Skip to content

Skip to table of contents

ਯਹੋਵਾਹ ਸਾਡੇ ਭਲੇ ਲਈ ਸਾਡੇ ’ਤੇ ਨਿਗਾਹ ਰੱਖਦਾ ਹੈ

ਯਹੋਵਾਹ ਸਾਡੇ ਭਲੇ ਲਈ ਸਾਡੇ ’ਤੇ ਨਿਗਾਹ ਰੱਖਦਾ ਹੈ

ਯਹੋਵਾਹ ਸਾਡੇ ਭਲੇ ਲਈ ਸਾਡੇ ’ਤੇ ਨਿਗਾਹ ਰੱਖਦਾ ਹੈ

“ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।”​—⁠2 ਇਤ. 16:⁠9.

1. ਯਹੋਵਾਹ ਸਾਡੇ ’ਤੇ ਕਿਉਂ ਨਿਗਾਹ ਰੱਖਦਾ ਹੈ?

ਯਹੋਵਾਹ ਸਾਡਾ ਪਿਤਾ ਹੈ। ਉਹ ਇੰਨੀ ਚੰਗੀ ਤਰ੍ਹਾਂ ਸਾਨੂੰ ਜਾਣਦਾ ਹੈ ਕਿ ਉਹ ਸਾਡੇ “ਧਿਆਨ ਦੇ ਸਾਰੇ ਫੁਰਨਿਆਂ ਦਾ ਗਿਆਤਾ ਹੈ।” (1 ਇਤ. 28:9) ਉਹ ਸਾਡੇ ਵਿਚ ਗ਼ਲਤੀਆਂ ਲੱਭਣ ਲਈ ਸਾਡੇ ’ਤੇ ਨਿਗਾਹ ਨਹੀਂ ਰੱਖਦਾ। (ਜ਼ਬੂ. 11:4; 130:3) ਪਰ ਉਹ ਸਾਨੂੰ ਹਰ ਉਸ ਨੁਕਸਾਨ ਤੋਂ ਬਚਾਉਂਦਾ ਹੈ ਜਿਸ ਕਰਕੇ ਸਾਡਾ ਉਸ ਨਾਲੋਂ ਰਿਸ਼ਤਾ ਟੁੱਟ ਸਕਦਾ ਹੈ ਜਾਂ ਫਿਰ ਜਿਸ ਕਰਕੇ ਅਸੀਂ ਆਪਣੀ ਸਦਾ ਦੀ ਜ਼ਿੰਦਗੀ ਦੀ ਉਮੀਦ ਗੁਆ ਸਕਦੇ ਹਾਂ।​—⁠ਜ਼ਬੂ. 25:​8-10, 12, 13.

2. ਯਹੋਵਾਹ ਆਪਣੀ ਤਾਕਤ ਕਿਨ੍ਹਾਂ ਦੀ ਮਦਦ ਕਰਨ ਵਾਸਤੇ ਵਰਤਦਾ ਹੈ?

2 ਯਹੋਵਾਹ ਸ਼ਕਤੀਸ਼ਾਲੀ ਹੈ ਅਤੇ ਸਭ ਕੁਝ ਦੇਖਦਾ ਹੈ। ਇਸ ਲਈ ਜਦੋਂ ਉਸ ਦੇ ਭਗਤ ਉਸ ਨੂੰ ਮਦਦ ਲਈ ਪੁਕਾਰਦੇ ਹਨ, ਤਾਂ ਉਹ ਉਨ੍ਹਾਂ ਦੀ ਸੁਣਦਾ ਹੈ ਅਤੇ ਅਜ਼ਮਾਇਸ਼ਾਂ ਦੌਰਾਨ ਵੀ ਉਨ੍ਹਾਂ ਦੀ ਮਦਦ ਕਰਦਾ ਹੈ। 2 ਇਤਹਾਸ 16:9 ਕਹਿੰਦਾ ਹੈ: “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” ਧਿਆਨ ਦਿਓ ਕਿ ਯਹੋਵਾਹ ਉਨ੍ਹਾਂ ਦੀ ਸਹਾਇਤਾ ਕਰਨ ਲਈ ਆਪਣੀ ਤਾਕਤ ਵਰਤਦਾ ਹੈ ਜੋ ਬਿਨਾਂ ਸੁਆਰਥ ਦੇ ਪੂਰੇ ਦਿਲ ਨਾਲ ਉਸ ਦੀ ਸੇਵਾ ਕਰਦੇ ਹਨ। ਉਹ ਧੋਖੇਬਾਜ਼ ਜਾਂ ਪਖੰਡੀ ਇਨਸਾਨਾਂ ਦੀ ਪਰਵਾਹ ਨਹੀਂ ਕਰਦਾ।​—⁠ਯਹੋ. 7:​1, 20, 21, 25; ਕਹਾ. 1:​23-33.

ਪਰਮੇਸ਼ੁਰ ਦੇ ਨਾਲ-ਨਾਲ ਚੱਲੋ

3, 4. ‘ਪਰਮੇਸ਼ੁਰ ਦੇ ਨਾਲ-ਨਾਲ ਚੱਲਣ’ ਤੋਂ ਕੀ ਭਾਵ ਹੈ ਅਤੇ ਬਾਈਬਲ ਵਿਚ ਦੱਸੇ ਕਿਹੜੇ ਲੋਕਾਂ ਨੇ ਇੱਦਾਂ ਕੀਤਾ?

3 ਕਈ ਸੋਚਦੇ ਹਨ ਕਿ ਇਨਸਾਨਾਂ ਲਈ ਬ੍ਰਹਿਮੰਡ ਦੇ ਮਾਲਕ ਨਾਲ ਚੱਲਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ। ਪਰ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨਾਲ-ਨਾਲ ਚੱਲੀਏ। ਪੁਰਾਣੇ ਜ਼ਮਾਨੇ ਵਿਚ ਹਨੋਕ ਅਤੇ ਨੂਹ ‘ਪਰਮੇਸ਼ੁਰ ਦੇ ਨਾਲ-ਨਾਲ ਚੱਲੇ ਸਨ।’ (ਉਤ. 5:24; 6:9) ਮੂਸਾ “ਇਸ ਤਰ੍ਹਾਂ ਅਟਲ ਰਿਹਾ, ਜਿਸ ਤਰ੍ਹਾਂ ਕਿ ਉਸ ਨੇ ਅਣਦੇਖੇ ਪਰਮੇਸ਼ੁਰ ਦਾ ਦਰਸ਼ਨ ਕਰ ਲਿਆ ਸੀ।” (ਇਬ. 11:​27, CL) ਰਾਜਾ ਦਾਊਦ ਵੀ ਨਿਮਰਤਾ ਨਾਲ ਆਪਣੇ ਸਵਰਗੀ ਪਿਤਾ ਦੇ ਨਾਲ-ਨਾਲ ਚੱਲਿਆ। ਉਸ ਨੇ ਕਿਹਾ: “[ਯਹੋਵਾਹ] ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ।”​—⁠ਜ਼ਬੂ. 16:⁠8.

4 ਅਸੀਂ ਸੱਚੀਂ-ਮੁੱਚੀਂ ਯਹੋਵਾਹ ਦਾ ਹੱਥ ਫੜ ਕੇ ਉਸ ਨਾਲ ਨਹੀਂ ਚੱਲ ਸਕਦੇ। ਪਰ ਅਸੀਂ ਇਕ ਤਰੀਕੇ ਨਾਲ ਇੱਦਾਂ ਕਰ ਸਕਦੇ ਹਾਂ। ਕਿਵੇਂ? ਜ਼ਬੂਰਾਂ ਦੇ ਲਿਖਾਰੀ ਆਸਾਫ਼ ਨੇ ਕਿਹਾ: “ਮੈਂ ਸਦਾ ਤੇਰੇ ਸੰਗ ਹਾਂ, ਤੈਂ ਮੇਰੇ ਸੱਜੇ ਹੱਥ ਨੂੰ ਫੜਿਆ ਹੈ। ਤੂੰ ਆਪਣੇ ਗੁਰਮਤੇ ਨਾਲ ਮੇਰੀ ਅਗਵਾਈ ਕਰੇਂਗਾ, ਅਤੇ ਉਹ ਦੇ ਮਗਰੋਂ ਮੈਨੂੰ ਤੇਜ ਵਿੱਚ ਰੱਖੇਂਗਾ।” (ਜ਼ਬੂ. 73:​23, 24) ਕਹਿਣ ਦਾ ਭਾਵ ਹੈ ਕਿ ਅਸੀਂ ਉਦੋਂ ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਹਾਂ ਜਦੋਂ ਅਸੀਂ ਬਾਈਬਲ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਦਿੱਤੀ ਜਾਂਦੀ ਸਲਾਹ ਨੂੰ ਮੰਨਦੇ ਹਾਂ।​—⁠ਮੱਤੀ 24:45; 2 ਤਿਮੋ. 3:⁠16.

5. ਯਹੋਵਾਹ ਇਕ ਪਿਆਰੇ ਪਿਤਾ ਵਾਂਗ ਆਪਣੇ ਭਗਤਾਂ ਦੀ ਨਿਗਰਾਨੀ ਕਿਵੇਂ ਕਰਦਾ ਹੈ ਅਤੇ ਸਾਨੂੰ ਉਸ ਨੂੰ ਕਿਵੇਂ ਸਮਝਣਾ ਚਾਹੀਦਾ ਹੈ?

5 ਯਹੋਵਾਹ ਆਪਣੇ ਨਾਲ-ਨਾਲ ਚੱਲਣ ਵਾਲਿਆਂ ਨੂੰ ਅਨਮੋਲ ਸਮਝਦਾ ਹੈ। ਇਕ ਪਿਆਰੇ ਪਿਤਾ ਵਾਂਗ ਉਹ ਉਨ੍ਹਾਂ ਦੀ ਨਿਗਰਾਨੀ ਕਰਦਾ ਹੈ, ਉਨ੍ਹਾਂ ਦੀ ਦੇਖ-ਭਾਲ ਕਰਦਾ ਹੈ ਅਤੇ ਉਨ੍ਹਾਂ ਨੂੰ ਸਿੱਖਿਆ ਦਿੰਦਾ ਹੈ। ਪਰਮੇਸ਼ੁਰ ਕਹਿੰਦਾ ਹੈ: “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।” (ਜ਼ਬੂ. 32:8) ਤਾਂ ਫਿਰ ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਯਹੋਵਾਹ ਦੇ ਨਾਲ-ਨਾਲ ਚੱਲਦਾ ਹਾਂ? ਕਹਿਣ ਦਾ ਮਤਲਬ ਹੈ ਕਿ ਕੀ ਮੈਂ ਉਸ ਦੀ ਮੱਤ ਉੱਤੇ ਚੱਲਦਾ ਹਾਂ ਇਹ ਜਾਣਦੇ ਹੋਏ ਕਿ ਉਹ ਪਿਆਰ ਨਾਲ ਮੇਰੀ ਨਿਗਰਾਨੀ ਕਰਦਾ ਹੈ? ਕੀ ਇਸ ਦਾ ਮੇਰੇ ਵਿਚਾਰਾਂ, ਬੋਲਾਂ ਅਤੇ ਕੰਮਾਂ ਤੇ ਅਸਰ ਪੈਂਦਾ ਹੈ? ਜਦੋਂ ਮੈਥੋਂ ਗ਼ਲਤੀ ਹੋ ਜਾਂਦੀ ਹੈ, ਤਾਂ ਕੀ ਮੈਂ ਯਹੋਵਾਹ ਨੂੰ ਸਖ਼ਤੀ ਨਾਲ ਪੇਸ਼ ਆਉਣ ਵਾਲਾ ਪਰਮੇਸ਼ੁਰ ਸਮਝਣ ਦੀ ਬਜਾਇ ਇਕ ਪਿਆਰੇ ਤੇ ਦਿਆਲੂ ਪਿਤਾ ਵਾਂਗ ਸਮਝਦਾ ਹਾਂ ਜੋ ਤੋਬਾ ਕਰਨ ਵਾਲਿਆਂ ਨੂੰ ਦੁਬਾਰਾ ਆਪਣੀਆਂ ਬਾਹਾਂ ਵਿਚ ਲੈਣਾ ਚਾਹੁੰਦਾ ਹੈ?’​—⁠ਜ਼ਬੂ. 51:⁠17.

6. ਯਹੋਵਾਹ ਕੋਲ ਕਿਹੜੀ ਕਾਬਲੀਅਤ ਹੈ ਜੋ ਇਨਸਾਨੀ ਮਾਪਿਆਂ ਕੋਲ ਨਹੀਂ ਹੈ?

6 ਕਦੇ-ਕਦੇ ਯਹੋਵਾਹ ਸਾਨੂੰ ਗ਼ਲਤ ਰਾਹ ’ਤੇ ਜਾਣ ਤੋਂ ਪਹਿਲਾਂ ਹੀ ਸਾਨੂੰ ਸੁਚੇਤ ਕਰ ਦਿੰਦਾ ਹੈ। ਮਿਸਾਲ ਲਈ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡਾ ਧੋਖੇਬਾਜ਼ ਦਿਲ ਕਿਨ੍ਹਾਂ ਗ਼ਲਤ ਚੀਜ਼ਾਂ ਨੂੰ ਲੋਚਣ ਲੱਗ ਪੈਂਦਾ ਹੈ। (ਯਿਰ. 17:9) ਇੱਦਾਂ ਹੋਣ ’ਤੇ ਯਹੋਵਾਹ ਸਾਡੇ ਮਾਪਿਆਂ ਤੋਂ ਪਹਿਲਾਂ ਹੀ ਸਾਨੂੰ ਸਚੇਤ ਕਰ ਦਿੰਦਾ ਹੈ ਕਿਉਂਕਿ ਉਸ ਦੀਆਂ “ਅੱਖਾਂ” ਸਾਨੂੰ ਧੁਰ ਅੰਦਰੋਂ ਜਾਂਚ ਸਕਦੀਆਂ ਹਨ। (ਜ਼ਬੂ. 11:4; 139:4; ਯਿਰ. 17:10) ਆਓ ਯਿਰਮਿਯਾਹ ਦੇ ਸੈਕਟਰੀ ਤੇ ਜਿਗਰੀ ਦੋਸਤ ਬਾਰੂਕ ਦੀ ਜ਼ਿੰਦਗੀ ਵਿਚ ਪੈਦਾ ਹੋਏ ਹਾਲਾਤ ’ਤੇ ਗੌਰ ਕਰੀਏ ਕਿ ਯਹੋਵਾਹ ਨੇ ਉਸ ਨੂੰ ਕਿਵੇਂ ਸਚੇਤ ਕੀਤਾ ਸੀ।

ਬਾਰੂਕ ਨਾਲ ਯਹੋਵਾਹ ਪਿਤਾ ਵਾਂਗ ਪੇਸ਼ ਆਇਆ

7, 8. (ੳ) ਬਾਰੂਕ ਕੌਣ ਸੀ ਤੇ ਉਸ ਦੇ ਦਿਲ ਵਿਚ ਕਿਹੜੀਆਂ ਗ਼ਲਤ ਇੱਛਾਵਾਂ ਪੈਦਾ ਹੋ ਗਈਆਂ ਸਨ? (ਅ) ਯਹੋਵਾਹ ਇਕ ਪਿਤਾ ਵਾਂਗ ਬਾਰੂਕ ਨਾਲ ਕਿਵੇਂ ਪੇਸ਼ ਆਇਆ?

7 ਬਾਰੂਕ ਨਕਲਨਵੀਸ ਦੇ ਤੌਰ ਤੇ ਯਿਰਮਿਯਾਹ ਨਾਲ ਵਫ਼ਾਦਾਰੀ ਨਾਲ ਕੰਮ ਕਰਦਾ ਰਿਹਾ। ਇਹ ਕੰਮ ਸੀ ਯਹੂਦਾਹ ਵਿਚ ਯਹੋਵਾਹ ਦੇ ਨਿਆਂ ਸੁਣਾਉਣੇ ਜੋ ਕਿ ਉਨ੍ਹਾਂ ਲਈ ਸੌਖਾ ਨਹੀਂ ਸੀ। (ਯਿਰ. 1:​18, 19) ਹੋ ਸਕਦਾ ਹੈ ਕਿ ਬਾਰੂਕ ਇਕ ਅਮੀਰ ਘਰਾਣੇ ਵਿੱਚੋਂ ਸੀ, ਪਰ ਇਕ ਸਮੇਂ ਤੇ ਉਹ “ਵੱਡੀਆਂ ਚੀਜ਼ਾਂ” ਲੋਚਣ ਲੱਗ ਪਿਆ। ਸ਼ਾਇਦ ਉਹ ਦੌਲਤ ਜਾਂ ਸ਼ਾਨੋ-ਸ਼ੌਕਤ ਵਾਲੀ ਜ਼ਿੰਦਗੀ ਚਾਹੁਣ ਲੱਗ ਪਿਆ ਸੀ। ਜੋ ਵੀ ਹੋਵੇ, ਯਹੋਵਾਹ ਨੇ ਦੇਖਿਆ ਕਿ ਉਸ ਦੇ ਮਨ ਵਿਚ ਗ਼ਲਤ ਸੋਚ ਪੈਦਾ ਹੋ ਗਈ ਸੀ। ਯਿਰਮਿਯਾਹ ਰਾਹੀਂ ਯਹੋਵਾਹ ਨੇ ਛੇਤੀ ਹੀ ਬਾਰੂਕ ਨੂੰ ਇਸ ਬਾਰੇ ਸਚੇਤ ਕੀਤਾ: “ਤੈਂ ਆਖਿਆ ਕਿ ਹਾਇ ਮੇਰੇ ਉੱਤੇ! ਕਿਉਂ ਜੋ ਯਹੋਵਾਹ ਨੇ ਮੇਰੇ ਦੁਖ ਨਾਲ ਝੋਰਾ ਵਧਾ ਦਿੱਤਾ ਹੈ! ਮੈਂ ਧਾਹਾਂ ਮਾਰਦਾ ਮਾਰਦਾ ਥੱਕ ਗਿਆ, ਮੈਨੂੰ ਅਰਾਮ ਨਹੀਂ ਲੱਭਾ।” ਫਿਰ ਯਹੋਵਾਹ ਨੇ ਕਿਹਾ: “ਕੀ ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈਂ? ਤੂੰ ਨਾ ਲੱਭ।”​—⁠ਯਿਰ. 45:​1-5.

8 ਭਾਵੇਂ ਕਿ ਯਹੋਵਾਹ ਨੇ ਬਾਰੂਕ ਨਾਲ ਸਖ਼ਤੀ ਜ਼ਰੂਰ ਵਰਤੀ ਸੀ, ਪਰ ਉਸ ਨੂੰ ਇਕ ਪਿਤਾ ਵਾਂਗ ਬਾਰੂਕ ਦੀ ਚਿੰਤਾ ਸੀ। ਯਹੋਵਾਹ ਨੇ ਦੇਖਿਆ ਸੀ ਕਿ ਭਾਵੇਂ ਬਾਰੂਕ ਦੀਆਂ ਇੱਛਾਵਾਂ ਗ਼ਲਤ ਸਨ, ਪਰ ਉਹ ਦਿਲ ਦਾ ਮਾੜਾ ਨਹੀਂ ਸੀ। ਯਹੋਵਾਹ ਨੂੰ ਇਹ ਵੀ ਪਤਾ ਸੀ ਕਿ ਯਰੂਸ਼ਲਮ ਤੇ ਯਹੂਦਾਹ ਦਾ ਨਾਸ਼ ਹੋਣ ਵਾਲਾ ਸੀ ਅਤੇ ਉਹ ਨਹੀਂ ਸੀ ਚਾਹੁੰਦਾ ਕਿ ਬਾਰੂਕ ਇਸ ਖ਼ਤਰਨਾਕ ਸਮੇਂ ਵਿਚ ਆਪਣੀਆਂ ਇੱਛਾਵਾਂ ਅੱਗੇ ਝੁਕ ਜਾਵੇ। ਇਸ ਲਈ ਆਪਣੇ ਸੇਵਕ ਨੂੰ ਹੋਸ਼ ਵਿਚ ਲਿਆਉਣ ਲਈ ਯਹੋਵਾਹ ਨੇ ਉਸ ਨੂੰ ਚੇਤੇ ਕਰਾਇਆ ਕਿ ਉਹ ‘ਸਾਰੇ ਬਸ਼ਰਾਂ ਉੱਤੇ ਬੁਰਿਆਈ ਲਿਆ ਰਿਹਾ ਸੀ।’ ਜੇ ਬਾਰੂਕ ਉਸ ਦੀ ਗੱਲ ਸੁਣਦਾ, ਤਾਂ ਉਸ ਦੀ ਜਾਨ ਬਚ ਸਕਦੀ ਸੀ। (ਯਿਰ. 45:5) ਦਰਅਸਲ ਯਹੋਵਾਹ ਕਹਿ ਰਿਹਾ ਸੀ: ‘ਬਾਰੂਕ! ਅੱਖਾਂ ਖੋਲ੍ਹ! ਯਾਦ ਕਰ ਕਿ ਪਾਪੀ ਯਹੂਦਾਹ ਤੇ ਯਰੂਸ਼ਲਮ ਦਾ ਕੀ ਹੋਣ ਵਾਲਾ ਹੈ। ਮੇਰਾ ਕਹਿਣਾ ਮੰਨੇਗਾ ਤਾਂ ਜੀਉਂਦਾ ਰਹੇਂਗਾ! ਮੈਂ ਤੈਨੂੰ ਬਚਾਵਾਂਗਾ।’ ਬਾਰੂਕ ਨੇ ਪਰਮੇਸ਼ੁਰ ਦੀ ਗੱਲ ਸੁਣੀ ਕਿਉਂਕਿ 17 ਸਾਲਾਂ ਬਾਅਦ ਹੋਏ ਯਰੂਸ਼ਲਮ ਦੇ ਨਾਸ਼ ਵਿੱਚੋਂ ਉਹ ਬਚ ਨਿਕਲਿਆ।

9. ਤੁਸੀਂ ਪੈਰੇ ਵਿਚ ਦਿੱਤੇ ਸਵਾਲਾਂ ਦੇ ਜਵਾਬ ਕਿਵੇਂ ਦਿਓਗੇ?

9 ਬਾਰੂਕ ਦੀ ਮਿਸਾਲ ਨੂੰ ਧਿਆਨ ਵਿਚ ਰੱਖਦਿਆਂ ਇਨ੍ਹਾਂ ਸਵਾਲਾਂ ਅਤੇ ਹਵਾਲਿਆਂ ਉੱਤੇ ਗੌਰ ਕਰੋ: ਪਰਮੇਸ਼ੁਰ ਬਾਰੂਕ ਨਾਲ ਜਿਸ ਤਰ੍ਹਾਂ ਪੇਸ਼ ਆਇਆ ਸੀ ਉਸ ਤੋਂ ਸਾਨੂੰ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ? (ਇਬਰਾਨੀਆਂ 12:9 ਪੜ੍ਹੋ।) ਇਨ੍ਹਾਂ ਅੰਤ ਦਿਆਂ ਦਿਨਾਂ ਨੂੰ ਧਿਆਨ ਵਿਚ ਰੱਖਦਿਆਂ, ਬਾਰੂਕ ਨੂੰ ਦਿੱਤੀ ਪਰਮੇਸ਼ੁਰ ਦੀ ਸਲਾਹ ਅਤੇ ਜੋ ਬਾਅਦ ਵਿਚ ਬਾਰੂਕ ਨੇ ਕੀਤਾ ਸੀ ਅਸੀਂ ਉਸ ਤੋਂ ਕੀ ਸਿੱਖਦੇ ਹਾਂ? (ਲੂਕਾ 21:​34-36 ਪੜ੍ਹੋ।) ਬਜ਼ੁਰਗ ਯਿਰਮਿਯਾਹ ਦੀ ਨਕਲ ਕਰਦਿਆਂ ਯਹੋਵਾਹ ਦੇ ਸੇਵਕਾਂ ਪ੍ਰਤੀ ਚਿੰਤਾ ਕਿਸ ਤਰ੍ਹਾਂ ਜ਼ਾਹਰ ਕਰ ਸਕਦੇ ਹਨ?​— ⁠ਗਲਾਤੀਆਂ 6:1 ਪੜ੍ਹੋ।

ਯਿਸੂ ਨੇ ਆਪਣੇ ਪਿਤਾ ਵਾਂਗ ਪਿਆਰ ਕੀਤਾ

10. ਯਿਸੂ ਕਲੀਸਿਯਾ ਦੇ ਸਿਰ ਵਜੋਂ ਯਿਸੂ ਮਸੀਹ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਉਂਦਾ ਹੈ?

10 ਪੁਰਾਣੇ ਜ਼ਮਾਨਿਆਂ ਵਿਚ ਯਹੋਵਾਹ ਨੇ ਆਪਣਾ ਪਿਆਰ ਆਪਣੇ ਨਬੀਆਂ ਤੇ ਹੋਰ ਵਫ਼ਾਦਾਰ ਸੇਵਕਾਂ ਰਾਹੀਂ ਦਿਖਾਇਆ ਸੀ। ਅੱਜ ਇਹ ਪਿਆਰ ਮਸੀਹੀ ਕਲੀਸਿਯਾ ਦੇ ਸਿਰ ਯਿਸੂ ਮਸੀਹ ਰਾਹੀਂ ਜ਼ਾਹਰ ਕੀਤਾ ਜਾ ਰਿਹਾ ਹੈ। (ਅਫ਼. 1:​22, 23) ਇਸ ਲਈ ਪਰਕਾਸ਼ ਦੀ ਪੋਥੀ ਵਿਚ ਯਿਸੂ ਨੂੰ ਉਸ ਲੇਲੇ ਵਜੋਂ ਦਰਸਾਇਆ ਗਿਆ ਹੈ ਜਿਸ ਦੀਆਂ “ਸੱਤ ਅੱਖੀਆਂ ਸਨ। ਏਹ ਪਰਮੇਸ਼ੁਰ ਦੇ ਸੱਤੇ ਆਤਮੇ ਹਨ ਜਿਹੜੇ ਸਾਰੀ ਧਰਤੀ ਵਿੱਚ ਘੱਲੇ ਹੋਏ ਹਨ।” (ਪਰ. 5:6) ਹਾਂ, ਪਰਮੇਸ਼ੁਰ ਦੀ ਸ਼ਕਤੀ ਨਾਲ ਯਿਸੂ ਵੀ ਸਭ ਗੱਲਾਂ ਦੀ ਸਮਝ ਰੱਖਦਾ ਹੈ। ਉਹ ਵੀ ਸਾਡੀ ਰਗ-ਰਗ ਤੋਂ ਵਾਕਫ਼ ਹੈ ਤੇ ਉਸ ਦੀਆਂ ਨਜ਼ਰਾਂ ਤੋਂ ਕੁਝ ਵੀ ਲੁਕਿਆ ਨਹੀਂ।

11. ਯਿਸੂ ਮਸੀਹ ਹੋਰ ਕਿਹੜਾ ਰੋਲ ਅਦਾ ਕਰਦਾ ਹੈ ਅਤੇ ਉਹ ਆਪਣੇ ਪਿਤਾ ਦੀ ਤਰ੍ਹਾਂ ਕਿਵੇਂ ਪੇਸ਼ ਆਉਂਦਾ ਹੈ?

11 ਯਹੋਵਾਹ ਦੀ ਤਰ੍ਹਾਂ ਯਿਸੂ ਵੀ ਸਵਰਗ ਤੋਂ ਸਾਡੇ ’ਤੇ ਪੁਲਸ ਵਾਂਗ ਨਿਗਾਹ ਨਹੀਂ ਰੱਖਦਾ। ਉਹ ਵੀ ਇਕ ਪਿਤਾ ਵਾਂਗ ਪਿਆਰ ਨਾਲ ਸਾਡੀ ਨਿਗਰਾਨੀ ਕਰਦਾ ਹੈ। ਬਾਈਬਲ ਵਿਚ ਯਿਸੂ ਨੂੰ “ਅਨਾਦੀ ਪਿਤਾ” ਕਿਹਾ ਗਿਆ ਹੈ। ਇਸ ਤੋਂ ਸਾਨੂੰ ਇਹ ਗੱਲ ਚੇਤੇ ਆਉਂਦੀ ਹੈ ਕਿ ਉਹ ਆਪਣੇ ਵਿਚ ਨਿਹਚਾ ਕਰਨ ਵਾਲਿਆਂ ਨੂੰ ਸਦਾ ਦੀ ਜ਼ਿੰਦਗੀ ਬਖ਼ਸ਼ੇਗਾ। (ਯਸਾ. 9:6) ਇਸ ਤੋਂ ਇਲਾਵਾ, ਮਸੀਹੀ ਕਲੀਸਿਯਾ ਦੇ ਸਿਰ ਵਜੋਂ ਯਿਸੂ ਮਸੀਹ ਨਿਹਚਾ ਵਿਚ ਤਕੜੇ ਭੈਣਾਂ-ਭਰਾਵਾਂ, ਖ਼ਾਸਕਰ ਬਜ਼ੁਰਗਾਂ ਨੂੰ ਵਰਤ ਕੇ ਹੋਰਨਾਂ ਭੈਣਾਂ-ਭਰਾਵਾਂ ਨੂੰ ਦਿਲਾਸਾ ਜਾਂ ਤਾੜਨਾ ਦੇ ਸਕਦਾ ਹੈ।​—⁠1 ਥੱਸ. 5:14; 2 ਤਿਮੋ. 4:​1, 2.

12. (ੳ) ਏਸ਼ੀਆ ਮਾਈਨਰ ਦੀਆਂ ਸੱਤ ਕਲੀਸਿਯਾਵਾਂ ਨੂੰ ਲਿਖੀਆਂ ਚਿੱਠੀਆਂ ਤੋਂ ਯਿਸੂ ਬਾਰੇ ਕੀ ਪਤਾ ਲੱਗਦਾ ਹੈ? (ਅ) ਬਜ਼ੁਰਗ ਪਰਮੇਸ਼ੁਰ ਦੇ ਲੋਕਾਂ ਦੀ ਦੇਖ-ਭਾਲ ਕਰਨ ਵਿਚ ਮਸੀਹ ਦੀ ਕਿੱਦਾਂ ਰੀਸ ਕਰਦੇ ਹਨ?

12 ਏਸ਼ੀਆ ਮਾਈਨਰ ਦੀਆਂ ਸੱਤ ਕਲੀਸਿਯਾਵਾਂ ਦੇ ਬਜ਼ੁਰਗਾਂ ਨੂੰ ਲਿਖੀਆਂ ਸੱਤ ਚਿੱਠੀਆਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੂੰ ਆਪਣੇ ਇੱਜੜ ਦੀ ਕਿੰਨੀ ਫ਼ਿਕਰ ਹੈ। (ਪਰ. 2:1–3:22) ਯਿਸੂ ਨੇ ਚਿੱਠੀਆਂ ਵਿਚ ਜ਼ਾਹਰ ਕੀਤਾ ਸੀ ਕਿ ਉਹ ਕਲੀਸਿਯਾ ਵਿਚ ਹੋ ਰਹੀਆਂ ਗੱਲਾਂ ਤੋਂ ਵਾਕਫ਼ ਸੀ ਤੇ ਉਸ ਨੂੰ ਆਪਣੇ ਚੇਲਿਆਂ ਦੀ ਚਿੰਤਾ ਸੀ। ਯਿਸੂ ਨੂੰ ਅੱਜ ਵੀ ਸਾਰਾ ਕੁਝ ਪਤਾ ਹੈ ਕਿਉਂਕਿ ਪਰਕਾਸ਼ ਦੀ ਪੋਥੀ ਵਿਚ ਲਿਖੀਆਂ ਗੱਲਾਂ “ਪ੍ਰਭੁ ਦੇ ਦਿਨ” ਵਿਚ ਪੂਰੀਆਂ ਹੋ ਰਹੀਆਂ ਹਨ। * (ਪਰ. 1:10) ਯਿਸੂ ਆਪਣਾ ਪਿਆਰ ਬਜ਼ੁਰਗਾਂ ਰਾਹੀਂ ਜ਼ਾਹਰ ਕਰਦਾ ਹੈ ਜੋ ਕਲੀਸਿਯਾ ਦੀ ਦੇਖ-ਰੇਖ ਕਰਦੇ ਹਨ। ਉਹ “ਮਨੁੱਖਾਂ ਨੂੰ ਦਾਨ” ਯਾਨੀ ਬਜ਼ੁਰਗਾਂ ਨੂੰ ਦਿਲਾਸਾ, ਹੌਸਲਾ ਜਾਂ ਤਾੜਨਾ ਦੇਣ ਲਈ ਵਰਤਦਾ ਹੈ। (ਅਫ਼. 4:8; ਰਸੂ. 20:28; ਯਸਾਯਾਹ 32:​1, 2 ਪੜ੍ਹੋ।) ਬਜ਼ੁਰਗ ਤੁਹਾਡੇ ਵਾਸਤੇ ਜੋ ਕੁਝ ਕਰਦੇ ਹਨ, ਉਸ ਤੋਂ ਕੀ ਤੁਸੀਂ ਦੇਖ ਸਕਦੇ ਹੋ ਕਿ ਯਿਸੂ ਹੀ ਤੁਹਾਡੀ ਦੇਖ-ਭਾਲ ਕਰ ਰਿਹਾ ਹੈ?

ਸਹੀ ਵਕਤ ’ਤੇ ਮਦਦ

13–15. ਯਹੋਵਾਹ ਸ਼ਾਇਦ ਕਿਨ੍ਹਾਂ ਤਰੀਕਿਆਂ ਨਾਲ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇ? ਮਿਸਾਲਾਂ ਦਿਓ।

13 ਕੀ ਤੁਸੀਂ ਕਦੀ ਯਹੋਵਾਹ ਅੱਗੇ ਮਦਦ ਵਾਸਤੇ ਗਿੜਗਿੜਾ ਕੇ ਬੇਨਤੀ ਕੀਤੀ ਹੈ ਅਤੇ ਉਸ ਦਾ ਜਵਾਬ ਤੁਹਾਨੂੰ ਕਿਸੇ ਭੈਣ ਜਾਂ ਭਰਾ ਤੋਂ ਮਿਲਿਆ ਜਿਸ ਨੇ ਤੁਹਾਡੇ ਕੋਲ ਆ ਕੇ ਤੁਹਾਨੂੰ ਹੌਸਲਾ ਦਿੱਤਾ? (ਯਾਕੂ. 5:​14-16) ਜਾਂ ਹੋ ਸਕਦਾ ਹੈ ਕਿ ਤੁਹਾਨੂੰ ਮੀਟਿੰਗਾਂ ਜਾਂ ਪ੍ਰਕਾਸ਼ਨਾਂ ਵਿੱਚੋਂ ਮਦਦ ਮਿਲੀ ਹੋਵੇ? ਕਦੇ-ਕਦੇ ਯਹੋਵਾਹ ਇਨ੍ਹਾਂ ਤਰੀਕਿਆਂ ਰਾਹੀਂ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। ਮਿਸਾਲ ਲਈ ਇਕ ਬਜ਼ੁਰਗ ਵੱਲੋਂ ਭਾਸ਼ਣ ਦੇਣ ਤੋਂ ਬਾਅਦ ਇਕ ਭੈਣ, ਜਿਸ ਨਾਲ ਕੁਝ ਹਫ਼ਤੇ ਪਹਿਲਾਂ ਬੇਇਨਸਾਫ਼ੀ ਹੋਈ ਸੀ, ਉਸ ਦੇ ਕੋਲ ਆਈ। ਆਪਣੇ ਨਾਲ ਹੋਈ ਬੇਇਨਸਾਫ਼ੀ ਬਾਰੇ ਦੱਸਣ ਦੀ ਬਜਾਇ ਉਸ ਨੇ ਭਾਸ਼ਣ ਵਿਚ ਦੱਸੇ ਗਏ ਵਧੀਆ ਨੁਕਤਿਆਂ ਵਾਸਤੇ ਭਰਾ ਦੀ ਸ਼ਲਾਘਾ ਕੀਤੀ। ਇਹ ਨੁਕਤੇ ਉਸ ਦੇ ਹਾਲਾਤ ’ਤੇ ਢੁਕਦੇ ਸਨ ਜਿਨ੍ਹਾਂ ਤੋਂ ਉਸ ਨੂੰ ਕਾਫ਼ੀ ਹੌਸਲਾ ਮਿਲਿਆ। ਉਹ ਭੈਣ ਬਹੁਤ ਖ਼ੁਸ਼ ਸੀ ਕਿ ਉਸ ਦਿਨ ਉਹ ਮੀਟਿੰਗ ਨੂੰ ਆਈ!

14 ਆਓ ਹੁਣ ਆਪਾਂ ਤਿੰਨ ਕੈਦੀਆਂ ਦੀ ਮਿਸਾਲ ’ਤੇ ਗੌਰ ਕਰੀਏ ਜਿਨ੍ਹਾਂ ਨੂੰ ਪ੍ਰਾਰਥਨਾ ਰਾਹੀਂ ਮਦਦ ਮਿਲੀ। ਉਨ੍ਹਾਂ ਨੇ ਜੇਲ੍ਹ ਵਿਚ ਬਾਈਬਲ ਦਾ ਗਿਆਨ ਲਿਆ ਸੀ ਤੇ ਪਬਲੀਸ਼ਰ ਬਣ ਗਏ ਸਨ। ਜੇਲ੍ਹ ਦੇ ਕੈਦੀਆਂ ਦੇ ਆਪਸ ਵਿਚ ਹੋਏ ਲੜਾਈ-ਝਗੜੇ ਕਾਰਨ ਉਨ੍ਹਾਂ ’ਤੇ ਬਹੁਤ ਸਾਰੀਆਂ ਪਾਬੰਦੀਆਂ ਲਾ ਦਿੱਤੀਆਂ ਗਈਆਂ ਸਨ ਜਿਸ ਦਾ ਉਨ੍ਹਾਂ ਨੇ ਵਿਰੋਧ ਕੀਤਾ। ਕੈਦੀਆਂ ਨੇ ਮਤਾ ਪਕਾਇਆ ਕਿ ਅਗਲੀ ਸਵੇਰ ਨੂੰ ਨਾਸ਼ਤਾ ਕਰਨ ਤੋਂ ਬਾਅਦ ਉਹ ਆਪਣੀਆਂ ਪਲੇਟਾਂ ਵਾਪਸ ਨਹੀਂ ਮੋੜਨਗੇ। ਤਿੰਨੇ ਪਬਲੀਸ਼ਰ ਕੈਦੀ ਕਸ਼ਮਕਸ਼ ਵਿਚ ਪੈ ਗਏ। ਜੇ ਉਹ ਬਾਕੀ ਕੈਦੀਆਂ ਨਾਲ ਰਲ਼ ਗਏ, ਤਾਂ ਉਹ ਰੋਮੀਆਂ 13:1 ਵਿਚ ਪਾਈ ਜਾਂਦੀ ਸਲਾਹ ਦੀ ਉਲੰਘਣਾ ਕਰ ਰਹੇ ਹੋਣਗੇ। ਪਰ ਜੇ ਉਨ੍ਹਾਂ ਨੇ ਕੈਦੀਆਂ ਦੀ ਗੱਲ ਨਾ ਮੰਨੀ, ਤਾਂ ਉਨ੍ਹਾਂ ਕੈਦੀਆਂ ਨੇ ਉਨ੍ਹਾਂ ਨੂੰ ਕੁੱਟ ਸੁੱਟਣਾ ਸੀ।

15 ਅਲੱਗ-ਅਲੱਗ ਹੋਣ ਕਰਕੇ ਉਹ ਇਕ-ਦੂਜੇ ਨਾਲ ਗੱਲ ਨਹੀਂ ਕਰ ਪਾਏ। ਇਸ ਕਰਕੇ ਉਨ੍ਹਾਂ ਨੇ ਯਹੋਵਾਹ ਨੂੰ ਬੁੱਧੀ ਲਈ ਦੁਹਾਈ ਦਿੱਤੀ। ਅਗਲੀ ਸਵੇਰ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਤਿੰਨਾਂ ਨੇ ਇੱਕੋ ਫ਼ੈਸਲਾ ਕੀਤਾ ਸੀ ਕਿ ਉਹ ਸਵੇਰ ਨੂੰ ਨਾਸ਼ਤਾ ਹੀ ਨਹੀਂ ਕਰਨਗੇ। ਜਦੋਂ ਹੌਲਦਾਰ ਪਲੇਟਾਂ ਇਕੱਠੀਆਂ ਕਰਨ ਆਏ, ਤਾਂ ਤਿੰਨਾਂ ਜਣਿਆਂ ਕੋਲ ਪਲੇਟਾਂ ਨਹੀਂ ਸਨ। ਉਹ ਖ਼ੁਸ਼ ਸਨ ਕਿ ‘ਪ੍ਰਾਰਥਨਾ ਦਾ ਸੁਣਨ ਵਾਲਾ’ ਉਨ੍ਹਾਂ ਦੇ ਨਾਲ ਸੀ।​—⁠ਜ਼ਬੂ. 65:⁠2.

ਭਰੋਸੇ ਨਾਲ ਭਵਿੱਖ ਦਾ ਸਾਮ੍ਹਣਾ ਕਰੋ

16. ਪ੍ਰਚਾਰ ਦੇ ਕੰਮ ਤੋਂ ਕਿੱਦਾਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਨੇਕਦਿਲ ਲੋਕਾਂ ਦੀ ਪਰਵਾਹ ਹੈ?

16 ਦੁਨੀਆਂ ਭਰ ਵਿਚ ਹੋ ਰਿਹਾ ਪ੍ਰਚਾਰ ਦਾ ਕੰਮ ਇਕ ਹੋਰ ਸਬੂਤ ਹੈ ਕਿ ਯਹੋਵਾਹ ਨੂੰ ਨੇਕਦਿਲ ਲੋਕਾਂ ਦੀ ਪਰਵਾਹ ਹੈ ਚਾਹੇ ਉਹ ਜਿੱਥੇ ਮਰਜ਼ੀ ਰਹਿੰਦੇ ਹੋਣ। (ਉਤ. 18:25) ਯਹੋਵਾਹ ਦੂਤਾਂ ਦੇ ਜ਼ਰੀਏ ਉਨ੍ਹਾਂ ਥਾਵਾਂ ’ਤੇ ਨੇਕਦਿਲ ਨੂੰ ਖ਼ੁਸ਼ ਖ਼ਬਰੀ ਦੱਸਣ ਲਈ ਆਪਣੇ ਭਗਤਾਂ ਨੂੰ ਭੇਜਦਾ ਹੈ ਜਿੱਥੇ ਅਜੇ ਪ੍ਰਚਾਰ ਨਹੀਂ ਹੋਇਆ। (ਪਰ. 14:​6, 7) ਉਦਾਹਰਣ ਲਈ ਪਰਮੇਸ਼ੁਰ ਨੇ ਪਹਿਲੀ ਸਦੀ ਦੇ ਪ੍ਰਚਾਰਕ ਫ਼ਿਲਿੱਪੁਸ ਨੂੰ ਦੂਤ ਦੇ ਰਾਹੀਂ ਹਬਸ਼ੀ ਖੋਜੇ ਨੂੰ ਖ਼ੁਸ਼ ਖ਼ਬਰੀ ਦੱਸਣ ਲਈ ਭੇਜਿਆ ਤਾਂਕਿ ਉਹ ਹਬਸ਼ੀ ਖੋਜੇ ਨੂੰ ਸ਼ਾਸਤਰਾਂ ਦਾ ਮਤਲਬ ਖੋਲ੍ਹ ਕੇ ਸਮਝਾਵੇ। ਇਸ ਦਾ ਨਤੀਜਾ ਕੀ ਨਿਕਲਿਆ? ਉਸ ਖੋਜੇ ਨੇ ਖ਼ੁਸ਼ ਖ਼ਬਰੀ ਨੂੰ ਕਬੂਲ ਕੀਤਾ ਤੇ ਬਪਤਿਸਮਾ ਲੈ ਕੇ ਯਿਸੂ ਦਾ ਚੇਲਾ ਬਣ ਗਿਆ। *​—⁠ਯੂਹੰ. 10:14; ਰਸੂ. 8:​26-39.

17. ਸਾਨੂੰ ਭਵਿੱਖ ਬਾਰੇ ਹੱਦੋਂ ਵੱਧ ਕਿਉਂ ਨਹੀਂ ਚਿੰਤਾ ਕਰਨੀ ਚਾਹੀਦੀ?

17 ਜਿਉਂ-ਜਿਉਂ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਬਾਈਬਲ ਵਿਚ ਦੱਸੀਆਂ “ਪੀੜਾਂ” ਵਧਦੀਆਂ ਜਾਣਗੀਆਂ। (ਮੱਤੀ 24:8) ਉਦਾਹਰਣ ਲਈ, ਖਾਣ-ਪੀਣ ਦੀਆਂ ਚੀਜ਼ਾਂ ਦੀ ਮੰਗ ਵਧਣ ਕਾਰਨ ਇਹ ਅੱਗ ਦੇ ਭਾਅ ਵਿਕਣਗੀਆਂ, ਮੌਸਮ ਖ਼ਰਾਬ ਹੁੰਦਾ ਜਾਵੇਗਾ ਜਾਂ ਦੁਨੀਆਂ ਦੀ ਆਰਥਿਕ ਹਾਲਤ ਮੰਦੀ ਹੁੰਦੀ ਜਾਵੇਗੀ। ਨੌਕਰੀਆਂ ਘੱਟ ਜਾਣਗੀਆਂ ਅਤੇ ਕਰਮਚਾਰੀਆਂ ਉੱਤੇ ਜ਼ਿਆਦਾ ਘੰਟੇ ਕੰਮ ਕਰਨ ਦਾ ਦਬਾਅ ਪਾਇਆ ਜਾਵੇਗਾ। ਹਾਲਤ ਭਾਵੇਂ ਜੋ ਮਰਜ਼ੀ ਹੋਵੇ, ਪਰ ਜੋ ਯਹੋਵਾਹ ਦੇ ਕੰਮਾਂ ਨੂੰ ਪਹਿਲ ਦਿੰਦੇ ਹਨ ਤੇ ਸਾਦੀ ਜ਼ਿੰਦਗੀ ਜੀਉਂਦੇ ਹਨ, ਉਨ੍ਹਾਂ ਨੂੰ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ। ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਯਹੋਵਾਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੇਗਾ। (ਮੱਤੀ 6:​22-34) ਆਓ ਦੇਖੀਏ ਕਿ ਯਹੋਵਾਹ ਨੇ 607 ਈਸਵੀ ਪੂਰਵ ਵਿਚ ਯਰੂਸ਼ਲਮ ਦੇ ਨਾਸ਼ ਸਮੇਂ ਯਿਰਮਿਯਾਹ ਦੀਆਂ ਲੋੜਾਂ ਕਿਵੇਂ ਪੂਰੀਆਂ ਕੀਤੀਆਂ।

18. ਯਰੂਸ਼ਲਮ ਨੂੰ ਘੇਰੇ ਜਾਣ ਦੌਰਾਨ ਯਹੋਵਾਹ ਨੇ ਯਿਰਮਿਯਾਹ ਨੂੰ ਕਿਵੇਂ ਆਪਣਾ ਪਿਆਰ ਦਿਖਾਇਆ?

18 ਯਰੂਸ਼ਲਮ ਨੂੰ ਬਾਬਲੀਆਂ ਦੁਆਰਾ ਘੇਰੇ ਜਾਣ ਤੋਂ ਬਾਅਦ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵੇਹੜੇ ਵਿੱਚ ਕੈਦ ਕੀਤਾ ਗਿਆ ਸੀ। ਉਹ ਨੂੰ ਖਾਣਾ ਕਿੱਥੋਂ ਮਿਲਣਾ ਸੀ? ਜੇ ਉਹ ਕੈਦ ਵਿਚ ਨਾ ਹੁੰਦਾ, ਤਾਂ ਉਹ ਕਿਤਿਓਂ ਨਾ ਕਿਤਿਓਂ ਖਾਣਾ ਲੱਭ ਸਕਦਾ ਸੀ। ਪਰ ਹੁਣ ਉਸ ਨੂੰ ਉਨ੍ਹਾਂ ’ਤੇ ਨਿਰਭਰ ਕਰਨਾ ਪੈ ਰਿਹਾ ਸੀ ਜਿਹੜੇ ਉਸ ਨੂੰ ਨਫ਼ਰਤ ਕਰਦੇ ਸਨ। ਯਿਰਮਿਯਾਹ ਨੇ ਇਨਸਾਨਾਂ ’ਤੇ ਭਰੋਸਾ ਰੱਖਣ ਦੀ ਬਜਾਇ ਪਰਮੇਸ਼ੁਰ ’ਤੇ ਭਰੋਸਾ ਰੱਖਿਆ ਜਿਸ ਨੇ ਉਸ ਦੀ ਦੇਖ-ਭਾਲ ਕਰਨ ਦਾ ਵਾਅਦਾ ਕੀਤਾ ਸੀ। ਕੀ ਯਹੋਵਾਹ ਨੇ ਆਪਣਾ ਵਾਅਦਾ ਨਿਭਾਇਆ? ਬਿਲਕੁਲ! ਪਰਮੇਸ਼ੁਰ ਨੇ ਪੱਕਾ ਕੀਤਾ ਕਿ ਯਿਰਮਿਯਾਹ ਨੂੰ ‘ਰੋਟੀ ਦਾ ਟੁਕੜਾ ਮਿਲਦਾ ਰਹੇ ਜਦ ਤੀਕ ਕਿ ਸ਼ਹਿਰ ਦੀਆਂ ਸਾਰੀਆਂ ਰੋਟੀਆਂ ਮੁੱਕ ਨਾ ਗਈਆਂ।’ (ਯਿਰ. 37:21) ਉਸ ਸਮੇਂ ਯਿਰਮਿਯਾਹ, ਬਾਰੂਕ, ਅਬਦ-ਮਲਕ ਅਤੇ ਹੋਰ ਭਗਤ ਕਾਲ, ਬੀਮਾਰੀ ਅਤੇ ਮੌਤ ਤੋਂ ਬਚ ਗਏ।​—⁠ਯਿਰ. 38:2; 39:​15-18.

19. ਭਵਿੱਖ ਦਾ ਸਾਮ੍ਹਣਾ ਕਰਦੇ ਹੋਏ ਸਾਡਾ ਕੀ ਪੱਕਾ ਇਰਾਦਾ ਹੋਣਾ ਚਾਹੀਦਾ ਹੈ?

19 ਹਾਂ, ਯਹੋਵਾਹ ਦੀਆਂ “ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ।” (1 ਪਤ. 3:12) ਕੀ ਤੁਸੀਂ ਖ਼ੁਸ਼ ਨਹੀਂ ਹੋ ਕਿ ਤੁਹਾਡਾ ਸਵਰਗੀ ਪਿਤਾ ਤੁਹਾਡੇ ’ਤੇ ਨਿਗਾਹ ਰੱਖਦਾ ਹੈ? ਕੀ ਤੁਸੀਂ ਇਹ ਜਾਣਦੇ ਹੋਏ ਸੁਰੱਖਿਅਤ ਮਹਿਸੂਸ ਕਰਦੇ ਹੋ ਕਿ ਯਹੋਵਾਹ ਤੁਹਾਡੇ ਭਲੇ ਲਈ ਤੁਹਾਡੀ ਨਿਗਰਾਨੀ ਕਰਦਾ ਹੈ? ਤਾਂ ਫਿਰ ਪੱਕਾ ਇਰਾਦਾ ਕਰੋ ਕਿ ਤੁਸੀਂ ਉਸ ਦੇ ਨਾਲ-ਨਾਲ ਚੱਲਦੇ ਰਹੋਗੇ ਭਾਵੇਂ ਭਵਿੱਖ ਵਿਚ ਜੋ ਮਰਜ਼ੀ ਹੋਵੇ। ਸਾਨੂੰ ਪੱਕਾ ਯਕੀਨ ਹੈ ਕਿ ਯਹੋਵਾਹ ਇਕ ਪਿਆਰੇ ਪਿਤਾ ਦੀ ਤਰ੍ਹਾਂ ਆਪਣੇ ਵਫ਼ਾਦਾਰ ਭਗਤਾਂ ਦੀ ਨਿਗਰਾਨੀ ਕਰਦਾ ਰਹੇਗਾ।​—⁠ਜ਼ਬੂ. 32:8; ਯਸਾਯਾਹ 41:13 ਪੜ੍ਹੋ।

[ਫੁਟਨੋਟ]

^ ਪੈਰਾ 12 ਭਾਵੇਂ ਕਿ ਇਹ ਚਿੱਠੀਆਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਲਿਖੀਆਂ ਗਈਆਂ ਸਨ, ਪਰ ਇਨ੍ਹਾਂ ਵਿਚ ਦਿੱਤੀ ਸਲਾਹ ਸਾਡੇ ਸਾਰਿਆਂ ਲਈ ਫ਼ਾਇਦੇਮੰਦ ਹੈ।

^ ਪੈਰਾ 16 ਦੂਤਾਂ ਦੇ ਜ਼ਰੀਏ ਦਿੱਤੀ ਸੇਧ ਦੀ ਇਕ ਹੋਰ ਉਦਾਹਰਣ ਰਸੂਲਾਂ ਦੇ ਕਰਤੱਬ 16:​6-10 ਵਿਚ ਦੇਖੀ ਜਾ ਸਕਦੀ ਹੈ। ਉੱਥੇ ਅਸੀਂ ਪੜ੍ਹਦੇ ਹਾਂ ਕਿ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਪਵਿੱਤਰ ਆਤਮਾ ਯਾਨੀ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਬਿਥੁਨਿਯਾ ਤੇ ਅਸਿਯਾ ਵਿਚ ਪ੍ਰਚਾਰ ਕਰਨ ਤੋਂ ਮਨ੍ਹਾ ਕੀਤਾ ਗਿਆ ਸੀ। ਇਸ ਦੀ ਬਜਾਇ ਉਨ੍ਹਾਂ ਨੂੰ ਮਕਦੂਨਿਯਾ ਵਿਚ ਭੇਜਿਆ ਗਿਆ ਜਿੱਥੇ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੀ ਗੱਲ ਸੁਣੀ।

ਕੀ ਤੁਸੀਂ ਸਮਝਾ ਸਕਦੇ ਹੋ?

• ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ‘ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਹਾਂ’?

• ਯਹੋਵਾਹ ਨੇ ਬਾਰੂਕ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕੀਤਾ?

• ਮਸੀਹੀ ਕਲੀਸਿਯਾ ਦੇ ਸਿਰ ਵਜੋਂ ਯਿਸੂ ਆਪਣੇ ਪਿਤਾ ਦੇ ਗੁਣ ਕਿਵੇਂ ਦਿਖਾਉਂਦਾ ਹੈ?

• ਇਨ੍ਹਾਂ ਕਠਿਨ ਸਮਿਆਂ ਵਿਚ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ’ਤੇ ਭਰੋਸਾ ਕਰਦੇ ਹਾਂ?

[ਸਵਾਲ]

[ਸਫ਼ਾ 9 ਉੱਤੇ ਤਸਵੀਰਾਂ]

ਜਿਸ ਤਰ੍ਹਾਂ ਯਿਰਮਿਯਾਹ ਨੂੰ ਬਾਰੂਕ ਦੀ ਚਿੰਤਾ ਸੀ, ਉਸੇ ਤਰ੍ਹਾਂ ਅੱਜ ਬਜ਼ੁਰਗਾਂ ਨੂੰ ਭੈਣਾਂ-ਭਰਾਵਾਂ ਦੀ ਚਿੰਤਾ ਹੈ

[ਸਫ਼ਾ 10 ਉੱਤੇ ਤਸਵੀਰ]

ਯਹੋਵਾਹ ਸਹੀ ਵਕਤ ’ਤੇ ਕਿਸ ਤਰ੍ਹਾਂ ਮਦਦ ਕਰ ਸਕਦਾ ਹੈ?