Skip to content

Skip to table of contents

“ਮੇਰੇ ਪਿੱਛੇ ਹੋ ਤੁਰ”

“ਮੇਰੇ ਪਿੱਛੇ ਹੋ ਤੁਰ”

“ਮੇਰੇ ਪਿੱਛੇ ਹੋ ਤੁਰ”

“ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।”—ਲੂਕਾ 9:23.

1, 2. (ੳ) ਯਿਸੂ ਨੇ ਕਿਹੜਾ ਵਧੀਆ ਸੱਦਾ ਦਿੱਤਾ? (ਅ) ਇਹ ਸੱਦਾ ਮਿਲਣ ’ਤੇ ਤੁਸੀਂ ਕੀ ਕੀਤਾ ਹੈ?

ਆਪਣੀ ਸੇਵਕਾਈ ਦੇ ਅੰਤ ਵਿਚ ਯਿਸੂ ਪੀਰਿਆ ਇਲਾਕੇ ਵਿਚ ਪ੍ਰਚਾਰ ਕਰ ਰਿਹਾ ਸੀ ਜੋ ਯਹੂਦਿਯਾ ਦੇ ਉੱਤਰ-ਪੂਰਬ ਵੱਲ ਯਰਦਨ ਨਦੀ ਦੇ ਦੂਜੇ ਪਾਸੇ ਸੀ। ਉਸ ਵੇਲੇ ਯਿਸੂ ਕੋਲ ਇਕ ਨੌਜਵਾਨ ਆਇਆ ਜਿਸ ਨੇ ਪੁੱਛਿਆ ਕਿ ਸਦਾ ਦੀ ਜ਼ਿੰਦਗੀ ਪਾਉਣ ਲਈ ਉਸ ਨੂੰ ਕੀ ਕਰਨਾ ਚਾਹੀਦਾ ਸੀ। ਇਹ ਜਾਣਨ ਤੋਂ ਬਾਅਦ ਕਿ ਉਹ ਨੌਜਵਾਨ ਮੂਸਾ ਦੀ ਸ਼ਰਾ ਦੀ ਪਾਲਣਾ ਕਰ ਰਿਹਾ ਸੀ, ਯਿਸੂ ਨੇ ਉਸ ਨੂੰ ਇਕ ਵਧੀਆ ਸੱਦਾ ਦਿੱਤਾ। ਉਸ ਨੇ ਕਿਹਾ: “ਜਾਹ ਅਤੇ ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ ਦਿਹ ਤਾਂ ਤੈਨੂੰ ਸੁਰਗ ਵਿੱਚ ਧਨ ਮਿਲੇਗਾ ਅਤੇ ਆ, ਮੇਰੇ ਪਿੱਛੇ ਹੋ ਤੁਰ।” (ਮਰ. 10:21) ਜ਼ਰਾ ਸੋਚੋ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਯਿਸੂ ਨੇ ਉਸ ਨੂੰ ਆਪਣੇ ਪਿੱਛੇ ਤੁਰਨ ਦਾ ਸੱਦਾ ਦਿੱਤਾ!

2 ਅਫ਼ਸੋਸ, ਉਸ ਨੌਜਵਾਨ ਨੇ ਯਿਸੂ ਦੇ ਸੱਦੇ ਨੂੰ ਕਬੂਲ ਨਹੀਂ ਕੀਤਾ, ਪਰ ਹੋਰਨਾਂ ਲੋਕਾਂ ਨੇ ਇਸ ਨੂੰ ਕਬੂਲ ਕਰ ਲਿਆ। ਪਹਿਲਾਂ ਵੀ ਯਿਸੂ ਨੇ ਫ਼ਿਲਿੱਪੁਸ ਨੂੰ ਕਿਹਾ ਸੀ: “ਮੇਰੇ ਪਿੱਛੇ ਹੋ ਤੁਰ।” (ਯੂਹੰ. 1:43) ਫ਼ਿਲਿੱਪੁਸ ਨੇ ਇਸ ਸੱਦੇ ਨੂੰ ਕਬੂਲ ਕੀਤਾ ਤੇ ਬਾਅਦ ਵਿਚ ਰਸੂਲ ਬਣਿਆ। ਯਿਸੂ ਨੇ ਇਹੀ ਸੱਦਾ ਮੱਤੀ ਨੂੰ ਦਿੱਤਾ ਜੋ ਉਸ ਨੇ ਸਵੀਕਾਰ ਕਰ ਲਿਆ। (ਮੱਤੀ 9:9; 10:2-4) ਦਰਅਸਲ, ਯਿਸੂ ਨੇ ਇਹ ਸੱਦਾ ਸਾਰੇ ਨੇਕਦਿਲ ਇਨਸਾਨਾਂ ਨੂੰ ਦਿੱਤਾ ਜਦੋਂ ਉਸ ਨੇ ਕਿਹਾ: “ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।” (ਲੂਕਾ 9:23) ਸੋ ਕੋਈ ਵੀ ਆਪਣੀ ਮਰਜ਼ੀ ਨਾਲ ਯਿਸੂ ਦਾ ਚੇਲਾ ਬਣ ਸਕਦਾ ਹੈ। ਕੀ ਤੁਸੀਂ ਯਿਸੂ ਦੇ ਚੇਲੇ ਬਣਨਾ ਚਾਹੁੰਦੇ ਹੋ? ਸਾਡੇ ਵਿੱਚੋਂ ਕਈਆਂ ਨੇ ਇਹ ਸੱਦਾ ਸਵੀਕਾਰ ਕੀਤਾ ਹੈ ਤੇ ਅਸੀਂ ਪ੍ਰਚਾਰ ਕਰਦਿਆਂ ਦੂਸਰਿਆਂ ਨੂੰ ਵੀ ਇਹੀ ਸੱਦਾ ਦਿੰਦੇ ਹਾਂ।

3. ਅਸੀਂ ਯਿਸੂ ਤੋਂ ਦੂਰ ਹੋਣ ਤੋਂ ਕਿਵੇਂ ਬਚ ਸਕਦੇ ਹਾਂ?

3 ਦੁੱਖ ਦੀ ਗੱਲ ਹੈ ਕਿ ਜਿਹੜੇ ਕੁਝ ਲੋਕਾਂ ਨੇ ਪਹਿਲਾਂ ਬਾਈਬਲ ਵਿਚ ਦਿਲਚਸਪੀ ਦਿਖਾਈ ਸੀ, ਬਾਅਦ ਵਿਚ ਹੌਲੀ-ਹੌਲੀ ਉਨ੍ਹਾਂ ਦੀ ਇਹ ਦਿਲਚਸਪੀ ਘੱਟ ਗਈ ਅਤੇ ਉਹ ਯਿਸੂ ਤੋਂ “ਦੂਰ” ਹੁੰਦੇ ਚਲੇ ਗਏ। (ਇਬ. 2:1) ਅਸੀਂ ਇਸ ਫੰਦੇ ਵਿਚ ਫਸਣ ਤੋਂ ਕਿਵੇਂ ਬਚ ਸਕਦੇ ਹਾਂ? ਚੰਗਾ ਹੋਵੇਗਾ ਜੇ ਅਸੀਂ ਆਪਣੇ ਤੋਂ ਇਹ ਸਵਾਲ ਪੁੱਛੀਏ: ‘ਮੈਂ ਯਿਸੂ ਦੇ ਪਿੱਛੇ ਚੱਲਣਾ ਕਿਉਂ ਸ਼ੁਰੂ ਕੀਤਾ ਸੀ? ਯਿਸੂ ਦੇ ਪਿੱਛੇ ਚੱਲਣ ਦਾ ਕੀ ਮਤਲਬ ਹੈ?’ ਇਨ੍ਹਾਂ ਸਵਾਲਾਂ ਦੇ ਜਵਾਬਾਂ ਨੂੰ ਮਨ ਵਿਚ ਰੱਖਣ ਨਾਲ ਅਸੀਂ ਯਿਸੂ ਦੇ ਪਿੱਛੇ-ਪਿੱਛੇ ਚੱਲਣ ਦੇ ਆਪਣੇ ਇਰਾਦੇ ਨੂੰ ਹੋਰ ਵੀ ਪੱਕਾ ਕਰ ਸਕਦੇ ਹਾਂ। ਇੱਦਾਂ ਕਰ ਕੇ ਅਸੀਂ ਯਿਸੂ ਦੇ ਮਗਰ-ਮਗਰ ਚੱਲਣ ਵਿਚ ਦੂਸਰਿਆਂ ਦੀ ਵੀ ਮਦਦ ਕਰ ਸਕਾਂਗੇ।

ਯਿਸੂ ਦੇ ਪਿੱਛੇ ਕਿਉਂ ਚੱਲੀਏ?

4, 5. ਯਿਸੂ ਆਗੂ ਬਣਨ ਦੇ ਲਾਇਕ ਕਿਉਂ ਹੈ?

4 ਯਿਰਮਿਯਾਹ ਨਬੀ ਨੇ ਕਿਹਾ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰ. 10:23) ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਯਿਰਮਿਯਾਹ ਦੇ ਸ਼ਬਦ ਸੱਚ ਸਾਬਤ ਹੋਏ ਹਨ। ਦੁਨੀਆਂ ਦੇ ਵਿਗੜਦੇ ਜਾਂਦੇ ਹਾਲਾਤ ਇਸ ਗੱਲ ਦੀ ਮੂੰਹ-ਬੋਲਦੀ ਤਸਵੀਰ ਹਨ ਕਿ ਨਾਮੁਕੰਮਲ ਇਨਸਾਨਾਂ ਦਾ ਰਾਜ ਨਾਕਾਮਯਾਬ ਰਿਹਾ ਹੈ। ਅਸੀਂ ਯਿਸੂ ਦੇ ਪਿੱਛੇ ਚੱਲਣ ਦੇ ਸੱਦੇ ਨੂੰ ਇਸ ਲਈ ਸਵੀਕਾਰ ਕੀਤਾ ਹੈ ਕਿਉਂਕਿ ਅਸੀਂ ਸਿੱਖਿਆ ਹੈ ਕਿ ਯਿਸੂ ਹੀ ਸਾਡਾ ਆਗੂ ਬਣਨ ਦੇ ਲਾਇਕ ਹੈ, ਨਾ ਕੋਈ ਇਨਸਾਨ। ਆਓ ਆਪਾਂ ਫਿਰ ਯਿਸੂ ਦੀਆਂ ਕੁਝ ਯੋਗਤਾਵਾਂ ਉੱਤੇ ਗੌਰ ਕਰੀਏ।

5 ਪਹਿਲੀ, ਯਹੋਵਾਹ ਨੇ ਯਿਸੂ ਨੂੰ ਮਸੀਹਾ ਤੇ ਆਗੂ ਚੁਣਿਆ ਹੈ। ਯਹੋਵਾਹ ਤੋਂ ਬਿਨਾਂ ਕੋਈ ਨਹੀਂ ਜਾਣਦਾ ਕਿ ਸਾਡੇ ਲਈ ਬਿਹਤਰ ਆਗੂ ਕੌਣ ਬਣ ਸਕਦਾ ਹੈ। ਦੂਜੀ, ਯਿਸੂ ਵਿਚ ਵਧੀਆ ਗੁਣ ਹਨ ਜੋ ਉਸ ਨੂੰ ਹਰਮਨ ਪਿਆਰਾ ਬਣਾਉਂਦੇ ਹਨ ਅਤੇ ਜਿਨ੍ਹਾਂ ਨੂੰ ਅਸੀਂ ਆਪਣੇ ਵਿਚ ਪੈਦਾ ਕਰ ਸਕਦੇ ਹਾਂ। (ਯਸਾਯਾਹ 11:2, 3 ਪੜ੍ਹੋ।) ਇਸ ਤਰ੍ਹਾਂ ਕਰ ਕੇ ਅਸੀਂ ਯਿਸੂ ਦੀ ਚੰਗੀ ਮਿਸਾਲ ’ਤੇ ਚੱਲ ਸਕਦੇ ਹਾਂ। (1 ਪਤ. 2:21) ਤੀਜੀ, ਯਿਸੂ ਨੇ ਆਪਣੀ ਜਾਨ ਦੇ ਕੇ ਦਿਖਾਇਆ ਕਿ ਉਹ ਆਪਣੇ ਪੈਰੋਕਾਰਾਂ ਦੀ ਬਹੁਤ ਪਰਵਾਹ ਕਰਦਾ ਹੈ। (ਯੂਹੰਨਾ 10:14, 15 ਪੜ੍ਹੋ।) ਅੱਜ ਇਕ ਚੰਗੇ ਚਰਵਾਹੇ ਦੀ ਤਰ੍ਹਾਂ ਉਹ ਸਾਨੂੰ ਅਜਿਹੇ ਢੰਗ ਨਾਲ ਜ਼ਿੰਦਗੀ ਜੀਣ ਦੀ ਸੇਧ ਦਿੰਦਾ ਹੈ ਜਿਸ ਨਾਲ ਸਾਨੂੰ ਨਾ ਸਿਰਫ਼ ਹੁਣ ਖ਼ੁਸ਼ੀ ਮਿਲਦੀ ਹੈ, ਬਲਕਿ ਭਵਿੱਖ ਵਿਚ ਸਦਾ ਦੀ ਜ਼ਿੰਦਗੀ ਵੀ ਮਿਲੇਗੀ। (ਯੂਹੰ. 10:10, 11; ਪਰ. 7:16, 17) ਇਨ੍ਹਾਂ ਤੇ ਹੋਰਨਾਂ ਕਾਰਨਾਂ ਕਰਕੇ ਅਸੀਂ ਯਿਸੂ ਦੇ ਪਿੱਛੇ ਚੱਲਣਾ ਸ਼ੁਰੂ ਕੀਤਾ ਸੀ। ਇਸ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

6. ਯਿਸੂ ਦੇ ਮਗਰ ਚੱਲਣ ਲਈ ਕੀ ਕੁਝ ਕਰਨਾ ਜ਼ਰੂਰੀ ਹੈ?

6 ਯਿਸੂ ਦੇ ਮਗਰ ਚੱਲਣ ਲਈ ਇਹੀ ਕਹਿਣਾ ਕਾਫ਼ੀ ਨਹੀਂ ਕਿ ਅਸੀਂ ਮਸੀਹੀ ਹਾਂ। ਅੱਜ ਤਕਰੀਬਨ ਦੋ ਅਰਬ ਲੋਕ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ, ਪਰ ਉਨ੍ਹਾਂ ਦੇ ਕੰਮ ‘ਬੁਰੇ’ ਹਨ। (ਮੱਤੀ 7:21-23 ਪੜ੍ਹੋ।) ਜਦੋਂ ਕੋਈ ਯਿਸੂ ਦੇ ਪਿੱਛੇ ਚੱਲਣ ਦੀ ਇੱਛਾ ਜ਼ਾਹਰ ਕਰਦਾ ਹੈ, ਤਾਂ ਅਸੀਂ ਉਸ ਨੂੰ ਦੱਸਦੇ ਹਾਂ ਕਿ ਸੱਚੇ ਮਸੀਹੀ ਹਰ ਰੋਜ਼ ਆਪਣੀ ਜ਼ਿੰਦਗੀ ਯਿਸੂ ਦੀਆਂ ਸਿੱਖਿਆਵਾਂ ਅਤੇ ਮਿਸਾਲ ਅਨੁਸਾਰ ਜੀਉਂਦੇ ਹਨ। ਮਸੀਹੀ ਇੱਦਾਂ ਕਿਉਂ ਕਰਦੇ ਹਨ, ਇਹ ਸਮਝਣ ਲਈ ਆਓ ਅਸੀਂ ਯਿਸੂ ਦੇ ਕੁਝ ਗੁਣਾਂ ’ਤੇ ਧਿਆਨ ਦੇਈਏ।

ਬੁੱਧੀਮਾਨ ਯਿਸੂ ਦੀ ਰੀਸ ਕਰੋ

7, 8. (ੳ) ਬੁੱਧ ਕੀ ਹੈ ਅਤੇ ਯਿਸੂ ਕੋਲ ਇੰਨੀ ਬੁੱਧ ਕਿਉਂ ਸੀ? (ਅ) ਯਿਸੂ ਨੇ ਕਿਵੇਂ ਬੁੱਧ ਜ਼ਾਹਰ ਕੀਤੀ ਅਤੇ ਅਸੀਂ ਉਸ ਦੀ ਕਿਵੇਂ ਰੀਸ ਕਰ ਸਕਦੇ ਹਾਂ?

7 ਯਿਸੂ ਨੇ ਕਈ ਬੇਮਿਸਾਲ ਗੁਣ ਜ਼ਾਹਰ ਕੀਤੇ, ਪਰ ਅਸੀਂ ਸਿਰਫ਼ ਚਾਰ ਗੁਣਾਂ ਵੱਲ ਧਿਆਨ ਦੇਵਾਂਗੇ: ਉਸ ਦੀ ਬੁੱਧ, ਨਿਮਰਤਾ, ਜੋਸ਼ ਅਤੇ ਪਿਆਰ। ਆਓ ਪਹਿਲਾਂ ਆਪਾਂ ਬੁੱਧ ਦੇ ਗੁਣ ’ਤੇ ਗੌਰ ਕਰੀਏ ਜੋ ਗਿਆਨ ਅਤੇ ਸਮਝ ਨੂੰ ਸਹੀ-ਸਹੀ ਇਸਤੇਮਾਲ ਕਰਨ ਦੀ ਕਾਬਲੀਅਤ ਹੈ। ਯਿਸੂ ਨੇ ਇਸ ਕਾਬਲੀਅਤ ਨੂੰ ਦੂਸਰਿਆਂ ਦੀ ਮਦਦ ਕਰਨ ਲਈ ਵਰਤਿਆ। ਪੌਲੁਸ ਰਸੂਲ ਨੇ ਲਿਖਿਆ: “[ਯਿਸੂ] ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖ਼ਜ਼ਾਨੇ ਗੁਪਤ ਹਨ।” (ਕੁਲੁ. 2:3) ਯਿਸੂ ਨੂੰ ਇੰਨੀ ਬੁੱਧ ਕਿੱਥੋਂ ਮਿਲੀ? ਉਸ ਨੇ ਖ਼ੁਦ ਕਿਹਾ: “ਜਿੱਦਾਂ ਪਿਤਾ ਨੇ ਮੈਨੂੰ ਸਿਖਾਲਿਆ ਹੈ ਓਦਾਂ ਹੀ ਮੈਂ ਏਹ ਗੱਲਾਂ ਆਖਦਾ ਹਾਂ।” (ਯੂਹੰ. 8:28) ਜ਼ਾਹਰ ਹੈ ਕਿ ਯਿਸੂ ਨੂੰ ਯਹੋਵਾਹ ਤੋਂ ਬੁੱਧ ਮਿਲੀ ਸੀ ਅਤੇ ਉਸ ਨੇ ਹਰ ਗੱਲ ਵਿਚ ਸਮਝਦਾਰੀ ਵਰਤੀ ਸੀ।

8 ਮਿਸਾਲ ਲਈ, ਯਿਸੂ ਨੇ ਸਮਝਦਾਰੀ ਨਾਲ ਫ਼ੈਸਲਾ ਕੀਤਾ ਕਿ ਉਹ ਜ਼ਿੰਦਗੀ ਵਿਚ ਕੀ ਕਰੇਗਾ। ਆਪਣੀ ਜ਼ਿੰਦਗੀ ਸਾਦੀ ਰੱਖ ਕੇ ਯਿਸੂ ਨੇ ਇੱਕੋ ਗੱਲ ਨੂੰ ਪਹਿਲ ਦਿੱਤੀ: ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨੀ। ਉਸ ਨੇ ਆਪਣਾ ਪੂਰਾ ਸਮਾਂ ਅਤੇ ਆਪਣੀ ਤਾਕਤ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਿਚ ਲਗਾਈ। ਅਸੀਂ ਵੀ ਯਿਸੂ ਦੀ ਮਿਸਾਲ ਉੱਤੇ ਚੱਲਦੇ ਹੋਏ ਆਪਣੀ ‘ਅੱਖ ਨਿਰਮਲ’ ਰੱਖਦੇ ਹਾਂ। ਇਸ ਤਰ੍ਹਾਂ ਅਸੀਂ ਫ਼ਜ਼ੂਲ ਚੀਜ਼ਾਂ ਵਿਚ ਆਪਣੀ ਤਾਕਤ ਤੇ ਧਿਆਨ ਨਹੀਂ ਲਾਉਂਦੇ। (ਮੱਤੀ 6:22) ਕਈ ਭੈਣਾਂ-ਭਰਾਵਾਂ ਨੇ ਆਪਣੀ ਜ਼ਿੰਦਗੀ ਸਾਦੀ ਰੱਖੀ ਹੈ ਤਾਂਕਿ ਉਹ ਜ਼ਿਆਦਾ ਸਮਾਂ ਪ੍ਰਚਾਰ ਦੇ ਕੰਮ ਵਿਚ ਲਾ ਸਕਣ। ਇਸ ਤਰ੍ਹਾਂ ਕਰ ਕੇ ਕੁਝ ਪਾਇਨੀਅਰੀ ਕਰਨ ਲੱਗ ਪਏ ਹਨ। ਜੇ ਤੁਸੀਂ ਵੀ ਪਾਇਨੀਅਰੀ ਕਰ ਰਹੇ ਹੋ, ਤਾਂ ਤੁਸੀਂ ਕਾਬਲ-ਏ-ਤਾਰੀਫ਼ ਹੋ। ‘ਰਾਜ ਨੂੰ ਪਹਿਲਾਂ ਭਾਲਣ’ ਨਾਲ ਖ਼ੁਸ਼ੀ ਮਿਲਦੀ ਹੈ।—ਮੱਤੀ 6:33.

ਯਿਸੂ ਦੀ ਤਰ੍ਹਾਂ ਨਿਮਰ ਹੋਵੋ

9, 10. ਯਿਸੂ ਨੇ ਨਿਮਰਤਾ ਕਿਵੇਂ ਦਿਖਾਈ?

9 ਯਿਸੂ ਦੀ ਸ਼ਖ਼ਸੀਅਤ ਦਾ ਦੂਜਾ ਪਹਿਲੂ ਹੈ ਉਸ ਦੀ ਨਿਮਰਤਾ। ਜਦੋਂ ਨਾਮੁਕੰਮਲ ਇਨਸਾਨਾਂ ਨੂੰ ਕੋਈ ਅਧਿਕਾਰ ਦਿੱਤਾ ਜਾਂਦਾ ਹੈ, ਤਾਂ ਅਕਸਰ ਉਹ ਘਮੰਡ ਨਾਲ ਫੁੱਲ ਜਾਂਦੇ ਹਨ ਤੇ ਧਿਆਨ ਆਪਣੇ ਵੱਲ ਖਿੱਚਦੇ ਹਨ। ਯਿਸੂ ਉਨ੍ਹਾਂ ਨਾਲੋਂ ਕਿੰਨਾ ਵੱਖਰਾ ਸੀ! ਯਹੋਵਾਹ ਦਾ ਮਕਸਦ ਪੂਰਾ ਕਰਦਿਆਂ ਯਿਸੂ ਨੇ ਅਹਿਮ ਭੂਮਿਕਾ ਨਿਭਾਈ, ਫਿਰ ਵੀ ਉਸ ਵਿਚ ਜ਼ਰਾ ਵੀ ਘਮੰਡ ਨਹੀਂ ਸੀ। ਸਾਨੂੰ ਉਸ ਦੀ ਰੀਸ ਕਰਨ ਦਾ ਉਤਸ਼ਾਹ ਦਿੱਤਾ ਜਾਂਦਾ ਹੈ। ਇਸ ਸੰਬੰਧੀ ਪੌਲੁਸ ਰਸੂਲ ਨੇ ਲਿਖਿਆ: “ਤੁਹਾਡਾ ਉਹੋ ਸੁਭਾਉ ਹੋਵੇ ਜੋ ਮਸੀਹ ਯਿਸੂ ਦਾ ਭੀ ਸੀ ਕਿ ਉਸ ਨੇ ਪਰਮੇਸ਼ੁਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ੁਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ। ਸਗੋਂ ਉਸ ਨੇ ਆਪਣੇ ਆਪ ਨੂੰ ਸੱਖਣਾ ਕਰ ਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ।” (ਫ਼ਿਲਿ. 2:5-7) ਇਸ ਤਰ੍ਹਾਂ ਕਰਨ ਲਈ ਯਿਸੂ ਨੂੰ ਕੀ-ਕੀ ਕਰਨਾ ਪਿਆ?

10 ਯਿਸੂ ਨੇ ਆਪਣੇ ਪਿਤਾ ਯਹੋਵਾਹ ਦੀ ਹਜ਼ੂਰੀ ਵਿਚ ਰਹਿਣ ਦਾ ਆਨੰਦ ਮਾਣਿਆ। ਪਰ ਉਹ ਸਭ ਕਾਸੇ ਤੋਂ “ਆਪਣੇ ਆਪ ਨੂੰ ਸੱਖਣਾ ਕਰ ਕੇ” ਧਰਤੀ ’ਤੇ ਆਇਆ। ਉਸ ਦੇ ਜੀਵਨ ਨੂੰ ਇਕ ਯਹੂਦੀ ਕੁਆਰੀ ਦੇ ਗਰਭ ਵਿਚ ਪਾ ਦਿੱਤਾ ਗਿਆ ਜਿੱਥੇ ਉਸ ਨੇ ਨੌਂ ਮਹੀਨੇ ਪਲ਼ਣਾ ਸੀ ਅਤੇ ਇਕ ਗ਼ਰੀਬ ਤਰਖਾਣ ਦੇ ਘਰ ਵਿਚ ਲਾਚਾਰ ਬੱਚੇ ਵਜੋਂ ਪੈਦਾ ਹੋਣਾ ਸੀ। ਯੂਸੁਫ਼ ਦੇ ਘਰ ਵਿਚ ਯਿਸੂ ਨੇ ਰੁੜਨਾ ਸਿੱਖਿਆ ਤੇ ਹੌਲੀ-ਹੌਲੀ ਵੱਡਾ ਹੋ ਕੇ ਅੱਲ੍ਹੜ ਉਮਰ ਵਿਚ ਪਹੁੰਚਿਆ। ਭਾਵੇਂ ਯਿਸੂ ਬਿਲਕੁਲ ਮੁਕੰਮਲ ਸੀ, ਫਿਰ ਵੀ ਜਵਾਨੀ ਵਿਚ ਉਹ ਆਪਣੇ ਨਾਮੁਕੰਮਲ ਮਾਪਿਆਂ ਦੇ ਅਧੀਨ ਰਿਹਾ। (ਲੂਕਾ 2:51, 52) ਸਾਡੇ ਲਈ ਨਿਮਰਤਾ ਦੀ ਕਿੰਨੀ ਵਧੀਆ ਮਿਸਾਲ!

11. ਅਸੀਂ ਕਿਨ੍ਹਾਂ ਤਰੀਕਿਆਂ ਨਾਲ ਯਿਸੂ ਵਾਂਗ ਨਿਮਰਤਾ ਦਿਖਾ ਸਕਦੇ ਹਾਂ?

11 ਅਸੀਂ ਯਿਸੂ ਦੀ ਤਰ੍ਹਾਂ ਨਿਮਰ ਬਣ ਸਕਦੇ ਹਾਂ ਜਦੋਂ ਅਸੀਂ ਉਹ ਕੰਮ ਕਰਦੇ ਹਾਂ ਜੋ ਸ਼ਾਇਦ ਮਾਮੂਲੀ ਜਾਪਣ। ਮਿਸਾਲ ਲਈ, ਖ਼ੁਸ਼ ਖ਼ਬਰੀ ਦੇ ਪ੍ਰਚਾਰ ਦਾ ਹੀ ਕੰਮ ਲੈ ਲਓ। ਇਹ ਕੰਮ ਸਾਨੂੰ ਸ਼ਾਇਦ ਆਪਣੀ ਸ਼ਾਨ ਦੇ ਖ਼ਿਲਾਫ਼ ਲੱਗੇ, ਖ਼ਾਸਕਰ ਉਦੋਂ ਜਦੋਂ ਲੋਕ ਸਾਡੀ ਗੱਲ ਨਹੀਂ ਸੁਣਦੇ, ਸਾਡੀ ਖਿੱਲੀ ਉਡਾਉਂਦੇ ਹਨ ਜਾਂ ਸਾਨੂੰ ਬੁਰਾ-ਭਲਾ ਕਹਿੰਦੇ ਹਨ। ਪਰ ਜੇ ਅਸੀਂ ਇਸ ਕੰਮ ਵਿਚ ਲੱਗੇ ਰਹਾਂਗੇ, ਤਾਂ ਅਸੀਂ ਯਿਸੂ ਦੇ ਮਗਰ ਚੱਲਣ ਵਿਚ ਦੂਜਿਆਂ ਦੀ ਮਦਦ ਕਰ ਸਕਾਂਗੇ। ਇਸ ਤਰ੍ਹਾਂ ਅਸੀਂ ਲੋਕਾਂ ਦੀਆਂ ਜ਼ਿੰਦਗੀਆਂ ਬਚਾ ਸਕਾਂਗੇ। (2 ਤਿਮੋਥਿਉਸ 4:1-5 ਪੜ੍ਹੋ।) ਦੂਜੀ ਮਿਸਾਲ ਹੈ ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰਨੀ। ਇਸ ਸੰਬੰਧੀ ਸਾਨੂੰ ਸ਼ਾਇਦ ਕੂੜਾਦਾਨ ਖਾਲੀ ਕਰਨਾ ਪਵੇ, ਫ਼ਰਸ਼ ਸਾਫ਼ ਕਰਨਾ ਪਵੇ ਅਤੇ ਟਾਇਲਟਾਂ ਸਾਫ਼ ਕਰਨੀਆਂ ਪੈਣ। ਅਸੀਂ ਇਹ ਕੰਮ ਕਰਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਕਿੰਗਡਮ ਹਾਲ ਸੱਚੀ ਭਗਤੀ ਦਾ ਕੇਂਦਰ ਹੈ ਅਤੇ ਇਸ ਦੀ ਸਾਂਭ-ਸੰਭਾਲ ਕਰਨੀ ਸਾਡੀ ਭਗਤੀ ਦਾ ਹਿੱਸਾ ਹੈ। ਇਸ ਤਰ੍ਹਾਂ ਮਾਮੂਲੀ ਜਾਪਣ ਵਾਲੇ ਕੰਮਾਂ ਨੂੰ ਕਰਨ ਨਾਲ ਅਸੀਂ ਨਿਮਰਤਾ ਦਿਖਾਉਂਦੇ ਹਾਂ ਅਤੇ ਮਸੀਹ ਦੇ ਨਕਸ਼ੇ-ਕਦਮਾਂ ਉੱਤੇ ਚੱਲਦੇ ਹਾਂ।

ਯਿਸੂ ਦੀ ਤਰ੍ਹਾਂ ਜੋਸ਼ੀਲੇ ਬਣੋ

12, 13. (ੳ) ਯਿਸੂ ਨੇ ਜੋਸ਼ ਕਿਵੇਂ ਦਿਖਾਇਆ ਅਤੇ ਕਿਹੜੀ ਗੱਲ ਨੇ ਉਸ ਨੂੰ ਪ੍ਰੇਰਿਤ ਕੀਤਾ? (ਅ) ਪ੍ਰਚਾਰ ਕੰਮ ਵਿਚ ਜੋਸ਼ੀਲੇ ਬਣਨ ਵਿਚ ਕਿਹੜੀ ਗੱਲ ਮਦਦ ਕਰੇਗੀ?

12 ਆਓ ਆਪਾਂ ਸੇਵਕਾਈ ਵਿਚ ਯਿਸੂ ਦੇ ਜੋਸ਼ ਉੱਤੇ ਗੌਰ ਕਰੀਏ। ਧਰਤੀ ’ਤੇ ਹੁੰਦਿਆਂ ਯਿਸੂ ਨੇ ਕਈ ਕੰਮ ਕੀਤੇ। ਅੱਲ੍ਹੜ ਉਮਰੇ ਉਸ ਨੇ ਆਪਣੇ ਪਿਤਾ ਯੂਸੁਫ਼ ਨਾਲ ਤਰਖਾਣ ਵਜੋਂ ਕੰਮ ਕੀਤਾ। ਆਪਣੀ ਸੇਵਕਾਈ ਦੌਰਾਨ ਯਿਸੂ ਨੇ ਕਈ ਚਮਤਕਾਰ ਕੀਤੇ। ਉਸ ਨੇ ਬੀਮਾਰਾਂ ਨੂੰ ਠੀਕ ਕੀਤਾ ਅਤੇ ਮੁਰਦਿਆਂ ਨੂੰ ਜੀਉਂਦਾ ਕੀਤਾ। ਪਰ ਉਸ ਦਾ ਮੁੱਖ ਕੰਮ ਸੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਅਤੇ ਉਨ੍ਹਾਂ ਲੋਕਾਂ ਨੂੰ ਸਿਖਾਉਣਾ ਜੋ ਉਸ ਦੀ ਗੱਲ ਸੁਣਦੇ ਸਨ। (ਮੱਤੀ 4:23) ਉਸ ਦੇ ਚੇਲੇ ਹੋਣ ਦੇ ਨਾਤੇ, ਅਸੀਂ ਵੀ ਇਹ ਕੰਮ ਕਰਨਾ ਹੈ। ਪਰ ਅਸੀਂ ਯਿਸੂ ਦੀ ਨਕਲ ਕਿਵੇਂ ਕਰ ਸਕਦੇ ਹਾਂ? ਆਓ ਆਪਾਂ ਦੇਖੀਏ ਕਿ ਯਿਸੂ ਇਹ ਕੰਮ ਕਿਉਂ ਕਰਦਾ ਸੀ।

13 ਯਿਸੂ ਆਪਣੇ ਪਿਤਾ ਯਹੋਵਾਹ ਨੂੰ ਬੇਹੱਦ ਪਿਆਰ ਕਰਦਾ ਸੀ, ਤਾਹੀਓਂ ਉਹ ਲੋਕਾਂ ਨੂੰ ਪ੍ਰਚਾਰ ਕਰਦਾ ਤੇ ਸਿਖਾਉਂਦਾ ਸੀ। ਇਸ ਤੋਂ ਇਲਾਵਾ, ਯਿਸੂ ਨੂੰ ਉਨ੍ਹਾਂ ਸੱਚਾਈਆਂ ਨਾਲ ਪ੍ਰੀਤ ਸੀ ਜੋ ਉਸ ਨੇ ਲੋਕਾਂ ਨੂੰ ਦੱਸੀਆਂ। ਯਿਸੂ ਉਨ੍ਹਾਂ ਸੱਚਾਈਆਂ ਨੂੰ ਅਨਮੋਲ ਸਮਝਦਾ ਸੀ ਅਤੇ ਲੋਕਾਂ ਨੂੰ ਦੱਸਣ ਲਈ ਉਤਾਵਲਾ ਰਹਿੰਦਾ ਸੀ। ਖ਼ੁਸ਼ ਖ਼ਬਰੀ ਦੇ ਸਿੱਖਿਅਕ ਹੋਣ ਦੇ ਨਾਤੇ ਸਾਨੂੰ ਵੀ ਯਿਸੂ ਵਾਂਗ ਮਹਿਸੂਸ ਕਰਨਾ ਚਾਹੀਦਾ ਹੈ। ਜ਼ਰਾ ਉਨ੍ਹਾਂ ਕੁਝ ਅਨਮੋਲ ਸੱਚਾਈਆਂ ਬਾਰੇ ਸੋਚੋ ਜੋ ਅਸੀਂ ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖੀਆਂ ਹਨ! ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦੀ ਹਕੂਮਤ ਸੰਬੰਧੀ ਕਿਹੜਾ ਮਸਲਾ ਖੜ੍ਹਾ ਹੋਇਆ ਸੀ ਅਤੇ ਪਰਮੇਸ਼ੁਰ ਉਸ ਮਸਲੇ ਨੂੰ ਕਿਵੇਂ ਹੱਲ ਕਰੇਗਾ। ਅਸੀਂ ਬਾਈਬਲ ਵਿੱਚੋਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਮਰੇ ਹੋਏ ਕਿਸ ਹਾਲਤ ਵਿਚ ਹਨ ਅਤੇ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ। ਚਾਹੇ ਅਸੀਂ ਇਹ ਸੱਚਾਈਆਂ ਹੁਣੇ-ਹੁਣੇ ਸਿੱਖੀਆਂ ਹਨ ਜਾਂ ਬਹੁਤ ਚਿਰ ਪਹਿਲਾਂ, ਸਾਡੀ ਲਈ ਇਨ੍ਹਾਂ ਦੀ ਕਦਰ ਕਦੇ ਨਹੀਂ ਘੱਟਦੀ, ਸਗੋਂ ਇਹ ਸਾਡੇ ਲਈ ਬਹੁਤ ਅਨਮੋਲ ਹਨ। (ਮੱਤੀ 13:52 ਪੜ੍ਹੋ।) ਜੋਸ਼ ਨਾਲ ਲੋਕਾਂ ਨੂੰ ਇਹ ਸੱਚਾਈਆਂ ਦੱਸਣ ਦੁਆਰਾ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਇਨ੍ਹਾਂ ਸੱਚਾਈਆਂ ਨਾਲ ਬਹੁਤ ਪ੍ਰੀਤ ਕਰਦੇ ਹਾਂ।

14. ਸਿਖਾਉਣ ਦੇ ਮਾਮਲੇ ਵਿਚ ਅਸੀਂ ਯਿਸੂ ਦੀ ਕਿਵੇਂ ਰੀਸ ਕਰ ਸਕਦੇ ਹਾਂ?

14 ਧਿਆਨ ਦਿਓ ਕਿ ਯਿਸੂ ਨੇ ਕਿਵੇਂ ਸਿਖਾਇਆ। ਉਸ ਨੇ ਹਮੇਸ਼ਾ ਆਪਣੇ ਸੁਣਨ ਵਾਲਿਆਂ ਦਾ ਧਿਆਨ ਸ਼ਾਸਤਰਾਂ ਵੱਲ ਖਿੱਚਿਆ ਸੀ। ਕੋਈ ਜ਼ਰੂਰੀ ਗੱਲ ਸਮਝਾਉਣ ਵੇਲੇ ਉਹ ਕਹਿੰਦਾ ਹੁੰਦਾ ਸੀ: “ਲਿਖਿਆ ਹੈ।” (ਮੱਤੀ 4:4; 21:13) ਇੰਜੀਲਾਂ ਵਿਚ ਦਰਜ ਸ਼ਬਦ ਉਸ ਨੇ ਜਾਂ ਤਾਂ ਸਿੱਧੇ ਜਾਂ ਫਿਰ ਅਸਿੱਧੇ ਤੌਰ ਤੇ ਇਬਰਾਨੀ ਸ਼ਾਸਤਰ ਦੀਆਂ ਅੱਧੀਆਂ ਨਾਲੋਂ ਜ਼ਿਆਦਾ ਕਿਤਾਬਾਂ ਵਿੱਚੋਂ ਹਵਾਲੇ ਦੇ ਕੇ ਕਹੇ ਸਨ। ਯਿਸੂ ਦੀ ਤਰ੍ਹਾਂ ਅਸੀਂ ਵੀ ਪ੍ਰਚਾਰ ਕਰਦਿਆਂ ਬਾਈਬਲ ਵਰਤਦੇ ਹਾਂ। ਜਦੋਂ ਵੀ ਮੌਕਾ ਮਿਲਦਾ ਹੈ ਤਾਂ ਅਸੀਂ ਬਾਈਬਲ ਵਿੱਚੋਂ ਹੀ ਹਵਾਲਾ ਦਿਖਾਉਂਦੇ ਹਾਂ। ਇਸ ਤਰ੍ਹਾਂ ਅਸੀਂ ਨੇਕਦਿਲ ਲੋਕਾਂ ਦੀ ਮਦਦ ਕਰਦੇ ਹਾਂ ਕਿ ਉਹ ਖ਼ੁਦ ਦੇਖਣ ਕਿ ਅਸੀਂ ਪਰਮੇਸ਼ੁਰ ਦੀਆਂ ਗੱਲਾਂ ਦੱਸਦੇ ਹਾਂ, ਨਾ ਕਿ ਆਪਣੀਆਂ। ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਕੋਈ ਬਾਈਬਲ ਵਿੱਚੋਂ ਕੁਝ ਪੜ੍ਹਨ ਅਤੇ ਗੱਲਾਂ ਦਾ ਮਤਲਬ ਸਮਝਣ ਲਈ ਰਾਜ਼ੀ ਹੋ ਜਾਂਦਾ ਹੈ। ਨਾਲੇ ਜਦੋਂ ਕੋਈ ਯਿਸੂ ਦੇ ਮਗਰ ਚੱਲਣ ਦੇ ਸੱਦੇ ਨੂੰ ਕਬੂਲ ਕਰ ਲੈਂਦਾ ਹੈ, ਤਾਂ ਸਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ।

ਯਿਸੂ ਦੇ ਮਗਰ ਚੱਲਣ ਦਾ ਮਤਲਬ ਹੈ ਦੂਜਿਆਂ ਨਾਲ ਪਿਆਰ

15. ਯਿਸੂ ਵਿਚ ਕਿਹੜਾ ਸ਼ਾਨਦਾਰ ਗੁਣ ਸੀ ਅਤੇ ਇਸ ’ਤੇ ਸੋਚ-ਵਿਚਾਰ ਕਰਨ ਦਾ ਸਾਡੇ ’ਤੇ ਕੀ ਅਸਰ ਪੈ ਸਕਦਾ ਹੈ?

15 ਯਿਸੂ ਦੀ ਸ਼ਖਸੀਅਤ ਦਾ ਆਖ਼ਰੀ ਪਹਿਲੂ ਹੈ ਲੋਕਾਂ ਲਈ ਉਸ ਦਾ ਪਿਆਰ। ਪੌਲੁਸ ਰਸੂਲ ਨੇ ਲਿਖਿਆ: “ਮਸੀਹ ਦਾ ਪ੍ਰੇਮ ਸਾਨੂੰ ਮਜਬੂਰ ਕਰ ਲੈਂਦਾ ਹੈ।” (2 ਕੁਰਿੰ. 5:14) ਜਦੋਂ ਅਸੀਂ ਸੋਚ-ਵਿਚਾਰ ਕਰਦੇ ਹਾਂ ਕਿ ਯਿਸੂ ਨੇ ਮਨੁੱਖਜਾਤੀ ਨੂੰ ਕਿੰਨਾ ਪਿਆਰ ਕੀਤਾ, ਤਾਂ ਸਾਡੇ ਦਿਲ ਤੇ ਬਹੁਤ ਗਹਿਰਾ ਅਸਰ ਪੈਂਦਾ ਹੈ ਅਤੇ ਅਸੀਂ ਉਸ ਦੀ ਮਿਸਾਲ ’ਤੇ ਚੱਲਣ ਲਈ ਮਜਬੂਰ ਹੋ ਜਾਂਦੇ ਹਾਂ।

16, 17. ਯਿਸੂ ਨੇ ਕਿਨ੍ਹਾਂ ਤਰੀਕਿਆਂ ਨਾਲ ਦੂਜਿਆਂ ਲਈ ਪਿਆਰ ਜ਼ਾਹਰ ਕੀਤਾ?

16 ਯਿਸੂ ਨੇ ਦੂਜਿਆਂ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕੀਤਾ? ਉਸ ਨੇ ਇਨਸਾਨਾਂ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਜੋ ਕਿ ਉਸ ਦੇ ਪਿਆਰ ਦਾ ਸ਼ਾਨਦਾਰ ਸਬੂਤ ਹੈ। (ਯੂਹੰ. 15:13) ਪ੍ਰਚਾਰ ਕਰਦਿਆਂ ਯਿਸੂ ਨੇ ਹੋਰਨਾਂ ਤਰੀਕਿਆਂ ਨਾਲ ਵੀ ਪਿਆਰ ਜ਼ਾਹਰ ਕੀਤਾ। ਮਿਸਾਲ ਲਈ, ਯਿਸੂ ਦੁਖੀਆਂ ਦੇ ਦਰਦ ਨੂੰ ਸਮਝਦਾ ਹੁੰਦਾ ਸੀ। ਲਾਜ਼ਰ ਦੀ ਮੌਤ ਹੋਣ ’ਤੇ ਜਦੋਂ ਯਿਸੂ ਨੇ ਮਰਿਯਮ ਅਤੇ ਹੋਰਨਾਂ ਲੋਕਾਂ ਨੂੰ ਰੋਂਦਿਆਂ ਦੇਖਿਆ, ਤਾਂ ਉਹ ਵੀ ਬਹੁਤ ਦੁਖੀ ਹੋਇਆ ਸੀ। ਭਾਵੇਂ ਯਿਸੂ ਲਾਜ਼ਰ ਨੂੰ ਜ਼ਿੰਦਾ ਕਰਨ ਵਾਲਾ ਸੀ, ਫਿਰ ਵੀ ਉਸ ਨੂੰ ਇੰਨਾ ਗਮ ਸੀ ਕਿ ਉਹ “ਰੋਇਆ।”—ਯੂਹੰ. 11:32-35.

17 ਯਿਸੂ ਦੀ ਸੇਵਕਾਈ ਦੇ ਸ਼ੁਰੂ ਵਿਚ ਉਸ ਕੋਲ ਇਕ ਕੋੜ੍ਹੀ ਆਇਆ ਅਤੇ ਉਸ ਨੇ ਕਿਹਾ: “ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ।” ਉਸ ਨੂੰ ਦੇਖ ਕੇ ਯਿਸੂ ਨੇ ਕੀ ਕੀਤਾ? ਬਾਈਬਲ ਦੱਸਦੀ ਹੈ: ‘ਉਸ ਨੇ ਤਰਸ ਖਾਧਾ।’ ਫਿਰ ਯਿਸੂ ਨੇ ਕੁਝ ਅਜਿਹਾ ਕੀਤਾ ਜੋ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤਾ। ‘ਉਸ ਨੇ ਆਪਣਾ ਹੱਥ ਲੰਮਾ ਕੀਤਾ ਅਰ ਉਹ ਨੂੰ ਛੋਹ ਕੇ ਕਿਹਾ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ। ਤਾਂ ਝੱਟ ਉਹ ਦਾ ਕੋੜ੍ਹ ਜਾਂਦਾ ਰਿਹਾ ਅਤੇ ਉਹ ਸ਼ੁੱਧ ਹੋ ਗਿਆ!’ ਮੂਸਾ ਦੀ ਬਿਵਸਥਾ ਅਨੁਸਾਰ ਕੋੜ੍ਹੀ ਅਸ਼ੁੱਧ ਮੰਨੇ ਜਾਂਦੇ ਸਨ। ਯਿਸੂ ਕੋੜ੍ਹੀ ਨੂੰ ਬਿਨਾਂ ਹੱਥ ਲਾਏ ਰਾਜ਼ੀ ਕਰ ਸਕਦਾ ਸੀ, ਪਰ ਉਸ ਨੇ ਉਸ ਨੂੰ ਠੀਕ ਕਰਨ ਲੱਗਿਆਂ ਉਸ ਨੂੰ ਛੋਹਿਆ। ਯਿਸੂ ਨੇ ਇਸ ਲਈ ਇੱਦਾਂ ਕੀਤਾ ਤਾਂਕਿ ਕੋੜ੍ਹੀ ਨੂੰ ਇਨਸਾਨੀ ਛੋਹ ਦਾ ਅਹਿਸਾਸ ਹੋਵੇ, ਉਹ ਛੋਹ ਜਿਸ ਨੂੰ ਉਸ ਨੇ ਸਾਲਾਂ ਤੋਂ ਮਹਿਸੂਸ ਨਹੀਂ ਕੀਤਾ ਹੋਣਾ। ਵਾਕਈ, ਯਿਸੂ ਨੇ ਹਮਦਰਦੀ ਦੀ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ!—ਮਰ. 1:40-42.

18. ਅਸੀਂ ਦੂਜਿਆਂ ਦੇ “ਦਰਦੀ” ਕਿਵੇਂ ਬਣ ਸਕਦੇ ਹਾਂ?

18 ਯਿਸੂ ਦੀ ਪੈੜ ਉੱਤੇ ਚੱਲਦਿਆਂ ਸਾਨੂੰ ਵੀ ਆਪਣਾ ਪਿਆਰ ਜ਼ਾਹਰ ਕਰਨ ਲਈ ਦੂਜਿਆਂ ਦੇ ‘ਦਰਦੀ ਬਣਨਾ’ ਚਾਹੀਦਾ ਹੈ। (1 ਪਤ. 3:8) ਸਾਡੇ ਲਈ ਉਨ੍ਹਾਂ ਭੈਣ-ਭਰਾਵਾਂ ਦੇ ਜਜ਼ਬਾਤਾਂ ਨੂੰ ਸਮਝਣਾ ਸ਼ਾਇਦ ਸੌਖਾ ਨਾ ਹੋਵੇ ਜਿਨ੍ਹਾਂ ਨੂੰ ਕੋਈ ਗੰਭੀਰ ਬੀਮਾਰੀ ਲੱਗੀ ਹੋਵੇ ਜਾਂ ਜੋ ਡਿਪਰੈਸ਼ਨ ਦੇ ਸ਼ਿਕਾਰ ਹੋਣ। ਖ਼ਾਸਕਰ ਜੇ ਅਸੀਂ ਕਦੇ ਕਿਸੇ ਗੰਭੀਰ ਬੀਮਾਰੀ ਦਾ ਸ਼ਿਕਾਰ ਨਹੀਂ ਹੋਏ ਹਾਂ, ਤਾਂ ਸਾਨੂੰ ਸ਼ਾਇਦ ਉਨ੍ਹਾਂ ਦੇ ਜਜ਼ਬਾਤ ਸਮਝਣੇ ਮੁਸ਼ਕਲ ਲੱਗਣ। ਫਿਰ ਵੀ ਯਿਸੂ ਨੇ ਬੀਮਾਰ ਲੋਕਾਂ ਨਾਲ ਹਮਦਰਦੀ ਜਤਾਈ, ਭਾਵੇਂ ਉਹ ਆਪ ਕਦੇ ਬੀਮਾਰ ਨਹੀਂ ਸੀ ਹੋਇਆ। ਅਸੀਂ ਦੂਜਿਆਂ ਦੇ ਹਮਦਰਦ ਕਿਵੇਂ ਬਣ ਸਕਦੇ ਹਾਂ? ਸਾਨੂੰ ਧੀਰਜ ਨਾਲ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ ਜਦੋਂ ਉਹ ਸਾਡੇ ਨਾਲ ਆਪਣੇ ਦੁੱਖ ਸਾਂਝੇ ਕਰਦੇ ਹਨ। ਅਸੀਂ ਆਪਣੇ ਤੋਂ ਪੁੱਛ ਸਕਦੇ ਹਾਂ, ‘ਜੇ ਮੈਂ ਉਨ੍ਹਾਂ ਦੀ ਥਾਂ ਹੁੰਦਾ, ਤਾਂ ਮੈਨੂੰ ਕਿੱਦਾਂ ਲੱਗਦਾ?’ ਜੇ ਅਸੀਂ ਉਨ੍ਹਾਂ ਦੇ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਅਸੀਂ “ਕਮਦਿਲਿਆਂ ਨੂੰ ਦਿਲਾਸਾ” ਦੇ ਪਾਵਾਂਗੇ। (1 ਥੱਸ. 5:14) ਇਸ ਤਰ੍ਹਾਂ ਅਸੀਂ ਯਿਸੂ ਦੀ ਰੀਸ ਕਰ ਰਹੇ ਹੋਵਾਂਗੇ।

19. ਯਿਸੂ ਦੀ ਮਿਸਾਲ ਦਾ ਸਾਡੇ ਉੱਤੇ ਕਿਨ੍ਹਾਂ ਤਰੀਕਿਆਂ ਨਾਲ ਅਸਰ ਪਿਆ ਹੈ?

19 ਅਸੀਂ ਯਿਸੂ ਮਸੀਹ ਦੇ ਕੰਮਾਂ ਅਤੇ ਉਸ ਦੇ ਕਹੇ ਲਫ਼ਜ਼ਾਂ ਤੋਂ ਕਿੰਨਾ ਕੁਝ ਸਿੱਖ ਸਕਦੇ ਹਾਂ! ਅਸੀਂ ਉਸ ਬਾਰੇ ਜਿੰਨਾ ਜ਼ਿਆਦਾ ਸਿੱਖਦੇ ਹਾਂ, ਉੱਨਾ ਜ਼ਿਆਦਾ ਅਸੀਂ ਉਸ ਵਰਗੇ ਬਣਨਾ ਚਾਹੁੰਦੇ ਹਾਂ। ਨਾਲੇ ਅਸੀਂ ਯਿਸੂ ਦੇ ਪਿੱਛੇ-ਪਿੱਛੇ ਚੱਲਣ ਵਿਚ ਦੂਜਿਆਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕਰਨੀ ਚਾਹੁੰਦੇ ਹਾਂ। ਸੋ ਆਓ ਆਪਾਂ ਹੁਣ ਅਤੇ ਸਦਾ ਲਈ ਆਪਣੇ ਰਾਜੇ ਦੇ ਮਗਰ-ਮਗਰ ਖ਼ੁਸ਼ੀ ਨਾਲ ਚੱਲਦੇ ਰਹੀਏ!

ਕੀ ਤੁਸੀਂ ਸਮਝਾ ਸਕਦੇ ਹੋ?

• ਯਿਸੂ ਦੀ ਤਰ੍ਹਾਂ ਅਸੀਂ ਕਿਵੇਂ ਬੁੱਧ ਜ਼ਾਹਰ ਕਰ ਸਕਦੇ ਹਾਂ?

• ਅਸੀਂ ਕਿਨ੍ਹਾਂ ਤਰੀਕਿਆਂ ਨਾਲ ਨਿਮਰਤਾ ਦਿਖਾ ਸਕਦੇ ਹਾਂ?

• ਅਸੀਂ ਪ੍ਰਚਾਰ ਦੇ ਕੰਮ ਵਿਚ ਜੋਸ਼ੀਲੇ ਕਿਵੇਂ ਬਣ ਸਕਦੇ ਹਾਂ?

• ਯਿਸੂ ਦੀ ਰੀਸ ਕਰਦੇ ਹੋਏ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦੂਜਿਆਂ ਲਈ ਪਿਆਰ ਜ਼ਾਹਰ ਕਰ ਸਕਦੇ ਹਾਂ?

[ਸਵਾਲ]

[ਸਫ਼ਾ 5 ਉੱਤੇ ਡੱਬੀ/ਤਸਵੀਰ]

ਮਸੀਹ ਦੇ ਪਿੱਛੇ ਚੱਲਣ ਵਿਚ ਮਦਦਗਾਰ ਕਿਤਾਬ

2007 ਜ਼ਿਲ੍ਹਾ ਸੰਮੇਲਨ ਪ੍ਰੋਗ੍ਰਾਮ ਦੌਰਾਨ 192 ਸਫ਼ਿਆਂ ਵਾਲੀ ਅੰਗ੍ਰੇਜ਼ੀ ਕਿਤਾਬ ਰਿਲੀਜ਼ ਕੀਤੀ ਗਈ ਸੀ ਜਿਸ ਦਾ ਵਿਸ਼ਾ ਹੈ, “ਮੇਰੇ ਪਿੱਛੇ ਹੋ ਤੁਰ।” ਇਹ ਕਿਤਾਬ ਯਿਸੂ ਦੇ ਗੁਣਾਂ ਅਤੇ ਕੰਮਾਂ ਬਾਰੇ ਜਾਣਨ ਵਿਚ ਮਸੀਹੀਆਂ ਦੀ ਮਦਦ ਕਰਨ ਵਾਸਤੇ ਤਿਆਰ ਕੀਤੀ ਗਈ ਹੈ। ਪਹਿਲੇ ਦੋ ਅਧਿਆਵਾਂ ਤੋਂ ਬਾਅਦ ਆਉਂਦੇ ਪਹਿਲੇ ਭਾਗ ਵਿਚ ਯਿਸੂ ਦੇ ਮੁੱਖ ਗੁਣਾਂ ਬਾਰੇ ਥੋੜ੍ਹਾ-ਬਹੁਤਾ ਦੱਸਣ ਮਗਰੋਂ ਉਸ ਦੀ ਨਿਮਰਤਾ, ਬਹਾਦਰੀ, ਬੁੱਧ, ਆਗਿਆਕਾਰੀ ਅਤੇ ਧੀਰਜ ਬਾਰੇ ਚਰਚਾ ਕੀਤੀ ਗਈ ਹੈ।

ਫਿਰ ਸਿੱਖਿਅਕ ਅਤੇ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਵਜੋਂ ਯਿਸੂ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਦੱਸਿਆ ਗਿਆ ਹੈ ਕਿ ਉਸ ਨੇ ਕਿਨ੍ਹਾਂ ਤਰੀਕਿਆਂ ਨਾਲ ਆਪਣਾ ਪਿਆਰ ਜ਼ਾਹਰ ਕੀਤਾ। ਸਾਰੀ ਕਿਤਾਬ ਵਿਚ ਮਸੀਹੀਆਂ ਨੂੰ ਯਿਸੂ ਦੀ ਰੀਸ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ।

ਸਾਨੂੰ ਯਕੀਨ ਹੈ ਕਿ ਇਹ ਕਿਤਾਬ ਸਾਨੂੰ ਸਾਰਿਆਂ ਨੂੰ ਆਪਣੀ ਜਾਂਚ ਕਰਨ ਅਤੇ ਆਪਣੇ ਤੋਂ ਇਹ ਸਵਾਲ ਪੁੱਛਣ ਲਈ ਪ੍ਰੇਰੇਗੀ: ‘ਕੀ ਮੈਂ ਸੱਚ-ਮੁੱਚ ਯਿਸੂ ਦੇ ਮਗਰ ਚੱਲ ਰਿਹਾ ਹਾਂ? ਮੈਂ ਹੋਰ ਚੰਗੀ ਤਰ੍ਹਾਂ ਉਸ ਦੀ ਨਕਲ ਕਿਵੇਂ ਕਰ ਸਕਦਾ ਹਾਂ?’ ਇਹ ਕਿਤਾਬ ਯਿਸੂ ਦੇ ਚੇਲੇ ਬਣਨ ਵਿਚ ਹੋਰਨਾਂ ਨੇਕਦਿਲ ਲੋਕਾਂ ਦੀ ਵੀ ਮਦਦ ਕਰੇਗੀ।—ਰਸੂ. 13:48.

[ਸਫ਼ਾ 4 ਉੱਤੇ ਤਸਵੀਰ]

ਯਿਸੂ ਆਪਣੀ ਮਰਜ਼ੀ ਨਾਲ ਧਰਤੀ ਉੱਤੇ ਆਇਆ ਅਤੇ ਬੱਚੇ ਦੇ ਰੂਪ ਵਿਚ ਪੈਦਾ ਹੋਇਆ। ਇਸ ਦੇ ਲਈ ਉਸ ਵਿਚ ਕਿਹੜਾ ਗੁਣ ਹੋਣਾ ਜ਼ਰੂਰੀ ਸੀ?

[ਸਫ਼ਾ 6 ਉੱਤੇ ਤਸਵੀਰ]

ਸੇਵਕਾਈ ਵਿਚ ਜੋਸ਼ੀਲੇ ਬਣਨ ਲਈ ਸਾਨੂੰ ਕਿਹੜੀ ਗੱਲ ਪ੍ਰੇਰਿਤ ਕਰੇਗੀ?