Skip to content

Skip to table of contents

ਯਹੋਵਾਹ ਦਾ ਦਾਸ “ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ”

ਯਹੋਵਾਹ ਦਾ ਦਾਸ “ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ”

ਯਹੋਵਾਹ ਦਾ ਦਾਸ “ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ”

‘ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ।’—ਯਸਾ. 53:5.

1. ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਵੇਲੇ ਅਸੀਂ ਕਿਹੜੀਆਂ ਗੱਲਾਂ ਯਾਦ ਰੱਖਾਂਗੇ ਅਤੇ ਕਿਹੜੀ ਭਵਿੱਖਬਾਣੀ ਇੰਜ ਕਰਨ ਵਿਚ ਸਾਡੀ ਮਦਦ ਕਰੇਗੀ?

ਯਿਸੂ ਦੀ ਮੌਤ ਦੀ ਯਾਦਗਾਰ ਅਸੀਂ ਇਹ ਗੱਲ ਚੇਤੇ ਕਰਨ ਲਈ ਮਨਾਉਂਦੇ ਹਾਂ ਕਿ ਉਸ ਦੀ ਮੌਤ ਅਤੇ ਉਸ ਦੇ ਮੁੜ ਜੀ ਉੱਠਣ ਨਾਲ ਕੀ ਕੁਝ ਪੂਰਾ ਹੋਇਆ। ਅਸੀਂ ਚੇਤੇ ਕਰਦੇ ਹਾਂ ਕਿ ਯਿਸੂ ਦੀ ਕੁਰਬਾਨੀ ਸਦਕਾ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਠਹਿਰਾਇਆ ਗਿਆ, ਉਸ ਦਾ ਨਾਂ ਰੌਸ਼ਨ ਕੀਤਾ ਗਿਆ, ਪਰਮੇਸ਼ੁਰ ਦਾ ਮਕਸਦ ਪੂਰਾ ਹੋਵੇਗਾ ਅਤੇ ਇਨਸਾਨਾਂ ਨੂੰ ਮੁਕਤੀ ਮਿਲੇਗੀ। ਯਿਸੂ ਦੀ ਕੁਰਬਾਨੀ ਅਤੇ ਇਸ ਦੇ ਫ਼ਾਇਦਿਆਂ ਬਾਰੇ ਸ਼ਾਇਦ ਕਿਸੇ ਹੋਰ ਭਵਿੱਖਬਾਣੀ ਵਿਚ ਇੰਨਾ ਨਹੀਂ ਦੱਸਿਆ ਜਿੰਨਾ ਯਸਾਯਾਹ 53:3-12 ਵਿਚ ਦੱਸਿਆ ਹੈ। ਯਸਾਯਾਹ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਯਿਸੂ ਦੁੱਖ ਝੱਲੇਗਾ, ਉਸ ਦੀ ਮੌਤ ਕਿਸ ਤਰ੍ਹਾਂ ਹੋਵੇਗੀ ਅਤੇ ਉਸ ਦੀ ਮੌਤ ਕਾਰਨ ਮਸਹ ਕੀਤੇ ਹੋਏ ਭਰਾਵਾਂ ਅਤੇ ‘ਹੋਰਨਾਂ ਭੇਡਾਂ’ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ।—ਯੂਹੰ. 10:16.

2. ਯਸਾਯਾਹ ਦੀ ਭਵਿੱਖਬਾਣੀ ਕਿਸ ਗੱਲ ਦਾ ਸਬੂਤ ਸੀ ਅਤੇ ਇਸ ਦਾ ਸਾਡੇ ’ਤੇ ਕੀ ਅਸਰ ਪਵੇਗਾ?

2 ਯਿਸੂ ਦੇ ਜਨਮ ਤੋਂ ਸੱਤ ਸਦੀਆਂ ਪਹਿਲਾਂ ਯਹੋਵਾਹ ਨੇ ਯਸਾਯਾਹ ਤੋਂ ਭਵਿੱਖਬਾਣੀ ਕਰਵਾਈ ਕਿ ਉਸ ਦਾ ਚੁਣਿਆ ਹੋਇਆ ਦਾਸ ਡਾਢੀਆਂ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਰਹੇਗਾ। ਇਹ ਭਵਿੱਖਬਾਣੀ ਸਬੂਤ ਸੀ ਕਿ ਯਹੋਵਾਹ ਨੂੰ ਆਪਣੇ ਪੁੱਤਰ ਯਿਸੂ ’ਤੇ ਪੂਰਾ ਯਕੀਨ ਸੀ ਕਿ ਉਹ ਉਸ ਨਾਲ ਕਦੇ ਦਗ਼ਾ ਨਹੀਂ ਕਰੇਗਾ। ਇਸ ਭਵਿੱਖਬਾਣੀ ’ਤੇ ਗੌਰ ਕਰਨ ਨਾਲ ਸਾਡੇ ਦਿਲ ਅਹਿਸਾਨਮੰਦੀ ਨਾਲ ਭਰ ਜਾਣਗੇ ਅਤੇ ਸਾਡੀ ਨਿਹਚਾ ਮਜ਼ਬੂਤ ਹੋਵੇਗੀ।

“ਤੁੱਛ” ਸਮਝਿਆ ਗਿਆ ਅਤੇ ‘ਉਸ ਦੀ ਕਦਰ ਨਹੀਂ ਕੀਤੀ’ ਗਈ

3. ਯਹੂਦੀਆਂ ਨੂੰ ਯਿਸੂ ਦਾ ਸੁਆਗਤ ਕਿਉਂ ਕਰਨਾ ਚਾਹੀਦਾ ਸੀ, ਪਰ ਉਨ੍ਹਾਂ ਨੇ ਕੀ ਕੀਤਾ?

3ਯਸਾਯਾਹ 53:3 ਪੜ੍ਹੋ। ਜ਼ਰਾ ਸੋਚੋ ਕਿ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਯਿਸੂ ਨੇ ਆਪਣੇ ਪਿਤਾ ਨਾਲ ਕੰਮ ਕਰਨਾ ਛੱਡ ਕੇ ਕਿੰਨੀ ਵੱਡੀ ਕੁਰਬਾਨੀ ਕੀਤੀ। ਉਸ ਨੇ ਧਰਤੀ ’ਤੇ ਆ ਕੇ ਇਨਸਾਨਾਂ ਨੂੰ ਪਾਪ ਤੇ ਮੌਤ ਤੋਂ ਛੁਡਾਉਣ ਲਈ ਆਪਣੀ ਜਾਨ ਵਾਰ ਦਿੱਤੀ। (ਫ਼ਿਲਿ. 2:5-8) ਮੂਸਾ ਦੀ ਬਿਵਸਥਾ ਅਨੁਸਾਰ ਲੋਕਾਂ ਨੂੰ ਮਾਫ਼ੀ ਲਈ ਹਰ ਸਾਲ ਜਾਨਵਰਾਂ ਦੀਆਂ ਬਲੀਆਂ ਚੜ੍ਹਾਉਣੀਆਂ ਪੈਂਦੀਆਂ ਸਨ, ਪਰ ਯਿਸੂ ਦੀ ਇੱਕੋ ਕੁਰਬਾਨੀ ਸਦਕਾ ਇਨਸਾਨਾਂ ਨੂੰ ਪਾਪਾਂ ਦੀ ਮਾਫ਼ੀ ਮਿਲ ਸਕਦੀ ਸੀ। (ਇਬ. 10:1-4) ਤਾਂ ਫਿਰ ਕੀ ਮਸੀਹਾ ਦੀ ਉਡੀਕ ਕਰ ਰਹੇ ਯਹੂਦੀਆਂ ਨੂੰ ਯਿਸੂ ਦਾ ਖੁੱਲ੍ਹੇ ਦਿਲ ਨਾਲ ਸੁਆਗਤ ਅਤੇ ਇੱਜ਼ਤ ਨਹੀਂ ਸੀ ਕਰਨੀ ਚਾਹੀਦੀ? (ਯੂਹੰ. 6:14) ਪਰ ਯਸਾਯਾਹ ਦੀ ਭਵਿੱਖਬਾਣੀ ਮੁਤਾਬਕ ਯਹੂਦੀਆਂ ਨੇ ਯਿਸੂ ਨੂੰ “ਤੁੱਛ” ਸਮਝਿਆ ਅਤੇ “ਉਸ ਦੀ ਕਦਰ ਨਾ ਕੀਤੀ।” ਯੂਹੰਨਾ ਰਸੂਲ ਨੇ ਲਿਖਿਆ: “ਉਹ ਆਪਣੇ ਘਰ ਆਇਆ ਅਰ ਜਿਹੜੇ ਉਸ ਦੇ ਆਪਣੇ ਸਨ ਉਨ੍ਹਾਂ ਨੇ ਉਸ ਨੂੰ ਕਬੂਲ ਨਾ ਕੀਤਾ।” (ਯੂਹੰ. 1:11) ਪਤਰਸ ਰਸੂਲ ਨੇ ਯਹੂਦੀਆਂ ਨੂੰ ਕਿਹਾ: “ਸਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ ਨੇ ਆਪਣੇ ਸੇਵਕ ਯਿਸੂ ਦੀ ਵਡਿਆਈ ਕੀਤੀ ਜਿਹ ਨੂੰ ਤੁਸਾਂ ਹਵਾਲੇ ਕੀਤਾ ਅਤੇ ਪਿਲਾਤੁਸ ਦੇ ਸਾਹਮਣੇ ਉਸ ਤੋਂ ਇਨਕਾਰ ਕੀਤਾ ਜਾਂ ਉਸ ਨੇ ਉਹ ਨੂੰ ਛੱਡ ਦੇਣ ਦੀ ਦਲੀਲ ਕੀਤੀ। ਪਰ ਤੁਸਾਂ ਉਸ ਪਵਿੱਤ੍ਰ ਅਰ ਧਰਮੀ ਤੋਂ ਇਨਕਾਰ ਕੀਤਾ।”—ਰਸੂ. 3:13, 14.

4. ਯਿਸੂ ਸੋਗ ਤੋਂ ਜਾਣੂ ਕਿਵੇਂ ਹੋਇਆ?

4 ਯਸਾਯਾਹ ਨੇ ਇਹ ਵੀ ਦੱਸਿਆ ਸੀ ਕਿ ਯਿਸੂ “ਸੋਗ [ਰੋਗਾਂ] ਦਾ ਜਾਣੂ” ਹੋਵੇਗਾ। ਆਪਣੀ ਸੇਵਕਾਈ ਦੌਰਾਨ ਯਿਸੂ ਕਦੇ-ਕਦੇ ਥੱਕ ਜਾਂਦਾ ਸੀ, ਪਰ ਕਦੇ ਬੀਮਾਰ ਨਹੀਂ ਹੋਇਆ। (ਯੂਹੰ. 4:6) ਫਿਰ ਵੀ ਜਿਨ੍ਹਾਂ ਲੋਕਾਂ ਨੂੰ ਯਿਸੂ ਪ੍ਰਚਾਰ ਕਰਦਾ ਹੁੰਦਾ ਸੀ, ਉਹ ਉਨ੍ਹਾਂ ਦੇ ਸੋਗ ਯਾਨੀ ਦੁੱਖ-ਦਰਦ ਸਮਝਦਾ ਸੀ। ਉਸ ਨੂੰ ਉਨ੍ਹਾਂ ’ਤੇ ਤਰਸ ਆਉਂਦਾ ਸੀ ਜਿਸ ਕਰਕੇ ਉਸ ਨੇ ਬਹੁਤਿਆਂ ਨੂੰ ਠੀਕ ਕੀਤਾ। (ਮਰ. 1:32-34) ਇਸ ਤਰ੍ਹਾਂ ਯਿਸੂ ਨੇ ਇਹ ਭਵਿੱਖਬਾਣੀ ਪੂਰੀ ਕੀਤੀ: “ਸੱਚ ਮੁੱਚ ਉਸ ਨੇ ਸਾਡੇ ਗ਼ਮ ਚੁੱਕ ਲਏ, ਅਤੇ ਸਾਡੇ ਦੁਖ ਉਠਾਏ।”—ਯਸਾ. 53:4ੳ; ਮੱਤੀ 8:16, 17.

ਮਾਨੋ “ਪਰਮੇਸ਼ੁਰ ਦਾ ਕੁੱਟਿਆ ਹੋਇਆ”

5. ਯਿਸੂ ਦੀ ਮੌਤ ਬਾਰੇ ਬਹੁਤ ਸਾਰੇ ਯਹੂਦੀ ਕੀ ਸੋਚਦੇ ਸਨ ਅਤੇ ਇਸ ਕਰਕੇ ਉਸ ਦਾ ਦੁੱਖ ਹੋਰ ਕਿਵੇਂ ਵਧਿਆ?

5ਯਸਾਯਾਹ 53:4ਅ ਪੜ੍ਹੋ। ਯਿਸੂ ਦੇ ਜ਼ਮਾਨੇ ਦੇ ਬਹੁਤ ਸਾਰੇ ਲੋਕ ਇਹ ਸਮਝ ਨਹੀਂ ਪਾਏ ਕਿ ਯਿਸੂ ਨੇ ਦੁੱਖ ਕਿਉਂ ਝੱਲੇ ਅਤੇ ਮਰਿਆ। ਉਨ੍ਹਾਂ ਨੇ ਸੋਚਿਆ ਕਿ ਪਰਮੇਸ਼ੁਰ ਉਸ ਨੂੰ ਸਜ਼ਾ ਦੇ ਰਿਹਾ ਸੀ ਜਿਵੇਂ ਉਸ ’ਤੇ ਪਰਮੇਸ਼ੁਰ ਨੇ ਦੁੱਖਾਂ ਦਾ ਕਹਿਰ ਢਾਹਿਆ ਹੋਵੇ। (ਮੱਤੀ 27:38-44) ਯਹੂਦੀਆਂ ਨੇ ਯਿਸੂ ’ਤੇ ਕੁਫ਼ਰ ਬੋਲਣ ਦਾ ਦੋਸ਼ ਲਾਇਆ। (ਮਰ. 14:61-64; ਯੂਹੰ. 10:33) ਸਾਨੂੰ ਪਤਾ ਹੈ ਕਿ ਯਿਸੂ ਨਾ ਪਾਪੀ ਸੀ ਅਤੇ ਨਾ ਹੀ ਕਾਫ਼ਰ ਸੀ। ਯਿਸੂ ਆਪਣੇ ਪਿਤਾ ਨੂੰ ਬੇਹੱਦ ਪਿਆਰ ਕਰਦਾ ਸੀ। ਇਸ ਲਈ ਕਾਫ਼ਰ ਦੀ ਮੌਤ ਮਰਨ ਦਾ ਖ਼ਿਆਲ ਆਉਂਦਿਆਂ ਹੀ ਉਸ ਨੂੰ ਕਿੰਨਾ ਦੁੱਖ ਲੱਗਿਆ! ਇਸ ਕਰਕੇ ਯਹੋਵਾਹ ਦੇ ਇਸ ਦਾਸ ਦਾ ਦੁੱਖ ਹੋਰ ਵੀ ਵਧ ਗਿਆ ਹੋਵੇਗਾ। ਫਿਰ ਵੀ ਉਹ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਲਈ ਤਿਆਰ ਸੀ।—ਮੱਤੀ 26:39.

6, 7. ਕਿਸ ਅਰਥ ਵਿਚ ਯਹੋਵਾਹ ਨੇ ਆਪਣੇ ਵਫ਼ਾਦਾਰ ਦਾਸ ਨੂੰ ‘ਕੁਚਲਿਆ’ ਅਤੇ ਯਹੋਵਾਹ ਨੂੰ ਇਸ ਤੋਂ ਕਿਉਂ ਖ਼ੁਸ਼ੀ ਮਿਲੀ?

6 ਇਕ ਪਾਸੇ ਯਸਾਯਾਹ ਦੀ ਭਵਿੱਖਬਾਣੀ ਕਹਿੰਦੀ ਹੈ ਕਿ ਲੋਕ ਮਸੀਹ ਨੂੰ “ਪਰਮੇਸ਼ੁਰ ਦਾ ਕੁੱਟਿਆ ਹੋਇਆ” ਸਮਝਣਗੇ। ਪਰ ਦੂਸਰੇ ਪਾਸੇ ਭਵਿੱਖਬਾਣੀ ਕਹਿੰਦੀ ਹੈ: “ਯਹੋਵਾਹ ਨੂੰ ਭਾਇਆ ਕਿ ਉਸ ਨੂੰ ਕੁਚਲੇ।” (ਯਸਾ. 53:10) ਯਹੋਵਾਹ ਨੇ ਇਹ ਵੀ ਕਿਹਾ ਸੀ: “ਵੇਖੋ, ਮੇਰਾ ਦਾਸ . . . ਮੇਰਾ ਚੁਣਵਾਂ ਜਿਸ ਤੋਂ ਮੇਰਾ ਜੀ ਪਰਸੰਨ ਹੈ।” ਸੋ ਯਹੋਵਾਹ ਨੂੰ ਕਿਵੇਂ “ਭਾਇਆ ਕਿ ਉਸ ਨੂੰ ਕੁਚਲੇ”? (ਯਸਾ. 42:1) ਕਿਸ ਅਰਥ ਵਿਚ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਨੂੰ ਇੰਜ ਕਰਨ ਵਿਚ ਖ਼ੁਸ਼ੀ ਮਿਲੀ?

7 ਭਵਿੱਖਬਾਣੀ ਦੇ ਇਸ ਹਿੱਸੇ ਨੂੰ ਸਮਝਣ ਲਈ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸ਼ਤਾਨ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਲਲਕਾਰਿਆ ਸੀ। ਸ਼ਤਾਨ ਨੇ ਮਿਹਣਾ ਮਾਰਿਆ ਸੀ ਕਿ ਸਵਰਗ ਵਿਚ ਅਤੇ ਧਰਤੀ ’ਤੇ ਯਹੋਵਾਹ ਦਾ ਕੋਈ ਵੀ ਭਗਤ ਉਸ ਦਾ ਵਫ਼ਾਦਾਰ ਨਹੀਂ ਰਹੇਗਾ। (ਅੱਯੂ. 1:9-11; 2:3-5) ਪਰ ਯਿਸੂ ਨੇ ਮਰਦੇ ਦਮ ਤਕ ਵਫ਼ਾਦਾਰ ਰਹਿ ਕੇ ਸ਼ਤਾਨ ਦੇ ਇਸ ਮਿਹਣੇ ਦਾ ਮੂੰਹ-ਤੋੜ ਜਵਾਬ ਦਿੱਤਾ। ਇਹ ਠੀਕ ਹੈ ਕਿ ਯਹੋਵਾਹ ਨੇ ਆਪਣੇ ਪੁੱਤਰ ਨੂੰ ਉਸ ਦੇ ਦੁਸ਼ਮਣਾਂ ਦੇ ਹੱਥੋਂ ਮਰਨ ਦਿੱਤਾ, ਪਰ ਯਹੋਵਾਹ ਨੂੰ ਆਪਣੇ ਦਾਸ ਨੂੰ ਮਰਦਿਆਂ ਦੇਖ ਕੇ ਬਹੁਤ ਦੁੱਖ ਹੋਇਆ। ਖ਼ੁਸ਼ੀ ਉਸ ਨੂੰ ਇਸ ਗੱਲ ਦੀ ਸੀ ਕਿ ਉਸ ਦਾ ਪੁੱਤਰ ਵਫ਼ਾਦਾਰ ਰਿਹਾ! (ਕਹਾ. 27:11) ਯਹੋਵਾਹ ਨੂੰ ਹੋਰ ਵੀ ਖ਼ੁਸ਼ੀ ਹੋਈ ਕਿਉਂਕਿ ਉਸ ਦੇ ਪੁੱਤਰ ਦੀ ਮੌਤ ਸਦਕਾ ਤੋਬਾ ਕਰਨ ਵਾਲੇ ਇਨਸਾਨਾਂ ਨੂੰ ਕਈ ਲਾਭ ਹੋਣੇ ਸਨ।—ਲੂਕਾ 15:7.

“ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ”

8, 9. (ੳ) ਯਿਸੂ ਕਿਵੇਂ ‘ਸਾਡੇ ਅਪਰਾਧਾਂ ਲਈ ਘਾਇਲ ਹੋਇਆ’? (ਅ) ਪਤਰਸ ਨੇ ਇਹ ਗੱਲ ਕਿਵੇਂ ਸਪੱਸ਼ਟ ਕੀਤੀ?

8ਯਸਾਯਾਹ 53:6 ਪੜ੍ਹੋ। ਪਾਪੀ ਇਨਸਾਨ ਆਦਮ ਤੋਂ ਮਿਲੇ ਰੋਗਾਂ ਅਤੇ ਮੌਤ ਤੋਂ ਛੁਟਕਾਰਾ ਪਾਉਣ ਲਈ ਗੁਆਚੀਆਂ ਹੋਈਆਂ ਭੇਡਾਂ ਵਾਂਗ ਭਟਕ ਰਹੇ ਹਨ। (1 ਪਤ. 2:25) ਆਦਮ ਦੀ ਔਲਾਦ ਵਿੱਚੋਂ ਕੋਈ ਵੀ ਕਿਸੇ ਨੂੰ ਉਹ ਕੁਝ ਵਾਪਸ ਨਹੀਂ ਦਿਵਾ ਸਕਦਾ ਜੋ ਆਦਮ ਨੇ ਗੁਆ ਦਿੱਤਾ। (ਜ਼ਬੂ. 49:7) ਪਰ ਇਨਸਾਨਾਂ ਨਾਲ ਅਥਾਹ ਪਿਆਰ ਹੋਣ ਕਰਕੇ ਯਹੋਵਾਹ ਨੇ ਆਪਣੇ ਚੁਣੇ ਹੋਏ ਦਾਸ ਯਾਨੀ ਪੁੱਤਰ ਉੱਤੇ ‘ਸਾਡੀ ਸਾਰਿਆਂ ਦੀ ਬਦੀ ਲੱਦ ਦਿੱਤੀ।’ ਹਾਂ, ਯਿਸੂ ‘ਸਾਡੇ ਅਪਰਾਧਾਂ ਲਈ ਘਾਇਲ ਹੋਇਆ’ ਅਤੇ ‘ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ।’ ਇਸ ਤਰ੍ਹਾਂ ਉਹ ਸਾਡੇ ਪਾਪ ਆਪਣੇ ਉੱਤੇ ਲੱਦ ਕੇ ਸਲੀਬ ਚੜ੍ਹ ਗਿਆ ਅਤੇ ਸਾਡੀ ਜਗ੍ਹਾ ਮਰਿਆ।

9 ਪਤਰਸ ਰਸੂਲ ਨੇ ਲਿਖਿਆ:“ਤੁਸੀਂ ਇਸੇ ਕਾਰਨ ਸੱਦੇ ਗਏ ਇਸ ਲਈ ਜੋ ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ। ਓਸ ਆਪ ਸਾਡਿਆਂ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ ਭਈ ਅਸੀਂ ਪਾਪ ਦੀ ਵੱਲੋਂ ਮਰ ਕੇ ਧਰਮ ਦੀ ਵੱਲੋਂ ਜੀਵੀਏ।” ਫਿਰ ਪਤਰਸ ਨੇ ਯਸਾਯਾਹ ਦੀ ਭਵਿੱਖਬਾਣੀ ਦਾ ਹਵਾਲਾ ਦਿੰਦਿਆਂ ਕਿਹਾ: “ਓਸੇ ਦੇ ਮਾਰ ਖਾਣ ਤੋਂ ਤੁਸੀਂ ਨਰੋਏ ਕੀਤੇ ਗਏ।” (1 ਪਤ. 2:21, 24; ਯਸਾ. 53:5) ਇਸ ਤਰ੍ਹਾਂ ਯਿਸੂ ਨੇ ਪਾਪੀ ਇਨਸਾਨਾਂ ਲਈ ਪਰਮੇਸ਼ੁਰ ਦੀ ਮਿਹਰ ਪਾਉਣ ਦਾ ਰਾਹ ਖੋਲ੍ਹ ਦਿੱਤਾ ਜਿਵੇਂ ਪਤਰਸ ਨੇ ਅੱਗੇ ਕਿਹਾ: “ਮਸੀਹ ਨੇ ਭੀ ਇੱਕ ਵਾਰ ਪਾਪਾਂ ਦੇ ਪਿੱਛੇ ਦੁਖ ਝੱਲਿਆ ਅਰਥਾਤ ਧਰਮੀ ਨੇ ਕੁਧਰਮੀਆਂ ਦੇ ਲਈ ਭਈ ਉਹ ਸਾਨੂੰ ਪਰਮੇਸ਼ੁਰ ਦੇ ਕੋਲ ਪੁਚਾਵੇ।”—1 ਪਤ. 3:18.

‘ਲੇਲੇ ਵਾਂਙੁ ਕੱਟੇ ਜਾਣ ਲਈ ਲੈ ਜਾਇਆ ਗਿਆ’

10. (ੳ) ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਬਾਰੇ ਕੀ ਕਿਹਾ? (ਅ) ਯੂਹੰਨਾ ਦੇ ਸ਼ਬਦ ਕਿਉਂ ਢੁਕਦੇ ਹਨ?

10ਯਸਾਯਾਹ 53:7, 8 ਪੜ੍ਹੋ। ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ ਕਿਹਾ: “ਵੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!” (ਯੂਹੰ. 1:29) ਯਿਸੂ ਨੂੰ ਲੇਲਾ ਕਹਿੰਦੇ ਸਮੇਂ ਸ਼ਾਇਦ ਯੂਹੰਨਾ ਨੂੰ ਯਸਾਯਾਹ ਦੇ ਇਹ ਸ਼ਬਦ ਯਾਦ ਸਨ: ‘ਉਸ ਨੂੰ ਲੇਲੇ ਵਾਂਙੁ ਕੱਟੇ ਜਾਣ ਲਈ ਲੈ ਜਾਇਆ ਗਿਆ।’ (ਯਸਾ. 53:7) ਯਸਾਯਾਹ ਨੇ ਕਿਹਾ ਸੀ: “ਓਸ ਆਪਣੀ ਜਾਨ ਮੌਤ ਲਈ ਡੋਹਲ ਦਿੱਤੀ।” (ਯਸਾ. 53:12) ਜਿਸ ਰਾਤ ਯਿਸੂ ਨੇ ਆਪਣੇ 11 ਵਫ਼ਾਦਾਰ ਚੇਲਿਆਂ ਨੂੰ ਆਪਣੀ ਮੌਤ ਦੀ ਯਾਦਗਾਰ ਮਨਾਉਣ ਲਈ ਕਿਹਾ ਸੀ, ਉਸ ਨੇ ਉਨ੍ਹਾਂ ਨੂੰ ਵਾਈਨ ਦਾ ਕੱਪ ਦਿੰਦਿਆਂ ਕਿਹਾ: “ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖ਼ਾਤਰ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ।”—ਮੱਤੀ 26:28.

11, 12. (ੳ) ਇਸਹਾਕ ਆਪਣੀ ਬਲੀ ਦੇਣ ਲਈ ਤਿਆਰ ਸੀ। ਅਸੀਂ ਇਸ ਤੋਂ ਯਿਸੂ ਦੀ ਕੁਰਬਾਨੀ ਬਾਰੇ ਕੀ ਸਿੱਖਦੇ ਹਾਂ? (ਅ) ਯਾਦਗਾਰ ਮਨਾਉਂਦੇ ਸਮੇਂ ਸਾਨੂੰ ਮਹਾਨ ਅਬਰਾਹਾਮ ਯਹੋਵਾਹ ਬਾਰੇ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

11 ਪੁਰਾਣੇ ਜ਼ਮਾਨੇ ਦੇ ਇਸਹਾਕ ਵਾਂਗ ਯਿਸੂ ਵੀ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਸੀ। (ਉਤ. 22:1, 2, 9-13; ਇਬ. 10:5-10) ਭਾਵੇਂ ਕਿ ਇਸਹਾਕ ਆਪਣੀ ਬਲੀ ਦੇਣ ਲਈ ਤਿਆਰ ਸੀ, ਪਰ ਬਲੀ ਅਸਲ ਵਿਚ ਅਬਰਾਹਾਮ ਦੇ ਰਿਹਾ ਸੀ। (ਇਬ. 11:17) ਇਸੇ ਤਰ੍ਹਾਂ ਯਿਸੂ ਵੀ ਆਪਣੀ ਕੁਰਬਾਨੀ ਦੇਣ ਲਈ ਤਿਆਰ ਸੀ, ਪਰ ਇਸ ਦਾ ਪ੍ਰਬੰਧ ਯਹੋਵਾਹ ਨੇ ਕੀਤਾ ਸੀ। ਇਹ ਕੁਰਬਾਨੀ ਇਨਸਾਨਾਂ ਲਈ ਯਹੋਵਾਹ ਦੇ ਗਹਿਰੇ ਪਿਆਰ ਦਾ ਸਬੂਤ ਸੀ।

12 ਯਿਸੂ ਨੇ ਆਪ ਕਿਹਾ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰ. 3:16) ਪੌਲੁਸ ਰਸੂਲ ਨੇ ਲਿਖਿਆ: “ਪਰਮੇਸ਼ੁਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪਰਗਟ ਕਰਦਾ ਹੈ ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ।” (ਰੋਮੀ. 5:8) ਇਸ ਲਈ ਜਦੋਂ ਅਸੀਂ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਂਦੇ ਹਾਂ, ਤਾਂ ਉਸ ਵੇਲੇ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਇਸ ਕੁਰਬਾਨੀ ਦਾ ਪ੍ਰਬੰਧ ਮਹਾਨ ਅਬਰਾਹਾਮ ਯਹੋਵਾਹ ਨੇ ਕੀਤਾ ਸੀ। ਅਸੀਂ ਯਾਦਗਾਰ ਯਹੋਵਾਹ ਦੀ ਵਡਿਆਈ ਕਰਨ ਲਈ ਮਨਾਉਂਦੇ ਹਾਂ।

ਦਾਸ ਨੇ ‘ਬਹੁਤਿਆਂ ਨੂੰ ਧਰਮੀ ਠਹਿਰਾਇਆ’

13, 14. ਯਹੋਵਾਹ ਦੇ ਦਾਸ ਨੇ ਕਿਵੇਂ ‘ਬਹੁਤਿਆਂ ਨੂੰ ਧਰਮੀ ਠਹਿਰਾਇਆ’?

13ਯਸਾਯਾਹ 53:11, 12 ਪੜ੍ਹੋ। ਆਪਣੇ ਚੁਣੇ ਹੋਏ ਦਾਸ ਬਾਰੇ ਯਹੋਵਾਹ ਨੇ ਕਿਹਾ: “ਮੇਰਾ ਧਰਮੀ ਦਾਸ ਬਹੁਤਿਆਂ ਨੂੰ ਧਰਮੀ ਠਹਿਰਾਵੇਗਾ।” ਉਹ ਕਿਸ ਤਰ੍ਹਾਂ? 12ਵੀਂ ਆਇਤ ਦੇ ਅਖ਼ੀਰ ਵਿਚ ਇਸ ਸਵਾਲ ਦਾ ਜਵਾਬ ਮਿਲਦਾ ਹੈ ਜਿੱਥੇ ਲਿਖਿਆ ਹੈ: “[ਦਾਸ ਨੇ] ਅਪਰਾਧੀਆਂ ਦੀ ਸਫ਼ਾਰਸ਼ ਕੀਤੀ।” ਆਦਮ ਦੀ ਸਾਰੀ ਔਲਾਦ ਪਾਪ ਵਿਚ ਪੈਦਾ ਹੋਈ। ਇਸ ਲਈ ਉਹ ਸਾਰੇ ‘ਅਪਰਾਧੀ’ ਹਨ ਜਿਸ ਕਰਕੇ ਉਨ੍ਹਾਂ ਨੂੰ “ਪਾਪ ਦੀ ਮਜੂਰੀ” ਵਜੋਂ ਮੌਤ ਮਿਲਦੀ ਹੈ। (ਰੋਮੀ. 5:12; 6:23) ਯਹੋਵਾਹ ਦੀ ਮਿਹਰ ਪਾਉਣ ਲਈ ਪਾਪੀ ਇਨਸਾਨਾਂ ਦੀ ਉਸ ਨਾਲ ਸੁਲ੍ਹਾ ਹੋਣੀ ਜ਼ਰੂਰੀ ਹੈ। ਯਸਾਯਾਹ ਦੀ ਭਵਿੱਖਬਾਣੀ (ਅਧਿਆਇ 53) ਵਿਚ ਦੱਸਿਆ ਹੈ ਕਿ ਯਿਸੂ ਨੇ ਪਾਪੀ ਇਨਸਾਨਾਂ ਲਈ ਕਿਵੇਂ ਸਿਫ਼ਾਰਸ਼ ਕੀਤੀ। ਉੱਥੇ ਲਿਖਿਆ ਹੈ: “ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ, ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ।”—ਯਸਾ. 53:5.

14 ਸਾਡੇ ਪਾਪ ਆਪਣੇ ’ਤੇ ਲੱਦ ਕੇ ਅਤੇ ਸਾਡੀ ਜਗ੍ਹਾ ਮਰ ਕੇ ਮਸੀਹ ਨੇ ‘ਬਹੁਤਿਆਂ ਨੂੰ ਧਰਮੀ ਠਹਿਰਾਇਆ।’ ਪੌਲੁਸ ਨੇ ਲਿਖਿਆ: “ਪਿਤਾ ਨੂੰ ਇਹ ਭਾਇਆ ਜੋ ਸਾਰੀ ਸੰਪੂਰਨਤਾਈ [ਮਸੀਹ] ਵਿੱਚ ਵੱਸੇ ਅਤੇ ਉਸ ਦੀ ਸਲੀਬ ਦੇ ਲਹੂ ਦੇ ਵਸੀਲੇ ਮੇਲ ਕਰਾ ਕੇ ਧਰਤੀ ਉਤਲੀਆਂ ਅਤੇ ਅਕਾਸ਼ ਉਤਲੀਆਂ ਸਾਰੀਆਂ ਵਸਤਾਂ ਨੂੰ ਉਹ ਦੇ ਰਾਹੀਂ, ਹਾਂ, ਉਸੇ ਦੇ ਰਾਹੀਂ ਆਪਣੇ ਨਾਲ ਮਿਲਾਵੇ।”—ਕੁਲੁ. 1:19, 20.

15. (ੳ) ਪੌਲੁਸ ਦੁਆਰਾ ਜ਼ਿਕਰ ਕੀਤੀਆਂ ‘ਅਕਾਸ਼ ਉਤਲੀਆਂ ਵਸਤਾਂ’ ਕੌਣ ਹਨ ਅਤੇ ਉਨ੍ਹਾਂ ਨੂੰ ਕਿਉਂ ਧਰਮੀ ਠਹਿਰਾਇਆ ਜਾ ਸਕਦਾ ਹੈ? (ਅ) ਯਾਦਗਾਰ ਮਨਾਉਣ ਸਮੇਂ ਕੌਣ ਅਖ਼ਮੀਰੀ ਰੋਟੀ ਖਾਂਦੇ ਅਤੇ ਲਾਲ ਵਾਈਨ ਪੀਂਦੇ ਹਨ ਅਤੇ ਕਿਉਂ?

15 ‘ਅਕਾਸ਼ ਉਤਲੀਆਂ ਵਸਤਾਂ’ ਮਸਹ ਕੀਤੇ ਹੋਏ ਮਸੀਹੀ ਹਨ ਜਿਨ੍ਹਾਂ ਨੇ ਮਸੀਹ ਦੇ ਵਹਾਏ ਹੋਏ ਲਹੂ ਦੇ ਜ਼ਰੀਏ ਯਹੋਵਾਹ ਨਾਲ ਮੇਲ ਕੀਤਾ ਅਤੇ ਉਨ੍ਹਾਂ ਨੂੰ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਦਾ ਸੱਦਾ ਮਿਲਿਆ ਹੈ। ਉਹ ‘ਸੁਰਗੀ ਸੱਦੇ ਦੇ ਭਾਈਵਾਲ’ ਹਨ ਜੋ ਹਮੇਸ਼ਾ ਲਈ ਧਰਮੀ ਠਹਿਰਾਏ ਗਏ ਹਨ। (ਇਬ. 3:1; ਰੋਮੀ. 5:1, 18) ਯਹੋਵਾਹ ਉਨ੍ਹਾਂ ਨੂੰ ਆਪਣੇ ਪੁੱਤਰਾਂ ਵਜੋਂ ਕਬੂਲ ਕਰਦਾ ਹੈ। ਯਹੋਵਾਹ ਦੀ ਪਵਿੱਤਰ ਸ਼ਕਤੀ ਉਨ੍ਹਾਂ ਨੂੰ ਗਵਾਹੀ ਦਿੰਦੀ ਹੈ ਕਿ ਉਹ “ਮਸੀਹ ਦੇ ਨਾਲ ਸਾਂਝੇ ਅਧਕਾਰੀ” ਹਨ ਅਤੇ ਉਹ ਸਵਰਗੀ ਰਾਜ ਵਿਚ ਰਾਜਿਆਂ ਤੇ ਜਾਜਕਾਂ ਵਜੋਂ ਰਾਜ ਕਰਨਗੇ। (ਰੋਮੀ. 8:15-17; ਪਰ. 5:9, 10) ਉਹ “ਪਰਮੇਸ਼ੁਰ ਦੇ ਇਸਰਾਏਲ” ਦਾ ਹਿੱਸਾ ਬਣਦੇ ਹਨ ਅਤੇ ਉਨ੍ਹਾਂ ਨਾਲ “ਨਵਾਂ ਨੇਮ” ਬੰਨ੍ਹਿਆ ਜਾਂਦਾ ਹੈ। (ਯਿਰ. 31:31-34; ਗਲਾ. 6:16) ਸੋ ਯਾਦਗਾਰ ਮਨਾਉਣ ਵੇਲੇ ਉਹ ਅਖ਼ਮੀਰੀ ਰੋਟੀ ਖਾਂਦੇ ਅਤੇ ਲਾਲ ਵਾਈਨ ਪੀਂਦੇ ਹਨ। ਵਾਈਨ ਦੇ ਪਿਆਲੇ ਬਾਰੇ ਯਿਸੂ ਨੇ ਕਿਹਾ ਸੀ: “ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ।”—ਲੂਕਾ 22:20.

16. ‘ਧਰਤੀ ਉਤਲੀਆਂ ਵਸਤਾਂ’ ਕੀ ਹਨ ਅਤੇ ਉਨ੍ਹਾਂ ਨੂੰ ਯਹੋਵਾਹ ਅੱਗੇ ਕਿਵੇਂ ਧਰਮੀ ਠਹਿਰਾਇਆ ਗਿਆ ਹੈ?

16 ‘ਧਰਤੀ ਉਤਲੀਆਂ ਵਸਤਾਂ’ ਵੱਡੀ ਭੀੜ ਦੇ ਮੈਂਬਰ ਹਨ ਜੋ ਧਰਤੀ ’ਤੇ ਹਮੇਸ਼ਾ ਜੀਣ ਦੀ ਉਮੀਦ ਰੱਖਦੇ ਹਨ। ਯਹੋਵਾਹ ਦੇ ਚੁਣੇ ਹੋਏ ਦਾਸ ਨੇ ਇਨ੍ਹਾਂ ਨੂੰ ਵੀ ਪਰਮੇਸ਼ੁਰ ਅੱਗੇ ਧਰਮੀ ਠਹਿਰਾਇਆ ਹੈ। ਇਨ੍ਹਾਂ ਲੋਕਾਂ ਨੇ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰ ਕੇ “ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ।” ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਆਪਣੇ ਮਿੱਤਰਾਂ ਵਜੋਂ ਧਰਮੀ ਠਹਿਰਾਇਆ ਨਾ ਕਿ ਆਪਣੇ ਪੁੱਤਰਾਂ ਵਜੋਂ। ਉਹ “ਵੱਡੀ ਬਿਪਤਾ” ਵਿੱਚੋਂ ਬਚ ਕੇ ਸਦਾ ਦੀ ਜ਼ਿੰਦਗੀ ਪਾਉਣਗੇ। (ਪਰ. 7:9, 10, 14; ਯਾਕੂ. 2:23) ਇਹ ਲੋਕ ਨਵੇਂ ਨੇਮ ਵਿਚ ਸ਼ਾਮਲ ਨਹੀਂ ਹਨ ਤੇ ਸਵਰਗ ਨਹੀਂ ਜਾਣਗੇ। ਇਸ ਕਰਕੇ ਯਾਦਗਾਰ ਮਨਾਉਣ ਵੇਲੇ ਉਹ ਅਖ਼ਮੀਰੀ ਰੋਟੀ ਨਹੀਂ ਖਾਂਦੇ ਅਤੇ ਲਾਲ ਵਾਈਨ ਨਹੀਂ ਪੀਂਦੇ, ਪਰ ਹਾਜ਼ਰ ਹੋ ਕੇ ਇਸ ਮੌਕੇ ਦਾ ਆਦਰ ਕਰਦੇ ਹਨ।

ਯਹੋਵਾਹ ਤੇ ਉਸ ਦੇ ਦਾਸ ਦੇ ਅਹਿਸਾਨਮੰਦ ਹੋਵੋ!

17. ਦਾਸ ਬਾਰੇ ਯਸਾਯਾਹ ਦੀਆਂ ਭਵਿੱਖਬਾਣੀਆਂ ’ਤੇ ਧਿਆਨ ਦੇ ਕੇ ਅਸੀਂ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਆਪਣੇ ਮਨਾਂ ਨੂੰ ਕਿਵੇਂ ਤਿਆਰ ਕੀਤਾ ਹੈ?

17 ਦਾਸ ਬਾਰੇ ਯਸਾਯਾਹ ਦੀਆਂ ਭਵਿੱਖਬਾਣੀਆਂ ’ਤੇ ਧਿਆਨ ਦੇ ਕੇ ਅਸੀਂ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਆਪਣੇ ਮਨਾਂ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਹੈ। ਇਸ ਭਵਿੱਖਬਾਣੀ ਨੇ ਯਿਸੂ ਦੀ ‘ਵੱਲ ਤੱਕਦੇ ਰਹਿਣ’ ਵਿਚ ਮਦਦ ਕੀਤੀ ਹੈ “ਜਿਹੜਾ ਨਿਹਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ।” (ਇਬ. 12:2) ਅਸੀਂ ਦੇਖਿਆ ਹੈ ਕਿ ਪਰਮੇਸ਼ੁਰ ਦਾ ਪੁੱਤਰ ਕਦੇ ਯਹੋਵਾਹ ਤੋਂ ਅੱਕਿਆ ਨਹੀਂ। ਉਹ ਸ਼ਤਾਨ ਤੋਂ ਬਿਲਕੁਲ ਉਲਟ ਸੀ। ਯਿਸੂ ਨੇ ਖ਼ੁਸ਼ੀ-ਖ਼ੁਸ਼ੀ ਯਹੋਵਾਹ ਤੋਂ ਸਿਖਲਾਈ ਲਈ ਅਤੇ ਉਸ ਨੂੰ ਸਾਰੇ ਵਿਸ਼ਵ ਦੇ ਮਾਲਕ ਵਜੋਂ ਸਤਿਕਾਰਿਆ। ਅਸੀਂ ਦੇਖਿਆ ਕਿ ਯਿਸੂ ਆਪਣੀ ਸੇਵਕਾਈ ਦੌਰਾਨ ਲੋਕਾਂ ਨਾਲ ਹਮਦਰਦੀ ਕਰਦਾ ਸੀ ਅਤੇ ਉਨ੍ਹਾਂ ਦੀਆਂ ਬੀਮਾਰੀਆਂ ਠੀਕ ਕਰਦਾ ਸੀ। ਨਾਲੇ ਉਨ੍ਹਾਂ ਨੂੰ ਪਰਮੇਸ਼ੁਰ ਦਾ ਗਿਆਨ ਦਿੰਦਾ ਸੀ। ਇਸ ਤਰ੍ਹਾਂ ਉਸ ਨੇ ਦਿਖਾਇਆ ਕਿ ਉਹ ਨਵੀਂ ਦੁਨੀਆਂ ਵਿਚ ਰਾਜਾ ਬਣ ਕੇ ਕੀ ਕੁਝ ਕਰੇਗਾ ਜਦੋਂ ‘ਉਹ ਪ੍ਰਿਥਵੀ ਉੱਤੇ ਇਨਸਾਫ਼ ਨੂੰ ਪੱਕਾ ਕਰੇਗਾ।’ (ਯਸਾ. 42:4) “ਕੌਮਾਂ ਲਈ ਜੋਤ” ਵਜੋਂ ਯਿਸੂ ਨੇ ਜੋਸ਼ ਨਾਲ ਪ੍ਰਚਾਰ ਕਰ ਕੇ ਆਪਣੇ ਚੇਲਿਆਂ ਨੂੰ ਦਿਖਾਇਆ ਕਿ ਉਨ੍ਹਾਂ ਨੂੰ ਵੀ ਸਾਰੀ ਧਰਤੀ ’ਤੇ ਜ਼ੋਰਾਂ-ਸ਼ੋਰਾਂ ਨਾਲ ਰਾਜ ਦਾ ਪ੍ਰਚਾਰ ਕਰਨਾ ਚਾਹੀਦਾ ਹੈ।—ਯਸਾ. 42:6.

18. ਯਸਾਯਾਹ ਦੀ ਭਵਿੱਖਬਾਣੀ ਪੜ੍ਹ ਕੇ ਸਾਡੇ ਦਿਲ ਯਹੋਵਾਹ ਤੇ ਉਸ ਦੇ ਵਫ਼ਾਦਾਰ ਦਾਸ ਲਈ ਅਹਿਸਾਨਮੰਦੀ ਨਾਲ ਕਿਉਂ ਭਰ ਜਾਣੇ ਚਾਹੀਦੇ ਹਨ?

18 ਯਸਾਯਾਹ ਦੀ ਭਵਿੱਖਬਾਣੀ ’ਤੇ ਧਿਆਨ ਦੇਣ ਨਾਲ ਅਸੀਂ ਚੰਗੀ ਤਰ੍ਹਾਂ ਸਮਝ ਪਾਏ ਹਾਂ ਕਿ ਯਹੋਵਾਹ ਨੇ ਆਪਣੇ ਪੁੱਤਰ ਨੂੰ ਧਰਤੀ ’ਤੇ ਭੇਜ ਕੇ ਵੱਡੀ ਕੁਰਬਾਨੀ ਕੀਤੀ। ਯਿਸੂ ਨੇ ਸਾਡੀ ਖ਼ਾਤਰ ਬਹੁਤ ਸਾਰੇ ਦੁੱਖ ਝੱਲੇ ਅਤੇ ਮਰਿਆ। ਯਹੋਵਾਹ ਨੂੰ ਆਪਣੇ ਪੁੱਤਰ ਨੂੰ ਤੜਫ਼ਦਿਆਂ ਦੇਖ ਕੇ ਬਹੁਤ ਦੁੱਖ ਹੋਇਆ। ਪਰ ਉਸ ਨੂੰ ਇਸ ਗੱਲ ਦੀ ਖ਼ੁਸ਼ੀ ਸੀ ਕਿ ਉਸ ਦਾ ਪੁੱਤਰ ਮਰਦੇ ਦਮ ਤਕ ਵਫ਼ਾਦਾਰ ਰਿਹਾ। ਯਹੋਵਾਹ ਵਾਂਗ ਸਾਨੂੰ ਵੀ ਖ਼ੁਸ਼ ਹੋਣਾ ਚਾਹੀਦਾ ਹੈ ਕਿ ਯਿਸੂ ਨੇ ਇਹ ਸਾਰਾ ਕੁਝ ਸ਼ਤਾਨ ਨੂੰ ਝੂਠਾ ਸਾਬਤ ਕਰਨ ਅਤੇ ਯਹੋਵਾਹ ਦੇ ਨਾਂ ਨੂੰ ਉੱਚਾ ਕਰਨ ਲਈ ਕੀਤਾ। ਇਸ ਤਰ੍ਹਾਂ ਉਸ ਨੇ ਦਿਖਾਇਆ ਕਿ ਯਹੋਵਾਹ ਹੀ ਸੱਚਾ ਪਾਤਸ਼ਾਹ ਹੈ। ਯਿਸੂ ਸਾਡੇ ਪਾਪ ਆਪਣੇ ’ਤੇ ਲੱਦ ਕੇ ਸਾਡੀ ਜਗ੍ਹਾ ਮਰਿਆ। ਇਸ ਤਰ੍ਹਾਂ ਉਸ ਨੇ ਮਸਹ ਕੀਤੇ ਹੋਏ ਮਸੀਹੀਆਂ ਅਤੇ ਹੋਰ ਭੇਡਾਂ ਨੂੰ ਯਹੋਵਾਹ ਅੱਗੇ ਧਰਮੀ ਠਹਿਰਾਇਆ। ਇਸ ਲਈ ਭੈਣੋ ਤੇ ਭਰਾਵੋ, ਜਦੋਂ ਅਸੀਂ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਇਕੱਠੇ ਹੋਵਾਂਗੇ, ਤਾਂ ਸਾਡੇ ਦਿਲ ਯਹੋਵਾਹ ਤੇ ਉਸ ਦੇ ਵਫ਼ਾਦਾਰ ਦਾਸ ਲਈ ਅਹਿਸਾਨਮੰਦੀ ਨਾਲ ਭਰ ਜਾਣੇ ਚਾਹੀਦੇ ਹਨ।

ਇਨ੍ਹਾਂ ਸਵਾਲਾਂ ’ਤੇ ਗੌਰ ਕਰੋ

• ਕਿਸ ਅਰਥ ਵਿਚ ਯਹੋਵਾਹ ਨੂੰ ਆਪਣੇ ਪੁੱਤਰ ਨੂੰ ‘ਕੁਚਲ’ ਕੇ ਖ਼ੁਸ਼ੀ ਮਿਲੀ?

• ਯਿਸੂ ਕਿਵੇਂ “ਸਾਡੇ ਅਪਰਾਧਾਂ ਲਈ ਘਾਇਲ” ਹੋਇਆ?

• ਦਾਸ ਨੇ ਕਿਵੇਂ ‘ਬਹੁਤਿਆਂ ਨੂੰ ਧਰਮੀ ਠਹਿਰਾਇਆ’?

• ਦਾਸ ਬਾਰੇ ਭਵਿੱਖਬਾਣੀਆਂ ਨੇ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਤੁਹਾਡੇ ਮਨਾਂ ਨੂੰ ਕਿਵੇਂ ਤਿਆਰ ਕੀਤਾ ਹੈ?

[ਸਵਾਲ]

[ਸਫ਼ਾ 26 ਉੱਤੇ ਤਸਵੀਰ]

“ਉਹ ਤੁੱਛ ਜਾਤਾ ਗਿਆ ਅਤੇ ਅਸਾਂ ਉਸ ਦੀ ਕਦਰ ਨਾ ਕੀਤੀ”

[ਸਫ਼ਾ 28 ਉੱਤੇ ਤਸਵੀਰ]

“ਓਸ ਆਪਣੀ ਜਾਨ ਮੌਤ ਲਈ ਡੋਹਲ ਦਿੱਤੀ”

[ਸਫ਼ਾ 29 ਉੱਤੇ ਤਸਵੀਰ]

‘ਹੋਰ ਭੇਡਾਂ’ ਯਿਸੂ ਦੀ ਮੌਤ ਦੀ ਯਾਦਗਾਰ ਵਿਚ ਹਾਜ਼ਰ ਹੋ ਕੇ ਉਸ ਲਈ ਆਦਰ ਦਿਖਾਉਂਦੀਆਂ ਹਨ