Skip to content

Skip to table of contents

ਚੇਲੇ ਬਣਾਉਣ ਦੇ ਕੰਮ ਵਿਚ ਖ਼ੁਸ਼ੀ ਪਾਓ

ਚੇਲੇ ਬਣਾਉਣ ਦੇ ਕੰਮ ਵਿਚ ਖ਼ੁਸ਼ੀ ਪਾਓ

ਚੇਲੇ ਬਣਾਉਣ ਦੇ ਕੰਮ ਵਿਚ ਖ਼ੁਸ਼ੀ ਪਾਓ

‘ਤੁਸੀਂ ਜਾ ਕੇ ਚੇਲੇ ਬਣਾਓ।’—ਮੱਤੀ 28:19.

1-3. (ੳ) ਕਈ ਬਾਈਬਲ ਸਟੱਡੀ ਕਰਾ ਕੇ ਕਿਵੇਂ ਮਹਿਸੂਸ ਕਰਦੇ ਹਨ? (ਅ) ਅਸੀਂ ਕਿਨ੍ਹਾਂ ਸਵਾਲਾਂ ਉੱਤੇ ਗੌਰ ਕਰਾਂਗੇ?

ਅਮਰੀਕਾ ਵਿਚ ਹਿੰਦੀ ਗਰੁੱਪ ਨਾਲ ਸੇਵਾ ਕਰ ਰਹੀ ਇਕ ਭੈਣ ਨੇ ਕਿਹਾ: “ਮੈਂ 11 ਹਫ਼ਤਿਆਂ ਤੋਂ ਪਾਕਿਸਤਾਨ ਤੋਂ ਆਏ ਇਕ ਪਰਿਵਾਰ ਨਾਲ ਸਟੱਡੀ ਕਰ ਰਹੀ ਹਾਂ। ਹੁਣ ਅਸੀਂ ਪੱਕੇ ਦੋਸਤ ਹਾਂ। ਪਰ ਉਹ ਜਲਦੀ ਹੀ ਪਾਕਿਸਤਾਨ ਵਾਪਸ ਜਾ ਰਹੇ ਹਨ। ਇਹ ਸੋਚ ਕੇ ਮੇਰੀਆਂ ਅੱਖਾਂ ਭਰ ਆਉਂਦੀਆਂ ਹਨ। ਇਹ ਹੰਝੂ ਨਾ ਸਿਰਫ਼ ਇਸ ਲਈ ਵਹਿ ਤੁਰਦੇ ਹਨ ਕਿ ਉਹ ਪਾਕਿਸਤਾਨ ਜਾ ਰਹੇ ਹਨ, ਬਲਕਿ ਇਹ ਖ਼ੁਸ਼ੀ ਦੇ ਵੀ ਹੰਝੂ ਹਨ ਕਿ ਮੈਂ ਉਨ੍ਹਾਂ ਨੂੰ ਯਹੋਵਾਹ ਬਾਰੇ ਸਿਖਾਇਆ।”

2 ਕੀ ਤੁਸੀਂ ਵੀ ਇਸ ਭੈਣ ਵਾਂਗ ਕਿਸੇ ਨਾਲ ਸਟੱਡੀ ਕਰਨ ਦਾ ਆਨੰਦ ਮਾਣਿਆ ਹੈ? ਯਿਸੂ ਅਤੇ ਉਸ ਦੇ ਚੇਲਿਆਂ ਨੇ ਵੀ ਪ੍ਰਚਾਰ ਦੇ ਕੰਮ ਵਿਚ ਬਹੁਤ ਖ਼ੁਸ਼ੀ ਪਾਈ। ਯਿਸੂ ਤੋਂ ਸਿੱਖਿਆ ਹਾਸਲ ਕਰਨ ਵਾਲੇ 70 ਚੇਲੇ ਜਦੋਂ ਵਧੀਆ ਰਿਪੋਰਟ ਲੈ ਕੇ ਆਏ, ਤਾਂ ਯਿਸੂ ਬਹੁਤ ਖ਼ੁਸ਼ ਹੋਇਆ। (ਲੂਕਾ 10:17-21) ਇਸੇ ਤਰ੍ਹਾਂ ਅੱਜ ਬਹੁਤ ਸਾਰੇ ਭੈਣ-ਭਰਾ ਚੇਲੇ ਬਣਾਉਣ ਦੇ ਕੰਮ ਵਿਚ ਬਹੁਤ ਖ਼ੁਸ਼ੀ ਪਾਉਂਦੇ ਹਨ। 2007 ਵਿਚ ਮਿਹਨਤੀ ਭੈਣਾਂ-ਭਰਾਵਾਂ ਨੇ ਔਸਤਨ ਹਰ ਮਹੀਨੇ 65,00,000 ਸਟੱਡੀਆਂ ਕਰਾਉਣ ਦਾ ਆਨੰਦ ਮਾਣਿਆ!

3 ਕੁਝ ਭੈਣਾਂ-ਭਰਾਵਾਂ ਨੇ ਹਾਲੇ ਤਕ ਕੋਈ ਸਟੱਡੀ ਨਹੀਂ ਕਰਾਈ। ਕਈਆਂ ਕੋਲ ਪਹਿਲਾਂ ਸਟੱਡੀ ਹੁੰਦੀ ਸੀ ਪਰ ਕੁਝ ਸਾਲਾਂ ਤੋਂ ਉਨ੍ਹਾਂ ਨੂੰ ਕੋਈ ਸਟੱਡੀ ਨਹੀਂ ਮਿਲ ਰਹੀ। ਪਰ ਜੇ ਅਸੀਂ ਸਟੱਡੀ ਕਰਾ ਰਹੇ ਹਾਂ, ਤਾਂ ਸਾਨੂੰ ਕਿਹੜੀਆਂ ਚੁਣੌਤੀਆਂ ਆ ਸਕਦੀਆਂ ਹਨ ਅਤੇ ਅਸੀਂ ਉਨ੍ਹਾਂ ਦਾ ਸਾਮ੍ਹਣਾ ਕਿੱਦਾਂ ਕਰ ਸਕਦੇ ਹਾਂ? ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ ਜਦੋਂ ਅਸੀਂ ਪੂਰੀ ਵਾਹ ਲਾ ਕੇ ਯਿਸੂ ਦੇ ਇਸ ਹੁਕਮ ਉੱਤੇ ਚੱਲਦੇ ਹਾਂ: ‘ਤੁਸੀਂ ਜਾ ਕੇ ਚੇਲੇ ਬਣਾਓ’?—ਮੱਤੀ 28:19.

ਚੁਣੌਤੀਆਂ ਜੋ ਸਾਡੀ ਖ਼ੁਸ਼ੀ ਖੋਹ ਸਕਦੀਆਂ ਹਨ

4, 5. (ੳ) ਦੁਨੀਆਂ ਦੇ ਕੁਝ ਹਿੱਸਿਆਂ ਵਿਚ ਲੋਕਾਂ ਦਾ ਕਿਹੋ ਜਿਹਾ ਰਵੱਈਆ ਹੈ? (ਅ) ਕੁਝ ਥਾਵਾਂ ’ਤੇ ਪਬਲੀਸ਼ਰਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ?

4 ਦੁਨੀਆਂ ਦੇ ਕੁਝ ਹਿੱਸਿਆਂ ਵਿਚ ਲੋਕ ਖ਼ੁਸ਼ੀ ਨਾਲ ਕਿਤਾਬਾਂ-ਰਸਾਲੇ ਲੈ ਲੈਂਦੇ ਹਨ ਅਤੇ ਸਟੱਡੀ ਕਰਨ ਲਈ ਤਿਆਰ ਹੋ ਜਾਂਦੇ ਹਨ। ਆਸਟ੍ਰੇਲੀਆ ਤੋਂ ਇਕ ਪਤੀ-ਪਤਨੀ ਜ਼ੈਂਬੀਆ ਵਿਚ ਸੇਵਾ ਕਰ ਰਹੇ ਸਨ। ਉਨ੍ਹਾਂ ਨੇ ਕਿਹਾ: “ਜੋ ਅਸੀਂ ਸੁਣਿਆ ਹੈ, ਉਹ ਸੱਚ ਨਿਕਲਿਆ। ਜ਼ੈਂਬੀਆ ਵਿਚ ਸਾਰੇ ਲੋਕ ਸਾਡੀ ਗੱਲ ਸੁਣਦੇ ਹਨ। ਸੜਕਾਂ ’ਤੇ ਪ੍ਰਚਾਰ ਕਰਨ ਦਾ ਮਜ਼ਾ ਹੀ ਕੁਝ ਹੋਰ ਹੈ! ਲੋਕ ਖ਼ੁਦ ਸਾਡੇ ਕੋਲ ਆਉਂਦੇ ਹਨ ਅਤੇ ਕਈ ਤਾਂ ਸਾਡੇ ਕੋਲੋਂ ਖ਼ਾਸ ਵਿਸ਼ਿਆਂ ’ਤੇ ਰਸਾਲੇ ਮੰਗਦੇ ਹਨ।” 2007 ਵਿਚ ਜ਼ੈਂਬੀਆ ਵਿਚ ਭੈਣਾਂ-ਭਰਾਵਾਂ ਨੇ 2,00,000 ਤੋਂ ਜ਼ਿਆਦਾ ਸਟੱਡੀਆਂ ਕਰਾਈਆਂ। ਇਸ ਦਾ ਮਤਲਬ ਹੈ ਕਿ ਹਰ ਪਬਲੀਸ਼ਰ ਨੇ ਔਸਤਨ ਇਕ ਨਾਲੋਂ ਜ਼ਿਆਦਾ ਸਟੱਡੀਆਂ ਕਰਾਈਆਂ।

5 ਕੁਝ ਦੇਸ਼ਾਂ ਵਿਚ ਲੋਕਾਂ ਨੂੰ ਕਿਤਾਬਾਂ-ਰਸਾਲੇ ਦੇਣੇ ਅਤੇ ਬਾਕਾਇਦਾ ਸਟੱਡੀਆਂ ਕਰਾਉਣੀਆਂ ਸ਼ਾਇਦ ਮੁਸ਼ਕਲ ਲੱਗਣ। ਕਿਉਂ? ਕਿਉਂਕਿ ਜਦ ਪਬਲੀਸ਼ਰ ਘਰ-ਘਰ ਜਾਂਦੇ ਹਨ, ਤਾਂ ਲੋਕ ਘਰ ਨਹੀਂ ਹੁੰਦੇ ਜਾਂ ਜਿਹੜੇ ਘਰ ਹੁੰਦੇ ਹਨ ਉਹ ਧਰਮ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੁੰਦੇ। ਸ਼ਾਇਦ ਉਹ ਅਜਿਹੇ ਘਰ ਵਿਚ ਜੰਮੇ-ਪਲ਼ੇ ਹਨ ਜਿਨ੍ਹਾਂ ਦੇ ਘਰਦੇ ਰੱਬ ਨੂੰ ਨਹੀਂ ਮੰਨਦੇ ਜਾਂ ਉਨ੍ਹਾਂ ਨੂੰ ਧਰਮ ਨਾਲ ਸਖ਼ਤ ਨਫ਼ਰਤ ਹੋ ਜਾਂਦੀ ਹੈ ਕਿਉਂਕਿ ਉਨ੍ਹਾਂ ਨੇ ਧਰਮਾਂ ਵਿਚ ਪਖੰਡ ਹੁੰਦਾ ਦੇਖਿਆ। ਕਈ ਲੋਕਾਂ ਨੂੰ ਝੂਠੇ ਗੁਰੂਆਂ ਕਰਕੇ ਠੇਸ ਪਹੁੰਚੀ ਹੈ, ਇਸ ਲਈ ਉਹ ਮਾੜੀ ਹਾਲਤ ਵਿਚ ਹਨ ਅਤੇ ਡਾਵਾਂ-ਡੋਲ ਫਿਰਦੇ ਹਨ। (ਮੱਤੀ 9:36) ਇਸ ਕਰਕੇ ਲੋਕ ਬਾਈਬਲ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੁੰਦੇ।

6. ਕਿਨ੍ਹਾਂ ਕੁਝ ਕਾਰਨਾਂ ਕਰਕੇ ਸ਼ਾਇਦ ਸਟੱਡੀ ਕਰਾਉਣੀ ਮੁਸ਼ਕਲ ਲੱਗੇ?

6 ਕੁਝ ਭੈਣ-ਭਰਾ ਇਕ ਹੋਰ ਚੁਣੌਤੀ ਕਰਕੇ ਆਪਣੀ ਖ਼ੁਸ਼ੀ ਗੁਆ ਸਕਦੇ ਹਨ। ਇਕ ਸਮੇਂ ’ਤੇ ਉਹ ਬੜੇ ਜੋਸ਼ ਨਾਲ ਚੇਲੇ ਬਣਾਉਣ ਦਾ ਕੰਮ ਕਰਦੇ ਸਨ, ਪਰ ਹੁਣ ਬੀਮਾਰੀ ਜਾਂ ਬੁਢਾਪੇ ਕਰਕੇ ਉਨ੍ਹਾਂ ਵਿਚ ਪਹਿਲਾਂ ਜਿੰਨੀ ਤਾਕਤ ਨਹੀਂ ਰਹੀ। ਨਾਲੇ ਉਨ੍ਹਾਂ ਰੁਕਾਵਟਾਂ ਉੱਤੇ ਵੀ ਗੌਰ ਕਰੋ ਜੋ ਅਸੀਂ ਖ਼ੁਦ ਖੜ੍ਹੀਆਂ ਕਰਦੇ ਹਾਂ। ਮਿਸਾਲ ਲਈ, ਕੀ ਤੁਹਾਨੂੰ ਇੱਦਾਂ ਲੱਗਦਾ ਹੈ ਕਿ ਤੁਸੀਂ ਬਾਈਬਲ ਸਟੱਡੀ ਕਰਾਉਣ ਦੇ ਕਾਬਲ ਨਹੀਂ ਹੋ? ਤੁਸੀਂ ਸ਼ਾਇਦ ਮੂਸਾ ਵਾਂਗ ਮਹਿਸੂਸ ਕਰੋ ਜਦੋਂ ਯਹੋਵਾਹ ਨੇ ਉਸ ਨੂੰ ਫ਼ਿਰਊਨ ਨਾਲ ਗੱਲ ਕਰਨ ਲਈ ਭੇਜਿਆ ਸੀ। ਮੂਸਾ ਨੇ ਕਿਹਾ: “ਹੇ ਪ੍ਰਭੁ ਮੈਂ ਧੜੱਲੇ ਦਾਰ ਗੱਲਾਂ ਕਰਨ ਵਾਲਾ ਮਨੁੱਖ ਨਹੀਂ ਹਾਂ ਨਾ ਅੱਗੇ ਸਾਂ।” (ਕੂਚ 4:10) ਇਸ ਤਰ੍ਹਾਂ ਸੋਚਣ ਦਾ ਇਕ ਕਾਰਨ ਹੈ ਨਾਕਾਮ ਹੋਣ ਦਾ ਡਰ। ਸਾਨੂੰ ਵੀ ਸ਼ਾਇਦ ਇਹ ਫ਼ਿਕਰ ਸਤਾਵੇ ਕਿ “ਇਸ ਬੰਦੇ ਨੇ ਸੱਚਾਈ ਵਿਚ ਨਹੀਂ ਆਉਣਾ ਕਿਉਂਕਿ ਮੈਨੂੰ ਇੰਨੀ ਚੰਗੀ ਤਰ੍ਹਾਂ ਸਿਖਾਉਣਾ ਨਹੀਂ ਆਉਂਦਾ।” ਇਸ ਡਰ ਕਰਕੇ ਅਸੀਂ ਸ਼ਾਇਦ ਸੋਚੀਏ ਕਿ “ਸਟੱਡੀ ਨਾ ਕਰਾਵਾਂ, ਤਾਂ ਚੰਗਾ ਹੈ।” ਅਸੀਂ ਇਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ?

ਮਨ ਨੂੰ ਤਿਆਰ ਕਰੋ

7. ਯਿਸੂ ਲੋਕਾਂ ਨੂੰ ਪ੍ਰਚਾਰ ਕਿਉਂ ਕਰਦਾ ਸੀ?

7 ਪਹਿਲਾਂ ਆਪਣੇ ਮਨ ਨੂੰ ਤਿਆਰ ਕਰੋ। ਯਿਸੂ ਨੇ ਕਿਹਾ: “ਜੋ ਮਨ ਵਿੱਚ ਭਰਿਆ ਹੋਇਆ ਹੈ . . . ਮੂੰਹ ਉੱਤੇ ਉਹੋ ਆਉਂਦਾ ਹੈ।” (ਲੂਕਾ 6:45) ਯਿਸੂ ਇਸ ਲਈ ਪ੍ਰਚਾਰ ਕਰਦਾ ਸੀ ਕਿਉਂਕਿ ਉਹ ਦਿਲੋਂ ਲੋਕਾਂ ਦੀ ਪਰਵਾਹ ਕਰਦਾ ਸੀ। ਮਿਸਾਲ ਲਈ, ਜਦੋਂ ਯਿਸੂ ਨੇ ਦੇਖਿਆ ਕਿ ਯਹੂਦੀ ਪਰਮੇਸ਼ੁਰ ਤੋਂ ਕਿੰਨੇ ਦੂਰ ਹੋ ਗਏ ਸਨ, ਤਾਂ “ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ।” ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: ‘ਖੇਤੀ ਪੱਕੀ ਹੋਈ ਹੈ। ਇਸ ਲਈ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।’—ਮੱਤੀ 9:36-38.

8. (ੳ) ਸਾਨੂੰ ਕਿਨ੍ਹਾਂ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ? (ਅ) ਇਕ ਵਿਦਿਆਰਥੀ ਦੀਆਂ ਟਿੱਪਣੀਆਂ ਤੋਂ ਅਸੀਂ ਕੀ ਸਿੱਖਦੇ ਹਾਂ?

8 ਪ੍ਰਚਾਰ ਕਰਦਿਆਂ ਚੰਗਾ ਹੋਵੇਗਾ ਜੇ ਅਸੀਂ ਸੋਚੀਏ ਕਿ ਸਾਨੂੰ ਕਿੰਨਾ ਫ਼ਾਇਦਾ ਹੋਇਆ ਕਿਉਂਕਿ ਕਿਸੇ ਨੇ ਸਮਾਂ ਕੱਢ ਕੇ ਸਾਡੇ ਨਾਲ ਸਟੱਡੀ ਕੀਤੀ। ਉਨ੍ਹਾਂ ਲੋਕਾਂ ਬਾਰੇ ਵੀ ਸੋਚੋ ਜੋ ਸਾਨੂੰ ਪ੍ਰਚਾਰ ਕਰਦਿਆਂ ਮਿਲਦੇ ਹਨ ਅਤੇ ਉਨ੍ਹਾਂ ਨੂੰ ਬਾਈਬਲ ਦੇ ਸੰਦੇਸ਼ ਤੋਂ ਕਿਵੇਂ ਫ਼ਾਇਦਾ ਹੋਵੇਗਾ। ਇਕ ਤੀਵੀਂ ਨੇ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨੂੰ ਲਿਖਿਆ: “ਮੈਂ ਗਵਾਹਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜੋ ਮੇਰੇ ਘਰ ਆ ਕੇ ਮੈਨੂੰ ਸਿਖਾਉਂਦੇ ਹਨ। ਮੇਰੇ ਬਹੁਤ ਸਵਾਲ ਪੁੱਛਣ ਤੇ ਉਹ ਕਈ ਵਾਰ ਅੱਕ ਜਾਂਦੇ ਹੋਣੇ ਅਤੇ ਮੈਂ ਉਨ੍ਹਾਂ ਨੂੰ ਘੰਟਿਆਂ-ਬੱਧੀ ਬਿਠਾਈ ਰੱਖਦੀ ਹਾਂ। ਪਰ ਉਹ ਧੀਰਜ ਨਾਲ ਮੇਰੀ ਗੱਲ ਸੁਣਦੇ ਹਨ ਅਤੇ ਖ਼ੁਸ਼ੀ ਨਾਲ ਮੇਰੇ ਸਵਾਲਾਂ ਦੇ ਜਵਾਬ ਦਿੰਦੇ ਹਨ। ਮੈਂ ਯਹੋਵਾਹ ਅਤੇ ਯਿਸੂ ਦੀ ਬਹੁਤ ਅਹਿਸਾਨਮੰਦ ਹਾਂ ਕਿ ਯਹੋਵਾਹ ਦੇ ਗਵਾਹ ਮੇਰੀ ਜ਼ਿੰਦਗੀ ਵਿਚ ਆਏ।”

9. ਯਿਸੂ ਨੇ ਕਿਸ ਗੱਲ ਉੱਤੇ ਧਿਆਨ ਲਾਈ ਰੱਖਿਆ ਅਤੇ ਅਸੀਂ ਉਸ ਦੀ ਕਿਵੇਂ ਰੀਸ ਕਰ ਸਕਦੇ ਹਾਂ?

9 ਯਿਸੂ ਦੀ ਗੱਲ ਸੁਣਨ ਵਾਲੇ ਸਾਰੇ ਲੋਕ ਉਸ ਦੇ ਚੇਲੇ ਨਹੀਂ ਬਣੇ। (ਮੱਤੀ 23:37) ਕੁਝ ਲੋਕ ਥੋੜ੍ਹੀ ਦੇਰ ਵਾਸਤੇ ਉਸ ਦੇ ਪਿੱਛੇ ਤੁਰੇ, ਪਰ ਫਿਰ ਉਨ੍ਹਾਂ ਨੇ ਉਸ ਦੀਆਂ ਸਿੱਖਿਆਵਾਂ ਨੂੰ ਠੁਕਰਾ ਦਿੱਤਾ ਅਤੇ “ਮੁੜ ਉਹ ਦੇ ਨਾਲ ਨਾ ਚੱਲੇ।” (ਯੂਹੰ. 6:66) ਭਾਵੇਂ ਲੋਕਾਂ ਨੇ ਉਸ ਦੀ ਗੱਲ ਸੁਣੀ ਜਾਂ ਨਹੀਂ, ਫਿਰ ਵੀ ਯਿਸੂ ਨੇ ਇਹ ਨਹੀਂ ਸੋਚਿਆ ਕਿ ਉਸ ਦੇ ਸੰਦੇਸ਼ ਦੀ ਕੋਈ ਅਹਿਮੀਅਤ ਨਹੀਂ ਹੈ। ਯਿਸੂ ਨੇ ਕਈ ਜਗ੍ਹਾ ਸੱਚਾਈ ਦਾ ਬੀ ਬੀਜਿਆ, ਪਰ ਕਈ ਥਾਵਾਂ ’ਤੇ ਕੋਈ ਫਲ ਨਹੀਂ ਮਿਲਿਆ। ਫਿਰ ਵੀ ਯਿਸੂ ਪ੍ਰਚਾਰ ਦੇ ਕੰਮ ਵਿਚ ਲੱਗਾ ਰਿਹਾ। ਉਸ ਨੇ ਦੇਖਿਆ ਕਿ ਖੇਤੀ ਵਾਢੀ ਲਈ ਪੱਕੀ ਹੋਈ ਸੀ ਅਤੇ ਵਾਢੀ ਦਾ ਇਹ ਕੰਮ ਕਰ ਕੇ ਉਸ ਨੂੰ ਬਹੁਤ ਖ਼ੁਸ਼ੀ ਮਿਲੀ। (ਯੂਹੰਨਾ 4:35, 36 ਪੜ੍ਹੋ।) ਬੰਜਰ ਜ਼ਮੀਨ ਉੱਤੇ ਧਿਆਨ ਲਾਉਣ ਦੀ ਬਜਾਇ ਕੀ ਅਸੀਂ ਆਪਣੀਆਂ ਨਜ਼ਰਾਂ ਪੱਕੀ ਹੋਈ ਖੇਤੀ ਉੱਤੇ ਟਿਕਾਈ ਰੱਖਦੇ ਹਾਂ? ਆਓ ਦੇਖੀਏ ਕਿ ਅਸੀਂ ਯਿਸੂ ਵਰਗਾ ਰਵੱਈਆ ਕਿਵੇਂ ਰੱਖ ਸਕਦੇ ਹਾਂ?

ਵੱਢਣ ਦੇ ਉਦੇਸ਼ ਨਾਲ ਬੀਜੋ

10, 11. ਆਪਣੀ ਖ਼ੁਸ਼ੀ ਕਾਇਮ ਰੱਖਣ ਲਈ ਤੁਸੀਂ ਕੀ ਕਰ ਸਕਦੇ ਹੋ?

10 ਕਿਸਾਨ ਫ਼ਸਲ ਨੂੰ ਵੱਢਣ ਦੇ ਉਦੇਸ਼ ਨਾਲ ਇਸ ਨੂੰ ਬੀਜਦਾ ਹੈ। ਇਸੇ ਤਰ੍ਹਾਂ ਸਾਨੂੰ ਸਟੱਡੀ ਸ਼ੁਰੂ ਕਰਨ ਦੇ ਉਦੇਸ਼ ਨਾਲ ਪ੍ਰਚਾਰ ਕਰਨਾ ਚਾਹੀਦਾ ਹੈ। ਪਰ ਉਦੋਂ ਕੀ ਜਦੋਂ ਤੁਸੀਂ ਪ੍ਰਚਾਰ ਕੰਮ ਵਿਚ ਬਾਕਾਇਦਾ ਜਾਂਦੇ ਹੋ, ਪਰ ਬਹੁਤ ਹੀ ਘੱਟ ਲੋਕ ਘਰ ਮਿਲਦੇ ਹਨ ਜਾਂ ਫਿਰ ਦੂਜੀ ਵਾਰ ਜਾਣ ਤੇ ਲੋਕ ਮਿਲਦੇ ਹੀ ਨਹੀਂ? ਇਸ ਦੇ ਕਾਰਨ ਤੁਸੀਂ ਸ਼ਾਇਦ ਨਿਰਾਸ਼ ਹੋ ਜਾਓ। ਕੀ ਤੁਹਾਨੂੰ ਘਰ-ਘਰ ਪ੍ਰਚਾਰ ਕਰਨਾ ਛੱਡ ਦੇਣਾ ਚਾਹੀਦਾ ਹੈ? ਬਿਲਕੁਲ ਨਹੀਂ! ਬਹੁਤ ਸਾਰੇ ਲੋਕ ਪਹਿਲੀ ਵਾਰ ਬਾਈਬਲ ਦਾ ਸੰਦੇਸ਼ ਸਾਡੇ ਘਰ-ਘਰ ਜਾਣ ਤੇ ਹੀ ਸੁਣਦੇ ਹਨ।

11 ਆਪਣੀ ਖ਼ੁਸ਼ੀ ਬਰਕਰਾਰ ਰੱਖਣ ਲਈ ਕੀ ਤੁਸੀਂ ਲੋਕਾਂ ਤਕ ਬਾਈਬਲ ਦਾ ਸੰਦੇਸ਼ ਪਹੁੰਚਾਉਣ ਲਈ ਹੋਰ ਤਰੀਕਿਆਂ ਨੂੰ ਅਜ਼ਮਾ ਸਕਦੇ ਹੋ? ਮਿਸਾਲ ਲਈ, ਕੀ ਤੁਸੀਂ ਸੜਕਾਂ ’ਤੇ ਜਾਂ ਕੰਮ ਦੀ ਥਾਂ ਤੇ ਲੋਕਾਂ ਨੂੰ ਗਵਾਹੀ ਦੇਣ ਦੀ ਕੋਸ਼ਿਸ਼ ਕੀਤੀ ਹੈ? ਕੀ ਤੁਸੀਂ ਫ਼ੋਨ ਰਾਹੀਂ ਲੋਕਾਂ ਨਾਲ ਗੱਲ ਕਰ ਸਕਦੇ ਹੋ ਜਾਂ ਉਨ੍ਹਾਂ ਲੋਕਾਂ ਦੇ ਫ਼ੋਨ ਨੰਬਰ ਲੈ ਸਕਦੇ ਹੋ ਜਿਨ੍ਹਾਂ ਨਾਲ ਤੁਸੀਂ ਪਹਿਲਾਂ ਬਾਈਬਲ ਬਾਰੇ ਗੱਲ ਕੀਤੀ ਹੈ? ਸੋ ਕਿਉਂ ਨਾ ਘਰ-ਘਰ ਪ੍ਰਚਾਰ ਕਰਨ ਦੇ ਨਾਲ-ਨਾਲ ਅਜਿਹੇ ਵੱਖੋ-ਵੱਖਰੇ ਤਰੀਕੇ ਅਜ਼ਮਾ ਕੇ ਦੇਖੋ! ਤੁਹਾਨੂੰ ਬਹੁਤ ਖ਼ੁਸ਼ੀ ਮਿਲੇਗੀ ਜਦੋਂ ਤੁਹਾਨੂੰ ਬਾਈਬਲ ਦਾ ਸੰਦੇਸ਼ ਸੁਣਨ ਵਾਲੇ ਲੋਕ ਮਿਲਣਗੇ।

ਜਦ ਲੋਕ ਧਰਮ ਬਾਰੇ ਗੱਲ ਨਹੀਂ ਕਰਨੀ ਚਾਹੁੰਦੇ

12. ਜਦੋਂ ਸਾਡੇ ਇਲਾਕੇ ਵਿਚ ਲੋਕ ਧਰਮ ਬਾਰੇ ਗੱਲ ਨਹੀਂ ਕਰਨੀ ਚਾਹੁੰਦੇ, ਤਾਂ ਉਦੋਂ ਅਸੀਂ ਕੀ ਕਰ ਸਕਦੇ ਹਾਂ?

12 ਅਸੀਂ ਉਦੋਂ ਕੀ ਕਰ ਸਕਦੇ ਹਾਂ ਜਦੋਂ ਸਾਡੇ ਇਲਾਕੇ ਵਿਚ ਲੋਕ ਧਰਮ ਬਾਰੇ ਗੱਲ ਨਹੀਂ ਕਰਨੀ ਚਾਹੁੰਦੇ? ਕੀ ਤੁਸੀਂ ਗੱਲਬਾਤ ਸ਼ੁਰੂ ਕਰਨ ਲਈ ਉਨ੍ਹਾਂ ਵਿਸ਼ਿਆਂ ’ਤੇ ਗੱਲ ਕਰ ਸਕਦੇ ਹੋ ਜਿਨ੍ਹਾਂ ਵਿਚ ਉਨ੍ਹਾਂ ਦੀ ਰੁਚੀ ਹੋਵੇ? ਪੌਲੁਸ ਰਸੂਲ ਨੇ ਕੁਰਿੰਥੁਸ ਸ਼ਹਿਰ ਦੇ ਭੈਣਾਂ-ਭਰਾਵਾਂ ਨੂੰ ਲਿਖਿਆ: ‘ਯਹੁਦੀਆਂ ਲਈ ਮੈਂ ਯਹੂਦੀ ਜਿਹਾ ਬਣਿਆ। ਭਾਵੇਂ ਆਪ ਸ਼ਰਾ ਅਧੀਨ ਨਹੀਂ ਹਾਂ ਤਾਂ ਵੀ ਸ਼ਰਾ ਅਧੀਨਾਂ ਲਈ ਮੈਂ ਸ਼ਰਾ ਅਧੀਨ ਜਿਹਾ ਬਣਿਆ ਭਈ ਮੈਂ ਸ਼ਰਾ ਅਧੀਨਾਂ ਨੂੰ ਖਿੱਚ ਲਿਆਵਾਂ।’ ਪੌਲੁਸ ਇਸ ਤਰ੍ਹਾਂ ਕਿਉਂ ਕਰਦਾ ਸੀ? ਉਸ ਨੇ ਕਿਹਾ: “ਮੈਂ ਸਭਨਾਂ ਲਈ ਸਭ ਕੁਝ ਬਣਿਆ ਹਾਂ ਤਾਂ ਜੋ ਮੈਂ ਹਰ ਤਰਾਂ ਨਾਲ ਕਈਆਂ ਨੂੰ ਬਚਾਵਾਂ।” (1 ਕੁਰਿੰ. 9:20-22) ਕੀ ਅਸੀਂ ਵੀ ਉਨ੍ਹਾਂ ਵਿਸ਼ਿਆਂ ’ਤੇ ਗੱਲ ਕਰ ਸਕਦੇ ਹਾਂ ਜੋ ਉਨ੍ਹਾਂ ਨੂੰ ਪਸੰਦ ਹਨ? ਕਈ ਲੋਕ ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਸੁਧਾਰਨਾ ਚਾਹੁੰਦੇ ਹਨ। ਕਈ ਆਪਣੇ ਜੀਣ ਦਾ ਮਕਸਦ ਵੀ ਭਾਲ ਰਹੇ ਹੋਣਗੇ। ਕੀ ਅਸੀਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਇਸ ਢੰਗ ਨਾਲ ਦੇ ਸਕਦੇ ਹਾਂ ਜੋ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਹੋਵੇ?

13, 14. ਚੇਲੇ ਬਣਾਉਣ ਦੇ ਕੰਮ ਵਿਚ ਅਸੀਂ ਜ਼ਿਆਦਾ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ?

13 ਕਾਫ਼ੀ ਸਾਰੇ ਪਬਲੀਸ਼ਰਾਂ ਨੂੰ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰਦਿਆਂ ਖ਼ੁਸ਼ੀ ਮਿਲੀ ਹੈ ਜਿੱਥੇ ਲੱਗਦਾ ਹੈ ਕਿ ਜ਼ਿਆਦਾਤਰ ਲੋਕ ਸਾਡੀ ਗੱਲ ਨਹੀਂ ਸੁਣਨਗੇ। ਉਨ੍ਹਾਂ ਨੂੰ ਇਹ ਖ਼ੁਸ਼ੀ ਕਿਵੇਂ ਮਿਲੀ? ਨਵੀਂ ਭਾਸ਼ਾ ਸਿੱਖ ਕੇ। ਇਕ 60 ਕੁ ਸਾਲਾਂ ਦੇ ਪਤੀ-ਪਤਨੀ ਨੇ ਦੇਖਿਆ ਕਿ ਹਜ਼ਾਰਾਂ ਹੀ ਚੀਨੀ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰ ਕਲੀਸਿਯਾ ਦੇ ਇਲਾਕੇ ਵਿਚ ਰਹਿੰਦੇ ਹਨ। ਪਤੀ ਨੇ ਕਿਹਾ: “ਇਹ ਦੇਖ ਕੇ ਅਸੀਂ ਚੀਨੀ ਭਾਸ਼ਾ ਸਿੱਖਣ ਦਾ ਮਨ ਬਣਾਇਆ। ਭਾਵੇਂ ਚੀਨੀ ਭਾਸ਼ਾ ਸਿੱਖਣ ਲਈ ਸਾਨੂੰ ਰੋਜ਼ ਸਮਾਂ ਕੱਢਣਾ ਪਿਆ ਤੇ ਮਿਹਨਤ ਕਰਨੀ ਪਈ, ਪਰ ਸਾਨੂੰ ਕਈ ਚੀਨੀ ਲੋਕਾਂ ਨਾਲ ਬਾਈਬਲ ਸਟੱਡੀ ਕਰ ਕੇ ਬਹੁਤ ਮਜ਼ਾ ਆ ਰਿਹਾ ਹੈ।”

14 ਜੇ ਤੁਸੀਂ ਨਵੀਂ ਭਾਸ਼ਾ ਨਹੀਂ ਵੀ ਸਿੱਖ ਸਕਦੇ, ਤਾਂ ਵੀ ਤੁਸੀਂ ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ ਪੁਸਤਿਕਾ ਦੀ ਵਰਤੋਂ ਕਰ ਕੇ ਹੋਰਨਾਂ ਭਾਸ਼ਾ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕਦੇ ਹੋ। ਅਸੀਂ ਲੋਕਾਂ ਨੂੰ ਦੇਣ ਲਈ ਆਪਣੇ ਕੋਲ ਹੋਰ ਭਾਸ਼ਾ ਦਾ ਸਾਹਿੱਤ ਵੀ ਰੱਖ ਸਕਦੇ ਹਾਂ। ਇਹ ਸੱਚ ਹੈ ਕਿ ਹੋਰ ਭਾਸ਼ਾ ਅਤੇ ਸਭਿਆਚਾਰ ਦੇ ਲੋਕਾਂ ਨਾਲ ਗੱਲ ਕਰਨ ਲਈ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਮਿਹਨਤ ਕਰਨੀ ਪੈਂਦੀ ਹੈ। ਪਰ ਪਰਮੇਸ਼ੁਰ ਦੇ ਬਚਨ ਵਿਚ ਪਾਈ ਜਾਂਦੀ ਇਹ ਗੱਲ ਨਾ ਭੁੱਲੋ: “ਜਿਹੜਾ ਖੁਲ੍ਹੇ ਦਿਲ ਬੀਜਦਾ ਹੈ ਉਹ ਖੁਲ੍ਹੇ ਦਿਲ ਵੱਢੇਗਾ।”—2 ਕੁਰਿੰ. 9:6.

ਸਾਰੀ ਕਲੀਸਿਯਾ ਦੇ ਜਤਨ

15, 16. (ੳ) ਚੇਲੇ ਬਣਾਉਣ ਵਿਚ ਪੂਰੀ ਕਲੀਸਿਯਾ ਕਿਵੇਂ ਸ਼ਾਮਲ ਹੈ? (ਅ) ਬਿਰਧ ਭੈਣ-ਭਰਾ ਕਿਸ ਤਰ੍ਹਾਂ ਮਦਦ ਕਰਦੇ ਹਨ?

15 ਕੋਈ ਵਿਅਕਤੀ ਇਕ ਜਣੇ ਦੇ ਜਤਨਾਂ ਸਦਕਾ ਯਿਸੂ ਦਾ ਚੇਲਾ ਨਹੀਂ ਬਣਦਾ। ਇਸ ਕੰਮ ਵਿਚ ਸਾਰੀ ਕਲੀਸਿਯਾ ਸ਼ਾਮਲ ਹੁੰਦੀ ਹੈ। ਉਹ ਕਿਵੇਂ? ਯਿਸੂ ਨੇ ਕਿਹਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰ. 13:35) ਜਦੋਂ ਕੋਈ ਬਾਈਬਲ ਵਿਦਿਆਰਥੀ ਮੀਟਿੰਗਾਂ ਵਿਚ ਆਉਂਦਾ ਹੈ, ਤਾਂ ਕਲੀਸਿਯਾ ਵਿਚ ਭੈਣਾਂ-ਭਰਾਵਾਂ ਦੇ ਪਿਆਰ ਨੂੰ ਦੇਖ ਕੇ ਉਸ ਉੱਤੇ ਗਹਿਰਾ ਅਸਰ ਪੈਂਦਾ ਹੈ। ਇਕ ਵਿਦਿਆਰਥੀ ਨੇ ਲਿਖਿਆ: “ਮੈਂ ਮੀਟਿੰਗਾਂ ਵਿਚ ਆਉਣਾ ਬਹੁਤ ਪਸੰਦ ਕਰਦਾ ਹਾਂ। ਉੱਥੇ ਦੇ ਲੋਕ ਬਹੁਤ ਚੰਗੇ ਹਨ।” ਯਿਸੂ ਨੇ ਇਹ ਵੀ ਕਿਹਾ ਸੀ ਕਿ ਜੋ ਉਸ ਦੇ ਚੇਲੇ ਬਣਨਗੇ, ਉਨ੍ਹਾਂ ਦੇ ਘਰਦੇ ਉਨ੍ਹਾਂ ਦਾ ਵਿਰੋਧ ਕਰਨਗੇ। (ਮੱਤੀ 10:35-37 ਪੜ੍ਹੋ।) ਪਰ ਉਸ ਨੇ ਵਾਅਦਾ ਕੀਤਾ ਸੀ ਕਿ ਕਲੀਸਿਯਾ ਵਿਚ ਉਨ੍ਹਾਂ ਨੂੰ ਕਈ “ਭਾਈ ਅਤੇ ਭੈਣਾਂ ਅਤੇ ਮਾਵਾਂ ਅਤੇ ਬਾਲ ਬੱਚੇ” ਮਿਲਣਗੇ।—ਮਰ. 10:30.

16 ਸਾਡੇ ਬਿਰਧ ਭੈਣ-ਭਰਾ ਬਾਈਬਲ ਦੇ ਵਿਦਿਆਰਥੀਆਂ ਦੀ ਤਰੱਕੀ ਕਰਨ ਵਿਚ ਖ਼ਾਸ ਕਰਕੇ ਮਦਦ ਕਰਦੇ ਹਨ। ਕਿਸ ਤਰ੍ਹਾਂ? ਭਾਵੇਂ ਕੁਝ ਬਿਰਧ ਭੈਣ-ਭਰਾ ਆਪ ਸਟੱਡੀ ਨਹੀਂ ਕਰਾ ਸਕਦੇ, ਪਰ ਮੀਟਿੰਗਾਂ ਵਿਚ ਆਪਣੀਆਂ ਟਿੱਪਣੀਆਂ ਰਾਹੀਂ ਸਾਰਿਆਂ ਦੀ ਨਿਹਚਾ ਤਕੜੀ ਕਰਦੇ ਹਨ। ਲੰਬੇ ਸਮੇਂ ਤੋਂ “ਧਰਮ ਦੇ ਮਾਰਗ” ਉੱਤੇ ਚੱਲਣ ਕਰਕੇ ਉਹ ਕਲੀਸਿਯਾ ਦੀ ਸ਼ਾਨ ਨੂੰ ਵਧਾਉਂਦੇ ਹਨ ਅਤੇ ਨੇਕਦਿਲ ਲੋਕ ਯਹੋਵਾਹ ਦੀ ਸੰਸਥਾ ਵੱਲ ਖਿੱਚੇ ਚਲੇ ਆਉਂਦੇ ਹਨ।—ਕਹਾ. 16:31.

ਡਰ ’ਤੇ ਕਾਬੂ ਪਾਓ

17. ਅਸੀਂ ਉਦੋਂ ਕੀ ਕਰ ਸਕਦੇ ਹਾਂ ਜਦੋਂ ਸਾਨੂੰ ਬਾਈਬਲ ਸਟੱਡੀ ਕਰਾਉਣੀ ਔਖੀ ਲੱਗਦੀ ਹੈ?

17 ਉਦੋਂ ਕੀ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਬਾਈਬਲ ਸਟੱਡੀ ਕਰਾਉਣੀ ਔਖੀ ਲੱਗਦੀ ਹੈ? ਯਾਦ ਕਰੋ ਕਿ ਯਹੋਵਾਹ ਨੇ ਮੂਸਾ ਦੀ ਮਦਦ ਲਈ ਉਸ ਨੂੰ ਆਪਣੀ ਸ਼ਕਤੀ ਦਿੱਤੀ ਅਤੇ ਉਸ ਦੇ ਭਰਾ ਹਾਰੂਨ ਨੂੰ ਉਸ ਦੇ ਨਾਲ ਭੇਜਿਆ। (ਕੂਚ 4:10-17) ਯਿਸੂ ਨੇ ਵਾਅਦਾ ਕੀਤਾ ਸੀ ਕਿ ਸਾਡੇ ਪ੍ਰਚਾਰ ਦੇ ਕੰਮ ਵਿਚ ਪਰਮੇਸ਼ੁਰ ਦੀ ਸ਼ਕਤੀ ਸਾਡੀ ਮਦਦ ਕਰੇਗੀ। (ਰਸੂ. 1:8) ਇਸ ਤੋਂ ਇਲਾਵਾ, ਯਿਸੂ ਨੇ ਦੋ-ਦੋ ਕਰ ਕੇ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਲਈ ਭੇਜਿਆ। (ਲੂਕਾ 10:1) ਇਸ ਲਈ ਜੇ ਤੁਹਾਨੂੰ ਸਟੱਡੀ ਕਰਾਉਣੀ ਔਖੀ ਲੱਗਦੀ ਹੈ, ਤਾਂ ਬੁੱਧ ਲਈ ਯਹੋਵਾਹ ਨੂੰ ਦੁਆ ਕਰੋ। ਫਿਰ ਕਿਸੇ ਤਜਰਬੇਕਾਰ ਭੈਣ ਜਾਂ ਭਰਾ ਨਾਲ ਪ੍ਰਚਾਰ ’ਤੇ ਜਾਓ। ਇਸ ਤਰ੍ਹਾਂ ਤੁਹਾਡਾ ਹੌਸਲਾ ਵਧੇਗਾ ਅਤੇ ਤੁਸੀਂ ਉਸ ਤੋਂ ਕੁਝ ਸਿੱਖ ਸਕੋਗੇ। ਇਹ ਕਿੰਨੇ ਹੌਸਲੇ ਵਾਲੀ ਗੱਲ ਹੈ ਕਿ ਯਹੋਵਾਹ ਨੇ “ਸੰਸਾਰ ਦੇ ਨਿਰਬਲਾਂ” ਯਾਨੀ ਸਾਡੇ ਵਰਗੇ ਮਾਮੂਲੀ ਜਿਹੇ ਇਨਸਾਨਾਂ ਨੂੰ ਆਪਣਾ ਮਹਾਨ ਕੰਮ ਕਰਨ ਲਈ ਚੁਣਿਆ ਹੈ!—1 ਕੁਰਿੰ. 1:26-29.

18. ਅਸੀਂ ਇਸ ਡਰ ’ਤੇ ਕਿਵੇਂ ਕਾਬੂ ਪਾ ਸਕਦੇ ਹਾਂ ਕਿ ਸਾਡੀ ਬਾਈਬਲ ਸਟੱਡੀ ਅੱਗੇ ਨਹੀਂ ਵਧੇਗੀ?

18 ਅਸੀਂ ਇਸ ਡਰ ’ਤੇ ਕਿਵੇਂ ਕਾਬੂ ਪਾ ਸਕਦੇ ਹਾਂ ਕਿ ਸਾਡੀ ਬਾਈਬਲ ਸਟੱਡੀ ਅੱਗੇ ਨਹੀਂ ਵਧੇਗੀ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਚੇਲੇ ਬਣਾਉਣੇ ਖਾਣਾ ਬਣਾਉਣ ਦੇ ਬਰਾਬਰ ਨਹੀਂ ਹੈ। ਖਾਣਾ ਬਣਾਉਣ ਲਈ ਤਾਂ ਇੱਕੋ ਬੰਦਾ ਕਾਫ਼ੀ ਹੈ। ਪਰ ਚੇਲੇ ਬਣਾਉਣ ਵਿਚ ਕਈ ਜਣੇ ਹਿੱਸਾ ਲੈਂਦੇ ਹਨ। ਯਹੋਵਾਹ ਸਭ ਤੋਂ ਜ਼ਰੂਰੀ ਕੰਮ ਕਰਦਾ ਹੈ ਜਦੋਂ ਉਹ ਕਿਸੇ ਨੂੰ ਆਪਣੇ ਵੱਲ ਖਿੱਚਦਾ ਹੈ। (ਯੂਹੰ. 6:44) ਅਸੀਂ ਅਤੇ ਹੋਰ ਭੈਣ-ਭਰਾ ਬਾਈਬਲ ਸਿਖਾਉਣ ਦੀ ਕਲਾ ਨੂੰ ਵਰਤ ਕੇ ਵਿਦਿਆਰਥੀ ਦੀ ਤਰੱਕੀ ਕਰਨ ਵਿਚ ਮਦਦ ਕਰਦੇ ਹਾਂ। (2 ਤਿਮੋਥਿਉਸ 2:15 ਪੜ੍ਹੋ।) ਨਾਲੇ ਵਿਦਿਆਰਥੀ ਜੋ ਵੀ ਸਿੱਖਦਾ ਹੈ, ਉਸ ਨੂੰ ਉਹ ਗੱਲਾਂ ਅਮਲ ਵਿਚ ਲਿਆਉਣ ਦੀ ਲੋੜ ਹੈ। (ਮੱਤੀ 7:24-27) ਪਰ ਜੇ ਕੋਈ ਸਟੱਡੀ ਕਰਨੀ ਬੰਦ ਕਰ ਦਿੰਦਾ ਹੈ, ਤਾਂ ਅਸੀਂ ਸ਼ਾਇਦ ਨਿਰਾਸ਼ ਹੋ ਜਾਈਏ। ਅਸੀਂ ਤਾਂ ਇਹੀ ਉਮੀਦ ਰੱਖਦੇ ਹਾਂ ਕਿ ਉਹ ਸੱਚਾਈ ਵਿਚ ਆਉਣ, ਪਰ ਫ਼ੈਸਲਾ ਉਨ੍ਹਾਂ ਦਾ ਆਪਣਾ ਹੈ ਕਿਉਂਕਿ “ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।”—ਰੋਮੀ. 14:12.

ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

19-21. (ੳ) ਬਾਈਬਲ ਸਟੱਡੀਆਂ ਕਰਾਉਣ ਨਾਲ ਸਾਨੂੰ ਕੀ ਫ਼ਾਇਦੇ ਹੁੰਦੇ ਹਨ? (ਅ) ਯਹੋਵਾਹ ਪ੍ਰਚਾਰ ਕਰਨ ਵਾਲੇ ਸਾਰੇ ਭੈਣਾਂ-ਭਰਾਵਾਂ ਨੂੰ ਕਿਵੇਂ ਵਿਚਾਰਦਾ ਹੈ?

19 ਬਾਈਬਲ ਸਟੱਡੀਆਂ ਕਰਾਉਣ ਨਾਲ ਸਾਡਾ ਮਨ ਪਰਮੇਸ਼ੁਰ ਦੇ ਰਾਜ ਨੂੰ ਪਹਿਲਾਂ ਭਾਲਣ ਵਿਚ ਲੱਗਾ ਰਹਿੰਦਾ ਹੈ। ਨਾਲੇ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਸਾਡੇ ਦਿਲਾਂ-ਦਿਮਾਗ਼ਾਂ ਵਿਚ ਬੈਠ ਜਾਂਦੀਆਂ ਹਨ। ਬਾਈਬਲ ਸਟੱਡੀਆਂ ਕਰਾਉਣ ਨਾਲ ਇਹ ਕਿੱਦਾਂ ਹੁੰਦਾ ਹੈ? ਬੈਰਕ ਨਾਂ ਦਾ ਪਾਇਨੀਅਰ ਕਹਿੰਦਾ ਹੈ: “ਬਾਈਬਲ ਸਟੱਡੀਆਂ ਕਰਾਉਣ ਲਈ ਤੁਹਾਨੂੰ ਪਰਮੇਸ਼ੁਰ ਦੇ ਬਚਨ ਦੇ ਆਪ ਚੰਗੇ ਵਿਦਿਆਰਥੀ ਬਣਨਾ ਪੈਂਦਾ ਹੈ। ਕਿਸੇ ਨੂੰ ਸਿਖਾਉਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਮੈਨੂੰ ਆਪ ਉਨ੍ਹਾਂ ਗੱਲਾਂ ’ਤੇ ਪੱਕਾ ਵਿਸ਼ਵਾਸ ਹੋਵੇ।”

20 ਜੇ ਤੁਹਾਡੇ ਕੋਲ ਕੋਈ ਬਾਈਬਲ ਸਟੱਡੀ ਨਹੀਂ ਹੈ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਤੁਹਾਡੀ ਭਗਤੀ ਕੋਈ ਮਾਅਨੇ ਨਹੀਂ ਰੱਖਦੀ? ਅਸੀਂ ਯਹੋਵਾਹ ਦੀ ਵਡਿਆਈ ਲਈ ਜੋ ਵੀ ਕਰਦੇ ਹਾਂ, ਉਸ ਦੀਆਂ ਨਜ਼ਰਾਂ ਵਿਚ ਉਹ ਬਹੁਤ ਮਾਅਨੇ ਰੱਖਦਾ ਹੈ। ਜਿਹੜੇ ਵੀ ਭੈਣ-ਭਰਾ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦੇ ਹਨ, ਉਹ ਸਾਰੇ ਇਸ ‘ਕੰਮ ਵਿਚ ਪਰਮੇਸ਼ੁਰ ਦੇ ਸਾਂਝੀ ਹਨ।’ ਸਾਨੂੰ ਬਾਈਬਲ ਸਟੱਡੀਆਂ ਕਰਾ ਕੇ ਉਦੋਂ ਜ਼ਿਆਦਾ ਖ਼ੁਸ਼ੀ ਮਿਲਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਪਰਮੇਸ਼ੁਰ ਸਾਡੇ ਵੱਲੋਂ ਬੀਜੇ ਸੱਚਾਈ ਦੇ ਬੀ ਨੂੰ ਵਧਾਉਂਦਾ ਹੈ। (1 ਕੁਰਿੰ. 3:6, 9) ਏਮੀ ਨਾਂ ਦੀ ਪਾਇਨੀਅਰ ਕਹਿੰਦੀ ਹੈ: “ਜਦ ਤੁਸੀਂ ਬਾਈਬਲ ਸਟੱਡੀ ਨੂੰ ਤਰੱਕੀ ਕਰਦਿਆਂ ਦੇਖਦੇ ਹੋ, ਤਾਂ ਤੁਸੀਂ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹੁੰਦੇ ਹੋ ਕਿ ਉਸ ਨੇ ਤੁਹਾਨੂੰ ਉਸ ਵਿਅਕਤੀ ਨੂੰ ਯਹੋਵਾਹ ਅਤੇ ਸਦਾ ਦੀ ਜ਼ਿੰਦਗੀ ਪਾਉਣ ਬਾਰੇ ਗਿਆਨ ਦੇਣ ਲਈ ਵਰਤਿਆ।”

21 ਜੇ ਅਸੀਂ ਬਾਈਬਲ ਸਟੱਡੀਆਂ ਸ਼ੁਰੂ ਕਰਨ ਵਿਚ ਪੂਰੀ ਵਾਹ ਲਾਉਂਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਾਂਗੇ ਅਤੇ ਨਵੀਂ ਦੁਨੀਆਂ ਵਿਚ ਜੀਵਨ ਪਾਉਣ ਦੀ ਸਾਡੀ ਉਮੀਦ ਪੱਕੀ ਹੋਵੇਗੀ। ਨਾਲੇ ਯਹੋਵਾਹ ਦੀ ਮਦਦ ਨਾਲ ਅਸੀਂ ਉਨ੍ਹਾਂ ਲੋਕਾਂ ਦੀਆਂ ਜਾਨਾਂ ਬਚਾ ਸਕਦੇ ਹਾਂ ਜੋ ਸਾਡੀ ਗੱਲ ਸੁਣਦੇ ਹਨ। (1 ਤਿਮੋਥਿਉਸ 4:16 ਪੜ੍ਹੋ।) ਇਨ੍ਹਾਂ ਗੱਲਾਂ ਤੋਂ ਸਾਨੂੰ ਕਿੰਨੀ ਖ਼ੁਸ਼ੀ ਮਿਲਣੀ ਚਾਹੀਦੀ ਹੈ!

ਕੀ ਤੁਹਾਨੂੰ ਯਾਦ ਹੈ?

• ਕਿਨ੍ਹਾਂ ਗੱਲਾਂ ਕਰਕੇ ਕੁਝ ਭੈਣ-ਭਰਾ ਬਾਈਬਲ ਸਟੱਡੀ ਕਰਾਉਣ ਤੋਂ ਡਰਦੇ ਹਨ?

• ਅਸੀਂ ਉਦੋਂ ਕੀ ਕਰ ਸਕਦੇ ਹਾਂ ਜਦੋਂ ਸਾਡੇ ਇਲਾਕੇ ਵਿਚ ਲੋਕ ਧਰਮ ਬਾਰੇ ਗੱਲ ਨਹੀਂ ਕਰਨੀ ਚਾਹੁੰਦੇ?

• ਬਾਈਬਲ ਸਟੱਡੀ ਕਰਾਉਣ ਨਾਲ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

[ਸਵਾਲ]

[ਸਫ਼ਾ 9 ਉੱਤੇ ਤਸਵੀਰਾਂ]

ਕੀ ਤੁਸੀਂ ਨੇਕਦਿਲ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਹੋਰ ਤਰੀਕੇ ਅਜ਼ਮਾ ਰਹੇ ਹੋ?