Skip to content

Skip to table of contents

ਕੀ ਤੁਸੀਂ ‘ਪਰਮੇਸ਼ੁਰ ਦੀ ਕਿਰਪਾ ਦੇ ਮੁਖਤਿਆਰ’ ਹੋ?

ਕੀ ਤੁਸੀਂ ‘ਪਰਮੇਸ਼ੁਰ ਦੀ ਕਿਰਪਾ ਦੇ ਮੁਖਤਿਆਰ’ ਹੋ?

ਕੀ ਤੁਸੀਂ ‘ਪਰਮੇਸ਼ੁਰ ਦੀ ਕਿਰਪਾ ਦੇ ਮੁਖਤਿਆਰ’ ਹੋ?

“ਭਰੱਪਣ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ, ਆਦਰ ਵਿੱਚ ਦੂਏ ਨੂੰ ਚੰਗਾ ਸਮਝੋ।”—ਰੋਮੀ. 12:10.

1. ਪਰਮੇਸ਼ੁਰ ਦਾ ਬਚਨ ਸਾਨੂੰ ਕੀ ਯਕੀਨ ਦਿਲਾਉਂਦਾ ਹੈ?

ਪਰਮੇਸ਼ੁਰ ਦਾ ਬਚਨ ਸਾਨੂੰ ਵਾਰ-ਵਾਰ ਯਕੀਨ ਦਿਵਾਉਂਦਾ ਹੈ ਕਿ ਜਦੋਂ ਅਸੀਂ ਢਹਿੰਦੀਆਂ ਕਲਾਂ ਵਿਚ ਹੁੰਦੇ ਹਾਂ ਜਾਂ ਬੇਵੱਸ ਹੁੰਦੇ ਹਾਂ, ਤਾਂ ਯਹੋਵਾਹ ਸਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ। ਮਿਸਾਲ ਲਈ ਇਨ੍ਹਾਂ ਦਿਲਾਸੇ ਭਰੇ ਸ਼ਬਦਾਂ ਵੱਲ ਧਿਆਨ ਦਿਓ: “ਯਹੋਵਾਹ ਸਾਰਿਆਂ ਡਿੱਗਣ ਵਾਲਿਆਂ ਨੂੰ ਸੰਭਾਲਦਾ ਹੈ, ਅਤੇ ਸਾਰਿਆਂ ਝੁਕਿਆਂ ਹੋਇਆਂ ਨੂੰ ਸਿੱਧਾ ਕਰ ਦਿੰਦਾ ਹੈ।” “ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨ੍ਹਦਾ ਹੈ।” (ਜ਼ਬੂ. 145:14; 147:3) ਸਾਡਾ ਸਵਰਗੀ ਪਿਤਾ ਖ਼ੁਦ ਕਹਿੰਦਾ ਹੈ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਤਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ, ਮੈਂ ਤੈਨੂੰ ਆਖਦਾ ਹਾਂ, ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ।”—ਯਸਾ. 41:13.

2. ਯਹੋਵਾਹ ਆਪਣੇ ਸੇਵਕਾਂ ਦੀ ਕਿਸ ਤਰ੍ਹਾਂ ਮਦਦ ਕਰਦਾ ਹੈ?

2 ਯਹੋਵਾਹ ਤਾਂ ਸਵਰਗ ਵਿਚ ਰਹਿੰਦਾ ਹੈ, ਉਹ ਕਿਸ ਤਰ੍ਹਾਂ ‘ਸਾਡਾ ਹੱਥ ਫੜ’ ਸਕਦਾ ਹੈ? ਜਦੋਂ ਅਸੀਂ ਦੁੱਖਾਂ ਦੇ ਕਾਰਨ ‘ਝੁਕ’ ਜਾਂਦੇ ਹਾਂ, ਤਾਂ ਉਹ ਸਾਨੂੰ ਕਿਵੇਂ ‘ਸਿੱਧਾ’ ਕਰਦਾ ਹੈ? ਯਹੋਵਾਹ ਵੱਖੋ-ਵੱਖਰੇ ਤਰੀਕਿਆਂ ਨਾਲ ਮਦਦ ਕਰ ਕੇ ਇੱਦਾਂ ਕਰਦਾ ਹੈ। ਮਿਸਾਲ ਲਈ, ਉਹ ਸਾਨੂੰ ਆਪਣੀ ਸ਼ਕਤੀ ਰਾਹੀਂ ‘ਵੱਡੀ ਸਮਰੱਥਾ’ ਦਿੰਦਾ ਹੈ। (2 ਕੁਰਿੰ. 4:7; ਯੂਹੰ. 14:16, 17) ਇਸ ਤੋਂ ਇਲਾਵਾ, ਪਰਮੇਸ਼ੁਰ ਦੇ ਭਗਤ ਉਸ ਦੇ ਬਚਨ ਵਿਚ ਪਾਏ ਜਾਂਦੇ ਸੰਦੇਸ਼ ਤੋਂ ਹੌਸਲਾ ਤੇ ਤਾਕਤ ਪਾਉਂਦੇ ਹਨ। (ਇਬ. 4:12) ਕੀ ਕੋਈ ਹੋਰ ਤਰੀਕਾ ਹੈ ਜਿਸ ਰਾਹੀਂ ਯਹੋਵਾਹ ਸਾਨੂੰ ਮਜ਼ਬੂਤ ਕਰਦਾ ਹੈ? ਆਓ ਆਪਾਂ ਪਤਰਸ ਦੀ ਪਹਿਲੀ ਚਿੱਠੀ ਵਿਚ ਇਸ ਸਵਾਲ ਦਾ ਜਵਾਬ ਦੇਖੀਏ।

“ਪਰਮੇਸ਼ੁਰ ਦੀ ਬਹੁਰੰਗੀ ਕਿਰਪਾ”

3. (ੳ) ਪਤਰਸ ਰਸੂਲ ਨੇ ਅਜ਼ਮਾਇਸ਼ਾਂ ਬਾਰੇ ਕੀ ਕਿਹਾ? (ਅ) ਪਤਰਸ ਦੀ ਪਹਿਲੀ ਚਿੱਠੀ ਦੇ ਆਖ਼ਰੀ ਹਿੱਸੇ ਵਿਚ ਕੀ ਚਰਚਾ ਕੀਤੀ ਗਈ ਹੈ?

3 ਪਤਰਸ ਰਸੂਲ ਨੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਚਿੱਠੀ ਵਿਚ ਲਿਖਿਆ ਕਿ ਉਨ੍ਹਾਂ ਨੂੰ ਇਕ ਵੱਡਾ ਇਨਾਮ ਮਿਲਣ ਵਾਲਾ ਹੈ, ਇਸ ਲਈ ਉਨ੍ਹਾਂ ਨੂੰ ਖ਼ੁਸ਼ ਹੋਣਾ ਚਾਹੀਦਾ ਹੈ। ਪਰ ਉਹ ਅੱਗੇ ਲਿਖਦਾ ਹੈ: ‘ਹੁਣ ਥੋੜਾਕੁ ਚਿਰ ਜੇਕਰ ਲੋੜੀਦਾ ਹੋਵੇ ਤਾਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਨਾਲ ਦੁਖੀ ਹੋਏ ਹੋ।’ (1 ਪਤ. 1:1-6) ਧਿਆਨ ਦਿਓ ਕਿ ਪਤਰਸ ਨੇ ਕਿਹਾ ਕਿ ਮਸੀਹੀਆਂ ਉੱਤੇ “ਭਾਂਤ ਭਾਂਤ” ਦੀਆਂ ਅਜ਼ਮਾਇਸ਼ਾਂ ਆਉਣਗੀਆਂ। ਪਰ ਪਤਰਸ ਨੇ ਇੰਨਾ ਹੀ ਕਹਿ ਕੇ ਭਰਾਵਾਂ ਨੂੰ ਉਲਝਣ ਵਿਚ ਨਹੀਂ ਪਾਇਆ ਕਿ ਉਹ ਵੱਖੋ-ਵੱਖਰੀਆਂ ਅਜ਼ਮਾਇਸ਼ਾਂ ਨੂੰ ਸਹਿ ਪਾਉਣਗੇ ਜਾਂ ਨਹੀਂ। ਇਸ ਦੀ ਬਜਾਇ, ਪਤਰਸ ਨੇ ਮਸੀਹੀਆਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਉੱਤੇ ਭਾਵੇਂ ਜਿਹੜੀ ਮਰਜ਼ੀ ਅਜ਼ਮਾਇਸ਼ ਆ ਜਾਵੇ, ਯਹੋਵਾਹ ਉਸ ਹਰ ਅਜ਼ਮਾਇਸ਼ ਦਾ ਸਾਮ੍ਹਣਾ ਕਰਨ ਵਿਚ ਉਨ੍ਹਾਂ ਦੀ ਮਦਦ ਕਰੇਗਾ। ਇਹ ਯਕੀਨ ਪਤਰਸ ਦੀ ਚਿੱਠੀ ਦੇ ਅਖ਼ੀਰਲੇ ਸ਼ਬਦਾਂ ਤੋਂ ਮਿਲਦਾ ਹੈ ਜਿੱਥੇ ਉਸ ਨੇ ‘ਸਭਨਾਂ ਵਸਤਾਂ ਦੇ ਅੰਤ’ ਸੰਬੰਧੀ ਗੱਲਾਂ ਦੀ ਚਰਚਾ ਕੀਤੀ ਸੀ।—1 ਪਤ. 4:7.

4. ਪਹਿਲਾ ਪਤਰਸ 4:10 ਦੇ ਸ਼ਬਦਾਂ ਤੋਂ ਸਾਨੂੰ ਕਿਉਂ ਦਿਲਾਸਾ ਮਿਲਦਾ ਹੈ?

4 ਪਤਰਸ ਲਿਖਦਾ ਹੈ: “ਹਰੇਕ ਨੂੰ ਜਿਹੀ ਜਿਹੀ ਦਾਤ ਮਿਲੀ ਓਸ ਨਾਲ ਇੱਕ ਦੂਏ ਦੀ ਟਹਿਲ ਕਰੋ ਜਿਵੇਂ ਪਰਮੇਸ਼ੁਰ ਦੀ ਬਹੁਰੰਗੀ ਕਿਰਪਾ ਦੇ ਨੇਕ ਮੁਖਤਿਆਰਾਂ ਨੂੰ ਉਚਿੱਤ ਹੈ।” (1 ਪਤ. 4:10) ਪਤਰਸ ਨੇ ਇੱਥੇ “ਬਹੁਰੰਗੀ” ਸ਼ਬਦ ਵਰਤਿਆ। ਇਹ ਸ਼ਬਦ ਵਰਤ ਕੇ ਉਹ ਅਸਲ ਵਿਚ ਇਹ ਕਹਿ ਰਿਹਾ ਹੈ ਕਿ ‘ਪਰਤਾਵੇ ਕਈ ਤਰ੍ਹਾਂ ਦੇ ਆਉਂਦੇ ਹਨ, ਪਰ ਪਰਮੇਸ਼ੁਰ ਵੀ ਵੱਖੋ-ਵੱਖਰਿਆਂ ਤਰੀਕਿਆਂ ਨਾਲ ਆਪਣੀ ਕਿਰਪਾ ਸਾਡੇ ’ਤੇ ਕਰਦਾ ਹੈ।’ ਸਾਨੂੰ ਇਸ ਗੱਲ ਤੋਂ ਕਿਉਂ ਦਿਲਾਸਾ ਮਿਲਦਾ ਹੈ? ਪਤਰਸ ਦੇ ਕਹਿਣ ਦਾ ਮਤਲਬ ਹੈ ਕਿ ਪਰਤਾਵੇ ਜੋ ਮਰਜ਼ੀ ਹੋਣ, ਪਰਮੇਸ਼ੁਰ ਸਾਨੂੰ ਇਨ੍ਹਾਂ ਨੂੰ ਸਹਿਣ ਦੀ ਤਾਕਤ ਦੇਵੇਗਾ। ਕੀ ਤੁਸੀਂ ਪਤਰਸ ਦੀ ਗੱਲ ਵੱਲ ਧਿਆਨ ਦਿੱਤਾ ਕਿ ਪਰਮੇਸ਼ੁਰ ਕਿਵੇਂ ਸਾਡੇ ’ਤੇ ਕਿਰਪਾ ਕਰਦਾ ਹੈ? ਯਹੋਵਾਹ ਭੈਣਾਂ-ਭਰਾਵਾਂ ਦੇ ਜ਼ਰੀਏ ਸਾਡੇ ਉੱਤੇ ਕਿਰਪਾ ਕਰਦਾ ਹੈ।

“ਇੱਕ ਦੂਏ ਦੀ ਟਹਿਲ ਕਰੋ”

5. (ੳ) ਸਾਨੂੰ ਸਾਰਿਆਂ ਨੂੰ ਕੀ ਕਰਨਾ ਚਾਹੀਦਾ ਹੈ? (ਅ) ਕਿਹੜੇ ਸਵਾਲ ਉੱਠਦੇ ਹਨ?

5 ਪਤਰਸ ਨੇ ਕਲੀਸਿਯਾ ਦੇ ਸਾਰੇ ਮਸੀਹੀਆਂ ਨੂੰ ਕਿਹਾ: “ਸਭ ਤੋਂ ਪਹਿਲਾਂ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ।” ਉਹ ਨੇ ਅੱਗੇ ਕਿਹਾ: “ਹਰੇਕ ਨੂੰ ਜਿਹੀ ਜਿਹੀ ਦਾਤ ਮਿਲੀ ਓਸ ਨਾਲ ਇੱਕ ਦੂਏ ਦੀ ਟਹਿਲ ਕਰੋ।” (1 ਪਤ. 4:8, 10) ਇਸ ਤੋਂ ਪਤਾ ਲੱਗਦਾ ਹੈ ਕਿ ਕਲੀਸਿਯਾ ਵਿਚ ਹਰੇਕ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਵੇ। ਸਾਡੇ ਵਿਚ ਅਜਿਹਾ ਕੁਝ ਨਾ ਕੁਝ ਹੈ ਜੋ ਯਹੋਵਾਹ ਨੇ ਸਾਨੂੰ ਦਿੱਤਾ ਹੈ ਅਤੇ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਦੂਜਿਆਂ ਨਾਲ ਇਹ ਸਾਂਝਾ ਕਰੀਏ। ਯਹੋਵਾਹ ਨੇ ਸਾਨੂੰ ਅਜਿਹਾ ਕੀ ਦਿੱਤਾ ਹੈ? ਪਤਰਸ ਨੇ ਇਸ ਨੂੰ “ਦਾਤ” ਕਿਹਾ। ਇਹ ਦਾਤ ਕੀ ਹੈ? ਅਸੀਂ ਇਸ ਨੂੰ ‘ਇੱਕ ਦੂਏ ਦੀ ਟਹਿਲ ਕਰਨ’ ਲਈ ਕਿਵੇਂ ਵਰਤਦੇ ਹਾਂ?

6. ਸਾਨੂੰ ਕਿਹੜੀਆਂ ਕੁਝ ਦਾਤਾਂ ਮਿਲੀਆਂ ਹਨ?

6 ਬਾਈਬਲ ਕਹਿੰਦੀ ਹੈ: “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ ਉਤਾਹਾਂ ਤੋਂ ਹੈ।” (ਯਾਕੂ. 1:17) ਸਾਨੂੰ ਜਿੰਨੀਆਂ ਦਾਤਾਂ ਮਿਲੀਆਂ ਹਨ, ਉਹ ਸਾਰੀਆਂ ਯਹੋਵਾਹ ਦੀ ਅਸੀਮ ਕਿਰਪਾ ਕਰਕੇ ਹੀ ਮਿਲੀਆਂ ਹਨ। ਸਭ ਤੋਂ ਵਧੀਆ ਦਾਤ ਹੈ ਪਵਿੱਤਰ ਸ਼ਕਤੀ। ਪਵਿੱਤਰ ਸ਼ਕਤੀ ਦੀ ਸਹਾਇਤਾ ਨਾਲ ਅਸੀਂ ਆਪਣੇ ਵਿਚ ਪਿਆਰ, ਭਲਿਆਈ, ਨਿਮਰਤਾ ਵਰਗੇ ਸਦਗੁਣ ਪੈਦਾ ਕਰ ਸਕਦੇ ਹਾਂ। ਇਨ੍ਹਾਂ ਗੁਣਾਂ ਕਰਕੇ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਦਿਲੋਂ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਲਈ ਤਿਆਰ ਰਹਿੰਦੇ ਹਾਂ। ਪਵਿੱਤਰ ਸ਼ਕਤੀ ਦੇ ਜ਼ਰੀਏ ਅਸੀਂ ਬੁੱਧ ਅਤੇ ਗਿਆਨ ਵਰਗੀਆਂ ਦਾਤਾਂ ਵੀ ਪਾਉਂਦੇ ਹਾਂ। (1 ਕੁਰਿੰ. 2:10-16; ਗਲਾ. 5:22, 23) ਦਰਅਸਲ ਆਪਣੀ ਸਾਰੀ ਤਾਕਤ, ਕਾਬਲੀਅਤਾਂ ਅਤੇ ਹੁਨਰਾਂ ਨੂੰ ਪਰਮੇਸ਼ੁਰ ਦੀਆਂ ਦਾਤਾਂ ਸਮਝਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਅਸੀਂ ਉਸ ਦਾ ਨਾਂ ਉੱਚਾ ਕਰਨ ਲਈ ਵਰਤ ਸਕਦੇ ਹਾਂ। ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੀਆਂ ਕਾਬਲੀਅਤਾਂ ਤੇ ਗੁਣਾਂ ਨੂੰ ਆਪਣੇ ਭੈਣਾਂ-ਭਰਾਵਾਂ ਦੇ ਭਲੇ ਲਈ ਵਰਤ ਕੇ ਪਰਮੇਸ਼ੁਰ ਦੀ ਕਿਰਪਾ ਜ਼ਾਹਰ ਕਰੀਏ।

“ਇੱਕ ਦੂਏ ਦੀ ਟਹਿਲ” ਕਿਵੇਂ ਕਰੀਏ?

7. (ੳ) “ਜਿਹੀ ਜਿਹੀ” ਸ਼ਬਦਾਂ ਦਾ ਕੀ ਮਤਲਬ ਹੈ? (ਅ) ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ ਤੇ ਕਿਉਂ?

7 ਦਾਤਾਂ ਬਾਰੇ ਪਤਰਸ ਨੇ ਇਹ ਵੀ ਆਖਿਆ: “ਹਰੇਕ ਨੂੰ ਜਿਹੀ ਜਿਹੀ ਦਾਤ ਮਿਲੀ ਉਸ ਨਾਲ ਇੱਕ ਦੂਏ ਦੀ ਟਹਿਲ ਕਰੋ।” ਇੱਥੇ “ਜਿਹੀ ਜਿਹੀ” ਸ਼ਬਦ ਦਾ ਮਤਲਬ ਹੈ ਕਿ ਕਾਬਲੀਅਤਾਂ ਅਤੇ ਗੁਣ ਨਾ ਸਿਰਫ਼ ਤਰ੍ਹਾਂ-ਤਰ੍ਹਾਂ ਦੇ ਹੋ ਸਕਦੇ ਹਨ, ਸਗੋਂ ਕਿਸੇ ਵਿਚ ਜ਼ਿਆਦਾ ਤੇ ਕਿਸੇ ਵਿਚ ਘੱਟ ਵੀ ਹੋ ਸਕਦੇ ਹਨ। ਦਾਤ ਜੋ ਮਰਜ਼ੀ ਹੋਵੇ ਇਸ ਨੂੰ ‘ਇੱਕ ਦੂਏ ਦੀ ਟਹਿਲ ਕਰਨ’ ਲਈ ਵਰਤਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਸਾਨੂੰ ਇਹ ਹੁਕਮ ਦਿੱਤਾ ਗਿਆ ਹੈ ਕਿ ਅਸੀਂ ਨੇਕ ਮੁਖਤਿਆਰਾਂ ਵਜੋਂ ਆਪਣੀ ਦਾਤ ਨੂੰ ਵਰਤੀਏ। ਇਸ ਕਰਕੇ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਆਪਣੀ ਦਾਤ ਨੂੰ ਭੈਣਾਂ-ਭਰਾਵਾਂ ਦੀ ਨਿਹਚਾ ਤਕੜੀ ਕਰਨ ਲਈ ਵਰਤ ਰਿਹਾ ਹਾਂ?’ (ਹੋਰ ਜਾਣਕਾਰੀ ਲਈ 1 ਤਿਮੋਥਿਉਸ 5:9, 10 ਦੇਖੋ।) ‘ਜਾਂ ਫਿਰ ਕੀ ਮੈਂ ਯਹੋਵਾਹ ਤੋਂ ਮਿਲੀਆਂ ਕਾਬਲੀਅਤਾਂ ਨੂੰ ਆਪਣੇ ਹੀ ਫ਼ਾਇਦੇ ਲਈ ਵਰਤ ਰਿਹਾ ਹਾਂ ਯਾਨੀ ਧਨ-ਦੌਲਤ ਕਮਾਉਣ ਜਾਂ ਫਿਰ ਨਾਂ ਕਮਾਉਣ ਲਈ?’ (1 ਕੁਰਿੰ. 4:7) ਜੇ ਅਸੀਂ ਦਾਤਾਂ ਨੂੰ ‘ਇੱਕ ਦੂਏ ਦੀ ਟਹਿਲ ਕਰਨ’ ਲਈ ਵਰਤਾਂਗੇ, ਤਾਂ ਅਸੀਂ ਯਹੋਵਾਹ ਨੂੰ ਖ਼ੁਸ਼ ਕਰ ਰਹੇ ਹੋਵਾਂਗੇ।—ਕਹਾ. 19:17; ਇਬਰਾਨੀਆਂ 13:16 ਪੜ੍ਹੋ।

8, 9. (ੳ) ਕਿਹੜੇ ਕੁਝ ਤਰੀਕਿਆਂ ਰਾਹੀਂ ਮਸੀਹੀ ਦੁਨੀਆਂ ਭਰ ਵਿਚ ਆਪਣੇ ਭੈਣਾਂ-ਭਰਾਵਾਂ ਦੀ ਟਹਿਲ ਕਰਦੇ ਹਨ? (ਅ) ਤੁਹਾਡੀ ਕਲੀਸਿਯਾ ਦੇ ਭੈਣ-ਭਰਾ ਇਕ-ਦੂਸਰੇ ਦੀ ਕਿੱਦਾਂ ਮਦਦ ਕਰਦੇ ਹਨ?

8 ਪਰਮੇਸ਼ੁਰ ਦੇ ਬਚਨ ਵਿਚ ਦੱਸਿਆ ਹੈ ਕਿ ਪਹਿਲੀ ਸਦੀ ਦੇ ਮਸੀਹੀਆਂ ਨੇ ਵੱਖੋ-ਵੱਖਰੇ ਤਰੀਕਿਆਂ ਨਾਲ ਇਕ-ਦੂਸਰੇ ਦੀ ਟਹਿਲ ਕੀਤੀ ਸੀ। (ਰੋਮੀਆਂ 15:25, 26; 2 ਤਿਮੋਥਿਉਸ 1:16-18 ਪੜ੍ਹੋ।) ਅੱਜ ਵੀ ਮਸੀਹੀ ਆਪਣੇ ਭੈਣਾਂ-ਭਰਾਵਾਂ ਦੀ ਟਹਿਲ ਕਰਨ ਲਈ ਆਪਣੀਆਂ ਦਾਤਾਂ ਵਰਤਣ ਦੇ ਹੁਕਮ ਨੂੰ ਦਿਲੋਂ ਮੰਨਦੇ ਹਨ। ਆਓ ਦੇਖੀਏ ਕਿ ਕਿਹੜੇ ਕੁਝ ਤਰੀਕਿਆਂ ਨਾਲ ਉਹ ਇੱਦਾਂ ਕਰਦੇ ਹਨ।

9 ਕਈ ਭਰਾਵਾਂ ਨੂੰ ਮੀਟਿੰਗਾਂ ਲਈ ਆਪਣੇ ਭਾਸ਼ਣਾਂ ਨੂੰ ਤਿਆਰ ਕਰਨ ਵਿਚ ਹਰ ਮਹੀਨੇ ਕਈ-ਕਈ ਘੰਟੇ ਲੱਗ ਜਾਂਦੇ ਹਨ। ਜਦੋਂ ਭਰਾ ਬਾਈਬਲ ਸਟੱਡੀ ਦੌਰਾਨ ਰੀਸਰਚ ਕਰ ਕੇ ਜਾਣਕਾਰੀ ਨੂੰ ਮੀਟਿੰਗਾਂ ਵਿਚ ਪੇਸ਼ ਕਰਦੇ ਹਨ, ਤਾਂ ਭੈਣਾਂ-ਭਰਾਵਾਂ ਨੂੰ ਹੌਸਲਾ ਮਿਲਦਾ ਹੈ। (1 ਤਿਮੋ. 5:17) ਕਈ ਭੈਣ-ਭਰਾ ਆਪਣੇ ਪਿਆਰ ਅਤੇ ਹਮਦਰਦੀ ਲਈ ਜਾਣੇ ਜਾਂਦੇ ਹਨ। (ਰੋਮੀ. 12:15) ਕੁਝ ਭੈਣ-ਭਰਾ ਨਿਰਾਸ਼ ਭੈਣਾਂ-ਭਰਾਵਾਂ ਨੂੰ ਬਾਕਾਇਦਾ ਮਿਲਣ ਜਾਂਦੇ ਹਨ ਤੇ ਉਨ੍ਹਾਂ ਨਾਲ ਪ੍ਰਾਰਥਨਾ ਕਰਦੇ ਹਨ। (1 ਥੱਸ. 5:14) ਹੋਰ ਭੈਣ-ਭਰਾ ਸਮਾਂ ਕੱਢ ਕੇ ਚਿੱਠੀਆਂ ਜਾਂ ਕਾਰਡ ਲਿਖ ਕੇ ਉਨ੍ਹਾਂ ਨੂੰ ਹੌਸਲਾ ਦਿੰਦੇ ਹਨ ਜੋ ਸ਼ਾਇਦ ਕਿਸੇ ਅਜ਼ਮਾਇਸ਼ ਦਾ ਸਾਮ੍ਹਣਾ ਕਰ ਰਹੇ ਹਨ। ਕਈ ਉਨ੍ਹਾਂ ਭੈਣਾਂ-ਭਰਾਵਾਂ ਨੂੰ ਮੀਟਿੰਗਾਂ ਵਿਚ ਲਿਆਉਂਦੇ ਹਨ ਜਿਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ। ਹਜ਼ਾਰਾਂ ਹੀ ਗਵਾਹ ਉਨ੍ਹਾਂ ਥਾਵਾਂ ’ਤੇ ਜਾ ਕੇ ਭੈਣਾਂ-ਭਰਾਵਾਂ ਦੇ ਘਰ ਦੁਬਾਰਾ ਬਣਾਉਂਦੇ ਹਨ ਜਿੱਥੇ ਆਫ਼ਤਾਂ ਨੇ ਉਨ੍ਹਾਂ ਦੇ ਘਰ ਤਬਾਹ ਕਰ ਦਿੱਤੇ ਹਨ। ਭੈਣਾਂ-ਭਰਾਵਾਂ ਦਾ ਇਹ ਪਿਆਰ ਤੇ ਉਨ੍ਹਾਂ ਦੀ ਮਦਦ “ਯਹੋਵਾਹ ਦੀ ਬਹੁਰੰਗੀ ਕਿਰਪਾ” ਦਾ ਸਬੂਤ ਹਨ।1 ਪਤਰਸ 4:11 ਪੜ੍ਹੋ।

ਕਿਹੜਾ ਕੰਮ ਜ਼ਿਆਦਾ ਜ਼ਰੂਰੀ ਹੈ?

10. (ੳ) ਪੌਲੁਸ ਕਿਹੜੀਆਂ ਦੋ ਜ਼ਿੰਮੇਵਾਰੀਆਂ ਸਮਝਦਾ ਸੀ? (ਅ) ਅੱਜ ਅਸੀਂ ਪੌਲੁਸ ਦੀ ਕਿਵੇਂ ਰੀਸ ਕਰਦੇ ਹਾਂ?

10 ਪਰਮੇਸ਼ੁਰ ਦੇ ਸੇਵਕਾਂ ਨੇ ਨਾ ਸਿਰਫ਼ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਆਪਣੀਆਂ ਦਾਤਾਂ ਇਸਤੇਮਾਲ ਕਰਨੀਆਂ ਹਨ, ਸਗੋਂ ਉਨ੍ਹਾਂ ਨੇ ਲੋਕਾਂ ਨੂੰ ਪਰਮੇਸ਼ੁਰ ਦਾ ਸੰਦੇਸ਼ ਵੀ ਦੇਣਾ ਹੈ। ਪੌਲੁਸ ਰਸੂਲ ਇਨ੍ਹਾਂ ਦੋਹਾਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਅਫ਼ਸੁਸ ਦੀ ਕਲੀਸਿਯਾ ਨੂੰ ਉਸ ਨੇ ‘ਪਰਮੇਸ਼ੁਰ ਦੀ ਕਿਰਪਾ ਦੀ ਮੁਖ਼ਤਿਆਰੀ’ ਬਾਰੇ ਲਿਖਿਆ ਜੋ ਮੁਖ਼ਤਿਆਰੀ ਪੌਲੁਸ ਨੂੰ ਭੈਣਾਂ-ਭਰਾਵਾਂ ਦੇ ਫ਼ਾਇਦੇ ਲਈ ਦਿੱਤੀ ਗਈ ਸੀ। (ਅਫ਼. 3:2) ਉਸ ਨੇ ਇਹ ਵੀ ਕਿਹਾ: “ਅਸੀਂ ਪਰਮੇਸ਼ੁਰ ਵੱਲੋਂ ਪਰਵਾਨ ਹੋਏ ਹਾਂ ਜੋ ਇੰਜੀਲ ਸਾਨੂੰ ਸੌਂਪੀ ਜਾਵੇ।” (1 ਥੱਸ. 2:4) ਪੌਲੁਸ ਦੀ ਤਰ੍ਹਾਂ ਅਸੀਂ ਵੀ ਜਾਣਦੇ ਹਾਂ ਕਿ ਸਾਨੂੰ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਦੋਂ ਅਸੀਂ ਜੋਸ਼ ਨਾਲ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਪੌਲੁਸ ਦੀ ਨਕਲ ਕਰਦੇ ਹਾਂ ਜੋ ਆਪਣੀ ਪੂਰੀ ਵਾਹ ਲਾ ਕੇ ਪ੍ਰਚਾਰ ਕਰਦਾ ਸੀ। (ਰਸੂ. 20:20, 21; 1 ਕੁਰਿੰ. 11:1) ਅਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪ੍ਰਚਾਰ ਕਰਨ ਨਾਲ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਹਨ। ਪਰ ਪੌਲੁਸ ਦੀ ਤਰ੍ਹਾਂ ਅਸੀਂ ਆਪਣੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣ ਦੇ ਮੌਕੇ ਵੀ ਭਾਲਦੇ ਹਾਂ।ਰੋਮੀਆਂ 1:11, 12; 10:13-15 ਪੜ੍ਹੋ।

11. ਸਾਨੂੰ ਪ੍ਰਚਾਰ ਕਰਨ ਅਤੇ ਭੈਣ-ਭਰਾਵਾਂ ਦਾ ਹੌਸਲਾ ਵਧਾਉਣ ਦੀਆਂ ਜ਼ਿੰਮੇਵਾਰੀਆਂ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?

11 ਮਸੀਹੀਆਂ ਲਈ ਇਨ੍ਹਾਂ ਦੋਹਾਂ ਵਿੱਚੋਂ ਕਿਹੜੀ ਇਕ ਜ਼ਿੰਮੇਵਾਰੀ ਪੂਰੀ ਕਰਨੀ ਜ਼ਰੂਰੀ ਹੈ? ਇਹ ਸਵਾਲ ਇਕ ਪੰਛੀ ਬਾਰੇ ਇੰਜ ਪੁੱਛਣ ਦੇ ਬਰਾਬਰ ਹੈ, ਪੰਛੀ ਦੇ ਦੋਹਾਂ ਖੰਭਾਂ ਵਿੱਚੋਂ ਕਿਹੜਾ ਖੰਭ ਜ਼ਿਆਦਾ ਮਹੱਤਵਪੂਰਣ ਹੈ? ਜਵਾਬ ਸਾਫ਼ ਹੈ। ਸਹੀ ਢੰਗ ਨਾਲ ਉੱਡਣ ਲਈ ਪੰਛੀ ਨੂੰ ਆਪਣੇ ਦੋਹਾਂ ਖੰਭਾਂ ਦੀ ਲੋੜ ਹੈ। ਇਸ ਤਰ੍ਹਾਂ ਸਾਨੂੰ ਪਰਮੇਸ਼ੁਰ ਦੀ ਸੇਵਾ ਵਿਚ ਆਪਣੀਆਂ ਦੋਹਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੀ ਲੋੜ ਹੈ ਤਾਂਕਿ ਅਸੀਂ ਪਰਮੇਸ਼ੁਰ ਦੀਆਂ ਮੰਗਾਂ ਸਹੀ ਢੰਗ ਨਾਲ ਪੂਰੀਆਂ ਕਰ ਸਕੀਏ। ਅਸੀਂ ਪ੍ਰਚਾਰ ਕਰਨ ਅਤੇ ਭੈਣਾਂ-ਭਰਾਵਾਂ ਨੂੰ ਉਤਸ਼ਾਹਿਤ ਕਰਨ ਦੀਆਂ ਜ਼ਿੰਮੇਵਾਰੀਆਂ ਨੂੰ ਇਕ-ਦੂਜੇ ਤੋਂ ਅਲੱਗ ਨਹੀਂ ਸਮਝਦੇ। ਇਸ ਦੀ ਬਜਾਇ, ਅਸੀਂ ਪਤਰਸ ਅਤੇ ਪੌਲੁਸ ਰਸੂਲ ਦੀ ਤਰ੍ਹਾਂ ਇਨ੍ਹਾਂ ਦੋਹਾਂ ਜ਼ਿੰਮੇਵਾਰੀਆਂ ਨੂੰ ਬਰਾਬਰ ਸਮਝਦੇ ਹਾਂ। ਪਰ ਇਹ ਦੋਵੇਂ ਕਿਵੇਂ ਬਰਾਬਰ ਹਨ?

12. ਯਹੋਵਾਹ ਸਾਨੂੰ ਕੀ ਕਰਨ ਲਈ ਵਰਤ ਰਿਹਾ ਹੈ?

12 ਪ੍ਰਚਾਰਕਾਂ ਵਜੋਂ ਅਸੀਂ ਆਪਣੀ ਸਿਖਾਉਣ ਦੀ ਕਲਾ ਨੂੰ ਵਰਤ ਕੇ ਰਾਜ ਦੇ ਸੰਦੇਸ਼ ਨਾਲ ਲੋਕਾਂ ਦੇ ਦਿਲਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਤਰ੍ਹਾਂ ਅਸੀਂ ਯਿਸੂ ਦੇ ਚੇਲੇ ਬਣਨ ਵਿਚ ਉਨ੍ਹਾਂ ਦੀ ਮਦਦ ਕਰਦੇ ਹਾਂ। ਇਸ ਦੇ ਨਾਲ-ਨਾਲ ਅਸੀਂ ਆਪਣੀਆਂ ਕਾਬਲੀਅਤਾਂ ਅਤੇ ਹੋਰ ਦਾਤਾਂ ਨੂੰ ਵਰਤ ਕੇ ਆਪਣੇ ਭੈਣਾਂ-ਭਰਾਵਾਂ ਦੀ ਹੌਸਲਾ-ਅਫ਼ਜ਼ਾਈ ਕਰਦੇ ਹਾਂ ਅਤੇ ਉਨ੍ਹਾਂ ਲਈ ਭਲੇ ਕੰਮ ਕਰਦੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਪਰਮੇਸ਼ੁਰ ਦੀ ਕਿਰਪਾ ਨੂੰ ਜ਼ਾਹਰ ਕਰਦੇ ਹਾਂ। (ਕਹਾ. 3:27; 12:25) ਇੱਦਾਂ ਅਸੀਂ ਉਨ੍ਹਾਂ ਦੀ ਯਿਸੂ ਦੇ ਚੇਲੇ ਬਣੇ ਰਹਿਣ ਵਿਚ ਮਦਦ ਕਰਦੇ ਹਾਂ। ਇਨ੍ਹਾਂ ਦੋਹਾਂ ਕੰਮਾਂ ਵਿਚ ਯਾਨੀ ਲੋਕਾਂ ਨੂੰ ਪ੍ਰਚਾਰ ਕਰਨ ਅਤੇ ‘ਇੱਕ ਦੂਏ ਦੀ ਟਹਿਲ ਕਰਨ’ ਲਈ ਯਹੋਵਾਹ ਸਾਨੂੰ ਵਰਤ ਰਿਹਾ ਹੈ ਜੋ ਕਿ ਸਾਡੇ ਲਈ ਬਹੁਤ ਵੱਡਾ ਸਨਮਾਨ ਹੈ।—ਗਲਾ. 6:10.

“ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ”

13. ਜੇ ਅਸੀਂ ‘ਇੱਕ ਦੂਏ ਦੀ ਟਹਿਲ ਕਰਨੀ’ ਛੱਡ ਦੇਈਏ, ਤਾਂ ਕੀ ਹੋ ਸਕਦਾ ਹੈ?

13 ਪੌਲੁਸ ਨੇ ਭੈਣਾਂ-ਭਰਾਵਾਂ ਨੂੰ ਤਾਕੀਦ ਕੀਤੀ: “ਭਰੱਪਣ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ, ਆਦਰ ਵਿੱਚ ਦੂਏ ਨੂੰ ਚੰਗਾ ਸਮਝੋ।” (ਰੋਮੀ. 12:10) ਵਾਕਈ, ਭੈਣਾਂ-ਭਰਾਵਾਂ ਲਈ ਪਿਆਰ ਸਾਨੂੰ ਉਨ੍ਹਾਂ ਦੀ ਦਿਲੋਂ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ ਜੋ ਕਿ ਪਰਮੇਸ਼ੁਰ ਦੀ ਕਿਰਪਾ ਦੇ ਮੁਖਤਿਆਰਾਂ ਲਈ ਮੁਨਾਸਬ ਹੈ। ਸਾਨੂੰ ਪਤਾ ਹੈ ਕਿ ਜੇ ਸ਼ਤਾਨ ਸਾਨੂੰ “ਇੱਕ ਦੂਏ ਦੀ ਟਹਿਲ” ਕਰਨ ਤੋਂ ਰੋਕਣ ਵਿਚ ਕਾਮਯਾਬ ਹੋ ਗਿਆ, ਤਾਂ ਇਸ ਨਾਲ ਸਾਡੀ ਏਕਤਾ ਟੁੱਟ ਜਾਵੇਗੀ। (ਕੁਲੁ. 3:14) ਏਕਤਾ ਨਾ ਹੋਣ ਕਰਕੇ ਅਸੀਂ ਜੋਸ਼ ਨਾਲ ਪ੍ਰਚਾਰ ਨਹੀਂ ਕਰ ਸਕਾਂਗੇ। ਸ਼ਤਾਨ ਨੂੰ ਪਤਾ ਹੈ ਕਿ ਉਸ ਨੂੰ ਬੱਸ ਸਾਡੇ ਇਕ ਖੰਭ ਨੂੰ ਨੁਕਸਾਨ ਪਹੁੰਚਾਉਣ ਦੀ ਲੋੜ ਹੈ ਜਿਸ ਨਾਲ ਅਸੀਂ ਉੱਡ ਨਹੀਂ ਸਕਾਂਗੇ ਯਾਨੀ ਅਸੀਂ ਪਰਮੇਸ਼ੁਰ ਦੀ ਸੇਵਾ ਨਹੀਂ ਕਰ ਪਾਵਾਂਗੇ।

14. ‘ਇੱਕ ਦੂਏ ਦੀ ਟਹਿਲ ਕਰਨ’ ਨਾਲ ਕਿਨ੍ਹਾਂ ਨੂੰ ਫ਼ਾਇਦਾ ਹੁੰਦਾ ਹੈ? ਇਕ ਮਿਸਾਲ ਦਿਓ।

14 ‘ਇੱਕ ਦੂਏ ਦੀ ਟਹਿਲ ਕਰਨ’ ਨਾਲ ਨਾ ਸਿਰਫ਼ ਟਹਿਲ ਕਰਨ ਵਾਲਿਆਂ ਨੂੰ ਫ਼ਾਇਦਾ ਹੁੰਦਾ ਹੈ, ਸਗੋਂ ਉਨ੍ਹਾਂ ਨੂੰ ਵੀ ਫ਼ਾਇਦਾ ਹੁੰਦਾ ਹੈ ਜਿਨ੍ਹਾਂ ਦੀ ਟਹਿਲ ਕੀਤੀ ਜਾਂਦੀ ਹੈ। (ਕਹਾ. 11:25) ਪਤੀ-ਪਤਨੀ ਰਾਇਨ ਅਤੇ ਰੋਨੀ ਦੀ ਮਿਸਾਲ ’ਤੇ ਗੌਰ ਕਰੋ ਜੋ ਇਲੀਨਾਇ, ਅਮਰੀਕਾ ਵਿਚ ਰਹਿੰਦੇ ਹਨ। ਉਨ੍ਹਾਂ ਨੂੰ ਪਤਾ ਲੱਗਾ ਕਿ ਕਟਰੀਨਾ ਨਾਂ ਦੇ ਤੂਫ਼ਾਨ ਨੇ ਸੈਂਕੜੇ ਭੈਣਾਂ-ਭਰਾਵਾਂ ਦੇ ਘਰਾਂ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਦੀ ਮਦਦ ਕਰਨ ਲਈ ਰਾਇਨ ਅਤੇ ਰੋਨੀ ਨੇ ਆਪਣੀਆਂ ਨੌਕਰੀਆਂ ਅਤੇ ਅਪਾਰਟਮੈਂਟ ਛੱਡ ਦਿੱਤਾ। ਉਨ੍ਹਾਂ ਨੇ ਪੁਰਾਣਾ ਟ੍ਰੇਲਰ ਖ਼ਰੀਦ ਕੇ ਉਸ ਦੀ ਮੁਰੰਮਤ ਕੀਤੀ ਅਤੇ 1,400 ਕਿਲੋਮੀਟਰ ਸਫ਼ਰ ਤੈਅ ਕਰ ਕੇ ਲੁਜ਼ੀਆਨਾ ਗਏ। ਇਹ ਸਭ ਕੁਝ ਉਨ੍ਹਾਂ ਨੇ ਭੈਣਾਂ-ਭਰਾਵਾਂ ਨਾਲ ਪਿਆਰ ਦੀ ਖ਼ਾਤਰ ਕੀਤਾ। ਲੁਜ਼ੀਆਨਾ ਵਿਚ ਉਹ ਇਕ ਸਾਲ ਤੋਂ ਜ਼ਿਆਦਾ ਸਮਾਂ ਰਹੇ ਅਤੇ ਆਪਣਾ ਸਮਾਂ, ਤਾਕਤ ਅਤੇ ਪੈਸਾ ਲਾ ਕੇ ਭਰਾਵਾਂ ਦੀ ਮਦਦ ਕੀਤੀ। 29 ਸਾਲਾਂ ਦੇ ਰਾਇਨ ਨੇ ਕਿਹਾ: “ਇਸ ਤਰ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰ ਕੇ ਪਰਮੇਸ਼ੁਰ ਨਾਲ ਮੇਰਾ ਰਿਸ਼ਤਾ ਹੋਰ ਮਜ਼ਬੂਤ ਹੋਇਆ। ਮੈਂ ਆਪਣੀ ਅੱਖੀਂ ਦੇਖਿਆ ਕਿ ਯਹੋਵਾਹ ਕਿੱਦਾਂ ਆਪਣੇ ਲੋਕਾਂ ਦੀ ਦੇਖ-ਭਾਲ ਕਰਦਾ ਹੈ।” ਰਾਇਨ ਨੇ ਅੱਗੇ ਕਿਹਾ: “ਆਪਣੇ ਨਾਲੋਂ ਜ਼ਿਆਦਾ ਉਮਰ ਦੇ ਭਰਾਵਾਂ ਨਾਲ ਕੰਮ ਕਰ ਕੇ ਮੈਂ ਸਿੱਖਿਆ ਕਿ ਭੈਣਾਂ-ਭਰਾਵਾਂ ਦੀ ਕਿਸ ਤਰ੍ਹਾਂ ਦੇਖ-ਭਾਲ ਕਰੀਦੀ ਹੈ। ਮੈਂ ਇਹ ਵੀ ਦੇਖਿਆ ਕਿ ਯਹੋਵਾਹ ਦੇ ਸੰਗਠਨ ਵਿਚ ਉਨ੍ਹਾਂ ਭਰਾਵਾਂ ਲਈ ਵੀ ਕਾਫ਼ੀ ਕੁਝ ਕਰਨ ਨੂੰ ਹੈ ਜੋ ਛੋਟੀ ਉਮਰ ਦੇ ਹਨ।” 25 ਸਾਲਾਂ ਦੀ ਰੋਨੀ ਨੇ ਕਿਹਾ: “ਦੂਜਿਆਂ ਦੀ ਮਦਦ ਕਰ ਕੇ ਮੈਂ ਬਹੁਤ ਖ਼ੁਸ਼ ਹਾਂ। ਜ਼ਿੰਦਗੀ ਵਿਚ ਪਹਿਲੀ ਵਾਰੀ ਮੈਨੂੰ ਇੰਨੀ ਖ਼ੁਸ਼ੀ ਮਿਲੀ। ਮੈਨੂੰ ਪਤਾ ਕਿ ਭਰਾਵਾਂ ਦੀ ਸੇਵਾ ਕਰ ਕੇ ਮੈਨੂੰ ਆਉਣ ਵਾਲੇ ਸਾਲਾਂ ਵਿਚ ਵੀ ਫ਼ਾਇਦਾ ਹੋਵੇਗਾ।”

15. ਪਰਮੇਸ਼ੁਰ ਦੀ ਕਿਰਪਾ ਦੇ ਮੁਖਤਿਆਰਾਂ ਵਜੋਂ ਸੇਵਾ ਕਰਦੇ ਰਹਿਣ ਦੇ ਸਾਡੇ ਕੋਲ ਕਿਹੜੇ ਚੰਗੇ ਕਾਰਨ ਹਨ?

15 ਪ੍ਰਚਾਰ ਕਰਨ ਅਤੇ ਭੈਣਾਂ-ਭਰਾਵਾਂ ਦਾ ਹੌਸਲਾ ਮਜ਼ਬੂਤ ਕਰਨ ਦੇ ਹੁਕਮਾਂ ਨੂੰ ਮੰਨਣ ਨਾਲ ਸਾਰਿਆਂ ਨੂੰ ਫ਼ਾਇਦਾ ਹੁੰਦਾ ਹੈ। ਜਿਨ੍ਹਾਂ ਦੀ ਅਸੀਂ ਮਦਦ ਕਰਦੇ ਹਾਂ, ਉਨ੍ਹਾਂ ਦੀ ਨਿਹਚਾ ਤਕੜੀ ਹੁੰਦੀ ਹੈ ਅਤੇ ਸਾਨੂੰ ਵੀ ਖ਼ੁਸ਼ੀ ਮਿਲਦੀ ਹੈ। (ਰਸੂ. 20:35) ਜਦੋਂ ਕਲੀਸਿਯਾ ਦਾ ਹਰ ਮੈਂਬਰ ਇਕ-ਦੂਜੇ ਦੀ ਦਿਲੋਂ ਪਰਵਾਹ ਕਰਦਾ ਹੈ, ਤਾਂ ਸਾਰੀ ਕਲੀਸਿਯਾ ਵਿਚ ਪਿਆਰ ਵਧਦਾ ਹੈ। ਇਸ ਤੋਂ ਇਲਾਵਾ, ਸਾਡੇ ਪਿਆਰ ਤੋਂ ਇਹ ਸਾਫ਼ ਜ਼ਾਹਰ ਹੁੰਦਾ ਹੈ ਕਿ ਅਸੀਂ ਸੱਚੇ ਮਸੀਹੀ ਹਾਂ। ਇਸ ਬਾਰੇ ਯਿਸੂ ਨੇ ਕਿਹਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰ. 13:35) ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਸਵਰਗੀ ਪਿਤਾ ਯਹੋਵਾਹ ਦਾ ਨਾਂ ਉੱਚਾ ਹੁੰਦਾ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਅਸੀਂ ਇਕ-ਦੂਜੇ ਦਾ ਹੌਸਲਾ ਵਧਾਈਏ। ਇਨ੍ਹਾਂ ਸਾਰੇ ਕਾਰਨਾਂ ਕਰਕੇ ਆਓ ਅਸੀਂ ਆਪਣੀਆਂ ਦਾਤਾਂ ਨੂੰ ਵਰਤ ਕੇ ‘ਇੱਕ ਦੂਏ ਦੀ ਟਹਿਲ ਕਰੀਏ ਜਿਵੇਂ ਪਰਮੇਸ਼ੁਰ ਦੀ ਕਿਰਪਾ ਦੇ ਨੇਕ ਮੁਖਤਿਆਰਾਂ ਨੂੰ ਉਚਿੱਤ ਹੈ।’ ਕੀ ਤੁਸੀਂ ਇੱਦਾਂ ਕਰਦੇ ਰਹੋਗੇ?—ਇਬਰਾਨੀਆਂ 6:10 ਪੜ੍ਹੋ।

ਕੀ ਤੁਹਾਨੂੰ ਯਾਦ ਹੈ?

• ਯਹੋਵਾਹ ਕਿਨ੍ਹਾਂ ਤਰੀਕਿਆਂ ਨਾਲ ਆਪਣੇ ਸੇਵਕਾਂ ਨੂੰ ਤਕੜਿਆਂ ਕਰਦਾ ਹੈ?

• ਸਾਨੂੰ ਕੀ ਕੁਝ ਦਿੱਤਾ ਗਿਆ ਹੈ?

• ਅਸੀਂ ਕਿਨ੍ਹਾਂ ਤਰੀਕਿਆਂ ਨਾਲ ਭੈਣਾਂ-ਭਰਾਵਾਂ ਦੀ ਸੇਵਾ ਕਰ ਸਕਦੇ ਹਾਂ?

• ‘ਇੱਕ ਦੂਏ ਦੀ ਟਹਿਲ ਕਰਨ’ ਲਈ ਸਾਨੂੰ ਆਪਣੀ ਦਾਤ ਵਰਤਦੇ ਰਹਿਣ ਲਈ ਕਿਹੜੀ ਗੱਲ ਪ੍ਰੇਰਿਤ ਕਰੇਗੀ?

[ਸਵਾਲ]

[ਸਫ਼ਾ 13 ਉੱਤੇ ਤਸਵੀਰਾਂ]

ਕੀ ਤੁਸੀਂ ਆਪਣੀ “ਦਾਤ” ਦੂਜਿਆਂ ਦੀ ਸੇਵਾ ਕਰਨ ਲਈ ਵਰਤ ਰਹੇ ਹੋ ਜਾਂ ਫਿਰ ਆਪਣੀ ਖ਼ੁਸ਼ੀ ਲਈ?

[ਸਫ਼ਾ 15 ਉੱਤੇ ਤਸਵੀਰਾਂ]

ਅਸੀਂ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ ਅਤੇ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਾਂ

[ਸਫ਼ਾ 16 ਉੱਤੇ ਤਸਵੀਰ]

ਤਬਾਹੀ ਦੇ ਸ਼ਿਕਾਰ ਭੈਣਾਂ-ਭਰਾਵਾਂ ਦੀ ਮਦਦ ਕਰਨ ਵਾਲੇ ਤਾਰੀਫ਼ ਦੇ ਕਾਬਲ ਹਨ