Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਬਾਈਬਲ ਵਿਚ “ਯਾਸ਼ਰ ਦੀ ਪੋਥੀ” ਅਤੇ “ਯਹੋਵਾਹ ਦੇ ਜੰਗ ਨਾਮੇ” ਦਾ ਜ਼ਿਕਰ ਕੀਤਾ ਗਿਆ ਹੈ। (ਯਹੋ. 10:13; ਗਿਣ. 21:14) ਇਹ ਦੋਵੇਂ ਪੋਥੀਆਂ ਬਾਈਬਲ ਵਿਚ ਨਹੀਂ ਹਨ। ਕੀ ਇਹ ਪੋਥੀਆਂ ਪਰਮੇਸ਼ੁਰ ਨੇ ਲਿਖਵਾਈਆਂ ਸਨ ਜੋ ਗੁਆਚ ਗਈਆਂ ਹਨ?

ਸਾਡੇ ਕੋਲ ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਪਰਮੇਸ਼ੁਰ ਨੇ ਇਹ ਗੁਆਚ ਚੁੱਕੀਆਂ ਕਿਤਾਬਾਂ ਲਿਖਵਾਈਆਂ ਸਨ। ਬਾਈਬਲ ਦੇ ਕਈ ਲਿਖਾਰੀਆਂ ਨੇ ਦੂਸਰੀਆਂ ਲਿਖਤਾਂ ਦੇਖੀਆਂ ਤੇ ਪੜ੍ਹੀਆਂ ਵੀ ਸਨ। ਇਨ੍ਹਾਂ ਵਿੱਚੋਂ ਕੁਝ ਲਿਖਤਾਂ ਸ਼ਾਇਦ ਬਾਈਬਲ ਦਾ ਹਿੱਸਾ ਬਣੀਆਂ, ਪਰ ਅਸੀਂ ਉਨ੍ਹਾਂ ਲਿਖਤਾਂ ਦੇ ਮੁਢਲੇ ਨਾਂ ਅੱਜ ਨਹੀਂ ਜਾਣਦੇ। ਮਿਸਾਲ ਲਈ, 1 ਇਤਹਾਸ 29:29 ਵਿਚ “ਸਮੂਏਲ ਅਗੰਮ ਗਿਆਨੀ ਦੇ ਇਤਹਾਸ,” “ਨਾਥਾਨ ਨਬੀ ਦੇ ਇਤਹਾਸ” ਅਤੇ “ਗਾਦ ਅਗੰਮ ਗਿਆਨੀ ਦੇ ਇਤਹਾਸ” ਦਾ ਜ਼ਿਕਰ ਹੈ। ਹੋ ਸਕਦਾ ਹੈ ਕਿ ਇਹ ਤਿੰਨੇ ਪੋਥੀਆਂ 1 ਅਤੇ 2 ਸਮੂਏਲ ਹੋਣ ਜਾਂ ਫਿਰ ਨਿਆਈਆਂ ਦੀ ਪੋਥੀ ਹੋਵੇ।

ਦੂਜੇ ਪਾਸੇ, ਕੁਝ ਪੋਥੀਆਂ ਸ਼ਾਇਦ ਉਹ ਸਨ ਜਿਨ੍ਹਾਂ ਦੇ ਨਾਂ ਬਾਈਬਲ ਦੀਆਂ ਕਿਤਾਬਾਂ ਦੇ ਨਾਵਾਂ ਨਾਲ ਮਿਲਦੇ-ਜੁਲਦੇ ਹਨ, ਜਿਵੇਂ “ਯਹੂਦਾਹ ਦੇ ਪਾਤਸ਼ਾਹ ਦੇ ਇਤਹਾਸ ਦੀ ਪੋਥੀ,” “ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ,” “ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ” ਅਤੇ “ਇਸਰਾਏਲ ਅਰ ਯਹੂਦਾਹ ਦੇ ਪਾਤਸ਼ਾਹਾਂ ਦੀ ਪੋਥੀ।” ਪਰ ਇਹ ਪੋਥੀਆਂ ਬਾਈਬਲ ਦਾ ਹਿੱਸਾ ਨਹੀਂ ਹਨ। ਭਾਵੇਂ ਕਿ ਇਨ੍ਹਾਂ ਪੋਥੀਆਂ ਦੇ ਨਾਂ ਬਾਈਬਲ ਦੀਆਂ ਕਿਤਾਬਾਂ ਯਾਨੀ 1 ਰਾਜਿਆਂ ਅਤੇ 2 ਰਾਜਿਆਂ ਦੇ ਨਾਵਾਂ ਨਾਲ ਮਿਲਦੇ-ਜੁਲਦੇ ਹਨ, ਪਰ ਇਹ ਚਾਰ ਪੋਥੀਆਂ ਪਰਮੇਸ਼ੁਰ ਵੱਲੋਂ ਨਹੀਂ ਲਿਖਵਾਈਆਂ ਗਈਆਂ ਸਨ ਅਤੇ ਨਾ ਹੀ ਇਹ ਬਾਈਬਲ ਦਾ ਹਿੱਸਾ ਹਨ। (1 ਰਾਜ. 14:29; 2 ਇਤ. 16:11; 20:34; 27:7) ਇਹ ਇਤਿਹਾਸਕ ਲਿਖਤਾਂ ਉਸ ਜ਼ਮਾਨੇ ਵਿਚ ਉਪਲਬਧ ਸਨ ਜਦੋਂ ਯਿਰਮਿਯਾਹ ਅਤੇ ਅਜ਼ਰਾ ਨਬੀ ਨੇ ਆਪਣੀਆਂ ਕਿਤਾਬਾਂ ਲਿਖੀਆਂ ਸਨ ਜੋ ਅੱਜ ਬਾਈਬਲ ਦਾ ਹਿੱਸਾ ਹਨ।

ਇਹ ਗੱਲ ਸੱਚ ਹੈ ਕਿ ਬਾਈਬਲ ਦੇ ਕੁਝ ਲਿਖਾਰੀਆਂ ਨੇ ਆਪਣੇ ਸਮੇਂ ਵਿਚ ਉਪਲਬਧ ਲਿਖਤਾਂ ਜਾਂ ਦਸਤਾਵੇਜ਼ਾਂ ਤੋਂ ਜਾਣਕਾਰੀ ਲਈ ਹੋਵੇਗੀ, ਪਰ ਇਹ ਲਿਖਤਾਂ ਪਰਮੇਸ਼ੁਰ ਵੱਲੋਂ ਨਹੀਂ ਸਨ। ਅਸਤਰ 10:2 ਵਿਚ “ਮਾਦੀ ਅਰ ਫਾਰਸੀ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ” ਦਾ ਜ਼ਿਕਰ ਹੈ। ਇਸੇ ਤਰ੍ਹਾਂ ਲੂਕਾ ਨੇ ਆਪਣੀ ਇੰਜੀਲ ਲਿਖਣ ਲਈ “ਸਿਰੇ ਤੋਂ ਸਾਰੀ ਵਾਰਤਾ ਦੀ ਵੱਡੇ ਜਤਨ ਨਾਲ ਭਾਲ” ਕੀਤੀ। ਸ਼ਾਇਦ ਉਸ ਦੇ ਇਹ ਕਹਿਣ ਦਾ ਮਤਲਬ ਸੀ ਕਿ ਉਸ ਨੇ ਯਿਸੂ ਦੀ ਵੰਸ਼ਾਵਲੀ ਦੀ ਲਿਸਟ ਬਣਾਉਣ ਲਈ ਉਪਲਬਧ ਇਤਿਹਾਸਕ ਲਿਖਤਾਂ ਦੇਖੀਆਂ ਸਨ ਤਾਂਕਿ ਉਹ ਆਪਣੀ ਇੰਜੀਲ ਵਿਚ ਸਹੀ ਜਾਣਕਾਰੀ ਦੇ ਸਕੇ। (ਲੂਕਾ 1:3; 3:23-38) ਭਾਵੇਂ ਕਿ ਲੂਕਾ ਦੁਆਰਾ ਦੇਖੀਆਂ ਲਿਖਤਾਂ ਪਰਮੇਸ਼ੁਰ ਨੇ ਨਹੀਂ ਲਿਖਵਾਈਆਂ ਸਨ, ਪਰ ਉਸ ਦੀ ਸਾਰੀ ਇੰਜੀਲ ਪਰਮੇਸ਼ੁਰ ਵੱਲੋਂ ਸੀ। ਅੱਜ ਇਹ ਸਾਡੇ ਲਈ ਬਹੁਤ ਲਾਹੇਵੰਦ ਹੈ।

ਲੱਗਦਾ ਹੈ ਕਿ ਸਵਾਲ ਵਿਚ ਜ਼ਿਕਰ ਕੀਤੀ “ਯਾਸ਼ਰ ਦੀ ਪੋਥੀ” ਅਤੇ “ਯਹੋਵਾਹ ਦੇ ਜੰਗ ਨਾਮੇ” ਮੌਜੂਦ ਸਨ, ਪਰ ਇਹ ਪੋਥੀਆਂ ਪਰਮੇਸ਼ੁਰ ਵੱਲੋਂ ਪ੍ਰੇਰਿਤ ਨਹੀਂ ਸਨ। ਇਸ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਬਚਾ ਕੇ ਨਹੀਂ ਰੱਖਿਆ। ਵਿਦਵਾਨ ਇਸ ਨਤੀਜੇ ’ਤੇ ਪਹੁੰਚੇ ਹਨ ਕਿ ਇਨ੍ਹਾਂ ਦੋ ਪੋਥੀਆਂ ਵਿਚ ਇਸਰਾਏਲ ਅਤੇ ਉਨ੍ਹਾਂ ਦੇ ਵੈਰੀਆਂ ਵਿਚਕਾਰ ਹੋਈਆਂ ਲੜਾਈਆਂ ਬਾਰੇ ਕਵਿਤਾਵਾਂ ਜਾਂ ਗੀਤ ਸਨ। (2 ਸਮੂ. 1:17-27) ਇਕ ਬਾਈਬਲ ਐਨਸਾਈਕਲੋਪੀਡੀਆ ਦੇ ਮੁਤਾਬਕ ਇਨ੍ਹਾਂ ਪੋਥੀਆਂ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਇਹ “ਕਵਿਤਾਵਾਂ ਅਤੇ ਗੀਤ ਸਨ ਜੋ ਪੁਰਾਣੇ ਜ਼ਮਾਨੇ ਦੇ ਪ੍ਰਸਿੱਧ ਇਸਰਾਏਲੀ ਗੀਤਕਾਰਾਂ ਨੇ ਸਾਂਭ ਕੇ ਰੱਖੇ ਹੋਏ ਸਨ।” ਹਾਲਾਂਕਿ ਯਹੋਵਾਹ ਨੇ ਕੁਝ ਬੰਦਿਆਂ ਨੂੰ ਨਬੀਆਂ ਵਜੋਂ ਵਰਤਿਆ ਸੀ ਅਤੇ ਉਨ੍ਹਾਂ ਨੂੰ ਦਰਸ਼ਣ ਦਿਖਾਏ ਸਨ, ਪਰ ਉਨ੍ਹਾਂ ਦੁਆਰਾ ਲਿਖੀਆਂ ਲਿਖਤਾਂ ਨੂੰ ਪਰਮੇਸ਼ੁਰ ਨੇ ਪ੍ਰੇਰਿਤ ਨਹੀਂ ਕੀਤਾ ਜਾਂ ਬਾਈਬਲ ਵਿਚ ਦਰਜ ਨਹੀਂ ਕੀਤਾ। ਉਸ ਨੇ ਉਹੀ ਲਿਖਤਾਂ ਬਾਈਬਲ ਵਿਚ ਦਰਜ ਕੀਤੀਆਂ ਜੋ ‘ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹਨ।’—2 ਤਿਮੋ. 3:16; 2 ਇਤ. 9:29; 12:15; 13:22.

ਮੁਕਦੀ ਗੱਲ ਤਾਂ ਇਹ ਹੈ ਕਿ ਭਾਵੇਂ ਕੁਝ ਪੋਥੀਆਂ ਦਾ ਜ਼ਿਕਰ ਬਾਈਬਲ ਵਿਚ ਕੀਤਾ ਗਿਆ ਹੈ ਅਤੇ ਕੁਝ ਲਿਖਾਰੀਆਂ ਨੇ ਉਨ੍ਹਾਂ ਵਿੱਚੋਂ ਜਾਣਕਾਰੀ ਲਈ ਵੀ ਹੋਵੇਗੀ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਪਰਮੇਸ਼ੁਰ ਨੇ ਲਿਖਵਾਈਆਂ ਸਨ। ਲੇਕਿਨ ਯਹੋਵਾਹ ਨੇ ਉਹ ਸਾਰੀਆਂ ਲਿਖਤਾਂ ਬਚਾ ਕੇ ਰੱਖੀਆਂ ਹਨ ਜੋ ‘ਪਰਮੇਸ਼ੁਰ ਦੇ ਬਚਨ’ ਦਾ ਹਿੱਸਾ ਹਨ ਅਤੇ ‘ਸਦਾ ਤੀਕ ਕਾਇਮ ਰਹਿਣਗੀਆਂ।’ (ਯਸਾ. 40:8) ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਨੇ ਬਾਈਬਲ ਦੀਆਂ 66 ਪੋਥੀਆਂ ਵਿਚ ਜੋ ਕੁਝ ਲਿਖਵਾਇਆ ਹੈ, ਸਾਨੂੰ ਉਸੇ ਦੀ ਜ਼ਰੂਰਤ ਹੈ ਤਾਂਕਿ ਅਸੀਂ “ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ” ਹੋ ਸਕੀਏ।—2 ਤਿਮੋ. 3:16, 17.