Skip to content

Skip to table of contents

ਦਾਊਦ ਅਤੇ ਸੁਲੇਮਾਨ ਤੋਂ ਮਹਾਨ ਯਿਸੂ ਦੀ ਕਦਰ ਕਰੋ

ਦਾਊਦ ਅਤੇ ਸੁਲੇਮਾਨ ਤੋਂ ਮਹਾਨ ਯਿਸੂ ਦੀ ਕਦਰ ਕਰੋ

ਦਾਊਦ ਅਤੇ ਸੁਲੇਮਾਨ ਤੋਂ ਮਹਾਨ ਯਿਸੂ ਦੀ ਕਦਰ ਕਰੋ

“ਵੇਖੋ ਐਥੇ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਹੈ।”—ਮੱਤੀ 12:42.

1, 2. ਇਨਸਾਨਾਂ ਦੇ ਨਜ਼ਰੀਏ ਤੋਂ ਇਹ ਗੱਲ ਹੈਰਾਨੀ ਵਾਲੀ ਕਿਉਂ ਹੈ ਕਿ ਸਮੂਏਲ ਨੇ ਦਾਊਦ ਨੂੰ ਰਾਜੇ ਵਜੋਂ ਮਸਹ ਕੀਤਾ?

ਦੇਖਣ ਨੂੰ ਲੱਗਦਾ ਨਹੀਂ ਸੀ ਕਿ ਉਹ ਮੁੰਡਾ ਰਾਜਾ ਬਣੇਗਾ। ਨਬੀ ਸਮੂਏਲ ਨੂੰ ਉਹ ਮੁੰਡਾ ਮਾਮੂਲੀ ਜਿਹਾ ਚਰਵਾਹਾ ਲੱਗਦਾ ਸੀ। ਉਸ ਨੇ ਸੋਚਿਆ ਵੀ ਨਹੀਂ ਸੀ ਕਿ ਦਾਊਦ ਭਵਿੱਖ ਵਿਚ ਨਵਾਂ ਰਾਜਾ ਬਣੇਗਾ। ਇਸ ਤੋਂ ਇਲਾਵਾ, ਦਾਊਦ ਇਕ ਸਾਧਾਰਣ ਜਿਹੇ ਪਿੰਡ ਦਾ ਰਹਿਣ ਵਾਲਾ ਸੀ। ਬਾਈਬਲ ਮੁਤਾਬਕ ਉਸ ਪਿੰਡ ਨੂੰ “ਯਹੂਦਾਹ ਦੇ ਹਜ਼ਾਰਾਂ ਵਿੱਚ ਛੋਟਾ” ਗਿਣਿਆ ਜਾਂਦਾ ਸੀ। (ਮੀਕਾ. 5:2) ਪਰ ਨਬੀ ਸਮੂਏਲ ਇਸ ਛੋਟੇ ਜਿਹੇ ਪਿੰਡ ਦੇ ਇਸ ਮਾਮੂਲੀ ਮੁੰਡੇ ਨੂੰ ਇਸਰਾਏਲ ਦੇ ਰਾਜੇ ਵਜੋਂ ਮਸਹ ਕਰਨ ਵਾਲਾ ਸੀ।

2 ਯੱਸੀ ਨੇ ਆਪਣੇ ਨੌਜਵਾਨ ਪੁੱਤਰ ਦਾਊਦ ਨੂੰ ਮਸਹ ਕਰਨ ਲਈ ਸਮੂਏਲ ਦੇ ਅੱਗੇ ਨਾ ਤਾਂ ਪਹਿਲੀ ਵਾਰ ਪੇਸ਼ ਕੀਤਾ ਤੇ ਨਾ ਹੀ ਦੂਜੀ ਜਾਂ ਤੀਜੀ ਵਾਰ। ਦਾਊਦ ਯੱਸੀ ਦੇ ਅੱਠ ਮੁੰਡਿਆਂ ਵਿੱਚੋਂ ਸਭ ਤੋਂ ਛੋਟਾ ਸੀ। ਦਾਊਦ ਤਾਂ ਘਰ ਵੀ ਨਹੀਂ ਸੀ ਜਦੋਂ ਸਮੂਏਲ ਯੱਸੀ ਦੇ ਮੁੰਡਿਆਂ ਵਿੱਚੋਂ ਕਿਸੇ ਇਕ ਨੂੰ ਦੇਸ਼ ਦੇ ਨਵੇਂ ਰਾਜੇ ਵਜੋਂ ਮਸਹ ਕਰਨ ਗਿਆ। ਪਰ ਜ਼ਰੂਰੀ ਗੱਲ ਤਾਂ ਇਹ ਸੀ ਕਿ ਦਾਊਦ ਯਹੋਵਾਹ ਦੀ ਪਸੰਦ ਸੀ।—1 ਸਮੂ. 16:1-10.

3. (ੳ) ਯਹੋਵਾਹ ਕਿਸੇ ਇਨਸਾਨ ਨੂੰ ਪਰਖਣ ਲੱਗਿਆਂ ਕਿਹੜੀ ਜ਼ਰੂਰੀ ਗੱਲ ਦੇਖਦਾ ਹੈ? (ਅ) ਜਦੋਂ ਦਾਊਦ ਨੂੰ ਮਸਹ ਕੀਤਾ ਗਿਆ, ਤਾਂ ਕੀ ਹੋਇਆ?

3 ਯਹੋਵਾਹ ਨੇ ਉਹ ਕੁਝ ਦੇਖਿਆ ਜੋ ਸਮੂਏਲ ਨਹੀਂ ਸੀ ਦੇਖ ਸਕਦਾ। ਯਹੋਵਾਹ ਇਹ ਦੇਖ ਕੇ ਬਹੁਤ ਖ਼ੁਸ਼ ਹੋਇਆ ਕਿ ਦਾਊਦ ਦਿਲ ਦਾ ਬਹੁਤ ਚੰਗਾ ਸੀ। ਯਹੋਵਾਹ ਸਿਰਫ਼ ਸ਼ਕਲ-ਸੂਰਤ ਨਹੀਂ ਦੇਖਦਾ, ਸਗੋਂ ਇਹ ਦੇਖਦਾ ਹੈ ਕਿ ਬੰਦਾ ਅੰਦਰੋਂ ਕਿਹੋ ਜਿਹਾ ਹੈ। (1 ਸਮੂਏਲ 16:7 ਪੜ੍ਹੋ।) ਸੋ ਜਦੋਂ ਸਮੂਏਲ ਨੇ ਵੇਖਿਆ ਕਿ ਯਹੋਵਾਹ ਨੇ ਯੱਸੀ ਦੇ ਵੱਡੇ ਸੱਤ ਮੁੰਡਿਆਂ ਵਿੱਚੋਂ ਕਿਸੇ ਨੂੰ ਵੀ ਨਹੀਂ ਚੁਣਿਆ, ਤਾਂ ਉਸ ਨੇ ਖੇਤਾਂ ਵਿੱਚੋਂ ਸਭ ਤੋਂ ਛੋਟੇ ਮੁੰਡੇ ਨੂੰ ਸੱਦਿਆ। ਬਾਈਬਲ ਕਹਿੰਦੀ ਹੈ: “ਸੋ [ਯੱਸੀ] ਨੇ ਸੱਦ ਭੇਜਿਆ ਅਤੇ [ਦਾਊਦ] ਨੂੰ ਅੰਦਰ ਲੈ ਆਇਆ। ਉਹ ਲਾਲ ਰੰਗ ਅਤੇ ਸੁੰਦਰ ਅੱਖੀਆਂ ਅਤੇ ਵੇਖਣ ਵਿੱਚ ਚੰਗਾ ਸੀ ਅਤੇ ਯਹੋਵਾਹ ਨੇ ਆਖਿਆ, ਉੱਠ ਅਤੇ ਇਹ ਨੂੰ ਮਸਹ ਕਰ ਕਿਉਂ ਜੋ ਇਹੋ ਹੀ ਹੈ। ਤਦ ਸਮੂਏਲ ਨੇ ਤੇਲ ਦਾ ਸਿੰਙ ਲੈ ਕੇ ਉਹ ਦੇ ਭਰਾਵਾਂ ਦੇ ਵਿੱਚ ਉਹ ਨੂੰ ਮਸਹ ਕੀਤਾ ਅਤੇ ਉਸ ਦਿਨ ਤੋਂ ਯਹੋਵਾਹ ਦਾ ਆਤਮਾ [ਯਾਨੀ ਉਸ ਦੀ ਪਵਿੱਤਰ ਸ਼ਕਤੀ] ਸਦਾ ਦਾਊਦ ਉੱਤੇ ਆਉਂਦਾ ਰਿਹਾ।”—1 ਸਮੂ. 16:7, 12, 13.

ਦਾਊਦ ਨੇ ਯਿਸੂ ਨੂੰ ਦਰਸਾਇਆ

4, 5. (ੳ) ਦਾਊਦ ਅਤੇ ਯਿਸੂ ਵਿਚਕਾਰ ਕੁਝ ਸਮਾਨਤਾਵਾਂ ਦੱਸੋ। (ਅ) ਯਿਸੂ ਨੂੰ ਦਾਊਦ ਤੋਂ ਮਹਾਨ ਕਿਉਂ ਕਿਹਾ ਜਾ ਸਕਦਾ ਹੈ?

4 ਦਾਊਦ ਵਾਂਗ ਯਿਸੂ ਵੀ ਬੈਤਲਹਮ ਵਿਚ ਪੈਦਾ ਹੋਇਆ ਸੀ। ਉਸ ਦਾ ਜਨਮ ਦਾਊਦ ਦੇ ਜਨਮ ਤੋਂ 1,100 ਸਾਲ ਮਗਰੋਂ ਹੋਇਆ। ਬਹੁਤਿਆਂ ਦੀਆਂ ਨਜ਼ਰਾਂ ਵਿਚ ਦੇਖਣ ਨੂੰ ਯਿਸੂ ਵੀ ਇਕ ਰਾਜੇ ਵਰਗਾ ਨਹੀਂ ਲੱਗਦਾ ਸੀ। ਯਹੂਦੀਆਂ ਦੇ ਭਾਣੇ ਯਿਸੂ ਉੱਦਾਂ ਦਾ ਰਾਜਾ ਨਹੀਂ ਸੀ ਜਿਹੜਾ ਉਨ੍ਹਾਂ ਦੀਆਂ ਉਮੀਦਾਂ ਉੱਤੇ ਖਰਾ ਉਤਰਦਾ। ਪਰ ਦਾਊਦ ਵਾਂਗ ਯਿਸੂ ਵੀ ਯਹੋਵਾਹ ਦੀ ਪਸੰਦ ਸੀ ਅਤੇ ਉਸ ਦਾ ਪਿਆਰਾ ਸੀ। * (ਲੂਕਾ 3:22) ਦਾਊਦ ਦੀ ਤਰ੍ਹਾਂ ਯਿਸੂ ’ਤੇ ਵੀ ‘ਯਹੋਵਾਹ ਦੀ ਸ਼ਕਤੀ ਰਹੀ।’

5 ਦਾਊਦ ਤੇ ਯਿਸੂ ਵਿਚਕਾਰ ਹੋਰ ਵੀ ਸਮਾਨਤਾਵਾਂ ਹਨ। ਮਿਸਾਲ ਲਈ, ਦਾਊਦ ਦੇ ਸਲਾਹਕਾਰ ਅਹੀਥੋਫ਼ਲ ਨੇ ਦਾਊਦ ਨੂੰ ਧੋਖਾ ਦਿੱਤਾ। ਯਿਸੂ ਦੇ ਰਸੂਲ ਯਹੂਦਾ ਇਸਕ੍ਰਿਓਤੀ ਨੇ ਯਿਸੂ ਨੂੰ ਧੋਖੇ ਨਾਲ ਫੜਵਾ ਦਿੱਤਾ। (ਜ਼ਬੂ. 41:9; ਯੂਹੰ. 13:18) ਦਾਊਦ ਅਤੇ ਯਿਸੂ ਯਹੋਵਾਹ ਦੇ ਘਰ ਲਈ ਬਹੁਤ ਅਣਖ ਰੱਖਦੇ ਸਨ। (ਜ਼ਬੂ. 27:4; 69:9; ਯੂਹੰ. 2:17; ਲੂਕਾ 1:32) ਯਿਸੂ ਦਾਊਦ ਦਾ ਵਾਰਸ ਵੀ ਸੀ। ਯਿਸੂ ਦੇ ਜਨਮ ਤੋਂ ਪਹਿਲਾਂ ਇਕ ਫ਼ਰਿਸ਼ਤੇ ਨੇ ਉਸ ਦੀ ਮਾਂ ਨੂੰ ਕਿਹਾ: “[ਯਹੋਵਾਹ] ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ।” (ਲੂਕਾ 1:32; ਮੱਤੀ 1:1) ਪਰ ਯਿਸੂ ਦਾਊਦ ਤੋਂ ਕਿਤੇ ਮਹਾਨ ਹੈ ਕਿਉਂਕਿ ਉਸ ਦੇ ਰਾਜ ਸੰਬੰਧੀ ਕੀਤੀਆਂ ਸਾਰੀਆਂ ਭਵਿੱਖਬਾਣੀਆਂ ਉਸ ’ਤੇ ਹੀ ਪੂਰੀਆਂ ਹੋਣੀਆਂ ਹਨ। ਹਾਂ, ਉਹੀ ਦਾਊਦ ਤੋਂ ਮਹਾਨ ਰਾਜਾ ਹੈ ਜਿਸ ਦੀ ਚਿਰਾਂ ਤੋਂ ਪਰਮੇਸ਼ੁਰ ਦੇ ਲੋਕ ਉਡੀਕ ਕਰ ਰਹੇ ਸਨ।—ਯੂਹੰ. 7:42.

ਆਪਣੇ ਰਾਜੇ ਤੇ ਚਰਵਾਹੇ ਪਿੱਛੇ ਚੱਲੋ

6. ਕਿਨ੍ਹਾਂ ਕਾਰਨਾਂ ਕਰਕੇ ਦਾਊਦ ਚੰਗਾ ਚਰਵਾਹਾ ਸੀ?

6 ਯਿਸੂ ਅਯਾਲੀ ਵੀ ਹੈ। ਪਰ ਚੰਗੇ ਅਯਾਲੀ ਵਿਚ ਕਿਹੜੇ ਗੁਣ ਹੁੰਦੇ ਹਨ? ਉਹ ਵਫ਼ਾਦਾਰੀ ਤੇ ਹਿੰਮਤ ਨਾਲ ਝੁੰਡ ਦੀ ਦੇਖ-ਭਾਲ ਕਰਦਾ ਹੈ, ਉਨ੍ਹਾਂ ਨੂੰ ਚਰਾਉਂਦਾ ਹੈ ਅਤੇ ਉਨ੍ਹਾਂ ਦੀ ਰਾਖੀ ਕਰਦਾ ਹੈ। (ਜ਼ਬੂ. 23:2-4) ਛੋਟੇ ਹੁੰਦਿਆਂ ਦਾਊਦ ਚਰਵਾਹਾ ਹੁੰਦਾ ਸੀ ਅਤੇ ਉਸ ਨੇ ਆਪਣੇ ਪਿਤਾ ਦੀਆਂ ਭੇਡਾਂ ਦੀ ਬਹੁਤ ਚੰਗੀ ਤਰ੍ਹਾਂ ਦੇਖ-ਭਾਲ ਕੀਤੀ। ਉਸ ਨੇ ਬਹਾਦਰੀ ਦਿਖਾਈ ਸੀ ਜਦੋਂ ਭੇਡਾਂ ਖ਼ਤਰੇ ਵਿਚ ਸਨ ਤੇ ਉਨ੍ਹਾਂ ਨੂੰ ਸ਼ੇਰ ਅਤੇ ਰਿੱਛ ਤੋਂ ਬਚਾਉਣ ਲਈ ਉਸ ਨੇ ਆਪਣੀ ਜਾਨ ਦਾਅ ’ਤੇ ਲਾਈ।—1 ਸਮੂ. 17:34, 35.

7. (ੳ) ਰਾਜੇ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਦਾਊਦ ਨੂੰ ਕਿਸ ਗੱਲ ਨੇ ਤਿਆਰ ਕੀਤਾ? (ਅ) ਯਿਸੂ ਚੰਗਾ ਅਯਾਲੀ ਕਿਵੇਂ ਸਾਬਤ ਹੋਇਆ?

7 ਦਾਊਦ ਨੇ ਕਈ ਸਾਲਾਂ ਤਕ ਖੇਤਾਂ ਵਿਚ ਅਤੇ ਪਹਾੜੀਆਂ ’ਤੇ ਭੇਡਾਂ ਨੂੰ ਚਰਾਇਆ। ਇਸ ਤਰ੍ਹਾਂ ਕਰ ਕੇ ਉਹ ਇਸਰਾਏਲ ਕੌਮ ਦੀ ਚਰਵਾਹੀ ਕਰਨ ਦੀਆਂ ਭਾਰੀਆਂ ਜ਼ਿੰਮੇਵਾਰੀਆਂ ਸੰਭਾਲਣ ਲਈ ਤਿਆਰ ਹੋਇਆ। * (ਜ਼ਬੂ. 78:70, 71) ਯਿਸੂ ਨੇ ਵੀ ਆਪਣੇ ਕੰਮਾਂ ਰਾਹੀਂ ਸਾਬਤ ਕੀਤਾ ਕਿ ਉਹ ਚੰਗਾ ਚਰਵਾਹਾ ਹੈ। ਉਸ ਨੂੰ ਤਾਕਤ ਤੇ ਸੇਧ ਯਹੋਵਾਹ ਤੋਂ ਮਿਲਦੀ ਹੈ ਜਿਸ ਕਰਕੇ ਉਹ ਚੰਗੀ ਤਰ੍ਹਾਂ “ਛੋਟੇ ਝੁੰਡ” ਤੇ ‘ਹੋਰ ਭੇਡਾਂ’ ਦੀ ਦੇਖ-ਭਾਲ ਕਰਦਾ ਹੈ। (ਲੂਕਾ 12:32; ਯੂਹੰ. 10:16) ਇਸ ਤਰ੍ਹਾਂ ਯਿਸੂ ਚੰਗਾ ਅਯਾਲੀ ਹੈ। ਉਹ ਆਪਣੀਆਂ ਭੇਡਾਂ ਨੂੰ ਇੰਨੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਇਕ-ਇਕ ਨੂੰ ਨਾਂ ਲੈ ਕੇ ਬੁਲਾਉਂਦਾ ਹੈ। ਨਾਲੇ ਉਹ ਉਨ੍ਹਾਂ ਨੂੰ ਬੇਹੱਦ ਪਿਆਰ ਕਰਦਾ ਹੈ ਜਿਸ ਕਰਕੇ ਉਸ ਨੇ ਧਰਤੀ ’ਤੇ ਹੁੰਦਿਆਂ ਉਨ੍ਹਾਂ ਲਈ ਆਪਣੀ ਜਾਨ ਵਾਰ ਦਿੱਤੀ। (ਯੂਹੰ. 10:16, 3, 11, 14, 15) ਚੰਗਾ ਅਯਾਲੀ ਹੋਣ ਦੇ ਨਾਤੇ, ਯਿਸੂ ਜੋ ਕੁਝ ਕਰਦਾ ਹੈ, ਦਾਊਦ ਉਹ ਕਦੇ ਵੀ ਨਹੀਂ ਕਰ ਸਕਦਾ ਸੀ। ਯਿਸੂ ਦੀ ਕੁਰਬਾਨੀ ਨੇ ਮਨੁੱਖਜਾਤੀ ਲਈ ਮੌਤ ਤੋਂ ਬਚਣ ਦਾ ਰਾਹ ਖੋਲ੍ਹ ਦਿੱਤਾ। ਇੱਦਾਂ ਦੀ ਕੋਈ ਵੀ ਚੀਜ਼ ਨਹੀਂ ਹੈ ਜੋ ਉਸ ਨੂੰ “ਛੋਟੇ ਝੁੰਡ” ਨੂੰ ਸਵਰਗ ਵਿਚ ਅਮਰ ਜੀਵਨ ਦੇਣ ਤੋਂ ਰੋਕ ਸਕੇ। ਨਵੀਂ ਦੁਨੀਆਂ ਵਿਚ ‘ਹੋਰ ਭੇਡਾਂ’ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਤੋਂ ਵੀ ਉਸ ਨੂੰ ਕੋਈ ਗੱਲ ਨਹੀਂ ਰੋਕ ਸਕੇਗੀ ਜਿੱਥੇ ਬਘਿਆੜ ਵਰਗੇ ਸ਼ਿਕਾਰੀ ਨਹੀਂ ਹੋਣਗੇ।—ਯੂਹੰਨਾ 10:27-29 ਪੜ੍ਹੋ।

ਜੇਤੂ ਰਾਜੇ ਦੇ ਮਗਰ ਚੱਲੋ

8. ਦਾਊਦ ਕਿਵੇਂ ਜੇਤੂ ਰਾਜਾ ਬਣਿਆ?

8 ਰਾਜੇ ਦੀ ਹੈਸੀਅਤ ਵਿਚ ਦਾਊਦ ਦਲੇਰ ਯੋਧਾ ਸੀ ਜਿਸ ਨੇ ਪਰਮੇਸ਼ੁਰ ਦੇ ਲੋਕਾਂ ਦੇ ਦੇਸ਼ ਦੀ ਰਾਖੀ ਕੀਤੀ ਅਤੇ “ਜਿੱਥੇ ਕਿਤੇ ਦਾਊਦ ਗਿਆ ਯਹੋਵਾਹ ਦਾਊਦ ਨੂੰ ਫ਼ਤਹ ਬਖਸ਼ਦਾ ਰਿਹਾ।” ਦਾਊਦ ਦੇ ਰਾਜ ਅਧੀਨ ਦੇਸ਼ ਦੀਆਂ ਹੱਦਾਂ ਮਿਸਰ ਦੀ ਨਦੀ ਤੋਂ ਲੈ ਕੇ ਫਰਾਤ ਦਰਿਆ ਤਕ ਫੈਲ ਗਈਆਂ। (2 ਸਮੂ. 8:1-14) ਯਹੋਵਾਹ ਦੀ ਤਾਕਤ ਨਾਲ ਉਹ ਸਭ ਤੋਂ ਸ਼ਕਤੀਸ਼ਾਲੀ ਰਾਜਾ ਬਣ ਗਿਆ ਸੀ। ਬਾਈਬਲ ਦੱਸਦੀ ਹੈ: “ਦਾਊਦ ਦਾ ਨਾਉਂ ਸਾਰਿਆਂ ਦੇਸਾਂ ਵਿੱਚ ਪਸਰ ਗਿਆ ਅਰ ਯਹੋਵਾਹ ਨੇ ਸਾਰਿਆਂ ਲੋਕਾਂ ਉੱਤੇ ਉਸ ਦਾ ਡਰ ਪਾ ਦਿਤਾ।”—1 ਇਤ. 14:17.

9. ਸਮਝਾਓ ਕਿ ਭਵਿੱਖ ਵਿਚ ਬਣਨ ਵਾਲੇ ਰਾਜੇ ਨੇ ਕਿਵੇਂ ਜਿੱਤ ਹਾਸਲ ਕੀਤੀ।

9 ਰਾਜਾ ਦਾਊਦ ਦੀ ਤਰ੍ਹਾਂ ਯਿਸੂ ਵੀ ਨਿਡਰ ਸੀ। ਉਸ ਨੇ ਭਵਿੱਖ ਵਿਚ ਰਾਜਾ ਬਣਨਾ ਸੀ, ਇਸ ਲਈ ਧਰਤੀ ’ਤੇ ਹੁੰਦਿਆਂ ਉਸ ਨੇ ਭੂਤਾਂ ਉੱਤੇ ਆਪਣਾ ਅਧਿਕਾਰ ਜਮਾਇਆ ਸੀ ਅਤੇ ਲੋਕਾਂ ਨੂੰ ਉਨ੍ਹਾਂ ਦੇ ਸ਼ਿਕੰਜੇ ਵਿੱਚੋਂ ਛੁਡਾਇਆ। (ਮਰ. 5:2, 6-13; ਲੂਕਾ 4:36) ਯਹੋਵਾਹ ਦਾ ਸਭ ਤੋਂ ਵੱਡਾ ਦੁਸ਼ਮਣ ਸ਼ਤਾਨ ਵੀ ਯਿਸੂ ਦਾ ਵਾਲ ਵਿੰਗਾ ਨਹੀਂ ਕਰ ਸਕਿਆ। ਯਹੋਵਾਹ ਦੀ ਸਹਾਇਤਾ ਨਾਲ ਯਿਸੂ ਨੇ ਸ਼ਤਾਨ ਦੇ ਵੱਸ ਵਿਚ ਪਏ ਜਗਤ ਨੂੰ ਜਿੱਤ ਲਿਆ ਹੈ।—ਯੂਹੰ. 14:30; 16:33; 1 ਯੂਹੰ. 5:19.

10, 11. ਸਵਰਗ ਵਿਚ ਯੋਧੇ ਰਾਜੇ ਵਜੋਂ ਯਿਸੂ ਕੀ ਕਰਦਾ ਹੈ?

10 ਯਿਸੂ ਦੇ ਜ਼ਿੰਦਾ ਹੋ ਕੇ ਸਵਰਗ ਜਾਣ ਤੋਂ ਕੁਝ 60 ਸਾਲ ਬਾਅਦ ਯੂਹੰਨਾ ਰਸੂਲ ਨੇ ਇਕ ਦਰਸ਼ਣ ਦੇਖਿਆ ਜਿਸ ਵਿਚ ਰਾਜਾ ਯਿਸੂ ਸਵਰਗ ਵਿਚ ਯੁੱਧ ਕਰਨ ਲਈ ਨਿਕਲਿਆ। ਯੂਹੰਨਾ ਨੇ ਲਿਖਿਆ: “ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਨੁਕਰਾ ਘੋੜਾ ਹੈ ਅਤੇ ਉਹ ਦੇ ਸਵਾਰ ਕੋਲ ਇੱਕ ਕਮਾਣ ਹੈ। ਫੇਰ ਉਹ ਨੂੰ ਇੱਕ ਮੁਕਟ ਦਿੱਤਾ ਗਿਆ ਅਤੇ ਉਹ ਫਤਹ ਕਰਦਿਆਂ ਅਤੇ ਫਤਹ ਕਰਨ ਨੂੰ ਨਿੱਕਲ ਤੁਰਿਆ।” (ਪਰ. 6:2) ਚਿੱਟੇ ਘੋੜੇ ਦਾ ਸਵਾਰ ਯਿਸੂ ਹੈ। ਉਸ ਨੂੰ 1914 ਵਿਚ “ਇੱਕ ਮੁਕਟ ਦਿੱਤਾ ਗਿਆ” ਜਦੋਂ ਸਵਰਗ ਵਿਚ ਉਹ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਿਆ। ਉਸ ਤੋਂ ਬਾਅਦ ਉਹ “ਫਤਹ ਕਰਨ ਨੂੰ ਨਿੱਕਲ ਤੁਰਿਆ।” ਦਾਊਦ ਦੀ ਤਰ੍ਹਾਂ ਯਿਸੂ ਵੀ ਜੇਤੂ ਰਾਜਾ ਹੈ। ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਨ ਤੋਂ ਥੋੜ੍ਹੀ ਦੇਰ ਬਾਅਦ ਉਸ ਨੇ ਜੰਗ ਵਿਚ ਸ਼ਤਾਨ ਨੂੰ ਹਰਾਇਆ ਤੇ ਉਸ ਨੂੰ ਅਤੇ ਉਸ ਦੇ ਨਾਲ ਦੇ ਬੁਰੇ ਦੂਤਾਂ ਨੂੰ ਧਰਤੀ ’ਤੇ ਸੁੱਟ ਦਿੱਤਾ। (ਪਰ. 12:7-9) ਉਸ ਦੀ ਇਹ ਜੰਗ ਤਦ ਤਕ ਜਾਰੀ ਰਹੇਗੀ ਜਦ ਤਕ ਉਹ ਸ਼ਤਾਨ ਦੀ ਦੁਨੀਆਂ ਦਾ ਨਾਸ਼ ਕਰ ਕੇ ਪੂਰੀ ਤਰ੍ਹਾਂ “ਫਤਹ” ਹਾਸਲ ਨਹੀਂ ਕਰ ਲੈਂਦਾ।—ਪਰਕਾਸ਼ ਦੀ ਪੋਥੀ 19:11, 19-21 ਪੜ੍ਹੋ।

11 ਪਰ ਦਾਊਦ ਵਾਂਗ ਯਿਸੂ ਹਮਦਰਦ ਰਾਜਾ ਹੈ ਅਤੇ ਉਹ “ਵੱਡੀ ਭੀੜ” ਨੂੰ ਆਰਮਾਗੇਡਨ ਵਿੱਚੋਂ ਬਚਾਵੇਗਾ। (ਪਰ. 7:9, 14) ਇਸ ਤੋਂ ਇਲਾਵਾ, ਯਿਸੂ ਅਤੇ ਉਸ ਦੇ 1,44,000 ਸਾਥੀਆਂ ਦੇ ਰਾਜ ਅਧੀਨ “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਰਸੂ. 24:15) ਧਰਤੀ ਉੱਤੇ ਜੀ ਉੱਠੇ ਲੋਕਾਂ ਕੋਲ ਹਮੇਸ਼ਾ ਦੀ ਜ਼ਿੰਦਗੀ ਜੀਣ ਦੀ ਉਮੀਦ ਹੋਵੇਗੀ। ਉਨ੍ਹਾਂ ਅੱਗੇ ਕਿੰਨਾ ਸੁਨਹਿਰਾ ਭਵਿੱਖ ਪਿਆ ਹੈ! ਸੋ ਆਓ ਅਸੀਂ ‘ਭਲਿਆਈ ਕਰਦੇ’ ਰਹਿਣ ਦਾ ਪੱਕਾ ਇਰਾਦਾ ਕਰੀਏ ਤਾਂਕਿ ਅਸੀਂ ਉਸ ਸਮੇਂ ਜੀਉਂਦੇ ਹੋਈਏ ਜਦੋਂ ਸਾਰੀ ਧਰਤੀ ਦਾਊਦ ਤੋਂ ਮਹਾਨ ਰਾਜੇ ਯਿਸੂ ਦੀ ਧਰਮੀ ਅਤੇ ਖ਼ੁਸ਼ ਪਰਜਾ ਨਾਲ ਭਰੀ ਹੋਈ ਹੋਵੇਗੀ।—ਜ਼ਬੂ. 37:27-29.

ਬੁੱਧ ਲਈ ਕੀਤੀ ਪ੍ਰਾਰਥਨਾ ਦਾ ਸੁਲੇਮਾਨ ਨੂੰ ਜਵਾਬ

12. ਸੁਲੇਮਾਨ ਨੇ ਕਿਸ ਚੀਜ਼ ਲਈ ਪ੍ਰਾਰਥਨਾ ਕੀਤੀ?

12 ਦਾਊਦ ਦੇ ਪੁੱਤਰ ਸੁਲੇਮਾਨ ਨੇ ਵੀ ਯਿਸੂ ਨੂੰ ਦਰਸਾਇਆ। * ਜਦੋਂ ਸੁਲੇਮਾਨ ਰਾਜਾ ਬਣਿਆ, ਤਾਂ ਯਹੋਵਾਹ ਨੇ ਉਸ ਨੂੰ ਸੁਪਨੇ ਵਿਚ ਪੁੱਛਿਆ ਕਿ ਉਹ ਉਸ ਤੋਂ ਜਿਹੜੀ ਮਰਜ਼ੀ ਚੀਜ਼ ਮੰਗ ਲਵੇ, ਉਹ ਉਸ ਨੂੰ ਦਿੱਤੀ ਜਾਵੇਗੀ। ਸੁਲੇਮਾਨ ਹੋਰ ਧਨ-ਦੌਲਤ, ਤਾਕਤ ਜਾਂ ਲੰਬੀ ਉਮਰ ਮੰਗ ਸਕਦਾ ਸੀ। ਪਰ ਉਸ ਨੇ ਆਪਣੇ ਫ਼ਾਇਦੇ ਲਈ ਅਜਿਹੀ ਕੋਈ ਚੀਜ਼ ਨਹੀਂ ਮੰਗੀ, ਸਗੋਂ ਉਸ ਨੇ ਯਹੋਵਾਹ ਤੋਂ ਪੁੱਛਿਆ: “ਤੂੰ ਮੈਨੂੰ ਬੁੱਧ ਤੇ ਗਿਆਨ ਦੇਹ ਭਈ ਮੈਂ ਇਨ੍ਹਾਂ ਲੋਕਾਂ ਦੇ ਅੱਗੇ ਅੰਦਰ ਬਾਹਰ ਆਇਆ ਜਾਇਆ ਕਰਾਂ ਕਿਉਂ ਜੋ ਤੇਰੀ ਇਸ ਐੱਡੀ ਵੱਡੀ ਪਰਜਾ ਦਾ ਨਿਆਉਂ ਕੌਣ ਕਰ ਸੱਕਦਾ ਹੈ?” (2 ਇਤ. 1:7-10) ਯਹੋਵਾਹ ਨੇ ਸੁਲੇਮਾਨ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ।—2 ਇਤਹਾਸ 1:11, 12 ਪੜ੍ਹੋ।

13. ਸੁਲੇਮਾਨ ਦੀ ਬੁੱਧ ਦਾ ਕਿਉਂ ਕੋਈ ਮੁਕਾਬਲਾ ਨਹੀਂ ਕਰ ਸਕਿਆ ਅਤੇ ਉਸ ਨੂੰ ਇਹ ਬੁੱਧ ਕਿੱਥੋਂ ਮਿਲੀ ਸੀ?

13 ਜਿੰਨਾ ਚਿਰ ਸੁਲੇਮਾਨ ਯਹੋਵਾਹ ਦਾ ਵਫ਼ਾਦਾਰ ਰਿਹਾ, ਉਸ ਦੇ ਜ਼ਮਾਨੇ ਵਿਚ ਕੋਈ ਵੀ ਉਸ ਦੀ ਬੁੱਧ ਦੀਆਂ ਗੱਲਾਂ ਦਾ ਮੁਕਾਬਲਾ ਨਹੀਂ ਕਰ ਸਕਿਆ। ਸੁਲੇਮਾਨ ਨੇ “ਤਿੰਨ ਹਜ਼ਾਰ ਕਹਾਉਤਾਂ ਰਚੀਆਂ।” (1 ਰਾਜ. 4:30, 32, 34) ਇਨ੍ਹਾਂ ਵਿੱਚੋਂ ਲਿਖੀਆਂ ਕਈ ਕਹਾਉਤਾਂ ਹਾਲੇ ਵੀ ਬੁੱਧ ਭਾਲਣ ਵਾਲੇ ਲੋਕਾਂ ਨੂੰ ਭਾਉਂਦੀਆਂ ਹਨ। ਸ਼ਬਾ ਦੀ ਰਾਣੀ 2,400 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ “ਬੁਝਾਰਤਾਂ” ਨਾਲ ਸੁਲੇਮਾਨ ਦੀ ਬੁੱਧ ਪਰਖਣ ਆਈ। ਉਹ ਸੁਲੇਮਾਨ ਦੀਆਂ ਗੱਲਾਂ ਅਤੇ ਉਸ ਦੇ ਰਾਜ ਦੀ ਖ਼ੁਸ਼ਹਾਲੀ ਦੇਖ ਕੇ ਦੰਗ ਰਹਿ ਗਈ। (1 ਰਾਜ. 10:1-9) ਬਾਈਬਲ ਦੱਸਦੀ ਹੈ ਕਿ ਸੁਲੇਮਾਨ ਨੂੰ ਇਹ ਬੁੱਧ ਕਿੱਥੋਂ ਮਿਲੀ ਸੀ: “ਸਾਰੀ ਧਰਤੀ ਸੁਲੇਮਾਨ ਦੇ ਮੂੰਹ ਵੱਲ ਤੱਕਦੀ ਹੁੰਦੀ ਸੀ ਭਈ ਉਹ ਦੀ ਬੁੱਧੀ ਸੁਣੇ ਜਿਹੜੀ ਪਰਮੇਸ਼ੁਰ ਨੇ ਉਹ ਦੇ ਮਨ ਵਿੱਚ ਪਾਈ ਸੀ।”—1 ਰਾਜ. 10:24.

ਬੁੱਧੀਮਾਨ ਰਾਜੇ ਦੇ ਪਿੱਛੇ ਚੱਲੋ

14. ਯਿਸੂ ਕਿਹੜੇ ਤਰੀਕਿਆਂ ਨਾਲ ‘ਸੁਲੇਮਾਨ ਨਾਲੋਂ ਵੀ ਵੱਡਾ ਹੈ’?

14 ਧਰਤੀ ’ਤੇ ਸਿਰਫ਼ ਇਕ ਇਨਸਾਨ ਹੋਇਆ ਜੋ ਸੁਲੇਮਾਨ ਤੋਂ ਕਿਤੇ ਬੁੱਧੀਮਾਨ ਸੀ। ਉਹ ਸੀ ਯਿਸੂ ਮਸੀਹ ਜਿਸ ਨੇ ਆਪਣੇ ਬਾਰੇ ਕਿਹਾ ਕਿ ਉਹ ‘ਸੁਲੇਮਾਨ ਨਾਲੋਂ ਵੀ ਵੱਡਾ ਹੈ।’ (ਮੱਤੀ 12:42) ਯਿਸੂ ਨੇ “ਸਦੀਪਕ ਜੀਉਣ ਦੀਆਂ ਗੱਲਾਂ” ਦੱਸੀਆਂ। (ਯੂਹੰ. 6:68) ਮਿਸਾਲ ਲਈ, ਸੁਲੇਮਾਨ ਦੀਆਂ ਕੁਝ ਕਹਾਉਤਾਂ ਵਿਚ ਦੱਸੇ ਸਿਧਾਂਤਾਂ ਉੱਤੇ ਗੱਲ ਕਰਦੇ ਹੋਏ ਯਿਸੂ ਨੇ ਪਹਾੜੀ ਉਪਦੇਸ਼ ਵਿਚ ਹੋਰ ਇਹੋ ਜਿਹੇ ਸਿਧਾਂਤ ਦੱਸੇ। ਸੁਲੇਮਾਨ ਨੇ ਕਈ ਗੱਲਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਤੋਂ ਯਹੋਵਾਹ ਦੇ ਭਗਤਾਂ ਨੂੰ ਖ਼ੁਸ਼ੀ ਮਿਲਦੀ ਹੈ। (ਕਹਾ. 3:13; 8:32, 33; 14:21; 16:20) ਯਿਸੂ ਨੇ ਜ਼ੋਰ ਦਿੱਤਾ ਕਿ ਸੱਚੀ ਖ਼ੁਸ਼ੀ ਉਨ੍ਹਾਂ ਗੱਲਾਂ ਤੋਂ ਮਿਲਦੀ ਹੈ ਜੋ ਪਰਮੇਸ਼ੁਰ ਦੀ ਭਗਤੀ ਅਤੇ ਉਸ ਦੇ ਵਾਅਦਿਆਂ ਦੀ ਪੂਰਤੀ ਨਾਲ ਜੁੜੀਆਂ ਹੋਈਆਂ ਹਨ। ਉਸ ਨੇ ਕਿਹਾ: “ਧੰਨ ਉਹ ਲੋਕ ਹਨ, ਜਿਹੜੇ ਆਪਣੀ ਆਤਮਿਕ ਲੋੜ ਨੂੰ ਜਾਣਦੇ ਹਨ; ਉਹ ਸਵਰਗ ਦੇ ਰਾਜ ਦੇ ਭਾਗੀ ਹੋਣਗੇ।” (ਮੱਤੀ 5:3, CL) ਯਿਸੂ ਦੀਆਂ ਸਿੱਖਿਆਵਾਂ ਵਿਚ ਪਾਏ ਜਾਂਦੇ ਸਿਧਾਂਤਾਂ ਨੂੰ ਲਾਗੂ ਕਰਨ ਵਾਲੇ ਲੋਕ ਯਹੋਵਾਹ ਦੇ ਕਰੀਬ ਜਾ ਸਕਦੇ ਹਨ ਜੋ “ਜੀਉਣ ਦਾ ਚਸ਼ਮਾ” ਹੈ। (ਜ਼ਬੂ. 36:9; ਕਹਾ. 22:11; ਮੱਤੀ 5:8) ਮਸੀਹ “ਪਰਮੇਸ਼ੁਰ ਦਾ ਗਿਆਨ” ਯਾਨੀ ਬੁੱਧ ਹੈ। (1 ਕੁਰਿੰ. 1:24, 30) ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਯਿਸੂ ਮਸੀਹ ਕੋਲ ਪਰਮੇਸ਼ੁਰ ਦੀ “ਬੁੱਧ” ਹੈ।—ਯਸਾ. 11:2.

15. ਪਰਮੇਸ਼ੁਰੀ ਬੁੱਧ ਤੋਂ ਅਸੀਂ ਕਿਵੇਂ ਫ਼ਾਇਦਾ ਉਠਾ ਸਕਦੇ ਹਾਂ?

15 ਯਿਸੂ ਦੇ ਚੇਲਿਆਂ ਵਜੋਂ ਅਸੀਂ ਕਿਵੇਂ ਪਰਮੇਸ਼ੁਰ ਦੀ ਬੁੱਧ ਤੋਂ ਫ਼ਾਇਦਾ ਉਠਾ ਸਕਦੇ ਹਾਂ? ਯਹੋਵਾਹ ਦੀ ਬੁੱਧ ਬਾਈਬਲ ਵਿਚ ਪਾਈ ਜਾਂਦੀ ਹੈ, ਇਸ ਲਈ ਸਾਨੂੰ ਬੁੱਧ ਲਈ ਬਾਈਬਲ ਦੀ ਬੜੇ ਧਿਆਨ ਨਾਲ ਸਟੱਡੀ ਕਰਨੀ ਚਾਹੀਦੀ ਹੈ। ਸਾਨੂੰ ਖ਼ਾਸਕਰ ਯਿਸੂ ਦੀਆਂ ਕਹੀਆਂ ਗੱਲਾਂ ਨੂੰ ਪੜ੍ਹਨਾ ਅਤੇ ਉਨ੍ਹਾਂ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। (ਕਹਾ. 2:1-5) ਇਸ ਤੋਂ ਇਲਾਵਾ, ਸਾਨੂੰ ਪਰਮੇਸ਼ੁਰ ਤੋਂ ਬੁੱਧ ਮੰਗਦੇ ਰਹਿਣਾ ਚਾਹੀਦਾ ਹੈ। ਪਰਮੇਸ਼ੁਰ ਦਾ ਬਚਨ ਸਾਨੂੰ ਯਕੀਨ ਦਿਵਾਉਂਦਾ ਕਿ ਜੇ ਅਸੀਂ ਮਦਦ ਮੰਗੀਏ, ਤਾਂ ਸਾਨੂੰ ਇਹ ਦਿੱਤੀ ਜਾਵੇਗੀ। (ਯਾਕੂ. 1:5) ਪਵਿੱਤਰ ਸ਼ਕਤੀ ਦੀ ਮਦਦ ਨਾਲ ਸਾਨੂੰ ਪਰਮੇਸ਼ੁਰ ਦੇ ਬਚਨ ਵਿਚ ਪਾਈ ਜਾਂਦੀ ਬੁੱਧ ਦੀਆਂ ਅਨਮੋਲ ਗੱਲਾਂ ਪਤਾ ਲੱਗਣਗੀਆਂ। ਇਨ੍ਹਾਂ ਗੱਲਾਂ ਦੀ ਮਦਦ ਨਾਲ ਅਸੀਂ ਮੁਸ਼ਕਲਾਂ ਨਾਲ ਸਿੱਝ ਸਕਾਂਗੇ ਅਤੇ ਚੰਗੇ ਫ਼ੈਸਲੇ ਕਰ ਪਾਵਾਂਗੇ। (ਲੂਕਾ 11:13) ਸੁਲੇਮਾਨ ਨੂੰ “ਉਪਦੇਸ਼ਕ” ਵੀ ਕਿਹਾ ਗਿਆ ਸੀ ਕਿਉਂਕਿ ਉਹ ਲੋਕਾਂ ਨੂੰ ਇਕੱਠਾ ਕਰ ਕੇ “ਗਿਆਨ ਦੀ ਸਿੱਖਿਆ” ਦਿੰਦਾ ਸੀ। (ਉਪ. 12:9, 10) ਮਸੀਹੀ ਕਲੀਸਿਯਾ ਦੇ ਸਿਰ ਵਜੋਂ ਯਿਸੂ ਵੀ ਆਪਣੇ ਲੋਕਾਂ ਨੂੰ ਇਕੱਠਾ ਕਰਦਾ ਹੈ। (ਯੂਹੰ. 10:16; ਕੁਲੁ. 1:18) ਇਸ ਲਈ ਜ਼ਰੂਰੀ ਹੈ ਕਿ ਅਸੀਂ ਮੀਟਿੰਗਾਂ ਵਿਚ ਜਾਈਏ ਜਿੱਥੇ ਸਾਨੂੰ “ਸਿੱਖਿਆ ਦਿੱਤੀ” ਜਾਂਦੀ ਹੈ।

16. ਸੁਲੇਮਾਨ ਤੇ ਯਿਸੂ ਵਿਚ ਕਿਹੜੀਆਂ ਕੁਝ ਸਮਾਨਤਾਵਾਂ ਹਨ?

16 ਰਾਜੇ ਸੁਲੇਮਾਨ ਨੇ ਬਹੁਤ ਸਾਰੇ ਕੰਮ ਕੀਤੇ। ਉਸ ਨੇ ਸਾਰੇ ਦੇਸ਼ ਵਿਚ ਉਸਾਰੀ ਦਾ ਪ੍ਰੋਗ੍ਰਾਮ ਚਲਾਇਆ। ਉਸ ਨੇ ਮਹਿਲਾਂ ਦੀ ਉਸਾਰੀ ਦੇ ਕੰਮ ਦੀ ਨਿਗਰਾਨੀ ਕੀਤੀ, ਸੜਕਾਂ ਬਣਵਾਈਆਂ, ਪਾਣੀ ਦੇ ਆਉਣ-ਜਾਣ ਦਾ ਪ੍ਰਬੰਧ ਕੀਤਾ, ਭੰਡਾਰ ਦੇ ਸ਼ਹਿਰ, ਰਥਾਂ ਲਈ ਸ਼ਹਿਰ ਤੇ ਘੋੜ-ਸਵਾਰਾਂ ਦੇ ਸ਼ਹਿਰ ਬਣਵਾਏ। (1 ਰਾਜਿ. 9:17-19) ਇਨ੍ਹਾਂ ਕੰਮਾਂ ਤੋਂ ਸਾਰੇ ਦੇਸ਼-ਵਾਸੀਆਂ ਨੂੰ ਫ਼ਾਇਦਾ ਹੋਇਆ। ਯਿਸੂ ਵੀ ਉਸਾਰੀ ਦਾ ਕੰਮ ਕਰਦਾ ਹੈ। ਉਸ ਨੇ ਆਪਣੀ ਕਲੀਸਿਯਾ ਦੀ ਨੀਂਹ “ਪੱਥਰ” ’ਤੇ ਰੱਖ ਕੇ ਉਸ ਨੂੰ ਉਸਾਰਿਆ। (ਮੱਤੀ 16:18) ਉਹ ਨਵੀਂ ਦੁਨੀਆਂ ਵਿਚ ਉਸਾਰੀ ਦੇ ਕੰਮ ਦੀ ਵੀ ਨਿਗਰਾਨੀ ਕਰੇਗਾ।—ਯਸਾ. 65:21, 22.

ਸ਼ਾਂਤੀ ਦੇ ਰਾਜੇ ਪਿੱਛੇ ਚੱਲੋ

17. (ੳ) ਸੁਲੇਮਾਨ ਦੇ ਰਾਜ ਵਿਚ ਕਿਹੜੀ ਗੱਲ ਵਧੀਆ ਸੀ? (ਅ) ਸੁਲੇਮਾਨ ਕੀ ਨਹੀਂ ਕਰ ਸਕਿਆ?

17 ਸੁਲੇਮਾਨ ਦਾ ਨਾਂ ਉਸ ਇਬਰਾਨੀ ਭਾਸ਼ਾ ਦੇ ਸ਼ਬਦ ਤੋਂ ਆਇਆ ਹੈ ਜਿਸ ਦਾ ਮਤਲਬ ਹੈ “ਸ਼ਾਂਤੀ।” ਰਾਜਾ ਸੁਲੇਮਾਨ ਨੇ ਯਰੂਸ਼ਲਮ ਸ਼ਹਿਰ ਉੱਤੇ ਰਾਜ ਕੀਤਾ ਜਿਸ ਸ਼ਹਿਰ ਦੇ ਨਾਂ ਦਾ ਮਤਲਬ ਹੈ “ਦੁੱਗਣੀ ਸ਼ਾਂਤੀ ਵਾਲਾ ਸ਼ਹਿਰ।” ਉਸ ਦੇ 40 ਸਾਲਾਂ ਦੇ ਰਾਜ ਦੌਰਾਨ ਇਸਰਾਏਲ ਕੌਮ ਨੇ ਸ਼ਾਂਤੀ ਦਾ ਆਨੰਦ ਮਾਣਿਆ। ਬਾਈਬਲ ਉਨ੍ਹਾਂ ਸਾਲਾਂ ਬਾਰੇ ਕਹਿੰਦੀ ਹੈ: “ਯਹੂਦਾਹ ਅਰ ਇਸਰਾਏਲ ਵਿੱਚੋਂ ਹਰ ਮਨੁੱਖ ਆਪਣੇ ਅੰਗੂਰ ਅਤੇ ਆਪਣੀ ਹੰਜੀਰ ਦੇ ਹੇਠ ਦਾਨ ਤੋਂ ਲੈ ਕੇ ਬਏਰਸ਼ਬਾ ਤੀਕ ਸੁਲੇਮਾਨ ਦੇ ਸਭ ਦਿਨਾਂ ਵਿੱਚ ਅਮਨ ਨਾਲ ਬੈਠਦਾ ਸੀ।” (1 ਰਾਜ. 4:25) ਇੰਨਾ ਬੁੱਧੀਮਾਨ ਹੁੰਦਿਆਂ ਹੋਇਆ ਵੀ ਸੁਲੇਮਾਨ ਆਪਣੀ ਪਰਜਾ ਨੂੰ ਬੀਮਾਰੀ, ਪਾਪ ਅਤੇ ਮੌਤ ਦੇ ਸ਼ਿਕੰਜੇ ਵਿੱਚੋਂ ਨਹੀਂ ਛੁਡਾ ਸਕਿਆ। ਪਰ ਸੁਲੇਮਾਨ ਤੋਂ ਵੱਡਾ ਰਾਜਾ ਯਿਸੂ ਆਪਣੀ ਪਰਜਾ ਨੂੰ ਇਸ ਸਭ ਕਾਸੇ ਤੋਂ ਛੁਡਾਵੇਗਾ।—ਰੋਮੀਆਂ 8:19-21 ਪੜ੍ਹੋ।

18. ਮਸੀਹੀ ਕਲੀਸਿਯਾ ਵਿਚ ਅਸੀਂ ਕਿਨ੍ਹਾਂ ਹਾਲਾਤਾਂ ਦਾ ਆਨੰਦ ਮਾਣ ਰਹੇ ਹਾਂ?

18 ਅੱਜ ਵੀ ਮਸੀਹੀ ਕਲੀਸਿਯਾ ਵਿਚ ਭੈਣ-ਭਰਾ ਸ਼ਾਂਤ ਮਾਹੌਲ ਦਾ ਆਨੰਦ ਮਾਣ ਰਹੇ ਹਨ। ਅਸੀਂ ਪਰਮੇਸ਼ੁਰ ਨਾਲ ਅਤੇ ਹੋਰਨਾਂ ਨਾਲ ਸ਼ਾਂਤੀ ਬਣਾਈ ਰੱਖਦੇ ਹਾਂ। ਧਿਆਨ ਦਿਓ ਕਿ ਯਸਾਯਾਹ ਨਬੀ ਨੇ ਇਸ ਮਾਹੌਲ ਬਾਰੇ ਕੀ ਕਿਹਾ ਸੀ: “ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।” (ਯਸਾ. 2:3, 4) ਜਦੋਂ ਅਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲਦੇ ਹਾਂ, ਤਾਂ ਅਸੀਂ ਕਲੀਸਿਯਾ ਵਿਚ ਸ਼ਾਂਤ ਮਾਹੌਲ ਬਣਾਈ ਰੱਖਣ ਵਿਚ ਯੋਗਦਾਨ ਪਾਉਂਦੇ ਹਾਂ।

19, 20. ਸਾਡੇ ਕੋਲ ਖ਼ੁਸ਼ ਹੋਣ ਦੇ ਕਿਹੜੇ ਕਾਰਨ ਹਨ?

19 ਪਰ ਭੈਣ-ਭਰਾ ਭਵਿੱਖ ਵਿਚ ਇਸ ਤੋਂ ਵੀ ਬਿਹਤਰ ਮਾਹੌਲ ਦਾ ਆਨੰਦ ਮਾਣਨਗੇ। ਯਿਸੂ ਦੇ ਰਾਜ ਅਧੀਨ ਆਗਿਆਕਾਰ ਇਨਸਾਨ ਅਜਿਹੀ ਸ਼ਾਂਤੀ ਦਾ ਆਨੰਦ ਮਾਣਨਗੇ ਜੋ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਮਾਣੀ। ਜਿਉਂ-ਜਿਉਂ ਉਹ ‘ਬਿਨਾਸ ਦੀ ਗੁਲਾਮੀ ਤੋਂ ਛੁੱਟਦੇ’ ਜਾਣਗੇ, ਤਿਉਂ-ਤਿਉਂ ਉਹ ਪੂਰੀ ਤਰ੍ਹਾਂ ਮੁਕੰਮਲ ਹੁੰਦੇ ਜਾਣਗੇ। (ਰੋਮੀ. 8:21) ਹਜ਼ਾਰ ਸਾਲ ਦੇ ਅੰਤ ਵਿਚ ਆਖ਼ਰੀ ਪਰੀਖਿਆ ਵਿੱਚੋਂ ਲੰਘਣ ਤੋਂ ਬਾਅਦ “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂ. 37:11; ਪਰ. 20:7-10) ਯਿਸੂ ਮਸੀਹ ਦਾ ਰਾਜ ਸੁਲੇਮਾਨ ਦੇ ਰਾਜ ਨਾਲੋਂ ਇੰਨਾ ਸ਼ਾਨਦਾਰ ਹੋਵੇਗਾ ਕਿ ਅਸੀਂ ਉਸ ਦੀ ਕਲਪਨਾ ਵੀ ਨਹੀਂ ਕਰ ਸਕਦੇ!

20 ਜਿਵੇਂ ਮੂਸਾ, ਦਾਊਦ ਅਤੇ ਸੁਲੇਮਾਨ ਦੀ ਅਗਵਾਈ ਅਧੀਨ ਇਸਰਾਏਲੀ ਖ਼ੁਸ਼ ਸਨ, ਉਵੇਂ ਅਸੀਂ ਵੀ ਯਿਸੂ ਮਸੀਹ ਦੇ ਰਾਜ ਵਿਚ ਜ਼ਿੰਦਗੀ ਦਾ ਲੁਤਫ਼ ਉਠਾਵਾਂਗੇ। (1 ਰਾਜ. 8:66) ਅਸੀਂ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕਰਦੇ ਹਾਂ ਕਿ ਉਸ ਨੇ ਆਪਣੇ ਇਕਲੌਤੇ ਪੁੱਤਰ ਯਿਸੂ ਨੂੰ ਸਾਡੇ ਵਾਸਤੇ ਭੇਜਿਆ ਜੋ ਮੂਸਾ, ਦਾਊਦ ਅਤੇ ਸੁਲੇਮਾਨ ਤੋਂ ਕਿਤੇ ਹੀ ਮਹਾਨ ਹੈ!

[ਫੁਟਨੋਟ]

^ ਪੈਰਾ 4 ਸ਼ਾਇਦ ਦਾਊਦ ਦੇ ਨਾਂ ਦਾ ਮਤਲਬ ਹੈ “ਪਿਆਰਾ।” ਯਿਸੂ ਦੇ ਬਪਤਿਸਮੇ ਵੇਲੇ ਅਤੇ ਇਕ ਹੋਰ ਮੌਕੇ ’ਤੇ ਯਹੋਵਾਹ ਨੇ ਸਵਰਗੋਂ ਬੋਲਦਿਆਂ ਯਿਸੂ ਨੂੰ “ਮੇਰਾ ਪਿਆਰਾ ਪੁੱਤ੍ਰ” ਕਿਹਾ।—ਮੱਤੀ 3:17; 17:5.

^ ਪੈਰਾ 7 ਇਸ ਦੇ ਨਾਲ-ਨਾਲ ਦਾਊਦ ਲੇਲੇ ਦੀ ਤਰ੍ਹਾਂ ਆਪਣੇ ਚਰਵਾਹੇ ’ਤੇ ਭਰੋਸਾ ਰੱਖਦਾ ਸੀ। ਉਸ ਨੇ ਰਾਖੀ ਤੇ ਸੇਧ ਲਈ ਆਪਣੇ ਮਹਾਨ ਅਯਾਲੀ ਯਹੋਵਾਹ ’ਤੇ ਭਰੋਸਾ ਰੱਖਿਆ। ਉਸ ਨੇ ਪੂਰੇ ਯਕੀਨ ਨਾਲ ਕਿਹਾ: “ਯਹੋਵਾਹ ਮੇਰਾ ਅਯਾਲੀ ਹੈ, ਮੈਨੂੰ ਥੁੜ ਨਹੀਂ ਹੋਵੇਗੀ।” (ਜ਼ਬੂ. 23:1) ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਦੀ ਪਛਾਣ ‘ਪਰਮੇਸ਼ੁਰ ਦੇ ਲੇਲੇ’ ਵਜੋਂ ਕਰਾਈ।—ਯੂਹੰ. 1:29.

^ ਪੈਰਾ 12 ਦਿਲਚਸਪੀ ਦੀ ਗੱਲ ਹੈ ਕਿ ਸੁਲੇਮਾਨ ਦਾ ਦੂਜਾ ਨਾਂ ਯਦੀਦਯਾਹ ਸੀ ਜਿਸ ਦਾ ਮਤਲਬ ਹੈ, “ਯਹੋਵਾਹ ਦਾ ਪਿਆਰਾ।”—2 ਸਮੂ. 12:24, 25.

ਕੀ ਤੁਸੀਂ ਸਮਝਾ ਸਕਦੇ ਹੋ?

• ਕਿਨ੍ਹਾਂ ਕੁਝ ਤਰੀਕਿਆਂ ਨਾਲ ਯਿਸੂ ਦਾਊਦ ਤੋਂ ਮਹਾਨ ਹੈ?

• ਯਿਸੂ ਸੁਲੇਮਾਨ ਤੋਂ ਕਿਵੇਂ ਮਹਾਨ ਹੈ?

• ਤੁਹਾਨੂੰ ਦਾਊਦ ਅਤੇ ਸੁਲੇਮਾਨ ਤੋਂ ਮਹਾਨ ਯਿਸੂ ਵਿਚ ਕਿਹੜੀ ਗੱਲ ਚੰਗੀ ਲੱਗਦੀ ਹੈ?

[ਸਵਾਲ]

[ਸਫ਼ਾ 31 ਉੱਤੇ ਤਸਵੀਰ]

ਸੁਲੇਮਾਨ ਨੂੰ ਮਿਲੀ ਪਰਮੇਸ਼ੁਰੀ ਬੁੱਧ ਨੇ ਉਸ ਤੋਂ ਮਹਾਨ ਯਿਸੂ ਦੀ ਬੁੱਧ ਨੂੰ ਦਰਸਾਇਆ

[ਸਫ਼ਾ 32 ਉੱਤੇ ਤਸਵੀਰ]

ਯਿਸੂ ਦਾ ਰਾਜ ਸੁਲੇਮਾਨ ਅਤੇ ਦਾਊਦ ਦੇ ਰਾਜ ਨਾਲੋਂ ਇੰਨਾ ਸ਼ਾਨਦਾਰ ਹੋਵੇਗਾ ਕਿ ਅਸੀਂ ਉਸ ਦੀ ਕਲਪਨਾ ਵੀ ਨਹੀਂ ਕਰ ਸਕਦੇ!