Skip to content

Skip to table of contents

ਪ੍ਰਾਚੀਨ ਲਿਖਤਾਂ ਅਤੇ ਬਾਈਬਲ

ਪ੍ਰਾਚੀਨ ਲਿਖਤਾਂ ਅਤੇ ਬਾਈਬਲ

ਪ੍ਰਾਚੀਨ ਲਿਖਤਾਂ ਅਤੇ ਬਾਈਬਲ

ਬਾਬਲ ਵਿਚ ਲੋਕਾਂ ਦੀ ਭਾਸ਼ਾ ਉਲਟ-ਪੁਲਟ ਹੋਣ ਤੋਂ ਬਾਅਦ ਲਿਖਣ ਦੇ ਵੱਖੋ-ਵੱਖਰੇ ਢੰਗ ਹੋਂਦ ਵਿਚ ਆਏ। ਮੇਸੋਪੋਟੇਮੀਆ ਵਿਚ ਰਹਿੰਦੇ ਸੁਮੇਰੀ ਅਤੇ ਬੈਬੀਲੋਨ ਦੇ ਲੋਕ ਫਾਨਾ-ਨੁਮਾ ਲਿਪੀ ਵਰਤਣ ਲੱਗੇ। ਫਾਨਾ-ਨੁਮਾ ਸ਼ਬਦ ਲਾਤੀਨੀ ਭਾਸ਼ਾ ਤੋਂ ਆਇਆ ਹੈ ਜਿਸ ਦਾ ਮਤਲਬ ਹੈ “ਫਾਨੇ ਵਰਗਾ।” ਇਹ ਕਲਮ ਦੀ ਤਿਕੋਣੀ ਨੋਕ ਨੂੰ ਸੰਕੇਤ ਕਰਦਾ ਹੈ ਜੋ ਲਿਖਣ ਵੇਲੇ ਗਿੱਲੀ ਮਿੱਟੀ ਵਿਚ ਛਪ ਜਾਂਦੀ ਸੀ।

ਪੁਰਾਤੱਤਵ-ਵਿਗਿਆਨੀਆਂ ਨੇ ਪੁਰਾਣੀਆਂ ਲਿਖਤਾਂ ਲੱਭੀਆਂ ਹਨ ਜਿਨ੍ਹਾਂ ਵਿਚ ਉਨ੍ਹਾਂ ਲੋਕਾਂ ਅਤੇ ਘਟਨਾਵਾਂ ਦਾ ਜ਼ਿਕਰ ਹੈ ਜੋ ਬਾਈਬਲ ਵਿਚ ਦਰਜ ਹਨ। ਅਸੀਂ ਫਾਨਾ-ਨੁਮਾ ਲਿਪੀ ਬਾਰੇ ਕੀ ਜਾਣਦੇ ਹਾਂ? ਸਾਨੂੰ ਇਨ੍ਹਾਂ ਲਿਖਤਾਂ ਤੋਂ ਕੀ ਸਬੂਤ ਮਿਲਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਵਿਚਲੀਆਂ ਗੱਲਾਂ ਸਹੀ ਹਨ?

ਪੁਰਾਣੇ ਰਿਕਾਰਡ

ਵਿਦਵਾਨ ਮੰਨਦੇ ਹਨ ਕਿ ਮੇਸੋਪੋਟੇਮੀਆ ਵਿਚ ਸ਼ੁਰੂ-ਸ਼ੁਰੂ ਵਿਚ ਚਿੱਤਰ-ਲਿਪੀ ਵਰਤੀ ਜਾਂਦੀ ਸੀ। ਉਸ ਸਮੇਂ ਦੇ ਲੋਕ ਕੋਈ ਚਿੰਨ੍ਹ ਜਾਂ ਤਸਵੀਰ ਬਣਾਉਂਦੇ ਸਨ ਜੋ ਕਿਸੇ ਸ਼ਬਦ ਜਾਂ ਵਿਚਾਰ ਦਾ ਮਤਲਬ ਦਿੰਦੀ ਸੀ। ਮਿਸਾਲ ਲਈ, ਬਲਦ ਲਈ ਵਰਤਿਆ ਚਿੰਨ੍ਹ ਬਲਦ ਦੇ ਸਿਰ ਵਰਗਾ ਦਿੱਸਦਾ ਸੀ। ਜਿਉਂ-ਜਿਉਂ ਰਿਕਾਰਡ ਰੱਖਣ ਦੀ ਲੋੜ ਵਧਦੀ ਗਈ, ਫਾਨਾ-ਨੁਮਾ ਲਿਪੀ ਵਿਕਸਿਤ ਹੁੰਦੀ ਗਈ। ਐੱਨ. ਆਈ. ਵੀ. ਆਰਕਿਓਲੋਜੀਕਲ ਸਟੱਡੀ ਬਾਈਬਲ ਕਹਿੰਦੀ ਹੈ, “ਚਿੰਨ੍ਹਾਂ ਤੋਂ ਨਾ ਸਿਰਫ਼ ਸ਼ਬਦਾਂ ਦਾ ਪਤਾ ਲੱਗਦਾ ਸੀ, ਸਗੋਂ ਉਨ੍ਹਾਂ ਦੇ ਉਚਾਰਣ ਬਾਰੇ ਵੀ ਪਤਾ ਲੱਗਦਾ ਸੀ। ਜਦੋਂ ਕੁਝ ਉਚਾਰਣ-ਚਿੰਨ੍ਹਾਂ ਨੂੰ ਜੋੜਿਆ ਜਾਂਦਾ ਸੀ, ਤਾਂ ਇਕ ਸ਼ਬਦ ਬਣ ਜਾਂਦਾ ਸੀ।” ਸਮਾਂ ਬੀਤਣ ਨਾਲ ਤਕਰੀਬਨ 200 ਵੱਖੋ-ਵੱਖਰੇ ਚਿੰਨ੍ਹਾਂ ਨਾਲ “ਸ਼ਬਦਾਵਲੀ ਅਤੇ ਵਿਆਕਰਣ ਵਾਲੀ” ਫਾਨਾ-ਨੁਮਾ ਭਾਸ਼ਾ ਸਾਮ੍ਹਣੇ ਆਈ।

ਅੱਜ ਤੋਂ ਤਕਰੀਬਨ 4,000 ਸਾਲ ਪਹਿਲਾਂ ਅਬਰਾਹਾਮ ਦੇ ਜ਼ਮਾਨੇ ਵਿਚ ਫਾਨਾ-ਨੁਮਾ ਲਿਪੀ ਕਾਫ਼ੀ ਵਰਤੀ ਜਾਣ ਲੱਗ ਪਈ ਸੀ। ਅਗਲੀਆਂ 20 ਸਦੀਆਂ ਦੌਰਾਨ, ਤਕਰੀਬਨ 15 ਭਾਸ਼ਾਵਾਂ ਨੇ ਇਸ ਲਿਪੀ ਨੂੰ ਅਪਣਾ ਲਿਆ ਸੀ। 99 ਪ੍ਰਤਿਸ਼ਤ ਤੋਂ ਜ਼ਿਆਦਾ ਮਿਲੀਆਂ ਲਿਖਤਾਂ ਮਿੱਟੀ ਦੀਆਂ ਫੱਟੀਆਂ ’ਤੇ ਲਿਖੀਆਂ ਹੋਈਆਂ ਹਨ। ਪਿਛਲੇ ਕੁਝ 150 ਸਾਲਾਂ ਤੋਂ ਬਹੁਤ ਸਾਰੀਆਂ ਅਜਿਹੀਆਂ ਫੱਟੀਆਂ ਊਰ, ਯੂਰਕ, ਬਾਬਲ, ਨਿਮਰੁਦ, ਿਨੱਪਰ, ਅਸ਼ੈਰ, ਨੀਨਵਾਹ, ਮਾਰੀ, ਐੱਬਲਾ, ਯੂਗਾਰੀਟ ਅਤੇ ਅਮਾਰਨਾ ਵਿਚ ਮਿਲੀਆਂ ਹਨ। ਪੁਰਾਤੱਤਵ-ਵਿਗਿਆਨ ਦੀ ਇਕ ਕਿਤਾਬ ਨੇ ਕਿਹਾ: “ਵਿਦਵਾਨ ਅਨੁਮਾਨ ਲਾਉਂਦੇ ਹਨ ਕਿ 10 ਤੋਂ 20 ਲੱਖ ਦੇ ਵਿਚਕਾਰ ਫਾਨਾ-ਨੁਮਾ ਲਿਪੀ ਵਿਚ ਲਿਖੀਆਂ ਫੱਟੀਆਂ ਮਿਲ ਚੁੱਕੀਆਂ ਹਨ ਅਤੇ ਹਰ ਸਾਲ 25,000 ਮਿਲਦੀਆਂ ਹਨ।”

ਦੁਨੀਆਂ ਭਰ ਵਿਚ ਫਾਨਾ-ਨੁਮਾ ਲਿਪੀ ਦੇ ਵਿਦਵਾਨਾਂ ਕੋਲ ਤਰਜਮਾ ਕਰਨ ਦਾ ਬਹੁਤ ਸਾਰਾ ਕੰਮ ਪਿਆ ਹੈ। ਇਕ ਅੰਦਾਜ਼ੇ ਅਨੁਸਾਰ, “ਹੁਣ ਤਕ ਮਿਲੀਆਂ ਲਿਖਤਾਂ ਵਿੱਚੋਂ ਸਿਰਫ਼ 1/10 ਲਿਖਤਾਂ ਪੜ੍ਹੀਆਂ ਗਈਆਂ ਹਨ, ਪਰ ਇਨ੍ਹਾਂ ਦਾ ਅਜੇ ਅਨੁਵਾਦ ਨਹੀਂ ਹੋਇਆ।”

ਪੁਰਾਤੱਤਵ-ਵਿਗਿਆਨੀਆਂ ਨੂੰ ਅਜਿਹੀਆਂ ਫੱਟੀਆਂ ਮਿਲੀਆਂ ਹਨ ਜਿਨ੍ਹਾਂ ’ਤੇ ਫਾਨਾ-ਨੁਮਾ ਲਿਪੀ ਵਿਚ ਦੋ ਜਾਂ ਤਿੰਨ ਭਾਸ਼ਾਵਾਂ ਲਿਖੀਆਂ ਹੋਈਆਂ ਹਨ। ਉਨ੍ਹਾਂ ਨੇ ਦੇਖਿਆ ਕਿ ਇਨ੍ਹਾਂ ਫੱਟੀਆਂ ’ਤੇ ਪਹਿਲੀ ਭਾਸ਼ਾ ਨੂੰ ਹੋਰਨਾਂ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਵਿਦਵਾਨਾਂ ਲਈ ਫਾਨਾ-ਨੁਮਾ ਲਿਪੀ ਨੂੰ ਸਮਝਣ ਦਾ ਇਹੋ ਇਕ ਤਰੀਕਾ ਸੀ। ਲਿਖਤ ਨੂੰ ਪਰਖਣ ਵੇਲੇ ਉਨ੍ਹਾਂ ਨੇ ਦੇਖਿਆ ਕਿ ਕੁਝ ਨਾਂ, ਰੁਤਬੇ, ਸ਼ਾਸਕਾਂ ਦਾ ਖ਼ਾਨਦਾਨ ਅਤੇ ਸ਼ਾਸਕਾਂ ਦੇ ਆਪਣੀ ਤਾਰੀਫ਼ ਵਿਚ ਲਿਖਵਾਏ ਸ਼ਬਦਾਂ ਨੂੰ ਹੂ-ਬਹੂ ਉਨ੍ਹਾਂ ਦੋ ਜਾਂ ਤਿੰਨ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਸੀ।

1850 ਦੇ ਦਹਾਕੇ ਤਕ ਵਿਦਵਾਨ ਪ੍ਰਾਚੀਨ ਮੱਧ ਪੂਰਬੀ ਦੇਸ਼ਾਂ ਦੀ ਆਮ ਬੋਲੀ ਫਾਨਾ-ਨੁਮਾ ਅੱਕਾਦੀ ਜਾਂ ਅੱਸ਼ੂਰੀ-ਬਾਬਲੀ ਪੜ੍ਹ ਸਕਦੇ ਸੀ। ਐਨਸਾਇਕਲੋਪੀਡਿਆ ਬ੍ਰਿਟੈਨਿਕਾ ਦੱਸਦਾ ਹੈ: “ਵਿਦਵਾਨਾਂ ਨੂੰ ਜਦੋਂ ਅੱਕਾਦੀ ਭਾਸ਼ਾ ਸਮਝ ਆ ਗਈ, ਤਾਂ ਇਹ ਭਾਸ਼ਾ ਹੋਰਨਾਂ ਭਾਸ਼ਾਵਾਂ ਨੂੰ ਸਮਝਣ ਦਾ ਆਧਾਰ ਬਣ ਗਈ ਸੀ ਜੋ ਫਾਨਾ-ਨੁਮਾ ਵਿਚ ਲਿਖੀਆਂ ਸਨ।” ਇਹ ਲਿਖਤਾਂ ਬਾਈਬਲ ਨਾਲ ਕਿੱਦਾਂ ਮੇਲ ਖਾਂਦੀਆਂ ਹਨ?

ਬਾਈਬਲ ਨਾਲ ਮੇਲ ਖਾਂਦਾ ਸਬੂਤ

ਬਾਈਬਲ ਦੱਸਦੀ ਹੈ ਕਿ 1070 ਈਸਵੀ ਪੂਰਵ ਵਿਚ ਯਰੂਸ਼ਲਮ ਉੱਤੇ ਦਾਊਦ ਦੀ ਫਤਿਹ ਹੋਣ ਤੋਂ ਪਹਿਲਾਂ ਕਨਾਨੀ ਰਾਜੇ ਇਸ ’ਤੇ ਰਾਜ ਕਰਦੇ ਸਨ। (ਯਹੋ. 10:1; 2 ਸਮੂ. 5:4-9) ਪਰ ਕੁਝ ਵਿਦਵਾਨ ਇਹ ਗੱਲ ਨਹੀਂ ਮੰਨਦੇ। ਪਰ 1887 ਵਿਚ ਇਕ ਪੇਂਡੂ ਔਰਤ ਨੂੰ ਮਿਸਰ ਦੇ ਸ਼ਹਿਰ ਅਮਾਰਨਾ ਵਿਚ ਇਕ ਮਿੱਟੀ ਦੀ ਫੱਟੀ ਲੱਭੀ। ਇਸ ਫੱਟੀ ’ਤੇ ਤਕਰੀਬਨ 380 ਲਿਖਤਾਂ ਹਨ ਜੋ ਮਿਸਰ ਦੇ ਸ਼ਾਸਕ (ਅਮਨਹੋਟੇਪ ਤੀਜਾ ਅਤੇ ਅਖੇਨਾਟੋਨ) ਅਤੇ ਕਨਾਨੀ ਰਾਜਿਆਂ ਦੇ ਦਰਮਿਆਨ ਰਾਜਨੀਤੀ ਸੰਬੰਧੀ ਚਿੱਠੀਆਂ ਸਨ। ਛੇ ਚਿੱਠੀਆਂ ‘ਅਬਦੀ-ਹੇਬਾ’ ਵੱਲੋਂ ਹਨ ਜੋ ਯਰੂਸ਼ਲਮ ਦਾ ਰਾਜਾ ਸੀ।

ਬਿਬਲੀਕਲ ਆਰਕਿਓਲੋਜੀ ਰਿਵਿਊ ਦੱਸਦਾ ਹੈ: “ਅਮਾਰਨਾ ਦੀਆਂ ਲਿਖਤਾਂ ਵਿਚ ਯਰੂਸ਼ਲਮ ਨੂੰ ਰਿਆਸਤ ਨਹੀਂ ਕਿਹਾ ਗਿਆ ਸਗੋਂ ਇਕ ਕਸਬਾ ਕਿਹਾ ਗਿਆ ਹੈ। ਅਬਦੀ-ਹੇਬਾ ਦਾ ਜ਼ਿਕਰ ਗਵਰਨਰ ਵਜੋਂ ਕੀਤਾ ਗਿਆ ਹੈ ਜਿਸ ਦਾ ਘਰ ਯਰੂਸ਼ਲਮ ਵਿਚ ਸੀ ਅਤੇ ਉੱਥੇ 50 ਮਿਸਰੀ ਫ਼ੌਜੀਆਂ ਦਾ ਪਹਿਰਾ ਸੀ। ਸੋ ਇਸ ਤੋਂ ਪਤਾ ਲੱਗਦਾ ਹੈ ਕਿ ਯਰੂਸ਼ਲਮ ਇਕ ਛੋਟਾ ਜਿਹਾ ਪਹਾੜੀ ਰਾਜ ਸੀ।” ਇਸੇ ਰਸਾਲੇ ਨੇ ਅੱਗੇ ਕਿਹਾ: “ਅਮਾਰਨਾ ਚਿੱਠੀਆਂ ਦੇ ਆਧਾਰ ਤੇ ਅਸੀਂ ਯਕੀਨ ਕਰ ਸਕਦੇ ਹਾਂ ਕਿ ਇਹ ਸ਼ਹਿਰ ਆਪਣੇ ਸਮੇਂ ਹੋਰਨਾਂ ਸ਼ਹਿਰਾਂ ਦੀ ਤਰ੍ਹਾਂ ਹੀ ਮਸ਼ਹੂਰ ਸੀ।”

ਅੱਸ਼ੂਰੀ ਅਤੇ ਬਾਬਲੀ ਰਿਕਾਰਡਾਂ ਵਿਚ ਦਰਜ ਨਾਂ

ਅੱਸ਼ੂਰੀ ਅਤੇ ਬਾਅਦ ਵਿਚ ਬਾਬਲੀ ਲੋਕਾਂ ਨੇ ਆਪਣਾ ਇਤਿਹਾਸ ਫੱਟੀਆਂ, ਸਿਲਿੰਡਰਾਂ, ਪ੍ਰਿਜ਼ਮਾਂ ਅਤੇ ਸ਼ਿਲਾਲੇਖਾਂ ’ਤੇ ਲਿਖਿਆ। ਸੋ ਜਦੋਂ ਵਿਦਵਾਨਾਂ ਨੇ ਅੱਕਾਦੀ ਲਿਖਤ ਸਮਝ ਲਈ, ਤਾਂ ਉਨ੍ਹਾਂ ਨੇ ਲਿਖਤਾਂ ਵਿਚ ਉਨ੍ਹਾਂ ਲੋਕਾਂ ਦੇ ਨਾਂ ਦੇਖੇ ਜੋ ਬਾਈਬਲ ਵਿਚ ਹਨ।

ਦ ਬਾਈਬਲ ਇਨ ਦ ਬ੍ਰਿਟਿਸ਼ ਮਿਊਜ਼ੀਅਮ ਕਿਤਾਬ ਕਹਿੰਦੀ ਹੈ: “1870 ਵਿਚ ਡਾ. ਸੈਮੂਏਲ ਬਰਚ ਨੇ ਇਕ ਭਾਸ਼ਣ ਵਿਚ ਨਵੀਂ-ਨਵੀਂ ਬਣੀ ਸੰਸਥਾ (Society of Biblical Archaeology) ਨੂੰ ਕਿਹਾ ਕਿ ਉਹ ਫਾਨਾ-ਨੁਮਾ ਲਿਖਤਾਂ ਵਿਚ ਇਨ੍ਹਾਂ ਇਬਰਾਨੀ ਰਾਜਿਆਂ ਦੇ ਨਾਂ ਪਛਾਣ ਸਕਿਆ ਜਿਵੇਂ ਆਮਰੀ, ਅਹਾਬ, ਯੇਹੂ, ਅਜ਼ਰਯਾਹ . . . , ਮਨਹੇਮ, ਪਕਹ, ਹੋਸ਼ੇਆ, ਹਿਜ਼ਕੀਯਾਹ, ਮਨੱਸ਼ਹ, ਅਸ਼ੂਰੀ ਰਾਜੇ ਤਿਗਲਥ-ਪਿਲਸਰ . . . [III], ਸਾਰਗੌਨ, ਸਨਹੇਰੀਬ, ਏਸਰ-ਹੱਦਨ ਅਤੇ ਐਸ਼ਰਬਾਨਿਪਾਲ, . . . ਅਤੇ ਸੀਰੀਆਈ ਰਾਜੇ ਬਨ-ਹਦਦ, ਹਜ਼ਾਏਲ ਅਤੇ ਰਸੀਨ।”

ਇਕ ਕਿਤਾਬ (The Bible and Radiocarbon Dating) ਬਾਈਬਲ ਵਿਚ ਦਰਜ ਇਸਰਾਏਲ ਅਤੇ ਯਹੂਦਾਹ ਦੇ ਇਤਿਹਾਸ ਦੀ ਤੁਲਨਾ ਪੁਰਾਣੀਆਂ ਫਾਨਾ-ਨੁਮਾ ਲਿਖਤਾਂ ਨਾਲ ਕਰਦੀ ਹੈ। ਨਤੀਜਾ ਕੀ ਨਿਕਲਿਆ ਹੈ? “ਕੁੱਲ ਮਿਲਾ ਕੇ ਯਹੂਦਾਹ ਅਤੇ ਇਸਰਾਏਲ ਦੇ 15 ਜਾਂ 16 ਰਾਜਿਆਂ ਦੇ ਨਾਂ ਹੋਰਨਾਂ ਦੇਸ਼ਾਂ ਦੇ ਰਿਕਾਰਡਾਂ ਵਿਚ ਦਰਜ ਹਨ। ਰਾਜਿਆਂ ਦੇ ਨਾਂ ਅਤੇ ਇਨ੍ਹਾਂ ਦੇ ਜੀਵਨ-ਕਾਲ ਬਾਈਬਲ ਦੀ ਰਾਜਿਆਂ ਦੀ ਕਿਤਾਬ ਵਿਚ ਪਾਏ ਜਾਂਦੇ ਨਾਵਾਂ ਨਾਲ ਮਿਲਦੇ-ਜੁਲਦੇ ਹਨ। ਰਿਕਾਰਡਾਂ ਵਿਚ ਰਾਜਿਆਂ ਦੇ ਨਾਂ ਉਵੇਂ ਹੀ ਦੱਸੇ ਗਏ ਹਨ ਜਿਵੇਂ ਬਾਈਬਲ ਵਿਚ ਦੱਸੇ ਗਏ ਹਨ ਅਤੇ ਅਜਿਹਾ ਕੋਈ ਨਾਂ ਨਹੀਂ ਹੈ ਜਿਸ ਦਾ ਰਾਜਿਆਂ ਦੀ ਕਿਤਾਬ ਵਿਚ ਜ਼ਿਕਰ ਨਾ ਹੋਵੇ।”

1879 ਵਿਚ ਮਿਲੀ ਇਕ ਮਸ਼ਹੂਰ ਲਿਖਤ, ਸਾਇਰਸ ਸਿਲਿੰਡਰ ਦੱਸਦੀ ਹੈ ਕਿ 539 ਈਸਵੀ ਪੂਰਵ ਵਿਚ ਬਾਬਲ ਨੂੰ ਜਿੱਤਣ ਤੋਂ ਬਾਅਦ ਰਾਜਾ ਸਾਇਰਸ ਨੇ ਆਪਣੀ ਨੀਤੀ ਅਨੁਸਾਰ ਗ਼ੁਲਾਮਾਂ ਨੂੰ ਆਪਣੇ ਵਤਨ ਵਾਪਸ ਭੇਜ ਦਿੱਤਾ। ਉਸ ਸਮੇਂ ਬਹੁਤ ਸਾਰੇ ਯਹੂਦੀ ਆਪਣੇ ਦੇਸ਼ ਵਾਪਸ ਮੁੜੇ। (ਅਜ਼. 1:1-4) 19ਵੀਂ ਸਦੀ ਦੇ ਕਈ ਵਿਦਵਾਨ ਬਾਈਬਲ ਦੀ ਇਸ ਘਟਨਾ ਨੂੰ ਸਹੀ ਨਹੀਂ ਮੰਨਦੇ। ਪਰ ਫ਼ਾਰਸ ਜਦੋਂ ਵਿਸ਼ਵ-ਸ਼ਕਤੀ ਹੁੰਦਾ ਸੀ, ਉਸ ਜ਼ਮਾਨੇ ਦੀਆਂ ਲਿਖਤਾਂ ਅਤੇ ਸਾਇਰਸ ਸਿਲਿੰਡਰ ਇਸ ਗੱਲ ਦਾ ਵੱਡਾ ਸਬੂਤ ਹੈ ਕਿ ਬਾਈਬਲ ਰਿਕਾਰਡ ਸਹੀ ਹੈ।

1883 ਵਿਚ 700 ਤੋਂ ਜ਼ਿਆਦਾ ਲਿਖਤਾਂ ਬਾਬਲ ਦੇ ਨੇੜੇ ਿਨੱਪਰ ਸ਼ਹਿਰ ਵਿੱਚੋਂ ਮਿਲੀਆਂ। ਇਨ੍ਹਾਂ ਵਿਚ ਦੱਸੇ 2,500 ਨਾਵਾਂ ਵਿੱਚੋਂ 70 ਯਹੂਦੀ ਨਾਂ ਹਨ। ਇਤਿਹਾਸਕਾਰ ਐਡਵਿਨ ਯਾਮਾਓਚੀ ਕਹਿੰਦਾ ਹੈ ਕਿ ਸ਼ਾਇਦ ਇਹ “ਸੌਦੇਬਾਜ਼ੀ ਕਰਨ ਵਾਲੇ ਲੋਕਾਂ, ਏਜੰਟਾਂ, ਗਵਾਹਾਂ, ਟੈਕਸ ਲੈਣ ਵਾਲਿਆਂ ਅਤੇ ਸ਼ਾਹੀ ਅਫ਼ਸਰਾਂ” ਦੇ ਨਾਂ ਹਨ। ਜ਼ਾਹਰ ਹੈ ਕਿ ਉਸ ਸਮੇਂ ਦੌਰਾਨ ਬਾਬਲ ਦੇ ਨੇੜੇ ਯਹੂਦੀ ਇਹ ਕੰਮ ਕਰਦੇ ਰਹੇ ਸਨ। ਇਹ ਗੱਲ ਬਾਈਬਲ ਵਿਚ ਦਰਜ ਭਵਿੱਖਬਾਣੀ ਨਾਲ ਮੇਲ ਖਾਂਦੀ ਹੈ ਕਿ ਕੁਝ ਯਹੂਦੀ ਅੱਸ਼ੂਰ ਤੇ ਬਾਬਲ ਤੋਂ ਯਹੂਦਿਯਾ ਵਾਪਸ ਮੁੜ ਆਏ, ਪਰ ਕਈ ਵਾਪਸ ਨਹੀਂ ਆਏ।—ਯਸਾ. 10:21, 22.

ਯਿਸੂ ਤੋਂ ਪਹਿਲਾਂ ਦੇ 1000 ਸਾਲਾਂ ਦੌਰਾਨ, ਫਾਨਾ-ਨੁਮਾ ਲਿਪੀ ਅਤੇ ਵਰਣਮਾਲਾ ਵਾਲੀ ਲਿਪੀ ਵਰਤੀ ਜਾਂਦੀ ਸੀ। ਪਰ ਅੱਸ਼ੂਰੀ ਅਤੇ ਬਾਬਲੀ ਲੋਕਾਂ ਨੇ ਫਾਨਾ-ਨੁਮਾ ਲਿਪੀ ਵਰਤਣੀ ਛੱਡ ਦਿੱਤੀ ਸੀ ਕਿਉਂਕਿ ਉਨ੍ਹਾਂ ਨੂੰ ਅੱਖਰਾਂ ਵਾਲੀ ਲਿਪੀ ਪਸੰਦ ਸੀ।

ਮਿਊਜ਼ੀਅਮਾਂ ਵਿਚ ਪਈਆਂ ਹਜ਼ਾਰਾਂ ਹੀ ਫੱਟੀਆਂ ਦਾ ਅਧਿਐਨ ਕਰਨਾ ਅਜੇ ਬਾਕੀ ਹੈ। ਮਾਹਰ ਜਿਨ੍ਹਾਂ ਲਿਖਤਾਂ ਨੂੰ ਸਮਝ ਚੁੱਕੇ ਹਨ, ਉਹ ਲਿਖਤਾਂ ਇਸ ਗੱਲ ਦਾ ਸ਼ਾਨਦਾਰ ਸਬੂਤ ਹਨ ਕਿ ਬਾਈਬਲ ਭਰੋਸੇਯੋਗ ਹੈ। ਕੀ ਪਤਾ ਇਨ੍ਹਾਂ ਲਿਖਤਾਂ ਵਿਚ ਹੋਰ ਕਿੰਨਾ ਕੁ ਖ਼ਜ਼ਾਨਾ ਲੁਕਿਆ ਪਿਆ ਹੈ?

[ਸਫ਼ਾ 21 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Photograph taken by courtesy of the British Museum