Skip to content

Skip to table of contents

ਅੱਯੂਬ ਨੇ ਯਹੋਵਾਹ ਦੇ ਨਾਂ ਨੂੰ ਉੱਚਾ ਕੀਤਾ

ਅੱਯੂਬ ਨੇ ਯਹੋਵਾਹ ਦੇ ਨਾਂ ਨੂੰ ਉੱਚਾ ਕੀਤਾ

ਅੱਯੂਬ ਨੇ ਯਹੋਵਾਹ ਦੇ ਨਾਂ ਨੂੰ ਉੱਚਾ ਕੀਤਾ

“ਯਹੋਵਾਹ ਦਾ ਨਾਮ ਮੁਬਾਰਕ ਹੋਵੇ।”—ਅੱਯੂ. 1:21.

1. ਅੱਯੂਬ ਦੀ ਕਿਤਾਬ ਸ਼ਾਇਦ ਕਿਸ ਨੇ ਅਤੇ ਕਦੋਂ ਲਿਖੀ?

ਮੂਸਾ ਤਕਰੀਬਨ 40 ਸਾਲਾਂ ਦਾ ਸੀ ਜਦੋਂ ਉਹ ਫ਼ਿਰਊਨ ਦੇ ਕ੍ਰੋਧ ਤੋਂ ਬਚਣ ਲਈ ਮਿਸਰ ਤੋਂ ਭੱਜਿਆ ਅਤੇ ਮਿਦਯਾਨ ਵਿਚ ਆ ਕੇ ਵਸ ਗਿਆ। (ਰਸੂ. 7:23) ਮਿਦਯਾਨ ਵਿਚ ਰਹਿੰਦਿਆਂ ਉਸ ਨੇ ਅੱਯੂਬ ਉੱਤੇ ਆਈਆਂ ਅਜ਼ਮਾਇਸ਼ਾਂ ਬਾਰੇ ਸੁਣਿਆ ਹੋਵੇਗਾ ਕਿਉਂਕਿ ਅੱਯੂਬ ਲਾਗੇ ਹੀ ਊਸ ਨਾਮਕ ਦੇਸ਼ ਵਿਚ ਰਹਿੰਦਾ ਸੀ। ਕਈ ਸਾਲਾਂ ਮਗਰੋਂ ਮੂਸਾ ਅਤੇ ਇਸਰਾਏਲੀ ਲੋਕ ਉਜਾੜ ਦਾ ਸਫ਼ਰ ਖ਼ਤਮ ਕਰਨ ਵਾਲੇ ਸਨ ਜਦੋਂ ਉਹ ਊਸ ਦੇ ਲਾਗੇ ਪਹੁੰਚੇ। ਉਸ ਵੇਲੇ ਮੂਸਾ ਨੇ ਸੁਣਿਆ ਹੋਵੇਗਾ ਕਿ ਅੱਯੂਬ ਦੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਵਿਚ ਕੀ-ਕੀ ਹੋਇਆ ਸੀ। ਯਹੂਦੀਆਂ ਮੁਤਾਬਕ ਮੂਸਾ ਨੇ ਅੱਯੂਬ ਦੇ ਮਰਨ ਤੋਂ ਬਾਅਦ ਅੱਯੂਬ ਦੀ ਕਿਤਾਬ ਲਿਖੀ ਸੀ।

2. ਅੱਜ ਅੱਯੂਬ ਦੀ ਕਿਤਾਬ ਕਿਨ੍ਹਾਂ ਤਰੀਕਿਆਂ ਨਾਲ ਯਹੋਵਾਹ ਦੇ ਭਗਤਾਂ ਦੀ ਨਿਹਚਾ ਨੂੰ ਤਕੜਿਆਂ ਕਰਦੀ ਹੈ?

2 ਅੱਯੂਬ ਦੀ ਕਿਤਾਬ ਅੱਜ ਦੇ ਜ਼ਮਾਨੇ ਵਿਚ ਵੀ ਪਰਮੇਸ਼ੁਰ ਦੇ ਭਗਤਾਂ ਦੀ ਨਿਹਚਾ ਨੂੰ ਤਕੜਿਆਂ ਕਰਦੀ ਹੈ। ਆਓ ਦੇਖੀਏ ਕਿਵੇਂ। ਇਸ ਕਿਤਾਬ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਵਰਗ ਵਿਚ ਕਿਹੜੀਆਂ ਕੁਝ ਅਹਿਮ ਘਟਨਾਵਾਂ ਹੋਈਆਂ ਜੋ ਸਾਡੇ ਲਈ ਅੱਜ ਮਾਅਨੇ ਰੱਖਦੀਆਂ ਹਨ। ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਨੂੰ ਲਲਕਾਰਿਆ ਗਿਆ ਸੀ। ਇਸ ਕਿਤਾਬ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਾਨੂੰ ਖਰਿਆਈ ਰੱਖਣ ਲਈ ਕੀ-ਕੀ ਕਰਨ ਦੀ ਲੋੜ ਹੈ ਅਤੇ ਯਹੋਵਾਹ ਆਪਣੇ ਭਗਤਾਂ ਉੱਤੇ ਦੁੱਖਾਂ ਨੂੰ ਕਿਉਂ ਆਉਣ ਦਿੰਦਾ ਹੈ। ਇਸ ਦੇ ਨਾਲ-ਨਾਲ ਇਹ ਵੀ ਦੱਸਿਆ ਗਿਆ ਹੈ ਕਿ ਸ਼ਤਾਨ ਯਹੋਵਾਹ ਦਾ ਸਭ ਤੋਂ ਵੱਡਾ ਵਿਰੋਧੀ ਹੈ ਅਤੇ ਇਨਸਾਨਾਂ ਦਾ ਮੁੱਖ ਦੁਸ਼ਮਣ ਹੈ। ਕਿਤਾਬ ਇਹ ਵੀ ਦੱਸਦੀ ਹੈ ਕਿ ਅੱਯੂਬ ਵਾਂਗ ਨਾਮੁਕੰਮਲ ਇਨਸਾਨ ਸਖ਼ਤ ਤੋਂ ਸਖ਼ਤ ਅਜ਼ਮਾਇਸ਼ਾਂ ਆਉਣ ’ਤੇ ਯਹੋਵਾਹ ਪ੍ਰਤਿ ਵਫ਼ਾਦਾਰ ਰਹਿ ਸਕਦੇ ਹਨ। ਆਓ ਆਪਾਂ ਹੁਣ ਅੱਯੂਬ ਦੀ ਕਿਤਾਬ ਵਿਚ ਦੱਸੀਆਂ ਕੁਝ ਘਟਨਾਵਾਂ ਉੱਤੇ ਗੌਰ ਕਰੀਏ।

ਸ਼ਤਾਨ ਨੇ ਅੱਯੂਬ ਨੂੰ ਪਰਖਿਆ

3. ਅਸੀਂ ਅੱਯੂਬ ਬਾਰੇ ਕੀ ਜਾਣਦੇ ਹਾਂ ਅਤੇ ਸ਼ਤਾਨ ਨੇ ਉਸ ਨੂੰ ਆਪਣਾ ਨਿਸ਼ਾਨਾ ਕਿਉਂ ਬਣਾਇਆ?

3 ਅੱਯੂਬ ਧਨੀ ਅਤੇ ਅਸਰ-ਰਸੂਖ ਵਾਲਾ ਬੰਦਾ ਸੀ। ਇਸ ਤੋਂ ਇਲਾਵਾ ਉਹ ਆਪਣੇ ਪਰਿਵਾਰ ਨੂੰ ਚੰਗੀ ਮੱਤ ਵੀ ਦਿੰਦਾ ਸੀ। ਲੋਕ ਅੱਯੂਬ ਕੋਲੋਂ ਸਲਾਹ ਲੈਣ ਆਉਂਦੇ ਸਨ ਅਤੇ ਉਹ ਲੋੜਵੰਦਾਂ ਦੀ ਮਦਦ ਵੀ ਕਰਦਾ ਸੀ। ਪਰ ਸਭ ਤੋਂ ਜ਼ਰੂਰੀ ਗੱਲ ਇਹ ਸੀ ਕਿ ਉਹ ਯਹੋਵਾਹ ਦਾ ਭੈ ਮੰਨਦਾ ਸੀ। ਬਾਈਬਲ ਕਹਿੰਦੀ ਹੈ ਕਿ ਅੱਯੂਬ “ਪੂਰਾ ਤੇ ਖਰਾ ਮਨੁੱਖ ਸੀ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬਦੀ ਤੋਂ ਪਰੇ ਰਹਿੰਦਾ ਸੀ।” ਸ਼ਤਾਨ ਨੇ ਅੱਯੂਬ ਨੂੰ ਆਪਣੇ ਹਮਲਿਆਂ ਦਾ ਨਿਸ਼ਾਨਾ ਇਸ ਲਈ ਨਹੀਂ ਬਣਾਇਆ ਕਿ ਉਹ ਧਨੀ ਅਤੇ ਪ੍ਰਭਾਵਸ਼ਾਲੀ ਬੰਦਾ ਸੀ, ਸਗੋਂ ਇਸ ਕਰਕੇ ਬਣਾਇਆ ਕਿ ਉਹ ਯਹੋਵਾਹ ਦੀ ਭਗਤੀ ਕਰਦਾ ਸੀ।—ਅੱਯੂ. 1:1; 29:7-16; 31:1.

4. ਖਰਿਆਈ ਦਾ ਕੀ ਮਤਲਬ ਹੈ?

4 ਅੱਯੂਬ ਦੀ ਕਿਤਾਬ ਦੇ ਸ਼ੁਰੂ ਵਿਚ ਦੱਸਿਆ ਹੈ ਕਿ ਸਵਰਗ ਵਿਚ ਦੂਤ ਯਹੋਵਾਹ ਦੀ ਹਜ਼ੂਰੀ ਵਿਚ ਇਕੱਠੇ ਹੋ ਕੇ ਆਏ। ਸ਼ਤਾਨ ਵੀ ਉਨ੍ਹਾਂ ਦੂਤਾਂ ਵਿਚ ਸ਼ਾਮਲ ਸੀ ਅਤੇ ਉਸ ਨੇ ਅੱਯੂਬ ਉੱਤੇ ਇਲਜ਼ਾਮ ਲਾਏ। (ਅੱਯੂਬ 1:6-11 ਪੜ੍ਹੋ।) ਸ਼ਤਾਨ ਨੇ ਅੱਯੂਬ ਦੀ ਧਨ-ਦੌਲਤ ਦਾ ਜ਼ਿਕਰ ਤਾਂ ਕੀਤਾ ਸੀ, ਪਰ ਉਸ ਨੂੰ ਇਸ ਨਾਲ ਕੋਈ ਮਤਲਬ ਨਹੀਂ ਸੀ। ਉਸ ਦਾ ਮੁੱਖ ਮਕਸਦ ਅੱਯੂਬ ਦੀ ਖਰਿਆਈ ਤੋੜਨਾ ਸੀ। “ਖਰਿਆਈ” ਸ਼ਬਦ ਦੇ ਕਈ ਮਤਲਬ ਹੋ ਸਕਦੇ ਹਨ, ਜਿਵੇਂ ਖਰਾ, ਬੇਦੋਸ਼ ਅਤੇ ਧਰਮੀ। ਬਾਈਬਲ ਵਿਚ ਜਦੋਂ ਖਰਿਆਈ ਬਾਰੇ ਗੱਲ ਕੀਤੀ ਜਾਂਦੀ ਹੈ, ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਪੂਰੇ ਦਿਲ ਨਾਲ ਯਹੋਵਾਹ ਦੀ ਭਗਤੀ ਕਰਨੀ।

5. ਸ਼ਤਾਨ ਨੇ ਅੱਯੂਬ ਉੱਤੇ ਕਿਹੜਾ ਦੋਸ਼ ਲਾਇਆ?

5 ਸ਼ਤਾਨ ਨੇ ਦਾਅਵਾ ਕੀਤਾ ਕਿ ਅੱਯੂਬ ਇਸ ਲਈ ਯਹੋਵਾਹ ਦੀ ਭਗਤੀ ਕਰਦਾ ਹੈ ਕਿਉਂਕਿ ਉਸ ਨੂੰ ਬਦਲੇ ਵਿਚ ਕੁਝ ਮਿਲਦਾ ਹੈ। ਸ਼ਤਾਨ ਨੇ ਅੱਯੂਬ ਉੱਤੇ ਦੋਸ਼ ਲਾਇਆ ਕਿ ਉਹ ਉੱਨੀ ਦੇਰ ਯਹੋਵਾਹ ਦੀ ਵਫ਼ਾਦਾਰੀ ਨਾਲ ਭਗਤੀ ਕਰੇਗਾ ਜਿੰਨੀ ਦੇਰ ਯਹੋਵਾਹ ਉਸ ਨੂੰ ਅਸੀਸਾਂ ਦਿੰਦਾ ਰਹੇਗਾ ਤੇ ਉਸ ਦੀ ਰੱਖਿਆ ਕਰਦਾ ਰਹੇਗਾ। ਸ਼ਤਾਨ ਦੇ ਦੋਸ਼ ਨੂੰ ਝੁਠਲਾਉਣ ਲਈ ਯਹੋਵਾਹ ਨੇ ਉਸ ਨੂੰ ਆਗਿਆ ਦੇ ਦਿੱਤੀ ਕਿ ਉਹ ਵਫ਼ਾਦਾਰ ਅੱਯੂਬ ਨੂੰ ਪਰਖ ਸਕਦਾ ਸੀ। ਸ਼ਤਾਨ ਦੇ ਹਮਲੇ ਕਾਰਨ ਅੱਯੂਬ ਦੇ ਪਸ਼ੂ ਜਾਂ ਤਾਂ ਚੁਰਾ ਲਏ ਗਏ ਜਾਂ ਅੱਗ ਨਾਲ ਭਸਮ ਹੋ ਗਏ, ਉਸ ਦੇ ਨੌਕਰਾਂ-ਚਾਕਰਾਂ ਅਤੇ ਉਸ ਦੇ ਦਸ ਨਿਆਣਿਆਂ ਨੂੰ ਮੌਤ ਨਿਗਲ ਗਈ। ਇਹ ਸਭ ਇੱਕੋ ਦਿਨ ਵਿਚ ਹੋਇਆ। (ਅੱਯੂ. 1:13-19) ਕੀ ਇਹ ਸਭ ਕੁਝ ਕਰ ਕੇ ਸ਼ਤਾਨ ਅੱਯੂਬ ਦੀ ਖਰਿਆਈ ਤੋੜ ਸਕਿਆ? ਬਾਈਬਲ ਵਿਚ ਦੱਸਿਆ ਹੈ ਕਿ ਅੱਯੂਬ ਨੇ ਆਪਣੀ ਬਰਬਾਦੀ ਬਾਰੇ ਕੀ ਕਿਹਾ: “ਯਹੋਵਾਹ ਨੇ ਦਿੱਤਾ ਯਹੋਵਾਹ ਨੇ ਹੀ ਲੈ ਲਿਆ ਯਹੋਵਾਹ ਦਾ ਨਾਮ ਮੁਬਾਰਕ ਹੋਵੇ।”—ਅੱਯੂ. 1:21.

6. (ੳ) ਇਕ ਹੋਰ ਮੌਕੇ ’ਤੇ ਕੀ ਵਾਪਰਿਆ ਜਦੋਂ ਦੂਤ ਯਹੋਵਾਹ ਦੀ ਹਜ਼ੂਰੀ ਵਿਚ ਆਏ? (ਅ) ਜਦੋਂ ਸ਼ਤਾਨ ਨੇ ਅੱਯੂਬ ਦੀ ਵਫ਼ਾਦਾਰੀ ’ਤੇ ਸਵਾਲ ਖੜ੍ਹਾ ਕੀਤਾ, ਤਾਂ ਉਹ ਹੋਰ ਕਿਸ ਬਾਰੇ ਗੱਲ ਕਰ ਰਿਹਾ ਸੀ?

6 ਦੂਤ ਇਕ ਵਾਰ ਫਿਰ ਇਕੱਠੇ ਹੋ ਕੇ ਯਹੋਵਾਹ ਦੀ ਹਜ਼ੂਰੀ ਵਿਚ ਆਏ। ਸ਼ਤਾਨ ਨੇ ਅੱਯੂਬ ਉੱਤੇ ਇਹ ਕਹਿ ਕੇ ਇਕ ਹੋਰ ਇਲਜ਼ਾਮ ਲਾਇਆ: “ਖੱਲ ਦੇ ਬਦਲੇ ਖੱਲ ਸਗੋਂ ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ। ਆਪਣਾ ਹੱਥ ਵਧਾ ਕੇ ਉਸ ਦੀ ਹੱਡੀ ਅਤੇ ਉਸ ਦੇ ਮਾਸ ਨੂੰ ਛੋਹ ਦੇਹ ਤਾਂ ਉਹ ਤੇਰਾ ਮੂੰਹ ਫਿਟਕਾਰੂਗਾ।” ਧਿਆਨ ਦਿਓ ਕਿ ਸ਼ਤਾਨ ਨੇ ਇਹ ਇਲਜ਼ਾਮ ਹੋਰਨਾਂ ’ਤੇ ਵੀ ਲਾਏ। ਸ਼ਤਾਨ ਨੇ ਜਦੋਂ ਇਹ ਕਿਹਾ ਕਿ “ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ,” ਤਾਂ ਉਹ ਸਿਰਫ਼ ਅੱਯੂਬ ਦੀ ਵਫ਼ਾਦਾਰੀ ’ਤੇ ਹੀ ਸਵਾਲ ਨਹੀਂ ਸੀ ਉਠਾ ਰਿਹਾ, ਬਲਕਿ ਯਹੋਵਾਹ ਦੀ ਭਗਤੀ ਕਰਨ ਵਾਲੇ ਹਰੇਕ “ਮਨੁੱਖ” ਦੀ ਵਫ਼ਾਦਾਰੀ ਉੱਤੇ ਸਵਾਲ ਖੜ੍ਹਾ ਕਰ ਰਿਹਾ ਸੀ। ਫਿਰ ਪਰਮੇਸ਼ੁਰ ਦੀ ਇਜਾਜ਼ਤ ਨਾਲ ਸ਼ਤਾਨ ਨੇ ਅੱਯੂਬ ਨੂੰ ਇਕ ਦਰਦਨਾਕ ਬੀਮਾਰੀ ਲਾ ਦਿੱਤੀ। (ਅੱਯੂ. 2:1-8) ਪਰ ਇਹ ਅੱਯੂਬ ਦੀਆਂ ਅਜ਼ਮਾਇਸ਼ਾਂ ਦਾ ਅੰਤ ਨਹੀਂ ਸੀ।

ਅੱਯੂਬ ਦੇ ਰਵੱਈਏ ਤੋਂ ਸਿੱਖੋ

7. ਅੱਯੂਬ ਦੀ ਪਤਨੀ ਅਤੇ ਤਿੰਨ ਬੰਦਿਆਂ ਨੇ ਕਿਹੜੀਆਂ ਗੱਲਾਂ ਕਹਿ ਕੇ ਅੱਯੂਬ ਨੂੰ ਤੜਫ਼ਾਇਆ?

7 ਅੱਯੂਬ ਦੀ ਪਤਨੀ ਉੱਤੇ ਵੀ ਉਨ੍ਹਾਂ ਹੀ ਦੁੱਖਾਂ ਦਾ ਪਹਾੜ ਟੁੱਟਾ ਜਿਨ੍ਹਾਂ ਦਾ ਅੱਯੂਬ ਉੱਤੇ ਟੁੱਟਾ ਸੀ। ਬੱਚਿਆਂ ਦੀ ਮੌਤ ਅਤੇ ਪਰਿਵਾਰ ਦੀ ਧਨ-ਦੌਲਤ ਲੁੱਟ ਜਾਣ ਕਰਕੇ ਉਸ ਦੀ ਤਾਂ ਦੁਨੀਆਂ ਹੀ ਉਜੜ ਗਈ ਸੀ। ਆਪਣੇ ਪਤੀ ਨੂੰ ਦਰਦਨਾਕ ਬੀਮਾਰੀ ਦੀ ਮਾਰ ਸਹਿੰਦਿਆਂ ਦੇਖ ਕੇ ਉਹ ਹੋਰ ਵੀ ਟੁੱਟ ਗਈ ਹੋਵੇਗੀ। ਉਸ ਨੇ ਚੀਕ ਕੇ ਅੱਯੂਬ ਨੂੰ ਕਿਹਾ: “ਕੀ ਤੈਂ ਅਜੇ ਵੀ ਆਪਣੀ ਖਰਿਆਈ ਨੂੰ ਤਕੜੀ ਕਰ ਕੇ ਫੜਿਆ ਹੋਇਆ ਹੈ? ਪਰਮੇਸ਼ੁਰ ਨੂੰ ਫਿਟਕਾਰ ਤੇ ਮਰ ਜਾਹ!” ਫਿਰ ਅੱਯੂਬ ਨੂੰ ਝੂਠ-ਮੂਠ ਦਾ ਦਿਲਾਸਾ ਦੇਣ ਲਈ ਤਿੰਨ ਬੰਦੇ ਅਲੀਫ਼ਜ਼, ਬਿਲਦਦ ਤੇ ਸੋਫ਼ਰ ਆਏ। ਉਨ੍ਹਾਂ ਨੇ ਉਸ ਨਾਲ ਉਲਟੀਆਂ-ਪੁਲਟੀਆਂ ਗੱਲਾਂ ਕੀਤੀਆਂ ਜਿਸ ਕਰਕੇ ਉਹ “ਦੁਖ ਦਾਇਕ ਤਸੱਲੀ ਦੇਣ ਵਾਲੇ” ਸਾਬਤ ਹੋਏ। ਮਿਸਾਲ ਲਈ, ਬਿਲਦਦ ਨੇ ਕਿਹਾ ਕਿ ਅੱਯੂਬ ਦੇ ਬੱਚਿਆਂ ਨੇ ਗ਼ਲਤ ਕੰਮ ਕੀਤੇ ਸਨ ਜਿਨ੍ਹਾਂ ਦੀ ਉਨ੍ਹਾਂ ਨੂੰ ਸਜ਼ਾ ਮਿਲੀ। ਅਲੀਫ਼ਜ਼ ਨੇ ਅੱਯੂਬ ’ਤੇ ਦੋਸ਼ ਲਾਇਆ ਕਿ ਉਸ ਨੇ ਕੋਈ ਪਾਪ ਕੀਤਾ ਹੋਵੇਗਾ ਜਿਸ ਕਰਕੇ ਉਹ ਇਹ ਦੁੱਖ ਭੁਗਤ ਰਿਹਾ ਸੀ। ਉਸ ਨੇ ਇਹ ਵੀ ਕਿਹਾ ਕਿ ਪਰਮੇਸ਼ੁਰ ਆਪਣੇ ਵਫ਼ਾਦਾਰ ਭਗਤਾਂ ਦੀ ਕੋਈ ਕਦਰ ਨਹੀਂ ਕਰਦਾ! (ਅੱਯੂ. 2:9, 11; 4:8; 8:4; 16:2; 22:2, 3) ਉਨ੍ਹਾਂ ਦੀਆਂ ਝੂਠੀਆਂ ਗੱਲਾਂ ਸੁਣ ਕੇ ਵੀ ਅੱਯੂਬ ਨੇ ਖਰਿਆਈ ਬਣਾਈ ਰੱਖੀ। ਇਹ ਸੱਚ ਹੈ ਕਿ ਉਸ ਵੇਲੇ ਉਹ ਗ਼ਲਤ ਸੀ ਜਦੋਂ ਉਸ ਨੇ “ਆਪਣੇ ਆਪ ਨੂੰ ਨਾ ਕਿ ਪਰਮੇਸ਼ੁਰ ਨੂੰ ਧਰਮੀ ਠਹਿਰਾਇਆ।” (ਅੱਯੂ. 32:2) ਪਰ ਉਸ ਦੇ ਨਾਲ ਜੋ ਕੁਝ ਵੀ ਹੋਇਆ, ਉਸ ਸਭ ਦੇ ਬਾਵਜੂਦ ਉਸ ਨੇ ਪਰਮੇਸ਼ੁਰ ਦਾ ਪੱਖ ਪੂਰਿਆ।

8. ਅਲੀਹੂ ਨੇ ਉਨ੍ਹਾਂ ਵਾਸਤੇ ਕਿਹੜੀ ਮਿਸਾਲ ਕਾਇਮ ਕੀਤੀ ਜੋ ਅੱਜ ਹੋਰਨਾਂ ਨੂੰ ਸਲਾਹ ਦਿੰਦੇ ਹਨ?

8 ਫਿਰ ਅਲੀਹੂ ਅੱਯੂਬ ਨੂੰ ਮਿਲਣ ਵਾਸਤੇ ਆਇਆ। ਅਲੀਹੂ ਨੇ ਪਹਿਲਾਂ ਅੱਯੂਬ ਅਤੇ ਉਸ ਦੇ ਤਿੰਨ ਸਾਥੀਆਂ ਦੀ ਗੱਲਬਾਤ ਨੂੰ ਧਿਆਨ ਨਾਲ ਸੁਣਿਆ। ਭਾਵੇਂ ਕਿ ਅਲੀਹੂ ਇਨ੍ਹਾਂ ਚਾਰਾਂ ਨਾਲੋਂ ਉਮਰ ਵਿਚ ਛੋਟਾ ਸੀ, ਪਰ ਉਹ ਇਨ੍ਹਾਂ ਨਾਲੋਂ ਜ਼ਿਆਦਾ ਅਕਲਮੰਦ ਸੀ। ਕਿਵੇਂ? ਉਹ ਅੱਯੂਬ ਨਾਲ ਅਦਬ ਨਾਲ ਪੇਸ਼ ਆਇਆ ਤੇ ਉਸ ਦਾ ਨਾਂ ਲੈ ਕੇ ਉਸ ਨਾਲ ਗੱਲ ਕੀਤੀ। ਉਸ ਨੇ ਅੱਯੂਬ ਦੀ ਸ਼ਲਾਘਾ ਕੀਤੀ ਕਿ ਉਹ ਧਰਮੀ ਅਸੂਲਾਂ ’ਤੇ ਚੱਲ ਰਿਹਾ ਸੀ। ਪਰ ਉਸ ਨੇ ਇਹ ਵੀ ਕਿਹਾ ਕਿ ਅੱਯੂਬ ਆਪਣੇ ਆਪ ਨੂੰ ਜ਼ਿਆਦਾ ਧਰਮੀ ਸਿੱਧ ਕਰ ਰਿਹਾ ਸੀ। ਫਿਰ ਉਸ ਨੇ ਅੱਯੂਬ ਨੂੰ ਯਕੀਨ ਦਿਵਾਇਆ ਕਿ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਨਾਲ ਹਮੇਸ਼ਾ ਫ਼ਾਇਦਾ ਹੀ ਹੁੰਦਾ ਹੈ। (ਅੱਯੂਬ 36:1, 11 ਪੜ੍ਹੋ।) ਹਾਂ, ਅਲੀਹੂ ਨੇ ਗੱਲ ਕਰਦੇ ਵਕਤ ਧੀਰਜ ਦਿਖਾਇਆ, ਧਿਆਨ ਨਾਲ ਗੱਲ ਸੁਣੀ, ਸ਼ਲਾਘਾ ਕੀਤੀ ਅਤੇ ਸਲਾਹ ਦੇ ਕੇ ਅੱਯੂਬ ਦਾ ਹੌਸਲਾ ਵਧਾਇਆ। ਇਸ ਤਰ੍ਹਾਂ ਅਲੀਹੂ ਨੇ ਉਨ੍ਹਾਂ ਵਾਸਤੇ ਵਧੀਆ ਮਿਸਾਲ ਕਾਇਮ ਕੀਤੀ ਜੋ ਅੱਜ ਹੋਰਨਾਂ ਨੂੰ ਸਲਾਹ ਦਿੰਦੇ ਹਨ!—ਅੱਯੂ. 32:6; 33:32.

9. ਯਹੋਵਾਹ ਨੇ ਅੱਯੂਬ ਦੀ ਮਦਦ ਕਿਵੇਂ ਕੀਤੀ?

9 ਹੁਣ ਅੱਯੂਬ ਨਾਲ ਗੱਲ ਕਰਨ ਦੀ ਵਾਰੀ ਯਹੋਵਾਹ ਦੀ ਸੀ। ਬਾਈਬਲ ਕਹਿੰਦੀ ਹੈ: “ਯਹੋਵਾਹ ਨੇ ਅੱਯੂਬ ਨੂੰ ਵਾਵਰੋਲੇ ਵਿੱਚੋਂ ਦੀ ਉੱਤਰ ਦਿੱਤਾ।” ਯਹੋਵਾਹ ਨੇ ਕਈ ਸਵਾਲ ਪੁੱਛ ਕੇ ਅੱਯੂਬ ਨੂੰ ਪਿਆਰ ਨਾਲ ਤਾੜਨਾ ਦਿੱਤੀ ਤਾਂਕਿ ਅੱਯੂਬ ਆਪਣੀ ਸੋਚ ਨੂੰ ਸੁਧਾਰ ਸਕੇ। ਅੱਯੂਬ ਨੇ ਯਹੋਵਾਹ ਦੀ ਤਾੜਨਾ ਮੰਨੀ ਅਤੇ ਕਿਹਾ: “ਮੈਂ ਨਿਕੰਮਾ ਹਾਂ . . . ਮੈਂ ਖ਼ਾਕ ਤੇ ਸੁਆਹ ਵਿੱਚ ਪਛਤਾਉਂਦਾ ਹਾਂ!” ਫਿਰ ਅੱਯੂਬ ਨਾਲ ਗੱਲ ਕਰਨ ਤੋਂ ਬਾਅਦ ਯਹੋਵਾਹ ਦਾ ਕ੍ਰੋਧ ਅੱਯੂਬ ਦੇ ਤਿੰਨ ਸਾਥੀਆਂ ਉੱਤੇ ਭੜਕਿਆ ਕਿਉਂਕਿ ਉਹ “ਸੱਚ ਨਹੀਂ ਬੋਲੇ।” ਯਹੋਵਾਹ ਨੇ ਅੱਯੂਬ ਨੂੰ ਕਿਹਾ ਕਿ ਉਹ ਉਨ੍ਹਾਂ ਵਾਸਤੇ ਉਸ ਅੱਗੇ ਦੁਆ ਕਰੇ। ਜਦੋਂ ਅੱਯੂਬ ਆਪਣੇ ਮਿੱਤਰਾਂ ਲਈ ਦੁਆ ਕਰ ਚੁੱਕਿਆ, ਤਾਂ ਯਹੋਵਾਹ ਨੇ ਉਸ ਦੀ ਮਾੜੀ ਹਾਲਤ ਨੂੰ ਸੁਧਾਰ ਦਿੱਤਾ। ਬਾਈਬਲ ਕਹਿੰਦੀ ਹੈ ਕਿ “ਜੋ ਕੁਝ ਅੱਯੂਬ ਦੇ ਕੋਲ ਸੀ ਯਹੋਵਾਹ ਨੇ ਦੁਗਣਾ ਕਰ ਦਿੱਤਾ।”—ਅੱਯੂ. 38:1; 40:4; 42:6-10.

ਯਹੋਵਾਹ ਲਈ ਸਾਡਾ ਪਿਆਰ ਕਿੰਨਾ ਕੁ ਗਹਿਰਾ ਹੈ?

10. ਯਹੋਵਾਹ ਨੇ ਸ਼ਤਾਨ ਨੂੰ ਨਜ਼ਰਅੰਦਾਜ਼ ਜਾਂ ਖ਼ਤਮ ਕਿਉਂ ਨਹੀਂ ਕੀਤਾ?

10 ਹਾਲਾਂਕਿ ਯਹੋਵਾਹ ਸਾਰੀ ਸ੍ਰਿਸ਼ਟੀ ਦਾ ਰਚਣਹਾਰ ਤੇ ਮਾਲਕ ਹੈ, ਫਿਰ ਉਸ ਨੇ ਸ਼ਤਾਨ ਦੇ ਦੋਸ਼ ਨੂੰ ਨਜ਼ਰਅੰਦਾਜ਼ ਕਿਉਂ ਨਹੀਂ ਕਰ ਦਿੱਤਾ? ਯਹੋਵਾਹ ਜਾਣਦਾ ਸੀ ਕਿ ਸ਼ਤਾਨ ਦੇ ਦੋਸ਼ਾਂ ਨੂੰ ਨਜ਼ਰਅੰਦਾਜ਼ ਕਰਨ ਜਾਂ ਉਸ ਨੂੰ ਖ਼ਤਮ ਕਰਨ ਨਾਲ ਮਸਲਾ ਹੱਲ ਨਹੀਂ ਸੀ ਹੋਣਾ। ਅੱਯੂਬ ਖਰਾ ਇਨਸਾਨ ਸੀ, ਪਰ ਫਿਰ ਵੀ ਸ਼ਤਾਨ ਨੇ ਦਾਅਵਾ ਕੀਤਾ ਕਿ ਜੇ ਯਹੋਵਾਹ ਉਸ ਦਾ ਮਾਲ-ਧਨ ਖੋਹ ਲਵੇ, ਤਾਂ ਉਹ ਉਸ ਤੋਂ ਮੂੰਹ ਮੋੜ ਲਵੇਗਾ। ਮਾਲ-ਧਨ ਲੁੱਟ ਜਾਣ ’ਤੇ ਵੀ ਅੱਯੂਬ ਵਫ਼ਾਦਾਰ ਰਿਹਾ। ਫਿਰ ਸ਼ਤਾਨ ਨੇ ਦੋਸ਼ ਲਾਇਆ ਕਿ ਜੇ ਕਿਸੇ ਬੰਦੇ ਨੂੰ ਕੋਈ ਗੰਭੀਰ ਬੀਮਾਰੀ ਲੱਗ ਜਾਵੇ, ਤਾਂ ਉਹ ਪਰਮੇਸ਼ੁਰ ਨੂੰ ਛੱਡ ਦੇਵੇਗਾ। ਪਰ ਗੰਭੀਰ ਬੀਮਾਰੀ ਲੱਗਣ ਦੇ ਬਾਵਜੂਦ ਅੱਯੂਬ ਨੇ ਖਰਿਆਈ ਨਹੀਂ ਛੱਡੀ। ਅੱਯੂਬ ਭਾਵੇਂ ਨਾਮੁਕੰਮਲ ਇਨਸਾਨ ਸੀ, ਫਿਰ ਵੀ ਉਸ ਨੇ ਸ਼ਤਾਨ ਨੂੰ ਮੂੰਹ-ਤੋੜ ਜਵਾਬ ਦੇ ਕੇ ਉਸ ਨੂੰ ਝੂਠਾ ਸਾਬਤ ਕੀਤਾ। ਪਰਮੇਸ਼ੁਰ ਦੇ ਹੋਰ ਭਗਤਾਂ ਬਾਰੇ ਕੀ ਕਿਹਾ ਜਾ ਸਕਦਾ ਹੈ?

11. ਯਿਸੂ ਨੇ ਕਿਵੇਂ ਸਾਬਤ ਕੀਤਾ ਕਿ ਸ਼ਤਾਨ ਦੇ ਦੋਸ਼ ਪੂਰੀ ਤਰ੍ਹਾਂ ਝੂਠੇ ਸਨ?

11 ਸ਼ਤਾਨ ਵੱਲੋਂ ਕਿਸੇ ਵੀ ਅਜ਼ਮਾਇਸ਼ ਆਉਣ ’ਤੇ ਜਦ ਪਰਮੇਸ਼ੁਰ ਦਾ ਕੋਈ ਵੀ ਭਗਤ ਖਰਿਆਈ ਰੱਖਦਾ ਹੈ, ਤਾਂ ਉਹ ਦਿਖਾਉਂਦਾ ਹੈ ਕਿ ਸ਼ਤਾਨ ਦੇ ਸਾਰੇ ਦੋਸ਼ ਝੂਠੇ ਹਨ। ਜਦੋਂ ਯਿਸੂ ਧਰਤੀ ਉੱਤੇ ਆਇਆ ਸੀ, ਤਾਂ ਉਸ ਨੇ ਸ਼ਤਾਨ ਨੂੰ ਪੂਰੀ ਤਰ੍ਹਾਂ ਝੂਠਾ ਸਾਬਤ ਕੀਤਾ। ਯਿਸੂ ਸਾਡੇ ਪਿਤਾ ਆਦਮ ਵਾਂਗ ਮੁਕੰਮਲ ਸੀ ਅਤੇ ਉਸ ਨੇ ਮੌਤ ਤਾਈਂ ਵਫ਼ਾਦਾਰ ਰਹਿ ਕੇ ਦਿਖਾਇਆ ਕਿ ਸ਼ਤਾਨ ਅਤੇ ਉਸ ਦੇ ਲਾਏ ਦੋਸ਼ ਸਰਾਸਰ ਝੂਠੇ ਸਨ।—ਪਰ. 12:10.

12. ਯਹੋਵਾਹ ਦੇ ਹਰ ਭਗਤ ਕੋਲ ਕਿਹੜਾ ਮੌਕਾ ਹੈ ਅਤੇ ਉਸ ਦੀ ਕੀ ਜ਼ਿੰਮੇਵਾਰੀ ਬਣਦੀ ਹੈ?

12 ਹਾਲੇ ਵੀ ਸ਼ਤਾਨ ਯਹੋਵਾਹ ਦੇ ਭਗਤਾਂ ਨੂੰ ਪਰਖਣ ਵਿਚ ਲੱਗਾ ਹੋਇਆ ਹੈ। ਸਾਡੇ ਸਾਰਿਆਂ ਕੋਲ ਖਰਿਆਈ ਬਣਾਈ ਰੱਖਣ ਦਾ ਮੌਕਾ ਹੈ ਅਤੇ ਸਾਡੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ। ਇਸ ਤਰ੍ਹਾਂ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਸੁਆਰਥ ਲਈ ਨਹੀਂ ਬਲਕਿ ਪਿਆਰ ਦੀ ਖ਼ਾਤਰ ਯਹੋਵਾਹ ਦੀ ਭਗਤੀ ਕਰਦੇ ਹਾਂ। ਅਸੀਂ ਇਸ ਜ਼ਿੰਮੇਵਾਰੀ ਨੂੰ ਕਿਵੇਂ ਵਿਚਾਰਦੇ ਹਾਂ? ਸਾਡੇ ਲਈ ਇਹ ਸਨਮਾਨ ਹੈ ਕਿ ਅਸੀਂ ਯਹੋਵਾਹ ਪ੍ਰਤਿ ਵਫ਼ਾਦਾਰ ਰਹੀਏ। ਸਾਨੂੰ ਇਹ ਵੀ ਜਾਣ ਕੇ ਹੌਸਲਾ ਮਿਲਦਾ ਹੈ ਕਿ ਯਹੋਵਾਹ ਸਾਨੂੰ ਅਜ਼ਮਾਇਸ਼ਾਂ ਸਹਿਣ ਦੀ ਤਾਕਤ ਦਿੰਦਾ ਹੈ। ਜਿਵੇਂ ਅਸੀਂ ਅੱਯੂਬ ਦੀ ਮਿਸਾਲ ਤੋਂ ਦੇਖਿਆ ਹੈ, ਯਹੋਵਾਹ ਸਾਡੇ ਉੱਤੇ ਉੱਨੀਆਂ ਹੀ ਅਜ਼ਮਾਇਸ਼ਾਂ ਆਉਣ ਦੇਵੇਗਾ ਜਿੰਨੀਆਂ ਅਸੀਂ ਝੱਲ ਸਕਦੇ ਹਾਂ।—1 ਕੁਰਿੰ. 10:13.

ਯਹੋਵਾਹ ਤੋਂ ਬੇਮੁੱਖ ਹੋਇਆ ਢੀਠ ਵਿਰੋਧੀ—ਸ਼ਤਾਨ

13. ਅੱਯੂਬ ਦੀ ਕਿਤਾਬ ਵਿਚ ਸ਼ਤਾਨ ਬਾਰੇ ਕੀ ਕੁਝ ਦੱਸਿਆ ਹੈ?

13 ਬਾਈਬਲ ਦੇ ਇਬਰਾਨੀ ਹਿੱਸੇ ਵਿਚ ਦੱਸਿਆ ਹੈ ਕਿ ਸ਼ਤਾਨ ਨੇ ਕਿੰਨੀ ਬੇਸ਼ਰਮੀ ਨਾਲ ਪਰਮੇਸ਼ੁਰ ਨੂੰ ਚੁਣੌਤੀ ਦਿੱਤੀ ਅਤੇ ਇਨਸਾਨਾਂ ਨੂੰ ਯਹੋਵਾਹ ਤੋਂ ਦੂਰ ਲੈ ਗਿਆ। ਯੂਨਾਨੀ ਹਿੱਸੇ ਵਿਚ ਸਾਨੂੰ ਹੋਰ ਵੀ ਜਾਣਕਾਰੀ ਮਿਲਦੀ ਹੈ ਕਿ ਸ਼ਤਾਨ ਹੋਰ ਕਿਹੜੇ ਤਰੀਕਿਆਂ ਨਾਲ ਯਹੋਵਾਹ ਦਾ ਵਿਰੋਧ ਕਰਦਾ ਹੈ। ਪਰਕਾਸ਼ ਦੀ ਪੋਥੀ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਕਿਵੇਂ ਸਾਬਤ ਕਰੇਗਾ ਕਿ ਉਹੀ ਸਾਰੇ ਜਹਾਨ ’ਤੇ ਰਾਜ ਕਰਨ ਦਾ ਹੱਕ ਰੱਖਦਾ ਹੈ ਅਤੇ ਉਹ ਸ਼ਤਾਨ ਨੂੰ ਕਿਵੇਂ ਨਾਸ਼ ਕਰੇਗਾ। ਅੱਯੂਬ ਦੀ ਕਿਤਾਬ ਤੋਂ ਸਾਨੂੰ ਜ਼ਿਆਦਾ ਜਾਣਕਾਰੀ ਮਿਲਦੀ ਹੈ ਕਿ ਸ਼ਤਾਨ ਨੇ ਬੁਰਾ ਰਾਹ ਕਿਉਂ ਚੁਣਿਆ। ਸਾਨੂੰ ਪਤਾ ਲੱਗਦਾ ਹੈ ਕਿ ਸ਼ਤਾਨ ਜਦੋਂ ਸਵਰਗ ਵਿਚ ਦੂਤਾਂ ਦੇ ਨਾਲ ਯਹੋਵਾਹ ਦੀ ਹਜ਼ੂਰੀ ਵਿਚ ਆਇਆ ਸੀ, ਤਾਂ ਉਹ ਯਹੋਵਾਹ ਦੀ ਵਡਿਆਈ ਕਰਨ ਦੇ ਇਰਾਦੇ ਨਾਲ ਨਹੀਂ ਸੀ ਆਇਆ। ਉਸ ਦੇ ਇਰਾਦੇ ਮਾੜੇ ਸਨ ਕਿਉਂਕਿ ਉਸ ਨੇ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਉਹ ਉੱਥੇ ਕਿਉਂ ਜਾ ਰਿਹਾ ਹੈ। ਉਸ ਨੇ ਅੱਯੂਬ ਉੱਤੇ ਦੋਸ਼ ਲਾਏ ਅਤੇ ਉਸ ਨੂੰ ਪਰਖਣ ਦੀ ਇਜਾਜ਼ਤ ਲੈ ਕੇ “ਯਹੋਵਾਹ ਦੇ ਹਜ਼ੂਰੋਂ ਚੱਲਿਆ ਗਿਆ।”—ਅੱਯੂ. 1:12; 2:7.

14. ਸ਼ਤਾਨ ਅੱਯੂਬ ਨਾਲ ਕਿਵੇਂ ਪੇਸ਼ ਆਇਆ?

14 ਅੱਯੂਬ ਦੀ ਕਿਤਾਬ ਤੋਂ ਪਤਾ ਲੱਗਦਾ ਹੈ ਕਿ ਸ਼ਤਾਨ ਇਨਸਾਨਾਂ ਦਾ ਬੇਰਹਿਮ ਦੁਸ਼ਮਣ ਹੈ। ਅੱਯੂਬ 1:6 ਅਤੇ 2:1 ਵਿਚ ਜ਼ਿਕਰ ਕੀਤਾ ਗਿਆ ਹੈ ਕਿ ਦੂਤ ਯਹੋਵਾਹ ਦੀ ਹਜ਼ੂਰੀ ਵਿਚ ਇਕੱਠੇ ਹੋ ਕੇ ਆਏ। ਪਰ ਇਹ ਨਹੀਂ ਦੱਸਿਆ ਗਿਆ ਹੈ ਕਿ ਦੂਤ ਦੂਜੀ ਵਾਰ ਕਿੰਨੀ ਦੇਰ ਬਾਅਦ ਯਹੋਵਾਹ ਦੀ ਹਜ਼ੂਰੀ ਵਿਚ ਆਏ ਸਨ। ਬਾਈਬਲ ਇੰਨਾ ਜ਼ਰੂਰ ਦੱਸਦੀ ਹੈ ਕਿ ਦੂਸਰੀ ਵਾਰ ਇਕੱਠੇ ਹੋਣ ਤੋਂ ਪਹਿਲਾਂ ਦੇ ਸਮੇਂ ਦੌਰਾਨ ਸ਼ਤਾਨ ਨੇ ਬੇਰਹਿਮੀ ਨਾਲ ਅੱਯੂਬ ਨੂੰ ਪਰਖਿਆ। ਅੱਯੂਬ ਦੀ ਵਫ਼ਾਦਾਰੀ ਕਾਰਨ ਯਹੋਵਾਹ ਸ਼ਤਾਨ ਨੂੰ ਕਹਿ ਸਕਿਆ: “ਭਾਵੇਂ ਤੈਂ ਮੈਨੂੰ ਚੁੱਕਿਆ ਕਿ ਮੈਂ ਧਗਾਣੇ [ਅੱਯੂਬ] ਨੂੰ ਨਾਸ ਕਰਾਂ ਅੱਜ ਤੀਕ ਉਸ ਨੇ ਆਪਣੀ ਖਰਿਆਈ ਨੂੰ ਤਕੜਾ ਕਰ ਕੇ ਫੜਿਆ ਹੋਇਆ ਹੈ।” ਫਿਰ ਵੀ ਸ਼ਤਾਨ ਮੰਨਿਆ ਨਹੀਂ ਕਿ ਅੱਯੂਬ ਨੇ ਵਫ਼ਾਦਾਰ ਰਹਿ ਕੇ ਉਸ ਦੇ ਦੋਸ਼ਾਂ ਨੂੰ ਝੂਠੇ ਸਾਬਤ ਕਰ ਦਿੱਤਾ ਸੀ। ਸ਼ਤਾਨ ਨੇ ਢੀਠ ਹੋ ਕੇ ਯਹੋਵਾਹ ਨੂੰ ਕਿਹਾ ਕਿ ਉਹ ਅੱਯੂਬ ਨੂੰ ਇਕ ਵਾਰ ਹੋਰ ਸਖ਼ਤੀ ਨਾਲ ਪਰਖਣਾ ਚਾਹੁੰਦਾ ਸੀ। ਸ਼ਤਾਨ ਨੇ ਨਾ ਸਿਰਫ਼ ਅੱਯੂਬ ਨੂੰ ਉਦੋਂ ਪਰਖਿਆ ਜਦੋਂ ਉਹ ਅਮੀਰ ਸੀ, ਸਗੋਂ ਉਦੋਂ ਵੀ ਪਰਖਿਆ ਜਦੋਂ ਉਸ ਦੇ ਪੱਲੇ ਕੱਖ ਵੀ ਨਹੀਂ ਰਿਹਾ। ਇਸ ਤੋਂ ਸਾਫ਼ ਹੈ ਕਿ ਸ਼ਤਾਨ ਨੂੰ ਗ਼ਰੀਬਾਂ ਤੇ ਬਿਪਤਾਵਾਂ ਦੇ ਮਾਰੇ ਲੋਕਾਂ ’ਤੇ ਕੋਈ ਤਰਸ ਨਹੀਂ ਆਉਂਦਾ। ਉਸ ਨੂੰ ਖਰਿਆਈ ਰੱਖਣ ਵਾਲੇ ਲੋਕਾਂ ਨਾਲ ਸਖ਼ਤ ਨਫ਼ਰਤ ਹੈ। (ਅੱਯੂ. 2:3-5) ਫਿਰ ਵੀ ਅੱਯੂਬ ਦੀ ਵਫ਼ਾਦਾਰੀ ਤੋਂ ਜ਼ਾਹਰ ਹੁੰਦਾ ਹੈ ਕਿ ਸ਼ਤਾਨ ਨਿਰਾ ਝੂਠਾ ਹੈ।

15. ਅੱਜ ਯਹੋਵਾਹ ਤੋਂ ਬੇਮੁੱਖ ਹੋ ਚੁੱਕੇ ਲੋਕ ਸ਼ਤਾਨ ਵਾਂਗ ਕਿਵੇਂ ਪੇਸ਼ ਆਉਂਦੇ ਹਨ?

15 ਸ਼ਤਾਨ ਪਹਿਲਾ ਸ਼ਖ਼ਸ ਸੀ ਜੋ ਯਹੋਵਾਹ ਤੋਂ ਬੇਮੁੱਖ ਹੋਇਆ। ਅੱਜ ਵੀ ਯਹੋਵਾਹ ਤੋਂ ਬੇਮੁੱਖ ਹੋ ਚੁੱਕੇ ਲੋਕ ਸ਼ਤਾਨ ਵਰਗੇ ਔਗੁਣ ਜ਼ਾਹਰ ਕਰਦੇ ਹਨ। ਉਨ੍ਹਾਂ ਦੇ ਮਨਾਂ ਵਿਚ ਇੰਨੀ ਕੁੜੱਤਣ ਭਰ ਜਾਂਦੀ ਹੈ ਕਿ ਉਹ ਕਲੀਸਿਯਾਵਾਂ ਦੇ ਭੈਣਾਂ-ਭਰਾਵਾਂ, ਬਜ਼ੁਰਗਾਂ ਜਾਂ ਪ੍ਰਬੰਧਕ ਸਭਾ ਦੀ ਆਲੋਚਨਾ ਕਰਨ ਤੋਂ ਬਾਜ਼ ਨਹੀਂ ਆਉਂਦੇ। ਅਜਿਹੇ ਕੁਝ ਲੋਕ ਤਾਂ ਪਰਮੇਸ਼ੁਰ ਦਾ ਨਾਂ ਵੀ ਆਪਣੇ ਮੂੰਹ ’ਤੇ ਨਹੀਂ ਲਿਆਉਣਾ ਚਾਹੁੰਦੇ। ਉਹ ਨਾ ਤਾਂ ਯਹੋਵਾਹ ਬਾਰੇ ਸਿੱਖਣਾ ਚਾਹੁੰਦੇ ਹਨ ਤੇ ਨਾ ਹੀ ਉਸ ਦੀ ਸੇਵਾ ਕਰਨ ਦੇ ਇੱਛੁਕ ਹਨ। ਆਪਣੇ ਪਿਤਾ ਸ਼ਤਾਨ ਦੀ ਤਰ੍ਹਾਂ ਉਹ ਵੀ ਖਰਿਆਈ ਰੱਖਣ ਵਾਲੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। (ਯੂਹੰ. 8:44) ਤਾਹੀਓਂ ਯਹੋਵਾਹ ਦੇ ਭਗਤ ਉਨ੍ਹਾਂ ਨਾਲ ਕੋਈ ਵਾਸਤਾ ਨਹੀਂ ਰੱਖਦੇ!—2 ਯੂਹੰ. 10, 11.

ਅੱਯੂਬ ਨੇ ਯਹੋਵਾਹ ਦਾ ਨਾਂ ਉੱਚਾ ਕੀਤਾ

16. ਯਹੋਵਾਹ ਪ੍ਰਤਿ ਅੱਯੂਬ ਦਾ ਰਵੱਈਆ ਕਿਹੋ ਜਿਹਾ ਸੀ?

16 ਅੱਯੂਬ ਨੇ ਯਹੋਵਾਹ ਦਾ ਨਾਂ ਲੈ ਕੇ ਉਸ ਨੂੰ ਵਡਿਆਇਆ। ਹਾਲਾਂਕਿ ਅੱਯੂਬ ਆਪਣੇ ਨਿਆਣਿਆਂ ਦੀ ਮੌਤ ਦੀ ਖ਼ਬਰ ਸੁਣ ਕੇ ਧੁਰ ਅੰਦਰੋਂ ਟੁੱਟ ਗਿਆ ਹੋਣਾ, ਫਿਰ ਵੀ ਉਸ ਨੇ ਯਹੋਵਾਹ ਨੂੰ ਕੁਝ ਬੁਰਾ-ਭਲਾ ਨਹੀਂ ਆਖਿਆ। ਅੱਯੂਬ ਨੇ ਭਾਵੇਂ ਦੋਸ਼ ਲਾਇਆ ਕਿ ਯਹੋਵਾਹ ਨੇ ਉਸ ਦਾ ਸਭ ਕੁਝ ਲੈ ਲਿਆ ਸੀ, ਫਿਰ ਵੀ ਉਸ ਨੇ ਯਹੋਵਾਹ ਦਾ ਨਾਂ ਉੱਚਾ ਕੀਤਾ। ਬਾਅਦ ਵਿਚ ਅੱਯੂਬ ਨੇ ਆਖਿਆ: “ਵੇਖ, ਪ੍ਰਭੁ ਦਾ ਭੈ, ਉਹੀ ਬੁੱਧ ਹੈ, ਅਤੇ ਬਦੀ ਤੋਂ ਦੂਰ ਰਹਿਣਾ, ਸਮਝ ਹੈ!”—ਅੱਯੂ. 28:28.

17. ਕਿਹੜੀ ਗੱਲ ਕਰਕੇ ਅੱਯੂਬ ਖਰਿਆਈ ਬਣਾਈ ਰੱਖ ਸਕਿਆ?

17 ਅੱਯੂਬ ਕਿਹੜੀ ਗੱਲ ਕਰਕੇ ਖਰਿਆਈ ਬਣਾਈ ਰੱਖ ਸਕਿਆ? ਉਸ ਨੇ ਅਜ਼ਮਾਇਸ਼ਾਂ ਆਉਣ ਤੋਂ ਪਹਿਲਾਂ ਹੀ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾਇਆ ਹੋਇਆ ਸੀ। ਸਾਡੇ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਅੱਯੂਬ ਜਾਣਦਾ ਸੀ ਕਿ ਸ਼ਤਾਨ ਨੇ ਯਹੋਵਾਹ ਨੂੰ ਲਲਕਾਰਿਆ ਸੀ। ਪਰ ਅੱਯੂਬ ਨੇ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ। ਅੱਯੂਬ ਨੇ ਕਿਹਾ: “ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ।” (ਅੱਯੂ. 27:5) ਅੱਯੂਬ ਨੇ ਕਿਵੇਂ ਯਹੋਵਾਹ ਨਾਲ ਇਹੋ ਜਿਹਾ ਗੂੜ੍ਹਾ ਰਿਸ਼ਤਾ ਕਾਇਮ ਕੀਤਾ ਸੀ? ਅੱਯੂਬ ਨੇ ਉਹ ਗੱਲਾਂ ਯਾਦ ਰੱਖੀਆਂ ਜੋ ਉਸ ਨੇ ਆਪਣੇ ਦੂਰ ਦੇ ਰਿਸ਼ਤੇਦਾਰ ਅਬਰਾਹਾਮ, ਇਸਹਾਕ ਅਤੇ ਯਾਕੂਬ ਬਾਰੇ ਸੁਣੀਆਂ ਸਨ। ਉਸ ਨੇ ਸੁਣਿਆ ਸੀ ਕਿ ਯਹੋਵਾਹ ਨੇ ਉਨ੍ਹਾਂ ਲਈ ਕੀ-ਕੀ ਕੀਤਾ ਸੀ। ਨਾਲੇ ਉਸ ਨੇ ਯਹੋਵਾਹ ਦੀਆਂ ਰਚੀਆਂ ਚੀਜ਼ਾਂ ਨੂੰ ਦੇਖ ਕੇ ਉਸ ਦੇ ਕਈ ਗੁਣਾਂ ਬਾਰੇ ਵੀ ਜਾਣਿਆ ਸੀ।—ਅੱਯੂਬ 12:7-9, 13, 16 ਪੜ੍ਹੋ।

18. (ੳ) ਅੱਯੂਬ ਨੇ ਯਹੋਵਾਹ ਪ੍ਰਤਿ ਸ਼ਰਧਾ ਕਿਵੇਂ ਰੱਖੀ? (ਅ) ਅਸੀਂ ਅੱਯੂਬ ਦੀ ਚੰਗੀ ਮਿਸਾਲ ਉੱਤੇ ਕਿਨ੍ਹਾਂ ਤਰੀਕਿਆਂ ਨਾਲ ਚੱਲ ਸਕਦੇ ਹਾਂ?

18 ਅੱਯੂਬ ਨੇ ਜੋ ਕੁਝ ਸਿੱਖਿਆ ਸੀ, ਉਸ ਦੇ ਕਾਰਨ ਉਹ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। ਜਦ ਵੀ ਉਸ ਨੂੰ ਲੱਗਦਾ ਸੀ ਕਿ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਕੁਝ ਗ਼ਲਤ ਕਰ ਕੇ ਯਹੋਵਾਹ ਨੂੰ ਨਾਰਾਜ਼ ਕੀਤਾ ਹੋਵੇਗਾ ਜਾਂ ‘ਆਪਣੇ ਮਨ ਵਿੱਚ ਪਰਮੇਸ਼ੁਰ ਨੂੰ ਫਿਟਕਾਰਿਆ ਹੋਵੇਗਾ,’ ਤਾਂ ਉਹ ਉਨ੍ਹਾਂ ਲਈ ਬਲੀਆਂ ਚੜ੍ਹਾਉਂਦਾ ਹੁੰਦਾ ਸੀ। (ਅੱਯੂ. 1:5) ਸਖ਼ਤ ਤੋਂ ਸਖ਼ਤ ਅਜ਼ਮਾਇਸ਼ ਆਉਣ ਦੇ ਬਾਵਜੂਦ ਅੱਯੂਬ ਨੇ ਯਹੋਵਾਹ ਬਾਰੇ ਚੰਗੀਆਂ ਹੀ ਗੱਲਾਂ ਕਹੀਆਂ। (ਅੱਯੂ. 10:12) ਸਾਡੇ ਲਈ ਇਹ ਕਿੰਨੀ ਵਧੀਆ ਮਿਸਾਲ ਹੈ! ਸਾਨੂੰ ਵੀ ਬਾਕਾਇਦਾ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਗਿਆਨ ਲੈਂਦੇ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਸਾਨੂੰ ਚੰਗੀਆਂ ਆਦਤਾਂ ਪਾਉਣੀਆਂ ਚਾਹੀਦੀਆਂ ਹਨ ਜਿਵੇਂ ਬਾਈਬਲ ਪੜ੍ਹਨੀ, ਮੀਟਿੰਗਾਂ ਵਿਚ ਜਾਣਾ, ਪ੍ਰਾਰਥਨਾ ਕਰਨੀ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ। ਪਰ ਇਸ ਤੋਂ ਵੀ ਜ਼ਰੂਰੀ ਗੱਲ ਹੈ ਕਿ ਸਾਨੂੰ ਪੂਰੀ ਵਾਹ ਲਾ ਕੇ ਯਹੋਵਾਹ ਦਾ ਨਾਂ ਉੱਚਾ ਕਰਨਾ ਚਾਹੀਦਾ ਹੈ। ਜਿਵੇਂ ਅੱਯੂਬ ਨੇ ਖਰਿਆਈ ਰੱਖ ਕੇ ਯਹੋਵਾਹ ਨੂੰ ਖ਼ੁਸ਼ ਕੀਤਾ, ਤਿਵੇਂ ਅਸੀਂ ਵੀ ਖਰਿਆਈ ਰੱਖ ਕੇ ਯਹੋਵਾਹ ਨੂੰ ਅਤਿਅੰਤ ਖ਼ੁਸ਼ ਕਰ ਸਕਦੇ ਹਾਂ। ਇਸ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।

ਕੀ ਤੁਹਾਨੂੰ ਯਾਦ ਹੈ?

• ਅੱਯੂਬ ਸ਼ਤਾਨ ਦਾ ਨਿਸ਼ਾਨਾ ਕਿਉਂ ਬਣਿਆ?

• ਅੱਯੂਬ ਨੇ ਕਿਹੜੀਆਂ ਅਜ਼ਮਾਇਸ਼ਾਂ ਸਹੀਆਂ ਅਤੇ ਕਿਹੋ ਜਿਹਾ ਰਵੱਈਆ ਰੱਖਿਆ?

• ਅੱਯੂਬ ਦੀ ਤਰ੍ਹਾਂ ਕਿਹੜੀ ਗੱਲ ਕਰਕੇ ਅਸੀਂ ਖਰਿਆਈ ਬਣਾਈ ਰੱਖ ਸਕਦੇ ਹਾਂ?

• ਅੱਯੂਬ ਦੀ ਕਿਤਾਬ ਵਿੱਚੋਂ ਸਾਨੂੰ ਸ਼ਤਾਨ ਬਾਰੇ ਕੀ ਪਤਾ ਲੱਗਦਾ ਹੈ?

[ਸਵਾਲ]

[ਸਫ਼ਾ 4 ਉੱਤੇ ਤਸਵੀਰ]

ਅੱਯੂਬ ਦੇ ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਨੂੰ ਲਲਕਾਰਿਆ ਗਿਆ ਸੀ

[ਸਫ਼ਾ 6 ਉੱਤੇ ਤਸਵੀਰ]

ਤੁਹਾਡੀ ਖਰਿਆਈ ਕਿਨ੍ਹਾਂ ਹਾਲਾਤਾਂ ਵਿਚ ਪਰਖੀ ਜਾ ਸਕਦੀ ਹੈ?