ਆਪਣੇ ਰਵੱਈਏ ’ਤੇ ਯਿਸੂ ਦੀਆਂ ਗੱਲਾਂ ਦਾ ਅਸਰ ਪੈਣ ਦਿਓ
ਆਪਣੇ ਰਵੱਈਏ ’ਤੇ ਯਿਸੂ ਦੀਆਂ ਗੱਲਾਂ ਦਾ ਅਸਰ ਪੈਣ ਦਿਓ
“ਜਿਹ ਨੂੰ ਪਰਮੇਸ਼ੁਰ ਨੇ ਭੇਜਿਆ ਹੈ ਸੋ ਪਰਮੇਸ਼ੁਰ ਦੀਆਂ ਗੱਲਾਂ ਬੋਲਦਾ ਹੈ।”—ਯੂਹੰ. 3:34.
1, 2. ਪਹਾੜੀ ਉਪਦੇਸ਼ ਵਿਚ ਯਿਸੂ ਦੀਆਂ ਗੱਲਾਂ ਦੀ ਤੁਲਨਾ ਕਿਸ ਨਾਲ ਕੀਤੀ ਗਈ ਹੈ ਅਤੇ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਇਹ ਉਪਦੇਸ਼ “ਪਰਮੇਸ਼ੁਰ ਦੀਆਂ ਗੱਲਾਂ” ਉੱਤੇ ਆਧਾਰਿਤ ਸੀ?
ਦੁਨੀਆਂ ਦੇ ਸਭ ਤੋਂ ਵੱਡੇ ਤਰਾਸ਼ੇ ਗਏ ਹੀਰਿਆਂ ਵਿੱਚੋਂ ਇਕ ਹੀਰਾ 530 ਕੈਰਟ ਦਾ ਹੈ ਜੋ ਅਫ਼ਰੀਕਾ ਦੇ ਸਟਾਰ (Star of Africa) ਵਜੋਂ ਜਾਣਿਆ ਜਾਂਦਾ ਹੈ। ਇਹ ਵਾਕਈ ਬਹੁਤ ਕੀਮਤੀ ਹੀਰਾ ਹੈ! ਪਰ ਯਿਸੂ ਦੇ ਪਹਾੜੀ ਉਪਦੇਸ਼ ਦੀਆਂ ਗੱਲਾਂ ਇਸ ਹੀਰੇ ਤੋਂ ਕਿਤੇ ਵਧ ਅਨਮੋਲ ਹਨ। ਕਿਉਂ ਨਾ ਹੋਣ! ਇਹ ਗੱਲਾਂ ਯਹੋਵਾਹ ਪਰਮੇਸ਼ੁਰ ਨੇ ਯਿਸੂ ਮਸੀਹ ਦੇ ਰਾਹੀਂ ਦੱਸੀਆਂ ਹਨ। ਯਿਸੂ ਬਾਰੇ ਗੱਲ ਕਰਦੀ ਹੋਈ ਬਾਈਬਲ ਕਹਿੰਦੀ ਹੈ: “ਜਿਹ ਨੂੰ ਪਰਮੇਸ਼ੁਰ ਨੇ ਭੇਜਿਆ ਹੈ ਸੋ ਪਰਮੇਸ਼ੁਰ ਦੀਆਂ ਗੱਲਾਂ ਬੋਲਦਾ ਹੈ।”—ਯੂਹੰ. 3:34-36.
2 ਭਾਵੇਂ ਕਿ ਯਿਸੂ ਨੇ ਪਹਾੜੀ ਉਪਦੇਸ਼ ਸ਼ਾਇਦ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਵਿਚ ਦਿੱਤਾ ਸੀ, ਪਰ ਉਸ ਨੇ ਇਬਰਾਨੀ ਸ਼ਾਸਤਰ ਦੀਆਂ ਅੱਠ ਕਿਤਾਬਾਂ ਵਿੱਚੋਂ 21 ਹਵਾਲੇ ਦਿੱਤੇ ਸਨ। ਇਸ ਤੋਂ ਸਾਫ਼ ਹੈ ਕਿ ਇਹ ਉਪਦੇਸ਼ “ਪਰਮੇਸ਼ੁਰ ਦੀਆਂ ਗੱਲਾਂ” ਉੱਤੇ ਪੂਰੀ ਤਰ੍ਹਾਂ ਆਧਾਰਿਤ ਸੀ। ਆਓ ਆਪਾਂ ਦੇਖੀਏ ਕਿ ਪਰਮੇਸ਼ੁਰ ਦੇ ਪਿਆਰੇ ਪੁੱਤਰ ਦੇ ਇਸ ਸ਼ਾਨਦਾਰ ਉਪਦੇਸ਼ ਵਿੱਚੋਂ ਕੁਝ ਅਨਮੋਲ ਗੱਲਾਂ ਨੂੰ ਅਸੀਂ ਕਿਵੇਂ ਲਾਗੂ ਕਰ ਸਕਦੇ ਹਾਂ।
“ਪਹਿਲਾਂ ਆਪਣੇ ਭਰਾ ਨਾਲ ਮੇਲ ਕਰ”
3. ਕ੍ਰੋਧ ਦੇ ਮਾੜੇ ਅਸਰਾਂ ਬਾਰੇ ਆਪਣੇ ਚੇਲਿਆਂ ਨੂੰ ਚੇਤਾਵਨੀ ਦੇਣ ਤੋਂ ਬਾਅਦ ਯਿਸੂ ਨੇ ਕਿਹੜੀ ਸਲਾਹ ਦਿੱਤੀ?
3 ਮਸੀਹੀ ਹੋਣ ਦੇ ਨਾਤੇ ਅਸੀਂ ਇਸ ਲਈ ਖ਼ੁਸ਼ ਅਤੇ ਸ਼ਾਂਤੀ-ਪਸੰਦ ਹਾਂ ਕਿਉਂਕਿ ਸਾਡੇ ਕੋਲ ਯਹੋਵਾਹ ਦੀ ਪਵਿੱਤਰ ਸ਼ਕਤੀ ਹੈ ਜੋ ਸਾਡੇ ਵਿਚ ਆਨੰਦ ਤੇ ਸ਼ਾਂਤੀ ਦੇ ਗੁਣ ਪੈਦਾ ਕਰਦੀ ਹੈ। (ਗਲਾ. 5:22, 23) ਯਿਸੂ ਨਹੀਂ ਚਾਹੁੰਦਾ ਸੀ ਕਿ ਉਸ ਦੇ ਚੇਲੇ ਆਪਣੀ ਮਨ ਦੀ ਸ਼ਾਂਤੀ ਅਤੇ ਖ਼ੁਸ਼ੀ ਗੁਆ ਬੈਠਣ। ਇਸ ਲਈ ਉਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਜ਼ਿਆਦਾ ਚਿਰ ਗੁੱਸੇ ਨਾ ਰਹਿਣ ਕਿਉਂਕਿ ਕ੍ਰੋਧ ਦੇ ਮਾੜੇ ਅਸਰਾਂ ਕਰਕੇ ਉਨ੍ਹਾਂ ਦੀ ਜਾਨ ਜਾ ਸਕਦੀ ਹੈ। (ਮੱਤੀ 5:21, 22) ਯਿਸੂ ਨੇ ਅੱਗੇ ਕਿਹਾ: “ਸੋ ਜੇ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜ੍ਹਾਉਣ ਲੱਗੇਂ ਅਰ ਉੱਥੇ ਤੈਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ, ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾਹ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ। ਪਿੱਛੋਂ ਆਣ ਕੇ ਆਪਣੀ ਭੇਟ ਚੜ੍ਹਾ।”—ਮੱਤੀ 5:23, 24.
4, 5. (ੳ) ਮੱਤੀ 5:23, 24 ਵਿਚ ਯਿਸੂ ਵੱਲੋਂ ਜ਼ਿਕਰ ਕੀਤੀ “ਭੇਟ” ਕੀ ਸੀ? (ਅ) ਆਪਣੇ ਨਾਰਾਜ਼ ਹੋਏ ਭਰਾ ਨਾਲ ਮੇਲ ਕਰਨਾ ਕਿੰਨਾ ਕੁ ਜ਼ਰੂਰੀ ਹੈ?
4 ਯਿਸੂ ਵੱਲੋਂ ਜ਼ਿਕਰ ਕੀਤੀ ਗਈ “ਭੇਟ” ਕੋਈ ਵੀ ਚੜ੍ਹਾਵਾ ਹੋ ਸਕਦਾ ਸੀ ਜੋ ਯਰੂਸ਼ਲਮ ਦੀ ਹੈਕਲ ਵਿਚ ਚੜ੍ਹਾਇਆ ਜਾਂਦਾ ਸੀ। ਮਿਸਾਲ ਲਈ, ਯਹੂਦੀਆਂ ਲਈ ਜਾਨਵਰਾਂ ਦੀਆਂ ਬਲੀਆਂ ਚੜ੍ਹਾਉਣੀਆਂ ਜ਼ਰੂਰੀ ਸਨ ਕਿਉਂਕਿ ਇਹ ਉਨ੍ਹਾਂ ਦੀ ਭਗਤੀ ਦਾ ਅਹਿਮ ਹਿੱਸਾ ਸੀ। ਪਰ ਯਿਸੂ ਨੇ ਇਸ ਤੋਂ ਵੀ ਇਕ ਜ਼ਰੂਰੀ ਗੱਲ ’ਤੇ ਜ਼ੋਰ ਦਿੱਤਾ। ਉਸ ਨੇ ਕਿਹਾ ਕਿ ਭੇਟ ਚੜ੍ਹਾਉਣ ਤੋਂ ਪਹਿਲਾਂ ਪਰਮੇਸ਼ੁਰ ਦੇ ਕਿਸੇ ਵੀ ਭਗਤ ਲਈ ਜ਼ਰੂਰੀ ਸੀ ਕਿ ਉਹ ਆਪਣੇ ਉਸ ਭਰਾ ਨਾਲ ਮੇਲ ਕਰੇ ਜਿਸ ਨੂੰ ਉਸ ਨੇ ਠੋਕਰ ਖੁਆਈ ਸੀ।
5 ‘ਮੇਲ ਕਰਨ’ ਦਾ ਮਤਲਬ ਹੈ ਸੁਲ੍ਹਾ ਕਰਨੀ। ਸੋ ਯਿਸੂ ਦੀ ਇਸ ਗੱਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਇਹ ਕਿ ਅਸੀਂ ਜਿਸ ਤਰੀਕੇ ਨਾਲ ਹੋਰਨਾਂ ਨਾਲ ਪੇਸ਼ ਆਉਂਦੇ ਹਾਂ, ਉਸ ਦਾ ਯਹੋਵਾਹ ਨਾਲ ਸਾਡੇ ਰਿਸ਼ਤੇ ਤੇ ਅਸਰ ਪੈਂਦਾ ਹੈ। (1 ਯੂਹੰ. 4:20) ਪੁਰਾਣੇ ਜ਼ਮਾਨੇ ਵਿਚ ਯਹੋਵਾਹ ਉਨ੍ਹਾਂ ਬੰਦਿਆਂ ਦੀਆਂ ਬਲੀਆਂ ਸਵੀਕਾਰ ਨਹੀਂ ਸੀ ਕਰਦਾ ਜੋ ਦੂਸਰਿਆਂ ਨਾਲ ਚੰਗਾ ਸਲੂਕ ਨਹੀਂ ਕਰਦੇ ਸਨ।—ਮੀਕਾਹ 6:6-8 ਪੜ੍ਹੋ।
ਨਿਮਰ ਹੋਣਾ ਜ਼ਰੂਰੀ ਹੈ
6, 7. ਨਿਮਰ ਹੋਣਾ ਕਿਉਂ ਜ਼ਰੂਰੀ ਹੈ ਜਦੋਂ ਅਸੀਂ ਉਸ ਭਰਾ ਨਾਲ ਸੁਲ੍ਹਾ ਕਰਦੇ ਹਾਂ ਜਿਸ ਨੂੰ ਅਸੀਂ ਠੋਕਰ ਖੁਆਈ ਹੈ?
6 ਆਪਣੇ ਨਾਰਾਜ਼ ਭਰਾ ਨਾਲ ਸੁਲ੍ਹਾ-ਸਫ਼ਾਈ ਕਰਨ ਲੱਗਿਆਂ ਪਤਾ ਲੱਗੇਗਾ ਕਿ ਅਸੀਂ ਨਿਮਰ ਹਾਂ ਜਾਂ ਨਹੀਂ। ਨਿਮਰ ਲੋਕ ਆਪਣੇ ਭੈਣਾਂ-ਭਰਾਵਾਂ ਨਾਲ ਬਹਿਸਬਾਜ਼ੀ ਨਹੀਂ ਕਰਦੇ ਜਾਂ ਆਪਣਾ ਹੱਕ ਜਤਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਇਸ ਨਾਲ ਭਰਾਵਾਂ ਵਿਚ ਫੁੱਟ ਪੈ ਸਕਦੀ ਹੈ ਜਿਸ ਤਰ੍ਹਾਂ ਪ੍ਰਾਚੀਨ ਕੁਰਿੰਥੁਸ ਦੇ ਮਸੀਹੀਆਂ ਵਿਚ ਪਈ ਸੀ। ਉਨ੍ਹਾਂ ਵਿਚ ਪੈਦਾ ਹੋਏ ਹਾਲਾਤਾਂ ਨੂੰ ਸੁਧਾਰਨ ਬਾਰੇ ਪੌਲੁਸ ਰਸੂਲ ਨੇ ਇਹ ਸਲਾਹ ਦਿੱਤੀ: “ਹੁਣ ਤਾਂ ਤੁਹਾਡੇ ਵਿੱਚ ਇੱਕ ਵੱਡਾ ਘਾਟਾ ਹੈ ਕਿ ਤੁਸੀਂ ਇੱਕ ਦੂਏ ਉੱਤੇ ਮੁਕੱਦਮਾ ਬਣਾਉਂਦੇ ਹੋ। ਤੁਸੀਂ ਸਗੋਂ ਕੁਨਿਆਉਂ ਕਿਉਂ ਨਹੀਂ ਸਹਾਰ ਲੈਂਦੇ? ਤੁਸੀਂ ਸਗੋਂ ਠਗਾਈ ਕਿਉਂ ਨਹੀਂ ਖਾਂਦੇ?”—1 ਕੁਰਿੰ. 6:7.
7 ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਸਾਨੂੰ ਆਪਣੇ ਭਰਾ ਨੂੰ ਇਹ ਯਕੀਨ ਦਿਵਾਉਣ ਲਈ ਉਸ ਕੋਲ ਜਾਣਾ ਚਾਹੀਦਾ ਹੈ ਕਿ ਅਸੀਂ ਸਹੀ ਹਾਂ ਤੇ ਉਹ ਗ਼ਲਤ ਹੈ। ਸਾਡਾ ਉਸ ਕੋਲ ਜਾਣ ਦਾ ਇਹ ਮਕਸਦ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਨਾਲ ਸੁਲ੍ਹਾ-ਸਫ਼ਾਈ ਕਰੀਏ। ਸੁਲ੍ਹਾ ਕਰਨ ਲੱਗਿਆਂ ਸਾਨੂੰ ਉਸ ਭਰਾ ਜਾਂ ਭੈਣ ਨੂੰ ਸੱਚ-ਸੱਚ ਦੱਸ ਦੇਣਾ ਚਾਹੀਦਾ ਕਿ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ। ਸਾਨੂੰ ਇਹ ਵੀ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਭਾਵੇਂ ਗ਼ਲਤੀ ਸਾਡੀ ਹੈ, ਤਾਂ ਵੀ ਸਾਨੂੰ ਨਿਮਰ ਹੋ ਕੇ ਮਾਫ਼ੀ ਮੰਗ ਲੈਣੀ ਚਾਹੀਦੀ ਹੈ।
“ਜੇ ਤੇਰੀ ਸੱਜੀ ਅੱਖ ਤੈਨੂੰ ਠੋਕਰ ਖੁਆਵੇ”
8. ਮੱਤੀ 5:29, 30 ਵਿਚ ਦਰਜ ਯਿਸੂ ਦੇ ਸ਼ਬਦਾਂ ਦਾ ਸਾਰ ਦਿਓ।
8 ਪਹਾੜੀ ਉਪਦੇਸ਼ ਵਿਚ ਯਿਸੂ ਨੇ ਨੈਤਿਕਤਾ ਬਾਰੇ ਠੋਸ ਸਲਾਹ ਦਿੱਤੀ। ਉਹ ਜਾਣਦਾ ਸੀ ਕਿ ਨਾਮੁਕੰਮਲ ਹੋਣ ਕਰਕੇ ਸਾਡੇ ਸਰੀਰ ਦੇ ਅੰਗ ਸਾਡੇ ਤੋਂ ਕੋਈ ਮਾੜਾ ਕੰਮ ਕਰਾ ਸਕਦੇ ਮੱਤੀ 5:29, 30.
ਹਨ ਜਿਸ ਦੇ ਬੁਰੇ ਨਤੀਜੇ ਨਿਕਲ ਸਕਦੇ ਹਨ। ਇਸ ਲਈ ਯਿਸੂ ਨੇ ਕਿਹਾ: “ਜੇ ਤੇਰੀ ਸੱਜੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਕੱਢ ਕੇ ਆਪਣੇ ਕੋਲੋਂ ਸੁੱਟ ਦਿਹ ਕਿਉਂ ਜੋ ਤੇਰੇ ਲਈ ਇਹੋ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸਰੀਰ [ਗ਼ਹੈਨਾ] ਵਿੱਚ ਸੁੱਟਿਆ ਨਾ ਜਾਵੇ। ਅਤੇ ਜੇ ਤੇਰਾ ਸੱਜਾ ਹੱਥ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਵੱਢ ਕੇ ਆਪਣੇ ਕੋਲੋਂ ਸੁੱਟ ਦਿਹ ਕਿਉਂ ਜੋ ਤੇਰੇ ਲਈ ਇਹੋ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸਰੀਰ [ਗ਼ਹੈਨਾ] ਵਿੱਚ ਨਾ ਜਾਵੇ।”—9. ਸਾਡੀ “ਅੱਖ” ਜਾਂ “ਹੱਥ” ਸਾਨੂੰ ਠੋਕਰ ਕਿਵੇਂ ਖੁਆ ਸਕਦਾ ਹੈ?
9 ਯਿਸੂ ਵੱਲੋਂ ਜ਼ਿਕਰ ਕੀਤੀ “ਅੱਖ” ਕਿਸੇ ਚੀਜ਼ ਉੱਤੇ ਨਜ਼ਰ ਟਿਕਾਉਣ ਦੀ ਯੋਗਤਾ ਨੂੰ ਦਰਸਾਉਂਦੀ ਹੈ ਅਤੇ “ਹੱਥ” ਸਾਡੇ ਹੱਥਾਂ ਨਾਲ ਕੀਤੇ ਕੰਮਾਂ ਨੂੰ ਦਰਸਾਉਂਦਾ ਹੈ। ਜੇ ਅਸੀਂ ਸਾਵਧਾਨ ਨਾ ਰਹੀਏ, ਤਾਂ ਇਹ ਅੰਗ ਸਾਨੂੰ ‘ਠੋਕਰ ਖੁਆ’ ਸਕਦੇ ਹਨ ਅਤੇ ‘ਪਰਮੇਸ਼ੁਰ ਦੇ ਸੰਗ ਚਲਣ’ ਤੋਂ ਰੋਕ ਸਕਦੇ ਹਨ। (ਉਤ. 5:22; 6:9) ਇਸ ਲਈ ਜਦੋਂ ਅਸੀਂ ਯਹੋਵਾਹ ਦੇ ਵਿਰੁੱਧ ਪਾਪ ਕਰਨ ਲਈ ਲੁਭਾਏ ਜਾਂਦੇ ਹਾਂ, ਤਾਂ ਸਾਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ, ਮਾਨੋ ਸਾਨੂੰ ਆਪਣੀ ਅੱਖ ਕੱਢ ਦੇਣੀ ਜਾਂ ਆਪਣਾ ਹੱਥ ਵੱਢ ਕੇ ਸੁੱਟ ਦੇਣਾ ਚਾਹੀਦਾ ਹੈ।
10, 11. ਬਦਚਲਣ ਕੰਮਾਂ ਤੋਂ ਬਚਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
10 ਅਸੀਂ ਗੰਦੀਆਂ ਚੀਜ਼ਾਂ ਤੋਂ ਆਪਣੀਆਂ ਅੱਖਾਂ ਟਿਕਾਉਣ ਤੋਂ ਕਿੱਦਾਂ ਬਚ ਸਕਦੇ ਹਾਂ? ਰੱਬ ਤੋਂ ਡਰਨ ਵਾਲੇ ਆਦਮੀ ਅੱਯੂਬ ਨੇ ਕਿਹਾ: “ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਹੈ, ਤਾਂ ਮੈਂ ਕੁਆਰੀ ਉੱਤੇ ਕਿਸ ਤਰਾਂ ਅੱਖ ਮਟਕਾਵਾਂ?” (ਅੱਯੂ. 31:1) ਅੱਯੂਬ ਸ਼ਾਦੀ-ਸ਼ੁਦਾ ਸੀ ਅਤੇ ਉਸ ਨੇ ਠਾਣੀ ਹੋਈ ਸੀ ਕਿ ਉਹ ਕਦੇ ਵੀ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਦੀ ਉਲੰਘਣਾ ਨਹੀਂ ਕਰੇਗਾ। ਇਹੀ ਸਾਡਾ ਇਰਾਦਾ ਹੋਣਾ ਚਾਹੀਦਾ ਹੈ ਭਾਵੇਂ ਅਸੀਂ ਵਿਆਹੇ ਹੋਏ ਹਾਂ ਜਾਂ ਕੁਆਰੇ। ਬਦਚਲਣੀ ਤੋਂ ਬਚਣ ਲਈ ਸਾਨੂੰ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲਣ ਦੀ ਲੋੜ ਹੈ ਜੋ ਪਰਮੇਸ਼ੁਰ ਨੂੰ ਪਿਆਰ ਕਰਨ ਵਾਲਿਆਂ ਵਿਚ ਸੰਜਮ ਦਾ ਗੁਣ ਪੈਦਾ ਕਰਦੀ ਹੈ।—ਗਲਾ. 5:22-25.
11 ਜੇ ਅਸੀਂ ਬਦਚਲਣ ਕੰਮਾਂ ਤੋਂ ਬਚਣਾ ਹੈ, ਤਾਂ ਸਾਨੂੰ ਆਪਣੇ ਆਪ ਤੋਂ ਇਹ ਪੁੱਛਣ ਦੀ ਲੋੜ ਹੈ: ‘ਕੀ ਮੈਂ ਕਿਤਾਬਾਂ, ਟੈਲੀਵਿਯਨ ਜਾਂ ਇੰਟਰਨੈੱਟ ਉੱਤੇ ਦਿੱਤੀ ਜਾਂਦੀ ਅਸ਼ਲੀਲ ਜਾਣਕਾਰੀ ਵਾਸਤੇ ਲਾਲਸਾ ਪੈਦਾ ਕਰਨ ਲਈ ਆਪਣੀਆਂ ਅੱਖਾਂ ਇਸ ਜਾਣਕਾਰੀ ’ਤੇ ਟਿਕਣ ਦਿੰਦਾ ਹਾਂ?’ ਆਓ ਆਪਾਂ ਚੇਲੇ ਯਾਕੂਬ ਦੇ ਸ਼ਬਦਾਂ ਨੂੰ ਵੀ ਯਾਦ ਰੱਖੀਏ: “ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਭੁਚਲਾਇਆ ਜਾਂਦਾ ਹੈ। ਤਦ ਕਾਮਨਾ ਜਾਂ ਗਰਭਣੀ ਹੋਈ ਤਾਂ ਪਾਪ ਨੂੰ ਜਣਦੀ ਹੈ, ਅਤੇ ਪਾਪ ਜਾਂ ਪੂਰੇ ਵਿੱਤ ਨੂੰ ਪੁੱਜਦਾ ਹੈ ਤਾਂ ਮੌਤ ਨੂੰ ਜਨਮ ਦਿੰਦਾ ਹੈ।” (ਯਾਕੂ. 1:14, 15) ਦਰਅਸਲ, ਜੇ ਪਰਮੇਸ਼ੁਰ ਦਾ ਕੋਈ ਵੀ ਸੇਵਕ ਮਾੜੀ ਨਜ਼ਰ ਨਾਲ ਕਿਸੇ ਮੁੰਡੇ ਜਾਂ ਕੁੜੀ ਅਤੇ ਪਰਾਏ ਮਰਦ ਜਾਂ ਔਰਤ ਵੱਲ “ਵੇਖਦਾ” ਰਹਿੰਦਾ ਹੈ, ਤਾਂ ਉਸ ਨੂੰ ਆਪਣੀ ਅੱਖ ਕੱਢ ਕੇ ਸੁੱਟਣ ਦੀ ਲੋੜ ਹੈ ਯਾਨੀ ਇਹ ਭੈੜੀ ਆਦਤ ਛੱਡਣ ਦੀ ਲੋੜ ਹੈ।—ਮੱਤੀ 5:27, 28 ਪੜ੍ਹੋ।
12. ਪੌਲੁਸ ਦੀ ਕਿਹੜੀ ਸਲਾਹ ਸਾਨੂੰ ਗ਼ਲਤ ਇੱਛਾਵਾਂ ਨੂੰ ਦਬਾਉਣ ਵਿਚ ਮਦਦ ਕਰ ਸਕਦੀ ਹੈ?
12 ਆਪਣੇ ਹੱਥਾਂ ਨਾਲ ਸਾਡੇ ਤੋਂ ਬਾਈਬਲ ਦੇ ਨੈਤਿਕ ਮਿਆਰਾਂ ਦੀ ਉਲੰਘਣਾ ਹੋ ਸਕਦੀ ਹੈ। ਇਸ ਲਈ ਸਾਨੂੰ ਆਪਣੇ ਚਾਲ-ਚਲਣ ਨੂੰ ਸ਼ੁੱਧ ਰੱਖਣ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ। ਸਾਨੂੰ ਪੌਲੁਸ ਦੀ ਇਸ ਸਲਾਹ ’ਤੇ ਧਿਆਨ ਦੇਣਾ ਚਾਹੀਦਾ ਹੈ: “ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ ਅਰਥਾਤ ਹਰਾਮਕਾਰੀ, ਗੰਦ ਮੰਦ, ਕਾਮਨਾ, ਬੁਰੀ ਇੱਛਿਆ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ।” (ਕੁਲੁ. 3:5) “ਮਾਰ ਸੁੱਟੋ” ਸ਼ਬਦ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਸਾਨੂੰ ਗ਼ਲਤ ਇੱਛਾਵਾਂ ਨੂੰ ਦਬਾਉਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ।
13, 14. ਮਾੜੇ ਖ਼ਿਆਲਾਂ ਤੇ ਮਾੜੇ ਕੰਮਾਂ ਤੋਂ ਬਚਣਾ ਕਿਉਂ ਜ਼ਰੂਰੀ ਹੈ?
13 ਕਦੇ-ਕਦੇ ਇੱਦਾਂ ਹੁੰਦਾ ਹੈ ਕਿ ਇਨਸਾਨ ਆਪਣੀ ਜਾਨ ਬਚਾਉਣ ਲਈ ਆਪਣੇ ਸਰੀਰ ਦਾ ਕੋਈ ਰੋਗ-ਗ੍ਰਸਤ ਅੰਗ ਕਟਵਾਉਣ ਲਈ ਤਿਆਰ ਹੋ ਜਾਂਦਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਵੀ ਮਾਨੋ ਆਪਣੀ ਅੱਖ ਤੇ ਹੱਥ ਨੂੰ ਕੱਟ ਕੇ ਸੁੱਟ ਦੇਈਏ ਜੇ ਅਸੀਂ ਮਾੜੇ ਖ਼ਿਆਲਾਂ ਅਤੇ ਕੰਮਾਂ ਤੋਂ ਬਚਣਾ ਹੈ। ਜੇ ਅਸੀਂ ਇੱਦਾਂ ਨਹੀਂ ਕਰਦੇ, ਤਾਂ ਅਸੀਂ ਯਹੋਵਾਹ ਦੀ ਮਿਹਰ ਗੁਆ ਸਕਦੇ ਹਾਂ। ਆਪਣੇ ਮਨ ਤੇ ਚਾਲ-ਚਲਣ ਨੂੰ ਸ਼ੁੱਧ ਰੱਖ ਕੇ ਅਤੇ ਗ਼ਲਤ ਸਿੱਖਿਆਵਾਂ ਤੋਂ ਦੂਰ ਰਹਿ ਕੇ ਹੀ ਅਸੀਂ ਸਦਾ ਦੇ ਨਾਸ਼ ਯਾਨੀ ਗ਼ਹੈਨਾ ਤੋਂ ਬਚ ਪਾਵਾਂਗੇ।
14 ਪਾਪੀ ਤੇ ਨਾਮੁਕੰਮਲ ਹੋਣ ਕਰਕੇ ਸ਼ੁੱਧ ਚਾਲ-ਚਲਣ ਰੱਖਣ ਲਈ ਸਾਨੂੰ ਸੰਘਰਸ਼ ਕਰਨ ਦੀ ਲੋੜ ਹੈ। ਪੌਲੁਸ ਨੇ ਕਿਹਾ: “[ਮੈਂ] ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹ ਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ ਭਈ ਐਉਂ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰ ਕੇ ਆਪ ਅਪਰਵਾਨ ਹੋ ਜਾਵਾਂ।” (1 ਕੁਰਿੰ. 9:27) ਆਓ ਆਪਾਂ ਨੈਤਿਕਤਾ ਬਾਰੇ ਯਿਸੂ ਦੀ ਸਲਾਹ ’ਤੇ ਚੱਲਣ ਦਾ ਪੱਕਾ ਮਨ ਬਣਾਈਏ ਅਤੇ ਕਦੇ ਵੀ ਅਜਿਹਾ ਕੋਈ ਕੰਮ ਨਾ ਕਰੀਏ ਜਿਸ ਨਾਲ ਉਸ ਦੀ ਕੁਰਬਾਨੀ ਦੀ ਬੇਅਦਬੀ ਹੋਵੇ।—ਮੱਤੀ 20:28; ਇਬ. 6:4-6.
ਦੇਣ ਦੀ ਆਦਤ ਪਾਓ
15, 16. (ੳ) ਯਿਸੂ ਨੇ ਦੇਣ ਵਿਚ ਕਿਹੋ ਜਿਹੀ ਮਿਸਾਲ ਕਾਇਮ ਕੀਤੀ? (ਅ) ਲੂਕਾ 6:38 ਵਿਚ ਦਰਜ ਯਿਸੂ ਦੇ ਸ਼ਬਦਾਂ ਦਾ ਕੀ ਮਤਲਬ ਹੈ?
15 ਯਿਸੂ ਦੀਆਂ ਗੱਲਾਂ ਅਤੇ ਉਸ ਦੀ ਬਿਹਤਰੀਨ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਉਹ ਹਮੇਸ਼ਾ ਦੂਸਰਿਆਂ ਨੂੰ ਦਿੰਦਾ ਹੀ ਸੀ। ਪਾਪੀ ਮਨੁੱਖਾਂ ਲਈ ਧਰਤੀ ਉੱਤੇ ਆ ਕੇ ਉਸ ਨੇ ਦਿਖਾਇਆ ਕਿ ਉਹ ਕਿੰਨਾ ਦਰਿਆ-ਦਿਲ ਸੀ। (2 ਕੁਰਿੰਥੀਆਂ 8:9 ਪੜ੍ਹੋ।) ਯਿਸੂ ਖ਼ੁਸ਼ੀ-ਖ਼ੁਸ਼ੀ ਆਪਣੀ ਸਵਰਗੀ ਮਹਿਮਾ ਤਿਆਗ ਕੇ ਇਨਸਾਨ ਦੇ ਰੂਪ ਵਿਚ ਧਰਤੀ ’ਤੇ ਆਇਆ ਅਤੇ ਪਾਪੀ ਮਨੁੱਖਾਂ ਲਈ ਆਪਣੀ ਜਾਨ ਕੁਰਬਾਨ ਕੀਤੀ ਜਿਨ੍ਹਾਂ ਵਿੱਚੋਂ ਕੁਝ ਇਨਸਾਨਾਂ ਨੂੰ ਸਵਰਗ ਵਿਚ ਧਨ ਮਿਲਦਾ ਹੈ ਯਾਨੀ ਉਨ੍ਹਾਂ ਨੂੰ ਯਿਸੂ ਨਾਲ ਰਾਜ ਕਰਨ ਦਾ ਸਨਮਾਨ ਮਿਲਦਾ ਹੈ। (ਰੋਮੀ. 8:16, 17) ਯਿਸੂ ਨੇ ਖੁੱਲ੍ਹ-ਦਿਲੇ ਬਣਨ ਦੀ ਹੱਲਾਸ਼ੇਰੀ ਦਿੱਤੀ ਜਦੋਂ ਉਸ ਨੇ ਕਿਹਾ:
16“ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ, ਪੂਰਾ ਮੇਪ ਦੱਬ ਦੱਬ ਕੇ ਹਿਲਾ ਹਿਲਾ ਕੇ ਅਤੇ ਡੁਲ੍ਹਦਾ ਹੋਇਆ ਤੁਹਾਡੇ ਪੱਲੇ ਪਾਉਣਗੇ ਕਿਉਂਕਿ ਜਿਸ ਮੇਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮੁੜ ਮਿਣਿਆ ਜਾਵੇਗਾ।” (ਲੂਕਾ 6:38) ਯਿਸੂ ਦੇ ਜ਼ਮਾਨੇ ਵਿਚ ਰਿਵਾਜ ਅਨੁਸਾਰ ਕੁਝ ਦੁਕਾਨਦਾਰ ਗਾਹਕਾਂ ਦੇ “ਪੱਲੇ” ਜਾਂ ਝੋਲੀਆਂ ਚੀਜ਼ਾਂ ਨਾਲ ਭਰ ਦਿੰਦੇ ਸਨ। ਇਸ ਤੋਂ ਅਸੀਂ ਇਹ ਗੱਲ ਸਿੱਖਦੇ ਹਾਂ ਕਿ ਜੇ ਅਸੀਂ ਦੂਸਰਿਆਂ ਨੂੰ ਖੁੱਲ੍ਹੇ ਦਿਲ ਨਾਲ ਦਿੰਦੇ ਰਹਿੰਦੇ ਹਾਂ, ਤਾਂ ਲੋੜ ਪੈਣ ਤੇ ਸ਼ਾਇਦ ਉਹ ਵੀ ਸਾਨੂੰ ਖੁੱਲ੍ਹੇ ਦਿਲ ਨਾਲ ਦੇਣਗੇ।—ਉਪ. 11:2.
17. ਯਹੋਵਾਹ ਨੇ ਦੇਣ ਸੰਬੰਧੀ ਕਿਵੇਂ ਉੱਤਮ ਮਿਸਾਲ ਕਾਇਮ ਕੀਤੀ ਅਤੇ ਸਾਨੂੰ ਕੀ ਦੇਣ ਨਾਲ ਖ਼ੁਸ਼ੀ ਮਿਲ ਸਕਦੀ ਹੈ?
17 ਯਹੋਵਾਹ ਖ਼ੁਸ਼ੀ ਨਾਲ ਦੇਣ ਵਾਲਿਆਂ ਨੂੰ ਪਿਆਰ ਕਰਦਾ ਤੇ ਬਰਕਤਾਂ ਦਿੰਦਾ ਹੈ। ਇਸ ਸੰਬੰਧੀ ਯਹੋਵਾਹ ਨੇ ਉੱਤਮ ਮਿਸਾਲ ਕਾਇਮ ਕੀਤੀ ਜਦੋਂ ਉਸ ਨੇ ਆਪਣਾ ਇਕਲੌਤਾ ਪੁੱਤਰ ਸਾਡੇ ਵਾਸਤੇ ਦੇ ਦਿੱਤਾ “ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰ. 3:16) ਪੌਲੁਸ ਨੇ ਲਿਖਿਆ: “ਜਿਹੜਾ ਖੁਲ੍ਹੇ ਦਿਲ ਬੀਜਦਾ ਹੈ ਉਹ ਖੁਲ੍ਹੇ ਦਿਲ ਵੱਢੇਗਾ। ਹਰੇਕ ਜਿਵੇਂ ਉਹ ਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ, ਰੰਜ ਨਾਲ ਅਥਵਾ ਲਚਾਰੀ ਨਾਲ ਨਹੀਂ ਕਿਉਂ ਜੋ ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।” (2 ਕੁਰਿੰ. 9:6, 7) ਜੇ ਅਸੀਂ ਆਪਣਾ ਸਮਾਂ, ਤਾਕਤ ਤੇ ਪੈਸਾ ਯਹੋਵਾਹ ਦੀ ਸੇਵਾ ਵਿਚ ਲਾਉਂਦੇ ਹਾਂ, ਤਾਂ ਸਾਨੂੰ ਖ਼ੁਸ਼ੀ ਤੇ ਬਰਕਤਾਂ ਮਿਲਦੀਆਂ ਹਨ।—ਕਹਾਉਤਾਂ 19:17; ਲੂਕਾ 16:9 ਪੜ੍ਹੋ।
“ਆਪਣੇ ਮੁਹਰੇ ਤੁਰਹੀ ਨਾ ਬਜਵਾ”
18. ਕਿਨ੍ਹਾਂ ਕਾਰਨਾਂ ਕਰਕੇ ਸਾਨੂੰ ਆਪਣੇ ਸਵਰਗੀ ਪਿਤਾ ਤੋਂ “ਫਲ” ਨਹੀਂ ਮਿਲੇਗਾ?
18“ਖ਼ਬਰਦਾਰ, ਤੁਸੀਂ ਆਪਣੇ ਧਰਮ ਦੇ ਕੰਮ ਮਨੁੱਖਾਂ ਦੇ ਸਾਹਮਣੇ ਉਨ੍ਹਾਂ ਨੂੰ ਵਿਖਾਉਣ ਲਈ ਨਾ ਕਰੋ ਨਹੀਂ ਤਾਂ ਤੁਹਾਡੇ ਪਿਤਾ ਕੋਲ ਜਿਹੜਾ ਸੁਰਗ ਵਿੱਚ ਹੈ ਤੁਹਾਡਾ ਕੁਝ ਫਲ ਨਹੀਂ।” (ਮੱਤੀ 6:1) ‘ਧਰਮ ਦੇ ਕੰਮਾਂ’ ਤੋਂ ਯਿਸੂ ਦਾ ਮਤਲਬ ਸੀ ਕਿ ਸਾਡਾ ਚਾਲ-ਚਲਣ ਯਹੋਵਾਹ ਦੇ ਮਿਆਰਾਂ ਅਨੁਸਾਰ ਹੋਣਾ ਚਾਹੀਦਾ ਹੈ। ਉਸ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਨੇਕ ਕੰਮ ਲੋਕਾਂ ਦੇ ਸਾਮ੍ਹਣੇ ਕਰਨੇ ਹੀ ਨਹੀਂ ਚਾਹੀਦੇ ਕਿਉਂਕਿ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ‘ਆਪਣਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕਾਓ।’ (ਮੱਤੀ 5:14-16) ਪਰ ਉਸ ਨੇ ਚੇਤਾਵਨੀ ਦਿੱਤੀ ਕਿ ਸਾਨੂੰ ਆਪਣੇ ਸਵਰਗੀ ਪਿਤਾ ਤੋਂ “ਫਲ” ਨਹੀਂ ਮਿਲੇਗਾ ਜੇ ਅਸੀਂ ‘ਮਨੁੱਖਾਂ ਨੂੰ ਵਿਖਾਉਣ’ ਅਤੇ ਉਨ੍ਹਾਂ ਦੀ ਵਾਹ-ਵਾਹ ਖੱਟਣ ਲਈ ਇਹ ਕੰਮ ਕਰਦੇ ਹਾਂ ਜਿਵੇਂ ਸਟੇਜ ਉੱਤੇ ਐਕਟਰ ਕਰਦੇ ਹਨ। ਜੇ ਅਸੀਂ ਇੱਦਾਂ ਦੀ ਨੀਅਤ ਨਾਲ ਇਹ ਕੰਮ ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਨਾਲ ਕਰੀਬੀ ਰਿਸ਼ਤਾ ਨਹੀਂ ਮਾਣ ਸਕਾਂਗੇ ਅਤੇ ਸਾਨੂੰ ਉਸ ਦੇ ਰਾਜ ਦੀਆਂ ਬਰਕਤਾਂ ਨਹੀਂ ਮਿਲਣਗੀਆਂ।
19, 20. (ੳ) ਯਿਸੂ ਦਾ ਕੀ ਮਤਲਬ ਸੀ ਜਦੋਂ ਉਸ ਨੇ ਕਿਹਾ ਕਿ “ਦਾਨ” ਕਰਨ ਲੱਗਿਆਂ ਤੁਸੀਂ ‘ਆਪਣੇ ਮੁਹਰੇ ਤੁਰਹੀ ਨਾ ਬਜਵਾਓ’? (ਅ) ਅਸੀਂ ਖੱਬੇ ਹੱਥ ਨੂੰ ਕਿਵੇਂ ਪਤਾ ਨਹੀਂ ਲੱਗਣ ਦਿੰਦੇ ਕਿ ਸਾਡਾ ਸੱਜਾ ਹੱਥ ਕੀ ਕਰ ਰਿਹਾ ਹੈ?
19 ਜੇ ਸਾਡਾ ਰਵੱਈਆ ਸਹੀ ਹੈ, ਤਾਂ ਅਸੀਂ ਯਿਸੂ ਦੀ ਇਸ ਸਲਾਹ ’ਤੇ ਚੱਲਾਂਗੇ: “ਸੋ ਜਦ ਤੂੰ ਦਾਨ ਕਰੇਂ ਆਪਣੇ ਮੁਹਰੇ ਤੁਰਹੀ ਨਾ ਬਜਵਾ ਜਿਸ ਪਰਕਾਰ ਕਪਟੀ ਸਮਾਜਾਂ ਅਤੇ ਰਸਤਿਆਂ ਵਿੱਚ ਕਰਦੇ ਹਨ ਭਈ ਲੋਕ ਉਨ੍ਹਾਂ ਦੀ ਵਡਿਆਈ ਕਰਨ। ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਓਹ ਆਪਣਾ ਫਲ ਪਾ ਚੁੱਕੇ।” (ਮੱਤੀ 6:2) “ਦਾਨ” ਲੋੜਵੰਦਾਂ ਦੀ ਮਦਦ ਕਰਨ ਲਈ ਦਿੱਤਾ ਜਾਂਦਾ ਸੀ। (ਯਸਾਯਾਹ 58:6, 7 ਪੜ੍ਹੋ।) ਯਿਸੂ ਤੇ ਉਸ ਦੇ ਚੇਲਿਆਂ ਕੋਲ ਗੁਥਲੀ ਵਿਚ ਗ਼ਰੀਬਾਂ ਦੀ ਮਦਦ ਕਰਨ ਲਈ ਦਾਨ ਕੀਤਾ ਹੋਇਆ ਪੈਸਾ ਹੁੰਦਾ ਸੀ। (ਯੂਹੰ. 12:5-8; 13:29) ਯਿਸੂ ਦੇ ਜ਼ਮਾਨੇ ਵਿਚ ਕੋਈ ਦਾਨ ਦੇਣ ਲੱਗਿਆਂ ਸੱਚ-ਮੁੱਚ ਤੁਰ੍ਹੀਆਂ ਨਹੀਂ ਸੀ ਬਜਵਾਉਂਦਾ ਹੁੰਦਾ। ਯਿਸੂ ਦੇ ਕਹਿਣ ਦਾ ਮਤਲਬ ਸੀ ਕਿ “ਦਾਨ” ਦੇਣ ਲੱਗਿਆਂ ਕਿਸੇ ਨੂੰ ਲੋਕਾਂ ਅੱਗੇ ਢੰਡੋਰਾ ਨਹੀਂ ਪਿੱਟਣਾ ਚਾਹੀਦਾ ਜਿੱਦਾਂ ਫ਼ਰੀਸੀ ਕਰਦੇ ਹੁੰਦੇ ਸਨ। ਉਸ ਨੇ ਫ਼ਰੀਸੀਆਂ ਨੂੰ ਪਖੰਡੀ ਕਿਹਾ ਕਿਉਂਕਿ ਉਹ “ਸਮਾਜਾਂ ਅਤੇ ਰਸਤਿਆਂ ਵਿਚ” ਲੋਕਾਂ ਦੇ ਸਾਮ੍ਹਣੇ ਦਾਨ ਕਰਦੇ ਸਨ। ਉਹ ਕਪਟੀ “ਆਪਣਾ ਫਲ ਪਾ ਚੁੱਕੇ” ਸਨ। ਉਹ ਲੋਕਾਂ ਦੀ ਵਾਹ-ਵਾਹ ਖੱਟਦੇ ਸਨ ਅਤੇ ਸਭਾ-ਘਰਾਂ ਵਿਚ ਜਾਣੇ-ਮਾਣੇ ਗ੍ਰੰਥੀਆਂ ਨਾਲ ਅਗਲੀਆਂ ਕੁਰਸੀਆਂ ’ਤੇ ਬੈਠਦੇ ਸਨ। ਇਹੀ ਉਨ੍ਹਾਂ ਦਾ ਫਲ ਸੀ। ਪਰ ਯਹੋਵਾਹ ਕੋਲੋਂ ਉਨ੍ਹਾਂ ਨੂੰ ਕੁਝ ਨਹੀਂ ਮਿਲਣਾ ਸੀ। (ਮੱਤੀ 23:6) ਤਾਂ ਫਿਰ ਯਿਸੂ ਦੇ ਚੇਲਿਆਂ ਨੇ ਦਾਨ ਕਿਵੇਂ ਕਰਨਾ ਸੀ? ਯਿਸੂ ਨੇ ਉਨ੍ਹਾਂ ਨੂੰ ਅਤੇ ਸਾਨੂੰ ਇਸ ਬਾਰੇ ਦੱਸਿਆ:
20“ਪਰ ਜਾਂ ਤੂੰ ਦਾਨ ਕਰੇਂ ਤਾਂ ਜੋ ਕੁਝ ਤੇਰਾ ਸੱਜਾ ਹੱਥ ਕਰਦਾ ਹੈ ਤੇਰਾ ਖੱਬਾ ਹੱਥ ਨਾ ਜਾਣੇ, ਭਈ ਤੇਰਾ ਦਾਨ ਗੁਪਤ ਵਿੱਚ ਹੋਵੇ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇ।” (ਮੱਤੀ 6:3, 4) ਆਮ ਤੌਰ ਤੇ ਅਸੀਂ ਦੋ ਹੱਥਾਂ ਨਾਲ ਕੰਮ ਕਰਦੇ ਹਾਂ। ਆਪਣੇ ਖੱਬੇ ਹੱਥ ਨੂੰ ਇਹ ਨਾ ਪਤਾ ਲੱਗਣ ਦੇਣਾ ਕਿ ਸਾਡਾ ਸੱਜਾ ਹੱਥ ਕੀ ਕਰ ਰਿਹਾ ਹੈ ਦਾ ਮਤਲਬ ਹੈ ਕਿ ਅਸੀਂ ਆਪਣੇ ਦਾਨੀ ਕੰਮਾਂ ਬਾਰੇ ਹੋਰਨਾਂ ਨੂੰ ਦੱਸਦੇ ਨਹੀਂ ਫਿਰਾਂਗੇ। ਇਨ੍ਹਾਂ ਕੰਮਾਂ ਬਾਰੇ ਅਸੀਂ ਉਨ੍ਹਾਂ ਨੂੰ ਵੀ ਨਹੀਂ ਦੱਸਾਂਗੇ ਜੋ ਖੱਬੇ ਤੇ ਸੱਜੇ ਹੱਥ ਦੀ ਤਰ੍ਹਾਂ ਸਾਡੇ ਬਹੁਤ ਕਰੀਬ ਹਨ।
21. ‘ਗੁਪਤ ਵਿੱਚ ਵੇਖਣ’ ਵਾਲੇ ਤੋਂ ਸਾਨੂੰ ਕਿਹੜੇ ਫਲ ਮਿਲਦੇ ਹਨ?
21 ਜੇ ਅਸੀਂ ਆਪਣੇ ਦਾਨੀ ਕੰਮਾਂ ਬਾਰੇ ਸ਼ੇਖੀ ਨਹੀਂ ਮਾਰਦੇ, ਤਾਂ ਸਾਡਾ “ਦਾਨ” ਗੁਪਤ ਵਿਚ ਹੋਵੇਗਾ। ਫਿਰ ਸਾਡਾ ਪਿਤਾ ਜੋ “ਗੁਪਤ ਵਿੱਚ ਵੇਖਦਾ ਹੈ” ਸਾਨੂੰ ਫਲ ਦੇਵੇਗਾ। ਸਾਡਾ ਸਵਰਗੀ ਪਿਤਾ ਇਸ ਅਰਥ ਵਿਚ “ਗੁਪਤ ਵਿਚ” ਹੈ ਕਿ ਉਹ ਸਵਰਗ ਵਿਚ ਰਹਿੰਦਾ ਹੈ ਅਤੇ ਅਸੀਂ ਉਸ ਨੂੰ ਦੇਖ ਨਹੀਂ ਸਕਦੇ। (ਯੂਹੰ. 1:18) ‘ਗੁਪਤ ਵਿੱਚ ਵੇਖਣ’ ਵਾਲੇ ਯਹੋਵਾਹ ਤੋਂ ਸਾਨੂੰ ਕਈ ਫਲ ਮਿਲਦੇ ਹਨ, ਜਿਵੇਂ ਕਿ ਉਹ ਸਾਡੇ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰਦਾ ਹੈ, ਸਾਡੇ ਪਾਪਾਂ ਨੂੰ ਮਾਫ਼ ਕਰਦਾ ਹੈ ਅਤੇ ਸਾਨੂੰ ਭਵਿੱਖ ਵਿਚ ਸਦਾ ਦੀ ਜ਼ਿੰਦਗੀ ਦੇਵੇਗਾ। (ਕਹਾ. 3:32; ਯੂਹੰ. 17:3; ਅਫ਼. 1:7) ਇਨਸਾਨਾਂ ਦੀ ਵਾਹ-ਵਾਹ ਖੱਟਣ ਨਾਲੋਂ ਇਹ ਫਲ ਪਾਉਣੇ ਕਿਤੇ ਬਿਹਤਰ ਹਨ!
ਅਨਮੋਲ ਗੱਲਾਂ ਦੀ ਕਦਰ ਕਰੋ
22, 23. ਸਾਨੂੰ ਯਿਸੂ ਦੀਆਂ ਗੱਲਾਂ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ?
22 ਪਹਾੜੀ ਉਪਦੇਸ਼ ਵਿਚ ਪਾਈਆਂ ਜਾਂਦੀਆਂ ਗੱਲਾਂ ਹੀਰਿਆਂ ਨਾਲੋਂ ਕਿਤੇ ਜ਼ਿਆਦਾ ਅਨਮੋਲ ਹਨ। ਇਹ ਗੱਲਾਂ ਸਾਨੂੰ ਇਸ ਦੁੱਖਾਂ-ਭਰੀ ਦੁਨੀਆਂ ਵਿਚ ਵੀ ਖ਼ੁਸ਼ੀ ਦੇ ਸਕਦੀਆਂ ਹਨ। ਜੇ ਅਸੀਂ ਯਿਸੂ ਦੀਆਂ ਗੱਲਾਂ ਦੀ ਕਦਰ ਕਰਦੇ ਹਾਂ, ਇਨ੍ਹਾਂ ਦਾ ਆਪਣੇ ਰਵੱਈਏ ਅਤੇ ਜੀਵਨ-ਢੰਗ ਉੱਤੇ ਅਸਰ ਪੈਣ ਦਿੰਦੇ ਹਾਂ, ਤਾਂ ਸਾਨੂੰ ਜ਼ਰੂਰ ਖ਼ੁਸ਼ੀ ਮਿਲੇਗੀ।
23 ਹਰੇਕ ਜੋ ਯਿਸੂ ਦੀਆਂ ਗੱਲਾਂ ਨੂੰ “ਸੁਣਦਾ” ਅਤੇ ਇਨ੍ਹਾਂ ’ਤੇ “ਚੱਲਦਾ” ਹੈ, ਉਸ ਨੂੰ ਯਹੋਵਾਹ ਤੋਂ ਢੇਰ ਸਾਰੀਆਂ ਬਰਕਤਾਂ ਮਿਲਣਗੀਆਂ। (ਮੱਤੀ 7:24, 25 ਪੜ੍ਹੋ।) ਸੋ ਆਓ ਆਪਾਂ ਯਿਸੂ ਦੀ ਸਲਾਹ ’ਤੇ ਚੱਲਣ ਦਾ ਪੱਕਾ ਇਰਾਦਾ ਕਰੀਏ। ਅਗਲੇ ਲੇਖ ਵਿਚ ਅਸੀਂ ਪਹਾੜੀ ਉਪਦੇਸ਼ ਦੀਆਂ ਹੋਰ ਗੱਲਾਂ ’ਤੇ ਚਰਚਾ ਕਰਾਂਗੇ।
ਤੁਸੀ ਕਿਵੇਂ ਜਵਾਬ ਦਿਓਗੇ?
• ਉਸ ਭਰਾ ਨਾਲ ਸੁਲ੍ਹਾ ਕਰਨੀ ਕਿਉਂ ਜ਼ਰੂਰੀ ਹੈ ਜਿਸ ਨੇ ਸਾਡੇ ਤੋਂ ਠੋਕਰ ਖਾਧੀ ਹੈ?
• ਅਸੀਂ ਆਪਣੀ “ਅੱਖ” ਤੋਂ ਠੋਕਰ ਖਾਣ ਤੋਂ ਕਿਵੇਂ ਬਚ ਸਕਦੇ ਹਾਂ?
• ਦੇਣ ਸੰਬੰਧੀ ਸਾਡਾ ਕੀ ਰਵੱਈਆ ਹੋਣਾ ਚਾਹੀਦਾ ਹੈ?
[ਸਵਾਲ]
[ਸਫ਼ਾ 11 ਉੱਤੇ ਤਸਵੀਰ]
ਕਿੰਨਾ ਚੰਗਾ ਹੈ ਜਦੋਂ ਅਸੀਂ ਉਸ ਭੈਣ ਜਾਂ ਭਰਾ ਨਾਲ ‘ਮੇਲ ਕਰਦੇ’ ਹਾਂ ਜਿਸ ਨੇ ਸਾਡੇ ਤੋਂ ਠੋਕਰ ਖਾਧੀ ਹੈ!
[ਸਫ਼ਾ 13 ਉੱਤੇ ਤਸਵੀਰਾਂ]
ਯਹੋਵਾਹ ਖ਼ੁਸ਼ੀ ਨਾਲ ਦੇਣ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ