉਨ੍ਹਾਂ ਸਾਰੇ ਪ੍ਰਬੰਧਾਂ ਨੂੰ ਦਰਸਾਉਂਦੇ ਹਨ ਜੋ ਯਹੋਵਾਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਲਈ ਕਰਦਾ ਹੈ। ਯਿਸੂ ਦੇ ਬਲੀਦਾਨ ਸਦਕਾ “ਪਰਮੇਸ਼ੁਰ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ।” (ਪਰ. 7:17) ਇਨਸਾਨ ਮੁਕੰਮਲ ਬਣ ਜਾਣਗੇ ਅਤੇ ਉਨ੍ਹਾਂ ਦੇ ਸਾਮ੍ਹਣੇ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੀ ਬਰਕਤ ਹੋਵੇਗੀ। ਅੱਜ ਵੀ ਯਹੋਵਾਹ ਦੇ ਲੋਕ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਦਿਲੋਂ ਭਗਤੀ ਕਰਦੇ ਹਨ। ਉਹ ਉਨ੍ਹਾਂ ਦੇ ਨਾਲ-ਨਾਲ ਜੋ ਸਵਰਗ ਵਿਚ ਹਨ ਯਹੋਵਾਹ ਦੇ ਗੁਣ ਗਾਉਂਦੇ ਹੋਏ ਕਹਿੰਦੇ ਹਨ: “ਹੇ ਪ੍ਰਭੁ ਪਰਮੇਸ਼ੁਰ, ਸਰਬ ਸ਼ਕਤੀਮਾਨ, ਵੱਡੇ ਅਤੇ ਅਚਰਜ ਹਨ ਤੇਰੇ ਕੰਮ! ਹੇ ਕੌਮਾਂ ਦੇ ਪਾਤਸ਼ਾਹ, ਜਥਾਰਥ ਅਤੇ ਸਤ ਹਨ ਤੇਰੇ ਮਾਰਗ! ਹੇ ਪ੍ਰਭੁ, ਕੌਣ ਤੈਥੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ? ਤੂੰ ਹੀ ਤਾਂ ਇਕੱਲਾ ਪਵਿੱਤਰ ਹੈਂ ਸੋ ਸਾਰੀਆਂ ਕੌਮਾਂ ਆਉਣ ਗੀਆਂ, ਅਤੇ ਤੇਰੇ ਅੱਗੇ ਮੱਥਾ ਟੇਕਣ ਗੀਆਂ, ਇਸ ਲਈ ਜੋ ਤੇਰੇ ਨਿਆਉਂ ਦੇ ਕੰਮ ਪਰਗਟ ਹੋ ਗਏ ਹਨ!”​—⁠ਪਰ. 15:​3, 4.

[ਸਫ਼ਾ 27 ਉੱਤੇ ਤਸਵੀਰ]

ਸ਼ਤਾਨ ਸਾਨੂੰ ਆਪਣੇ ਵੱਲ ਖਿੱਚਣ ਲਈ ਕੀ ਕਰਦਾ ਹੈ?