ਤੁਸੀਂ ਪ੍ਰਚਾਰ ਦੇ ਕੰਮ ਵਿਚ ਕਿਵੇਂ ਲੱਗੇ ਰਹਿ ਸਕਦੇ ਹੋ?
ਤੁਸੀਂ ਪ੍ਰਚਾਰ ਦੇ ਕੰਮ ਵਿਚ ਕਿਵੇਂ ਲੱਗੇ ਰਹਿ ਸਕਦੇ ਹੋ?
ਕੀ ਤੁਸੀਂ ਕਦੇ ਇੰਨੇ ਥੱਕੇ-ਟੁੱਟੇ ਤੇ ਨਿਰਾਸ਼ ਮਹਿਸੂਸ ਕੀਤਾ ਹੈ ਜਿਸ ਕਰਕੇ ਤੁਸੀਂ ਸੋਚਿਆ ਕਿ ਤੁਸੀਂ ਹੁਣ ਪ੍ਰਚਾਰ ਕਰਨਾ ਛੱਡ ਦੇਵੋਗੇ? ਹੋ ਸਕਦਾ ਹੈ ਕਿ ਸਖ਼ਤ ਵਿਰੋਧ, ਚਿੰਤਾ, ਮਾੜੀ ਸਿਹਤ, ਦੋਸਤਾਂ-ਮਿੱਤਰਾਂ ਦਾ ਦਬਾਅ ਜਾਂ ਲੋਕਾਂ ਦੁਆਰਾ ਗੱਲ ਨਾ ਸੁਣਨ ਕਰਕੇ ਸਾਨੂੰ ਪ੍ਰਚਾਰ ਵਿਚ ਲੱਗੇ ਰਹਿਣਾ ਔਖਾ ਲੱਗੇ। ਜ਼ਰਾ ਯਿਸੂ ਦੀ ਮਿਸਾਲ ’ਤੇ ਗੌਰ ਕਰੋ। ਉਸ ਨੇ ‘ਉਸ ਅਨੰਦ ਨਮਿੱਤ ਜੋ ਉਸ ਦੇ ਅੱਗੇ ਧਰਿਆ ਹੋਇਆ ਸੀ’ ਸਖ਼ਤ ਤੋਂ ਸਖ਼ਤ ਅਜ਼ਮਾਇਸ਼ ਸਹਿ ਲਈ। (ਇਬ. 12:2) ਉਸ ਨੂੰ ਪਤਾ ਸੀ ਕਿ ਪਰਮੇਸ਼ੁਰ ਉੱਤੇ ਲਾਏ ਇਲਜ਼ਾਮਾਂ ਨੂੰ ਝੂਠੇ ਸਾਬਤ ਕਰ ਕੇ ਉਹ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰ ਰਿਹਾ ਸੀ।—ਕਹਾ. 27:11.
ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿ ਕੇ ਤੁਸੀਂ ਵੀ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰ ਸਕਦੇ ਹੋ। ਪਰ ਉਦੋਂ ਕੀ ਜੇ ਕੁਝ ਗੱਲਾਂ ਦੇ ਕਾਰਨ ਤੁਹਾਡੇ ਵਿਚ ਪ੍ਰਚਾਰ ਕਰਨ ਦੀ ਤਾਕਤ ਨਹੀਂ ਰਹਿੰਦੀ? ਕ੍ਰਿਸਟੀਯਾਨਾ ਦੀ ਉਮਰ ਕਾਫ਼ੀ ਹੋ ਚੁੱਕੀ ਹੈ ਅਤੇ ਉਸ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ। ਉਹ ਕਹਿੰਦੀ ਹੈ: “ਮੇਰੇ ਲਈ ਥੱਕ ਜਾਣਾ ਜਾਂ ਨਿਰਾਸ਼ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਉਮਰ ਦੇ ਹਿਸਾਬ ਨਾਲ ਆਉਂਦੀਆਂ ਸਮੱਸਿਆਵਾਂ ਜਿਵੇਂ ਮਾੜੀ ਸਿਹਤ ਅਤੇ ਰੋਜ਼ਮੱਰਾ ਦੀਆਂ ਚਿੰਤਾਵਾਂ ਕਰਕੇ ਕੁਝ ਚਿਰ ਲਈ ਪ੍ਰਚਾਰ ਵਿਚ ਮੇਰਾ ਜੋਸ਼ ਘੱਟ ਜਾਂਦਾ ਹੈ।” ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਤੁਸੀਂ ਪ੍ਰਚਾਰ ਦੇ ਕੰਮ ਵਿਚ ਕਿਵੇਂ ਲੱਗੇ ਰਹਿ ਸਕਦੇ ਹੋ?
ਨਬੀਆਂ ਦੀ ਰੀਸ ਕਰੋ
ਵਫ਼ਾਦਾਰ ਪ੍ਰਚਾਰਕਾਂ ਨੂੰ ਪ੍ਰਚਾਰ ਵਿਚ ਲੱਗੇ ਰਹਿਣ ਲਈ ਪੁਰਾਣੇ ਜ਼ਮਾਨੇ ਦੇ ਨਬੀਆਂ ਵਰਗਾ ਰਵੱਈਆ ਅਪਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਯਿਰਮਿਯਾਹ ਦੀ ਹੀ ਮਿਸਾਲ ਲੈ ਲਓ। ਜਦੋਂ ਉਸ ਨੂੰ ਨਬੀ ਵਜੋਂ ਸੇਵਾ ਕਰਨ ਲਈ ਚੁਣਿਆ ਗਿਆ ਸੀ, ਤਾਂ ਉਹ ਸ਼ੁਰੂ-ਸ਼ੁਰੂ ਵਿਚ ਇਹ ਕੰਮ ਕਰਨ ਤੋਂ ਹਿਚਕਿਚਾਉਂਦਾ ਸੀ। ਪਰ ਫਿਰ ਉਹ ਆਪਣੇ ਕੰਮ ਵਿਚ 40 ਤੋਂ ਜ਼ਿਆਦਾ ਸਾਲ ਲੱਗਾ ਰਿਹਾ ਕਿਉਂਕਿ ਉਸ ਨੇ ਪਰਮੇਸ਼ੁਰ ਉੱਤੇ ਭਰੋਸਾ ਕਰਨਾ ਸਿੱਖਿਆ।—ਯਿਰ. 1:6; 20:7-11.
ਹੈਨਰਿਕ ਨੂੰ ਯਿਰਮਿਯਾਹ ਦੀ ਮਿਸਾਲ ਤੋਂ ਹੌਸਲਾ ਮਿਲਦਾ ਹੈ। ਉਹ ਕਹਿੰਦਾ ਹੈ ਕਿ “ਮੈਨੂੰ ਪ੍ਰਚਾਰ ਕਰਦਿਆਂ 70 ਤੋਂ ਜ਼ਿਆਦਾ ਸਾਲ ਹੋ ਗਏ ਹਨ। ਫਿਰ ਵੀ ਮੈਂ ਕਦੇ-ਕਦੇ ਨਿਰਾਸ਼ ਹੋ ਜਾਂਦਾ ਹਾਂ ਜਦੋਂ ਲੋਕ ਮੇਰੇ ਨਾਲ ਚੰਗੀ ਤਰ੍ਹਾਂ ਪੇਸ਼ ਨਹੀਂ ਆਉਂਦੇ, ਮੇਰਾ ਵਿਰੋਧ ਕਰਦੇ ਹਨ ਜਾਂ ਉਹ ਮੇਰੀ ਗੱਲ ਨਹੀਂ ਸੁਣਦੇ। ਨਿਰਾਸ਼ ਹੋਣ ’ਤੇ ਮੈਂ ਯਿਰਮਿਯਾਹ ਦੀ ਮਿਸਾਲ ਨੂੰ ਚੇਤੇ ਕਰਦਾ ਹਾਂ। ਉਹ ਯਹੋਵਾਹ ਨੂੰ ਪਿਆਰ ਕਰਦਾ ਸੀ ਅਤੇ ਉਸ ਦੀ ਨਿਹਚਾ ਤਕੜੀ ਸੀ ਜਿਸ ਕਰਕੇ ਉਹ ਭਵਿੱਖਬਾਣੀ ਕਰਨ ਵਿਚ ਲੱਗਾ ਰਿਹਾ।” (ਯਿਰ. 1:17) ਰਾਫ਼ੇਲ ਨੂੰ ਵੀ ਯਿਰਮਿਯਾਹ ਦੀ ਮਿਸਾਲ ਤੋਂ ਹੌਸਲਾ ਮਿਲਿਆ ਹੈ। ਉਹ ਕਹਿੰਦਾ ਹੈ: “ਯਿਰਮਿਯਾਹ ਨੇ ਆਪਣੇ ਅਤੇ ਆਪਣੇ ਹੀ ਜਜ਼ਬਾਤਾਂ ਬਾਰੇ ਸੋਚਣ ਦੀ ਬਜਾਇ ਯਹੋਵਾਹ ’ਤੇ ਭਰੋਸਾ ਰੱਖਿਆ। ਭਾਵੇਂ ਲੋਕੀ ਉਸ ਦਾ ਵਿਰੋਧ ਕਰਦੇ ਸਨ, ਪਰ ਫਿਰ ਵੀ ਉਹ ਨਿਡਰ ਹੋ ਕੇ ਪ੍ਰਚਾਰ ਕਰਨ ਵਿਚ ਲੱਗਾ ਰਿਹਾ। ਮੈਂ ਇਹ ਸਭ ਯਾਦ ਰੱਖਦਾ ਹਾਂ।”
ਪ੍ਰਚਾਰ ਵਿਚ ਲੱਗੇ ਰਹਿਣ ਵਿਚ ਇਕ ਹੋਰ ਮਿਸਾਲ ਕਈਆਂ ਦੀ ਮਦਦ ਕਰਦੀ ਹੈ। ਉਹ ਹੈ ਯਸਾਯਾਹ ਦੀ ਮਿਸਾਲ। ਪਰਮੇਸ਼ੁਰ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੇ ਆਪਣੇ ਦੇਸ਼ ਦੇ ਲੋਕ ਉਸ ਦੀ ਗੱਲ ਨਹੀਂ ਸੁਣਨਗੇ। ਯਹੋਵਾਹ ਨੇ ਕਿਹਾ: “ਏਸ ਪਰਜਾ ਦਾ ਮਨ ਮੋਟਾ, ਤੇ ਏਸ ਦੇ ਕੰਨ ਭਾਰੇ ਕਰ ਦੇਹ।” ਤਾਂ ਫਿਰ ਕੀ ਯਸਾਯਾਹ ਪ੍ਰਚਾਰ ਕਰਨ ਤੋਂ ਪਿੱਛੇ ਹਟ ਗਿਆ ਕਿਉਂਕਿ ਉਸ ਨੂੰ ਪ੍ਰਚਾਰ ਦੇ ਕੰਮ ਵਿਚ ਕੋਈ ਸਫ਼ਲਤਾ ਨਹੀਂ ਸੀ ਮਿਲਣੀ? ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਸ ਨੇ ਸਫ਼ਲ ਹੋਣਾ ਸੀ! ਜਦੋਂ ਪਰਮੇਸ਼ੁਰ ਨੇ ਉਸ ਨੂੰ ਨਬੀ ਵਜੋਂ ਕੰਮ ਕਰਨ ਦਾ ਹੁਕਮ ਦਿੱਤਾ ਸੀ, ਤਾਂ ਯਸਾਯਾਹ ਨੇ ਜਵਾਬ ਦਿੱਤਾ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” (ਯਸਾ. 6:8-10) ਯਸਾਯਾਹ ਨੇ ਹਾਰ ਨਹੀਂ ਮੰਨੀ, ਸਗੋਂ ਆਪਣੇ ਕੰਮ ਵਿਚ ਲੱਗਾ ਰਿਹਾ। ਕੀ ਤੁਸੀਂ ਵੀ ਪ੍ਰਚਾਰ ਕਰਨ ਦੇ ਹੁਕਮ ਨੂੰ ਮੰਨ ਕੇ ਯਸਾਯਾਹ ਵਾਂਗ ਪ੍ਰਚਾਰ ਕਰਨ ਵਿਚ ਲੱਗੇ ਰਹਿੰਦੇ ਹੋ?
ਲੋਕਾਂ ਦੁਆਰਾ ਸਾਡੀ ਗੱਲ ਨਾ ਸੁਣਨ ਦੇ ਬਾਵਜੂਦ, ਜੇ ਅਸੀਂ ਯਸਾਯਾਹ ਵਾਂਗ ਪ੍ਰਚਾਰ ਕਰਨ ਵਿਚ ਲੱਗੇ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਲੋਕਾਂ ਦੀਆਂ ਕਹੀਆਂ ਮਾੜੀਆਂ ਗੱਲਾਂ ਬਾਰੇ ਨਹੀਂ ਸੋਚਦੇ ਰਹਿਣਾ ਚਾਹੀਦਾ। ਰਾਫ਼ੇਲ ਨਿਰਾਸ਼ਾ ਨਾਲ ਇਸ ਤਰ੍ਹਾਂ ਸਿੱਝਦਾ ਹੈ: “ਮੈਂ ਲੋਕਾਂ ਦੀਆਂ ਮਾੜੀਆਂ ਗੱਲਾਂ ਬਾਰੇ ਨਹੀਂ ਸੋਚਦਾ ਰਹਿੰਦਾ। ਮੇਰੇ ਇਲਾਕੇ ਦੇ ਲੋਕ ਜੋ ਮਰਜ਼ੀ ਕਹਿਣ, ਇਹ ਉਨ੍ਹਾਂ ਦਾ ਹੱਕ ਬਣਦਾ ਹੈ।” ਆਨਾ ਵੀ ਕਹਿੰਦੀ ਹੈ: “ਮੈਂ ਲੋਕਾਂ ਦੀਆਂ ਮਾੜੀਆਂ ਜਾਂ ਨਿਰਾਸ਼ ਕਰਨ ਵਾਲੀਆਂ ਗੱਲਾਂ ਉੱਤੇ ਜ਼ਿਆਦਾ ਧਿਆਨ ਨਹੀਂ ਦਿੰਦੀ। ਇਸ ਤਰ੍ਹਾਂ ਕਰਨ ਵਿਚ ਪ੍ਰਾਰਥਨਾ ਮੇਰੀ ਮਦਦ ਕਰਦੀ ਹੈ ਅਤੇ ਪ੍ਰਚਾਰ ਵਿਚ ਜਾਣ ਤੋਂ ਪਹਿਲਾਂ ਮੈਂ ਦਿਨ ਦੇ ਹਵਾਲੇ ’ਤੇ ਸੋਚ-ਵਿਚਾਰ ਕਰਦੀ ਹਾਂ। ਨਿਰਾਸ਼ ਕਰਨ ਵਾਲੀ ਕੋਈ ਵੀ ਗੱਲ ਮੇਰੇ ਮਨ ਵਿੱਚੋਂ ਤੁਰੰਤ ਨਿਕਲ ਜਾਂਦੀ ਹੈ।”
ਹਿਜ਼. 2:6) ਜੇ ਹਿਜ਼ਕੀਏਲ ਪਰਮੇਸ਼ੁਰ ਦੀਆਂ ਗੱਲਾਂ ਲੋਕਾਂ ਨੂੰ ਨਾ ਦੱਸਦਾ ਅਤੇ ਕੋਈ ਦੁਸ਼ਟ ਚੇਤਾਵਨੀ ਸੁਣਨ ਤੋਂ ਬਿਨਾਂ ਮਰ ਜਾਂਦਾ, ਤਾਂ ਉਸ ਦੇ ਖ਼ੂਨ ਦਾ ਦੋਸ਼ੀ ਹਿਜ਼ਕੀਏਲ ਨੇ ਹੋਣਾ ਸੀ। ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ: “ਮੈਂ ਉਹ ਦੇ ਖੂਨ ਦਾ ਬਦਲਾ ਤੇਰੇ ਹੱਥੋਂ ਲਵਾਂਗਾ।”—ਹਿਜ਼. 3:17, 18.
ਹਿਜ਼ਕੀਏਲ ਬਾਬਲ ਵਿਚ ਗ਼ੁਲਾਮ ਜ਼ਿੱਦੀ ਯਹੂਦੀ ਲੋਕਾਂ ਵਿਚ ਰਹਿ ਕੇ ਨਬੀ ਵਜੋਂ ਸੇਵਾ ਕਰ ਰਿਹਾ ਸੀ। (ਹੈਨਰਿਕ ਵੀ ਹਿਜ਼ਕੀਏਲ ਵਰਗਾ ਨਜ਼ਰੀਆ ਰੱਖਣ ਦੀ ਕੋਸ਼ਿਸ਼ ਕਰਦਾ ਹੈ: “ਮੈਂ ਸਭਨਾਂ ਲੋਕਾਂ ਦੇ ਲਹੂ ਤੋਂ ਬੇਦੋਸ਼ ਰਹਿਣਾ ਚਾਹੁੰਦਾ ਹਾਂ। ਲੋਕਾਂ ਦੀਆਂ ਜਾਨਾਂ ਖ਼ਤਰੇ ਵਿਚ ਹਨ।” (ਰਸੂ. 20:26, 27) ਜ਼ਬਿਗਨਿਊ ਵੀ ਇਸੇ ਤਰ੍ਹਾਂ ਕਹਿੰਦਾ ਹੈ: “ਹਿਜ਼ਕੀਏਲ ਨੂੰ ਆਪਣਾ ਕੰਮ ਪੂਰਾ ਕਰਨਾ ਪੈਣਾ ਸੀ ਭਾਵੇਂ ਲੋਕ ਜੋ ਮਰਜ਼ੀ ਸੋਚਦੇ ਸੀ। ਇਸ ਮਿਸਾਲ ਤੋਂ ਮੈਨੂੰ ਪ੍ਰਚਾਰ ਬਾਰੇ ਸਿਰਜਣਹਾਰ ਯਹੋਵਾਹ ਵਰਗਾ ਨਜ਼ਰੀਆ ਰੱਖਣ ਵਿਚ ਮਦਦ ਮਿਲਦੀ ਹੈ।”
ਤੁਸੀਂ ਇਕੱਲੇ ਨਹੀਂ ਹੋ
ਪ੍ਰਚਾਰ ਕਰਦਿਆਂ ਤੁਸੀਂ ਇਕੱਲੇ ਨਹੀਂ ਹੁੰਦੇ। ਪੌਲੁਸ ਰਸੂਲ ਵਾਂਗ ਅਸੀਂ ਕਹਿ ਸਕਦੇ ਹਾਂ: “ਅਸੀਂ ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ ਹਾਂ।” (1 ਕੁਰਿੰ. 3:9) ਕ੍ਰਿਸਟੀਯਾਨਾ, ਜੋ ਕਦੀ-ਕਦੀ ਨਿਰਾਸ਼ ਹੋ ਜਾਂਦੀ ਹੈ, ਕਹਿੰਦੀ ਹੈ: “ਮੈਂ ਤਰਲੇ ਕਰ-ਕਰ ਕੇ ਯਹੋਵਾਹ ਤੋਂ ਤਾਕਤ ਮੰਗਦੀ ਹਾਂ। ਉਹ ਹਰ ਵਾਰੀ ਮੈਨੂੰ ਤਾਕਤ ਦਿੰਦਾ ਹੈ।” ਜੀ ਹਾਂ, ਸਾਨੂੰ ਸਾਰਿਆਂ ਨੂੰ ਪ੍ਰਚਾਰ ਕਰਨ ਲਈ ਪਰਮੇਸ਼ੁਰ ਦੀ ਸ਼ਕਤੀ ਦੀ ਲੋੜ ਹੈ!—ਜ਼ਕ. 4:6.
ਜਦੋਂ ਅਸੀਂ ਪ੍ਰਚਾਰ ਵਿਚ ਹਿੱਸਾ ਲੈਂਦੇ ਹਾਂ, ਤਾਂ ਪਰਮੇਸ਼ੁਰ ਦੀ ਸ਼ਕਤੀ ਦੀ ਮਦਦ ਨਾਲ ਅਸੀਂ ਆਪਣੇ ਵਿਚ ਪਰਮੇਸ਼ੁਰੀ ਗੁਣ ਪੈਦਾ ਕਰਦੇ ਹਾਂ। (ਗਲਾ. 5:22, 23) ਨਾਲੇ ਸਾਨੂੰ ਪ੍ਰਚਾਰ ਕਰਨ ਵਿਚ ਲੱਗੇ ਰਹਿਣ ਵਿਚ ਮਦਦ ਮਿਲਦੀ ਹੈ ਭਾਵੇਂ ਲੋਕੀ ਜੋ ਮਰਜ਼ੀ ਕਹਿਣ। ਹੈਨਰਿਕ ਕਹਿੰਦਾ ਹੈ: “ਪ੍ਰਚਾਰ ਕਰਨ ਨਾਲ ਮੇਰੀ ਸ਼ਖ਼ਸੀਅਤ ਸੁਧਰਦੀ ਹੈ। ਮੈਂ ਧੀਰਜ ਰੱਖਣਾ ਅਤੇ ਲੋਕਾਂ ਦੀ ਪਰਵਾਹ ਕਰਨੀ ਸਿੱਖਦਾ ਹਾਂ ਅਤੇ ਛੇਤੀ ਹਾਰ ਨਹੀਂ ਮੰਨਦਾ।” ਮੁਸ਼ਕਲਾਂ ਦੇ ਬਾਵਜੂਦ ਪ੍ਰਚਾਰ ਵਿਚ ਲੱਗੇ ਰਹਿਣ ਨਾਲ ਅਸੀਂ ਆਪਣੇ ਵਿਚ ਜ਼ਿਆਦਾ ਤੋਂ ਜ਼ਿਆਦਾ ਪਰਮੇਸ਼ੁਰੀ ਗੁਣ ਪੈਦਾ ਕਰਦੇ ਹਾਂ।
ਇਸ ਮਹਾਨ ਕੰਮ ਵਿਚ ਸੇਧ ਦੇਣ ਲਈ ਯਹੋਵਾਹ ਆਪਣੇ ਦੂਤਾਂ ਨੂੰ ਵਰਤਦਾ ਹੈ। (ਪਰ. 14:6) ਬਾਈਬਲ ਸਾਨੂੰ ਦੱਸਦੀ ਹੈ ਕਿ ਇਨ੍ਹਾਂ ਦੂਤਾਂ ਦੀ ਗਿਣਤੀ “ਲੱਖਾਂ ਅਤੇ ਕਰੋੜਾਂ” ਵਿਚ ਹੈ। (ਪਰ. 5:11) ਯਿਸੂ ਦੀ ਸੇਧ ਅਧੀਨ ਇਹ ਦੂਤ ਧਰਤੀ ਉੱਤੇ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਕਰਦੇ ਹਨ। ਕੀ ਤੁਸੀਂ ਪ੍ਰਚਾਰ ਕਰਦਿਆਂ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋ?
ਆਨਾ ਕਹਿੰਦੀ ਹੈ: “ਮੈਨੂੰ ਇਸ ਗੱਲ ਤੋਂ ਬਹੁਤ ਹੌਸਲਾ ਮਿਲਦਾ ਹੈ ਜਦੋਂ ਮੈਂ ਸੋਚ-ਵਿਚਾਰ ਕਰਦੀ ਹਾਂ ਕਿ ਪ੍ਰਚਾਰ ਕਰਦਿਆਂ ਦੂਤ ਸਾਡਾ ਸਾਥ ਦਿੰਦੇ ਹਨ। ਯਹੋਵਾਹ ਅਤੇ ਯਿਸੂ ਦੀ ਨਿਗਰਾਨੀ ਹੇਠ ਦਿੱਤੀ ਦੂਤਾਂ ਦੀ ਮਦਦ ਦੀ ਮੈਂ ਬਹੁਤ ਕਦਰ ਕਰਦੀ ਹਾਂ।” ਇਹ ਕਿੰਨਾ ਵੱਡਾ ਸਨਮਾਨ ਹੈ ਕਿ ਅਸੀਂ ਵਫ਼ਾਦਾਰ ਦੂਤਾਂ ਦੇ ਨਾਲ ਕੰਮ ਕਰਦੇ ਹਾਂ!
ਅਸੀਂ ਆਪਣੇ ਭੈਣਾਂ-ਭਰਾਵਾਂ ਬਾਰੇ ਕੀ ਕਹਿ ਸਕਦੇ ਹਾਂ? ਇਹ ਵੀ ਇਕ ਬਹੁਤ ਵੱਡੀ ਬਰਕਤ ਹੈ ਕਿ ਸਾਨੂੰ ਪ੍ਰਚਾਰ ਕਰਦਿਆਂ ਆਪਣੇ ਬਹੁਤ ਸਾਰੇ ਭੈਣਾਂ-ਭਰਾਵਾਂ ਤੋਂ ਵਾਕਫ਼ ਹੋਣ ਦਾ ਮੌਕਾ ਮਿਲਦਾ ਹੈ। ਤੁਸੀਂ ਸ਼ਾਇਦ ਬਾਈਬਲ ਦੀ ਇਸ ਕਹਾਵਤ ਦੀ ਸੱਚਾਈ ਨੂੰ ਅਨੁਭਵ ਕੀਤਾ ਹੈ: “ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ, ਇਉਂ ਮਨੁੱਖ ਆਪਣੇ ਮਿੱਤ੍ਰ ਦੇ ਮੁਖ ਨੂੰ ਤਿੱਖਾ ਕਰਦਾ ਹੈ।”—ਕਹਾ. 27:17.
ਜਦੋਂ ਅਸੀਂ ਪ੍ਰਚਾਰ ਵਿਚ ਦੂਸਰੇ ਭੈਣਾਂ-ਭਰਾਵਾਂ ਨਾਲ ਕੰਮ ਕਰਦੇ ਹਾਂ, ਤਾਂ ਸਾਨੂੰ ਉਨ੍ਹਾਂ ਦੇ ਪ੍ਰਚਾਰ ਕਰਨ ਦੇ ਵਧੀਆਂ ਤਰੀਕਿਆਂ ਬਾਰੇ ਪਤਾ ਲੱਗਦਾ ਹੈ ਜੋ ਸ਼ਾਇਦ ਸਾਡੇ ਲਈ ਨਵੇਂ ਹੋਣ। ਐਲਜ਼ਬਿਟਾ ਕਹਿੰਦੀ ਹੈ: “ਵੱਖੋ-ਵੱਖਰੇ ਪਬਲੀਸ਼ਰਾਂ ਨਾਲ ਕੰਮ ਕਰ ਕੇ ਮੈਨੂੰ ਆਪਣੇ ਭੈਣਾਂ-ਭਰਾਵਾਂ ਅਤੇ ਪ੍ਰਚਾਰ ਵਿਚ ਮਿਲਦੇ ਲੋਕਾਂ ਨੂੰ ਪਿਆਰ ਦਿਖਾਉਣ ਦਾ ਮੌਕਾ ਮਿਲਦਾ ਹੈ।” ਕਿਉਂ ਨਾ ਤੁਸੀਂ ਵੀ ਵੱਖੋ-ਵੱਖਰੇ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰੋ? ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਪ੍ਰਚਾਰ ਕਰਨ ਵਿਚ ਮਜ਼ਾ ਆਵੇਗਾ।
ਆਪਣਾ ਖ਼ਿਆਲ ਰੱਖੋ
ਪ੍ਰਚਾਰ ਵਿਚ ਆਪਣਾ ਜੋਸ਼ ਬਰਕਰਾਰ ਰੱਖਣ ਲਈ ਸਾਨੂੰ ਚੰਗੀ ਯੋਜਨਾ ਬਣਾਉਣੀ ਚਾਹੀਦੀ ਹੈ, ਬਾਈਬਲ ਅਤੇ ਹੋਰ ਪ੍ਰਕਾਸ਼ਨਾਂ ਦੀ ਸਟੱਡੀ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਚੰਗਾ ਆਰਾਮ ਕਰਨਾ ਚਾਹੀਦਾ ਹੈ। ਕਹਿਣ ਦਾ ਮਤਲਬ ਹੈ ਕਿ ਇਕ ਤਾਂ ਸਾਨੂੰ ਆਪਣੀ ਨਿਹਚਾ ਤਕੜੀ ਕਰਨੀ ਚਾਹੀਦੀ ਹੈ ਅਤੇ ਦੂਜਾ ਆਪਣੀ ਸਿਹਤ ਦਾ ਖ਼ਿਆਲ ਰੱਖਣਾ ਚਾਹੀਦਾ ਹੈ।
ਬਾਈਬਲ ਕਹਿੰਦੀ ਹੈ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ।” (ਕਹਾ. 21:5, CL) 88 ਸਾਲਾਂ ਦਾ ਜ਼ਿਗਮੁੰਟ ਕਹਿੰਦਾ ਹੈ: “ਮੈਂ ਇਸ ਤਰੀਕੇ ਨਾਲ ਸਮਾਂ ਤੈ ਕਰਦਾ ਹਾਂ ਕਿ ਮੈਂ ਸੇਵਕਾਈ ਵਿਚ ਉਹ ਸਾਰਾ ਕੁਝ ਪੂਰਾ ਕਰ ਸਕਾਂ ਜੋ ਕੁਝ ਪੂਰਾ ਕਰਨ ਬਾਰੇ ਮੈਂ ਸੋਚਿਆ ਹੈ। ਮੈਂ ਧਿਆਨ ਰੱਖਦਾ ਹਾਂ ਕਿ ਪ੍ਰਚਾਰ ਕਰਨ ਲਈ ਮੇਰੇ ਕੋਲ ਕਾਫ਼ੀ ਸਮਾਂ ਹੋਵੇ।”
ਬਾਈਬਲ ਦਾ ਪੂਰਾ ਗਿਆਨ ਲੈਣ ਨਾਲ ਸਾਡਾ ਹੌਸਲਾ ਵਧਦਾ ਹੈ ਤੇ ਅਸੀਂ ਪ੍ਰਚਾਰ ਕਰਨ ਲਈ ਤਿਆਰ ਹੁੰਦੇ ਹਾਂ। ਜਿਵੇਂ ਤੁਰਦੇ-ਫਿਰਦੇ ਰਹਿਣ ਲਈ ਸਾਨੂੰ ਖਾਣਾ ਖਾਣ ਦੀ ਲੋੜ ਹੈ, ਉਸੇ ਤਰ੍ਹਾਂ ਪ੍ਰਚਾਰ ਕਰਦੇ ਰਹਿਣ ਲਈ ਸਾਨੂੰ ਬਾਕਾਇਦਾ ਪਰਮੇਸ਼ੁਰ ਦਾ ਗਿਆਨ ਲੈਂਦੇ ਰਹਿਣਾ ਚਾਹੀਦਾ ਹੈ। ਰੋਜ਼ ਬਾਈਬਲ ਪੜ੍ਹਨ ਅਤੇ ‘ਵੇਲੇ ਸਿਰ ਰਸਤ’ ਲੈਣ ਨਾਲ ਸਾਨੂੰ ਪ੍ਰਚਾਰ ਕਰਨ ਲਈ ਤਾਕਤ ਮਿਲ ਸਕਦੀ ਹੈ।—ਮੱਤੀ 24:45-47.
ਐਲਜ਼ਬਿਟਾ ਨੇ ਆਪਣੇ ਰਹਿਣ-ਸਹਿਣ ਦੇ ਤੌਰ-ਤਰੀਕਿਆਂ ਨੂੰ ਬਦਲਿਆ ਹੈ ਤਾਂਕਿ ਉਹ ਚੰਗੀ ਤਰ੍ਹਾਂ ਪ੍ਰਚਾਰ ਕਰ ਸਕੇ। ਉਹ
ਕਹਿੰਦੀ ਹੈ: “ਮੈਂ ਹੁਣ ਜ਼ਿਆਦਾ ਸਮਾਂ ਟੈਲੀਵਿਯਨ ਦੇਖਣ ਵਿਚ ਜ਼ਾਇਆ ਨਹੀਂ ਕਰਦੀ ਤਾਂਕਿ ਮੈਂ ਪ੍ਰਚਾਰ ਦੀ ਤਿਆਰੀ ਕਰਨ ਵਿਚ ਹੋਰ ਸਮਾਂ ਲਾ ਸਕਾਂ। ਜਦੋਂ ਮੈਂ ਸ਼ਾਮ ਨੂੰ ਬਾਈਬਲ ਪੜ੍ਹਦੀ ਹਾਂ, ਤਾਂ ਮੈਂ ਪ੍ਰਚਾਰ ਕਰਦਿਆਂ ਆਪਣੇ ਇਲਾਕੇ ਵਿਚ ਮਿਲੇ ਲੋਕਾਂ ਬਾਰੇ ਸੋਚਦੀ ਹਾਂ। ਮੈਂ ਉਹ ਹਵਾਲੇ ਅਤੇ ਲੇਖ ਦੇਖਦੀ ਹਾਂ ਜੋ ਲੋਕਾਂ ਦੀ ਮਦਦ ਕਰਨਗੇ।”ਚੰਗਾ ਆਰਾਮ ਕਰਨ ਨਾਲ ਤੁਹਾਨੂੰ ਕਾਫ਼ੀ ਤਾਕਤ ਮਿਲੇਗੀ ਜਿਸ ਨਾਲ ਤੁਸੀਂ ਪ੍ਰਚਾਰ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈ ਸਕੋਗੇ। ਪਰ ਜੇ ਅਸੀਂ ਜ਼ਿਆਦਾ ਸਮਾਂ ਮਨੋਰੰਜਨ ਕਰਨ ਵਿਚ ਲਾਈਏ, ਤਾਂ ਅਸੀਂ ਚੰਗੀ ਤਰ੍ਹਾਂ ਪ੍ਰਚਾਰ ਨਹੀਂ ਕਰ ਸਕਾਂਗੇ। ਇਕ ਜੋਸ਼ੀਲਾ ਪ੍ਰਚਾਰਕ ਅੰਡ੍ਰੇਜ਼ੇੱਜ ਕਹਿੰਦਾ ਹੈ: “ਜੇ ਅਸੀਂ ਚੰਗੀ ਤਰ੍ਹਾਂ ਆਰਾਮ ਨਹੀਂ ਕਰਦੇ, ਤਾਂ ਅਸੀਂ ਜ਼ਿਆਦਾ ਥੱਕ ਜਾਂਦੇ ਹਾਂ ਅਤੇ ਇਸ ਦੇ ਕਾਰਨ ਅਸੀਂ ਜਲਦੀ ਨਿਰਾਸ਼ ਹੋ ਸਕਦੇ ਹਾਂ। ਮੈਂ ਥੱਕਣ ਅਤੇ ਨਿਰਾਸ਼ ਹੋਣ ਤੋਂ ਬਚਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹਾਂ।”—ਉਪ. 4:6.
ਸਾਡੇ ਕਾਫ਼ੀ ਜਤਨਾਂ ਦੇ ਬਾਵਜੂਦ, ਬਹੁਤ ਘੱਟ ਲੋਕ ਖ਼ੁਸ਼ ਖ਼ਬਰੀ ਸੁਣਦੇ ਹਨ। ਪਰ ਯਹੋਵਾਹ ਸਾਡੇ ਕੰਮ ਨੂੰ ਕਦੀ ਨਹੀਂ ਭੁੱਲੇਗਾ। (ਇਬ. 6:10) ਭਾਵੇਂ ਜ਼ਿਆਦਾਤਰ ਲੋਕ ਸਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ, ਪਰ ਫਿਰ ਵੀ ਸਾਡੇ ਉੱਥੋਂ ਜਾਣ ਤੋਂ ਬਾਅਦ ਉਹ ਸਾਡੀਆਂ ਕਹੀਆਂ ਗੱਲਾਂ ਬਾਰੇ ਸ਼ਾਇਦ ਗੱਲ ਕਰਨਗੇ। ਲੋਕੀ ਸ਼ਾਇਦ ਸਾਡੇ ਬਾਰੇ ਵੀ ਉੱਦਾਂ ਹੀ ਸੋਚਣਗੇ ਜਿਵੇਂ ਅਸੀਂ ਹਿਜ਼ਕੀਏਲ ਬਾਰੇ ਪੜ੍ਹਦੇ ਹਾਂ ਕਿ ਉਹ “ਜਾਣ ਲੈਣਗੇ ਕਿ ਉਨ੍ਹਾਂ ਦੇ ਵਿੱਚ ਇੱਕ ਨਬੀ ਹੋਇਆ ਹੈ।” (ਹਿਜ਼. 2:5) ਇਹ ਸੱਚ ਹੈ ਕਿ ਪ੍ਰਚਾਰ ਕਰਨਾ ਕੋਈ ਸੌਖਾ ਕੰਮ ਨਹੀਂ ਹੈ, ਪਰ ਇਸ ਤੋਂ ਨਾ ਸਿਰਫ਼ ਸਾਨੂੰ ਫ਼ਾਇਦਾ ਹੁੰਦਾ ਹੈ, ਸਗੋਂ ਸਾਡੇ ਸੁਣਨ ਵਾਲਿਆਂ ਨੂੰ ਵੀ ਫ਼ਾਇਦਾ ਹੁੰਦਾ ਹੈ।
ਜ਼ਿਗਮੁੰਟ ਕਹਿੰਦਾ ਹੈ: “ਪ੍ਰਚਾਰ ਕਰਨ ਨਾਲ ਸਾਡੀ ਸ਼ਖ਼ਸੀਅਤ ਸੁਧਰਦੀ ਹੈ ਤੇ ਅਸੀਂ ਪਰਮੇਸ਼ੁਰ ਅਤੇ ਲੋਕਾਂ ਲਈ ਪਿਆਰ ਜ਼ਾਹਰ ਕਰਦੇ ਹਾਂ।” ਅੰਡ੍ਰੇਜ਼ੇੱਜ ਵੀ ਕਹਿੰਦਾ ਹੈ: “ਇਹ ਸਾਡੇ ਲਈ ਸਨਮਾਨ ਹੈ ਕਿ ਅਸੀਂ ਜ਼ਿੰਦਗੀਆਂ ਬਚਾਉਣ ਵਾਲਾ ਕੰਮ ਕਰ ਰਹੇ ਹਾਂ। ਇਹ ਕੰਮ ਇੰਨੇ ਵੱਡੇ ਪੈਮਾਨੇ ਤੇ ਜਾਂ ਅੱਜ ਦੇ ਹਾਲਾਤਾਂ ਅਧੀਨ ਫਿਰ ਕਦੀ ਵੀ ਨਹੀਂ ਕੀਤਾ ਜਾਵੇਗਾ।” ਅੱਜ ਤੁਸੀਂ ਵੀ ਪ੍ਰਚਾਰ ਵਿਚ ਲੱਗੇ ਰਹਿ ਕੇ ਬਹੁਤ ਸਾਰੀਆਂ ਬਰਕਤਾਂ ਪਾ ਸਕਦੇ ਹੋ।—2 ਕੁਰਿੰ. 4:1, 2.
[ਸਫ਼ਾ 31 ਉੱਤੇ ਤਸਵੀਰਾਂ]
ਆਪਣੀ ਨਿਹਚਾ ਤਕੜੀ ਰੱਖਣ ਅਤੇ ਸਿਹਤ ਦਾ ਖ਼ਿਆਲ ਰੱਖਣ ਨਾਲ ਅਸੀਂ ਪ੍ਰਚਾਰ ਵਿਚ ਲੱਗੇ ਰਹਿ ਸਕਾਂਗੇ