Skip to content

Skip to table of contents

ਕੀ ਸਾਨੂੰ ਆਪਣੀ ਮਰਜ਼ੀ ਉੱਤੇ ਅੜੇ ਰਹਿਣਾ ਚਾਹੀਦਾ ਹੈ?

ਕੀ ਸਾਨੂੰ ਆਪਣੀ ਮਰਜ਼ੀ ਉੱਤੇ ਅੜੇ ਰਹਿਣਾ ਚਾਹੀਦਾ ਹੈ?

ਕੀ ਸਾਨੂੰ ਆਪਣੀ ਮਰਜ਼ੀ ਉੱਤੇ ਅੜੇ ਰਹਿਣਾ ਚਾਹੀਦਾ ਹੈ?

ਦੋ ਬੱਚੇ ਖੇਡ ਰਹੇ ਹਨ। ਇਕ ਬੱਚਾ ਦੂਸਰੇ ਬੱਚੇ ਤੋਂ ਖਿਡੌਣਾ ਖੋਹ ਕੇ ਚਿਲਾਉਂਦਾ ਹੈ: “ਇਹ ਮੇਰਾ ਆ!” ਨਾਮੁਕੰਮਲ ਹੋਣ ਕਰਕੇ ਇਨਸਾਨ ਬਚਪਨ ਤੋਂ ਹੀ ਥੋੜ੍ਹੇ-ਬਹੁਤੇ ਖ਼ੁਦਗਰਜ਼ ਹੁੰਦੇ ਹਨ। (ਉਤ. 8:21; ਰੋਮੀ. 3:23) ਇਸ ਤੋਂ ਇਲਾਵਾ, ਅੱਜ-ਕੱਲ੍ਹ ਲੋਕਾਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਉਹ ਦੂਸਰਿਆਂ ਦੀ ਬਜਾਇ ਆਪਣੇ ਬਾਰੇ ਹੀ ਸੋਚਣ। ਜੇ ਅਸੀਂ ਦੁਨੀਆਂ ਦੇ ਰਵੱਈਏ ਤੋਂ ਬਚਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੀਆਂ ਖ਼ੁਦਗਰਜ਼ ਇੱਛਾਵਾਂ ’ਤੇ ਕਾਬੂ ਰੱਖਣ ਦੀ ਲੋੜ ਹੈ। ਨਹੀਂ ਤਾਂ ਅਸੀਂ ਦੂਸਰਿਆਂ ਨੂੰ ਠੋਕਰ ਖੁਆ ਸਕਦੇ ਹਾਂ ਅਤੇ ਯਹੋਵਾਹ ਨਾਲ ਸਾਡਾ ਰਿਸ਼ਤਾ ਕਮਜ਼ੋਰ ਪੈ ਸਕਦਾ ਹੈ।—ਰੋਮੀ. 7:21-23.

ਪੌਲਸ ਰਸੂਲ ਨੇ ਸਾਨੂੰ ਦੱਸਿਆ ਕਿ ਸਾਡੇ ਕੰਮਾਂ ਦਾ ਅਸਰ ਦੂਸਰਿਆਂ ’ਤੇ ਪੈ ਸਕਦਾ ਹੈ। ਉਸ ਨੇ ਲਿਖਿਆ: “ਸਾਰੀਆਂ ਵਸਤਾਂ ਉਚਿਤ ਹਨ ਪਰ ਸੱਭੇ ਲਾਭਦਾਇਕ ਨਹੀਂ। ਸਾਰੀਆਂ ਵਸਤਾਂ ਉਚਿਤ ਹਨ ਪਰ ਸੱਭੇ ਗੁਣਕਾਰ ਨਹੀਂ। ਤੁਸੀਂ . . . ਠੋਕਰ ਦੇ ਕਾਰਨ [ਨਾ] ਬਣੋ।” (1 ਕੁਰਿੰ. 10:23, 32) ਕਈ ਮਾਮਲੇ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਅਸੀਂ ਆਪਣੀ ਮਰਜ਼ੀ ਕਰ ਸਕਦੇ ਹਾਂ, ਪਰ ਉਦੋਂ ਵੀ ਆਪਣੇ ਤੋਂ ਇਹ ਸਵਾਲ ਪੁੱਛਣੇ ਅਕਲਮੰਦੀ ਦੀ ਗੱਲ ਹੋਵੇਗੀ: ‘ਕੀ ਮੈ ਕਲੀਸਿਯਾ ਦੀ ਸ਼ਾਂਤੀ ਬਣਾਈ ਰੱਖਣ ਜਾਂ ਆਪਣੇ ਹੀ ਹੱਕ ਜਤਾਉਣ ਬਾਰੇ ਸੋਚਦਾ ਹਾਂ? ਕੀ ਮੈਂ ਬਾਈਬਲ ਦੇ ਅਸੂਲਾਂ ’ਤੇ ਚੱਲਣ ਲਈ ਤਿਆਰ ਹਾਂ ਭਾਵੇਂ ਇਸ ਤਰ੍ਹਾਂ ਕਰਨਾ ਮੈਨੂੰ ਔਖਾ ਲੱਗਦਾ?’

ਨੌਕਰੀ ਚੁਣਨ ਦੇ ਮਾਮਲੇ ਵਿਚ

ਜ਼ਿਆਦਾਤਰ ਲੋਕ ਸੋਚਦੇ ਹਨ ਕਿ ਇਹ ਉਨ੍ਹਾਂ ਦਾ ਆਪਣਾ ਫ਼ੈਸਲਾ ਹੈ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਦੀ ਨੌਕਰੀ ਕਰਨੀ ਹੈ ਅਤੇ ਇਸ ਦਾ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਪਰ ਦੱਖਣੀ ਅਮਰੀਕਾ ਦੇ ਇਕ ਛੋਟੇ ਜਿਹੇ ਸ਼ਹਿਰ ਵਿਚ ਰਹਿੰਦੇ ਇਕ ਬਿਜ਼ਨਿਸਮੈਨ ਦੇ ਤਜਰਬੇ ’ਤੇ ਧਿਆਨ ਦਿਓ। ਉਸ ਇਲਾਕੇ ਵਿਚ ਸਾਰੇ ਜਾਣਦੇ ਸੀ ਕਿ ਉਹ ਜੂਏਬਾਜ਼ ਅਤੇ ਸ਼ਰਾਬੀ ਸੀ। ਪਰ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਿਆ ਅਤੇ ਉਸ ਨੇ ਸਿੱਖੀਆਂ ਗੱਲਾਂ ਨੂੰ ਲਾਗੂ ਕਰ ਕੇ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕੀਤੀਆਂ। (2 ਕੁਰਿੰ. 7:1) ਉਹ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣਾ ਚਾਹੁੰਦਾ ਸੀ, ਇਸ ਲਈ ਉਸ ਨੇ ਇਕ ਬਜ਼ੁਰਗ ਨਾਲ ਇਸ ਬਾਰੇ ਗੱਲ ਕੀਤੀ। ਉਸ ਬਜ਼ੁਰਗ ਨੇ ਆਦਮੀ ਨੂੰ ਸਲਾਹ ਦਿੱਤੀ ਕਿ ਪਹਿਲਾਂ ਉਹ ਸੋਚੇ ਕਿ ਉਹ ਕਿਹੋ ਜਿਹਾ ਕੰਮ ਕਰ ਰਿਹਾ ਹੈ। ਕਾਫ਼ੀ ਚਿਰ ਤੋਂ ਇਹ ਆਦਮੀ ਆਪਣੇ ਸ਼ਹਿਰ ਵਿਚ ਗੰਨੇ ਤੋਂ ਬਣਾਈ ਅਲਕੋਹਲ ਵੇਚਦਾ ਸੀ। ਇਹ ਅਲਕੋਹਲ ਕਈ ਚੀਜ਼ਾਂ ਲਈ ਵਰਤੀ ਜਾ ਸਕਦੀ ਹੈ। ਪਰ ਇਸ ਇਲਾਕੇ ਵਿਚ ਲੋਕ ਇਸ ਨੂੰ ਸੋਡੇ ਵਿਚ ਘੋਲ ਕੇ ਉਦੋਂ ਤਕ ਪੀਂਦੇ ਰਹਿੰਦੇ ਹਨ ਜਦ ਤਕ ਉਨ੍ਹਾਂ ਨੂੰ ਨਸ਼ਾ ਨਹੀਂ ਚੜ੍ਹ ਜਾਂਦਾ।

ਇਸ ਆਦਮੀ ਨੇ ਸੋਚਿਆ ਕਿ ਜੇ ਉਹ ਅਲਕੋਹਲ ਵੇਚਣ ਦੇ ਨਾਲ-ਨਾਲ ਪ੍ਰਚਾਰ ਦੇ ਕੰਮ ਵਿਚ ਵੀ ਹਿੱਸਾ ਲਈ ਜਾਵੇ, ਤਾਂ ਕਲੀਸਿਯਾ ਦੀ ਬਦਨਾਮੀ ਹੋ ਸਕਦੀ ਹੈ ਅਤੇ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਵੀ ਕਮਜ਼ੋਰ ਪੈ ਸਕਦਾ ਹੈ। ਇਸ ਆਦਮੀ ਦਾ ਵੱਡਾ ਪਰਿਵਾਰ ਹੈ ਜਿਸ ਦਾ ਗੁਜ਼ਾਰਾ ਤੋਰਨਾ ਉਸ ਦੀ ਹੀ ਜ਼ਿੰਮੇਵਾਰੀ ਹੈ। ਇਸ ਦੇ ਬਾਵਜੂਦ ਉਸ ਨੇ ਅਲਕੋਹਲ ਵੇਚਣੀ ਬੰਦ ਕਰ ਦਿੱਤੀ। ਪਰ ਹੁਣ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਕਾਗ਼ਜ਼ ਤੋਂ ਬਣਾਈਆਂ ਹੋਈਆਂ ਚੀਜ਼ਾਂ ਵੇਚਣ ਦਾ ਕਾਰੋਬਾਰ ਕਰਦਾ ਹੈ। ਇਸ ਆਦਮੀ ਦੇ ਪੰਜ ਬੱਚੇ ਹਨ। ਉਸ ਨੇ, ਉਸ ਦੀ ਪਤਨੀ ਨੇ ਅਤੇ ਉਨ੍ਹਾਂ ਦੀਆਂ ਦੋ ਕੁੜੀਆਂ ਨੇ ਬਪਤਿਸਮਾ ਲੈ ਲਿਆ ਹੈ। ਇਹ ਸਾਰੇ ਜਣੇ ਹੁਣ ਜੋਸ਼ ਨਾਲ ਪ੍ਰਚਾਰ ਕਰਦੇ ਹਨ।

ਦੋਸਤ-ਮਿੱਤਰ ਚੁਣਨ ਦੇ ਮਾਮਲੇ ਵਿਚ

ਉਨ੍ਹਾਂ ਲੋਕਾਂ ਨਾਲ ਮਿਲਣ-ਜੁਲਣ ਬਾਰੇ ਕੀ ਜੋ ਸੱਚਾਈ ਵਿਚ ਨਹੀਂ ਹਨ? ਕੀ ਇਸ ਮਾਮਲੇ ਵਿਚ ਸਾਨੂੰ ਆਪਣੀ ਮਰਜ਼ੀ ਕਰਨੀ ਚਾਹੀਦੀ ਹੈ ਜਾਂ ਫਿਰ ਬਾਈਬਲ ਦੇ ਅਸੂਲ ਧਿਆਨ ਵਿਚ ਰੱਖਣੇ ਚਾਹੀਦੇ ਹਨ? ਮਿਸਾਲ ਲਈ, ਇਕ ਭੈਣ ਕਿਸੇ ਮੁੰਡੇ ਨਾਲ ਪਾਰਟੀ ’ਤੇ ਜਾਣਾ ਚਾਹੁੰਦੀ ਸੀ, ਪਰ ਮੁੰਡਾ ਸੱਚਾਈ ਵਿਚ ਨਹੀਂ ਸੀ। ਭਾਵੇਂ ਭੈਣ ਨੂੰ ਦੱਸਿਆ ਗਿਆ ਸੀ ਕਿ ਇਹੋ ਜਿਹੇ ਮੁੰਡੇ ਨਾਲ ਪਾਰਟੀ ’ਤੇ ਜਾਣਾ ਖ਼ਤਰਨਾਕ ਹੋ ਸਕਦਾ ਹੈ, ਫਿਰ ਵੀ ਉਸ ਭੈਣ ਨੇ ਕਿਹਾ ਕਿ ‘ਪਾਰਟੀ ’ਤੇ ਜਾਣਾ ਮੇਰੀ ਆਪਣੀ ਮਰਜ਼ੀ ਆ’ ਅਤੇ ਉਹ ਚਲੀ ਗਈ। ਪਾਰਟੀ ’ਤੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਕਿਸੇ ਨੇ ਉਸ ਦੇ ਡ੍ਰਿੰਕ ਵਿਚ ਨੀਂਦ ਦੀ ਗੋਲੀ ਘੋਲ ਕੇ ਉਸ ਨੂੰ ਪਿਲਾ ਦਿੱਤੀ। ਕੁਝ ਘੰਟਿਆਂ ਬਾਅਦ ਹੋਸ਼ ਆਉਣ ’ਤੇ ਉਸ ਨੂੰ ਪਤਾ ਲੱਗਾ ਕਿ ਉਸ ਮੁੰਡੇ ਨੇ ਉਸ ਨਾਲ ਬਲਾਤਕਾਰ ਕੀਤਾ ਸੀ।—ਹੋਰ ਜਾਣਕਾਰੀ ਲਈ ਉਤਪਤ 34:2 ਦੇਖੋ।

ਦੁਨੀਆਂ ਦੇ ਲੋਕਾਂ ਨਾਲ ਮਿਲਣ-ਜੁਲਣ ਨਾਲ ਸ਼ਾਇਦ ਸਾਡੇ ਨਾਲ ਇੰਜ ਨਾ ਹੋਵੇ, ਪਰ ਬਾਈਬਲ ਚੇਤਾਵਨੀ ਦਿੰਦੀ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾ. 13:20) ਬਿਨਾਂ ਸ਼ੱਕ, ਮਾੜੇ ਲੋਕਾਂ ਨਾਲ ਉੱਠਣਾ-ਬੈਠਣਾ ਸਾਡੇ ਲਈ ਖ਼ਤਰਨਾਕ ਹੋ ਸਕਦਾ ਹੈ! ਕਹਾਉਤਾਂ 22:3 ਦੱਸਦਾ ਹੈ: “ਸਮਝਦਾਰ ਖ਼ਤਰੇ ਨੂੰ ਆਉਂਦਿਆਂ ਦੇਖ ਕੇ ਪਿੱਛੇ ਹੱਟ ਜਾਂਦਾ ਹੈ, ਪਰ ਭੋਲਾ ਅਗਾਂਹ ਵੱਧ ਕੇ ਉਸ ਵਿਚ ਫਸ ਜਾਂਦਾ ਹੈ ਅਤੇ ਦੁੱਖ ਭੋਗਦਾ ਹੈ।” ਯਾਦ ਰੱਖੋ ਕਿ ਸਾਡੇ ਦੋਸਤ-ਮਿੱਤਰ ਸਾਡੇ ਉੱਤੇ ਅਤੇ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਉੱਤੇ ਅਸਰ ਪਾ ਸਕਦੇ ਹਨ।—1 ਕੁਰਿੰ. 15:33; ਯਾਕੂ. 4:4.

ਪਹਿਰਾਵਾ ਅਤੇ ਹਾਰ-ਸ਼ਿੰਗਾਰ

ਸਟਾਈਲ ਅਤੇ ਫ਼ੈਸ਼ਨ ਬਦਲਦੇ ਰਹਿੰਦੇ ਹਨ। ਪਰ ਪਹਿਰਾਵੇ ਅਤੇ ਹਾਰ-ਸ਼ਿੰਗਾਰ ਬਾਰੇ ਬਾਈਬਲ ਦੇ ਅਸੂਲ ਕਦੀ ਨਹੀਂ ਬਦਲਦੇ। ਪੌਲੁਸ ਨੇ ਮਸੀਹੀ ਔਰਤਾਂ ਨੂੰ ਤਾਕੀਦ ਕੀਤੀ ਕਿ ਉਹ “ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕੀ ਨਾਲ ਸੁਆਰਨ।” ਦਰਅਸਲ, ਇਹ ਅਸੂਲ ਆਦਮੀਆਂ ’ਤੇ ਵੀ ਲਾਗੂ ਹੁੰਦਾ ਹੈ। (1 ਤਿਮੋ. 2:9) ਪੌਲੁਸ ਨੇ ਇਹ ਨਹੀਂ ਕਿਹਾ ਕਿ ਸਾਰੇ ਮਸੀਹੀਆਂ ਨੂੰ ਸਾਦੇ ਜਿਹੇ ਅਤੇ ਇੱਕੋ ਸਟਾਈਲ ਦੇ ਕੱਪੜੇ ਪਾਉਣੇ ਚਾਹੀਦੇ ਹਨ। ਪਰ ਸਾਨੂੰ ਦੇਖਣਾ ਚਾਹੀਦਾ ਹੈ ਕਿ ਕੀ ਸਾਡਾ ਪਹਿਰਾਵਾ ਅਤੇ ਹਾਰ-ਸ਼ਿੰਗਾਰ ਲਾਜ ਜਾਂ ਅਦਬ ਵਾਲਾ ਹੈ? ਇਕ ਸ਼ਬਦ-ਕੋਸ਼ ਵਿਚ ਲਾਜ ਦਾ ਮਤਲਬ ਇਸ ਤਰ੍ਹਾਂ ਸਮਝਾਇਆ ਗਿਆ ਹੈ: “ਘਮੰਡ ਤੋਂ ਰਹਿਤ . . . ਮਰਯਾਦਾ ਵਿਚ ਰਹਿ ਕੇ ਕੱਪੜੇ ਪਾਉਣੇ, ਗੱਲਾਂ-ਬਾਤਾਂ ਕਰਨੀਆਂ ਅਤੇ ਚਾਲ-ਚਲਣ ਸਹੀ ਰੱਖਣਾ।”

ਅਸੀਂ ਆਪਣੇ ਆਪ ਤੋਂ ਇਹ ਪੁੱਛ ਸਕਦੇ ਹਾਂ: ‘ਕੀ ਮੈਂ ਅਜਿਹੇ ਕੱਪੜੇ ਪਾਉਂਦਾ ਹਾਂ ਜਿਨ੍ਹਾਂ ਕਰਕੇ ਲੋਕਾਂ ਦਾ ਧਿਆਨ ਮੇਰੇ ਵੱਲ ਖਿੱਚਿਆ ਜਾਂਦਾ ਹੈ? ਕੀ ਮੈਂ ਇੱਦਾਂ ਸੋਚਦਾ ਹਾਂ ਕਿ ਇਵੇਂ ਕਰਨਾ ਮੇਰਾ ਹੱਕ ਹੈ? ਇਸ ਤਰ੍ਹਾਂ ਕਰ ਕੇ ਕੀ ਮੈਂ ਸੱਚ-ਮੁੱਚ ਲਾਜ ਅਤੇ ਅਦਬ ਨਾਲ ਪੇਸ਼ ਆ ਰਿਹਾ ਹਾਂ? ਮੇਰੇ ਪਹਿਰਾਵੇ ਵੱਲ ਦੇਖ ਕੇ ਦੂਸਰੇ ਕੀ ਸੋਚਣਗੇ? ਕੀ ਉਹ ਇਹ ਸੋਚਣਗੇ ਕਿ ਮੇਰਾ ਚਾਲ-ਚਲਣ ਮਾੜਾ ਹੈ?’ ਜੇ ਅਸੀਂ ‘ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰਾਂਗੇ,’ ਤਾਂ ਅਸੀਂ ਇਨ੍ਹਾਂ ਮਾਮਲਿਆਂ ਵਿਚ ਕਿਸੇ ਨੂੰ ‘ਠੋਕਰ ਨਹੀਂ ਖੁਆਵਾਂਗੇ।’—2 ਕੁਰਿੰ. 6:3; ਫ਼ਿਲਿ. 2:4.

ਬਿਜ਼ਨਿਸ ਮਾਮਲਿਆਂ ਵਿਚ

ਪਹਿਲੀ ਸਦੀ ਦੇ ਕੁਰਿੰਥੀ ਮਸੀਹੀ ਪੈਸੇ ਦੇ ਮਾਮਲੇ ਵਿਚ ਇਕ-ਦੂਜੇ ਨਾਲ ਧੋਖਾ ਕਰ ਰਹੇ ਸਨ। ਪੌਲੁਸ ਰਸੂਲ ਨੇ ਇਸ ਮਾਮਲੇ ਬਾਰੇ ਉਨ੍ਹਾਂ ਨੂੰ ਲਿਖਿਆ: “ਇਸ ਤੋਂ ਚੰਗਾ ਇਹ ਹੈ ਕਿ ਤੁਸੀਂ ਅਨਿਆਂ ਸਹਿ ਲਵੋ। ਤੁਸੀਂ ਆਪਣੇ ਹਕ ਛੱਡ ਦੇਵੋ।” ਪੌਲੁਸ ਨੇ ਮਸੀਹੀਆਂ ਨੂੰ ਸਲਾਹ ਦਿੱਤੀ ਕਿ ਬਿਹਤਰ ਹੋਵੇਗਾ ਕਿ ਉਹ ਆਪਣੇ ਭਰਾ ਨੂੰ ਕਚਹਿਰੀ ਵਿਚ ਲੈ ਜਾਣ ਦੀ ਬਜਾਇ ਘਾਟਾ ਸਹਿ ਲੈਣ। (1 ਕੁਰਿੰ. 6:1-7, CL) ਅਮਰੀਕਾ ਵਿਚ ਰਹਿੰਦੇ ਇਕ ਭਰਾ ਨੇ ਇਸ ਸਲਾਹ ਬਾਰੇ ਗੰਭੀਰਤਾ ਨਾਲ ਸੋਚਿਆ। ਉਹ ਇਕ ਭਰਾ ਲਈ ਕੰਮ ਕਰਦਾ ਸੀ, ਪਰ ਉਸ ਨੂੰ ਲੱਗਾ ਕਿ ਉਹ ਭਰਾ ਉਸ ਨੂੰ ਤਨਖ਼ਾਹ ਦੇ ਪੂਰੇ ਪੈਸੇ ਨਹੀਂ ਦੇ ਰਿਹਾ ਸੀ। ਬਾਈਬਲ ਦੀ ਸਲਾਹ ਉੱਤੇ ਚੱਲ ਕੇ ਦੋਵੇਂ ਭਰਾਵਾਂ ਨੇ ਇਸ ਮਸਲੇ ਨੂੰ ਸੁਲਝਾਉਣ ਲਈ ਆਪਸ ਵਿਚ ਗੱਲ ਕੀਤੀ, ਪਰ ਕੋਈ ਹੱਲ ਨਹੀਂ ਲੱਭਿਆ। ਅਖ਼ੀਰ ’ਚ ਉਨ੍ਹਾਂ ਨੇ ‘ਕਲੀਸਿਯਾ ਨੂੰ ਖ਼ਬਰ ਦਿੱਤੀ’ ਯਾਨੀ ਕਲੀਸਿਯਾ ਦੇ ਬਜ਼ੁਰਗਾਂ ਨਾਲ ਗੱਲ ਕੀਤੀ।—ਮੱਤੀ 18:15-17.

ਅਫ਼ਸੋਸ ਦੀ ਗੱਲ ਹੈ ਕਿ ਇਹ ਭਰਾ ਇਸ ਮਸਲੇ ਦਾ ਹੱਲ ਨਹੀਂ ਲੱਭ ਸਕੇ। ਕਈ ਪ੍ਰਾਰਥਨਾਵਾਂ ਕਰਨ ਤੋਂ ਬਾਅਦ ਉਸ ਭਰਾ ਨੇ ਘਾਟਾ ਉਠਾਉਣ ਦਾ ਫ਼ੈਸਲਾ ਕੀਤਾ ਜਿਸ ਨੂੰ ਲੱਗਾ ਕਿ ਉਸ ਨੂੰ ਪੂਰੇ ਪੈਸੇ ਨਹੀਂ ਸੀ ਮਿਲਦੇ। ਇਸ ਭਰਾ ਨੇ ਇੱਦਾਂ ਕਿਉਂ ਕੀਤਾ? ਉਹ ਨੇ ਬਾਅਦ ਵਿਚ ਕਿਹਾ: “ਇਸ ਮਸਲੇ ਕਰਕੇ ਮੈਂ ਆਪਣੀ ਖ਼ੁਸ਼ੀ ਗੁਆ ਰਿਹਾ ਸੀ ਅਤੇ ਮੇਰਾ ਸਮਾਂ ਵੀ ਬਰਬਾਦ ਹੋ ਰਿਹਾ ਸੀ ਜੋ ਮੈਂ ਪਰਮੇਸ਼ੁਰ ਦੀ ਸੇਵਾ ਵਿਚ ਲਾ ਸਕਦਾ ਸੀ।” ਇਹ ਫ਼ੈਸਲਾ ਕਰਨ ਤੋਂ ਬਾਅਦ ਭਰਾ ਫਿਰ ਤੋਂ ਖ਼ੁਸ਼ ਰਹਿਣ ਲੱਗਾ ਅਤੇ ਉਸ ਨੂੰ ਮਹਿਸੂਸ ਹੋਇਆ ਕਿ ਯਹੋਵਾਹ ਦੀ ਅਸੀਸ ਉਸ ਦੀ ਸੇਵਾ ਉੱਤੇ ਸੀ।

ਛੋਟੀਆਂ ਗੱਲਾਂ ਵਿਚ

ਜੇ ਅਸੀਂ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਆਪਣੀ ਮਰਜ਼ੀ ’ਤੇ ਅੜੇ ਨਹੀਂ ਰਹਿੰਦੇ, ਤਾਂ ਸਾਨੂੰ ਬਰਕਤਾਂ ਮਿਲਦੀਆਂ ਹਨ। ਇਕ ਜ਼ਿਲ੍ਹਾ ਸੰਮੇਲਨ ਦੇ ਪਹਿਲੇ ਦਿਨ ’ਤੇ ਇਕ ਪਾਇਨੀਅਰ ਪਤੀ-ਪਤਨੀ ਨੇ ਆਪਣੀਆਂ ਪਸੰਦ ਦੀਆਂ ਸੀਟਾਂ ਰੱਖ ਲਈਆਂ ਸਨ। ਜਦੋਂ ਪ੍ਰੋਗ੍ਰਾਮ ਸ਼ੁਰੂ ਹੋਇਆ, ਤਾਂ ਇਕ ਵੱਡਾ ਪਰਿਵਾਰ ਸਟੇਡੀਅਮ ਵਿਚ ਆਇਆ। ਉਸ ਪਾਇਨੀਅਰ ਜੋੜੇ ਨੇ ਦੇਖਿਆ ਕਿ ਇਹ ਪਰਿਵਾਰ ਆਪਣੇ ਲਈ ਸੀਟਾਂ ਲੱਭ ਰਿਹਾ ਸੀ ਅਤੇ ਜੋੜੇ ਨੇ ਉਨ੍ਹਾਂ ਨੂੰ ਆਪਣੀਆਂ ਹੀ ਸੀਟਾਂ ਦੇ ਦਿੱਤੀਆਂ ਤਾਂਕਿ ਪੂਰਾ ਪਰਿਵਾਰ ਇਕੱਠਾ ਬੈਠ ਸਕੇ। ਸੰਮੇਲਨ ਤੋਂ ਥੋੜ੍ਹੇ ਦਿਨਾਂ ਬਾਅਦ, ਇਸ ਪਾਇਨੀਅਰ ਜੋੜੇ ਨੂੰ ਉਸ ਪਰਿਵਾਰ ਤੋਂ ਇਕ ਚਿੱਠੀ ਮਿਲੀ ਜਿਸ ਵਿਚ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਸੀ। ਚਿੱਠੀ ਵਿਚ ਲਿਖਿਆ ਸੀ ਕਿ ਸੰਮੇਲਨ ’ਤੇ ਦੇਰ ਨਾਲ ਪਹੁੰਚਣ ਕਰਕੇ ਉਨ੍ਹਾਂ ਨੂੰ ਬਹੁਤ ਬੁਰਾ ਲੱਗਾ ਸੀ। ਪਰ ਜੋੜੇ ਦਾ ਪਿਆਰ ਅਤੇ ਦਿਆਲਤਾ ਦੇਖ ਕੇ ਉਹ ਕਿੰਨੇ ਖ਼ੁਸ਼ ਅਤੇ ਧੰਨਵਾਦੀ ਸਨ!

ਮੌਕਾ ਮਿਲਣ ਤੇ ਸਾਨੂੰ ਆਪਣੇ ਹੀ ਬਾਰੇ ਸੋਚਣ ਅਤੇ ਆਪਣੀ ਹੀ ਮਰਜ਼ੀ ਕਰਨ ਦੀ ਬਜਾਇ ਖ਼ੁਸ਼ੀ ਨਾਲ ਦੂਸਰਿਆਂ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਸੱਚਾ ਪਿਆਰ “ਆਪ ਸੁਆਰਥੀ ਨਹੀਂ।” (1 ਕੁਰਿੰ. 13:5) ਜਦੋਂ ਅਸੀਂ ਇਸ ਤਰ੍ਹਾਂ ਦਾ ਪਿਆਰ ਦਿਖਾਉਂਦੇ ਹਾਂ, ਤਾਂ ਕਲੀਸਿਯਾ ਦੀ ਸ਼ਾਂਤੀ ਕਾਇਮ ਰਹਿੰਦੀ ਹੈ ਅਤੇ ਆਪਣੇ ਗੁਆਂਢੀਆਂ ਨਾਲ ਵੀ ਸਾਡੀ ਬਣੀ ਰਹਿੰਦੀ ਹੈ। ਪਰ ਸਭ ਤੋਂ ਵੱਧ ਸਾਡਾ ਰਿਸ਼ਤਾ ਯਹੋਵਾਹ ਨਾਲ ਵੀ ਪੱਕਾ ਰਹਿੰਦਾ ਹੈ।

[ਸਫ਼ਾ 20 ਉੱਤੇ ਤਸਵੀਰ]

ਫੈਸ਼ਨ ਦੇ ਮਾਮਲੇ ਵਿਚ ਕੀ ਤੁਸੀਂ ਆਪਣੀ ਮਰਜ਼ੀ ਉੱਤੇ ਅੜੇ ਰਹੋਗੇ?

[ਸਫ਼ੇ 20, 21 ਉੱਤੇ ਤਸਵੀਰ]

ਕੀ ਤੁਸੀਂ ਆਪਣੇ ਭੈਣਾਂ-ਭਰਾਵਾਂ ਨੂੰ ਆਪਣੀ ਸੀਟ ਦੇਣ ਲਈ ਤਿਆਰ ਹੋ?