‘ਸਮੁੰਦਰ ਦੇ ਗੀਤ’ ਨਾਂ ਦੀ ਹੱਥ-ਲਿਖਤ ਨੇ ਕਮੀ ਪੂਰੀ ਕੀਤੀ
‘ਸਮੁੰਦਰ ਦੇ ਗੀਤ’ ਨਾਂ ਦੀ ਹੱਥ-ਲਿਖਤ ਨੇ ਕਮੀ ਪੂਰੀ ਕੀਤੀ
ਬਾਈ ਮਈ 2007 ਨੂੰ ਯਰੂਸ਼ਲਮ ਦੇ ਇਜ਼ਰਾਈਲ ਮਿਊਜ਼ੀਅਮ ਵਿਚ ਇਕ ਹੱਥ-ਲਿਖਤ ਦੇ ਟੁਕੜੇ ਦੀ ਨੁਮਾਇਸ਼ ਲਾਈ ਗਈ। ਇਹ ਟੁਕੜਾ ਤਕਰੀਬਨ 1,200 ਜਾਂ 1,300 ਸਾਲ ਪੁਰਾਣਾ ਹੈ। ਇਸ ਵਿਚ ਕੂਚ 13:19–16:1 ਹੈ। ਇਸ ਵਿਚ ਉਹ ‘ਸਮੁੰਦਰ ਦਾ ਗੀਤ’ ਹੈ ਜਿਹੜਾ ਇਸਰਾਏਲੀਆਂ ਨੇ ਲਾਲ ਸਮੁੰਦਰ ਪਾਰ ਕਰਨ ਤੋਂ ਬਾਅਦ ਉਦੋਂ ਗਾਇਆ ਸੀ ਜਦੋਂ ਯਹੋਵਾਹ ਨੇ ਉਨ੍ਹਾਂ ਨੂੰ ਚਮਤਕਾਰੀ ਢੰਗ ਨਾਲ ਬਚਾਇਆ ਸੀ। ਇਹ ਟੁਕੜਾ ਇੰਨਾ ਖ਼ਾਸ ਕਿਉਂ ਹੈ?
ਇਸ ਦਾ ਜਵਾਬ ਉਸ ਸਮੇਂ ਨਾਲ ਸੰਬੰਧ ਰੱਖਦਾ ਹੈ ਜਦ ਇਹ ਹੱਥ-ਲਿਖਤ ਲਿਖੀ ਗਈ ਸੀ। ਮ੍ਰਿਤ ਸਾਗਰ ਪੋਥੀਆਂ 60 ਸਾਲ ਪਹਿਲਾਂ ਲੱਭੀਆਂ ਗਈਆਂ ਸਨ। ਇਹ ਅੱਜ ਤੋਂ 1,900 ਤੋਂ ਲੈ ਕੇ 2,300 ਸਾਲ ਪਹਿਲਾਂ ਲਿਖੀਆਂ ਗਈਆਂ ਸਨ। ਇਨ੍ਹਾਂ ਦੇ ਲੱਭੇ ਜਾਣ ਤੋਂ ਪਹਿਲਾਂ ਸਭ ਤੋਂ ਪੁਰਾਣੀ ਇਬਰਾਨੀ ਹੱਥ-ਲਿਖਤ ਅਲੈਪੋ ਕੋਡੈਕਸ ਸੀ, ਜੋ ਅੱਜ ਤੋਂ ਲਗਭਗ 1,000 ਸਾਲ ਪਹਿਲਾਂ ਲਿਖੀ ਗਈ ਸੀ। ਕੁਝ ਟੁਕੜਿਆਂ ਤੋਂ ਇਲਾਵਾ ਹੋਰ ਕੋਈ ਇਬਰਾਨੀ ਹੱਥ-ਲਿਖਤ ਨਹੀਂ ਲੱਭੀ ਗਈ ਜੋ ਇਨ੍ਹਾਂ ਵਿਚਲੇ ਸਾਲਾਂ ਦੌਰਾਨ ਲਿਖੀ ਗਈ ਸੀ।
ਇਜ਼ਰਾਈਲ ਮਿਊਜ਼ੀਅਮ ਦੇ ਡਾਇਰੈਕਟਰ ਨੇ ਕਿਹਾ ਕਿ ‘ਸਮੁੰਦਰ ਦੇ ਗੀਤ ਨਾਂ ਦੀ ਹੱਥ-ਲਿਖਤ ਨੇ ਮ੍ਰਿਤ ਸਾਗਰ ਪੋਥੀਆਂ ਅਤੇ ਅਲੈਪੋ ਕੋਡੈਕਸ ਵਿਚਕਾਰ ਦੇ ਇਤਿਹਾਸ ਦੀ ਕਮੀ ਪੂਰੀ ਕੀਤੀ।’ ਇਸ ਡਾਇਰੈਕਟਰ ਮੁਤਾਬਕ ਇਹ ਹੱਥ-ਲਿਖਤ ਅਤੇ ਬਾਈਬਲ ਦੀਆਂ ਹੋਰਨਾਂ ਪੁਰਾਣੀਆਂ ਹੱਥ-ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ‘ਅੱਜ ਬਾਈਬਲ ਵਿਚ ਜੋ ਅਸੀਂ ਪੜ੍ਹਦੇ ਹਾਂ, ਉਹ ਸਹੀ ਹੈ।’
19ਵੀਂ ਸਦੀ ਦੇ ਅਖ਼ੀਰ ਵਿਚ ਮਿਸਰ ਦੇ ਕਾਹਿਰਾ ਸ਼ਹਿਰ ਦੇ ਇਕ ਯਹੂਦੀ ਸਭਾ-ਘਰ ਵਿਚ ਕਈ ਪੁਰਾਣੀਆਂ ਹੱਥ-ਲਿਖਤਾਂ ਲੱਭੀਆਂ ਗਈਆਂ ਸਨ। ਮੰਨਿਆ ਜਾਂਦਾ ਹੈ ਕਿ ‘ਸਮੁੰਦਰ ਦਾ ਗੀਤ’ ਨਾਂ ਦਾ ਇਹ ਟੁਕੜਾ ਉਨ੍ਹਾਂ ਵਿੱਚੋਂ ਇਕ ਹੈ। ਇਨ੍ਹਾਂ ਹੱਥ-ਲਿਖਤਾਂ ਦੇ ਕਲੈਕਟਰ ਨੂੰ ਇਸ ਟੁਕੜੇ ਦੀ ਅਹਿਮੀਅਤ ਦਾ ਪਤਾ ਵੀ ਨਹੀਂ ਸੀ। ਉਸ ਨੇ 1970 ਦੇ ਦਹਾਕੇ ਵਿਚ ਇਕ ਮਾਹਰ ਨਾਲ ਗੱਲ ਕੀਤੀ ਜਿਸ ਨੇ ਇਸ ਟੁਕੜੇ ਦੀ ਤਾਰੀਖ਼ ਦਾ ਅਨੁਮਾਨ ਲਾਇਆ। ਇਸ ਨੂੰ ਇਜ਼ਰਾਈਲ ਮਿਊਜ਼ੀਅਮ ਵਿਚ ਨੁਮਾਇਸ਼ ਲਾਉਣ ਤਕ ਸਾਂਭ ਕੇ ਰੱਖਿਆ ਗਿਆ।
ਇਜ਼ਰਾਈਲ ਮਿਊਜ਼ੀਅਮ ਦੇ ਪ੍ਰਧਾਨ ਅਤੇ ਮ੍ਰਿਤ ਸਾਗਰ ਪੋਥੀਆਂ ਦੇ ਕਿਉਰੇਟਰ ਨੇ ਕਿਹਾ: ‘ਸਮੁੰਦਰ ਦਾ ਗੀਤ ਨਾਂ ਦੀ ਹੱਥ-ਲਿਖਤ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਦੀਆਂ ਦੌਰਾਨ ਜਦ ਬਾਈਬਲ ਦੀਆਂ ਹੱਥ-ਲਿਖਤਾਂ ਦੀਆਂ ਨਕਲਾਂ ਕੀਤੀਆਂ ਗਈਆਂ ਸਨ, ਤਾਂ ਇਨ੍ਹਾਂ ਵਿਚ ਕੋਈ ਖ਼ਾਸ ਤਬਦੀਲੀ ਨਹੀਂ ਆਈ। ਸਭ ਹੈਰਾਨ ਹੁੰਦੇ ਹਨ ਕਿ ਇਸ ਗੀਤ ਦੇ ਲਿਖਣ ਦਾ ਅੰਦਾਜ਼ ਬਦਲਿਆ ਨਹੀਂ ਹੈ ਤੇ ਇਹ ਅੱਜ ਵੀ ਉਸੇ ਤਰ੍ਹਾਂ ਹੈ ਜਿਵੇਂ ਇਹ ਤਕਰੀਬਨ 1,200 ਜਾਂ 1,300 ਸਾਲ ਪਹਿਲਾਂ ਸੀ।’
ਯਹੋਵਾਹ ਨੇ ਹੀ ਬਾਈਬਲ ਲਿਖਵਾਈ ਹੈ ਤੇ ਉਸ ਹੀ ਦੇ ਕਾਰਨ ਅੱਜ ਸਾਡੇ ਕੋਲ ਬਾਈਬਲ ਹੈ। ਸਦੀਆਂ ਦੌਰਾਨ ਨਕਲਨਵੀਸਾਂ ਨੇ ਬੜੇ ਧਿਆਨ ਨਾਲ ਬਾਈਬਲ ਦੀਆਂ ਹੱਥ-ਲਿਖਤਾਂ ਦੀ ਨਕਲ ਕੀਤੀ ਸੀ। ਇਸ ਕਰਕੇ ਅਸੀਂ ਬਾਈਬਲ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ।
[ਸਫ਼ਾ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Courtesy of Israel Museum, Jerusalem