Skip to content

Skip to table of contents

ਮਿਲ ਕੇ ਯਹੋਵਾਹ ਦੀ ਵਡਿਆਈ ਕਰੋ

ਮਿਲ ਕੇ ਯਹੋਵਾਹ ਦੀ ਵਡਿਆਈ ਕਰੋ

ਮਿਲ ਕੇ ਯਹੋਵਾਹ ਦੀ ਵਡਿਆਈ ਕਰੋ

“ਹਲਲੂਯਾਹ!”—ਜ਼ਬੂ. 111:1.

1, 2. “ਹਲਲੂਯਾਹ” ਦਾ ਕੀ ਮਤਲਬ ਹੈ ਅਤੇ ਯੂਨਾਨੀ ਸ਼ਾਸਤਰਾਂ ਵਿਚ ਇਹ ਸ਼ਬਦ ਕਿਵੇਂ ਵਰਤਿਆ ਗਿਆ ਹੈ?

ਗਿਰਜਿਆਂ ਵਿਚ ਅਕਸਰ ਇਹ ਸ਼ਬਦ ਸੁਣਨ ਨੂੰ ਮਿਲਦਾ ਹੈ: “ਹਲਲੂਯਾਹ!” ਕਈ ਲੋਕ ਰੋਜ਼ ਗੱਲਾਂ-ਬਾਤਾਂ ਕਰਦਿਆਂ ਇਹ ਸ਼ਬਦ ਕਹਿੰਦੇ ਹਨ। ਕੁਝ ਹੀ ਲੋਕ ਜਾਣਦੇ ਹਨ ਕਿ ਇਸ ਸ਼ਬਦ ਦਾ ਸਹੀ ਮਤਲਬ ਕੀ ਹੈ ਅਤੇ ਜਿਹੜੇ ਲੋਕ ਇਸ ਸ਼ਬਦ ਨੂੰ ਵਰਤਦੇ ਵੀ ਹਨ, ਉਨ੍ਹਾਂ ਦੇ ਜੀਵਨ ਦੇ ਤੌਰ-ਤਰੀਕਿਆਂ ਤੋਂ ਪਤਾ ਲੱਗਦਾ ਹੈ ਕਿ ਉਹ ਰੱਬ ਦਾ ਕੋਈ ਆਦਰ ਨਹੀਂ ਕਰਦੇ। (ਤੀਤੁ. 1:16) ਇਕ ਬਾਈਬਲ ਕੋਸ਼ “ਹਲਲੂਯਾਹ” ਦਾ ਮਤਲਬ ਇਸ ਤਰ੍ਹਾਂ ਸਮਝਾਉਂਦਾ ਹੈ: “ਵੱਖੋ-ਵੱਖਰੇ ਜ਼ਬੂਰਾਂ ਦੇ ਲਿਖਾਰੀ ਇਹ ਸ਼ਬਦ ਵਰਤ ਕੇ ਹੋਰਨਾਂ ਲੋਕਾਂ ਨੂੰ ਸੱਦਾ ਦਿੰਦੇ ਹਨ ਕਿ ਉਹ ਵੀ ਆ ਕੇ ਯਹੋਵਾਹ ਦੀ ਵਡਿਆਈ ਕਰਨ।” ਦਰਅਸਲ ਕੁਝ ਬਾਈਬਲ ਵਿਦਵਾਨਾਂ ਦਾ ਕਹਿਣਾ ਹੈ ਕਿ “ਹਲਲੂਯਾਹ” ਦਾ ਮਤਲਬ ਹੈ “ਯਾਹ [ਯਾਨੀ] ਯਹੋਵਾਹ ਦੀ ਉਸਤਤ ਕਰੋ।”

2 ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਜ਼ਬੂਰਾਂ ਦੀ ਪੋਥੀ 111:1 ਵਿਚ ਪੰਜਾਬੀ ਦੀ ਈਜ਼ੀ ਟੂ ਰੀਡ ਬਾਈਬਲ ਵਿਚ ਹਲਲੂਯਾਹ ਦਾ ਅਨੁਵਾਦ ਇਸ ਤਰ੍ਹਾਂ ਕਿਉਂ ਕੀਤਾ ਗਿਆ ਹੈ: “ਯਹੋਵਾਹ ਦੀ ਉਸਤਤ ਕਰੋ!” ਯੂਨਾਨੀ ਭਾਸ਼ਾ ਦਾ ਸ਼ਬਦ “ਹਲਲੂਯਾਹ” ਪਰਕਾਸ਼ ਦੀ ਪੋਥੀ 19:1-6 ਵਿਚ ਚਾਰ ਵਾਰੀ ਆਉਂਦਾ ਹੈ ਜਦੋਂ ਝੂਠੇ ਧਰਮਾਂ ਦੇ ਨਾਸ਼ ਕੀਤੇ ਜਾਣ ’ਤੇ ਖ਼ੁਸ਼ੀ ਮਨਾਈ ਜਾਂਦੀ ਹੈ। ਜਦੋਂ ਇਹ ਘਟਨਾ ਅਸਲ ਵਿਚ ਵਾਪਰੇਗੀ, ਤਾਂ ਉਸ ਸਮੇਂ ਪਰਮੇਸ਼ੁਰ ਦੇ ਸੱਚੇ ਭਗਤਾਂ ਕੋਲ “ਹਲਲੂਯਾਹ” ਕਹਿਣ ਯਾਨੀ ਯਹੋਵਾਹ ਦੀ ਵਡਿਆਈ ਕਰਨ ਦਾ ਖ਼ਾਸ ਕਾਰਨ ਹੋਵੇਗਾ।

ਯਹੋਵਾਹ ਦੇ ਕੰਮ ਤੇ ਗੁਣ

3. ਕਲੀਸਿਯਾਵਾਂ ਅਤੇ ਸੰਮੇਲਨਾਂ ਵਿਚ ਬਾਕਾਇਦਾ ਇਕੱਠੇ ਹੋਣ ਦਾ ਮੁੱਖ ਕਾਰਨ ਕੀ ਹੈ?

3ਜ਼ਬੂਰ 111 ਦਾ ਲਿਖਾਰੀ ਕਈ ਕਾਰਨ ਦੱਸਦਾ ਹੈ ਕਿ ਸਾਨੂੰ ਇਕੱਠੇ ਹੋ ਕੇ ਯਹੋਵਾਹ ਦੀ ਵਡਿਆਈ ਕਿਉਂ ਕਰਨੀ ਚਾਹੀਦੀ ਹੈ। ਪਹਿਲੀ ਆਇਤ ਦੱਸਦੀ ਹੈ: “ਮੈਂ ਆਪਣੇ ਸਾਰੇ ਦਿਲ ਨਾਲ, ਸਿੱਧਿਆਂ ਦੀ ਪਰਿਹਾ ਤੇ ਮੰਡਲੀ ਵਿੱਚ ਯਹੋਵਾਹ ਦਾ ਧੰਨਵਾਦ ਕਰਾਂਗਾ।” ਅੱਜ ਯਹੋਵਾਹ ਦੇ ਗਵਾਹ ਵੀ ਜ਼ਬੂਰ ਦੇ ਲਿਖਾਰੀ ਵਾਂਗ ਮਹਿਸੂਸ ਕਰਦੇ ਹਨ। ਕਲੀਸਿਯਾਵਾਂ ਅਤੇ ਸੰਮੇਲਨਾਂ ਵਿਚ ਉਨ੍ਹਾਂ ਦੇ ਬਾਕਾਇਦਾ ਇਕੱਠੇ ਹੋਣ ਦਾ ਮੁੱਖ ਕਾਰਨ ਹੈ ਯਹੋਵਾਹ ਦੀ ਵਡਿਆਈ ਕਰਨੀ।

4. ਇਨਸਾਨ ਕਿਵੇਂ ਯਹੋਵਾਹ ਦੇ ਕੰਮਾਂ ਦੀ ਭਾਲ ਕਰ ਸਕਦੇ ਹਨ ਅਤੇ ਇਸ ਦਾ ਸਾਡੇ ’ਤੇ ਕੀ ਅਸਰ ਪੈਣਾ ਚਾਹੀਦਾ ਹੈ?

4“ਯਹੋਵਾਹ ਦੇ ਕੰਮ ਵੱਡੇ ਹਨ, ਓਹ ਸਾਰੇ ਜਿਹੜੇ ਉਨ੍ਹਾਂ ਵਿੱਚ ਪਰਸੰਨ ਰਹਿੰਦੇ ਹਨ ਉਨ੍ਹਾਂ ਨੂੰ ਭਾਲਦੇ ਹਨ।” (ਜ਼ਬੂ. 111:2) ਜ਼ਰਾ ਇਨ੍ਹਾਂ ਸ਼ਬਦਾਂ ’ਤੇ ਧਿਆਨ ਦਿਓ: “ਭਾਲਦੇ ਹਨ।” ਬਾਈਬਲ ਬਾਰੇ ਇਕ ਕਿਤਾਬ ਦੇ ਮੁਤਾਬਕ ਇਹ ਆਇਤ ਅਜਿਹੇ ਇਨਸਾਨਾਂ ਬਾਰੇ ਗੱਲ ਕਰਦੀ ਹੈ ਜੋ ਪਰਮੇਸ਼ੁਰ ਦੇ ਕੰਮਾਂ ਉੱਤੇ “ਡੂੰਘਾਈ ਨਾਲ ਸੋਚ-ਵਿਚਾਰ ਕਰਦੇ ਅਤੇ ਉਨ੍ਹਾਂ ਦਾ ਅਧਿਐਨ ਕਰਦੇ ਹਨ।” ਯਹੋਵਾਹ ਨੇ ਬ੍ਰਹਿਮੰਡ ਵਿਚ ਸਭ ਕੁਝ ਕਿਸੇ ਮਕਸਦ ਨਾਲ ਬਣਾਇਆ ਹੈ। ਮਿਸਾਲ ਲਈ, ਉਸ ਨੇ ਧਰਤੀ ਨੂੰ ਸੂਰਜ ਅਤੇ ਚੰਦ ਤੋਂ ਐਨ ਸਹੀ ਦੂਰੀ ’ਤੇ ਰੱਖਿਆ ਹੈ ਤਾਂਕਿ ਧਰਤੀ ਨੂੰ ਨਿੱਘ, ਰੌਸ਼ਨੀ ਅਤੇ ਊਰਜਾ ਮਿਲ ਸਕੇ। ਨਾਲੇ ਇਸ ਦੇ ਕਾਰਨ ਰਾਤ ਤੇ ਦਿਨ, ਰੁੱਤਾਂ ਦਾ ਬਦਲਣਾ ਤੇ ਸਮੁੰਦਰ ਦੀਆਂ ਲਹਿਰਾਂ ਦਾ ਚੜ੍ਹਨਾ ਅਤੇ ਉਤਰਨਾ ਸਹੀ ਰਹਿੰਦਾ ਹੈ।

5. ਬ੍ਰਹਿਮੰਡ ਬਾਰੇ ਹੋਰ ਜਾਣਕਾਰੀ ਹਾਸਲ ਕਰ ਕੇ ਇਨਸਾਨਾਂ ਨੂੰ ਕੀ ਪਤਾ ਲੱਗਾ ਹੈ?

5 ਵਿਗਿਆਨੀਆਂ ਨੇ ਸੂਰਜੀ-ਪਰਿਵਾਰ ਵਿਚ ਧਰਤੀ ਦੀ ਥਾਂ ਬਾਰੇ ਕਾਫ਼ੀ ਕੁਝ ਸਿੱਖਿਆ ਹੈ। ਉਨ੍ਹਾਂ ਨੇ ਧਰਤੀ ਦੁਆਲੇ ਚੰਦ ਦੇ ਗੇੜ, ਉਸ ਦੇ ਆਕਾਰ ਤੇ ਭਾਰ ਬਾਰੇ ਵੀ ਕਾਫ਼ੀ ਜਾਣਕਾਰੀ ਹਾਸਲ ਕੀਤੀ ਹੈ। ਉਨ੍ਹਾਂ ਨੇ ਦੇਖਿਆ ਕਿ ਇਨ੍ਹਾਂ ਗ੍ਰਹਿਆਂ ਦੇ ਐਨ ਸਹੀ ਜਗ੍ਹਾ ’ਤੇ ਹੋਣ ਅਤੇ ਇਕ-ਦੂਜੇ ਦੇ ਦੁਆਲੇ ਘੁੰਮਣ ਕਰਕੇ ਹੀ ਰੁੱਤਾਂ ਬਦਲਦੀਆਂ ਹਨ ਜਿਨ੍ਹਾਂ ਦਾ ਅਸੀਂ ਮਜ਼ਾ ਲੈ ਸਕਦੇ ਹਾਂ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਿੱਖਿਆ ਹੈ ਕਿ ਧਰਤੀ ਦੀਆਂ ਕੁਦਰਤੀ ਪ੍ਰਕ੍ਰਿਆਵਾਂ ਵਧੀਆ ਢੰਗ ਨਾਲ ਡੀਜ਼ਾਈਨ ਕੀਤੀਆਂ ਗਈਆਂ ਹਨ। ਇਕ ਪ੍ਰੋਫ਼ੈਸਰ ਨੇ ਬਿਹਤਰੀਨ ਢੰਗ ਨਾਲ ਡੀਜ਼ਾਈਨ ਕੀਤੇ ਗਏ ਬ੍ਰਹਿਮੰਡ ਬਾਰੇ ਇਕ ਲੇਖ ਵਿਚ ਕਿਹਾ: “ਅਸੀਂ ਸਮਝ ਸਕਦੇ ਹਾਂ ਕਿ ਪਿਛਲੇ 30 ਸਾਲਾਂ ਵਿਚ ਬਹੁਤ ਸਾਰੇ ਵਿਗਿਆਨੀਆਂ ਨੇ ਆਪਣੀ ਰਾਇ ਕਿਉਂ ਬਦਲੀ ਹੈ। ਉਨ੍ਹਾਂ ਮੁਤਾਬਕ ਇਹ ਸਾਬਤ ਕਰਨ ਲਈ ਤੁਹਾਡੇ ਵਿਚ ਕਾਫ਼ੀ ਯਕੀਨ ਹੋਣਾ ਚਾਹੀਦਾ ਹੈ ਕਿ ਬ੍ਰਹਿਮੰਡ ਇਤਫ਼ਾਕ ਨਾਲ ਹੋਂਦ ਵਿਚ ਆਇਆ। ਇਸ ਲਈ ਉਹ ਕਹਿੰਦੇ ਹਨ ਕਿ ਜਿੰਨਾ ਜ਼ਿਆਦਾ ਅਸੀਂ ਆਪਣੀ ਧਰਤੀ ਬਾਰੇ ਸਿੱਖਾਂਗੇ, ਉੱਨਾ ਹੀ ਜ਼ਿਆਦਾ ਸਾਨੂੰ ਸਬੂਤ ਮਿਲੇਗਾ ਕਿ ਧਰਤੀ ਨੂੰ ਕਿਸੇ ਨੇ ਬਹੁਤ ਸੋਚ-ਸਮਝ ਕੇ ਬਣਾਇਆ ਹੈ।”

6. ਜਿਸ ਢੰਗ ਨਾਲ ਪਰਮੇਸ਼ੁਰ ਨੇ ਇਨਸਾਨ ਨੂੰ ਬਣਾਇਆ ਹੈ, ਉਸ ਬਾਰੇ ਸੋਚ ਕੇ ਤੁਹਾਨੂੰ ਕਿਵੇਂ ਲੱਗਦਾ ਹੈ ਅਤੇ ਕਿਉਂ?

6 ਪਰਮੇਸ਼ੁਰ ਨੇ ਜਿਸ ਢੰਗ ਨਾਲ ਸਾਡਾ ਸਰੀਰ ਬਣਾਇਆ ਹੈ, ਉਹ ਵੀ ਇਕ ਅਜੂਬਾ ਹੈ। (ਜ਼ਬੂ. 139:14) ਇਨਸਾਨਾਂ ਦੀ ਰਚਨਾ ਕਰਦੇ ਵਕਤ ਪਰਮੇਸ਼ੁਰ ਨੇ ਉਨ੍ਹਾਂ ਨੂੰ ਦਿਮਾਗ਼ ਅਤੇ ਬਾਕੀ ਸਾਰੇ ਲੋੜੀਂਦੇ ਅੰਗ ਦਿੱਤੇ ਜਿਨ੍ਹਾਂ ਨਾਲ ਉਹ ਕੰਮ ਕਰ ਸਕਦੇ ਹਨ। ਨਾਲੇ ਉਸ ਨੇ ਕਾਬਲੀਅਤਾਂ ਵੀ ਦਿੱਤੀਆਂ ਜਿਵੇਂ ਬੋਲਣ, ਸੁਣਨ ਅਤੇ ਪੜ੍ਹਨ-ਲਿਖਣ ਦੀ ਕਾਬਲੀਅਤ। ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਸਾਡੇ ਸਰੀਰ ਦੇ ਢਾਂਚੇ ਨੂੰ ਇੰਨੇ ਵਧੀਆ ਤਰੀਕੇ ਨਾਲ ਬਣਾਇਆ ਹੈ ਕਿ ਇਸ ਦੀ ਮਦਦ ਨਾਲ ਅਸੀਂ ਖੜ੍ਹੇ ਹੋ ਸਕਦੇ ਹਾਂ, ਚੱਲ-ਫਿਰ ਸਕਦੇ ਹਾਂ ਅਤੇ ਕੰਮ ਕਰ ਸਕਦੇ ਹਾਂ। ਅੰਦਰਲੇ ਅੰਗਾਂ ਬਾਰੇ ਵੀ ਸੋਚੋ ਜੋ ਸਾਨੂੰ ਤੰਦਰੁਸਤ ਰੱਖਣ ਲਈ ਭੋਜਨ ਨੂੰ ਪਚਾਉਂਦੇ ਹਨ ਅਤੇ ਹੋਰ ਕੰਮ ਕਰਦੇ ਹਨ। ਹੋਰ ਤਾਂ ਹੋਰ, ਦਿਮਾਗ਼ ਦੇ ਨਾੜੀਤੰਤਰ (nervous system) ਦੇ ਕਾਰਨ ਸਾਡਾ ਦਿਮਾਗ਼ ਤੇ ਗਿਆਨ-ਇੰਦਰੀਆਂ ਇੰਨੇ ਵਧੀਆ ਢੰਗ ਨਾਲ ਕੰਮ ਕਰਦੀਆਂ ਹਨ ਕਿ ਵਿਗਿਆਨੀਆਂ ਦੁਆਰਾ ਬਣਾਈ ਹੋਈ ਕੋਈ ਵੀ ਚੀਜ਼ ਇਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੀ। ਦਰਅਸਲ, ਦਿਮਾਗ਼ ਤੇ ਗਿਆਨ-ਇੰਦਰੀਆਂ ਦੇ ਬਦੌਲਤ ਹੀ ਇਨਸਾਨ ਵੱਡੀਆਂ-ਵੱਡੀਆਂ ਪ੍ਰਾਪਤੀਆਂ ਕਰ ਪਾਏ ਹਨ। ਅੱਜ ਦਾ ਕੋਈ ਵੀ ਟ੍ਰੇਂਡ ਤੇ ਕਾਬਲ ਇੰਜੀਨੀਅਰ ਕੋਈ ਇੰਨੀ ਸੋਹਣੀ ਚੀਜ਼ ਨਹੀਂ ਬਣਾ ਸਕਦਾ ਜਿਵੇਂ ਸਾਡੀਆਂ ਦਸਾਂ ਉਂਗਲੀਆਂ ਨੂੰ ਬਣਾਇਆ ਗਿਆ ਹੈ। ਅਸੀਂ ਇਨ੍ਹਾਂ ਤੋਂ ਬਿਨਾਂ ਕੋਈ ਕੰਮ ਨਹੀਂ ਕਰ ਸਕਦੇ। ਜ਼ਰਾ ਸੋਚੋ: ‘ਕੀ ਇਨਸਾਨ ਉਂਗਲਾਂ ਤੇ ਅੰਗੂਠਿਆਂ ਤੋਂ ਬਿਨਾਂ ਕਲਾ ਦੇ ਕੰਮ ਕਰ ਸਕਦਾ ਸੀ ਅਤੇ ਵੱਡੀਆਂ-ਵੱਡੀਆਂ ਖ਼ੂਬਸੂਰਤ ਇਮਾਰਤਾਂ ਉਸਾਰ ਸਕਦਾ ਸੀ?’

ਯਹੋਵਾਹ ਦੇ ਮਹਾਨ ਕੰਮ

7. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਬਾਈਬਲ ਪਰਮੇਸ਼ੁਰ ਦਾ ਮਹਾਨ ਕੰਮ ਹੈ?

7 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਨੇ ਇਨਸਾਨਾਂ ਲਈ ਹੋਰ ਵੀ ਕਈ ਮਹਾਨ ਕੰਮ ਕੀਤੇ ਹਨ। ਬਾਈਬਲ ਵੀ ਆਪਣੇ ਆਪ ਵਿਚ ਇਕ ਅਜੂਬਾ ਹੈ। ਇਹ ਦੂਜੀਆਂ ਕਿਤਾਬਾਂ ਤੋਂ ਬਿਲਕੁਲ ਵੱਖਰੀ ਹੈ ਕਿਉਂਕਿ ਇਹ ‘ਪਰਮੇਸ਼ੁਰ ਤੋਂ ਹੈ ਅਤੇ ਸਿੱਖਿਆ ਲਈ ਗੁਣਕਾਰ ਹੈ।’ (2 ਤਿਮੋ. 3:16) ਮਿਸਾਲ ਲਈ, ਬਾਈਬਲ ਦੀ ਪਹਿਲੀ ਕਿਤਾਬ ਉਤਪਤ ਦੱਸਦੀ ਹੈ ਕਿ ਪਰਮੇਸ਼ੁਰ ਨੇ ਨੂਹ ਦੇ ਦਿਨਾਂ ਵਿਚ ਕਿਵੇਂ ਧਰਤੀ ਤੋਂ ਬੁਰਾਈ ਦਾ ਸਫ਼ਾਇਆ ਕੀਤਾ। ਦੂਜੀ ਕਿਤਾਬ ਕੂਚ ਦੱਸਦੀ ਹੈ ਕਿ ਯਹੋਵਾਹ ਨੇ ਕਿਵੇਂ ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਵਿੱਚੋਂ ਛੁਡਾ ਕੇ ਦਿਖਾਇਆ ਕਿ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਹੈ। ਜ਼ਬੂਰ ਦੇ ਮਨ ਵਿਚ ਸ਼ਾਇਦ ਇਹ ਘਟਨਾਵਾਂ ਸਨ ਜਦੋਂ ਉਸ ਨੇ ਕਿਹਾ: “[ਯਹੋਵਾਹ] ਦੀ ਕਰਨੀ ਤੇਜ ਅਤੇ ਉਪਮਾ ਹੈ, ਅਤੇ ਉਹ ਦਾ ਧਰਮ ਸਦਾ ਤੀਕ ਬਣਿਆ ਰਹਿੰਦਾ ਹੈ। ਉਹ ਨੇ ਆਪਣੇ ਅਚਰਜ ਕੰਮਾਂ ਨੂੰ ਇੱਕ ਯਾਦਗਾਰ ਬਣਾਇਆ, ਯਹੋਵਾਹ ਦਯਾਲੂ ਤੇ ਕਿਰਪਾਲੂ ਹੈ।” (ਜ਼ਬੂ. 111:3, 4) ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋਵੋਗੇ ਕਿ ਯਹੋਵਾਹ ਨੇ ਇਤਿਹਾਸ ਵਿਚ ਅਤੇ ਸਾਡੇ ਜ਼ਮਾਨੇ ਵਿਚ ਜੋ ਕੰਮ ਕੀਤੇ ਹਨ, ਉਹ ਉਸ ਦੇ “ਤੇਜ ਅਤੇ ਉਪਮਾ” ਦਾ ਸਬੂਤ ਦਿੰਦੇ ਹਨ?

8, 9. (ੳ) ਕਿਨ੍ਹਾਂ ਤਰੀਕਿਆਂ ਨਾਲ ਪਰਮੇਸ਼ੁਰ ਦੇ ਕੰਮ ਇਨਸਾਨਾਂ ਦੇ ਕਈ ਕੰਮਾਂ ਤੋਂ ਵੱਖਰੇ ਹਨ? (ਅ) ਤੁਹਾਨੂੰ ਪਰਮੇਸ਼ੁਰ ਦੇ ਕਿਹੜੇ ਗੁਣ ਚੰਗੇ ਲੱਗਦੇ ਹਨ?

8 ਧਿਆਨ ਦਿਓ ਕਿ ਜ਼ਬੂਰ ਯਹੋਵਾਹ ਦੇ ਧਰਮ, ਦਿਆਲਤਾ ਤੇ ਕਿਰਪਾ ਵਰਗੇ ਸਦਗੁਣਾਂ ’ਤੇ ਜ਼ੋਰ ਦਿੰਦਾ ਹੈ। ਸਾਨੂੰ ਪਤਾ ਹੈ ਕਿ ਪਾਪੀ ਇਨਸਾਨਾਂ ਦੇ ਜ਼ਿਆਦਾਤਰ ਕੰਮ ਧਰਮੀ ਯਾਨੀ ਯਹੋਵਾਹ ਦੀ ਮਰਜ਼ੀ ਦੇ ਅਨੁਸਾਰ ਨਹੀਂ ਹੁੰਦੇ। ਉਹ ਅਕਸਰ ਲਾਲਚ, ਈਰਖਾ ਅਤੇ ਘਮੰਡ ਦੇ ਕਾਰਨ ਕੰਮ ਕਰਦੇ ਹਨ। ਇਹ ਅਸੀਂ ਉਨ੍ਹਾਂ ਖ਼ਤਰਨਾਕ ਹਥਿਆਰਾਂ ਤੋਂ ਦੇਖ ਸਕਦੇ ਹਾਂ ਜੋ ਉਨ੍ਹਾਂ ਨੇ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾਉਣ ਅਤੇ ਲੜਾਈਆਂ ਲੜਨ ਲਈ ਤਿਆਰ ਕੀਤੇ ਹਨ। ਇਸ ਤਰ੍ਹਾਂ ਉਹ ਲੱਖਾਂ ਹੀ ਬੇਕਸੂਰ ਲੋਕਾਂ ’ਤੇ ਦੁੱਖਾਂ ਦਾ ਕਹਿਰ ਢਾਹੁੰਦੇ ਹਨ। ਨਾਲੇ ਉਨ੍ਹਾਂ ਨੇ ਕਈ ਕੰਮ ਗ਼ਰੀਬਾਂ ਉੱਤੇ ਜ਼ੁਲਮ ਕਰ ਕੇ ਪੂਰੇ ਕੀਤੇ ਹਨ। ਮਿਸਰ ਦੇ ਪੈਰਾਮਿਡਾਂ ਦੀ ਹੀ ਮਿਸਾਲ ਲੈ ਲਓ ਜੋ ਗ਼ੁਲਾਮਾਂ ਤੋਂ ਬਣਵਾਏ ਗਏ ਸਨ। ਇਹ ਪੈਰਾਮਿਡ ਯਾਨੀ ਕਬਰਾਂ ਮਿਸਰ ਦੇ ਘਮੰਡੀ ਰਾਜਿਆਂ ਲਈ ਬਣਾਈਆਂ ਗਈਆਂ ਸਨ। ਅੱਜ ਵੀ ਇਨਸਾਨ ਨਾ ਸਿਰਫ਼ ਜ਼ੁਲਮ ਕਰ ਕੇ ਆਪਣੇ ਕੰਮ ਪੂਰੇ ਕਰ ਰਹੇ ਹਨ, ਸਗੋਂ ਇਨ੍ਹਾਂ ਨਾਲ ਉਹ “ਧਰਤੀ ਦਾ ਨਾਸ” ਵੀ ਕਰ ਰਹੇ ਹਨ।—ਪਰਕਾਸ਼ ਦੀ ਪੋਥੀ 11:18 ਪੜ੍ਹੋ।

9 ਪਰ ਯਹੋਵਾਹ ਦੇ ਕੰਮ ਇਨਸਾਨਾਂ ਦੇ ਕੰਮਾਂ ਤੋਂ ਕਿੰਨੇ ਵੱਖਰੇ ਹਨ ਕਿਉਂਕਿ ਉਹ ਹਮੇਸ਼ਾ ਸਹੀ ਹੁੰਦੇ ਹਨ! ਉਸ ਨੇ ਦਇਆ ਨਾਲ ਪਾਪੀ ਇਨਸਾਨਾਂ ਦੀ ਮੁਕਤੀ ਦਾ ਪ੍ਰਬੰਧ ਕੀਤਾ। ਇਹ ਪ੍ਰਬੰਧ ਉਸ ਨੇ ਆਪਣੇ ਪੁੱਤਰ ਦਾ ਬਲੀਦਾਨ ਦੇ ਕੇ ਕੀਤਾ ਜਿਸ ਤੋਂ ‘ਉਸ ਦਾ ਧਰਮ ਪਰਗਟ ਹੋਇਆ।’ (ਰੋਮੀ. 3:25, 26) ਵਾਕਈ, “ਉਹ ਦਾ ਧਰਮ ਸਦਾ ਤੀਕ ਬਣਿਆ ਰਹਿੰਦਾ ਹੈ।” ਉਸ ਦੀ ਕਿਰਪਾ ਉੱਤੇ ਵੀ ਗੌਰ ਕਰੋ। ਯਹੋਵਾਹ ਜਿਸ ਤਰੀਕੇ ਨਾਲ ਪਾਪੀ ਇਨਸਾਨਾਂ ਨਾਲ ਪੇਸ਼ ਆਇਆ ਹੈ, ਉਸ ਤੋਂ ਵੀ ਉਸ ਦਾ ਧੀਰਜ ਅਤੇ ਅਪਾਰ ਕਿਰਪਾ ਜ਼ਾਹਰ ਹੁੰਦੀ ਹੈ। ਕਈ ਵਾਰ ਤਾਂ ਉਸ ਨੇ ਇਨਸਾਨਾਂ ਅੱਗੇ ਬੇਨਤੀ ਵੀ ਕੀਤੀ ਕਿ ਉਹ ਆਪਣੇ ਗ਼ਲਤ ਰਾਹਾਂ ਤੋਂ ਮੁੜਨ ਤੇ ਚੰਗੇ ਕੰਮ ਕਰਨ।—ਹਿਜ਼ਕੀਏਲ 18:25 ਪੜ੍ਹੋ।

ਆਪਣੇ ਵਾਅਦਿਆਂ ਦਾ ਪੱਕਾ

10. ਅਬਰਾਹਾਮ ਨਾਲ ਬੰਨ੍ਹੇ ਆਪਣੇ ਨੇਮ ਸੰਬੰਧੀ ਯਹੋਵਾਹ ਨੇ ਕਿਹੋ ਜਿਹੀ ਮਿਸਾਲ ਕਾਇਮ ਕੀਤੀ?

10“ਉਹ ਨੇ ਆਪਣੇ ਡਰਨ ਵਾਲਿਆਂ ਨੂੰ ਖਾਣਾ ਦਿੱਤਾ, ਉਹ ਆਪਣੇ ਨੇਮ ਨੂੰ ਸਦਾ ਲਈ ਚੇਤੇ ਰੱਖੇਗਾ।” (ਜ਼ਬੂ. 111:5) ਲੱਗਦਾ ਹੈ ਕਿ ਇਸ ਆਇਤ ਵਿਚ ਜ਼ਬੂਰ ਅਬਰਾਹਾਮ ਨਾਲ ਬੰਨ੍ਹੇ ਨੇਮ ਦੀ ਗੱਲ ਕਰ ਰਿਹਾ ਹੈ। ਯਹੋਵਾਹ ਨੇ ਅਬਰਾਹਾਮ ਦੀ ਅੰਸ ਨੂੰ ਬਰਕਤਾਂ ਦੇਣ ਦਾ ਵਾਅਦਾ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜ਼ਾ ਕਰੇਗੀ। (ਉਤ. 22:17, 18; ਜ਼ਬੂ. 105:8, 9) ਪਰਮੇਸ਼ੁਰ ਨੇ ਆਪਣਾ ਇਹ ਵਾਅਦਾ ਪਹਿਲਾਂ ਉਦੋਂ ਪੂਰਾ ਕੀਤਾ ਸੀ ਜਦੋਂ ਅਬਰਾਹਾਮ ਦੀ ਅੰਸ ਇਸਰਾਏਲ ਕੌਮ ਬਣੀ। ਇਹ ਕੌਮ ਕਾਫ਼ੀ ਸਮੇਂ ਤਕ ਮਿਸਰ ਵਿਚ ਗ਼ੁਲਾਮ ਰਹੀ, ਪਰ ਫਿਰ ਪਰਮੇਸ਼ੁਰ ਨੇ ਅਬਰਾਹਾਮ ਨਾਲ ਬੰਨ੍ਹੇ ‘ਆਪਣੇ ਨੇਮ ਨੂੰ ਚੇਤੇ ਕੀਤਾ’ ਅਤੇ ਇਸਰਾਏਲੀਆਂ ਨੂੰ ਗ਼ੁਲਾਮੀ ਤੋਂ ਛੁਡਾਇਆ। (ਕੂਚ 2:24) ਯਹੋਵਾਹ ਬਾਅਦ ਵਿਚ ਉਨ੍ਹਾਂ ਨਾਲ ਜਿਸ ਤਰ੍ਹਾਂ ਪੇਸ਼ ਆਇਆ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਦਰਿਆ-ਦਿਲ ਹੈ। ਉਸ ਨੇ ਉਨ੍ਹਾਂ ਨੂੰ ਖਾਣ ਲਈ ਭੋਜਨ ਦਿੱਤਾ ਅਤੇ ਆਪਣਾ ਗਿਆਨ ਵੀ ਦਿੱਤਾ ਜੋ ਉਹ ਆਪਣੇ ਦਿਲਾਂ-ਦਿਮਾਗ਼ਾਂ ਵਿਚ ਬਿਠਾ ਸਕਦੇ ਸਨ। (ਬਿਵ. 6:1-3; 8:4; ਨਹ. 9:21) ਸਦੀਆਂ ਦੌਰਾਨ ਇਸ ਕੌਮ ਨੇ ਯਹੋਵਾਹ ਤੋਂ ਕਈ ਵਾਰ ਮੁੱਖ ਮੋੜਿਆ ਭਾਵੇਂ ਕਿ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਉਸ ਨੇ ਆਪਣੇ ਕਈ ਨਬੀਆਂ ਨੂੰ ਉਨ੍ਹਾਂ ਕੋਲ ਭੇਜਿਆ। ਮਿਸਰ ਦੀ ਗ਼ੁਲਾਮੀ ਤੋਂ ਇਸਰਾਏਲੀਆਂ ਨੂੰ ਛੁਡਾਉਣ ਤੋਂ 1500 ਸਾਲਾਂ ਮਗਰੋਂ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਧਰਤੀ ’ਤੇ ਭੇਜਿਆ। ਜ਼ਿਆਦਾਤਰ ਯਹੂਦੀਆਂ ਨੇ ਯਿਸੂ ਨੂੰ ਕਬੂਲ ਨਾ ਕੀਤਾ ਤੇ ਉਸ ਨੂੰ ਮਰਵਾ ਦਿੱਤਾ। ਫਿਰ ਯਹੋਵਾਹ ਨੇ ਮਸਹ ਕੀਤੇ ਹੋਏ ਮਸੀਹੀਆਂ ਦੀ ਇਕ ਨਵੀਂ ਕੌਮ ਬਣਾਈ ਜੋ ‘ਪਰਮੇਸ਼ੁਰ ਦਾ ਇਸਰਾਏਲ’ ਹੈ। ਯਿਸੂ ਮਸੀਹ ਅਤੇ ਇਹ ਕੌਮ ਅਬਰਾਹਾਮ ਦੀ ਉਹ ਅੰਸ ਹੈ ਜਿਸ ਨੂੰ ਯਹੋਵਾਹ ਇਨਸਾਨਾਂ ਨੂੰ ਬਰਕਤਾਂ ਦੇਣ ਲਈ ਵਰਤੇਗਾ।—ਗਲਾ. 3:16, 29; 6:16.

11. ਯਹੋਵਾਹ ਹਾਲੇ ਵੀ ਕਿਵੇਂ ਅਬਰਾਹਾਮ ਨਾਲ ਬੰਨ੍ਹੇ ਆਪਣੇ ‘ਨੇਮ ਨੂੰ ਚੇਤੇ ਕਰਦਾ ਹੈ’?

11 ਯਹੋਵਾਹ ਹਾਲੇ ਵੀ ਆਪਣੇ ਨੇਮ ਅਤੇ ਉਨ੍ਹਾਂ ਬਰਕਤਾਂ ਨੂੰ “ਚੇਤੇ” ਰੱਖਦਾ ਹੈ ਜੋ ਉਹ ਆਪਣੇ ਵਾਅਦੇ ਅਨੁਸਾਰ ਇਨਸਾਨਾਂ ਨੂੰ ਦੇਵੇਗਾ। ਅੱਜ ਉਹ 400 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਆਪਣਾ ਬਹੁਤ ਸਾਰਾ ਗਿਆਨ ਆਪਣੇ ਭਗਤਾਂ ਨੂੰ ਦਿੰਦਾ ਹੈ। ਇਸ ਤੋਂ ਇਲਾਵਾ, ਉਹ ਸਾਡੀਆਂ ਪ੍ਰਾਰਥਨਾਵਾਂ ਵੀ ਸੁਣਦਾ ਹੈ ਜੋ ਅਸੀਂ ਆਪਣੀਆਂ ਲੋੜਾਂ ਬਾਰੇ ਕਰਦੇ ਹਾਂ। ਇਹ ਪ੍ਰਾਰਥਨਾਵਾਂ ਅਸੀਂ ਯਿਸੂ ਦੇ ਇਨ੍ਹਾਂ ਸ਼ਬਦਾਂ ਦੇ ਅਨੁਸਾਰ ਕਰਦੇ ਹਾਂ: “ਸਾਡੀ ਰੋਜ਼ ਦੀ ਰੋਟੀ ਰੋਜ਼ ਸਾਨੂੰ ਦਿਹ।”—ਲੂਕਾ 11:3; ਜ਼ਬੂ. 72:16, 17; ਯਸਾ. 25:6-8.

ਯਹੋਵਾਹ ਦੀ ਅਸੀਮ ਤਾਕਤ

12. ਯਹੋਵਾਹ ਨੇ ਕਿਸ ਤਰੀਕੇ ਨਾਲ ਇਸਰਾਏਲ ਨੂੰ “ਕੌਮਾਂ ਦੀ ਮਿਰਾਸ ਦਿੱਤੀ”?

12“ਉਹ ਨੇ ਆਪਣੇ ਕੰਮਾਂ ਦਾ ਬਲ ਆਪਣੀ ਪਰਜਾ ਨੂੰ ਵਿਖਾਇਆ, ਜਦੋਂ ਉਹ ਨੇ ਉਨ੍ਹਾਂ ਨੂੰ ਕੌਮਾਂ ਦੀ ਮਿਰਾਸ ਦਿੱਤੀ।” (ਜ਼ਬੂ. 111:6) ਜ਼ਬੂਰ ਦੇ ਮਨ ਵਿਚ ਸ਼ਾਇਦ ਇਸਰਾਏਲੀਆਂ ਨਾਲ ਹੋਈ ਉਹ ਮਹੱਤਵਪੂਰਣ ਘਟਨਾ ਸੀ ਜਦੋਂ ਯਹੋਵਾਹ ਨੇ ਚਮਤਕਾਰੀ ਤਰੀਕੇ ਨਾਲ ਉਨ੍ਹਾਂ ਨੂੰ ਮਿਸਰ ਤੋਂ ਛੁਡਾਇਆ। ਜਦੋਂ ਯਹੋਵਾਹ ਨੇ ਉਨ੍ਹਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲਿਆਂਦਾ, ਤਾਂ ਉਨ੍ਹਾਂ ਨੇ ਯਰਦਨ ਦਰਿਆ ਦੇ ਪੂਰਬੀ ਅਤੇ ਪੱਛਮੀ ਰਾਜਾਂ ’ਤੇ ਕਬਜ਼ਾ ਕਰ ਲਿਆ। (ਨਹਮਯਾਹ 9:22-25 ਪੜ੍ਹੋ।) ਇਸ ਤਰ੍ਹਾਂ ਯਹੋਵਾਹ ਨੇ ਇਸਰਾਏਲ ਨੂੰ “ਕੌਮਾਂ ਦੀ ਮਿਰਾਸ ਦਿੱਤੀ।” ਵਾਕਈ, ਯਹੋਵਾਹ ਦੀ ਤਾਕਤ ਦਾ ਕਿੰਨਾ ਵੱਡਾ ਸਬੂਤ!

13, 14. (ੳ) ਜ਼ਬੂਰ ਦੇ ਮਨ ਵਿਚ ਸ਼ਾਇਦ ਪਰਮੇਸ਼ੁਰ ਦੀ ਤਾਕਤ ਦਾ ਕਿਹੜਾ ਕਾਰਨਾਮਾ ਸੀ? (ਅ) ਯਹੋਵਾਹ ਨੇ ਇਨਸਾਨਾਂ ਨੂੰ ਛੁਡਾਉਣ ਲਈ ਹੋਰ ਕਿਹੜੇ ਮਹਾਨ ਕੰਮ ਕੀਤੇ ਹਨ?

13 ਯਹੋਵਾਹ ਨੇ ਇਸਰਾਏਲੀਆਂ ਲਈ ਇੰਨਾ ਕੁਝ ਕੀਤਾ, ਪਰ ਫਿਰ ਵੀ ਉਨ੍ਹਾਂ ਨੇ ਨਾ ਤਾਂ ਯਹੋਵਾਹ ਦਾ ਆਦਰ ਕੀਤਾ ਤੇ ਨਾ ਹੀ ਆਪਣੇ ਵੱਡ-ਵਡੇਰਿਆਂ ਅਬਰਾਹਾਮ, ਇਸਹਾਕ ਤੇ ਯਾਕੂਬ ਦਾ ਆਦਰ ਕੀਤਾ। ਉਹ ਯਹੋਵਾਹ ਦੇ ਖ਼ਿਲਾਫ਼ ਗ਼ਲਤ ਕੰਮ ਕਰਦੇ ਰਹੇ ਜਿਸ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਬਾਬਲ ਦੇਸ਼ ਦੀ ਗ਼ੁਲਾਮੀ ਵਿਚ ਭੇਜ ਦਿੱਤਾ। (2 ਇਤ. 36:15-17; ਨਹ. 9:28-30) ਬਾਈਬਲ ਦੇ ਕੁਝ ਵਿਦਵਾਨ ਮੰਨਦੇ ਹਨ ਕਿ ਜ਼ਬੂਰ 111 ਦਾ ਲਿਖਾਰੀ ਬਾਬਲ ਤੋਂ ਇਸਰਾਏਲੀਆਂ ਦੇ ਵਾਪਸ ਆਉਣ ਤੋਂ ਬਾਅਦ ਦੇ ਜ਼ਮਾਨੇ ਵਿਚ ਰਹਿੰਦਾ ਸੀ। ਜੇ ਇਹ ਸੱਚ ਹੈ, ਤਾਂ ਉਸ ਕੋਲ ਯਹੋਵਾਹ ਦੀ ਵਡਿਆਈ ਕਰਨ ਦਾ ਚੰਗਾ ਕਾਰਨ ਸੀ ਕਿਉਂਕਿ ਯਹੋਵਾਹ ਆਪਣੇ ਲੋਕਾਂ ਪ੍ਰਤੀ ਵਫ਼ਾਦਾਰ ਰਿਹਾ ਸੀ ਅਤੇ ਉਨ੍ਹਾਂ ਨੂੰ ਆਪਣੀ ਤਾਕਤ ਦਾ ਸਬੂਤ ਵੀ ਦਿੱਤਾ ਸੀ। ਲੋਕਾਂ ਨੂੰ ਬਾਬਲ ਦੀ ਗ਼ੁਲਾਮੀ ਵਿੱਚੋਂ ਛੁਡਾਉਣਾ ਕੋਈ ਮਾਮੂਲੀ ਗੱਲ ਨਹੀਂ ਸੀ ਕਿਉਂਕਿ ਬਾਬਲ ਅਜਿਹਾ ਸਾਮਰਾਜ ਸੀ ਜੋ ਆਪਣੇ ਗ਼ੁਲਾਮਾਂ ਨੂੰ ਕਦੇ ਆਜ਼ਾਦ ਨਹੀਂ ਸੀ ਕਰਦਾ।—ਯਸਾ. 14:4, 17.

14 ਤਕਰੀਬਨ ਪੰਜ ਸਦੀਆਂ ਬਾਅਦ ਯਹੋਵਾਹ ਨੇ ਆਪਣੀ ਤਾਕਤ ਇਕ ਹੋਰ ਬੇਮਿਸਾਲ ਤਰੀਕੇ ਨਾਲ ਵਰਤੀ ਜਦੋਂ ਉਸ ਨੇ ਪਾਪੀ ਇਨਸਾਨਾਂ ਨੂੰ ਪਾਪ ਤੇ ਮੌਤ ਦੀ ਗ਼ੁਲਾਮੀ ਤੋਂ ਛੁਡਾਇਆ। (ਰੋਮੀ. 5:12) ਨਤੀਜੇ ਵਜੋਂ, 1,44,000 ਮਨੁੱਖਾਂ ਲਈ ਯਿਸੂ ਦੇ ਮਸਹ ਕੀਤੇ ਹੋਏ ਚੇਲੇ ਬਣਨ ਦਾ ਰਾਹ ਖੁੱਲ੍ਹ ਗਿਆ। 1919 ਵਿਚ ਯਹੋਵਾਹ ਨੇ ਧਰਤੀ ’ਤੇ ਰਹਿੰਦੇ ਬਾਕੀ ਮਸਹ ਕੀਤੇ ਹੋਏ ਮਸੀਹੀਆਂ ਨੂੰ ਝੂਠੇ ਧਰਮਾਂ ਦੀ ਗ਼ੁਲਾਮੀ ਤੋਂ ਛੁਡਾਇਆ। ਅੱਜ ਮਸਹ ਕੀਤੇ ਹੋਏ ਮਸੀਹੀ ਜੋ ਵੀ ਕੰਮ ਕਰ ਰਹੇ ਹਨ, ਉਹ ਯਹੋਵਾਹ ਦੀ ਤਾਕਤ ਸਦਕਾ ਹੀ ਕਰ ਰਹੇ ਹਨ। ਜੇ ਉਹ ਮਰਦੇ ਦਮ ਤਕ ਵਫ਼ਾਦਾਰ ਰਹਿਣਗੇ, ਤਾਂ ਉਹ ਸਵਰਗ ਤੋਂ ਯਿਸੂ ਮਸੀਹ ਨਾਲ ਸਾਰੀ ਧਰਤੀ ’ਤੇ ਰਾਜ ਕਰਨਗੇ ਅਤੇ ਤੋਬਾ ਕਰਨ ਵਾਲੇ ਇਨਸਾਨਾਂ ਨੂੰ ਫ਼ਾਇਦੇ ਪਹੁੰਚਾਉਣਗੇ। (ਪਰ. 2:26, 27; 5:9, 10) ਪੁਰਾਣੇ ਜ਼ਮਾਨੇ ਦੇ ਇਸਰਾਏਲੀਆਂ ਨੂੰ ਤਾਂ ਮਿਰਾਸ ਵਜੋਂ ਧਰਤੀ ਦਾ ਛੋਟਾ ਜਿਹਾ ਹਿੱਸਾ ਮਿਲਿਆ ਸੀ, ਪਰ ਮਸਹ ਕੀਤੇ ਹੋਏ ਮਸੀਹੀਆਂ ਨੂੰ ਸਾਰੀ ਧਰਤੀ ਮਿਰਾਸ ਵਜੋਂ ਮਿਲੇਗੀ।—ਮੱਤੀ 5:5.

ਭਰੋਸੇਯੋਗ ਸਿਧਾਂਤਾਂ ਤੋਂ ਹਮੇਸ਼ਾ ਫ਼ਾਇਦਾ ਹੁੰਦਾ ਹੈ

15, 16. (ੳ) ਪਰਮੇਸ਼ੁਰ ਦੇ ਹੱਥਾਂ ਦੇ ਕੰਮਾਂ ਵਿਚ ਹੋਰ ਕੀ ਕੁਝ ਸ਼ਾਮਲ ਹੈ? (ਅ) ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਕਿਹੜੇ ਹੁਕਮ ਦਿੱਤੇ ਸਨ?

15“ਉਹ ਦੇ ਹੱਥਾਂ ਦੇ ਕੰਮ ਸਚਿਆਈ ਤੇ ਨਿਆਉਂ ਦੇ ਹਨ, ਉਹ ਦੇ ਫ਼ਰਮਾਨ ਵਫ਼ਾਦਾਰੀ ਦੇ ਹਨ। ਓਹ ਸਦਾ ਹੀ ਅਟੱਲ ਰਹਿਣਗੇ, ਓਹ ਸਚਿਆਈ ਤੇ ਸਿੱਧਿਆਈ ਨਾਲ ਕੀਤੇ ਗਏ ਹਨ।” (ਜ਼ਬੂ. 111:7, 8) ‘ਯਹੋਵਾਹ ਦੇ ਹੱਥਾਂ ਦੇ ਕੰਮਾਂ ਵਿਚ’ ਪੱਥਰ ਦੀਆਂ ਉਹ ਦੋ ਫੱਟੀਆਂ ਵੀ ਸਨ ਜਿਨ੍ਹਾਂ ’ਤੇ ਇਸਰਾਏਲੀਆਂ ਲਈ ਦਸ ਜ਼ਰੂਰੀ ਹੁਕਮ ਲਿਖੇ ਹੋਏ ਸਨ। (ਕੂਚ 31:18) ਇਹ ਹੁਕਮ ਅਤੇ ਮੂਸਾ ਦੀ ਬਿਵਸਥਾ ਦੇ ਹੋਰ ਕਾਇਦੇ-ਕਾਨੂੰਨ ਅਜਿਹੇ ਸਿਧਾਂਤਾਂ ’ਤੇ ਆਧਾਰਿਤ ਹਨ ਜਿਨ੍ਹਾਂ ’ਤੇ ਚੱਲਣ ਨਾਲ ਹਮੇਸ਼ਾ ਫ਼ਾਇਦਾ ਹੀ ਹੁੰਦਾ ਹੈ।

16 ਮਿਸਾਲ ਲਈ, ਉਨ੍ਹਾਂ ਫੱਟੀਆਂ ’ਤੇ ਇਹ ਵੀ ਇਕ ਹੁਕਮ ਲਿਖਿਆ ਸੀ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹਾਂ।” ਕਹਿਣ ਦਾ ਭਾਵ ਕਿ ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਕਿਸੇ ਹੋਰ ਦੀ ਭਗਤੀ ਕਰੀਏ। ਇਹੀ ਹੁਕਮ ਅੱਗੇ ਕਹਿੰਦਾ ਹੈ ਕਿ ਯਹੋਵਾਹ ‘ਹਜ਼ਾਰਾਂ ਉੱਤੇ ਜਿਹੜੇ ਉਸ ਨਾਲ ਪਰੀਤ ਪਾਲਦੇ ਤੇ ਉਸ ਦੇ ਹੁਕਮਾਂ ਨੂੰ ਮੰਨਦੇ ਹਨ ਦਯਾ ਕਰਦਾ ਹੈ।’ ਫੱਟੀਆਂ ਉੱਤੇ ਅਜਿਹੇ ਸਿਧਾਂਤ ਵੀ ਸਨ ਜੋ ਅੱਜ ਸਾਡੇ ਵਾਸਤੇ ਫ਼ਾਇਦੇਮੰਦ ਹਨ ਜਿਵੇਂ “ਆਪਣੇ ਪਿਤਾ ਅਰ ਆਪਣੀ ਮਾਤਾ ਦਾ ਆਦਰ ਕਰ” ਅਤੇ “ਚੋਰੀ ਨਾ ਕਰ।” ਨਾਲੇ ਇਹ ਕਾਨੂੰਨ ਵੀ ਲਿਖਿਆ ਹੋਇਆ ਸੀ ਕਿ ਸਾਨੂੰ ਦੂਸਰਿਆਂ ਦੀਆਂ ਚੀਜ਼ਾਂ ਦਾ ਲਾਲਚ ਨਹੀਂ ਕਰਨਾ ਚਾਹੀਦਾ। ਇਹੋ ਜਿਹੇ ਕਾਨੂੰਨ ਸਿਰਫ਼ ਯਹੋਵਾਹ ਹੀ ਦੇ ਸਕਦਾ ਹੈ।—ਕੂਚ 20:5, 6, 12, 15, 17.

ਸਾਡਾ ਪਵਿੱਤਰ ਅਤੇ ਮਹਾਨ ਮੁਕਤੀਦਾਤਾ

17. ਕਿਨ੍ਹਾਂ ਕਾਰਨਾਂ ਕਰਕੇ ਇਸਰਾਏਲੀਆਂ ਨੂੰ ਯਹੋਵਾਹ ਦੇ ਪਵਿੱਤਰ ਨਾਂ ਨੂੰ ਉੱਚਾ ਕਰਨਾ ਚਾਹੀਦਾ ਸੀ?

17“ਉਹ ਨੇ ਆਪਣੀ ਪਰਜਾ ਲਈ ਨਿਸਤਾਰਾ ਘੱਲਿਆ, ਉਹ ਨੇ ਆਪਣੇ ਨੇਮ ਦਾ ਸਦਾ ਲਈ ਹੁਕਮ ਦਿੱਤਾ ਹੈ, ਉਹ ਦਾ ਨਾਮ ਪਵਿੱਤਰ ਤੇ ਭੈ ਦਾਇਕ ਹੈ!” (ਜ਼ਬੂ. 111:9) ਹੋ ਸਕਦਾ ਹੈ ਕਿ ਜ਼ਬੂਰ ਦੇ ਮਨ ਵਿਚ ਅਬਰਾਹਾਮ ਨਾਲ ਬੰਨ੍ਹਿਆ ਨੇਮ ਸੀ ਜੋ ਯਹੋਵਾਹ ਨੇ ਚੇਤੇ ਰੱਖਿਆ। ਇਸ ਨੇਮ ਅਨੁਸਾਰ ਯਹੋਵਾਹ ਨੇ ਆਪਣੇ ਲੋਕਾਂ ਨੂੰ ਮਿਸਰ ਅਤੇ ਬਾਬਲ ਵਿਚ ਗ਼ੁਲਾਮ ਨਹੀਂ ਰਹਿਣ ਦਿੱਤਾ, ਸਗੋਂ ਉਨ੍ਹਾਂ ਨੂੰ ਮੁਕਤੀ ਦਿਲਾਈ। ਇਸਰਾਏਲੀਆਂ ਲਈ ਇਹ ਦੋ ਕੰਮ ਹੀ ਕਾਫ਼ੀ ਸਨ ਜਿਨ੍ਹਾਂ ਦੇ ਕਾਰਨ ਉਹ ਯਹੋਵਾਹ ਦੇ ਨਾਂ ਨੂੰ ਉੱਚਾ ਕਰ ਸਕਦੇ ਸਨ!—ਕੂਚ 20:7; ਰੋਮੀਆਂ 2:23, 24 ਪੜ੍ਹੋ।

18. ਪਰਮੇਸ਼ੁਰ ਦੇ ਨਾਂ ਤੋਂ ਸੱਦੇ ਜਾਣਾ ਸਨਮਾਨ ਦੀ ਗੱਲ ਕਿਉਂ ਹੈ?

18 ਅੱਜ ਸਾਨੂੰ ਵੀ ਪਰਮੇਸ਼ੁਰ ਦੇ ਨਾਂ ਨੂੰ ਉੱਚਾ ਕਰਨਾ ਚਾਹੀਦਾ ਹੈ ਕਿਉਂਕਿ ਉਸ ਨੇ ਸਾਨੂੰ ਪਾਪ ਤੇ ਮੌਤ ਦੀ ਗ਼ੁਲਾਮੀ ਤੋਂ ਛੁਡਾਇਆ ਹੈ। ਸਾਨੂੰ ਯਿਸੂ ਵੱਲੋਂ ਸਿਖਾਈ ਪ੍ਰਾਰਥਨਾ ਦੀ ਪਹਿਲੀ ਬੇਨਤੀ ਅਨੁਸਾਰ ਜੀਣ ਦੀ ਪੁਰਜ਼ੋਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਤਾਂ ਹੀ ਅਸੀਂ ਕਹਿ ਸਕਾਂਗੇ: “ਤੇਰਾ ਨਾਮ ਪਾਕ ਮੰਨਿਆ ਜਾਵੇ।” (ਮੱਤੀ 6:9) ਪਰਮੇਸ਼ੁਰ ਦੇ ਪਵਿੱਤਰ ਨਾਂ ’ਤੇ ਗੌਰ ਕਰਨ ਨਾਲ ਸਾਡੇ ਅੰਦਰ ਉਸ ਲਈ ਡਰ ਅਤੇ ਸ਼ਰਧਾ ਪੈਦਾ ਹੋਣੀ ਚਾਹੀਦੀ ਹੈ। ਜ਼ਬੂਰ 111 ਦਾ ਲਿਖਾਰੀ ਪਰਮੇਸ਼ੁਰੀ ਡਰ ਬਾਰੇ ਇਹੋ ਜਿਹਾ ਵਿਚਾਰ ਰੱਖਦਾ ਸੀ ਜਦੋਂ ਉਸ ਨੇ ਕਿਹਾ: “ਯਹੋਵਾਹ ਦਾ ਡਰ ਬੁੱਧ ਦਾ ਮੂਲ ਹੈ, ਜਿੰਨੇ ਉਨ੍ਹਾਂ ਨੂੰ ਪੂਰਾ ਕਰਦੇ ਹਨ ਉਨ੍ਹਾਂ ਦੀ ਸਮਝ ਚੰਗੀ ਹੈ।”ਜ਼ਬੂ. 111:10.

19. ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?

19 ਪਰਮੇਸ਼ੁਰ ਦੇ ਡਰ ਕਾਰਨ ਅਸੀਂ ਬੁਰੇ ਕੰਮਾਂ ਤੋਂ ਨਫ਼ਰਤ ਕਰਾਂਗੇ। ਅਸੀਂ ਜ਼ਬੂਰ 112 ਵਿਚ ਦੱਸੇ ਪਰਮੇਸ਼ੁਰ ਦੇ ਗੁਣ ਵੀ ਆਪਣੇ ਵਿਚ ਪੈਦਾ ਕਰ ਸਕਾਂਗੇ। ਇਹ ਗੱਲਾਂ ਅਸੀਂ ਅਗਲੇ ਲੇਖ ਵਿਚ ਦੇਖਾਂਗੇ। ਇਸ ਜ਼ਬੂਰ ਤੋਂ ਪਤਾ ਲੱਗੇਗਾ ਕਿ ਅਸੀਂ ਉਨ੍ਹਾਂ ਲੱਖਾਂ ਲੋਕਾਂ ਵਿਚ ਕਿਵੇਂ ਸ਼ਾਮਲ ਹੋ ਸਕਦੇ ਹਾਂ ਜੋ ਪਰਮੇਸ਼ੁਰ ਦੀ ਹਮੇਸ਼ਾ ਵਡਿਆਈ ਕਰਦੇ ਰਹਿਣਗੇ। ਹਾਂ, ਯਹੋਵਾਹ ਮਹਿਮਾ ਦੇ ਲਾਇਕ ਹੈ! “ਉਹ ਦੀ ਉਸਤਤ ਸਦਾ ਤੀਕ ਬਣੀ ਰਹੇਗੀ।”ਜ਼ਬੂ. 111:10.

ਇਨ੍ਹਾਂ ਸਵਾਲਾਂ ’ਤੇ ਗੌਰ ਕਰੋ

• ਸਾਨੂੰ ਸਾਰਿਆਂ ਨੂੰ ਯਹੋਵਾਹ ਦੀ ਵਡਿਆਈ ਕਿਉਂ ਕਰਨੀ ਚਾਹੀਦੀ ਹੈ?

• ਯਹੋਵਾਹ ਦੇ ਕੰਮਾਂ ਤੋਂ ਉਸ ਦੇ ਕਿਹੜੇ ਗੁਣ ਜ਼ਾਹਰ ਹੁੰਦੇ ਹਨ?

• ਪਰਮੇਸ਼ੁਰ ਦੇ ਨਾਂ ਤੋਂ ਸੱਦੇ ਜਾਣਾ ਤੁਹਾਨੂੰ ਕਿਵੇਂ ਲੱਗਦਾ ਹੈ?

[ਸਵਾਲ]

[ਸਫ਼ਾ 20 ਉੱਤੇ ਤਸਵੀਰ]

ਬਾਕਾਇਦਾ ਇਕੱਠੇ ਹੋਣ ਦਾ ਸਾਡਾ ਮੁੱਖ ਕਾਰਨ ਹੈ ਯਹੋਵਾਹ ਦੀ ਵਡਿਆਈ ਕਰਨੀ

[ਸਫ਼ਾ 23 ਉੱਤੇ ਤਸਵੀਰ]

ਯਹੋਵਾਹ ਦੇ ਸਾਰੇ ਹੁਕਮ ਉਨ੍ਹਾਂ ਸਿਧਾਂਤਾਂ ’ਤੇ ਆਧਾਰਿਤ ਹਨ ਜਿਨ੍ਹਾਂ ’ਤੇ ਚੱਲਣ ਨਾਲ ਹਮੇਸ਼ਾ ਫ਼ਾਇਦਾ ਹੀ ਹੁੰਦਾ ਹੈ