Skip to content

Skip to table of contents

ਮੈਂ ਕੋਰੀਆ ਵਿਚ ਮੁੱਠੀ ਭਰ ਗਵਾਹਾਂ ਨੂੰ ਵਧਦੇ-ਫੁੱਲਦੇ ਦੇਖਿਆ

ਮੈਂ ਕੋਰੀਆ ਵਿਚ ਮੁੱਠੀ ਭਰ ਗਵਾਹਾਂ ਨੂੰ ਵਧਦੇ-ਫੁੱਲਦੇ ਦੇਖਿਆ

ਮੈਂ ਕੋਰੀਆ ਵਿਚ ਮੁੱਠੀ ਭਰ ਗਵਾਹਾਂ ਨੂੰ ਵਧਦੇ-ਫੁੱਲਦੇ ਦੇਖਿਆ

ਮਿਲਟਨ ਹੈਮਲਟਨ ਦੀ ਜ਼ਬਾਨੀ

“ਸਾਨੂੰ ਅਫ਼ਸੋਸ ਹੈ ਕਿ ਕੋਰੀਆ ਗਣਰਾਜ ਦੀ ਸਰਕਾਰ ਨੇ ਮਿਸ਼ਨਰੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ ਅਤੇ ਤੁਸੀਂ ਇਸ ਦੇਸ਼ ਨੂੰ ਨਹੀਂ ਜਾ ਸਕਦੇ। . . . ਇਸ ਕਰਕੇ ਤੁਹਾਨੂੰ ਥੋੜ੍ਹੇ ਚਿਰ ਵਾਸਤੇ ਜਪਾਨ ਨੂੰ ਭੇਜਿਆ ਜਾ ਰਿਹਾ ਹੈ।”

ਮੈਂਨੂੰ ਤਾਂ ਮੇਰੀ ਪਤਨੀ ਨੂੰ 1954 ਦੇ ਅਖ਼ੀਰ ਵਿਚ ਬਰੁਕਲਿਨ ਨਿਊਯਾਰਕ, ਅਮਰੀਕਾ ਤੋਂ ਇਹ ਸੁਨੇਹਾ ਮਿਲਿਆ। ਇਸ ਸਾਲ ਦੇ ਸ਼ੁਰੂ ਵਿਚ ਅਸੀਂ ਗਿਲੀਅਡ ਸਕੂਲ ਦੀ 23ਵੀਂ ਕਲਾਸ ਤੋਂ ਗ੍ਰੈਜੂਏਟ ਹੋਏ ਸਾਂ। ਜਦੋਂ ਸਾਨੂੰ ਚਿੱਠੀ ਮਿਲੀ, ਤਾਂ ਅਸੀਂ ਥੋੜ੍ਹੇ ਚਿਰ ਵਾਸਤੇ ਇੰਡੀਆਨਾ ਦੇ ਇੰਜੀਆਨਾਪੋਲਿਸ ਸ਼ਹਿਰ ਵਿਚ ਸੇਵਾ ਕਰ ਰਹੇ ਸਾਂ।

ਮੈਂ ਤਾਂ ਮੇਰੀ ਪਤਨੀ ਲਿਜ਼ (ਪਹਿਲਾ ਨਾਂ ਲਿਜ਼ ਸੇਮੋਕ) ਹਾਈ ਸਕੂਲ ਵਿਚ ਇੱਕੋ ਕਲਾਸ ਵਿਚ ਪੜ੍ਹਦੇ ਸਾਂ। 1948 ਵਿਚ ਸਾਡਾ ਵਿਆਹ ਹੋ ਗਿਆ। ਲਿਜ਼ ਨੂੰ ਪਾਇਨੀਅਰੀ ਕਰਨੀ ਪਸੰਦ ਸੀ, ਪਰ ਉਹ ਅਮਰੀਕਾ ਤੋਂ ਕਿਸੇ ਹੋਰ ਦੇਸ਼ ਵਿਚ ਜਾ ਕੇ ਸੇਵਾ ਕਰਨ ਤੋਂ ਝਿਜਕਦੀ ਸੀ। ਪਰ ਕਿਹੜੀ ਗੱਲ ਕਰਕੇ ਉਸ ਦਾ ਮਨ ਬਦਲ ਗਿਆ?

ਲਿਜ਼ ਮੇਰੇ ਨਾਲ ਗਿਲਿਅਡ ਸਕੂਲ ਦੇ ਵਿਦਿਆਰਥੀਆਂ ਲਈ ਰੱਖੀ ਗਈ ਮੀਟਿੰਗ ਵਿਚ ਜਾਣ ਲਈ ਤਿਆਰ ਹੋ ਗਈ। ਇਹ ਮੀਟਿੰਗ 1953 ਦੀਆਂ ਗਰਮੀਆਂ ਵਿਚ ਨਿਊਯਾਰਕ ਦੇ ਯੈਂਕੀ ਸਟੇਡੀਅਮ ਵਿਚ ਹੋਏ ਅੰਤਰਰਾਸ਼ਟਰੀ ਸੰਮੇਲਨ ਦੌਰਾਨ ਹੋਈ ਸੀ। ਉਸ ਮੀਟਿੰਗ ਤੋਂ ਸਾਨੂੰ ਬਹੁਤ ਹੌਸਲਾ ਮਿਲਿਆ ਜਿਸ ਤੋਂ ਬਾਅਦ ਅਸੀਂ ਗਿਲਿਅਡ ਜਾਣ ਲਈ ਅਰਜ਼ੀਆਂ ਭਰ ਦਿੱਤੀਆਂ। ਜਵਾਬ ਜਲਦੀ ਹੀ ਆ ਗਿਆ ਤੇ ਸਾਨੂੰ ਅਗਲੀ ਕਲਾਸ ਵਿਚ ਜਾਣ ਦਾ ਸੱਦਾ ਮਿਲਿਆ ਜੋ ਫਰਵਰੀ 1954 ਵਿਚ ਹੋਣੀ ਸੀ।

ਸਾਨੂੰ ਕੋਰੀਆ ਜਾਣ ਲਈ ਕਿਹਾ ਗਿਆ ਭਾਵੇਂ ਕਿ ਉੱਥੇ ਤਿੰਨ ਸਾਲਾਂ ਤੋਂ ਹੋ ਰਿਹਾ ਯੁੱਧ 1953 ਦੀਆਂ ਗਰਮੀਆਂ ਵਿਚ ਅਜੇ ਖ਼ਤਮ ਹੀ ਹੋਇਆ ਸੀ ਅਤੇ ਦੇਸ਼ ਦੀ ਹਾਲਤ ਬੜੀ ਮਾੜੀ ਹੋ ਚੁੱਕੀ ਸੀ। ਉੱਪਰ ਜ਼ਿਕਰ ਕੀਤੀ ਗਈ ਚਿੱਠੀ ਅਨੁਸਾਰ ਅਸੀਂ ਪਹਿਲਾਂ ਜਪਾਨ ਨੂੰ ਗਏ। 20 ਦਿਨਾਂ ਦਾ ਸਮੁੰਦਰੀ ਸਫ਼ਰ ਤੈਅ ਕਰਨ ਤੋਂ ਬਾਅਦ ਅਸੀਂ ਜਨਵਰੀ 1955 ਨੂੰ ਹੋਰਨਾਂ 6 ਮਿਸ਼ਨਰੀਆਂ ਨਾਲ ਉੱਥੇ ਪਹੁੰਚੇ ਜਿਨ੍ਹਾਂ ਨੂੰ ਕੋਰੀਆ ਵਿਚ ਸੇਵਾ ਕਰਨ ਲਈ ਭੇਜਿਆ ਗਿਆ ਸੀ। ਉਸ ਸਮੇਂ ਜਪਾਨ ਬ੍ਰਾਂਚ ਦਾ ਓਵਰਸੀਅਰ ਲੋਇਡ ਬੈਰੀ ਸਾਨੂੰ ਬੰਦਰਗਾਹ ’ਤੇ ਸਵੇਰ ਦੇ ਛੇ ਵਜੇ ਮਿਲਣ ਆਇਆ। ਫਿਰ ਅਸੀਂ ਸਾਰੇ ਜਣੇ ਯੋਕੋਹਾਮਾ ਦੇ ਮਿਸ਼ਨਰੀ ਘਰ ਚਲੇ ਗਏ। ਉਸੇ ਦਿਨ ਅਸੀਂ ਪ੍ਰਚਾਰ ’ਤੇ ਨਿਕਲ ਗਏ।

ਕੋਰੀਆ ਪਹੁੰਚ ਹੀ ਗਏ

ਕੁਝ ਸਮੇਂ ਬਾਅਦ ਸਾਨੂੰ ਕੋਰੀਆ ਗਣਰਾਜ ਦਾ ਵੀਜ਼ਾ ਮਿਲ ਗਿਆ। 7 ਮਾਰਚ 1955 ਵਿਚ ਟੋਕੀਓ ਦੇ ਹਾਨੀਡਾ ਇੰਟਰਨੈਸ਼ਨਲ ਏਅਰਪੋਰਟ ਤੋਂ ਤਿੰਨ ਘੰਟੇ ਬਾਅਦ ਅਸੀਂ ਸਿਓਲ ਦੇ ਯੋਈਡੋ ਏਅਰਪੋਰਟ ਪਹੁੰਚੇ। ਕੋਰੀਆ ਦੇ 200 ਤੋਂ ਜ਼ਿਆਦਾ ਭੈਣ-ਭਰਾਵਾਂ ਨੇ ਖੁੱਲ੍ਹੇ ਦਿਲ ਨਾਲ ਸਾਡਾ ਸੁਆਗਤ ਕੀਤਾ। ਉਨ੍ਹਾਂ ਨੂੰ ਮਿਲ ਕੇ ਸਾਡੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਵਹਿ ਤੁਰੇ। ਉਦੋਂ ਕੋਰੀਆ ਵਿਚ ਸਿਰਫ਼ ਇਕ ਹਜ਼ਾਰ ਗਵਾਹ ਸਨ। ਹੋਰਨਾਂ ਪੱਛਮੀ ਲੋਕਾਂ ਦੀ ਤਰ੍ਹਾਂ ਅਸੀਂ ਸੋਚਦੇ ਸਾਂ ਕਿ ਪੂਰਬੀ ਦੇਸ਼ਾਂ ਦੇ ਲੋਕ ਦੇਖਣ ਨੂੰ ਇੱਕੋ ਜਿਹੇ ਲੱਗਦੇ ਸੀ ਅਤੇ ਇੱਕੋ ਹੀ ਤਰ੍ਹਾਂ ਪੇਸ਼ ਆਉਂਦੇ ਸਨ। ਪਰ ਉੱਥੇ ਜਾ ਕੇ ਪਤਾ ਲੱਗਾ ਕਿ ਇਹ ਗੱਲ ਸੱਚ ਨਹੀਂ ਹੈ। ਕੋਰੀਆ ਦੇ ਲੋਕਾਂ ਦੀ ਨਾ ਸਿਰਫ਼ ਭਾਸ਼ਾ, ਅੱਖਰ ਤੇ ਖਾਣਾ ਪਕਾਉਣ ਦਾ ਢੰਗ ਵੱਖਰਾ ਹੈ, ਸਗੋਂ ਉਨ੍ਹਾਂ ਦੇ ਨੈਣ-ਨਕਸ਼, ਕੱਪੜੇ ਤੇ ਹੋਰ ਚੀਜ਼ਾਂ ਵੀ ਵੱਖਰੀਆਂ ਹੀ ਹਨ ਜਿਵੇਂ ਉਨ੍ਹਾਂ ਦੇ ਘਰਾਂ ਦੇ ਡੀਜ਼ਾਈਨ ਵਗੈਰਾ।

ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਸੀ ਉਨ੍ਹਾਂ ਦੀ ਭਾਸ਼ਾ ਸਿੱਖਣੀ। ਕੋਰੀਆਈ ਭਾਸ਼ਾ ਸਿੱਖਣ ਲਈ ਉੱਥੇ ਕਿਤਾਬਾਂ ਨਹੀਂ ਸਨ। ਸਾਨੂੰ ਜਲਦ ਹੀ ਪਤਾ ਲੱਗ ਗਿਆ ਕਿ ਜੇ ਅਸੀਂ ਅੰਗ੍ਰੇਜ਼ੀ ਵਿਚ ਕੋਰੀਆਈ ਸ਼ਬਦਾਂ ਨੂੰ ਲਿਖ ਕੇ ਬੋਲਾਂਗੇ, ਤਾਂ ਅਸੀਂ ਹੂ-ਬਹੂ ਉਨ੍ਹਾਂ ਸ਼ਬਦਾਂ ਨੂੰ ਉਵੇਂ ਨਹੀਂ ਉਚਾਰ ਪਾਵਾਂਗੇ ਜਿਵੇਂ ਕੋਰੀਆ ਦੇ ਲੋਕ ਬੋਲਦੇ ਹਨ। ਕੋਈ ਵਿਅਕਤੀ ਤਾਂ ਹੀ ਕੋਰੀਆਈ ਭਾਸ਼ਾ ਸਹੀ ਤਰ੍ਹਾਂ ਬੋਲ ਸਕਦਾ ਹੈ ਜੇ ਉਹ ਕੋਰੀਆਈ ਅੱਖਰਾਂ ਨੂੰ ਉਚਾਰਨਾ ਸਿੱਖੇ।

ਅਸੀਂ ਕੋਰੀਆਈ ਭਾਸ਼ਾ ਬੋਲਦਿਆਂ ਕਈ ਗ਼ਲਤੀਆਂ ਕੀਤੀਆਂ। ਮਿਸਾਲ ਲਈ, ਲਿਜ਼ ਨੇ ਪ੍ਰਚਾਰ ਕਰਦਿਆਂ ਇਕ ਔਰਤ ਨੂੰ ਬਾਈਬਲ ਲਿਆਉਣ ਵਾਸਤੇ ਕਿਹਾ। ਉਸ ਔਰਤ ਨੇ ਲਿਜ਼ ਨੂੰ ਅਜੀਬ ਨਜ਼ਰਾਂ ਨਾਲ ਦੇਖਿਆ ਅਤੇ ਘਰ ਅੰਦਰੋਂ ਤੀਲਾਂ ਦੀ ਡੱਬੀ ਲੈ ਆਈ। ਅਸਲ ਵਿਚ ਲਿਜ਼ ਨੇ ਬਾਈਬਲ ਲਈ ਵਰਤਿਆ ਜਾਂਦਾ ਸ਼ਬਦ ਸੰਗਕਯਾਂਗ ਕਹਿਣ ਦੀ ਜਗ੍ਹਾ ਸੰਗਯਾਂਗ (ਮਾਚਸ) ਕਿਹਾ ਸੀ।

ਕੁਝ ਮਹੀਨਿਆਂ ਬਾਅਦ ਸਾਨੂੰ ਦੇਸ਼ ਦੀ ਦੱਖਣੀ ਬੰਦਰਗਾਹ ’ਤੇ ਸਥਿਤ ਪੂਸਾਨ ਸ਼ਹਿਰ ਵਿਚ ਮਿਸ਼ਨਰੀ ਘਰ ਸਥਾਪਿਤ ਕਰਨ ਲਈ ਕਿਹਾ ਗਿਆ। ਅਸੀਂ ਆਪਣੇ ਲਈ ਅਤੇ ਦੋ ਹੋਰ ਭੈਣਾਂ ਲਈ ਤਿੰਨ ਛੋਟੇ-ਛੋਟੇ ਕਮਰੇ ਕਿਰਾਏ ’ਤੇ ਲੈ ਲਏ। ਕਮਰਿਆਂ ਵਿਚ ਨਾ ਤਾਂ ਟੂਟੀਆਂ ਸਨ ਤੇ ਨਾ ਹੀ ਫਲੱਸ਼ ਕਰਨ ਵਾਲੀਆਂ ਟਾਇਲਟਾਂ ਸਨ। ਸਿਰਫ਼ ਰਾਤ ਨੂੰ ਹੀ ਪਾਣੀ ਦਾ ਪ੍ਰੈੱਸ਼ਰ ਵਧਦਾ ਸੀ ਜਿਸ ਨਾਲ ਪਾਣੀ ਪਾਈਪ ਰਾਹੀਂ ਦੂਸਰੀ ਮੰਜ਼ਲ ’ਤੇ ਪਹੁੰਚਦਾ ਸੀ। ਅਸੀਂ ਸਵੇਰੇ-ਸਵੇਰੇ ਜਲਦੀ ਉੱਠ ਕੇ ਭਾਂਡਿਆਂ ਵਿਚ ਪਾਣੀ ਭਰਨ ਦੀ ਵਾਰੀ ਲਾਈ ਹੋਈ ਸੀ। ਸਾਨੂੰ ਪਾਣੀ ਪੀਣ ਲਈ ਜਾਂ ਤਾਂ ਇਸ ਨੂੰ ਉਬਾਲਣਾ ਪੈਂਦਾ ਸੀ ਜਾਂ ਫਿਰ ਇਸ ਵਿਚ ਕਲੋਰੀਨ ਪਾਉਣੀ ਪੈਂਦੀ ਸੀ।

ਹੋਰ ਵੀ ਕਈ ਮੁਸ਼ਕਲਾਂ ਸਨ। ਦਿਹਾੜੀ ਵਿਚ ਬਿਜਲੀ ਕਦੇ-ਕਦੇ ਹੀ ਆਉਂਦੀ ਸੀ ਜਿਸ ਕਰਕੇ ਅਸੀਂ ਮਸ਼ੀਨ ਵਿਚ ਕੱਪੜੇ ਨਹੀਂ ਸੀ ਧੋ ਸਕਦੇ ਤੇ ਨਾ ਹੀ ਉਨ੍ਹਾਂ ਨੂੰ ਪ੍ਰੈੱਸ ਕਰ ਸਕਦੇ ਸੀ। ਵਰਾਂਡੇ ਵਿਚ ਅਸੀਂ ਮਿੱਟੀ ਦੇ ਤੇਲ ਵਾਲੇ ਸਟੋਵ ’ਤੇ ਖਾਣਾ ਬਣਾਉਂਦੇ ਸੀ। ਜਲਦੀ ਹੀ ਅਸੀਂ ਹਰ ਰੋਜ਼ ਆਪਣੀ ਵਾਰੀ ਸਿਰ ਸਟੋਵ ’ਤੇ ਖਾਣਾ ਬਣਾਉਣਾ ਸਿੱਖ ਲਿਆ। ਤਿੰਨ ਸਾਲਾਂ ਬਾਅਦ ਇੱਥੇ ਸਾਨੂੰ ਦੋਨਾਂ ਨੂੰ ਹੈਪੀਟਾਇਟਿਸ ਦੀ ਬੀਮਾਰੀ ਲੱਗ ਗਈ। ਉਸ ਵੇਲੇ ਅਕਸਰ ਕਈ ਮਿਸ਼ਨਰੀਆਂ ਨੂੰ ਇਹ ਬੀਮਾਰੀ ਲੱਗ ਜਾਂਦੀ ਸੀ। ਸਾਨੂੰ ਠੀਕ ਹੋਣ ਵਿਚ ਕਈ ਮਹੀਨੇ ਲੱਗ ਗਏ, ਪਰ ਕੁਝ ਹੋਰ ਕਾਰਨਾਂ ਕਰਕੇ ਵੀ ਸਾਡੀ ਸਿਹਤ ਖ਼ਰਾਬ ਹੋ ਜਾਂਦੀ ਸੀ।

ਰੁਕਾਵਟਾਂ ਪਾਰ ਕਰਨ ਵਿਚ ਕੋਰੀਆਈ ਭਰਾਵਾਂ ਨੂੰ ਮਿਲੀ ਮਦਦ

ਪਿਛਲੇ 55 ਸਾਲਾਂ ਤੋਂ ਰਾਜਨੀਤਿਕ ਤੌਰ ਤੇ ਕੋਰੀਆ ਦੇਸ਼ ਦੀ ਹਾਲਤ ਡਾਵਾਂ-ਡੋਲ ਰਹੀ ਹੈ। ਦੇਸ਼ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ ਅਤੇ ਬਾਰਡਰ ’ਤੇ ਮਿਲਟਰੀ ਦਾ ਪਹਿਰਾ ਰਹਿੰਦਾ ਹੈ। ਬਾਰਡਰ 55 ਕਿਲੋਮੀਟਰ ਦੂਰ ਕੋਰੀਆ ਗਣਰਾਜ ਦੀ ਰਾਜਧਾਨੀ ਸਿਓਲ ਦੇ ਉੱਤਰ ਵਿਚ ਹੈ। 1971 ਵਿਚ ਬਰੁਕਲਿਨ ਤੋਂ ਇਕ ਭਰਾ ਫਰੈਡਰਿਕ ਫ਼ਰਾਂਜ਼ ਕੋਰੀਆ ਆਇਆ। ਮੈਂ ਉਸ ਨੂੰ ਬਾਰਡਰ ’ਤੇ ਲੈ ਗਿਆ ਜਿੱਥੇ ਭਾਰੀ ਫ਼ੌਜ ਸੀ। ਸਾਲਾਂ ਤਾਈਂ ਯੂ.ਐੱਨ. ਦੇ ਅਫ਼ਸਰ ਦੋਵੇਂ ਸਰਕਾਰਾਂ ਦੇ ਮੋਹਰੀਆਂ ਨੂੰ ਅਕਸਰ ਇੱਥੇ ਮਿਲਦੇ ਸਨ।

ਦੁਨੀਆਂ ਦੇ ਸਿਆਸੀ ਮਾਮਲਿਆਂ ਵਿਚ ਅਸੀਂ ਕੋਈ ਦਖ਼ਲ ਨਹੀਂ ਦਿੰਦੇ, ਇਸ ਲਈ ਕੋਰੀਆ ਦੇ ਸਿਆਸੀ ਮਾਮਲਿਆਂ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ ਸੀ। (ਯੂਹੰ. 17:14) ਕੋਰੀਆ ਦੇ ਭਰਾਵਾਂ ਨੇ ਹਥਿਆਰ ਚੁੱਕਣ ਤੋਂ ਇਨਕਾਰ ਕਰ ਦਿੱਤਾ ਜਿਸ ਕਰ ਕੇ 13,000 ਤੋਂ ਜ਼ਿਆਦਾ ਭਰਾਵਾਂ ਨੂੰ ਜੇਲ੍ਹ ਵਿਚ ਕੁੱਲ ਮਿਲਾ ਕੇ 26,000 ਸਾਲ ਗੁਜ਼ਾਰਨੇ ਪਏ। (2 ਕੁਰਿੰ. 10:3, 4) ਉੱਥੇ ਸਾਰੇ ਨੌਜਵਾਨ ਭਰਾਵਾਂ ਨੂੰ ਪਤਾ ਹੈ ਕਿ ਉਨ੍ਹਾਂ ਨਾਲ ਇਕ ਦਿਨ ਅਜਿਹਾ ਹੋਵੇਗਾ, ਇਸ ਕਰਕੇ ਉਹ ਡਰਦੇ ਨਹੀਂ। ਅਫ਼ਸੋਸ ਦੀ ਗੱਲ ਹੈ ਕਿ ਸਰਕਾਰ ਮਸੀਹੀਆਂ ਨੂੰ “ਅਪਰਾਧੀ” ਕਰਾਰ ਦਿੰਦੀ ਹੈ ਜਿਨ੍ਹਾਂ ਦਾ “ਅਪਰਾਧ” ਸਿਰਫ਼ ਇਹ ਹੈ ਕਿ ਉਹ ਹਥਿਆਰ ਨਹੀਂ ਚੁੱਕਦੇ।

ਦੂਸਰੇ ਵਿਸ਼ਵ ਯੁੱਧ ਦੌਰਾਨ 1944 ਵਿਚ ਮੈਂ ਵੀ ਮਿਲਟਰੀ ਵਿਚ ਸੇਵਾ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਕਰਕੇ ਮੈਨੂੰ ਪੈਨਸਿਲਵੇਨੀਆ ਲੂਇਸਬਰਗ ਦੀ ਜੇਲ੍ਹ ਵਿਚ ਢਾਈ ਸਾਲ ਦੀ ਸਜ਼ਾ ਕੱਟਣੀ ਪਈ। ਸਾਡੇ ਕੋਰੀਆਈ ਭਰਾਵਾਂ ਨੇ ਜੇਲ੍ਹ ਵਿਚ ਬਹੁਤ ਔਖਾ ਸਮਾਂ ਕੱਟਿਆ ਹੈ ਅਤੇ ਮੈਂ ਉਨ੍ਹਾਂ ਦੇ ਦਰਦ ਨੂੰ ਸਮਝ ਸਕਦਾ ਹਾਂ। ਮੈਂ ਅਤੇ ਹੋਰ ਮਿਸ਼ਨਰੀਆਂ ਨੇ ਵੀ ਜੇਲ੍ਹ ਦੀ ਸਜ਼ਾ ਕੱਟੀ ਹੈ। ਇਸ ਬਾਰੇ ਜਾਣ ਕੇ ਕੋਰੀਆਈ ਭਰਾਵਾਂ ਨੂੰ ਬਹੁਤ ਹੌਸਲਾ ਮਿਲਿਆ।—ਯਸਾ. 2:4.

ਚੁਣੌਤੀ

ਕੋਰੀਆ ਵਿਚ 1977 ਵਿਚ ਗਵਾਹਾਂ ਨੇ ਹਥਿਆਰ ਨਹੀਂ ਚੁੱਕੇ ਜਿਸ ਕਰਕੇ ਸਰਕਾਰ ਲਈ ਇਹ ਵੱਡਾ ਮਸਲਾ ਬਣ ਗਿਆ। ਅਧਿਕਾਰੀ ਸੋਚਦੇ ਸਨ ਕਿ ਮਿਸ਼ਨਰੀ ਕੋਰੀਆਈ ਨੌਜਵਾਨਾਂ ਨੂੰ ਫ਼ੌਜ ਵਿਚ ਭਰਤੀ ਹੋਣ ਜਾਂ ਹਥਿਆਰ ਚੁੱਕਣ ਤੋਂ ਰੋਕਦੇ ਹਨ। ਇਸ ਕਰਕੇ ਸਰਕਾਰ ਨੇ ਉਨ੍ਹਾਂ ਮਿਸ਼ਨਰੀਆਂ ਉੱਤੇ ਪਾਬੰਦੀ ਲਗਾਈ ਕਿ ਉਹ ਮੁਲਕ ਵਿਚ ਨਹੀਂ ਆ ਸਕਦੇ ਜੋ ਕਿਸੇ ਕਾਰਨ ਉੱਥੋਂ ਚਲੇ ਗਏ ਸਨ। ਇਹ ਪਾਬੰਦੀ 1977 ਤੋਂ 1987 ਤਕ ਲੱਗੀ ਰਹੀ। ਜੇ ਅਸੀਂ ਉਨ੍ਹਾਂ ਸਾਲਾਂ ਦੌਰਾਨ ਕੋਰੀਆ ਤੋਂ ਆ ਜਾਂਦੇ, ਤਾਂ ਅਸੀਂ ਦੁਬਾਰਾ ਕੋਰੀਆ ਵਿਚ ਪੈਰ ਨਹੀਂ ਸੀ ਰੱਖ ਸਕਦੇ। ਇਸ ਲਈ ਅਸੀਂ ਉਨ੍ਹਾਂ ਸਾਲਾਂ ਦੌਰਾਨ ਕੋਰੀਆ ਵਿਚ ਹੀ ਰਹੇ ਤੇ ਆਪਣੇ ਪਰਿਵਾਰ ਨੂੰ ਵੀ ਮਿਲਣ ਨਹੀਂ ਗਏ।

ਅਸੀਂ ਕਈ ਵਾਰੀ ਸਰਕਾਰੀ ਅਧਿਕਾਰੀਆਂ ਨੂੰ ਮਿਲੇ ਅਤੇ ਦੱਸਿਆ ਕਿ ਅਸੀਂ ਮਸੀਹ ਦੇ ਚੇਲੇ ਹੋਣ ਦੇ ਨਾਤੇ ਨਾ ਤਾਂ ਫ਼ੌਜ ਵਿਚ ਭਰਤੀ ਹੁੰਦੇ ਹਾਂ ਤੇ ਨਾ ਹੀ ਹਥਿਆਰ ਚੁੱਕਦੇ ਹਾਂ। ਸਰਕਾਰ ਨੂੰ ਪਤਾ ਲੱਗ ਗਿਆ ਸੀ ਕਿ ਅਸੀਂ ਆਪਣੇ ਇਰਾਦੇ ਦੇ ਪੱਕੇ ਹਾਂ। 10 ਸਾਲਾਂ ਬਾਅਦ ਸਾਡੇ ਤੋਂ ਪਾਬੰਦੀ ਹਟਾ ਦਿੱਤੀ ਗਈ। ਉਨ੍ਹਾਂ ਸਾਲਾਂ ਦੌਰਾਨ ਕੁਝ ਮਿਸ਼ਨਰੀਆਂ ਨੂੰ ਸਿਹਤ ਖ਼ਰਾਬ ਹੋਣ ਕਰਕੇ ਘਰ ਵਾਪਸ ਜਾਣਾ ਪਿਆ। ਪਰ ਕਈ ਮਿਸ਼ਨਰੀ ਉੱਥੇ ਹੀ ਰਹੇ ਅਤੇ ਅਸੀਂ ਖ਼ੁਸ਼ ਹਾਂ ਕਿ ਅਸੀਂ ਘਰ ਵਾਪਸ ਨਹੀਂ ਗਏ।

ਤਕਰੀਬਨ 1985 ਵਿਚ ਸਾਡੇ ਪ੍ਰਚਾਰ ਦੇ ਕੰਮ ਦਾ ਵਿਰੋਧ ਕਰਨ ਵਾਲਿਆਂ ਨੇ ਕਾਨੂੰਨੀ ਕਾਰਪੋਰੇਸ਼ਨ ਦੇ ਡਾਇਰੈਕਟਰ ਭਰਾਵਾਂ ’ਤੇ ਝੂਠੇ ਦੋਸ਼ ਲਾਏ ਕਿ ਉਹ ਨੌਜਵਾਨਾਂ ਨੂੰ ਸਿਖਾਉਂਦੇ ਹਨ ਕਿ ਉਹ ਮਿਲਟਰੀ ਵਿਚ ਨਾ ਜਾਣ। ਇਸ ਲਈ ਸਰਕਾਰ ਨੇ ਇਕੱਲੇ-ਇਕੱਲੇ ਡਾਇਰੈਕਟਰ ਨੂੰ ਬੁਲਾ ਕੇ ਪੁੱਛ-ਗਿੱਛ ਕੀਤੀ। 22 ਜਨਵਰੀ 1987 ਵਿਚ ਜੱਜ ਨੇ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਪਾਇਆ। ਹੁਣ ਵਿਰੋਧੀ ਭਵਿੱਖ ਵਿਚ ਭਰਾਵਾਂ ’ਤੇ ਦੁਬਾਰਾ ਇਹ ਦੋਸ਼ ਨਹੀਂ ਲਗਾ ਸਕਦੇ ਸਨ।

ਪ੍ਰਚਾਰ ਕੰਮ ’ਤੇ ਢੇਰ ਸਾਰੀਆਂ ਬਰਕਤਾਂ

ਨਿਰਪੱਖ ਹੋਣ ਕਰਕੇ ਸਾਲਾਂ ਤਾਈਂ ਕੋਰੀਆ ਵਿਚ ਸਾਡੇ ਪ੍ਰਚਾਰ ਦੇ ਕੰਮ ਦਾ ਹੋਰ ਜ਼ਿਆਦਾ ਵਿਰੋਧ ਹੋਣ ਲੱਗ ਪਿਆ। ਇਸ ਲਈ ਵੱਡੀਆਂ ਅਸੈਂਬਲੀਆਂ ਕਰਨ ਲਈ ਢੁਕਵੀਆਂ ਥਾਵਾਂ ਲੱਭਣੀਆਂ ਮੁਸ਼ਕਲ ਹੋ ਗਈਆਂ। ਇਸ ਕਰਕੇ ਯਹੋਵਾਹ ਦੇ ਗਵਾਹਾਂ ਨੇ ਪੂਸਾਨ ਵਿਚ ਖ਼ੁਦ ਆਪਣਾ ਅਸੈਂਬਲੀ ਹਾਲ ਬਣਾਇਆ ਜੋ ਕਿਸੇ ਪੂਰਬੀ ਦੇਸ਼ ਵਿਚ ਪਹਿਲਾ ਹਾਲ ਸੀ। 15 ਅਪ੍ਰੈਲ 1976 ਵਿਚ ਹਾਲ ਦੇ ਉਦਘਾਟਨ ਵੇਲੇ ਮੈਨੂੰ 1,300 ਹਾਜ਼ਰੀਨ ਅੱਗੇ ਭਾਸ਼ਣ ਦੇਣ ਦਾ ਸਨਮਾਨ ਮਿਲਿਆ।

1950 ਤੋਂ ਅਮਰੀਕਾ ਤੋਂ ਹਜ਼ਾਰਾਂ ਹੀ ਮਿਲਟਰੀ ਦੇ ਬੰਦਿਆਂ ਨੂੰ ਕੋਰੀਆ ਭੇਜਿਆ ਜਾ ਰਿਹਾ ਸੀ। ਅਮਰੀਕਾ ਵਾਪਸ ਆ ਕੇ ਇਨ੍ਹਾਂ ਵਿੱਚੋਂ ਕਈ ਫ਼ੌਜੀ ਯਹੋਵਾਹ ਦੇ ਗਵਾਹ ਬਣ ਗਏ। ਸਾਨੂੰ ਅਕਸਰ ਉਨ੍ਹਾਂ ਤੋਂ ਚਿੱਠੀਆਂ ਆਉਂਦੀਆਂ ਰਹਿੰਦੀਆਂ ਹਨ ਅਤੇ ਸਾਨੂੰ ਖ਼ੁਸ਼ੀ ਹੈ ਕਿ ਅਸੀਂ ਸੱਚਾਈ ਵਿਚ ਆਉਣ ’ਚ ਉਨ੍ਹਾਂ ਦੀ ਮਦਦ ਕੀਤੀ।

ਦੁੱਖ ਦੀ ਗੱਲ ਹੈ ਕਿ 26 ਸਤੰਬਰ 2006 ਨੂੰ ਮੇਰੀ ਪਿਆਰੀ ਪਤਨੀ ਲਿਜ਼ ਮੌਤ ਦੀ ਨੀਂਦ ਸੌਂ ਗਈ। ਮੈਨੂੰ ਉਸ ਦੀ ਬਹੁਤ ਯਾਦ ਆਉਂਦੀ ਹੈ। ਉਸ ਨੇ ਕੋਰੀਆ ਵਿਚ 51 ਸਾਲ ਖ਼ੁਸ਼ੀ-ਖ਼ੁਸ਼ੀ ਸੇਵਾ ਕੀਤੀ ਅਤੇ ਕਦੇ ਕਿਸੇ ਗੱਲ ਦੀ ਸ਼ਿਕਾਇਤ ਨਹੀਂ ਕੀਤੀ। ਉਸ ਨੇ ਕਦੇ ਵੀ ਇੱਦਾਂ ਨਹੀਂ ਕਿਹਾ ਕਿ ਮੈਂ ਅਮਰੀਕਾ ਵਾਪਸ ਜਾਣਾ ਚਾਹੁੰਦੀ ਹਾਂ ਜਿਸ ਦੇਸ਼ ਨੂੰ ਉਹ ਪਹਿਲਾਂ ਛੱਡਣਾ ਨਹੀਂ ਸੀ ਚਾਹੁੰਦੀ!

ਮੈਂ ਕੋਰੀਆ ਵਿਚ ਹਾਲੇ ਵੀ ਬੈਥਲ ਵਿਚ ਸੇਵਾ ਕਰ ਰਿਹਾ ਹਾਂ। ਪਹਿਲਾਂ ਬੈਥਲ ਵਿਚ ਸਿਰਫ਼ ਮੁੱਠੀ ਭਰ ਭੈਣ-ਭਰਾ ਸਨ ਜੋ ਹੁਣ ਵੱਧ ਕੇ 250 ਹੋ ਗਏ ਹਨ। ਮੇਰੇ ਲਈ ਇਹ ਸਨਮਾਨ ਦੀ ਗੱਲ ਹੈ ਕਿ ਮੈਂ ਸੱਤ ਭਰਾਵਾਂ ਦੀ ਬਣੀ ਬ੍ਰਾਂਚ ਕਮੇਟੀ ਦੇ ਮੈਂਬਰ ਵਜੋਂ ਸੇਵਾ ਕਰ ਰਿਹਾ ਹਾਂ ਜੋ ਕੋਰੀਆ ਵਿਚ ਪ੍ਰਚਾਰ ਦੇ ਕੰਮ ਦੀ ਦੇਖ-ਰੇਖ ਕਰਦੀ ਹੈ।

ਜਦੋਂ ਅਸੀਂ ਕੋਰੀਆ ਪਹੁੰਚੇ ਸੀ, ਉਸ ਵੇਲੇ ਇਹ ਬਹੁਤ ਗ਼ਰੀਬ ਦੇਸ਼ ਸੀ। ਪਰ ਅੱਜ ਇਹ ਤਰੱਕੀ ਦੀਆਂ ਬੁਲੰਦੀਆਂ ’ਤੇ ਹੈ। ਕੋਰੀਆ ਵਿਚ 95,000 ਤੋਂ ਜ਼ਿਆਦਾ ਗਵਾਹ ਹਨ ਜਿਨ੍ਹਾਂ ਵਿੱਚੋਂ 40 ਪ੍ਰਤਿਸ਼ਤ ਰੈਗੂਲਰ ਜਾਂ ਔਗਜ਼ੀਲਰੀ ਪਾਇਨੀਅਰ ਹਨ। ਇਨ੍ਹਾਂ ਸਾਰਿਆਂ ਕਾਰਨਾਂ ਕਰਕੇ ਅਤੇ ਪਰਮੇਸ਼ੁਰ ਦੇ ਲੋਕਾਂ ਵਿਚ ਹੋ ਰਹੇ ਵਾਧੇ ਨੂੰ ਦੇਖ ਕੇ ਮੈਂ ਬਹੁਤ ਖ਼ੁਸ਼ ਹਾਂ।

[ਸਫ਼ਾ 24 ਉੱਤੇ ਤਸਵੀਰ]

ਹੋਰਨਾਂ ਮਿਸ਼ਨਰੀਆਂ ਦੇ ਨਾਲ ਕੋਰੀਆ ਵਿਚ ਪਹੁੰਚੇ

[ਸਫ਼ਾ 24 ਉੱਤੇ ਤਸਵੀਰ]

ਪੂਸਾਨ ਵਿਚ ਸੇਵਾ ਕਰਨੀ

[ਸਫ਼ਾ 25 ਉੱਤੇ ਤਸਵੀਰ]

1971 ਵਿਚ ਬਾਰਡਰ ’ਤੇ ਭਰਾ ਫ਼ਰਾਂਜ਼ ਨਾਲ

[ਸਫ਼ਾ 26 ਉੱਤੇ ਤਸਵੀਰ]

ਲਿਜ਼ ਦੀ ਮੌਤ ਤੋਂ ਕੁਝ ਚਿਰ ਪਹਿਲਾਂ

[ਸਫ਼ਾ 26 ਉੱਤੇ ਤਸਵੀਰ]

ਕੋਰੀਆ ਬ੍ਰਾਂਚ ਜਿੱਥੇ ਮੈਂ ਸੇਵਾ ਕਰ ਰਿਹਾ ਹਾਂ