Skip to content

Skip to table of contents

ਅੰਤਿਮ-ਸੰਸਕਾਰ ਵੇਲੇ ਮਰਯਾਦਾ ਵਿਚ ਰਹੋ ਅਤੇ ਪਰਮੇਸ਼ੁਰੀ ਅਸੂਲਾਂ ’ਤੇ ਚੱਲੋ

ਅੰਤਿਮ-ਸੰਸਕਾਰ ਵੇਲੇ ਮਰਯਾਦਾ ਵਿਚ ਰਹੋ ਅਤੇ ਪਰਮੇਸ਼ੁਰੀ ਅਸੂਲਾਂ ’ਤੇ ਚੱਲੋ

ਅੰਤਿਮ-ਸੰਸਕਾਰ ਵੇਲੇ ਮਰਯਾਦਾ ਵਿਚ ਰਹੋ ਅਤੇ ਪਰਮੇਸ਼ੁਰੀ ਅਸੂਲਾਂ ’ਤੇ ਚੱਲੋ

ਹਰ ਪਾਸੇ ਚੀਕ-ਚਿਹਾੜਾ ਪਿਆ ਹੈ। ਸੋਗੀਆਂ ਨੇ ਕਾਲੇ ਕੱਪੜੇ ਪਹਿਨੇ ਹੋਏ ਹਨ ਅਤੇ ਉਹ ਉੱਚੀ-ਉੱਚੀ ਰੋਂਦੇ-ਪਿੱਟਦੇ ਹਨ। ਕਈ ਸਦਮੇ ਦੇ ਕਾਰਨ ਪਾਗਲਾਂ ਵਾਂਗ ਜ਼ਮੀਨ ਉੱਤੇ ਡਿੱਗਦੇ ਫਿਰਦੇ ਹਨ। ਨੱਚਣ ਵਾਲੇ ਸੰਗੀਤ ਦੀਆਂ ਧੁਨਾਂ ਦੇ ਨਾਲ ਝੂਮ ਰਹੇ ਹਨ। ਪਰ ਕਈ ਹੋਰ ਖਾਂਦੇ-ਪੀਂਦੇ ਅਤੇ ਖ਼ੁਸ਼ੀਆਂ ਮਨਾ ਰਹੇ ਹਨ। ਇੱਥੋਂ ਤਕ ਕਿ ਕੁਝ ਲੋਕ ਵਾਈਨ ਤੇ ਬੀਅਰ ਨਾਲ ਸ਼ਰਾਬੀ ਹੋ ਕੇ ਜ਼ਮੀਨ ਉੱਤੇ ਪਏ ਹੋਏ ਹਨ। ਇਹ ਕਿਹੜਾ ਮੌਕਾ ਹੈ? ਦੁਨੀਆਂ ਦੇ ਕਈ ਥਾਵਾਂ ’ਤੇ ਹਜ਼ਾਰਾਂ ਹੀ ਲੋਕ ਮੁਰਦਿਆਂ ਨੂੰ ਅਲਵਿਦਾ ਕਹਿਣ ਲਈ ਇਸ ਤਰ੍ਹਾਂ ਸੋਗ ਮਨਾਉਂਦੇ ਹਨ।

ਕਈ ਯਹੋਵਾਹ ਦੇ ਗਵਾਹ ਅਜਿਹੇ ਥਾਵਾਂ ’ਤੇ ਰਹਿੰਦੇ ਹਨ ਜਿੱਥੇ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਗੁਆਂਢੀ ਮੌਤ ਬਾਰੇ ਕਈ ਵਹਿਮ ਕਰਦੇ ਹਨ ਅਤੇ ਮੁਰਦਿਆਂ ਤੋਂ ਡਰਦੇ ਹਨ। ਲੱਖਾਂ ਲੋਕ ਇਹ ਮੰਨਦੇ ਹਨ ਕਿ ਜਦੋਂ ਕੋਈ ਮਰ ਜਾਂਦਾ ਹੈ, ਤਾਂ ਉਸ ਦੀ ਆਤਮਾ ਉਨ੍ਹਾਂ ਦਾ ਪੂਰਵਜ ਬਣ ਜਾਂਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਆਤਮਾ ਜੀਉਂਦੇ ਲੋਕਾਂ ਦੀ ਮਦਦ ਕਰ ਸਕਦੀ ਹੈ ਜਾਂ ਨੁਕਸਾਨ ਪਹੁੰਚਾ ਸਕਦੀ ਹੈ। ਇਹ ਵਿਸ਼ਵਾਸ ਅੰਤਿਮ-ਸੰਸਕਾਰ ਸੰਬੰਧੀ ਕੀਤੀਆਂ ਜਾਂਦੀਆਂ ਬਹੁਤ ਸਾਰੀਆਂ ਰੀਤਾਂ-ਰਸਮਾਂ ’ਚ ਦੇਖਣ ਨੂੰ ਮਿਲਦਾ ਹੈ। ਕਿਸੇ ਦੀ ਮੌਤ ਹੋਣ ਤੇ ਸੋਗ ਕਰਨਾ ਗ਼ਲਤ ਨਹੀਂ ਹੈ। ਯਿਸੂ ਅਤੇ ਉਸ ਦੇ ਚੇਲਿਆਂ ਨੇ ਵੀ ਆਪਣੇ ਅਜ਼ੀਜ਼ਾਂ ਦੀ ਮੌਤ ਹੋਣ ’ਤੇ ਸੋਗ ਕੀਤਾ ਸੀ। (ਯੂਹੰ. 11:33-35, 38; ਰਸੂ. 8:2; 9:39) ਪਰ ਉਨ੍ਹਾਂ ਨੇ ਆਪਣੇ ਜ਼ਮਾਨੇ ਦੇ ਲੋਕਾਂ ਦੀ ਤਰ੍ਹਾਂ ਪਿੱਟ-ਪਿੱਟ ਕੇ ਸੋਗ ਨਹੀਂ ਸੀ ਕੀਤਾ। (ਲੂਕਾ 23:27, 28; 1 ਥੱਸ. 4:13) ਕਿਉਂ? ਕਿਉਂਕਿ ਉਨ੍ਹਾਂ ਨੂੰ ਮੌਤ ਬਾਰੇ ਸੱਚਾਈ ਪਤਾ ਸੀ।

ਬਾਈਬਲ ਸਾਫ਼-ਸਾਫ਼ ਕਹਿੰਦੀ ਹੈ ਕਿ “ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ . . . ਉਨ੍ਹਾਂ ਦੀ ਪ੍ਰੀਤ ਅਤੇ ਵੈਰ ਅਰ ਉਨ੍ਹਾਂ ਦੀ ਈਰਖਾ ਹੁਣ ਮੁੱਕ ਗਏ . . . ਕਿਉਂ ਜੋ ਪਤਾਲ [ਸ਼ੀਓਲ ਯਾਨੀ ਮਨੁੱਖਜਾਤੀ ਦੀ ਆਮ ਕਬਰ] ਵਿੱਚ ਜਿੱਥੇ ਤੂੰ ਜਾਂਦਾ ਹੈਂ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।” (ਉਪ. 9:5, 6, 10) ਇਨ੍ਹਾਂ ਆਇਤਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜਦੋਂ ਕੋਈ ਮਰ ਜਾਂਦਾ ਹੈ, ਤਾਂ ਉਸ ਨੂੰ ਕਿਸੇ ਗੱਲ ਦਾ ਚੇਤਾ ਨਹੀਂ ਰਹਿੰਦਾ। ਉਹ ਨਾ ਤਾਂ ਸੋਚ ਸਕਦਾ ਅਤੇ ਨਾ ਹੀ ਕੁਝ ਮਹਿਸੂਸ ਕਰ ਸਕਦਾ ਤੇ ਨਾ ਹੀ ਗੱਲ ਕਰ ਸਕਦਾ ਜਾਂ ਕੁਝ ਸਮਝ ਸਕਦਾ ਹੈ। ਬਾਈਬਲ ਦੀ ਇਸ ਅਹਿਮ ਸਿੱਖਿਆ ਨੂੰ ਸਮਝਦੇ ਹੋਏ ਮਸੀਹੀਆਂ ਨੂੰ ਅੰਤਿਮ-ਸੰਸਕਾਰ ਕਿੱਦਾਂ ਕਰਨਾ ਚਾਹੀਦਾ ਹੈ?

“ਕਿਸੇ ਭ੍ਰਿਸ਼ਟ ਵਸਤ ਨੂੰ ਹੱਥ ਨਾ ਲਾਓ”

ਯਹੋਵਾਹ ਦੇ ਗਵਾਹ ਭਾਵੇਂ ਕਿਸੇ ਵੀ ਨਸਲ ਜਾਂ ਪਿਛੋਕੜ ਦੇ ਹੋਣ, ਉਹ ਇੱਦਾਂ ਦੀਆਂ ਰੀਤਾਂ-ਰਸਮਾਂ ਤੋਂ ਦੂਰ ਰਹਿੰਦੇ ਹਨ ਜੋ ਦਿਖਾਉਂਦੀਆਂ ਹਨ ਕਿ ਮਰੇ ਹੋਏ ਲੋਕ ਜ਼ਿੰਦਾ ਹਨ ਤੇ ਉਹ ਕਿਸੇ ਤਰ੍ਹਾਂ ਜੀਉਂਦੇ ਲੋਕਾਂ ’ਤੇ ਅਸਰ ਪਾ ਸਕਦੇ ਹਨ। ਇਹ ਕੁਝ ਰੀਤਾਂ-ਰਸਮਾਂ ਹਨ ਜਿਵੇਂ ਸਾਰੀ ਰਾਤ ਜਾਗਣਾ, ਇਕੱਠੇ ਹੋ ਕੇ ਖਾਣਾ-ਪੀਣਾ ਅਤੇ ਨਾਚ-ਗਾਣਾ, ਬਰਸੀਆਂ ਮਨਾਉਣੀਆਂ, ਮੁਰਦਿਆਂ ਨੂੰ ਚੜ੍ਹਾਵੇ ਚੜ੍ਹਾਉਣੇ ਅਤੇ ਪਤੀ ਜਾਂ ਪਤਨੀ ਦੇ ਮਰਨ ਤੋਂ ਬਾਅਦ ਦੀਆਂ ਰਸਮਾਂ-ਰੀਤਾਂ ਪੂਰੀਆਂ ਕਰਨੀਆਂ। ਇਹ ਸਾਰੀਆਂ ਰੀਤਾਂ-ਰਸਮਾਂ ਪਰਮੇਸ਼ੁਰ ਦੀਆਂ ਨਜ਼ਰਾਂ ’ਚ ਅਸ਼ੁੱਧ ਹਨ ਕਿਉਂਕਿ ਇਹ ਸ਼ਤਾਨ ਦੀ ਇਸ ਝੂਠੀ ਸਿੱਖਿਆ ਨਾਲ ਜੁੜੀਆਂ ਹਨ ਕਿ ਬੰਦੇ ਦੀ ਆਤਮਾ ਮਰਦੀ ਨਹੀਂ। (ਹਿਜ਼. 18:4) ਸੱਚੇ ਮਸੀਹੀ “ਪ੍ਰਭੁ ਦੀ ਮੇਜ਼, ਨਾਲੇ ਭੂਤਾਂ ਦੀ ਮੇਜ਼ ਦੋਹਾਂ ਦੇ ਸਾਂਝੀ ਨਹੀਂ ਹੋ ਸੱਕਦੇ।” ਇਸ ਕਰਕੇ ਉਹ ਇਨ੍ਹਾਂ ਰੀਤਾਂ-ਰਸਮਾਂ ਵਿਚ ਹਿੱਸਾ ਨਹੀਂ ਲੈਂਦੇ। (1 ਕੁਰਿੰ. 10:21) ਉਹ ਇਸ ਹੁਕਮ ਨੂੰ ਮੰਨਦੇ ਹਨ: “ਅੱਡ ਹੋਵੋ, . . . ਅਤੇ ਕਿਸੇ ਭ੍ਰਿਸ਼ਟ ਵਸਤ ਨੂੰ ਹੱਥ ਨਾ ਲਾਓ।” (2 ਕੁਰਿੰ. 6:17) ਪਰ ਅਜਿਹੀਆਂ ਰੀਤਾਂ-ਰਸਮਾਂ ਤੋਂ ਦੂਰ ਰਹਿਣਾ ਹਮੇਸ਼ਾ ਸੌਖਾ ਨਹੀਂ ਹੁੰਦਾ।

ਅਫ਼ਰੀਕਾ ਅਤੇ ਹੋਰ ਥਾਵਾਂ ’ਤੇ ਆਮ ਮੰਨਿਆ ਜਾਂਦਾ ਹੈ ਕਿ ਜੇ ਤੁਸੀਂ ਸਾਰੀਆਂ ਰੀਤਾਂ-ਰਸਮਾਂ ਪੂਰੀਆਂ ਨਾ ਕੀਤੀਆਂ, ਤਾਂ ਵੱਡ-ਵਡੇਰਿਆਂ ਦੀਆਂ ਆਤਮਾਵਾਂ ਨਾਰਾਜ਼ ਹੋ ਜਾਣਗੀਆਂ। ਰੀਤਾਂ-ਰਸਮਾਂ ਪੂਰੀਆਂ ਨਾ ਹੋਣ ਤੇ ਸਾਰੀ ਬਰਾਦਰੀ ਉੱਤੇ ਸਰਾਪ ਆ ਸਕਦਾ ਹੈ। ਕਈ ਯਹੋਵਾਹ ਦੇ ਗਵਾਹਾਂ ਦੀ ਨੁਕਤਾਚੀਨੀ ਅਤੇ ਬੇਇੱਜ਼ਤੀ ਕੀਤੀ ਗਈ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਪਿੰਡੋਂ ਬਾਹਰ ਕੱਢ ਦਿੱਤਾ ਕਿਉਂਕਿ ਉਨ੍ਹਾਂ ਨੇ ਗ਼ਲਤ ਰੀਤਾਂ-ਰਸਮਾਂ ਵਿਚ ਹਿੱਸਾ ਨਹੀਂ ਲਿਆ। ਕਈਆਂ ’ਤੇ ਇਲਜ਼ਾਮ ਲਾਇਆ ਗਿਆ ਕਿ ਉਹ ਸਮਾਜ ਦੇ ਲੋਕਾਂ ਨਾਲ ਘੁਲਦੇ-ਮਿਲਦੇ ਨਹੀਂ ਅਤੇ ਮਰੇ ਲੋਕਾਂ ਦਾ ਆਦਰ ਨਹੀਂ ਕਰਦੇ। ਕਦੀ-ਕਦੀ ਅਜਿਹਾ ਹੁੰਦਾ ਹੈ ਕਿ ਯਹੋਵਾਹ ਨੂੰ ਨਾ ਮੰਨਣ ਵਾਲੇ ਰਿਸ਼ਤੇਦਾਰ ਜ਼ਬਰਦਸਤੀ ਆਪਣੇ ਤੌਰ-ਤਰੀਕਿਆਂ ਨਾਲ ਕਿਸੇ ਮਸੀਹੀ ਦਾ ਅੰਤਿਮ-ਸੰਸਕਾਰ ਕਰਦੇ ਹਨ। ਇਸ ਲਈ ਅਸੀਂ ਉਨ੍ਹਾਂ ਨਾਲ ਬਹਿਸ ਕਰਨ ਤੋਂ ਕਿਵੇਂ ਬਚ ਸਕਦੇ ਹਾਂ ਜੋ ਪਰਮੇਸ਼ੁਰ ਨੂੰ ਨਾਰਾਜ਼ ਕਰਨ ਵਾਲੀਆਂ ਰੀਤਾਂ-ਰਸਮਾਂ ਨੂੰ ਪੂਰਾ ਕਰਨ ’ਤੇ ਜ਼ੋਰ ਦਿੰਦੇ ਹਨ? ਇਸ ਤੋਂ ਵੀ ਜ਼ਰੂਰੀ ਗੱਲ ਹੈ ਕਿ ਅਸੀਂ ਉਨ੍ਹਾਂ ਗ਼ਲਤ ਰੀਤਾਂ-ਰਸਮਾਂ ਅਤੇ ਕੰਮਾਂ ਤੋਂ ਕਿਵੇਂ ਬਚ ਸਕਦੇ ਹਾਂ ਜਿਨ੍ਹਾਂ ਕਰਕੇ ਸਾਡਾ ਰਿਸ਼ਤਾ ਪਰਮੇਸ਼ੁਰ ਨਾਲੋਂ ਟੁੱਟ ਸਕਦਾ ਹੈ?

ਆਪਣੇ ਵਿਸ਼ਵਾਸਾਂ ਬਾਰੇ ਸਾਫ਼-ਸਾਫ਼ ਦੱਸੋ

ਦੁਨੀਆਂ ਦੇ ਕੁਝ ਹਿੱਸਿਆਂ ਵਿਚ ਇਹ ਦਸਤੂਰ ਹੈ ਕਿ ਸਾਕ-ਸੰਬੰਧੀ ਅਤੇ ਪਿੰਡ ਦੇ ਬਜ਼ੁਰਗ ਰਾਇ ਦਿੰਦੇ ਹਨ ਕਿ ਲਾਸ਼ ਨੂੰ ਕਿੱਦਾਂ ਦਫ਼ਨਾਉਣਾ-ਕਫ਼ਨਾਉਣਾ ਹੈ। ਇਕ ਵਫ਼ਾਦਾਰ ਮਸੀਹੀ ਨੂੰ ਇਹ ਗੱਲ ਸਾਫ਼ ਕਰ ਦੇਣੀ ਚਾਹੀਦੀ ਹੈ ਕਿ ਸੰਸਕਾਰ ਦਾ ਪ੍ਰਬੰਧ ਯਹੋਵਾਹ ਦੇ ਗਵਾਹ ਬਾਈਬਲ ਦੇ ਅਸੂਲਾਂ ਮੁਤਾਬਕ ਕਰਨਗੇ। (2 ਕੁਰਿੰ. 6:14-16) ਇਸ ਲਈ ਜ਼ਰੂਰੀ ਹੈ ਕਿ ਜਿਸ ਢੰਗ ਨਾਲ ਅਸੀਂ ਸੰਸਕਾਰ ਕਰਦੇ ਹਾਂ, ਉਸ ਨਾਲ ਸਾਡੇ ਭੈਣਾਂ-ਭਰਾਵਾਂ ਦੀ ਜ਼ਮੀਰ ਨੂੰ ਠੇਸ ਨਾ ਲੱਗੇ ਜਾਂ ਹੋਰ ਲੋਕ ਠੋਕਰ ਨਾ ਖਾਣ ਜਿਨ੍ਹਾਂ ਨੂੰ ਪਤਾ ਹੈ ਕਿ ਮਰੇ ਹੋਏ ਲੋਕਾਂ ਬਾਰੇ ਅਸੀਂ ਕੀ ਮੰਨਦੇ ਅਤੇ ਸਿਖਾਉਂਦੇ ਹਾਂ।

ਜਦੋਂ ਮਸੀਹੀ ਕਲੀਸਿਯਾ ਦੇ ਕਿਸੇ ਭਰਾ ਨੂੰ ਅੰਤਿਮ-ਸੰਸਕਾਰ ਦਾ ਪ੍ਰਬੰਧ ਕਰਨ ਲਈ ਕਿਹਾ ਜਾਂਦਾ ਹੈ, ਤਾਂ ਕਲੀਸਿਯਾ ਦੇ ਬਜ਼ੁਰਗ ਇਸ ਸੰਬੰਧੀ ਸੋਗੀਆਂ ਨੂੰ ਸੁਝਾਅ ਦੇ ਸਕਦੇ ਹਨ ਕਿ ਸਾਰੇ ਇੰਤਜ਼ਾਮ ਬਾਈਬਲ ਦੇ ਅਸੂਲਾਂ ਮੁਤਾਬਕ ਹੋਣੇ ਚਾਹੀਦੇ ਹਨ। ਜੇ ਕੁਝ ਗ਼ੈਰ-ਮਸੀਹੀ ਲੋਕ ਬਾਈਬਲ ਦੇ ਖ਼ਿਲਾਫ਼ ਕੋਈ ਰੀਤ ਨਿਭਾਉਣ ਉੱਤੇ ਜ਼ੋਰ ਪਾਉਂਦੇ ਹਨ, ਤਾਂ ਜ਼ਰੂਰੀ ਹੈ ਕਿ ਅਸੀਂ ਪਿਆਰ ਤੇ ਆਦਰ ਨਾਲ ਉਨ੍ਹਾਂ ਨੂੰ ਸਾਫ਼-ਸਾਫ਼ ਦੱਸ ਦੇਈਏ ਕਿ ਅਸੀਂ ਇਹ ਰੀਤ ਕਿਉਂ ਨਹੀਂ ਨਿਭਾ ਸਕਦੇ। (1 ਪਤ 3:15) ਪਰ ਉਦੋਂ ਕੀ ਜੇ ਯਹੋਵਾਹ ਨੂੰ ਨਾ ਮੰਨਣ ਵਾਲੇ ਤੁਹਾਡੇ ਰਿਸ਼ਤੇਦਾਰ ਤੁਹਾਡੇ ’ਤੇ ਕੁਝ ਅਸ਼ੁੱਧ ਰੀਤਾਂ ਨੂੰ ਨਿਭਾਉਣ ਦਾ ਜ਼ੋਰ ਪਾਉਂਦੇ ਹਨ? ਉਦੋਂ ਮਸੀਹੀ ਪਰਿਵਾਰ ਸ਼ਾਇਦ ਫ਼ੈਸਲਾ ਕਰਨ ਕਿ ਉਹ ਅੰਤਿਮ-ਸੰਸਕਾਰ ਦੀਆਂ ਰੀਤਾਂ-ਰਸਮਾਂ ਦੇ ਸਮੇਂ ਉੱਥੋਂ ਚਲੇ ਜਾਣ। (1 ਕੁਰਿੰ. 10:20) ਜਦੋਂ ਇੱਦਾਂ ਹੁੰਦਾ ਹੈ, ਤਾਂ ਕਿੰਗਡਮ ਹਾਲ ਜਾਂ ਕਿਸੇ ਹੋਰ ਥਾਂ ’ਤੇ ਸਾਦਾ ਜਿਹਾ ਭਾਸ਼ਣ ਦਿੱਤਾ ਜਾ ਸਕਦਾ ਹੈ ਤਾਂਕਿ ਉਨ੍ਹਾਂ ਭੈਣਾਂ-ਭਰਾਵਾਂ ਨੂੰ ‘ਧਰਮ ਪੁਸਤਕ ਤੋਂ ਦਿਲਾਸਾ’ ਮਿਲ ਸਕੇ ਜਿਨ੍ਹਾਂ ਦਾ ਅਜ਼ੀਜ਼ ਮੌਤ ਦੀ ਨੀਂਦ ਸੌਂ ਗਿਆ ਹੈ। (ਰੋਮੀ. 15:4) ਭਾਵੇਂ ਕਿ ਲਾਸ਼ ਕਿੰਗਡਮ ਹਾਲ ਵਿਚ ਨਹੀਂ ਵੀ ਹੈ, ਫਿਰ ਵੀ ਇਹ ਪ੍ਰਬੰਧ ਆਦਰਯੋਗ ਅਤੇ ਸਹੀ ਹੋਵੇਗਾ। (ਬਿਵ. 34:5, 6, 8) ਯਹੋਵਾਹ ਨੂੰ ਨਾ ਮੰਨਣ ਵਾਲਿਆਂ ਦੀ ਦਖ਼ਲਅੰਦਾਜ਼ੀ ਕਾਰਨ ਤਣਾਅ ਵਧ ਜਾਂਦਾ ਹੈ ਅਤੇ ਅਸੀਂ ਹੋਰ ਜ਼ਿਆਦਾ ਦੁਖੀ ਹੋ ਜਾਂਦੇ ਹਾਂ। ਫਿਰ ਵੀ ਅਸੀਂ ਦਿਲਾਸਾ ਪਾ ਸਕਦੇ ਹਾਂ ਕਿ ਅਸੀਂ ਜੋ ਵੀ ਕੀਤਾ ਸਹੀ ਸੀ ਅਤੇ ਯਹੋਵਾਹ ਦੀਆਂ ਨਜ਼ਰਾਂ ਤੋਂ ਲੁਕਿਆ ਨਹੀਂ। ਉਹੀ ਸਾਨੂੰ “ਅੱਤ ਵੱਡਾ ਮਹਾਤਮ” ਯਾਨੀ ਤਾਕਤ ਦਿੰਦਾ ਹੈ।—2 ਕੁਰਿੰ. 4:7.

ਆਪਣੀਆਂ ਖ਼ਾਹਸ਼ਾਂ ਬਾਰੇ ਲਿਖ ਲਓ

ਜਦੋਂ ਕੋਈ ਆਪਣੀਆਂ ਖ਼ਾਹਸ਼ਾਂ ਲਿਖ ਕੇ ਰੱਖਦਾ ਹੈ ਕਿ ਉਸ ਦਾ ਅੰਤਿਮ-ਸੰਸਕਾਰ ਕਿਵੇਂ ਕੀਤਾ ਜਾਣਾ ਚਾਹੀਦਾ ਹੈ, ਤਾਂ ਗ਼ੈਰ-ਮਸੀਹੀ ਪਰਿਵਾਰ ਦੇ ਮੈਂਬਰਾਂ ਨੂੰ ਸਮਝਾਉਣਾ ਸੌਖਾ ਹੋ ਜਾਂਦਾ ਹੈ। ਇੱਦਾਂ ਕਰਨ ਨਾਲ ਉਹ ਸ਼ਾਇਦ ਅਜ਼ੀਜ਼ ਦੀਆਂ ਖ਼ਾਹਸ਼ਾਂ ਦਾ ਆਦਰ ਕਰਨਗੇ। ਇਹ ਜ਼ਰੂਰੀ ਗੱਲਾਂ ਲਿਖ ਲੈਣੀਆਂ ਚਾਹੀਦੀਆਂ ਹਨ ਕਿ ਅੰਤਿਮ-ਸੰਸਕਾਰ ਕਿਵੇਂ ਅਤੇ ਕਿੱਥੇ ਹੋਣਾ ਚਾਹੀਦਾ ਹੈ ਅਤੇ ਪ੍ਰਬੰਧ ਕਿਸ ਨੂੰ ਕਰਨੇ ਚਾਹੀਦੇ ਹਨ। (ਉਤ. 50:5) ਵਧੀਆ ਗੱਲ ਹੋਵੇਗੀ ਜੇ ਦੂਜਿਆਂ ਦੇ ਸਾਮ੍ਹਣੇ ਇਸ ਦਸਤਾਵੇਜ਼ ਉੱਤੇ ਦਸਤਖਤ ਕੀਤੇ ਜਾਣ। ਸਮਝਦਾਰ ਇਨਸਾਨ ਪਹਿਲਾਂ ਤੋਂ ਹੀ ਬਾਈਬਲ ਦੇ ਅਸੂਲਾਂ ਅਨੁਸਾਰ ਭਵਿੱਖ ਬਾਰੇ ਯੋਜਨਾਵਾਂ ਬਣਾਉਂਦੇ ਹਨ। ਉਹ ਬੁੱਢੇ ਹੋਣ ਤਕ ਜਾਂ ਜਾਨਲੇਵਾ ਬੀਮਾਰੀ ਲੱਗਣ ਤਕ ਉਡੀਕ ਨਹੀਂ ਕਰਦੇ, ਸਗੋਂ ਪਹਿਲਾਂ ਤੋਂ ਹੀ ਇਹ ਕਦਮ ਚੁੱਕਣਗੇ।—ਕਹਾ. 22:3; ਉਪ. 9:12.

ਕਈ ਸ਼ਾਇਦ ਦਸਤਾਵੇਜ਼ ਉੱਤੇ ਆਪਣੇ ਅੰਤਿਮ-ਸੰਸਕਾਰ ਬਾਰੇ ਹਿਦਾਇਤਾਂ ਲਿਖਣ ਤੋਂ ਹਿਚਕਿਚਾਉਣ। ਪਰ ਇਸ ਤਰ੍ਹਾਂ ਕਰਨ ਨਾਲ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਸਮਝਦਾਰ ਹਾਂ ਤੇ ਦੂਜਿਆਂ ਦੀ ਪਰਵਾਹ ਕਰਦੇ ਹਾਂ। (ਫ਼ਿਲਿ. 2:4) ਚੰਗਾ ਹੋਵੇਗਾ ਕਿ ਅਸੀਂ ਖ਼ੁਦ ਇਸ ਅਹਿਮ ਮਾਮਲੇ ਬਾਰੇ ਕੁਝ ਕਰੀਏ ਅਤੇ ਇਹ ਸਾਰਾ ਕੁਝ ਆਪਣੇ ਦੁਖੀ ਪਰਿਵਾਰ ਦੇ ਮੈਂਬਰਾਂ ’ਤੇ ਨਾ ਛੱਡ ਦੇਈਏ। ਨਹੀਂ ਤਾਂ ਉਨ੍ਹਾਂ ’ਤੇ ਅਸ਼ੁੱਧ ਰੀਤਾਂ-ਰਸਮਾਂ ਪੂਰੀਆਂ ਕਰਨ ਦਾ ਦਬਾਅ ਆ ਸਕਦਾ ਹੈ ਜੋ ਮਰਨ ਵਾਲਾ ਨਾ ਤਾਂ ਮੰਨਦਾ ਸੀ ਤੇ ਨਾ ਹੀ ਪਸੰਦ ਕਰਦਾ ਸੀ।

ਦਫ਼ਨ ਕਰਨ ਦੀਆਂ ਰੀਤਾਂ ਸਾਦੀਆਂ ਰੱਖੋ

ਅਫ਼ਰੀਕਾ ਦੇ ਕੁਝ ਹਿੱਸਿਆਂ ਵਿਚ ਆਮ ਮੰਨਿਆ ਜਾਂਦਾ ਹੈ ਕਿ ਅੰਤਿਮ-ਸੰਸਕਾਰ ਸ਼ਾਨੋ-ਸ਼ੌਕਤ ਨਾਲ ਕਰਨਾ ਚਾਹੀਦਾ ਹੈ ਤਾਂਕਿ ਵੱਡ-ਵਡੇਰਿਆਂ ਦੀਆਂ ਆਤਮਾਵਾਂ ਕ੍ਰੋਧਿਤ ਨਾ ਹੋ ਜਾਣ। ਕਈ ਇਸ ਮੌਕੇ ਤੇ ਆਪਣੀ ਧਨ-ਦੌਲਤ ਦਾ ਦਿਖਾਵਾ ਕਰਦੇ ਹਨ। (1 ਯੂਹੰ. 2:16) ਮਰਨ ਵਾਲੇ ਬੰਦੇ ਨੂੰ ਦਫ਼ਨਾਉਣ ਦੀਆਂ ਰਸਮਾਂ ਨਿਭਾਉਣ ਵੇਲੇ ਕਈ ਕਾਫ਼ੀ ਸਮਾਂ, ਮਿਹਨਤ ਅਤੇ ਪੈਸਾ ਖ਼ਰਚ ਕਰ ਦਿੰਦੇ ਹਨ। ਉਹ ਇਸ ਤਰ੍ਹਾਂ ਕਰਨਾ ਜ਼ਰੂਰੀ ਸਮਝਦੇ ਹਨ। ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਲ ਕਰਨ ਲਈ ਵੱਖ-ਵੱਖ ਥਾਵਾਂ ’ਤੇ ਵੱਡੇ-ਵੱਡੇ ਪੋਸਟਰ ਲਾ ਕੇ ਮਰਨ ਵਾਲੇ ਬੰਦੇ ਦੇ ਅੰਤਿਮ-ਸੰਸਕਾਰ ਦੀ ਮਸ਼ਹੂਰੀ ਕਰਦੇ ਹਨ। ਟੀ-ਸ਼ਰਟਾਂ ’ਤੇ ਮਰੇ ਬੰਦੇ ਦੀਆਂ ਤਸਵੀਰਾਂ ਛਪਵਾਈਆਂ ਜਾਂਦੀਆਂ ਹਨ ਅਤੇ ਸੋਗੀਆਂ ਦੇ ਪਹਿਨਣ ਲਈ ਵੰਡੀਆਂ ਜਾਂਦੀਆਂ ਹਨ। ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਮਹਿੰਗੇ ਤੋਂ ਮਹਿੰਗੇ ਤਾਬੂਤ ਖ਼ਰੀਦੇ ਜਾਂਦੇ ਹਨ। ਇਕ ਅਫ਼ਰੀਕੀ ਦੇਸ਼ ਵਿਚ ਕਈ ਤਾਂ ਵੱਡੇ-ਵੱਡੇ ਸ਼ਾਨਦਾਰ ਤਾਬੂਤ ਬਣਵਾਉਂਦੇ ਹਨ ਜੋ ਦੇਖਣ ਨੂੰ ਕਾਰਾਂ, ਜਹਾਜ਼ਾਂ, ਕਿਸ਼ਤੀਆਂ ਜਾਂ ਹੋਰ ਚੀਜ਼ਾਂ ਵਰਗੇ ਲੱਗਦੇ ਹਨ। ਇਹ ਸਾਰਾ ਕੁਝ ਧਨ-ਦੌਲਤ ਅਤੇ ਠਾਠ-ਬਾਠ ਦਾ ਦਿਖਾਵਾ ਕਰਨ ਲਈ ਕੀਤਾ ਜਾਂਦਾ ਹੈ। ਲਾਸ਼ ਨੂੰ ਸ਼ਾਇਦ ਤਾਬੂਤ ਵਿੱਚੋਂ ਕੱਢ ਕੇ ਖ਼ਾਸ ਸਜੇ-ਸਜਾਏ ਮੰਜੇ ’ਤੇ ਰੱਖਿਆ ਜਾਂਦਾ ਹੈ। ਔਰਤ ਦੀ ਲਾਸ਼ ਨੂੰ ਵਿਆਹ ਵਾਲੇ ਚਿੱਟੇ ਕੱਪੜੇ, ਕੀਮਤੀ ਗਹਿਣੇ ਅਤੇ ਮੋਤੀ ਪਹਿਨਾਏ ਜਾਂਦੇ ਹਨ ਅਤੇ ਉਸ ਦਾ ਮੇਕ-ਅੱਪ ਕੀਤਾ ਜਾਂਦਾ ਹੈ। ਕੀ ਪਰਮੇਸ਼ੁਰ ਦੇ ਭਗਤਾਂ ਲਈ ਅਜਿਹੇ ਅੰਤਿਮ-ਸੰਸਕਾਰਾਂ ਦੀਆਂ ਰੀਤਾਂ ਵਿਚ ਹਿੱਸਾ ਲੈਣਾ ਸਹੀ ਹੋਵੇਗਾ?

ਅਜਿਹੇ ਲੋਕ ਨਾ ਤਾਂ ਪਰਮੇਸ਼ੁਰ ਦੇ ਅਸੂਲਾਂ ਨੂੰ ਜਾਣਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਉਸ ਦੇ ਅਸੂਲਾਂ ਦੀ ਪਰਵਾਹ ਹੈ। ਪਰ ਸਮਝਦਾਰ ਮਸੀਹੀ ਆਪਣੀ ਧਨ-ਦੌਲਤ ਦਾ ਦਿਖਾਵਾ ਨਹੀਂ ਕਰਨਾ ਚਾਹੁੰਦੇ ਜਿਸ ਕਰਕੇ ਉਹ ਇੱਦਾਂ ਦੀਆਂ ਰੀਤਾਂ-ਰਸਮਾਂ ਤੋਂ ਦੂਰ ਰਹਿੰਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਦੀਆਂ ਘਟੀਆ ਰੀਤਾਂ-ਰਸਮਾਂ ਅਤੇ ਕੰਮ ‘ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹਨ।’ (1 ਯੂਹੰ. 2:15-17) ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਠਾਠ-ਬਾਠ ਦਾ ਦਿਖਾਵਾ ਕਰਨ ਵਾਲਿਆਂ ਨਾਲ ਮੁਕਾਬਲਾ ਨਾ ਕਰੀਏ ਕਿਉਂਕਿ ਇਹ ਰਵੱਈਆ ਮਸੀਹੀਆਂ ਨੂੰ ਸ਼ੋਭਾ ਨਹੀਂ ਦਿੰਦਾ। (ਗਲਾ. 5:26) ਦੇਖਣ ਵਿਚ ਆਇਆ ਹੈ ਕਿ ਜਿਸ ਸਮਾਜ ਦੇ ਲੋਕ ਮਰੇ ਹੋਇਆਂ ਨੂੰ ਨਾਰਾਜ਼ ਕਰਨ ਤੋਂ ਡਰਦੇ ਹਨ, ਉਹ ਅਕਸਰ ਵੱਡੇ-ਵੱਡੇ ਇਕੱਠ ਕਰਦੇ ਹਨ ਜਿਨ੍ਹਾਂ ਦੀ ਨਿਗਰਾਨੀ ਕਰਨੀ ਬਹੁਤ ਔਖੀ ਹੋ ਜਾਂਦੀ ਹੈ। ਨਾਲੇ ਮੁਰਦਿਆਂ ਨੂੰ ਖ਼ੁਸ਼ ਕਰਨ ਲਈ ਕੀਤੀਆਂ ਜਾਂਦੀਆਂ ਰਸਮਾਂ ਵੇਲੇ ਲੋਕ ਅਕਸਰ ਇਸ ਹੱਦ ਤਕ ਪਹੁੰਚ ਜਾਂਦੇ ਹਨ ਕਿ ਉਹ ਬਦਚਲਣ ਕੰਮ ਕਰ ਸਕਦੇ ਹਨ। ਕਈ ਵਾਰ ਅਜਿਹੇ ਅੰਤਿਮ-ਸੰਸਕਾਰਾਂ ਉੱਤੇ ਲੋਕ ਉੱਚੀ-ਉੱਚੀ ਰੋਣ-ਪਿੱਟਣ ਲੱਗ ਪੈਂਦੇ ਹਨ, ਲਾਸ਼ ਨੂੰ ਜੱਫ਼ੀਆਂ ਪਾਉਂਦੇ ਹਨ ਅਤੇ ਲਾਸ਼ ਨਾਲ ਗੱਲਾਂ ਕਰਦੇ ਹਨ ਜਿਵੇਂ ਉਹ ਜ਼ਿੰਦਾ ਹੋਵੇ ਅਤੇ ਲਾਸ਼ ਨਾਲ ਪੈਸੇ ਤੇ ਹੋਰ ਚੀਜ਼ਾਂ ਲਾ ਦਿੰਦੇ ਹਨ। ਜੇ ਇਸ ਤਰ੍ਹਾਂ ਦੇ ਕੰਮ ਮਸੀਹੀਆਂ ਦੇ ਅੰਤਿਮ-ਸੰਸਕਾਰਾਂ ’ਤੇ ਹੋਣ, ਤਾਂ ਯਹੋਵਾਹ ਅਤੇ ਉਸ ਦੇ ਲੋਕਾਂ ਦੇ ਨਾਂ ਦੀ ਕਿੰਨੀ ਵੱਡੀ ਬਦਨਾਮੀ ਹੋਵੇਗੀ!—1 ਪਤ. 1:14-16.

ਮਸੀਹੀਆਂ ਨੂੰ ਪਤਾ ਹੈ ਕਿ ਮਰੇ ਹੋਏ ਲੋਕ ਕਿਸ ਹਾਲਾਤ ਵਿਚ ਹਨ। ਇਸ ਤੋਂ ਮਿਲਦੀ ਹਿੰਮਤ ਨਾਲ ਉਹ ਅੰਤਿਮ-ਸੰਸਕਾਰ ਦੁਨੀਆਂ ਦੀਆਂ ਰੀਤਾਂ-ਰਸਮਾਂ ਅਨੁਸਾਰ ਕਰਨ ਦੀ ਬਜਾਇ ਬਾਈਬਲ ਦੇ ਅਸੂਲਾਂ ਅਨੁਸਾਰ ਕਰਦੇ ਹਨ। (ਅਫ਼. 4:17-19) ਭਾਵੇਂ ਕਿ ਯਿਸੂ ਸਭ ਤੋਂ ਮਹਾਨ ਅਤੇ ਜਾਣਿਆ-ਮਾਣਿਆ ਇਨਸਾਨ ਸੀ, ਫਿਰ ਵੀ ਉਸ ਨੂੰ ਸਾਦੇ ਢੰਗ ਨਾਲ ਦਫ਼ਨਾਇਆ ਗਿਆ ਸੀ। (ਯੂਹੰ. 19:40-42) ਜੋ “ਮਸੀਹ ਦੀ ਬੁੱਧੀ” ਅਨੁਸਾਰ ਚੱਲਦੇ ਹਨ, ਉਹ ਸਮਝਦੇ ਹਨ ਕਿ ਇਸ ਤਰੀਕੇ ਨਾਲ ਅੰਤਿਮ-ਸੰਸਕਾਰ ਕਰਨਾ ਆਦਰਯੋਗ ਹੈ। (1 ਕੁਰਿੰ. 2:16) ਮਸੀਹੀਆਂ ਲਈ ਸਾਦੇ ਅਤੇ ਆਦਰਯੋਗ ਢੰਗ ਨਾਲ ਅੰਤਿਮ-ਸੰਸਕਾਰ ਕਰਨਾ ਸਹੀ ਹੋਵੇਗਾ ਕਿਉਂਕਿ ਉਹ ਬਾਈਬਲ ਖ਼ਿਲਾਫ਼ ਗ਼ਲਤ ਰੀਤਾਂ-ਰਸਮਾਂ ਤੋਂ ਦੂਰ ਰਹਿੰਦੇ ਹਨ ਅਤੇ ਮਰਯਾਦਾ ਵਿਚ ਰਹਿ ਕੇ ਮਾਹੌਲ ਨੂੰ ਸ਼ਾਂਤ ਰੱਖਦੇ ਹਨ। ਨਾਲੇ ਇਹ ਤਰੀਕਾ ਉਨ੍ਹਾਂ ਭੈਣਾਂ-ਭਰਾਵਾਂ ਨੂੰ ਸਹੀ ਲੱਗਦਾ ਹੈ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ।

ਕੀ ਸਾਨੂੰ ਖ਼ੁਸ਼ੀਆਂ ਮਨਾਉਣੀਆਂ ਚਾਹੀਦੀਆਂ ਹਨ?

ਅੰਤਿਮ-ਸੰਸਕਾਰ ਕਰਨ ਤੋਂ ਬਾਅਦ ਸ਼ਾਇਦ ਇਹ ਰੀਤ ਹੋਵੇ ਕਿ ਰਿਸ਼ਤੇਦਾਰ, ਗੁਆਂਢੀ ਅਤੇ ਹੋਰ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਖਾਂਦੇ-ਪੀਂਦੇ ਹਨ ਅਤੇ ਉੱਚੀ-ਉੱਚੀ ਸੰਗੀਤ ਲਾ ਕੇ ਨੱਚਦੇ ਹਨ। ਅਜਿਹੇ ਜਸ਼ਨ ਵਿਚ ਅਕਸਰ ਲੋਕ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹਨ ਤੇ ਬਦਚਲਣ ਕੰਮ ਕਰਦੇ ਹਨ। ਕਈ ਕਹਿੰਦੇ ਹਨ ਕਿ ਅਜਿਹਾ ਕਰਨ ਨਾਲ ਮੌਤ ਦਾ ਗ਼ਮ ਭੁਲਾਉਣ ਵਿਚ ਮਦਦ ਮਿਲਦੀ ਹੈ। ਕਈ ਹੋਰ ਕਹਿੰਦੇ ਹਨ ਕਿ ਇਸ ਤਰ੍ਹਾਂ ਕਰਨਾ ਉਨ੍ਹਾਂ ਦੇ ਸਭਿਆਚਾਰ ਦਾ ਹਿੱਸਾ ਹੈ। ਪਰ ਕਈ ਮੰਨਦੇ ਹਨ ਕਿ ਮਰੇ ਹੋਏ ਲੋਕਾਂ ਦਾ ਆਦਰ ਕਰਨ ਅਤੇ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਅਜਿਹੇ ਲੁੱਚਪੁਣੇ ਦੇ ਕੰਮ ਕਰਨੇ ਜ਼ਰੂਰੀ ਹਨ ਤਾਂਕਿ ਉਨ੍ਹਾਂ ਦੀ ਆਤਮਾ ਵੱਡ-ਵਡੇਰਿਆਂ ਨਾਲ ਮਿਲ ਜਾਵੇ।

ਸੱਚੇ ਮਸੀਹੀ ਇਸ ਸਲਾਹ ਨੂੰ ਮੰਨਣ ਵਿਚ ਅਕਲਮੰਦੀ ਸਮਝਦੇ ਹਨ: “ਹਾਸੀ ਨਾਲੋਂ ਸੋਗ ਚੰਗਾ ਹੈ, ਕਿਉਂ ਜੋ ਮੂੰਹ ਦੀ ਉਦਾਸੀ ਨਾਲ ਮਨ ਸੁਧਰ ਜਾਂਦਾ ਹੈ।” (ਉਪ. 7:3) ਨਾਲੇ ਉਨ੍ਹਾਂ ਨੂੰ ਪਤਾ ਹੈ ਕਿ ਜ਼ਿੰਦਗੀ ਬਹੁਤ ਛੋਟੀ ਹੈ ਅਤੇ ਮਰੇ ਹੋਏ ਲੋਕਾਂ ਨੂੰ ਜੀ ਉਠਾਇਆ ਜਾਵੇਗਾ। ਇਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰ ਕੇ ਉਨ੍ਹਾਂ ਨੂੰ ਫ਼ਾਇਦਾ ਹੁੰਦਾ ਹੈ। ਵਾਕਈ, ਜਿਨ੍ਹਾਂ ਦਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਹੈ, ਉਹ ਜਾਣਦੇ ਹਨ ਕਿ “ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ।” (ਉਪ. 7:1) ਇਹ ਜਾਣਦੇ ਹੋਏ ਕਿ ਅੰਤਿਮ-ਸੰਸਕਾਰ ਤੋਂ ਬਾਅਦ ਕੀਤੀ ਜਾਂਦੀ ਮੌਜ-ਮਸਤੀ ਅਤੇ ਲੁੱਚਪੁਣੇ ਦੇ ਕੰਮ ਸ਼ਤਾਨ ਦੀ ਸਿੱਖਿਆ ਨਾਲ ਸੰਬੰਧ ਰੱਖਦੇ ਹਨ, ਇਸ ਲਈ ਮਸੀਹੀਆਂ ਲਈ ਕਿੰਨਾ ਜ਼ਰੂਰੀ ਹੈ ਕਿ ਉਹ ਇਨ੍ਹਾਂ ਜਸ਼ਨਾਂ ਵਿਚ ਹਿੱਸਾ ਨਾ ਲੈਣ। ਅਜਿਹੇ ਲੋਕਾਂ ਨਾਲ ਮਿਲਣ-ਜੁਲਣ ਨਾਲ ਅਸੀਂ ਪਰਮੇਸ਼ੁਰ ਦਾ ਆਦਰ ਨਹੀਂ ਕਰਾਂਗੇ ਅਤੇ ਆਪਣੇ ਭੈਣਾਂ-ਭਰਾਵਾਂ ਦੀ ਜ਼ਮੀਰ ਨੂੰ ਠੋਕਰ ਨਹੀਂ ਖੁਆਵਾਂਗੇ।

ਦੂਸਰਿਆਂ ਨੂੰ ਫ਼ਰਕ ਨਜ਼ਰ ਆਉਣਾ ਚਾਹੀਦਾ

ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਉਨ੍ਹਾਂ ਲੋਕਾਂ ਵਾਂਗ ਮੁਰਦਿਆਂ ਤੋਂ ਡਰਦੇ ਨਹੀਂ ਜੋ ਸੱਚਾਈ ਨਹੀਂ ਜਾਣਦੇ! (ਯੂਹੰ. 8:32) “ਚਾਨਣ ਦੇ ਪੁਤ੍ਰਾਂ” ਵਜੋਂ ਅਸੀਂ ਮਰਯਾਦਾ ਵਿਚ ਰਹਿ ਕੇ ਆਪਣਾ ਗ਼ਮ ਜ਼ਾਹਰ ਕਰਦੇ ਹਾਂ ਕਿਉਂਕਿ ਅਸੀਂ ਮੰਨਦੇ ਹਾਂ ਕਿ ਸਾਡੇ ਅਜ਼ੀਜ਼ ਦੁਬਾਰਾ ਜੀ ਉੱਠਣਗੇ। (ਅਫ਼. 5:8; ਯੂਹੰ. 5:28, 29) ਅਸੀਂ ਦੁਨੀਆਂ ਦੇ ਉਨ੍ਹਾਂ ਲੋਕਾਂ ਵਾਂਗ ਹੱਦੋਂ ਵੱਧ ਰੋਂਦੇ-ਪਿੱਟਦੇ ਨਹੀਂ “ਜਿਨ੍ਹਾਂ ਨੂੰ ਕੋਈ ਆਸ ਨਹੀਂ।” (1 ਥੱਸ. 4:13) ਮੁੜ ਜੀ ਉੱਠਣ ਦੀ ਉਮੀਦ ਤੋਂ ਸਾਨੂੰ ਯਹੋਵਾਹ ਦਾ ਪੱਖ ਲੈਣ ਦੀ ਹਿੰਮਤ ਮਿਲਦੀ ਹੈ ਅਤੇ ਅਸੀਂ ਡਰ ਦੇ ਕਾਰਨ ਇਨਸਾਨਾਂ ਅੱਗੇ ਝੁਕਦੇ ਨਹੀਂ।—1 ਪਤ. 3:13, 14.

ਬਾਈਬਲ ਦੇ ਅਸੂਲਾਂ ’ਤੇ ਚੱਲ ਕੇ ਅਸੀਂ ਲੋਕਾਂ ਨੂੰ “ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹ ਦੇ ਵਿੱਚ ਪਰਖ” ਕਰਨ ਦਾ ਮੌਕਾ ਦਿੰਦੇ ਹਾਂ। (ਮਲਾ. 3:18) ਇਕ ਦਿਨ ਅਜਿਹਾ ਆਵੇਗਾ ਜਦੋਂ ਮੌਤ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। (ਪਰ 21:4) ਉਹ ਦਿਨ ਆਉਣ ਤਕ ਆਓ ਆਪਾਂ ਯਹੋਵਾਹ ਦੀਆਂ ਨਜ਼ਰਾਂ ਵਿਚ ਇਸ ਬੁਰੀ ਦੁਨੀਆਂ ਅਤੇ ਇਨ੍ਹਾਂ ਗ਼ਲਤ ਰੀਤਾਂ-ਰਸਮਾਂ ਤੋਂ ਨਿਹਕਲੰਕ ਰਹੀਏ।—2 ਪਤ. 3:14.

[ਸਫ਼ਾ 30 ਉੱਤੇ ਤਸਵੀਰ]

ਅਕਲਮੰਦੀ ਦੀ ਗੱਲ ਹੋਵੇਗੀ ਜੇ ਅਸੀਂ ਆਪਣੀਆਂ ਖ਼ਾਹਸ਼ਾਂ ਦਸਤਾਵੇਜ਼ ’ਤੇ ਲਿਖ ਲਈਏ

[ਸਫ਼ਾ 31 ਉੱਤੇ ਤਸਵੀਰ]

ਮਸੀਹੀਆਂ ਨੂੰ ਮਰਯਾਦਾ ਵਿਚ ਰਹਿ ਕੇ ਸਾਦੇ ਢੰਗ ਨਾਲ ਅੰਤਿਮ-ਸੰਸਕਾਰ ਕਰਨੇ ਚਾਹੀਦੇ ਹਨ