Skip to content

Skip to table of contents

‘ਯਹੋਵਾਹ ਦਾ ਦੂਤ ਡੇਰਾ ਲਾਉਂਦਾ ਹੈ’

‘ਯਹੋਵਾਹ ਦਾ ਦੂਤ ਡੇਰਾ ਲਾਉਂਦਾ ਹੈ’

‘ਯਹੋਵਾਹ ਦਾ ਦੂਤ ਡੇਰਾ ਲਾਉਂਦਾ ਹੈ’

ਕ੍ਰਿਸਟਾਬੈੱਲ ਕੌਨਲ ਦੀ ਜ਼ੁਬਾਨੀ

ਅਸੀਂ ਕ੍ਰਿਸਟਫਰ ਦੇ ਸਵਾਲਾਂ ਦੇ ਜਵਾਬ ਦੇਣ ਵਿਚ ਇੰਨੀਆਂ ਰੁੱਝੀਆਂ ਹੋਈਆਂ ਸਾਂ ਕਿ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕਿੰਨੀ ਰਾਤ ਹੋ ਚੁੱਕੀ ਸੀ। ਅਸੀਂ ਧਿਆਨ ਵੀ ਨਹੀਂ ਦਿੱਤਾ ਕਿ ਕ੍ਰਿਸਟਫਰ ਕਿਉਂ ਵਾਰ-ਵਾਰ ਖਿੜਕੀ ਦੇ ਬਾਹਰ ਦੇਖੀ ਜਾ ਰਿਹਾ ਸੀ। ਫਿਰ ਉਸ ਨੇ ਸਾਡੇ ਵੱਲ ਮੁੜ ਕੇ ਕਿਹਾ, “ਹੁਣ ਖ਼ਤਰਾ ਟਲ਼ ਗਿਆ ਹੈ, ਤੁਸੀਂ ਜਾ ਸਕਦੀਆਂ ਹੋ।” ਉਹ ਸਾਨੂੰ ਬਾਹਰ ਛੱਡਣ ਆਇਆ ਅਤੇ ਅਸੀਂ ਉਸ ਨੂੰ ਗੁੱਡ-ਨਾਈਟ ਕਹਿ ਕੇ ਆਪਣੇ ਸਾਈਕਲਾਂ ’ਤੇ ਚੱਲ ਪਈਆਂ। ਕ੍ਰਿਸਟਫਰ ਨੇ ਕੀ ਦੇਖਿਆ ਸੀ ਜੋ ਇੰਨਾ ਖ਼ਤਰਨਾਕ ਸੀ?

ਮੈਂ ਕ੍ਰਿਸਟਾਬੈੱਲ ਅਰਲ 1927 ਨੂੰ ਇੰਗਲੈਂਡ ਦੇ ਸ਼ਹਿਰ ਸ਼ੇਫੀਲਡ ਵਿਚ ਪੈਦਾ ਹੋਈ ਸੀ। ਦੂਸਰੀ ਵਿਸ਼ਵ ਜੰਗ ਦੌਰਾਨ ਬੰਬ ਫਟਣ ਨਾਲ ਸਾਡਾ ਘਰ ਤਬਾਹ ਹੋ ਗਿਆ। ਇਸ ਲਈ ਮੈਨੂੰ ਆਪਣੀ ਨਾਨੀ ਨਾਲ ਰਹਿਣ ਲਈ ਭੇਜ ਦਿੱਤਾ ਗਿਆ ਸੀ ਤਾਂਕਿ ਮੈਂ ਆਪਣੀ ਪੜ੍ਹਾਈ ਖ਼ਤਮ ਕਰ ਸਕਾਂ। ਇਕ ਕਾਨਵੈਂਟ ਸਕੂਲ ਵਿਚ ਪੜ੍ਹਦਿਆਂ ਮੈਂ ਨਨਾਂ ਤੋਂ ਸਵਾਲ ਪੁੱਛਦੀ ਰਹਿੰਦੀ ਸੀ ਕਿ ਦੁਨੀਆਂ ਵਿਚ ਇੰਨੀ ਬੁਰਾਈ ਅਤੇ ਹਿੰਸਾ ਕਿਉਂ ਹੈ। ਨਾ ਤਾਂ ਉਹ ਨਨਾਂ ਅਤੇ ਨਾ ਹੀ ਦੂਸਰੇ ਧਰਮਾਂ ਦੇ ਲੋਕ ਮੇਰੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦੇ ਸਕੇ।

ਦੂਸਰੀ ਵਿਸ਼ਵ ਜੰਗ ਖ਼ਤਮ ਹੋਣ ਤੋਂ ਬਾਅਦ ਮੈਂ ਨਰਸ ਬਣਨ ਦੀ ਸਿਖਲਾਈ ਲਈ। ਮੈਂ ਪੈਡਿੰਗਟਨ ਜਨਰਲ ਹਸਪਤਾਲ ਵਿਚ ਕੰਮ ਕਰਨ ਲਈ ਲੰਡਨ ਆ ਗਈ। ਪਰ ਇਸ ਸ਼ਹਿਰ ਵਿਚ ਆ ਕੇ ਮੈਂ ਹੋਰ ਵੀ ਹਿੰਸਾ ਦੇਖੀ। ਮੇਰਾ ਭਰਾ ਕੋਰੀਆ ਦੀ ਜੰਗ ਅਜੇ ਲੜਨ ਹੀ ਗਿਆ ਸੀ ਕਿ ਮੈਂ ਆਪਣੇ ਹਸਪਤਾਲ ਦੇ ਬਾਹਰ ਹੀ ਬੁਰੀ ਤਰ੍ਹਾਂ ਲੜਾਈ ਹੁੰਦੀ ਦੇਖੀ। ਇਸ ਲੜਾਈ ਵਿਚ ਇਕ ਬੰਦੇ ਨੂੰ ਇੰਨਾ ਕੁੱਟਿਆ ਗਿਆ ਕਿ ਉਹ ਅੰਨ੍ਹਾ ਹੋ ਗਿਆ ਅਤੇ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ। ਇਸੇ ਸਮੇਂ ਦੌਰਾਨ ਮੈਂ ਮਾਤਾ ਜੀ ਨਾਲ ਇਕ ਜਗ੍ਹਾ ਤੇ ਗਈ ਜਿੱਥੇ ਚੇਲੇ-ਚਾਂਟਿਆਂ ਦੀ ਮਦਦ ਨਾਲ ਮੁਰਦਿਆਂ ਨਾਲ ਗੱਲ ਕੀਤੀ ਜਾ ਸਕਦੀ ਸੀ। ਪਰ ਫਿਰ ਵੀ ਮੈਨੂੰ ਜਵਾਬ ਨਹੀਂ ਸੀ ਮਿਲਿਆ ਕਿ ਦੁਨੀਆਂ ਵਿਚ ਇੰਨੀ ਬੁਰਾਈ ਕਿਉਂ ਹੈ।

ਬਾਈਬਲ ਸਟੱਡੀ ਕਰਨ ਦੀ ਹੱਲਾਸ਼ੇਰੀ

ਮੇਰਾ ਸਭ ਤੋਂ ਵੱਡਾ ਭਰਾ ਜੌਨ ਯਹੋਵਾਹ ਦਾ ਗਵਾਹ ਬਣ ਗਿਆ ਸੀ। ਇਕ ਦਿਨ ਉਹ ਮੈਨੂੰ ਮਿਲਣ ਆਇਆ। ਉਸ ਨੇ ਮੈਨੂੰ ਪੁੱਛਿਆ, “ਕੀ ਤੈਨੂੰ ਪਤਾ ਕਿ ਦੁਨੀਆਂ ਵਿਚ ਇਹ ਸਾਰੀਆਂ ਗੱਲਾਂ ਕਿਉਂ ਹੋ ਰਹੀਆਂ ਹਨ?” ਮੈਂ ਕਿਹਾ, “ਨਹੀਂ।” ਉਸ ਨੇ ਆਪਣੀ ਬਾਈਬਲ ਖੋਲ੍ਹ ਕੇ ਪਰਕਾਸ਼ ਦੀ ਪੋਥੀ 12:7-12 ਪੜ੍ਹਿਆ। ਹੁਣ ਮੈਨੂੰ ਪਤਾ ਲੱਗ ਗਿਆ ਸੀ ਕਿ ਦੁਨੀਆਂ ਵਿਚ ਫੈਲੀ ਸਾਰੀ ਬੁਰਾਈ ਦੀ ਜੜ੍ਹ ਸ਼ਤਾਨ ਅਤੇ ਉਸ ਦੇ ਨਾਲ ਦੇ ਬੁਰੇ ਦੂਤ ਹਨ। ਉਸ ਦੀ ਸਲਾਹ ਲੈਣ ਤੋਂ ਛੇਤੀ ਬਾਅਦ ਮੈਂ ਬਾਈਬਲ ਦੀ ਸਟੱਡੀ ਕਰਨ ਲੱਗ ਪਈ। ਪਰ ਉਦੋਂ ਮੈਂ ਲੋਕਾਂ ਤੋਂ ਡਰਦੇ ਮਾਰੇ ਬਪਤਿਸਮਾ ਨਹੀਂ ਲਿਆ।—ਕਹਾ. 29:25.

ਮੇਰੀ ਵੱਡੀ ਭੈਣ ਡੌਰਥੀ ਵੀ ਯਹੋਵਾਹ ਦੀ ਗਵਾਹ ਬਣ ਗਈ ਸੀ। ਉਹ ਆਪਣੇ ਮੰਗੇਤਰ ਬਿਲ ਰੌਬਰਟਸ ਨਾਲ ਨਿਊਯਾਰਕ (1953) ਵਿਚ ਹੋਏ ਅੰਤਰ-ਰਾਸ਼ਟਰੀ ਸੰਮੇਲਨ ਤੋਂ ਵਾਪਸ ਆਈ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਬਾਈਬਲ ਦੀ ਸਟੱਡੀ ਕਰ ਲਈ ਸੀ। ਬਿਲ ਨੇ ਮੈਨੂੰ ਪੁੱਛਿਆ: “ਕੀ ਤੂੰ ਸਾਰੇ ਹਵਾਲੇ ਦੇਖੇ ਸੀ? ਕੀ ਤੂੰ ਕਿਤਾਬ ਵਿਚ ਸਾਰੇ ਜਵਾਬਾਂ ਥੱਲੇ ਲਕੀਰ ਲਾਈ?” ਜਦੋਂ ਮੈਂ ਕਿਹਾ ਨਹੀਂ, ਤਾਂ ਉਸ ਨੇ ਕਿਹਾ: “ਫਿਰ ਤੂੰ ਚੰਗੀ ਤਰ੍ਹਾਂ ਸਟੱਡੀ ਨਹੀਂ ਕੀਤੀ! ਤੂੰ ਉਸ ਭੈਣ ਨੂੰ ਦੁਬਾਰਾ ਮਿਲ ਅਤੇ ਫਿਰ ਤੋਂ ਸਟੱਡੀ ਸ਼ੁਰੂ ਕਰ!” ਇਸੇ ਸਮੇਂ ਦੌਰਾਨ ਭੂਤ-ਪ੍ਰੇਤ ਮੈਨੂੰ ਸਤਾਉਣ ਲੱਗ ਪਏ। ਮੈਨੂੰ ਹਾਲੇ ਵੀ ਯਾਦ ਹੈ ਕਿ ਉਸ ਵੇਲੇ ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ ਕਿ ਉਹ ਮੇਰੀ ਰਾਖੀ ਕਰੇ ਅਤੇ ਮੈਨੂੰ ਭੂਤਾਂ ਦੇ ਸਾਏ ਤੋਂ ਬਚਾਵੇ।

ਸਕਾਟਲੈਂਡ ਅਤੇ ਆਇਰਲੈਂਡ ਵਿਚ ਪਾਇਨੀਅਰੀ

ਮੈਂ 16 ਜਨਵਰੀ 1954 ਨੂੰ ਬਪਤਿਸਮਾ ਲੈ ਲਿਆ। ਮੈਂ ਹਸਪਤਾਲ ਨਾਲ ਕੀਤਾ ਕਾਨਟ੍ਰੈਕਟ ਮਈ ਵਿਚ ਪੂਰਾ ਕਰ ਲਿਆ ਸੀ ਅਤੇ ਜੂਨ ਵਿਚ ਪਾਇਨੀਅਰੀ ਕਰਨ ਲੱਗ ਪਈ। ਅੱਠ ਮਹੀਨਿਆਂ ਬਾਅਦ ਮੈਨੂੰ ਸਪੈਸ਼ਲ ਪਾਇਨੀਅਰ ਵਜੋਂ ਸਕਾਟਲੈਂਡ ਦੇ ਸ਼ਹਿਰ ਗਰੇਂਜਮਥ ਵਿਚ ਭੇਜਿਆ ਗਿਆ। ਇੱਥੇ ਆ ਕੇ ਮੈਂ ਮਹਿਸੂਸ ਕੀਤਾ ਕਿ ਯਹੋਵਾਹ ਦੇ ਦੂਤ ਮੇਰੇ ‘ਦੁਆਲੇ ਡੇਰਾ ਲਾ ਰਹੇ’ ਸਨ ਕਿਉਂਕਿ ਮੈਂ ਅਜਿਹੇ ਥਾਂ ਤੇ ਪ੍ਰਚਾਰ ਕਰ ਰਹੀ ਸੀ ਜਿੱਥੇ ਘੱਟ ਹੀ ਲੋਕ ਦੇਖਣ ਨੂੰ ਮਿਲਦੇ ਸਨ।—ਜ਼ਬੂ. 34:7.

1956 ਵਿਚ ਮੈਨੂੰ ਆਇਰਲੈਂਡ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ। ਮੈਨੂੰ ਦੋ ਹੋਰ ਭੈਣਾਂ ਨਾਲ ਗਾਲਵੇ ਸ਼ਹਿਰ ਭੇਜਿਆ ਗਿਆ। ਪਹਿਲੇ ਹੀ ਦਿਨ ਪ੍ਰਚਾਰ ਕਰਦਿਆਂ ਮੈਨੂੰ ਇਕ ਪਾਦਰੀ ਮਿਲਿਆ। ਕੁਝ ਹੀ ਮਿੰਟਾਂ ਬਾਅਦ ਇਕ ਸਿਪਾਹੀ ਆਇਆ ਅਤੇ ਮੈਨੂੰ ਤੇ ਮੇਰੀ ਸਾਥਣ ਨੂੰ ਪੁਲਿਸ ਸਟੇਸ਼ਨ ਲੈ ਗਿਆ। ਸਾਡੇ ਨਾਂ ਅਤੇ ਪਤੇ ਲੈਣ ਤੋਂ ਫ਼ੌਰਨ ਬਾਅਦ ਸਿਪਾਹੀ ਨੇ ਫ਼ੋਨ ਘੁਮਾਇਆ। ਅਸੀਂ ਉਸ ਨੂੰ ਇਹ ਕਹਿੰਦੇ ਸੁਣਿਆ, “ਹਾਂ ਜੀ ਫਾਦਰ, ਮੈਨੂੰ ਪਤਾ ਹੈ ਕਿ ਉਹ ਕਿੱਥੇ ਰਹਿੰਦੀਆਂ ਹਨ।” ਉਸ ਪੁਲਿਸ ਵਾਲੇ ਨੂੰ ਪਾਦਰੀ ਨੇ ਹੀ ਭੇਜਿਆ ਸੀ! ਜਿੱਥੇ ਅਸੀਂ ਰਹਿੰਦੀਆਂ ਸੀ, ਉਸ ਘਰ ਦੇ ਮਾਲਕ ਉੱਤੇ ਦਬਾਅ ਪਾਇਆ ਗਿਆ ਕਿ ਉਹ ਸਾਨੂੰ ਘਰੋਂ ਕੱਢ ਦੇਵੇ। ਇਸ ਲਈ ਬ੍ਰਾਂਚ ਆਫ਼ਿਸ ਨੇ ਸਾਨੂੰ ਉੱਥੋਂ ਚਲੇ ਜਾਣ ਦੀ ਸਲਾਹ ਦਿੱਤੀ। ਅਸੀਂ ਰੇਲਵੇ ਸਟੇਸ਼ਨ ’ਤੇ 10 ਮਿੰਟ ਲੇਟ ਪਹੁੰਚੀਆਂ। ਪਰ ਟ੍ਰੇਨ ਹਾਲੇ ਵੀ ਖੜ੍ਹੀ ਸੀ ਅਤੇ ਇਕ ਆਦਮੀ ਸਾਨੂੰ ਉਦੋਂ ਤਕ ਦੇਖਦਾ ਰਿਹਾ ਜਦ ਤਕ ਅਸੀਂ ਟ੍ਰੇਨ ਵਿਚ ਚੜ੍ਹ ਨਾ ਗਈਆਂ। ਇਹ ਸਭ ਗਾਲਵੇ ਵਿਚ ਸਿਰਫ਼ ਤਿੰਨ ਹਫ਼ਤਿਆਂ ਤੋਂ ਬਾਅਦ ਹੀ ਹੋਇਆ!

ਫਿਰ ਸਾਨੂੰ ਇਕ ਹੋਰ ਸ਼ਹਿਰ ਲਿਮਰਿਕ ਵਿਚ ਭੇਜਿਆ ਗਿਆ ਜਿੱਥੇ ਕੈਥੋਲਿਕ ਚਰਚ ਦਾ ਬਹੁਤ ਦਬਦਬਾ ਸੀ। ਲੋਕੀ ਇਕੱਠੇ ਹੋ ਕੇ ਸਾਡਾ ਮਖੌਲ ਉਡਾਉਂਦੇ ਸਨ। ਕਈ ਲੋਕ ਤਾਂ ਡਰਦੇ ਮਾਰੇ ਸਾਡੇ ਨਾਲ ਗੱਲ ਕਰਨ ਲਈ ਦਰਵਾਜ਼ਾ ਵੀ ਨਹੀਂ ਖੋਲ੍ਹਦੇ ਸਨ। ਇਕ ਸਾਲ ਪਹਿਲਾਂ ਵੀ ਲਾਗਲੇ ਕਸਬੇ ਕਲੂਨਲਾਰਾ ਵਿਚ ਇਕ ਭਰਾ ਨੂੰ ਮਾਰਿਆ-ਕੁੱਟਿਆ ਗਿਆ ਸੀ। ਸੋ ਅਸੀਂ ਕ੍ਰਿਸਟਫਰ ਨੂੰ ਮਿਲ ਕੇ ਬਹੁਤ ਖ਼ੁਸ਼ ਸਾਂ ਜਿਸ ਬਾਰੇ ਇਸ ਲੇਖ ਦੇ ਸ਼ੁਰੂ ਵਿਚ ਗੱਲ ਕੀਤੀ ਗਈ ਹੈ। ਉਸ ਨੇ ਸਾਨੂੰ ਬਾਈਬਲ ਸੰਬੰਧੀ ਆਪਣੇ ਸਵਾਲਾਂ ਦੇ ਜਵਾਬ ਜਾਣਨ ਲਈ ਆਪਣੇ ਘਰ ਬੁਲਾਇਆ ਸੀ। ਜਦੋਂ ਅਸੀਂ ਕ੍ਰਿਸਟਫਰ ਦੇ ਘਰ ਸਾਂ, ਤਾਂ ਪਾਦਰੀ ਨੇ ਅੰਦਰ ਆ ਕੇ ਕ੍ਰਿਸਟਫਰ ’ਤੇ ਜ਼ੋਰ ਪਾਇਆ ਕਿ ਉਹ ਸਾਨੂੰ ਘਰੋਂ ਕੱਢ ਦੇਵੇ। ਪਾਦਰੀ ਦੀ ਗੱਲ ਨਾ ਮੰਨਦੇ ਹੋਏ ਕ੍ਰਿਸਟਫਰ ਨੇ ਕਿਹਾ: “ਇਨ੍ਹਾਂ ਕੁੜੀਆਂ ਨੂੰ ਮੈਂ ਆਪਣੇ ਘਰ ਬੁਲਾਇਆ ਤੇ ਉਨ੍ਹਾਂ ਨੇ ਅੰਦਰ ਆਉਣ ਤੋਂ ਪਹਿਲਾਂ ਦਰਵਾਜ਼ਾ ਖੜਕਾਇਆ ਸੀ। ਪਰ ਮੈਂ ਨਾ ਤਾਂ ਤੈਨੂੰ ਘਰ ਬੁਲਾਇਆ ਤੇ ਨਾ ਹੀ ਤੂੰ ਅੰਦਰ ਆਉਣ ਤੋਂ ਪਹਿਲਾਂ ਦਰਵਾਜ਼ਾ ਖੜਕਾਇਆ।” ਪਾਦਰੀ ਗੁੱਸੇ ਹੋ ਕੇ ਚਲਾ ਗਿਆ।

ਸਾਨੂੰ ਪਤਾ ਨਹੀਂ ਸੀ ਕਿ ਪਾਦਰੀ ਨੇ ਬੰਦੇ ਇਕੱਠੇ ਕੀਤੇ ਹੋਏ ਸਨ ਜੋ ਕ੍ਰਿਸਟਫਰ ਦੇ ਘਰ ਦੇ ਬਾਹਰ ਸਾਡਾ ਇੰਤਜ਼ਾਰ ਕਰ ਰਹੇ ਸਨ। ਕ੍ਰਿਸਟਫਰ ਨੂੰ ਪਤਾ ਸੀ ਕਿ ਇਹ ਆਦਮੀ ਸਾਡੇ ਖ਼ਿਲਾਫ਼ ਸਨ ਅਤੇ ਗੁੱਸੇ ਵਿਚ ਸਨ। ਇਸੇ ਕਰਕੇ ਕ੍ਰਿਸਟਫਰ ਨੇ ਉਵੇਂ ਕੀਤਾ ਜਿਵੇਂ ਅਸੀਂ ਲੇਖ ਦੇ ਸ਼ੁਰੂ ਵਿਚ ਪੜ੍ਹਿਆ ਸੀ। ਉਸ ਨੇ ਸਾਨੂੰ ਉਦੋਂ ਤਕ ਆਪਣੇ ਘਰ ਰੱਖਿਆ ਜਦ ਤਕ ਉਹ ਬੰਦੇ ਚਲੇ ਨਾ ਗਏ। ਬਾਅਦ ਵਿਚ ਸਾਨੂੰ ਪਤਾ ਲੱਗਾ ਕਿ ਕ੍ਰਿਸਟਫਰ ਅਤੇ ਉਸ ਦੇ ਪਰਿਵਾਰ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਕੀਤਾ ਗਿਆ ਅਤੇ ਉਹ ਇੰਗਲੈਂਡ ਚਲੇ ਗਏ। ਮੈਨੂੰ ਪੂਰਾ ਯਕੀਨ ਹੈ ਕਿ ਉਦੋਂ ਵੀ ਯਹੋਵਾਹ ਦੇ ਦੂਤ ਸਾਡੀ ਰੱਖਿਆ ਕਰ ਰਹੇ ਸਨ ਭਾਵੇਂ ਸਾਨੂੰ ਕ੍ਰਿਸਟਫਰ ਦੇ ਘਰ ਹੁੰਦਿਆਂ ਇਹ ਨਹੀਂ ਸੀ ਪਤਾ ਕਿ ਬਾਹਰ ਖ਼ਤਰਾ ਮੰਡਰਾ ਰਿਹਾ ਸੀ।

ਗਿਲਿਅਡ ਦਾ ਸੱਦਾ

ਮੈਂ 1958 ਨੂੰ ਨਿਊਯਰਕ ਵਿਚ ਹੋਣ ਵਾਲੇ “ਪਰਮੇਸ਼ੁਰੀ ਇੱਛਾ” ਨਾਮਕ ਅੰਤਰ-ਰਾਸ਼ਟਰੀ ਸੰਮੇਲਨ ’ਤੇ ਜਾਣ ਦਾ ਫ਼ੈਸਲਾ ਕੀਤਾ। ਉਦੋਂ ਹੀ ਮੈਨੂੰ ਗਿਲਿਅਡ ਦੀ 33ਵੀਂ ਕਲਾਸ ਵਿਚ ਜਾਣ ਦਾ ਸੱਦਾ ਮਿਲਿਆ। ਮੈਂ ਸੰਮੇਲਨ ਤੋਂ ਬਾਅਦ ਇੰਗਲੈਂਡ ਵਾਪਸ ਨਹੀਂ ਆਈ ਕਿਉਂਕਿ ਮੈਨੂੰ ਕੈਨੇਡਾ ਵਿਚ ਆਂਟੇਰੀਓ ਦੇ ਕਸਬੇ ਕੋਲਿੰਗਵੁੱਡ ਵਿਚ ਸੇਵਾ ਕਰਨ ਵਾਸਤੇ ਉਦੋਂ ਤਕ ਭੇਜ ਦਿੱਤਾ ਗਿਆ ਜਦ ਤਕ 1959 ਵਿਚ ਗਿਲਿਅਡ ਸਕੂਲ ਸ਼ੁਰੂ ਨਹੀਂ ਹੋਇਆ। ਸੰਮੇਲਨ ਦੌਰਾਨ ਮੇਰੀ ਮੁਲਾਕਾਤ ਐਰਿਕ ਕੌਨਲ ਨਾਲ ਹੋਈ ਸੀ। ਉਸ ਨੇ 1957 ਵਿਚ ਸੱਚਾਈ ਸਿੱਖੀ ਅਤੇ 1958 ਵਿਚ ਪਾਇਨੀਅਰੀ ਕਰਨੀ ਸ਼ੁਰੂ ਕੀਤੀ। ਜਦੋਂ ਮੈਂ ਕੈਨੇਡਾ ਵਿਚ ਸੀ ਅਤੇ ਉਸ ਤੋਂ ਬਾਅਦ ਜਦੋਂ ਮੈਂ ਗਿਲਿਅਡ ਦੀ ਸਿਖਲਾਈ ਲੈ ਰਹੀ ਸੀ, ਤਾਂ ਐਰਿਕ ਰੋਜ਼ ਮੈਨੂੰ ਚਿੱਠੀਆਂ ਲਿਖਦਾ ਹੁੰਦਾ ਸੀ। ਮੈਂ ਸੋਚਦੀ ਸਾਂ ਕਿ ਮੇਰੇ ਗ੍ਰੈਜੂਏਟ ਹੋਣ ਤੋਂ ਬਾਅਦ ਸਾਡਾ ਕੀ ਬਣੂੰ।

ਗਿਲਿਅਡ ਵਿਚ ਜਾਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਹਸੀਨ ਮੌਕਾ ਸੀ। ਮੇਰੀ ਭੈਣ ਡੌਰਥੀ ਅਤੇ ਮੇਰਾ ਜੀਜਾ ਵੀ ਉਸੇ ਕਲਾਸ ਵਿਚ ਸਨ। ਜਦੋਂ ਸਟੇਜ ਤੋਂ ਦੱਸਿਆ ਜਾ ਰਿਹਾ ਸੀ ਕਿ ਕਿਹੜਾ ਮਿਸ਼ਨਰੀ ਕਿੱਥੇ ਜਾਵੇਗਾ, ਤਾਂ ਮੇਰੀ ਭੈਣ ਤੇ ਜੀਜੇ ਨੂੰ ਪੁਰਤਗਾਲ ਭੇਜਿਆ ਗਿਆ। ਪਰ ਮੈਨੂੰ ਆਇਰਲੈਂਡ ਜਾਣ ਲਈ ਕਿਹਾ ਗਿਆ। ਮੈਂ ਕਿੰਨੀ ਨਿਰਾਸ਼ ਹੋਈ ਕਿ ਮੈਨੂੰ ਮੇਰੀ ਭੈਣ ਨਾਲ ਨਹੀਂ ਭੇਜਿਆ ਜਾ ਰਿਹਾ ਸੀ! ਇਸ ਲਈ ਮੈਂ ਇਕ ਇੰਸਟ੍ਰਕਟਰ ਨੂੰ ਪੁੱਛਿਆ, ‘ਕੀ ਮੇਰੇ ਕੋਲੋਂ ਕੋਈ ਗ਼ਲਤੀ ਹੋ ਗਈ।’ ਉਸ ਨੇ ਕਿਹਾ “ਨਹੀਂ, ਤੈਨੂੰ ਅਤੇ ਤੇਰੀ ਸਾਥਣ ਆਈਲੀਨ ਮਾਹੋਨੀ ਨੂੰ ਦੁਨੀਆਂ ਵਿਚ ਕਿਸੇ ਵੀ ਥਾਂ ਭੇਜਣ ਲਈ ਚੁਣਿਆ ਗਿਆ ਸੀ ਅਤੇ ਆਇਰਲੈਂਡ ਇਨ੍ਹਾਂ ਹੀ ਥਾਵਾਂ ਵਿੱਚੋਂ ਇਕ ਸੀ।”

ਵਾਪਸ ਆਇਰਲੈਂਡ ਵਿਚ

ਮੈਂ ਅਗਸਤ 1959 ਵਿਚ ਆਇਰਲੈਂਡ ਚਲੇ ਗਈ ਅਤੇ ਉੱਥੇ ਮੈਨੂੰ ਡਨ-ਲਾਓਰੀ ਕਲੀਸਿਯਾ ਵਿਚ ਭੇਜਿਆ ਗਿਆ। ਉਦੋਂ ਐਰਿਕ ਵੀ ਇੰਗਲੈਂਡ ਆ ਗਿਆ ਸੀ ਅਤੇ ਉਹ ਬਹੁਤ ਖ਼ੁਸ਼ ਸੀ ਕਿ ਮੈਂ ਉਸ ਤੋਂ ਜ਼ਿਆਦਾ ਦੂਰ ਨਹੀਂ ਰਹਿੰਦੀ ਸੀ। ਉਹ ਵੀ ਮਿਸ਼ਨਰੀ ਬਣਨਾ ਚਾਹੁੰਦਾ ਸੀ। ਇਸ ਲਈ ਉਸ ਨੇ ਸੋਚਿਆ ਕਿ ਉਹ ਆਇਰਲੈਂਡ ਵਿਚ ਜਾ ਕੇ ਪਾਇਨੀਅਰੀ ਕਰੇਗਾ ਕਿਉਂਕਿ ਉੱਥੇ ਮਿਸ਼ਨਰੀਆਂ ਦੀ ਬਹੁਤ ਲੋੜ ਸੀ। ਉਹ ਵੀ ਡਨ-ਲਾਓਰੀ ਆ ਗਿਆ ਤੇ ਅਸੀਂ 1961 ਵਿਚ ਵਿਆਹ ਕਰਵਾ ਲਿਆ।

ਛੇ ਮਹੀਨਿਆਂ ਬਾਅਦ ਐਰਿਕ ਦੇ ਮੋਟਰ-ਬਾਈਕ ਦਾ ਐਕਸੀਡੈਂਟ ਹੋ ਗਿਆ। ਉਸ ਦੀ ਖੋਪੜੀ ਵਿਚ ਤਰੇੜਾਂ ਪੈ ਗਈਆਂ ਸਨ ਅਤੇ ਡਾਕਟਰਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਬਚੇਗਾ ਜਾਂ ਨਹੀਂ। ਉਹ ਤਿੰਨ ਹਫ਼ਤਿਆਂ ਤਾਈਂ ਹਸਪਤਾਲ ਵਿਚ ਰਿਹਾ ਅਤੇ ਪੰਜ ਮਹੀਨਿਆਂ ਤਕ ਮੈਂ ਘਰ ਵਿਚ ਉਸ ਦੀ ਦੇਖ-ਭਾਲ ਕੀਤੀ। ਇਸ ਔਖੀ ਘੜੀ ਦੌਰਾਨ ਦੂਤਾਂ ਨੇ ਮੈਨੂੰ ਜਜ਼ਬਾਤੀ ਤੌਰ ਤੇ ਸੰਭਾਲਿਆ ਅਤੇ ਨਿਹਚਾ ਤਕੜੀ ਕਰਨ ਵਿਚ ਮੇਰੀ ਮਦਦ ਕੀਤੀ। ਉਸੇ ਸਮੇਂ ਦੌਰਾਨ ਮੈਂ ਆਪਣੀ ਪੂਰੀ ਵਾਹ ਲਾ ਕੇ ਪ੍ਰਚਾਰ ਕਰਦੀ ਰਹੀ।

1965 ਵਿਚ ਸਾਨੂੰ ਸਲਾਈਗੋ ਵਿਚ ਅੱਠ ਪਬਲੀਸ਼ਰਾਂ ਵਾਲੀ ਕਲੀਸਿਯਾ ਵਿਚ ਭੇਜਿਆ ਗਿਆ। ਸਲਾਈਗੋ ਉੱਤਰੀ-ਪੱਛਮੀ ਤਟ ਉੱਤੇ ਸਥਿਤ ਇਕ ਬੰਦਰਗਾਹ ਹੈ। ਤਿੰਨ ਸਾਲਾਂ ਬਾਅਦ ਅਸੀਂ ਉੱਤਰ ਵੱਲ ਲੰਡਨਡੇਰੀ ਸ਼ਹਿਰ ਵਿਚ ਇਕ ਹੋਰ ਛੋਟੀ ਜਿਹੀ ਕਲੀਸਿਯਾ ਵਿਚ ਚਲੇ ਗਏ। ਇਕ ਦਿਨ ਜਦੋਂ ਅਸੀਂ ਪ੍ਰਚਾਰ ਕਰ ਕੇ ਘਰ ਵਾਪਸ ਆ ਰਹੇ ਸਾਂ, ਤਾਂ ਅਸੀਂ ਸੜਕ ਉੱਤੇ ਕੰਡਿਆਲੀ ਤਾਰ ਲੱਗੀ ਦੇਖੀ। ਸੜਕ ਦੇ ਦੂਜੇ ਪਾਸੇ ਸਾਡਾ ਘਰ ਸੀ। ਉਸ ਵੇਲੇ ਉੱਤਰੀ ਆਇਰਲੈਂਡ ਵਿਚ ਪ੍ਰੋਟੈਸਟੈਂਟਾਂ ਅਤੇ ਕੈਥੋਲਿਕਾਂ ਵਿਚਕਾਰ ਲੜਾਈ-ਝਗੜੇ ਸ਼ੁਰੂ ਹੋ ਗਏ ਸਨ। ਇਹ ਉਹ ਸਮਾਂ ਸੀ ਜਿਸ ਨੂੰ “ਟ੍ਰਬਲਜ਼” ਕਿਹਾ ਜਾਂਦਾ ਹੈ। ਮੁੰਡਿਆਂ ਦੀਆਂ ਗੈਂਗਾਂ ਕਾਰਾਂ ਨੂੰ ਅੱਗ ਨਾਲ ਸਾੜ ਰਹੀਆਂ ਸਨ। ਸ਼ਹਿਰ ਦੋ ਹਿੱਸਿਆਂ ਯਾਨੀ ਪ੍ਰੋਟੈਸਟੈਂਟਾਂ ਅਤੇ ਕੈਥੋਲਿਕਾਂ ਵਿਚ ਵੰਡ ਚੁੱਕਾ ਸੀ। ਇਸ ਲਈ ਸ਼ਹਿਰ ਦੇ ਇਕ ਪਾਸੇ ਤੋਂ ਦੂਜੇ ਪਾਸੇ ਜਾਣਾ ਖ਼ਤਰਨਾਕ ਹੋ ਗਿਆ ਸੀ।

ਟ੍ਰਬਲਜ਼ ਦੌਰਾਨ ਜੀਣਾ ਅਤੇ ਪ੍ਰਚਾਰ ਕਰਨਾ

ਭਾਵੇਂ ਕਿ ਸ਼ਹਿਰ ਦੋ ਹਿੱਸਿਆਂ ਵਿਚ ਵੰਡਿਆ ਜਾ ਚੁੱਕਾ ਸੀ, ਪਰ ਫਿਰ ਵੀ ਅਸੀਂ ਹਰ ਥਾਂ ਪ੍ਰਚਾਰ ਕਰਨ ਗਏ। ਇਕ ਵਾਰ ਫਿਰ ਸਾਨੂੰ ਅਹਿਸਾਸ ਹੋਇਆ ਕਿ ਦੂਤ ਸਾਡੇ ਨਾਲ ਸਨ। ਪ੍ਰਚਾਰ ਕਰਦੇ ਵਕਤ ਜੇ ਕਿਸੇ ਥਾਂ ’ਤੇ ਲੜਾਈ ਸ਼ੁਰੂ ਹੋ ਜਾਂਦੀ ਸੀ, ਤਾਂ ਅਸੀਂ ਉੱਥੋਂ ਚਲੇ ਜਾਂਦੇ ਸਾਂ। ਜਦੋਂ ਮਾਹੌਲ ਸ਼ਾਂਤ ਹੁੰਦਾ ਸੀ, ਤਾਂ ਅਸੀਂ ਵਾਪਸ ਆ ਜਾਂਦੇ ਸਾਂ। ਇਕ ਵਾਰ ਜਦੋਂ ਸਾਡੇ ਅਪਾਰਟਮੈਂਟ ਦੇ ਨੇੜੇ ਲੜਾਈ ਹੋ ਰਹੀ ਸੀ, ਤਾਂ ਇਕ ਪੇਂਟ ਦੀ ਦੁਕਾਨ ਨੂੰ ਅੱਗ ਲੱਗ ਗਈ ਅਤੇ ਖੇਹ-ਸੁਆਹ ਸਾਡੀ ਤਾਕੀ ਉੱਤੇ ਡਿੱਗ ਰਹੀ ਸੀ। ਅਸੀਂ ਸਾਰੀ ਰਾਤ ਸੁੱਤੇ ਨਹੀਂ ਕਿਉਂਕਿ ਸਾਨੂੰ ਡਰ ਸੀ ਕਿ ਕਿਤੇ ਸਾਡੇ ਅਪਾਰਟਮੈਂਟ ਨੂੰ ਅੱਗ ਨਾ ਲੱਗ ਜਾਵੇ। ਫਿਰ ਜਦੋਂ ਅਸੀਂ 1970 ਵਿਚ ਬੈਲਫ਼ਾਸਟ ਚਲੇ ਗਏ, ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਉਸ ਪੇਂਟ ਦੀ ਦੁਕਾਨ ਨੂੰ ਪਟਰੋਲ ਦਾ ਬੰਬ ਫਟਣ ਨਾਲ ਅੱਗ ਲੱਗੀ ਸੀ ਅਤੇ ਸਾਡਾ ਅਪਾਰਟਮੈਂਟ ਵੀ ਸੜ ਕੇ ਸੁਆਹ ਹੋ ਚੁੱਕਾ ਸੀ।

ਇਕ ਵਾਰ ਜਦੋਂ ਮੈਂ ਇਕ ਭੈਣ ਨਾਲ ਪ੍ਰਚਾਰ ’ਤੇ ਗਈ ਸੀ, ਤਾਂ ਅਸੀਂ ਕਿਸੇ ਦੀ ਤਾਕੀ ’ਤੇ ਇਕ ਅਜੀਬ ਜਿਹਾ ਪਾਈਪ ਪਿਆ ਦੇਖਿਆ। ਅਸੀਂ ਅੱਗੇ ਲੰਘ ਗਈਆਂ। ਕੁਝ ਹੀ ਮਿੰਟਾਂ ਬਾਅਦ ਪਾਈਪ ਦੇ ਫਟਣ ਦੀ ਆਵਾਜ਼ ਆਈ। ਆਵਾਜ਼ ਸੁਣ ਕੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਸਨ। ਉਨ੍ਹਾਂ ਨੇ ਸੋਚਿਆ ਕਿ ਇਹ ਬੰਬ ਅਸੀਂ ਰੱਖਿਆ ਸੀ। ਉਸੇ ਵਕਤ ਉਸ ਇਲਾਕੇ ਵਿਚ ਰਹਿੰਦੀ ਇਕ ਭੈਣ ਨੇ ਸਾਨੂੰ ਆਪਣੇ ਘਰ ਬੁਲਾ ਲਿਆ। ਇਹ ਦੇਖ ਕੇ ਉਸ ਭੈਣ ਦੇ ਗੁਆਂਢੀਆਂ ਨੂੰ ਯਕੀਨ ਹੋ ਗਿਆ ਕਿ ਅਸੀਂ ਬੇਕਸੂਰ ਸਾਂ।

1971 ਵਿਚ ਅਸੀਂ ਲੰਡਨਡੇਰੀ ਵਿਚ ਇਕ ਭੈਣ ਨੂੰ ਮਿਲਣ ਗਏ। ਜਦੋਂ ਅਸੀਂ ਉਸ ਨੂੰ ਦੱਸਿਆ ਕਿ ਅਸੀਂ ਕਿਹੜੇ ਰਸਤਿਓਂ ਆਏ ਅਤੇ ਕਿਹੜੀ ਨਾਕਾਬੰਦੀ ਤੋਂ ਲੰਘੇ ਸਾਂ, ਤਾਂ ਉਸ ਨੇ ਪੁੱਛਿਆ, “ਕੀ ਨਾਕਾਬੰਦੀ ਉੱਤੇ ਕੋਈ ਨਹੀਂ ਸੀ?” ਜਦੋਂ ਅਸੀਂ ਉਸ ਨੂੰ ਕਿਹਾ, “ਹਾਂ ਸੀ, ਪਰ ਉਨ੍ਹਾਂ ਨੇ ਸਾਨੂੰ ਰੋਕਿਆ ਨਹੀਂ।” ਭੈਣ ਹੱਕੀ-ਬੱਕੀ ਰਹਿ ਗਈ ਕਿਉਂਕਿ ਕੁਝ ਦਿਨ ਪਹਿਲਾਂ ਇਕ ਡਾਕਟਰ ਦੀ ਕਾਰ ਅਤੇ ਇਕ ਪੁਲਿਸ ਵਾਲੇ ਦੀ ਗੱਡੀ ਕਿਸੇ ਨੇ ਹਾਈਜੈਕ ਕਰ ਲਈ ਸੀ ਅਤੇ ਦੋਵਾਂ ਕਾਰਾਂ ਨੂੰ ਜਲਾ ਦਿੱਤਾ।

1972 ਵਿਚ ਅਸੀਂ ਕੋਰਕ ਸ਼ਹਿਰ ਰਹਿਣ ਚਲੇ ਗਏ। ਬਾਅਦ ਵਿਚ ਅਸੀਂ ਨੇਸ ਅਤੇ ਫਿਰ ਆਰਕਲੋ ਰਹਿਣ ਲੱਗ ਪਏ। 1987 ਵਿਚ ਸਾਨੂੰ ਕਾਸਲਬਾਰ ਭੇਜਿਆ ਗਿਆ ਜਿੱਥੇ ਅਸੀਂ ਹੁਣ ਰਹਿ ਰਹੇ ਹਾਂ। ਇੱਥੇ ਸਾਨੂੰ ਕਿੰਗਡਮ ਹਾਲ ਬਣਾਉਣ ਵਿਚ ਮਦਦ ਕਰਨ ਦਾ ਵੱਡਾ ਸਨਮਾਨ ਮਿਲਿਆ। 1999 ਵਿਚ ਐਰਿਕ ਬਹੁਤ ਬੀਮਾਰ ਹੋ ਗਿਆ। ਪਰ ਯਹੋਵਾਹ ਅਤੇ ਕਲੀਸਿਯਾ ਦੀ ਮਦਦ ਨਾਲ ਮੈਂ ਇਕ ਵਾਰ ਫਿਰ ਹਾਲਾਤ ਦਾ ਸਾਮ੍ਹਣਾ ਕਰ ਸਕੀ ਅਤੇ ਆਪਣੇ ਪਤੀ ਦੀ ਦੇਖ-ਭਾਲ ਕੀਤੀ।

ਮੈਂ ਅਤੇ ਐਰਿਕ ਦੋ ਵਾਰ ਪਾਇਨੀਅਰ ਸੇਵਾ ਸਕੂਲ ਵਿਚ ਜਾ ਚੁੱਕੇ ਹਾਂ। ਉਹ ਹਾਲੇ ਵੀ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹੈ। ਮੈਨੂੰ ਗਠੀਏ ਦੀ ਗੰਭੀਰ ਬੀਮਾਰੀ ਲੱਗੀ ਹੋਈ ਹੈ ਅਤੇ ਮੇਰਾ ਚੂਲਾ ਅਤੇ ਦੋਵੇਂ ਗੋਡੇ ਬਦਲੇ ਜਾ ਚੁੱਕੇ ਹਨ। ਭਾਵੇਂ ਕਿ ਮੈਨੂੰ ਆਪਣੇ ਧਰਮ ਦੇ ਕਾਰਨ ਸਖ਼ਤ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ ਹੈ ਅਤੇ ਰਾਜਨੀਤਿਕ ਅਤੇ ਸਮਾਜਕ ਉਥਲ-ਪੁਥਲ ਦੀਆਂ ਘੜੀਆਂ ਵਿੱਚੋਂ ਗੁਜ਼ਰਨਾ ਪਿਆ, ਫਿਰ ਵੀ ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਮੈਨੂੰ ਗੱਡੀ ਚਲਾਉਣੀ ਛੱਡਣੀ ਪਈ। ਇਹ ਮੇਰੇ ਲਈ ਇਸ ਲਈ ਚੁਣੌਤੀ ਹੈ ਕਿਉਂਕਿ ਮੈਂ ਆਪਣੇ ਆਪ ਕਿਤੇ ਆ-ਜਾ ਨਹੀਂ ਸਕਦੀ। ਪਰ ਕਲੀਸਿਯਾ ਨੇ ਮੇਰੀ ਬਹੁਤ ਮਦਦ ਕੀਤੀ ਹੈ। ਮੈਂ ਖੂੰਡੀ ਦੇ ਸਹਾਰੇ ਤੁਰਦੀ-ਫਿਰਦੀ ਹਾਂ ਅਤੇ ਬੈਟਰੀ ਨਾਲ ਚੱਲਦੇ ਤਿੰਨ ਪਹੀਆਂ ਵਾਲੇ ਸਾਈਕਲ ’ਤੇ ਥੋੜ੍ਹਾ ਦੂਰ-ਦੂਰ ਘੁੰਮ ਆਉਂਦੀ ਹਾਂ।

ਮੈਂ ਅਤੇ ਐਰਿਕ ਨੇ ਮਿਲ ਕੇ 100 ਤੋਂ ਜ਼ਿਆਦਾ ਸਾਲ ਸਪੈਸ਼ਲ ਪਾਇਨੀਅਰੀ ਕੀਤੀ ਹੈ। ਉਨ੍ਹਾਂ ਵਿੱਚੋਂ 98 ਸਾਲ ਅਸੀਂ ਆਇਰਲੈਂਡ ਵਿਚ ਗੁਜ਼ਾਰੇ। ਪਾਇਨੀਅਰੀ ਛੱਡਣ ਦਾ ਹਾਲੇ ਸਾਡਾ ਕੋਈ ਇਰਾਦਾ ਨਹੀਂ। ਹਾਲਾਂਕਿ ਅਸੀਂ ਕੋਈ ਚਮਤਕਾਰ ਹੋਣ ਦੀ ਉਡੀਕ ਨਹੀਂ ਕਰਦੇ, ਪਰ ਫਿਰ ਵੀ ਅਸੀਂ ਮੰਨਦੇ ਹਾਂ ਕਿ ਯਹੋਵਾਹ ਦੇ ਸ਼ਕਤੀਸ਼ਾਲੀ ਦੂਤ ਉਨ੍ਹਾਂ ਸਾਰਿਆਂ ਦੇ ‘ਦੁਆਲੇ ਡੇਰਾ ਲਾਉਂਦੇ’ ਹਨ ਜੋ ਯਹੋਵਾਹ ਦਾ ਭੈ ਰੱਖਦੇ ਅਤੇ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰ ਰਹੇ ਹਨ।