Skip to content

Skip to table of contents

ਵੇਖੋ, ਯਹੋਵਾਹ ਦਾ ਚੁਣਿਆ ਹੋਇਆ ਦਾਸ

ਵੇਖੋ, ਯਹੋਵਾਹ ਦਾ ਚੁਣਿਆ ਹੋਇਆ ਦਾਸ

ਵੇਖੋ, ਯਹੋਵਾਹ ਦਾ ਚੁਣਿਆ ਹੋਇਆ ਦਾਸ

“ਵੇਖੋ, ਮੇਰਾ ਦਾਸ . . . ਜਿਸ ਤੋਂ ਮੇਰਾ ਜੀ ਪਰਸੰਨ ਹੈ।”—ਯਸਾ. 42:1.

1. ਜਿਉਂ-ਜਿਉਂ ਯਿਸੂ ਦੀ ਮੌਤ ਦੀ ਯਾਦਗਾਰ ਨੇੜੇ ਆਉਂਦੀ ਹੈ, ਯਹੋਵਾਹ ਦੇ ਲੋਕਾਂ ਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਹੈ ਅਤੇ ਕਿਉਂ?

ਜਿਉਂ-ਜਿਉਂ ਯਿਸੂ ਦੀ ਮੌਤ ਦੀ ਯਾਦਗਾਰ ਨੇੜੇ ਆ ਰਹੀ ਹੈ, ਪਰਮੇਸ਼ੁਰ ਦੇ ਲੋਕਾਂ ਲਈ ਚੰਗਾ ਹੋਵੇਗਾ ਕਿ ਉਹ ਪੌਲੁਸ ਰਸੂਲ ਦੀ ਸਲਾਹ ’ਤੇ ਚੱਲਣ ਜਿਸ ਨੇ ਕਿਹਾ: ‘ਯਿਸੂ ਦੀ ਵੱਲ ਤੱਕਦੇ ਰਹੋ ਜਿਹੜਾ ਨਿਹਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ।’ ਪੌਲੁਸ ਨੇ ਇਹ ਵੀ ਕਿਹਾ: “ਤੁਸੀਂ ਉਹ ਨੂੰ ਸੋਚੋ ਜਿਹ ਨੇ ਆਪਣੇ ਉੱਤੇ ਪਾਪੀਆਂ ਦੀ ਐਡੀ ਲਾਗਬਾਜ਼ੀ ਸਹਿ ਲਈ ਭਈ ਨਾ ਹੋਵੇ ਜੋ ਤੁਸੀਂ ਅੱਕ ਕੇ ਆਪਣੇ ਜੀ ਵਿੱਚ ਢਿੱਲੇ ਪੈ ਜਾਓ।” (ਇਬ. 12:2, 3) ਯਿਸੂ ਮੌਤ ਤਕ ਵਫ਼ਾਦਾਰ ਰਿਹਾ। ਉਸ ਦੇ ਜੀਵਨ ਅਤੇ ਕੁਰਬਾਨੀ ਉੱਤੇ ਗੌਰ ਕਰਨ ਨਾਲ ਮਸਹ ਕੀਤੇ ਹੋਏ ਮਸੀਹੀਆਂ ਅਤੇ ਵੱਡੀ ਭੀੜ ਦੇ ਮੈਂਬਰਾਂ ਨੂੰ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣ ਵਿਚ ਮਦਦ ਮਿਲੇਗੀ। ਇਸ ਤਰ੍ਹਾਂ ਉਹ ‘ਜੀ ਵਿਚ ਢਿੱਲੇ ਨਹੀਂ ਪੈਣਗੇ।’—ਹੋਰ ਜਾਣਕਾਰੀ ਲਈ ਗਲਾਤੀਆਂ 6:9 ਦੇਖੋ।

2. ਪਰਮੇਸ਼ੁਰ ਦੇ ਪੁੱਤਰ ਬਾਰੇ ਯਸਾਯਾਹ ਦੀਆਂ ਭਵਿੱਖਬਾਣੀਆਂ ਤੋਂ ਅਸੀਂ ਕੀ ਸਿੱਖਦੇ ਹਾਂ?

2 ਯਸਾਯਾਹ ਨਬੀ ਦੇ ਰਾਹੀਂ ਯਹੋਵਾਹ ਨੇ ਆਪਣੇ ਪੁੱਤਰ ਬਾਰੇ ਬਹੁਤ ਸਾਰੀਆਂ ਭਵਿੱਖਬਾਣੀਆਂ ਕੀਤੀਆਂ। ਇਨ੍ਹਾਂ ਭਵਿੱਖਬਾਣੀਆਂ ’ਤੇ ਧਿਆਨ ਦੇਣ ਨਾਲ ਅਸੀਂ ‘ਯਿਸੂ ਦੀ ਵੱਲ ਤੱਕਦੇ ਰਹਾਂਗੇ ਜਿਹੜਾ ਨਿਹਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ।’ * ਸਾਨੂੰ ਇਨ੍ਹਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਯਿਸੂ ਦਾ ਸੁਭਾਅ ਕਿਹੋ ਜਿਹਾ ਸੀ, ਉਸ ਨੇ ਕਿਹੜੇ ਦੁੱਖ ਝੱਲੇ, ਉਹ ਰਾਜੇ ਵਜੋਂ ਕਿਵੇਂ ਸਤਿਕਾਰਿਆ ਗਿਆ ਅਤੇ ਮੁਕਤੀਦਾਤਾ ਬਣਿਆ। ਨਾਲੇ ਅਸੀਂ ਚੰਗੀ ਤਰ੍ਹਾਂ ਸਮਝ ਪਾਵਾਂਗੇ ਕਿ ਯਿਸੂ ਨੇ ਸਾਡੇ ਲਈ ਕੁਰਬਾਨੀ ਕਿਉਂ ਦਿੱਤੀ। ਇਸ ਸਾਲ ਯਿਸੂ ਦੀ ਮੌਤ ਦੀ ਯਾਦਗਾਰ ਵੀਰਵਾਰ, 9 ਅਪ੍ਰੈਲ ਸੂਰਜ ਡੁੱਬਣ ਤੋਂ ਬਾਅਦ ਮਨਾਈ ਜਾਵੇਗੀ।

ਦਾਸ ਦੀ ਪਛਾਣ ਕਰਾਈ ਗਈ

3, 4. (ੳ) ਯਸਾਯਾਹ ਦੀ ਕਿਤਾਬ ਵਿਚ ਸ਼ਬਦ “ਦਾਸ” ਕਿਸ ’ਤੇ ਲਾਗੂ ਹੁੰਦਾ ਹੈ? (ਅ) ਯਸਾਯਾਹ 42, 49, 50, 52 ਅਤੇ 53 ਵਿਚ ਜ਼ਿਕਰ ਕੀਤੇ ਦਾਸ ਦੀ ਪਛਾਣ ਬਾਈਬਲ ਕਿਵੇਂ ਕਰਾਉਂਦੀ ਹੈ?

3 ਯਸਾਯਾਹ ਦੀ ਕਿਤਾਬ ਵਿਚ “ਦਾਸ” ਸ਼ਬਦ ਬਹੁਤ ਵਾਰੀ ਆਉਂਦਾ ਹੈ ਅਤੇ ਕਦੇ-ਕਦੇ ਇਹ ਯਸਾਯਾਹ ਨਬੀ ’ਤੇ ਹੀ ਲਾਗੂ ਹੁੰਦਾ ਹੈ। (ਯਸਾ. 20:3; 44:26) ਕਈ ਵਾਰੀ ਇਹ ਸ਼ਬਦ ਸਾਰੀ ਇਸਰਾਏਲ ਕੌਮ ਜਾਂ ਯਾਕੂਬ ਲਈ ਵੀ ਵਰਤਿਆ ਗਿਆ ਹੈ। (ਯਸਾ. 41:8, 9; 44:1, 2, 21) ਪਰ ਯਸਾਯਾਹ 42, 49, 50, 52 ਅਤੇ 53 ਅਧਿਆਵਾਂ ਵਿਚ ਇਸ ਦਾਸ ਬਾਰੇ ਜੋ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ, ਉਨ੍ਹਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਮਸੀਹੀ ਯੂਨਾਨੀ ਸ਼ਾਸਤਰਾਂ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਇਨ੍ਹਾਂ ਅਧਿਆਵਾਂ ਵਿਚ ਜ਼ਿਕਰ ਕੀਤਾ ਗਿਆ ਯਹੋਵਾਹ ਦਾ ਦਾਸ ਕੌਣ ਹੈ। ਦਿਲਚਸਪੀ ਦੀ ਗੱਲ ਹੈ ਕਿ ਰਸੂਲਾਂ ਦੇ ਕਰਤੱਬ ਵਿਚ ਦੱਸਿਆ ਗਿਆ ਇਥੋਪੀਆਈ ਅਫ਼ਸਰ ਇਨ੍ਹਾਂ ਵਿੱਚੋਂ ਇਕ ਭਵਿੱਖਬਾਣੀ ਪੜ੍ਹ ਰਿਹਾ ਸੀ ਜਦੋਂ ਪਰਮੇਸ਼ੁਰ ਨੇ ਫ਼ਿਲਿੱਪੁਸ ਨੂੰ ਉਸ ਕੋਲ ਭੇਜਿਆ। ਉਸ ਅਫ਼ਸਰ ਨੇ ਯਸਾਯਾਹ 53:7, 8 ਨੂੰ ਪੜ੍ਹ ਕੇ ਫ਼ਿਲਿੱਪੁਸ ਨੂੰ ਪੁੱਛਿਆ: “ਮੈਂ ਤੇਰੇ ਅੱਗੇ ਇਹ ਅਰਜ਼ ਕਰਦਾ ਹਾਂ ਭਈ ਨਬੀ ਕਿਹ ਦੀ ਗੱਲ ਕਰਦਾ ਹੈ, ਆਪਣੀ ਯਾ ਕਿਸੇ ਹੋਰ ਜਣੇ ਦੀ?” ਫ਼ਿਲਿੱਪੁਸ ਨੇ ਫਟਾਫਟ ਉਸ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਕਿ ਯਸਾਯਾਹ ਨਬੀ ਮਸੀਹਾ ਯਾਨੀ ਯਿਸੂ ਦੀ ਗੱਲ ਕਰ ਰਿਹਾ ਸੀ।—ਰਸੂ. 8:26-35.

4 ਯਿਸੂ ਜਦੋਂ ਬੱਚਾ ਸੀ, ਤਾਂ ਸਿਮਓਨ ਨਾਂ ਦੇ ਧਰਮੀ ਬੰਦੇ ਨੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਕਿਹਾ ਕਿ ‘ਬਾਲਕ ਯਿਸੂ ਪਰਾਈਆਂ ਕੌਮਾਂ ਨੂੰ ਉਜਾਲਾ ਕਰਨ ਲਈ ਜੋਤ’ ਹੋਵੇਗਾ ਜਿਵੇਂ ਯਸਾਯਾਹ 42:6 ਅਤੇ 49:6 ਵਿਚ ਦੱਸਿਆ ਗਿਆ ਸੀ। (ਲੂਕਾ 2:25-32) ਇਸ ਤੋਂ ਇਲਾਵਾ, ਜਿਸ ਰਾਤ ਯਿਸੂ ਨਾਲ ਮਾੜਾ ਸਲੂਕ ਕੀਤਾ ਗਿਆ ਸੀ, ਉਸ ਬਾਰੇ ਯਸਾਯਾਹ 50:6-9 ਵਿਚ ਦੱਸਿਆ ਗਿਆ ਸੀ। (ਮੱਤੀ 26:67; ਲੂਕਾ 22:63) ਪੰਤੇਕੁਸਤ 33 ਈਸਵੀ ਤੋਂ ਬਾਅਦ ਪਤਰਸ ਰਸੂਲ ਨੇ ਸਾਫ਼-ਸਾਫ਼ ਦੱਸਿਆ ਕਿ ਯਿਸੂ ਯਹੋਵਾਹ ਦਾ “ਦਾਸ” ਹੈ। (ਯਸਾ. 52:13; 53:11; ਰਸੂਲਾਂ ਦੇ ਕਰਤੱਬ 3:13, 26 ਪੜ੍ਹੋ।) ਸੋ ਮਸੀਹਾ ਬਾਰੇ ਕੀਤੀਆਂ ਭਵਿੱਖਬਾਣੀਆਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

ਯਹੋਵਾਹ ਆਪਣੇ ਦਾਸ ਨੂੰ ਸਿਖਲਾਈ ਦਿੰਦਾ ਹੈ

5. ਦਾਸ ਨੂੰ ਸਿੱਖਿਆ ਕਿੱਥੋਂ ਮਿਲੀ ਸੀ?

5 ਪਰਮੇਸ਼ੁਰ ਦੇ ਦਾਸ ਬਾਰੇ ਯਸਾਯਾਹ ਦੀ ਇਕ ਭਵਿੱਖਬਾਣੀ ਦੱਸਦੀ ਹੈ ਕਿ ਧਰਤੀ ਉੱਤੇ ਆਉਣ ਤੋਂ ਪਹਿਲਾਂ ਯਿਸੂ ਦਾ ਯਹੋਵਾਹ ਨਾਲ ਕੀ ਰਿਸ਼ਤਾ ਸੀ। (ਯਸਾਯਾਹ 50:4-9 ਪੜ੍ਹੋ।) ਦਾਸ ਨੇ ਖ਼ੁਦ ਕਿਹਾ ਕਿ ਯਹੋਵਾਹ ਉਸ ਨੂੰ ਸਿਖਲਾਈ ਦਿੰਦਾ ਹੁੰਦਾ ਸੀ। ਉਸ ਨੇ ਕਿਹਾ: “ਉਹ ਮੇਰੇ ਕੰਨਾਂ ਨੂੰ ਜਗਾਉਂਦਾ ਹੈ, ਭਈ ਮੈਂ ਚੇਲਿਆਂ ਵਾਂਙੁ ਸੁਣਾਂ।” (ਯਸਾ. 50:4.) ਯੁਗਾਂ-ਯੁਗਾਂ ਤੋਂ ਯਹੋਵਾਹ ਦੇ ਦਾਸ ਨੇ ਆਪਣੇ ਪਿਤਾ ਤੋਂ ਕਾਫ਼ੀ ਕੁਝ ਸਿੱਖਿਆ ਅਤੇ ਚੇਲੇ ਦੀ ਤਰ੍ਹਾਂ ਅਧੀਨ ਰਿਹਾ। ਇਹ ਕਿੰਨਾ ਵੱਡਾ ਸਨਮਾਨ ਸੀ ਕਿ ਉਸ ਨੂੰ ਸਾਰੇ ਜਹਾਨ ਦੇ ਮਾਲਕ ਤੋਂ ਸਿੱਖਿਆ ਮਿਲੀ!

6. ਦਾਸ ਆਪਣੇ ਪਿਤਾ ਦੇ ਪੂਰੀ ਤਰ੍ਹਾਂ ਕਿੱਦਾਂ ਅਧੀਨ ਰਿਹਾ?

6 ਇਸ ਭਵਿੱਖਬਾਣੀ ਵਿਚ ਦਾਸ ਨੇ ਆਪਣੇ ਪਿਤਾ ਨੂੰ “ਪ੍ਰਭੁ ਯਹੋਵਾਹ” ਆਖਿਆ। ਇਸ ਤੋਂ ਪਤਾ ਲੱਗਦਾ ਹੈ ਕਿ ਦਾਸ ਨੂੰ ਪਤਾ ਸੀ ਕਿ ਯਹੋਵਾਹ ਸਾਰੇ ਬ੍ਰਹਿਮੰਡ ਦਾ ਮਾਲਕ ਹੈ ਅਤੇ ਉਹ ਉਸ ਪ੍ਰਤੀ ਪੂਰੀ ਤਰ੍ਹਾਂ ਅਧੀਨ ਰਿਹਾ। ਉਸ ਨੇ ਕਿਹਾ: “ਪ੍ਰਭੁ ਯਹੋਵਾਹ ਨੇ ਮੇਰੇ ਕੰਨ ਖੋਲ੍ਹੇ, ਤਾਂ ਮੈਂ ਨਾ ਆਕੀ ਹੋਇਆ ਨਾ ਪਿੱਛੇ ਹਟਿਆ।” (ਯਸਾ. 50:5) ਹਾਂ, ਉਹ ਧਰਤੀ, ਆਕਾਸ਼ ਅਤੇ ਇਨਸਾਨਾਂ ਦੀ ਸ੍ਰਿਸ਼ਟੀ ਕਰਨ ਵੇਲੇ ‘ਯਹੋਵਾਹ ਦੇ ਨਾਲ ਰਾਜ ਮਿਸਤਰੀ ਦੀ ਤਰ੍ਹਾਂ ਸੀ।’ ਇਹ ‘ਰਾਜ ਮਿਸਤਰੀ ਹਮੇਸ਼ਾ ਯਹੋਵਾਹ ਨੂੰ ਖ਼ੁਸ਼ ਰੱਖਦਾ ਸੀ ਜਦੋਂ ਉਹ ਸੰਸਾਰ ਤੋਂ ਖ਼ੁਸ਼ ਸੀ, ਅਤੇ ਮਾਨਵ ਜਾਤੀ ਨਾਲ ਪਰਸੰਨ ਸੀ।’—ਕਹਾ. 8:22-31, CL.

7. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਅਜ਼ਮਾਇਸ਼ਾਂ ਦੌਰਾਨ ਦਾਸ ਨੂੰ ਪੂਰਾ ਵਿਸ਼ਵਾਸ ਸੀ ਕਿ ਉਸ ਦਾ ਪਿਤਾ ਉਸ ਦਾ ਸਾਥ ਦੇਵੇਗਾ?

7 ਯਹੋਵਾਹ ਤੋਂ ਸਿੱਖਿਆ ਲੈਣ ਅਤੇ ਇਨਸਾਨਾਂ ਨਾਲ ਗਹਿਰਾ ਪਿਆਰ ਹੋਣ ਸਦਕਾ ਯਿਸੂ ਧਰਤੀ ’ਤੇ ਹੁੰਦਿਆਂ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਸਕਿਆ। ਇਸ ਦੇ ਬਾਵਜੂਦ ਉਹ ਖ਼ੁਸ਼ੀ ਨਾਲ ਆਪਣੇ ਪਿਤਾ ਦੀ ਮਰਜ਼ੀ ਪੂਰੀ ਕਰਦਾ ਰਿਹਾ। (ਜ਼ਬੂ. 40:8; ਮੱਤੀ 26:42; ਯੂਹੰ. 6:38) ਅਜ਼ਮਾਇਸ਼ਾਂ ਸਹਿੰਦਿਆਂ ਯਿਸੂ ਨੂੰ ਪੂਰਾ ਵਿਸ਼ਵਾਸ ਸੀ ਕਿ ਯਹੋਵਾਹ ਦੀ ਮਿਹਰ ਉਸ ’ਤੇ ਰਹੇਗੀ ਤੇ ਉਹ ਉਸ ਦਾ ਸਾਥ ਨਹੀਂ ਛੱਡੇਗਾ। ਯਸਾਯਾਹ ਦੀ ਭਵਿੱਖਬਾਣੀ ਦੇ ਅਨੁਸਾਰ ਯਿਸੂ ਕਹਿ ਸਕਿਆ: “ਮੇਰਾ ਧਰਮੀ ਠਹਿਰਾਉਣ ਵਾਲਾ ਨੇੜੇ ਹੈ, ਕੌਣ ਮੇਰੇ ਨਾਲ ਝਗੜੇਗਾ? . . . ਵੇਖੋ, ਪ੍ਰਭੁ ਯਹੋਵਾਹ ਮੇਰੀ ਸਹਾਇਤਾ ਕਰਦਾ ਹੈ।” (ਯਸਾ. 50:8, 9) ਯਸਾਯਾਹ ਦੀ ਇਕ ਹੋਰ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਆਪਣੇ ਵਫ਼ਾਦਾਰ ਦਾਸ ਦੀ ਸੇਵਕਾਈ ਦੌਰਾਨ ਉਸ ਦੀ ਮਦਦ ਜ਼ਰੂਰ ਕੀਤੀ ਸੀ।

ਧਰਤੀ ’ਤੇ ਦਾਸ ਦੀ ਸੇਵਕਾਈ

8. ਯਸਾਯਾਹ 42:1 ਦੀ ਭਵਿੱਖਬਾਣੀ ਅਨੁਸਾਰ ਕਿਹੜੀ ਗੱਲ ਸਾਬਤ ਕਰਦੀ ਹੈ ਕਿ ਯਿਸੂ ਯਹੋਵਾਹ ਦਾ “ਚੁਣਵਾਂ” ਦਾਸ ਹੈ?

8 ਬਾਈਬਲ ਦੱਸਦੀ ਹੈ ਕਿ ਜਦੋਂ ਯਿਸੂ ਨੇ 29 ਈਸਵੀ ਵਿਚ ਬਪਤਿਸਮਾ ਲਿਆ ਸੀ, ਤਾਂ ਉਦੋਂ ਕੀ ਹੋਇਆ: ‘ਪਵਿੱਤਰ ਸ਼ਕਤੀ ਉਸ ਉੱਤੇ ਆਈ ਅਤੇ ਇੱਕ ਸੁਰਗੀ ਬਾਣੀ ਆਈ, ਤੂੰ ਮੇਰਾ ਪਿਆਰਾ ਪੁੱਤ੍ਰ ਹੈਂ, ਤੈਥੋਂ ਮੈਂ ਪਰਸਿੰਨ ਹਾਂ।’ (ਲੂਕਾ 3:21, 22) ਇਸ ਤਰ੍ਹਾਂ ਯਹੋਵਾਹ ਨੇ ਯਸਾਯਾਹ ਦੀ ਭਵਿੱਖਬਾਣੀ ਵਿਚ ਜ਼ਿਕਰ ਕੀਤੇ ਗਏ ਆਪਣੇ ‘ਚੁਣਵੇਂ’ ਦਾਸ ਦੀ ਪਛਾਣ ਕਰਾਈ। (ਯਸਾਯਾਹ 42:1-7 ਪੜ੍ਹੋ।) ਯਿਸੂ ਨੇ ਇਹ ਭਵਿੱਖਬਾਣੀ ਵੀ ਪੂਰੀ ਕੀਤੀ। ਮੱਤੀ ਨੇ ਆਪਣੀ ਇੰਜੀਲ ਵਿਚ ਯਸਾਯਾਹ 42:1-4 ਵਿਚ ਦਰਜ ਸ਼ਬਦਾਂ ਦਾ ਹਵਾਲਾ ਦੇ ਕੇ ਇਹ ਸ਼ਬਦ ਯਿਸੂ ’ਤੇ ਲਾਗੂ ਕੀਤੇ।—ਮੱਤੀ 12:15-21.

9, 10. (ੳ) ਆਪਣੀ ਸੇਵਕਾਈ ਦੌਰਾਨ ਯਿਸੂ ਨੇ ਯਸਾਯਾਹ 42:3 ਨੂੰ ਕਿਵੇਂ ਪੂਰਾ ਕੀਤਾ? (ਅ) ਧਰਤੀ ’ਤੇ ਯਿਸੂ ਨੇ ਕਿਵੇਂ ‘ਇਨਸਾਫ਼ ਨੂੰ ਪਰਗਟ ਕੀਤਾ’ ਅਤੇ ਉਹ ਕਦੋਂ ‘ਇਨਸਾਫ਼ ਨੂੰ ਪੱਕਾ’ ਕਰੇਗਾ?

9 ਯਹੂਦੀ ਧਾਰਮਿਕ ਗੁਰੂ ਆਮ ਯਹੂਦੀਆਂ ਨਾਲ ਸਖ਼ਤ ਨਫ਼ਰਤ ਕਰਦੇ ਸਨ। (ਯੂਹੰ. 7:47-49) ਉਹ ਆਮ ਲੋਕਾਂ ਨਾਲ ਭੈੜਾ ਸਲੂਕ ਕਰਦੇ ਸਨ ਜਿਸ ਕਰਕੇ ਇਹ ਲੋਕ “ਦਰੜੇ ਹੋਏ ਕਾਨੇ” ਜਾਂ “ਨਿੰਮ੍ਹੀ ਬੱਤੀ” ਵਰਗੇ ਸਨ ਜਿਨ੍ਹਾਂ ਦੇ ਜੀਵਨ ਦੀ ਜੋਤ ਬੁਝਣ ਹੀ ਵਾਲੀ ਸੀ। ਪਰ ਯਿਸੂ ਨੇ ਗ਼ਰੀਬ ਅਤੇ ਦੁਖੀ ਲੋਕਾਂ ਨਾਲ ਹਮਦਰਦੀ ਕੀਤੀ। (ਮੱਤੀ 9:35, 36) ਉਨ੍ਹਾਂ ਦਾ ਬੋਝ ਹਲਕਾ ਕਰਨ ਲਈ ਉਸ ਨੇ ਕਿਹਾ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।” (ਮੱਤੀ 11:28) ਇਸ ਤੋਂ ਇਲਾਵਾ, ਯਿਸੂ ਨੇ ਲੋਕਾਂ ਨੂੰ ਯਹੋਵਾਹ ਦੇ ਉੱਚੇ ਮਿਆਰ ਸਿਖਾ ਕੇ ਦਿਖਾਇਆ ਕਿ ਸਹੀ ਅਤੇ ਗ਼ਲਤ ਕੀ ਹੈ। ਇਸ ਤਰ੍ਹਾਂ ਉਸ ਨੇ ‘ਇਨਸਾਫ਼ ਪਰਗਟ ਕੀਤਾ।’ (ਯਸਾ. 42:3) ਨਾਲੇ ਉਸ ਨੇ ਦਿਖਾਇਆ ਕਿ ਪਰਮੇਸ਼ੁਰ ਦੀ ਬਿਵਸਥਾ ਅਨੁਸਾਰ ਧਾਰਮਿਕ ਗੁਰੂਆਂ ਨੇ ਲੋਕਾਂ ਨਾਲ ਪਿਆਰ ਤੇ ਦਇਆ ਨਾਲ ਪੇਸ਼ ਆਉਣਾ ਸੀ ਨਾ ਕਿ ਸਖ਼ਤੀ ਨਾਲ। (ਮੱਤੀ 23:23) ਯਿਸੂ ਨੇ ਬਿਨਾਂ ਕਿਸੇ ਭੇਦ-ਭਾਵ ਦੇ ਸਾਰੇ ਲੋਕਾਂ ਨੂੰ ਪ੍ਰਚਾਰ ਕੀਤਾ ਭਾਵੇਂ ਉਹ ਅਮੀਰ ਸੀ ਜਾਂ ਗ਼ਰੀਬ। ਇਸ ਤਰ੍ਹਾਂ ਵੀ ਉਸ ਨੇ ਇਨਸਾਫ਼ ਕੀਤਾ।—ਮੱਤੀ 11:5; ਲੂਕਾ 18:18-23.

10 ਯਸਾਸਾਹ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਯਹੋਵਾਹ ਦਾ ‘ਚੁਣਵਾਂ ਪ੍ਰਿਥਵੀ ਉੱਤੇ ਇਨਸਾਫ਼ ਨੂੰ ਪੱਕਾ ਕਰੇਗਾ।’ (ਯਸਾ. 42:4) ਯਿਸੂ ਇਸ ਭਵਿੱਖਬਾਣੀ ਨੂੰ ਬਹੁਤ ਜਲਦੀ ਪੂਰਾ ਕਰੇਗਾ ਜਦੋਂ ਉਹ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਸਾਰੀਆਂ ਸਿਆਸੀ ਹਕੂਮਤਾਂ ਦਾ ਨਾਸ਼ ਕਰ ਕੇ ਧਰਤੀ ’ਤੇ ਆਪਣੇ ਰਾਜ ਨੂੰ ਖੜ੍ਹਾ ਕਰੇਗਾ। ਉਦੋਂ ਧਰਤੀ ’ਤੇ ਧਾਰਮਿਕਤਾ ਦਾ ਹੀ ਬੋਲਬਾਲਾ ਹੋਵੇਗਾ।—2 ਪਤ. 3:13; ਦਾਨੀ. 2:44.

“ਜੋਤ” ਅਤੇ “ਨੇਮ”

11. ਪਹਿਲੀ ਸਦੀ ਵਿਚ ਯਿਸੂ ਕਿਸ ਤਰ੍ਹਾਂ “ਕੌਮਾਂ ਲਈ ਜੋਤ” ਬਣਿਆ ਅਤੇ ਅੱਜ ਉਹ ਕਿਸ ਤਰ੍ਹਾਂ “ਕੌਮਾਂ ਲਈ ਜੋਤ” ਬਣ ਰਿਹਾ ਹੈ?

11ਯਸਾਯਾਹ 42:6 ਦੀ ਭਵਿੱਖਬਾਣੀ ਨੂੰ ਪੂਰਾ ਕਰਦਿਆਂ ਯਿਸੂ ਸੱਚ-ਮੁੱਚ “ਕੌਮਾਂ ਲਈ ਜੋਤ” ਸੀ। ਸੇਵਕਾਈ ਦੌਰਾਨ ਉਸ ਨੇ ਖ਼ਾਸ ਕਰਕੇ ਯਹੂਦੀਆਂ ਨੂੰ ਪਰਮੇਸ਼ੁਰ ਬਾਰੇ ਸੱਚਾਈ ਸਿਖਾਈ। (ਮੱਤੀ 15:24; ਰਸੂ. 3:26) ਪਰ ਯਿਸੂ ਨੇ ਆਪਣੇ ਬਾਰੇ ਇਹ ਵੀ ਕਿਹਾ: “ਜਗਤ ਦਾ ਚਾਨਣ ਮੈਂ ਹਾਂ।” (ਯੂਹੰ. 8:12) ਹਾਂ, ਉਸ ਨੇ ਨਾ ਸਿਰਫ਼ ਯਹੂਦੀ ਲੋਕਾਂ ਅਤੇ ਦੂਸਰੀਆਂ ਕੌਮਾਂ ਦੇ ਲੋਕਾਂ ’ਤੇ ਪਰਮੇਸ਼ੁਰ ਦੇ ਗਿਆਨ ਦਾ ਚਾਨਣ ਚਮਕਾਇਆ, ਬਲਕਿ ਉਸ ਨੇ ਸਾਰੀ ਮਨੁੱਖਜਾਤੀ ਲਈ ਆਪਣੀ ਜਾਨ ਕੁਰਬਾਨ ਕੀਤੀ। (ਮੱਤੀ 20:28) ਮੁੜ ਜ਼ਿੰਦਾ ਹੋਣ ਤੋਂ ਬਾਅਦ ਉਸ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਉਹ “ਧਰਤੀ ਦੇ ਬੰਨੇ ਤੀਕੁਰ” ਉਸ ਦਾ ਪ੍ਰਚਾਰ ਕਰਨ। (ਰਸੂ. 1:8) ਪੌਲੁਸ ਅਤੇ ਬਰਨਬਾਸ ਨੇ ਸ਼ਬਦ “ਕੌਮਾਂ ਲਈ ਜੋਤ” ਗ਼ੈਰ-ਯਹੂਦੀਆਂ ਨੂੰ ਕੀਤੇ ਜਾ ਰਹੇ ਪ੍ਰਚਾਰ ਕੰਮ ’ਤੇ ਲਾਗੂ ਕੀਤੇ। (ਰਸੂ. 13:46-48; ਹੋਰ ਜਾਣਕਾਰੀ ਲਈ ਯਸਾਯਾਹ 49:6 ਦੇਖੋ।) ਅੱਜ ਵੀ ਇਹ ਕੰਮ ਹੋ ਰਿਹਾ ਹੈ। ਯਿਸੂ ਦੇ ਮਸਹ ਕੀਤੇ ਹੋਏ ਭਰਾ ਅਤੇ ਉਨ੍ਹਾਂ ਦੇ ਸਾਥੀ ਪਰਮੇਸ਼ੁਰ ਦੇ ਗਿਆਨ ਦੀ ਰੌਸ਼ਨੀ ਫੈਲਾ ਕੇ ਲੋਕਾਂ ਦੀ ਮਦਦ ਕਰ ਰਹੇ ਹਨ ਤਾਂਕਿ ਉਹ “ਕੌਮਾਂ ਲਈ ਜੋਤ” ਯਾਨੀ ਯਿਸੂ ਵਿਚ ਨਿਹਚਾ ਕਰ ਸਕਣ।

12. ਯਹੋਵਾਹ ਨੇ ਕਿਵੇਂ ਆਪਣੇ ਦਾਸ ਨੂੰ ‘ਪਰਜਾ ਲਈ ਨੇਮ ਠਹਿਰਾਇਆ’?

12 ਉਸੇ ਭਵਿੱਖਬਾਣੀ ਵਿਚ ਯਹੋਵਾਹ ਨੇ ਆਪਣੇ ਚੁਣੇ ਹੋਏ ਦਾਸ ਨੂੰ ਕਿਹਾ: ‘ਮੈਂ ਤੇਰੀ ਰੱਛਿਆ ਕਰਾਂਗਾ, ਅਤੇ ਤੈਨੂੰ ਪਰਜਾ ਲਈ ਨੇਮ ਠਹਿਰਾਵਾਂਗਾ।’ (ਯਸਾ. 42:6) ਸ਼ਤਾਨ ਨੇ ਯਿਸੂ ਨੂੰ ਜਾਨੋਂ ਮਾਰਨ ਅਤੇ ਉਸ ਦੇ ਪ੍ਰਚਾਰ ਕੰਮ ਨੂੰ ਬੰਦ ਕਰਨ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ। ਪਰ ਯਹੋਵਾਹ ਨੇ ਆਪਣੇ ਪੁੱਤਰ ਨੂੰ ਉਦੋਂ ਤਕ ਬਚਾ ਕੇ ਰੱਖਿਆ ਜਦ ਤਕ ਉਸ ਦੇ ਮਰਨ ਦੀ ਘੜੀ ਨਹੀਂ ਆਈ। (ਮੱਤੀ 2:13; ਯੂਹੰ. 7:30) ਫਿਰ ਯਹੋਵਾਹ ਨੇ ਉਸ ਨੂੰ ਦੁਬਾਰਾ ਜੀਉਂਦਾ ਕਰ ਕੇ ਧਰਤੀ ਦੇ ਲੋਕਾਂ ਨੂੰ “ਨੇਮ” ਵਜੋਂ ਦਿੱਤਾ ਯਾਨੀ ਉਨ੍ਹਾਂ ਨਾਲ ਇਕਰਾਰ ਕੀਤਾ। ਇਸ ਤਰ੍ਹਾਂ ਯਹੋਵਾਹ ਨੇ ਯਕੀਨ ਦਿਲਾਇਆ ਕਿ ਉਸ ਦਾ ਵਫ਼ਾਦਾਰ ਦਾਸ “ਕੌਮਾਂ ਲਈ ਜੋਤ” ਬਣਿਆ ਰਹੇਗਾ ਅਤੇ ਹਨੇਰੇ ਵਿਚ ਚੱਲ ਰਹੇ ਲੋਕਾਂ ’ਤੇ ਚਾਨਣ ਚਮਕਾਉਂਦਾ ਰਹੇਗਾ।—ਯਸਾਯਾਹ 49:8, 9 ਪੜ੍ਹੋ। *

13. ਧਰਤੀ ’ਤੇ ਯਿਸੂ ਨੇ ਕਿਸ ਤਰ੍ਹਾਂ “ਅਨ੍ਹੇਰੇ ਬੈਠਿਆਂ ਹੋਇਆਂ” ਨੂੰ ਛੁਡਾਇਆ ਅਤੇ ਹੁਣ ਉਹ ਇਹ ਕਿਸ ਤਰ੍ਹਾਂ ਕਰਦਾ ਹੈ?

13 ਇਕਰਾਰ ਦੇ ਅਨੁਸਾਰ ਯਹੋਵਾਹ ਦਾ ਦਾਸ ‘ਅੰਨ੍ਹੀਆਂ ਅੱਖਾਂ ਨੂੰ ਖੋਲ੍ਹੇਗਾ, ਭੋਹਰੇ ਵਿੱਚੋਂ ਬੰਧੂਆਂ ਨੂੰ ਅਤੇ ਅਨ੍ਹੇਰੇ ਬੈਠਿਆਂ ਹੋਇਆਂ ਨੂੰ ਕੱਢੇਗਾ।’ (ਯਸਾ. 42:7) ਯਿਸੂ ਨੇ ਝੂਠੀਆਂ ਧਾਰਮਿਕ ਰੀਤੀ-ਰਿਵਾਜਾਂ ਦੀ ਨਿੰਦਿਆ ਕਰ ਕੇ ਅਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਇਹ ਭਵਿੱਖਬਾਣੀ ਪੂਰੀ ਕੀਤੀ। (ਮੱਤੀ 15:3; ਲੂਕਾ 8:1) ਇਸ ਤਰ੍ਹਾਂ ਕਰ ਕੇ ਉਸ ਨੇ ਉਨ੍ਹਾਂ ਯਹੂਦੀਆਂ ਨੂੰ ਗ਼ਲਤ ਸਿੱਖਿਆਵਾਂ ਦੀ ਗ਼ੁਲਾਮੀ ਤੋਂ ਛੁਡਾਇਆ ਜੋ ਬਾਅਦ ਵਿਚ ਉਸ ਦੇ ਚੇਲੇ ਬਣੇ। (ਯੂਹੰ. 8:31, 32) ਯਿਸੂ ਨੇ ਹੋਰਨਾਂ ਕੌਮਾਂ ਦੇ ਲੱਖਾਂ ਹੀ ਲੋਕਾਂ ਨੂੰ ਵੀ ਇਸੇ ਤਰ੍ਹਾਂ ਛੁਡਾਇਆ ਹੈ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਹੈ ਕਿ ਉਹ ‘ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ’ ਅਤੇ ਉਨ੍ਹਾਂ ਨਾਲ ਵਾਅਦਾ ਕੀਤਾ ਹੈ ਕਿ ਉਹ “ਜੁਗ ਦੇ ਅੰਤ ਤੀਕਰ” ਉਨ੍ਹਾਂ ਨਾਲ ਹੋਵੇਗਾ। (ਮੱਤੀ 28:19, 20) ਅੱਜ ਯਿਸੂ ਸਵਰਗ ਤੋਂ ਦੁਨੀਆਂ ਭਰ ਵਿਚ ਹੋ ਰਹੇ ਪ੍ਰਚਾਰ ਕੰਮ ਦੀ ਨਿਗਰਾਨੀ ਕਰ ਰਿਹਾ ਹੈ।

ਯਹੋਵਾਹ ਨੇ “ਦਾਸ” ਨੂੰ ਉੱਚਾ ਕੀਤਾ

14, 15. ਯਹੋਵਾਹ ਨੇ ਦਾਸ ਨੂੰ ਕਿਉਂ ਅਤੇ ਕਿੱਦਾਂ ਉੱਚਾ ਕੀਤਾ?

14 ਆਪਣੇ ਦਾਸ ਬਾਰੇ ਇਕ ਹੋਰ ਭਵਿੱਖਬਾਣੀ ਵਿਚ ਯਹੋਵਾਹ ਨੇ ਕਿਹਾ: “ਵੇਖੋ, ਮੇਰਾ ਦਾਸ ਸਫ਼ਲ ਹੋਵੇਗਾ, ਉਹ ਉੱਚਾ ਅਤੇ ਉਤਾਹਾਂ ਕੀਤਾ ਜਾਵੇਗਾ, ਉਹ ਅੱਤ ਮਹਾਨ ਹੋਵੇਗਾ।” (ਯਸਾ. 52:13) ਪੁੱਤਰ ਹਮੇਸ਼ਾ ਆਪਣੇ ਪਿਤਾ ਦੇ ਅਧੀਨ ਰਿਹਾ ਅਤੇ ਸਖ਼ਤ ਤੋਂ ਸਖ਼ਤ ਅਜ਼ਮਾਇਸ਼ ਦੌਰਾਨ ਉਸ ਦਾ ਵਫ਼ਾਦਾਰ ਰਿਹਾ, ਇਸ ਲਈ ਯਹੋਵਾਹ ਨੇ ਉਸ ਨੂੰ ਉੱਚਾ ਕੀਤਾ।

15 ਪਤਰਸ ਰਸੂਲ ਨੇ ਯਿਸੂ ਬਾਰੇ ਲਿਖਿਆ: “ਉਹ ਸੁਰਗ ਵਿੱਚ ਜਾ ਕੇ ਪਰਮੇਸ਼ੁਰ ਦੇ ਸੱਜੇ ਹੱਥ ਹੈ ਅਤੇ ਦੂਤ ਅਤੇ ਇਖਤਿਆਰ ਵਾਲੇ ਅਤੇ ਸ਼ਕਤੀ ਵਾਲੇ ਉਹ ਦੇ ਅਧੀਨ ਕੀਤੇ ਹੋਏ ਹਨ।” (1 ਪਤ. 3:22) ਪੌਲੁਸ ਰਸੂਲ ਨੇ ਵੀ ਲਿਖਿਆ ਕਿ ਯਿਸੂ ਨੇ “ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰ ਬਣਿਆ। ਇਸ ਕਾਰਨ ਪਰਮੇਸ਼ੁਰ ਨੇ ਵੀ ਉਸ ਨੂੰ ਅੱਤ ਉੱਚਿਆਂ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ। ਭਈ ਯਿਸੂ ਦਾ ਨਾਮ ਲੈ ਕੇ ਅਕਾਸ਼ ਉਤਲਿਆਂ ਅਤੇ ਧਰਤੀ ਉਤਲਿਆਂ ਅਤੇ ਧਰਤੀ ਦੇ ਹੇਠਲਿਆਂ ਵਿੱਚੋਂ ਹਰ ਗੋਡਾ ਨਿਵਾਇਆ ਜਾਵੇ ਅਤੇ ਹਰ ਜ਼ਬਾਨ ਪਰਮੇਸ਼ੁਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੁ ਹੈ!”—ਫ਼ਿਲਿ. 2:8-11.

16. 1914 ਵਿਚ ਯਿਸੂ ਨੂੰ ਕਿਵੇਂ ਹੋਰ ਇਖ਼ਤਿਆਰ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਉਹ ਕੀ ਕਰ ਰਿਹਾ ਹੈ?

16 ਸੰਨ 1914 ਵਿਚ ਯਹੋਵਾਹ ਨੇ ਯਿਸੂ ਨੂੰ ਹੋਰ ਇਖ਼ਤਿਆਰ ਦਿੱਤਾ। ਉਸ ਵੇਲੇ ਯਹੋਵਾਹ ਨੇ ਉਸ ਨੂੰ ਆਪਣੇ ਰਾਜ ਦਾ ਰਾਜਾ ਬਣਾ ਕੇ ਉੱਚਾ ਕੀਤਾ। (ਜ਼ਬੂ. 2:6; ਦਾਨੀ. 7:13, 14) ਉਦੋਂ ਤੋਂ ਯਿਸੂ “ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰ” ਰਿਹਾ ਹੈ। (ਜ਼ਬੂ. 110:2) ਸਵਰਗ ਵਿਚ ਉਸ ਨੇ ਪਹਿਲਾਂ ਸ਼ਤਾਨ ਅਤੇ ਉਸ ਨਾਲ ਰਲੇ ਬੁਰੇ ਦੂਤਾਂ ਨੂੰ ਜੰਗ ਵਿਚ ਹਰਾਇਆ ਤੇ ਉਨ੍ਹਾਂ ਨੂੰ ਧਰਤੀ ’ਤੇ ਸੁੱਟਿਆ। (ਪਰ. 12:7-12) ਫਿਰ ਮਹਾਨ ਖੋਰੁਸ ਦੀ ਹੈਸੀਅਤ ਵਿਚ ਯਿਸੂ ਨੇ ਧਰਤੀ ’ਤੇ ਰਹਿੰਦੇ ਆਪਣੇ ਭਰਾਵਾਂ ਨੂੰ ‘ਵੱਡੀ ਬਾਬੁਲ’ ਦੇ ਸ਼ਿਕੰਜੇ ਵਿੱਚੋਂ ਛੁਡਾਇਆ। (ਪਰ. 18:2; ਯਸਾ. 44:28) ਯਿਸੂ ਸੰਸਾਰ ਭਰ ਵਿਚ ਹੋ ਰਹੇ ਪ੍ਰਚਾਰ ਕੰਮ ਦੀ ਦੇਖ-ਰੇਖ ਕਰ ਰਿਹਾ ਹੈ। ਇਸ ਸਦਕਾ “ਛੋਟੇ ਝੁੰਡ” ਦੇ ਉਸ ਦੇ ਬਾਕੀ ਭਰਾਵਾਂ ਅਤੇ ਵੱਡੀ ਭੀੜ ਦੇ ਲੱਖਾਂ ਮੈਂਬਰਾਂ ਨੂੰ ਇਕੱਠਾ ਕੀਤਾ ਗਿਆ ਹੈ।—ਪਰ. 12:17; ਯੂਹੰ. 10:16; ਲੂਕਾ 12:32.

17. “ਦਾਸ” ਬਾਰੇ ਯਸਾਯਾਹ ਦੀਆਂ ਭਵਿੱਖਬਾਣੀਆਂ ਤੋਂ ਹੁਣ ਤਕ ਅਸੀਂ ਕੀ ਸਿੱਖਿਆ ਹੈ?

17 ਯਸਾਯਾਹ ਦੀ ਕਿਤਾਬ ਦੀਆਂ ਇਨ੍ਹਾਂ ਭਵਿੱਖਬਾਣੀਆਂ ਨੂੰ ਪੜ੍ਹ ਕੇ ਰਾਜਾ ਅਤੇ ਮੁਕਤੀਦਾਤਾ ਯਿਸੂ ਮਸੀਹ ਲਈ ਸਾਡੀ ਕਦਰ ਹੋਰ ਵੀ ਵਧੀ ਹੈ। ਧਰਤੀ ’ਤੇ ਯਿਸੂ ਪੂਰੀ ਤਰ੍ਹਾਂ ਆਪਣੇ ਪਿਤਾ ਦੇ ਅਧੀਨ ਰਿਹਾ ਅਤੇ ਉਸ ਨੇ ਜੋ ਕੁਝ ਵੀ ਕੀਤਾ ਆਪਣੇ ਪਿਤਾ ਤੋਂ ਮਿਲੀ ਸਿਖਲਾਈ ਅਨੁਸਾਰ ਕੀਤਾ। ਆਪਣੀ ਸੇਵਕਾਈ ਦੇ ਜ਼ਰੀਏ ਉਹ “ਕੌਮਾਂ ਲਈ ਜੋਤ” ਬਣਿਆ ਅਤੇ ਉਦੋਂ ਤੋਂ ਲੈ ਕੇ ਅੱਜ ਤਕ ਉਹ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰ ਰਿਹਾ ਹੈ। ਦੂਜੇ ਲੇਖ ਵਿਚ ਅਸੀਂ ਦਾਸ ਬਾਰੇ ਇਕ ਹੋਰ ਭਵਿੱਖਬਾਣੀ ’ਤੇ ਗੌਰ ਕਰਾਂਗੇ ਜਿਸ ਵਿਚ ਦੱਸਿਆ ਹੈ ਕਿ ਉਹ ਦੁੱਖ ਝੱਲੇਗਾ ਅਤੇ ਸਾਡੀ ਖ਼ਾਤਰ ਆਪਣੀ ਜਾਨ ਕੁਰਬਾਨ ਕਰੇਗਾ। ਸਾਨੂੰ ਇਨ੍ਹਾਂ ਗੱਲਾਂ ਬਾਰੇ ‘ਸੋਚਣਾ’ ਚਾਹੀਦਾ ਹੈ ਜਿਉਂ-ਜਿਉਂ ਯਿਸੂ ਦੀ ਮੌਤ ਦੀ ਯਾਦਗਾਰ ਨੇੜੇ ਆ ਰਹੀ ਹੈ।—ਇਬ. 12:2, 3.

[ਫੁਟਨੋਟ]

^ ਪੈਰਾ 2 ਤੁਸੀਂ ਇਹ ਭਵਿੱਖਬਾਣੀਆਂ ਯਸਾਯਾਹ 42:1-7; 49:1-12; 50:4-9 ਅਤੇ 52:13–53:12 ਵਿਚ ਦੇਖ ਸਕਦੇ ਹੋ।

ਇਨ੍ਹਾਂ ਸਵਾਲਾਂ ’ਤੇ ਗੌਰ ਕਰੋ

• ਯਸਾਯਾਹ ਦੀਆਂ ਭਵਿੱਖਬਾਣੀਆਂ ਵਿਚ “ਦਾਸ” ਕੌਣ ਹੈ ਅਤੇ ਸਾਨੂੰ ਕਿਵੇਂ ਪਤਾ ਹੈ?

• ਦਾਸ ਨੂੰ ਯਹੋਵਾਹ ਤੋਂ ਕਿਹੜੀ ਸਿਖਲਾਈ ਮਿਲੀ?

• ਯਿਸੂ “ਕੌਮਾਂ ਲਈ ਜੋਤ” ਕਿਵੇਂ ਬਣਿਆ?

• ਦਾਸ ਨੂੰ ਉੱਚਾ ਕਿਵੇਂ ਕੀਤਾ ਗਿਆ?

[ਸਵਾਲ]

[ਸਫ਼ਾ 21 ਉੱਤੇ ਤਸਵੀਰ]

ਫ਼ਿਲਿੱਪੁਸ ਨੇ ਯਸਾਯਾਹ ਦੀ ਭਵਿੱਖਬਾਣੀ ਵਿਚ ਜ਼ਿਕਰ ਕੀਤੇ “ਦਾਸ” ਦੀ ਸਹੀ ਪਛਾਣ ਯਿਸੂ ਯਾਨੀ ਮਸੀਹਾ ਵਜੋਂ ਕਰਾਈ

[ਸਫ਼ਾ 23 ਉੱਤੇ ਤਸਵੀਰ]

ਯਹੋਵਾਹ ਦੇ ਚੁਣੇ ਦਾਸ ਵਜੋਂ ਯਿਸੂ ਨੇ ਗ਼ਰੀਬਾਂ ਅਤੇ ਦੁਖੀਆਂ ਲਈ ਹਮਦਰਦੀ ਦਿਖਾਈ

[ਸਫ਼ਾ 24 ਉੱਤੇ ਤਸਵੀਰ]

ਯਹੋਵਾਹ ਨੇ ਯਿਸੂ ਨੂੰ ਆਪਣੇ ਰਾਜ ਦਾ ਰਾਜਾ ਬਣਾ ਕੇ ਉਸ ਨੂੰ ਉੱਚਾ ਕੀਤਾ