Skip to content

Skip to table of contents

ਦਿਲੋਂ ਕੀਤੀ ਪ੍ਰਾਰਥਨਾ ਦਾ ਜਵਾਬ

ਦਿਲੋਂ ਕੀਤੀ ਪ੍ਰਾਰਥਨਾ ਦਾ ਜਵਾਬ

ਦਿਲੋਂ ਕੀਤੀ ਪ੍ਰਾਰਥਨਾ ਦਾ ਜਵਾਬ

“ਭਈ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!”​—⁠ਜ਼ਬੂ. 83:⁠18.

1, 2. ਕਈਆਂ ਦਾ ਕੀ ਤਜਰਬਾ ਰਿਹਾ ਹੈ ਅਤੇ ਅਸੀਂ ਕਿਹੜੇ ਸਵਾਲਾਂ ’ਤੇ ਗੌਰ ਕਰਾਂਗੇ?

ਕੁਝ ਸਾਲ ਪਹਿਲਾਂ ਇਕ ਤੀਵੀਂ ਦੇ ਗੁਆਂਢ ਵਿਚ ਇਕ ਘਟਨਾ ਹੋਈ ਜਿਸ ਕਰਕੇ ਉਹ ਆਪਣੇ ਮਨ ਦੀ ਸ਼ਾਂਤੀ ਗੁਆ ਬੈਠੀ। ਉਹ ਰੋਮਨ ਕੈਥੋਲਿਕ ਪਰਿਵਾਰ ਵਿਚ ਜੰਮੀ-ਪਲੀ ਸੀ। ਇਸ ਲਈ ਉਹ ਮਦਦ ਵਾਸਤੇ ਪਾਦਰੀ ਕੋਲ ਗਈ, ਪਰ ਪਾਦਰੀ ਉਸ ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ। ਇਸ ਕਰਕੇ ਉਸ ਨੇ ਰੱਬ ਅੱਗੇ ਦੁਆ ਕੀਤੀ: “ਮੈਨੂੰ ਇਹ ਤਾਂ ਪਤਾ ਨਹੀਂ ਕਿ ਤੂੰ ਕੌਣ ਹੈ . . . ਪਰ ਮੈਨੂੰ ਇਹ ਜ਼ਰੂਰ ਪਤਾ ਕਿ ਤੂੰ ਹੈ। ਮੈਨੂੰ ਦੱਸ ਕਿ ਤੂੰ ਕੌਣ ਹੈ।” ਕੁਝ ਸਮੇਂ ਬਾਅਦ ਯਹੋਵਾਹ ਦੇ ਗਵਾਹ ਉਸ ਨੂੰ ਮਿਲਣ ਆਏ। ਉਨ੍ਹਾਂ ਨੇ ਉਸ ਨੂੰ ਹੌਸਲਾ ਦਿੱਤਾ ਤੇ ਉਸ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੱਚੇ ਰੱਬ ਦਾ ਨਾਂ ਯਹੋਵਾਹ ਹੈ। ਇਹ ਗੱਲ ਉਸ ਦੇ ਦਿਲ ਨੂੰ ਟੁੰਬ ਗਈ। ਉਸ ਨੇ ਕਿਹਾ ਕਿ “ਮੈਂ ਤਾਂ ਬਚਪਨ ਤੋਂ ਹੀ ਇਸ ਰੱਬ ਦੀ ਭਾਲ ਵਿਚ ਸੀ!”

2 ਰੱਬ ਦੇ ਨਾਂ ਦਾ ਪਤਾ ਲੱਗਣ ’ਤੇ ਕਈਆਂ ਨੇ ਇਸੇ ਤਰ੍ਹਾਂ ਮਹਿਸੂਸ ਕੀਤਾ ਹੈ। ਉਨ੍ਹਾਂ ਨੇ ਬਾਈਬਲ ਵਿੱਚੋਂ ਜ਼ਬੂਰਾਂ ਦੀ ਪੋਥੀ 83:18 ਵਿਚ ਪਹਿਲੀ ਵਾਰੀ ਰੱਬ ਦਾ ਨਾਂ ਦੇਖਿਆ। ਪੰਜਾਬੀ ਬਾਈਬਲ ਵਿਚ ਇਸ ਆਇਤ ਵਿਚ ਲਿਖਿਆ ਹੈ: “ਭਈ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!” ਕੀ ਤੁਹਾਨੂੰ ਪਤਾ ਹੈ ਕਿ ਜ਼ਬੂਰ 83 ਕਿਉਂ ਲਿਖਿਆ ਗਿਆ ਸੀ? ਨਾਲੇ ਕਿਹੜੀਆਂ ਘਟਨਾਵਾਂ ਕਰਕੇ ਹਰ ਕਿਸੇ ਨੂੰ ਮੰਨਣਾ ਪਵੇਗਾ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ? ਇਹ ਜ਼ਬੂਰ ਸਾਡੇ ਲਈ ਅੱਜ ਕੀ ਮਾਅਨੇ ਰੱਖਦਾ ਹੈ? ਇਸ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਖਾਂਗੇ। *

ਯਹੋਵਾਹ ਦੇ ਲੋਕਾਂ ਖ਼ਿਲਾਫ਼ ਸਾਜ਼ਸ਼

3, 4. ਜ਼ਬੂਰ 83 ਨੂੰ ਕਿਸ ਨੇ ਲਿਖਿਆ ਅਤੇ ਲਿਖਾਰੀ ਨੇ ਕਿਸ ਹਾਲਾਤ ਬਾਰੇ ਜ਼ਿਕਰ ਕੀਤਾ?

3ਜ਼ਬੂਰ 83 ਦੇ ਸਿਰਲੇਖ ਅਨੁਸਾਰ ਇਹ “ਆਸਾਫ਼ ਦਾ ਭਜਨ” ਹੈ। ਸ਼ਾਇਦ ਇਸ ਜ਼ਬੂਰ ਦਾ ਲਿਖਾਰੀ ਲੇਵੀ ਆਸਾਫ਼ ਦੇ ਘਰਾਣੇ ਵਿੱਚੋਂ ਸੀ ਜੋ ਕਿ ਰਾਜਾ ਦਾਊਦ ਦੇ ਰਾਜ ਦੌਰਾਨ ਪ੍ਰਸਿੱਧ ਸੰਗੀਤਕਾਰ ਸੀ। ਇਸ ਜ਼ਬੂਰ ਵਿਚ ਲਿਖਾਰੀ ਨੇ ਯਹੋਵਾਹ ਅੱਗੇ ਤਰਲੇ ਕੀਤੇ ਕਿ ਉਹ ਆਪਣੇ ਨਾਮ ਤੇ ਰਾਜ ਨੂੰ ਉੱਚਾ ਕਰੇ। ਇਹ ਜ਼ਬੂਰ ਸੁਲੇਮਾਨ ਦੀ ਮੌਤ ਤੋਂ ਕੁਝ ਸਮੇਂ ਬਾਅਦ ਲਿਖਿਆ ਗਿਆ ਸੀ। ਅਸੀਂ ਇੱਦਾਂ ਕਿਉਂ ਕਹਿੰਦੇ ਹਾਂ? ਕਿਉਂਕਿ ਦਾਊਦ ਅਤੇ ਸੁਲੇਮਾਨ ਦੇ ਰਾਜ ਦੌਰਾਨ ਸੂਰ ਦੇਸ਼ ਦੇ ਇਸਰਾਏਲ ਨਾਲ ਚੰਗੇ ਸੰਬੰਧ ਸਨ। ਜਦੋਂ ਜ਼ਬੂਰ 83 ਲਿਖਿਆ ਜਾ ਚੁੱਕਾ ਸੀ, ਉਦੋਂ ਸੂਰ ਦੇ ਨਿਵਾਸੀ ਇਸਰਾਏਲ ਦੇ ਖ਼ਿਲਾਫ਼ ਹੋ ਗਏ ਸਨ ਅਤੇ ਇਸਰਾਏਲ ਦੇ ਦੁਸ਼ਮਣਾਂ ਨਾਲ ਮਿਲ ਗਏ ਸਨ।

4 ਲਿਖਾਰੀ ਦਸ ਕੌਮਾਂ ਦੇ ਨਾਂ ਦੱਸਦਾ ਹੈ ਜਿਨ੍ਹਾਂ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਖ਼ਤਮ ਕਰਨ ਦੀ ਸਾਜ਼ਸ਼ ਘੜੀ ਸੀ। ਇਹ ਦੁਸ਼ਮਣ ਕੌਮਾਂ ਇਸਰਾਏਲ ਦੇ ਆਲੇ-ਦੁਆਲੇ ਰਹਿੰਦੀਆਂ ਸਨ ਤੇ ਇਨ੍ਹਾਂ ਦੇ ਨਾਂ ਇਸ ਤਰ੍ਹਾਂ ਦੱਸੇ ਗਏ ਹਨ: “ਅਦੋਮ ਦੇ ਤੰਬੂ ਵਾਲੇ ਅਤੇ ਇਸਰਾਏਲੀ, ਮੋਆਬ ਅਤੇ ਹਗਰੀ, ਗਬਾਲ, ਅੰਮੋਨ ਅਤੇ ਅਮਾਲੇਕ, ਫਲਿਸਤ ਸੂਰ ਦੇ ਵਾਸੀਆਂ ਸਣੇ, ਅੱਸ਼ੂਰ ਵੀ ਉਨ੍ਹਾਂ ਦੇ ਨਾਲ ਰਲ ਗਿਆ।” (ਜ਼ਬੂ. 83:​6-⁠8) ਲਿਖਾਰੀ ਇੱਥੇ ਕਿਨ੍ਹਾਂ ਹਾਲਾਤਾਂ ਦੀ ਗੱਲ ਕਰ ਰਿਹਾ ਹੈ? ਕੁਝ ਲੋਕ ਕਹਿੰਦੇ ਹਨ ਕਿ ਜ਼ਬੂਰ ਉਸ ਸਮੇਂ ਦੀ ਗੱਲ ਕਰ ਰਿਹਾ ਹੈ ਜਦੋਂ ਯਹੋਸ਼ਾਫ਼ਾਟ ਦੇ ਦਿਨਾਂ ਵਿਚ ਅੰਮੋਨ, ਮੋਆਬ ਅਤੇ ਸੇਅੀਰ ਪਹਾੜ ਦੇ ਲੋਕਾਂ ਨੇ ਮਿਲ ਕੇ ਇਸਰਾਏਲ ਤੇ ਹਮਲਾ ਕੀਤਾ ਸੀ। (2 ਇਤ. 20:​1-26) ਪਰ ਕਈ ਕਹਿੰਦੇ ਹਨ ਕਿ ਇੱਥੇ ਉਨ੍ਹਾਂ ਕੌਮਾਂ ਬਾਰੇ ਲਿਖਿਆ ਹੈ ਜਿਨ੍ਹਾਂ ਦੀ ਸ਼ੁਰੂ ਤੋਂ ਹੀ ਇਸਰਾਏਲ ਨਾਲ ਦੁਸ਼ਮਣੀ ਰਹੀ ਹੈ।

5. ਅੱਜ ਯਹੋਵਾਹ ਦੇ ਲੋਕਾਂ ਨੂੰ ਜ਼ਬੂਰ 83 ਪੜ੍ਹ ਕੇ ਕੀ ਫ਼ਾਇਦਾ ਹੁੰਦਾ ਹੈ?

5 ਲੋਕਾਂ ਦਾ ਮੰਨਣਾ ਭਾਵੇਂ ਜੋ ਮਰਜ਼ੀ ਹੋਵੇ, ਪਰ ਇਹ ਗੱਲ ਸਾਫ਼ ਹੈ ਕਿ ਯਹੋਵਾਹ ਨੇ ਹੀ ਇਹ ਭਜਨ ਲਿਖਵਾਇਆ ਸੀ ਜਦੋਂ ਉਸ ਦੀ ਕੌਮ ਖ਼ਤਰੇ ਵਿਚ ਸੀ। ਅੱਜ ਵੀ ਇਸ ਜ਼ਬੂਰ ਤੋਂ ਪਰਮੇਸ਼ੁਰ ਦੇ ਲੋਕਾਂ ਨੂੰ ਹੌਸਲਾ ਮਿਲਦਾ ਹੈ ਜਿਨ੍ਹਾਂ ਦੇ ਦੁਸ਼ਮਣਾਂ ਨੇ ਉਨ੍ਹਾਂ ਨੂੰ ਖ਼ਤਮ ਕਰਨ ਲਈ ਉਨ੍ਹਾਂ ’ਤੇ ਇਕ ਤੋਂ ਬਾਅਦ ਇਕ ਹਮਲਾ ਕੀਤਾ ਪਰ ਸਫ਼ਲ ਨਾ ਹੋਏ। ਜਲਦੀ ਹੀ ਭਵਿੱਖ ਵਿਚ ਵੀ ਸਾਨੂੰ ਇਸ ਜ਼ਬੂਰ ਤੋਂ ਹੌਸਲਾ ਮਿਲੇਗਾ ਜਦੋਂ ਮਾਗੋਗ ਦਾ ਗੋਗ ਆਪਣੀ ਸੈਨਾ ਸਮੇਤ ਯਹੋਵਾਹ ਦੇ ਸੱਚੇ ਭਗਤਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਉਨ੍ਹਾਂ ਵਿਰੁੱਧ ਚੜ੍ਹਾਈ ਕਰੇਗਾ ਪਰ ਸਫ਼ਲ ਨਾ ਹੋਵੇਗਾ।​—⁠ਹਿਜ਼ਕੀਏਲ 38:​2, 8, 9, 16 ਪੜ੍ਹੋ।

ਪ੍ਰਾਰਥਨਾ ਦਾ ਮੁੱਖ ਵਿਸ਼ਾ

6, 7. (ੳ) ਜ਼ਬੂਰ 83 ਦੇ ਸ਼ੁਰੂ ਵਿਚ ਲਿਖਾਰੀ ਨੇ ਕੀ ਪ੍ਰਾਰਥਨਾ ਕੀਤੀ? (ਅ) ਲਿਖਾਰੀ ਦੀ ਚਿੰਤਾ ਦਾ ਮੁੱਖ ਵਿਸ਼ਾ ਕੀ ਸੀ?

6 ਆਓ ਦੇਖੀਏ ਕਿ ਜ਼ਬੂਰਾਂ ਦੇ ਲਿਖਾਰੀ ਨੇ ਆਪਣੀ ਪ੍ਰਾਰਥਨਾ ਵਿਚ ਆਪਣੇ ਜਜ਼ਬਾਤ ਕਿਵੇਂ ਜ਼ਾਹਰ ਕੀਤੇ: “ਹੇ ਪਰਮੇਸ਼ੁਰ, ਚੁੱਪ ਨਾ ਹੋ, ਚੁੱਪ ਕੀਤਾ ਨਾ ਰਹੁ ਅਤੇ ਚੈਨ ਨਾ ਲੈ, ਹੇ ਪਰਮੇਸ਼ੁਰ! ਵੇਖ ਤਾਂ, ਤੇਰੇ ਵੈਰੀ ਹੁੱਲੜ ਕਰਦੇ ਹਨ, ਅਤੇ ਤੇਰੇ ਦੁਸ਼ਮਨ ਸਿਰ ਉਠਾਉਂਦੇ ਹਨ! ਓਹ ਤੇਰੇ ਲੋਕਾਂ ਦੇ ਵਿਰੁੱਧ ਛਲ ਨਾਲ ਮਤਾ ਮਤਾਉਂਦੇ ਹਨ . . . ਉਨ੍ਹਾਂ ਨੇ ਇੱਕ ਮਨ ਹੋ ਕੇ ਗੋਸ਼ਟ ਗੰਢੀ, ਉਨ੍ਹਾਂ ਨੇ ਤੇਰੇ ਵਿਰੁੱਧ ਨੇਮ ਬੰਨ੍ਹਿਆ ਹੈ।”​—⁠ਜ਼ਬੂ. 83:​1-3, 5.

7 ਲਿਖਾਰੀ ਨੂੰ ਕਿਹੜੀ ਗੱਲ ਦੀ ਚਿੰਤਾ ਸੀ? ਉਹ ਨੂੰ ਆਪਣਾ ਤੇ ਆਪਣੇ ਪਰਿਵਾਰ ਦਾ ਫ਼ਿਕਰ ਤਾਂ ਸੀ, ਪਰ ਉਸ ਦੀ ਚਿੰਤਾ ਦਾ ਮੁੱਖ ਵਿਸ਼ਾ ਸੀ ਕਿ ਯਹੋਵਾਹ ਦੇ ਨਾਂ ਦੀ ਅਤੇ ਉਸ ਦੀ ਕੌਮ ਦੀ ਬਦਨਾਮੀ ਨਾ ਹੋਵੇ। ਆਓ ਆਪਾਂ ਵੀ ਜ਼ਬੂਰਾਂ ਦੇ ਲਿਖਾਰੀ ਵਰਗਾ ਨਜ਼ਰੀਆ ਰੱਖੀਏ ਕਿਉਂਕਿ ਅਸੀਂ ਵੀ ਮੁਸ਼ਕਲ ਸਮਿਆਂ ਵਿਚ ਰਹਿ ਰਹੇ ਹਾਂ।​—⁠ਮੱਤੀ 6:​9, 10 ਪੜ੍ਹੋ।

8. ਇਸਰਾਏਲ ਖ਼ਿਲਾਫ਼ ਸਾਜ਼ਸ਼ ਘੜਨ ਦਾ ਕੀ ਕਾਰਨ ਸੀ?

8 ਦੁਸ਼ਮਣਾਂ ਦੇ ਲਫ਼ਜ਼ਾਂ ਨੂੰ ਜ਼ਬੂਰਾਂ ਦੇ ਲਿਖਾਰੀ ਨੇ ਇਸ ਤਰ੍ਹਾਂ ਦੁਹਰਾਇਆ: “ਆਓ ਅਸੀਂ ਉਨ੍ਹਾਂ ਨੂੰ ਕੌਮ ਹੋਣ ਤੋਂ ਮਿਟਾ ਦੇਈਏ, ਤਾਂ ਜੋ ਇਸਰਾਏਲ ਦਾ ਨਾਉਂ ਫੇਰ ਚੇਤੇ ਨਾ ਆਵੇ!” (ਜ਼ਬੂ. 83:4) ਇਹ ਕੌਮਾਂ ਯਹੋਵਾਹ ਦੇ ਚੁਣੇ ਹੋਏ ਲੋਕਾਂ ਨੂੰ ਕਿੰਨੀ ਨਫ਼ਰਤ ਕਰਦੀਆਂ ਸਨ! ਪਰ ਉਨ੍ਹਾਂ ਦੀ ਸਾਜ਼ਸ਼ ਦਾ ਇਕ ਹੋਰ ਵੀ ਕਾਰਨ ਸੀ। ਉਹ ਇਸਰਾਏਲੀਆਂ ਦੇ ਦੇਸ਼ ਨੂੰ ਹੜੱਪਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਸ਼ੇਖੀ ਮਾਰੀ: “ਅਸੀਂ ਪਰਮੇਸ਼ੁਰ ਦੀਆਂ ਚਰਾਗਾਹਾਂ ਨੂੰ ਆਪਣੇ ਕਾਬੂ ਕਰ ਲਈਏ!” (ਜ਼ਬੂ. 83:12) ਕੀ ਸਾਡੇ ਦਿਨਾਂ ਵਿਚ ਇੱਦਾਂ ਦਾ ਕੁਝ ਹੋਇਆ ਹੈ? ਬਿਲਕੁਲ ਹੋਇਆ ਹੈ!

“ਪਵਿੱਤ੍ਰ ਨਿਵਾਸ”

9, 10. (ੳ) ਪੁਰਾਣੇ ਜ਼ਮਾਨਿਆਂ ਵਿਚ ਪਰਮੇਸ਼ੁਰ ਦਾ ਪਵਿੱਤਰ ਨਿਵਾਸ ਕੀ ਸੀ? (ਅ) ਅੱਜ ਪਰਮੇਸ਼ੁਰ ਮਸਹ ਕੀਤੇ ਹੋਏ ਮਸੀਹੀਆਂ ਤੇ ‘ਹੋਰ ਭੇਡਾਂ’ ਦੇ ਮੈਂਬਰਾਂ ਨੂੰ ਕਿਹੜੀਆਂ ਬਰਕਤਾਂ ਦੇ ਰਿਹਾ ਹੈ?

9 ਪੁਰਾਣੇ ਜ਼ਮਾਨਿਆਂ ਵਿਚ ਵਾਅਦਾ ਕੀਤੇ ਹੋਏ ਦੇਸ਼ ਨੂੰ ਪਰਮੇਸ਼ੁਰ ਦਾ ਪਵਿੱਤਰ ਨਿਵਾਸ ਕਿਹਾ ਜਾਂਦਾ ਸੀ। ਤੁਹਾਨੂੰ ਉਹ ਗੀਤ ਯਾਦ ਹੋਵੇਗਾ ਜੋ ਇਸਰਾਏਲੀਆਂ ਨੇ ਮਿਸਰ ਦੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਮਗਰੋਂ ਗਾਇਆ ਸੀ: “ਤੈਂ ਆਪਣੀ ਕਿਰਪਾ ਨਾਲ ਉਸ ਪਰਜਾ ਦੀ ਅਗਵਾਈ ਕੀਤੀ ਜਿਹ ਨੂੰ ਤੈਂ ਛੁਟਕਾਰਾ ਦਿੱਤਾ ਸੀ, ਤੈਂ ਆਪਣੇ ਬਲ ਨਾਲ ਉਸ ਨੂੰ ਆਪਣੇ ਪਵਿੱਤ੍ਰ ਨਿਵਾਸ ਦੇ ਰਾਹ ਪਾ ਦਿੱਤਾ।” (ਕੂਚ 15:13) ਬਾਅਦ ਵਿਚ ਉਸ “ਪਵਿੱਤ੍ਰ ਨਿਵਾਸ” ਵਿਚ ਹੈਕਲ ਸੀ ਜਿਸ ਵਿਚ ਜਾਜਕ ਸੇਵਾ ਕਰਦੇ ਸਨ। ਉੱਥੇ ਹੀ ਰਾਜਧਾਨੀ ਯਰੂਸ਼ਲਮ ਸੀ ਜਿੱਥੇ ਦਾਊਦ ਦੇ ਘਰਾਣੇ ਵਿੱਚੋਂ ਰਾਜੇ ਯਹੋਵਾਹ ਦੇ ਸਿੰਘਾਸਣ ਉੱਤੇ ਬੈਠਦੇ ਸਨ। (1 ਇਤ. 29:23) ਇਸੇ ਕਰਕੇ ਯਿਸੂ ਨੇ ਯਰੂਸ਼ਲਮ ਨੂੰ “ਮਹਾਰਾਜ ਦਾ ਸ਼ਹਿਰ” ਕਿਹਾ ਸੀ।​—⁠ਮੱਤੀ 5:⁠35.

10 ਸਾਡੇ ਸਮਿਆਂ ਬਾਰੇ ਕੀ? 33 ਈਸਵੀ ਵਿਚ ਇਕ ਨਵੀਂ ਕੌਮ ਯਾਨੀ ‘ਪਰਮੇਸ਼ੁਰ ਦਾ ਇਸਰਾਏਲ’ ਪੈਦਾ ਹੋਈ। (ਗਲਾ. 6:16) ਇਹ ਕੌਮ ਯਿਸੂ ਦੇ ਮਸਹ ਕੀਤੇ ਹੋਏ ਭਰਾਵਾਂ ਦੀ ਬਣੀ ਹੋਈ ਹੈ ਜਿਸ ਨੇ ਉਹ ਕੰਮ ਪੂਰਾ ਕੀਤਾ ਜੋ ਸ਼ਰਾ ਦੇ ਅਧੀਨ ਇਸਰਾਏਲੀਆਂ ਨੇ ਨਹੀਂ ਕੀਤਾ। ਇਸਰਾਏਲੀ ਲੋਕ ਪਰਮੇਸ਼ੁਰ ਦੇ ਨਾਂ ’ਤੇ ਖਰੇ ਨਹੀਂ ਉੱਤਰੇ। (ਯਸਾ. 43:10; 1 ਪਤ. 2:9) ਇਸ ਨਵੀਂ ਕੌਮ ਨਾਲ ਯਹੋਵਾਹ ਨੇ ਉਹੀ ਵਾਅਦਾ ਕੀਤਾ ਜੋ ਉਸ ਨੇ ਪ੍ਰਾਚੀਨ ਇਸਰਾਏਲ ਨਾਲ ਕੀਤਾ ਸੀ: “ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ, ਅਤੇ ਓਹ ਮੇਰੀ ਪਰਜਾ ਹੋਣਗੇ।” (2 ਕੁਰਿੰ. 6:16; ਲੇਵੀ. 26:12) 1919 ਵਿਚ ਯਹੋਵਾਹ ਨੇ ਧਰਤੀ ਤੇ ਰਹਿੰਦੇ “ਪਰਮੇਸ਼ੁਰ ਦੇ ਇਸਰਾਏਲ” ਦੇ ਬਾਕੀ ਮੈਂਬਰਾਂ ਉੱਤੇ ਆਪਣੀ ਬਰਕਤ ਪਾਈ। ਉਸ ਸਮੇਂ ਉਹ ਝੂਠੇ ਧਰਮ ਦੀ ਜਕੜ ਵਿੱਚੋਂ ਬਾਹਰ ਆ ਗਏ ਸਨ ਤੇ ਪਰਮੇਸ਼ੁਰ ਦੇ ਕੰਮਾਂ ਵਿਚ ਰੁੱਝ ਗਏ ਸਨ। (ਯਸਾ. 66:8) 1930 ਤੋਂ ‘ਹੋਰਨਾਂ ਭੇਡਾਂ’ ਦੇ ਲੱਖਾਂ ਹੀ ਮੈਂਬਰ ਉਨ੍ਹਾਂ ਦਾ ਸਾਥ ਦੇਣ ਲੱਗੇ। (ਯੂਹੰ. 10:16) ਅੱਜ ਦੇ ਜ਼ਮਾਨੇ ਵਿਚ ਰਹਿੰਦੇ ਪਰਮੇਸ਼ੁਰ ਦੇ ਲੋਕਾਂ ਵਿਚ ਵਾਧਾ ਅਤੇ ਏਕਾ ਇਸ ਗੱਲ ਦਾ ਠੋਸ ਸਬੂਤ ਹੈ ਕਿ ਯਹੋਵਾਹ ਦੀ ਮਿਹਰ ਇਨ੍ਹਾਂ ਉੱਤੇ ਹੈ ਤੇ ਉਹੀ ਸੱਚਾ ਪਰਮੇਸ਼ੁਰ ਹੈ। (ਜ਼ਬੂਰਾਂ ਦੀ ਪੋਥੀ 91:​1, 2 ਪੜ੍ਹੋ।) ਜ਼ਰਾ ਸੋਚੋ ਕਿ ਸ਼ਤਾਨ ਨੂੰ ਇਹ ਦੇਖ ਕੇ ਕਿੰਨਾ ਗੁੱਸਾ ਆਉਂਦਾ ਹੋਵੇਗਾ!

11. ਪਰਮੇਸ਼ੁਰ ਦੇ ਦੁਸ਼ਮਣਾਂ ਦਾ ਇਰਾਦਾ ਕੀ ਰਿਹਾ ਹੈ?

11 ਅੰਤ ਦੇ ਦਿਨ ਸ਼ੁਰੂ ਹੋਣ ਤੋਂ ਹੀ ਸ਼ਤਾਨ ਨੇ ਆਪਣੇ ਪਿੱਛੇ ਚੱਲਣ ਵਾਲੇ ਲੋਕਾਂ ਨੂੰ ਮਸਹ ਕੀਤੇ ਹੋਏ ਮਸੀਹੀਆਂ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਭੜਕਾਇਆ ਹੈ। ਉਨ੍ਹਾਂ ਨੇ ਪੱਛਮੀ ਯੂਰਪ ਵਿਚ ਨਾਜ਼ੀਆਂ ਤੇ ਪੂਰਬੀ ਯੂਰਪ ਵਿਚ ਰੂਸ ਦੀ ਕਮਿਊਨਿਸਟ ਸਰਕਾਰ ਦੇ ਹੱਥੋਂ ਜ਼ੁਲਮ ਸਹੇ ਹਨ। ਹੋਰਨਾਂ ਕਈ ਦੇਸ਼ਾਂ ਵਿਚ ਵੀ ਇੱਦਾਂ ਹੋਇਆ ਹੈ। ਭਵਿੱਖ ਵਿਚ ਵੀ ਇੱਦਾਂ ਹੋਵੇਗਾ ਜਦੋਂ ਮਾਗੋਗ ਦਾ ਗੋਗ ਪਰਮੇਸ਼ੁਰ ਦੇ ਲੋਕਾਂ ’ਤੇ ਆਖ਼ਰੀ ਹਮਲਾ ਕਰੇਗਾ। ਉਸ ਸਮੇਂ ਪੁਰਾਣੇ ਜ਼ਮਾਨੇ ਦੇ ਦੁਸ਼ਮਣਾਂ ਦੀ ਤਰ੍ਹਾਂ ਵਿਰੋਧੀ ਸ਼ਾਇਦ ਪਰਮੇਸ਼ੁਰ ਦੇ ਲੋਕਾਂ ਦੀ ਜ਼ਮੀਨ-ਜਾਇਦਾਦ ਹੜੱਪ ਲੈਣ। ਪਰ ਸ਼ਤਾਨ ਦਾ ਇਹੋ ਇਰਾਦਾ ਰਿਹਾ ਹੈ ਕਿ ਉਹ ਪਰਮੇਸ਼ੁਰ ਦੇ ਲੋਕਾਂ ਵਿਚ ਫੁੱਟ ਪਾ ਦੇਵੇ ਤਾਂਕਿ ਕੋਈ ਯਹੋਵਾਹ ਦਾ ਨਾਂ ਨਾ ਲਵੇ। ਇਸ ਤਰ੍ਹਾਂ ਹੋਣ ਤੋਂ ਰੋਕਣ ਲਈ ਯਹੋਵਾਹ ਕੀ ਕਰੇਗਾ? ਆਓ ਆਪਾਂ ਜ਼ਬੂਰਾਂ ਦੇ ਲਿਖਾਰੀ ਦੇ ਅਗਲੇ ਲਫ਼ਜ਼ਾਂ ’ਤੇ ਗੌਰ ਕਰੀਏ।

ਹਮੇਸ਼ਾ ਯਹੋਵਾਹ ਦੀ ਹੀ ਜਿੱਤ ਹੁੰਦੀ ਹੈ

12-14. ਜ਼ਬੂਰਾਂ ਦਾ ਲਿਖਾਰੀ ਮਗਿੱਦੋ ਸ਼ਹਿਰ ਦੇ ਨੇੜੇ ਹੋਈਆਂ ਕਿਹੜੀਆਂ ਦੋ ਜਿੱਤਾਂ ਬਾਰੇ ਲਿਖਦਾ ਹੈ?

12 ਜ਼ਬੂਰਾਂ ਦੇ ਲਿਖਾਰੀ ਨੂੰ ਭਰੋਸਾ ਸੀ ਕਿ ਯਹੋਵਾਹ ਦੁਸ਼ਮਣਾਂ ਦੀਆਂ ਸਕੀਮਾਂ ਨੂੰ ਨਾਕਾਮ ਕਰੇਗਾ। ਲਿਖਾਰੀ ਪੁਰਾਣੇ ਸ਼ਹਿਰ ਮਗਿੱਦੋ ਦੇ ਨੇੜੇ ਹੋਈਆਂ ਇਸਰਾਏਲੀਆਂ ਦੀਆਂ ਦੋ ਜਿੱਤਾਂ ਬਾਰੇ ਜ਼ਿਕਰ ਕਰਦਾ ਹੈ। ਮਗਿੱਦੋ ਇਕ ਘਾਟੀ ਹੁੰਦੀ ਸੀ ਜਿਸ ਦੇ ਨਾਂ ’ਤੇ ਇਸ ਸ਼ਹਿਰ ਦਾ ਨਾਂ ਮਗਿੱਦੋ ਪਿਆ। ਗਰਮੀਆਂ ਵਿਚ ਕੀਸ਼ੋਨ ਨਦੀ ਦਾ ਪਾਣੀ ਸੁੱਕ ਜਾਂਦਾ ਸੀ ਤੇ ਇਸ ਦੀ ਵਲ਼ ਖਾਂਦੀ ਸੁੱਕੀ ਜ਼ਮੀਨ ਨੂੰ ਘਾਟੀ ਵਿੱਚੋਂ ਦੀ ਲੰਘਦਿਆਂ ਦੇਖਿਆ ਜਾ ਸਕਦਾ ਸੀ। ਸਰਦੀਆਂ ਵਿਚ ਮੀਂਹ ਆਉਣ ’ਤੇ ਨਦੀ ਪਾਣੀ ਨਾਲ ਭਰ ਜਾਂਦੀ ਸੀ। ਸ਼ਾਇਦ ਇਸੇ ਕਰਕੇ ਨਦੀ ਨੂੰ ‘ਮਗਿੱਦੋ ਦੇ ਪਾਣੀ’ ਵੀ ਆਖਿਆ ਜਾਂਦਾ ਹੈ।​—⁠ਨਿਆ. 4:13; 5:⁠19.

13 ਮਗਿੱਦੋ ਦੀ ਘਾਟੀ ਤੋਂ 15 ਕਿਲੋਮੀਟਰ ਦੂਰ ਮੋਰੀਹ ਪਹਾੜ ਹੈ ਜਿੱਥੇ ਨਿਆਈ ਗਿਦਾਊਨ ਦੇ ਦਿਨਾਂ ਵਿਚ ਮਿਦਯਾਨੀ, ਅਮਾਲੇਕੀ ਤੇ ਪੂਰਬੀ ਲੋਕ ਜੰਗ ਲੜਨ ਲਈ ਇਕੱਠੇ ਹੋਏ ਸਨ। (ਨਿਆ. 7:​1, 12) ਗਿਦਾਊਨ ਦੀ ਫ਼ੌਜ ਵਿਚ ਸਿਰਫ਼ 300 ਬੰਦੇ ਸਨ, ਪਰ ਯਹੋਵਾਹ ਦੀ ਸ਼ਕਤੀ ਨਾਲ ਉਨ੍ਹਾਂ ਨੇ ਦੁਸ਼ਮਣਾਂ ਦੀ ਵੱਡੀ ਫ਼ੌਜ ਨੂੰ ਭਜਾ ਦਿੱਤਾ। ਉਹ ਕਿੱਦਾਂ? ਪਰਮੇਸ਼ੁਰ ਦੇ ਨਿਰਦੇਸ਼ਨ ਵਿਚ ਚੱਲ ਕੇ ਗਿਦਾਊਨ ਦੀ ਫ਼ੌਜ ਨੇ ਰਾਤ ਨੂੰ ਦੁਸ਼ਮਣਾਂ ਨੂੰ ਘੇਰਾ ਪਾ ਲਿਆ। ਉਨ੍ਹਾਂ ਦੇ ਹੱਥਾਂ ਵਿਚ ਘੜੇ ਸਨ ਜਿਨ੍ਹਾਂ ਨਾਲ ਉਨ੍ਹਾਂ ਨੇ ਮਸ਼ਾਲਾਂ ਨੂੰ ਲੁਕੋਇਆ ਹੋਇਆ ਸੀ। ਗਿਦਾਊਨ ਦੇ ਇਸ਼ਾਰੇ ’ਤੇ ਉਨ੍ਹਾਂ ਨੇ ਘੜੇ ਤੋੜ ਦਿੱਤੇ ਤੇ ਮਸ਼ਾਲਾਂ ਨਜ਼ਰ ਆਉਣ ਲੱਗੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਤੁਰ੍ਹੀਆਂ ਵਜਾਈਆਂ ਤੇ ਉੱਚੀ ਆਵਾਜ਼ ਵਿਚ ਬੋਲੇ: “ਪਰਮੇਸ਼ੁਰ ਦੀ ਅਤੇ ਗਿਦਾਊਨ ਦੀ ਤੇਗ!” ਇਸ ’ਤੇ ਦੁਸ਼ਮਣ ਭੰਬਲਭੂਸੇ ਵਿਚ ਪੈ ਗਏ ਤੇ ਇਕ-ਦੂਜੇ ਨੂੰ ਕਤਲ ਕਰਨ ਲੱਗੇ। ਜਿਹੜੇ ਬਚ ਨਿਕਲੇ, ਉਹ ਯਰਦਨ ਨਦੀ ਵੱਲ ਦੌੜ ਗਏ। ਗਿਦਾਊਨ ਦੀ ਫ਼ੌਜ ਨਾਲ ਹੋਰ ਇਸਰਾਏਲੀ ਰਲ ਗਏ ਤੇ ਦੁਸ਼ਮਣਾਂ ਦਾ ਪਿੱਛਾ ਕਰਨ ਲੱਗੇ। ਕੁੱਲ ਮਿਲਾ ਕੇ ਉਨ੍ਹਾਂ ਨੇ 1,20,000 ਦੁਸ਼ਮਣ ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।​—⁠ਨਿਆ. 7:​19-25; 8:⁠10.

14 ਮਗਿੱਦੋ ਦੀ ਘਾਟੀ ਤੋਂ ਬਾਅਦ ਮੋਰੀਹ ਪਹਾੜ ਹੈ ਜਿਸ ਤੋਂ ਅੱਗੇ ਛੇ ਕਿਲੋਮੀਟਰ ਦੂਰ ਤਾਬੋਰ ਪਹਾੜ ਹੈ। ਨਿਆਈ ਬਾਰਾਕ ਦੇ 10,000 ਫ਼ੌਜੀਆਂ ਨੇ ਵੀ ਇੱਥੇ ਹਸੌਰ ਦੇ ਕਨਾਨੀ ਰਾਜਾ ਯਾਬੀਨ ਦੀ ਫ਼ੌਜ ਨਾਲ ਲੜਾਈ ਕੀਤੀ ਸੀ ਜਿਸ ਦਾ ਸੈਨਾਪਤੀ ਸੀਸਰਾ ਸੀ। ਕਨਾਨੀ ਫ਼ੌਜਾਂ ਦੇ 900 ਰਥਾਂ ਦੇ ਪਹੀਆਂ ਉੱਤੇ ਲੋਹੇ ਦੇ ਤਿੱਖੇ ਸੂਏ ਲੱਗੇ ਹੋਏ ਸਨ। ਇਸਰਾਏਲ ਦੀ ਫ਼ੌਜ ਤਾਬੋਰ ਪਹਾੜ ’ਤੇ ਇਕੱਠੀ ਹੋਈ ਸੀ, ਪਰ ਉਨ੍ਹਾਂ ਕੋਲ ਇੰਨੇ ਖ਼ਤਰਨਾਕ ਹਥਿਆਰ ਨਹੀਂ ਸਨ। ਸੋ ਇਸਰਾਏਲੀਆਂ ਨੇ ਸੀਸਰਾ ਦੀ ਫ਼ੌਜ ਨੂੰ ਘਾਟੀ ਵਿਚ ਆਉਣ ਲਈ ਲਲਚਾਇਆ ਅਤੇ ਯਹੋਵਾਹ ਨੇ ਸੀਸਰਾ ਅਤੇ ਉਸ ਦੇ ਸਾਰੇ ਰਥਾਂ ਦੇ ਸਵਾਰਾਂ ਤੇ ਸਾਰੀ ਫ਼ੌਜ ਨੂੰ ਭੰਬਲਭੂਸੇ ਵਿਚ ਪਾ ਦਿੱਤਾ। ਫਿਰ ਅਚਾਨਕ ਹੀ ਭਾਰੀ ਵਰਖਾ ਹੋਣ ਲੱਗ ਪਈ ਜਿਸ ਕਰਕੇ ਕੀਸ਼ੋਨ ਨਦੀ ਪਾਣੀ ਨਾਲ ਵਹਿਣ ਲੱਗੀ ਤੇ ਸ਼ਾਇਦ ਇਸੇ ਕਰਕੇ ਕਨਾਨੀ ਰਥ ਚਿੱਕੜ ਵਿਚ ਫਸ ਗਏ। ਇਸ ਤਰ੍ਹਾਂ ਇਸਰਾਏਲੀਆਂ ਨੇ ਸਾਰੀ ਫ਼ੌਜ ਨੂੰ ਮਾਰ-ਮੁਕਾਇਆ ਅਤੇ ਕੋਈ ਵੀ ਨਹੀਂ ਬਚਿਆ।​—⁠ਨਿਆ. 4:​13-16; 5:​19-21.

15. (ੳ) ਜ਼ਬੂਰ ਪ੍ਰਾਰਥਨਾ ਵਿਚ ਯਹੋਵਾਹ ਨੂੰ ਕੀ ਕਰਨ ਲਈ ਕਹਿੰਦਾ ਹੈ? (ਅ) ਪਰਮੇਸ਼ੁਰ ਦੇ ਆਖ਼ਰੀ ਯੁੱਧ ਦਾ ਨਾਂ ਸਾਨੂੰ ਕੀ ਯਾਦ ਕਰਾਉਂਦਾ ਹੈ?

15 ਜ਼ਬੂਰਾਂ ਦਾ ਲਿਖਾਰੀ ਯਹੋਵਾਹ ਅੱਗੇ ਤਰਲੇ ਕਰਦਾ ਹੈ ਕਿ ਉਹ ਇਨ੍ਹਾਂ ਕੌਮਾਂ ਨਾਲ ਇੱਦਾਂ ਦਾ ਹੀ ਕੁਝ ਕਰੇ ਜੋ ਇਸਰਾਏਲੀਆਂ ਨੂੰ ਡਰਾਉਂਦੀਆਂ-ਧਮਕਾਉਂਦੀਆਂ ਸਨ। ਉਹ ਪ੍ਰਾਰਥਨਾ ਵਿਚ ਕਹਿੰਦਾ ਹੈ: “ਤੂੰ ਉਨ੍ਹਾਂ ਨਾਲ ਇਹੋ ਜਿਹਾ ਕਰ ਜਿਹੋ ਜਿਹਾ ਤੈਂ ਮਿਦਯਾਨ, ਅਤੇ ਸੀਸਰਾ ਅਤੇ ਕੀਸ਼ੋਨ ਨਦੀ ਕੋਲ ਯਾਬੀਨ ਨਾਲ ਕੀਤਾ! ਏਨ-ਦੋਰ ਵਿੱਚ ਓਹ ਨਾਸ ਹੋਏ, ਭੋਂ ਦੇ ਲਈ ਓਹ ਰੂੜੀ ਬਣ ਗਏ।” (ਜ਼ਬੂ. 83:​9, 10) ਸ਼ਤਾਨ ਦੀ ਦੁਨੀਆਂ ਦੇ ਨਾਲ ਪਰਮੇਸ਼ੁਰ ਦਾ ਆਖ਼ਰੀ ਯੁੱਧ ਹੋਣ ਵਾਲਾ ਹੈ ਜਿਸ ਨੂੰ ਹਰਮਗਿੱਦੋਨ (ਮਤਲਬ ਮਗਿੱਦੋ ਪਹਾੜ) ਕਿਹਾ ਜਾਂਦਾ ਹੈ। ਇਹ ਯੁੱਧ ਸਾਨੂੰ ਉਨ੍ਹਾਂ ਯੁੱਧਾਂ ਦੀ ਯਾਦ ਦਿਲਾਉਂਦਾ ਹੈ ਜੋ ਮਗਿੱਦੋ ਦੇ ਨੇੜੇ ਲੜੇ ਗਏ ਸਨ। ਉਨ੍ਹਾਂ ਯੁੱਧਾਂ ਵਿਚ ਹੋਈ ਯਹੋਵਾਹ ਦੀ ਜਿੱਤ ਸਾਨੂੰ ਇਸ ਗੱਲ ਦਾ ਯਕੀਨ ਦਿਵਾਉਂਦੀ ਹੈ ਕਿ ਹਰਮਗਿੱਦੋਨ ਵਿਚ ਯਹੋਵਾਹ ਦੀ ਹੀ ਜਿੱਤ ਹੋਵੇਗੀ।​—⁠ਪਰ. 16:​13-16.

ਪ੍ਰਾਰਥਨਾ ਕਰੋ ਕਿ ਯਹੋਵਾਹ ਦਾ ਨਾਂ ਰੌਸ਼ਨ ਹੋਵੇ

16. ਅੱਜ ਕਿਵੇਂ ਵਿਰੋਧੀਆਂ ਦੇ “ਮੂੰਹ ਨਮੋਸ਼ੀ ਨਾਲ ਕਾਲੇ” ਹੋਏ ਹਨ?

16 ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਮਿਟਾਉਣ ਲਈ ਕੀਤੀਆਂ ਦੁਸ਼ਮਣਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਹੈ। (2 ਤਿਮੋ. 3:1) ਨਤੀਜੇ ਵਜੋਂ ਵਿਰੋਧੀਆਂ ਨੂੰ ਸ਼ਰਮਿੰਦਾ ਹੋਣਾ ਪਿਆ ਹੈ। ਜ਼ਬੂਰ 83:16 ਵਿਚ ਕਿਹਾ ਗਿਆ ਹੈ: “ਹੇ ਯਹੋਵਾਹ, ਉਨ੍ਹਾਂ ਦੇ ਮੂੰਹ ਨਮੋਸ਼ੀ ਨਾਲ ਕਾਲੇ ਕਰ, ਤਾਂ ਓਹ ਤੇਰੇ ਨਾਮ ਨੂੰ ਭਾਲਣ।” ਕਈ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਨੂੰ ਚੁੱਪ ਕਰਾਉਣ ਦੀਆਂ ਵਿਰੋਧੀਆਂ ਦੀਆਂ ਸਕੀਮਾਂ ਸਿਰੇ ਨਹੀਂ ਚੜ੍ਹ ਸਕੀਆਂ। ਉਨ੍ਹਾਂ ਦੇਸ਼ਾਂ ਵਿਚ ਗਵਾਹਾਂ ਨੇ ਯਹੋਵਾਹ ਦਾ ਲੜ ਨਹੀਂ ਛੱਡਿਆ ਤੇ ਡੱਟ ਕੇ ਹਰ ਮੁਸ਼ਕਲ ਦਾ ਸਾਮ੍ਹਣਾ ਕੀਤਾ ਹੈ। ਇਸ ਤੋਂ ਹੋਰਨਾਂ ਨੇਕਦਿਲ ਲੋਕਾਂ ਨੂੰ ਵੱਡੀ ਗਵਾਹੀ ਮਿਲੀ ਹੈ। ਇਸੇ ਕਰਕੇ ਬਹੁਤ ਸਾਰੇ ਲੋਕਾਂ ਨੇ ‘ਯਹੋਵਾਹ ਦੇ ਨਾਂ ਨੂੰ ਭਾਲਿਆ ਹੈ।’ ਜਿਨ੍ਹਾਂ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਨੂੰ ਬੁਰੀ ਤਰ੍ਹਾਂ ਸਤਾਇਆ ਗਿਆ ਸੀ, ਉੱਥੇ ਹੁਣ ਹਜ਼ਾਰਾਂ ਹੀ ਲੋਕ ਖ਼ੁਸ਼ੀ ਨਾਲ ਯਹੋਵਾਹ ਦੀ ਮਹਿਮਾ ਕਰ ਰਹੇ ਹਨ। ਜੀ ਹਾਂ, ਯਹੋਵਾਹ ਦੀ ਕਿੰਨੀ ਵੱਡੀ ਜਿੱਤ! ਦੁਸ਼ਮਣਾਂ ਨੂੰ ਮੂੰਹ ਦੀ ਖਾਣੀ ਪਈ।​ਯਿਰਮਿਯਾਹ 1:19 ਪੜ੍ਹੋ।

17. ਮਨੁੱਖਜਾਤੀ ਨੂੰ ਕਿਹੜਾ ਮੌਕਾ ਦਿੱਤਾ ਜਾ ਰਿਹਾ ਹੈ ਅਤੇ ਅਸੀਂ ਕਿਹੜੇ ਸ਼ਬਦਾਂ ਨੂੰ ਯਾਦ ਰੱਖਾਂਗੇ?

17 ਸਾਨੂੰ ਪਤਾ ਹੈ ਕਿ ਯੁੱਧ ਹਾਲੇ ਖ਼ਤਮ ਨਹੀਂ ਹੋਇਆ ਹੈ। ਅਸੀਂ ਵਿਰੋਧੀਆਂ ਨੂੰ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ। (ਮੱਤੀ 24:​14, 21) ਵਿਰੋਧੀਆਂ ਨੂੰ ਤੋਬਾ ਕਰਨ ਅਤੇ ਮੁਕਤੀ ਪਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ, ਪਰ ਇਹ ਮੌਕਾ ਜਲਦੀ ਹੀ ਖ਼ਤਮ ਹੋਣ ਵਾਲਾ ਹੈ। ਸਾਡੀ ਮੁਕਤੀ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਯਹੋਵਾਹ ਦਾ ਨਾਂ ਰੌਸ਼ਨ ਹੋਵੇ। (ਹਿਜ਼ਕੀਏਲ 38:23 ਪੜ੍ਹੋ।) ਜਦੋਂ ਸਾਰੀਆਂ ਕੌਮਾਂ ਮਿਲ ਕੇ ਯਹੋਵਾਹ ਦੇ ਲੋਕਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨਗੀਆਂ, ਤਾਂ ਅਸੀਂ ਜ਼ਬੂਰ ਦੀ ਪ੍ਰਾਰਥਨਾ ਦੇ ਇਨ੍ਹਾਂ ਸ਼ਬਦਾਂ ਨੂੰ ਯਾਦ ਰੱਖਾਂਗੇ: “ਓਹ ਸਦਾ ਤੀਕ ਲੱਜਿਆਵਾਨ ਅਤੇ ਭੈਮਾਨ ਹੋਣ, ਓਹ ਘਾਬਰ ਜਾਣ ਅਤੇ ਨਸ਼ਟ ਹੋਣ।”​—⁠ਜ਼ਬੂ. 83:⁠17.

18, 19. (ੳ) ਯਹੋਵਾਹ ਦੇ ਜ਼ਿੱਦੀ ਦੁਸ਼ਮਣਾਂ ਦਾ ਕੀ ਹਸ਼ਰ ਹੋਣ ਵਾਲਾ ਹੈ? (ਅ) ਇਹ ਜਾਣ ਕੇ ਕਿ ਯਹੋਵਾਹ ਦਾ ਨਾਂ ਉੱਚਾ ਹੋਣ ਵਾਲਾ ਹੈ, ਇਸ ਦਾ ਤੁਹਾਡੇ ’ਤੇ ਕੀ ਅਸਰ ਹੁੰਦਾ ਹੈ?

18 ਯਹੋਵਾਹ ਦੇ ਜ਼ਿੱਦੀ ਦੁਸ਼ਮਣ ਬੁਰੀ ਮੌਤ ਮਰਨਗੇ। ਪਰਮੇਸ਼ੁਰ ਦਾ ਬਚਨ ਸਾਨੂੰ ਦੱਸਦਾ ਹੈ ਕਿ ਜਿਹੜੇ “ਇੰਜੀਲ ਨੂੰ ਨਹੀਂ ਮੰਨਦੇ,” ਉਨ੍ਹਾਂ ਦਾ ਹਰਮਗਿੱਦੋਨ ਦੀ ਲੜਾਈ ਵਿਚ ‘ਸਦਾ ਲਈ ਵਿਨਾਸ਼’ ਹੋ ਜਾਵੇਗਾ। (2 ਥੱਸ. 1:​7-⁠9) ਉਨ੍ਹਾਂ ਦਾ ਨਾਸ਼ ਤੇ ਯਹੋਵਾਹ ਦੀ ਭਗਤੀ ਕਰਨ ਵਾਲਿਆਂ ਦਾ ਬਚਾਅ ਇਸ ਗੱਲ ਦਾ ਸਬੂਤ ਹੋਵੇਗਾ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ। ਅਸੀਂ ਨਵੀਂ ਦੁਨੀਆਂ ਵਿਚ ਵੀ ਇਸ ਮਹਾਨ ਜਿੱਤ ਨੂੰ ਕਦੇ ਨਹੀਂ ਭੁੱਲਾਂਗੇ। ਜੀ ਉੱਠੇ ‘ਧਰਮੀ ਤੇ ਕੁਧਰਮੀ’ ਲੋਕ ਯਹੋਵਾਹ ਦੀ ਇਸ ਸ਼ਾਨਦਾਰ ਜਿੱਤ ਬਾਰੇ ਸਿੱਖਣਗੇ। (ਰਸੂ. 24:15) ਨਵੀਂ ਦੁਨੀਆਂ ਵਿਚ ਉਹ ਸਿੱਖਣਗੇ ਕਿ ਯਹੋਵਾਹ ਦੀ ਹਕੂਮਤ ਅਧੀਨ ਰਹਿਣਾ ਹੀ ਸਭ ਤੋਂ ਵਧੀਆ ਹੈ। ਉਨ੍ਹਾਂ ਨੂੰ ਜਲਦੀ ਹੀ ਯਕੀਨ ਹੋ ਜਾਵੇਗਾ ਕਿ ਯਹੋਵਾਹ ਹੀ ਸੱਚਾ ਪਾਤਸ਼ਾਹ ਹੈ।

19 ਯਹੋਵਾਹ ਸਾਡਾ ਸਵਰਗੀ ਪਿਤਾ ਸਾਨੂੰ ਬਹੁਤ ਹੀ ਸੋਹਣਾ ਭਵਿੱਖ ਦੇਣ ਵਾਲਾ ਹੈ। ਯਹੋਵਾਹ ਜਲਦੀ ਹੀ ਜ਼ਬੂਰ ਦੀ ਪ੍ਰਾਰਥਨਾ ਦਾ ਜਵਾਬ ਦੇਣ ਵਾਲਾ ਹੈ। ਸਾਡੀ ਵੀ ਇਹੀ ਦਿਲੀ ਪ੍ਰਾਰਥਨਾ ਹੈ ਕਿ ਯਹੋਵਾਹ ਦੇ ਦੁਸ਼ਮਣ “ਸਦਾ ਤੀਕ ਲੱਜਿਆਵਾਨ ਅਤੇ ਭੈਮਾਨ ਹੋਣ, ਓਹ ਘਾਬਰ ਜਾਣ ਅਤੇ ਨਸ਼ਟ ਹੋਣ, ਭਈ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!”​—⁠ਜ਼ਬੂ. 83:​17, 18.

[ਫੁਟਨੋਟ]

^ ਪੈਰਾ 2 ਇਸ ਲੇਖ ’ਤੇ ਚਰਚਾ ਕਰਨ ਤੋਂ ਪਹਿਲਾਂ ਚੰਗਾ ਹੋਵੇਗਾ ਜੇ ਤੁਸੀਂ ਜ਼ਬੂਰ 83 ਵਿਚ ਦੱਸੀਆਂ ਗੱਲਾਂ ਨੂੰ ਪੜ੍ਹੋ ਜਿਸ ਤੋਂ ਤੁਹਾਨੂੰ ਫ਼ਾਇਦਾ ਹੋਵੇਗਾ।

ਕੀ ਤੁਸੀਂ ਦੱਸ ਸਕਦੇ ਹੋ?

ਜ਼ਬੂਰ 83 ਲਿਖੇ ਜਾਣ ਸਮੇਂ ਇਸਰਾਏਲ ਦੀ ਕੀ ਹਾਲਤ ਸੀ?

ਜ਼ਬੂਰ 83 ਦੇ ਲਿਖਾਰੀ ਦੀ ਮੁੱਖ ਚਿੰਤਾ ਕੀ ਸੀ?

• ਅੱਜ ਸ਼ਤਾਨ ਦਾ ਨਿਸ਼ਾਨਾ ਕੌਣ ਹਨ?

• ਯਹੋਵਾਹ ਜ਼ਬੂਰ 83:18 ਵਿਚ ਜ਼ਿਕਰ ਕੀਤੀ ਗਈ ਪ੍ਰਾਰਥਨਾ ਦਾ ਜਵਾਬ ਕਿਵੇਂ ਦੇਵੇਗਾ?

[ਸਵਾਲ]

[ਸਫ਼ਾ 15 ਉੱਤੇ ਨਕਸ਼ਾ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਪੁਰਾਣੇ ਮਗਿੱਦੋ ਦੇ ਨੇੜੇ ਲੜੇ ਗਏ ਯੁੱਧਾਂ ਦਾ ਭਵਿੱਖ ਨਾਲ ਕੀ ਸੰਬੰਧ ਹੈ?

ਕੀਸ਼ੋਨ ਨਦੀ

ਹਰੋਸ਼ਥ

ਕਰਮਲ ਪਰਬਤ

ਯਿਜ਼ਰਏਲ ਦੀ ਘਾਟੀ

ਮਗਿੱਦੋ

ਤਆਨਾਕ

ਗਿਲਬੋਆ ਪਹਾੜ

ਹਰੋਦ ਦਾ ਸੋਤਾ

ਮੋਰਹ

ਏਨ-ਦੋਰ

ਤਾਬੋਰ ਦਾ ਪਹਾੜ

ਗਲੀਲ ਦੀ ਝੀਲ

ਯਰਦਨ ਨਦੀ

[ਸਫ਼ਾ 12 ਉੱਤੇ ਤਸਵੀਰ]

ਜ਼ਬੂਰਾਂ ਦੇ ਇਕ ਲਿਖਾਰੀ ਨੇ ਆਪਣੀ ਪ੍ਰਾਰਥਨਾ ਕਿਸ ਕਰਕੇ ਰਚੀ?