“ਸੁਚੇਤ ਰਹੋ”
“ਸੁਚੇਤ ਰਹੋ”
“ਸਭਨਾਂ ਵਸਤਾਂ ਦਾ ਅੰਤ ਨੇੜੇ ਹੈ। . . . ਪ੍ਰਾਰਥਨਾ ਲਈ ਸੁਚੇਤ ਰਹੋ।”—1 ਪਤ. 4:7.
1. ਯਿਸੂ ਦੀ ਸਿੱਖਿਆ ਦਾ ਮੁੱਖ ਵਿਸ਼ਾ ਕੀ ਸੀ?
ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਮੁੱਖ ਤੌਰ ਤੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਿਆ ਦਿੱਤੀ। ਇਸ ਰਾਜ ਦੇ ਜ਼ਰੀਏ ਯਹੋਵਾਹ ਆਪਣੇ ਰਾਜ ਕਰਨ ਦੇ ਹੱਕ ਨੂੰ ਸਹੀ ਠਹਿਰਾਵੇਗਾ ਤੇ ਆਪਣਾ ਨਾਂ ਉੱਚਾ ਕਰੇਗਾ। ਇਸੇ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਪ੍ਰਾਰਥਨਾ ਕਰਨੀ ਸਿਖਾਈ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 4:17; 6:9, 10) ਪਰਮੇਸ਼ੁਰ ਦਾ ਰਾਜ ਬਹੁਤ ਜਲਦ ਸ਼ਤਾਨ ਦੀ ਦੁਨੀਆਂ ਦਾ ਨਾਸ਼ ਕਰੇਗਾ ਅਤੇ ਸਾਰੀ ਧਰਤੀ ਉੱਤੇ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਸਭ ਕੁਝ ਕਰੇਗਾ। ਦਾਨੀਏਲ ਨੇ ਭਵਿੱਖਬਾਣੀ ਕੀਤੀ ਸੀ ਕਿ ਇਹ ਰਾਜ “[ਅੱਜ ਦੀਆਂ] ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”—ਦਾਨੀ. 2:44.
2. (ੳ) ਯਿਸੂ ਦੇ ਚੇਲਿਆਂ ਨੂੰ ਕਿਵੇਂ ਪਤਾ ਲੱਗ ਜਾਣਾ ਸੀ ਕਿ ਉਸ ਨੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ? (ਅ) ਲੱਛਣ ਤੋਂ ਹੋਰ ਕਿਸ ਗੱਲ ਦਾ ਪਤਾ ਲੱਗਣਾ ਸੀ?
2 ਪਰਮੇਸ਼ੁਰ ਦਾ ਰਾਜ ਯਿਸੂ ਦੇ ਚੇਲਿਆਂ ਲਈ ਬਹੁਤ ਮਹੱਤਤਾ ਰੱਖਦਾ ਸੀ, ਇਸ ਲਈ ਉਨ੍ਹਾਂ ਨੇ ਯਿਸੂ ਨੂੰ ਪੁੱਛਿਆ: “ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?” (ਮੱਤੀ 24:3) ਭਾਵੇਂ ਧਰਤੀ ਉੱਤੇ ਰਹਿੰਦੇ ਲੋਕ ਆਪਣੀ ਅੱਖੀਂ ਨਹੀਂ ਦੇਖ ਸਕਦੇ ਸਨ ਕਿ ਯਿਸੂ ਸਵਰਗ ਵਿਚ ਸੱਤਾ ਵਿਚ ਆ ਚੁੱਕਾ ਹੈ, ਪਰ ਲੱਛਣ ਤੋਂ ਪਤਾ ਲੱਗ ਜਾਣਾ ਸੀ ਕਿ ਯਿਸੂ ਸਵਰਗ ਵਿਚ ਰਾਜ ਕਰ ਰਿਹਾ ਹੈ। ਇਸ ਲੱਛਣ ਵਿਚ ਕਈ ਗੱਲਾਂ ਸ਼ਾਮਲ ਹਨ ਜੋ ਬਾਈਬਲ ਵਿਚ ਦੱਸੀਆਂ ਗਈਆਂ ਹਨ। ਜਿਸ ਸਮੇਂ ਇਹ ਗੱਲਾਂ ਪੂਰੀਆਂ ਹੋਣੀਆਂ ਸਨ, ਉਸ ਸਮੇਂ ਯਿਸੂ ਦੇ ਚੇਲਿਆਂ ਨੇ ਸਮਝ ਜਾਣਾ ਸੀ ਕਿ ਯਿਸੂ ਨੇ ਸਵਰਗ ਵਿਚ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਉਦੋਂ ਤੋਂ ਉਹ ਸਮਾਂ ਵੀ ਸ਼ੁਰੂ ਹੋ ਜਾਣਾ ਸੀ ਜਿਸ ਨੂੰ ਬਾਈਬਲ ਵਿਚ ਇਸ ਬੁਰੀ ਦੁਨੀਆਂ ਦੇ ‘ਅੰਤ ਦੇ ਦਿਨ’ ਕਿਹਾ ਗਿਆ ਹੈ।—2 ਤਿਮੋ. 3:1-5, 13; ਮੱਤੀ 24:7-14.
ਆਖ਼ਰੀ ਦਿਨਾਂ ਵਿਚ ਸੁਚੇਤ ਰਹੋ
3. ਯਿਸੂ ਦੇ ਚੇਲਿਆਂ ਨੂੰ ਸੁਚੇਤ ਰਹਿਣ ਦੀ ਕਿਉਂ ਲੋੜ ਹੈ?
3 ਪਤਰਸ ਰਸੂਲ ਨੇ ਲਿਖਿਆ: “ਸਭਨਾਂ ਵਸਤਾਂ ਦਾ ਅੰਤ ਨੇੜੇ ਹੈ। ਇਸ ਕਾਰਨ ਤੁਸੀਂ ਸੁਰਤ ਵਾਲੇ ਹੋਵੋ ਅਤੇ ਪ੍ਰਾਰਥਨਾ ਲਈ ਸੁਚੇਤ ਰਹੋ।” (1 ਪਤ. 4:7) ਅੱਜ ਦੁਨੀਆਂ ਵਿਚ ਜੋ ਘਟਨਾਵਾਂ ਹੋ ਰਹੀਆਂ ਹਨ, ਉਨ੍ਹਾਂ ਨੂੰ ਦੇਖ ਕੇ ਯਿਸੂ ਦੇ ਚੇਲਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਰਾਜ ਕਰ ਰਿਹਾ ਹੈ। ਉਨ੍ਹਾਂ ਨੂੰ ਪਹਿਲਾਂ ਨਾਲੋਂ ਹੁਣ ਕਿਤੇ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਇਸ ਦੁਸ਼ਟ ਦੁਨੀਆਂ ਦਾ ਅੰਤ ਨੇੜੇ ਹੈ। ਇਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਜਾਗਦੇ ਰਹੋ ਕਿਉਂ ਜੋ ਤੁਸੀਂ ਨਹੀਂ ਜਾਣਦੇ ਭਈ ਘਰ ਦਾ ਮਾਲਕ ਕਦ [ਸ਼ਤਾਨ ਦੀ ਦੁਨੀਆਂ ਨੂੰ ਸਜ਼ਾ ਦੇਣ] ਆਵੇਗਾ।”—ਮਰ. 13:35, 36.
4. ਸ਼ਤਾਨ ਦੀ ਦੁਨੀਆਂ ਦੇ ਲੋਕਾਂ ਅਤੇ ਯਹੋਵਾਹ ਦੇ ਭਗਤਾਂ ਵਿਚ ਫ਼ਰਕ ਦੱਸੋ। (ਡੱਬੀ ਦੇਖੋ।)
4 ਦੁਨੀਆਂ ਦੇ ਲੋਕ ਸ਼ਤਾਨ ਦੀ ਮੁੱਠੀ ਵਿਚ ਹਨ। ਉਹ ਧਿਆਨ ਨਹੀਂ ਦਿੰਦੇ ਕਿ ਦੁਨੀਆਂ ਵਿਚ ਵਾਪਰ ਚੁੱਕੀਆਂ ਜਾਂ ਵਾਪਰ ਰਹੀਆਂ ਘਟਨਾਵਾਂ ਦਾ ਕੀ ਮਤਲਬ ਹੈ। ਇਸ ਲਈ ਉਹ ਨਹੀਂ ਜਾਣਦੇ ਕਿ ਯਿਸੂ ਸਵਰਗ ਵਿਚ ਰਾਜ ਕਰ ਰਿਹਾ ਹੈ। ਪਰ ਯਿਸੂ ਦੇ ਚੇਲੇ ਸੁਚੇਤ ਰਹੇ ਹਨ ਅਤੇ ਪਿਛਲੀ ਸਦੀ ਵਿਚ ਹੋਈਆਂ ਘਟਨਾਵਾਂ ਦਾ ਮਤਲਬ ਸਮਝ ਗਏ ਹਨ। ਮਿਸਾਲ ਲਈ, 1925 ਤੋਂ ਯਹੋਵਾਹ ਦੇ ਗਵਾਹ ਜਾਣਦੇ ਹਨ ਕਿ ਪਹਿਲੀ ਵਿਸ਼ਵ ਜੰਗ ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਪੱਕਾ ਸਬੂਤ ਹਨ ਕਿ ਯਿਸੂ ਨੇ 1914 ਵਿਚ ਰਾਜ-ਗੱਦੀ ਸੰਭਾਲੀ। 1914 ਤੋਂ ਸ਼ਤਾਨ ਦੀ ਬੁਰੀ ਦੁਨੀਆਂ ਦੇ ਅੰਤ ਦੇ ਦਿਨ ਸ਼ੁਰੂ ਹੋ ਗਏ। ਭਾਵੇਂ ਦੁਨੀਆਂ ਦੇ ਕਈ ਲੋਕ ਇਨ੍ਹਾਂ ਗੱਲਾਂ ਦਾ ਮਤਲਬ ਨਹੀਂ ਸਮਝਦੇ, ਪਰ ਫਿਰ ਵੀ ਉਨ੍ਹਾਂ ਨੇ ਪਹਿਲੀ ਵਿਸ਼ਵ ਜੰਗ ਤੋਂ ਪਹਿਲਾਂ ਦੇ ਸਮਿਆਂ ਅਤੇ ਉਸ ਤੋਂ ਬਾਅਦ ਦੇ ਸਮਿਆਂ ਵਿਚ ਬਹੁਤ ਵੱਡਾ ਫ਼ਰਕ ਦੇਖਿਆ ਹੈ।—“ਪੀੜਾਂ ਦਾ ਯੁੱਗ ਸ਼ੁਰੂ ਹੋਇਆ” ਨਾਮਕ ਡੱਬੀ ਦੇਖੋ।
5. ਸੁਚੇਤ ਰਹਿਣਾ ਕਿਉਂ ਜ਼ਰੂਰੀ ਹੈ?
5 ਤਕਰੀਬਨ ਇਕ ਸਦੀ ਤੋਂ ਅਸੀਂ ਦੁਨੀਆਂ ਭਰ ਵਿਚ ਖ਼ੌਫ਼ਨਾਕ ਘਟਨਾਵਾਂ ਦੇਖ ਰਹੇ ਹਾਂ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਅੰਤ ਦੇ ਦਿਨਾਂ ਵਿਚ ਰਹਿ ਰਹੇ ਹਾਂ। ਹੁਣ ਬਹੁਤ ਜਲਦ ਯਹੋਵਾਹ ਯਿਸੂ ਨੂੰ ਹੁਕਮ ਦੇਵੇਗਾ ਕਿ ਉਹ ਆਪਣੇ ਸ਼ਕਤੀਸ਼ਾਲੀ ਸਵਰਗੀ ਦੂਤਾਂ ਨਾਲ ਸ਼ਤਾਨ ਦੀ ਦੁਨੀਆਂ ’ਤੇ ਹਮਲਾ ਕਰੇ। (ਪਰ. 19:11-21) ਇਸ ਲਈ ਸੱਚੇ ਮਸੀਹੀਆਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਕਿਉਂਕਿ ਸ਼ਤਾਨ ਦੀ ਦੁਨੀਆਂ ਦਾ ਅੰਤ ਨਜ਼ਦੀਕ ਹੈ। (ਮੱਤੀ 24:42) ਸੁਚੇਤ ਰਹਿਣ ਦੇ ਨਾਲ-ਨਾਲ ਸਾਨੂੰ ਯਿਸੂ ਦੀ ਸੇਧ ਵਿਚ ਚੱਲ ਕੇ ਦੁਨੀਆਂ ਭਰ ਵਿਚ ਇਕ ਖ਼ਾਸ ਕੰਮ ਪੂਰਾ ਕਰਨ ਦੀ ਵੀ ਲੋੜ ਹੈ।
ਦੁਨੀਆਂ ਭਰ ਵਿਚ ਹੋ ਰਿਹਾ ਕੰਮ
6, 7. ਅੰਤ ਦੇ ਦਿਨਾਂ ਵਿਚ ਪ੍ਰਚਾਰ ਦਾ ਕੰਮ ਕਿਵੇਂ ਅੱਗੇ ਵਧਿਆ ਹੈ?
6 ਯਹੋਵਾਹ ਦੇ ਭਗਤ ਅੱਜ ਜੋ ਕੰਮ ਕਰ ਰਹੇ ਹਨ, ਉਹ ਉਸ ਲੱਛਣ ਵਿਚ ਦੱਸਿਆ ਗਿਆ ਸੀ ਜਿਸ ਤੋਂ ਪਤਾ ਲੱਗਣਾ ਸੀ ਕਿ ਅਸੀਂ ਇਸ ਦੁਸ਼ਟ ਦੁਨੀਆਂ ਦੇ ਅੰਤਿਮ ਦਿਨਾਂ ਵਿਚ ਰਹਿ ਰਹੇ ਹਾਂ। ਇਸ ਕੰਮ ਬਾਰੇ ਦੱਸਣ ਦੇ ਨਾਲ-ਨਾਲ ਯਿਸੂ ਨੇ ਹੋਰ ਮੱਤੀ 24:14.
ਗੱਲਾਂ ਵੀ ਦੱਸੀਆਂ ਸਨ ਜੋ ਅੰਤ ਦੇ ਦਿਨਾਂ ਵਿਚ ਹੋਣੀਆਂ ਸਨ। ਯਿਸੂ ਨੇ ਇਸ ਖ਼ਾਸ ਕੰਮ ਬਾਰੇ ਭਵਿੱਖਬਾਣੀ ਕੀਤੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।”—7 ਆਓ ਅਸੀਂ ਕੁਝ ਖ਼ਾਸ ਗੱਲਾਂ ’ਤੇ ਗੌਰ ਕਰੀਏ ਜੋ ਯਿਸੂ ਦੀ ਇਸ ਭਵਿੱਖਬਾਣੀ ਨਾਲ ਸੰਬੰਧ ਰੱਖਦੀਆਂ ਹਨ। 1914 ਵਿਚ ਜਦੋਂ ਇਸ ਦੁਨੀਆਂ ਦੇ ਅੰਤ ਦੇ ਦਿਨ ਸ਼ੁਰੂ ਹੋਏ, ਤਾਂ ਉਸ ਸਮੇਂ ਮੁੱਠੀ ਭਰ ਲੋਕ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਸਨ। ਪਰ ਹੁਣ ਪ੍ਰਚਾਰਕਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ। ਅੱਜ ਦੁਨੀਆਂ ਭਰ ਵਿਚ 70,00,000 ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਪ੍ਰਚਾਰ ਕਰ ਰਹੇ ਹਨ ਜੋ 1,00,000 ਤੋਂ ਜ਼ਿਆਦਾ ਕਲੀਸਿਯਾਵਾਂ ਵਿਚ ਇਕੱਠੇ ਹੁੰਦੇ ਹਨ। ਇਸ ਤੋਂ ਇਲਾਵਾ, 2008 ਵਿਚ ਯਿਸੂ ਦੀ ਮੌਤ ਦੀ ਵਰ੍ਹੇਗੰਢ ’ਤੇ ਯਹੋਵਾਹ ਦੇ ਗਵਾਹਾਂ ਨਾਲ 1,00,00,000 ਲੋਕ ਹਾਜ਼ਰ ਹੋਏ। ਕਹਿਣ ਦਾ ਮਤਲਬ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਕਿਤੇ ਹੀ ਜ਼ਿਆਦਾ ਲੋਕ ਹਾਜ਼ਰ ਹੋਏ।
8. ਭਾਵੇਂ ਸ਼ਤਾਨ ਨੇ ਪ੍ਰਚਾਰ ਦੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਫਿਰ ਵੀ ਇਹ ਕੰਮ ਇੰਨਾ ਅੱਗੇ ਕਿਉਂ ਵਧਿਆ ਹੈ?
8 ਇਸ ਵਾਧੇ ਤੋਂ ਪਤਾ ਲੱਗਦਾ ਹੈ ਕਿ ਦੁਨੀਆਂ ਦਾ ਅੰਤ ਆਉਣ ਤੋਂ ਪਹਿਲਾਂ ਯਹੋਵਾਹ ਦੇ ਰਾਜ ਦੀ ਗਵਾਹੀ ਸਾਰੀਆਂ ਕੌਮਾਂ ਵਿਚ ਕਾਫ਼ੀ ਵੱਡੇ ਪੈਮਾਨੇ ’ਤੇ ਦਿੱਤੀ ਜਾ ਰਹੀ ਹੈ! ਇਹ ਪ੍ਰਚਾਰ ਅੱਗੇ ਵਧ ਰਿਹਾ ਹੈ ਭਾਵੇਂ ਸ਼ਤਾਨ ‘ਇਸ ਜੁੱਗ ਦਾ ਈਸ਼ੁਰ’ ਹੈ। (2 ਕੁਰਿੰ. 4:4) ਇਸ ਦੁਨੀਆਂ ਦੀਆਂ ਸਰਕਾਰਾਂ, ਧਰਮ, ਵਪਾਰ ਅਤੇ ਜਾਣਕਾਰੀ ਫੈਲਾਉਣ ਵਾਲੇ ਜ਼ਰੀਏ ਸ਼ਤਾਨ ਦੀ ਮੁੱਠੀ ਵਿਚ ਹਨ। ਯਹੋਵਾਹ ਦੇ ਗਵਾਹਾਂ ਨੇ ਪ੍ਰਚਾਰ ਦੇ ਕੰਮ ਵਿਚ ਇੰਨੀ ਸਫ਼ਲਤਾ ਕਿਵੇਂ ਪਾਈ ਹੈ? ਇਸ ਦੇ ਪਿੱਛੇ ਯਹੋਵਾਹ ਦਾ ਹੀ ਹੱਥ ਹੈ। ਭਾਵੇਂ ਕਿ ਸ਼ਤਾਨ ਨੇ ਇਸ ਕੰਮ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ, ਪਰ ਇਹ ਕੰਮ ਬਾਖੂਬੀ ਅੱਗੇ ਵਧਿਆ ਹੈ।
9. ਯਹੋਵਾਹ ਦੇ ਸੰਗਠਨ ਵਿਚ ਹੋ ਰਹੇ ਵਾਧੇ ਨੂੰ ਚਮਤਕਾਰ ਕਿਉਂ ਕਿਹਾ ਜਾ ਸਕਦਾ ਹੈ?
9 ਪ੍ਰਚਾਰ ਦੇ ਕੰਮ ਵਿਚ ਸਫ਼ਲਤਾ, ਯਹੋਵਾਹ ਦੇ ਲੋਕਾਂ ਅਤੇ ਉਨ੍ਹਾਂ ਦੇ ਗਿਆਨ ਵਿਚ ਵਾਧੇ ਨੂੰ ਚਮਤਕਾਰ ਹੀ ਕਿਹਾ ਜਾ ਸਕਦਾ ਹੈ। ਜੇ ਯਹੋਵਾਹ ਆਪਣੇ ਲੋਕਾਂ ਨੂੰ ਸੇਧ ਨਾ ਦਿੰਦਾ ਜਾਂ ਉਨ੍ਹਾਂ ਦੀ ਰੱਖਿਆ ਨਾ ਕਰਦਾ, ਤਾਂ ਇਹ ਸਭ ਕੁਝ ਹੋਣਾ ਨਾਮੁਮਕਿਨ ਸੀ। (ਮੱਤੀ 19:26 ਪੜ੍ਹੋ।) ਸੋ ਜੇ ਅਸੀਂ ਸੁਚੇਤ ਰਹਾਂਗੇ ਅਤੇ ਪ੍ਰਚਾਰ ਕਰਦੇ ਰਹਾਂਗੇ, ਤਾਂ ਯਹੋਵਾਹ ਤਦ ਤਕ ਆਪਣੀ ਪਵਿੱਤਰ ਸ਼ਕਤੀ ਨਾਲ ਸਾਡੀ ਮਦਦ ਕਰਦਾ ਰਹੇਗਾ ਜਦ ਤਕ ਇਹ ਕੰਮ ਖ਼ਤਮ ਨਹੀਂ ਹੁੰਦਾ। ਫਿਰ “ਅੰਤ ਆਵੇਗਾ।” ਉਹ ਘੜੀ ਤੇਜ਼ੀ ਨਾਲ ਨੇੜੇ ਆ ਰਹੀ ਹੈ।
“ਵੱਡੀ ਬਿਪਤਾ”
10. ਯਿਸੂ ਨੇ ਵੱਡੀ ਬਿਪਤਾ ਬਾਰੇ ਕੀ ਕਿਹਾ?
10 ਦੁਨੀਆਂ ਦਾ ਅੰਤ ਕਦੋਂ ਆਵੇਗਾ? ਬਾਈਬਲ ਕਹਿੰਦੀ ਹੈ ਕਿ ਇਹ “ਵੱਡੀ ਬਿਪਤਾ” ਦੌਰਾਨ ਆਵੇਗਾ। (ਪਰ. 7:14) ਬਾਈਬਲ ਇਹ ਨਹੀਂ ਦੱਸਦੀ ਕਿ ਵੱਡੀ ਬਿਪਤਾ ਕਿੰਨੇ ਕੁ ਚਿਰ ਲਈ ਰਹੇਗੀ। ਪਰ ਯਿਸੂ ਨੇ ਕਿਹਾ: “ਉਸ ਸਮੇ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।” (ਮੱਤੀ 24:21) ਜਦੋਂ ਅਸੀਂ ਉਸ ਬਿਪਤਾ ਬਾਰੇ ਸੋਚਦੇ ਹਾਂ ਜੋ ਦੁਨੀਆਂ ਉੱਤੇ ਦੂਜੀ ਵਿਸ਼ਵ ਜੰਗ ਦੌਰਾਨ ਆਈ ਸੀ, ਤਾਂ ਉਸ ਵਿਚ ਤਕਰੀਬਨ ਪੰਜ ਕਰੋੜ ਤੋਂ ਲੈ ਕੇ ਛੇ ਕਰੋੜ ਲੋਕ ਮਾਰੇ ਗਏ। ਪਰ ਆਉਣ ਵਾਲੀ ਬਿਪਤਾ ਕਿਤੇ ਹੀ ਵੱਡੀ ਹੋਵੇਗੀ। ਇਹ ਆਰਮਾਗੇਡਨ ਦੇ ਯੁੱਧ ਦਾ ਭਿਆਨਕ ਰੂਪ ਧਾਰ ਲਵੇਗੀ ਜਦੋਂ ਯਹੋਵਾਹ ਆਪਣੇ ਸਵਰਗੀ ਦੂਤਾਂ ਨੂੰ ਹੁਕਮ ਦੇਵੇਗਾ ਕਿ ਉਹ ਸ਼ਤਾਨ ਦੀ ਦੁਨੀਆਂ ਦਾ ਨਾਮੋ-ਨਿਸ਼ਾਨ ਮਿਟਾ ਦੇਣ।—ਪਰ. 16:14, 16.
11, 12. ਵੱਡੀ ਬਿਪਤਾ ਕਿਹੜੀ ਘਟਨਾ ਨਾਲ ਸ਼ੁਰੂ ਹੋਵੇਗੀ?
11 ਬਾਈਬਲ ਇਹ ਨਹੀਂ ਦੱਸਦੀ ਕਿ ਵੱਡੀ ਬਿਪਤਾ ਕਿਹੜੀ ਤਾਰੀਖ਼ ਨੂੰ ਸ਼ੁਰੂ ਹੋਵੇਗੀ, ਪਰ ਇਹ ਜ਼ਰੂਰ ਦੱਸਦੀ ਹੈ ਕਿ ਇਹ ਬਿਪਤਾ ਕਿਹੜੀ ਹੈਰਾਨਕੁਨ ਘਟਨਾ ਨਾਲ ਸ਼ੁਰੂ ਹੋਵੇਗੀ। ਸਿਆਸੀ ਤਾਕਤਾਂ ਸਾਰੇ ਝੂਠੇ ਧਰਮਾਂ ਦਾ ਨਾਸ਼ ਕਰਨਗੀਆਂ ਜਿਸ ਤੋਂ ਪਤਾ ਲੱਗ ਜਾਵੇਗਾ ਕਿ ਵੱਡੀ ਬਿਪਤਾ ਸ਼ੁਰੂ ਹੋ ਗਈ ਹੈ। ਪਰਕਾਸ਼ ਦੀ ਪੋਥੀ ਦੇ 17ਵੇਂ ਅਤੇ 18ਵੇਂ ਅਧਿਆਵਾਂ ਦੀਆਂ ਭਵਿੱਖਬਾਣੀਆਂ ਵਿਚ ਝੂਠੇ ਧਰਮਾਂ ਨੂੰ ਕੰਜਰੀ ਕਿਹਾ ਗਿਆ ਹੈ ਜਿਸ ਨੇ ਇਸ ਦੁਨੀਆਂ ਦੇ ਹਾਕਮਾਂ ਨਾਲ ਹਰਾਮਕਾਰੀ ਕੀਤੀ ਹੈ। ਪਰਕਾਸ਼ ਦੀ ਪੋਥੀ 17:16 ਦੱਸਦੀ ਹੈ ਕਿ ਉਹ ਸਮਾਂ ਬਹੁਤ ਜਲਦ ਆਉਣ ਵਾਲਾ ਹੈ ਜਦੋਂ ਇਹ ਹਾਕਮ “ਓਸ ਕੰਜਰੀ ਨਾਲ ਵੈਰ ਕਰਨਗੇ ਅਤੇ ਉਹ ਨੂੰ ਉਜਾੜ ਦੇਣਗੇ ਅਤੇ ਨੰਗਿਆਂ ਕਰਨਗੇ ਅਤੇ ਉਹ ਦਾ ਮਾਸ ਖਾ ਜਾਣਗੇ ਅਤੇ ਉਹ ਨੂੰ ਅੱਗ ਨਾਲ ਸਾੜ ਸੁੱਟਣਗੇ।”
12 ਉਹ ਸਮਾਂ ਆਉਣ ’ਤੇ ਪਰਮੇਸ਼ੁਰ ‘ਓਹਨਾਂ [ਸਿਆਸੀ ਹਾਕਮਾਂ] ਦੇ ਦਿਲਾਂ ਵਿੱਚ ਇਹ ਪਾਏਗਾ ਭਈ ਓਸ ਦੀ ਮਨਸ਼ਾ ਪੂਰੀ ਕਰਨ’ ਯਾਨੀ ਉਹ ਸਾਰੇ ਝੂਠੇ ਧਰਮਾਂ ਦਾ ਨਾਸ਼ ਕਰਨ। (ਪਰ. 17:17) ਇਹ ਨਾਸ਼ ਪਰਮੇਸ਼ੁਰ ਵੱਲੋਂ ਆਵੇਗਾ। ਪਰਮੇਸ਼ੁਰ ਪਖੰਡੀ ਧਰਮਾਂ ਦਾ ਨਾਸ਼ ਇਸ ਲਈ ਕਰੇਗਾ ਕਿਉਂਕਿ ਉਨ੍ਹਾਂ ਨੇ ਸਦੀਆਂ ਤੋਂ ਲੋਕਾਂ ਨੂੰ ਪਰਮੇਸ਼ੁਰ ਦੀ ਮਰਜ਼ੀ ਦੇ ਉਲਟ ਸਿੱਖਿਆ ਦਿੱਤੀ ਹੈ ਅਤੇ ਪਰਮੇਸ਼ੁਰ ਦੇ ਸੇਵਕਾਂ ਨੂੰ ਸਤਾਇਆ ਹੈ। ਦੁਨੀਆਂ ਦੇ ਲੋਕਾਂ ਵਾਸਤੇ ਇਹ ਹੈਰਾਨੀ ਦੀ ਗੱਲ ਹੋਵੇਗੀ ਕਿਉਂਕਿ ਉਹ ਨਹੀਂ ਸੋਚਦੇ ਕਿ ਧਰਮਾਂ ਦਾ ਕਦੇ ਨਾਸ਼ ਹੋਵੇਗਾ। ਪਰ ਯਹੋਵਾਹ ਦੇ ਸੇਵਕਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਨਾਸ਼ ਜ਼ਰੂਰ ਹੋਵੇਗਾ ਅਤੇ ਇਨ੍ਹਾਂ ਅੰਤ ਦੇ ਦਿਨਾਂ ਵਿਚ ਉਹ ਲੋਕਾਂ ਨੂੰ ਇਸ ਨਾਸ਼ ਬਾਰੇ ਦੱਸ ਰਹੇ ਹਨ।
13. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਝੂਠੇ ਧਰਮਾਂ ਦਾ ਅੰਤ ਫਟਾਫਟ ਹੋਵੇਗਾ?
13 ਝੂਠੇ ਧਰਮਾਂ ਦਾ ਨਾਸ਼ ਦੇਖ ਕੇ ਲੋਕਾਂ ਨੂੰ ਵਾਕਈ ਵੱਡਾ ਝਟਕਾ ਲੱਗੇਗਾ। ਬਾਈਬਲ ਕਹਿੰਦੀ ਹੈ ਕਿ ਧਰਤੀ ਦੇ ਕੁਝ ਰਾਜੇ ਇਸ ਨਾਸ਼ ਬਾਰੇ ਕਹਿਣਗੇ: “ਹਾਇ, ਹਾਇ! . . . ਇੱਕੋ ਘੰਟੇ ਵਿੱਚ ਤੇਰਾ ਨਿਬੇੜਾ ਹੋ ਗਿਆ!” (ਪਰ. 18:9, 10, 16, 19) “ਇੱਕੋ ਘੰਟੇ” ਤੋਂ ਪਤਾ ਲੱਗਦਾ ਹੈ ਕਿ ਇਹ ਨਾਸ਼ ਫਟਾਫਟ ਹੋ ਜਾਵੇਗਾ।
14. ਜਦੋਂ ਯਹੋਵਾਹ ਦੇ ਦੁਸ਼ਮਣ ਉਸ ਦੇ ਸੇਵਕਾਂ ਉੱਤੇ ਹਮਲਾ ਕਰਨਗੇ, ਤਾਂ ਪਰਮੇਸ਼ੁਰ ਕੀ ਕਰੇਗਾ?
14 ਝੂਠੇ ਧਰਮਾਂ ਦੇ ਨਾਸ਼ ਤੋਂ ਥੋੜ੍ਹੀ ਦੇਰ ਬਾਅਦ ਯਹੋਵਾਹ ਦੇ ਸੇਵਕਾਂ ਉੱਤੇ ਹਮਲਾ ਹੋਵੇਗਾ ਜੋ ਉਸ ਦੇ ਨਿਆਵਾਂ ਦਾ ਐਲਾਨ ਕਰ ਰਹੇ ਹਨ। (ਹਿਜ਼. 38:14-16) ਜਦੋਂ ਹਮਲਾਵਰ ਯਹੋਵਾਹ ਦੇ ਸੇਵਕਾਂ ਉੱਤੇ ਹਮਲਾ ਕਰਨਗੇ, ਤਾਂ ਉਨ੍ਹਾਂ ਨੂੰ ਪਹਿਲਾਂ ਯਹੋਵਾਹ ਦਾ ਸਾਮ੍ਹਣਾ ਕਰਨਾ ਪਵੇਗਾ। ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਆਪਣੇ ਵਫ਼ਾਦਾਰ ਲੋਕਾਂ ਦੀ ਰਾਖੀ ਕਰੇਗਾ। ਉਹ ਕਹਿੰਦਾ ਹੈ: “ਮੈਂ ਆਪਣੀ ਅਣਖ ਅਤੇ ਕਹਿਰ ਦੀ ਅੱਗ ਵਿੱਚ ਬੋਲਿਆ ਹਾਂ . . . ਅਤੇ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ!” (ਹਿਜ਼ਕੀਏਲ 38:18-23 ਪੜ੍ਹੋ।) ਯਹੋਵਾਹ ਆਪਣੇ ਬਚਨ ਵਿਚ ਇਹ ਵੀ ਆਖਦਾ ਹੈ: “ਜਿਹੜਾ ਤੁਹਾਨੂੰ [ਉਸ ਦੇ ਵਫ਼ਾਦਾਰ ਸੇਵਕਾਂ ਨੂੰ] ਛੋਹੰਦਾ ਹੈ ਉਹ [ਮੇਰੀ] ਅੱਖ ਦੀ ਕਾਕੀ ਨੂੰ ਛੋਹੰਦਾ ਹੈ।” (ਜ਼ਕ. 2:8) ਜਦੋਂ ਯਹੋਵਾਹ ਦੇ ਦੁਸ਼ਮਣ ਦੁਨੀਆਂ ਭਰ ਵਿਚ ਰਹਿੰਦੇ ਉਸ ਦੇ ਸੇਵਕਾਂ ਉੱਤੇ ਹਮਲਾ ਕਰਨਗੇ, ਤਾਂ ਯਹੋਵਾਹ ਕਦਮ ਚੁੱਕੇਗਾ। ਉਦੋਂ ਆਰਮਾਗੇਡਨ ਦੀ ਲੜਾਈ ਸ਼ੁਰੂ ਹੋ ਜਾਵੇਗੀ ਅਤੇ ਯਿਸੂ ਮਸੀਹ ਦੇ ਅਧੀਨ ਸ਼ਕਤੀਸ਼ਾਲੀ ਦੂਤਾਂ ਦੀਆਂ ਫ਼ੌਜਾਂ ਸ਼ਤਾਨ ਦੀ ਦੁਨੀਆਂ ਨੂੰ ਯਹੋਵਾਹ ਦੇ ਨਿਆਵਾਂ ਅਨੁਸਾਰ ਸਜ਼ਾ ਦੇਣਗੀਆਂ।
ਸਾਡੇ ’ਤੇ ਅਸਰ ਪੈਣਾ ਚਾਹੀਦਾ ਹੈ
15. ਇਹ ਜਾਣ ਕੇ ਸਾਡੇ ’ਤੇ ਕੀ ਅਸਰ ਪੈਣਾ ਚਾਹੀਦਾ ਹੈ ਕਿ ਦੁਨੀਆਂ ਦਾ ਅੰਤ ਨੇੜੇ ਹੈ?
15 ਇਸ ਗੱਲ ਦਾ ਸਾਡੇ ’ਤੇ ਅਸਰ ਪੈਣਾ ਚਾਹੀਦਾ ਹੈ ਕਿ ਦੁਨੀਆਂ ਦਾ ਅੰਤ ਕਰੀਬ ਹੈ। ਪਤਰਸ ਰਸੂਲ ਨੇ ਵੀ ਇਸ ਗੱਲ ’ਤੇ ਜ਼ੋਰ ਦਿੱਤਾ ਜਦੋਂ ਉਸ ਨੇ ਲਿਖਿਆ: “ਜਦੋਂ ਏਹ ਸੱਭੇ ਵਸਤਾਂ ਇਉਂ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ?” (2 ਪਤ. 3:11) ਹਾਂ, ਸਾਡਾ ਚਾਲ-ਚਲਣ ਪਰਮੇਸ਼ੁਰ ਦੇ ਅਸੂਲਾਂ ਅਨੁਸਾਰ ਹੋਣਾ ਚਾਹੀਦਾ ਹੈ ਅਤੇ ਸਾਨੂੰ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰੀ ਕੰਮਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਇਨ੍ਹਾਂ ਕੰਮਾਂ ਤੋਂ ਜ਼ਾਹਰ ਹੋਵੇਗਾ ਕਿ ਅਸੀਂ ਯਹੋਵਾਹ ਨੂੰ ਸੱਚ-ਮੁੱਚ ਪਿਆਰ ਕਰਦੇ ਹਾਂ। ਇਨ੍ਹਾਂ ਕੰਮਾਂ ਵਿਚ ਸ਼ਾਮਲ ਹੈ ਕਿ ਅਸੀਂ ਅੰਤ ਆਉਣ ਤੋਂ ਪਹਿਲਾਂ ਜ਼ੋਰਾਂ-ਸ਼ੋਰਾਂ ਨਾਲ ਰਾਜ ਦਾ ਪ੍ਰਚਾਰ ਵੀ ਕਰੀਏ। ਪਤਰਸ ਨੇ ਇਹ ਵੀ ਲਿਖਿਆ: “ਸਭਨਾਂ ਵਸਤਾਂ ਦਾ ਅੰਤ ਨੇੜੇ ਹੈ। . . . ਪ੍ਰਾਰਥਨਾ ਲਈ ਸੁਚੇਤ ਰਹੋ।” (1 ਪਤ. 4:7) ਅਸੀਂ ਉਦੋਂ ਯਹੋਵਾਹ ਦੇ ਨੇੜੇ ਜਾਂਦੇ ਹਾਂ ਅਤੇ ਉਸ ਲਈ ਆਪਣਾ ਪਿਆਰ ਜ਼ਾਹਰ ਕਰਦੇ ਹਾਂ ਜਦੋਂ ਅਸੀਂ ਉਸ ਨੂੰ ਲਗਾਤਾਰ ਪ੍ਰਾਰਥਨਾ ਕਰਦੇ ਹਾਂ ਅਤੇ ਉਸ ਤੋਂ ਪਵਿੱਤਰ ਸ਼ਕਤੀ ਅਤੇ ਆਪਣੇ ਭਾਈਚਾਰੇ ਦੇ ਜ਼ਰੀਏ ਸੇਧ ਮੰਗਦੇ ਹਾਂ।
16. ਸਾਨੂੰ ਪਰਮੇਸ਼ੁਰ ਦੀ ਸਲਾਹ ਉੱਤੇ ਚੱਲਣ ਦੀ ਕਿਉਂ ਲੋੜ ਹੈ?
16 ਇਨ੍ਹਾਂ ਖ਼ਤਰਨਾਕ ਸਮਿਆਂ ਵਿਚ ਸਾਨੂੰ ਪਰਮੇਸ਼ੁਰ ਦੇ ਬਚਨ ਵਿਚ ਪਾਈ ਜਾਂਦੀ ਇਸ ਸਲਾਹ ਉੱਤੇ ਚੱਲਣ ਦੀ ਲੋੜ ਹੈ: “ਚੌਕਸੀ ਨਾਲ ਵੇਖੋ ਭਈਂ ਤੁਸੀਂ ਕਿੱਕੁਰ ਚੱਲਦੇ ਹੋ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ। ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ ਇਸ ਲਈ ਜੋ ਦਿਨ ਬੁਰੇ ਹਨ।” (ਅਫ਼. 5:15, 16) ਦੁਨੀਆਂ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬੁਰਾਈ ਵਧ ਚੁੱਕੀ ਹੈ। ਸ਼ਤਾਨ ਕਈ ਚੀਜ਼ਾਂ ਵਰਤ ਕੇ ਪਰਮੇਸ਼ੁਰ ਦੇ ਭਗਤਾਂ ਦਾ ਧਿਆਨ ਉਸ ਦੀ ਸੇਵਾ ਤੋਂ ਹਟਾਉਣ ਦੀ ਕੋਸ਼ਿਸ਼ ਕਰਦਾ ਹੈ। ਸਾਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਅਤੇ ਅਸੀਂ ਕਿਸੇ ਵੀ ਗੱਲ ਕਰਕੇ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਨਹੀਂ ਹਟਾਂਗੇ। ਸਾਨੂੰ ਇਹ ਵੀ ਪਤਾ ਹੈ ਕਿ ਬਹੁਤ ਜਲਦ ਕੀ ਹੋਣ ਵਾਲਾ ਹੈ, ਇਸੇ ਲਈ ਅਸੀਂ ਆਪਣਾ ਭਰੋਸਾ ਯਹੋਵਾਹ ’ਤੇ ਰੱਖ ਸਕਦੇ ਹਾਂ ਕਿ ਉਹ ਆਪਣਾ ਮਕਸਦ ਜ਼ਰੂਰ ਪੂਰਾ ਕਰੇਗਾ।—1 ਯੂਹੰਨਾ 2:15-17 ਪੜ੍ਹੋ।
17. ਦੱਸੋ ਕਿ ਆਰਮਾਗੇਡਨ ਵਿੱਚੋਂ ਬਚ ਨਿਕਲਣ ਵਾਲਿਆਂ ਨੂੰ ਕਿਵੇਂ ਲੱਗੇਗਾ ਜਦੋਂ ਉਹ ਆਪਣੇ ਅਜ਼ੀਜ਼ਾਂ ਨੂੰ ਜ਼ਿੰਦਾ ਹੁੰਦੇ ਦੇਖਣਗੇ।
17 ਪਰਮੇਸ਼ੁਰ ਆਪਣੇ ਵਾਅਦੇ ਮੁਤਾਬਕ ਮਰੇ ਹੋਏ ਲੋਕਾਂ ਨੂੰ ਵੀ ਜ਼ਿੰਦਾ ਕਰੇਗਾ ਕਿਉਂਕਿ “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਰਸੂ. 24:15) ਧਿਆਨ ਦਿਓ ਕਿ ਇਸ ਵਾਅਦੇ ਵਿਚ ਕਿਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ: ਮਰੇ ਹੋਇਆਂ ਦਾ “ਜੀ ਉੱਠਣਾ ਹੋਵੇਗਾ।” ਸਾਨੂੰ ਇਸ ਵਾਅਦੇ ’ਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿਉਂਕਿ ਯਹੋਵਾਹ ਆਪ ਗਾਰੰਟੀ ਦਿੰਦਾ ਹੈ। ਉਹ ਯਸਾਯਾਹ 26:19 ਵਿਚ ਵਾਅਦਾ ਕਰਦਾ ਹੈ: “ਮਰੇ ਹੋਏ ਲੋਕ ਦੁਬਾਰਾ ਜੀ ਉੱਠਣਗੇ, . . . ਜੋ ਆਪਣੀਆਂ ਕਬਰਾਂ ਵਿਚ ਸੌਂ ਰਹੇ ਹਨ, ਉਹ ਜਾਗਣਗੇ ਅਤੇ ਖ਼ੁਸ਼ੀ ਦੇ ਗੀਤ ਗਾਉਣਗੇ। . . . [ਪਰਮੇਸ਼ੁਰ] ਉਹਨਾਂ ਸਭ ਨੂੰ, ਜੋ ਬਹੁਤ ਸਮਾਂ ਪਹਿਲਾਂ ਮਰ ਚੁੱਕੇ ਹਨ, ਨਵਾਂ ਜੀਵਨ ਦੇਵੇਗਾ।” ਇਹ ਭਵਿੱਖਬਾਣੀ ਪਹਿਲਾਂ ਇਸਰਾਏਲੀਆਂ ਉੱਤੇ ਇਸ ਅਰਥ ਵਿਚ ਪੂਰੀ ਹੋਈ ਸੀ ਕਿ ਉਹ ਬਾਬਲ ਤੋਂ ਆਪਣੇ ਵਤਨ ਵਾਪਸ ਪਰਤੇ ਸਨ ਅਤੇ ਪਰਮੇਸ਼ੁਰ ਦੀ ਸੱਚੀ ਭਗਤੀ ਫਿਰ ਤੋਂ ਕਰਨ ਲੱਗ ਪਏ ਸਨ। ਇਸ ਕਰਕੇ ਅਸੀਂ ਯਕੀਨ ਕਰ ਸਕਦੇ ਹਾਂ ਕਿ ਨਵੀਂ ਦੁਨੀਆਂ ਵਿਚ ਵੀ ਇਹ ਭਵਿੱਖਬਾਣੀ ਪੂਰੀ ਹੋਵੇਗੀ ਜਦੋਂ ਸੱਚੀ-ਮੁੱਚੀ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਅਸੀਂ ਉਸ ਖ਼ੁਸ਼ੀ ਦਾ ਅੰਦਾਜ਼ਾ ਨਹੀਂ ਲਾ ਸਕਦੇ ਜਦੋਂ ਅਸੀਂ ਆਪਣੇ ਅਜ਼ੀਜ਼ਾਂ ਨੂੰ ਜ਼ਿੰਦਾ ਹੁੰਦੇ ਦੇਖਾਂਗੇ! ਜੀ ਹਾਂ, ਇਹ ਗੱਲ ਸਾਫ਼ ਹੈ ਕਿ ਸ਼ਤਾਨ ਦੀ ਦੁਨੀਆਂ ਦਾ ਅੰਤ ਨੇੜੇ ਹੈ ਜਿਸ ਤੋਂ ਬਾਅਦ ਪਰਮੇਸ਼ੁਰ ਦੀ ਨਵੀਂ ਦੁਨੀਆਂ ਦੀ ਸ਼ੁਰੂਆਤ ਹੋਵੇਗੀ। ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਹੁਣ ਸੁਚੇਤ ਰਹੀਏ!
ਕੀ ਤੁਹਾਨੂੰ ਯਾਦ ਹੈ?
• ਯਿਸੂ ਦੀ ਸਿੱਖਿਆ ਦਾ ਮੁੱਖ ਵਿਸ਼ਾ ਕੀ ਸੀ?
• ਹੁਣ ਪ੍ਰਚਾਰ ਦਾ ਕੰਮ ਕਿੰਨਾ ਕੁ ਅੱਗੇ ਵਧਿਆ ਹੈ?
• ਸੁਚੇਤ ਰਹਿਣਾ ਕਿੰਨਾ ਕੁ ਜ਼ਰੂਰੀ ਹੈ?
• ਤੁਹਾਨੂੰ ਰਸੂਲਾਂ ਦੇ ਕਰਤੱਬ 24:15 ਦੇ ਵਾਅਦੇ ਤੋਂ ਕਿਉਂ ਹੌਸਲਾ ਮਿਲਦਾ ਹੈ?
[ਸਵਾਲ]
[ਸਫ਼ਾ 16 ਉੱਤੇ ਡੱਬੀ/ਤਸਵੀਰ]
ਪੀੜਾਂ ਦਾ ਯੁੱਗ ਸ਼ੁਰੂ ਹੋਇਆ
2007 ਵਿਚ ਐਲਨ ਗ੍ਰੀਨਸਪੈਨ ਦੀ ਇਕ ਕਿਤਾਬ (The Age of Turbulence: Adventures in a New World) ਛਪੀ। ਐਲਨ ਗ੍ਰੀਨਸਪੈਨ ਤਕਰੀਬਨ 20 ਸਾਲਾਂ ਤਕ ਅਮਰੀਕਾ ਦੇ ਫੈਡਰਲ ਰਿਜ਼ਰਵ ਬੋਰਡ ਦਾ ਚੇਅਰਮੈਨ ਰਿਹਾ। ਅਮਰੀਕਾ ਦੀਆਂ ਸਾਰੀਆਂ ਬੈਂਕਾਂ ਇਸ ਬੋਰਡ ਦੀ ਨਿਗਰਾਨੀ ਹੇਠ ਹਨ। ਐਲਨ ਗ੍ਰੀਨਸਪੈਨ ਦੱਸਦਾ ਹੈ ਕਿ 1914 ਤੋਂ ਪਹਿਲਾਂ ਦੇ ਹਾਲਾਤਾਂ ਅਤੇ ਉਸ ਤੋਂ ਬਾਅਦ ਦੇ ਹਾਲਾਤਾਂ ਵਿਚ ਕਿੰਨਾ ਅੰਤਰ ਆਇਆ ਹੈ:
“1914 ਤੋਂ ਪਹਿਲਾਂ ਦੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਉਸ ਜ਼ਮਾਨੇ ਦੇ ਲੋਕ ਕਦਰਾਂ-ਕੀਮਤਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਸਨ ਅਤੇ ਸਮਾਜ ਤੇ ਤਕਨਾਲੋਜੀ ਵਿਚ ਕਾਫ਼ੀ ਹੱਦ ਤਕ ਤਰੱਕੀ ਹੋ ਰਹੀ ਸੀ। ਜਾਪਦਾ ਸੀ ਕਿ ਸਮਾਜ ਵਿਚ ਸਭ ਕੁਝ ਵਧੀਆ ਚੱਲ ਰਿਹਾ ਸੀ। ਉੱਨੀਵੀਂ ਸਦੀ ਵਿਚ ਗ਼ੁਲਾਮਾਂ ਦਾ ਵਪਾਰ ਹੋਣਾ ਬੰਦ ਹੋ ਗਿਆ। ਹੋਰ ਤਾਂ ਹੋਰ, ਖ਼ੂਨ-ਖ਼ਰਾਬਾ ਅਤੇ ਲੋਕਾਂ ਨਾਲ ਜਾਨਵਰਾਂ ਵਰਗਾ ਸਲੂਕ ਹੋਣਾ ਵੀ ਘੱਟਦਾ ਜਾਪਦਾ ਸੀ। . . . ਉੱਨੀਵੀਂ ਸਦੀ ਵਿਚ ਦੁਨੀਆਂ ਭਰ ਵਿਚ ਨਵੀਆਂ-ਨਵੀਆਂ ਕਾਢਾਂ ਕੱਢੀਆਂ ਜਾ ਰਹੀਆਂ ਸਨ ਜਿਵੇਂ ਰੇਲਾਂ ਦੀਆਂ ਪਟੜੀਆਂ, ਟੈਲੀਫ਼ੋਨ, ਬੱਲਬ, ਸਿਨਮਾ, ਮੋਟਰ-ਕਾਰਾਂ ਅਤੇ ਘਰੇਲੂ ਚੀਜ਼ਾਂ ਵਗੈਰਾ-ਵਗੈਰਾ। ਦਵਾ-ਦਾਰੂ ਅਤੇ ਖਾਣੇ-ਪੀਣੇ ਵਿਚ ਸੁਧਾਰ ਆਇਆ, ਸਾਫ਼ ਪਾਣੀ ਮਿਲਣ ਲੱਗ ਪਿਆ ਜਿਸ ਕਰਕੇ ਲੋਕੀ ਪਹਿਲਾਂ ਨਾਲੋਂ ਜ਼ਿਆਦਾ ਲੰਬੀ ਉਮਰ ਜੀਣ ਲੱਗ ਪਏ। . . . ਸਾਰਿਆਂ ਨੂੰ ਲੱਗਦਾ ਸੀ ਕਿ ਦੁਨੀਆਂ ਭਰ ਵਿਚ ਇੱਦਾਂ ਹੀ ਚੱਲਦਾ ਰਹੇਗਾ।”
ਪਰ . . . “ਦੂਜੀ ਵਿਸ਼ਵ ਜੰਗ ਵਿਚ ਭਾਵੇਂ ਜਾਨ-ਮਾਲ ਦਾ ਬਹੁਤ ਨੁਕਸਾਨ ਹੋਇਆ ਸੀ, ਪਰ ਪਹਿਲੀ ਵਿਸ਼ਵ ਜੰਗ ਨੇ ਸਮਾਜ ਅਤੇ ਸਭਿਆਚਾਰ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ। ਇਸ ਨੇ ਲੋਕਾਂ ਦੀ ਜੀਵਨ-ਸ਼ੈਲੀ ਅਤੇ ਸੋਚ ਹੀ ਬਦਲ ਦਿੱਤੀ ਸੀ। ਮੈਂ ਪਹਿਲੀ ਵਿਸ਼ਵ ਜੰਗ ਤੋਂ ਪਹਿਲਾਂ ਦੇ ਵਧੀਆ ਹਾਲਾਤਾਂ ਨੂੰ ਨਹੀਂ ਭੁਲਾ ਸਕਦਾ ਜਦ ਮਨੁੱਖਜਾਤੀ ਦਾ ਭਵਿੱਖ ਸੁਨਹਿਰਾ ਜਾਪਦਾ ਸੀ। ਪਰ ਅੱਜ ਇਕ ਸਦੀ ਤੋਂ ਬਾਅਦ ਸਾਡਾ ਨਜ਼ਰੀਆ ਹੀ ਬਦਲ ਗਿਆ ਹੈ। ਅੱਜ ਲੋਕ ਇਹ ਹਕੀਕਤ ਮੰਨਦੇ ਹਨ ਕਿ ਹਾਲਾਤ ਮਾੜੇ ਹਨ। ਕੀ ਅੱਜ ਦਹਿਸ਼ਤ, ਗਲੋਬਲ ਵਾਰਮਿੰਗ ਅਤੇ ਨੇਤਾਵਾਂ ਦੀਆਂ ਨੀਤੀਆਂ ਦਾ ਦੁਨੀਆਂ ਦੀ ਤਰੱਕੀ ਉੱਤੇ ਉੱਨਾ ਹੀ ਮਾੜਾ ਅਸਰ ਪਵੇਗਾ ਜਿੰਨਾ ਪਹਿਲੀ ਵਿਸ਼ਵ ਜੰਗ ਨੇ ਉਸ ਸਮੇਂ ਦੀ ਤਰੱਕੀ ਉੱਤੇ ਪਾਇਆ ਸੀ? ਕੋਈ ਵੀ ਇਸ ਸਵਾਲ ਦਾ ਸਹੀ-ਸਹੀ ਜਵਾਬ ਨਹੀਂ ਦੇ ਸਕਦਾ।”
ਐਲਨ ਗ੍ਰੀਨਸਪੈਨ ਜਦੋਂ ਯੂਨੀਵਰਸਿਟੀ ਵਿਚ ਪੜ੍ਹਦਾ ਸੀ, ਉਦੋਂ ਇਕਨਾਮਿਕਸ ਦੇ ਪ੍ਰੋਫ਼ੈਸਰ ਬੈਂਜਾਮਿਨ ਐੱਮ. ਐਂਡਰਸਨ (1886-1949) ਨੇ ਇਕ ਟਿੱਪਣੀ ਕੀਤੀ। ਉਸ ਟਿੱਪਣੀ ਨੂੰ ਯਾਦ ਕਰਦੇ ਹੋਏ ਗ੍ਰੀਨਸਪੈਨ ਨੇ ਕਿਹਾ: “ਜਿਨ੍ਹਾਂ ਨੂੰ ਪਹਿਲੀ ਵਿਸ਼ਵ ਜੰਗ ਤੋਂ ਪਹਿਲਾਂ ਦੇ ਸਮਿਆਂ ਬਾਰੇ ਯਾਦ ਹੈ, ਉਹ ਕਹਿੰਦੇ ਹਨ ਕਿ ਉਹ ਸਮੇਂ ਬਹੁਤ ਖ਼ੁਸ਼ੀਆਂ ਭਰੇ ਸਨ। ਉਸ ਵੇਲੇ ਲੋਕ ਸੁਰੱਖਿਅਤ ਮਹਿਸੂਸ ਕਰਦੇ ਸਨ, ਪਰ ਅੱਜ ਇਸ ਤਰ੍ਹਾਂ ਨਹੀਂ ਹੈ।”—Economics and the Public Welfare.
ਇਹੀ ਗੱਲ ਜੀ. ਜੇ. ਮੇਅਰ ਨੇ ਆਪਣੀ ਕਿਤਾਬ (A World Undone) ਵਿਚ ਕਹੀ ਜੋ 2006 ਵਿਚ ਛਪੀ ਸੀ। ਉਸ ਵਿਚ ਲਿਖਿਆ ਹੈ: “ਇਤਿਹਾਸ ਵਿਚ ਹੋਈਆਂ ਘਟਨਾਵਾਂ ਨੇ ‘ਸਾਰਾ ਕੁਝ ਬਦਲ ਕੇ ਰੱਖ ਦਿੱਤਾ।’ ਵੱਡੀ ਜੰਗ [1914-1918] ਬਾਰੇ ਇਹ ਗੱਲ ਬਿਲਕੁਲ ਸੱਚ ਹੈ। ਜੰਗ ਨੇ ਸੱਚ-ਮੁੱਚ ਸਭ ਕੁਝ ਬਦਲ ਦਿੱਤਾ: ਨਾ ਸਿਰਫ਼ ਦੁਨੀਆਂ ਦਾ ਨਕਸ਼ਾ, ਸਰਕਾਰਾਂ ਅਤੇ ਕੌਮਾਂ ਦੀਆਂ ਤਕਦੀਰਾਂ ਬਦਲੀਆਂ, ਸਗੋਂ ਦੁਨੀਆਂ ਬਾਰੇ ਅਤੇ ਆਪਣੇ ਬਾਰੇ ਲੋਕਾਂ ਦੀ ਸੋਚ ਵੀ ਬਦਲੀ। ਪਹਿਲੇ ਹਾਲਾਤਾਂ ਨੂੰ ਦੁਬਾਰਾ ਪੈਦਾ ਨਹੀਂ ਕੀਤਾ ਜਾ ਸਕਦਾ।”
[ਸਫ਼ਾ 18 ਉੱਤੇ ਤਸਵੀਰ]
ਆਰਮਾਗੇਡਨ ਸਮੇਂ ਯਹੋਵਾਹ ਆਪਣੇ ਸ਼ਕਤੀਸ਼ਾਲੀ ਦੂਤਾਂ ਨਾਲ ਸ਼ਤਾਨ ਦੀ ਦੁਨੀਆਂ ਉੱਤੇ ਹੱਲਾ ਬੋਲੇਗਾ