Skip to content

Skip to table of contents

ਪਰਕਾਸ਼ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ

ਪਰਕਾਸ਼ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ

ਯਹੋਵਾਹ ਦਾ ਬਚਨ ਜੀਉਂਦਾ ਹੈ

ਪਰਕਾਸ਼ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ​—ਦੂਜਾ ਭਾਗ

ਉਨ੍ਹਾਂ ਲੋਕਾਂ ਦਾ ਕੀ ਭਵਿੱਖ ਹੋਵੇਗਾ ਜਿਹੜੇ ਯਹੋਵਾਹ ਦੀ ਭਗਤੀ ਕਰਦੇ ਹਨ ਅਤੇ ਜਿਹੜੇ ਨਹੀਂ ਕਰਦੇ? ਸ਼ਤਾਨ ਤੇ ਉਸ ਦੇ ਭੈੜੇ ਦੂਤਾਂ ਦਾ ਕੀ ਬਣੇਗਾ? ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਆਗਿਆਕਾਰ ਮਨੁੱਖਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ? ਇਨ੍ਹਾਂ ਤੇ ਹੋਰ ਜ਼ਰੂਰੀ ਸਵਾਲਾਂ ਦੇ ਜਵਾਬ ਪਰਕਾਸ਼ ਦੀ ਪੋਥੀ 13:1–22:21 ਵਿਚ ਪਾਏ ਜਾਂਦੇ ਹਨ। * ਯੂਹੰਨਾ ਰਸੂਲ ਨੂੰ ਪਹਿਲੀ ਸਦੀ ਦੇ ਅਖ਼ੀਰ ਵਿਚ 16 ਦਰਸ਼ਣ ਦਿੱਤੇ ਗਏ ਸਨ ਅਤੇ ਇਨ੍ਹਾਂ ਅਧਿਆਵਾਂ ਵਿਚ ਆਖ਼ਰੀ 9 ਦਰਸ਼ਣ ਪਾਏ ਜਾਂਦੇ ਹਨ।

ਯੂਹੰਨਾ ਨੇ ਲਿਖਿਆ: “ਧੰਨ ਉਹ ਜਿਹੜਾ ਇਸ ਅਗੰਮ ਵਾਕ ਦੀਆਂ ਬਾਣੀਆਂ ਨੂੰ ਪੜ੍ਹਦਾ ਹੈ, ਨਾਲੇ ਓਹ ਜਿਹੜੇ ਸੁਣਦੇ ਹਨ ਅਤੇ ਜੋ ਕੁਝ ਇਹ ਦੇ ਵਿੱਚ ਲਿਖਿਆ ਹੋਇਆ ਹੈ ਉਹ ਦੀ ਪਾਲਨਾ ਕਰਦੇ ਹਨ।” (ਪਰ. 1:3; 22:7) ਪਰਕਾਸ਼ ਦੀ ਪੋਥੀ ਵਿਚਲੀਆਂ ਗੱਲਾਂ ਨੂੰ ਪੜ੍ਹਨ ਅਤੇ ਲਾਗੂ ਕਰਨ ਨਾਲ ਇਨ੍ਹਾਂ ਦਾ ਪਰਮੇਸ਼ੁਰ ਦੀ ਸੇਵਾ ਕਰਨ ਸੰਬੰਧੀ ਸਾਡੇ ਮਨੋਰਥਾਂ ’ਤੇ ਅਸਰ ਪੈ ਸਕਦਾ ਹੈ, ਪਰਮੇਸ਼ੁਰ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਵਿਚ ਸਾਡੀ ਨਿਹਚਾ ਪੱਕੀ ਹੋ ਸਕਦੀ ਹੈ ਅਤੇ ਭਵਿੱਖ ਲਈ ਵਧੀਆ ਉਮੀਦ ਮਿਲ ਸਕਦੀ ਹੈ। *​—ਇਬ. 4:12.

ਪਰਮੇਸ਼ੁਰ ਦੇ ਕ੍ਰੋਧ ਦੇ ਸੱਤ ਕਟੋਰੇ ਡੋਲ੍ਹੇ ਗਏ

(ਪਰ. 13:1–16:21)

ਪਰਕਾਸ਼ ਦੀ ਪੋਥੀ 11:18 ਵਿਚ ਲਿਖਿਆ ਹੈ: “ਕੌਮਾਂ ਕ੍ਰੋਧਵਾਨ ਹੋਈਆਂ ਤਾਂ [ਪਰਮੇਸ਼ੁਰ ਦਾ] ਕ੍ਰੋਧ ਆਣ ਪਿਆ, ਅਤੇ . . . ਸਮਾ ਆ ਪਹੁੰਚਾ ਭਈ . . . ਓਹਨਾਂ ਦਾ ਨਾਸ ਕਰੇਂ ਜੋ ਧਰਤੀ ਦਾ ਨਾਸ ਕਰਨ ਵਾਲੇ ਹਨ!” ਇਸ ਕ੍ਰੋਧ ਦਾ ਕਾਰਨ ਸਾਨੂੰ ਅੱਠਵੇਂ ਦਰਸ਼ਣ ਵਿਚ ਪਤਾ ਲੱਗਦਾ ਹੈ ਜਿਸ ਵਿਚ ‘ਦਸ ਸਿੰਙਾਂ ਅਤੇ ਸੱਤ ਸਿਰਾਂ’ ਵਾਲੇ ਦਰਿੰਦੇ ਦੇ ਕੰਮਾਂ ਬਾਰੇ ਦੱਸਿਆ ਹੈ।​—ਪਰ. 13:1.

ਨੌਵੇਂ ਦਰਸ਼ਣ ਵਿਚ ਯੂਹੰਨਾ ਨੇ ਦੇਖਿਆ ਕਿ “ਲੇਲਾ ਸੀਯੋਨ ਦੇ ਪਹਾੜ ਉੱਤੇ ਖਲੋਤਾ ਹੈ ਅਤੇ ਉਹ ਦੇ ਨਾਲ ਇੱਕ ਲੱਖ ਚੁਤਾਲੀ ਹਜ਼ਾਰ ਹਨ।” ਇਹ ਇਨਸਾਨ ‘ਮਨੁੱਖਾਂ ਵਿੱਚੋਂ ਮੁੱਲ ਲਏ ਗਏ ਹਨ।’ (ਪਰ. 14:1, 4) ਦੂਤਾਂ ਨੇ ਐਲਾਨ ਕੀਤੇ। ਅਗਲੇ ਦਰਸ਼ਣ ਵਿਚ ਯੂਹੰਨਾ ਨੇ ਦੇਖਿਆ ਕਿ “ਸੱਤ ਦੂਤ ਸੱਤ ਬਵਾਂ” ਲਈ ਖੜ੍ਹੇ ਸਨ। ਸਪੱਸ਼ਟ ਹੈ ਕਿ ਯਹੋਵਾਹ ਨੇ ਖ਼ੁਦ ਇਨ੍ਹਾਂ ਦੂਤਾਂ ਨੂੰ ਹੁਕਮ ਦਿੱਤਾ ਕਿ ਉਹ “ਪਰਮੇਸ਼ੁਰ ਦੇ ਕ੍ਰੋਧ ਦੇ ਸੱਤ ਕਟੋਰੇ” ਸ਼ਤਾਨ ਦੀ ਦੁਨੀਆਂ ਦੇ ਵੱਖੋ-ਵੱਖਰੇ ਹਿੱਸਿਆਂ ’ਤੇ ਡੋਲ੍ਹ ਦੇਣ। ਇਨ੍ਹਾਂ ਕਟੋਰਿਆਂ ਵਿਚ ਪਰਮੇਸ਼ੁਰ ਦੇ ਨਿਆਵਾਂ ਦੇ ਐਲਾਨ ਅਤੇ ਚੇਤਾਵਨੀਆਂ ਹਨ। (ਪਰ. 15:1; 16:1) ਇਨ੍ਹਾਂ ਦੋ ਦਰਸ਼ਣਾਂ ਤੋਂ ਪਤਾ ਲੱਗਦਾ ਹੈ ਕਿ ਸੱਤਵੀਂ ਤੁਰੀ ਵਜਾਉਣ ਅਤੇ ਤੀਜੀ ਬਵਾ ਆਉਣ ’ਤੇ ਪਰਮੇਸ਼ੁਰ ਦੇ ਰਾਜ ਨੇ ਹੋਰ ਕਿਹੜੇ ਨਿਆਂ ਲਿਆਂਦੇ ਸੀ।​—ਪਰ. 11:14, 15.

ਕੁਝ ਸਵਾਲਾਂ ਦੇ ਜਵਾਬ:

13:8—‘ਲੇਲੇ ਦੀ ਜੀਵਨ ਦੀ ਪੋਥੀ’ ਕੀ ਹੈ? ਇਹ ਉਹ ਪੋਥੀ ਹੈ ਜਿਸ ਵਿਚ ਸਿਰਫ਼ ਉਨ੍ਹਾਂ ਦੇ ਨਾਂ ਹਨ ਜੋ ਸਵਰਗ ਵਿਚ ਯਿਸੂ ਮਸੀਹ ਨਾਲ ਰਾਜ ਕਰਦੇ ਹਨ। ਇਸ ਵਿਚ ਉਨ੍ਹਾਂ ਮਸਹ ਕੀਤੇ ਹੋਇਆਂ ਦੇ ਵੀ ਨਾਂ ਹਨ ਜਿਹੜੇ ਅਜੇ ਧਰਤੀ ’ਤੇ ਹਨ ਅਤੇ ਜੋ ਸਵਰਗੀ ਜੀਵਨ ਪਾਉਣ ਦੀ ਉਮੀਦ ਰੱਖਦੇ ਹਨ।

13:11-13—ਦੋ ਸਿੰਗਾਂ ਵਾਲਾ ਦਰਿੰਦਾ ਅਜਗਰ ਵਾਂਗ ਕਿਵੇਂ ਬੋਲਦਾ ਅਤੇ ਸਵਰਗੋਂ ਅੱਗ ਵਰਸਾਉਂਦਾ ਹੈ? ਦੋ ਸਿੰਗਾਂ ਵਾਲਾ ਦਰਿੰਦਾ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਹੈ। ਇਹ ਦਰਿੰਦਾ ਇਸ ਅਰਥ ਵਿਚ ਅਜਗਰ ਵਾਂਗ ਬੋਲਦਾ ਹੈ ਕਿ ਇਹ ਲੋਕਾਂ ਨੂੰ ਡਰਾ-ਧਮਕਾ ਕੇ, ਉਨ੍ਹਾਂ ’ਤੇ ਦਬਾਅ ਪਾ ਕੇ ਅਤੇ ਹਿੰਸਾ ਦਾ ਸਹਾਰਾ ਲੈ ਕੇ ਉਨ੍ਹਾਂ ਨੂੰ ਆਪਣੀ ਹਕੂਮਤ ਦੇ ਅਧੀਨ ਹੋਣ ਲਈ ਮਜਬੂਰ ਕਰਦਾ ਹੈ। ਇਹ ਸਵਰਗੋਂ ਇਸ ਭਾਵ ਵਿਚ ਅੱਗ ਵਰ੍ਹਾਉਂਦਾ ਹੈ ਕਿ ਉਹ ਨਬੀ ਹੋਣ ਦਾ ਢੌਂਗ ਕਰਦੇ ਹੋਏ ਦਾਅਵਾ ਕਰਦਾ ਹੈ ਕਿ ਉਸ ਨੇ 20ਵੀਂ ਸਦੀ ਦੀਆਂ ਦੋ ਵਿਸ਼ਵ ਜੰਗਾਂ ਵਿਚ ਬੁਰੀਆਂ ਤਾਕਤਾਂ ਅਤੇ ਕਮਿਊਨਿਜ਼ਮ ਉੱਤੇ ਫਤਹ ਪਾਈ ਹੈ।

16:17—“ਪੌਣ” ਕੀ ਹੈ ਜਿਸ ’ਤੇ ਸੱਤਵਾਂ ਕਟੋਰਾ ਡੋਲ੍ਹਿਆ ਗਿਆ ਸੀ? ਇਹ “ਪੌਣ” ਸ਼ਤਾਨੀ ਸੋਚ ਹੈ। ਇਹ ਉਹ ਹਵਾ ਜਾਂ ਸੋਚ ਹੈ “ਜਿਹੜੀ ਹੁਣ ਅਣਆਗਿਆਕਾਰੀ ਦੇ ਪੁੱਤ੍ਰਾਂ ਵਿੱਚ ਅਸਰ ਕਰਦੀ ਹੈ।” ਸ਼ਤਾਨ ਦੀ ਸਾਰੀ ਦੁਨੀਆਂ ਇਸ ਜ਼ਹਿਰੀਲੀ ਹਵਾ ਵਿਚ ਸਾਹ ਲੈਂਦੀ ਹੈ।​—ਅਫ਼. 2:2.

ਸਾਡੇ ਲਈ ਸਬਕ:

13:1-4, 18. ਦੁਨੀਆਂ ਦੀਆਂ ਸਰਕਾਰਾਂ ਨੂੰ ਦਰਸਾਉਂਦਾ ‘ਦਰਿੰਦਾ ਸਮੁੰਦਰ ਵਿੱਚੋਂ ਨਿਕਲਦਾ’ ਹੈ ਯਾਨੀ ਮਨੁੱਖਜਾਤੀ ਵਿੱਚੋਂ ਆਉਂਦਾ ਹੈ। (ਯਸਾ. 17:12, 13; ਦਾਨੀ. 7:2-8, 17) ਇਹ ਦਰਿੰਦਾ ਸ਼ਤਾਨ ਨੇ ਸਿਰਜਿਆ ਹੈ ਜਿਸ ਨੂੰ ਉਹ ਆਪਣੀ ਤਾਕਤ ਦਿੰਦਾ ਹੈ। ਇਸ ਦਰਿੰਦੇ ਉੱਤੇ 666 ਲਿਖਿਆ ਹੋਇਆ ਹੈ ਜਿਸ ਦਾ ਮਤਲਬ ਹੈ ਕਿ ਉਹ ਹਰ ਪੱਖੋਂ ਨਾਮੁਕੰਮਲ ਹੈ। ਦਰਿੰਦੇ ਦੀ ਅਸਲੀਅਤ ਜਾਣ ਕੇ ਅਸੀਂ ਨਾ ਤਾਂ ਉਸ ਦੀ ਵਡਿਆਈ ਕਰਾਂਗੇ ਅਤੇ ਨਾ ਹੀ ਉਸ ਦੀ ਭਗਤੀ ਕਰਾਂਗੇ ਜਿਵੇਂ ਆਮ ਲੋਕੀ ਕਰਦੇ ਹਨ।​—ਯੂਹੰ. 12:31; 15:19.

13:16, 17. “ਲੈਣ ਦੇਣ” ਯਾਨੀ ਖ਼ਰੀਦਣ-ਵੇਚਣ ਵਰਗੇ ਹਰ ਰੋਜ਼ ਦੇ ਕੰਮ ਕਰਦਿਆਂ ਸਾਨੂੰ ਕਈ ਮੁਸ਼ਕਲਾਂ ਆਉਂਦੀਆਂ ਹਨ। ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਸਾਨੂੰ ਆਪਣੀਆਂ ਜ਼ਿੰਦਗੀਆਂ ਉੱਤੇ ਦਰਿੰਦੇ ਦਾ ਅਸਰ ਨਹੀਂ ਪੈਣ ਦੇਣਾ ਚਾਹੀਦਾ ਜਿਸ ਨਾਲ ਅਸੀਂ ਉਸ ਦੀ ਮੁੱਠੀ ਵਿਚ ਆ ਸਕਦੇ ਹਾਂ। ਆਪਣੇ ‘ਹੱਥ ਉੱਤੇ ਅਤੇ ਮੱਥੇ ਉੱਤੇ ਦਰਿੰਦੇ ਦਾ ਦਾਗ’ ਲਵਾਉਣ ਦਾ ਮਤਲਬ ਹੈ ਕਿ ਅਸੀਂ ਦਰਿੰਦੇ ਨੂੰ ਆਪਣੇ ਕੰਮਾਂ ਅਤੇ ਆਪਣੀ ਸੋਚ ’ਤੇ ਹਾਵੀ ਹੋਣ ਦਿੰਦੇ ਹਾਂ।

14:6, 7. ਖ਼ੁਸ਼ ਖ਼ਬਰੀ ਦਾ ਐਲਾਨ ਕਰ ਰਹੇ ਦੂਤ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਕਰਨਾ ਚਾਹੀਦਾ ਹੈ। ਯਹੋਵਾਹ ਲਈ ਸ਼ਰਧਾਮਈ ਭੈ ਪੈਦਾ ਕਰਨ ਅਤੇ ਉਸ ਦੀ ਵਡਿਆਈ ਕਰਨ ਵਿਚ ਸਾਨੂੰ ਆਪਣੇ ਬਾਈਬਲ ਵਿਦਿਆਰਥੀਆਂ ਦੀ ਮਦਦ ਕਰਨੀ ਚਾਹੀਦੀ ਹੈ।

14:14-20. ਜਦੋਂ “ਧਰਤੀ ਦੀ ਫ਼ਸਲ” ਵੱਢ ਲਈ ਜਾਵੇਗੀ ਯਾਨੀ ਉਨ੍ਹਾਂ ਲੋਕਾਂ ਨੂੰ ਇਕੱਠਾ ਕਰ ਲਿਆ ਜਾਵੇਗਾ ਜੋ ਬਚਾਏ ਜਾਣਗੇ, ਤਾਂ ਉਸ ਸਮੇਂ ਦੂਤ “ਧਰਤੀ ਦੀ ਅੰਗੂਰੀ ਬੇਲ” ਨੂੰ ਇਕੱਠਾ ਕਰ ਕੇ “ਪਰਮੇਸ਼ੁਰ ਦੇ ਕ੍ਰੋਧ ਦੇ ਵੱਡੇ ਚੁਬੱਚੇ ਵਿੱਚ ਸੁੱਟ” ਦੇਵੇਗਾ। ਇਹ ਬੇਲ ਸ਼ਤਾਨ ਦੀ ਦੁਸ਼ਟ ਦੁਨੀਆਂ ਦੀਆਂ ਸਰਕਾਰਾਂ ਹਨ ਅਤੇ ਗਲੇ-ਸੜੇ ਫਲਾਂ ਦੇ ‘ਗੁੱਛੇ’ ਉਨ੍ਹਾਂ ਦੇ ਬੁਰੇ ਕੰਮ ਹਨ। ਇਨ੍ਹਾਂ ਸਰਕਾਰਾਂ ਨੂੰ ਉਨ੍ਹਾਂ ਦੇ ਕੰਮਾਂ ਸਮੇਤ ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ। ਸਾਡਾ ਪੱਕਾ ਇਰਾਦਾ ਹੋਣਾ ਚਾਹੀਦਾ ਕਿ ਅਸੀਂ ਇਸ ਬੇਲ ਯਾਨੀ ਦੁਨੀਆਂ ਦੇ ਅਸਰ ਹੇਠ ਨਾ ਆਈਏ।

16:13-16. “ਭ੍ਰਿਸ਼ਟ ਆਤਮੇ” ਉਹ ਜਾਣਕਾਰੀ ਹੈ ਜੋ ਸ਼ਤਾਨ ਧਰਤੀ ਦੇ ਰਾਜਿਆਂ ਨੂੰ ਭਰਮਾਉਣ ਲਈ ਵਰਤਦਾ ਹੈ। ਸ਼ਤਾਨ ਉਨ੍ਹਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਪਰਮੇਸ਼ੁਰ ਦੇ ਕ੍ਰੋਧ ਦੇ ਸੱਤ ਕਟੋਰਿਆਂ ਦਾ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੋਵੇਗਾ। ਇੱਦਾਂ ਕਰ ਕੇ ਉਹ ਉਨ੍ਹਾਂ ਨੂੰ ਯਹੋਵਾਹ ਦੇ ਖ਼ਿਲਾਫ਼ ਕਰਦਾ ਹੈ।​—ਮੱਤੀ 24:42, 44.

16:21. ਜਿਉਂ-ਜਿਉਂ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਸ਼ਤਾਨ ਦੀ ਬੁਰੀ ਦੁਨੀਆਂ ਦੇ ਖ਼ਿਲਾਫ਼ ਯਹੋਵਾਹ ਦੇ ਨਿਆਵਾਂ ਦਾ ਐਲਾਨ ਇੱਦਾਂ ਕੀਤਾ ਜਾਵੇਗਾ ਜਿਵੇਂ ਆਕਾਸ਼ ਤੋਂ ਗੜੇ ਵਰ੍ਹਦੇ ਹਨ। ਫਿਰ ਵੀ ਜ਼ਿਆਦਾਤਰ ਲੋਕ ਪਰਮੇਸ਼ੁਰ ਦੀ ਨਿੰਦਿਆ ਕਰਦੇ ਰਹਿਣਗੇ।

ਜਿੱਤਣ ਵਾਲਾ ਰਾਜਾ ਰਾਜ ਕਰਦਾ ਹੈ

(ਪਰ. 17:1–22:21)

ਝੂਠੇ ਧਰਮਾਂ ਦਾ ਸਾਮਰਾਜ ‘ਵੱਡੀ ਬਾਬੁਲ’ ਸ਼ਤਾਨ ਦੀ ਦੁਨੀਆਂ ਦਾ ਇਕ ਘਿਣਾਉਣਾ ਹਿੱਸਾ ਹੈ। 11ਵੇਂ ਦਰਸ਼ਣ ਵਿਚ ਉਸ ਨੂੰ ‘ਕਿਰਮਚੀ ਰੰਗ ਦੇ ਇੱਕ ਦਰਿੰਦੇ ਉੱਤੇ ਬੈਠੀ ਵੱਡੀ ਕੰਜਰੀ’ ਵਜੋਂ ਦਰਸਾਇਆ ਗਿਆ ਹੈ। ਇਸ ਦਰਿੰਦੇ ਦੇ ‘ਦਸ ਸਿੰਙ’ ਉਸ ਦਾ ਸੱਤਿਆਨਾਸ ਕਰ ਦਿੰਦੇ ਹਨ। (ਪਰ. 17:1, 3, 5, 16) ਇਸ ਵੇਸਵਾ ਦੀ ਤੁਲਨਾ “ਵੱਡੀ ਨਗਰੀ” ਨਾਲ ਕੀਤੀ ਗਈ ਹੈ। ਅਗਲੇ ਦਰਸ਼ਣ ਵਿਚ ਇਸ ਨਗਰੀ ਦੇ ਡਿੱਗਣ ਬਾਰੇ ਦੱਸਿਆ ਗਿਆ ਹੈ। ਪਰਮੇਸ਼ੁਰ ਦੇ ਭਗਤਾਂ ਨੂੰ ਫਟਾਫਟ ‘ਉਹ ਦੇ ਵਿੱਚੋਂ ਨਿੱਕਲ’ ਜਾਣ ਲਈ ਕਿਹਾ ਗਿਆ ਹੈ। ਵੱਡੀ ਨਗਰੀ ਦੇ ਡਿੱਗਣ ’ਤੇ ਬਹੁਤ ਸਾਰੇ ਲੋਕ ਸੋਗ ਕਰਦੇ ਹਨ। ਪਰ ਸਵਰਗ ਵਿਚ ‘ਲੇਲੇ ਦੇ ਵਿਆਹ’ ਕਰਕੇ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ। (ਪਰ. 18:4, 9, 10, 15-19; 19:7) 13ਵੇਂ ਦਰਸ਼ਣ ਵਿਚ ‘ਨੁਕਰੇ ਘੋੜੇ’ ਦਾ ਸਵਾਰ ਕੌਮਾਂ ’ਤੇ ਚੜ੍ਹਾਈ ਕਰਦਾ ਹੈ। ਉਹ ਸ਼ਤਾਨ ਦੀ ਦੁਨੀਆਂ ਦਾ ਨਾਮੋ-ਨਿਸ਼ਾਨ ਮਿਟਾ ਦਿੰਦਾ ਹੈ।​—ਪਰ. 19:11-16.

‘ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਹੈ’ ਦਾ ਕੀ ਹਸ਼ਰ ਹੋਵੇਗਾ? ਉਸ ਨੂੰ ਕਦੋਂ ‘ਅੱਗ ਦੀ ਝੀਲ ਵਿੱਚ ਸੁੱਟਿਆ’ ਜਾਵੇਗਾ? ਇਹ ਗੱਲਾਂ 14ਵੇਂ ਦਰਸ਼ਣ ਵਿਚ ਦੱਸੀਆਂ ਗਈਆਂ ਹਨ। (ਪਰ. 20:2, 10) ਆਖ਼ਰੀ ਦੋ ਦਰਸ਼ਣਾਂ ਵਿਚ ਹਜ਼ਾਰ ਸਾਲ ਦੌਰਾਨ ਵਧੀਆ ਜ਼ਿੰਦਗੀ ਦੀ ਝਲਕ ਦਿਖਾਈ ਗਈ ਹੈ। “ਪਰਕਾਸ਼” ਯਾਨੀ ਸਾਰੇ ਦਰਸ਼ਣਾਂ ਦੇ ਅਖ਼ੀਰ ਵਿਚ ਯੂਹੰਨਾ ਨੇ ‘ਅੰਮ੍ਰਿਤ ਜਲ ਦੀ ਇੱਕ ਨਦੀ ਚੌਂਕ ਦੇ ਵਿਚਕਾਰ ਵੇਖੀ’ ਅਤੇ “ਜਿਹੜਾ ਤਿਹਾਇਆ ਹੋਵੇ” ਉਸ ਨੂੰ ਇਸ ਨਦੀ ਵਿੱਚੋਂ ਅੰਮ੍ਰਿਤ ਜਲ ਪੀਣ ਦਾ ਸੱਦਾ ਦਿੱਤਾ ਗਿਆ।​—ਪਰ. 1:1; 22:1, 2, 17.

ਕੁਝ ਸਵਾਲਾਂ ਦੇ ਜਵਾਬ:

17:16; 18:9, 10—“ਧਰਤੀ ਦੇ ਰਾਜੇ” ਉਸ ਚੀਜ਼ ਉੱਤੇ ਸੋਗ ਕਿਉਂ ਕਰਦੇ ਹਨ ਜਿਸ ਨੂੰ ਉਨ੍ਹਾਂ ਨੇ ਖ਼ੁਦ ਤਬਾਹ ਕੀਤਾ? ਉਨ੍ਹਾਂ ਦੇ ਸੋਗ ਦਾ ਕਾਰਨ ਉਨ੍ਹਾਂ ਦਾ ਸੁਆਰਥ ਹੈ। ਵੱਡੀ ਬਾਬੁਲ ਦੇ ਨਾਸ਼ ਪਿੱਛੋਂ ਧਰਤੀ ਦੇ ਰਾਜਿਆਂ ਨੂੰ ਅਹਿਸਾਸ ਹੋਵੇਗਾ ਕਿ ਵੱਡੀ ਬਾਬੁਲ ਤੋਂ ਉਨ੍ਹਾਂ ਨੂੰ ਕਿੰਨਾ ਫ਼ਾਇਦਾ ਹੁੰਦਾ ਸੀ। ਉਹ ਇਨ੍ਹਾਂ ਰਾਜਿਆਂ ਦੁਆਰਾ ਧਰਮ ਦੇ ਨਾਂ ’ਤੇ ਕੀਤੇ ਜਾਂਦੇ ਗ਼ਲਤ ਕੰਮਾਂ ਅਤੇ ਜ਼ੁਲਮਾਂ ਨੂੰ ਸਹੀ ਠਹਿਰਾਉਂਦੀ ਸੀ। ਵੱਡੀ ਬਾਬੁਲ ਨੇ ਲੜਾਈਆਂ ਲੜਨ ਵਾਸਤੇ ਨੌਜਵਾਨਾਂ ਨੂੰ ਫ਼ੌਜ ਵਿਚ ਭਰਤੀ ਹੋਣ ਦੀ ਹੱਲਾਸ਼ੇਰੀ ਦਿੱਤੀ। ਇਸ ਤੋਂ ਇਲਾਵਾ, ਉਸ ਨੇ ਲੋਕਾਂ ਨੂੰ ਸਰਕਾਰਾਂ ਦੇ ਅਧੀਨ ਰੱਖਣ ਵਿਚ ਅਹਿਮ ਰੋਲ ਅਦਾ ਕੀਤਾ ਹੈ।

19:12—ਇਹ ਕਿੱਦਾਂ ਹੋ ਸਕਦਾ ਹੈ ਕਿ ਯਿਸੂ ਤੋਂ ਸਿਵਾਇ ਹੋਰ ਕੋਈ ਉਸ ਦਾ ਨਾਂ ਨਹੀਂ ਜਾਣਦਾ? ਲੱਗਦਾ ਹੈ ਕਿ ਇਹ ਨਾਂ ਉਸ ਦੇ ਅਹੁਦੇ ਅਤੇ ਸਨਮਾਨਾਂ ਨਾਲ ਸੰਬੰਧਿਤ ਹੈ ਜਿਸ ਤਰ੍ਹਾਂ ਦੇ ਅਹੁਦਿਆਂ ਬਾਰੇ ਯਸਾਯਾਹ 9:6 ਵਿਚ ਦੱਸਿਆ ਹੈ। ਯਿਸੂ ਇਨ੍ਹਾਂ ਅਹੁਦਿਆਂ ਅਤੇ ਸਨਮਾਨਾਂ ਦਾ ਆਨੰਦ ਪ੍ਰਭੂ ਦੇ ਦਿਨ ਦੌਰਾਨ ਮਾਣ ਰਿਹਾ ਹੈ। ਕੋਈ ਵੀ ਇਹ ਨਾਂ ਨਹੀਂ ਜਾਣਦਾ। ਸਿਰਫ਼ ਯਿਸੂ ਹੀ ਇਹ ਨਾਂ ਜਾਣਦਾ ਹੈ ਕਿਉਂਕਿ ਇਹ ਸਨਮਾਨ ਸਿਰਫ਼ ਉਸ ਨੂੰ ਹੀ ਮਿਲੇ ਹਨ ਅਤੇ ਇਕੱਲਾ ਉਹੀ ਸਮਝ ਸਕਦਾ ਹੈ ਕਿ ਅਜਿਹਾ ਵੱਡਾ ਅਹੁਦਾ ਰੱਖਣ ਵਿਚ ਕੀ ਕੁਝ ਸ਼ਾਮਲ ਹੈ। ਪਰ ਯਿਸੂ ਆਪਣੇ ਕੁਝ ਸਨਮਾਨ ਆਪਣੀ ਲਾੜੀ ਯਾਨੀ ਮਸਹ ਕੀਤੇ ਹੋਇਆਂ ਨਾਲ ਸਾਂਝੇ ਕਰਦਾ ਹੈ। ਇੱਦਾਂ ਕਰ ਕੇ ਅਸਲ ਵਿਚ ਉਹ ‘ਆਪਣਾ ਨਵਾਂ ਨਾਂ ਉਨ੍ਹਾਂ ਉੱਤੇ ਲਿਖਦਾ’ ਹੈ।​—ਪਰ. 3:12.

19:14—ਆਰਮਾਗੇਡਨ ਆਉਣ ’ਤੇ ਯਿਸੂ ਨਾਲ ਹੋਰ ਕਿਹੜੇ ਸਵਾਰ ਹੋਣਗੇ? ਪਰਮੇਸ਼ੁਰ ਦੇ ਯੁੱਧ ਵਿਚ ‘ਜਿਹੜੀਆਂ ਸੁਰਗੀ ਫੌਜਾਂ’ ਲੜਨਗੀਆਂ, ਉਨ੍ਹਾਂ ਵਿਚ ਦੂਤਾਂ ਦੇ ਨਾਲ-ਨਾਲ ਮਸਹ ਕੀਤੇ ਹੋਏ ਮਸੀਹੀ ਹੋਣਗੇ ਜੋ ਆਪਣਾ ਸਵਰਗੀ ਇਨਾਮ ਪਾ ਚੁੱਕੇ ਹਨ।​—ਮੱਤੀ 25:31, 32; ਪਰ. 2:26, 27.

20:11-15—“ਜੀਵਨ ਦੀ ਪੋਥੀ” ਵਿਚ ਕਿਨ੍ਹਾਂ ਦੇ ਨਾਂ ਲਿਖੇ ਹੋਏ ਹਨ? ਇਸ ਪੋਥੀ ਵਿਚ ਉਨ੍ਹਾਂ ਦੇ ਨਾਂ ਲਿਖੇ ਗਏ ਹਨ ਜਿਨ੍ਹਾਂ ਨੂੰ ਸਦਾ ਦੀ ਜ਼ਿੰਦਗੀ ਮਿਲੇਗੀ। ਉਹ ਹਨ ਮਸਹ ਕੀਤੇ ਹੋਏ ਮਸੀਹੀ, ਵੱਡੀ ਭੀੜ ਦੇ ਮੈਂਬਰ ਅਤੇ ਪਰਮੇਸ਼ੁਰ ਦੇ ਉਹ ਵਫ਼ਾਦਾਰ ਭਗਤ ਜੋ ‘ਧਰਮੀਆਂ’ ਵਜੋਂ ‘ਜੀ ਉਠਾਏ ਜਾਣਗੇ।’ (ਰਸੂ. 24:15; ਪਰ. 2:10; 7:9) ਜਿਹੜੇ ‘ਕੁਧਰਮੀਆਂ’ ਵਜੋਂ ‘ਜੀ ਉੱਠਣਗੇ,’ ਉਨ੍ਹਾਂ ਦੇ ਨਾਂ ਜੀਵਨ ਦੀ ਪੋਥੀ ਵਿਚ ਤਾਹੀਓਂ ਲਿਖੇ ਜਾਣਗੇ ਜੇ ਉਹ ਹਜ਼ਾਰ ਸਾਲ ਦੌਰਾਨ ਖੋਲ੍ਹੀਆਂ ਜਾਣ ਵਾਲੀਆਂ ‘ਪੋਥੀਆਂ ਵਿਚ ਲਿਖੀਆਂ ਹੋਈਆਂ ਗੱਲਾਂ’ ਦੇ ਅਨੁਸਾਰ ਚੱਲਣਗੇ। ਪਰ ਲੋਕਾਂ ਦੇ ਨਾਂ ਪੱਕੀ ਸਿਆਹੀ ਨਾਲ ਨਹੀਂ ਲਿਖੇ ਜਾਣਗੇ। ਮਸਹ ਕੀਤੇ ਹੋਇਆਂ ਦੇ ਨਾਂ ਤਾਂ ਹੀ ਸਦਾ ਲਈ ਲਿਖੇ ਰਹਿਣਗੇ ਜੇ ਉਹ ਮਰਦੇ ਦਮ ਤਕ ਵਫ਼ਾਦਾਰ ਰਹਿਣਗੇ। (ਪਰ. 3:5) ਧਰਤੀ ਉੱਤੇ ਸਦਾ ਦੀ ਜ਼ਿੰਦਗੀ ਪਾਉਣ ਵਾਲਿਆਂ ਦੇ ਨਾਂ ਵੀ ਤਾਹੀਓਂ ਸਦਾ ਲਈ ਲਿਖੇ ਜਾਣਗੇ ਜੇ ਉਹ ਹਜ਼ਾਰ ਸਾਲ ਦੇ ਅਖ਼ੀਰ ਤੇ ਆਖ਼ਰੀ ਪਰੀਖਿਆ ਨੂੰ ਪਾਸ ਕਰਨਗੇ।​—ਪਰ. 20:7, 8.

ਸਾਡੇ ਲਈ ਸਬਕ:

17:3, 5, 7, 16. ‘ਤੀਵੀਂ ਅਤੇ [ਕਿਰਮਚੀ ਰੰਗ ਦੇ] ਦਰਿੰਦੇ ਦਾ ਭੇਤ’ ਸਮਝਣ ਵਿਚ ‘ਉਪਰਲੀ ਬੁੱਧ’ ਸਾਡੀ ਮਦਦ ਕਰਦੀ ਹੈ। (ਯਾਕੂ. 3:17) ਉਹ ਦਰਿੰਦਾ ਪਹਿਲਾਂ ਰਾਸ਼ਟਰ-ਸੰਘ (League of Nations) ਸੀ ਅਤੇ ਬਾਅਦ ਵਿਚ ਇਹ ਸੰਯੁਕਤ ਰਾਸ਼ਟਰ-ਸੰਘ (United Nations) ਵਜੋਂ ਸਾਮ੍ਹਣੇ ਆਇਆ। ਇਸ ਭੇਤ ਨੂੰ ਸਮਝ ਕੇ ਕੀ ਸਾਨੂੰ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਅਤੇ ਯਹੋਵਾਹ ਦੇ ਨਿਆਉਂ ਦੇ ਦਿਨ ਦਾ ਐਲਾਨ ਨਹੀਂ ਕਰਨਾ ਚਾਹੀਦਾ?

21:1-6. ਅਸੀਂ ਪੂਰਾ ਯਕੀਨ ਕਰ ਸਕਦੇ ਹਾਂ ਕਿ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਸਾਨੂੰ ਜ਼ਰੂਰ ਮਿਲਣਗੀਆਂ। ਕਿਉਂ? ਕਿਉਂਕਿ ਇਨ੍ਹਾਂ ਬਰਕਤਾਂ ਬਾਰੇ ਕਿਹਾ ਗਿਆ ਹੈ: “ਹੋ ਗਿਆ ਹੈ!”

22:1, 17. ‘ਅੰਮ੍ਰਿਤ ਜਲ ਦੀ ਨਦੀ’ ਯਹੋਵਾਹ ਦੇ ਪ੍ਰਬੰਧਾਂ ਨੂੰ ਦਰਸਾਉਂਦੀ ਹੈ ਜਿਨ੍ਹਾਂ ਰਾਹੀਂ ਆਗਿਆਕਾਰ ਇਨਸਾਨਾਂ ਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਮਿਲੇਗਾ। ਇਹ ਪਾਣੀ ਹੁਣ ਵੀ ਮਿਲਦਾ ਹੈ। ਆਓ ਆਪਾਂ ਨਾ ਸਿਰਫ਼ ‘ਅੰਮ੍ਰਿਤ ਜਲ ਮੁਖਤ ਵਿਚ ਲਈਏ’ ਸਗੋਂ ਖ਼ੁਸ਼ੀ ਨਾਲ ਦੂਸਰਿਆਂ ਨੂੰ ਵੀ ਦੇਈਏ!

[ਫੁਟਨੋਟ]

^ ਪੈਰਾ 2 ਆਇਤ-ਬ-ਆਇਤ ਚਰਚਾ ਲਈ ਪਰਕਾਸ਼ ਦੀ ਪੋਥੀ​—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਦੇਖੋ।

[ਸਫ਼ਾ 5 ਉੱਤੇ ਤਸਵੀਰ]

ਪਰਮੇਸ਼ੁਰ ਦੇ ਰਾਜ ਵਿਚ ਆਗਿਆਕਾਰ ਇਨਸਾਨਾਂ ਨੂੰ ਕਿੰਨੀਆਂ ਸੋਹਣੀਆਂ ਬਰਕਤਾਂ ਮਿਲਣਗੀਆਂ!