Skip to content

Skip to table of contents

ਤੀਤੁਸ, ਫ਼ਿਲੇਮੋਨ ਅਤੇ ਇਬਰਾਨੀਆਂ ਨੂੰ ਲਿਖੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ

ਤੀਤੁਸ, ਫ਼ਿਲੇਮੋਨ ਅਤੇ ਇਬਰਾਨੀਆਂ ਨੂੰ ਲਿਖੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ

ਯਹੋਵਾਹ ਦਾ ਬਚਨ ਜੀਉਂਦਾ ਹੈ

ਤੀਤੁਸ, ਫ਼ਿਲੇਮੋਨ ਅਤੇ ਇਬਰਾਨੀਆਂ ਨੂੰ ਲਿਖੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ

ਪੌਲੁਸ ਰਸੂਲ 61 ਈਸਵੀ ਵਿਚ ਰੋਮ ਵਿੱਚੋਂ ਪਹਿਲੀ ਵਾਰੀ ਆਜ਼ਾਦ ਹੋਣ ਤੋਂ ਕੁਝ ਸਮੇਂ ਬਾਅਦ ਕ੍ਰੀਟ ਟਾਪੂ ’ਤੇ ਗਿਆ। ਉੱਥੇ ਉਸ ਨੇ ਦੇਖਿਆ ਕਿ ਕਲੀਸਿਯਾਵਾਂ ਵਿਚ ਭੈਣਾਂ-ਭਰਾਵਾਂ ਦੀ ਨਿਹਚਾ ਕਮਜ਼ੋਰ ਸੀ। ਇਸ ਕਰਕੇ ਉਹ ਤੀਤੁਸ ਨੂੰ ਕ੍ਰੀਟ ਵਿਚ ਛੱਡ ਗਿਆ ਤਾਂਕਿ ਉਹ ਭੈਣਾਂ-ਭਰਾਵਾਂ ਨੂੰ ਤਕੜਿਆਂ ਕਰੇ। ਬਾਅਦ ਵਿਚ ਪੌਲੁਸ ਨੇ ਮਕਦੂਨਿਯਾ ਤੋਂ ਤੀਤੁਸ ਨੂੰ ਚਿੱਠੀ ਲਿਖੀ ਜਿਸ ਵਿਚ ਉਸ ਨੇ ਤੀਤੁਸ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਸੇਧ ਦਿੱਤੀ ਅਤੇ ਸਿੱਖਿਆ ਦੇਣ ਦਾ ਅਧਿਕਾਰ ਦਿੱਤਾ।

61 ਈਸਵੀ ਵਿਚ ਆਜ਼ਾਦ ਹੋਣ ਤੋਂ ਕੁਝ ਚਿਰ ਪਹਿਲਾਂ ਉਸ ਨੇ ਕੁਲੁੱਸੈ ਵਿਚ ਰਹਿੰਦੇ ਇਕ ਭਰਾ ਫ਼ਿਲੇਮੋਨ ਨੂੰ ਚਿੱਠੀ ਲਿਖੀ ਸੀ। ਇਸ ਚਿੱਠੀ ਵਿਚ ਪੌਲੁਸ ਨੇ ਉਸ ਨੂੰ ਇਕ ਦੋਸਤ ਦੀ ਤਰ੍ਹਾਂ ਬੇਨਤੀ ਕੀਤੀ ਸੀ।

ਇਸ ਤੋਂ ਇਲਾਵਾ, ਤਕਰੀਬਨ 61 ਈਸਵੀ ਵਿਚ ਪੌਲੁਸ ਨੇ ਯਹੂਦਿਯਾ ਵਿਚ ਰਹਿੰਦੇ ਇਬਰਾਨੀ ਭੈਣਾਂ-ਭਰਾਵਾਂ ਨੂੰ ਵੀ ਚਿੱਠੀ ਲਿਖੀ ਸੀ ਜਿਸ ਵਿਚ ਪੌਲੁਸ ਨੇ ਸਾਬਤ ਕੀਤਾ ਕਿ ਮਸੀਹੀ ਧਰਮ ਮੂਸਾ ਦੀ ਸ਼ਰਾ ਨਾਲੋਂ ਕਿਤੇ ਹੀ ਉੱਤਮ ਹੈ। ਇਨ੍ਹਾਂ ਤਿੰਨਾਂ ਚਿੱਠੀਆਂ ਵਿਚ ਸਾਡੇ ਸਾਰਿਆਂ ਵਾਸਤੇ ਬਹੁਤ ਚੰਗੀ ਸਲਾਹ ਹੈ।​—ਇਬ. 4:12.

ਨਿਹਚਾ ਵਿਚ ਤਕੜੇ ਰਹੋ

(ਤੀਤੁ. 1:1–3:15)

‘ਨਗਰ ਨਗਰ ਬਜ਼ੁਰਗ ਥਾਪਣ’ ਸੰਬੰਧੀ ਹਿਦਾਇਤਾਂ ਦੇਣ ਤੋਂ ਬਾਅਦ ਪੌਲੁਸ ਨੇ ਤੀਤੁਸ ਨੂੰ ਸਲਾਹ ਦਿੱਤੀ ਕਿ ਉਹ ‘ਢੀਠਾਂ ਨੂੰ ਕਰੜਾਈ ਨਾਲ ਝਿੜਕ ਦੇਵੇ ਭਈ ਓਹ ਨਿਹਚਾ ਵਿੱਚ ਪੱਕੇ ਹੋਣ।’ ਕ੍ਰੀਟ ਦੀਆਂ ਸਾਰੀਆਂ ਕਲੀਸਿਯਾਵਾਂ ਦੇ ਭੈਣਾਂ-ਭਰਾਵਾਂ ਨੂੰ ਉਸ ਨੇ ‘ਅਭਗਤੀ ਤੋਂ ਮਨ ਫੇਰ ਕੇ ਸੁਰਤ ਨਾਲ ਉਮਰ ਬਤੀਤ ਕਰਨ’ ਦੀ ਸਲਾਹ ਦਿੱਤੀ।​—ਤੀਤੁ. 1:5, 10-13; 2:12.

ਪੌਲੁਸ ਨੇ ਕ੍ਰੀਟ ਦੇ ਭਰਾਵਾਂ ਨੂੰ ਆਪਣੀ ਨਿਹਚਾ ਤਕੜੀ ਕਰਨ ਦੀ ਸਲਾਹ ਦਿੱਤੀ। ਉਸ ਨੇ ਤੀਤੁਸ ਨੂੰ ‘ਮੂਰਖਪੁਣੇ ਦਿਆਂ ਪ੍ਰਸ਼ਨਾਂ ਅਤੇ . . . ਬਖੇੜਿਆਂ ਤੋਂ ਜਿਹੜੇ ਸ਼ਰਾ ਦੇ ਵਿਖੇ ਹੋਣ ਲਾਂਭੇ ਰਹਿਣ’ ਦੀ ਨਸੀਹਤ ਦਿੱਤੀ।​—ਤੀਤੁ. 3:9.

ਕੁਝ ਸਵਾਲਾਂ ਦੇ ਜਵਾਬ:

1:15—ਇਹ ਕਿਵੇਂ ਹੋ ਸਕਦਾ ਹੈ ਕਿਸੁੱਚਿਆਂ ਲਈ ਸੱਭੋ ਕੁਝ ਸੁੱਚਾ ਪਰ ਭਰਿਸ਼ਟਾਂ ਤੇ ਬੇਪਰਤੀਤਿਆਂ ਲਈ ਕੁਝ ਵੀ ਸੁੱਚਾ ਨਹੀਂ? ਇਸ ਦਾ ਸਹੀ ਜਵਾਬ ਸਾਨੂੰ ਇਹ ਸਮਝ ਕੇ ਮਿਲੇਗਾ ਕਿ ਪੌਲੁਸ ਦਾ “ਸੱਭੋ ਕੁਝ” ਕਹਿਣ ਤੋਂ ਕੀ ਮਤਲਬ ਸੀ। ਪੌਲੁਸ ਸਿਰਫ਼ ਉਨ੍ਹਾਂ ਚੀਜ਼ਾਂ ਬਾਰੇ ਗੱਲ ਨਹੀਂ ਸੀ ਕਰ ਰਿਹਾ ਜਿਨ੍ਹਾਂ ਨੂੰ ਬਾਈਬਲ ਸਿੱਧੇ ਤੌਰ ਤੇ ਮਨ੍ਹਾ ਕਰਦੀ ਹੈ। ਪਰ ਉਹ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰ ਰਿਹਾ ਸੀ ਜਿਨ੍ਹਾਂ ਬਾਰੇ ਵਿਅਕਤੀ ਨੂੰ ਆਪਣੀ ਜ਼ਮੀਰ ਨੂੰ ਧਿਆਨ ਵਿਚ ਰੱਖ ਕੇ ਫ਼ੈਸਲਾ ਕਰਨ ਦੀ ਲੋੜ ਹੈ। ਜਿਸ ਵਿਅਕਤੀ ਦੀ ਸੋਚਣੀ ਪਰਮੇਸ਼ੁਰ ਦੇ ਅਸੂਲਾਂ ਦੇ ਅਨੁਸਾਰ ਕੰਮ ਕਰਦੀ ਹੈ, ਉਸ ਲਈ “ਸੱਭੋ ਕੁਝ” ਸ਼ੁੱਧ ਹੁੰਦਾ ਹੈ। ਪਰ ਜਿਨ੍ਹਾਂ ਦੀ ਸੋਚ ਤੇ ਜ਼ਮੀਰ ਵਿਗੜ ਚੁੱਕੀ ਹੈ, ਉਨ੍ਹਾਂ ਵਾਸਤੇ ਹਰ ਚੀਜ਼ ਅਸ਼ੁੱਧ ਹੈ। *

3:5—ਮਸਹ ਕੀਤੇ ਹੋਏ ਮਸੀਹੀ ਕਿਵੇਂ ‘ਅਸ਼ਨਾਨ ਰਾਹੀਂ ਬਚਾਏ ਗਏ ਤੇ ਪਵਿੱਤਰ ਸ਼ਕਤੀ ਵਸੀਲੇ ਨਵੇਂ ਬਣਾਏ ਗਏ’? ਉਹ ਇਸ ਅਰਥ ਵਿਚ ‘ਅਸ਼ਨਾਨ ਰਾਹੀਂ ਬਚਾਏ’ ਗਏ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਯਿਸੂ ਦੇ ਵਹਾਏ ਗਏ ਲਹੂ ਨਾਲ ਸ਼ੁੱਧ ਕੀਤਾ ਹੈ। ਉਹ ‘ਪਵਿੱਤਰ ਸ਼ਕਤੀ ਦੇ ਵਸੀਲੇ ਨਵੇਂ ਬਣਾਏ’ ਗਏ ਹਨ ਕਿਉਂਕਿ ਉਹ ਪਰਮੇਸ਼ੁਰ ਦੀ ਸ਼ਕਤੀ ਨਾਲ ਮਸਹ ਕੀਤੇ ਹੋਏ ਪੁੱਤਰਾਂ ਵਜੋਂ “ਨਵੀਂ ਸਰਿਸ਼ਟ” ਹਨ।​—2 ਕੁਰਿੰ. 5:17.

ਸਾਡੇ ਲਈ ਸਬਕ:

1:10-13; 2:15. ਕਲੀਸਿਯਾ ਦੇ ਬਜ਼ੁਰਗਾਂ ਨੂੰ ਹਿੰਮਤ ਤੋਂ ਕੰਮ ਲੈਣਾ ਚਾਹੀਦਾ ਹੈ ਜਦੋਂ ਕਲੀਸਿਯਾ ਵਿਚ ਕਿਸੇ ਗ਼ਲਤ ਕੰਮ ਵਾਲੇ ਨੂੰ ਸੁਧਾਰਨ ਦੀ ਲੋੜ ਪੈਂਦੀ ਹੈ।

2:3-5. ਪਹਿਲੀ ਸਦੀ ਦੀਆਂ ਮਸੀਹੀ ਭੈਣਾਂ ਵਾਂਗ ਅੱਜ ਵੀ ਭੈਣਾਂ ਦਾ “ਚਾਲ ਚਲਣ ਅਦਬ ਵਾਲਾ ਹੋਵੇ, ਓਹ ਨਾ ਉਂਗਲ ਕਰਨ ਵਾਲੀਆਂ, ਨਾ ਬਹੁਤ ਮੈ ਦੀਆਂ ਗੁਲਾਮਾਂ ਹੋਣ, ਸਗੋਂ ਸੋਹਣੀਆਂ ਗੱਲਾਂ ਸਿਖਾਉਣ ਵਾਲੀਆਂ ਹੋਣ।” ਇਸ ਤਰ੍ਹਾਂ ਕਰਨ ਨਾਲ ਉਹ ਕਲੀਸਿਯਾ ਦੀਆਂ “ਮੁਟਿਆਰਾਂ” ਨੂੰ ਇਕੱਲਿਆਂ ਵਿਚ ਚੰਗੀ ਤਰ੍ਹਾਂ ਮੱਤ ਦੇ ਸਕਣਗੀਆਂ।

3:8, 14. ‘ਸ਼ੁਭ ਕਰਮ ਕਰਨ ਵਿੱਚ ਚਿੱਤ ਲਾਉਣਾ ਭਲਾ ਅਤੇ ਗੁਣਕਾਰ ਹੈ’ ਕਿਉਂਕਿ ਸਾਨੂੰ ਪਰਮੇਸ਼ੁਰ ਦੀ ਸੇਵਾ ਚੰਗੀ ਤਰ੍ਹਾਂ ਕਰਨ ਵਿਚ ਮਦਦ ਮਿਲਦੀ ਹੈ ਤੇ ਅਸੀਂ ਬੁਰੀ ਦੁਨੀਆਂ ਤੋਂ ਦੂਰ ਰਹਿੰਦੇ ਹਾਂ।

“ਪ੍ਰੇਮ ਦਾ ਵਾਸਤਾ ਪਾ ਕੇ” ਬੇਨਤੀ ਕਰੋ

(ਫ਼ਿਲੇ. 1-25)

“ਪ੍ਰੀਤ ਅਤੇ ਨਿਹਚਾ” ਵਿਚ ਚੰਗੀ ਮਿਸਾਲ ਹੋਣ ਕਰਕੇ ਫ਼ਿਲੇਮੋਨ ਦੀ ਸ਼ਲਾਘਾ ਕੀਤੀ ਗਈ ਸੀ। ਇਹ ਦੇਖ ਕੇ ਕਿ ਫ਼ਿਲੇਮੋਨ ਦੂਸਰਿਆਂ ਭੈਣਾਂ-ਭਰਾਵਾਂ ਨੂੰ ਹੌਸਲਾ ਦਿੰਦਾ ਸੀ, ਪੌਲੁਸ ਨੂੰ “ਵੱਡਾ ਅਨੰਦ ਅਤੇ ਤਸੱਲੀ ਹੋਈ।”​—ਫ਼ਿਲੇ. 4, 57.

ਪੌਲੁਸ ਨੇ ਸਾਰੇ ਬਜ਼ੁਰਗਾਂ ਲਈ ਵਧੀਆ ਮਿਸਾਲ ਕਾਇਮ ਕੀਤੀ ਜਦੋਂ ਉਸ ਨੇ ਉਨੇਸਿਮੁਸ ਬਾਰੇ ਉਸ ਦੇ ਮਾਲਕ ਨੂੰ ਹੁਕਮ ਦੇਣ ਦੀ ਬਜਾਇ “ਪਿਆਰ ਦਾ ਵਾਸਤਾ ਪਾ ਕੇ” ਬੇਨਤੀ ਕੀਤੀ। ਉਸ ਨੇ ਫ਼ਿਲੇਮੋਨ ਨੂੰ ਕਿਹਾ: “ਤੇਰੀ ਆਗਿਆਕਾਰੀ ਉੱਤੇ ਭਰੋਸਾ ਰਖ ਕੇ ਮੈਂ ਤੈਨੂੰ ਲਿਖਿਆ ਹੈ ਕਿਉਂ ਜੋ ਮੈਂ ਜਾਣਦਾ ਹਾਂ ਭਈ ਜੋ ਕੁਝ ਮੈਂ ਆਖਦਾ ਹਾਂ ਤੂੰ ਉਸ ਤੋਂ ਵਧੀਕ ਕਰੇਂਗਾ।”​—ਫ਼ਿਲੇ. 8, 921.

ਕੁਝ ਸਵਾਲਾਂ ਦੇ ਜਵਾਬ:

10, 11, 18—ਉਨੇਸਿਮੁਸ ਜਿਹੜਾ ਪਹਿਲਾਂ ‘ਕਿਸੇ ਕੰਮ ਦਾ ਨਾ ਸੀ ਪਰ ਹੁਣ ਬਹੁਤ ਕੰਮ’ ਦਾ ਕਿਵੇਂ ਬਣ ਗਿਆ ਸੀ? ਉਨੇਸਿਮੁਸ ਕੁਲੁੱਸੈ ਵਿਚ ਆਪਣੇ ਮਾਲਕ ਫ਼ਿਲੇਮੋਨ ਦੇ ਘਰ ਕੰਮ ਕਰਨ ਨੂੰ ਤਿਆਰ ਨਹੀਂ ਸੀ, ਇਸ ਲਈ ਉਹ ਰੋਮ ਨੂੰ ਭੱਜ ਗਿਆ। ਹੋ ਸਕਦਾ ਹੈ ਕਿ ਉਨੇਸਿਮੁਸ ਨੇ 1,400 ਕਿਲੋਮੀਟਰ ਦਾ ਸਫ਼ਰ ਤੈ ਕਰਨ ਲਈ ਆਪਣੇ ਮਾਲਕ ਦੇ ਪੈਸੇ ਚੁਰਾਏ ਹੋਣ। ਉਹ ਸੱਚ-ਮੁੱਚ ਫ਼ਿਲੇਮੋਨ ਦੇ ਕਿਸੇ ਕੰਮ ਦਾ ਨਹੀਂ ਸੀ। ਪਰ ਰੋਮ ਵਿਚ ਪੌਲੁਸ ਨੇ ਉਨੇਸਿਮੁਸ ਦੀ ਮਸੀਹੀ ਬਣਨ ਵਿਚ ਮਦਦ ਕੀਤੀ ਅਤੇ ਹੁਣ ਮਸੀਹੀ ਭਰਾ ਹੋਣ ਦੇ ਨਾਤੇ ਉਨੇਸਿਮੁਸ ਜੋ ਪਹਿਲਾਂ “ਕਿਸੇ ਕੰਮ ਦਾ ਨਾ ਸੀ” ਹੁਣ “ਬਹੁਤ ਕੰਮ” ਦਾ ਬਣ ਗਿਆ ਸੀ।

15, 16—ਪੌਲੁਸ ਨੇ ਫ਼ਿਲੇਮੋਨ ਨੂੰ ਉਨੇਸਿਮੁਸ ਨੂੰ ਆਜ਼ਾਦ ਕਰਨ ਲਈ ਕਿਉਂ ਨਹੀਂ ਕਿਹਾ? ਪੌਲੁਸ ‘ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਨ ਅਤੇ ਪ੍ਰਭੂ ਯਿਸੂ ਮਸੀਹ ਦੇ ਵਿਖੇ ਉਪਦੇਸ਼ ਦੇਣ’ ਦੇ ਕੰਮ ਵਿਚ ਲੱਗਾ ਰਹਿਣਾ ਚਾਹੁੰਦਾ ਸੀ। ਇਸ ਲਈ ਉਹ ਦੂਸਰਿਆਂ ਦੇ ਮਾਮਲਿਆਂ ਵਿਚ ਟੰਗ ਨਹੀਂ ਸੀ ਅੜਾਉਣੀ ਚਾਹੁੰਦਾ ਜਿਵੇਂ ਗ਼ੁਲਾਮੀ ਦੇ ਮਾਮਲੇ ਵਿਚ।​—ਰਸੂ. 28:31.

ਸਾਡੇ ਲਈ ਸਬਕ:

2. ਫ਼ਿਲੇਮੋਨ ਦੇ ਘਰ ਵਿਚ ਮਸੀਹੀ ਸਭਾਵਾਂ ਕੀਤੀਆਂ ਜਾਂਦੀਆਂ ਸਨ। ਆਪਣੇ ਘਰ ਵਿਚ ਪ੍ਰਚਾਰ ਸੇਵਾ ਲਈ ਸਭਾਵਾਂ ਰੱਖਣੀਆਂ ਸਨਮਾਨ ਦੀ ਗੱਲ ਹੈ।​—ਰੋਮੀ. 16:5; ਕੁਲੁ. 4:15.

4-7. ਸਾਨੂੰ ਨਿਹਚਾ ਅਤੇ ਪ੍ਰੇਮ ਵਿਚ ਮਿਸਾਲੀ ਭੈਣ-ਭਰਾਵਾਂ ਦੀ ਸ਼ਲਾਘਾ ਕਰਨ ਵਿਚ ਪਹਿਲ ਕਰਨੀ ਚਾਹੀਦੀ ਹੈ।

15, 16. ਮਾੜੇ ਹਾਲਾਤਾਂ ਕਾਰਨ ਸਾਨੂੰ ਬਹੁਤੀ ਚਿੰਤਾ ਨਹੀਂ ਕਰਨੀ ਚਾਹੀਦੀ। ਚਿੰਤਾ ਨਾ ਕਰਨ ਦੇ ਚੰਗੇ ਨਤੀਜੇ ਨਿਕਲ ਸਕਦੇ ਹਨ ਜਿਵੇਂ ਅਸੀਂ ਉਨੇਸਿਮੁਸ ਦੇ ਮਾਮਲੇ ਵਿਚ ਦੇਖਿਆ ਸੀ।

21. ਪੌਲੁਸ ਚਾਹੁੰਦਾ ਸੀ ਕਿ ਫ਼ਿਲੇਮੋਨ ਉਨੇਸਿਮੁਸ ਨੂੰ ਮਾਫ਼ ਕਰ ਦੇਵੇ। ਸਾਨੂੰ ਵੀ ਉਸ ਭੈਣ ਜਾਂ ਭਰਾ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਜਿਸ ਨੇ ਸਾਨੂੰ ਠੋਕਰ ਖੁਆਈ ਹੈ।​—ਮੱਤੀ 6:14.

‘ਸਿਆਣਪੁਣੇ ਦੀ ਵੱਲ ਅਗਾਹਾਂ ਵਧਦੇ ਜਾਓ’

(ਇਬ. 1:1–13:25)

ਇਹ ਸਾਬਤ ਕਰਨ ਲਈ ਕਿ ਸ਼ਰਾ ਦੇ ਕੰਮਾਂ ਨਾਲੋਂ ਜ਼ਿਆਦਾ ਜ਼ਰੂਰੀ ਹੈ ਯਿਸੂ ਦੀ ਕੁਰਬਾਨੀ ਉੱਤੇ ਨਿਹਚਾ ਕਰਨੀ, ਪੌਲੁਸ ਨੇ ਕਿਹਾ ਕਿ ਮਸੀਹੀ ਧਰਮ ਦੀ ਨੀਂਹ ਯਿਸੂ ਮਸੀਹ ਹੈ ਅਤੇ ਉਸ ਦੀ ਜਾਜਕਾਈ, ਉਸ ਦੀ ਕੁਰਬਾਨੀ ਤੇ ਨਵਾਂ ਨੇਮ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਜ਼ਿਆਦਾ ਅਹਿਮੀਅਤ ਰੱਖਦੇ ਹਨ। (ਇਬ. 3:1-3; 7:1-3, 22; 8:6; 9:11-14, 25, 26) ਇਸ ਜਾਣਕਾਰੀ ਨੇ ਇਬਰਾਨੀ ਮਸੀਹੀਆਂ ਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਵਿਚ ਜ਼ਰੂਰ ਮਦਦ ਕੀਤੀ ਹੋਵੇਗੀ ਜੋ ਉਨ੍ਹਾਂ ਨੇ ਯਹੂਦੀਆਂ ਦੇ ਹੱਥੋਂ ਸਹੀਆਂ ਸਨ। ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ‘ਸਿਆਣਪੁਣੇ ਦੀ ਵੱਲ ਅਗਾਹਾਂ ਵਧਦੇ ਜਾਣ’ ਦੀ ਅਰਜ਼ ਕੀਤੀ।​—ਇਬ. 6:1.

ਮਸੀਹੀਆਂ ਲਈ ਨਿਹਚਾ ਕਰਨੀ ਕਿੰਨੀ ਜ਼ਰੂਰੀ ਹੈ? ਪੌਲੁਸ ਨੇ ਕਿਹਾ ਕਿ “ਨਿਹਚਾ ਬਾਝੋਂ [ਪਰਮੇਸ਼ੁਰ] ਦੇ ਮਨ ਨੂੰ ਭਾਉਣਾ ਅਣਹੋਣਾ ਹੈ।” ਉਸ ਨੇ ਇਬਰਾਨੀਆਂ ਮਸੀਹੀਆਂ ਨੂੰ ਅੱਗੇ ਕਿਹਾ ਕਿ ‘ਉਸ ਦੌੜ ਵਿੱਚ ਜੋ ਉਨ੍ਹਾਂ ਦੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜਨ।’​—ਇਬ. 11:6; 12:1.

ਕੁਝ ਸਵਾਲਾਂ ਦੇ ਜਵਾਬ:

2:14, 15—ਕੀ ‘ਸ਼ਤਾਨ ਦੇ ਵੱਸ ਵਿਚ ਮੌਤ ਹੋਣ’ ਦਾ ਇਹ ਮਤਲਬ ਹੈ ਕਿ ਉਹ ਕਿਸੇ ਵੀ ਸਮੇਂ ਕਿਸੇ ਦੀ ਵੀ ਜਾਨ ਲੈ ਸਕਦਾ ਹੈ? ਨਹੀਂ। ਪਰ ਅਦਨ ਦੇ ਬਾਗ਼ ਵਿਚ ਸ਼ਤਾਨ ਨੇ ਝੂਠ ਬੋਲਿਆ ਜੋ ਦੁਨੀਆਂ ਵਿਚ ਮੌਤ ਦਾ ਕਾਰਨ ਬਣਿਆ ਕਿਉਂਕਿ ਆਦਮ ਨੇ ਪਾਪ ਕੀਤਾ ਸੀ। ਉਸ ਦਾ ਪਾਪ ਤੇ ਮੌਤ ਸਾਰੀ ਦੁਨੀਆਂ ਵਿਚ ਫੈਲ ਗਏ। (ਰੋਮੀ. 5:12) ਇਸ ਤੋਂ ਇਲਾਵਾ ਸ਼ਤਾਨ ਦੇ ਪਿੱਛੇ ਚੱਲਣ ਵਾਲਿਆਂ ਨੇ ਪਰਮੇਸ਼ੁਰ ਦੇ ਭਗਤਾਂ ਨੂੰ ਤੜਫ਼ਾ-ਤੜਫ਼ਾ ਕੇ ਮਾਰਿਆ ਹੈ ਜਿਵੇਂ ਉਨ੍ਹਾਂ ਨੇ ਯਿਸੂ ਨੂੰ ਵੀ ਮਾਰਿਆ ਸੀ। ਪਰ ਇਸ ਦਾ ਇਹ ਮਤਲਬ ਨਹੀਂ ਕਿ ਸ਼ਤਾਨ ਕੋਲ ਕਿਸੇ ਨੂੰ ਵੀ ਮਾਰਨ ਦੀ ਅਥਾਹ ਤਾਕਤ ਹੈ। ਜੇ ਇੱਦਾਂ ਹੁੰਦਾ, ਤਾਂ ਹੁਣ ਤਕ ਉਹ ਯਹੋਵਾਹ ਦੇ ਭਗਤਾਂ ਦਾ ਨਾਮੋ-ਨਿਸ਼ਾਨ ਮਿਟਾ ਚੁੱਕਾ ਹੁੰਦਾ। ਯਹੋਵਾਹ ਆਪਣੇ ਲੋਕਾਂ ਦੀ ਸਮੂਹ ਦੇ ਤੌਰ ਤੇ ਰਾਖੀ ਕਰਦਾ ਹੈ ਅਤੇ ਉਹ ਕਦੇ ਵੀ ਸ਼ਤਾਨ ਨੂੰ ਆਪਣੇ ਲੋਕਾਂ ਨੂੰ ਖ਼ਤਮ ਨਹੀਂ ਕਰਨ ਦੇਵੇਗਾ। ਭਾਵੇਂ ਕਿ ਯਹੋਵਾਹ ਆਪਣੇ ਭਗਤਾਂ ਉੱਤੇ ਸ਼ਤਾਨ ਦੇ ਹਮਲਿਆਂ ਦੇ ਕਾਰਨ ਮੌਤ ਆਉਣ ਦਿੰਦਾ ਹੈ, ਪਰ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਸਭ ਕੁਝ ਆਪਣੀ ਨਵੀਂ ਦੁਨੀਆਂ ਵਿਚ ਠੀਕ ਕਰ ਦੇਵੇਗਾ।

4:9-11—ਅਸੀਂ ਕਿਵੇਂ “[ਪਰਮੇਸ਼ੁਰ ਦੇ] ਅਰਾਮ ਵਿੱਚ ਵੜ” ਸਕਦੇ ਹਾਂ? ਪਰਮੇਸ਼ੁਰ ਨੇ ਸ੍ਰਿਸ਼ਟੀ ਦੇ ਛੇਵੇਂ ਦਿਨ ਦੇ ਖ਼ਤਮ ਹੋਣ ਤੇ ਆਪਣੇ ਸ੍ਰਿਸ਼ਟੀ ਦੇ ਕੰਮਾਂ ਤੋਂ ਆਰਾਮ ਕੀਤਾ। ਉਸ ਨੂੰ ਭਰੋਸਾ ਸੀ ਕਿ ਧਰਤੀ ਅਤੇ ਮਨੁੱਖਜਾਤੀ ਸੰਬੰਧੀ ਉਸ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ। (ਉਤ. 1:28; 2:2, 3) ਅਸੀਂ ਆਪਣੇ ਜਤਨਾਂ ਸਦਕਾ ਉਸ ‘ਅਰਾਮ ਵਿਚ ਨਹੀਂ ਵੜ’ ਸਕਦੇ, ਬਲਕਿ ਮੁਕਤੀ ਪਾਉਣ ਲਈ ਕੀਤੇ ਪਰਮੇਸ਼ੁਰ ਦੇ ਪ੍ਰਬੰਧ ਨੂੰ ਕਬੂਲ ਕਰ ਕੇ ਹੀ ਵੜ ਸਕਦੇ ਹਾਂ। ਜਦੋਂ ਅਸੀਂ ਯਹੋਵਾਹ ’ਤੇ ਨਿਹਚਾ ਕਰਦੇ ਹਾਂ ਅਤੇ ਧਨ-ਦੌਲਤ ਪਿੱਛੇ ਲੱਗਣ ਦੀ ਬਜਾਇ ਉਸ ਦੇ ਪੁੱਤਰ ਦਾ ਕਹਿਣਾ ਮੰਨਦੇ ਹਾਂ, ਤਾਂ ਅਸੀਂ ਹਰ ਰੋਜ਼ ਯਹੋਵਾਹ ਦੀ ਮਿਹਰ ਪ੍ਰਾਪਤ ਕਰਦੇ ਹਾਂ।​—ਮੱਤੀ 11:28-30.

9:16—ਨਵਾਂ ਨੇਮ ਯਾਨੀਵਸੀਅਤਕਰਨ ਵਾਲਾ ਮਨੁੱਖ ਕੌਣ ਹੈ? ਯਹੋਵਾਹ ਨੇ ਇਸ ਵਸੀਅਤ ਨੂੰ ਬਣਾਇਆ ਹੈ ਤੇ ਯਿਸੂ ਇਸ “ਵਸੀਅਤ” ਨੂੰ ਅਮਲ ਵਿਚ ਲਿਆਉਣ ਵਾਲਾ ਮਨੁੱਖ ਹੈ। ਯਿਸੂ ਇਸ ਵਸੀਅਤ ਯਾਨੀ ਨਵੇਂ ਨੇਮ ਦਾ ਵਿਚੋਲਾ ਹੈ ਅਤੇ ਉਸ ਨੇ ਆਪਣੀ ਕੁਰਬਾਨੀ ਦੇ ਕੇ ਇਸ ਨੂੰ ਜਾਇਜ਼ ਠਹਿਰਾਇਆ ਹੈ।​—ਲੂਕਾ 22:20; ਇਬ. 9:15.

11:10, 13-16—ਅਬਰਾਹਾਮ ਕਿਸ “ਨਗਰ” ਦੀ ਉਡੀਕ ਵਿਚ ਸੀ? ਇਹ ਸੱਚੀ-ਮੁੱਚੀ ਦਾ ਕੋਈ ਨਗਰ ਨਹੀਂ ਸੀ ਸਗੋਂ “ਸੁਰਗੀ ਯਰੂਸ਼ਲਮ” ਸੀ ਜਿਸ ਦੀ ਅਬਰਾਹਾਮ ਉਡੀਕ ਕਰ ਰਿਹਾ ਸੀ। ਇਹ ਨਗਰ ਯਿਸੂ ਮਸੀਹ ਅਤੇ ਉਸ ਦੇ ਨਾਲ ਰਾਜ ਕਰਨ ਵਾਲੇ 1,44,000 ਮਨੁੱਖਾਂ ਦਾ ਬਣਿਆ ਹੋਇਆ ਹੈ। ਸਵਰਗ ਵਿਚ ਰਾਜ ਕਰਨ ਵਾਲੇ ਇਨ੍ਹਾਂ ਰਾਜਿਆਂ ਨੂੰ “ਪਵਿੱਤਰ ਨਗਰੀ ਨਵੀਂ ਯਰੂਸ਼ਲਮ” ਵੀ ਕਿਹਾ ਗਿਆ ਹੈ। (ਇਬ. 12:22; ਪਰ. 14:1; 21:2) ਅਬਰਾਹਾਮ ਪਰਮੇਸ਼ੁਰ ਦੇ ਇਸ ਰਾਜ ਅਧੀਨ ਜ਼ਿੰਦਗੀ ਪਾਉਣ ਦੀ ਉਡੀਕ ਕਰ ਰਿਹਾ ਸੀ।

12:2—ਯਿਸੂ ਦੇ ਅੱਗੇ ਕਿਹੜਾ ‘ਅਨੰਦ ਧਰਿਆ ਹੋਇਆ ਸੀ’ ਜਿਸ ਦੇ ਲਈ ਉਸ ਨੂੰ ‘ਸਲੀਬ ਦਾ ਦੁੱਖ ਝੱਲਣਾ’ ਪਿਆ? ਉਸ ਨੇ ਪ੍ਰਚਾਰ ਦੇ ਰਾਹੀਂ ਯਹੋਵਾਹ ਦਾ ਨਾਂ ਉੱਚਾ ਕਰਨ ਦੇ ਨਾਲ-ਨਾਲ ਉਸ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਠਹਿਰਾਉਣਾ ਸੀ ਅਤੇ ਆਪਣੀ ਕੁਰਬਾਨੀ ਦੇ ਕੇ ਮਨੁੱਖਜਾਤੀ ਨੂੰ ਮੌਤ ਦੇ ਪੰਜੇ ਵਿੱਚੋਂ ਛੁਡਾਉਣਾ ਸੀ। ਇਨ੍ਹਾਂ ਗੱਲਾਂ ਤੋਂ ਉਸ ਨੂੰ ਆਨੰਦ ਮਿਲਿਆ। ਯਿਸੂ ਦੀ ਨਜ਼ਰ ਉਸ ਇਨਾਮ ’ਤੇ ਵੀ ਸੀ ਜਦੋਂ ਉਸ ਨੂੰ ਰਾਜਾ ਬਣਾਇਆ ਜਾਣਾ ਸੀ ਅਤੇ ਜਾਜਕ ਬਣ ਕੇ ਲੋਕਾਂ ਨੂੰ ਫ਼ਾਇਦਾ ਪਹੁੰਚਾਉਣਾ ਸੀ।

13:20—ਨਵੇਂ ਨੇਮ ਨੂੰ “ਸਦੀਪਕ ਨੇਮ” ਕਿਉਂ ਕਿਹਾ ਗਿਆ ਹੈ? ਤਿੰਨ ਕਾਰਨਾਂ ਕਰਕੇ: (1) ਇਸ ਦੀ ਜਗ੍ਹਾ ਕੋਈ ਹੋਰ ਨੇਮ ਨਹੀਂ ਬਣਾਇਆ ਜਾਵੇਗਾ (2) ਇਸ ਦੇ ਹਮੇਸ਼ਾ ਫ਼ਾਇਦੇ ਹੋਣਗੇ ਅਤੇ (3) ਹੋਰ ਭੇਡਾਂ ਨੂੰ ਆਰਮਾਗੇਡਨ ਤੋਂ ਬਾਅਦ ਵੀ ਨਵੇਂ ਨੇਮ ਤੋਂ ਫ਼ਾਇਦੇ ਹੋਣਗੇ।​—ਯੂਹੰ 10:16.

ਸਾਡੇ ਲਈ ਸਬਕ:

5:14. ਸਾਨੂੰ ਹਰ ਰੋਜ਼ ਬਾਈਬਲ ਪੜ੍ਹਨੀ ਚਾਹੀਦੀ ਹੈ ਅਤੇ ਪੜ੍ਹੀਆਂ ਗੱਲਾਂ ’ਤੇ ਚੱਲਣਾ ਚਾਹੀਦਾ ਹੈ। ਅਸੀਂ ਕਿਸੇ ਹੋਰ ਤਰੀਕੇ ਨਾਲ “ਭਲੇ ਬੁਰੇ ਦੀ ਜਾਚ” ਕਰਨੀ ਨਹੀਂ ਸਿੱਖ ਸਕਦੇ।​—1 ਕੁਰਿੰ. 2:10.

6:17-19. ਪਰਮੇਸ਼ੁਰ ਦੇ ਵਾਅਦੇ ਅਤੇ ਵਚਨ ’ਤੇ ਪੱਕਾ ਭਰੋਸਾ ਰੱਖਣ ਨਾਲ ਸਾਨੂੰ ਸੱਚਾਈ ਦੇ ਰਾਹ ’ਤੇ ਚੱਲਦੇ ਰਹਿਣ ਵਿਚ ਮਦਦ ਮਿਲੇਗੀ।

12:3, 4. ਛੋਟੀਆਂ-ਮੋਟੀਆਂ ਅਜ਼ਮਾਇਸ਼ਾਂ ਦੇ ਕਾਰਨ ‘ਅੱਕ ਕੇ ਆਪਣੇ ਜੀ ਵਿੱਚ ਢਿੱਲੇ ਪੈਣ ਦੀ ਬਜਾਇ’ ਸਾਨੂੰ ਸੱਚਾਈ ਵਿਚ ਅੱਗੇ ਵਧਦੇ ਜਾਣਾ ਚਾਹੀਦਾ ਹੈ ਅਤੇ ਅਜ਼ਮਾਇਸ਼ਾਂ ਨੂੰ ਸਹਿਣ ਲਈ ਤਿਆਰ ਰਹਿਣਾ ਚਾਹੀਦਾ ਹੈ। ਸਾਨੂੰ “ਲਹੂ ਦੇ ਵਹਾਏ ਜਾਣ ਤੀਕੁਰ” ਯਾਨੀ ਮਰਦੇ ਦਮ ਤਕ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਚਾਹੀਦਾ ਹੈ।​—ਇਬ. 10:36-39.

12:13-15. ਸਾਨੂੰ “ਕੁੜੱਤਣ ਦੀ ਜੜ੍ਹ” ਯਾਨੀ ਕਲੀਸਿਯਾ ਵਿਚ ਕੀਤੇ ਜਾਂਦੇ ਕੰਮਾਂ ਵਿਚ ਨੁਕਸ ਕੱਢਣ ਵਾਲਿਆਂ ਦੇ ਕਾਰਨ “ਸਿੱਧੇ ਰਾਹ” ’ਤੇ ਚੱਲਣ ਤੋਂ ਹਟਣਾ ਨਹੀਂ ਚਾਹੀਦਾ।

12:26-28. ਇਨਸਾਨਾਂ ਦੇ ਹੱਥਾਂ ਦੁਆਰਾ “ਬਣਾਈਆਂ ਹੋਈਆਂ ਵਸਤਾਂ” ਯਾਨੀ ਇਹ ਬੁਰੀ ਦੁਨੀਆਂ ਤੇ ਬੁਰੇ “ਅਕਾਸ਼” ਨੂੰ ਤਬਾਹ ਕੀਤਾ ਜਾਵੇਗਾ। ਜਦੋਂ ਇਹ ਹੋਵੇਗਾ, ਤਾਂ “ਓਹ ਵਸਤਾਂ ਜਿਹੜੀਆਂ ਨਹੀਂ ਹਿਲਾਈਆਂ ਜਾਂਦੀਆਂ” ਯਾਨੀ ਪਰਮੇਸ਼ੁਰ ਦਾ ਰਾਜ ਤੇ ਉਸ ਦੇ ਹਿਮਾਇਤੀ ਹਮੇਸ਼ਾ ਲਈ ਰਹਿਣਗੇ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਜੋਸ਼ ਨਾਲ ਇਸ ਰਾਜ ਦਾ ਪ੍ਰਚਾਰ ਕਰੀਏ ਤੇ ਇਸ ਦੇ ਅਸੂਲਾਂ ’ਤੇ ਚੱਲੀਏ!

13:7, 17. ਕਲੀਸਿਯਾ ਦੇ ਨਿਗਾਹਬਾਨਾਂ ਦੀ ਆਗਿਆ ਮੰਨਣ ਤੇ ਉਨ੍ਹਾਂ ਦੇ ਅਧੀਨ ਰਹਿਣ ਨਾਲ ਸਾਨੂੰ ਰਲ-ਮਿਲ ਕੇ ਕੰਮ ਕਰਨ ਵਿਚ ਮਦਦ ਮਿਲੇਗੀ।

[ਫੁਟਨੋਟ]