Skip to content

Skip to table of contents

ਤੁਸੀਂ ਕਿਹੋ ਜਿਹੇ ਇਨਸਾਨ ਬਣਨਾ ਚਾਹੁੰਦੇ ਹੋ?

ਤੁਸੀਂ ਕਿਹੋ ਜਿਹੇ ਇਨਸਾਨ ਬਣਨਾ ਚਾਹੁੰਦੇ ਹੋ?

ਤੁਸੀਂ ਕਿਹੋ ਜਿਹੇ ਇਨਸਾਨ ਬਣਨਾ ਚਾਹੁੰਦੇ ਹੋ?

ਫ਼ਿਲਪੀਨ ਦੇ ਇਕ ਸ਼ਹਿਰ ਦੇ ਥਾਣੇਦਾਰ ਨੇ ਸਾਡੀ ਪਾਇਨੀਅਰ ਭੈਣ ਨੂੰ ਪੁੱਛਿਆ: “ਤੁਸੀਂ ਇਸ ਬੰਦੇ ਦਾ ਚਾਲ-ਚਲਣ ਕਿਵੇਂ ਬਦਲ ਸਕੇ ਹੋ?” ਉਸ ਨੇ ਕਾਗਜ਼ਾਂ ਦੇ ਥੱਜੇ ਵੱਲ ਇਸ਼ਾਰਾ ਕਰਦਿਆਂ ਕਿਹਾ: “ਕੀ ਤੁਸੀਂ ਜਾਣਦੇ ਹੋ ਕਿ ਇਹ ਸਾਰੇ ਉਸ ਦੇ ਖ਼ਿਲਾਫ਼ ਦਰਜ ਕੀਤੇ ਗਏ ਮੁਕੱਦਮੇ ਸਨ? ਇਸ ਨੇ ਸਾਡੇ ਨੱਕ ਵਿਚ ਦਮ ਕੀਤਾ ਹੋਇਆ ਸੀ, ਪਰ ਤੁਹਾਡੇ ਕਾਰਨ ਸਾਡੀ ਪਰੇਸ਼ਾਨੀ ਦੂਰ ਹੋਈ।” ਉਹ ਬੰਦਾ ਸ਼ਰਾਬਾਂ ਪੀ-ਪੀ ਕੇ ਲੋਕਾਂ ਨੂੰ ਕੁੱਟਦਾ-ਮਾਰਦਾ ਹੁੰਦਾ ਸੀ। ਉਸ ਨੂੰ ਆਪਣੀ ਜ਼ਿੰਦਗੀ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕਰਨ ਦੀ ਪ੍ਰੇਰਣਾ ਕਿੱਥੋਂ ਮਿਲੀ ਸੀ? ਇਹ ਪ੍ਰੇਰਣਾ ਉਸ ਨੂੰ ਪਰਮੇਸ਼ੁਰ ਦੇ ਬਚਨ ਬਾਈਬਲ ਤੋਂ ਮਿਲੀ ਸੀ।

ਬਹੁਤ ਸਾਰੇ ਲੋਕ ਪੌਲੁਸ ਰਸੂਲ ਦੀ ਇਸ ਸਲਾਹ ਉੱਤੇ ਚਲੇ ਹਨ: ‘ਅਗਲੇ ਚਲਣ ਦੀ ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟੋ ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।’ (ਅਫ਼. 4:22-24) ਭਾਵੇਂ ਸਾਨੂੰ ਵੱਡੀਆਂ, ਭਾਵੇਂ ਛੋਟੀਆਂ ਤਬਦੀਲੀਆਂ ਕਰਨ ਦੀ ਲੋੜ ਹੈ, ਫਿਰ ਵੀ ਯਹੋਵਾਹ ਦੇ ਗਵਾਹ ਬਣਨ ਲਈ ਸਾਨੂੰ ਆਪਣੇ ਸੁਭਾਅ ਨੂੰ ਬਦਲ ਕੇ ਨਵੀਂ ਇਨਸਾਨੀਅਤ ਪਹਿਨਣੀ ਚਾਹੀਦੀ ਹੈ।

ਬਪਤਿਸਮਾ ਲੈਣ ਤੋਂ ਪਹਿਲਾਂ ਜੋ ਤਬਦੀਲੀਆਂ ਅਸੀਂ ਆਪਣੀ ਜ਼ਿੰਦਗੀ ਵਿਚ ਕਰਦੇ ਹਾਂ, ਉਹ ਇਕ ਸ਼ੁਰੂਆਤ ਹੀ ਹਨ। ਉਸ ਸਮੇਂ ਸਾਡੀ ਤੁਲਨਾ ਲੱਕੜੀ ਦੇ ਇਕ ਟੁਕੜੇ ਨਾਲ ਕੀਤੀ ਜਾ ਸਕਦੀ ਹੈ ਜਿਸ ਨੂੰ ਕਾਰੀਗਰ ਕੋਈ ਸਜਾਵਟੀ ਚੀਜ਼ ਬਣਾਉਣ ਲਈ ਵਰਤਦਾ ਹੈ। ਪਹਿਲਾਂ-ਪਹਿਲਾਂ ਉਸ ਨੂੰ ਕੁਝ ਹੱਦ ਤਕ ਰੂਪ ਦਿੱਤਾ ਜਾਂਦਾ ਹੈ, ਪਰ ਅਜੇ ਕਾਫ਼ੀ ਕੰਮ ਬਾਕੀ ਰਹਿੰਦਾ ਹੈ। ਛੋਟੀਆਂ-ਛੋਟੀਆਂ ਬਾਰੀਕੀਆਂ ਨੂੰ ਉਭਾਰਨ ਨਾਲ ਕਾਰੀਗਰ ਉਸ ਚੀਜ਼ ਨੂੰ ਹੋਰ ਵੀ ਖੂਬਸੂਰਤ ਬਣਾਉਂਦਾ ਹੈ। ਇਸੇ ਤਰ੍ਹਾਂ ਬਪਤਿਸਮੇ ਵੇਲੇ ਸਾਡੇ ਵਿਚ ਉਹ ਖੂਬੀਆਂ ਤਾਂ ਹੁੰਦੀਆਂ ਹਨ ਜੋ ਪਰਮੇਸ਼ੁਰ ਦੇ ਸੇਵਕ ਬਣਨ ਲਈ ਜ਼ਰੂਰੀ ਹਨ, ਪਰ ਫਿਰ ਵੀ ਸਾਨੂੰ ਆਪਣਾ ਸੁਭਾਅ ਨਿਖਾਰਦੇ ਰਹਿਣਾ ਚਾਹੀਦਾ ਹੈ।

ਪੌਲੁਸ ਨੇ ਵੀ ਦੇਖਿਆ ਕਿ ਉਸ ਨੂੰ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਦੀ ਲੋੜ ਸੀ। ਉਸ ਨੇ ਕਿਹਾ: “ਜਦ ਮੈਂ ਭਲਿਆਈ ਕਰਨਾ ਚਾਹੁੰਦਾ ਹਾਂ ਤਦੋਂ ਬੁਰਿਆਈ ਹਾਜ਼ਰ ਹੁੰਦੀ ਹੈ।” (ਰੋਮੀ. 7:21) ਪੌਲੁਸ ਆਪਣੀਆਂ ਕਮੀਆਂ-ਕਮਜ਼ੋਰੀਆਂ ਤੋਂ ਜਾਣੂ ਸੀ, ਪਰ ਉਹ ਇਹ ਵੀ ਜਾਣਦਾ ਸੀ ਕਿ ਉਹ ਸੁਧਾਰ ਕਰ ਕੇ ਕਿਹੋ ਜਿਹਾ ਇਨਸਾਨ ਬਣ ਸਕਦਾ ਸੀ। ਸਾਡੇ ਬਾਰੇ ਕੀ? ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਮੈਂ ਕਿਹੋ ਜਿਹਾ ਇਨਸਾਨ ਹਾਂ? ਮੈਂ ਕਿਹੋ ਜਿਹਾ ਇਨਸਾਨ ਬਣਨਾ ਚਾਹੁੰਦਾ ਹਾਂ?’

ਮੈਂ ਕਿਹੋ ਜਿਹਾ ਇਨਸਾਨ ਹਾਂ?

ਜੇ ਪੁਰਾਣੇ ਘਰ ਦੇ ਸ਼ਤੀਰ ਗੱਲੇ ਹੋਏ ਹਨ, ਤਾਂ ਉਸ ਦੀ ਮੁਰੰਮਤ ਕਰਨ ਲਈ ਪੋਚਾਪਾਚੀ ਕਰਨੀ ਕਾਫ਼ੀ ਨਹੀਂ ਹੈ। ਜੇ ਸਮੇਂ ਸਿਰ ਮੁਰੰਮਤ ਨਾ ਕੀਤੀ ਗਈ, ਤਾਂ ਬਾਅਦ ਵਿਚ ਪਛਤਾਉਣਾ ਪਵੇਗਾ। ਇਸੇ ਤਰ੍ਹਾਂ ਉੱਪਰੋਂ-ਉੱਪਰੋਂ ਚੰਗੇ ਇਨਸਾਨ ਬਣਨਾ ਕਾਫ਼ੀ ਨਹੀਂ ਹੈ। ਸਾਨੂੰ ਦੇਖਣਾ ਚਾਹੀਦਾ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ। ਜੇ ਸਾਡੇ ਵਿਚ ਕਮੀਆਂ ਹਨ, ਤਾਂ ਉਨ੍ਹਾਂ ਨੂੰ ਪਛਾਣਨ ਦੀ ਲੋੜ ਹੈ। ਨਹੀਂ ਤਾਂ ਅਸੀਂ ਫਿਰ ਤੋਂ ਪੁਰਾਣੀਆਂ ਆਦਤਾਂ ਵਿਚ ਪੈ ਸਕਦੇ ਹਾਂ ਤੇ ਉਹ ਕੰਮ ਕਰਨ ਲੱਗ ਸਕਦੇ ਹਾਂ ਜੋ ਅਸੀਂ ਸੱਚਾਈ ਸਿੱਖਣ ਤੋਂ ਪਹਿਲਾਂ ਕਰਦੇ ਹੁੰਦੇ ਸੀ। ਇਸ ਲਈ ਸਾਨੂੰ ਆਪਣੇ ਆਪ ਨੂੰ ਪਰਖਣ ਦੀ ਸਖ਼ਤ ਲੋੜ ਹੈ। (2 ਕੁਰਿੰ. 13:5) ਪਰਖਣ ਤੋਂ ਬਾਅਦ ਸਾਨੂੰ ਯਹੋਵਾਹ ਦੀ ਮਦਦ ਨਾਲ ਆਪਣੇ ਆਪ ਵਿਚ ਸੁਧਾਰ ਕਰਨਾ ਚਾਹੀਦਾ ਹੈ।

ਪੌਲੁਸ ਨੇ ਲਿਖਿਆ: “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।” (ਇਬ. 4:12) ਪਰਮੇਸ਼ੁਰ ਦੇ ਬਚਨ ਦਾ ਸਾਡੇ ਉੱਤੇ ਵੱਡਾ ਅਸਰ ਪੈ ਸਕਦਾ ਹੈ। ਇਹ ਮਾਨੋ ਸਾਡੀਆਂ ਹੱਡੀਆਂ ਦੇ ਅੰਦਰ ਤਕ ਪਹੁੰਚਦਾ ਹੈ। ਇਸ ਦੀ ਮਦਦ ਨਾਲ ਅਸੀਂ ਜਾਣ ਸਕਦੇ ਹਾਂ ਕਿ ਸਾਡੇ ਖ਼ਿਆਲ ਕੀ ਹਨ, ਅਸੀਂ ਕੀ ਸੋਚਦੇ ਹਾਂ, ਅਸੀਂ ਅਸਲ ਵਿਚ ਕਿਹੋ ਜਿਹੇ ਇਨਸਾਨ ਹਾਂ ਅਤੇ ਅਸੀਂ ਕੋਈ ਕੰਮ ਕਿਉਂ ਕਰਦੇ ਹਾਂ। ਅਸੀਂ ਜਾਣ ਸਕਦੇ ਹਾਂ ਕਿ ਅਸੀਂ ਸੱਚ-ਮੁੱਚ ਚੰਗੇ ਹਾਂ ਜਾਂ ਸਿਰਫ਼ ਚੰਗੇ ਬਣਨ ਦਾ ਦਿਖਾਵਾ ਕਰ ਰਹੇ ਹਾਂ। ਪਰਮੇਸ਼ੁਰ ਦੇ ਬਚਨ ਦੀ ਮਦਦ ਨਾਲ ਅਸੀਂ ਦੇਖ ਸਕਾਂਗੇ ਕਿ ਸਾਨੂੰ ਕਿੱਥੇ ਤਬਦੀਲੀਆਂ ਕਰਨ ਦੀ ਲੋੜ ਹੈ!

ਪੁਰਾਣੇ ਘਰ ਦੀ ਮੁਰੰਮਤ ਕਰਦੇ ਵਕਤ ਸਭ ਕੁਝ ਨਵਾਂ ਲਗਾ ਦੇਣਾ ਕਾਫ਼ੀ ਨਹੀਂ ਹੈ। ਇਹ ਜਾਣਨਾ ਵੀ ਜ਼ਰੂਰੀ ਹੈ ਕਿ ਕੋਈ ਖ਼ਰਾਬੀ ਕਿਉਂ ਪੈਦਾ ਹੋਈ ਸੀ ਤਾਂਕਿ ਉਹੀ ਖ਼ਰਾਬੀ ਮੁੜ ਕੇ ਨਾ ਪਵੇ। ਇਸੇ ਤਰ੍ਹਾਂ ਜ਼ਰੂਰੀ ਹੈ ਕਿ ਅਸੀਂ ਨਾ ਸਿਰਫ਼ ਆਪਣੀਆਂ ਕਮੀਆਂ-ਕਮਜ਼ੋਰੀਆਂ ਪਛਾਣੀਏ, ਪਰ ਇਹ ਵੀ ਜਾਣੀਏ ਕਿ ਇਹ ਕਿਉਂ ਪੈਦਾ ਹੋਈਆਂ ਸਨ। ਜੇ ਅਸੀਂ ਜਾਣ ਜਾਈਏ ਕਿ ਅਸੀਂ ਕੋਈ ਕੰਮ ਕਿਉਂ ਕਰਦੇ ਹਾਂ, ਤਾਂ ਅਸੀਂ ਆਪਣੀਆਂ ਗ਼ਲਤੀਆਂ ਦੁਹਰਾਉਣ ਤੋਂ ਬਚ ਸਕਦੇ ਹਾਂ। ਕਿਨ੍ਹਾਂ ਚੀਜ਼ਾਂ ਦਾ ਸਾਡੇ ਸੁਭਾਅ ਤੇ ਅਸਰ ਪੈ ਸਕਦਾ ਹੈ? ਇਨ੍ਹਾਂ ਵਿੱਚੋਂ ਕੁਝ ਹਨ: ਸਾਡੀ ਹੈਸੀਅਤ, ਸਾਡੀ ਮਾਲੀ ਹਾਲਤ, ਸਾਡਾ ਮਾਹੌਲ, ਸਾਡੀ ਸੰਸਕ੍ਰਿਤੀ, ਸਾਡੇ ਮਾਂ-ਬਾਪ, ਸਾਡੇ ਦੋਸਤ-ਮਿੱਤਰ ਅਤੇ ਸਾਡਾ ਧਰਮ। ਜਦ ਅਸੀਂ ਫਿਲਮਾਂ ਜਾਂ ਟੈਲੀਵਿਯਨ ਦਾ ਕੋਈ ਪ੍ਰੋਗ੍ਰਾਮ ਦੇਖਦੇ ਹਾਂ ਜਾਂ ਕਿਸੇ ਹੋਰ ਮਨੋਰੰਜਨ ਦਾ ਆਨੰਦ ਮਾਣਦੇ ਹਾਂ, ਤਾਂ ਉਸ ਦਾ ਵੀ ਸਾਡੇ ਉੱਤੇ ਡੂੰਘਾ ਅਸਰ ਪੈਂਦਾ ਹੈ। ਜੇ ਅਸੀਂ ਪਛਾਣ ਲਵਾਂਗੇ ਕਿ ਕਿਨ੍ਹਾਂ ਚੀਜ਼ਾਂ ਦਾ ਸਾਡੇ ਤੇ ਮਾੜਾ ਅਸਰ ਪੈਂਦਾ ਹੈ, ਤਾਂ ਅਸੀਂ ਉਨ੍ਹਾਂ ਦੇ ਅਸਰ ਹੇਠ ਆਉਣ ਤੋਂ ਬਚ ਸਕਾਂਗੇ।

ਆਪਣੀ ਜਾਂਚ ਕਰਨ ਤੋਂ ਬਾਅਦ ਅਸੀਂ ਸ਼ਾਇਦ ਕਹੀਏ ਕਿ ‘ਮੈਂ ਤਾਂ ਬੱਸ ਐਦਾਂ ਦਾ ਹੀ ਹਾਂ।’ ਇਸ ਤਰ੍ਹਾਂ ਸੋਚਣਾ ਗ਼ਲਤ ਹੈ। ਕੁਰਿੰਥੁਸ ਦੀ ਕਲੀਸਿਯਾ ਨੂੰ ਚਿੱਠੀ ਲਿਖਦੇ ਹੋਏ ਪੌਲੁਸ ਨੇ ਉਨ੍ਹਾਂ ਦੀ ਗੱਲ ਕੀਤੀ ਜੋ ਪਹਿਲਾਂ ਹਰਾਮਕਾਰੀ, ਮੁੰਡੇਬਾਜ਼ੀ, ਸ਼ਰਾਬ ਪੀਣ ਅਤੇ ਇਹੋ ਜਿਹੇ ਹੋਰ ਮੰਦੇ ਕੰਮ ਕਰਦੇ ਸਨ। ਪੌਲੁਸ ਨੇ ਉਨ੍ਹਾਂ ਨੂੰ ਲਿਖਿਆ: “ਤੁਹਾਡੇ ਵਿੱਚੋਂ ਕਈਕੁ ਏਹੋ ਜੇਹੇ ਸਨ ਪਰ . . . ਤੁਸੀਂ ਧੋਤੇ ਗਏ।” (1 ਕੁਰਿੰ. 6:9-11) ਯਹੋਵਾਹ ਦੀ ਮਦਦ ਨਾਲ ਅਸੀਂ ਵੀ ਤਬਦੀਲੀਆਂ ਕਰ ਸਕਦੇ ਹਾਂ।

ਹੁਣ ਆਓ ਆਪਾਂ ਫ਼ਿਲਪੀਨ ਵਿਚ ਰਹਿਣ ਵਾਲੇ ਇਕ ਆਦਮੀ ਦੀ ਗੱਲ ਕਰੀਏ ਜਿਸ ਨੂੰ ਅਸੀਂ ਮਾਰਕੋਸ ਕਹਾਂਗੇ। ਆਪਣੇ ਬਚਪਨ ਦੀ ਗੱਲ ਕਰਦੇ ਹੋਏ ਮਾਰਕੋਸ ਨੇ ਕਿਹਾ ਕਿ “ਮੇਰੇ ਮਾਪੇ ਹਮੇਸ਼ਾ ਲੜਦੇ ਰਹਿੰਦੇ ਸਨ। ਇਸੇ ਕਰਕੇ ਜਦ ਮੈਂ 19 ਸਾਲਾਂ ਦਾ ਹੋਇਆ, ਤਾਂ ਮੈਂ ਬੁਰੇ ਕੰਮ ਕਰਨ ਲੱਗਾ।” ਮਾਰਕੋਸ ਜੂਏਬਾਜ਼ੀ, ਡਾਕੇ ਅਤੇ ਲੁੱਟਮਾਰ ਕਰਨ ਲਈ ਮਸ਼ਹੂਰ ਹੋ ਗਿਆ। ਇਕ ਵਾਰ ਉਸ ਨੇ ਆਪਣੇ ਸਾਥੀਆਂ ਨਾਲ ਹਵਾਈ ਜਹਾਜ਼ ਹਾਈਜੈਕ ਕਰਨ ਦਾ ਪਲੈਨ ਬਣਾਇਆ, ਪਰ ਇਸ ਨੂੰ ਉਹ ਸਿਰੇ ਨਹੀਂ ਚੜ੍ਹਾ ਪਾਏ। ਵਿਆਹ ਕਰਾਉਣ ਤੋਂ ਬਾਅਦ ਵੀ ਮਾਰਕੋਸ ਸੁਧਰਿਆ ਨਹੀਂ ਸੀ। ਉਸ ਦੀ ਪਤਨੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਦੀ ਹੁੰਦੀ ਸੀ। ਆਖ਼ਰਕਾਰ ਜੂਏਬਾਜ਼ੀ ਵਿਚ ਮਾਰਕੋਸ ਆਪਣਾ ਸਭ ਕੁਝ ਗੁਆ ਬੈਠਾ। ਇਸ ਤੋਂ ਕੁਝ ਸਮੇਂ ਬਾਅਦ ਉਹ ਵੀ ਆਪਣੀ ਪਤਨੀ ਨਾਲ ਸਟੱਡੀ ਕਰਨ ਲੱਗਾ। ਪਹਿਲਾਂ-ਪਹਿਲਾਂ ਉਸ ਨੂੰ ਨਹੀਂ ਲੱਗਦਾ ਸੀ ਕਿ ਉਹ ਯਹੋਵਾਹ ਦਾ ਗਵਾਹ ਬਣਨ ਦੇ ਲਾਇਕ ਸੀ। ਪਰ ਫਿਰ ਉਸ ਨੇ ਬਾਈਬਲ ਤੋਂ ਸਿੱਖੀਆਂ ਗੱਲਾਂ ਤੇ ਅਮਲ ਕੀਤਾ ਅਤੇ ਮੀਟਿੰਗਾਂ ਦੀ ਮਦਦ ਨਾਲ ਉਹ ਆਪਣੀਆਂ ਬੁਰੀਆਂ ਆਦਤਾਂ ਤੇ ਕਾਬੂ ਪਾ ਸਕਿਆ। ਹੁਣ ਉਹ ਬਪਤਿਸਮਾ ਲੈ ਚੁੱਕਾ ਹੈ ਤੇ ਹੋਰਨਾਂ ਨੂੰ ਵੀ ਬਾਕਾਇਦਾ ਸਿਖਾਉਂਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਿਵੇਂ ਕਰ ਸਕਦੇ ਹਨ।

ਮੈਂ ਕਿਹੋ ਜਿਹਾ ਇਨਸਾਨ ਬਣਨਾ ਚਾਹੁੰਦਾ ਹਾਂ?

ਸਾਨੂੰ ਆਪਣੇ ਆਪ ਵਿਚ ਕਿਹੋ ਜਿਹੀਆਂ ਤਬਦੀਲੀਆਂ ਕਰਨ ਦੀ ਲੋੜ ਹੈ ਤਾਂਕਿ ਅਸੀਂ ਚੰਗੇ ਇਨਸਾਨ ਬਣ ਸਕੀਏ? ਪੌਲੁਸ ਨੇ ਸਾਨੂੰ ਕਿਹਾ: “ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਰਥਾਤ ਕੋਪ, ਕ੍ਰੋਧ, ਬਦੀ, ਦੁਰਬਚਨ, ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ। ਇੱਕ ਦੂਏ ਨਾਲ ਝੂਠ ਨਾ ਮਾਰੋ ਕਿਉਂ ਜੋ ਤੁਸਾਂ ਪੁਰਾਣੀ ਇਨਸਾਨੀਅਤ ਨੂੰ ਉਹ ਦੀਆਂ ਕਰਨੀਆਂ ਸਣੇ ਲਾਹ ਸੁੱਟਿਆ ਅਤੇ ਨਵੀਂ ਨੂੰ ਪਹਿਨ ਲਿਆ ਜੋ ਪੂਰਨ ਗਿਆਨ ਲਈ ਆਪਣੇ ਕਰਤਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ।”—ਕੁਲੁ. 3:8-10.

ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟੀਏ ਅਤੇ ਨਵੀਂ ਨੂੰ ਪਹਿਨ ਲਈਏ। ਇਸ ਤਰ੍ਹਾਂ ਕਰਨ ਲਈ ਸਾਨੂੰ ਕਿਹੋ ਜਿਹੇ ਗੁਣ ਪੈਦਾ ਕਰਨ ਦੀ ਲੋੜ ਹੈ? ਪੌਲੁਸ ਨੇ ਕਿਹਾ: “ਤੁਸੀਂ . . . ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ ਅਤੇ ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ ਅਤੇ ਇਨ੍ਹਾਂ ਸਭਨਾਂ ਦੇ ਉੱਤੋਂ ਦੀ ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ।” (ਕੁਲੁ. 3:12-14) ਜੇ ਅਸੀਂ ਇਸ ਤਰ੍ਹਾਂ ਦੇ ਗੁਣ ਪੈਦਾ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰਾਂਗੇ, ਤਾਂ ਅਸੀਂ “ਪਰਮੇਸ਼ੁਰ ਤੋਂ ਅਤੇ ਲੋਕਾਂ ਤੋਂ ਇੱਜ਼ਤ ਪ੍ਰਾਪਤ” ਕਰ ਸਕਾਂਗੇ। (1 ਸਮੂ. 2:26, ERV) ਜਦ ਯਿਸੂ ਧਰਤੀ ਤੇ ਸੀ, ਤਾਂ ਉਹ ਲੋਕਾਂ ਨਾਲ ਆਪਣੇ ਪਿਤਾ ਯਹੋਵਾਹ ਵਾਂਗ ਪੇਸ਼ ਆਇਆ। ਇਸ ਵਿਚ ਉਸ ਨੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ। ਜੇ ਅਸੀਂ ਯਿਸੂ ਦੀ ਮਿਸਾਲ ਦੀ ਸਟੱਡੀ ਕਰ ਕੇ ਉਸ ਦੀ ਰੀਸ ਕਰਾਂਗੇ, ਤਾਂ ਅਸੀਂ ਯਿਸੂ ਦੀ ਨਕਲ ਕਰਦੇ-ਕਰਦੇ “ਪਰਮੇਸ਼ੁਰ ਦੀ ਰੀਸ” ਕਰ ਪਾਵਾਂਗੇ।—ਅਫ਼. 5:1, 2.

ਬਾਈਬਲ ਵਿਚ ਹੋਰਨਾਂ ਲੋਕਾਂ ਦੇ ਸੁਭਾਅ ਦੀ ਸਟੱਡੀ ਕਰ ਕੇ ਅਸੀਂ ਦੇਖ ਸਕਦੇ ਹਾਂ ਕਿ ਉਨ੍ਹਾਂ ਵਿਚ ਕੀ ਮਾੜਾ ਸੀ ਤੇ ਕੀ ਚੰਗਾ ਸੀ। ਇਸ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਸਾਨੂੰ ਕਿਹੋ ਜਿਹੀਆਂ ਤਬਦੀਲੀਆਂ ਕਰਨ ਦੀ ਲੋੜ ਹੈ। ਮਿਸਾਲ ਲਈ, ਯਾਕੂਬ ਦੇ ਪੁੱਤਰ ਯੂਸੁਫ਼ ਬਾਰੇ ਸੋਚੋ। ਭਾਵੇਂ ਉਸ ਨਾਲ ਬਹੁਤ ਬੇਇਨਸਾਫ਼ੀ ਕੀਤੀ ਗਈ, ਫਿਰ ਵੀ ਅੰਦਰੋ-ਅੰਦਰੀਂ ਕੁੜ੍ਹਨ ਦੀ ਬਜਾਇ ਉਹ ਦਿਲ ਦਾ ਸਾਫ਼ ਰਿਹਾ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਇਕ ਚੰਗਾ ਇਨਸਾਨ ਸੀ। (ਉਤ. 45:1-15) ਦੂਜੇ ਪਾਸੇ ਦਾਊਦ ਦੇ ਪੁੱਤਰ ਅਬਸ਼ਾਲੋਮ ਨੇ ਲੋਕਾਂ ਦੀ ਚਿੰਤਾ ਕਰਨ ਦਾ ਵੱਡਾ ਦਿਖਾਵਾ ਕੀਤਾ ਸੀ ਅਤੇ ਸਾਰਿਆਂ ਦੇ ਮੂੰਹ ਤੇ ਉਸ ਦੀ ਸੁੰਦਰਤਾ ਦੀ ਗੱਲ ਸੀ। ਪਰ ਅਸਲ ਵਿਚ ਉਹ ਧੋਖੇਬਾਜ਼ ਅਤੇ ਖ਼ੂਨੀ ਸੀ। (2 ਸਮੂ. 13:28, 29; 14:25; 15:1-12) ਕਿਸੇ ਦੀ ਸੁੰਦਰਤਾ ਜਾਂ ਭਲਾਈ ਕਰਨ ਦਾ ਦਿਖਾਵਾ, ਉਸ ਨੂੰ ਚੰਗਾ ਇਨਸਾਨ ਨਹੀਂ ਬਣਾ ਦਿੰਦਾ।

ਅਸੀਂ ਸਫ਼ਲਤਾ ਪਾ ਸਕਦੇ ਹਾਂ

ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸੁੰਦਰ ਗਿਣੇ ਜਾਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਸੁਭਾਅ ਵੱਲ ਧਿਆਨ ਦੇਈਏ। (1 ਪਤ. 3:3, 4) ਤਬਦੀਲੀਆਂ ਕਰਨ ਤੋਂ ਪਹਿਲਾਂ ਚੰਗਾ ਹੋਵੇਗਾ ਜੇ ਅਸੀਂ ਆਪਣੀਆਂ ਕਮੀਆਂ-ਕਮਜ਼ੋਰੀਆਂ ਅਤੇ ਉਨ੍ਹਾਂ ਚੀਜ਼ਾਂ ਨੂੰ ਪਛਾਣੀਏ ਜੋ ਸਾਡੇ ਤੇ ਮਾੜਾ ਅਸਰ ਪਾਉਂਦੀਆਂ ਹਨ। ਇਸ ਦੇ ਨਾਲ-ਨਾਲ ਸਾਨੂੰ ਸਦਗੁਣ ਪੈਦਾ ਕਰਨ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਅਸੀਂ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਕੀ ਅਸੀਂ ਸਫ਼ਲਤਾ ਪਾਉਣ ਦੀ ਉਮੀਦ ਰੱਖ ਸਕਦੇ ਹਾਂ?

ਯਕੀਨਨ ਯਹੋਵਾਹ ਦੀ ਮਦਦ ਨਾਲ ਅਸੀਂ ਲੋੜੀਂਦੀਆਂ ਤਬਦੀਲੀਆਂ ਕਰ ਸਕਦੇ ਹਾਂ। ਜ਼ਬੂਰਾਂ ਦੇ ਲਿਖਾਰੀ ਵਾਂਗ ਅਸੀਂ ਦੁਆ ਕਰ ਸਕਦੇ ਹਾਂ: “ਹੇ ਪਰਮੇਸ਼ੁਰ, ਮੇਰੇ ਲਈ ਇੱਕ ਪਾਕ ਮਨ ਉਤਪੰਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ।” (ਜ਼ਬੂ. 51:10) ਆਓ ਆਪਾਂ ਯਹੋਵਾਹ ਤੋਂ ਸ਼ਕਤੀ ਪਾ ਕੇ ਆਪਣੀ ਜ਼ਿੰਦਗੀ ਨੂੰ ਯਹੋਵਾਹ ਦੀ ਮਰਜ਼ੀ ਮੁਤਾਬਕ ਢਾਲੀਏ। ਜੀ ਹਾਂ, ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਸੁੰਦਰ ਗਿਣੇ ਜਾਣ ਵਿਚ ਕਾਮਯਾਬ ਹੋ ਸਕਦੇ ਹਾਂ!

[ਸਫ਼ਾ 4 ਉੱਤੇ ਤਸਵੀਰ]

ਕੀ ਇਸ ਟੁੱਟੇ-ਫੁੱਟੇ ਘਰ ਤੇ ਪੋਚਾਪਾਚੀ ਕਰਨ ਨਾਲ ਗੱਲ ਬਣ ਜਾਵੇਗੀ?

[ਸਫ਼ਾ 5 ਉੱਤੇ ਤਸਵੀਰ]

ਕੀ ਤੁਹਾਡਾ ਸੁਭਾਅ ਯਿਸੂ ਵਰਗਾ ਬਣ ਗਿਆ ਹੈ?