Skip to content

Skip to table of contents

ਉਨ੍ਹਾਂ ਨੂੰ ਵਾਪਸ ਲਿਆਉਣ ਵਿਚ ਦੇਰ ਨਾ ਕਰੋ!

ਉਨ੍ਹਾਂ ਨੂੰ ਵਾਪਸ ਲਿਆਉਣ ਵਿਚ ਦੇਰ ਨਾ ਕਰੋ!

ਉਨ੍ਹਾਂ ਨੂੰ ਵਾਪਸ ਲਿਆਉਣ ਵਿਚ ਦੇਰ ਨਾ ਕਰੋ!

“ਅਸੀਂ ਕਿਹ ਦੇ ਕੋਲ ਜਾਈਏ? ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ।”—ਯੂਹੰਨਾ 6:68.

1. ਜਦ ਯਿਸੂ ਦੇ ਕਈ ਚੇਲਿਆਂ ਨੇ ਉਸ ਨੂੰ ਛੱਡ ਦਿੱਤਾ ਸੀ, ਤਾਂ ਪਤਰਸ ਨੇ ਕੀ ਕਿਹਾ?

ਇਕ ਸਮੇਂ ਤੇ ਯਿਸੂ ਦੇ ਕਈ ਚੇਲਿਆਂ ਨੇ ਉਸ ਦੀ ਕਿਸੇ ਸਿੱਖਿਆ ਦੇ ਕਾਰਨ ਉਸ ਨੂੰ ਛੱਡ ਦਿੱਤਾ ਸੀ। ਯਿਸੂ ਨੇ ਆਪਣੇ ਰਸੂਲਾਂ ਨੂੰ ਪੁੱਛਿਆ: “ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ?” ਪਤਰਸ ਨੇ ਉਸ ਨੂੰ ਜਵਾਬ ਦਿੱਤਾ: “ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏ? ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ।” (ਯੂਹੰ. 6:51-69) ਉਨ੍ਹਾਂ ਨੇ ਜਾਣਾ ਵੀ ਕਿੱਥੇ ਸੀ? ਉਸ ਸਮੇਂ ਯਹੂਦੀ ਧਰਮ ਵਿਚ “ਸਦੀਪਕ ਜੀਉਣ ਦੀਆਂ ਗੱਲਾਂ” ਨਹੀਂ ਸਨ ਅਤੇ ਅੱਜ ਵੱਡੀ ਬਾਬੁਲ ਦੇ ਕਿਸੇ ਵੀ ਧਰਮ ਵਿਚ ਇਹ ਗੱਲਾਂ ਨਹੀਂ ਹਨ। ਜਿਹੜੇ ਭੈਣ-ਭਰਾ ਕਲੀਸਿਯਾ ਤੋਂ ਦੂਰ ਹੋ ਗਏ ਹਨ, ਪਰ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ “ਜਾਗਣ ਦਾ ਵੇਲਾ ਆ ਪੁੱਜਿਆ ਹੈ।”—ਰੋਮੀ. 13:11.

2. ਤੁਹਾਨੂੰ ਉਸ ਸਮੇਂ ਕੀ ਕਰਨਾ ਚਾਹੀਦਾ ਹੈ ਜੇ ਤੁਹਾਨੂੰ ਪਤਾ ਲੱਗੇ ਕਿ ਜਿਸ ਭੈਣ-ਭਰਾ ਨਾਲ ਤੁਸੀਂ ਸਟੱਡੀ ਕਰ ਰਹੇ ਹੋ ਉਸ ਨੇ ਕੋਈ ਵੱਡਾ ਪਾਪ ਕੀਤਾ ਹੈ?

2 ਯਹੋਵਾਹ ਨੂੰ ਇਸਰਾਏਲ ਦੀਆਂ ਗੁਆਚੀਆਂ ਹੋਈਆਂ ਭੇਡਾਂ ਦਾ ਫ਼ਿਕਰ ਸੀ। (ਹਿਜ਼ਕੀਏਲ 34:15, 16 ਪੜ੍ਹੋ।) ਯਹੋਵਾਹ ਦੀ ਨਕਲ ਕਰਦਿਆਂ ਬਜ਼ੁਰਗ ਭਟਕੇ ਹੋਏ ਭੈਣਾਂ-ਭਰਾਵਾਂ ਦੀ ਮਦਦ ਕਰਨ ਵਿਚ ਖ਼ੁਸ਼ ਹਨ ਅਤੇ ਇਸ ਨੂੰ ਆਪਣਾ ਫ਼ਰਜ਼ ਵੀ ਸਮਝਦੇ ਹਨ। ਫ਼ਰਜ਼ ਕਰੋ ਕਿ ਬਜ਼ੁਰਗ ਤੁਹਾਨੂੰ ਕਿਸੇ ਭਟਕੇ ਹੋਏ ਭੈਣ ਜਾਂ ਭਰਾ ਨਾਲ ਸਟੱਡੀ ਕਰਨ ਲਈ ਕਹਿਣ। ਤੁਹਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜੇ ਤੁਹਾਨੂੰ ਪਤਾ ਲੱਗੇ ਕਿ ਉਸ ਨੇ ਕੋਈ ਵੱਡਾ ਪਾਪ ਕੀਤਾ ਹੈ? ਉਸ ਨੂੰ ਇਸ ਮਾਮਲੇ ਬਾਰੇ ਸਲਾਹ ਦੇਣ ਦੀ ਬਜਾਇ ਉਸ ਨੂੰ ਦੱਸੋ ਕਿ ਉਹ ਬਜ਼ੁਰਗਾਂ ਨਾਲ ਇਸ ਬਾਰੇ ਗੱਲ ਕਰੇ। ਜੇ ਉਹ ਗੱਲ ਨਹੀਂ ਕਰਦਾ, ਤਾਂ ਤੁਹਾਨੂੰ ਬਜ਼ੁਰਗਾਂ ਨਾਲ ਗੱਲ ਕਰਨੀ ਚਾਹੀਦੀ ਹੈ।—ਲੇਵੀ. 5:1; ਗਲਾ. 6:1.

3. ਉਸ 100 ਭੇਡਾਂ ਦੇ ਮਨੁੱਖ ਨੂੰ ਕਿੱਦਾਂ ਲੱਗਾ ਜਦ ਉਸ ਦੀ ਗੁਆਚੀ ਹੋਈ ਭੇਡ ਉਸ ਨੂੰ ਲੱਭ ਪਈ ਸੀ?

3 ਪਿਛਲੇ ਲੇਖ ਵਿਚ ਯਿਸੂ ਦੇ ਉਸ ਦ੍ਰਿਸ਼ਟਾਂਤ ਦਾ ਜ਼ਿਕਰ ਕੀਤਾ ਗਿਆ ਸੀ ਜਿਸ ਵਿਚ ਇਕ ਮਨੁੱਖ ਕੋਲ 100 ਭੇਡਾਂ ਸਨ। ਜਦ ਇਕ ਭੇਡ ਗੁਆਚ ਗਈ ਸੀ, ਤਾਂ ਉਹ ਮਨੁੱਖ 99 ਭੇਡਾਂ ਛੱਡ ਕੇ ਉਸ ਦੀ ਭਾਲ ਵਿਚ ਨਿਕਲ ਤੁਰਿਆ। ਉਸ ਨੂੰ ਆਪਣੀ ਭੇਡ ਲੱਭ ਕੇ ਬਹੁਤ ਖ਼ੁਸ਼ੀ ਹੋਈ! (ਲੂਕਾ 15:4-7) ਸਾਨੂੰ ਵੀ ਅਜਿਹੀ ਖ਼ੁਸ਼ੀ ਹੁੰਦੀ ਹੈ ਜਦ ਸਾਡਾ ਕੋਈ ਭੈਣ-ਭਰਾ ਕਲੀਸਿਯਾ ਨੂੰ ਵਾਪਸ ਮੁੜ ਆਉਂਦਾ ਹੈ। ਇਸ ਤੋਂ ਪਹਿਲਾਂ ਸ਼ਾਇਦ ਬਜ਼ੁਰਗਾਂ ਜਾਂ ਕਲੀਸਿਯਾ ਦੇ ਹੋਰਨਾਂ ਮੈਂਬਰਾਂ ਨੇ ਉਸ ਨੂੰ ਮਿਲ ਕੇ ਆਪਣੇ ਪਿਆਰ ਦਾ ਸਬੂਤ ਦਿੱਤਾ ਹੋਵੇ। ਅਜਿਹੇ ਭੈਣ-ਭਰਾ ਚਾਹੁੰਦੇ ਹਨ ਕਿ ਭਟਕੇ ਹੋਏ ਭੈਣ-ਭਰਾ ਫਿਰ ਤੋਂ ਪਰਮੇਸ਼ੁਰ ਦਾ ਸਹਾਰਾ ਲੈਣ, ਉਸ ਦੀ ਛਾਇਆ ਹੇਠ ਆਉਣ ਅਤੇ ਉਸ ਦੀਆਂ ਬਰਕਤਾਂ ਪਾਉਣ। (ਬਿਵ. 33:27; ਜ਼ਬੂ. 91:14; ਕਹਾ. 10:22) ਜੇ ਤੁਹਾਨੂੰ ਅਜਿਹੇ ਭੈਣ-ਭਰਾ ਦੀ ਮਦਦ ਕਰਨ ਦਾ ਮੌਕਾ ਮਿਲੇ, ਤਾਂ ਤੁਸੀਂ ਕੀ ਕਰ ਸਕਦੇ ਹੋ?

4. ਗਲਾਤੀਆਂ 6:2, 5 ਤੋਂ ਕੀ ਸਮਝਾਇਆ ਜਾ ਸਕਦਾ ਹੈ?

4 ਸ਼ਾਇਦ ਤੁਸੀਂ ਉਸ ਨੂੰ ਦੱਸ ਸਕਦੇ ਹੋ ਕਿ ਯਹੋਵਾਹ ਆਪਣੇ ਲੋਕਾਂ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਹ ਸਾਡੇ ਤੋਂ ਉਹੀ ਚਾਹੁੰਦਾ ਹੈ ਜੋ ਅਸੀਂ ਕਰ ਸਕਦੇ ਹਾਂ। ਇਸ ਵਿਚ ਬਾਈਬਲ ਸਟੱਡੀ ਕਰਨੀ, ਮੀਟਿੰਗਾਂ ਵਿਚ ਜਾਣਾ ਅਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸ਼ਾਮਲ ਹੈ। ਤੁਸੀਂ ਸ਼ਾਇਦ ਗਲਾਤੀਆਂ 6:2, 5 ਪੜ੍ਹ ਕੇ ਸਮਝਾ ਸਕਦੇ ਹੋ ਕਿ ਭਾਵੇਂ ਅਸੀਂ ਭਾਰ ਚੁੱਕਣ ਵਿਚ ਇਕ-ਦੂਜੇ ਦੀ ਮਦਦ ਕਰ ਸਕਦੇ ਹਾਂ, ਫਿਰ ਵੀ ਅਜਿਹਾ ਭਾਰ ਵੀ ਹੈ ਜੋ ‘ਹਰੇਕ ਨੂੰ ਆਪ ਚੁੱਕਣਾ’ ਪਵੇਗਾ। ਅਸੀਂ ਹੋਰ ਕਿਸੇ ਲਈ ਪਰਮੇਸ਼ੁਰ ਦੀ ਸੇਵਾ ਨਹੀਂ ਕਰ ਸਕਦੇ।

ਕੀ ਉਹ “ਸੰਸਾਰ ਦੀਆਂ ਚਿੰਤਾਂ” ਕਾਰਨ ਢਿੱਲੇ ਪੈ ਗਏ ਸਨ?

5, 6. (ੳ) ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਧਿਆਨ ਨਾਲ ਭਟਕੇ ਹੋਏ ਭੈਣਾਂ ਭਰਾਵਾਂ ਦੀ ਗੱਲ ਸੁਣੀਏ? (ਅ) ਤੁਸੀਂ ਭਟਕੇ ਹੋਏ ਭੈਣਾਂ-ਭਰਾਵਾਂ ਨੂੰ ਕਿਸ ਤਰ੍ਹਾਂ ਸਮਝਾ ਸਕਦੇ ਹੋ ਕਿ ਕਲੀਸਿਯਾ ਤੋਂ ਦੂਰ ਰਹਿ ਕੇ ਉਨ੍ਹਾਂ ਨੂੰ ਕੋਈ ਫ਼ਾਇਦਾ ਨਹੀਂ ਹੋਇਆ?

5 ਇਹ ਸਮਝਣ ਲਈ ਕਿ ਭਟਕੇ ਹੋਏ ਭੈਣਾਂ-ਭਰਾਵਾਂ ਦੀ ਮਦਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਬਜ਼ੁਰਗਾਂ ਨੂੰ ਅਤੇ ਸੱਚਾਈ ਵਿਚ ਮਜ਼ਬੂਤ ਹੋਰਨਾਂ ਭੈਣਾਂ-ਭਰਾਵਾਂ ਨੂੰ ਧਿਆਨ ਨਾਲ ਸੁਣਨ ਦੀ ਲੋੜ ਹੈ ਜਦ ਅਜਿਹੇ ਭੈਣ-ਭਰਾ ਉਨ੍ਹਾਂ ਨਾਲ ਦਿਲ ਖੋਲ੍ਹ ਕੇ ਗੱਲ ਕਰਦੇ ਹਨ। ਫ਼ਰਜ਼ ਕਰੋ ਕਿ ਤੁਸੀਂ ਇਕ ਬਜ਼ੁਰਗ ਹੋ ਜੋ ਅਜਿਹੇ ਪਤੀ-ਪਤਨੀ ਨੂੰ ਮਿਲਣ ਜਾ ਰਹੇ ਹੋ ਜੋ “ਸੰਸਾਰ ਦੀਆਂ ਚਿੰਤਾਂ” ਕਾਰਨ ਮੀਟਿੰਗਾਂ ਵਿਚ ਨਹੀਂ ਆਉਂਦੇ। (ਲੂਕਾ 21:34) ਪੈਸੇ ਦੀ ਤੰਗੀ ਕਾਰਨ ਜਾਂ ਪਰਿਵਾਰ ਦੀਆਂ ਵਧਦੀਆਂ ਜ਼ਿੰਮੇਵਾਰੀਆਂ ਕਾਰਨ ਉਹ ਸ਼ਾਇਦ ਸੱਚਾਈ ਵਿਚ ਢਿੱਲੇ ਪੈ ਗਏ ਹਨ। ਉਹ ਸ਼ਾਇਦ ਸੋਚਣ ਕਿ ਮੀਟਿੰਗਾਂ ਵਿਚ ਨਾ ਜਾਣ ਨਾਲ ਉਨ੍ਹਾਂ ਦਾ ਬੋਝ ਕੁਝ ਹਲਕਾ ਹੋ ਜਾਵੇਗਾ। ਲੇਕਿਨ ਤੁਸੀਂ ਉਨ੍ਹਾਂ ਨੂੰ ਯਾਦ ਕਰਾ ਸਕਦੇ ਹੋ ਕਿ ਕਲੀਸਿਯਾ ਤੋਂ ਦੂਰ ਹੋਣ ਨਾਲ ਉਨ੍ਹਾਂ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ। (ਕਹਾਉਤਾਂ 18:1 ਪੜ੍ਹੋ।) ਤੁਸੀਂ ਸ਼ਾਇਦ ਉਨ੍ਹਾਂ ਨੂੰ ਇਹ ਸਵਾਲ ਪੁੱਛ ਸਕਦੇ ਹੋ: “ਕੀ ਮੀਟਿੰਗਾਂ ਤੋਂ ਦੂਰ ਰਹਿ ਕੇ ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਖ਼ੁਸ਼ ਹੋ? ਕੀ ਤੁਹਾਡਾ ਪਰਿਵਾਰ ਪਹਿਲਾਂ ਨਾਲੋਂ ਜ਼ਿਆਦਾ ਸੁਖੀ ਹੈ? ਕੀ ਤੁਹਾਨੂੰ ਉਹ ਖ਼ੁਸ਼ੀ ਮਿਲ ਰਹੀ ਹੈ ਜੋ ਤੁਹਾਨੂੰ ਯਹੋਵਾਹ ਦੀ ਸੇਵਾ ਕਰਦਿਆਂ ਮਿਲਦੀ ਸੀ?”—ਨਹ. 8:10.

6 ਅਜਿਹੇ ਸਵਾਲਾਂ ਉੱਤੇ ਧਿਆਨ ਦੇਣ ਨਾਲ ਭਟਕੇ ਹੋਏ ਭੈਣ-ਭਰਾ ਦੇਖ ਸਕਣਗੇ ਕਿ ਕਲੀਸਿਯਾ ਤੋਂ ਦੂਰ ਹੋ ਕੇ ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਪੱਕਾ ਨਹੀਂ ਰਿਹਾ ਅਤੇ ਉਨ੍ਹਾਂ ਦੀ ਖ਼ੁਸ਼ੀ ਵੀ ਘੱਟ ਗਈ ਹੈ। (ਇਬ. 10:24, 25) ਤੁਸੀਂ ਸ਼ਾਇਦ ਉਨ੍ਹਾਂ ਨੂੰ ਸਮਝਾ ਸਕੋ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਨਾ ਕਰਨ ਕਰਕੇ ਉਹ ਪਹਿਲਾਂ ਵਾਂਗ ਖ਼ੁਸ਼ ਨਹੀਂ ਹਨ। (ਮੱਤੀ 28:19, 20) ਤਾਂ ਫਿਰ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ?

7. ਅਸੀਂ ਸੱਚਾਈ ਵਿਚ ਢਿੱਲੇ ਪਏ ਭੈਣਾਂ-ਭਰਾਵਾਂ ਨੂੰ ਕੀ ਕਰਨ ਦੀ ਹੱਲਾਸ਼ੇਰੀ ਦੇ ਸਕਦੇ ਹਾਂ?

7 ਯਿਸੂ ਨੇ ਕਿਹਾ: “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ . . . ਪਰ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਭਈ ਤੁਸੀਂ ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸੱਕੋ।” (ਲੂਕਾ 21:34-36) ਉਨ੍ਹਾਂ ਭੈਣਾਂ-ਭਰਾਵਾਂ ਲਈ ਅਸੀਂ ਕੀ ਕਰ ਸਕਦੇ ਹਾਂ ਜੋ ਸੱਚਾਈ ਵਿਚ ਢਿੱਲੇ ਪੈ ਗਏ ਹਨ, ਪਰ ਫਿਰ ਤੋਂ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ੀ ਪਾਉਣੀ ਚਾਹੁੰਦੇ ਹਨ? ਅਸੀਂ ਉਨ੍ਹਾਂ ਨੂੰ ਪਰਮੇਸ਼ੁਰ ਦੀ ਸ਼ਕਤੀ ਲਈ ਪ੍ਰਾਰਥਨਾ ਕਰਨ ਅਤੇ ਆਪਣੀਆਂ ਪ੍ਰਾਰਥਨਾਵਾਂ ਦੇ ਅਨੁਸਾਰ ਕਦਮ ਚੁੱਕਣ ਲਈ ਹੱਲਾਸ਼ੇਰੀ ਦੇ ਸਕਦੇ ਹਾਂ।—ਲੂਕਾ 11:13.

ਕੀ ਉਹ ਠੋਕਰ ਖਾ ਗਏ ਸਨ?

8, 9. ਬਜ਼ੁਰਗ ਸ਼ਾਇਦ ਉਸ ਭੈਣ ਜਾਂ ਭਰਾ ਨੂੰ ਕੀ ਕਹਿ ਸਕਦਾ ਹੈ ਜਿਸ ਨੇ ਠੋਕਰ ਖਾਧੀ ਹੈ?

8 ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ ਜਿਸ ਕਰਕੇ ਕਿਸੇ ਭੈਣ ਜਾਂ ਭਰਾ ਨਾਲ ਸਾਡੀ ਅਣਬਣ ਹੋ ਸਕਦੀ ਹੈ। ਅਣਬਣ ਹੋਣ ਤੇ ਕਿਸੇ ਨੂੰ ਠੋਕਰ ਵੀ ਲੱਗ ਸਕਦੀ ਹੈ। ਕਈਆਂ ਨੂੰ ਉਦੋਂ ਠੋਕਰ ਲੱਗ ਸਕਦੀ ਹੈ ਜਦ ਨਿਹਚਾ ਵਿਚ ਮਜ਼ਬੂਤ ਕੋਈ ਭੈਣ-ਭਰਾ ਬਾਈਬਲ ਦੇ ਖ਼ਿਲਾਫ਼ ਕੋਈ ਕੰਮ ਕਰਦਾ ਹੈ। ਜੇ ਭਟਕੇ ਹੋਏ ਭੈਣ-ਭਰਾ ਨੂੰ ਅਜਿਹੀ ਕੋਈ ਠੋਕਰ ਲੱਗੀ ਹੈ, ਤਾਂ ਇਕ ਬਜ਼ੁਰਗ ਉਸ ਨੂੰ ਸ਼ਾਇਦ ਦੱਸੇ ਕਿ ਯਹੋਵਾਹ ਕਿਸੇ ਨੂੰ ਠੋਕਰ ਨਹੀਂ ਖੁਆਉਂਦਾ। ਸੋ ਸਾਨੂੰ ਯਹੋਵਾਹ ਜਾਂ ਉਸ ਦੇ ਲੋਕਾਂ ਨਾਲ ਆਪਣਾ ਨਾਤਾ ਨਹੀਂ ਤੋੜਨਾ ਚਾਹੀਦਾ ਹੈ। ਇਸ ਦੀ ਬਜਾਇ ਸਾਨੂੰ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ। ਸਾਨੂੰ ਇਹ ਭਰੋਸਾ ਰੱਖਣਾ ਚਾਹੀਦਾ ਹੈ ਕਿ “ਸਾਰੀ ਧਰਤੀ ਦਾ ਨਿਆਈ” ਜਾਣਦਾ ਹੈ ਕਿ ਕੀ ਹੋਇਆ ਸੀ ਅਤੇ ਉਸ ਨੂੰ ਠੀਕ ਕਰਨ ਲਈ ਕੀ ਕਰਨਾ ਜ਼ਰੂਰੀ ਹੈ। (ਉਤ. 18:26; ਕੁਲੁ. 3:23-25) ਜੇ ਕੋਈ ਤੁਰਦਾ-ਤੁਰਦਾ ਅਸਲ ਵਿਚ ਠੋਕਰ ਖਾ ਕੇ ਡਿੱਗ ਪਵੇ, ਤਾਂ ਉਹ ਜਾਣ ਬੁੱਝ ਕੇ ਡਿੱਗਿਆ ਨਹੀਂ ਰਹੇਗਾ ਸਗੋਂ ਉੱਠਣ ਦੀ ਕੋਸ਼ਿਸ਼ ਕਰੇਗਾ।

9 ਬਜ਼ੁਰਗ ਸ਼ਾਇਦ ਇਹ ਵੀ ਕਹੇ ਕਿ ਜਿਸ ਗੱਲ ਤੋਂ ਉਨ੍ਹਾਂ ਨੇ ਠੋਕਰ ਖਾਧੀ ਸੀ ਉਹ ਹੁਣ ਜ਼ਿਆਦਾ ਅਹਿਮੀਅਤ ਨਹੀਂ ਰੱਖਦੀ। ਹੋ ਸਕਦਾ ਹੈ ਕਿ ਜਿਸ ਗੱਲ ਕਾਰਨ ਉਹ ਯਹੋਵਾਹ ਦੀ ਸੇਵਾ ਕਰਨੋਂ ਹਟ ਗਏ ਸਨ ਉਹ ਹੁਣ ਠੋਕਰ ਦਾ ਕਾਰਨ ਹੀ ਨਾ ਹੋਵੇ। ਜੇ ਕੋਈ ਤਾੜਨਾ ਮਿਲਣ ਤੇ ਭਟਕ ਗਿਆ ਸੀ, ਤਾਂ ਪ੍ਰਾਰਥਨਾ ਕਰਨ ਤੋਂ ਬਾਅਦ ਉਸ ਨੂੰ ਸ਼ਾਇਦ ਅਹਿਸਾਸ ਹੋਵੇ ਕਿ ਕੁਝ ਹੱਦ ਤਕ ਗ਼ਲਤੀ ਉਹ ਦੀ ਸੀ ਅਤੇ ਉਸ ਨੂੰ ਤਾੜਨਾ ਦੇ ਕਾਰਨ ਠੋਕਰ ਨਹੀਂ ਸੀ ਖਾਣੀ ਚਾਹੀਦੀ।—ਜ਼ਬੂ. 119:165; ਇਬ. 12:5-13.

ਕੀ ਉਹ ਕਿਸੇ ਸਿੱਖਿਆ ਕਾਰਨ ਭਟਕ ਗਏ ਸਨ?

10, 11. ਉਨ੍ਹਾਂ ਭੈਣਾਂ-ਭਰਾਵਾਂ ਨੂੰ ਕੀ ਕਿਹਾ ਜਾ ਸਕਦਾ ਹੈ ਜਿਨ੍ਹਾਂ ਨੂੰ ਬਾਈਬਲ ਦੀ ਕੋਈ ਸਿੱਖਿਆ ਚੰਗੀ ਨਹੀਂ ਲੱਗੀ?

10 ਕੁਝ ਭੈਣ-ਭਰਾ ਸ਼ਾਇਦ ਇਸ ਲਈ ਕਲੀਸਿਯਾ ਨੂੰ ਛੱਡ ਗਏ ਹਨ ਕਿਉਂਕਿ ਉਨ੍ਹਾਂ ਨੂੰ ਬਾਈਬਲ ਦੀ ਕੋਈ ਸਿੱਖਿਆ ਚੰਗੀ ਨਹੀਂ ਲੱਗੀ। ਜਿਨ੍ਹਾਂ ਇਸਰਾਏਲੀਆਂ ਨੂੰ ਯਹੋਵਾਹ ਨੇ ਮਿਸਰ ਦੇਸ਼ ਤੋਂ ਛੁਡਾਇਆ ਸੀ ਉਹ ‘ਉਹ ਦੇ ਕੰਮਾਂ ਨੂੰ ਭੁੱਲ ਗਏ ਅਤੇ ਉਨ੍ਹਾਂ ਨੇ ਉਹ ਦੀ ਸਲਾਹ ਦੀ ਉਡੀਕ ਨਾ ਕੀਤੀ।’ (ਜ਼ਬੂ. 106:13) ਬਜ਼ੁਰਗ ਸ਼ਾਇਦ ਭਟਕੇ ਹੋਏ ਭੈਣ ਜਾਂ ਭਰਾ ਨੂੰ ਯਾਦ ਕਰਾਵੇ ਕਿ “ਮਾਤਬਰ ਅਤੇ ਬੁੱਧਵਾਨ ਨੌਕਰ” ਵਧੀਆ ਸਿੱਖਿਆ ਦਿੰਦਾ ਹੈ। (ਮੱਤੀ 24:45) ਇਸੇ ਸਿੱਖਿਆ ਰਾਹੀਂ ਉਸ ਨੇ ਪਹਿਲਾਂ ਸੱਚਾਈ ਸਿੱਖੀ ਸੀ, ਸੋ ਕੀ ਉਸ ਨੂੰ ਸੱਚਾਈ ਉੱਤੇ ਦੁਬਾਰਾ ਚਲਣ ਦਾ ਫ਼ੈਸਲਾ ਨਹੀਂ ਕਰਨਾ ਚਾਹੀਦਾ?—2 ਯੂਹੰ. 4.

11 ਭਟਕੇ ਹੋਏ ਭੈਣ-ਭਰਾ ਦੀ ਮਦਦ ਕਰਨ ਲਈ ਬਜ਼ੁਰਗ ਸ਼ਾਇਦ ਯਿਸੂ ਦੇ ਉਨ੍ਹਾਂ ਚੇਲਿਆਂ ਦਾ ਜ਼ਿਕਰ ਕਰੇ ਜਿਨ੍ਹਾਂ ਨੇ ਉਸ ਦੀ ਇਕ ਸਿੱਖਿਆ ਕਾਰਨ ਉਸ ਨੂੰ ਛੱਡ ਦਿੱਤਾ ਸੀ। (ਯੂਹੰ. 6:53, 66) ਯਿਸੂ ਅਤੇ ਉਸ ਦੇ ਵਫ਼ਾਦਾਰ ਚੇਲਿਆਂ ਨੂੰ ਛੱਡ ਕੇ ਨਾ ਉਨ੍ਹਾਂ ਨੂੰ ਖ਼ੁਸ਼ੀ ਮਿਲੀ ਤੇ ਨਾ ਹੀ ਉਨ੍ਹਾਂ ਦੇ ਦਿਲ ਵਿਚ ਪਰਮੇਸ਼ੁਰ ਦੀਆਂ ਗੱਲਾਂ ਲਈ ਕਦਰ ਰਹੀ। ਜਿਨ੍ਹਾਂ ਨੇ ਅੱਜ ਕਲੀਸਿਯਾ ਨੂੰ ਛੱਡ ਦਿੱਤਾ ਹੈ ਕੀ ਉਨ੍ਹਾਂ ਨੂੰ ਅਜਿਹੀ ਕੋਈ ਥਾਂ ਮਿਲੀ ਹੈ ਜਿੱਥੇ ਉਹ ਸੱਚਾਈ ਸਿੱਖ ਸਕੇ ਹਨ? ਨਹੀਂ, ਕਿਉਂਕਿ ਅਜਿਹੀ ਕੋਈ ਥਾਂ ਹੈ ਨਹੀਂ!

ਕੀ ਉਨ੍ਹਾਂ ਨੇ ਵੱਡਾ ਪਾਪ ਕੀਤਾ ਸੀ?

12, 13. ਜੇ ਭਟਕਿਆ ਹੋਇਆ ਭੈਣ ਜਾਂ ਭਰਾ ਕਬੂਲ ਕਰੇ ਕਿ ਉਸ ਨੇ ਵੱਡਾ ਪਾਪ ਕੀਤਾ ਹੈ, ਤਾਂ ਉਸ ਦੀ ਮਦਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ?

12 ਕੁਝ ਭੈਣ-ਭਰਾ ਇਸ ਲਈ ਪ੍ਰਚਾਰ ਕਰਨੋਂ ਹਟ ਜਾਂਦੇ ਹਨ ਜਾਂ ਮੀਟਿੰਗਾਂ ਵਿਚ ਜਾਣਾ ਬੰਦ ਕਰ ਦਿੰਦੇ ਹਨ ਕਿਉਂਕਿ ਉਹ ਕੋਈ ਵੱਡਾ ਪਾਪ ਕਰ ਬੈਠੇ ਹਨ। ਉਹ ਸ਼ਾਇਦ ਸੋਚਣ ਕਿ ਜੇ ਉਨ੍ਹਾਂ ਨੇ ਬਜ਼ੁਰਗਾਂ ਨੂੰ ਆਪਣੇ ਪਾਪ ਬਾਰੇ ਦੱਸਿਆ, ਤਾਂ ਉਨ੍ਹਾਂ ਨੂੰ ਕਲੀਸਿਯਾ ਵਿੱਚੋਂ ਕੱਢ ਦਿੱਤਾ ਜਾਵੇਗਾ। ਲੇਕਿਨ ਜੇ ਉਹ ਆਪਣੀ ਕੀਤੀ ਤੋਂ ਪਛਤਾ ਰਹੇ ਹਨ ਅਤੇ ਉਨ੍ਹਾਂ ਨੇ ਉਹ ਪਾਪ ਕਰਨਾ ਛੱਡ ਦਿੱਤਾ ਹੈ, ਤਾਂ ਉਨ੍ਹਾਂ ਨੂੰ ਕਲੀਸਿਯਾ ਵਿੱਚੋਂ ਨਹੀਂ ਕੱਢਿਆ ਜਾਵੇਗਾ। (2 ਕੁਰਿੰ. 7:10, 11) ਇਸ ਦੀ ਬਜਾਇ ਉਨ੍ਹਾਂ ਦਾ ਸੁਆਗਤ ਕੀਤਾ ਜਾਵੇਗਾ ਅਤੇ ਬਜ਼ੁਰਗ ਉਨ੍ਹਾਂ ਦੀ ਮਦਦ ਕਰਨਗੇ ਤਾਂਕਿ ਉਹ ਵਾਪਸ ਆ ਸਕਣ।

13 ਜੇ ਤੁਹਾਨੂੰ ਕਿਸੇ ਭਟਕੇ ਹੋਏ ਭੈਣ ਜਾਂ ਭਰਾ ਨਾਲ ਸਟੱਡੀ ਕਰਨ ਲਈ ਕਿਹਾ ਗਿਆ ਹੈ, ਤਾਂ ਤੁਹਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜੇ ਉਹ ਤੁਹਾਨੂੰ ਦੱਸੇ ਕਿ ਉਸ ਨੇ ਵੱਡਾ ਪਾਪ ਕੀਤਾ ਹੈ? ਜਿਵੇਂ ਅਸੀਂ ਪਹਿਲਾਂ ਦੇਖਿਆ ਸੀ ਇਸ ਬਾਰੇ ਸਾਨੂੰ ਆਪ ਕੁਝ ਨਹੀਂ ਕਰਨਾ ਚਾਹੀਦਾ। ਇਸ ਦੀ ਬਜਾਇ ਸਾਨੂੰ ਸਲਾਹ ਦੇਣੀ ਚਾਹੀਦੀ ਹੈ ਕਿ ਉਹ ਬਜ਼ੁਰਗਾਂ ਨਾਲ ਗੱਲ ਕਰੇ। ਜੇ ਉਹ ਇਸ ਤਰ੍ਹਾਂ ਨਾ ਕਰਨਾ ਚਾਹੇ, ਤਾਂ ਯਹੋਵਾਹ ਦੇ ਨਾਂ ਦੀ ਖ਼ਾਤਰ ਅਤੇ ਕਲੀਸਿਯਾ ਦੀ ਭਲਾਈ ਲਈ ਤੁਹਾਡਾ ਫ਼ਰਜ਼ ਬਣਦਾ ਹੈ ਕਿ ਤੁਸੀਂ ਬਜ਼ੁਰਗਾਂ ਨੂੰ ਇਸ ਬਾਰੇ ਦੱਸੋ। ਬਾਈਬਲ ਵਿਚ ਯਹੋਵਾਹ ਦਾ ਇਹੀ ਹੁਕਮ ਹੈ। (ਲੇਵੀਆਂ 5:1 ਪੜ੍ਹੋ।) ਬਜ਼ੁਰਗਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਮਦਦ ਕਿੱਦਾਂ ਕੀਤੀ ਜਾਣੀ ਚਾਹੀਦੀ ਹੈ ਜੋ ਵਾਪਸ ਆ ਕੇ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦੇ ਹਨ। ਉਨ੍ਹਾਂ ਨੂੰ ਸ਼ਾਇਦ ਤਾੜਨਾ ਦੀ ਜ਼ਰੂਰਤ ਹੋਵੇ। (ਇਬ. 12:7-11) ਜੇ ਭਟਕਿਆ ਹੋਇਆ ਭੈਣ ਜਾਂ ਭਰਾ ਕਬੂਲ ਕਰੇ ਕਿ ਉਸ ਨੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪਾਪ ਕੀਤਾ ਹੈ, ਹੁਣ ਉਹ ਬੁਰਾ ਕੰਮ ਨਹੀਂ ਕਰ ਰਿਹਾ ਹੈ ਅਤੇ ਆਪਣੀ ਕੀਤੀ ਤੋਂ ਪਛਤਾ ਰਿਹਾ ਹੈ, ਤਾਂ ਬਜ਼ੁਰਗ ਉਸ ਦੀ ਮਦਦ ਕਰਨਗੇ ਅਤੇ ਉਸ ਨੂੰ ਯਹੋਵਾਹ ਦੀ ਮਾਫ਼ੀ ਮਿਲ ਸਕਦੀ ਹੈ।—ਯਸਾ. 1:18; 55:7; ਯਾਕੂ. 5:13-16.

ਪੁੱਤਰ ਦੇ ਮੁੜ ਆਉਣ ਦੀ ਖ਼ੁਸ਼ੀ

14. ਆਪਣੇ ਹੀ ਸ਼ਬਦਾਂ ਵਿਚ ਲੂਕਾ 15:11-24 ਵਿਚ ਦਿੱਤੇ ਯਿਸੂ ਦੇ ਦ੍ਰਿਸ਼ਟਾਂਤ ਬਾਰੇ ਦੱਸੋ।

14 ਜੇ ਤੁਹਾਨੂੰ ਭਟਕੇ ਹੋਏ ਭੈਣ ਜਾਂ ਭਰਾ ਦੀ ਮਦਦ ਕਰਨ ਲਈ ਕਿਹਾ ਗਿਆ ਹੈ, ਤਾਂ ਤੁਸੀਂ ਸ਼ਾਇਦ ਲੂਕਾ 15:11-24 ਵਿਚ ਦਿੱਤੇ ਯਿਸੂ ਦੇ ਦ੍ਰਿਸ਼ਟਾਂਤ ਵੱਲ ਧਿਆਨ ਦਿਓ। ਇਸ ਦ੍ਰਿਸ਼ਟਾਂਤ ਵਿਚ ਇਕ ਨੌਜਵਾਨ ਨੇ ਵਿਰਾਸਤ ਵਿਚ ਮਿਲਿਆ ਆਪਣਾ ਸਾਰਾ ਪੈਸਾ ਬਦਚਲਣੀ ਕਰਨ ਵਿਚ ਖ਼ਰਚ ਦਿੱਤਾ। ਅਖ਼ੀਰ ਵਿਚ ਉਹ ਆਪਣੀ ਜ਼ਿੰਦਗੀ ਤੋਂ ਤੰਗ ਆ ਗਿਆ। ਉਹ ਭੁੱਖਾ ਸੀ ਅਤੇ ਉਸ ਨੂੰ ਆਪਣੇ ਘਰ ਵਾਲਿਆਂ ਦੀ ਯਾਦ ਆ ਰਹੀ ਸੀ। ਇਸ ਲਈ ਉਸ ਨੇ ਘਰ ਵਾਪਸ ਜਾਣ ਦਾ ਫ਼ੈਸਲਾ ਕੀਤਾ। ਜਦੋਂ ਉਹ ਆਪਣੇ ਘਰ ਤੋਂ ਹਾਲੇ ਦੂਰ ਹੀ ਸੀ, ਤਾਂ ਉਸ ਦੇ ਪਿਤਾ ਨੇ ਉਸ ਨੂੰ ਦੇਖ ਲਿਆ। ਖ਼ੁਸ਼ੀ ਦੇ ਮਾਰੇ ਉਹ ਉਸ ਵੱਲ ਦੌੜਿਆ ਤੇ ਉਸ ਨੂੰ ਗਲੇ ਲਾ ਕੇ ਉਸ ਨੂੰ ਚੁੰਮਿਆ। ਇਸ ਦ੍ਰਿਸ਼ਟਾਂਤ ਉੱਤੇ ਸੋਚ-ਵਿਚਾਰ ਕਰਨ ਨਾਲ ਇਕ ਭਟਕੇ ਹੋਏ ਭੈਣ ਜਾਂ ਭਰਾ ਨੂੰ ਕਲੀਸਿਯਾ ਵਿਚ ਵਾਪਸ ਆਉਣ ਦਾ ਹੌਸਲਾ ਮਿਲ ਸਕਦਾ ਹੈ। ਸ਼ਤਾਨ ਦੀ ਦੁਨੀਆਂ ਦਾ ਬਹੁਤ ਜਲਦੀ ਨਾਸ਼ ਕੀਤਾ ਜਾਵੇਗਾ ਇਸ ਲਈ ਉਸ ਨੂੰ ਬਿਨਾਂ ਦੇਰ ਕੀਤੇ ਕਲੀਸਿਯਾ ਨੂੰ ਵਾਪਸ ਆਉਣਾ ਚਾਹੀਦਾ ਹੈ।

15. ਕੁਝ ਭੈਣ-ਭਰਾ ਕਲੀਸਿਯਾ ਤੋਂ ਦੂਰ ਕਿਉਂ ਹੋ ਜਾਂਦੇ ਹਨ?

15 ਕਲੀਸਿਯਾ ਤੋਂ ਦੂਰ ਹੋਣ ਵਾਲੇ ਜ਼ਿਆਦਾਤਰ ਭੈਣ-ਭਰਾ ਯਿਸੂ ਦੇ ਦ੍ਰਿਸ਼ਟਾਂਤ ਦੇ ਭਟਕੇ ਹੋਏ ਨੌਜਵਾਨ ਵਰਗੇ ਨਹੀਂ ਹੁੰਦੇ। ਇਕ ਕਿਸ਼ਤੀ ਵਾਂਗ ਜੋ ਕਿਨਾਰੇ ਤੋਂ ਹੌਲੀ-ਹੌਲੀ ਦੂਰ ਰੁੜ੍ਹ ਜਾਂਦੀ ਹੈ, ਕਈ ਭੈਣ-ਭਰਾ ਹੌਲੀ-ਹੌਲੀ ਕਲੀਸਿਯਾ ਤੋਂ ਦੂਰ ਹੋ ਜਾਂਦੇ ਹਨ। ਕੁਝ ਚਿੰਤਾਵਾਂ ਵਿਚ ਇੰਨਾ ਡੁੱਬ ਜਾਂਦੇ ਹਨ ਕਿ ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਨਹੀਂ ਰਹਿੰਦਾ। ਦੂਸਰਿਆਂ ਨੂੰ ਕਿਸੇ ਭੈਣ-ਭਰਾ ਕਾਰਨ ਠੋਕਰ ਲੱਗ ਜਾਂਦੀ ਹੈ ਜਾਂ ਉਹ ਇਸ ਲਈ ਕਲੀਸਿਯਾ ਨੂੰ ਛੱਡ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਬਾਈਬਲ ਦੀ ਕੋਈ ਸਿੱਖਿਆ ਚੰਗੀ ਨਹੀਂ ਲੱਗਦੀ। ਥੋੜ੍ਹੇ ਜਣੇ ਮਾੜੇ ਕੰਮਾਂ ਵਿਚ ਪੈ ਜਾਂਦੇ ਹਨ। ਕਾਰਨ ਜੋ ਵੀ ਹੋਵੇ, ਪਰ ਇਸ ਲੇਖ ਵਿਚ ਦਿੱਤੀ ਜਾਣਕਾਰੀ ਵਰਤ ਕੇ ਤੁਸੀਂ ਸ਼ਾਇਦ ਉਨ੍ਹਾਂ ਦੀ ਮਦਦ ਕਰ ਸਕੋ ਤਾਂਕਿ ਅੰਤ ਆਉਣ ਤੋਂ ਪਹਿਲਾਂ ਉਹ ਕਲੀਸਿਯਾ ਨੂੰ ਵਾਪਸ ਆ ਜਾਣ।

“ਚੰਗਾ ਹੋਇਆ ਤੂੰ ਵਾਪਸ ਆ ਗਿਆ ਪੁੱਤਰਾ”

16-18. (ੳ) ਇਕ ਬਜ਼ੁਰਗ ਨੇ ਉਸ ਭਰਾ ਦੀ ਕਿਵੇਂ ਮਦਦ ਕੀਤੀ ਜੋ ਕਈ ਸਾਲ ਪਹਿਲਾਂ ਸੱਚਾਈ ਨੂੰ ਛੱਡ ਗਿਆ ਸੀ? (ਅ) ਇਹ ਭਰਾ ਸੱਚਾਈ ਨੂੰ ਕਿਉਂ ਛੱਡ ਗਿਆ ਸੀ, ਉਸ ਦੀ ਮਦਦ ਕਿਵੇਂ ਕੀਤੀ ਗਈ ਅਤੇ ਉਸ ਨੂੰ ਦੇਖ ਕੇ ਭੈਣਾਂ-ਭਰਾਵਾਂ ਨੂੰ ਕਿੱਦਾਂ ਲੱਗਾ?

16 ਇਕ ਬਜ਼ੁਰਗ ਨੇ ਕਿਹਾ: “ਸਾਡੀ ਕਲੀਸਿਯਾ ਵਿਚ ਬਜ਼ੁਰਗਾਂ ਵਜੋਂ ਅਸੀਂ ਭਟਕੇ ਹੋਏ ਭੈਣਾਂ-ਭਰਾਵਾਂ ਨੂੰ ਮਿਲਣ ਦੀ ਸਖ਼ਤ ਕੋਸ਼ਿਸ਼ ਕਰਦੇ ਹਾਂ। ਮੈਂ ਇਕ ਭਰਾ ਬਾਰੇ ਸੋਚਿਆ ਜਿਸ ਨਾਲ ਮੈਂ ਕਈ ਸਾਲ ਪਹਿਲਾਂ ਸਟੱਡੀ ਕੀਤੀ ਸੀ, ਪਰ ਤਕਰੀਬਨ 25 ਸਾਲਾਂ ਤੋਂ ਉਹ ਮੀਟਿੰਗਾਂ ਵਿਚ ਨਹੀਂ ਆ ਰਿਹਾ ਸੀ। ਮੈਂ ਉਸ ਨੂੰ ਮਿਲਣ ਗਿਆ ਤੇ ਮੈਨੂੰ ਪਤਾ ਲੱਗਾ ਕਿ ਉਹ ਇਕ ਵੱਡੀ ਮੁਸ਼ਕਲ ਦਾ ਸਾਮ੍ਹਣਾ ਕਰ ਰਿਹਾ ਸੀ। ਸੋ ਮੈਂ ਸਮਝਾਇਆ ਕਿ ਬਾਈਬਲ ਦੀ ਸਲਾਹ ਲਾਗੂ ਕਰਨ ਨਾਲ ਉਸ ਦੀ ਮਦਦ ਹੋ ਸਕਦੀ ਹੈ। ਕੁਝ ਸਮੇਂ ਬਾਅਦ ਉਹ ਮੀਟਿੰਗਾਂ ਵਿਚ ਆਉਣ ਲੱਗ ਪਿਆ ਅਤੇ ਉਸ ਨਾਲ ਫਿਰ ਤੋਂ ਬਾਈਬਲ ਸਟੱਡੀ ਸ਼ੁਰੂ ਕੀਤੀ ਗਈ। ਇਸ ਤਰ੍ਹਾਂ ਕਲੀਸਿਯਾ ਵਿਚ ਵਾਪਸ ਆਉਣ ਦੀ ਉਸ ਦੀ ਮਦਦ ਹੋਈ।”

17 ਇਹ ਭਰਾ ਸੱਚਾਈ ਨੂੰ ਕਿਉਂ ਛੱਡ ਗਿਆ ਸੀ? ਉਸ ਨੇ ਦੱਸਿਆ: “ਯਹੋਵਾਹ ਨਾਲ ਆਪਣੇ ਰਿਸ਼ਤੇ ਨਾਲੋਂ ਮੈਂ ਦੁਨਿਆਵੀ ਗੱਲਾਂ ਵੱਲ ਜ਼ਿਆਦਾ ਧਿਆਨ ਦੇਣ ਲੱਗ ਪਿਆ। ਫਿਰ ਮੈਂ ਬਾਈਬਲ ਪੜ੍ਹਨੀ, ਪ੍ਰਚਾਰ ਕਰਨਾ ਅਤੇ ਮੀਟਿੰਗਾਂ ਵਿਚ ਜਾਣਾ ਛੱਡ ਦਿੱਤਾ। ਮੈਨੂੰ ਪਤਾ ਵੀ ਨਹੀਂ ਲੱਗਿਆ ਕਿ ਮੈਂ ਕਲੀਸਿਯਾ ਤੋਂ ਕਿਵੇਂ ਦੂਰ ਹੋ ਗਿਆ। ਲੇਕਿਨ ਇਕ ਬਜ਼ੁਰਗ ਨੇ ਮੇਰੇ ਵਿਚ ਦਿਲਚਸਪੀ ਲਈ ਤੇ ਮੈਨੂੰ ਬਹੁਤ ਹੌਸਲਾ ਦਿੱਤਾ। ਉਸ ਦੀ ਮਦਦ ਨਾਲ ਮੈਂ ਵਾਪਸ ਆ ਸਕਿਆ।” ਬਾਈਬਲ ਸਟੱਡੀ ਸ਼ੁਰੂ ਕਰਨ ਤੋਂ ਬਾਅਦ ਇਸ ਭਰਾ ਦੀਆਂ ਮੁਸ਼ਕਲਾਂ ਘੱਟ ਗਈਆਂ। ਉਸ ਨੇ ਕਿਹਾ: “ਮੈਨੂੰ ਅਹਿਸਾਸ ਹੋਇਆ ਕਿ ਮੇਰੀ ਜ਼ਿੰਦਗੀ ਵਿਚ ਯਹੋਵਾਹ ਤੇ ਭੈਣਾਂ-ਭਰਾਵਾਂ ਦੇ ਪਿਆਰ ਦੀ ਕਮੀ ਸੀ। ਨਾਲੇ ਸਹੀ ਰਾਹ ਉੱਤੇ ਚੱਲਦੇ ਰਹਿਣ ਲਈ ਮੈਨੂੰ ਯਹੋਵਾਹ ਅਤੇ ਉਸ ਦੇ ਸੰਗਠਨ ਦੀ ਮਦਦ ਦੀ ਸਖ਼ਤ ਲੋੜ ਸੀ।”

18 ਇਸ ਭਰਾ ਨੂੰ ਦੇਖ ਕੇ ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਕਿੱਦਾਂ ਲੱਗਾ? ਭਰਾ ਕਹਿੰਦਾ ਹੈ: “ਮੈਂ ਯਿਸੂ ਦੇ ਦ੍ਰਿਸ਼ਟਾਂਤ ਵਿਚ ਉਸ ਘਰ ਵਾਪਸ ਆਏ ਪੁੱਤਰ ਵਾਂਗ ਮਹਿਸੂਸ ਕੀਤਾ। ਮੈਂ ਇਕ ਸਿਆਣੀ ਭੈਣ ਨੂੰ ਪਛਾਣ ਲਿਆ ਜੋ 30 ਸਾਲ ਪਹਿਲਾਂ ਵੀ ਕਲੀਸਿਯਾ ਵਿਚ ਹੁੰਦੀ ਸੀ। ਉਸ ਨੇ ਮੈਨੂੰ ਦੇਖ ਕਿ ਕਿਹਾ, “ਚੰਗਾ ਹੋਇਆ ਤੂੰ ਵਾਪਸ ਆ ਗਿਆ ਪੁੱਤਰਾ!” ਇਹ ਸੁਣ ਕੇ ਮੇਰੇ ਉੱਤੇ ਡੂੰਘਾ ਅਸਰ ਪਿਆ। ਮੈਨੂੰ ਅਹਿਸਾਸ ਹੋਇਆ ਕਿ ਮੈਂ ਸਹੀ ਟਿਕਾਣੇ ਆ ਗਿਆ ਸੀ। ਮੈਂ ਉਸ ਬਜ਼ੁਰਗ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸ ਨੇ ਮੇਰੀ ਮਦਦ ਕੀਤੀ। ਮੈਂ ਉਸ ਅਤੇ ਕਲੀਸਿਯਾ ਦੇ ਸਾਰੇ ਭੈਣਾਂ-ਭਰਾਵਾਂ ਦੇ ਪਿਆਰ ਅਤੇ ਧੀਰਜ ਲਈ ਵੀ ਸ਼ੁਕਰਗੁਜ਼ਾਰ ਹਾਂ। ਉਨ੍ਹਾਂ ਨੇ ਯਹੋਵਾਹ ਤੇ ਮੇਰੇ ਲਈ ਆਪਣੇ ਪਿਆਰ ਦਾ ਸਬੂਤ ਦਿੱਤਾ ਜਿਸ ਕਰਕੇ ਮੈਂ ਕਲੀਸਿਯਾ ਨੂੰ ਮੁੜ ਸਕਿਆ।”

ਉਨ੍ਹਾਂ ਨੂੰ ਵਾਪਸ ਆਉਣ ਦੀ ਹੱਲਾਸ਼ੇਰੀ ਦਿਓ!

19, 20. ਤੁਸੀਂ ਭਟਕੇ ਹੋਏ ਭੈਣਾਂ-ਭਰਾਵਾਂ ਨੂੰ ਕਲੀਸਿਯਾ ਨੂੰ ਵਾਪਸ ਆਉਣ ਦੀ ਹੱਲਾਸ਼ੇਰੀ ਕਿਵੇਂ ਦੇ ਸਕਦੇ ਹੋ ਅਤੇ ਤੁਸੀਂ ਉਨ੍ਹਾਂ ਨੂੰ ਕੀ ਯਾਦ ਕਰਾ ਸਕਦੇ ਹੋ?

19 ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ ਅਤੇ ਇਸ ਦੁਨੀਆਂ ਦਾ ਅੰਤ ਬਹੁਤ ਨਜ਼ਦੀਕ ਹੈ। ਇਸ ਲਈ ਭਟਕੇ ਹੋਏ ਭੈਣਾਂ-ਭਰਾਵਾਂ ਨੂੰ ਦੇਰ ਕੀਤੇ ਬਿਨਾਂ ਮੀਟਿੰਗਾਂ ਵਿਚ ਆਉਣ ਦੀ ਹੱਲਾਸ਼ੇਰੀ ਦਿਓ। ਉਨ੍ਹਾਂ ਨੂੰ ਯਾਦ ਕਰਾਓ ਕਿ ਸ਼ਤਾਨ ਯਹੋਵਾਹ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਤੋੜਨ ਤੇ ਤੁਲਿਆ ਹੋਇਆ ਹੈ। ਉਹ ਉਨ੍ਹਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦਾ ਹੈ ਕਿ ਜੇ ਉਹ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਣ, ਤਾਂ ਉਨ੍ਹਾਂ ਦੇ ਬੋਝ ਹਲਕੇ ਹੋ ਜਾਣਗੇ। ਤੁਸੀਂ ਉਨ੍ਹਾਂ ਨੂੰ ਭਰੋਸਾ ਦਿਵਾ ਸਕਦੇ ਹੋ ਕਿ ਸਿਰਫ਼ ਯਿਸੂ ਦੇ ਚੇਲੇ ਬਣ ਕੇ ਉਨ੍ਹਾਂ ਨੂੰ ਆਰਾਮ ਮਿਲ ਸਕਦਾ ਹੈ।—ਮੱਤੀ 11:28-30 ਪੜ੍ਹੋ।

20 ਭਟਕੇ ਹੋਏ ਭੈਣਾਂ-ਭਰਾਵਾਂ ਨੂੰ ਯਾਦ ਕਰਾਓ ਕਿ ਪਰਮੇਸ਼ੁਰ ਇਹ ਆਸ ਰੱਖਦਾ ਹੈ ਕਿ ਅਸੀਂ ਉਹ ਕਰਾਂਗੇ ਜੋ ਅਸੀਂ ਕਰ ਸਕਦੇ ਹਾਂ। ਯਿਸੂ ਦੀ ਮੌਤ ਤੋਂ ਪਹਿਲਾਂ ਜਦੋਂ ਲਾਜ਼ਰ ਦੀ ਭੈਣ ਮਰਿਯਮ ਨੇ ਉਸ ਦੇ ਸਿਰ ਉੱਤੇ ਮਹਿੰਗਾ ਤੇਲ ਪਾਇਆ ਸੀ, ਤਾਂ ਕਈਆਂ ਨੇ ਉਸ ਨੂੰ ਬੁਰਾ-ਭਲਾ ਕਿਹਾ। ਲੇਕਿਨ ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਉਸ ਨੂੰ ਕੁਝ ਨਾ ਕਹੋ . . . ਉਹ ਜੋ ਕੁਝ ਕਰ ਸਕਦੀ ਸੀ, ਉਸ ਨੇ ਕੀਤਾ।” (ਮਰ. 14:6-8, CL) ਯਿਸੂ ਨੇ ਉਸ ਕੰਗਾਲ ਵਿਧਵਾ ਦੀ ਵੀ ਸਿਫ਼ਤ ਕੀਤੀ ਸੀ ਜਿਸ ਨੇ ਹੈਕਲ ਵਿਚ ਦੋ ਛੋਟੇ ਸਿੱਕੇ ਦਾਨ ਕੀਤੇ। ਉਸ ਨੇ ਵੀ ਉਹ ਕੀਤਾ ਜੋ ਉਹ ਕਰ ਸਕਦੀ ਸੀ। (ਲੂਕਾ 21:1-4) ਅਸੀਂ ਕੀ ਕਰ ਸਕਦੇ ਹਾਂ? ਸਾਡੇ ਵਿੱਚੋਂ ਜ਼ਿਆਦਾਤਰ ਭੈਣ-ਭਰਾ ਮੀਟਿੰਗਾਂ ਵਿਚ ਜਾ ਸਕਦੇ ਹਨ ਅਤੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਸਕਦੇ ਹਨ। ਯਹੋਵਾਹ ਦੀ ਮਦਦ ਨਾਲ ਭਟਕੇ ਹੋਏ ਭੈਣ-ਭਰਾ ਵੀ ਫਿਰ ਤੋਂ ਇਹ ਕੰਮ ਕਰ ਸਕਣਗੇ।

21, 22. ਵਾਪਸ ਮੁੜਨ ਵਾਲਿਆਂ ਨੂੰ ਤੁਸੀਂ ਕਿਹੜਾ ਭਰੋਸਾ ਦਿਵਾ ਸਕਦੇ ਹੋ?

21 ਜੇ ਕੋਈ ਕਲੀਸਿਯਾ ਤੋਂ ਦੂਰ ਹੋ ਗਿਆ ਹੈ ਅਤੇ ਫਿਰ ਤੋਂ ਆਪਣੇ ਭੈਣਾਂ-ਭਰਾਵਾਂ ਨੂੰ ਮਿਲਣ ਤੋਂ ਡਰਦਾ ਹੈ, ਤਾਂ ਤੁਸੀਂ ਉਸ ਨੂੰ ਯਾਦ ਕਰਾ ਸਕਦੇ ਹੋ ਕਿ ਯਿਸੂ ਦੇ ਦ੍ਰਿਸ਼ਟਾਂਤ ਵਿਚ ਭਟਕੇ ਹੋਏ ਪੁੱਤਰ ਦੇ ਘਰ ਆਉਣ ਤੇ ਬਹੁਤ ਖ਼ੁਸ਼ੀ ਹੋਈ ਸੀ। ਇਸੇ ਤਰ੍ਹਾਂ ਭਟਕੇ ਹੋਏ ਭੈਣ-ਭਰਾ ਨੂੰ ਦੇਖ ਕੇ ਭੈਣਾਂ-ਭਰਾਵਾਂ ਨੂੰ ਬਹੁਤ ਖ਼ੁਸ਼ੀ ਹੋਵੇਗੀ। ਉਸ ਨੂੰ ਸ਼ਤਾਨ ਦਾ ਸਾਮ੍ਹਣਾ ਕਰਨ ਅਤੇ ਪਰਮੇਸ਼ੁਰ ਦੇ ਨੇੜੇ ਹੋਣ ਦਾ ਉਤਸ਼ਾਹ ਦਿਓ।—ਯਾਕੂ. 4:7, 8.

22 ਯਹੋਵਾਹ ਨੂੰ ਵਾਪਸ ਮੁੜ ਆਉਣ ਵਾਲਿਆਂ ਦਾ ਖ਼ੁਸ਼ੀ ਨਾਲ ਸੁਆਗਤ ਕੀਤਾ ਜਾਵੇਗਾ। (ਵਿਰ. 3:40) ਜਦ ਉਹ ਪਹਿਲਾਂ ਯਹੋਵਾਹ ਦੀ ਸੇਵਾ ਕਰਦੇ ਹੁੰਦੇ ਸੀ, ਤਾਂ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਮਿਲੀ ਹੋਣੀ। ਜੇ ਅੰਤ ਆਉਣ ਤੋਂ ਪਹਿਲਾਂ ਉਹ ਵਾਪਸ ਮੁੜਨਗੇ, ਤਾਂ ਉਨ੍ਹਾਂ ਨੂੰ ਅਣਗਿਣਤ ਬਰਕਤਾਂ ਮਿਲਣਗੀਆਂ।

ਤੁਸੀਂ ਕੀ ਜਵਾਬ ਦਿਓਗੇ?

• ਤੁਸੀਂ ਉਸ ਦੀ ਮਦਦ ਕਿਵੇਂ ਕਰ ਸਕਦੇ ਹੋ ਜਿਸ ਨੇ ਠੋਕਰ ਲੱਗਣ ਤੇ ਕਲੀਸਿਯਾ ਨੂੰ ਛੱਡ ਦਿੱਤਾ?

• ਉਸ ਭੈਣ ਜਾਂ ਭਰਾ ਨੂੰ ਕੀ ਕਿਹਾ ਜਾ ਸਕਦਾ ਹੈ ਜੋ ਇਸ ਲਈ ਕਲੀਸਿਯਾ ਨੂੰ ਛੱਡ ਗਿਆ ਹੈ ਕਿਉਂਕਿ ਉਸ ਨੂੰ ਬਾਈਬਲ ਦੀ ਕੋਈ ਸਿੱਖਿਆ ਚੰਗੀ ਨਹੀਂ ਲੱਗੀ?

• ਅਸੀਂ ਉਸ ਦੀ ਮਦਦ ਕਿਵੇਂ ਕਰ ਸਕਦੇ ਹਾਂ ਜੋ ਕਲੀਸਿਯਾ ਨੂੰ ਮੁੜ ਆਉਣ ਤੋਂ ਡਰਦਾ ਹੈ?

[ਸਵਾਲ]

[ਸਫ਼ਾ 13 ਉੱਤੇ ਤਸਵੀਰ]

ਜਦ ਭਟਕਿਆ ਹੋਇਆ ਭੈਣ ਜਾਂ ਭਰਾ ਦਿਲ ਖੋਲ੍ਹ ਕੇ ਗੱਲ ਕਰਦਾ ਹੈ, ਤਾਂ ਧਿਆਨ ਨਾਲ ਸੁਣੋ

[ਸਫ਼ਾ 15 ਉੱਤੇ ਤਸਵੀਰ]

ਘਰ ਵਾਪਸ ਆਏ ਪੁੱਤਰ ਦੇ ਦ੍ਰਿਸ਼ਟਾਂਤ ਉੱਤੇ ਸੋਚ-ਵਿਚਾਰ ਕਰ ਕੇ ਭਟਕੇ ਹੋਏ ਭੈਣ-ਭਰਾ ਸ਼ਾਇਦ ਕਲੀਸਿਯਾ ਵਿਚ ਵਾਪਸ ਆਉਣ