Skip to content

Skip to table of contents

ਯਿਸੂ ਦੀਆਂ ਗੱਲਾਂ ’ਤੇ ਚੱਲ ਕੇ ਖ਼ੁਸ਼ੀ ਪਾਓ

ਯਿਸੂ ਦੀਆਂ ਗੱਲਾਂ ’ਤੇ ਚੱਲ ਕੇ ਖ਼ੁਸ਼ੀ ਪਾਓ

ਯਿਸੂ ਦੀਆਂ ਗੱਲਾਂ ’ਤੇ ਚੱਲ ਕੇ ਖ਼ੁਸ਼ੀ ਪਾਓ

‘ਯਿਸੂ ਪਹਾੜ ਉੱਤੇ ਚੜ੍ਹ ਗਿਆ ਅਰ ਉਹ ਦੇ ਚੇਲੇ ਉਹ ਦੇ ਕੋਲ ਆਏ ਅਤੇ ਉਹ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ।’—ਮੱਤੀ 5:1, 2.

1, 2. (ੳ) ਯਿਸੂ ਨੇ ਕਿਨ੍ਹਾਂ ਹਾਲਾਤਾਂ ਵਿਚ ਪਹਾੜੀ ਉਪਦੇਸ਼ ਦਿੱਤਾ? (ਅ) ਯਿਸੂ ਨੇ ਉਪਦੇਸ਼ ਦੇਣਾ ਕਿੱਦਾਂ ਸ਼ੁਰੂ ਕੀਤਾ?

ਸਾਲ 31 ਈਸਵੀ ਹੈ ਅਤੇ ਯਿਸੂ ਗਲੀਲ ਵਿਚ ਥੋੜ੍ਹੀ ਦੇਰ ਵਾਸਤੇ ਪ੍ਰਚਾਰ ਕਰਨਾ ਬੰਦ ਕਰ ਦਿੰਦਾ ਹੈ ਤਾਂਕਿ ਉਹ ਯਰੂਸ਼ਲਮ ਆ ਕੇ ਪਸਾਹ ਮਨਾ ਸਕੇ। (ਯੂਹੰ. 5:1) ਗਲੀਲ ਵਾਪਸ ਆ ਕੇ ਉਸ ਨੇ ਸਾਰੀ ਰਾਤ ਪ੍ਰਾਰਥਨਾ ਕਰਦਿਆਂ ਗੁਜ਼ਾਰੀ ਤਾਂਕਿ ਉਹ ਪਰਮੇਸ਼ੁਰ ਦੀ ਸੇਧ ਨਾਲ ਬਾਰਾਂ ਰਸੂਲਾਂ ਨੂੰ ਚੁਣ ਸਕੇ। ਅਗਲੇ ਦਿਨ ਜਦੋਂ ਉਹ ਬੀਮਾਰਾਂ ਨੂੰ ਰਾਜ਼ੀ ਕਰ ਰਿਹਾ ਸੀ, ਤਾਂ ਲੋਕਾਂ ਦੀ ਭੀੜ ਉਸ ਕੋਲ ਜਮ੍ਹਾ ਹੋ ਗਈ। ਉਸ ਦੇ ਚੇਲੇ ਅਤੇ ਹੋਰ ਲੋਕ ਉਸ ਦੇ ਨਾਲ ਸਨ ਜਦੋਂ ਉਹ ਪਹਾੜ ’ਤੇ ਬੈਠ ਕੇ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ।—ਮੱਤੀ 4:23–5:2; ਲੂਕਾ 6:12-19.

2 ਪਹਾੜੀ ਉਪਦੇਸ਼ ਦੇਣ ਲੱਗਿਆਂ ਯਿਸੂ ਨੇ ਉਸ ਖ਼ੁਸ਼ੀ ਬਾਰੇ ਦੱਸਿਆ ਜੋ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਕਾਇਮ ਕਰਨ ਨਾਲ ਮਿਲਦੀ ਹੈ। (ਮੱਤੀ 5:1-12 ਪੜ੍ਹੋ।) ਇਨਸਾਨ ਨੂੰ ਉਦੋਂ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਕਿਸੇ ਗੱਲੋਂ ਸੰਤੁਸ਼ਟ ਹੁੰਦਾ ਹੈ ਜਾਂ ਫਿਰ ਕਿਸੇ ਗੱਲ ਕਾਰਨ ਉਹ ਖ਼ੁਸ਼ੀ ਨਾਲ ਫੁੱਲਿਆ ਨਹੀਂ ਸਮਾਉਂਦਾ। ਯਿਸੂ ਨੇ ਨੌਂ ਵਾਰੀ ਖ਼ੁਸ਼ੀ ਦਾ ਜ਼ਿਕਰ ਕਰ ਕੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਸੀਹੀ ਕਿਉਂ ਧੰਨ ਹਨ। ਯਿਸੂ ਦੀਆਂ ਗੱਲਾਂ ਅੱਜ ਵੀ ਸਾਡੇ ਲਈ ਉੱਨੀਆਂ ਹੀ ਫ਼ਾਇਦੇਮੰਦ ਹਨ ਜਿੰਨੀਆਂ ਤਕਰੀਬਨ ਦੋ ਹਜ਼ਾਰ ਸਾਲ ਪਹਿਲਾਂ ਸਨ। ਆਓ ਆਪਾਂ ਇਕ-ਇਕ ਕਰ ਕੇ ਇਨ੍ਹਾਂ ਗੱਲਾਂ ’ਤੇ ਗੌਰ ਕਰੀਏ।

“ਜਿਹੜੇ ਆਪਣੀ ਆਤਮਕ ਲੋੜ ਨੂੰ ਜਾਣਦੇ ਹਨ”

3. “ਆਤਮਕ ਲੋੜ ਨੂੰ” ਜਾਣਨ ਦਾ ਕੀ ਮਤਲਬ ਹੈ?

3“ਧੰਨ ਉਹ ਲੋਕ ਹਨ, ਜਿਹੜੇ ਆਪਣੀ ਆਤਮਕ ਲੋੜ ਨੂੰ ਜਾਣਦੇ ਹਨ; ਉਹ ਸਵਰਗ ਦੇ ਰਾਜ ਦੇ ਭਾਗੀ ਹੋਣਗੇ।” (ਮੱਤੀ 5:3, CL) ਇਨ੍ਹਾਂ ਲੋਕਾਂ ਨੇ ਪਛਾਣਿਆ ਹੈ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਸੇਧ ਅਤੇ ਉਸ ਦੀ ਦਇਆ ਦੀ ਲੋੜ ਹੈ।

4, 5. (ੳ) ਪਰਮੇਸ਼ੁਰ ਦੀ ਸੇਧ ਅਤੇ ਦਇਆ ਭਾਲਣ ਵਾਲੇ ਲੋਕ ਧੰਨ ਕਿਉਂ ਹਨ? (ਅ) ਅਸੀਂ ਇਹ ਲੋੜ ਕਿਵੇਂ ਪੂਰੀ ਕਰ ਸਕਦੇ ਹਾਂ?

4 ਪਰਮੇਸ਼ੁਰ ਤੋਂ ਸੇਧ ਅਤੇ ਦਇਆ ਪਾਉਣ ਦੀ ਖ਼ਾਹਸ਼ ਰੱਖਣ ਵਾਲੇ ਲੋਕਾਂ ਨੂੰ ਧੰਨ ਕਿਹਾ ਗਿਆ ਹੈ ਕਿਉਂਕਿ “ਉਹ ਸਵਰਗ ਦੇ ਰਾਜ ਦੇ ਭਾਗੀ ਹੋਣਗੇ।” ਪਹਿਲੀ ਸਦੀ ਦੇ ਚੇਲਿਆਂ ਨੇ ਯਿਸੂ ਨੂੰ ਮਸੀਹਾ ਵਜੋਂ ਕਬੂਲ ਕੀਤਾ ਜਿਸ ਕਰਕੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਸਵਰਗੀ ਰਾਜ ਵਿਚ ਯਿਸੂ ਨਾਲ ਰਾਜ ਕਰਨ ਦਾ ਮੌਕਾ ਮਿਲਿਆ। (ਲੂਕਾ 22:28-30) ਸੋ ਚਾਹੇ ਅਸੀਂ ਸਵਰਗ ਵਿਚ ਮਸੀਹ ਨਾਲ ਰਾਜ ਕਰਨ ਦੀ ਉਮੀਦ ਰੱਖਦੇ ਹਾਂ ਜਾਂ ਧਰਤੀ ’ਤੇ ਸਦਾ ਦੀ ਜ਼ਿੰਦਗੀ ਜੀਉਣ ਦੀ, ਪਰ ਖ਼ੁਸ਼ੀ ਸਾਨੂੰ ਤਾਂ ਹੀ ਮਿਲੇਗੀ ਜੇ ਅਸੀਂ ਪਰਮੇਸ਼ੁਰ ਦੀ ਸੇਧ ਭਾਲਦੇ ਰਹਾਂਗੇ।

5 ਪਰ ਸਾਰੇ ਲੋਕ ਨਹੀਂ ਪਛਾਣਦੇ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਸੇਧ ਤੇ ਦਇਆ ਦੀ ਲੋੜ ਹੈ ਜਿਸ ਕਰਕੇ ਉਹ ਨਿਹਚਾ ਨਹੀਂ ਰੱਖਦੇ ਅਤੇ ਪਵਿੱਤਰ ਗੱਲਾਂ ਦੀ ਕਦਰ ਨਹੀਂ ਕਰਦੇ। (2 ਥੱਸ. 3:1, 2; ਇਬ. 12:16) ਇਹ ਲੋੜ ਪੂਰੀ ਕਰਨ ਲਈ ਬਾਈਬਲ ਦਾ ਲਗਨ ਨਾਲ ਅਧਿਐਨ ਕਰਨਾ, ਜੋਸ਼ ਨਾਲ ਪ੍ਰਚਾਰ ਕਰਨਾ ਤੇ ਮੀਟਿੰਗਾਂ ਵਿਚ ਬਾਕਾਇਦਾ ਜਾਣਾ ਜ਼ਰੂਰੀ ਹੈ।—ਮੱਤੀ 28:19, 20; ਇਬ. 10:23-25.

ਸੋਗ ਕਰਨ ਵਾਲੇ “ਧੰਨ” ਹਨ

6. ਉਹ ਕੌਣ ਹਨ “ਜਿਹੜੇ ਸੋਗ ਕਰਦੇ ਹਨ” ਅਤੇ ਉਨ੍ਹਾਂ ਨੂੰ “ਧੰਨ” ਕਿਉਂ ਕਿਹਾ ਗਿਆ ਹੈ?

6“ਧੰਨ ਓਹ ਜਿਹੜੇ ਸੋਗ ਕਰਦੇ ਹਨ ਕਿਉਂ ਜੋ ਓਹ ਸ਼ਾਂਤ ਕੀਤੇ ਜਾਣਗੇ।” (ਮੱਤੀ 5:4) “ਜਿਹੜੇ ਸੋਗ ਕਰਦੇ ਹਨ,” ਉਹ ਉਨ੍ਹਾਂ ਲੋਕਾਂ ਵਰਗੇ ਹਨ “ਜਿਹੜੇ ਆਪਣੀ ਆਤਮਕ ਲੋੜ ਨੂੰ ਜਾਣਦੇ ਹਨ।” ਉਹ ਇਸ ਗੱਲੋਂ ਸੋਗ ਨਹੀਂ ਕਰਦੇ ਕਿ ਉਹ ਆਪਣੀ ਜ਼ਿੰਦਗੀ ਤੋਂ ਖ਼ੁਸ਼ ਨਹੀਂ ਹਨ। ਉਨ੍ਹਾਂ ਨੂੰ ਸੋਗ ਇਸ ਗੱਲ ਦਾ ਹੈ ਕਿ ਉਹ ਪਾਪੀ ਹਨ ਅਤੇ ਦੁਨੀਆਂ ਦੇ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਤਾਂ ਫਿਰ ਉਨ੍ਹਾਂ ਨੂੰ “ਧੰਨ” ਕਿਉਂ ਕਿਹਾ ਗਿਆ ਹੈ? ਕਿਉਂਕਿ ਉਹ ਪਰਮੇਸ਼ੁਰ ਤੇ ਮਸੀਹ ਵਿਚ ਨਿਹਚਾ ਕਰਦੇ ਹਨ ਅਤੇ ਯਹੋਵਾਹ ਨਾਲ ਚੰਗਾ ਰਿਸ਼ਤਾ ਰੱਖਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਸ਼ਾਂਤੀ ਯਾਨੀ ਦਿਲਾਸਾ ਮਿਲਿਆ ਹੈ।—ਯੂਹੰ. 3:36.

7. ਸਾਨੂੰ ਸ਼ਤਾਨ ਦੀ ਦੁਨੀਆਂ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?

7 ਸਾਨੂੰ ਆਪਣੇ ਤੋਂ ਪੁੱਛਣਾ ਚਾਹੀਦਾ ਹੈ ਕਿ ਕੀ ਮੈਂ ਸ਼ਤਾਨ ਦੀ ਦੁਨੀਆਂ ਵਿਚ ਫੈਲੇ ਕੁਧਰਮ ਦੇ ਕਾਰਨ ਸੋਗ ਕਰਦਾ ਯਾਨੀ ਦੁਖੀ ਹੁੰਦਾ ਹਾਂ? ਮੈਂ ਉਨ੍ਹਾਂ ਚੀਜ਼ਾਂ ਜਾਂ ਮੌਕਿਆਂ ਬਾਰੇ ਕਿਵੇਂ ਮਹਿਸੂਸ ਕਰਦਾ ਹਾਂ ਜੋ ਦੁਨੀਆਂ ਮੈਨੂੰ ਦੇ ਸਕਦੀ ਹੈ? ਯੂਹੰਨਾ ਰਸੂਲ ਨੇ ਲਿਖਿਆ: “ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ।” (1 ਯੂਹੰ. 2:16) ਪਰ ਉਦੋਂ ਅਸੀਂ ਕੀ ਕਰ ਸਕਦੇ ਹਾਂ ਜਦੋਂ ਸਾਨੂੰ ਲੱਗਦਾ ਹੈ ਕਿ ਰੱਬ ਤੋਂ ਦੂਰ ਹੋ ਚੁੱਕੀ ਦੁਨੀਆਂ ਦੀ ਹਵਾ ਦਾ ਅਸਰ ਸਾਡੀ ਭਗਤੀ ਤੇ ਪੈ ਰਿਹਾ ਹੈ? ਜੇ ਇੱਦਾਂ ਹੋ ਰਿਹਾ ਹੈ, ਤਾਂ ਸਾਨੂੰ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ, ਉਸ ਦਾ ਬਚਨ ਪੜ੍ਹਨਾ ਚਾਹੀਦਾ ਹੈ ਅਤੇ ਬਜ਼ੁਰਗਾਂ ਦੀ ਮਦਦ ਲੈਣੀ ਚਾਹੀਦੀ ਹੈ। ਯਹੋਵਾਹ ਦੇ ਕਰੀਬ ਹੁੰਦੇ ਜਾਣ ਨਾਲ ਸਾਨੂੰ “ਦਿਲਾਸਾ” ਮਿਲੇਗਾ ਭਾਵੇਂ ਜਿਹੜੀ ਮਰਜ਼ੀ ਗੱਲ ਕਰਕੇ ਅਸੀਂ ਦੁਖੀ ਹੋਈਏ।—1 ਕੁਰਿੰ. 2:12; ਜ਼ਬੂ. 119:52; ਯਾਕੂ. 5:14, 15.

“ਹਲੀਮ” ਕਿੰਨੇ ਖ਼ੁਸ਼ ਹਨ!

8, 9. ਹਲੀਮ ਹੋਣ ਦਾ ਕੀ ਮਤਲਬ ਹੈ ਅਤੇ ਹਲੀਮ ਲੋਕ ਧੰਨ ਕਿਉਂ ਹਨ?

8“ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓਹ ਧਰਤੀ ਦੇ ਵਾਰਸ ਹੋਣਗੇ।” (ਮੱਤੀ 5:5) ‘ਹਲੀਮੀ’ ਜਾਂ “ਨਰਮਾਈ” ਕੋਈ ਕਮਜ਼ੋਰੀ ਨਹੀਂ ਹੈ ਤੇ ਨਾ ਹੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਉੱਪਰੋਂ-ਉੱਪਰੋਂ ਨਰਮ ਸੁਭਾਅ ਦੇ ਹੋਈਏ। (1 ਤਿਮੋ. 6:11) ਜੇ ਅਸੀਂ ਹਲੀਮ ਹਾਂ, ਤਾਂ ਅਸੀਂ ਨਿਮਰਤਾ ਨਾਲ ਯਹੋਵਾਹ ਦੀ ਇੱਛਾ ਪੂਰੀ ਕਰਾਂਗੇ ਤੇ ਉਸ ਦੀ ਸੇਧ ਵਿਚ ਚੱਲਾਂਗੇ। ਨਾਲੇ ਜਿਸ ਤਰੀਕੇ ਨਾਲ ਅਸੀਂ ਆਪਣੇ ਭੈਣਾਂ-ਭਰਾਵਾਂ ਜਾਂ ਹੋਰਨਾਂ ਲੋਕਾਂ ਨਾਲ ਪੇਸ਼ ਆਉਂਦੇ ਹਾਂ, ਉਸ ਤੋਂ ਵੀ ਪਤਾ ਲੱਗੇਗਾ ਕਿ ਅਸੀਂ ਹਲੀਮ ਹਾਂ ਜਾਂ ਨਹੀਂ। ਅਜਿਹੀ ਹਲੀਮੀ ਦਾ ਪੌਲੁਸ ਰਸੂਲ ਦੀ ਸਲਾਹ ਤੋਂ ਵੀ ਪਤਾ ਲੱਗਦਾ ਹੈ।—ਰੋਮੀਆਂ 12:17-19 ਪੜ੍ਹੋ।

9 “ਹਲੀਮ” ਲੋਕ ਧੰਨ ਕਿਉਂ ਹਨ? ਕਿਉਂਕਿ ਨਰਮ ਸੁਭਾਅ ਦੇ ਮਾਲਕ ਯਿਸੂ ਨੇ ਕਿਹਾ: “ਓਹ ਧਰਤੀ ਦੇ ਵਾਰਸ ਹੋਣਗੇ।” ਯਿਸੂ ਧਰਤੀ ਦਾ ਪਹਿਲਾ ਵਾਰਸ ਹੈ। (ਜ਼ਬੂ. 2:8; ਮੱਤੀ 11:29; ਇਬ. 2:8, 9) “ਮਸੀਹ ਦੇ ਨਾਲ ਸਾਂਝੇ ਅਧਕਾਰੀ” ਵੀ ਧਰਤੀ ਦੇ ਵਾਰਸ ਹੋਣਗੇ। ਇਹ ਅਧਿਕਾਰੀ ਵੀ ਨਰਮ ਸੁਭਾਅ ਦੇ ਹਨ। (ਰੋਮੀ. 8:16, 17) ਯਿਸੂ ਦੇ ਰਾਜ ਅਧੀਨ ਬਹੁਤ ਸਾਰੇ ਹੋਰ ਨਿਮਰ ਲੋਕ ਵੀ ਧਰਤੀ ’ਤੇ ਸਦਾ ਦੀ ਜ਼ਿੰਦਗੀ ਦਾ ਮਜ਼ਾ ਲੈਣਗੇ।—ਜ਼ਬੂ. 37:10, 11.

10. ਨਿਮਰ ਨਾ ਹੋਣ ਕਰਕੇ ਕਲੀਸਿਯਾ ਵਿਚ ਸਾਡੀਆਂ ਜ਼ਿੰਮੇਵਾਰੀਆਂ ਅਤੇ ਹੋਰਨਾਂ ਨਾਲ ਸਾਡੇ ਰਿਸ਼ਤੇ ’ਤੇ ਕੀ ਅਸਰ ਪੈ ਸਕਦਾ ਹੈ?

10 ਯਿਸੂ ਦੀ ਤਰ੍ਹਾਂ ਸਾਨੂੰ ਵੀ ਨਿਮਰ ਬਣਨਾ ਚਾਹੀਦਾ ਹੈ। ਪਰ ਉਦੋਂ ਕੀ ਜੇ ਅਸੀਂ ਝਗੜਾ ਕਰਨ ਵਾਲਿਆਂ ਵਜੋਂ ਜਾਣੇ ਜਾਂਦੇ ਹਾਂ? ਸਾਡੇ ਇਸ ਤਰ੍ਹਾਂ ਦੇ ਝਗੜਾਲੂ ਰਵੱਈਏ ਕਰਕੇ ਦੂਸਰੇ ਸਾਡੇ ਤੋਂ ਦੂਰ-ਦੂਰ ਰਹਿਣਗੇ। ਭਰਾ ਹੋਣ ਦੇ ਨਾਤੇ ਜੇ ਅਸੀਂ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਚਾਹੁੰਦੇ ਹਾਂ, ਤਾਂ ਅਜਿਹੇ ਰਵੱਈਏ ਕਰਕੇ ਸਾਨੂੰ ਜ਼ਿੰਮੇਵਾਰੀਆਂ ਨਹੀਂ ਮਿਲਣਗੀਆਂ। (1 ਤਿਮੋ. 3:1, 3) ਪੌਲੁਸ ਨੇ ਤੀਤੁਸ ਨੂੰ ਕਿਹਾ ਕਿ ਉਹ ਕ੍ਰੀਟ ਵਿਚ ਰਹਿੰਦੇ ਭੈਣਾਂ-ਭਰਾਵਾਂ ਨੂੰ ਚੇਤੇ ਕਰਾਵੇ ਕਿ ਉਹ “ਝਗੜਾਲੂ ਨਹੀਂ ਸਗੋਂ ਸੀਲ ਸੁਭਾਉ ਹੋਣ ਅਤੇ ਸੱਭੇ ਮਨੁੱਖਾਂ ਨਾਲ ਪੂਰੀ ਨਰਮਾਈ ਰੱਖਣ।” (ਤੀਤੁ. 3:1, 2) ਅਜਿਹੀ ਨਰਮਾਈ ਕਰਕੇ ਦੂਸਰਿਆਂ ਨੂੰ ਖ਼ੁਸ਼ੀ ਮਿਲੇਗੀ!

“ਧਰਮ” ਦੇ ਭੁੱਖੇ

11-13. (ੳ) ਧਰਮ ਲਈ ਭੁੱਖੇ ਤੇ ਤਿਹਾਏ ਹੋਣ ਦਾ ਕੀ ਮਤਲਬ ਹੈ? (ਅ) ਧਰਮ ਦੇ ਭੁੱਖੇ ਤੇ ਤਿਹਾਏ ਲੋਕ ਕਿਵੇਂ “ਰਜਾਏ” ਜਾਣਗੇ?

11“ਧੰਨ ਓਹ ਜਿਹੜੇ ਧਰਮ ਦੇ ਭੁੱਖੇ ਤੇ ਤਿਹਾਏ ਹਨ ਕਿਉਂ ਜੋ ਓਹ ਰਜਾਏ ਜਾਣਗੇ।” (ਮੱਤੀ 5:6) ਜਿਸ “ਧਰਮ” ਦੀ ਯਿਸੂ ਗੱਲ ਕਰ ਰਿਹਾ ਸੀ, ਉਸ ਦਾ ਮਤਲਬ ਹੈ ਯਹੋਵਾਹ ਦੀ ਇੱਛਾ ਅਤੇ ਹੁਕਮਾਂ ਅਨੁਸਾਰ ਚੱਲ ਕੇ ਸਹੀ ਕੰਮ ਕਰਨੇ। ਜ਼ਬੂਰ ਨੇ ਕਿਹਾ ਕਿ ਉਸ ਦੀ ਜਾਨ ਪਰਮੇਸ਼ੁਰ ਦੇ ਧਰਮੀ ਨਿਆਵਾਂ ਦੀ ਤਾਂਘ ਵਿੱਚ “ਟੁੱਟਦੀ” ਸੀ। (ਜ਼ਬੂ. 119:20) ਜ਼ਬੂਰ ਵਾਂਗ ਕੀ ਅਸੀਂ ਵੀ ਪਰਮੇਸ਼ੁਰ ਦੇ ਧਰਮੀ ਨਿਆਵਾਂ ਨੂੰ ਇੰਨਾ ਅਨਮੋਲ ਸਮਝਦੇ ਹਾਂ ਜਿਵੇਂ ਕਿ ਅਸੀਂ ਉਨ੍ਹਾਂ ਲਈ ਭੁੱਖੇ ਅਤੇ ਤਿਹਾਏ ਹੋਈਏ?

12 ਯਿਸੂ ਨੇ ਕਿਹਾ ਸੀ ਕਿ ਧਰਮ ਦੇ ਭੁੱਖੇ ਤੇ ਤਿਹਾਏ ਲੋਕ ਖ਼ੁਸ਼ ਹੋਣਗੇ ਕਿਉਂਕਿ ਉਹ “ਰਜਾਏ” ਜਾਣਗੇ ਯਾਨੀ ਪੂਰੀ ਤਰ੍ਹਾਂ ਸੰਤੁਸ਼ਟ ਕੀਤੇ ਜਾਣਗੇ। ਇਸ ਤਰ੍ਹਾਂ ਪੰਤੇਕੁਸਤ 33 ਈਸਵੀ ਤੋਂ ਬਾਅਦ ਹੋਇਆ ਕਿਉਂਕਿ ਉਦੋਂ ਯਹੋਵਾਹ ਦੀ ਪਵਿੱਤਰ ਸ਼ਕਤੀ ਨੇ ‘ਜਗਤ ਨੂੰ ਧਰਮ ਦੇ ਵਿਖੇ ਕਾਇਲ ਕਰਨਾ’ ਸ਼ੁਰੂ ਕੀਤਾ ਯਾਨੀ ਲੋਕਾਂ ਨੂੰ ਧਰਮ ਦੇ ਰਾਹ ’ਤੇ ਚੱਲਣਾ ਸਿਖਾਇਆ। (ਯੂਹੰ. 16:8) ਪਵਿੱਤਰ ਸ਼ਕਤੀ ਦੇ ਜ਼ਰੀਏ ਪਰਮੇਸ਼ੁਰ ਨੇ ਮਨੁੱਖਾਂ ਤੋਂ ਬਾਈਬਲ ਦਾ ਯੂਨਾਨੀ ਹਿੱਸਾ ਲਿਖਵਾਇਆ ਜੋ “ਧਰਮ ਦੇ ਗਿਝਾਉਣ ਲਈ” ਬਹੁਤ ਫ਼ਾਇਦੇਮੰਦ ਹੈ। (2 ਤਿਮੋ. 3:16) ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ‘ਨਵੀਂ ਇਨਸਾਨੀਅਤ ਨੂੰ ਪਹਿਨਦੇ ਹਾਂ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।’ (ਅਫ਼. 4:24) ਕੀ ਇਹ ਜਾਣ ਕੇ ਸਾਨੂੰ ਦਿਲਾਸਾ ਨਹੀਂ ਮਿਲਦਾ ਕਿ ਜਿਹੜੇ ਲੋਕ ਆਪਣੇ ਪਾਪਾਂ ਤੋਂ ਦਿਲੋਂ ਤੋਬਾ ਕਰਦੇ ਹਨ ਅਤੇ ਯਿਸੂ ਦੀ ਕੁਰਬਾਨੀ ਦੇ ਆਧਾਰ ਤੇ ਮਾਫ਼ੀ ਮੰਗਦੇ ਹਨ, ਉਹ ਪਰਮੇਸ਼ੁਰ ਅੱਗੇ ਧਰਮੀ ਠਹਿਰ ਸਕਦੇ ਹਨ?—ਰੋਮੀਆਂ 3:23, 24 ਪੜ੍ਹੋ।

13 ਪਰਮੇਸ਼ੁਰ ਦੇ ਧਰਮ ਲਈ ਸਾਡੀ ਭੁੱਖ ਅਤੇ ਤਿਹਾ ਪੂਰੀ ਤਰ੍ਹਾਂ ਮਿਟਾਈ ਜਾਵੇਗੀ ਜਦੋਂ ਨਵੀਂ ਦੁਨੀਆਂ ਵਿਚ ਅਸੀਂ ਸਦਾ ਦੀ ਜ਼ਿੰਦਗੀ ਦਾ ਮਜ਼ਾ ਲਵਾਂਗੇ। ਉਦੋਂ ਤਕ ਆਓ ਅਸੀਂ ਯਹੋਵਾਹ ਦੇ ਅਸੂਲਾਂ ’ਤੇ ਚੱਲਣ ਦਾ ਪੱਕਾ ਇਰਾਦਾ ਕਰੀਏ। ਯਿਸੂ ਨੇ ਕਿਹਾ: “ਤੁਸੀਂ ਪਹਿਲਾਂ [ਪਰਮੇਸ਼ੁਰ] ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ।” (ਮੱਤੀ 6:33) ਇਸ ਤਰ੍ਹਾਂ ਕਰਕੇ ਅਸੀਂ ਯਹੋਵਾਹ ਦੇ ਕੰਮਾਂ ਵਿਚ ਰੁੱਝੇ ਰਹਾਂਗੇ ਅਤੇ ਸਾਨੂੰ ਦਿਲੀ ਖ਼ੁਸ਼ੀ ਮਿਲੇਗੀ।—1 ਕੁਰਿੰ. 15:58.

“ਦਯਾਵਾਨ” ਲੋਕ ਖ਼ੁਸ਼ ਹਨ

14, 15. ਅਸੀਂ ਦਇਆ ਕਿਵੇਂ ਕਰ ਸਕਦੇ ਹਾਂ ਅਤੇ “ਦਯਾਵਾਨ” ਕਿਉਂ ਖ਼ੁਸ਼ ਹਨ?

14“ਧੰਨ ਓਹ ਜਿਹੜੇ ਦਯਾਵਾਨ ਹਨ ਕਿਉਂ ਜੋ ਉਨ੍ਹਾਂ ਉੱਤੇ ਦਯਾ ਕੀਤੀ ਜਾਵੇਗੀ।” (ਮੱਤੀ 5:7) “ਦਯਾਵਾਨ” ਲੋਕ ਦੂਸਰਿਆਂ ਨਾਲ ਹਮਦਰਦੀ ਕਰਦੇ ਹਨ ਅਤੇ ਉਨ੍ਹਾਂ ਉੱਤੇ ਤਰਸ ਖਾਂਦੇ ਹਨ। ਯਿਸੂ ਨੇ ਤਰਸ ਖਾ ਕੇ ਬਹੁਤਿਆਂ ਲੋਕਾਂ ਦੇ ਦੁੱਖ ਦੂਰ ਕੀਤੇ। (ਮੱਤੀ 14:14) ਜਦੋਂ ਅਸੀਂ ਉਨ੍ਹਾਂ ਲੋਕਾਂ ਨੂੰ ਮਾਫ਼ ਕਰਦੇ ਹਾਂ ਜੋ ਸਾਡੇ ਨਾਲ ਮਾੜਾ ਸਲੂਕ ਕਰਦੇ ਹਨ, ਤਾਂ ਅਸੀਂ ਯਹੋਵਾਹ ਦੀ ਨਕਲ ਕਰਦੇ ਹਾਂ ਜੋ ਤੋਬਾ ਕਰਨ ਵਾਲਿਆਂ ਉੱਤੇ ਤਰਸ ਖਾ ਕੇ ਉਨ੍ਹਾਂ ਨੂੰ ਮਾਫ਼ ਕਰਦਾ ਹੈ। (ਕੂਚ 34:6, 7; ਜ਼ਬੂ. 103:10) ਇਸ ਤੋਂ ਇਲਾਵਾ, ਅਸੀਂ ਆਪਣੇ ਕੰਮਾਂ ਅਤੇ ਪਿਆਰ-ਭਰੇ ਲਫ਼ਜ਼ਾਂ ਰਾਹੀਂ ਦੁਖੀਆਂ ਨੂੰ ਦਿਲਾਸਾ ਦੇ ਸਕਦੇ ਹਾਂ ਤੇ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਦਇਆ ਕਰਨ ਦਾ ਵਧੀਆ ਤਰੀਕਾ ਹੈ ਹੋਰਨਾਂ ਨਾਲ ਬਾਈਬਲ ਦੀਆਂ ਸੱਚਾਈਆਂ ਸਾਂਝੀਆਂ ਕਰਨੀਆਂ। ਹਾਂ, ਯਿਸੂ ਨੇ ਭੀੜ ’ਤੇ ਤਰਸ ਖਾ ਕੇ ‘ਉਨ੍ਹਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦਿੱਤਾ।’—ਮਰ. 6:34.

15 ਸਾਡੇ ਕੋਲ ਯਿਸੂ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹੋਣ ਦਾ ਕਾਰਨ ਹੈ: “ਧੰਨ ਓਹ ਜਿਹੜੇ ਦਯਾਵਾਨ ਹਨ ਕਿਉਂ ਜੋ ਉਨ੍ਹਾਂ ਉੱਤੇ ਦਯਾ ਕੀਤੀ ਜਾਵੇਗੀ।” ਜੇ ਅਸੀਂ ਦੂਸਰਿਆਂ ਨਾਲ ਦਇਆ ਨਾਲ ਪੇਸ਼ ਆਉਂਦੇ ਹਾਂ, ਤਾਂ ਉਹ ਵੀ ਸਾਡੇ ਨਾਲ ਇੰਜ ਹੀ ਪੇਸ਼ ਆਉਣਗੇ। ਜੇ ਅਸੀਂ ਦੂਸਰਿਆਂ ’ਤੇ ਦਇਆ ਕਰਦੇ ਹਾਂ, ਤਾਂ ਯਹੋਵਾਹ ਵੀ ਭਵਿੱਖ ਵਿਚ ਸਾਡਾ ਨਿਆਂ ਕਰਨ ਲੱਗਿਆਂ ਸਾਡੇ ਉੱਤੇ ਦਇਆ ਕਰੇਗਾ। (ਯਾਕੂ. 2:13) ਪਾਪਾਂ ਦੀ ਮਾਫ਼ੀ ਤੇ ਸਦਾ ਦੀ ਜ਼ਿੰਦਗੀ ਸਿਰਫ਼ ਦਇਆ ਕਰਨ ਵਾਲਿਆਂ ਨੂੰ ਹੀ ਮਿਲੇਗੀ।—ਮੱਤੀ 6:15.

“ਸ਼ੁੱਧਮਨ” ਵਾਲੇ ਖ਼ੁਸ਼ ਹਨ

16. “ਸ਼ੁੱਧਮਨ” ਹੋਣ ਦਾ ਕੀ ਮਤਲਬ ਹੈ ਅਤੇ ਅਜਿਹੇ ਲੋਕ ਕਿਵੇਂ “ਪਰਮੇਸ਼ੁਰ ਨੂੰ ਵੇਖਣਗੇ”?

16“ਧੰਨ ਓਹ ਜਿਹੜੇ ਸ਼ੁੱਧਮਨ ਹਨ ਕਿਉਂ ਜੋ ਓਹ ਪਰਮੇਸ਼ੁਰ ਨੂੰ ਵੇਖਣਗੇ।” (ਮੱਤੀ 5:8) ਜੇ ਅਸੀਂ “ਸ਼ੁੱਧਮਨ” ਵਾਲੇ ਹਾਂ, ਤਾਂ ਇਹ ਗੱਲ ਸਾਡੀਆਂ ਖ਼ਾਹਸ਼ਾਂ, ਮਨੋਰਥਾਂ ਅਤੇ ਉਨ੍ਹਾਂ ਚੀਜ਼ਾਂ ਵਿਚ ਨਜ਼ਰ ਆਵੇਗੀ ਜੋ ਸਾਨੂੰ ਪਿਆਰੀਆਂ ਹਨ। ਨਾਲੇ ਅਸੀਂ ਦੂਸਰਿਆਂ ਨੂੰ ਵੀ ‘ਸ਼ੁੱਧ ਮਨ ਨਾਲ ਪ੍ਰੇਮ’ ਕਰਾਂਗੇ। (1 ਤਿਮੋ. 1:5) ਜੇ ਸਾਡਾ ਦਿਲ ਸਾਫ਼ ਹੈ, ਤਾਂ ਅਸੀਂ ‘ਪਰਮੇਸ਼ੁਰ ਨੂੰ ਵੇਖਾਂਗੇ।’ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਸੱਚ-ਮੁੱਚ ਯਹੋਵਾਹ ਨੂੰ ਵੇਖਾਂਗੇ “ਕਿਉਂ ਜੋ ਕੋਈ ਆਦਮੀ [ਪਰਮੇਸ਼ੁਰ ਨੂੰ] ਵੇਖ ਕੇ ਜੀ ਨਹੀਂ ਸੱਕਦਾ।” (ਕੂਚ 33:20) ਯਿਸੂ ਨੇ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਗੁਣ ਜ਼ਾਹਰ ਕੀਤੇ ਜਿਸ ਕਰਕੇ ਉਹ ਕਹਿ ਸਕਿਆ: “ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ।” (ਯੂਹੰ. 14:7-9) ਯਹੋਵਾਹ ਦੇ ਭਗਤ ਹੋਣ ਦੇ ਨਾਤੇ, ਅਸੀਂ ਵੀ ਧਰਤੀ ’ਤੇ ਰਹਿੰਦਿਆਂ ਮਾਨੋ ‘ਪਰਮੇਸ਼ੁਰ ਨੂੰ ਵੇਖ’ ਸਕਦੇ ਹਾਂ ਜਦੋਂ ਅਸੀਂ ਉਸ ਨੂੰ ਸਾਡੇ ਲਈ ਕੁਝ ਕਰਦਿਆਂ ਦੇਖਦੇ ਹਾਂ। (ਅੱਯੂ. 42:5) ਮਸਹ ਕੀਤੇ ਹੋਏ ਮਸੀਹੀ ਸੱਚ-ਮੁੱਚ ਪਰਮੇਸ਼ੁਰ ਨੂੰ ਵੇਖਣਗੇ ਜਦੋਂ ਉਨ੍ਹਾਂ ਨੂੰ ਸਵਰਗੀ ਜ਼ਿੰਦਗੀ ਦਿੱਤੀ ਜਾਵੇਗੀ।—1 ਯੂਹੰ. 3:2.

17. ਸ਼ੁੱਧਮਨ ਰੱਖਣ ਦਾ ਸਾਡੇ ’ਤੇ ਕੀ ਅਸਰ ਪਵੇਗਾ?

17 ਸ਼ੁੱਧਮਨ ਇਨਸਾਨ ਦਾ ਚਾਲ-ਚੱਲਣ ਸ਼ੁੱਧ ਹੁੰਦਾ ਹੈ ਅਤੇ ਉਹ ਗ਼ਲਤ ਸਿੱਖਿਆਵਾਂ ਤੋਂ ਬੇਦਾਗ਼ ਰਹਿੰਦਾ ਹੈ। ਉਹ ਉਨ੍ਹਾਂ ਗੱਲਾਂ ’ਤੇ ਧਿਆਨ ਨਹੀਂ ਲਾਉਂਦਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਅਸ਼ੁੱਧ ਹਨ। (1 ਇਤ. 28:9; ਯਸਾ. 52:11) ਜੇ ਅਸੀਂ ਸ਼ੁੱਧਮਨ ਵਾਲੇ ਹਾਂ, ਤਾਂ ਇਹ ਸਾਡੀਆਂ ਗੱਲਾਂ ਅਤੇ ਕੰਮਾਂ ਤੋਂ ਜ਼ਾਹਰ ਹੋਵੇਗਾ। ਸਾਡੇ ਵਿਚ ਇਹੋ ਜਿਹੀ ਕੋਈ ਗੱਲ ਨਹੀਂ ਹੋਵੇਗੀ ਜਿਸ ਤੋਂ ਲੱਗੇਗਾ ਕਿ ਅਸੀਂ ਦਿਖਾਵੇ ਲਈ ਯਹੋਵਾਹ ਦੀ ਸੇਵਾ ਕਰਦੇ ਹਾਂ।

“ਮੇਲ ਕਰਾਉਣ ਵਾਲੇ” ਪਰਮੇਸ਼ੁਰ ਦੇ ਪੁੱਤਰ ਬਣਨਗੇ

18, 19. “ਮੇਲ ਕਰਾਉਣ ਵਾਲੇ” ਕੀ ਕਰਦੇ ਹਨ?

18“ਧੰਨ ਓਹ ਜਿਹੜੇ ਮੇਲ ਕਰਾਉਣ ਵਾਲੇ ਹਨ ਕਿਉਂ ਜੋ ਓਹ ਪਰਮੇਸ਼ੁਰ ਦੇ ਪੁੱਤ੍ਰ ਕਹਾਉਣਗੇ।” (ਮੱਤੀ 5:9) ‘ਮੇਲ ਕਰਾਉਣ ਵਾਲਿਆਂ’ ਦੀ ਪਛਾਣ ਇਸ ਗੱਲ ਤੋਂ ਹੋਵੇਗੀ ਕਿ ਉਹ ਕਿਹੜੇ ਕੰਮ ਕਰਦੇ ਹਨ ਤੇ ਕਿਹੜੇ ਨਹੀਂ ਕਰਦੇ। ਜੇ ਅਸੀਂ ਉਸ ਤਰ੍ਹਾਂ ਦੇ ਲੋਕ ਹਾਂ ਜਿਨ੍ਹਾਂ ਬਾਰੇ ਯਿਸੂ ਗੱਲ ਕਰ ਰਿਹਾ ਸੀ, ਤਾਂ ਅਸੀਂ ਮੇਲ ਕਰਾਉਣ ਵਾਲੇ ਹੋਵਾਂਗੇ। ਅਸੀਂ ‘ਕਿਸੇ ਨਾਲ ਬੁਰੇ ਦੇ ਵੱਟੇ ਬੁਰਾ ਨਹੀਂ ਕਰਾਂਗੇ,’ ਸਗੋਂ ਅਸੀਂ “ਸਭਨਾਂ ਲਈ ਸਦਾ ਭਲਿਆਈ” ਕਰਾਂਗੇ।—1 ਥੱਸ. 5:15.

19 ਜੇ ਅਸੀਂ ਮੱਤੀ 5:9 ਵਿਚ ਦੱਸੇ “ਮੇਲ ਕਰਾਉਣ ਵਾਲੇ” ਲੋਕਾਂ ਵਿਚ ਸ਼ਾਮਲ ਹੋਣਾ ਚਾਹੁੰਦੇ ਹਾਂ, ਤਾਂ ਅਸੀਂ ਸ਼ਾਂਤੀ ਬਣਾਈ ਰੱਖਾਂਗੇ। ਸ਼ਾਂਤੀ ਕਾਇਮ ਕਰਨ ਵਾਲੇ ਅਜਿਹਾ ਕੁਝ ਨਹੀਂ ਕਰਨਗੇ ਜਿਸ ਨਾਲ “ਜਾਨੀ ਮਿੱਤ੍ਰਾਂ ਵਿੱਚ ਫੁੱਟ” ਪੈ ਸਕਦੀ ਹੈ। (ਕਹਾ. 16:28) ‘ਮੇਲ ਕਰਾਉਣ ਵਾਲਿਆਂ’ ਵਜੋਂ ਅਸੀਂ “ਸਭਨਾਂ ਨਾਲ ਮੇਲ ਰੱਖਣ” ਲਈ ਕੁਝ ਕਦਮ ਚੁੱਕਾਂਗੇ।—ਇਬ. 12:14.

20. ਅੱਜ “ਪਰਮੇਸ਼ੁਰ ਦੇ ਪੁੱਤ੍ਰ” ਕੌਣ ਹਨ ਅਤੇ ਹਜ਼ਾਰ ਸਾਲ ਦੇ ਅਖ਼ੀਰ ਵਿਚ ਪਰਮੇਸ਼ੁਰ ਦੇ ਪੁੱਤਰ-ਧੀਆਂ ਕੌਣ ਬਣਨਗੇ?

20 “ਮੇਲ ਕਰਾਉਣ ਵਾਲੇ” ਖ਼ੁਸ਼ ਹਨ ਕਿਉਂਕਿ “ਓਹ ਪਰਮੇਸ਼ੁਰ ਦੇ ਪੁੱਤ੍ਰ ਕਹਾਉਣਗੇ।” ਵਫ਼ਾਦਾਰ ਮਸਹ ਕੀਤੇ ਹੋਏ ਮਸੀਹੀਆਂ ਨੂੰ ਯਹੋਵਾਹ ਨੇ ‘ਆਪਣੇ ਪੁੱਤ੍ਰਾਂ’ ਵਜੋਂ ਗੋਦ ਲਿਆ ਹੈ। ਉਨ੍ਹਾਂ ਦਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਹੈ ਕਿਉਂਕਿ ਉਹ ਮਸੀਹ ਵਿਚ ਨਿਹਚਾ ਰੱਖਦੇ ਹਨ ਅਤੇ ‘ਪ੍ਰੇਮ ਅਤੇ ਸ਼ਾਂਤੀ ਦੇ ਪਰਮੇਸ਼ੁਰ’ ਦੀ ਭਗਤੀ ਕਰਦੇ ਹਨ। (2 ਕੁਰਿੰ. 13:11; ਯੂਹੰ. 1:12) ਮੇਲ ਕਰਾਉਣ ਵਾਲੀਆਂ ਯਿਸੂ ਦੀਆਂ ‘ਹੋਰ ਭੇਡਾਂ’ ਬਾਰੇ ਕੀ? ਯਿਸੂ ਦੇ ਹਜ਼ਾਰ ਸਾਲ ਦੌਰਾਨ ਯਿਸੂ ਉਨ੍ਹਾਂ ਦਾ “ਅਨਾਦੀ ਪਿਤਾ” ਹੋਵੇਗਾ। ਪਰ ਹਜ਼ਾਰ ਸਾਲ ਦੇ ਅਖ਼ੀਰ ਵਿਚ ਯਿਸੂ ਯਹੋਵਾਹ ਦੇ ਅਧੀਨ ਹੋ ਜਾਵੇਗਾ। ਉਸ ਵੇਲੇ ਅਸਲੀ ਅਰਥ ਵਿਚ ‘ਹੋਰ ਭੇਡਾਂ’ ਵੀ ਪਰਮੇਸ਼ੁਰ ਦੇ ਪੁੱਤਰ-ਧੀਆਂ ਬਣ ਜਾਣਗੇ।—ਯੂਹੰ. 10:16; ਯਸਾ. 9:6; ਰੋਮੀ. 8:21; 1 ਕੁਰਿੰ. 15:27, 28.

21. ਜੇ ਅਸੀਂ ਪਰਮੇਸ਼ੁਰ ਦੀ ਸੇਧ ਵਿਚ ਚੱਲਾਂਗੇ, ਤਾਂ ਅਸੀਂ ਦੂਸਰਿਆਂ ਨਾਲ ਕਿਵੇਂ ਪੇਸ਼ ਆਵਾਂਗੇ?

21 ਜੇ ਅਸੀਂ ਪਰਮੇਸ਼ੁਰ ਦੀ ਸੇਧ ਵਿਚ ਚੱਲਾਂਗੇ, ਤਾਂ ਦੂਸਰਿਆਂ ਨੂੰ ਝੱਟ ਪਤਾ ਲੱਗ ਜਾਵੇਗਾ ਕਿ ਅਸੀਂ ਮੇਲ ਕਰਾਉਣ ਵਾਲੇ ਹਾਂ। ਨਾਲੇ ਅਸੀਂ ‘ਇੱਕ ਦੂਏ ਨੂੰ ਖਿਝਾਵਾਂਗੇ’ ਵੀ ਨਹੀਂ। (ਗਲਾ. 5:22-26) ਅਸੀਂ ‘ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖਣ’ ਦੀ ਪੁਰਜ਼ੋਰ ਕੋਸ਼ਿਸ਼ ਕਰਾਂਗੇ।—ਰੋਮੀ. 12:18.

ਸਤਾਏ ਜਾਣ ਦੇ ਬਾਵਜੂਦ ਖ਼ੁਸ਼!

22-24. (ੳ) ਧਰਮ ਦੇ ਕਾਰਨ ਸਤਾਏ ਜਾਣ ਦੇ ਬਾਵਜੂਦ ਵੀ ਮਸੀਹੀ ਕਿਉਂ ਖ਼ੁਸ਼ ਹਨ? (ਅ) ਅਸੀਂ ਅਗਲੇ ਦੋ ਲੇਖਾਂ ਵਿਚ ਕੀ ਦੇਖਾਂਗੇ?

22“ਧੰਨ ਓਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਹਨ ਕਿਉਂ ਜੋ ਸੁਰਗ ਦਾ ਰਾਜ ਉਨ੍ਹਾਂ ਦਾ ਹੈ।” (ਮੱਤੀ 5:10) ਇਸ ਬਾਰੇ ਯਿਸੂ ਨੇ ਅੱਗੇ ਕਿਹਾ: “ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ। ਅਨੰਦ ਹੋਵੋ ਅਤੇ ਖ਼ੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸੁਰਗ ਵਿੱਚ ਬਹੁਤ ਹੈ ਇਸ ਲਈ ਜੋ ਉਨ੍ਹਾਂ ਨੇ ਤੁਹਾਥੋਂ ਅਗਲਿਆਂ ਨਬੀਆਂ ਨੂੰ ਇਸੇ ਤਰਾਂ ਸਤਾਇਆ ਸੀ।”—ਮੱਤੀ 5:11, 12.

23 ਪੁਰਾਣੇ ਜ਼ਮਾਨੇ ਦੇ ਪਰਮੇਸ਼ੁਰ ਦੇ ਨਬੀਆਂ ਵਾਂਗ ਮਸੀਹੀਆਂ ਨੂੰ ਵੀ “ਧਰਮ ਦੇ ਕਾਰਨ” ਬਦਨਾਮ ਕੀਤਾ ਜਾਵੇਗਾ, ਸਤਾਇਆ ਜਾਵੇਗਾ ਅਤੇ ਉਨ੍ਹਾਂ ਉੱਤੇ ਝੂਠੇ-ਮੂਠੇ ਦੋਸ਼ ਲਾਏ ਜਾਣਗੇ। ਪਰ ਸਾਨੂੰ ਪਤਾ ਹੈ ਕਿ ਅਸੀਂ ਵਫ਼ਾਦਾਰੀ ਨਾਲ ਅਜਿਹੀਆਂ ਅਜ਼ਮਾਇਸ਼ਾਂ ਨੂੰ ਸਹਿੰਦਿਆਂ ਯਹੋਵਾਹ ਨੂੰ ਖ਼ੁਸ਼ ਕਰਦੇ ਹਾਂ ਤੇ ਉਸ ਦੀ ਵਡਿਆਈ ਕਰਦੇ ਹਾਂ। (1 ਪਤ. 2:19-21) ਇਨ੍ਹਾਂ ਅਜ਼ਮਾਇਸ਼ਾਂ ਕਰਕੇ ਅਸੀਂ ਨਾ ਤਾਂ ਹੁਣ ਅਤੇ ਨਾ ਹੀ ਭਵਿੱਖ ਵਿਚ ਯਹੋਵਾਹ ਦੀ ਸੇਵਾ ਵਿਚ ਮਿਲਣ ਵਾਲੀ ਖ਼ੁਸ਼ੀ ਨੂੰ ਘਟਣ ਦੇਵਾਂਗੇ। ਇਹ ਅਜ਼ਮਾਇਸ਼ਾਂ ਉਹ ਖ਼ੁਸ਼ੀ ਨਹੀਂ ਘਟਾ ਸਕਦੀਆਂ ਜੋ ਮਸੀਹ ਨਾਲ ਸਵਰਗ ਵਿਚ ਰਾਜ ਕਰਨ ਜਾਂ ਉਸ ਰਾਜ ਵਿਚ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਪਾਉਣ ਵੇਲੇ ਮਿਲੇਗੀ। ਇਹ ਬਰਕਤਾਂ ਪਰਮੇਸ਼ੁਰ ਦੀ ਮਿਹਰ ਅਤੇ ਖੁੱਲ੍ਹਦਿਲੀ ਦਾ ਸਬੂਤ ਹਨ।

24 ਅਸੀਂ ਪਹਾੜੀ ਉਪਦੇਸ਼ ਵਿੱਚੋਂ ਹੋਰ ਵੀ ਕਾਫ਼ੀ ਕੁਝ ਸਿੱਖ ਸਕਦੇ ਹਾਂ। ਅਗਲੇ ਦੋ ਲੇਖਾਂ ਵਿਚ ਹੋਰ ਵੀ ਵੱਖੋ-ਵੱਖਰੀਆਂ ਗੱਲਾਂ ’ਤੇ ਵਿਚਾਰ ਕੀਤਾ ਗਿਆ ਹੈ। ਅਸੀਂ ਦੇਖਾਂਗੇ ਕਿ ਅਸੀਂ ਯਿਸੂ ਮਸੀਹ ਦੀਆਂ ਉਨ੍ਹਾਂ ਗੱਲਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ।

ਤੁਸੀਂ ਕਿਵੇਂ ਜਵਾਬ ਦਿਓਗੇ?

• ‘ਆਪਣੀ ਆਤਮਕ ਲੋੜ ਨੂੰ ਜਾਣਨ’ ਵਾਲੇ ਲੋਕ ਖ਼ੁਸ਼ ਕਿਉਂ ਹਨ?

• “ਹਲੀਮ” ਲੋਕ ਕਿਉਂ ਖ਼ੁਸ਼ ਹਨ?

• ਸਤਾਏ ਜਾਣ ਦੇ ਬਾਵਜੂਦ ਮਸੀਹੀ ਕਿਉਂ ਖ਼ੁਸ਼ ਹਨ?

• ਯਿਸੂ ਦੁਆਰਾ ਦੱਸੀ ਕਿਹੜੀ ਖ਼ੁਸ਼ੀ ਦੀ ਗੱਲ ਤੁਹਾਨੂੰ ਚੰਗੀ ਲੱਗੀ?

[ਸਵਾਲ]

[ਸਫ਼ਾ 7 ਉੱਤੇ ਤਸਵੀਰ]

ਯਿਸੂ ਦੁਆਰਾ ਜ਼ਿਕਰ ਕੀਤੀਆਂ ਨੌਂ ਖ਼ੁਸ਼ੀ ਦੀਆਂ ਗੱਲਾਂ ਅੱਜ ਵੀ ਸਾਡੇ ਲਈ ਉੱਨੀਆਂ ਹੀ ਫ਼ਾਇਦੇਮੰਦ ਹਨ ਜਿੰਨੀਆਂ ਉਸ ਦੇ ਜ਼ਮਾਨੇ ਵਿਚ ਸਨ

[ਸਫ਼ਾ 8 ਉੱਤੇ ਤਸਵੀਰ]

ਦਇਆ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਦੂਜਿਆਂ ਨਾਲ ਬਾਈਬਲ ਦੀਆਂ ਸੱਚਾਈਆਂ ਸਾਂਝੀਆਂ ਕਰਨੀਆਂ