Skip to content

Skip to table of contents

ਸ਼ਾਂਤੀ ਬਣਾਈ ਰੱਖੋ

ਸ਼ਾਂਤੀ ਬਣਾਈ ਰੱਖੋ

ਸ਼ਾਂਤੀ ਬਣਾਈ ਰੱਖੋ

ਇਕ ਸੜਕ ਦੇਖਣ ਨੂੰ ਪੱਕੀ ਲੱਗ ਸਕਦੀ ਹੈ। ਪਰ ਸਮੇਂ ਦੇ ਬੀਤਣ ਨਾਲ ਸੜਕ ਟੁੱਟ ਸਕਦੀ ਹੈ ਅਤੇ ਉਸ ਵਿਚ ਟੋਏ ਜਾਂ ਖੱਡੇ ਪੈ ਸਕਦੇ ਹਨ। ਇਸ ਲਈ ਉਸ ਦੀ ਬਾਕਾਇਦਾ ਮੁਰੰਮਤ ਕੀਤੀ ਜਾਣ ਦੀ ਲੋੜ ਹੈ। ਜੇ ਸਮੇਂ ਸਿਰ ਮੁਰੰਮਤ ਨਾ ਕੀਤੀ ਜਾਵੇ, ਤਾਂ ਸੜਕ ਪੂਰੀ ਤਰ੍ਹਾਂ ਟੁੱਟ ਸਕਦੀ ਹੈ।

ਇਸੇ ਤਰ੍ਹਾਂ ਹੋਰਨਾਂ ਨਾਲ ਸਾਡੇ ਰਿਸ਼ਤੇ ਵਿਚ ਦਰਾੜ ਪੈ ਸਕਦੀ ਹੈ ਜਾਂ ਇਹ ਰਿਸ਼ਤਾ ਟੁੱਟਣ ਦੀ ਨੌਬਤ ਤੇ ਵੀ ਆ ਸਕਦਾ ਹੈ। ਪੌਲੁਸ ਰਸੂਲ ਨੇ ਦੇਖਿਆ ਕਿ ਰੋਮ ਵਿਚ ਰਹਿਣ ਵਾਲੇ ਸਾਰੇ ਭੈਣ-ਭਰਾ ਹਮੇਸ਼ਾ ਹਰ ਗੱਲ ਵਿਚ ਇਕ-ਦੂਜੇ ਨਾਲ ਸਹਿਮਤ ਨਹੀਂ ਸਨ। ਉਸ ਨੇ ਉਨ੍ਹਾਂ ਨੂੰ ਸਲਾਹ ਦਿੱਤੀ: “ਸਾਨੂੰ ਸਦਾ ਇਹੋ ਜਹੇ ਕੰਮ ਕਰਦੇ ਰਹਿਣਾ ਚਾਹੀਦਾ ਹੈ, ਜਿਨ੍ਹਾਂ ਦੁਆਰਾ ਸ਼ਾਂਤੀ ਸਥਾਪਿਤ ਹੋਵੇ, ਅਤੇ ਇਕ ਦੂਜੇ ਦਾ ਭਲਾ ਹੋਵੇ।” (ਰੋਮੀ. 14:13, 19, CL) ਸਾਨੂੰ ਇਹੋ ਜਿਹੇ ਕੰਮ ਕਿਉਂ ਕਰਨੇ ਚਾਹੀਦੇ ਹਨ “ਜਿਨ੍ਹਾਂ ਦੁਆਰਾ ਸ਼ਾਂਤੀ ਸਥਾਪਿਤ ਹੋਵੇ?” ਅਣਬਣ ਹੋਣ ਤੇ ਅਸੀਂ ਹਿੰਮਤ ਨਾਲ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹਾਂ?

ਸਾਨੂੰ ਸ਼ਾਂਤੀ ਕਿਉਂ ਬਣਾਈ ਰੱਖਣੀ ਚਾਹੀਦੀ ਹੈ?

ਜੇ ਸੜਕ ਦੀ ਮੁਰੰਮਤ ਸਮੇਂ ਸਿਰ ਨਾ ਕੀਤੀ ਜਾਵੇ, ਤਾਂ ਛੋਟੀਆਂ-ਛੋਟੀਆਂ ਤਰੇੜਾਂ ਵੱਡੇ ਟੋਏ ਬਣ ਸਕਦੀਆਂ ਹਨ। ਇਸੇ ਤਰ੍ਹਾਂ ਜੇ ਅਣਬਣ ਹੋਣ ਤੇ ਸੁਲ੍ਹਾ ਨਾ ਕੀਤੀ ਗਈ, ਤਾਂ ਇਸ ਦਾ ਨਤੀਜਾ ਬੁਰਾ ਨਿਕਲ ਸਕਦਾ ਹੈ। ਯੂਹੰਨਾ ਰਸੂਲ ਨੇ ਲਿਖਿਆ: “ਜੇ ਕੋਈ ਆਖੇ ਭਈ ਮੈਂ ਪਰਮੇਸ਼ੁਰ ਨਾਲ ਪ੍ਰੇਮ ਰੱਖਦਾ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖੇ ਤਾਂ ਉਹ ਝੂਠਾ ਹੈ ਕਿਉਂਕਿ ਜਿਹੜਾ ਆਪਣੇ ਭਰਾ ਨਾਲ ਜਿਸ ਨੂੰ ਉਹ ਨੇ ਵੇਖਿਆ ਹੈ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ੁਰ ਨਾਲ ਜਿਸ ਨੂੰ ਉਹ ਨੇ ਨਹੀਂ ਵੇਖਿਆ ਪ੍ਰੇਮ ਰੱਖ ਹੀ ਨਹੀਂ ਸੱਕਦਾ।” (1 ਯੂਹੰ. 4:20) ਜੇ ਅਸੀਂ ਸ਼ਾਂਤੀ ਨਾ ਬਣਾਈ ਰੱਖੀ ਤਾਂ ਅਸੀਂ ਆਪਣੇ ਦਿਲ ਵਿਚ ਆਪਣੇ ਭਾਈ-ਭੈਣ ਨਾਲ ਵੈਰ ਕਰਨ ਲੱਗ ਸਕਦੇ ਹਾਂ।

ਯਿਸੂ ਮਸੀਹ ਨੇ ਦਿਖਾਇਆ ਸੀ ਕਿ ਜੇ ਅਸੀਂ ਹੋਰਨਾਂ ਨਾਲ ਸ਼ਾਂਤੀ ਬਣਾਈ ਨਾ ਰੱਖੀ, ਤਾਂ ਯਹੋਵਾਹ ਸਾਡੀ ਭਗਤੀ ਨੂੰ ਸਵੀਕਾਰ ਨਹੀਂ ਕਰੇਗਾ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਜੇ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜ੍ਹਾਉਣ ਲੱਗੇਂ ਅਰ ਉੱਥੇ ਤੈਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ, ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾਹ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ। ਪਿੱਛੋਂ ਆਣ ਕੇ ਆਪਣੀ ਭੇਟ ਚੜ੍ਹਾ।” (ਮੱਤੀ 5:23, 24) ਇਕ-ਦੂਜੇ ਨਾਲ ਸ਼ਾਂਤੀ ਬਣਾਈ ਰੱਖਣ ਦਾ ਮੁੱਖ ਕਾਰਨ ਹੈ ਕਿ ਅਸੀਂ ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹੋ। *

ਫ਼ਿਲਿੱਪੈ ਦੀ ਕਲੀਸਿਯਾ ਵਿਚ ਕੁਝ ਹੋਇਆ ਸੀ ਜਿਸ ਤੋਂ ਅਸੀਂ ਸਿੱਖਦੇ ਹਾਂ ਕਿ ਸ਼ਾਂਤੀ ਬਣਾਈ ਰੱਖਣ ਦੀ ਕਿਉਂ ਜ਼ਰੂਰਤ ਹੈ। ਯੂਓਦੀਆ ਅਤੇ ਸੁੰਤੁਖੇ ਦੋ ਭੈਣਾਂ ਸਨ ਜਿਨ੍ਹਾਂ ਦਾ ਕਿਸੇ ਗੱਲੋਂ ਝਗੜਾ ਹੋ ਗਿਆ ਸੀ ਜਿਸ ਕਰਕੇ ਪੂਰੀ ਕਲੀਸਿਯਾ ਦੀ ਸ਼ਾਂਤੀ ਭੰਗ ਹੋਣ ਦਾ ਖ਼ਤਰਾ ਸੀ। (ਫ਼ਿਲਿ. 4:2, 3) ਜੇ ਅਸੀਂ ਇਕ-ਦੂਜੇ ਨਾਲ ਛੇਤੀ ਸੁਲ੍ਹਾ ਨਾ ਕੀਤੀ, ਤਾਂ ਇਹ ਗੱਲ ਦੂਸਰਿਆਂ ਤੋਂ ਬਹੁਤੀ ਦੇਰ ਛੁਪੀ ਨਹੀਂ ਰਹੇਗੀ। ਤਾਂ ਫਿਰ ਜੇ ਅਸੀਂ ਚਾਹੁੰਦੇ ਹਾਂ ਕਿ ਕਲੀਸਿਯਾ ਵਿਚ ਪਿਆਰ ਬਰਕਰਾਰ ਰਹੇ ਅਤੇ ਇਸ ਦੀ ਏਕਤਾ ਬਣੀ ਰਹੇ, ਤਾਂ ਸਾਨੂੰ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਲੋੜ ਹੈ।

ਯਿਸੂ ਨੇ ਕਿਹਾ: “ਧੰਨ ਓਹ ਜਿਹੜੇ ਮੇਲ ਕਰਾਉਣ ਵਾਲੇ ਹਨ।” (ਮੱਤੀ 5:9) ਸ਼ਾਂਤੀ ਬਣਾਈ ਰੱਖਣ ਨਾਲ ਅਸੀਂ ਖ਼ੁਸ਼ ਹੋਵਾਂਗੇ ਅਤੇ ਸਾਡੀ ਸਿਹਤ ਤੇ ਵੀ ਚੰਗਾ ਅਸਰ ਪਵੇਗਾ। ਬਾਈਬਲ ਕਹਿੰਦੀ ਹੈ: “ਸ਼ਾਂਤ ਮਨ ਸਰੀਰ ਦਾ ਜੀਉਣ ਹੈ।” (ਕਹਾ. 14:30) ਦੂਜੇ ਪਾਸੇ, ਗਿਲੇ-ਸ਼ਿਕਵੇ ਰੱਖਣ ਕਾਰਨ ਅਸੀਂ ਬੀਮਾਰ ਵੀ ਹੋ ਸਕਦੇ ਹਾਂ।

ਭਾਵੇਂ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਬਣਾਈ ਰੱਖਣੀ ਬਹੁਤ ਜ਼ਰੂਰੀ ਹੈ, ਫਿਰ ਵੀ ਅਸੀਂ ਸ਼ਾਇਦ ਸੋਚੀਏ ਕਿ ‘ਅਣਬਣ ਹੋਣ ਤੇ ਮੈਂ ਸ਼ਾਂਤੀ ਕਿਵੇਂ ਬਣਾਈ ਰੱਖ ਸਕਦਾ ਹਾਂ?’ ਆਓ ਆਪਾਂ ਬਾਈਬਲ ਦੇ ਕੁਝ ਸਿਧਾਂਤਾਂ ਵੱਲ ਧਿਆਨ ਦੇਈਏ ਜੋ ਸਾਡੀ ਮਦਦ ਕਰ ਸਕਦੇ ਹਨ।

ਸ਼ਾਂਤੀ ਨਾਲ ਗੱਲ ਕਰ ਕੇ ਸੁਲ੍ਹਾ ਕਰੋ

ਸੜਕ ਦੀਆਂ ਛੋਟੀਆਂ-ਛੋਟੀਆਂ ਤਰੇੜਾਂ ਦੀ ਮੁਰੰਮਤ ਕਰਨ ਲਈ ਉਸ ਉੱਤੇ ਲੁੱਕ ਪਾਈ ਜਾ ਸਕਦੀ ਹੈ। ਕੀ ਅਸੀਂ ਆਪਣੇ ਭੈਣਾਂ-ਭਰਾਵਾਂ ਦੀਆਂ ਛੋਟੀਆਂ-ਮੋਟੀਆਂ ਗ਼ਲਤੀਆਂ ਮਾਫ਼ ਕਰ ਸਕਦੇ ਹਾਂ? ਆਮ ਤੌਰ ਤੇ ਇਸ ਤਰ੍ਹਾਂ ਕਰਨ ਨਾਲ ਕਿਸੇ ਭੈਣ-ਭਰਾ ਨਾਲ ਹੋਈ ਅਣਬਣ ਸੁਲਝਾਈ ਜਾ ਸਕਦੀ ਹੈ। ਪਤਰਸ ਰਸੂਲ ਨੇ ਲਿਖਿਆ ਕਿ “ਪ੍ਰੇਮ ਬਾਹਲਿਆਂ ਪਾਪਾਂ ਨੂੰ ਢੱਕ ਲੈਂਦਾ ਹੈ।”—1 ਪਤ. 4:8.

ਕਦੇ-ਕਦੇ ਭੈਣਾਂ-ਭਰਾਵਾਂ ਵਿਚ ਅਜਿਹੀ ਮੁਸ਼ਕਲ ਪੈਦਾ ਹੋ ਜਾਂਦੀ ਹੈ ਜਿਸ ਨੂੰ ਭੁੱਲਣਾ ਬਹੁਤ ਔਖਾ ਹੁੰਦਾ ਹੈ। ਆਓ ਆਪਾਂ ਦੇਖੀਏ ਕਿ ਉਦੋਂ ਕੀ ਹੋਇਆ ਸੀ ਜਦੋਂ ਇਸਰਾਏਲੀਆਂ ਨੇ ਵਾਅਦਾ ਕੀਤੇ ਹੋਏ ਦੇਸ਼ ਉੱਤੇ ਕਬਜ਼ਾ ਕੀਤਾ ਸੀ। ਇਸ ਤੋਂ ਪਹਿਲਾਂ ਕਿ “ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ” ਨੇ ਯਰਦਨ ਨਦੀ ਪਾਰ ਕੀਤੀ ਉਨ੍ਹਾਂ ਨੇ ਇਕ ‘ਵੱਡੀ ਸਾਰੀ ਜਗਵੇਦੀ’ ਬਣਾਈ। ਇਸਰਾਏਲ ਦੀਆਂ ਬਾਕੀ ਗੋਤਾਂ ਨੂੰ ਲੱਗਾ ਕਿ ਉਨ੍ਹਾਂ ਨੇ ਇਹ ਜਗਵੇਦੀ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲਈ ਬਣਾਈ ਸੀ। ਉਨ੍ਹਾਂ ਤੋਂ ਇਹ ਦੇਖਿਆ ਨਾ ਗਿਆ, ਇਸ ਲਈ ਉਨ੍ਹਾਂ ਨੇ ਲੜਾਈ ਕਰਨ ਦੀ ਤਿਆਰੀ ਕੀਤੀ।—ਯਹੋ. 22:9-12.

ਉਨ੍ਹਾਂ ਵਿੱਚੋਂ ਕਈਆਂ ਨੇ ਸੋਚਿਆ ਹੋਣਾ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਮ੍ਹਣੇ ਹੀ ਇਹ ਵੱਡਾ ਪਾਪ ਕੀਤਾ ਗਿਆ ਸੀ। ਇਸ ਲਈ ਉਹ ਛੁਪ ਕੇ ਹਮਲਾ ਕਰਨਾ ਚਾਹੁੰਦੇ ਸਨ ਤਾਂਕਿ ਜ਼ਿਆਦਾ ਖ਼ੂਨ-ਖ਼ਰਾਬਾ ਨਾ ਹੋਵੇ। ਪਰ ਕਾਹਲੀ ਨਾਲ ਕਦਮ ਚੁੱਕਣ ਦੀ ਬਜਾਇ ਯਰਦਨ ਦੇ ਪੱਛਮੀ ਪਾਸੇ ਦੇ ਗੋਤਾਂ ਨੇ ਕੁਝ ਆਦਮੀਆਂ ਨੂੰ ਆਪਣੇ ਭਰਾਵਾਂ ਨਾਲ ਗੱਲ ਕਰਨ ਲਈ ਭੇਜਿਆ। ਉਨ੍ਹਾਂ ਨੇ ਪੁੱਛਿਆ: “ਏਹ ਕੀ ਬੇਈਮਾਨੀ ਹੈ ਜਿਹੜੀ ਤੁਸਾਂ ਇਸਰਾਏਲ ਦੇ ਪਰਮੇਸ਼ੁਰ ਦੇ ਵਿਰੁੱਧ ਕੀਤੀ ਹੈ ਕਿ ਤੁਸੀਂ ਅੱਜ ਦੇ ਦਿਨ ਯਹੋਵਾਹ ਦੇ ਪਿੱਛੇ ਚੱਲਣ ਤੋਂ ਮੁੜ ਗਏ ਹੋ?” ਦਰਅਸਲ ਜਗਵੇਦੀ ਬਣਾਉਣ ਵਾਲੇ ਗੋਤਾਂ ਨੇ ਪਰਮੇਸ਼ੁਰ ਦੇ ਵਿਰੁੱਧ ਕੋਈ ਗ਼ਲਤੀ ਨਹੀਂ ਕੀਤੀ ਸੀ। ਪਰ ਉਹ ਇਸ ਇਲਜ਼ਾਮ ਦਾ ਕਿੱਦਾਂ ਜਵਾਬ ਦਿੰਦੇ? ਕੀ ਉਹ ਇੱਟ ਦਾ ਜਵਾਬ ਪੱਥਰ ਨਾਲ ਦਿੰਦੇ ਜਾਂ ਉਨ੍ਹਾਂ ਨਾਲ ਗੱਲ ਕਰਨ ਤੋਂ ਇਨਕਾਰ ਕਰਦੇ? ਉਨ੍ਹਾਂ ਨੇ ਨਰਮਾਈ ਨਾਲ ਜਵਾਬ ਦਿੱਤਾ ਅਤੇ ਸਾਫ਼-ਸਾਫ਼ ਸਮਝਾਇਆ ਕਿ ਉਨ੍ਹਾਂ ਨੇ ਇਹ ਜਗਵੇਦੀ ਯਹੋਵਾਹ ਦੀ ਉਪਾਸਨਾ ਕਰਨ ਲਈ ਬਣਾਈ ਸੀ। ਇਸ ਤਰ੍ਹਾਂ ਨਰਮਾਈ ਨਾਲ ਪੇਸ਼ ਆ ਕੇ ਉਨ੍ਹਾਂ ਨੇ ਨਾ ਸਿਰਫ਼ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਬਣਾਈ ਰੱਖਿਆ, ਸਗੋਂ ਕਈ ਜਾਨਾਂ ਵੀ ਬਚਾਈਆਂ ਗਈਆਂ। ਸ਼ਾਂਤੀ ਨਾਲ ਗੱਲ ਕਰਨ ਕਰਕੇ ਮਾਮਲਾ ਸੁਲਝਾਇਆ ਗਿਆ ਅਤੇ ਉਨ੍ਹਾਂ ਵਿਚ ਏਕਤਾ ਬਣੀ ਰਹੀ।—ਯਹੋ. 22:13-34.

ਇਹ ਅਕਲ ਦੀ ਗੱਲ ਸੀ ਕਿ ਲੜਾਈ ਕਰਨ ਤੋਂ ਪਹਿਲਾਂ ਇਸਰਾਏਲੀਆਂ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਦੇ ਆਦਮੀਆਂ ਨਾਲ ਗੱਲਬਾਤ ਕਰਨ ਦਾ ਫ਼ੈਸਲਾ ਕੀਤਾ ਸੀ। ਬਾਈਬਲ ਕਹਿੰਦੀ ਹੈ: “ਤੂੰ ਆਪਣੇ ਜੀ ਵਿੱਚ ਛੇਤੀ ਖਿਝ ਨਾ ਕਰ, ਕਿਉਂ ਜੋ ਖਿਝ ਮੂਰਖਾਂ ਦੇ ਹਿਰਦੇ ਵਿੱਚ ਰਹਿੰਦੀ ਹੈ।” (ਉਪ. 7:9) ਬਾਈਬਲ ਮੁਤਾਬਕ ਸਾਨੂੰ ਕਿਸੇ ਅਣਬਣ ਨੂੰ ਸੁਲਝਾਉਣ ਲਈ ਸ਼ਾਂਤੀ ਨਾਲ ਦਿਲ ਖੋਲ੍ਹ ਕੇ ਗੱਲ ਕਰਨੀ ਚਾਹੀਦੀ ਹੈ। ਜੇ ਅਸੀਂ ਆਪਣੇ ਦਿਲ ਵਿਚ ਕੋਈ ਗਿਲਾ ਰੱਖੀਏ ਅਤੇ ਉਸ ਭਾਈ-ਭੈਣ ਕੋਲ ਨਾ ਜਾਈਏ ਜਿਸ ਨਾਲ ਅਸੀਂ ਨਾਰਾਜ਼ ਹਾਂ, ਤਾਂ ਕੀ ਅਸੀਂ ਯਹੋਵਾਹ ਦੀ ਬਰਕਤ ਦੀ ਉਮੀਦ ਰੱਖ ਸਕਦੇ ਹਾਂ?

ਦੂਜੇ ਪਾਸੇ, ਉਦੋਂ ਕੀ ਜਦੋਂ ਕੋਈ ਭਰਾ ਤੁਹਾਡੇ ਨਾਲ ਨਾਰਾਜ਼ ਹੈ ਜਾਂ ਉਹ ਤੁਹਾਡੇ ਉੱਤੇ ਕੋਈ ਝੂਠਾ ਇਲਜ਼ਾਮ ਲਾਵੇ? ਬਾਈਬਲ ਕਹਿੰਦੀ ਹੈ: “ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ।” (ਕਹਾ. 15:1) ਜਿਨ੍ਹਾਂ ਇਸਰਾਏਲੀਆਂ ਉੱਤੇ ਝੂਠਾ ਦੋਸ਼ ਲਾਇਆ ਗਿਆ ਸੀ ਉਨ੍ਹਾਂ ਨੇ ਨਰਮਾਈ ਨਾਲ ਸਮਝਾਇਆ ਕਿ ਅਸਲੀਅਤ ਕੀ ਸੀ। ਇਨ੍ਹਾਂ ਹਾਲਾਤਾਂ ਵਿਚ ਕਿਸੇ ਵੀ ਸਮੇਂ ਉਨ੍ਹਾਂ ਦਾ ਗੁੱਸਾ ਭੜਕ ਸਕਦਾ ਸੀ। ਪਰ ਉਨ੍ਹਾਂ ਦੇ ਨਰਮ ਜਵਾਬ ਕਰਕੇ ਇਸ ਤਰ੍ਹਾਂ ਨਹੀਂ ਹੋਇਆ। ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਚਾਹੇ ਅਸੀਂ ਆਪਣੇ ਭਰਾ ਨਾਲ ਗੱਲ ਕਰਨ ਜਾਈਏ ਜਾਂ ਉਹ ਸਾਡੇ ਕੋਲ ਆਵੇ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੇਰੇ ਸ਼ਬਦ, ਬੋਲਣ ਦੇ ਢੰਗ ਅਤੇ ਪੇਸ਼ ਆਉਣ ਦੇ ਤਰੀਕੇ ਤੋਂ ਜ਼ਾਹਰ ਹੁੰਦਾ ਹੈ ਕਿ ਮੈਂ ਸ਼ਾਂਤੀ ਬਣਾਈ ਰੱਖਣੀ ਚਾਹੁੰਦਾ ਹਾਂ?’

ਸੋਚ-ਸਮਝ ਕੇ ਬੋਲੋ

ਯਹੋਵਾਹ ਨੂੰ ਪਤਾ ਹੈ ਕਿ ਸਾਨੂੰ ਆਪਣੇ ਦੁੱਖ ਸਾਂਝੇ ਕਰਨ ਦੀ ਲੋੜ ਹੈ। ਪਰ ਜੇ ਅਸੀਂ ਕਿਸੇ ਨਾਲ ਝਗੜਾ ਕਰਨ ਤੋਂ ਬਾਅਦ ਸੁਲ੍ਹਾ ਨਾ ਕੀਤੀ, ਤਾਂ ਹੋ ਸਕਦਾ ਹੈ ਕਿ ਅਸੀਂ ਕਿਸੇ ਹੋਰ ਨੂੰ ਉਸ ਬਾਰੇ ਸ਼ਿਕਾਇਤ ਕਰਨੀ ਚਾਹਾਂਗੇ ਅਤੇ ਇਹ ਠੀਕ ਨਹੀਂ ਹੋਵੇਗਾ। ਦਿਲ ਹੀ ਦਿਲ ਵਿਚ ਨਾਰਾਜ਼ ਰਹਿਣ ਨਾਲ ਅਸੀਂ ਦੂਜੇ ਬਾਰੇ ਉਲਟੀਆਂ-ਸਿੱਧੀਆਂ ਕਹਿਣ ਲੱਗ ਸਕਦੇ ਹਾਂ। ਕਹਾਉਤਾਂ 11:11 ਵਿਚ ਦੱਸਿਆ ਗਿਆ ਹੈ ਕਿ ਜੇ ਕੋਈ ਬੇਸੋਚੇ ਗੱਲਾਂ ਕਰੇ, ਤਾਂ ਕੀ ਹੁੰਦਾ ਹੈ: “ਦੁਸ਼ਟਾਂ ਦੇ ਬੋਲਾਂ ਨਾਲ [ਨਗਰ] ਢਹੀ ਜਾਂਦਾ ਹੈ।” ਕਿਹਾ ਜਾ ਸਕਦਾ ਹੈ ਕਿ ਸਾਡੀਆਂ ਕਲੀਸਿਯਾਵਾਂ ਨਗਰਾਂ ਵਰਗੀਆਂ ਹਨ ਅਤੇ ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਬਾਰੇ ਬੁਰਾ-ਭਲਾ ਕਹਾਂਗੇ, ਤਾਂ ਸਾਡੀ ਕਲੀਸਿਯਾ ਦੀ ਸ਼ਾਂਤੀ ਭੰਗ ਹੋ ਸਕਦੀ ਹੈ।

ਸ਼ਾਂਤੀ ਬਣਾਈ ਰੱਖਣ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਭੈਣ-ਭਾਈ ਬਾਰੇ ਗੱਲ ਹੀ ਨਹੀਂ ਕਰ ਸਕਦੇ। ਪੌਲੁਸ ਰਸੂਲ ਨੇ ਇਹ ਸਲਾਹ ਦਿੱਤੀ: ‘ਜਦੋਂ ਤੁਸੀਂ ਬੋਲੋਂ ਤੁਹਾਨੂੰ ਮੰਦੇ ਬੋਲ ਨਹੀਂ ਬੋਲਣੇ ਚਾਹੀਦੇ। ਪਰ ਉਹ ਗੱਲਾਂ ਕਰੋ ਜਿਨ੍ਹਾਂ ਦੀ ਲੋਕਾਂ ਨੂੰ ਜ਼ਰੂਰਤ ਹੈ, ਉਹ ਗੱਲਾਂ ਜਿਹੜੀਆਂ ਹੋਰਾਂ ਲੋਕਾਂ ਨੂੰ ਮਜ਼ਬੂਤ ਬਣਨ ਵਿਚ ਸਹਾਈ ਹੋਣ। ਦਿਆਲੂ ਬਣੋ ਅਤੇ ਦੂਸਰਿਆਂ ਨੂੰ ਪਿਆਰ ਕਰਦੇ ਰਹੋ। ਇੱਕ ਦੂਸਰੇ ਨੂੰ ਮਾਫ ਕਰ ਦਿਉਂ।’ (ਅਫ਼. 4:29-32, ERV) ਜੇ ਕੋਈ ਭੈਣ-ਭਰਾ ਤੁਹਾਡੇ ਨਾਲ ਗੱਲ ਕਰਨ ਆਵੇ ਕਿਉਂਕਿ ਉਹ ਤੁਹਾਡੇ ਨਾਲ ਨਾਰਾਜ਼ ਹੈ, ਤਾਂ ਤੁਸੀਂ ਕੀ ਕਰੋਗੇ? ਜੇ ਉਸ ਨੇ ਪਹਿਲਾਂ ਤੁਹਾਡੀਆਂ ਸਿਫ਼ਤਾਂ ਹੀ ਕੀਤੀਆਂ ਹੋਣ, ਤਾਂ ਉਸ ਤੋਂ ਮਾਫ਼ੀ ਮੰਗਣੀ ਜਾਂ ਉਸ ਨਾਲ ਸੁਲ੍ਹਾ ਕਰਨੀ ਤੁਹਾਡੇ ਲਈ ਇੰਨੀ ਔਖੀ ਨਹੀਂ ਹੋਵੇਗੀ। ਇਸੇ ਤਰ੍ਹਾਂ ਜੇ ਸਾਰੇ ਜਾਣਦੇ ਹਨ ਕਿ ਅਸੀਂ ਕਦੇ ਕਿਸੇ ਦੀ ਚੁਗ਼ਲੀ ਨਹੀਂ ਕਰਦੇ, ਤਾਂ ਅਣਬਣ ਹੋਣ ਤੇ ਵੀ ਸਾਡੇ ਲਈ ਹੋਰਨਾਂ ਨਾਲ ਬਣਾਈ ਰੱਖਣੀ ਆਸਾਨ ਹੋਵੇਗੀ।—ਲੂਕਾ 6:31.

“ਮੋਢੇ ਨਾਲ ਮੋਢਾ ਮਿਲਾ ਕੇ” ਪਰਮੇਸ਼ੁਰ ਦੀ ਸੇਵਾ ਕਰੋ

ਪਾਪੀ ਹੋਣ ਕਾਰਨ ਜਦ ਅਸੀਂ ਕਿਸੇ ਨਾਲ ਗੁੱਸੇ ਹੁੰਦੇ ਹਾਂ, ਤਾਂ ਅਸੀਂ ਚੁੱਪ ਵੱਟ ਲੈਂਦੇ ਹਾਂ ਜਾਂ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਇਸ ਤਰ੍ਹਾਂ ਕਰਨਾ ਠੀਕ ਨਹੀਂ ਹੋਵੇਗਾ। (ਕਹਾ. 18:1) ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ “ਮੋਢੇ ਨਾਲ ਮੋਢਾ ਮਿਲਾ ਕੇ” ਉਸ ਦੀ ਸੇਵਾ ਇਕੱਠੇ ਕਰਦੇ ਰਹਾਂਗੇ।—ਸਫ਼. 3:9, 10, ERV.

ਦੂਜਿਆਂ ਦੇ ਬੁਰੇ ਚਾਲ-ਚਲਣ ਨੂੰ ਦੇਖ ਕੇ ਜਾਂ ਉਨ੍ਹਾਂ ਦੇ ਮੰਦੇ ਬੋਲ ਸੁਣ ਕੇ ਸਾਨੂੰ ਯਹੋਵਾਹ ਦੀ ਭਗਤੀ ਕਰਨ ਵਿਚ ਢਿੱਲੇ ਨਹੀਂ ਪੈਣਾ ਚਾਹੀਦਾ। ਮਿਸਾਲ ਲਈ, ਯਿਸੂ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਅਤੇ ਹੈਕਲ ਵਿਚ ਧਾਰਮਿਕ ਆਗੂਆਂ ਨੂੰ ਨਿੰਦਣ ਤੋਂ ਬਾਅਦ ਯਿਸੂ ਨੇ ਇਕ ਕੰਗਾਲ ਵਿਧਵਾ ਨੂੰ ਹੈਕਲ ਦੇ ਸੰਦੂਕ ਵਿਚ “ਆਪਣੀ ਥੁੜ ਵਿੱਚੋਂ ਸਾਰੀ ਪੂੰਜੀ” ਪਾਉਂਦਿਆਂ ਦੇਖਿਆ। ਕੀ ਯਿਸੂ ਨੇ ਉਸ ਵਿਧਵਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ? ਨਹੀਂ, ਇਸ ਦੀ ਬਜਾਇ ਉਸ ਨੇ ਉਸ ਦੀ ਵਫ਼ਾਦਾਰੀ ਲਈ ਉਸ ਦੀ ਸਿਫ਼ਤ ਕੀਤੀ ਸੀ। (ਲੂਕਾ 21:1-4) ਕਹਿਣ ਦਾ ਮਤਲਬ ਹੈ ਕਿ ਭਾਵੇਂ ਉਸ ਦੇ ਆਲੇ-ਦੁਆਲੇ ਦੇ ਲੋਕ ਬੁਰੇ ਕੰਮ ਕਰਦੇ ਸਨ, ਫਿਰ ਵੀ ਯਹੋਵਾਹ ਦੀ ਭਗਤੀ ਕਰਨ ਤੋਂ ਉਹ ਮੁਕਤ ਨਹੀਂ ਸੀ।

ਜੇ ਸਾਨੂੰ ਲੱਗੇ ਕਿ ਕਿਸੇ ਭੈਣ ਜਾਂ ਭਰਾ ਨੇ ਕੋਈ ਕੰਮ ਠੀਕ ਨਹੀਂ ਕੀਤਾ ਜਾਂ ਸਾਡੇ ਨਾਲ ਬੇਇਨਸਾਫ਼ੀ ਕੀਤੀ ਹੈ, ਤਾਂ ਅਸੀਂ ਕੀ ਕਰਾਂਗੇ? ਕੀ ਅਸੀਂ ਉਸ ਦੇ ਕਾਰਨ ਯਹੋਵਾਹ ਦੀ ਭਗਤੀ ਕਰਨੀ ਛੱਡ ਦਿਆਂਗੇ? ਜਾਂ ਕੀ ਅਸੀਂ ਹਿੰਮਤ ਜਤਾ ਕੇ ਆਪਣੇ ਭੈਣ-ਭਾਈ ਨਾਲ ਸੁਲ੍ਹਾ ਕਰਾਂਗੇ ਤਾਂਕਿ ਪਰਮੇਸ਼ੁਰ ਦੇ ਲੋਕਾਂ ਵਿਚ ਸ਼ਾਂਤੀ ਬਣੀ ਰਹੇ?

ਬਾਈਬਲ ਵਿਚ ਸਾਨੂੰ ਸਲਾਹ ਦਿੱਤੀ ਗਈ ਹੈ: “ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।” (ਰੋਮੀ. 12:18) ਆਓ ਆਪਾਂ ਇਸ ਤਰ੍ਹਾਂ ਕਰਨ ਲਈ ਆਪਣਾ ਮਨ ਬਣਾ ਲਈਏ ਤਾਂਕਿ ਅਸੀਂ ਜ਼ਿੰਦਗੀ ਦੇ ਰਾਹ ਤੇ ਚੱਲਦੇ ਰਹਿ ਸਕੀਏ।

[ਫੁਟਨੋਟ]

^ ਪੈਰਾ 6 ਮੱਤੀ 18:15-17 ਵਿਚ ਦਿੱਤੀ ਯਿਸੂ ਦੀ ਸਲਾਹ ਬਾਰੇ ਹੋਰ ਜਾਣਕਾਰੀ ਲਈ 15 ਅਕਤੂਬਰ 1999 ਦੇ ਪਹਿਰਾਬੁਰਜ ਦੇ 17-22 ਸਫ਼ੇ ਦੇਖੋ।

[ਸਫ਼ਾ 17 ਉੱਤੇ ਤਸਵੀਰ]

ਯੂਓਦੀਆ ਅਤੇ ਸੁੰਤੁਖੇ ਨੂੰ ਸ਼ਾਂਤੀ ਬਣਾਈ ਰੱਖਣ ਦੀ ਲੋੜ ਸੀ

[ਸਫ਼ਾ 18 ਉੱਤੇ ਤਸਵੀਰ]

ਸ਼ਾਂਤੀ ਬਣਾਈ ਰੱਖਣ ਲਈ ਸਾਨੂੰ ਕਿਵੇਂ ਬੋਲਣਾ ਅਤੇ ਦੂਜਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?