Skip to content

Skip to table of contents

ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੇ ਰੋਲ ਦੀ ਕਦਰ ਕਰੋ

ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੇ ਰੋਲ ਦੀ ਕਦਰ ਕਰੋ

ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੇ ਰੋਲ ਦੀ ਕਦਰ ਕਰੋ

“ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ।”—ਯੂਹੰ. 14:6.

1, 2. ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੇ ਰੋਲ ਵਿਚ ਸਾਨੂੰ ਦਿਲਚਸਪੀ ਕਿਉਂ ਰੱਖਣੀ ਚਾਹੀਦੀ ਹੈ?

ਸਦੀਆਂ ਤੋਂ ਬਹੁਤ ਸਾਰੇ ਲੋਕਾਂ ਨੇ ਹੋਰਨਾਂ ਤੋਂ ਵੱਖਰੇ ਨਜ਼ਰ ਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਹੀ ਵੱਖਰੇ ਨਜ਼ਰ ਆਏ ਹਨ। ਅੱਜ ਬਹੁਤ ਘੱਟ ਲੋਕ ਕਹਿ ਸਕਦੇ ਹਨ ਕਿ ਉਹ ਕੁਝ ਤਰੀਕਿਆਂ ਨਾਲ ਹੋਰਨਾਂ ਲੋਕਾਂ ਤੋਂ ਵੱਖਰੇ ਹਨ। ਪਰ ਪਰਮੇਸ਼ੁਰ ਦਾ ਪੁੱਤਰ ਯਿਸੂ ਮਸੀਹ ਕਈ ਤਰੀਕਿਆਂ ਨਾਲ ਨਿਰਾਲਾ ਸ਼ਖ਼ਸ ਹੈ।

2 ਸਾਨੂੰ ਯਿਸੂ ਦੇ ਰੋਲ ਵਿਚ ਇੰਨੀ ਦਿਲਚਸਪੀ ਕਿਉਂ ਰੱਖਣੀ ਚਾਹੀਦੀ ਹੈ? ਕਿਉਂਕਿ ਯਿਸੂ ਬਾਰੇ ਜਾਣੇ ਬਗੈਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਨਾਲ ਰਿਸ਼ਤਾ ਨਹੀਂ ਜੋੜ ਸਕਦੇ! ਯਿਸੂ ਨੇ ਕਿਹਾ: “ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ।” (ਯੂਹੰ. 14:6; 17:3) ਆਓ ਆਪਾਂ ਕੁਝ ਗੱਲਾਂ ਉੱਤੇ ਗੌਰ ਕਰੀਏ ਜਿਨ੍ਹਾਂ ਕਰਕੇ ਯਿਸੂ ਹੋਰਨਾਂ ਤੋਂ ਵੱਖਰਾ ਹੈ। ਇਸ ਤਰ੍ਹਾਂ ਕਰਨ ਨਾਲ ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੇ ਰੋਲ ਲਈ ਸਾਡੀ ਕਦਰ ਵਧੇਗੀ।

“ਇਕਲੌਤਾ ਪੁੱਤ੍ਰ”

3, 4. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਇਕਲੌਤਾ ਪੁੱਤਰ ਹੈ? (ਅ) ਯਿਸੂ ਨੇ ਸ੍ਰਿਸ਼ਟੀ ਕਰਨ ਵਿਚ ਕਿਵੇਂ ਅਨੋਖਾ ਰੋਲ ਨਿਭਾਇਆ?

3 ਯਿਸੂ ਸਿਰਫ਼ “ਪਰਮੇਸ਼ੁਰ ਦਾ ਪੁੱਤ੍ਰ” ਹੀ ਨਹੀਂ ਹੈ। ਸ਼ਤਾਨ ਨੇ ਉਸ ਨੂੰ ਪਰਤਾਉਣ ਵੇਲੇ ਇੱਦਾਂ ਹੀ ਕਿਹਾ ਸੀ। (ਮੱਤੀ 4:3, 6) ਯਿਸੂ ਨੂੰ ‘ਪਰਮੇਸ਼ੁਰ ਦਾ ਇਕਲੌਤਾ ਪੁੱਤ੍ਰ’ ਵੀ ਕਿਹਾ ਗਿਆ ਹੈ। (ਯੂਹੰ. 3:16, 18) ‘ਇਕਲੌਤੇ ਪੁੱਤ੍ਰ’ ਲਈ ਵਰਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਹੈ “ਆਪਣੀ ਹੀ ਕਿਸਮ ਦਾ, ਇੱਕੋ-ਇਕ” ਜਾਂ “ਵੱਖਰਾ।” ਸਵਰਗ ਵਿਚ ਯਹੋਵਾਹ ਦੇ ਲੱਖਾਂ ਹੀ ਪੁੱਤਰ ਹਨ। ਫਿਰ ਯਿਸੂ ਕਿਸ ਅਰਥ ਵਿਚ ਇਨ੍ਹਾਂ ਪੁੱਤਰਾਂ ਨਾਲੋਂ “ਵੱਖਰਾ” ਹੈ?

4 ਯਿਸੂ ਇਸ ਅਰਥ ਵਿਚ ਵੱਖਰਾ ਹੈ ਕਿਉਂਕਿ ਯਹੋਵਾਹ ਨੇ ਖ਼ੁਦ ਉਸ ਨੂੰ ਰਚਿਆ ਸੀ। ਉਹ ਜੇਠਾ ਪੁੱਤਰ ਹੈ ਕਿਉਂਕਿ ਉਹ “ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ।” (ਕੁਲੁ. 1:15) ਯਿਸੂ “ਪਰਮੇਸ਼ੁਰ ਦੀ ਸਰਿਸ਼ਟ ਦਾ ਮੁੱਢ ਹੈ।” (ਪਰ. 3:14) ਸ੍ਰਿਸ਼ਟੀ ਕਰਨ ਵਿਚ ਵੀ ਇਸ ਇਕਲੌਤੇ ਪੁੱਤਰ ਨੇ ਅਨੋਖਾ ਰੋਲ ਨਿਭਾਇਆ, ਪਰ ਉਹ ਸਿਰਜਣਹਾਰ ਨਹੀਂ ਹੈ। ਯਹੋਵਾਹ ਨੇ ਹੋਰ ਸਾਰੀਆਂ ਚੀਜ਼ਾਂ ਰਚਣ ਵਿਚ ਉਸ ਨੂੰ ਇਸਤੇਮਾਲ ਕੀਤਾ ਸੀ। (ਯੂਹੰਨਾ 1:3 ਪੜ੍ਹੋ।) ਪੌਲੁਸ ਰਸੂਲ ਨੇ ਲਿਖਿਆ: “ਸਾਡੇ ਭਾਣੇ ਇੱਕੋ ਪਰਮੇਸ਼ੁਰ ਹੈ ਜੋ ਪਿਤਾ ਹੈ ਜਿਸ ਤੋਂ ਸੱਭੋ ਕੁਝ ਹੋਇਆ ਹੈ ਅਤੇ ਅਸੀਂ ਉਹ ਦੇ ਲਈ ਹਾਂ, ਅਰ ਇੱਕੋ ਪ੍ਰਭੁ ਹੈ ਜੋ ਯਿਸੂ ਮਸੀਹ ਹੈ ਜਿਹ ਦੇ ਰਾਹੀਂ ਸੱਭੋ ਕੁਝ ਹੋਇਆ ਨਾਲੇ ਅਸੀਂ ਵੀ।”—1 ਕੁਰਿੰ. 8:6.

5. ਬਾਈਬਲ ਵਿਚ ਯਿਸੂ ਦੀ ਭੂਮਿਕਾ ਬਾਰੇ ਹੋਰ ਕਿਵੇਂ ਦੱਸਿਆ ਗਿਆ ਹੈ?

5 ਯਿਸੂ ਹੋਰਨਾਂ ਤਰੀਕਿਆਂ ਨਾਲ ਵੀ ਅਨੋਖਾ ਜਾਂ ਵੱਖਰਾ ਹੈ। ਬਾਈਬਲ ਵਿਚ ਉਸ ਨੂੰ ਕਈ ਖ਼ਿਤਾਬ ਦਿੱਤੇ ਗਏ ਹਨ ਜਿਨ੍ਹਾਂ ਤੋਂ ਪਰਮੇਸ਼ੁਰ ਦੇ ਮਕਸਦ ਵਿਚ ਉਸ ਦੀ ਭੂਮਿਕਾ ਬਾਰੇ ਪਤਾ ਲੱਗਦਾ ਹੈ। ਆਓ ਆਪਾਂ ਯੂਨਾਨੀ ਸ਼ਾਸਤਰ ਵਿਚ ਯਿਸੂ ਨੂੰ ਦਿੱਤੇ ਪੰਜ ਖ਼ਿਤਾਬਾਂ ’ਤੇ ਗੌਰ ਕਰੀਏ।

“ਸ਼ਬਦ”

6. ਯਿਸੂ ਨੂੰ “ਸ਼ਬਦ” ਕਹਿਣਾ ਕਿਉਂ ਸਹੀ ਹੈ?

6ਯੂਹੰਨਾ 1:14 ਪੜ੍ਹੋ। ਯਿਸੂ ਨੂੰ “ਸ਼ਬਦ” ਜਾਂ ਲੋਗੋਸ ਕਿਉਂ ਕਿਹਾ ਗਿਆ ਹੈ? ਇਸ ਖ਼ਿਤਾਬ ਤੋਂ ਸਾਨੂੰ ਯਿਸੂ ਦੇ ਉਸ ਕੰਮ ਬਾਰੇ ਪਤਾ ਲੱਗਦਾ ਹੈ ਜੋ ਉਸ ਨੇ ਦੂਤਾਂ ਅਤੇ ਇਨਸਾਨਾਂ ਦੀ ਰਚਨਾ ਤੋਂ ਬਾਅਦ ਕਰਨਾ ਸ਼ੁਰੂ ਕੀਤਾ। ਯਹੋਵਾਹ ਨੇ ਆਪਣੇ ਪੁੱਤਰ ਨੂੰ ਹੋਰਨਾਂ ਦੂਤਾਂ ਨੂੰ ਜਾਣਕਾਰੀ ਅਤੇ ਹਿਦਾਇਤਾਂ ਦੇਣ ਲਈ ਵਰਤਿਆ। ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਉਸ ਨੂੰ ਇਨਸਾਨਾਂ ਨੂੰ ਆਪਣਾ ਸੰਦੇਸ਼ ਦੇਣ ਲਈ ਵਰਤਿਆ। ਯਿਸੂ ਸ਼ਬਦ ਹੈ, ਇਸ ਗੱਲ ਦਾ ਸਾਨੂੰ ਯਹੂਦੀਆਂ ਨੂੰ ਕਹੇ ਉਸ ਦੇ ਲਫ਼ਜ਼ਾਂ ਤੋਂ ਪਤਾ ਲੱਗਦਾ ਹੈ: “ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹ ਦੀ ਹੈ ਜਿਨ੍ਹ ਮੈਨੂੰ ਘੱਲਿਆ। ਜੇ ਕੋਈ ਉਹ ਦੀ ਮਰਜ਼ੀ ਪੂਰੀ ਕਰਨੀ ਚਾਹੇ ਤਾਂ ਉਹ ਇਸ ਸਿੱਖਿਆ ਦੇ ਵਿਖੇ ਜਾਣੇਗਾ ਭਈ ਇਹ ਪਰਮੇਸ਼ੁਰ ਤੋਂ ਹੈ ਯਾ ਮੈਂ ਆਪਣੀ ਵੱਲੋਂ ਬੋਲਦਾ ਹਾਂ।” (ਯੂਹੰ. 7:16, 17) ਸਵਰਗ ਜਾਣ ਤੋਂ ਬਾਅਦ ਵੀ ਯਿਸੂ ‘ਪਰਮੇਸ਼ੁਰ ਦੇ ਸ਼ਬਦ’ ਵਜੋਂ ਕੰਮ ਕਰ ਰਿਹਾ ਹੈ।—ਪਰ. 19:11, 13, 16.

7. “ਸ਼ਬਦ” ਹੋਣ ਦੇ ਨਾਤੇ ਯਿਸੂ ਨੇ ਨਿਮਰਤਾ ਦੀ ਜੋ ਮਿਸਾਲ ਕਾਇਮ ਕੀਤੀ ਹੈ, ਉਸ ’ਤੇ ਅਸੀਂ ਕਿਵੇਂ ਚੱਲ ਸਕਦੇ ਹਾਂ?

7 ਜ਼ਰਾ ਸੋਚੋ ਕਿ ਇਸ ਖ਼ਿਤਾਬ ਜਾਂ ਰੁਤਬੇ ਦਾ ਕੀ ਮਤਲਬ ਹੈ। ਹਾਲਾਂਕਿ ਯਿਸੂ ਦੂਤਾਂ ਅਤੇ ਇਨਸਾਨਾਂ ਨਾਲੋਂ ਕਿਤੇ ਬੁੱਧੀਮਾਨ ਹੈ, ਫਿਰ ਵੀ ਉਹ ਆਪਣੀ ਬੁੱਧੀ ’ਤੇ ਭਰੋਸਾ ਨਹੀਂ ਰੱਖਦਾ। ਉਹ ਉਹੀ ਕਹਿੰਦਾ ਹੈ ਜੋ ਉਸ ਦਾ ਪਿਤਾ ਉਸ ਨੂੰ ਕਰਨ ਲਈ ਕਹਿੰਦਾ ਹੈ। ਯਿਸੂ ਆਪਣੇ ਵੱਲ ਧਿਆਨ ਖਿੱਚਣ ਦੀ ਬਜਾਇ ਹਮੇਸ਼ਾ ਯਹੋਵਾਹ ਵੱਲ ਧਿਆਨ ਖਿੱਚਦਾ ਹੈ। (ਯੂਹੰ. 12:50) ਸਾਡੇ ਲਈ ਇਹ ਕਿੰਨੀ ਵਧੀਆ ਮਿਸਾਲ ਹੈ! ਸਾਨੂੰ ਵੀ ‘ਚੰਗੀਆਂ ਗੱਲਾਂ ਦੀ ਖ਼ੁਸ਼ ਖ਼ਬਰੀ ਸੁਣਾਉਣ’ ਦਾ ਸਨਮਾਨ ਮਿਲਿਆ ਹੈ। (ਰੋਮੀ. 10:15) ਯਿਸੂ ਨੇ ਨਿਮਰ ਰਹਿ ਕੇ ਸਾਡੇ ਲਈ ਜੋ ਮਿਸਾਲ ਕਾਇਮ ਕੀਤੀ ਹੈ, ਉਸ ’ਤੇ ਚੱਲ ਕੇ ਅਸੀਂ ਵੀ ਆਪਣੇ ਵੱਲੋਂ ਕੁਝ ਨਹੀਂ ਬੋਲਾਂਗੇ। ਜਦੋਂ ਅਸੀਂ ਬਾਈਬਲ ਦਾ ਸੰਦੇਸ਼ ਲੋਕਾਂ ਨੂੰ ਦਿੰਦੇ ਹਾਂ, ਤਾਂ ਅਸੀਂ ‘ਲਿਖੀਆਂ ਗੱਲਾਂ ਤੋਂ ਪਰੇ ਨਹੀਂ ਵਧਦੇ।’—1 ਕੁਰਿੰ. 4:6.

“ਆਮੀਨ”

8, 9. (ੳ) “ਆਮੀਨ” ਸ਼ਬਦ ਦਾ ਕੀ ਮਤਲਬ ਹੈ ਅਤੇ ਯਿਸੂ ਨੂੰ “ਆਮੀਨ” ਕਿਉਂ ਕਿਹਾ ਗਿਆ ਹੈ? (ਅ) ਯਿਸੂ “ਆਮੀਨ” ਦੇ ਤੌਰ ਤੇ ਕਿਵੇਂ ਖਰਾ ਉਤਰਿਆ?

8ਪਰਕਾਸ਼ ਦੀ ਪੋਥੀ 3:14 ਪੜ੍ਹੋ। ਯਿਸੂ ਨੂੰ “ਆਮੀਨ” ਕਿਉਂ ਕਿਹਾ ਗਿਆ ਹੈ? ਇਬਰਾਨੀ ਸ਼ਬਦ “ਆਮੀਨ” ਦਾ ਮਤਲਬ ਹੈ “ਇੱਦਾਂ ਹੀ ਹੋਵੇ।” ਜਿਸ ਮੂਲ ਇਬਰਾਨੀ ਸ਼ਬਦ ਤੋਂ “ਆਮੀਨ” ਸ਼ਬਦ ਲਿਆ ਗਿਆ ਹੈ, ਉਸ ਦਾ ਅਰਥ ਹੈ “ਵਫ਼ਾਦਾਰ” ਜਾਂ “ਭਰੋਸੇਯੋਗ।” ਇਹੀ ਸ਼ਬਦ ਯਹੋਵਾਹ ਦੀ ਵਫ਼ਾਦਾਰੀ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। (ਬਿਵ. 7:9; ਯਸਾ. 49:7) ਸੋ ਯਿਸੂ ਕਿਸ ਅਰਥ ਵਿਚ “ਆਮੀਨ” ਹੈ? ਧਿਆਨ ਦਿਓ ਕਿ 2 ਕੁਰਿੰਥੀਆਂ 1:19, 20 ਕੀ ਜਵਾਬ ਦਿੰਦਾ ਹੈ: “ਪਰਮੇਸ਼ੁਰ ਦਾ ਪੁੱਤ੍ਰ ਯਿਸੂ ਮਸੀਹ ਜਿਹ ਦਾ . . . ਤੁਹਾਡੇ ਵਿੱਚ ਪਰਚਾਰ ਕੀਤਾ ਸੋ ਹਾਂ ਅਤੇ ਨਾਂਹ ਨਹੀਂ ਸਗੋਂ ਉਸ ਵਿੱਚ ਹਾਂ ਹੀ ਹਾਂ ਹੋਈ। ਕਿਉਂ ਜੋ ਪਰਮੇਸ਼ੁਰ ਦੀਆਂ ਪਰਤੱਗਿਆਂ ਭਾਵੇਂ ਕਿੰਨੀਆਂ ਹੀ ਹੋਣ ਉਸ ਵਿੱਚ ਹਾਂ ਹੀ ਹਾਂ ਹੈ। ਇਸ ਲਈ ਉਹ ਦੇ ਰਾਹੀਂ ਆਮੀਨ ਵੀ ਹੈ ਭਈ ਸਾਡੇ ਦੁਆਰਾ ਪਰਮੇਸ਼ੁਰ ਦੀ ਉਪਮਾ ਹੋਵੇ।”

9 ਯਿਸੂ ਪਰਮੇਸ਼ੁਰ ਦੇ ਸਾਰੇ ਵਾਅਦਿਆਂ ਦਾ “ਆਮੀਨ” ਹੈ। ਧਰਤੀ ਉੱਤੇ ਯਿਸੂ ਦੀ ਬੇਦਾਗ਼ ਜ਼ਿੰਦਗੀ ਅਤੇ ਉਸ ਦੀ ਕੁਰਬਾਨੀ ਦੇ ਕਾਰਨ ਪਰਮੇਸ਼ੁਰ ਦੇ ਸਾਰੇ ਵਾਅਦੇ ਪੂਰੇ ਹੋਏ ਤੇ ਕੁਝ ਅੱਗੇ ਚੱਲ ਕੇ ਪੂਰੇ ਹੋਣਗੇ। ਯਿਸੂ ਨੇ ਵਫ਼ਾਦਾਰ ਰਹਿ ਕੇ ਅੱਯੂਬ ਦੀ ਕਿਤਾਬ ਵਿਚ ਦੱਸੇ ਸ਼ਤਾਨ ਦੇ ਦਾਅਵੇ ਨੂੰ ਝੂਠਾ ਸਾਬਤ ਕੀਤਾ। ਸ਼ਤਾਨ ਨੇ ਕਿਹਾ ਸੀ ਕਿ ਪਰਮੇਸ਼ੁਰ ਦੇ ਭਗਤ ਤੰਗੀਆਂ, ਦੁੱਖਾਂ ਅਤੇ ਅਜ਼ਮਾਇਸ਼ਾਂ ਆਉਣ ’ਤੇ ਉਸ ਦੀ ਭਗਤੀ ਕਰਨ ਤੋਂ ਹਟ ਜਾਣਗੇ। (ਅੱਯੂ. 1:6-12; 2:2-7) ਪਰਮੇਸ਼ੁਰ ਦੀ ਸਾਰੀ ਸ੍ਰਿਸ਼ਟ ਵਿੱਚੋਂ ਉਸ ਦਾ ਜੇਠਾ ਪੁੱਤਰ ਹੀ ਸ਼ਤਾਨ ਨੂੰ ਮੂੰਹ ਤੋੜ ਜਵਾਬ ਦੇ ਸਕਦਾ ਸੀ। ਯਿਸੂ ਨੇ ਆਪਣੇ ਪਿਤਾ ਦਾ ਪੱਖ ਲੈ ਕੇ ਸਭ ਤੋਂ ਵੱਡਾ ਸਬੂਤ ਦਿੱਤਾ ਕਿ ਯਹੋਵਾਹ ਹੀ ਸਾਰੇ ਜਹਾਨ ਦਾ ਮਾਲਕ ਹੈ।

10. “ਆਮੀਨ” ਦਾ ਰੋਲ ਅਦਾ ਕਰ ਰਹੇ ਯਿਸੂ ਦੀ ਅਸੀਂ ਕਿਵੇਂ ਨਕਲ ਕਰ ਸਕਦੇ ਹਾਂ?

10 ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ ਜੋ “ਆਮੀਨ” ਦਾ ਰੋਲ ਅਦਾ ਕਰਦਾ ਹੈ? ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਕੇ ਅਤੇ ਉਸ ਦੇ ਰਾਜ ਦਾ ਪੱਖ ਲੈ ਕੇ। ਇੱਦਾਂ ਕਰ ਕੇ ਅਸੀਂ ਕਹਾਉਤਾਂ 27:11 ਦੇ ਸ਼ਬਦਾਂ ਮੁਤਾਬਕ ਕਰ ਰਹੇ ਹੋਵਾਂਗੇ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।”

“ਨਵੇਂ ਨੇਮ ਦਾ ਵਿਚੋਲਾ”

11, 12. ਵਿਚੋਲੇ ਦੇ ਤੌਰ ਤੇ ਯਿਸੂ ਦਾ ਰੋਲ ਕਿਵੇਂ ਵੱਖਰਾ ਸੀ?

111 ਤਿਮੋਥਿਉਸ 2:5, 6 ਪੜ੍ਹੋ। ਯਿਸੂ “ਪਰਮੇਸ਼ੁਰ ਅਤੇ ਮਨੁੱਖਾਂ ਵਿੱਚ ਇੱਕੋ ਵਿਚੋਲਾ ਹੈ।” ਉਹ “ਨਵੇਂ ਨੇਮ ਦਾ ਵਿਚੋਲਾ” ਹੈ। (ਇਬ. 9:15; 12:24) ਪਰ ਮੂਸਾ ਨੂੰ ਵੀ ਵਿਚੋਲਾ ਕਿਹਾ ਗਿਆ ਹੈ। ਉਹ ਬਿਵਸਥਾ ਦੇ ਨੇਮ ਦਾ ਵਿਚੋਲਾ ਸੀ। (ਗਲਾ. 3:19) ਤਾਂ ਫਿਰ ਯਿਸੂ ਕਿਸ ਅਰਥ ਵਿਚ ਅਨੋਖਾ ਵਿਚੋਲਾ ਹੈ?

12 ਮੂਲ ਭਾਸ਼ਾ ਵਿਚ “ਵਿਚੋਲਾ” ਕਾਨੂੰਨੀ ਭਾਸ਼ਾ ਦਾ ਸ਼ਬਦ ਹੈ। ਇਸ ਲਈ ਯਿਸੂ ਨਵੇਂ ਨੇਮ ਦਾ ਕਾਨੂੰਨੀ ਤੌਰ ਤੇ ਵਿਚੋਲਾ ਹੈ ਜਾਂ ਇਕ ਤਰ੍ਹਾਂ ਨਾਲ ਵਕੀਲ ਹੈ ਜਿਸ ਨੇ ਨਵੀਂ ਕੌਮ ਯਾਨੀ “ਪਰਮੇਸ਼ੁਰ ਦੇ ਇਸਰਾਏਲ” ਨੂੰ ਪੈਦਾ ਕੀਤਾ। (ਗਲਾ. 6:16) ਇਹ ਕੌਮ ਮਸਹ ਕੀਤੇ ਹੋਏ ਮਸੀਹੀਆਂ ਨਾਲ ਬਣੀ ਹੋਈ ਹੈ ਜੋ ਸਵਰਗ ਵਿਚ “ਜਾਜਕਾਂ ਦੀ ਸ਼ਾਹੀ ਮੰਡਲੀ” ਹੈ। (1 ਪਤ. 2:9; ਕੂਚ 19:6) ਭਾਵੇਂ ਮੂਸਾ ਵਿਚੋਲਾ ਸੀ, ਪਰ ਉਹ ਇਹੋ ਜਿਹੀ ਕੌਮ ਪੈਦਾ ਨਹੀਂ ਕਰ ਸਕਿਆ।

13. ਯਿਸੂ ਦੁਆਰਾ ਵਿਚੋਲੇ ਦੇ ਤੌਰ ਤੇ ਕੰਮ ਕਰਨ ਵਿਚ ਕੀ-ਕੀ ਸ਼ਾਮਲ ਹੈ?

13 ਯਿਸੂ ਦੁਆਰਾ ਵਿਚੋਲੇ ਦੇ ਤੌਰ ਤੇ ਕੰਮ ਕਰਨ ਵਿਚ ਕੀ-ਕੀ ਸ਼ਾਮਲ ਹੈ? ਯਹੋਵਾਹ ਯਿਸੂ ਦੇ ਵਹਾਏ ਗਏ ਲਹੂ ਦੇ ਫ਼ਾਇਦਿਆਂ ਨੂੰ ਉਨ੍ਹਾਂ ਲੋਕਾਂ ਉੱਤੇ ਲਾਗੂ ਕਰਦਾ ਹੈ ਜਿਨ੍ਹਾਂ ਨਾਲ ਉਹ ਨਵਾਂ ਨੇਮ ਬੰਨ੍ਹਦਾ ਹੈ। ਇਸ ਤਰ੍ਹਾਂ ਕਰ ਕੇ ਯਹੋਵਾਹ ਉਨ੍ਹਾਂ ਨੂੰ ਧਰਮੀ ਠਹਿਰਾਉਂਦਾ ਹੈ। (ਰੋਮੀ. 3:24; ਇਬ. 9:15) ਫਿਰ ਯਹੋਵਾਹ ਉਨ੍ਹਾਂ ਨੂੰ ਨਵੇਂ ਨੇਮ ਵਿਚ ਸ਼ਾਮਲ ਕਰਦਾ ਹੈ ਤਾਂਕਿ ਉਹ ਸਵਰਗ ਵਿਚ ਰਾਜੇ ਤੇ ਜਾਜਕ ਬਣਨ! ਵਿਚੋਲਾ ਹੋਣ ਦੇ ਨਾਤੇ ਯਿਸੂ ਉਨ੍ਹਾਂ ਦੀ ਸਹਾਇਤਾ ਕਰਦਾ ਹੈ ਤਾਂਕਿ ਉਹ ਪਰਮੇਸ਼ੁਰ ਅੱਗੇ ਧਰਮੀ ਬਣੇ ਰਹਿਣ।—ਇਬ. 2:16.

14. ਸਾਡੀ ਉਮੀਦ ਜੋ ਵੀ ਹੋਵੇ, ਸਾਨੂੰ ਸਾਰਿਆਂ ਨੂੰ ਵਿਚੋਲੇ ਦੇ ਤੌਰ ਤੇ ਯਿਸੂ ਦੇ ਰੋਲ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ?

14 ਉਨ੍ਹਾਂ ਬਾਰੇ ਕੀ ਜਿਹੜੇ ਨਵੇਂ ਨੇਮ ਦਾ ਹਿੱਸਾ ਨਹੀਂ ਹਨ ਅਤੇ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਦੇ ਹਨ ਨਾ ਕਿ ਸਵਰਗ ਵਿਚ? ਭਾਵੇਂ ਉਨ੍ਹਾਂ ਨਾਲ ਨਵਾਂ ਨੇਮ ਨਹੀਂ ਬੰਨ੍ਹਿਆ ਗਿਆ ਪਰ ਉਹ ਇਸ ਤੋਂ ਫ਼ਾਇਦਾ ਉਠਾਉਂਦੇ ਹਨ। ਉਨ੍ਹਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲਦੀ ਹੈ ਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਮਿੱਤਰਾਂ ਵਜੋਂ ਧਰਮੀ ਠਹਿਰਾਇਆ ਗਿਆ ਹੈ। (ਯਾਕੂ. 2:23; 1 ਯੂਹੰ. 2:1, 2) ਸਾਡੀ ਉਮੀਦ ਭਾਵੇਂ ਜੋ ਮਰਜ਼ੀ ਹੈ, ਸਾਨੂੰ ਸਾਰਿਆਂ ਨੂੰ ਨਵੇਂ ਨੇਮ ਦੇ ਵਿਚੋਲੇ ਦੇ ਤੌਰ ਤੇ ਯਿਸੂ ਦੇ ਰੋਲ ਦੀ ਕਦਰ ਕਰਨੀ ਚਾਹੀਦੀ ਹੈ।

ਪ੍ਰਧਾਨ ਜਾਜਕ

15. ਪ੍ਰਧਾਨ ਜਾਜਕ ਦੇ ਤੌਰ ਤੇ ਯਿਸੂ ਹੋਰਨਾਂ ਪ੍ਰਧਾਨ ਜਾਜਕਾਂ ਤੋਂ ਕਿਵੇਂ ਵੱਖਰਾ ਹੈ?

15 ਪੁਰਾਣੇ ਜ਼ਮਾਨੇ ਵਿਚ ਬਹੁਤ ਸਾਰੇ ਆਦਮੀਆਂ ਨੇ ਪ੍ਰਧਾਨ ਜਾਜਕਾਂ ਦੇ ਤੌਰ ਤੇ ਸੇਵਾ ਕੀਤੀ ਸੀ, ਪਰ ਯਿਸੂ ਉਨ੍ਹਾਂ ਪ੍ਰਧਾਨ ਜਾਜਕਾਂ ਤੋਂ ਵੱਖਰਾ ਹੈ। ਕਿਉਂ? ਪੌਲੁਸ ਦੱਸਦਾ ਹੈ: ‘ਉਸ ਨੂੰ ਉਨ੍ਹਾਂ ਪਰਧਾਨ ਜਾਜਕਾਂ ਵਾਂਙੁ ਲੋੜ ਨਹੀਂ ਭਈ ਪਹਿਲਾਂ ਆਪਣਿਆਂ ਅਤੇ ਫੇਰ ਪਰਜਾ ਦਿਆਂ ਪਾਪਾਂ ਲਈ ਬਲੀਦਾਨ ਨਿੱਤ ਚੜ੍ਹਾਇਆ ਕਰੇ ਕਿਉਂ ਜੋ ਉਹ ਇੱਕੋ ਵਾਰ ਇਹ ਕਰ ਗੁਜ਼ਰਿਆ ਜਦੋਂ ਆਪਣੇ ਆਪ ਨੂੰ ਚੜ੍ਹਾ ਦਿੱਤਾ। ਸ਼ਰਾ ਤਾਂ ਮਨੁੱਖਾਂ ਨੂੰ ਜਿਹੜੇ ਨਿਤਾਣੇ ਹਨ ਪਰਧਾਨ ਜਾਜਕ ਠਹਿਰਾਉਂਦੀ ਹੈ ਪਰ ਸੌਂਹ ਦਾ ਬਚਨ ਜਿਹੜਾ ਸ਼ਰਾ ਦੇ ਮਗਰੋਂ ਹੋਇਆ ਸੀ ਪੁੱਤ੍ਰ ਨੂੰ, ਜੋ ਸਦਾ ਤੀਕ ਸਿੱਧ ਕੀਤਾ ਹੋਇਆ ਹੈ।’—ਇਬ. 7:27, 28. *

16. ਯਿਸੂ ਦੀ ਕੁਰਬਾਨੀ ਹੋਰਨਾਂ ਬਲੀਆਂ ਨਾਲੋਂ ਕਿਵੇਂ ਵੱਖਰੀ ਹੈ?

16 ਯਿਸੂ ਮੁਕੰਮਲ ਇਨਸਾਨ ਸੀ ਜਿਵੇਂ ਆਦਮ ਪਾਪ ਕਰਨ ਤੋਂ ਪਹਿਲਾਂ ਮੁਕੰਮਲ ਸੀ। (1 ਕੁਰਿੰ. 15:45) ਇਸ ਲਈ ਯਿਸੂ ਹੀ ਇੱਕੋ-ਇਕ ਇਨਸਾਨ ਸੀ ਜੋ ਆਪਣੀ ਜਾਨ ਦੀ ਮੁਕੰਮਲ ਕੁਰਬਾਨੀ ਦੇ ਸਕਦਾ ਸੀ। ਯਿਸੂ ਨੇ ਇਹ ਕੁਰਬਾਨੀ ਵਾਰ-ਵਾਰ ਨਹੀਂ ਸੀ ਦੇਣੀ। ਮੂਸਾ ਦੀ ਸ਼ਰਾ ਅਨੁਸਾਰ ਹਰ ਰੋਜ਼ ਬਲੀਆਂ ਚੜ੍ਹਾਈਆਂ ਜਾਂਦੀਆਂ ਸਨ। ਪਰ ਇਹ ਸਾਰੀਆਂ ਬਲੀਆਂ ਅਤੇ ਜਾਜਕਾਂ ਦੇ ਕੰਮ ਉਸ ਸਭ ਕਾਸੇ ਦਾ ਪਰਛਾਵਾਂ ਸੀ ਜੋ ਕੁਝ ਯਿਸੂ ਨੇ ਪੂਰਾ ਕਰਨਾ ਸੀ। (ਇਬ. 8:5; 10:1) ਪ੍ਰਧਾਨ ਜਾਜਕ ਦੇ ਤੌਰ ਤੇ ਯਿਸੂ ਦਾ ਰੋਲ ਵੱਖਰਾ ਹੈ ਕਿਉਂਕਿ ਉਹ ਉਨ੍ਹਾਂ ਜਾਜਕਾਂ ਨਾਲੋਂ ਜ਼ਿਆਦਾ ਕੰਮ ਕਰੇਗਾ ਤੇ ਉਹ ਹਮੇਸ਼ਾ ਲਈ ਕਰਦਾ ਰਹੇਗਾ।

17. ਸਾਨੂੰ ਪ੍ਰਧਾਨ ਜਾਜਕ ਵਜੋਂ ਯਿਸੂ ਦੇ ਰੋਲ ਦੀ ਕਿਉਂ ਕਦਰ ਕਰਨੀ ਚਾਹੀਦੀ ਹੈ ਤੇ ਇਹ ਅਸੀਂ ਕਿੱਦਾਂ ਕਰ ਸਕਦੇ ਹਾਂ?

17 ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਗਿਣੇ ਜਾਣ ਲਈ ਸਾਨੂੰ ਪ੍ਰਧਾਨ ਜਾਜਕ ਦੇ ਤੌਰ ਤੇ ਯਿਸੂ ਦੀਆਂ ਸੇਵਾਵਾਂ ਦੀ ਲੋੜ ਹੈ। ਇਹ ਕਿੰਨੀ ਵਧੀਆ ਗੱਲ ਹੈ ਕਿ ਯਿਸੂ ਸਾਡਾ ਪ੍ਰਧਾਨ ਜਾਜਕ ਹੈ! ਪੌਲੁਸ ਨੇ ਲਿਖਿਆ: “ਸਾਡਾ ਪਰਧਾਨ ਜਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ ਨਾ ਹੋ ਸੱਕੇ ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਙੁ ਪਰਤਾਇਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ।” (ਇਬ. 4:15) ਇਹ ਗੱਲ ਜਾਣ ਕੇ ਸਾਨੂੰ ‘ਅਗਾਹਾਂ ਨੂੰ ਆਪਣੇ ਲਈ ਨਹੀਂ ਸਗੋਂ ਉਹ ਦੇ ਲਈ ਜੀਉਣਾ ਚਾਹੀਦਾ ਹੈ ਜਿਹੜਾ ਸਾਡੇ ਲਈ ਮੋਇਆ।’—2 ਕੁਰਿੰ. 5:14, 15; ਲੂਕਾ 9:23.

“ਸੰਤਾਨ” ਦੀ ਭਵਿੱਖਬਾਣੀ

18. ਆਦਮ ਦੇ ਪਾਪ ਕਰਨ ਤੋਂ ਬਾਅਦ ਕਿਹੜੀ ਭਵਿੱਖਬਾਣੀ ਕੀਤੀ ਗਈ ਸੀ ਅਤੇ ਬਾਅਦ ਵਿਚ ਇਸ ਭਵਿੱਖਬਾਣੀ ਸੰਬੰਧੀ ਕੀ-ਕੀ ਜ਼ਾਹਰ ਕੀਤਾ ਗਿਆ ਸੀ?

18 ਲੱਗਦਾ ਸੀ ਕਿ ਅਦਨ ਦੇ ਬਾਗ਼ ਵਿਚ ਇਨਸਾਨ ਸਭ ਕੁਝ ਗੁਆ ਚੁੱਕੇ ਸਨ, ਜਿਵੇਂ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ, ਹਮੇਸ਼ਾ ਦੀ ਜ਼ਿੰਦਗੀ, ਖ਼ੁਸ਼ੀਆਂ ਅਤੇ ਆਪਣਾ ਘਰ। ਉਦੋਂ ਯਹੋਵਾਹ ਨੇ ਇਕ ਮੁਕਤੀਦਾਤੇ ਦੀ ਭਵਿੱਖਬਾਣੀ ਕੀਤੀ ਸੀ। ਇਸ ਵਿਚ ਮੁਕਤੀਦਾਤੇ ਦਾ ਜ਼ਿਕਰ “ਸੰਤਾਨ” ਵਜੋਂ ਕੀਤਾ ਗਿਆ ਸੀ। (ਉਤ. 3:15) ਸਦੀਆਂ ਤਾਈਂ ਬਾਈਬਲ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਵਿਚ ਇਹ ਸੰਤਾਨ ਰਾਜ਼ ਦੀ ਗੱਲ ਰਹੀ। ਸੰਤਾਨ ਨੇ ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਘਰਾਣੇ ਵਿੱਚੋਂ ਆਉਣਾ ਸੀ। ਨਾਲੇ ਇਹ ਦਾਊਦ ਦੇ ਖ਼ਾਨਦਾਨ ਵਿੱਚੋਂ ਵੀ ਹੋਣੀ ਸੀ।—ਉਤ. 21:12; 22:16-18; 28:14; 2 ਸਮੂ. 7:12-16.

19, 20. (ੳ) ਭਵਿੱਖਬਾਣੀ ਵਿਚ ਦੱਸੀ ਸੰਤਾਨ ਕੌਣ ਹੈ? (ਅ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ ਤੋਂ ਇਲਾਵਾ ਅੰਸ ਵਿਚ ਹੋਰ ਲੋਕ ਵੀ ਸ਼ਾਮਲ ਹਨ?

19 ਭਵਿੱਖਬਾਣੀ ਵਿਚ ਦੱਸੀ ਇਹ ਸੰਤਾਨ ਕੌਣ ਸੀ? ਗਲਾਤੀਆਂ 3:16 (ਪੜ੍ਹੋ।) ਵਿਚ ਇਸ ਦਾ ਜਵਾਬ ਮਿਲਦਾ ਹੈ। ਇਸੇ ਅਧਿਆਇ ਵਿਚ ਪੌਲੁਸ ਰਸੂਲ ਮਸਹ ਕੀਤੇ ਹੋਏ ਮਸੀਹੀਆਂ ਨੂੰ ਕਹਿੰਦਾ ਹੈ: “ਜੇ ਤੁਸੀਂ ਮਸੀਹ ਦੇ ਹੋ ਤਾਂ ਅਬਰਾਹਾਮ ਦੀ ਅੰਸ ਅਤੇ ਬਚਨ ਦੇ ਅਨੁਸਾਰ ਅਧਕਾਰੀ ਹੋ।” (ਗਲਾ. 3:29) ਜੇ ਮਸੀਹ ਨੂੰ ਹੀ ਅੰਸ ਕਿਹਾ ਗਿਆ ਹੈ, ਤਾਂ ਫਿਰ ਹੋਰ ਲੋਕ ਅੰਸ ਕਿੱਦਾਂ ਹੋ ਸਕਦੇ ਹਨ?

20 ਲੱਖਾਂ ਹੀ ਲੋਕ ਦਾਅਵਾ ਕਰਦੇ ਆਏ ਹਨ ਕਿ ਉਹ ਅਬਰਾਹਾਮ ਦੀ ਅੰਸ ਵਿੱਚੋਂ ਆਏ ਹਨ ਅਤੇ ਕੁਝ ਆਪਣੇ ਆਪ ਨੂੰ ਪੈਗੰਬਰ ਵੀ ਮੰਨਦੇ ਹਨ। ਕੁਝ ਧਰਮਾਂ ਦੇ ਲੋਕ ਕਹਿੰਦੇ ਹਨ ਕਿ ਉਨ੍ਹਾਂ ਦੇ ਪੈਗੰਬਰ ਅਬਰਾਹਾਮ ਦੇ ਖ਼ਾਨਦਾਨ ਵਿੱਚੋਂ ਹਨ। ਪਰ ਕੀ ਉਹ ਸਾਰੇ ਭਵਿੱਖਬਾਣੀ ਵਿਚ ਦੱਸੀ ਸੰਤਾਨ ਹਨ? ਨਹੀਂ। ਪਰਮੇਸ਼ੁਰ ਨੇ ਪੌਲੁਸ ਰਸੂਲ ਤੋਂ ਲਿਖਵਾਇਆ ਸੀ ਕਿ ਅਬਰਾਹਾਮ ਦੀ ਸਾਰੀ ਔਲਾਦ ਉਹ “ਅੰਸ” ਨਹੀਂ ਹੋ ਸਕਦੀ। ਯਹੋਵਾਹ ਨੇ ਅਬਰਾਹਾਮ ਦੇ ਹੋਰਨਾਂ ਪੁੱਤਰਾਂ ਦੀ ਔਲਾਦ ਨੂੰ ਮਨੁੱਖਜਾਤੀ ਨੂੰ ਬਰਕਤਾਂ ਦੇਣ ਲਈ ਨਹੀਂ ਵਰਤਿਆ ਸੀ। ਇਹ ਅੰਸ ਸਿਰਫ਼ ਇਸਹਾਕ ਤੋਂ ਆਉਣੀ ਸੀ। (ਇਬ. 11:18) ਅਬਰਾਹਾਮ ਦੇ ਖ਼ਾਨਦਾਨ ਵਿੱਚੋਂ ਸਿਰਫ਼ ਇੱਕੋ ਸ਼ਖ਼ਸ ਯਿਸੂ ਮਸੀਹ ਦੀ ਵੰਸ਼ਾਵਲੀ ਬਾਈਬਲ ਵਿਚ ਦੱਸੀ ਗਈ ਹੈ। ਸੋ ਯਿਸੂ ਮਸੀਹ ਹੀ ਮੁੱਖ ਅੰਸ ਹੈ। * ਬਾਅਦ ਵਿਚ ਹੋਰ ਲੋਕ ਵੀ ਅਬਰਾਹਾਮ ਦੀ ਅੰਸ ਬਣ ਗਏ ਕਿਉਂਕਿ ਉਹ ‘ਮਸੀਹ ਦੇ ਹਨ।’ ਜੀ ਹਾਂ, ਯਿਸੂ ਨੇ ਭਵਿੱਖਬਾਣੀ ਪੂਰੀ ਕਰ ਕੇ ਇਕ ਵਧੀਆ ਰੋਲ ਨਿਭਾਇਆ।

21. ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਨੇ ਜੋ ਰੋਲ ਨਿਭਾਇਆ, ਉਸ ਬਾਰੇ ਜਾਣ ਕੇ ਤੁਹਾਨੂੰ ਕਿਹੜੀ ਗੱਲ ਵਧੀਆ ਲੱਗਦੀ ਹੈ?

21 ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੇ ਅਨੋਖੇ ਰੋਲ ਬਾਰੇ ਜਾਣ ਕੇ ਅਸੀਂ ਕੀ ਸਿੱਖਿਆ ਹੈ? ਸਿਰਜੇ ਜਾਣ ਤੋਂ ਲੈ ਕੇ ਹੁਣ ਤਕ ਪਰਮੇਸ਼ੁਰ ਦਾ ਇਕਲੌਤਾ ਪੁੱਤਰ ਹੋਰਨਾਂ ਤੋਂ ਵੱਖਰਾ ਹੀ ਸ਼ਖ਼ਸ ਰਿਹਾ ਹੈ। ਪਰ ਪਰਮੇਸ਼ੁਰ ਦਾ ਇਹ ਪੁੱਤਰ ਯਿਸੂ ਹਮੇਸ਼ਾ ਨਿਮਰਤਾ ਨਾਲ ਆਪਣੇ ਪਿਤਾ ਦੀ ਮਰਜ਼ੀ ਪੂਰੀ ਕਰਦਾ ਰਿਹਾ ਹੈ। ਉਸ ਨੇ ਕਦੇ ਵੀ ਆਪਣੀ ਵਡਿਆਈ ਨਹੀਂ ਚਾਹੀ। (ਯੂਹੰ. 5:41; 8:50) ਯਿਸੂ ਨੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ! ਆਓ ਆਪਾਂ ਵੀ ਯਿਸੂ ਦੀ ਤਰ੍ਹਾਂ ‘ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੀਏ।’—1 ਕੁਰਿੰ. 10:31.

[ਫੁਟਨੋਟ]

^ ਪੈਰਾ 15 ਬਾਈਬਲ ਦੇ ਇਕ ਵਿਦਵਾਨ ਅਨੁਸਾਰ “ਇੱਕੋ ਵਾਰ” ਅਨੁਵਾਦ ਕੀਤੇ ਗਏ ਸ਼ਬਦ ਦਾ ਮਤਲਬ ਹੈ ਯਿਸੂ ਮਸੀਹ ਨੇ ਆਪਣੀ ਜਾਨ ਦੀ ਕੁਰਬਾਨੀ ਸਿਰਫ਼ ਇੱਕੋ ਵਾਰ ਦਿੱਤੀ।

^ ਪੈਰਾ 20 ਭਾਵੇਂ ਕਿ ਅਬਰਾਹਾਮ ਦੇ ਖ਼ਾਨਦਾਨ ਵਿੱਚੋਂ ਆਏ ਪਹਿਲੀ ਸਦੀ ਦੇ ਯਹੂਦੀ ਸੋਚਦੇ ਸਨ ਕਿ ਉਹ ਯਹੋਵਾਹ ਦੇ ਚੁਣੇ ਹੋਏ ਲੋਕ ਸਨ, ਫਿਰ ਵੀ ਉਹ ਇੱਕੋ ਸ਼ਖ਼ਸ ਦੀ ਉਡੀਕ ਕਰ ਰਹੇ ਸਨ ਜੋ ਮਸੀਹਾ ਹੋਣਾ ਸੀ।—ਯੂਹੰ. 1:25; 7:41, 42; 8:39-41.

ਕੀ ਤੁਹਾਨੂੰ ਯਾਦ ਹੈ?

• ਯਿਸੂ ਨੂੰ ਦਿੱਤੇ ਗਏ ਖ਼ਿਤਾਬਾਂ ਤੋਂ ਤੁਸੀਂ ਕੀ ਸਿੱਖਿਆ ਹੈ? (ਡੱਬੀ ਦੇਖੋ।)

• ਤੁਸੀਂ ਯਹੋਵਾਹ ਦੇ ਪੁੱਤਰ ਦੀ ਕਿਵੇਂ ਰੀਸ ਕਰ ਸਕਦੇ ਹੋ?

[ਸਵਾਲ]

[ਸਫ਼ਾ 15 ਉੱਤੇ ਡੱਬੀ/ਤਸਵੀਰ]

ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੇ ਰੋਲ ਸੰਬੰਧੀ ਕੁਝ ਖ਼ਿਤਾਬ

ਇਕਲੌਤਾ ਪੁੱਤਰ। (ਯੂਹੰ. 1:3) ਯਹੋਵਾਹ ਨੇ ਯਿਸੂ ਨੂੰ ਖ਼ੁਦ ਬਣਾਇਆ।

ਸ਼ਬਦ। (ਯੂਹੰ. 1:14) ਯਹੋਵਾਹ ਆਪਣੇ ਪੁੱਤਰ ਨੂੰ ਦੂਤਾਂ ਅਤੇ ਇਨਸਾਨਾਂ ਨੂੰ ਜਾਣਕਾਰੀ ਅਤੇ ਹਿਦਾਇਤਾਂ ਦੇਣ ਲਈ ਇਸਤੇਮਾਲ ਕਰਦਾ ਹੈ।

ਆਮੀਨ। (ਪਰ. 3:14) ਯਿਸੂ ਦੀ ਬੇਦਾਗ਼ ਜ਼ਿੰਦਗੀ ਅਤੇ ਉਸ ਦੀ ਕੁਰਬਾਨੀ ਦੇ ਕਾਰਨ ਪਰਮੇਸ਼ੁਰ ਦੇ ਸਾਰੇ ਵਾਅਦੇ ਪੂਰੇ ਹੋਏ ਹਨ ਅਤੇ ਕੁਝ ਵਾਅਦੇ ਅੱਗੇ ਚੱਲ ਕੇ ਪੂਰੇ ਹੋਣਗੇ।

ਨਵੇਂ ਨੇਮ ਦਾ ਵਿਚੋਲਾ। (1 ਤਿਮੋ. 2:5, 6) ਨਵੇਂ ਨੇਮ ਦਾ ਕਾਨੂੰਨੀ ਤੌਰ ਤੇ ਵਿਚੋਲਾ ਹੋਣ ਕਰਕੇ ਯਿਸੂ ਨੇ ਨਵੀਂ ਕੌਮ ਯਾਨੀ “ਪਰਮੇਸ਼ੁਰ ਦੇ ਇਸਰਾਏਲ” ਨੂੰ ਪੈਦਾ ਕੀਤਾ ਜੋ ਸਵਰਗ ਵਿਚ “ਜਾਜਕਾਂ ਦੀ ਸ਼ਾਹੀ ਮੰਡਲੀ” ਬਣੇਗੀ।—ਗਲਾ. 6:16; 1 ਪਤ. 2:9.

ਪ੍ਰਧਾਨ ਜਾਜਕ। (ਇਬ. 7:27, 28) ਯਿਸੂ ਹੀ ਇੱਕੋ-ਇਕ ਇਨਸਾਨ ਸੀ ਜੋ ਆਪਣੀ ਕੁਰਬਾਨੀ ਦੇ ਸਕਦਾ ਸੀ ਤੇ ਉਸ ਨੂੰ ਇਹ ਕੁਰਬਾਨੀ ਵਾਰ-ਵਾਰ ਦੇਣ ਦੀ ਲੋੜ ਨਹੀਂ ਸੀ। ਉਹ ਸਾਡੇ ਪਾਪਾਂ ਨੂੰ ਧੋ ਸਕਦਾ ਹੈ ਅਤੇ ਸਾਨੂੰ ਮੌਤ ਤੋਂ ਬਚਾ ਸਕਦਾ ਹੈ।

ਭਵਿੱਖਬਾਣੀ ਵਿਚ ਦੱਸੀ ਸੰਤਾਨ। (ਉਤ. 3:15) ਯਿਸੂ ਹੀ ਭਵਿੱਖਬਾਣੀ ਵਿਚ ਦੱਸੀ ਗਈ ਮੁੱਖ ਸੰਤਾਨ ਸੀ। ਦੂਸਰੇ ਲੋਕ ਜੋ ਅਬਰਾਹਾਮ ਦੀ ਸੰਤਾਨ ਦਾ ਹਿੱਸਾ ਬਣਦੇ ਹਨ, ਉਹ ‘ਮਸੀਹ ਦੇ ਹਨ।’—ਗਲਾ. 3:29.