Skip to content

Skip to table of contents

ਧਰਮੀ ਹਮੇਸ਼ਾ ਪਰਮੇਸ਼ੁਰ ਦੀ ਵਡਿਆਈ ਕਰਦੇ ਰਹਿਣਗੇ

ਧਰਮੀ ਹਮੇਸ਼ਾ ਪਰਮੇਸ਼ੁਰ ਦੀ ਵਡਿਆਈ ਕਰਦੇ ਰਹਿਣਗੇ

ਧਰਮੀ ਹਮੇਸ਼ਾ ਪਰਮੇਸ਼ੁਰ ਦੀ ਵਡਿਆਈ ਕਰਦੇ ਰਹਿਣਗੇ

“ਧਰਮੀ ਸਦਾ ਦੀ ਯਾਦਗੀਰੀ ਲਈ ਹੋਵੇਗਾ . . . ਉਹ ਦਾ ਧਰਮ ਸਦਾ ਤੀਕ ਬਣਿਆ ਰਹਿੰਦਾ ਹੈ।”—ਜ਼ਬੂ. 112:6, 9.

1. (ੳ) ਉਨ੍ਹਾਂ ਲੋਕਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ ਜਿਨ੍ਹਾਂ ਨੂੰ ਪਰਮੇਸ਼ੁਰ ਧਰਮੀ ਸਮਝਦਾ ਹੈ? (ਅ) ਕਿਹੜਾ ਸਵਾਲ ਖੜ੍ਹਾ ਹੁੰਦਾ ਹੈ?

ਉਨ੍ਹਾਂ ਲੋਕਾਂ ਦਾ ਭਵਿੱਖ ਕਿੰਨਾ ਸੁਨਹਿਰਾ ਹੋਵੇਗਾ ਜਿਨ੍ਹਾਂ ਨੂੰ ਪਰਮੇਸ਼ੁਰ ਧਰਮੀ ਸਮਝਦਾ ਹੈ! ਉਹ ਲੋਕ ਹਮੇਸ਼ਾ ਲਈ ਖ਼ੁਸ਼ੀ ਨਾਲ ਯਹੋਵਾਹ ਦੇ ਵਧੀਆ ਗੁਣਾਂ ਬਾਰੇ ਸਿੱਖਦੇ ਰਹਿਣਗੇ। ਜਿਉਂ-ਜਿਉਂ ਉਹ ਯਹੋਵਾਹ ਦੀ ਸ੍ਰਿਸ਼ਟੀ ਬਾਰੇ ਜ਼ਿਆਦਾ ਤੋਂ ਜ਼ਿਆਦਾ ਸਿੱਖਣਗੇ, ਤਾਂ ਉਨ੍ਹਾਂ ਦੇ ਮੂੰਹੋਂ ਮੱਲੋ-ਮੱਲੀ ਯਹੋਵਾਹ ਦੀ ਉਸਤਤ ਨਿਕਲੇਗੀ। ਜ਼ਬੂਰ 112 ਦੇ ਮੁਤਾਬਕ ਸੁਨਹਿਰਾ ਭਵਿੱਖ ਉਨ੍ਹਾਂ ਦਾ ਹੋਵੇਗਾ ਜੋ ‘ਧਰਮੀ’ ਹੋਣਗੇ। ਪਰ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਪਵਿੱਤਰ ਤੇ ਧਰਮੀ ਪਰਮੇਸ਼ੁਰ ਕਿਵੇਂ ਪਾਪੀ ਇਨਸਾਨਾਂ ਨੂੰ ਧਰਮੀ ਸਮਝ ਸਕਦਾ ਹੈ? ਅਸੀਂ ਭਾਵੇਂ ਸਹੀ ਕੰਮ ਕਰਨ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ, ਫਿਰ ਵੀ ਸਾਡੇ ਤੋਂ ਗ਼ਲਤੀਆਂ ਹੁੰਦੀਆਂ ਹੀ ਰਹਿੰਦੀਆਂ ਹਨ। ਕਈ ਵਾਰੀ ਤਾਂ ਅਸੀਂ ਗੰਭੀਰ ਗ਼ਲਤੀਆਂ ਕਰ ਬੈਠਦੇ ਹਾਂ।—ਰੋਮੀ. 3:23; ਯਾਕੂ. 3:2.

2. ਯਹੋਵਾਹ ਨੇ ਪਿਆਰ ਦੀ ਖ਼ਾਤਰ ਕਿਹੜੇ ਦੋ ਚਮਤਕਾਰ ਕੀਤੇ?

2 ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਨੇ ਪਿਆਰ ਦੀ ਖ਼ਾਤਰ ਇਨਸਾਨਾਂ ਨੂੰ ਧਰਮੀ ਠਹਿਰਾਉਣ ਦਾ ਵਧੀਆ ਹੱਲ ਲੱਭਿਆ ਹੈ। ਉਹ ਕਿਵੇਂ? ਉਸ ਨੇ ਪਹਿਲਾਂ ਆਪਣੇ ਪੁੱਤਰ ਯਿਸੂ ਦਾ ਜੀਵਨ ਚਮਤਕਾਰੀ ਤਰੀਕੇ ਨਾਲ ਇਕ ਕੁਆਰੀ ਦੇ ਗਰਭ ਵਿਚ ਪਾਇਆ ਤਾਂਕਿ ਉਹ ਇਕ ਮੁਕੰਮਲ ਇਨਸਾਨ ਵਜੋਂ ਪੈਦਾ ਹੋ ਸਕੇ। (ਲੂਕਾ 1:30-35) ਫਿਰ ਜਦੋਂ ਯਿਸੂ ਦੇ ਦੁਸ਼ਮਣਾਂ ਨੇ ਉਸ ਨੂੰ ਜਾਨੋਂ ਮਾਰ ਦਿੱਤਾ, ਤਾਂ ਯਹੋਵਾਹ ਨੇ ਇਕ ਹੋਰ ਚਮਤਕਾਰ ਕੀਤਾ। ਉਸ ਨੇ ਯਿਸੂ ਨੂੰ ਦੁਬਾਰਾ ਜ਼ਿੰਦਾ ਕਰ ਦਿੱਤਾ ਤੇ ਉਸ ਨੂੰ ਦੂਤਾਂ ਵਰਗਾ ਸਰੀਰ ਦਿੱਤਾ।—1 ਪਤ. 3:18.

3. ਯਹੋਵਾਹ ਨੇ ਆਪਣੇ ਪੁੱਤਰ ਨੂੰ ਖ਼ੁਸ਼ੀ-ਖ਼ੁਸ਼ੀ ਸਵਰਗੀ ਜੀਵਨ ਕਿਉਂ ਦਿੱਤਾ?

3 ਯਹੋਵਾਹ ਨੇ ਯਿਸੂ ਨੂੰ ਉਹ ਚੀਜ਼ ਦਿੱਤੀ ਜੋ ਉਸ ਕੋਲ ਧਰਤੀ ’ਤੇ ਆਉਣ ਤੋਂ ਪਹਿਲਾਂ ਨਹੀਂ ਸੀ। ਉਹ ਹੈ ਸਵਰਗ ਵਿਚ ਅਮਰ ਜੀਵਨ ਜਿਸ ਦੇ ਕਾਰਨ ਉਸ ਨੂੰ ਕਦੇ ਮੌਤ ਦਾ ਸਾਮ੍ਹਣਾ ਨਹੀਂ ਕਰਨਾ ਪਵੇਗਾ। (ਇਬ. 7:15-17, 28) ਯਹੋਵਾਹ ਨੇ ਖ਼ੁਸ਼ੀ ਨਾਲ ਯਿਸੂ ਨੂੰ ਇਹ ਜੀਵਨ ਦਿੱਤਾ ਕਿਉਂਕਿ ਉਹ ਸਖ਼ਤ ਅਜ਼ਮਾਇਸ਼ਾਂ ਦੌਰਾਨ ਉਸ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਰਿਹਾ। ਇਸ ਤਰ੍ਹਾਂ ਯਿਸੂ ਨੇ ਆਪਣੇ ਪਿਤਾ ਯਹੋਵਾਹ ਨੂੰ ਸਭ ਤੋਂ ਵਧੀਆ ਸਬੂਤ ਦਿੱਤਾ ਕਿ ਸ਼ਤਾਨ ਦਾ ਇਹ ਦਾਅਵਾ ਝੂਠਾ ਹੈ ਕਿ ਇਨਸਾਨ ਪਿਆਰ ਦੀ ਖ਼ਾਤਰ ਨਹੀਂ, ਸਗੋਂ ਸੁਆਰਥ ਲਈ ਪਰਮੇਸ਼ੁਰ ਦੀ ਭਗਤੀ ਕਰਦੇ ਹਨ।—ਕਹਾ. 27:11.

4. (ੳ) ਸਵਰਗ ਪਰਤ ਕੇ ਯਿਸੂ ਨੇ ਸਾਡੇ ਲਈ ਕੀ ਕੀਤਾ ਅਤੇ ਯਹੋਵਾਹ ਨੇ ਅੱਗੋਂ ਕੀ ਕੀਤਾ? (ਅ) ਯਹੋਵਾਹ ਅਤੇ ਯਿਸੂ ਨੇ ਤੁਹਾਡੇ ਲਈ ਜੋ ਕੁਝ ਕੀਤਾ ਹੈ, ਤੁਸੀਂ ਉਸ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

4 ਯਿਸੂ ਨੇ ਸਵਰਗ ਜਾ ਕੇ ਇਸ ਤੋਂ ਵੀ ਜ਼ਿਆਦਾ ਕੁਝ ਕੀਤਾ। ਬਾਈਬਲ ਦੱਸਦੀ ਹੈ ਕਿ ਉਹ ਆਪਣੇ “ਲਹੂ” ਦੇ ਨਾਲ ‘ਸਾਡੇ ਲਈ ਪਰਮੇਸ਼ੁਰ ਦੇ ਸਨਮੁਖ ਪੇਸ਼ ਹੋਇਆ।’ ਯਹੋਵਾਹ ਨੇ ਪਿਆਰ ਨਾਲ ਯਿਸੂ ਦੇ ਲਹੂ ਦੀ ਕੀਮਤ ਨੂੰ ਕਬੂਲ ਕੀਤਾ ਜੋ “ਸਾਡਿਆਂ ਪਾਪਾਂ ਦਾ ਪਰਾਸਚਿੱਤ ਹੈ।” ਇਸ ਦੀ ਬਦੌਲਤ ਅਸੀਂ ‘ਸ਼ੁੱਧ ਅੰਤਹਕਰਨ’ ਨਾਲ “ਜੀਉਂਦੇ ਪਰਮੇਸ਼ੁਰ ਦੀ ਉਪਾਸਨਾ” ਕਰ ਸਕਦੇ ਹਾਂ। ਇਸ ਲਈ ਸਾਡੇ ਕੋਲ ਜ਼ਬੂਰ 112 ਦੇ ਅਨੁਸਾਰ ਇਹ ਕਹਿਣ ਦਾ ਕਿੰਨਾ ਵਧੀਆ ਕਾਰਨ ਹੈ, “ਹਲਲੂਯਾਹ!”—ਇਬ. 9:12-14, 24; 1 ਯੂਹੰ. 2:2.

5. (ੳ) ਪਰਮੇਸ਼ੁਰ ਦੇ ਅੱਗੇ ਧਰਮੀ ਬਣੇ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (ਅ) ਜ਼ਬੂਰ 111 ਅਤੇ ਜ਼ਬੂਰ 112 ਆਪਸ ਵਿਚ ਕਿਵੇਂ ਮਿਲਦੇ-ਜੁਲਦੇ ਹਨ?

5 ਜੇ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਬਣੇ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਯਿਸੂ ਦੇ ਵਹਾਏ ਲਹੂ ਵਿਚ ਨਿਹਚਾ ਕਰਦੇ ਰਹਿਣ ਦੀ ਲੋੜ ਹੈ। ਸਾਨੂੰ ਰੋਜ਼ ਯਹੋਵਾਹ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਸ ਨੇ ਸਾਨੂੰ ਇੰਨਾ ਜ਼ਿਆਦਾ ਪਿਆਰ ਕੀਤਾ। (ਯੂਹੰ. 3:16) ਨਾਲੇ ਸਾਨੂੰ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੇ ਰਹਿਣ ਦੇ ਨਾਲ-ਨਾਲ ਉਸ ਵਿਚਲੀਆਂ ਗੱਲਾਂ ਦੇ ਅਨੁਸਾਰ ਜੀਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੋ ਪਰਮੇਸ਼ੁਰ ਅੱਗੇ ਸ਼ੁੱਧ ਜ਼ਮੀਰ ਰੱਖਣੀ ਚਾਹੁੰਦੇ ਹਨ, ਉਨ੍ਹਾਂ ਵਾਸਤੇ ਜ਼ਬੂਰ 112 ਵਿਚ ਚੰਗੀ ਸਲਾਹ ਪਾਈ ਜਾਂਦੀ ਹੈ। ਦਰਅਸਲ, ਜ਼ਬੂਰ 111 ਅਤੇ 112 ਇਕ-ਦੂਜੇ ਤੋਂ ਬਿਨਾਂ ਅਧੂਰੇ ਹਨ। ਉਹ ਕਿਵੇਂ? ਇਬਰਾਨੀ ਭਾਸ਼ਾ ਵਿਚ ਇਹ ਦੋਵੇਂ ਜ਼ਬੂਰ ਸ਼ਬਦ “ਹਲਲੂਯਾਹ!” ਯਾਨੀ “ਹੇ ਲੋਕੋ, ਯਾਹ ਦੀ ਉਸਤਤ ਕਰੋ” ਨਾਲ ਸ਼ੁਰੂ ਹੁੰਦੇ ਹਨ। ਇਸ ਤੋਂ ਬਾਅਦ 22 ਵਾਕ ਲਿਖੇ ਹੋਏ ਹਨ ਅਤੇ ਹਰ ਵਾਕ ਦੇ ਸ਼ੁਰੂ ਵਿਚ ਇਬਰਾਨੀ ਵਰਣਮਾਲਾ ਦੇ ਅੱਖਰ ਹਨ। *

ਖ਼ੁਸ਼ੀ ਦਾ ਕਾਰਨ

6. ਜ਼ਬੂਰ 112 ਵਿਚ ਪਰਮੇਸ਼ੁਰ ਤੋਂ ਡਰਨ ਵਾਲਾ “ਮਨੁੱਖ” ਕਿਵੇਂ ਮੁਬਾਰਕ ਹੈ?

6“ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾਹ ਦਾ ਭੈ ਮੰਨਦਾ ਹੈ, ਉਹ ਉਸ ਦੇ ਹੁਕਮਾਂ ਵਿੱਚ ਬਹੁਤ ਮਗਨ ਰਹਿੰਦਾ ਹੈ। ਉਹ ਦੀ ਅੰਸ ਧਰਤੀ ਉੱਤੇ ਬਲਵਾਨ ਹੋਵੇਗੀ, ਸਚਿਆਰਾਂ ਦੀ ਪੀੜ੍ਹੀ ਮੁਬਾਰਕ ਹੋਵੇਗੀ।” (ਜ਼ਬੂ. 112:1, 2) ਧਿਆਨ ਦਿਓ ਕਿ ਜ਼ਬੂਰ ਨੇ ਪਹਿਲਾਂ ਇਕ “ਮਨੁੱਖ” ਦਾ ਜ਼ਿਕਰ ਕੀਤਾ, ਫਿਰ ਦੂਜੀ ਆਇਤ ਵਿਚ ਉਹ ਬਹੁਵਚਨ “ਸਚਿਆਰਾਂ” ਵਰਤਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਜ਼ਬੂਰ 112 ਵਿਚ ਕਈ ਮਨੁੱਖਾਂ ਦੀ ਗੱਲ ਕੀਤੀ ਗਈ ਹੈ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਪੌਲੁਸ ਰਸੂਲ ਨੇ ਕਿਉਂ ਜ਼ਬੂਰ 112:9 ਨੂੰ ਪਹਿਲੀ ਸਦੀ ਦੇ ਮਸੀਹੀਆਂ ’ਤੇ ਲਾਗੂ ਕੀਤਾ। (2 ਕੁਰਿੰਥੀਆਂ 9:8, 9 ਪੜ੍ਹੋ।) ਇਹ ਜ਼ਬੂਰ ਕਿੰਨੇ ਵਧੀਆ ਤਰੀਕੇ ਨਾਲ ਦਿਖਾਉਂਦਾ ਹੈ ਕਿ ਅੱਜ ਮਸੀਹ ਦੇ ਚੇਲੇ ਕਿਵੇਂ ਖ਼ੁਸ਼ ਰਹਿ ਸਕਦੇ ਹਨ!

7. ਯਹੋਵਾਹ ਦੇ ਭਗਤਾਂ ਨੂੰ ਉਸ ਦਾ ਭੈ ਕਿਉਂ ਮੰਨਣਾ ਚਾਹੀਦਾ ਹੈ ਅਤੇ ਤੁਹਾਨੂੰ ਪਰਮੇਸ਼ੁਰ ਦੇ ਹੁਕਮਾਂ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?

7 ਜਿਵੇਂ ਜ਼ਬੂਰ 112:1 ਵਿਚ ਦੱਸਿਆ ਹੈ, ਅੱਜ ਸੱਚੇ ਮਸੀਹੀਆਂ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ ਜਦੋਂ ਉਹ “ਯਹੋਵਾਹ ਦਾ ਭੈ” ਮੰਨਦੇ ਹਨ। ਯਹੋਵਾਹ ਦਾ ਭੈ ਰੱਖਣ ਨਾਲ ਉਹ ਸ਼ਤਾਨ ਦੀ ਦੁਨੀਆਂ ਦੀ ਹਵਾ ਲੱਗਣ ਤੋਂ ਬਚੇ ਰਹਿੰਦੇ ਹਨ। ਉਹ ਪਰਮੇਸ਼ੁਰ ਦਾ ਬਚਨ ਪੜ੍ਹਨ ਵਿਚ “ਮਗਨ” ਰਹਿੰਦੇ ਹਨ ਤੇ ਉਸ ਦੇ ਹੁਕਮਾਂ ਨੂੰ ਮੰਨਦੇ ਹਨ। ਇਨ੍ਹਾਂ ਹੁਕਮਾਂ ਵਿਚ ਇਕ ਹੁਕਮ ਹੈ ਸਾਰੀ ਦੁਨੀਆਂ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ। ਇਸ ਹੁਕਮ ਅਨੁਸਾਰ ਉਹ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਪਰਮੇਸ਼ੁਰ ਦੇ ਨਿਆਂ ਦੇ ਦਿਨ ਬਾਰੇ ਬੁਰੇ ਲੋਕਾਂ ਨੂੰ ਚੇਤਾਵਨੀ ਵੀ ਦਿੰਦੇ ਹਨ।—ਹਿਜ਼. 3:17, 18; ਮੱਤੀ 28:19, 20.

8. (ੳ) ਅੱਜ ਪਰਮੇਸ਼ੁਰ ਦੇ ਜੋਸ਼ੀਲੇ ਲੋਕਾਂ ਨੂੰ ਕਿਵੇਂ ਬਰਕਤਾਂ ਮਿਲ ਰਹੀਆਂ ਹਨ? (ਅ) ਧਰਤੀ ’ਤੇ ਜੀਣ ਦੀ ਉਮੀਦ ਰੱਖਣ ਵਾਲੇ ਲੋਕਾਂ ਨੂੰ ਭਵਿੱਖ ਵਿਚ ਕਿਹੜੀਆਂ ਬਰਕਤਾਂ ਮਿਲਣਗੀਆਂ?

8 ਇਨ੍ਹਾਂ ਹੁਕਮਾਂ ’ਤੇ ਚੱਲਣ ਕਰਕੇ ਅੱਜ ਪਰਮੇਸ਼ੁਰ ਦੇ ਭਗਤਾਂ ਦੀ ਗਿਣਤੀ 70,00,000 ਤਕ ਪਹੁੰਚ ਗਈ ਹੈ। ਇਹ ਪੱਕਾ ਸਬੂਤ ਹੈ ਕਿ ਯਹੋਵਾਹ ਦੇ ਲੋਕ “ਧਰਤੀ ਉੱਤੇ ਬਲਵਾਨ” ਹੋ ਗਏ ਹਨ। (ਯੂਹੰ. 10:16; ਪਰ. 7:9, 14) ਜਿਉਂ-ਜਿਉਂ ਪਰਮੇਸ਼ੁਰ ਆਪਣਾ ਮਕਸਦ ਪੂਰਾ ਕਰਦਾ ਜਾਵੇਗਾ, ਇਹ ਲੋਕ ਸੱਚ-ਮੁੱਚ ‘ਮੁਬਾਰਕ ਹੋਣਗੇ।’ ਕਿਵੇਂ? ਧਰਤੀ ਉੱਤੇ ਜੀਣ ਦੀ ਉਮੀਦ ਰੱਖਣ ਵਾਲੇ ਲੋਕ ਸਮੂਹ ਦੇ ਤੌਰ ਤੇ “ਵੱਡੀ ਬਿਪਤਾ” ਵਿੱਚੋਂ ਬਚ ਨਿਕਲਣਗੇ ਅਤੇ ਉਹ “ਨਵੀਂ ਧਰਤੀ” ਬਣਨਗੇ ‘ਜਿਸ ਵਿਚ ਧਰਮ ਵੱਸੇਗਾ।’ ਸਮੇਂ ਦੇ ਬੀਤਣ ਨਾਲ ਆਰਮਾਗੇਡਨ ਵਿੱਚੋਂ ਬਚ ਨਿਕਲੇ ਇਹ ਲੋਕ ਹੋਰ ਵੀ ‘ਮੁਬਾਰਕ ਹੋਣਗੇ।’ ਉਹ ਨਵੀਂ ਦੁਨੀਆਂ ਵਿਚ ਲੱਖਾਂ ਹੀ ਜੀ ਉੱਠੇ ਲੋਕਾਂ ਦਾ ਸੁਆਗਤ ਕਰਨਗੇ। ਵਾਕਈ, ਉਨ੍ਹਾਂ ਲਈ ਕਿੰਨਾ ਸੁਨਹਿਰਾ ਮੌਕਾ! ਅਖ਼ੀਰ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਵਾਲਿਆਂ ਦੇ ਸਰੀਰ ਮੁਕੰਮਲ ਹੋ ਜਾਣਗੇ ਅਤੇ ਉਹ ਹਮੇਸ਼ਾ ਲਈ ‘ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰਨਗੇ।’—2 ਪਤ. 3:13; ਰੋਮੀ. 8:21.

ਪੈਸਿਆਂ ਦੀ ਚੰਗੀ ਵਰਤੋਂ

9, 10. ਸੱਚੇ ਮਸੀਹੀਆਂ ਨੇ ਆਪਣਾ ਖ਼ਜ਼ਾਨਾ ਕਿਵੇਂ ਵਰਤਿਆ ਹੈ ਅਤੇ ਉਹ ਧਰਮੀਆਂ ਵਜੋਂ ਕਿਵੇਂ ਸਦਾ ਲਈ ਬਣੇ ਰਹਿਣਗੇ?

9“ਧਨ ਦੌਲਤ ਉਹ ਦੇ ਘਰ ਵਿੱਚ ਹੈ ਅਤੇ ਉਹ ਦਾ ਧਰਮ ਸਦਾ ਤੀਕ ਬਣਿਆ ਰਹਿੰਦਾ ਹੈ। ਸਚਿਆਰਾਂ ਲਈ ਅਨ੍ਹੇਰੇ ਵਿੱਚੋਂ ਚਾਨਣ ਚੜ੍ਹ ਆਉਂਦਾ ਹੈ, ਉਹ ਦਯਾਲੂ, ਕਿਰਪਾਲੂ ਤੇ ਧਰਮੀ ਹੈ।” (ਜ਼ਬੂ. 112:3, 4) ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਕੁਝ ਭਗਤ ਧਨੀ ਸਨ। ਪਰ ਯਹੋਵਾਹ ਦੇ ਭਗਤ ਇਕ ਹੋਰ ਅਰਥ ਵਿਚ ਵੀ ਉਸ ਦੀਆਂ ਨਜ਼ਰਾਂ ਵਿਚ ਧਨੀ ਬਣ ਜਾਂਦੇ ਹਨ ਭਾਵੇਂ ਕਿ ਉਨ੍ਹਾਂ ਕੋਲ ਪੈਸਾ ਨਾ ਵੀ ਹੋਵੇ। ਯਿਸੂ ਦੇ ਦਿਨਾਂ ਵਾਂਗ ਅੱਜ ਸ਼ਾਇਦ ਜ਼ਿਆਦਾਤਰ ਯਹੋਵਾਹ ਦੇ ਨਿਮਰ ਭਗਤ ਪੈਸੇ ਪੱਖੋਂ ਗ਼ਰੀਬ ਹੋਣ ਅਤੇ ਦੁਨੀਆਂ ਦੇ ਲੋਕ ਉਨ੍ਹਾਂ ਨੂੰ ਘਟੀਆ ਸਮਝਣ। (ਲੂਕਾ 4:18; 7:22; ਯੂਹੰ. 7:49) ਪਰ ਗੱਲ ਤਾਂ ਇਹ ਹੈ ਕਿ ਕੋਈ ਵੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਨਵਾਨ ਬਣ ਸਕਦਾ ਹੈ ਭਾਵੇਂ ਉਸ ਕੋਲ ਜ਼ਿਆਦਾ ਪੈਸਾ ਹੈ ਜਾਂ ਘੱਟ।—ਮੱਤੀ 6:20; 1 ਤਿਮੋ. 6:18, 19; ਯਾਕੂਬ 2:5 ਪੜ੍ਹੋ।

10 ਮਸਹ ਕੀਤੇ ਹੋਏ ਮਸੀਹੀ ਅਤੇ ਉਨ੍ਹਾਂ ਦੇ ਸਾਥੀ ਪਰਮੇਸ਼ੁਰ ਦੀਆਂ ਗੱਲਾਂ ਜਾਂ ਗਿਆਨ ਆਪਣੇ ਕੋਲ ਨਹੀਂ ਰੱਖਦੇ ਜੋ ਧਨ ਦੀ ਤਰ੍ਹਾਂ ਹਨ। ਇਸ ਦੀ ਬਜਾਇ ਉਹ ਸ਼ਤਾਨ ਦੀ ਹਨੇਰੀ ਦੁਨੀਆਂ ਵਿਚ “ਸਚਿਆਰਾਂ ਲਈ ਚਾਨਣ” ਵਜੋਂ ਚਮਕਦੇ ਹਨ। ਉਹ ਪਰਮੇਸ਼ੁਰ ਦੀ ਬੁੱਧ ਤੇ ਉਸ ਦੇ ਗਿਆਨ ਦਾ ਖ਼ਜ਼ਾਨਾ ਦੂਜਿਆਂ ਨਾਲ ਸਾਂਝਾ ਕਰ ਕੇ ਆਪਣਾ ਚਾਨਣ ਚਮਕਾਉਂਦੇ ਹਨ। ਵਿਰੋਧੀਆਂ ਨੇ ਪ੍ਰਚਾਰ ਦੇ ਕੰਮ ਨੂੰ ਰੋਕਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਹਨ, ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ। ਦਰਅਸਲ, ਪਰਮੇਸ਼ੁਰ ਦਾ ਇਹ ਧਰਮੀ ਕੰਮ ਕੋਈ ਵੀ ਨਹੀਂ ਰੋਕ ਸਕਦਾ। ਅਜ਼ਮਾਇਸ਼ਾਂ ਦੇ ਬਾਵਜੂਦ ਯਹੋਵਾਹ ਦੇ ਧਰਮੀ ਭਗਤ ਵਫ਼ਾਦਾਰੀ ਨਾਲ ਉਸ ਦਾ ਕੰਮ ਕਰ ਰਹੇ ਹਨ। ਇਸ ਲਈ ਉਹ ਹਮੇਸ਼ਾ ਲਈ ਜੀਉਣ ਦੀ ਆਸ ਰੱਖ ਸਕਦੇ ਹਨ ਯਾਨੀ ਉਹ ‘ਸਦਾ ਤੀਕ ਬਣੇ ਰਹਿਣਗੇ।’

11, 12. ਪਰਮੇਸ਼ੁਰ ਦੇ ਲੋਕ ਕਿਨ੍ਹਾਂ ਕੁਝ ਤਰੀਕਿਆਂ ਨਾਲ ਆਪਣਾ ਪੈਸਾ-ਧੇਲਾ ਵਰਤਦੇ ਹਨ?

11 ਮਸਹ ਕੀਤੇ ਹੋਇਆਂ ਅਤੇ “ਵੱਡੀ ਭੀੜ” ਨੇ ਪੈਸੇ-ਧੇਲੇ ਪੱਖੋਂ ਦਰਿਆ-ਦਿਲੀ ਦਿਖਾਈ ਹੈ। ਜ਼ਬੂਰ 112:9 ਕਹਿੰਦਾ ਹੈ: “ਉਹ ਨੇ ਵੰਡਿਆ, ਉਹ ਨੇ ਕੰਗਾਲਾਂ ਨੂੰ ਦਿੱਤਾ।” ਅੱਜ ਸੱਚੇ ਮਸੀਹੀ ਅਕਸਰ ਆਪਣੇ ਭੈਣਾਂ-ਭਰਾਵਾਂ ਅਤੇ ਲੋੜਵੰਦ ਗੁਆਂਢੀਆਂ ਦੀ ਮਦਦ ਕਰਨ ਲਈ ਪੈਸੇ ਦਾਨ ਕਰਦੇ ਹਨ। ਆਫ਼ਤਾਂ ਆਉਣ ’ਤੇ ਉਹ ਆਪਣਾ ਪੈਸਾ, ਸਮਾਂ ਅਤੇ ਤਾਕਤ ਰਾਹਤ ਕੰਮਾਂ ਲਈ ਵੀ ਵਰਤਦੇ ਹਨ। ਯਿਸੂ ਦੇ ਕਹਿਣੇ ਅਨੁਸਾਰ ਸੱਚੇ ਮਸੀਹੀਆਂ ਨੂੰ ਇਸ ਤਰ੍ਹਾਂ ਦੇਣ ਨਾਲ ਵੀ ਖ਼ੁਸ਼ੀ ਮਿਲਦੀ ਹੈ।—ਰਸੂਲਾਂ ਦੇ ਕਰਤੱਬ 20:35; 2 ਕੁਰਿੰਥੀਆਂ 9:7 ਪੜ੍ਹੋ।

12 ਇਸ ਬਾਰੇ ਵੀ ਸੋਚੋ ਕਿ ਇਸ ਰਸਾਲੇ ਨੂੰ 172 ਭਾਸ਼ਾਵਾਂ ਵਿਚ ਛਾਪਣ ’ਤੇ ਕਿੰਨਾ ਖ਼ਰਚਾ ਆਉਂਦਾ ਹੈ। ਇਨ੍ਹਾਂ ਵਿੱਚੋਂ ਕਈ ਭਾਸ਼ਾਵਾਂ ਗ਼ਰੀਬ ਲੋਕ ਬੋਲਦੇ ਹਨ। ਇਸ ਤੋਂ ਇਲਾਵਾ, ਇਹ ਰਸਾਲਾ ਬੋਲ਼ੇ ਲੋਕਾਂ ਦੀ ਵੱਖੋ-ਵੱਖਰੀ ਸੈਨਤ ਭਾਸ਼ਾ ਅਤੇ ਅੰਨ੍ਹੇ ਲੋਕਾਂ ਦੀ ਬ੍ਰੇਲ ਭਾਸ਼ਾ ਵਿਚ ਵੀ ਛਾਪਿਆ ਜਾਂਦਾ ਹੈ।

ਦਿਆਲੂ ਅਤੇ ਇਨਸਾਫ਼-ਪਸੰਦ

13. ਦਿਆਲਤਾ ਦੀਆਂ ਕਿਹੜੀਆਂ ਵਧੀਆ ਮਿਸਾਲਾਂ ਹਨ ਅਤੇ ਅਸੀਂ ਉਨ੍ਹਾਂ ਮਿਸਾਲਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ?

13“ਉਸ ਮਨੁੱਖ ਦਾ ਭਲਾ ਹੁੰਦਾ ਜਿਹੜਾ ਦਯਾਵਾਨ ਤੇ ਉਧਾਰ ਦੇਣ ਵਾਲਾ ਹੈ।” (ਜ਼ਬੂ. 112:5) ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਦੂਜਿਆਂ ਦੀ ਮਦਦ ਕਰਨ ਵਾਲੇ ਲੋਕ ਹਮੇਸ਼ਾ ਦਿਆਲੂ ਨਹੀਂ ਹੁੰਦੇ। ਕੁਝ ਇਸ ਲਈ ਦਾਨ ਕਰਦੇ ਹਨ ਤਾਂਕਿ ਉਹ ਆਪਣੇ ਆਪ ਨੂੰ ਉੱਚਾ ਚੁੱਕ ਸਕਣ ਜਾਂ ਫਿਰ ਕੁਝ ਕੁੜ-ਕੁੜ ਕੇ ਦਿੰਦੇ ਹਨ। ਇਹੋ ਜਿਹੇ ਲੋਕਾਂ ਤੋਂ ਮਦਦ ਲੈਣੀ ਚੰਗੀ ਨਹੀਂ ਲੱਗਦੀ ਜਿਹੜੇ ਤੁਹਾਨੂੰ ਨੀਵਾਂ ਮਹਿਸੂਸ ਕਰਾਉਂਦੇ ਹਨ ਜਾਂ ਦਿਖਾਉਣਾ ਚਾਹੁੰਦੇ ਕਿ ਤੁਸੀਂ ਉਨ੍ਹਾਂ ’ਤੇ ਬੋਝ ਹੋ। ਇਸ ਦੇ ਉਲਟ, ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਪਿਆਰ ਨਾਲ ਕੋਈ ਸਾਡੀ ਮਦਦ ਕਰਦਾ ਹੈ! ਇਸ ਸੰਬੰਧੀ ਯਹੋਵਾਹ ਸਭ ਤੋਂ ਵਧੀਆ ਮਿਸਾਲ ਹੈ ਜੋ ਸਾਰਿਆਂ ਨੂੰ ਪਿਆਰ ਨਾਲ ਤੇ ਖ਼ੁਸ਼ ਹੋ ਕੇ ਦਿੰਦਾ ਹੈ। (1 ਤਿਮੋ. 1:11; ਯਾਕੂ. 1:5, 17) ਯਿਸੂ ਵੀ ਆਪਣੇ ਪਿਤਾ ਵਾਂਗ ਦਿਆਲੂ ਸੀ। (ਮਰ. 1:40-42) ਅਸੀਂ ਪਰਮੇਸ਼ੁਰ ਅੱਗੇ ਧਰਮੀ ਗਿਣੇ ਜਾਣਾ ਚਾਹੁੰਦੇ ਹਾਂ, ਇਸ ਲਈ ਅਸੀਂ ਖ਼ੁਸ਼ੀ ਅਤੇ ਖੁੱਲ੍ਹ-ਦਿਲੀ ਨਾਲ ਦਿੰਦੇ ਹਾਂ, ਖ਼ਾਸਕਰ ਜਦੋਂ ਅਸੀਂ ਲੋਕਾਂ ਨੂੰ ਪ੍ਰਚਾਰ ਕਰਦਿਆਂ ਪਰਮੇਸ਼ੁਰ ਦਾ ਗਿਆਨ ਦਿੰਦੇ ਹਾਂ।

14. ਅਸੀਂ ਕਿਨ੍ਹਾਂ ਕੁਝ ਤਰੀਕਿਆਂ ਨਾਲ ‘ਆਪਣੇ ਕੰਮਾਂ ਨੂੰ ਇਨਸਾਫ਼ ਨਾਲ ਚਲਾ’ ਸਕਦੇ ਹਾਂ?

14“ਉਹ ਆਪਣੇ ਕੰਮਾਂ ਨੂੰ ਇਨਸਾਫ਼ ਨਾਲ ਚਲਾਏਗਾ।” (ਜ਼ਬੂ. 112:5) ਬਾਈਬਲ ਵਿਚ ਦੱਸਿਆ ਗਿਆ ਹੈ ਕਿ ਮਾਤਬਰ ਅਤੇ ਬੁੱਧਵਾਨ ਮੁਖ਼ਤਿਆਰ ਯਹੋਵਾਹ ਦੇ ਇਨਸਾਫ਼ ਅਨੁਸਾਰ ਮਾਲਕ ਦੇ ਮਾਲ-ਮਤੇ ਦੀ ਦੇਖ-ਭਾਲ ਕਰਦਾ ਹੈ। (ਲੂਕਾ 12:42-44 ਪੜ੍ਹੋ।) ਇਹ ਗੱਲ ਅਸੀਂ ਮਾਤਬਰ ਨੌਕਰ ਵੱਲੋਂ ਬਜ਼ੁਰਗਾਂ ਨੂੰ ਦਿੱਤੀ ਜਾਂਦੀ ਸੇਧ ਤੋਂ ਦੇਖ ਸਕਦੇ ਹਾਂ ਜੋ ਕਈ ਵਾਰ ਕਲੀਸਿਯਾ ਵਿਚ ਗੰਭੀਰ ਪਾਪਾਂ ਸੰਬੰਧੀ ਮਸਲੇ ਸੁਲਝਾਉਂਦੇ ਹਨ। ਨਾਲੇ ਜਿਸ ਢੰਗ ਨਾਲ ਮਾਤਬਰ ਨੌਕਰ ਬਾਈਬਲ-ਆਧਾਰਿਤ ਸਲਾਹ ਦਿੰਦਾ ਹੈ ਕਿ ਸਾਰੀਆਂ ਕਲੀਸਿਯਾਵਾਂ, ਮਿਸ਼ਨਰੀ ਘਰਾਂ ਅਤੇ ਬੈਥਲ ਘਰਾਂ ਨੂੰ ਕਿਵੇਂ ਚਲਾਇਆ ਜਾਣਾ ਚਾਹੀਦਾ ਹੈ, ਉਸ ਤੋਂ ਵੀ ਜ਼ਾਹਰ ਹੁੰਦਾ ਹੈ ਕਿ ਉਹ ਇਨਸਾਫ਼ ਨਾਲ ਕੰਮ ਕਰਦਾ ਹੈ। ਸਿਰਫ਼ ਬਜ਼ੁਰਗਾਂ ਤੋਂ ਹੀ ਇਨਸਾਫ਼ ਕਰਨ ਦੀ ਆਸ ਨਹੀਂ ਰੱਖੀ ਜਾਂਦੀ, ਸਗੋਂ ਸਾਨੂੰ ਵੀ ਆਪਣੇ ਭੈਣਾਂ-ਭਰਾਵਾਂ ਨਾਲ, ਹੋਰਨਾਂ ਲੋਕਾਂ ਨਾਲ ਅਤੇ ਕਾਰੋਬਾਰੀ ਮਾਮਲਿਆਂ ਵਿਚ ਵੀ ਇਨਸਾਫ਼ ਕਰਨਾ ਚਾਹੀਦਾ ਹੈ।—ਮੀਕਾਹ 6:8, 11 ਪੜ੍ਹੋ।

ਧਰਮੀਆਂ ਲਈ ਬਰਕਤਾਂ

15, 16. (ੳ) ਦੁਨੀਆਂ ਵਿਚ ਬੁਰੀਆਂ ਖ਼ਬਰਾਂ ਦਾ ਧਰਮੀ ਲੋਕਾਂ ’ਤੇ ਕੀ ਅਸਰ ਪੈਂਦਾ ਹੈ? (ਅ) ਯਹੋਵਾਹ ਦੇ ਭਗਤਾਂ ਨੇ ਕੀ ਕਰਦੇ ਰਹਿਣ ਦਾ ਪੱਕਾ ਇਰਾਦਾ ਕੀਤਾ ਹੈ?

15“ਉਹ ਕਦੀ ਵੀ ਨਾ ਡੋਲੇਗਾ, ਧਰਮੀ ਸਦਾ ਦੀ ਯਾਦਗੀਰੀ ਲਈ ਹੋਵੇਗਾ। ਉਹ ਬੁਰੀ ਖਬਰ ਤੋਂ ਨਹੀਂ ਡਰਦਾ, ਉਹ ਦਾ ਦਿਲ ਮਜ਼ਬੂਤ ਹੈ, ਉਹ ਦਾ ਭਰੋਸਾ ਯਹੋਵਾਹ ਉੱਤੇ ਹੈ। ਉਹ ਦਾ ਮਨ ਤਕੜਾ ਹੈ, ਉਹ ਨਾ ਡਰੇਗਾ, ਜਦ ਤੱਕ ਉਹ ਆਪਣੇ ਵਿਰੋਧੀਆਂ ਉੱਤੇ (ਆਪਣੀ ਜਿੱਤ) ਨਾ ਵੇਖੇ।” (ਜ਼ਬੂ. 112:6-8) ਇਤਿਹਾਸ ਵਿਚ ਕਦੇ ਵੀ ਇੰਨੀਆਂ ਬੁਰੀਆਂ ਖ਼ਬਰਾਂ ਅਤੇ ਗੱਲਾਂ ਦੇਖਣ-ਸੁਣਨ ਨੂੰ ਨਹੀਂ ਮਿਲੀਆਂ ਜਿੰਨੀਆਂ ਅੱਜ ਮਿਲ ਰਹੀਆਂ ਹਨ ਜਿਵੇਂ ਯੁੱਧ, ਅੱਤਵਾਦ, ਨਵੀਆਂ-ਨਵੀਆਂ ਬੀਮਾਰੀਆਂ ਅਤੇ ਪੁਰਾਣੀਆਂ ਖ਼ਤਰਨਾਕ ਬੀਮਾਰੀਆਂ ਜੋ ਫਿਰ ਤੋਂ ਲੱਗ ਰਹੀਆਂ ਹਨ, ਜ਼ੁਲਮ, ਗ਼ਰੀਬੀ ਅਤੇ ਪ੍ਰਦੂਸ਼ਣ ਜੋ ਧਰਤੀ ਨੂੰ ਬਰਬਾਦ ਕਰ ਰਿਹਾ ਹੈ। ਪਰਮੇਸ਼ੁਰ ਦੇ ਧਰਮੀ ਲੋਕ ਇਨ੍ਹਾਂ ਬੁਰੀਆਂ ਖ਼ਬਰਾਂ ਦੇ ਅਸਰਾਂ ਤੋਂ ਬਚ ਨਹੀਂ ਸਕਦੇ, ਪਰ ਉਹ ਇਨ੍ਹਾਂ ਦੇ ਕਾਰਨ ਡਰ-ਡਰ ਕੇ ਨਹੀਂ ਜੀਂਦੇ। ਉਨ੍ਹਾਂ ਦੇ ਦਿਲ “ਮਜ਼ਬੂਤ” ਅਤੇ ‘ਤਕੜੇ’ ਹਨ ਕਿਉਂਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦਾ ਭਵਿੱਖ ਉੱਜਲ ਹੋਵੇਗਾ। ਉਨ੍ਹਾਂ ਨੂੰ ਪਤਾ ਹੈ ਕਿ ਪਰਮੇਸ਼ੁਰ ਦੀ ਨਵੀਂ ਧਰਮੀ ਦੁਨੀਆਂ ਬਸ ਆਉਣ ਹੀ ਵਾਲੀ ਹੈ। ਜੇ ਕੋਈ ਆਫ਼ਤ ਆ ਜਾਵੇ, ਤਾਂ ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਸੰਭਾਲ ਲੈਂਦੇ ਹਨ ਕਿਉਂਕਿ ਉਨ੍ਹਾਂ ਦਾ ਭਰੋਸਾ ਯਹੋਵਾਹ ’ਤੇ ਹੈ ਕਿ ਉਹ ਉਨ੍ਹਾਂ ਦੀ ਮਦਦ ਕਰੇਗਾ। ਯਹੋਵਾਹ ਆਪਣੇ ਧਰਮੀ ਲੋਕਾਂ ਨੂੰ ਕਦੇ ਵੀ ਡੋਲਣ ਨਹੀਂ ਦਿੰਦਾ, ਬਲਕਿ ਉਹ ਉਨ੍ਹਾਂ ਦੀ ਮਦਦ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਹਿਣ ਦੀ ਤਾਕਤ ਵੀ ਦਿੰਦਾ ਹੈ।—ਫ਼ਿਲਿ. 4:13.

16 ਪਰਮੇਸ਼ੁਰ ਦੇ ਲੋਕਾਂ ਨੂੰ ਵਿਰੋਧੀਆਂ ਦੀ ਨਫ਼ਰਤ ਤੇ ਉਨ੍ਹਾਂ ਦੁਆਰਾ ਫੈਲਾਈਆਂ ਝੂਠੀਆਂ ਗੱਲਾਂ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਹੈ। ਪਰ ਇਹ ਗੱਲਾਂ ਉਨ੍ਹਾਂ ਨੂੰ ਪ੍ਰਚਾਰ ਕਰਨ ਤੋਂ ਰੋਕ ਨਹੀਂ ਸਕੀਆਂ ਅਤੇ ਨਾ ਹੀ ਰੋਕ ਸਕਣਗੀਆਂ। ਇਸ ਦੀ ਬਜਾਇ, ਉਹ ਯਹੋਵਾਹ ਵੱਲੋਂ ਦਿੱਤਾ ਪ੍ਰਚਾਰ ਤੇ ਚੇਲੇ ਬਣਾਉਣ ਦਾ ਕੰਮ ਦ੍ਰਿੜ੍ਹਤਾ ਨਾਲ ਅਤੇ ਤਕੜੇ ਹੋ ਕੇ ਕਰ ਰਹੇ ਹਨ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਧਰਮੀਆਂ ਦਾ ਜ਼ਿਆਦਾ ਤੋਂ ਜ਼ਿਆਦਾ ਵਿਰੋਧ ਕੀਤਾ ਜਾਵੇਗਾ ਜਿਉਂ-ਜਿਉਂ ਅੰਤ ਨੇੜੇ ਆ ਰਿਹਾ ਹੈ। ਇਹ ਨਫ਼ਰਤ ਹੋਰ ਵੀ ਵਧ ਜਾਵੇਗੀ ਜਦੋਂ ਮਾਗੋਗ ਦਾ ਗੋਗ ਯਾਨੀ ਸ਼ਤਾਨ ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਲੋਕਾਂ ’ਤੇ ਹਮਲਾ ਕਰੇਗਾ। ਉਸ ਸਮੇਂ ਅਸੀਂ “ਆਪਣੇ ਵਿਰੋਧੀਆਂ” ਨੂੰ ਬੁਰੀ ਤਰ੍ਹਾਂ ਹਾਰਦੇ ਦੇਖਾਂਗੇ ਅਤੇ ਸਾਨੂੰ ਕਿੰਨੀ ਖ਼ੁਸ਼ੀ ਹੋਵੇਗੀ ਜਦੋਂ ਹਰ ਪਾਸੇ ਯਹੋਵਾਹ ਦੇ ਨਾਂ ਦੀ ਜੈ-ਜੈ ਕਾਰ ਹੋਵੇਗੀ!—ਹਿਜ਼. 38:18, 22, 23.

‘ਪਰਤਾਪ ਨਾਲ ਉੱਚੇ ਕੀਤੇ ਗਏ’

17. ਧਰਮੀ ਲੋਕ ਕਿਵੇਂ ‘ਪਰਤਾਪ ਨਾਲ ਉੱਚੇ ਕੀਤੇ ਜਾਣਗੇ’?

17 ਜਦੋਂ ਸ਼ਤਾਨ ਅਤੇ ਉਸ ਦੀ ਦੁਨੀਆਂ ਸਾਡਾ ਵਿਰੋਧ ਕਰਨ ਲਈ ਨਹੀਂ ਰਹੇਗੀ, ਉਦੋਂ ਕਿੰਨਾ ਵਧੀਆ ਹੋਵੇਗਾ ਕਿ ਅਸੀਂ ਸਾਰੇ ਮਿਲ ਕੇ ਯਹੋਵਾਹ ਦੀ ਵਡਿਆਈ ਕਰ ਸਕਾਂਗੇ! ਇਹੋ ਜਿਹਾ ਭਵਿੱਖ ਉਨ੍ਹਾਂ ਸਾਰਿਆਂ ਦਾ ਹੋਵੇਗਾ ਜੋ ਪਰਮੇਸ਼ੁਰ ਦੇ ਅੱਗੇ ਧਰਮੀ ਬਣੇ ਰਹਿਣਗੇ। ਉਹ ਕਦੇ ਵੀ ਹਾਰ ਦਾ ਮੂੰਹ ਨਹੀਂ ਦੇਖਣਗੇ ਕਿਉਂਕਿ ਯਹੋਵਾਹ ਵਾਅਦਾ ਕਰਦਾ ਹੈ ਕਿ ‘ਉਨ੍ਹਾਂ ਦਾ ਸਿੰਙ ਪਰਤਾਪ ਨਾਲ ਉੱਚਾ ਕੀਤਾ ਜਾਵੇਗਾ।’ (ਜ਼ਬੂ. 112:9) ਯਹੋਵਾਹ ਦੇ ਧਰਮੀ ਲੋਕ ਖ਼ੁਸ਼ ਹੋਣਗੇ ਜਦੋਂ ਉਹ ਯਹੋਵਾਹ ਦੇ ਸਾਰੇ ਵੈਰੀਆਂ ਦਾ ਨਾਸ਼ ਹੁੰਦਾ ਦੇਖਣਗੇ।

18. ਜ਼ਬੂਰ 112 ਦੇ ਆਖ਼ਰੀ ਸ਼ਬਦਾਂ ਦੀ ਪੂਰਤੀ ਕਿਵੇਂ ਹੋਵੇਗੀ?

18“ਦੁਸ਼ਟ ਇਹ ਨੂੰ ਵੇਖ ਕੇ ਕੁੜ੍ਹੇਗਾ, ਦੰਦ ਪੀਹ ਪੀਹ ਕੇ ਉਹ ਗਲ ਜਾਵੇਗਾ, ਦੁਸ਼ਟ ਦੀ ਹਿਰਸ ਨਾਸ ਹੋ ਜਾਵੇਗੀ।” (ਜ਼ਬੂ. 112:10) ਪਰਮੇਸ਼ੁਰ ਦੇ ਲੋਕਾਂ ਦਾ ਵਿਰੋਧ ਕਰਨ ਤੋਂ ਬਾਜ਼ ਨਾ ਆਉਣ ਵਾਲੇ ਬਹੁਤ ਜਲਦ ਆਪਣੀ ਹੀ ਈਰਖਾ ਅਤੇ ਨਫ਼ਰਤ ਵਿਚ ‘ਗਲ ਜਾਣਗੇ।’ ਸਾਡੇ ਕੰਮ ਨੂੰ ਰੋਕਣ ਦੀ ਉਨ੍ਹਾਂ ਦੀ ਖ਼ਾਹਸ਼ ਉਨ੍ਹਾਂ ਦੇ ਨਾਲ ਹੀ ‘ਵੱਡੇ ਕਸ਼ਟ’ ਵਿਚ ਮਰ-ਮਿਟ ਜਾਵੇਗੀ।—ਮੱਤੀ 24:21.

19. ਅਸੀਂ ਕਿਹੜੀ ਗੱਲ ਦਾ ਯਕੀਨ ਰੱਖ ਸਕਦੇ ਹਾਂ?

19 ਕੀ ਤੁਸੀਂ ਉਸ ਵੱਡੀ ਜਿੱਤ ਨੂੰ ਦੇਖਣ ਵਾਲਿਆਂ ਵਿਚ ਹੋਵੋਗੇ? ਜਾਂ ਜੇ ਤੁਸੀਂ ਬੀਮਾਰੀ ਜਾਂ ਬੁਢਾਪੇ ਦੇ ਕਾਰਨ ਸ਼ਤਾਨ ਦੀ ਦੁਨੀਆਂ ਦਾ ਅੰਤ ਆਉਣ ਤੋਂ ਪਹਿਲਾਂ ਮੌਤ ਦੀ ਨੀਂਦ ਸੌਂ ਜਾਂਦੇ ਹੋ, ਤਾਂ ਕੀ ਤੁਸੀਂ ਉਨ੍ਹਾਂ ‘ਧਰਮੀ’ ਲੋਕਾਂ ਵਿਚ ਹੋਵੋਗੇ ਜੋ ਜੀ ਉੱਠਣਗੇ? (ਰਸੂ. 24:15) ਇਸ ਸਵਾਲ ਦਾ ਜਵਾਬ ਤੁਸੀਂ ਹਾਂ ਵਿਚ ਦੇ ਸਕਦੇ ਹੋ ਜੇ ਤੁਸੀਂ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰਦੇ ਰਹੋਗੇ ਅਤੇ ਜ਼ਬੂਰ 112 ਵਿਚ ਦੱਸੇ ਧਰਮੀ ਬੰਦੇ ਵਾਂਗ ਯਹੋਵਾਹ ਦੀ ਰੀਸ ਕਰਦੇ ਰਹੋਗੇ। (ਅਫ਼ਸੀਆਂ 5:1, 2 ਪੜ੍ਹੋ।) ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਅਜਿਹੇ ਭਗਤਾਂ ਨੂੰ ਹਮੇਸ਼ਾ ਯਾਦ ਰੱਖੇਗਾ ਅਤੇ ਉਨ੍ਹਾਂ ਦੇ ਧਰਮੀ ਕੰਮਾਂ ਨੂੰ ਨਹੀਂ ਭੁੱਲੇਗਾ। ਹਾਂ, ਉਹ ਹਮੇਸ਼ਾ-ਹਮੇਸ਼ਾ ਲਈ ਉਨ੍ਹਾਂ ਨੂੰ ਚੇਤੇ ਰੱਖੇਗਾ ਅਤੇ ਪਿਆਰ ਕਰਦਾ ਰਹੇਗਾ।—ਜ਼ਬੂ. 112:3, 6, 9.

[ਫੁਟਨੋਟ]

^ ਪੈਰਾ 5 ਇਨ੍ਹਾਂ ਦੋਵਾਂ ਜ਼ਬੂਰਾਂ ਵਿਚ ਜਿਸ ਹਿਸਾਬ ਨਾਲ ਵਾਕ ਬਣਾਏ ਗਏ ਹਨ ਅਤੇ ਜੋ ਕੁਝ ਇਨ੍ਹਾਂ ਵਿਚ ਲਿਖਿਆ ਹੋਇਆ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਇਹ ਦੋਵੇਂ ਆਪਸ ਵਿਚ ਮਿਲਦੇ-ਜੁਲਦੇ ਹਨ। ਜ਼ਬੂਰ 111 ਵਿਚ ਪਰਮੇਸ਼ੁਰ ਦੇ ਜਿਨ੍ਹਾਂ ਗੁਣਾਂ ਨੂੰ ਸਲਾਹਿਆ ਗਿਆ ਹੈ, ਉਨ੍ਹਾਂ ਗੁਣਾਂ ਨੂੰ ਪਰਮੇਸ਼ੁਰ ਦਾ ਡਰ ਰੱਖਣ ਵਾਲਾ “ਮਨੁੱਖ” ਆਪਣੇ ਵਿਚ ਪੈਦਾ ਕਰਦਾ ਹੈ ਜਿਸ ਬਾਰੇ ਜ਼ਬੂਰ 112 ਵਿਚ ਦੱਸਿਆ ਗਿਆ ਹੈ। ਇਹ ਗੱਲ ਜ਼ਬੂਰ 111:3, 4 ਦੀ ਤੁਲਨਾ ਜ਼ਬੂਰ 112:3, 4 ਨਾਲ ਕਰ ਕੇ ਦੇਖੀ ਜਾ ਸਕਦੀ ਹੈ।

ਇਨ੍ਹਾਂ ਸਵਾਲਾਂ ’ਤੇ ਗੌਰ ਕਰੋ

• ਅਸੀਂ ਕਿਹੜੇ ਕੁਝ ਕਾਰਨਾਂ ਕਰਕੇ “ਹਲਲੂਯਾਹ” ਆਖਾਂਗੇ?

• ਸਾਡੇ ਦਿਨਾਂ ਵਿਚ ਕਿਹੜੇ ਵਾਧੇ ਕਰਕੇ ਸੱਚੇ ਮਸੀਹੀ ਇੰਨੇ ਖ਼ੁਸ਼ ਹਨ?

• ਯਹੋਵਾਹ ਕਿਹੋ ਜਿਹੇ ਦੇਣ ਵਾਲਿਆਂ ਨੂੰ ਪਿਆਰ ਕਰਦਾ ਹੈ?

[ਸਵਾਲ]

[ਸਫ਼ਾ 25 ਉੱਤੇ ਤਸਵੀਰ]

ਪਰਮੇਸ਼ੁਰ ਅੱਗੇ ਧਰਮੀ ਬਣੇ ਰਹਿਣ ਲਈ ਸਾਨੂੰ ਯਿਸੂ ਦੇ ਵਹਾਏ ਲਹੂ ਵਿਚ ਨਿਹਚਾ ਕਰਨੀ ਚਾਹੀਦੀ ਹੈ

[ਸਫ਼ਾ 26 ਉੱਤੇ ਤਸਵੀਰਾਂ]

ਖ਼ੁਸ਼ੀ ਨਾਲ ਦਿੱਤਾ ਗਿਆ ਦਾਨ ਰਾਹਤ ਕੰਮਾਂ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਨੂੰ ਵੰਡਣ ਲਈ ਵਰਤਿਆ ਜਾ ਸਕਦਾ ਹੈ