Skip to content

Skip to table of contents

ਮੂਸਾ ਤੋਂ ਮਹਾਨ ਸ਼ਖ਼ਸ ਦੀ ਕਦਰ ਕਰੋ

ਮੂਸਾ ਤੋਂ ਮਹਾਨ ਸ਼ਖ਼ਸ ਦੀ ਕਦਰ ਕਰੋ

ਮੂਸਾ ਤੋਂ ਮਹਾਨ ਸ਼ਖ਼ਸ ਦੀ ਕਦਰ ਕਰੋ

“[ਯਹੋਵਾਹ] ਪਰਮੇਸ਼ੁਰ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਮੇਰੇ ਵਰਗਾ ਇੱਕ ਨਬੀ ਖੜਾ ਕਰੇਗਾ। ਜੋ ਕੁਝ ਉਹ ਤੁਹਾਨੂੰ ਆਖੇ ਉਸ ਨੂੰ ਸੁਣੋ।”—ਰਸੂ. 3:22.

1. ਯਿਸੂ ਨੇ ਮਨੁੱਖੀ ਇਤਿਹਾਸ ਉੱਤੇ ਕਿਵੇਂ ਪ੍ਰਭਾਵ ਪਾਇਆ?

ਦੋ ਹਜ਼ਾਰ ਸਾਲ ਪਹਿਲਾਂ ਇਕ ਮੁੰਡੇ ਦਾ ਜਨਮ ਹੋਣ ਤੇ ਸਵਰਗ ਵਿਚ ਦੂਤਾਂ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ ਜਿਸ ਨੂੰ ਕੁਝ ਚਰਵਾਹਿਆਂ ਨੇ ਸੁਣਿਆ। (ਲੂਕਾ 2:8-14) ਇਸ ਮੁੰਡੇ ਨੇ ਵੱਡਾ ਹੋ ਕੇ ਤੀਹ ਸਾਲਾਂ ਦੀ ਉਮਰ ’ਤੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਭਾਵੇਂ ਉਸ ਨੇ ਸਿਰਫ਼ ਸਾਢੇ ਤਿੰਨ ਸਾਲ ਪ੍ਰਚਾਰ ਕੀਤਾ, ਪਰ ਉਸ ਦੇ ਪ੍ਰਚਾਰ ਨੇ ਇਨਸਾਨਾਂ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ। 19ਵੀਂ ਸਦੀ ਦੇ ਪ੍ਰਸਿੱਧ ਇਤਿਹਾਸਕਾਰ ਫ਼ਿਲਿਪ ਸ਼ਾਫ਼ ਨੇ ਇਸ ਨੌਜਵਾਨ ਬਾਰੇ ਕਿਹਾ: “ਉਸ ਆਦਮੀ ਨੇ ਕਦੇ ਆਪਣੇ ਬਾਰੇ ਕੁਝ ਨਹੀਂ ਲਿਖਿਆ। ਪਰ ਜੋ ਕੁਝ ਉਸ ਨੇ ਕੀਤਾ ਤੇ ਕਿਹਾ, ਉਸ ਦੇ ਕਾਰਨ ਕਈ ਲਿਖਾਰੀਆਂ ਨੂੰ ਕਿਤਾਬਾਂ, ਗੀਤ ਅਤੇ ਉਪਦੇਸ਼ ਲਿਖਣ ਦੀ ਪ੍ਰੇਰਣਾ ਮਿਲੀ ਅਤੇ ਕਲਾ ਦੇ ਮਾਹਰਾਂ ਨੇ ਉਸ ਨੂੰ ਚਿੱਤਰਾਂ ਵਿਚ ਦਰਸਾਇਆ। ਜਿੰਨਾ ਕੁਝ ਉਸ ਬਾਰੇ ਲਿਖਿਆ ਗਿਆ, ਉੱਨਾ ਕਿਸੇ ਅੱਜ ਦੇ ਜਾਂ ਪੁਰਾਣੇ ਜ਼ਮਾਨੇ ਦੇ ਕਿਸੇ ਹੋਰ ਮਹਾਨ ਬੰਦੇ ਬਾਰੇ ਨਹੀਂ ਲਿਖਿਆ ਗਿਆ।” ਇਹ ਮਹਾਨ ਸ਼ਖ਼ਸ ਯਿਸੂ ਮਸੀਹ ਹੈ ਜਿਸ ਬਾਰੇ ਇੰਨਾ ਕੁਝ ਲਿਖਿਆ ਗਿਆ ਸੀ।

2. ਯੂਹੰਨਾ ਰਸੂਲ ਨੇ ਯਿਸੂ ਅਤੇ ਉਸ ਦੀ ਸੇਵਕਾਈ ਬਾਰੇ ਕੀ ਕਿਹਾ ਸੀ?

2 ਯੂਹੰਨਾ ਰਸੂਲ ਨੇ ਯਿਸੂ ਦੀ ਸੇਵਕਾਈ ਬਾਰੇ ਲਿਖਿਆ ਅਤੇ ਇਸ ਨਤੀਜੇ ’ਤੇ ਪਹੁੰਚਿਆ: “ਹੋਰ ਵੀ ਢੇਰ ਸਾਰੇ ਕੰਮ ਹਨ ਜਿਹੜੇ ਯਿਸੂ ਨੇ ਕੀਤੇ। ਜੇ ਓਹ ਸੱਭੇ ਇੱਕ ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਭਈ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਓਹ ਜਗਤ ਵਿੱਚ ਭੀ ਨਾ ਸਮਾਉਂਦੀਆਂ!” (ਯੂਹੰ. 21:25) ਯੂਹੰਨਾ ਜਾਣਦਾ ਸੀ ਕਿ ਸਾਢੇ ਤਿੰਨ ਸਾਲਾਂ ਵਿਚ ਯਿਸੂ ਨੇ ਜੋ ਕੁਝ ਕੀਤਾ ਤੇ ਕਿਹਾ, ਉਸ ਦਾ ਉਹ ਸਿਰਫ਼ ਥੋੜ੍ਹਾ ਜਿਹਾ ਹਿੱਸਾ ਹੀ ਲਿਖ ਸਕਿਆ। ਫਿਰ ਵੀ ਯੂਹੰਨਾ ਨੇ ਆਪਣੀ ਇੰਜੀਲ ਵਿਚ ਜੋ ਇਤਿਹਾਸਕ ਘਟਨਾਵਾਂ ਲਿਖੀਆਂ, ਉਹ ਸਾਡੇ ਲਈ ਬਹੁਤ ਮਾਅਨੇ ਰੱਖਦੀਆਂ ਹਨ।

3. ਅਸੀਂ ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੀ ਭੂਮਿਕਾ ਬਾਰੇ ਜ਼ਿਆਦਾ ਚੰਗੀ ਤਰ੍ਹਾਂ ਕਿੱਦਾਂ ਜਾਣ ਸਕਦੇ ਹਾਂ?

3 ਚਾਰ ਇੰਜੀਲਾਂ ਤੋਂ ਇਲਾਵਾ, ਬਾਈਬਲ ਵਿਚ ਯਿਸੂ ਦੀ ਜ਼ਿੰਦਗੀ ਬਾਰੇ ਹੋਰ ਵੀ ਜਾਣਕਾਰੀ ਮਿਲਦੀ ਹੈ ਜੋ ਸਾਡੀ ਨਿਹਚਾ ਵਧਾਉਂਦੀ ਹੈ। ਮਿਸਾਲ ਲਈ, ਬਾਈਬਲ ਵਿਚ ਕੁਝ ਵਫ਼ਾਦਾਰ ਭਗਤਾਂ ਦੇ ਬਿਰਤਾਂਤ ਹਨ ਜਿਨ੍ਹਾਂ ਨੂੰ ਪੜ੍ਹ ਕੇ ਸਾਨੂੰ ਜ਼ਿਆਦਾ ਚੰਗੀ ਤਰ੍ਹਾਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੀ ਭੂਮਿਕਾ ਕੀ ਹੈ। ਆਓ ਆਪਾਂ ਕੁਝ ਬਿਰਤਾਂਤਾਂ ਉੱਤੇ ਝਾਤੀ ਮਾਰੀਏ।

ਪੁਰਾਣੇ ਜ਼ਮਾਨੇ ਦੇ ਭਗਤਾਂ ਨੇ ਮਸੀਹ ਨੂੰ ਦਰਸਾਇਆ

4, 5. ਕਿਨ੍ਹਾਂ ਨੇ ਯਿਸੂ ਨੂੰ ਦਰਸਾਇਆ ਅਤੇ ਕਿਹੜੇ ਤਰੀਕਿਆਂ ਨਾਲ?

4 ਯੂਹੰਨਾ ਅਤੇ ਤਿੰਨ ਇੰਜੀਲਾਂ ਦੇ ਲਿਖਾਰੀਆਂ ਨੇ ਲਿਖਿਆ ਕਿ ਮੂਸਾ, ਦਾਊਦ ਤੇ ਸੁਲੇਮਾਨ ਯਿਸੂ ਨੂੰ ਦਰਸਾਉਂਦੇ ਸਨ। ਉਹ ਪਰਮੇਸ਼ੁਰ ਦਾ ਚੁਣਿਆ ਹੋਇਆ ਅਤੇ ਭਵਿੱਖ ਵਿਚ ਬਣਨ ਵਾਲਾ ਰਾਜਾ ਸੀ। ਆਓ ਆਪਾਂ ਦੇਖੀਏ ਕਿ ਪਰਮੇਸ਼ੁਰ ਦੇ ਇਨ੍ਹਾਂ ਭਗਤਾਂ ਨੇ ਯਿਸੂ ਨੂੰ ਕਿਵੇਂ ਦਰਸਾਇਆ ਅਤੇ ਅਸੀਂ ਇਨ੍ਹਾਂ ਭਗਤਾਂ ਦੇ ਬਿਰਤਾਂਤਾਂ ਤੋਂ ਕੀ ਸਿੱਖ ਸਕਦੇ ਹਾਂ।

5 ਬਾਈਬਲ ਕਹਿੰਦੀ ਹੈ ਕਿ ਮੂਸਾ ਨਬੀ, ਵਿਚੋਲਾ ਅਤੇ ਮੁਕਤੀਦਾਤਾ ਸੀ। ਯਿਸੂ ਵੀ ਇਹੋ ਕੁਝ ਸੀ। ਦਾਊਦ ਚਰਵਾਹਾ ਤੇ ਰਾਜਾ ਸੀ ਜਿਸ ਨੇ ਇਸਰਾਏਲ ਦੇ ਦੁਸ਼ਮਣਾਂ ’ਤੇ ਜਿੱਤ ਹਾਸਲ ਕੀਤੀ ਸੀ। ਯਿਸੂ ਵੀ ਆਪਣੇ ਲੋਕਾਂ ਦੀ ਚਰਵਾਹੀ ਕਰਦਾ ਹੈ ਤੇ ਜੇਤੂ ਰਾਜਾ ਹੈ। (ਹਿਜ਼. 37:24, 25) ਜਿੰਨਾ ਚਿਰ ਸੁਲੇਮਾਨ ਯਹੋਵਾਹ ਦਾ ਵਫ਼ਾਦਾਰ ਰਿਹਾ, ਉੱਨਾ ਚਿਰ ਉਹ ਬੁੱਧੀਮਾਨ ਹਾਕਮ ਰਿਹਾ ਅਤੇ ਉਸ ਦੀ ਹਕੂਮਤ ਅਧੀਨ ਇਸਰਾਏਲ ਵਿਚ ਅਮਨ-ਚੈਨ ਸੀ। (1 ਰਾਜ. 4:25, 29) ਯਿਸੂ ਵੀ ਬਹੁਤ ਬੁੱਧੀਮਾਨ ਹੈ ਅਤੇ ਉਸ ਨੂੰ “ਸ਼ਾਂਤੀ ਦਾ ਰਾਜ ਕੁਮਾਰ” ਕਿਹਾ ਗਿਆ ਹੈ। (ਯਸਾ. 9:6) ਇਨ੍ਹਾਂ ਤੱਥਾਂ ਤੋਂ ਸਾਫ਼ ਹੈ ਕਿ ਯਿਸੂ ਦੀ ਭੂਮਿਕਾ ਉਨ੍ਹਾਂ ਭਗਤਾਂ ਦੀ ਭੂਮਿਕਾ ਨਾਲ ਮਿਲਦੀ-ਜੁਲਦੀ ਹੈ, ਪਰ ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਨੇ ਕਿਤੇ ਹੀ ਜ਼ਿਆਦਾ ਮਹੱਤਵਪੂਰਣ ਰੋਲ ਅਦਾ ਕੀਤਾ ਹੈ। ਪਹਿਲਾਂ ਆਓ ਆਪਾਂ ਯਿਸੂ ਦੀ ਤੁਲਨਾ ਮੂਸਾ ਨਾਲ ਕਰੀਏ ਜਿਸ ਨਾਲ ਸਾਨੂੰ ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੀ ਭੂਮਿਕਾ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਮਦਦ ਮਿਲੇਗੀ।

ਮੂਸਾ ਯਿਸੂ ਦੀ ਝਲਕ ਸੀ

6. ਪਤਰਸ ਰਸੂਲ ਨੇ ਕਿਵੇਂ ਸਮਝਾਇਆ ਕਿ ਯਿਸੂ ਦੀ ਗੱਲ ਸੁਣਨੀ ਬਹੁਤ ਜ਼ਰੂਰੀ ਹੈ?

6 ਪੰਤੇਕੁਸਤ 33 ਈ. ਤੋਂ ਥੋੜ੍ਹੀ ਦੇਰ ਬਾਅਦ, ਪਤਰਸ ਰਸੂਲ ਨੇ ਮੂਸਾ ਦੀ ਭਵਿੱਖਬਾਣੀ ਦਾ ਹਵਾਲਾ ਦਿੱਤਾ ਜੋ ਯਿਸੂ ਮਸੀਹ ਤੇ ਪੂਰੀ ਹੋਈ ਸੀ। ਪਤਰਸ ਹੈਕਲ ਵਿਚ ਯਹੂਦੀਆਂ ਦੀ ਭੀੜ ਅੱਗੇ ਖੜ੍ਹਾ ਸੀ। ਸਾਰੇ ਲੋਕ “ਬਹੁਤ ਦੰਗ” ਰਹਿ ਗਏ ਸਨ ਜਦੋਂ ਪਤਰਸ ਤੇ ਯੂਹੰਨਾ ਨੇ ਜਨਮ ਤੋਂ ਲੰਗੜੇ ਇਕ ਭਿਖਾਰੀ ਨੂੰ ਚੰਗਾ ਕੀਤਾ। ਲੋਕ ਉਸ ਠੀਕ ਹੋਏ ਭਿਖਾਰੀ ਨੂੰ ਦੇਖਣ ਲਈ ਭੱਜੇ। ਪਤਰਸ ਨੇ ਲੋਕਾਂ ਨੂੰ ਸਮਝਾਇਆ ਕਿ ਇਹ ਚਮਤਕਾਰ ਯਿਸੂ ਮਸੀਹ ਦੇ ਜ਼ਰੀਏ ਯਹੋਵਾਹ ਦੀ ਪਵਿੱਤਰ ਸ਼ਕਤੀ ਦਾ ਕਮਾਲ ਸੀ। ਫਿਰ ਇਬਰਾਨੀ ਲਿਖਤਾਂ ਤੋਂ ਹਵਾਲਾ ਦਿੰਦੇ ਹੋਏ ਪਤਰਸ ਨੇ ਕਿਹਾ: ‘ਮੂਸਾ ਨੇ ਤਾਂ ਆਖਿਆ ਭਈ ਯਹੋਵਾਹ ਪਰਮੇਸ਼ੁਰ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਮੇਰੇ ਵਰਗਾ ਇੱਕ ਨਬੀ ਖੜਾ ਕਰੇਗਾ। ਜੋ ਕੁਝ ਉਹ ਤੁਹਾਨੂੰ ਆਖੇ ਉਸ ਨੂੰ ਸੁਣੋ।’—ਰਸੂ. 3:11, 22, 23; ਬਿਵਸਥਾ ਸਾਰ 18:15, 18, 19 ਪੜ੍ਹੋ।

7. ਲੋਕ ਪਤਰਸ ਦੀਆਂ ਉਹ ਗੱਲਾਂ ਕਿਉਂ ਸਮਝ ਗਏ ਸਨ ਜੋ ਉਸ ਨੇ ਮੂਸਾ ਨਾਲੋਂ ਮਹਾਨ ਨਬੀ ਬਾਰੇ ਕਹੀਆਂ ਸਨ?

7 ਪਤਰਸ ਦੀ ਗੱਲ ਸੁਣਨ ਵਾਲੇ ਲੋਕ ਮੂਸਾ ਦੇ ਇਨ੍ਹਾਂ ਸ਼ਬਦਾਂ ਨੂੰ ਭਲੀ-ਭਾਂਤ ਜਾਣਦੇ ਸਨ। ਯਹੂਦੀ ਹੋਣ ਕਰਕੇ ਉਨ੍ਹਾਂ ਦੇ ਦਿਲਾਂ ਵਿਚ ਮੂਸਾ ਲਈ ਕਾਫ਼ੀ ਸ਼ਰਧਾ ਸੀ। (ਬਿਵ. 34:10) ਉਹ ਬੇਸਬਰੀ ਨਾਲ ਮੂਸਾ ਤੋਂ ਵੀ ਮਹਾਨ ਨਬੀ ਦੀ ਉਡੀਕ ਕਰ ਰਹੇ ਸਨ। ਉਹ ਨਬੀ ਮੂਸਾ ਵਾਂਗ ਪਰਮੇਸ਼ੁਰ ਦਾ ਚੁਣਿਆ ਹੋਇਆ ਕੋਈ ਮਾਮੂਲੀ ਇਨਸਾਨ ਨਹੀਂ ਹੋਣਾ ਸੀ, ਬਲਕਿ ਉਹ ਮਸੀਹਾ ਹੋਣਾ ਸੀ ਜੋ ਯਹੋਵਾਹ “ਪਰਮੇਸ਼ੁਰ ਦਾ ਮਸੀਹ ਅਤੇ ਉਹ ਦਾ ਚੁਣਿਆ ਹੋਇਆ” ਹੋਣਾ ਸੀ।—ਲੂਕਾ 23:35; ਇਬ. 11:26.

ਮੂਸਾ ਤੇ ਯਿਸੂ ਵਿਚ ਸਮਾਨਤਾਵਾਂ

8. ਯਿਸੂ ਦੀ ਜ਼ਿੰਦਗੀ ਅਤੇ ਮੂਸਾ ਦੀ ਜ਼ਿੰਦਗੀ ਵਿਚ ਕਿਹੜੀਆਂ ਕੁਝ ਸਮਾਨਤਾਵਾਂ ਹਨ?

8 ਧਰਤੀ ’ਤੇ ਹੁੰਦਿਆਂ ਯਿਸੂ ਦੀ ਜ਼ਿੰਦਗੀ ਕੁਝ ਹੱਦ ਤਕ ਮੂਸਾ ਵਰਗੀ ਸੀ। ਮਿਸਾਲ ਲਈ, ਛੋਟੇ ਹੁੰਦਿਆਂ ਮੂਸਾ ਤੇ ਯਿਸੂ ਦੋਹਾਂ ਨੂੰ ਜ਼ਾਲਮ ਹਾਕਮ ਦੇ ਹੱਥੋਂ ਬਚਾਇਆ ਗਿਆ ਸੀ। (ਕੂਚ 1:22–2:10; ਮੱਤੀ 2:7-14) ਇਸ ਤੋਂ ਇਲਾਵਾ, ਦੋਹਾਂ ਨੂੰ “ਮਿਸਰ ਵਿੱਚੋਂ ਸੱਦਿਆ” ਗਿਆ। ਹੋਸ਼ੇਆ ਨਬੀ ਨੇ ਕਿਹਾ: “ਜਦ ਇਸਰਾਏਲ ਮੁੰਡਾ ਸੀ ਮੈਂ ਉਹ ਨੂੰ ਪਿਆਰ ਕੀਤਾ, ਅਤੇ ਆਪਣੇ ਪੁੱਤ੍ਰ ਨੂੰ ਮਿਸਰ ਵਿੱਚੋਂ ਸੱਦਿਆ।” (ਹੋਸ਼ੇ. 11:1) ਹੋਸ਼ੇਆ ਨੇ ਉਸ ਸਮੇਂ ਦੀ ਗੱਲ ਕੀਤੀ ਜਦੋਂ ਪਰਮੇਸ਼ੁਰ ਦੇ ਚੁਣੇ ਹੋਏ ਆਗੂ ਮੂਸਾ ਨੇ ਇਸਰਾਏਲ ਦੀ ਕੌਮ ਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ ਸੀ। (ਕੂਚ 4:22, 23; 12:29-37) ਹੋਸ਼ੇਆ ਦੇ ਸ਼ਬਦ ਸਿਰਫ਼ ਇਸਰਾਏਲ ਦੀ ਕੌਮ ’ਤੇ ਹੀ ਲਾਗੂ ਨਹੀਂ ਹੁੰਦੇ, ਸਗੋਂ ਯਿਸੂ ’ਤੇ ਵੀ ਲਾਗੂ ਹੁੰਦੇ ਹਨ। ਹੋਸ਼ੇਆ ਦੇ ਇਹ ਸ਼ਬਦ ਉਦੋਂ ਪੂਰੇ ਹੋਏ ਜਦੋਂ ਯੂਸੁਫ਼ ਤੇ ਮਰਿਯਮ ਰਾਜਾ ਹੇਰੋਦੇਸ ਦੀ ਮੌਤ ਤੋਂ ਬਾਅਦ ਯਿਸੂ ਨੂੰ ਲੈ ਕੇ ਮਿਸਰ ਤੋਂ ਮੁੜੇ ਸਨ।—ਮੱਤੀ 2:15, 19-23.

9. (ੳ) ਮੂਸਾ ਤੇ ਯਿਸੂ ਨੇ ਕਿਹੜੇ ਚਮਤਕਾਰ ਕੀਤੇ? (ਅ) ਮੂਸਾ ਤੇ ਯਿਸੂ ਵਿਚਕਾਰ ਹੋਰ ਸਮਾਨਤਾਵਾਂ ਦੱਸੋ। (ਸਫ਼ਾ 26 ਉੱਤੇ “ਯਿਸੂ ਅਤੇ ਮੂਸਾ ਵਿਚਕਾਰ ਹੋਰ ਮਿਲਦੀਆਂ-ਜੁਲਦੀਆਂ ਗੱਲਾਂ” ਨਾਮਕ ਡੱਬੀ ਦੇਖੋ।)

9 ਮੂਸਾ ਤੇ ਯਿਸੂ ਦੋਹਾਂ ਨੇ ਚਮਤਕਾਰ ਕੀਤੇ। ਇੱਦਾਂ ਕਰ ਕੇ ਉਨ੍ਹਾਂ ਨੇ ਦਿਖਾਇਆ ਕਿ ਯਹੋਵਾਹ ਦੀ ਮਿਹਰ ਉਨ੍ਹਾਂ ਉੱਤੇ ਸੀ। ਬਾਈਬਲ ਦੇ ਮੁਤਾਬਕ ਮੂਸਾ ਪਹਿਲਾ ਇਨਸਾਨ ਸੀ ਜਿਸ ਨੇ ਚਮਤਕਾਰ ਕੀਤੇ। (ਕੂਚ 4:1-9) ਮਿਸਾਲ ਲਈ, ਮੂਸਾ ਨੇ ਪਾਣੀ ਸੰਬੰਧੀ ਚਮਤਕਾਰ ਕੀਤੇ ਸਨ। ਉਸ ਦੇ ਹੁਕਮ ਦੇਣ ਤੇ ਨੀਲ ਨਦੀ ਅਤੇ ਤਲਾਬਾਂ ਦਾ ਪਾਣੀ ਖ਼ੂਨ ਵਿਚ ਬਦਲ ਗਿਆ, ਲਾਲ ਸਾਗਰ ਦੋ ਹਿੱਸੇ ਹੋ ਗਿਆ ਅਤੇ ਉਜਾੜ ਵਿਚ ਚਟਾਨ ਵਿੱਚੋਂ ਪਾਣੀ ਫੁੱਟ ਨਿਕਲਿਆ। (ਕੂਚ 7:19-21; 14:21; 17:5-7) ਯਿਸੂ ਨੇ ਵੀ ਪਾਣੀ ਸੰਬੰਧੀ ਚਮਤਕਾਰ ਕੀਤੇ। ਉਸ ਦਾ ਪਹਿਲਾ ਚਮਤਕਾਰ ਸੀ ਵਿਆਹ ਦੀ ਦਾਅਵਤ ’ਤੇ ਪਾਣੀ ਨੂੰ ਸ਼ਰਾਬ ਵਿਚ ਬਦਲਣਾ। (ਯੂਹੰ. 2:1-11) ਬਾਅਦ ਵਿਚ ਉਸ ਨੇ ਗਲੀਲ ਦੀ ਝੀਲ ਵਿਚ ਆਏ ਪ੍ਰਚੰਡ ਤੂਫ਼ਾਨ ਨੂੰ ਸ਼ਾਂਤ ਕੀਤਾ। ਇਕ ਵਾਰ ਉਹ ਪਾਣੀ ’ਤੇ ਵੀ ਤੁਰਿਆ! (ਮੱਤੀ 8:23-27; 14:23-25) ਮੂਸਾ ਅਤੇ ਉਸ ਤੋਂ ਮਹਾਨ ਸ਼ਖ਼ਸ ਯਿਸੂ ਵਿਚਕਾਰ ਕੁਝ ਹੋਰ ਸਮਾਨਤਾਵਾਂ ਸਫ਼ਾ 26 ਤੇ ਦਿੱਤੀ ਡੱਬੀ ਵਿਚ ਦੇਖੀਆਂ ਜਾ ਸਕਦੀਆਂ ਹਨ।

ਨਬੀ ਵਜੋਂ ਯਿਸੂ ਮਸੀਹ ਦੀ ਕਦਰ ਕਰੋ

10. ਸੱਚਾ ਨਬੀ ਕੌਣ ਹੁੰਦਾ ਹੈ ਅਤੇ ਮੂਸਾ ਅਜਿਹਾ ਨਬੀ ਕਿਉਂ ਸੀ?

10 ਜ਼ਿਆਦਾਤਰ ਲੋਕ ਉਸ ਬੰਦੇ ਨੂੰ ਨਬੀ ਸਮਝਦੇ ਹਨ ਜਿਹੜਾ ਭਵਿੱਖ ਬਾਰੇ ਦੱਸਦਾ ਹੈ। ਪਰ ਇਹ ਤਾਂ ਨਬੀ ਦੀ ਜ਼ਿੰਮੇਵਾਰੀ ਦਾ ਛੋਟਾ ਜਿਹਾ ਹਿੱਸਾ ਹੀ ਹੈ। ਸੱਚਾ ਨਬੀ ਉਹ ਹੁੰਦਾ ਹੈ ਜੋ ਯਹੋਵਾਹ ਵੱਲੋਂ ਬੋਲਦਾ ਹੈ ਅਤੇ ਜੋ “ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ” ਬਾਰੇ ਦੱਸਦਾ ਹੈ। (ਰਸੂ. 2:11, 16, 17) ਇਸ ਤੋਂ ਇਲਾਵਾ, ਉਸ ਦੇ ਹੋਰ ਵੀ ਕੰਮ ਹੋ ਸਕਦੇ ਹਨ ਜਿਵੇਂ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਬਾਰੇ ਐਲਾਨ ਕਰਨਾ, ਯਹੋਵਾਹ ਦੇ ਮਕਸਦ ਬਾਰੇ ਕੁਝ ਪਹਿਲੂਆਂ ਨੂੰ ਜ਼ਾਹਰ ਕਰਨਾ ਜਾਂ ਪਰਮੇਸ਼ੁਰ ਦੇ ਨਿਆਂ ਸੁਣਾਉਣੇ। ਮੂਸਾ ਨਬੀ ਇਹੋ ਕੰਮ ਕਰਦਾ ਸੀ। ਉਸ ਨੇ ਮਿਸਰ ’ਤੇ ਆਈਆਂ ਦਸ ਬਿਪਤਾਵਾਂ ਬਾਰੇ ਭਵਿੱਖਬਾਣੀ ਕੀਤੀ। ਉਸ ਨੇ ਸੀਨਈ ਪਹਾੜ ਉੱਤੇ ਮਿਲੇ ਬਿਵਸਥਾ ਨੇਮ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਨਾਲੇ ਉਸ ਨੇ ਇਸਰਾਏਲੀਆਂ ਨੂੰ ਦੱਸਿਆ ਕਿ ਪਰਮੇਸ਼ੁਰ ਉਨ੍ਹਾਂ ਤੋਂ ਕੀ ਚਾਹੁੰਦਾ ਹੈ। ਪਰ ਮੂਸਾ ਤੋਂ ਵੀ ਮਹਾਨ ਇਕ ਨਬੀ ਆਉਣ ਵਾਲਾ ਸੀ।

11. ਯਿਸੂ ਨੇ ਮੂਸਾ ਤੋਂ ਮਹਾਨ ਨਬੀ ਵਜੋਂ ਕਿਵੇਂ ਕੰਮ ਕੀਤਾ?

11 ਪਹਿਲੀ ਸਦੀ ਵਿਚ ਜ਼ਕਰਯਾਹ ਨੇ ਨਬੀ ਵਜੋਂ ਕੰਮ ਕੀਤਾ ਜਦੋਂ ਉਸ ਨੇ ਪਰਮੇਸ਼ੁਰ ਦੇ ਮਕਸਦ ਨੂੰ ਜ਼ਾਹਰ ਕੀਤਾ ਕਿ ਪਰਮੇਸ਼ੁਰ ਉਸ ਦੇ ਪੁੱਤਰ ਯੂਹੰਨਾ ਨੂੰ ਕਿਵੇਂ ਵਰਤੇਗਾ। (ਲੂਕਾ 1:76) ਜ਼ਕਰਯਾਹ ਦਾ ਪੁੱਤਰ ਯੂਹੰਨਾ ਬਪਤਿਸਮਾ ਦੇਣ ਵਾਲਾ ਬਣਿਆ। ਉਸ ਨੇ ਮੂਸਾ ਤੋਂ ਮਹਾਨ ਨਬੀ ਯਿਸੂ ਮਸੀਹ ਦੇ ਆਉਣ ਬਾਰੇ ਐਲਾਨ ਕੀਤਾ ਜਿਸ ਦੀ ਲੋਕ ਚਿਰਾਂ ਤੋਂ ਉਡੀਕ ਕਰ ਰਹੇ ਸਨ। (ਯੂਹੰ. 1:23-36) ਨਬੀ ਵਜੋਂ ਯਿਸੂ ਨੇ ਕਈ ਗੱਲਾਂ ਦੀ ਭਵਿੱਖਬਾਣੀ ਕੀਤੀ। ਮਿਸਾਲ ਲਈ, ਉਸ ਨੇ ਆਪਣੀ ਮੌਤ ਦੀ ਭਵਿੱਖਬਾਣੀ ਕੀਤੀ ਕਿ ਉਹ ਕਿਵੇਂ ਮਰੇਗਾ, ਕਿੱਥੇ ਮਰੇਗਾ ਅਤੇ ਕਿਸ ਦੇ ਹੱਥੋਂ ਮਰੇਗਾ। (ਮੱਤੀ 20:17-19) ਲੋਕਾਂ ਨੂੰ ਯਿਸੂ ਦੀ ਇਹ ਗੱਲ ਸੁਣ ਕੇ ਹੈਰਾਨੀ ਹੋਈ ਜਦੋਂ ਯਿਸੂ ਨੇ ਯਰੂਸ਼ਲਮ ਤੇ ਉਸ ਦੀ ਹੈਕਲ ਦੇ ਨਾਸ਼ ਦੀ ਭਵਿੱਖਬਾਣੀ ਕੀਤੀ। (ਮਰ. 13:1, 2) ਯਿਸੂ ਦੀਆਂ ਭਵਿੱਖਬਾਣੀਆਂ ਸਾਡੇ ਸਮੇਂ ਵਿਚ ਵੀ ਪੂਰੀਆਂ ਹੋ ਰਹੀਆਂ ਹਨ।—ਮੱਤੀ 24:3-41.

12. (ੳ) ਦੁਨੀਆਂ ਭਰ ਵਿਚ ਹੋ ਰਹੇ ਪ੍ਰਚਾਰ ਦੀ ਯਿਸੂ ਨੇ ਕਿਵੇਂ ਨੀਂਹ ਧਰੀ? (ਅ) ਅਸੀਂ ਅੱਜ ਯਿਸੂ ਦੀ ਮਿਸਾਲ ’ਤੇ ਕਿਉਂ ਚੱਲਦੇ ਹਾਂ?

12 ਨਬੀ ਵਜੋਂ ਕੰਮ ਕਰਨ ਤੋਂ ਇਲਾਵਾ, ਯਿਸੂ ਪ੍ਰਚਾਰਕ ਅਤੇ ਸਿੱਖਿਅਕ ਵੀ ਸੀ। ਉਸ ਨੇ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕੀਤਾ ਅਤੇ ਜਿੰਨੀ ਦਲੇਰੀ ਨਾਲ ਉਹ ਬੋਲਿਆ, ਉੱਨੀ ਦਲੇਰੀ ਨਾਲ ਕੋਈ ਹੋਰ ਨਹੀਂ ਬੋਲਿਆ। (ਲੂਕਾ 4:16-21, 43) ਸਿੱਖਿਆ ਦੇਣ ਵਿਚ ਵੀ ਕੋਈ ਉਸ ਦਾ ਮੁਕਾਬਲਾ ਨਹੀਂ ਕਰ ਸਕਿਆ। ਉਸ ਦੀ ਗੱਲ ਸੁਣਨ ਵਾਲਿਆਂ ਨੇ ਕਿਹਾ, “ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ!” (ਯੂਹੰ. 7:46) ਯਿਸੂ ਨੇ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਤੇ ਆਪਣੇ ਚੇਲਿਆਂ ਨੂੰ ਵੀ ਜੋਸ਼ ਨਾਲ ਰਾਜ ਦਾ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਦਿੱਤੀ। ਇਸ ਤਰ੍ਹਾਂ ਉਸ ਨੇ ਅੱਜ ਦੁਨੀਆਂ ਭਰ ਵਿਚ ਹੋ ਰਹੇ ਪ੍ਰਚਾਰ ਅਤੇ ਸਿਖਾਉਣ ਦੇ ਕੰਮ ਦੀ ਨੀਂਹ ਧਰੀ। (ਮੱਤੀ 28:18-20; ਰਸੂ. 5:42) ਪਿਛਲੇ ਸਾਲ ਤਕਰੀਬਨ 70 ਲੱਖ ਯਿਸੂ ਮਸੀਹ ਦੇ ਚੇਲਿਆਂ ਨੇ ਲਗਭਗ 1.5 ਅਰਬ ਘੰਟੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਬਾਈਬਲ ਵਿਚ ਦਿਲਚਸਪੀ ਰੱਖਣ ਵਾਲਿਆਂ ਨੂੰ ਸਿਖਾਉਣ ਵਿਚ ਬਿਤਾਏ। ਕੀ ਤੁਸੀਂ ਇਸ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹੋ?

13. ‘ਜਾਗਦੇ ਰਹਿਣ’ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

13 ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਨੇ ਆਪਣੀ ਭਵਿੱਖਬਾਣੀ ਅਨੁਸਾਰ ਮੂਸਾ ਵਰਗੇ ਇਕ ਨਬੀ ਨੂੰ ਖੜ੍ਹਾ ਕੀਤਾ। ਇਹ ਜਾਣ ਕੇ ਤੁਹਾਡੇ ਉੱਤੇ ਕੀ ਅਸਰ ਪੈਂਦਾ ਹੈ? ਕੀ ਤੁਹਾਡਾ ਭਰੋਸਾ ਨਹੀਂ ਵਧਦਾ ਕਿ ਆਉਣ ਵਾਲੇ ਸਮੇਂ ਬਾਰੇ ਕੀਤੀਆਂ ਭਵਿੱਖਬਾਣੀਆਂ ਵੀ ਜ਼ਰੂਰ ਪੂਰੀਆਂ ਹੋਣਗੀਆਂ? ਜੀ ਹਾਂ, ਮੂਸਾ ਤੋਂ ਮਹਾਨ ਨਬੀ ਦੀ ਮਿਸਾਲ ਉੱਤੇ ਸੋਚ-ਵਿਚਾਰ ਕਰਨ ਨਾਲ ਸਾਨੂੰ ‘ਜਾਗਦੇ ਰਹਿਣ ਅਰ ਸੁਚੇਤ ਰਹਿਣ’ ਦੀ ਹੱਲਾਸ਼ੇਰੀ ਮਿਲਦੀ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਪਰਮੇਸ਼ੁਰ ਜਲਦੀ ਹੀ ਕੀ ਕਰਨ ਵਾਲਾ ਹੈ।—1 ਥੱਸ. 5:2, 6.

ਵਿਚੋਲੇ ਵਜੋਂ ਮਸੀਹ ਨੂੰ ਸਨਮਾਨ ਬਖ਼ਸ਼ੋ

14. ਮੂਸਾ ਪਰਮੇਸ਼ੁਰ ਤੇ ਇਸਰਾਏਲੀਆਂ ਵਿਚਕਾਰ ਵਿਚੋਲਾ ਕਿਵੇਂ ਸੀ?

14 ਮੂਸਾ ਵਾਂਗ ਯਿਸੂ ਨੇ ਵੀ ਵਿਚੋਲੇ ਦਾ ਕੰਮ ਕੀਤਾ। ਯਹੋਵਾਹ ਨੇ ਮੂਸਾ ਨੂੰ ਵਿਚੋਲੇ ਵਜੋਂ ਵਰਤਿਆ ਜਦੋਂ ਉਸ ਨੇ ਇਸਰਾਏਲ ਕੌਮ ਨਾਲ ਨੇਮ ਬੰਨ੍ਹਿਆ ਸੀ। ਜੇ ਯਾਕੂਬ ਦੇ ਪੁੱਤਰਾਂ ਯਾਨੀ ਇਸਰਾਏਲੀਆਂ ਨੇ ਯਹੋਵਾਹ ਦੇ ਹੁਕਮਾਂ ਦੀ ਪਾਲਣਾ ਕੀਤੀ ਹੁੰਦੀ, ਤਾਂ ਉਹ ਪਰਮੇਸ਼ੁਰ ਦੀ ਖ਼ਾਸ ਪਰਜਾ ਬਣੇ ਰਹਿੰਦੇ। (ਕੂਚ 19:3-8) ਇਹ ਨੇਮ 1513 ਈ. ਪੂ. ਤੋਂ ਲੈ ਕੇ ਪਹਿਲੀ ਸਦੀ ਈ. ਤਕ ਜਾਰੀ ਰਿਹਾ।

15. ਯਿਸੂ ਮਹਾਨ ਵਿਚੋਲਾ ਕਿਵੇਂ ਹੈ?

15 ਯਹੋਵਾਹ ਨੇ 33 ਈ. ਵਿਚ ਨਵੀਂ ਕੌਮ ਯਾਨੀ “ਪਰਮੇਸ਼ੁਰ ਦੇ ਇਸਰਾਏਲ” ਨਾਲ ਇਕ ਉੱਤਮ ਨੇਮ ਬੰਨ੍ਹਿਆ। ਇਹ ਕੌਮ ਮਸਹ ਕੀਤੇ ਹੋਏ ਮਸੀਹੀਆਂ ਦੀ ਵਿਸ਼ਵ-ਵਿਆਪੀ ਕਲੀਸਿਯਾ ਬਣ ਗਈ। (ਗਲਾ. 6:16) ਜਿਸ ਨੇਮ ਦਾ ਵਿਚੋਲਾ ਮੂਸਾ ਸੀ, ਉਸ ਨੇਮ ਦੇ ਕਾਨੂੰਨ ਪਰਮੇਸ਼ੁਰ ਨੇ ਪੱਥਰ ਦੀਆਂ ਫੱਟੀਆਂ ’ਤੇ ਲਿਖਵਾਏ ਸਨ। ਪਰ ਜਿਸ ਨੇਮ ਦਾ ਵਿਚੋਲਾ ਯਿਸੂ ਹੈ, ਉਹ ਨੇਮ ਮੂਸਾ ਦੇ ਨੇਮ ਨਾਲੋਂ ਕਿਤੇ ਉੱਤਮ ਹੈ। ਉਸ ਨੇਮ ਦੇ ਕਾਨੂੰਨ ਪਰਮੇਸ਼ੁਰ ਨੇ ਇਨਸਾਨਾਂ ਦੇ ਹਿਰਦਿਆਂ ਉੱਤੇ ਲਿਖੇ ਹਨ। (1 ਤਿਮੋਥਿਉਸ 2:5; ਇਬਰਾਨੀਆਂ 8:10 ਪੜ੍ਹੋ।) ਇਸ ਤਰ੍ਹਾਂ ‘ਪਰਮੇਸ਼ੁਰ ਦਾ ਇਸਰਾਏਲ’ ਉਸ ਦੀ ਖ਼ਾਸ ਪਰਜਾ ਹੈ ਜੋ ਇਕ “ਕੌਮ” ਵਜੋਂ ਯਿਸੂ ਮਸੀਹ ਦੇ ਰਾਜ ਦੇ “ਫਲ” ਪੈਦਾ ਕਰਦੀ ਹੈ। (ਮੱਤੀ 21:43) ਇਸ ਕੌਮ ਦੇ ਮੈਂਬਰਾਂ ਨੂੰ ਨਵੇਂ ਨੇਮ ਤੋਂ ਕਈ ਫ਼ਾਇਦੇ ਹੁੰਦੇ ਹਨ। ਪਰ ਇਸ ਨਵੇਂ ਨੇਮ ਤੋਂ ਸਿਰਫ਼ ਉਨ੍ਹਾਂ ਨੂੰ ਹੀ ਫ਼ਾਇਦਾ ਨਹੀਂ ਹੁੰਦਾ, ਬਲਕਿ ਹੋਰ ਅਣਗਿਣਤ ਲੋਕਾਂ ਨੂੰ ਵੀ ਫ਼ਾਇਦਾ ਹੋਵੇਗਾ। ਇਨ੍ਹਾਂ ਲੋਕਾਂ ਵਿਚ ਉਹ ਲੋਕ ਵੀ ਹੋਣਗੇ ਜੋ ਮੌਤ ਦੀ ਨੀਂਦ ਸੁੱਤੇ ਪਏ ਹਨ।

ਯਿਸੂ ਨੂੰ ਮੁਕਤੀਦਾਤੇ ਵਜੋਂ ਸਤਿਕਾਰੋ

16. (ੳ) ਯਹੋਵਾਹ ਨੇ ਇਸਰਾਏਲ ਨੂੰ ਮੁਕਤੀ ਦਿਵਾਉਣ ਲਈ ਕਿਹੜੇ ਤਰੀਕਿਆਂ ਨਾਲ ਮੂਸਾ ਨੂੰ ਵਰਤਿਆ? (ਅ) ਕੂਚ 14:13 ਦੇ ਮੁਤਾਬਕ ਮੁਕਤੀ ਦਿਵਾਉਣ ਵਾਲਾ ਕੌਣ ਹੈ?

16 ਮਿਸਰ ਵਿੱਚੋਂ ਨਿਕਲਣ ਤੋਂ ਇਕ ਰਾਤ ਪਹਿਲਾਂ ਇਸਰਾਏਲ ਦੇ ਪਲੋਠੇ ਮਨੁੱਖਾਂ ਤੇ ਡੰਗਰਾਂ ਦੀ ਜਾਨ ਖ਼ਤਰੇ ਵਿਚ ਸੀ। ਪਰਮੇਸ਼ੁਰ ਦਾ ਦੂਤ ਮਿਸਰ ਦੇਸ਼ ਵਿੱਚੋਂ ਦੀ ਲੰਘ ਕੇ ਸਾਰੇ ਪਲੋਠਿਆਂ ਨੂੰ ਮਾਰਨ ਵਾਲਾ ਸੀ। ਯਹੋਵਾਹ ਨੇ ਇਸਰਾਏਲੀਆਂ ਨੂੰ ਕਿਹਾ ਕਿ ਉਹ ਆਪਣੇ ਪਲੋਠਿਆਂ ਨੂੰ ਤਾਂ ਹੀ ਬਚਾ ਸਕਦੇ ਸਨ ਜੇ ਉਹ ਆਪਣੀਆਂ ਚੁਗਾਠਾਂ ਦੇ ਉੱਪਰ ਅਤੇ ਦੋਹੀਂ ਪਾਸੀਂ ਪਸਾਹ ਦੇ ਲੇਲੇ ਦਾ ਲਹੂ ਛਿੜਕਣ। (ਕੂਚ 12:1-13, 21-23) ਇਸਰਾਏਲੀਆਂ ਨੇ ਇੱਦਾਂ ਹੀ ਕੀਤਾ ਜਿਸ ਕਰਕੇ ਪਲੋਠਿਆਂ ਦੀ ਜਾਨ ਬਚ ਗਈ। ਬਾਅਦ ਵਿਚ ਇਕ ਵਾਰ ਫਿਰ ਸਾਰੀ ਕੌਮ ਖ਼ਤਰੇ ਵਿਚ ਪੈ ਗਈ ਜਦੋਂ ਇਕ ਪਾਸੇ ਉਨ੍ਹਾਂ ਦੇ ਸਾਮ੍ਹਣੇ ਲਾਲ ਸਾਗਰ ਸੀ ਅਤੇ ਦੂਜੇ ਪਾਸੇ ਮਿਸਰੀਆਂ ਦੇ ਰਥ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਇਸ ਵਾਰ ਫਿਰ ਯਹੋਵਾਹ ਨੇ ਮੂਸਾ ਦੇ ਰਾਹੀਂ ਉਨ੍ਹਾਂ ਨੂੰ ਮੁਕਤੀ ਦੁਆਈ। ਉਸ ਨੇ ਚਮਤਕਾਰੀ ਤਰੀਕੇ ਨਾਲ ਸਮੁੰਦਰ ਦੇ ਪਾਣੀਆਂ ਨੂੰ ਦੋ ਹਿੱਸਿਆਂ ਵਿਚ ਕਰ ਦਿੱਤਾ।—ਕੂਚ 14:13, 21.

17, 18. ਯਿਸੂ ਕਿਹੜੇ ਤਰੀਕਿਆਂ ਨਾਲ ਮੂਸਾ ਨਾਲੋਂ ਮਹਾਨ ਮੁਕਤੀਦਾਤਾ ਹੈ?

17 ਇਹ ਸੱਚ ਹੈ ਕਿ ਯਹੋਵਾਹ ਨੇ ਮੂਸਾ ਰਾਹੀਂ ਮੁਕਤੀ ਦੇ ਵੱਡੇ-ਵੱਡੇ ਕੰਮ ਕੀਤੇ, ਪਰ ਯਹੋਵਾਹ ਨੇ ਯਿਸੂ ਦੇ ਜ਼ਰੀਏ ਹੋਰ ਵੀ ਸ਼ਾਨਦਾਰ ਤਰੀਕੇ ਨਾਲ ਲੋਕਾਂ ਨੂੰ ਮੁਕਤੀ ਦਿਵਾਈ। ਯਿਸੂ ਦੇ ਜ਼ਰੀਏ ਆਗਿਆਕਾਰ ਲੋਕ ਪਾਪ ਦੀ ਗ਼ੁਲਾਮੀ ਵਿੱਚੋਂ ਛੁਡਾਏ ਗਏ ਹਨ। (ਰੋਮੀ. 5:12, 18) ਇਹ “ਨਿਸਤਾਰਾ” ਯਾਨੀ ਮੁਕਤੀ ਹਮੇਸ਼ਾ ਲਈ ਹੋਵੇਗੀ। ਯਿਸੂ ਦੇ ਨਾਂ ਦਾ ਅਰਥ ਹੈ, “ਯਹੋਵਾਹ ਮੁਕਤੀ ਹੈ।” ਸਾਡੇ ਮੁਕਤੀਦਾਤੇ ਵਜੋਂ ਯਿਸੂ ਨਾ ਸਿਰਫ਼ ਸਾਨੂੰ ਅਤੀਤ ਵਿਚ ਕੀਤੇ ਪਾਪਾਂ ਤੋਂ ਬਚਾਉਂਦਾ ਹੈ, ਸਗੋਂ ਉਸ ਨੇ ਸੋਹਣੇ ਭਵਿੱਖ ਦਾ ਆਨੰਦ ਮਾਣਨ ਦਾ ਰਾਹ ਵੀ ਖੋਲ੍ਹਿਆ ਹੈ। ਪਾਪਾਂ ਦੀ ਗ਼ੁਲਾਮੀ ਤੋਂ ਛੁਟਕਾਰਾ ਦਿਵਾ ਕੇ ਯਿਸੂ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਦੇ ਕ੍ਰੋਧ ਤੋਂ ਬਚਾਉਂਦਾ ਹੈ ਤੇ ਯਹੋਵਾਹ ਨਾਲ ਰਿਸ਼ਤਾ ਕਾਇਮ ਕਰਨ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ।—ਮੱਤੀ 1:21.

18 ਹੁਣ ਸਾਨੂੰ ਯਿਸੂ ਪਾਪ ਦੀ ਗ਼ੁਲਾਮੀ ਤੋਂ ਛੁਡਾਉਂਦਾ ਹੈ, ਪਰ ਭਵਿੱਖ ਵਿਚ ਉਹ ਸਾਨੂੰ ਬੀਮਾਰੀ ਤੇ ਮੌਤ ਤੋਂ ਮੁਕਤ ਕਰਾਵੇਗਾ। ਉਸ ਸਮੇਂ ਦੀ ਕਲਪਨਾ ਕਰਨ ਲਈ ਆਓ ਦੇਖੀਏ ਕਿ ਉਦੋਂ ਕੀ ਹੋਇਆ ਸੀ ਜਦੋਂ ਯਿਸੂ ਜੈਰੁਸ ਨਾਂ ਦੇ ਇਕ ਬੰਦੇ ਦੇ ਘਰ ਗਿਆ ਸੀ ਜਿਸ ਦੀ 12 ਸਾਲਾਂ ਦੀ ਧੀ ਦਮ ਤੋੜ ਗਈ ਸੀ। ਯਿਸੂ ਨੇ ਜੈਰੁਸ ਨੂੰ ਇਹ ਕਹਿ ਕੇ ਹੌਸਲਾ ਦਿੱਤਾ: “ਨਾ ਡਰ, ਕੇਵਲ ਨਿਹਚਾ ਕਰ ਤਾਂ ਉਹ ਬਚ ਜਾਵੇਗੀ।” (ਲੂਕਾ 8:41, 42, 49, 50) ਜਿੱਦਾਂ ਯਿਸੂ ਨੇ ਕਿਹਾ ਸੀ, ਉੱਦਾਂ ਹੀ ਹੋਇਆ। ਉਹ ਕੁੜੀ ਜ਼ਿੰਦਾ ਹੋ ਗਈ! ਕੀ ਤੁਸੀਂ ਉਸ ਕੁੜੀ ਦੇ ਮਾਪਿਆਂ ਦੀ ਖ਼ੁਸ਼ੀ ਦਾ ਅੰਦਾਜ਼ਾ ਲਾ ਸਕਦੇ ਹੋ? ਫਿਰ ਤੁਸੀਂ ਉਸ ਖ਼ੁਸ਼ੀ ਦੀ ਕਲਪਨਾ ਕਰ ਸਕੋਗੇ ਜੋ ਸਾਨੂੰ ਉਦੋਂ ਮਿਲੇਗੀ ਜਦੋਂ “ਓਹ ਸਭ ਜਿਹੜੇ ਕਬਰਾਂ ਵਿੱਚ ਹਨ [ਯਿਸੂ] ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।” (ਯੂਹੰ. 5:28, 29) ਯਿਸੂ ਵਾਕਈ ਸਾਡਾ ਮੁਕਤੀਦਾਤਾ ਹੈ!—ਰਸੂਲਾਂ ਦੇ ਕਰਤੱਬ 5:31 ਪੜ੍ਹੋ; ਤੀਤੁ. 1:4; ਪਰ. 7:10.

19, 20. (ੳ) ਮੂਸਾ ਤੋਂ ਮਹਾਨ ਯਿਸੂ ਦੀ ਭੂਮਿਕਾ ਉੱਤੇ ਸੋਚ-ਵਿਚਾਰ ਕਰਨ ਦਾ ਸਾਡੇ ’ਤੇ ਕੀ ਅਸਰ ਪੈਂਦਾ ਹੈ? (ਅ) ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?

19 ਯਿਸੂ ਨੇ ਇਨਸਾਨਾਂ ਦੀ ਮੁਕਤੀ ਲਈ ਕਈ ਕੰਮ ਕੀਤੇ ਹਨ। ਅਸੀਂ ਜਾਣਦੇ ਹਾਂ ਕਿ ਲੋਕ ਸਾਡੇ ਜ਼ਰੀਏ ਇਨ੍ਹਾਂ ਕੰਮਾਂ ਤੋਂ ਫ਼ਾਇਦਾ ਉਠਾ ਸਕਦੇ ਹਨ। ਇਸ ਤੋਂ ਸਾਨੂੰ ਪ੍ਰਚਾਰ ਤੇ ਸਿਖਾਉਣ ਦੇ ਕੰਮ ਵਿਚ ਹਿੱਸਾ ਲੈਣ ਦੀ ਹੱਲਾਸ਼ੇਰੀ ਮਿਲਦੀ ਹੈ। (ਯਸਾ. 61:1-3) ਇਸ ਤੋਂ ਇਲਾਵਾ, ਮੂਸਾ ਤੋਂ ਮਹਾਨ ਸ਼ਖ਼ਸ ਯਿਸੂ ਦੀ ਭੂਮਿਕਾ ਉੱਤੇ ਸੋਚ-ਵਿਚਾਰ ਕਰਨ ਨਾਲ ਸਾਡਾ ਭਰੋਸਾ ਵਧਦਾ ਹੈ ਕਿ ਜਦੋਂ ਉਹ ਦੁਸ਼ਟ ਲੋਕਾਂ ਨੂੰ ਸਜ਼ਾ ਦੇਣ ਆਵੇਗਾ, ਤਾਂ ਉਹ ਆਪਣੇ ਚੇਲਿਆਂ ਨੂੰ ਬਚਾਵੇਗਾ।—ਮੱਤੀ 25:31-34, 41, 46; ਪਰ. 7:9, 14.

20 ਜੀ ਹਾਂ, ਯਿਸੂ ਮੂਸਾ ਤੋਂ ਕਿਤੇ ਮਹਾਨ ਹੈ! ਉਸ ਨੇ ਉਹ ਵੱਡੇ-ਵੱਡੇ ਕੰਮ ਕੀਤੇ ਜੋ ਮੂਸਾ ਕਦੇ ਵੀ ਨਹੀਂ ਸੀ ਕਰ ਸਕਦਾ। ਯਿਸੂ ਨੇ ਨਬੀ ਵਜੋਂ ਜੋ ਕਿਹਾ ਅਤੇ ਵਿਚੋਲੇ ਵਜੋਂ ਜੋ ਕੁਝ ਕੀਤਾ, ਉਸ ਦਾ ਸਾਰੀ ਮਨੁੱਖਜਾਤੀ ਉੱਤੇ ਅਸਰ ਪਿਆ ਹੈ। ਯਿਸੂ ਨੇ ਮੁਕਤੀਦਾਤੇ ਵਜੋਂ ਲੋਕਾਂ ਨੂੰ ਥੋੜ੍ਹੇ ਹੀ ਚਿਰ ਲਈ ਮੁਕਤੀ ਨਹੀਂ ਦਿਵਾਈ, ਸਗੋਂ ਹਮੇਸ਼ਾ ਲਈ ਦਿਵਾਈ ਹੈ। ਪਰ ਗੱਲ ਇੱਥੇ ਹੀ ਨਹੀਂ ਮੁਕਦੀ। ਅਸੀਂ ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਭਗਤਾਂ ਤੋਂ ਹੋਰ ਵੀ ਬਹੁਤ ਕੁਝ ਸਿੱਖ ਸਕਦੇ ਹਾਂ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਯਿਸੂ ਦਾਊਦ ਅਤੇ ਸੁਲੇਮਾਨ ਨਾਲੋਂ ਕਿਵੇਂ ਮਹਾਨ ਸੀ।

ਕੀ ਤੁਸੀਂ ਸਮਝਾ ਸਕਦੇ ਹੋ?

ਯਿਸੂ ਮੂਸਾ ਨਾਲੋਂ

• ਨਬੀ ਵਜੋਂ ਕਿਵੇਂ ਮਹਾਨ ਹੈ?

• ਵਿਚੋਲੇ ਵਜੋਂ ਕਿਵੇਂ ਮਹਾਨ ਹੈ?

• ਮੁਕਤੀਦਾਤੇ ਵਜੋਂ ਕਿਵੇਂ ਮਹਾਨ ਹੈ?

[ਸਵਾਲ]

[ਸਫ਼ਾ 26 ਉੱਤੇ ਡੱਬੀ/ਤਸਵੀਰ]

ਯਿਸੂ ਅਤੇ ਮੂਸਾ ਵਿਚਕਾਰ ਹੋਰ ਮਿਲਦੀਆਂ-ਜੁਲਦੀਆਂ ਗੱਲਾਂ

◻ ਦੋਹਾਂ ਨੇ ਯਹੋਵਾਹ ਅਤੇ ਆਪਣੇ ਲੋਕਾਂ ਦੀ ਸੇਵਾ ਕਰਨ ਲਈ ਆਪਣੀਆਂ ਉੱਚੀਆਂ ਪਦਵੀਆਂ ਤਿਆਗ ਦਿੱਤੀਆਂ।—2 ਕੁਰਿੰ. 8:9; ਫ਼ਿਲਿ. 2:5-8; ਇਬ. 11:24-26.

◻ ਦੋਹਾਂ ਨੂੰ ਯਹੋਵਾਹ ਨੇ ਚੁਣਿਆ ਸੀ।—ਮਰ. 14:61, 62; ਯੂਹੰ. 4:25, 26; ਇਬ. 11:26.

◻ ਦੋਵੇਂ ਯਹੋਵਾਹ ਦੇ ਨਾਂ ’ਤੇ ਆਏ ਸਨ।—ਕੂਚ 3:13-16; ਯੂਹੰ. 5:43; 17:4, 6, 26.

◻ ਦੋਵੇਂ ਨਿਮਰ ਸਨ।—ਗਿਣ. 12:3; ਮੱਤੀ 11:28-30.

◻ ਮੂਸਾ ਨੇ ਲੋਕਾਂ ਨੂੰ ਖਾਣਾ ਖੁਆਇਆ; ਯਿਸੂ ਆਪ ਬਹੁਤਿਆਂ ਲਈ ਜੀਉਣ ਦੀ ਰੋਟੀ ਸੀ।—ਕੂਚ 16:12; ਯੂਹੰ. 6:48-51.

◻ ਦੋਹਾਂ ਨੇ ਲੋਕਾਂ ਦਾ ਇਨਸਾਫ਼ ਕੀਤਾ ਅਤੇ ਉਨ੍ਹਾਂ ਨੂੰ ਕਾਨੂੰਨ ਦਿੱਤੇ।—ਕੂਚ 18:13; ਮਲਾ. 4:4; ਯੂਹੰ. 5:22, 23; 15:10.

◻ ਦੋਹਾਂ ਨੂੰ ਪਰਮੇਸ਼ੁਰ ਦੇ ਘਰ ਉੱਤੇ ਅਧਿਕਾਰ ਦਿੱਤਾ ਗਿਆ।—ਗਿਣ. 12:7; ਇਬ. 3:2-6.

◻ ਦੋਹਾਂ ਨੂੰ ਯਹੋਵਾਹ ਦੇ ਵਫ਼ਾਦਾਰ ਗਵਾਹ ਕਿਹਾ ਗਿਆ।—ਇਬ. 11:24-29; 12:1; ਪਰ. 1:5.

◻ ਮੂਸਾ ਅਤੇ ਯਿਸੂ ਦੀ ਮੌਤ ਤੋਂ ਬਾਅਦ ਪਰਮੇਸ਼ੁਰ ਨੇ ਕਿਸੇ ਨੂੰ ਉਨ੍ਹਾਂ ਦੇ ਸਰੀਰਾਂ ਦਾ ਪਤਾ ਨਹੀਂ ਲੱਗਣ ਦਿੱਤਾ।—ਬਿਵ. 34:5, 6; ਲੂਕਾ 24:1-3; ਰਸੂ. 2:31; 1 ਕੁਰਿੰ. 15:50; ਯਹੂ. 9.