Skip to content

Skip to table of contents

ਯਹੋਵਾਹ ਨੂੰ ਕਦੇ ਨਾ ਭੁੱਲੋ

ਯਹੋਵਾਹ ਨੂੰ ਕਦੇ ਨਾ ਭੁੱਲੋ

ਯਹੋਵਾਹ ਨੂੰ ਕਦੇ ਨਾ ਭੁੱਲੋ

ਯਹੋਵਾਹ ਨੇ ਯਰਦਨ ਦੇ ਪਾਣੀਆਂ ਨੂੰ ਰੋਕ ਦਿੱਤਾ ਸੀ ਤਾਂਕਿ ਉਸ ਦੇ ਲੋਕ ਨਦੀ ਨੂੰ ਪਾਰ ਕਰ ਸਕਣ। ਯਾਦ ਕਰੋ ਕਿ ਇਸਰਾਏਲੀਆਂ ਵਿੱਚੋਂ ਕੁਝ ਲੋਕਾਂ ਨੇ ਲਾਲ ਸਾਗਰ ਨੂੰ ਇਸ ਘਟਨਾ ਤੋਂ 40 ਸਾਲ ਪਹਿਲਾਂ ਪਾਰ ਕੀਤਾ ਸੀ। ਪਰ ਕਈਆਂ ਨੇ ਪਹਿਲੀ ਵਾਰ ਇਹ ਚਮਤਕਾਰ ਦੇਖਿਆ ਸੀ ਜਦੋਂ ਯਰਦਨ ਦਾ ਪਾਣੀ ਵਗਣੋਂ ਰੁਕ ਗਿਆ। ਉਨ੍ਹਾਂ ਨੇ ਪਹਿਲੀ ਵਾਰ ਨਦੀ ਦੀ ਸੁੱਕੀ ਜ਼ਮੀਨ ਉੱਪਰ ਦੀ ਲੰਘਣਾ ਸੀ ਅਤੇ ਗਿੱਲੇ ਨਹੀਂ ਸੀ ਹੋਣਾ। ਲੱਖਾਂ ਹੀ ਲੋਕ ਨਦੀ ਨੂੰ ਪਾਰ ਕਰ ਕੇ ਵਾਅਦਾ ਕੀਤੇ ਹੋਏ ਦੇਸ਼ ਵਿਚ ਪਹੁੰਚ ਗਏ। ਉਨ੍ਹਾਂ ਵਿੱਚੋਂ ਵੀ ਕਈਆਂ ਨੇ ਲਾਲ ਸਾਗਰ ਦੇ ਕੰਢੇ ’ਤੇ ਖੜ੍ਹੇ ਆਪਣੇ ਪਿਓ-ਦਾਦਿਆਂ ਵਾਂਗ ਸੋਚਿਆ ਹੋਣਾ ਕਿ ‘ਮੈਂ ਯਹੋਵਾਹ ਦਾ ਇਹ ਕਮਾਲ ਕਦੇ ਨਹੀਂ ਭੁੱਲਾਂਗਾ।’—ਯਹੋ. 3:13-17.

ਪਰ ਯਹੋਵਾਹ ਨੂੰ ਪਤਾ ਸੀ ਕਿ ਕੁਝ ਇਸਰਾਏਲੀਆਂ ਨੇ ‘ਉਹ ਦੇ ਕੰਮਾਂ ਨੂੰ ਛੇਤੀ ਹੀ ਭੁੱਲ’ ਜਾਣਾ ਸੀ। (ਜ਼ਬੂ. 106:13) ਇਸ ਲਈ ਉਸ ਨੇ ਇਸਰਾਏਲ ਦੇ ਆਗੂ ਯਹੋਸ਼ੁਆ ਨੂੰ ਕਿਹਾ ਕਿ ਉਹ ਨਦੀ ਦੇ ਤਲ ਤੋਂ 12 ਪੱਥਰ ਚੁੱਕੇ ਅਤੇ ਉਨ੍ਹਾਂ ਨੂੰ ਇਕ ਯਾਦਗਾਰੀ ਵਜੋਂ ਉੱਥੇ ਰੱਖੇ ਜਿੱਥੇ ਉਨ੍ਹਾਂ ਨੇ ਡੇਰਾ ਲਾਉਣਾ ਸੀ। ਯਹੋਸ਼ੁਆ ਨੇ ਕਿਹਾ: “ਏਹ ਪੱਥਰ ਸਦਾ ਲਈ ਇਸਰਾਏਲੀਆਂ ਲਈ ਯਾਦਗੀਰੀ ਲਈ ਹੋਣਗੇ।” (ਯਹੋ. 4:1-8) ਇਨ੍ਹਾਂ ਪੱਥਰਾਂ ਨੇ ਲੋਕਾਂ ਨੂੰ ਯਹੋਵਾਹ ਦੇ ਚਮਤਕਾਰੀ ਕੰਮਾਂ ਦੀ ਯਾਦ ਦਿਲਾਉਣੀ ਸੀ ਅਤੇ ਇਸ ਗੱਲ ’ਤੇ ਵੀ ਜ਼ੋਰ ਦੇਣਾ ਸੀ ਕਿ ਉਨ੍ਹਾਂ ਨੂੰ ਹਮੇਸ਼ਾ ਉਸ ਦੀ ਵਫ਼ਾਦਾਰੀ ਨਾਲ ਸੇਵਾ ਕਰਨੀ ਚਾਹੀਦੀ ਸੀ।

ਕੀ ਅੱਜ ਇਹ ਘਟਨਾ ਪਰਮੇਸ਼ੁਰ ਦੇ ਲੋਕਾਂ ਲਈ ਕੋਈ ਮਾਅਨੇ ਰੱਖਦੀ ਹੈ? ਹਾਂ, ਰੱਖਦੀ ਹੈ। ਸਾਨੂੰ ਵੀ ਯਹੋਵਾਹ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ ਅਤੇ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ। ਅੱਜ ਯਹੋਵਾਹ ਦੇ ਲੋਕ ਇਸਰਾਏਲ ਨੂੰ ਦਿੱਤੀਆਂ ਹੋਰ ਚੇਤਾਵਨੀਆਂ ਤੋਂ ਵੀ ਸਬਕ ਸਿੱਖ ਸਕਦੇ ਹਨ। ਮੂਸਾ ਦੀ ਗੱਲ ਵੱਲ ਧਿਆਨ ਦਿਓ: “ਤੁਸੀਂ ਸਾਵਧਾਨ ਰਹਿਣਾ ਕਿਤੇ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੇ ਹੁਕਮਾਂ, ਵਿਧੀਆਂ ਅਤੇ ਵਿਧਾਨ ਦੀ ਪਾਲਨਾ ਕਰਨੀ ਭੁਲ ਨਾ ਜਾਵੋ।” (ਬਿਵ. 8:11, CL) ਇਸ ਹਵਾਲੇ ਤੋਂ ਪਤਾ ਲੱਗਦਾ ਹੈ ਕਿ ਜੇ ਅਸੀਂ ਯਹੋਵਾਹ ਨੂੰ ਭੁੱਲ ਗਏ, ਤਾਂ ਅਸੀਂ ਉਸ ਦੇ ਖ਼ਿਲਾਫ਼ ਕੰਮ ਕਰਨ ਲੱਗ ਪਵਾਂਗੇ। ਤੁਹਾਡੇ ਨਾਲ ਵੀ ਇੱਦਾਂ ਹੋ ਸਕਦਾ ਹੈ। ਮਸੀਹੀਆਂ ਨੂੰ ਲਿਖਦੇ ਸਮੇਂ ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ ਕਿ ਉਹ ਉਜਾੜ ਵਿਚ ਰਹੇ ਇਸਰਾਏਲੀਆਂ “ਵਾਂਙੁ ਅਣਆਗਿਆਕਾਰੀ” ਨਾ ਕਰਨ।—ਇਬ. 4:8-11.

ਆਓ ਆਪਾਂ ਇਸਰਾਏਲ ਦੇ ਇਤਿਹਾਸ ਵਿਚ ਵਾਪਰੀਆਂ ਕੁਝ ਘਟਨਾਵਾਂ ਵੱਲ ਧਿਆਨ ਦੇਈਏ ਜਿਨ੍ਹਾਂ ਤੋਂ ਅਸੀਂ ਸਿੱਖਾਂਗੇ ਕਿ ਸਾਨੂੰ ਪਰਮੇਸ਼ੁਰ ਨੂੰ ਕਿਉਂ ਨਹੀਂ ਭੁੱਲਣਾ ਚਾਹੀਦਾ। ਇਸ ਦੇ ਨਾਲ-ਨਾਲ ਅਸੀਂ ਦੋ ਇਸਰਾਏਲੀ ਆਦਮੀਆਂ ਦੀਆਂ ਜ਼ਿੰਦਗੀਆਂ ਤੋਂ ਸਬਕ ਸਿੱਖਾਂਗੇ ਜਿਨ੍ਹਾਂ ਨੇ ਧੀਰਜ ਅਤੇ ਅਹਿਸਾਨਮੰਦੀ ਨਾਲ ਯਹੋਵਾਹ ਦੀ ਸੇਵਾ ਕੀਤੀ।

ਯਹੋਵਾਹ ਨੂੰ ਯਾਦ ਰੱਖਣ ਦੇ ਕਾਰਨ

ਇਸਰਾਏਲੀ ਲੋਕ ਜਿੰਨੇ ਸਾਲ ਮਿਸਰ ਦੇਸ਼ ਵਿਚ ਰਹੇ, ਉਨ੍ਹਾਂ ਸਾਲਾਂ ਦੌਰਾਨ ਯਹੋਵਾਹ ਉਨ੍ਹਾਂ ਨੂੰ ਕਦੀ ਨਹੀਂ ਭੁੱਲਿਆ। ਉਸ ਨੇ “ਆਪਣੇ ਨੇਮ ਨੂੰ ਜਿਹੜਾ ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਨਾਲ ਸੀ ਚੇਤੇ ਕੀਤਾ।” (ਕੂਚ 2:23, 24) ਇਸ ਲਈ ਉਨ੍ਹਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਸੀ ਕਿ ਯਹੋਵਾਹ ਨੇ ਉਨ੍ਹਾਂ ਨੂੰ ਗ਼ੁਲਾਮੀ ਵਿੱਚੋਂ ਆਜ਼ਾਦ ਕਰਾਉਣ ਲਈ ਕੀ ਕੁਝ ਕੀਤਾ ਸੀ।

ਯਹੋਵਾਹ ਨੇ ਮਿਸਰ ਉੱਤੇ ਨੌਂ ਬਿਪਤਾਵਾਂ ਲਿਆਂਦੀਆਂ। ਮਿਸਰ ਦੇ ਰਾਜੇ ਦੇ ਜੋਤਸ਼ੀ ਇਨ੍ਹਾਂ ਨੂੰ ਰੋਕਣ ਲਈ ਕੁਝ ਨਾ ਕਰ ਸਕੇ। ਪਰ ਫਿਰ ਵੀ ਰਾਜੇ ਨੇ ਯਹੋਵਾਹ ਨੂੰ ਲਲਕਾਰਿਆ ਅਤੇ ਇਸਰਾਏਲੀਆਂ ਨੂੰ ਛੱਡਣ ਤੋਂ ਇਨਕਾਰ ਕੀਤਾ। (ਕੂਚ 7:14–10:29) ਪਰ ਦਸਵੀਂ ਬਿਪਤਾ ਆਉਣ ’ਤੇ ਉਸ ਘਮੰਡੀ ਰਾਜੇ ਨੂੰ ਪਰਮੇਸ਼ੁਰ ਦਾ ਕਹਿਣਾ ਮੰਨਣਾ ਹੀ ਪਿਆ। (ਕੂਚ 11:1-10; 12:12) ਇਸਰਾਏਲ ਕੌਮ ਦੇ ਨਾਲ ਮਿਸਰ ਦੇ ਬਹੁਤ ਸਾਰੇ ਲੋਕ ਮਿਸਰ ਤੋਂ ਮੂਸਾ ਦੇ ਮਗਰ-ਮਗਰ ਤੁਰ ਪਏ। ਕੁੱਲ ਮਿਲਾ ਕੇ ਤਕਰੀਬਨ 30 ਲੱਖ ਲੋਕ ਮਿਸਰ ਤੋਂ ਨਿਕਲੇ। (ਕੂਚ 12:37, 38) ਪਰ ਰਾਜੇ ਨੇ ਝੱਟ ਆਪਣਾ ਮਨ ਬਦਲ ਲਿਆ ਅਤੇ ਉਸ ਨੇ ਆਪਣੀ ਫ਼ੌਜ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਗ਼ੁਲਾਮਾਂ ਦਾ ਪਿੱਛਾ ਕਰਨ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ। ਇਹ ਕੋਈ ਆਮ ਫ਼ੌਜ ਨਹੀਂ ਸੀ, ਸਗੋਂ ਇਹ ਹਥਿਆਰਬੰਦ ਰਥਾਂ ਅਤੇ ਘੋੜਿਆਂ ਵਾਲੀ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਫ਼ੌਜ ਸੀ। ਯਹੋਵਾਹ ਨੇ ਮੂਸਾ ਨੂੰ ਕਿਹਾ ਕਿ ਉਹ ਪੀ-ਹਹੀਰੋਥ ਵਿਚ ਡੇਰਾ ਲਾਉਣ ਜੋ ਲਾਲ ਸਾਗਰ ਅਤੇ ਪਹਾੜਾਂ ਵਿਚਕਾਰ ਸਥਿਤ ਸੀ। ਲੱਗਦਾ ਸੀ ਕਿ ਇਸਰਾਏਲੀ ਹੁਣ ਵਿਚਕਾਰ ਹੀ ਫਸ ਗਏ ਸਨ।—ਕੂਚ 14:1-9.

ਰਾਜਾ ਸੋਚ ਰਿਹਾ ਸੀ ਕਿ ਇਸਰਾਏਲੀ ਹੁਣ ਉਸ ਦੇ ਕਬਜ਼ੇ ਵਿਚ ਸਨ ਅਤੇ ਉਸ ਦੀ ਫ਼ੌਜ ਉਨ੍ਹਾਂ ਉੱਤੇ ਝਪਟਣ ਲਈ ਤਿਆਰ ਖੜ੍ਹੀ ਸੀ। ਪਰ ਯਹੋਵਾਹ ਨੇ ਇਸਰਾਏਲੀਆਂ ਅਤੇ ਮਿਸਰੀਆਂ ਵਿਚਕਾਰ ਬੱਦਲ ਦਾ ਥੰਮ੍ਹ ਅਤੇ ਅੱਗ ਦਾ ਥੰਮ੍ਹ ਖੜ੍ਹਾ ਕਰ ਕੇ ਮਿਸਰੀਆਂ ਨੂੰ ਇਸਰਾਏਲੀਆਂ ਤੋਂ ਅੱਡ ਰੱਖਿਆ। ਫਿਰ ਪਰਮੇਸ਼ੁਰ ਨੇ ਲਾਲ ਸਾਗਰ ਨੂੰ ਚੀਰ ਸੁੱਟਿਆ ਅਤੇ ਦੋਵੇਂ ਪਾਸੇ ਪਾਣੀ ਦੀਆਂ ਦੀਵਾਰਾਂ ਖੜ੍ਹੀਆਂ ਹੋ ਗਈਆਂ ਜੋ ਸ਼ਾਇਦ 15 ਮੀਟਰ ਉੱਚੀਆਂ ਸਨ। ਸਾਰੇ ਲੋਕਾਂ ਨੇ ਸੁੱਕੀ ਜ਼ਮੀਨ ਉੱਪਰ ਦੀ ਲੰਘਣਾ ਸ਼ੁਰੂ ਕੀਤਾ। ਸਮੁੰਦਰ ਦੇ ਕੰਢੇ ਉੱਤੇ ਖੜ੍ਹੀ ਮਿਸਰ ਦੀ ਫ਼ੌਜ ਇਸਰਾਏਲੀਆਂ ਨੂੰ ਸਮੁੰਦਰ ਪਾਰ ਕਰਦਿਆਂ ਦੇਖ ਸਕਦੀ ਸੀ।—ਕੂਚ 13:21; 14:10-22.

ਜੇ ਹੋਰ ਕੋਈ ਬੰਦਾ ਹੁੰਦਾ, ਤਾਂ ਉਹ ਨੂੰ ਅਕਲ ਆਉਂਦੀ ਤੇ ਉਹ ਘਰ ਚਲਾ ਜਾਂਦਾ, ਪਰ ਮਿਸਰ ਦਾ ਰਾਜਾ ਹਾਰ ਨਹੀਂ ਮੰਨਣੀ ਚਾਹੁੰਦਾ ਸੀ। ਉਸ ਨੇ ਆਪਣਾ ਸੀਨਾ ਚੌੜਾ ਕਰ ਕੇ ਹੁਕਮ ਦਿੱਤਾ ਕਿ ਰਥ ਅਤੇ ਘੋੜਸਵਾਰ ਇਸਰਾਏਲੀਆਂ ਦਾ ਪਿੱਛਾ ਕਰਨ। ਰਾਜਾ ਅਤੇ ਉਸ ਦੀ ਫ਼ੌਜ ਸਮੁੰਦਰ ਪਾਰ ਕਰ ਰਹੇ ਇਸਰਾਏਲੀ ਲੋਕਾਂ ਮਗਰ ਭੱਜਣ ਲੱਗੇ। ਪਰ ਉਹ ਉਨ੍ਹਾਂ ਤਕ ਪਹੁੰਚ ਨਾ ਪਾਏ। ਮਿਸਰੀ ਹੋਰ ਅੱਗੇ ਨਾ ਵਧ ਸਕੇ ਕਿਉਂਕਿ ਯਹੋਵਾਹ ਨੇ ਉਨ੍ਹਾਂ ਦੇ ਰਥਾਂ ਦੇ ਪਹੀਏ ਲਾਹ ਸੁੱਟੇ।—ਕੂਚ 14:23-25; 15:9.

ਭਾਵੇਂ ਮਿਸਰੀਆਂ ਦੇ ਰਥ ਟੁੱਟ-ਫੁੱਟ ਗਏ ਸਨ, ਫਿਰ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ। ਪਰ ਇਸਰਾਏਲੀ ਸਮੁੰਦਰ ਨੂੰ ਪਾਰ ਕਰ ਕੇ ਦੂਸਰੇ ਪਾਸੇ ਪਹੁੰਚ ਗਏ ਸਨ। ਫਿਰ ਮੂਸਾ ਨੇ ਆਪਣਾ ਹੱਥ ਲਾਲ ਸਾਗਰ ਵੱਲ ਵਧਾਇਆ। ਇੱਦਾਂ ਕਰਦਿਆਂ ਸਾਰ ਯਹੋਵਾਹ ਨੇ ਪਾਣੀ ਦੀਆਂ ਦੀਵਾਰਾਂ ਡੇਗ ਦਿੱਤੀਆਂ। ਸਾਰੇ ਦਾ ਸਾਰਾ ਪਾਣੀ ਰਾਜੇ ਅਤੇ ਉਸ ਦੇ ਫ਼ੌਜੀਆਂ ਉੱਤੇ ਆ ਡਿੱਗਿਆ। ਉਨ੍ਹਾਂ ਵਿੱਚੋਂ ਇਕ ਵੀ ਨਾ ਬਚਿਆ। ਇਸਰਾਏਲ ਆਜ਼ਾਦ ਹੋ ਗਿਆ!—ਕੂਚ 14:26-28; ਜ਼ਬੂ. 136: 13-15.

ਜਦੋਂ ਆਲੇ-ਦੁਆਲੇ ਦੀਆਂ ਕੌਮਾਂ ਨੂੰ ਇਸ ਘਟਨਾ ਦੀ ਖ਼ਬਰ ਮਿਲੀ, ਤਾਂ ਉਹ ਡਰ ਗਈਆਂ। (ਕੂਚ 15:14-16) ਚਾਲੀ ਸਾਲ ਬਾਅਦ ਯਰੀਹੋ ਸ਼ਹਿਰ ਦੀ ਰਾਹਾਬ ਨੇ ਦੋ ਇਸਰਾਏਲੀ ਬੰਦਿਆਂ ਨੂੰ ਕਿਹਾ: “ਤੁਹਾਡਾ ਭੈ ਅਸਾਂ ਲੋਕਾਂ ਉੱਤੇ ਆ ਪਿਆ ਹੈ . . . ਕਿਉਂ ਜੋ ਅਸਾਂ ਸੁਣਿਆ ਹੈ ਕਿ ਜਿਸ ਵੇਲੇ ਤੁਸੀਂ ਮਿਸਰ ਵਿੱਚੋਂ ਨਿੱਕਲੇ ਤਾਂ ਯਹੋਵਾਹ ਨੇ ਤੁਹਾਡੇ ਅੱਗੋਂ ਲਾਲ ਸਮੁੰਦਰ ਦੇ ਪਾਣੀ ਨੂੰ ਕਿਵੇਂ ਸੁਕਾ ਦਿੱਤਾ।” (ਯਹੋ. 2:9, 10) ਇਨ੍ਹਾਂ ਪਰਾਈਆਂ ਕੌਮਾਂ ਦੇ ਲੋਕਾਂ ਨੂੰ ਵੀ ਚੇਤਾ ਰਿਹਾ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਵੇਂ ਬਚਾਇਆ ਸੀ। ਤਾਂ ਫਿਰ, ਇਸਰਾਏਲ ਕੋਲ ਯਹੋਵਾਹ ਨੂੰ ਚੇਤੇ ਰੱਖਣ ਦੇ ਹੋਰ ਬਥੇਰੇ ਕਾਰਨ ਸਨ।

‘ਆਪਣੀ ਅੱਖ ਦੀ ਕਾਕੀ ਵਾਂਙੁ ਉਨ੍ਹਾਂ ਦੀ ਰਾਖੀ ਕੀਤੀ’

ਲਾਲ ਸਾਗਰ ਨੂੰ ਪਾਰ ਕਰਨ ਤੋਂ ਬਾਅਦ ਇਸਰਾਏਲ ਕੌਮ ਸੀਨਈ ਉਜਾੜ ਵਿਚ ਪਹੁੰਚੀ ਜੋ “ਵੱਡੀ ਅਤੇ ਭਿਆਣਕ ਉਜਾੜ” ਸੀ। ਇਸ “ਸੁੱਕੀ ਜ਼ਮੀਨ” ਉੱਤੇ ਨਾ ਤਾਂ “ਪਾਣੀ” ਸੀ ਅਤੇ ਨਾ ਹੀ ਇੰਨੇ ਸਾਰੇ ਲੋਕਾਂ ਲਈ ਖਾਣਾ ਸੀ। ਪਰ ਫਿਰ ਵੀ ਯਹੋਵਾਹ ਨੇ ਉਜਾੜ ਵਿਚ ਉਨ੍ਹਾਂ ਦੀ ਦੇਖ-ਰੇਖ ਕੀਤੀ। ਮੂਸਾ ਨੇ ਯਾਦ ਕੀਤਾ: “[ਯਹੋਵਾਹ] ਨੇ [ਇਸਰਾਏਲ] ਨੂੰ ਉਜਾੜ ਧਰਤੀ ਵਿੱਚੋਂ ਲੱਭਿਆ, ਅਤੇ ਸੁੰਨਸਾਨ ਬਣ ਵਿੱਚੋਂ। ਉਸ ਨੇ ਉਹ ਨੂੰ ਘੇਰੇ ਵਿੱਚ ਲੈ ਲਿਆ ਅਤੇ ਉਹ ਦੀ ਖਬਰ ਲਈ, ਅੱਖ ਦੀ ਕਾਕੀ ਵਾਂਙੁ ਉਸ ਨੇ ਉਹ ਦੀ ਰਾਖੀ ਕੀਤੀ।” (ਬਿਵ. 8:15; 32:10) ਪਰਮੇਸ਼ੁਰ ਨੇ ਉਨ੍ਹਾਂ ਦੀ ਦੇਖ-ਭਾਲ ਕਿਵੇਂ ਕੀਤੀ?

ਯਹੋਵਾਹ ਨੇ ਉਨ੍ਹਾਂ ਨੂੰ “ਅਕਾਸ਼ ਤੋਂ ਰੋਟੀ” ਯਾਨੀ ਮੰਨ ਦਿੱਤਾ ਜੋ ‘ਧਰਤੀ ਉੱਤੇ ਪਿਆ ਹੁੰਦਾ ਸੀ।’ (ਕੂਚ 16:4, 14, 15, 35) ਯਹੋਵਾਹ ਨੇ ਉਨ੍ਹਾਂ ਨੂੰ “ਪਥਰੈਲੀ ਢਿੱਗ ਤੋਂ” ਪੀਣ ਲਈ ਪਾਣੀ ਦਿੱਤਾ। (ਬਿਵ. 8:15) ਉਨ੍ਹਾਂ ਨੇ ਉਜਾੜ ਵਿਚ 40 ਸਾਲ ਗੁਜ਼ਾਰੇ। ਇਨ੍ਹਾਂ ਸਾਲਾਂ ਦੌਰਾਨ ਯਹੋਵਾਹ ਨੇ ਨਾ ਤਾਂ ਉਨ੍ਹਾਂ ਦੇ ਕੱਪੜੇ ਖ਼ਰਾਬ ਹੋਣ ਦਿੱਤੇ ਅਤੇ ਨਾ ਹੀ ਉਨ੍ਹਾਂ ਦੇ ਪੈਰ ਸੁੱਜਣ ਦਿੱਤੇ। (ਬਿਵ. 8:4) ਇਸ ਸਭ ਦੇ ਬਦਲੇ ਯਹੋਵਾਹ ਉਨ੍ਹਾਂ ਕੋਲੋਂ ਕੀ ਚਾਹੁੰਦਾ ਸੀ? ਮੂਸਾ ਨੇ ਇਸਰਾਏਲ ਨੂੰ ਕਿਹਾ: “ਚੌਕਸ ਰਹੋ ਅਤੇ ਆਪਣੇ ਮਨ ਦੀ ਬਹੁਤ ਰਾਖੀ ਕਰੋ ਮਤੇ ਤੁਸੀਂ ਉਨ੍ਹਾਂ ਗੱਲਾਂ ਨੂੰ ਭੁੱਲ ਜਾਓ ਜਿਹੜੀਆਂ ਤੁਹਾਡੀਆਂ ਅੱਖਾਂ ਨੇ ਵੇਖੀਆਂ ਹਨ ਅਤੇ ਓਹ ਤੁਹਾਡੇ ਹਿਰਦੇ ਵਿੱਚੋਂ ਤੁਹਾਡੇ ਜੀਵਨ ਭਰ ਨਿੱਕਲ ਜਾਣ।” (ਬਿਵ. 4:9) ਜੇ ਇਸਰਾਏਲੀ ਯਹੋਵਾਹ ਦਾ ਅਹਿਸਾਨ ਮੰਨਦੇ, ਤਾਂ ਉਨ੍ਹਾਂ ਨੇ ਹਮੇਸ਼ਾ ਉਸ ਦੀ ਸੇਵਾ ਕਰਨ ਅਤੇ ਉਸ ਦੇ ਕਹਿਣੇ ਵਿਚ ਰਹਿਣ ਦੀ ਪੂਰੀ ਕੋਸ਼ਿਸ਼ ਕਰਨੀ ਸੀ। ਪਰ ਕੀ ਇਸਰਾਏਲੀਆਂ ਨੇ ਇਵੇਂ ਕੀਤਾ?

ਚੇਤਾ ਭੁੱਲਣ ਨਾਲ ਅਸੀਂ ਨਾਸ਼ੁਕਰੇ ਬਣ ਸਕਦੇ ਹਾਂ

ਮੂਸਾ ਨੇ ਕਿਹਾ: “ਉਸ ਚਟਾਨ ਨੂੰ ਜਿਸ ਤੈਨੂੰ ਪੈਦਾ ਕੀਤਾ ਤੂੰ ਵਿਸਾਰ ਦਿੱਤਾ, ਉਸ ਪਰਮੇਸ਼ੁਰ ਨੂੰ ਜਿਸ ਤੈਨੂੰ ਜਨਮ ਦਿੱਤਾ ਤੂੰ ਭੁੱਲ ਗਿਆ।” (ਬਿਵ. 32:18) ਲਾਲ ਸਾਗਰ ’ਤੇ ਯਹੋਵਾਹ ਦੇ ਚਮਤਕਾਰ, ਉਜਾੜ ਵਿਚ ਲੋਕਾਂ ਨੂੰ ਜ਼ਿੰਦਾ ਰੱਖਣ ਲਈ ਉਸ ਦੇ ਪ੍ਰਬੰਧ ਅਤੇ ਬਾਕੀ ਸਾਰੇ ਵਧੀਆ ਕੰਮ ਜੋ ਯਹੋਵਾਹ ਨੇ ਉਨ੍ਹਾਂ ਵਾਸਤੇ ਕੀਤੇ ਸਨ, ਇਸਰਾਏਲੀ ਉਨ੍ਹਾਂ ਨੂੰ ਛੇਤੀ ਹੀ ਭੁੱਲ ਗਏ ਸਨ। ਉਹ ਨਾਸ਼ੁਕਰੇ ਬਣ ਗਏ ਸਨ।

ਇਕ ਵਾਰ ਇਸਰਾਏਲੀ ਮੂਸਾ ਦੇ ਵਿਰੁੱਧ ਬੋਲਣ ਲੱਗ ਪਏ ਕਿਉਂਕਿ ਉਨ੍ਹਾਂ ਕੋਲ ਪੀਣ ਲਈ ਪਾਣੀ ਨਹੀਂ ਸੀ। (ਗਿਣ. 20:2-5) ਜੋ ਮੰਨ ਯਹੋਵਾਹ ਨੇ ਉਨ੍ਹਾਂ ਨੂੰ ਖਾਣ ਵਾਸਤੇ ਦਿੱਤਾ ਸੀ, ਉਸ ਬਾਰੇ ਵੀ ਉਹ ਬੁੜਬੁੜਾਉਣ ਲੱਗੇ: “ਸਾਡੀਆਂ ਜਾਨਾਂ ਏਸ ਨਿਕੰਮੀ ਰੋਟੀ ਤੋਂ ਅੱਕ ਗਈਆਂ ਹਨ!” (ਗਿਣ. 21:5) ਉਹ ਸ਼ਿਕਾਇਤ ਕਰ ਰਹੇ ਸਨ ਕਿ ਯਹੋਵਾਹ ਉਨ੍ਹਾਂ ਨਾਲ ਚੰਗਾ ਵਰਤਾਓ ਨਹੀਂ ਕਰ ਰਿਹਾ ਸੀ ਅਤੇ ਉਹ ਨਹੀਂ ਸੀ ਚਾਹੁੰਦੇ ਕਿ ਮੂਸਾ ਉਨ੍ਹਾਂ ਦਾ ਆਗੂ ਹੋਵੇ। ਉਨ੍ਹਾਂ ਨੇ ਕਿਹਾ: ‘ਚੰਗਾ ਹੀ ਹੁੰਦਾ ਜੇ ਅਸੀਂ ਮਿਸਰ ਦੇਸ ਵਿੱਚ ਮਰ ਜਾਂਦੇ ਅਥਵਾ ਏਸ ਉਜਾੜ ਵਿੱਚ ਮਰ ਮੁੱਕਦੇ! . . . ਆਓ ਆਪਾਂ ਇੱਕ ਸਰਦਾਰ ਠਹਿਰਾ ਕੇ ਮਿਸਰ ਨੂੰ ਮੁੜ ਚੱਲੀਏ।’—ਗਿਣ. 14:2-4.

ਯਹੋਵਾਹ ਨੂੰ ਕਿੱਦਾਂ ਲੱਗਾ ਜਦੋਂ ਇਸਰਾਏਲੀਆਂ ਨੇ ਉਸ ਦਾ ਕਹਿਣਾ ਨਹੀਂ ਮੰਨਿਆ? ਉਨ੍ਹਾਂ ਘਟਨਾਵਾਂ ਬਾਰੇ ਯਾਦ ਕਰਦਿਆਂ ਇਕ ਜ਼ਬੂਰ ਦੇ ਲਿਖਾਰੀ ਨੇ ਲਿਖਿਆ: “ਕਿੰਨੀ ਵਾਰ ਓਹ ਉਜਾੜ ਵਿੱਚ ਉਸ ਤੋਂ ਆਕੀ ਹੋਏ, ਅਤੇ ਉਸ ਨੂੰ ਥਲ ਵਿੱਚ ਉਦਾਸ ਕੀਤਾ! ਮੁੜ ਘਿੜ ਉਨ੍ਹਾਂ ਨੇ ਪਰਮੇਸ਼ੁਰ ਨੂੰ ਪਰਤਾਇਆ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ। ਉਨ੍ਹਾਂ ਨੇ ਉਸ ਦੇ ਹੱਥ ਨੂੰ ਚੇਤੇ ਨਾ ਰੱਖਿਆ, ਨਾ ਉਸ ਦਿਨ ਨੂੰ ਜਦ ਉਸ ਨੇ ਉਨ੍ਹਾਂ ਨੂੰ ਵਿਰੋਧੀ ਤੋਂ ਛੁਡਾਇਆ, ਜਦ ਉਸ ਨੇ ਮਿਸਰ ਵਿੱਚ ਆਪਣੇ ਨਿਸ਼ਾਨ . . . ਵਿਖਾਏ।” (ਜ਼ਬੂ. 78:40-43) ਹਾਂ, ਇਸਰਾਏਲ ਨੇ ਯਹੋਵਾਹ ਨੂੰ ਦੁੱਖ ਪਹੁੰਚਾਇਆ ਕਿਉਂਜੋ ਉਹ ਉਸ ਨੂੰ ਭੁੱਲ ਗਏ।

ਦੋ ਬੰਦੇ ਯਹੋਵਾਹ ਨੂੰ ਨਹੀਂ ਭੁੱਲੇ

ਕੁਝ ਇਸਰਾਏਲੀ ਲੋਕ ਯਹੋਵਾਹ ਨੂੰ ਨਹੀਂ ਭੁੱਲੇ। ਉਨ੍ਹਾਂ ਵਿੱਚੋਂ ਯਹੋਸ਼ੁਆ ਤੇ ਕਾਲੇਬ ਸਨ। ਉਹ ਉਨ੍ਹਾਂ ਬਾਰਾਂ ਜਾਸੂਸਾਂ ਵਿਚ ਸਨ ਜੋ ਕਾਦੇਸ਼ ਬਰਨੇਆ ਤੋਂ ਵਾਅਦਾ ਕੀਤੇ ਹੋਏ ਦੇਸ਼ ਨੂੰ ਦੇਖਣ ਗਏ। ਦਸਾਂ ਜਾਸੂਸਾਂ ਨੇ ਦੇਸ਼ ਬਾਰੇ ਸਹੀ-ਸਹੀ ਰਿਪੋਰਟ ਨਹੀਂ ਦਿੱਤੀ, ਪਰ ਯਹੋਸ਼ੁਆ ਅਤੇ ਕਾਲੇਬ ਨੇ ਲੋਕਾਂ ਨੂੰ ਕਿਹਾ: “ਉਹ ਧਰਤੀ ਜਿਹ ਦੇ ਵਿੱਚ ਦੀ ਅਸੀਂ ਖੋਜ ਕੱਢਣ ਲਈ ਲੰਘੇ ਡਾਢੀ ਹੀ ਚੰਗੀ ਹੈ। ਜੇ ਯਹੋਵਾਹ ਸਾਡੇ ਨਾਲ ਪਰਸੰਨ ਹੈ ਤਾਂ ਉਹ ਸਾਨੂੰ ਏਸ ਧਰਤੀ ਵਿੱਚ ਲੈ ਜਾਵੇਗਾ ਅਤੇ ਸਾਨੂੰ ਦੇ ਦੇਵੇਗਾ। ਉਹ ਇੱਕ ਧਰਤੀ ਹੈ ਜਿਹ ਦੇ ਵਿੱਚ ਦੁੱਧ ਅਤੇ ਸ਼ਹਿਤ ਵਗਦਾ ਹੈ। ਕੇਵਲ ਨਾ ਤਾਂ ਤੁਸੀਂ ਯਹੋਵਾਹ ਦੇ ਵਿਰੁੱਧ ਆਕੀ ਹੋਵੋ।” ਲੋਕਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗੀਆਂ, ਇਸ ਲਈ ਉਹ ਯਹੋਸ਼ੁਆ ਅਤੇ ਕਾਲੇਬ ਨੂੰ ਪੱਥਰਾਂ ਨਾਲ ਮਾਰਨਾ ਚਾਹੁੰਦੇ ਸਨ। ਪਰ ਇਨ੍ਹਾਂ ਦੋਨਾਂ ਬੰਦਿਆਂ ਨੇ ਨਿਡਰ ਹੋ ਕੇ ਯਹੋਵਾਹ ’ਤੇ ਭਰੋਸਾ ਰੱਖਿਆ।—ਗਿਣ. 14:6-10.

ਕਈ ਸਾਲ ਬਾਅਦ ਕਾਲੇਬ ਨੇ ਯਹੋਸ਼ੁਆ ਨੂੰ ਕਿਹਾ: “ਮੂਸਾ ਨੇ ਮੈਨੂੰ ਕਾਦੇਸ਼ ਬਰਨੇਆ ਤੋਂ ਉਸ ਦੇਸ ਦਾ ਖੋਜ ਕੱਢਣ ਲਈ ਘੱਲਿਆ ਅਤੇ ਜਿਵੇਂ ਮੇਰੇ ਮਨ ਵਿੱਚ ਆਇਆ ਮੈਂ ਉਹ ਖਬਰ ਉਹ ਨੂੰ ਦਿੱਤੀ। ਤਦ ਵੀ ਮੇਰੇ ਭਰਾਵਾਂ ਨੇ ਜਿਹੜੇ ਮੇਰੇ ਨਾਲ ਉਤਾਹਾਂ ਗਏ ਲੋਕਾਂ ਦੇ ਦਿਲਾਂ ਨੂੰ ਪਾਣੀਓਂ ਪਾਣੀ ਕਰ ਦਿੱਤਾ ਪਰ ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਪਿੱਛੇ ਲੱਗਾ ਰਿਹਾ।” (ਯਹੋ. 14:6-8) ਯਹੋਸ਼ੁਆ ਅਤੇ ਕਾਲੇਬ ਨੇ ਯਹੋਵਾਹ ’ਤੇ ਪੂਰਾ ਭਰੋਸਾ ਰੱਖ ਕੇ ਕਈ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ। ਉਨ੍ਹਾਂ ਨੇ ਠਾਣ ਲਿਆ ਸੀ ਕਿ ਉਹ ਯਹੋਵਾਹ ਦੇ ਕੰਮਾਂ ਨੂੰ ਕਦੀ ਨਹੀਂ ਭੁੱਲਣਗੇ।

ਕਾਲੇਬ ਅਤੇ ਯਹੋਸ਼ੁਆ ਸ਼ੁਕਰਗੁਜ਼ਾਰ ਸਨ। ਉਨ੍ਹਾਂ ਨੇ ਇਸ ਗੱਲ ਦੀ ਕਦਰ ਕੀਤੀ ਕਿ ਯਹੋਵਾਹ ਨੇ ਆਪਣੇ ਵਾਅਦੇ ਅਨੁਸਾਰ ਆਪਣੇ ਲੋਕਾਂ ਨੂੰ ਬਹੁਤ ਸੋਹਣਾ ਦੇਸ਼ ਦਿੱਤਾ। ਉਨ੍ਹਾਂ ਨੂੰ ਯਹੋਵਾਹ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ ਕਿ ਉਸ ਨੇ ਉਨ੍ਹਾਂ ਦੀ ਦੇਖ-ਭਾਲ ਕੀਤੀ। ਯਹੋਸ਼ੁਆ ਨੇ ਕਿਹਾ: “ਯਹੋਵਾਹ ਨੇ ਇਸਰਾਏਲ ਨੂੰ ਉਹ ਸਾਰਾ ਦੇਸ ਦਿੱਤਾ ਜਿਹ ਦੇ ਦੇਣ ਦੀ ਸੌਂਹ ਉਨ੍ਹਾਂ ਦੇ ਪਿਉ ਦਾਦਿਆਂ ਨਾਲ ਖਾਧੀ ਸੀ . . . ਉਨ੍ਹਾਂ ਸਾਰਿਆਂ ਚੰਗਿਆਂ ਬਚਨਾਂ ਵਿੱਚੋਂ ਜਿਹੜੇ ਯਹੋਵਾਹ ਨੇ ਇਸਰਾਏਲ ਦੇ ਘਰਾਣੇ ਨਾਲ ਕੀਤੇ ਇੱਕ ਬਚਨ ਵੀ ਰਹਿ ਨਾ ਗਿਆ, ਸਾਰੇ ਪੂਰੇ ਹੋਏ।” (ਯਹੋ. 21:43, 45) ਅੱਜ ਅਸੀਂ ਕਾਲੇਬ ਅਤੇ ਯਹੋਸ਼ੁਆ ਵਾਂਗ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ?

ਸ਼ੁਕਰਗੁਜ਼ਾਰ ਹੋਵੋ

ਪਰਮੇਸ਼ੁਰ ਦੇ ਇਕ ਭਗਤ ਨੇ ਕਿਹਾ: “ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ ਮੈਂ ਉਹ ਨੂੰ ਕੀ ਮੋੜ ਕੇ ਦਿਆਂ?” (ਜ਼ਬੂ. 116:12) ਪਰਮੇਸ਼ੁਰ ਨੇ ਸਾਨੂੰ ਕਿੰਨਾ ਕੁਝ ਦਿੱਤਾ ਹੈ! ਅਸੀਂ ਉਸ ਦੇ ਕਰਜ਼ਦਾਰ ਹਾਂ ਕਿਉਂਕਿ ਉਹ ਸਾਨੂੰ ਜੀਣ ਲਈ ਜ਼ਰੂਰੀ ਚੀਜ਼ਾਂ ਦਿੰਦਾ ਹੈ, ਉਹ ਸਾਨੂੰ ਸੇਧ ਦਿੰਦਾ ਹੈ ਅਤੇ ਉਸ ਨੇ ਸਾਡੇ ਲਈ ਸਦਾ ਦੀ ਜ਼ਿੰਦਗੀ ਪਾਉਣ ਦਾ ਪ੍ਰਬੰਧ ਕੀਤਾ ਹੈ। ਅਸੀਂ ਉਸ ਵਾਸਤੇ ਭਾਵੇਂ ਜੋ ਮਰਜ਼ੀ ਕਰ ਲਈਏ, ਫਿਰ ਵੀ ਅਸੀਂ ਇਸ ਕਰਜ਼ ਨੂੰ ਕਦੇ ਚੁਕਾ ਨਹੀਂ ਸਕਾਂਗੇ। ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਸ਼ੁਕਰਗੁਜ਼ਾਰੀ ਨਹੀਂ ਦਿਖਾ ਸਕਦੇ।

ਕੀ ਤੁਹਾਨੂੰ ਯਹੋਵਾਹ ਤੋਂ ਅਜਿਹੀ ਸਲਾਹ ਮਿਲੀ ਹੈ ਜਿਸ ਦੇ ਕਾਰਨ ਤੁਸੀਂ ਕਿਸੇ ਸਮੱਸਿਆ ਵਿਚ ਪੈਣ ਤੋਂ ਬਚ ਗਏ? ਉਸ ਤੋਂ ਮਾਫ਼ੀ ਮਿਲਣ ਕਾਰਨ ਕੀ ਹੁਣ ਤੁਹਾਡੀ ਜ਼ਮੀਰ ਸ਼ੁੱਧ ਹੋ ਗਈ ਹੈ ਜਿਸ ਕਰਕੇ ਤੁਸੀਂ ਉਸ ਦੀ ਭਗਤੀ ਕਰ ਸਕਦੇ ਹੋ? ਯਹੋਵਾਹ ਦੀ ਮਦਦ ਤੋਂ ਸਾਨੂੰ ਹਮੇਸ਼ਾ ਫ਼ਾਇਦਾ ਹੁੰਦਾ ਹੈ ਅਤੇ ਸਾਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ। ਸਾਂਡਰਾ ਨਾਂ ਦੀ ਇਕ 14 ਸਾਲ ਦੀ ਕੁੜੀ ਨੇ ਯਹੋਵਾਹ ਦੀ ਮਦਦ ਨਾਲ ਕਈ ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ। ਉਹ ਕਹਿੰਦੀ ਹੈ: “ਮੈਂ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਜਿਸ ਤਰੀਕੇ ਨਾਲ ਉਸ ਨੇ ਮੇਰੀ ਮਦਦ ਕੀਤੀ, ਉਸ ਨੂੰ ਮੈਂ ਕਦੀ ਭੁਲਾ ਨਹੀਂ ਸਕਦੀ। ਹੁਣ ਮੈਨੂੰ ਪਤਾ ਲੱਗਾ ਕਿ ਮੇਰੇ ਪਿਤਾ ਜੀ ਕਿਉਂ ਵਾਰ-ਵਾਰ ਕਹਾਉਤਾਂ 3:5, 6 ਮੈਨੂੰ ਦੱਸਦੇ ਰਹਿੰਦੇ ਸਨ ਜਿੱਥੇ ਲਿਖਿਆ ਹੈ: ‘ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।’ ਮੈਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਹਮੇਸ਼ਾ ਹੀ ਮੇਰੀ ਮਦਦ ਕਰਦਾ ਰਹੇਗਾ।”

ਅਜ਼ਮਾਇਸ਼ਾਂ ਸਹਿੰਦੇ ਹੋਏ ਯਹੋਵਾਹ ਨੂੰ ਯਾਦ ਰੱਖੋ

ਬਾਈਬਲ ਇਕ ਹੋਰ ਗੁਣ ਦਾ ਜ਼ਿਕਰ ਕਰਦੀ ਹੈ ਜਿਸ ਕਰਕੇ ਸਾਨੂੰ ਯਹੋਵਾਹ ਨੂੰ ਚੇਤੇ ਰੱਖਣਾ ਚਾਹੀਦਾ ਹੈ: “ਧੀਰਜ ਦੇ ਕੰਮ ਨੂੰ ਪੂਰਿਆਂ ਹੋ ਲੈਣ ਦਿਓ ਭਈ ਤੁਸੀਂ ਸਿੱਧ ਅਤੇ ਸੰਪੂਰਨ ਹੋਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ।” (ਯਾਕੂ. 1:4) “ਸਿੱਧ ਅਤੇ ਸੰਪੂਰਨ” ਹੋਣ ਦਾ ਕੀ ਮਤਲਬ ਹੈ? ਜੇ ਅਸੀਂ ਆਪਣੇ ਵਿਚ ਉਹ ਗੁਣ ਪੈਦਾ ਕਰੀਏ ਜਿਨ੍ਹਾਂ ਦੀ ਮਦਦ ਨਾਲ ਅਸੀਂ ਯਹੋਵਾਹ ’ਤੇ ਭਰੋਸਾ ਰੱਖ ਕੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਪਾਵਾਂਗੇ, ਤਾਂ ਅਸੀਂ ਦ੍ਰਿੜ੍ਹ ਰਹਾਂਗੇ ਅਤੇ ਹਾਰ ਨਹੀਂ ਮੰਨਾਂਗੇ। ਜਦੋਂ ਅਸੀਂ ਧੀਰਜ ਨਾਲ ਅਜ਼ਮਾਇਸ਼ਾਂ ਸਹਿੰਦੇ ਹਾਂ, ਤਾਂ ਸਾਨੂੰ ਖ਼ੁਸ਼ੀ ਮਿਲਦੀ ਹੈ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੀਆਂ ਅਜ਼ਮਾਇਸ਼ਾਂ ਹਮੇਸ਼ਾ ਨਹੀਂ ਰਹਿਣਗੀਆਂ।—1 ਕੁਰਿੰ. 10:13.

ਯਹੋਵਾਹ ਦੇ ਇਕ ਸੇਵਕ ਨੇ ਕਾਫ਼ੀ ਸਾਲਾਂ ਤੋਂ ਮਾੜੀ ਸਿਹਤ ਕਰਕੇ ਕਈ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਹੈ। ਉਹ ਕਹਿੰਦਾ ਹੈ ਕਿ ਇਸ ਗੱਲ ਨੇ ਉਸ ਨੂੰ ਸਹਿਣ ਵਿਚ ਮਦਦ ਕੀਤੀ ਹੈ: “ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਇਹ ਨਾ ਸੋਚਾਂ ਕਿ ਮੈਂ ਕੀ ਨਹੀਂ ਕਰ ਸਕਦਾ, ਪਰ ਇਹ ਸੋਚਦਾ ਹਾਂ ਕਿ ਯਹੋਵਾਹ ਕੀ ਕਰ ਰਿਹਾ ਹੈ। ਵਫ਼ਾਦਾਰ ਰਹਿਣ ਦਾ ਇਹ ਮਤਲਬ ਹੈ ਕਿ ਮੈਂ ਯਹੋਵਾਹ ਦੇ ਮਕਸਦਾਂ ਉੱਤੇ ਧਿਆਨ ਲਾਈ ਰੱਖਾਂ, ਨਾ ਕਿ ਆਪਣੀਆਂ ਖ਼ਾਹਸ਼ਾਂ ਉੱਤੇ। ਜਦੋਂ ਅਚਾਨਕ ਮੇਰੇ ’ਤੇ ਕੋਈ ਮੁਸ਼ਕਲ ਆ ਪੈਂਦੀ ਹੈ, ਤਾਂ ਮੈਂ ਇਹ ਨਹੀਂ ਕਹਿੰਦਾ: ‘ਹੇ ਯਹੋਵਾਹ ਮੇਰੇ ਨਾਲ ਇੱਦਾਂ ਕਿਉਂ ਹੁੰਦਾ ਹੈ?’ ਮੈਂ ਹਰ ਹਾਲ ਵਿਚ ਉਸ ਦੀ ਸੇਵਾ ਕਰਨ ਵਿਚ ਲੱਗਾ ਰਹਿੰਦਾ ਹਾਂ।”

ਅੱਜ ਮਸੀਹੀ ਕਲੀਸਿਯਾ ਪੂਰੇ ਦਿਲ ਨਾਲ ਯਹੋਵਾਹ ਦੀ ਭਗਤੀ ਕਰਦੀ ਹੈ। ਸੱਚੇ ਮਸੀਹੀ ਸਮੂਹ ਦੇ ਤੌਰ ਤੇ ਇਸਰਾਏਲ ਕੌਮ ਵਾਂਗ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਭੁੱਲਣਗੇ। ਪਰ ਕਲੀਸਿਯਾ ਦੇ ਮੈਂਬਰ ਹੋਣ ਦਾ ਇਹ ਮਤਲਬ ਨਹੀਂ ਕਿ ਵਫ਼ਾਦਾਰ ਰਹਿਣ ਲਈ ਸਾਨੂੰ ਖ਼ੁਦ ਕੁਝ ਕਰਨ ਦੀ ਲੋੜ ਨਹੀਂ। ਕਾਲੇਬ ਅਤੇ ਯਹੋਸ਼ੁਆ ਵਾਂਗ ਸਾਨੂੰ ਸਾਰਿਆਂ ਨੂੰ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣਾ ਅਤੇ ਸ਼ੁਕਰਗੁਜ਼ਰ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦਾ ਸਾਡੇ ਕੋਲ ਵਧੀਆ ਕਾਰਨ ਹੈ ਕਿਉਂਕਿ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਯਹੋਵਾਹ ਸਾਨੂੰ ਸੇਧ ਦਿੰਦਾ ਹੈ ਅਤੇ ਸਾਡੀ ਦੇਖ-ਭਾਲ ਕਰਦਾ ਹੈ।

ਜਿਵੇਂ ਯਹੋਸ਼ੁਆ ਨੇ ਯਾਦਗਾਰੀ ਲਈ ਪੱਥਰ ਰੱਖੇ ਸਨ, ਉਸੇ ਤਰ੍ਹਾਂ ਅੱਜ ਅਸੀਂ ਬਾਈਬਲ ਵਿੱਚੋਂ ਯਹੋਵਾਹ ਦੇ ਕਈ ਕੰਮਾਂ ਬਾਰੇ ਪੜ੍ਹ ਸਕਦੇ ਹਾਂ ਜੋ ਉਸ ਨੇ ਆਪਣੇ ਲੋਕਾਂ ਲਈ ਕੀਤੇ ਸਨ। ਇਨ੍ਹਾਂ ਬਾਰੇ ਜਾਣ ਕੇ ਸਾਨੂੰ ਹੋਰ ਯਕੀਨ ਹੁੰਦਾ ਕਿ ਪਰਮੇਸ਼ੁਰ ਆਪਣੇ ਲੋਕਾਂ ਨੂੰ ਕਦੀ ਨਹੀਂ ਤਿਆਗੇਗਾ। ਆਓ ਆਪਾਂ ਸਾਰੇ ਜਣੇ ਜ਼ਬੂਰ ਵਾਂਗ ਕਹੀਏ ਜਿਸ ਨੇ ਲਿਖਿਆ: “ਮੈਂ ਯਹੋਵਾਹ ਦੇ ਕੰਮਾਂ ਦਾ ਜ਼ਿਕਰ ਕਰਾਂਗਾ, ਕਿਉਂ ਜੋ ਮੈਂ ਤੇਰੇ ਪੁਰਾਣਿਆਂ ਸਮਿਆਂ ਦੇ ਅਚਰਜਾਂ ਨੂੰ ਚੇਤੇ ਕਰਾਂਗਾ। ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ, ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ।”—ਜ਼ਬੂ. 77:11, 12.

[ਸਫ਼ਾ 7 ਉੱਤੇ ਤਸਵੀਰ]

ਇਸਰਾਏਲ ਕੌਮ “ਸੁੱਕੀ ਜ਼ਮੀਨ” ਉੱਤੋਂ ਦੀ ਲੰਘੀ

[ਕ੍ਰੈਡਿਟ ਲਾਈਨ]

Pictorial Archive (Near Eastern History) Est.

[ਸਫ਼ਾ 8 ਉੱਤੇ ਤਸਵੀਰ]

ਜਦੋਂ ਇਸਰਾਏਲ ਨੇ ਕਾਦੇਸ਼ ਬਰਨੇਆ ਦੀ ਜਗ੍ਹਾ ’ਤੇ ਡੇਰਾ ਲਾਇਆ ਸੀ, ਤਾਂ ਉਦੋਂ ਵਾਅਦਾ ਕੀਤੇ ਹੋਏ ਦੇਸ਼ ਨੂੰ ਜਾਸੂਸ ਘੱਲੇ ਗਏ ਸਨ

[ਕ੍ਰੈਡਿਟ ਲਾਈਨ]

Pictorial Archive (Near Eastern History) Est.

[ਸਫ਼ਾ 9 ਉੱਤੇ ਤਸਵੀਰ]

ਉਜਾੜ ਵਿਚ ਕਈ ਸਾਲ ਰਹਿਣ ਮਗਰੋਂ ਇਸਰਾਏਲੀ ਵਾਅਦਾ ਕੀਤੇ ਹੋਏ ਦੇਸ਼ ’ਚ ਪਹੁੰਚਣ ਲਈ ਪਰਮੇਸ਼ੁਰ ਦੇ ਧੰਨਵਾਦੀ ਹੋ ਸਕਦੇ ਸਨ

[ਕ੍ਰੈਡਿਟ ਲਾਈਨ]

Pictorial Archive (Near Eastern History) Est.

[ਸਫ਼ਾ 10 ਉੱਤੇ ਤਸਵੀਰ]

ਯਹੋਵਾਹ ਦੇ ਮਕਸਦਾਂ ਉੱਤੇ ਧਿਆਨ ਲਾਈ ਰੱਖਣ ਨਾਲ ਅਸੀਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਸਹਿ ਸਕਾਂਗੇ