Skip to content

Skip to table of contents

ਯਹੋਵਾਹ ਦੀਆਂ ‘ਅੱਖਾਂ’ ਸਾਰਿਆਂ ਨੂੰ ਜਾਂਚਦੀਆਂ ਹਨ

ਯਹੋਵਾਹ ਦੀਆਂ ‘ਅੱਖਾਂ’ ਸਾਰਿਆਂ ਨੂੰ ਜਾਂਚਦੀਆਂ ਹਨ

ਯਹੋਵਾਹ ਦੀਆਂ ‘ਅੱਖਾਂ’ ਸਾਰਿਆਂ ਨੂੰ ਜਾਂਚਦੀਆਂ ਹਨ

‘ਯਹੋਵਾਹ ਦੀਆਂ ਅੱਖਾਂ ਆਦਮੀ ਦੀ ਸੰਤਾਨ ਨੂੰ ਜਾਚਦੀਆਂ ਹਨ।’​—⁠ਜ਼ਬੂ. 11:⁠4.

1. ਤੁਸੀਂ ਕਿਹੋ ਜਿਹੇ ਲੋਕਾਂ ਵੱਲ ਖਿੱਚੇ ਜਾਂਦੇ ਹੋ?

ਤੁਹਾਨੂੰ ਕਿੱਦਾਂ ਲੱਗਦਾ ਹੈ ਜਦੋਂ ਕੋਈ ਤੁਹਾਡੇ ਵਿਚ ਦਿਲੋਂ ਰੁਚੀ ਲੈਂਦਾ ਹੈ? ਜਦੋਂ ਤੁਸੀਂ ਉਸ ਤੋਂ ਆਪਣੇ ਬਾਰੇ ਕੋਈ ਰਾਇ ਪੁੱਛਦੇ ਹੋ, ਤਾਂ ਉਹ ਤੁਹਾਨੂੰ ਸਹੀ ਰਾਇ ਦੇਵੇਗਾ। ਜਦੋਂ ਤੁਹਾਨੂੰ ਮਦਦ ਦੀ ਲੋੜ ਹੁੰਦੀ ਹੈ, ਤਾਂ ਉਹ ਤੁਹਾਨੂੰ ਮਦਦ ਦੇਣ ਤੋਂ ਝਿਜਕਦਾ ਨਹੀਂ। ਜਦੋਂ ਤੁਹਾਨੂੰ ਸਲਾਹ-ਮਸ਼ਵਰੇ ਦੀ ਲੋੜ ਹੁੰਦੀ ਹੈ, ਤਾਂ ਉਹ ਪਿਆਰ ਨਾਲ ਤੁਹਾਨੂੰ ਸਲਾਹ ਦੇਵੇਗਾ। (ਜ਼ਬੂ. 141:5; ਗਲਾ. 6:1) ਕੀ ਤੁਸੀਂ ਇਹੋ ਜਿਹੇ ਲੋਕਾਂ ਵੱਲ ਖਿੱਚੇ ਨਹੀਂ ਜਾਂਦੇ ਜੋ ਤੁਹਾਡੀ ਪਰਵਾਹ ਕਰਦੇ ਹਨ? ਯਹੋਵਾਹ ਤੇ ਯਿਸੂ ਸਾਡੇ ਵਿਚ ਗਹਿਰੀ ਦਿਲਚਸਪੀ ਲੈਂਦੇ ਹਨ। ਉਹ ਸਾਨੂੰ ਇਨਸਾਨਾਂ ਨਾਲੋਂ ਕਿਤੇ ਜ਼ਿਆਦਾ ਪਿਆਰ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਇਰਾਦੇ ਨੇਕ ਹਨ। ਉਹ ਚਾਹੁੰਦੇ ਹਨ ਕਿ ਤੁਸੀਂ ‘ਉਸ ਜੀਵਨ ਨੂੰ ਫੜ ਲਓ ਜਿਹੜਾ ਅਸਲ ਜੀਵਨ ਹੈ।’​—⁠1 ਤਿਮੋ. 6:19; ਪਰ. 3:⁠19.

2. ਯਹੋਵਾਹ ਆਪਣੇ ਸੇਵਕਾਂ ਵਿਚ ਕਿੰਨੀ ਕੁ ਦਿਲਚਸਪੀ ਰੱਖਦਾ ਹੈ?

2 ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਵੀ ਦੱਸਿਆ ਕਿ ਯਹੋਵਾਹ ਸਾਡੇ ਵਿਚ ਗਹਿਰੀ ਦਿਲਚਸਪੀ ਲੈਂਦਾ ਹੈ। ਉਸ ਨੇ ਕਿਹਾ “[ਯਹੋਵਾਹ] ਦੀਆਂ ਅੱਖਾਂ ਤੱਕਦੀਆਂ ਹਨ, ਉਹ ਦੀਆਂ ਪਲਕਾਂ ਆਦਮੀ ਦੀ ਸੰਤਾਨ ਨੂੰ ਜਾਚਦੀਆਂ ਹਨ।” (ਜ਼ਬੂ. 11:4) ਯਹੋਵਾਹ ਸਿਰਫ਼ ਸਾਡੇ ਵੱਲ ਦੇਖਦਾ ਹੀ ਨਹੀਂ, ਬਲਕਿ ਉਹ ਸਾਨੂੰ ਜਾਂਚਦਾ ਵੀ ਹੈ। ਦਾਊਦ ਨੇ ਅੱਗੇ ਕਿਹਾ: “ਤੁਸੀਂ ਮੇਰੇ ਦਿਲ ਦੀ ਡੂੰਘਾਈ ਅੰਦਰ ਵੇਖਿਆ ਹੈ। ਤੁਸੀਂ ਸਾਰੀ ਰਾਤ . . . ਮੈਨੂੰ ਪਰਖਿਆ ਹੈ ਤੁਸੀਂ ਮੇਰੇ ਵਿੱਚ ਕੁਝ ਵੀ ਬੁਰਾਈ ਨਹੀਂ ਲੱਭੀ ਨਾ ਹੀ ਮੈਂ ਕੋਈ ਵੀ ਮੰਦੀ ਵਿਉਂਤ ਬਣਾਈ ਸੀ।” (ਜ਼ਬੂ. 17:​3, ERV) ਦਾਊਦ ਨੂੰ ਪਤਾ ਸੀ ਕਿ ਯਹੋਵਾਹ ਨੂੰ ਉਸ ਵਿਚ ਬਹੁਤ ਦਿਲਚਸਪੀ ਸੀ। ਉਸ ਨੂੰ ਇਹ ਵੀ ਪਤਾ ਸੀ ਕਿ ਜੇ ਉਹ ਆਪਣੇ ਦਿਲ ਵਿਚ ਬੁਰੀਆਂ ਸਕੀਮਾਂ ਘੜਦਾ ਜਾਂ ਆਪਣੇ ਮਨ ਵਿਚ ਗ਼ਲਤ ਖ਼ਿਆਲ ਪੈਦਾ ਕਰਦਾ, ਤਾਂ ਉਹ ਯਹੋਵਾਹ ਨੂੰ ਦੁਖੀ ਕਰ ਸਕਦਾ ਸੀ ਤੇ ਉਸ ਦੀ ਮਿਹਰ ਗੁਆ ਸਕਦਾ ਸੀ। ਕੀ ਤੁਸੀਂ ਵੀ ਦਾਊਦ ਵਾਂਗ ਯਹੋਵਾਹ ਬਾਰੇ ਇੱਦਾਂ ਮਹਿਸੂਸ ਕਰਦੇ ਹੋ?

ਯਹੋਵਾਹ ਦਿਲਾਂ ਨੂੰ ਦੇਖਦਾ ਹੈ

3. ਯਹੋਵਾਹ ਸਾਡੀਆਂ ਕਮੀਆਂ ਜਾਂ ਗ਼ਲਤੀਆਂ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ?

3 ਯਹੋਵਾਹ ਖ਼ਾਸ ਕਰਕੇ ਇਸ ਗੱਲ ਵੱਲ ਧਿਆਨ ਦਿੰਦਾ ਹੈ ਕਿ ਅਸੀਂ ਅੰਦਰੋਂ ਕਿਸ ਤਰ੍ਹਾਂ ਦੇ ਇਨਸਾਨ ਹਾਂ। (ਜ਼ਬੂ. 19:14; 26:2) ਉਹ ਸਾਡੀਆਂ ਛੋਟੀਆਂ-ਛੋਟੀਆਂ ਗ਼ਲਤੀਆਂ ਜਾਂ ਕਮੀਆਂ ’ਤੇ ਧਿਆਨ ਨਹੀਂ ਲਾਈ ਰੱਖਦਾ। ਮਿਸਾਲ ਲਈ, ਜਦ ਅਬਰਾਹਾਮ ਦੀ ਪਤਨੀ ਸਾਰਾਹ ਨੇ ਦੂਤ ਨੂੰ ਸੱਚ ਨਹੀਂ ਦੱਸਿਆ, ਤਾਂ ਦੂਤ ਨੂੰ ਪਤਾ ਲੱਗ ਗਿਆ ਸੀ ਕਿ ਉਸ ਨੇ ਡਰ ਦੇ ਮਾਰੇ ਤੇ ਸੰਗਦਿਆਂ ਗ਼ਲਤ ਜਵਾਬ ਦਿੱਤਾ ਸੀ। ਇਸ ਲਈ ਉਸ ਨੇ ਸਾਰਾਹ ਨੂੰ ਜ਼ਿਆਦਾ ਝਿੜਕਿਆ ਨਹੀਂ। (ਉਤ. 18:​12-15) ਜਦੋਂ ਅੱਯੂਬ ਨੇ ‘ਆਪਣੇ ਆਪ ਨੂੰ ਪਰਮੇਸ਼ੁਰ ਨਾਲੋਂ ਜ਼ਿਆਦਾ ਧਰਮੀ ਠਹਿਰਾਇਆ,’ ਤਾਂ ਯਹੋਵਾਹ ਨੇ ਉਸ ਤੋਂ ਆਪਣੀ ਬਰਕਤ ਨਹੀਂ ਹਟਾਈ ਕਿਉਂਕਿ ਉਸ ਨੂੰ ਪਤਾ ਸੀ ਕਿ ਅੱਯੂਬ ਸ਼ਤਾਨ ਵੱਲੋਂ ਲਿਆਂਦੀਆਂ ਸਤਾਹਟਾਂ ਕਾਰਨ ਬਹੁਤ ਦੁਖੀ ਸੀ। (ਅੱਯੂ. 32:2; 42:12) ਇਸੇ ਤਰ੍ਹਾਂ ਯਹੋਵਾਹ ਨੇ ਉਦੋਂ ਬੁਰਾ ਨਹੀਂ ਸੀ ਮਨਾਇਆ ਜਦੋਂ ਸਾਰਫ਼ਥ ਦੀ ਵਿਧਵਾ ਨੇ ਏਲੀਯਾਹ ਨਬੀ ਨੂੰ ਬੁਰਾ-ਭਲਾ ਕਿਹਾ ਸੀ ਕਿਉਂਕਿ ਪਰਮੇਸ਼ੁਰ ਨੂੰ ਪਤਾ ਸੀ ਕਿ ਉਹ ਵਿਧਵਾ ਆਪਣੇ ਇੱਕੋ-ਇਕ ਪੁੱਤਰ ਦੀ ਮੌਤ ਕਰਕੇ ਦੁਖੀ ਸੀ।​—⁠1 ਰਾਜ. 17:​8-24.

4, 5. ਯਹੋਵਾਹ ਅਬੀਮਲਕ ਨਾਲ ਕਿਸ ਤਰ੍ਹਾਂ ਪੇਸ਼ ਆਇਆ ਸੀ?

4 ਯਹੋਵਾਹ ਉਨ੍ਹਾਂ ਲੋਕਾਂ ਦੇ ਦਿਲਾਂ ਨੂੰ ਵੀ ਦੇਖਦਾ ਹੈ ਜੋ ਉਸ ਦੀ ਭਗਤੀ ਨਹੀਂ ਕਰਦੇ। ਧਿਆਨ ਦਿਓ ਕਿ ਯਹੋਵਾਹ ਅਬੀਮਲਕ ਨਾਲ ਕਿਸ ਤਰ੍ਹਾਂ ਪੇਸ਼ ਆਇਆ ਸੀ। ਅਬੀਮਲਕ ਗਰਾਰ ਦੇ ਸ਼ਹਿਰ ਫਲਿਸਤੀ ਦਾ ਰਾਜਾ ਸੀ। ਉਸ ਨੂੰ ਪਤਾ ਨਹੀਂ ਸੀ ਕਿ ਸਾਰਾਹ ਅਬਰਾਹਾਮ ਦੀ ਪਤਨੀ ਸੀ, ਇਸ ਲਈ ਉਹ ਉਸ ਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਸੀ। ਪਰ ਇਸ ਤੋਂ ਪਹਿਲਾਂ ਕਿ ਉਹ ਸਾਰਾਹ ਨਾਲ ਕੁਝ ਕਰਦਾ, ਯਹੋਵਾਹ ਨੇ ਉਸ ਨੂੰ ਸੁਪਨੇ ਵਿੱਚ ਆਖਿਆ: “ਮੈਂ ਵੀ ਜਾਣ ਲਿਆ ਹੈ ਕਿ ਤੂੰ ਆਪਣੇ ਦਿਲ ਦੀ ਸਿਧਿਆਈ ਨਾਲ ਇਹ ਕੀਤਾ ਹੈ। ਮੈਂ ਤੈਨੂੰ ਆਪਣੇ ਵਿਰੁੱਧ ਪਾਪ ਕਰਨ ਤੋਂ ਰੋਕਿਆ ਹੈ ਕਿਉਂਕਿ ਮੈਂ ਤੈਨੂੰ ਉਹ ਨੂੰ ਛੋਹਣ ਨਹੀਂ ਦਿੱਤਾ। ਸੋ ਹੁਣ ਤੂੰ ਉਸ ਮਨੁੱਖ ਨੂੰ ਉਹ ਦੀ ਪਤਨੀ ਮੋੜ ਦਿਹ ਕਿਉਂਜੋ ਉਹ ਨਬੀ ਹੈ ਅਰ ਉਹ ਤੇਰੇ ਲਈ ਬੇਨਤੀ ਕਰੇਗਾ ਅਤੇ ਤੂੰ ਜੀਉਂਦਾ ਰਹੇਂਗਾ।”​—⁠ਉਤ. 20:​1-7.

5 ਯਹੋਵਾਹ ਜੇ ਚਾਹੁੰਦਾ ਤਾਂ ਅਬੀਮਲਕ ਨਾਲ ਸਖ਼ਤੀ ਨਾਲ ਪੇਸ਼ ਆ ਸਕਦਾ ਸੀ ਕਿਉਂਕਿ ਉਹ ਹੋਰਨਾਂ ਦੇਵੀ-ਦੇਵਤਿਆਂ ਦੀ ਪੂਜਾ ਕਰਦਾ ਸੀ। ਪਰ ਯਹੋਵਾਹ ਨੇ ਦੇਖਿਆ ਕਿ ਅਬੀਮਲਕ ਜਾਣ-ਬੁੱਝ ਕੇ ਗ਼ਲਤੀ ਨਹੀਂ ਸੀ ਕਰ ਰਿਹਾ। ਇਸ ਕਰਕੇ ਯਹੋਵਾਹ ਨੇ ਉਸ ਨੂੰ ਪਿਆਰ ਨਾਲ ਕਿਹਾ ਕਿ ਮਾਫ਼ੀ ਪਾਉਣ ਲਈ ਉਸ ਨੂੰ ਕੀ ਕਰਨਾ ਚਾਹੀਦਾ ਸੀ ਤਾਂਕਿ ਉਹ ‘ਜੀਉਂਦਾ ਰਹੇ।’ ਕੀ ਤੁਸੀਂ ਇਸ ਤਰ੍ਹਾਂ ਦੇ ਪਰਮੇਸ਼ੁਰ ਦੀ ਭਗਤੀ ਨਹੀਂ ਕਰਨੀ ਚਾਹੋਗੇ?

6. ਯਿਸੂ ਨੇ ਆਪਣੇ ਪਿਤਾ ਦੀ ਨਕਲ ਕਿੱਦਾਂ ਕੀਤੀ?

6 ਯਿਸੂ ਨੇ ਪੂਰੀ ਤਰ੍ਹਾਂ ਆਪਣੇ ਪਿਤਾ ਯਹੋਵਾਹ ਦੀ ਨਕਲ ਕੀਤੀ। ਉਸ ਨੇ ਹਮੇਸ਼ਾ ਆਪਣੇ ਚੇਲਿਆਂ ਵਿਚ ਚੰਗੇ ਗੁਣ ਦੇਖੇ ਅਤੇ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਮਾਫ਼ ਕਰਨ ਲਈ ਤਿਆਰ ਰਹਿੰਦਾ ਸੀ। (ਮਰ. 10:​35-45; 14:​66-72; ਲੂਕਾ 22:​31, 32; ਯੂਹੰ. 15:15) ਯਿਸੂ ਦਾ ਰਵੱਈਆ ਯੂਹੰਨਾ 3:17 ਵਿਚ ਦੱਸੇ ਸ਼ਬਦਾਂ ਦੇ ਅਨੁਸਾਰ ਸੀ ਜਿਸ ਵਿਚ ਲਿਖਿਆ ਹੈ: “ਪਰਮੇਸ਼ੁਰ ਨੇ ਪੁੱਤ੍ਰ ਨੂੰ ਜਗਤ ਵਿੱਚ ਇਸ ਲਈ ਨਹੀਂ ਘੱਲਿਆ ਜੋ ਉਹ ਜਗਤ ਨੂੰ ਦੋਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਜਗਤ ਉਹ ਦੇ ਰਾਹੀਂ ਬਚਾਇਆ ਜਾਵੇ।” ਵਾਕਈ, ਯਹੋਵਾਹ ਤੇ ਯਿਸੂ ਸਾਨੂੰ ਬੇਹੱਦ ਪਿਆਰ ਕਰਦੇ ਹਨ। ਉਹ ਚਾਹੁੰਦੇ ਹਨ ਕਿ ਸਾਰੇ ਹਮੇਸ਼ਾ ਦੀ ਜ਼ਿੰਦਗੀ ਪਾਉਣ। (ਅੱਯੂ. 14:15) ਇਸੇ ਪਿਆਰ ਕਰਕੇ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਕਿਉਂ ਜਾਂਚਦਾ ਹੈ ਤੇ ਸਾਡੇ ਦਿਲ ਨੂੰ ਦੇਖ ਕੇ ਉਸ ਦੇ ਅਨੁਸਾਰ ਸਾਡੇ ਨਾਲ ਪੇਸ਼ ਆਉਂਦਾ ਹੈ।​1 ਯੂਹੰਨਾ 4:​8, 19 ਪੜ੍ਹੋ।

ਯਹੋਵਾਹ ਪਿਆਰ ਨਾਲ ਜਾਂਚਦਾ ਹੈ

7. ਯਹੋਵਾਹ ਸਾਨੂੰ ਕਿਉਂ ਜਾਂਚਦਾ ਹੈ?

7 ਇਹ ਸੋਚਣਾ ਕਿੰਨਾ ਗ਼ਲਤ ਹੋਵੇਗਾ ਕਿ ਯਹੋਵਾਹ ਸਵਰਗ ਤੋਂ ਪੁਲਿਸ ਦੀ ਤਰ੍ਹਾਂ ਸਾਡੇ ’ਤੇ ਨਿਗਾਹ ਰੱਖਦਾ ਹੈ ਤਾਂਕਿ ਉਹ ਸਾਡੀ ਕਿਸੇ ਗ਼ਲਤੀ ਨੂੰ ਫੜ ਸਕੇ! ਸ਼ਤਾਨ ਇਸ ਤਰ੍ਹਾਂ ਕਰਦਾ ਹੈ। (ਪਰ. 12:10) ਉਹ ਤਾਂ ਬਿਨਾਂ ਕਾਰਨ ਸਾਡੇ ’ਤੇ ਝੂਠੇ ਦੋਸ਼ ਲਾਉਂਦਾ ਹੈ! (ਅੱਯੂ. 1:​9-11; 2:​4, 5) ਯਹੋਵਾਹ ਬਾਰੇ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ?” (ਜ਼ਬੂ. 130:3) ਕੋਈ ਵੀ ਨਹੀਂ ਖੜ੍ਹਾ ਰਹਿ ਸਕਦਾ! (ਉਪ. 7:20) ਯਹੋਵਾਹ ਉਨ੍ਹਾਂ ਮਾਪਿਆਂ ਦੀ ਤਰ੍ਹਾਂ ਹੈ ਜੋ ਪਿਆਰ ਨਾਲ ਆਪਣੇ ਬੱਚਿਆਂ ਦੀ ਨਿਗਰਾਨੀ ਕਰਦੇ ਹਨ ਤਾਂਕਿ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਯਹੋਵਾਹ ਸਾਨੂੰ ਦੱਸਦਾ ਹੈ ਕਿ ਸਾਡੇ ਵਿਚ ਕਿਹੜੀਆਂ ਕਮੀਆਂ-ਕਮਜ਼ੋਰੀਆਂ ਹਨ ਤਾਂਕਿ ਅਸੀਂ ਆਪਣਾ ਬਚਾਅ ਕਰ ਸਕੀਏ।​—⁠ਜ਼ਬੂ. 103:​10-14; ਮੱਤੀ 26:⁠41.

8. ਯਹੋਵਾਹ ਕਿੱਦਾਂ ਆਪਣੇ ਭਗਤਾਂ ਨੂੰ ਤਾੜਨਾ ਤੇ ਸਿੱਖਿਆ ਦਿੰਦਾ ਹੈ?

8 ਯਹੋਵਾਹ ਆਪਣੇ ਭਗਤਾਂ ਨੂੰ ਬਾਈਬਲ ਅਤੇ “ਮਾਤਬਰ ਅਤੇ ਬੁੱਧਵਾਨ” ਨੌਕਰ ਦੁਆਰਾ ਛਾਪੇ ਜਾਂਦੇ ਪ੍ਰਕਾਸ਼ਨਾਂ ਰਾਹੀਂ ਸਿੱਖਿਆ ਅਤੇ ਤਾੜਨਾ ਦਿੰਦਾ ਹੈ ਜੋ ਕਿ ਉਸ ਦੇ ਪਿਆਰ ਦਾ ਸਬੂਤ ਹੈ। (ਮੱਤੀ 24:45; ਇਬ. 12:​5, 6) ਇਸ ਦੇ ਨਾਲ-ਨਾਲ ਯਹੋਵਾਹ ਕਲੀਸਿਯਾ ਅਤੇ “ਮਨੁੱਖਾਂ ਨੂੰ ਦਾਨ” ਯਾਨੀ ਬਜ਼ੁਰਗਾਂ ਰਾਹੀਂ ਮਦਦ ਦਿੰਦਾ ਹੈ। (ਅਫ਼. 4:8) ਯਹੋਵਾਹ ਇਹ ਵੀ ਦੇਖਦਾ ਹੈ ਕਿ ਅਸੀਂ ਉਸ ਦੀ ਸਿੱਖਿਆ ’ਤੇ ਚੱਲਦੇ ਹਾਂ ਜਾਂ ਨਹੀਂ ਅਤੇ ਲੋੜ ਪੈਣ ਤੇ ਹੋਰ ਮਦਦ ਵੀ ਦਿੰਦਾ ਹੈ। ਜ਼ਬੂਰ 32:8 ਕਹਿੰਦਾ ਹੈ: “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।” ਤਾਂ ਫਿਰ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੇ ਕਹਿਣੇ ਵਿਚ ਰਹੀਏ! ਸਾਨੂੰ ਉਸ ਅੱਗੇ ਹਮੇਸ਼ਾ ਨਿਮਰ ਰਹਿਣ ਦੀ ਲੋੜ ਹੈ ਅਤੇ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉਹੀ ਸਾਡਾ ਸਿੱਖਿਅਕ ਤੇ ਪਿਤਾ ਹੈ।​ਮੱਤੀ 18:4 ਪੜ੍ਹੋ।

9. ਸਾਨੂੰ ਆਪਣੇ ਵਿਚ ਕਿਹੜੇ ਔਗੁਣ ਪੈਦਾ ਕਰਨ ਤੋਂ ਬਚਣਾ ਚਾਹੀਦਾ ਹੈ ਤੇ ਕਿਉਂ?

9 ਇਸ ਦੇ ਉਲਟ ਸਾਨੂੰ ਕਦੇ ਘਮੰਡ, ਨਿਹਚਾ ਦੀ ਘਾਟ ਜਾਂ ਫਿਰ “ਪਾਪ ਦੇ ਧੋਖੇ” ਕਾਰਨ ਪੱਥਰ-ਦਿਲ ਨਹੀਂ ਬਣਨਾ ਚਾਹੀਦਾ। (ਇਬ. 3:13; ਯਾਕੂ. 4:6) ਕਿਸੇ ਵਿਅਕਤੀ ਦੇ ਦਿਲ ਵਿਚ ਇਹ ਔਗੁਣ ਉਦੋਂ ਪੈਦਾ ਹੋਣ ਲੱਗਦੇ ਹਨ ਜਦੋਂ ਉਹ ਆਪਣੇ ਦਿਲ ਵਿਚ ਗ਼ਲਤ ਵਿਚਾਰ ਜਾਂ ਇੱਛਾਵਾਂ ਨੂੰ ਪਲ਼ਣ ਦਿੰਦਾ ਹੈ। ਉਹ ਸ਼ਾਇਦ ਇਸ ਹੱਦ ਤਕ ਗਿਰ ਸਕਦਾ ਹੈ ਕਿ ਉਹ ਬਾਈਬਲ ਦੀ ਸਲਾਹ ਨੂੰ ਠੁਕਰਾ ਦੇਵੇ। ਜਾਂ ਫਿਰ ਨੌਬਤ ਇੱਥੇ ਤਕ ਪਹੁੰਚ ਸਕਦੀ ਹੈ ਕਿ ਉਹ ਆਪਣੀ ਜ਼ਿੱਦ ਤੇ ਅੜਿਆ ਰਹੇ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਦਾ ਦੁਸ਼ਮਣ ਬਣਾ ਲਵੇ। ਕਿੰਨੀ ਭਿਆਨਕ ਗੱਲ! (ਕਹਾ. 1:​22-31) ਆਓ ਕਇਨ ਦੀ ਮਿਸਾਲ ’ਤੇ ਗੌਰ ਕਰੀਏ ਜੋ ਆਦਮ ਤੇ ਹੱਵਾਹ ਦਾ ਪਹਿਲਾ ਪੁੱਤਰ ਸੀ।

ਯਹੋਵਾਹ ਸਭ ਕੁਝ ਦੇਖਦਾ ਹੈ ਅਤੇ ਉਸ ਅਨੁਸਾਰ ਕਦਮ ਚੁੱਕਦਾ ਹੈ

10. ਯਹੋਵਾਹ ਨੇ ਕਇਨ ਦੀ ਭੇਟ ਨੂੰ ਕਿਉਂ ਠੁਕਰਾਇਆ ਅਤੇ ਅੱਗੋਂ ਕਇਨ ਨੂੰ ਕਿੱਦਾਂ ਲੱਗਾ?

10 ਜਦੋਂ ਕਇਨ ਤੇ ਹਾਬਲ ਯਹੋਵਾਹ ਅੱਗੇ ਆਪਣੀ-ਆਪਣੀ ਭੇਟ ਲੈ ਕੇ ਆਏ, ਤਾਂ ਯਹੋਵਾਹ ਨੇ ਨਾ ਕੇਵਲ ਉਨ੍ਹਾਂ ਦੀ ਭੇਟ ਦੇਖੀ, ਸਗੋਂ ਉਨ੍ਹਾਂ ਦੇ ਮਨੋਰਥ ਨੂੰ ਵੀ ਦੇਖਿਆ। ਇਸ ਕਰਕੇ ਯਹੋਵਾਹ ਨੇ ਹਾਬਲ ਦੀ ਭੇਟ ਨੂੰ ਕਬੂਲ ਕੀਤਾ ਜੋ ਉਸ ਨੇ ਨਿਹਚਾ ਨਾਲ ਚੜ੍ਹਾਈ ਸੀ। ਪਰ ਉਸ ਨੇ ਕਇਨ ਦੀ ਭੇਟ ਨੂੰ ਨਹੀਂ ਕਬੂਲਿਆ ਕਿਉਂਕਿ ਉਸ ਵਿਚ ਨਿਹਚਾ ਦੀ ਘਾਟ ਸੀ। (ਉਤ. 4:​4, 5; ਇਬ. 11:4) ਇਸ ਤੋਂ ਕੁਝ ਸਿੱਖਣ ਅਤੇ ਆਪਣੇ ਆਪ ਨੂੰ ਬਦਲਣ ਦੀ ਬਜਾਇ, ਕਇਨ ਆਪਣੇ ਭਰਾ ਨਾਲ ਲੋਹਾ-ਲਾਖਾ ਹੋਣ ਲੱਗਾ।​—⁠ਉਤ. 4:⁠6.

11. ਕਇਨ ਨੇ ਕਿਵੇਂ ਦਿਖਾਇਆ ਕਿ ਉਸ ਦਾ ਦਿਲ ਧੋਖੇਬਾਜ਼ ਸੀ ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?

11 ਯਹੋਵਾਹ ਨੇ ਦੇਖ ਲਿਆ ਸੀ ਕਿ ਕਇਨ ਦਾ ਰਵੱਈਆ ਠੀਕ ਨਹੀਂ ਸੀ, ਇਸ ਲਈ ਉਸ ਨੇ ਪਿਆਰ ਨਾਲ ਕਇਨ ਨਾਲ ਗੱਲ ਕੀਤੀ। ਯਹੋਵਾਹ ਨੇ ਕਇਨ ਨੂੰ ਕਿਹਾ ਕਿ ਜੇ ਉਹ ਆਪਣੇ ਆਪ ਨੂੰ ਬਦਲੇ, ਤਾਂ ਉਸੇ ਦਾ ਹੀ ਭਲਾ ਹੋਵੇਗਾ। ਪਰ ਅਫ਼ਸੋਸ, ਕਇਨ ਨੇ ਯਹੋਵਾਹ ਦੀ ਗੱਲ ਨਹੀਂ ਸੁਣੀ ਤੇ ਆਪਣੇ ਭਰਾ ਦਾ ਕਤਲ ਕਰ ਦਿੱਤਾ। ਕਇਨ ਦਾ ਦਿਲ ਇੰਨਾ ਕਠੋਰ ਬਣ ਚੁੱਕਾ ਸੀ ਕਿ ਉਸ ਨੇ ਯਹੋਵਾਹ ਦੀ ਵੀ ਬੇਅਦਬੀ ਕੀਤੀ। ਜਦੋਂ ਯਹੋਵਾਹ ਨੇ ਉਸ ਨੂੰ ਸਵਾਲ ਕੀਤਾ ਕਿ “ਤੇਰਾ ਭਰਾ ਹਾਬਲ ਕਿੱਥੇ ਹੈ?” ਤਾਂ ਉਸ ਨੇ ਜਵਾਬ ਦਿੱਤਾ: “ਮੈਂ ਨਹੀਂ ਜਾਣਦਾ। ਭਲਾ, ਮੈਂ ਆਪਣੇ ਭਰਾ ਦਾ ਰਾਖਾ ਹਾਂ?” (ਉਤ. 4:​7-⁠9) ਦਿਲ ਕਿੰਨਾ ਧੋਖੇਬਾਜ਼ ਹੋ ਸਕਦਾ ਹੈ ਜਿਸ ਵਾਸਤੇ ਪਰਮੇਸ਼ੁਰ ਦੀ ਸਲਾਹ ਵੀ ਕੋਈ ਮਾਅਨੇ ਨਹੀਂ ਰੱਖਦੀ! (ਯਿਰ. 17:9) ਆਓ ਆਪਾਂ ਇਹੋ ਜਿਹੀਆਂ ਮਿਸਾਲਾਂ ਤੋਂ ਸਿੱਖੀਏ ਤੇ ਜੇ ਸਾਡੇ ਵਿਚ ਕੋਈ ਗ਼ਲਤ ਖ਼ਿਆਲ ਜਾਂ ਇੱਛਾ ਪੈਦਾ ਹੋ ਜਾਵੇ, ਤਾਂ ਇਸ ਨੂੰ ਫੱਟ ਦਿਲੋਂ ਕੱਢ ਦੇਈਏ। (ਯਾਕੂਬ 1:​14, 15 ਪੜ੍ਹੋ।) ਜੇ ਸਾਨੂੰ ਕੋਈ ਬਾਈਬਲ ਤੋਂ ਸਲਾਹ ਦਿੰਦਾ ਹੈ, ਤਾਂ ਸਾਨੂੰ ਇਹ ਸਲਾਹ ਮੰਨਣੀ ਚਾਹੀਦੀ ਹੈ ਕਿਉਂਕਿ ਇਹ ਯਹੋਵਾਹ ਦੇ ਪਿਆਰ ਦਾ ਸਬੂਤ ਹੈ।

ਯਹੋਵਾਹ ਦੀਆਂ ਨਜ਼ਰਾਂ ਤੋਂ ਕੋਈ ਪਾਪ ਲੁਕਿਆ ਨਹੀਂ

12. ਯਹੋਵਾਹ ਜਾਣ-ਬੁੱਝ ਕੇ ਗ਼ਲਤੀਆਂ ਕਰਨ ਵਾਲਿਆਂ ਨਾਲ ਕਿੱਦਾਂ ਪੇਸ਼ ਆਉਂਦਾ ਹੈ?

12 ਕਈਆਂ ਨੂੰ ਸ਼ਾਇਦ ਲੱਗੇ ਕਿ ਜੇ ਉਨ੍ਹਾਂ ਨੂੰ ਕੋਈ ਦੇਖਦਾ ਨਹੀਂ, ਤਾਂ ਉਨ੍ਹਾਂ ਦਾ ਪਾਪ ਲੁਕਿਆ ਰਹੇਗਾ। (ਜ਼ਬੂ. 19:12) ਪਰ ਯਹੋਵਾਹ ਦੀਆਂ ਨਜ਼ਰਾਂ ਤੋਂ ਕਿਸੇ ਦਾ ਵੀ ਪਾਪ ਲੁਕਿਆ ਨਹੀਂ ਰਹਿ ਸਕਦਾ। “ਸਰਿਸ਼ਟੀ ਦੀ ਕੋਈ ਵਸਤ ਉਸ ਤੋਂ ਲੁਕੀ ਹੋਈ ਨਹੀਂ, ਪਰ ਜਿਹ ਨੂੰ ਅਸਾਂ ਲੇਖਾ ਦੇਣਾ ਹੈ ਉਹ ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁਲ੍ਹੀਆਂ ਪਈਆਂ ਹਨ।” (ਇਬ. 4:13) ਯਹੋਵਾਹ ਇਕ ਨਿਆਈ ਹੈ ਜੋ ਸਾਡੇ ਧੁਰ ਅੰਦਰਲੀਆਂ ਗੱਲਾਂ ਨੂੰ ਜਾਣਦਾ ਹੈ। ਸਾਡੀ ਗ਼ਲਤੀ ਕਿੰਨੀ ਕੁ ਵੱਡੀ ਜਾਂ ਛੋਟੀ ਹੈ, ਇਹ ਦੇਖ ਕੇ ਪਰਮੇਸ਼ੁਰ ਇਨਸਾਫ਼ ਕਰਦਾ ਹੈ। ਉਹ “ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ।” ਪਰ ਜਿਹੜੇ ਆਪਣੇ ਬੁਰੇ ਰਾਹ ਤੋਂ ਨਹੀਂ ਮੁੜਦੇ ਜਾਂ ਜਿਹੜੇ ‘ਜਾਣ ਬੁਝ ਕੇ ਪਾਪ ਕਰੀ ਜਾਂਦੇ ਹਨ’ ਤੇ ਦਿਲ ਵਿਚ ਸਕੀਮਾਂ ਘੜਦੇ ਹਨ, ਉਨ੍ਹਾਂ ਨੂੰ ਉਹ “ਏਵੇਂ ਨਹੀਂ ਛੱਡਦਾ।” (ਕੂਚ 34:​6, 7; ਇਬ. 10:26) ਇਹ ਗੱਲ ਅਸੀਂ ਆਕਾਨ, ਹਨਾਨਿਯਾ ਤੇ ਸਫ਼ੀਰਾ ਨਾਲ ਕੀਤੇ ਯਹੋਵਾਹ ਦੇ ਵਰਤਾਓ ਤੋਂ ਦੇਖ ਸਕਦੇ ਹਾਂ।

13. ਕਿਹੜੀ ਗੱਲ ਕਰਕੇ ਆਕਾਨ ਧੋਖੇਬਾਜ਼ ਬਣ ਗਿਆ ਸੀ?

13 ਆਕਾਨ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਯਰੀਹੋ ਸ਼ਹਿਰ ਵਿੱਚੋਂ ਲੁੱਟ ਦਾ ਮਾਲ ਲਿਆ ਕੇ ਆਪਣੇ ਤੰਬੂ ਵਿਚ ਲੁਕਾ ਲਿਆ। ਇਸ ਤਰ੍ਹਾਂ ਉਸ ਨੇ ਯਹੋਵਾਹ ਦੇ ਹੁਕਮ ਦੀ ਉਲੰਘਣਾ ਕੀਤੀ। ਯਹੋਵਾਹ ਨੇ ਜਦੋਂ ਉਸ ਦੇ ਇਸ ਪਾਪ ਨੂੰ ਬੇਨਕਾਬ ਕੀਤਾ, ਤਾਂ ਆਕਾਨ ਨੂੰ ਪਤਾ ਲੱਗਿਆ ਕਿ ਉਸ ਨੇ ਕਿੰਨਾ ਵੱਡਾ ਪਾਪ ਕੀਤਾ ਸੀ ਕਿਉਂਕਿ ਉਸ ਨੇ ਕਿਹਾ: ‘ਮੈਂ ਯਹੋਵਾਹ ਦਾ ਪਾਪ ਕੀਤਾ ਹੈ।’ (ਯਹੋ. 7:20) ਕਇਨ ਦੀ ਤਰ੍ਹਾਂ ਆਕਾਨ ਦੇ ਦਿਲ ਵਿਚ ਖੋਟ ਆ ਗਿਆ ਸੀ। ਉਹ ਲਾਲਚ ਵਿਚ ਆ ਕੇ ਧੋਖੇਬਾਜ਼ ਬਣ ਗਿਆ। ਯਰੀਹੋ ਦਾ ਲੁੱਟ ਦਾ ਮਾਲ ਯਹੋਵਾਹ ਦਾ ਸੀ ਤੇ ਇਸ ਤਰ੍ਹਾਂ ਆਕਾਨ ਨੇ ਯਹੋਵਾਹ ਦਾ ਮਾਲ ਚੁਰਾਇਆ ਸੀ ਜਿਸ ਦੀ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਭਾਰੀ ਕੀਮਤ ਚੁਕਾਉਣੀ ਪਈ। ਉਹ ਆਪਣੀ ਜਾਨ ਤੋਂ ਹੱਥ ਧੋ ਬੈਠੇ।​—⁠ਯਹੋ. 7:⁠25.

14, 15. ਯਹੋਵਾਹ ਨੇ ਹਨਾਨਿਯਾ ਤੇ ਸਫ਼ੀਰਾ ਨੂੰ ਕਿਉਂ ਸਜ਼ਾ ਦਿੱਤੀ ਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?

14 ਹਨਾਨਿਯਾ ਤੇ ਉਸ ਦੀ ਪਤਨੀ ਸਫ਼ੀਰਾ ਪਹਿਲੀ ਸਦੀ ਵਿਚ ਯਰੂਸ਼ਲਮ ਦੀ ਕਲੀਸਿਯਾ ਦੇ ਮੈਂਬਰ ਸਨ। ਪੰਤੇਕੁਸਤ 33 ਈਸਵੀ ਵਿਚ ਨਵੇਂ-ਨਵੇਂ ਬਣੇ ਮਸੀਹੀ ਦੂਰੋਂ-ਦੂਰੋਂ ਯਰੂਸ਼ਲਮ ਆਏ ਸਨ। ਉਹ ਹੋਰ ਚਿਰ ਯਰੂਸ਼ਲਮ ਰਹਿਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਦੇ ਖਾਣੇ-ਪੀਣੇ ਵਾਸਤੇ ਪੈਸੇ ਇਕੱਠੇ ਕੀਤੇ ਗਏ ਜੋ ਭੈਣਾਂ-ਭਰਾਵਾਂ ਨੇ ਦਾਨ ਕੀਤੇ ਸਨ। ਹਨਾਨਿਯਾ ਨੇ ਵੀ ਆਪਣਾ ਖੇਤ ਵੇਚ ਕੇ ਥੋੜ੍ਹੇ ਜਿਹੇ ਪੈਸੇ ਦਾਨ ਕੀਤੇ। ਉਸ ਦੀ ਪਤਨੀ ਨੂੰ ਵੀ ਇਸ ਬਾਰੇ ਪਤਾ ਸੀ। ਪਰ ਦੇਖਣ ਵਾਲਿਆਂ ਨੂੰ ਲੱਗਦਾ ਸੀ ਕਿ ਉਸ ਨੇ ਆਪਣੇ ਸਾਰੇ ਪੈਸੇ ਦਾਨ ਕਰ ਦਿੱਤੇ ਸਨ। ਉਨ੍ਹਾਂ ਨੇ ਪੈਸੇ ਇਸ ਲਈ ਦਾਨ ਕੀਤੇ ਤਾਂਕਿ ਭੈਣ-ਭਰਾ ਉਨ੍ਹਾਂ ਦਾ ਜ਼ਿਆਦਾ ਇੱਜ਼ਤ-ਮਾਣ ਕਰਨ। ਪਰ ਉਨ੍ਹਾਂ ਨੇ ਧੋਖਾ ਕੀਤਾ। ਯਹੋਵਾਹ ਨੇ ਪਤਰਸ ਦੇ ਰਾਹੀਂ ਹਨਾਨਿਯਾ ਨੂੰ ਕਿਹਾ ਕਿ ਉਸ ਦੇ ਪਾਪ ਦਾ ਪਤਾ ਲੱਗ ਚੁੱਕਾ ਸੀ। ਇਹ ਸੁਣਦਿਆਂ ਹੀ ਹਨਾਨਿਯਾ ਡਿੱਗ ਕੇ ਦਮ ਤੋੜ ਗਿਆ। ਥੋੜ੍ਹੀ ਦੇਰ ਬਾਅਦ ਸਫ਼ੀਰਾ ਦਾ ਵੀ ਇਹੋ ਹਸ਼ਰ ਹੋਇਆ।​—⁠ਰਸੂ. 5:​1-11.

15 ਹਨਾਨਿਯਾ ਤੇ ਸਫ਼ੀਰਾ ਤੋਂ ਅਚਾਨਕ ਹੀ ਇਹ ਗ਼ਲਤੀ ਨਹੀਂ ਸੀ ਹੋਈ। ਉਨ੍ਹਾਂ ਨੇ ਇਸ ਤਰ੍ਹਾਂ ਕਰਨ ਦੀ ਸਕੀਮ ਘੜੀ ਸੀ ਤੇ ਰਸੂਲਾਂ ਨੂੰ ਧੋਖਾ ਦੇਣ ਲਈ ਝੂਠ ਬੋਲਿਆ। ਇਸ ਤੋਂ ਵੀ ਮਾੜੀ ਗੱਲ ਉਨ੍ਹਾਂ ਨੇ ਇਹ ਕੀਤੀ ਕਿ ‘ਉਨ੍ਹਾਂ ਨੇ ਪਰਮੇਸ਼ੁਰ ਵਿਰੁੱਧ ਝੂਠ ਬੋਲਿਆ।’ ਯਹੋਵਾਹ ਦੇ ਇਸ ਸਲੂਕ ਤੋਂ ਪਤਾ ਲੱਗਦਾ ਹੈ ਕਿ ਉਹ ਕਲੀਸਿਯਾ ਨੂੰ ਕਪਟੀਆਂ ਤੋਂ ਬਚਾਉਂਦਾ ਹੈ। ਸੱਚ-ਮੁੱਚ “ਜੀਉਂਦੇ ਪਰਮੇਸ਼ੁਰ ਦੇ ਹੱਥ ਵਿੱਚ ਪੈਣਾ ਭਿਆਣਕ ਗੱਲ ਹੈ!”​—⁠ਇਬ. 10:⁠31.

ਹਮੇਸ਼ਾ ਵਫ਼ਾਦਾਰ ਰਹੋ

16. (ੳ) ਸ਼ਤਾਨ ਅੱਜ ਕਿਵੇਂ ਯਹੋਵਾਹ ਦੇ ਲੋਕਾਂ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ? (ਅ) ਤੁਹਾਡੇ ਇਲਾਕੇ ਵਿਚ ਸ਼ਤਾਨ ਲੋਕਾਂ ਨੂੰ ਕੁਰਾਹੇ ਪਾਉਣ ਲਈ ਕਿਹੜੇ ਹੱਥ-ਕੰਡੇ ਅਪਣਾਉਂਦਾ ਹੈ?

16 ਸ਼ਤਾਨ ਸਾਨੂੰ ਖ਼ਰਾਬ ਕਰਨ ਲਈ ਕਿਸੇ ਵੀ ਹੱਦ ਤਕ ਜਾਂਦਾ ਹੈ ਤਾਂਕਿ ਯਹੋਵਾਹ ਦੀ ਮਿਹਰ ਸਾਡੇ ’ਤੇ ਨਾ ਰਹੇ। (ਪਰ. 12:​12, 17) ਦੁਨੀਆਂ ਸ਼ਤਾਨ ਦੇ ਇਰਾਦਿਆਂ ਨੂੰ ਪੂਰਾ ਕਰਦੀ ਹੈ ਅਤੇ ਇਸੇ ਕਰਕੇ ਉਹ ਸੈਕਸ ਤੇ ਹਿੰਸਾ ਨੂੰ ਹੱਲਾਸ਼ੇਰੀ ਦਿੰਦੀ ਹੈ। ਇੰਟਰਨੈੱਟ ’ਤੇ ਅਸ਼ਲੀਲ ਤਸਵੀਰਾਂ ਅਤੇ ਹਰ ਤਰ੍ਹਾਂ ਦੀ ਗੰਦਗੀ ਸੌਖਿਆਂ ਹੀ ਦੇਖੀ ਜਾ ਸਕਦੀ ਹੈ। ਸਾਨੂੰ ਚੌਕਸ ਰਹਿਣ ਦੀ ਲੋੜ ਹੈ ਕਿ ਅਸੀਂ ਸ਼ਤਾਨ ਦੇ ਇਸ ਸ਼ਿਕੰਜੇ ਵਿਚ ਨਾ ਫਸ ਜਾਈਏ। ਆਓ ਆਪਾਂ ਵੀ ਦਾਊਦ ਦੀ ਤਰ੍ਹਾਂ ਕਹੀਏ: “ਮੈਂ ਪੂਰੇ ਰਾਹ ਵਿੱਚ ਸਿਆਣਾ ਬਣ ਕੇ ਚੱਲਾਂਗਾ . . . ਮੈਂ ਆਪਣੇ ਘਰ ਵਿੱਚ ਪੂਰੇ ਮਨ [ਵਫ਼ਾਦਾਰੀ] ਨਾਲ ਫਿਰਾਂਗਾ।”​—⁠ਜ਼ਬੂ. 101:⁠2.

17. (ੳ) ਯਹੋਵਾਹ ਲੁਕਾਏ ਗਏ ਪਾਪਾਂ ਨੂੰ ਕਿਉਂ ਜ਼ਾਹਰ ਕਰਦਾ ਹੈ? (ਅ) ਸਾਡਾ ਕੀ ਪੱਕਾ ਇਰਾਦਾ ਹੋਣਾ ਚਾਹੀਦਾ ਹੈ?

17 ਪੁਰਾਣੇ ਜ਼ਮਾਨਿਆਂ ਦੀ ਤਰ੍ਹਾਂ ਯਹੋਵਾਹ ਅੱਜ ਕਿਸੇ ਚਮਤਕਾਰੀ ਤਰੀਕੇ ਨਾਲ ਕਿਸੇ ਦੇ ਪਾਪ ਤੇ ਧੋਖੇ ਨੂੰ ਨੰਗਿਆਂ ਨਹੀਂ ਕਰਦਾ। ਪਰ ਉਹ ਸਭ ਕੁਝ ਦੇਖਦਾ ਹੈ ਅਤੇ ਆਪਣੇ ਸਮੇਂ ਤੇ ਤਰੀਕੇ ਅਨੁਸਾਰ ਕਿਸੇ ਦੁਆਰਾ ਲੁਕਾਏ ਗਏ ਪਾਪਾਂ ਨੂੰ ਜ਼ਾਹਰ ਕਰਦਾ ਹੈ। ਪੌਲੁਸ ਨੇ ਕਿਹਾ: “ਕਈ ਮਨੁੱਖਾਂ ਦੇ ਪਾਪ ਪਰਤੱਖ ਹਨ ਅਤੇ ਅਦਾਲਤ ਵਿੱਚ ਅੱਗੇ ਹੀ ਜਾਂਦੇ ਹਨ ਅਤੇ ਕਈਆਂ ਦੇ ਪਿੱਛੇ ਹੀ ਆਉਂਦੇ ਹਨ।” (1 ਤਿਮੋ. 5:24) ਪਾਪਾਂ ਨੂੰ ਜ਼ਾਹਰ ਕਰਨ ਦਾ ਮਕਸਦ ਹੈ ਕਿ ਯਹੋਵਾਹ ਸਾਡੇ ਨਾਲ ਪਿਆਰ ਕਰਦਾ ਹੈ। ਉਹ ਕਲੀਸਿਯਾ ਨੂੰ ਪਿਆਰ ਕਰਦਾ ਹੈ ਤੇ ਇਸ ਨੂੰ ਸ਼ੁੱਧ ਰੱਖਣਾ ਚਾਹੁੰਦਾ ਹੈ। ਉਹ ਉਨ੍ਹਾਂ ’ਤੇ ਦਇਆ ਕਰਦਾ ਹੈ ਜਿਨ੍ਹਾਂ ਨੇ ਆਪਣੇ ਪਾਪਾਂ ਦੀ ਦਿਲੋਂ ਤੋਬਾ ਕੀਤੀ ਹੈ। (ਕਹਾ. 28:13) ਇਸ ਲਈ ਆਓ ਆਪਾਂ ਪੂਰੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੀਏ ਅਤੇ ਬੁਰੇ ਅਸਰਾਂ ਤੋਂ ਬਚੇ ਰਹੀਏ।

ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੋ

18. ਰਾਜਾ ਦਾਊਦ ਅਨੁਸਾਰ ਸੁਲੇਮਾਨ ਨੂੰ ਯਹੋਵਾਹ ਬਾਰੇ ਕਿਵੇਂ ਸੋਚਣਾ ਚਾਹੀਦਾ ਸੀ?

18 ਰਾਜਾ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਕਿਹਾ: “ਤੂੰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ ਅਰ ਪੱਕੇ ਮਨ ਨਾਲ, ਅਰ ਚਿੱਤ ਦੇ ਪ੍ਰੇਮ ਨਾਲ ਉਸ ਦੀ ਟਹਿਲ ਸੇਵਾ ਕਰ, ਕਿਉਂ ਜੋ ਯਹੋਵਾਹ ਸਾਰਿਆਂ ਮਨਾਂ ਦੀ ਪਰੀਛਾ ਕਰਦਾ ਹੈ ਅਰ ਧਿਆਨ ਦੇ ਸਾਰੇ ਫੁਰਨਿਆਂ ਦਾ ਗਿਆਤਾ ਹੈ।” (1 ਇਤ. 28:9) ਦਾਊਦ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਪਰਮੇਸ਼ੁਰ ਵਿਚ ਸਿਰਫ਼ ਵਿਸ਼ਵਾਸ ਹੀ ਨਾ ਕਰੇ, ਸਗੋਂ ਇਸ ਗੱਲ ਦੀ ਕਦਰ ਕਰੇ ਕਿ ਯਹੋਵਾਹ ਆਪਣੇ ਸੇਵਕਾਂ ਵਿਚ ਗਹਿਰੀ ਦਿਲਚਸਪੀ ਰੱਖਦਾ ਹੈ। ਕੀ ਤੁਸੀਂ ਵੀ ਇਸੇ ਤਰ੍ਹਾਂ ਯਹੋਵਾਹ ਦੇ ਪਿਆਰ ਦੀ ਕਦਰ ਕਰਦੇ ਹੋ?

19, 20. ਜ਼ਬੂਰਾਂ ਦੀ ਪੋਥੀ 19:​7-11 ਦੇ ਅਨੁਸਾਰ ਕਿਹੜੀ ਗੱਲ ਨੇ ਯਹੋਵਾਹ ਦੇ ਨੇੜੇ ਜਾਣ ਵਿਚ ਦਾਊਦ ਦੀ ਮਦਦ ਕੀਤੀ ਤੇ ਅਸੀਂ ਦਾਊਦ ਦੀ ਕਿਵੇਂ ਰੀਸ ਕਰ ਸਕਦੇ ਹਾਂ?

19 ਯਹੋਵਾਹ ਜਾਣਦਾ ਹੈ ਕਿ ਨੇਕ-ਦਿਲ ਲੋਕ ਉਸ ਵੱਲ ਖਿੱਚੇ ਚਲੇ ਆਉਣਗੇ ਤੇ ਉਸ ਦੇ ਵਧੀਆ ਗੁਣ ਉਨ੍ਹਾਂ ਦੇ ਦਿਲਾਂ ਨੂੰ ਛੋਹ ਜਾਣਗੇ। ਇਸ ਲਈ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਬਾਰੇ ਗਿਆਨ ਲਈਏ ਤੇ ਉਸ ਦੀ ਸ਼ਖ਼ਸੀਅਤ ਤੋਂ ਵਾਕਫ਼ ਹੋਈਏ। ਇਹ ਅਸੀਂ ਕਿੱਦਾਂ ਕਰ ਸਕਦੇ ਹਾਂ? ਬਾਈਬਲ ਪੜ੍ਹ ਕੇ ਅਤੇ ਉਸ ਦੀ ਮਿਹਰ ਪਾ ਕੇ।​—⁠ਕਹਾ. 10:22; ਯੂਹੰ. 14:⁠9.

20 ਕੀ ਤੁਸੀਂ ਰੋਜ਼ ਬਾਈਬਲ ਪੜ੍ਹਦੇ ਹੋ ਅਤੇ ਇਸ ਨੂੰ ਸਮਝਣ ਲਈ ਪ੍ਰਾਰਥਨਾ ਕਰਦੇ ਹੋ? ਕੀ ਤੁਸੀਂ ਮੰਨਦੇ ਹੋ ਕਿ ਬਾਈਬਲ ਦੀਆਂ ਗੱਲਾਂ ’ਤੇ ਚੱਲ ਕੇ ਤੁਹਾਨੂੰ ਫ਼ਾਇਦਾ ਹੋਵੇਗਾ? (ਜ਼ਬੂਰਾਂ ਦੀ ਪੋਥੀ 19:​7-11 ਪੜ੍ਹੋ।) ਜੇ ਹਾਂ, ਤਾਂ ਯਹੋਵਾਹ ਵਿਚ ਤੁਹਾਡੀ ਨਿਹਚਾ ਤੇ ਉਸ ਲਈ ਪਿਆਰ ਵਧਦਾ ਜਾਵੇਗਾ। ਉਹ ਵੀ ਤੁਹਾਡੇ ਨੇੜੇ ਆਵੇਗਾ ਤੇ ਤੁਹਾਡੇ ਨਾਲ-ਨਾਲ ਚੱਲੇਗਾ। (ਯਸਾ. 42:6; ਯਾਕੂ. 4:8) ਸੱਚ-ਮੁੱਚ, ਯਹੋਵਾਹ ਤੁਹਾਨੂੰ ਬਰਕਤਾਂ ਦੇ ਕੇ ਆਪਣੇ ਪਿਆਰ ਦਾ ਸਬੂਤ ਦੇਵੇਗਾ ਅਤੇ ਤੁਹਾਡੀ ਨਿਹਚਾ ਦੀ ਰਾਖੀ ਕਰੇਗਾ ਜਿਉਂ-ਜਿਉਂ ਤੁਸੀਂ ਜ਼ਿੰਦਗੀ ਦੇ ਭੀੜੇ ਰਾਹ ’ਤੇ ਤੁਰਦੇ ਜਾਓਗੇ।​—⁠ਜ਼ਬੂ. 91:​1, 2; ਮੱਤੀ 7:​13, 14.

ਤੁਸੀਂ ਕਿਵੇਂ ਜਵਾਬ ਦਿਓਗੇ?

• ਯਹੋਵਾਹ ਸਾਨੂੰ ਕਿਉਂ ਜਾਂਚਦਾ ਹੈ?

• ਕੁਝ ਲੋਕ ਯਹੋਵਾਹ ਦੇ ਦੁਸ਼ਮਣ ਕਿਵੇਂ ਬਣ ਗਏ ਸਨ?

• ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਯਹੋਵਾਹ ਸਾਡੇ ਲਈ ਅਸਲੀ ਹੈ?

• ਅਸੀਂ ਯਹੋਵਾਹ ਦੇ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ?

[ਸਵਾਲ]

[ਸਫ਼ਾ 4 ਉੱਤੇ ਤਸਵੀਰ]

ਪਿਆਰ ਕਰਨ ਵਾਲੇ ਮਾਪਿਆਂ ਦੀ ਤਰ੍ਹਾਂ ਯਹੋਵਾਹ ਕਿਵੇਂ ਸਾਡੀ ਨਿਗਰਾਨੀ ਕਰਦਾ ਹੈ?

[ਸਫ਼ਾ 5 ਉੱਤੇ ਤਸਵੀਰ]

ਹਨਾਨਿਯਾ ਦੀ ਮਿਸਾਲ ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ?

[ਸਫ਼ਾ 6 ਉੱਤੇ ਤਸਵੀਰ]

ਯਹੋਵਾਹ ਦੀ ਪੂਰੇ ਦਿਲ ਨਾਲ ਸੇਵਾ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?