Skip to content

Skip to table of contents

ਸ੍ਰਿਸ਼ਟੀ ਵਿਚ ਯਹੋਵਾਹ ਦੀ ਬੁੱਧ ਝਲਕਦੀ ਹੈ

ਸ੍ਰਿਸ਼ਟੀ ਵਿਚ ਯਹੋਵਾਹ ਦੀ ਬੁੱਧ ਝਲਕਦੀ ਹੈ

ਸ੍ਰਿਸ਼ਟੀ ਵਿਚ ਯਹੋਵਾਹ ਦੀ ਬੁੱਧ ਝਲਕਦੀ ਹੈ

‘ਉਹ ਦਾ ਅਣਡਿੱਠ ਸੁਭਾਉ ਉਹ ਦੀ ਰਚਨਾ ਤੋਂ ਚੰਗੀ ਤਰਾਂ ਦਿੱਸ ਪੈਂਦਾ ਹੈ।’—ਰੋਮੀ. 1:20.

1. ਦੁਨੀਆਂ ਦੀ ਬੁੱਧ ਨੇ ਅੱਜ ਲੋਕਾਂ ਉੱਤੇ ਕਿਹੋ ਜਿਹਾ ਅਸਰ ਪਾਇਆ ਹੈ?

ਲੋਕਾਂ ਨੂੰ ਕਦੇ-ਕਦੇ ਐਵੇਂ ਬੁੱਧੀਮਾਨ ਕਹਿ ਦਿੱਤਾ ਜਾਂਦਾ ਹੈ। ਕੁਝ ਲੋਕ ਉਸ ਬੰਦੇ ਨੂੰ ਬੁੱਧੀਮਾਨ ਸਮਝਦੇ ਹਨ ਜਿਸ ਕੋਲ ਜ਼ਿਆਦਾ ਗਿਆਨ ਹੈ ਜਾਂ ਜੋ ਜ਼ਿਆਦਾ ਪੜ੍ਹਿਆ-ਲਿਖਿਆ ਹੁੰਦਾ ਹੈ। ਪਰ ਦੁਨੀਆਂ ਦੇ ਇਨ੍ਹਾਂ ਲੋਕਾਂ ਦੀ ਬੁੱਧੀ ’ਤੇ ਕੋਈ ਭਰੋਸਾ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਇਹ ਲੋਕ ਹੋਰਨਾਂ ਨੂੰ ਜੀਣ ਦੇ ਮਕਸਦ ਬਾਰੇ ਕੋਈ ਸੇਧ ਨਹੀਂ ਦੇ ਸਕਦੇ। ਉਨ੍ਹਾਂ ਦੀਆਂ ਗੱਲਾਂ ਵਿਚ ਆਉਣ ਵਾਲੇ ਲੋਕ ਮਨੁੱਖੀ “ਸਿੱਖਿਆ ਦੇ ਹਰੇਕ ਬੁੱਲੇ ਨਾਲ ਐਧਰ ਉੱਧਰ ਡੋਲਦੇ ਫਿਰਦੇ ਹਨ।”—ਅਫ਼. 4:14.

2, 3. (ੳ) ਯਹੋਵਾਹ ਇਕੱਲਾ “ਬੁੱਧੀਮਾਨ” ਕਿਉਂ ਹੈ? (ਅ) ਪਰਮੇਸ਼ੁਰੀ ਬੁੱਧ ਦੁਨੀਆਂ ਦੀ ਬੁੱਧ ਨਾਲੋਂ ਕਿਵੇਂ ਵੱਖਰੀ ਹੈ?

2 ਪਰ ਅਜਿਹੇ ਲੋਕ ਵੀ ਹਨ ਜੋ ਦੁਨੀਆਂ ਦੇ ਲੋਕਾਂ ਤੋਂ ਬਿਲਕੁਲ ਵੱਖਰੇ ਹਨ ਕਿਉਂਕਿ ਉਨ੍ਹਾਂ ਕੋਲ ਯਹੋਵਾਹ ਦੀ ਬੁੱਧ ਹੈ! ਬਾਈਬਲ ਵਿਚ ਦੱਸਿਆ ਗਿਆ ਹੈ ਕਿ ਇਕੱਲਾ ਯਹੋਵਾਹ ਹੀ “ਬੁੱਧੀਮਾਨ” ਹੈ। (ਰੋਮੀ. 16:27) ਉਹੀ ਬ੍ਰਹਿਮੰਡ ਬਾਰੇ ਸਭ ਕੁਝ ਜਾਣਦਾ ਹੈ ਕਿ ਇਸ ਵਿਚ ਕਿਹੜੀਆਂ-ਕਿਹੜੀਆਂ ਚੀਜ਼ਾਂ ਕਿਵੇਂ ਬਣਾਈਆਂ ਗਈਆਂ ਸਨ। ਕੁਦਰਤ ਨੂੰ ਚਲਾਉਣ ਵਾਲੇ ਨਿਯਮ ਵੀ ਯਹੋਵਾਹ ਨੇ ਬਣਾਏ ਹਨ ਜਿਨ੍ਹਾਂ ਦੇ ਸਹਾਰੇ ਵਿਗਿਆਨੀ ਰਿਸਰਚ ਕਰਦੇ ਹਨ। ਇਸ ਲਈ ਯਹੋਵਾਹ ਇਨਸਾਨਾਂ ਦੁਆਰਾ ਖੋਜ ਕੀਤੀਆਂ ਨਵੀਆਂ-ਨਵੀਆਂ ਚੀਜ਼ਾਂ ਅਤੇ ਉਨ੍ਹਾਂ ਦੇ ਫ਼ਲਸਫ਼ੇ ਤੋਂ ਪ੍ਰਭਾਵਿਤ ਨਹੀਂ ਹੁੰਦਾ ਕਿਉਂਕਿ “ਇਸ ਸੰਸਾਰ ਦਾ ਗਿਆਨ ਪਰਮੇਸ਼ੁਰ ਦੇ ਭਾਣੇ ਮੂਰਖਪੁਣਾ ਹੈ।”—1 ਕੁਰਿੰ. 3:19.

3 ਬਾਈਬਲ ਸਾਨੂੰ ਦੱਸਦੀ ਹੈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ‘ਬੁੱਧ ਦਿੰਦਾ’ ਹੈ। (ਕਹਾ. 2:6) ਇਨਸਾਨ ਦੇ ਫ਼ਲਸਫ਼ੇ ਸਮਝਣੇ ਬਹੁਤ ਔਖੇ ਹਨ, ਪਰ ਪਰਮੇਸ਼ੁਰ ਦੀ ਬੁੱਧ ਦੀਆਂ ਗੱਲਾਂ ਸਮਝਣੀਆਂ ਇੰਨੀਆਂ ਔਖੀਆਂ ਨਹੀਂ। ਜਿਸ ਇਨਸਾਨ ਕੋਲ ਪਰਮੇਸ਼ੁਰ ਦੀ ਬੁੱਧ ਹੁੰਦੀ ਹੈ, ਉਹ ਸੂਝ-ਬੂਝ ਤੋਂ ਕੰਮ ਲੈ ਕੇ ਫ਼ੈਸਲੇ ਕਰਦਾ ਹੈ ਜੋ ਸਹੀ ਗਿਆਨ ਅਤੇ ਸਮਝ ’ਤੇ ਆਧਾਰਿਤ ਹੁੰਦੇ ਹਨ। (ਯਾਕੂਬ 3:17 ਪੜ੍ਹੋ।) ਪੌਲੁਸ ਰਸੂਲ ਯਹੋਵਾਹ ਦੀ ਬੁੱਧੀ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਉਸ ਨੇ ਲਿਖਿਆ: “ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ! ਉਹ ਦੇ ਨਿਆਉਂ ਕੇਡੇ ਅਣ-ਲੱਭ ਹਨ ਅਤੇ ਉਹ ਦੇ ਰਾਹ ਕੇਡੇ ਬੇਖੋਜ ਹਨ!” (ਰੋਮੀ. 11:33) ਸਿਰਫ਼ ਯਹੋਵਾਹ ਹੀ ਬੁੱਧੀਮਾਨ ਹੈ, ਇਸ ਲਈ ਸਾਨੂੰ ਭਰੋਸਾ ਹੈ ਕਿ ਉਹੀ ਸਾਨੂੰ ਜੀਉਣ ਦਾ ਸਭ ਤੋਂ ਵਧੀਆ ਰਾਹ ਦੱਸ ਸਕਦਾ ਹੈ। ਇਨਸਾਨ ਨਾਲੋਂ ਯਹੋਵਾਹ ਹੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਸਾਨੂੰ ਖ਼ੁਸ਼ ਰਹਿਣ ਲਈ ਕਿਸ ਚੀਜ਼ ਦੀ ਲੋੜ ਹੈ।—ਕਹਾ. 3:5, 6.

“ਰਾਜ ਮਿਸਤਰੀ” ਯਿਸੂ

4. ਕਿਹੜੇ ਇਕ ਤਰੀਕੇ ਨਾਲ ਅਸੀਂ ਪਰਮੇਸ਼ੁਰ ਦੀ ਬੁੱਧ ਬਾਰੇ ਜਾਣ ਸਕਦੇ ਹਾਂ?

4 ਯਹੋਵਾਹ ਦੀ ਰਚਨਾ ਤੋਂ ਉਸ ਦੀ ਬੁੱਧ ਤੋਂ ਇਲਾਵਾ ਹੋਰ ਵੀ ਬੇਮਿਸਾਲ ਗੁਣ ਦੇਖੇ ਜਾ ਸਕਦੇ ਹਨ। (ਰੋਮੀਆਂ 1:20 ਪੜ੍ਹੋ।) ਅਸੀਂ ਯਹੋਵਾਹ ਦੀ ਹਰ ਛੋਟੀ-ਵੱਡੀ ਰਚਨਾ ਤੋਂ ਉਸ ਦੇ ਸੁਭਾਅ ਬਾਰੇ ਕੁਝ-ਨਾ-ਕੁਝ ਸਿੱਖ ਸਕਦੇ ਹਾਂ। ਭਾਵੇਂ ਅਸੀਂ ਆਕਾਸ਼ ਵੱਲ ਨਜ਼ਰ ਮਾਰੀਏ ਜਾਂ ਧਰਤੀ ’ਤੇ, ਸਾਨੂੰ ਯਹੋਵਾਹ ਦੀ ਬੁੱਧ ਤੇ ਪਿਆਰ ਦਾ ਬਹੁਤ ਸਾਰਾ ਸਬੂਤ ਮਿਲਦਾ ਹੈ। ਅਸੀਂ ਉਸ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਉੱਤੇ ਗੌਰ ਕਰ ਕੇ ਉਸ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ।—ਜ਼ਬੂ. 19:1; ਯਸਾ. 40:26.

5, 6. (ੳ) ਕਿਸ ਨੇ ਸ੍ਰਿਸ਼ਟੀ ਕਰਨ ਵਿਚ ਯਹੋਵਾਹ ਦਾ ਹੱਥ ਵਟਾਇਆ? (ਅ) ਹੁਣ ਅਸੀਂ ਕਿਸ ਉੱਤੇ ਗੌਰ ਕਰਾਂਗੇ ਅਤੇ ਕਿਉਂ?

5 ਜਦੋਂ ਯਹੋਵਾਹ ਨੇ “ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ,” ਉਦੋਂ ਉਹ ਇਕੱਲਾ ਨਹੀਂ ਸੀ। (ਉਤ. 1:1) ਬਾਈਬਲ ਕਹਿੰਦੀ ਹੈ ਕਿ ਸਾਰਾ ਕੁਝ ਰਚਣ ਤੋਂ ਪਹਿਲਾਂ ਪਰਮੇਸ਼ੁਰ ਨੇ ਇਕ ਫ਼ਰਿਸ਼ਤਾ ਬਣਾਇਆ ਜਿਸ ਦੇ ਜ਼ਰੀਏ ਬਾਕੀ “ਸਾਰੀਆਂ ਵਸਤਾਂ” ਬਣਾਈਆਂ ਗਈਆਂ। ਉਹ ਫ਼ਰਿਸ਼ਤਾ ਪਰਮੇਸ਼ੁਰ ਦਾ ਇਕਲੌਤਾ ਪੁੱਤਰ ਸੀ। ਉਹ “ਸਾਰੀ ਸਰਿਸ਼ਟ ਵਿੱਚੋਂ ਜੇਠਾ” ਸੀ ਅਤੇ ਧਰਤੀ ਉੱਤੇ ਇਨਸਾਨ ਦੇ ਰੂਪ ਵਿਚ ਯਿਸੂ ਵਜੋਂ ਜਾਣਿਆ ਜਾਂਦਾ ਸੀ। (ਕੁਲੁ. 1:15-17) ਯਿਸੂ ਯਹੋਵਾਹ ਵਾਂਗ ਹੀ ਬੁੱਧੀਮਾਨ ਹੈ। ਇਸ ਲਈ ਕਹਾਉਤਾਂ ਦੇ 8ਵੇਂ ਅਧਿਆਇ ਵਿਚ ਯਿਸੂ ਨੂੰ ਬੁੱਧ ਵਜੋਂ ਦਰਸਾਇਆ ਗਿਆ ਹੈ। ਇਸੇ ਅਧਿਆਇ ਵਿਚ ਯਿਸੂ ਨੂੰ ਪਰਮੇਸ਼ੁਰ ਦਾ “ਰਾਜ ਮਿਸਤਰੀ” ਕਿਹਾ ਗਿਆ ਹੈ।—ਕਹਾ. 8:12, 22-31.

6 ਸਾਰੀ ਸ੍ਰਿਸ਼ਟੀ ਤੋਂ ਯਹੋਵਾਹ ਅਤੇ ਉਸ ਦੇ ਰਾਜ ਮਿਸਤਰੀ ਯਿਸੂ ਦੀ ਬੁੱਧ ਝਲਕਦੀ ਹੈ। ਅਸੀਂ ਸ੍ਰਿਸ਼ਟੀ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਆਓ ਆਪਾਂ ਯਹੋਵਾਹ ਦੀਆਂ ਚਾਰ ਰਚਨਾਵਾਂ ਉੱਤੇ ਗੌਰ ਕਰੀਏ ਜਿਨ੍ਹਾਂ ਨੂੰ ਕਹਾਉਤਾਂ 30:24-28 ਵਿਚ “ਸਿਆਣੀਆਂ” ਕਿਹਾ ਗਿਆ ਹੈ। *

ਕੀੜੀਆਂ ਤੋਂ ਮਿਹਨਤ ਕਰਨੀ ਸਿੱਖੋ

7, 8.  ਤੁਹਾਨੂੰ ਕੀੜੀਆਂ ਦੇ ਕੰਮ ਕਰਨ ਦਾ ਕਿਹੜਾ ਤਰੀਕਾ ਚੰਗਾ ਲੱਗਦਾ ਹੈ?

7 ਅਸੀਂ ‘ਧਰਤੀ ਉੱਤੇ ਨਿੱਕੀਆਂ ਵਸਤਾਂ’ ਦੇ ਡੀਜ਼ਾਈਨ ਅਤੇ ਉਨ੍ਹਾਂ ਦੇ ਕੰਮਾਂ ਉੱਤੇ ਗੌਰ ਕਰ ਕੇ ਬਹੁਤ ਕੁਝ ਸਿੱਖ ਸਕਦੇ ਹਾਂ। ਮਿਸਾਲ ਲਈ, ਆਓ ਆਪਾਂ ਕੀੜੀਆਂ ਦੀ ਕੁਦਰਤੀ ਬੁੱਧ ਉੱਤੇ ਧਿਆਨ ਦੇਈਏ।—ਕਹਾਉਤਾਂ 30:24, 25 ਪੜ੍ਹੋ।

8 ਕੁਝ ਵਿਗਿਆਨੀ ਮੰਨਦੇ ਹਨ ਕਿ ਪ੍ਰਤਿ ਇਨਸਾਨ ਘੱਟੋ-ਘੱਟ ਦੋ ਲੱਖ ਕੀੜੀਆਂ ਹਨ ਜੋ ਧਰਤੀ ਦੇ ਥੱਲੇ ਅਤੇ ਉੱਤੇ ਸਖ਼ਤ ਮਿਹਨਤ ਕਰਦੀਆਂ ਹਨ। ਕੀੜੀਆਂ ਕਾਲੋਨੀਆਂ ਵਿਚ ਰਹਿੰਦੀਆਂ ਹਨ। ਜ਼ਿਆਦਾਤਰ ਕਾਲੋਨੀਆਂ ਵਿਚ ਤਿੰਨ ਤਰ੍ਹਾਂ ਦੀਆਂ ਕੀੜੀਆਂ ਹੁੰਦੀਆਂ ਹਨ: ਰਾਣੀ ਕੀੜੀ, ਨਰ ਕੀੜੀ ਤੇ ਕੰਮ ਕਰਨ ਵਾਲੀ ਕੀੜੀ। ਇਹ ਸਾਰੀਆਂ ਮਿਲ ਕੇ ਆਪੋ-ਆਪਣੇ ਤਰੀਕੇ ਨਾਲ ਦਿਨ-ਰਾਤ ਆਪਣੀ ਕਾਲੋਨੀ ਦੀ ਦੇਖ-ਰੇਖ ਕਰਦੀਆਂ ਹਨ। ਇਕ ਪੱਤੇ ਕੁਤਰਨ ਵਾਲੀ ਕੀੜੀ ਦੱਖਣੀ ਅਮਰੀਕਾ ਵਿਚ ਹੈ ਜੋ ਮਾਲੀ ਦੀ ਤਰ੍ਹਾਂ ਬਾਖੂਬੀ ਕੰਮ ਕਰਦੀ ਹੈ। ਉਹ ਆਪਣੀ ਖੁੱਡ ਵਿਚ ਲਾਏ ਉੱਲੀ ਦੇ ਬਾਗ਼ਾਂ ਵਿਚ ਖਾਦ ਪਾਉਂਦੀ, ਪੌਦਿਆਂ ਨੂੰ ਇਕ ਥਾਂ ਤੋਂ ਪੁੱਟ ਕੇ ਦੂਜੀ ਥਾਂ ਲਾਉਂਦੀ ਤੇ ਪੌਦਿਆਂ ਨੂੰ ਛਾਂਗਦੀ ਹੈ ਜਿਸ ਕਰਕੇ ਫ਼ਸਲ ਚੰਗੀ ਹੁੰਦੀ ਹੈ। ਵਿਗਿਆਨੀਆਂ ਨੇ ਦੇਖਿਆ ਹੈ ਕਿ ਇਹ ਮਾਹਰ ਕੀੜੀ ਉਸ ਹਿਸਾਬ ਨਾਲ ਕੰਮ ਕਰਦੀ ਹੈ ਜਿਸ ਹਿਸਾਬ ਨਾਲ ਕਾਲੋਨੀ ਨੂੰ ਭੋਜਨ ਚਾਹੀਦਾ ਹੈ। *

9, 10. ਅਸੀਂ ਕੀੜੀਆਂ ਵਾਂਗ ਕਿਵੇਂ ਮਿਹਨਤੀ ਬਣ ਸਕਦੇ ਹਾਂ?

9 ਅਸੀਂ ਕੀੜੀਆਂ ਤੋਂ ਕੁਝ ਸਿੱਖ ਸਕਦੇ ਹਾਂ। ਅਸੀਂ ਸਿੱਖਦੇ ਹਾਂ ਕਿ ਜੇ ਅਸੀਂ ਮਿਹਨਤ ਕਰਾਂਗੇ, ਤਾਹੀਓਂ ਸਾਨੂੰ ਫਲ ਮਿਲੇਗਾ। ਬਾਈਬਲ ਦੱਸਦੀ ਹੈ: “ਹੇ ਆਲਸੀ, ਤੂੰ ਕੀੜੀ ਕੋਲ ਜਾਹ, ਉਹ ਦੇ ਰਾਹਾਂ ਨੂੰ ਵੇਖ ਅਤੇ ਬੁੱਧਵਾਨ ਬਣ, ਜਿਹ ਦਾ ਨਾ ਕੋਈ ਆਗੂ, ਨਾ ਹੁੱਦੇਦਾਰ ਨਾ ਹਾਕਮ ਹੈ, ਉਹ ਆਪਣਾ ਅਹਾਰ ਗਰਮੀ ਵਿੱਚ ਜੋੜਦੀ, ਅਤੇ ਵਾਢੀ ਦੇ ਵੇਲੇ ਆਪਣੀਆਂ ਖਾਣ ਵਾਲੀਆਂ ਵਸਤਾਂ ਇਕੱਠੀਆਂ ਕਰਦੀ ਹੈ।” (ਕਹਾ. 6:6-8) ਯਹੋਵਾਹ ਅਤੇ ਉਸ ਦਾ ਰਾਜ ਮਿਸਤਰੀ ਯਿਸੂ ਦੋਵੇਂ ਮਿਹਨਤੀ ਹਨ। ਯਿਸੂ ਨੇ ਕਿਹਾ: “ਮੇਰਾ ਪਿਤਾ ਹੁਣ ਤੀਕੁਰ ਕੰਮ ਕਰਦਾ ਹੈ ਅਤੇ ਮੈਂ ਵੀ ਕੰਮ ਕਰਦਾ ਹਾਂ।”—ਯੂਹੰ. 5:17.

10 ਸਾਨੂੰ ਵੀ ਪਰਮੇਸ਼ੁਰ ਅਤੇ ਯਿਸੂ ਦੀ ਤਰ੍ਹਾਂ ਮਿਹਨਤੀ ਹੋਣਾ ਚਾਹੀਦਾ ਹੈ। ਪਰਮੇਸ਼ੁਰ ਦੇ ਸੰਗਠਨ ਵਿਚ ਸਾਨੂੰ ਜੋ ਵੀ ਕੰਮ ਮਿਲਿਆ ਹੈ, ਉਹ ਸਾਨੂੰ ਦਿਲ ਲਾ ਕੇ ਕਰਨਾ ਚਾਹੀਦਾ ਹੈ ਅਤੇ ‘ਪ੍ਰਭੁ ਦੇ ਉਸ ਕੰਮ ਵਿੱਚ ਸਦਾ ਵਧਦੇ ਜਾਣਾ’ ਚਾਹੀਦਾ ਹੈ। (1 ਕੁਰਿੰ. 15:58) ਇਸ ਲਈ ਚੰਗਾ ਹੋਵੇਗਾ ਜੇ ਅਸੀਂ ਪੌਲੁਸ ਦੀ ਸਲਾਹ ਨੂੰ ਮੰਨੀਏ ਜੋ ਉਸ ਨੇ ਰੋਮ ਦੇ ਮਸੀਹੀਆਂ ਨੂੰ ਦਿੱਤੀ ਸੀ: “ਮਿਹਨਤ ਵਿੱਚ ਢਿੱਲੇ ਨਾ ਹੋਵੋ, ਆਤਮਾ ਵਿੱਚ ਸਰਗਰਮ ਰਹੋ, ਪ੍ਰਭੁ ਦੀ ਸੇਵਾ ਕਰਿਆ ਕਰੋ।” (ਰੋਮੀ. 12:11) ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਅਸੀਂ ਜੋ ਵੀ ਕਰਦੇ ਹਾਂ, ਉਹ ਵਿਅਰਥ ਨਹੀਂ ਜਾਂਦਾ ਕਿਉਂਕਿ ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।”—ਇਬ. 6:10.

ਆਪਣੀ ਨਿਹਚਾ ਦੀ ਰਾਖੀ ਕਰੋ

11. ਪਹਾੜੀ ਸੈਹੇ ਦੀਆਂ ਕੁਝ ਖੂਬੀਆਂ ਦੱਸੋ।

11 ਪਹਾੜੀ ਸੈਹਾ ਇਕ ਹੋਰ ਛੋਟਾ ਜਿਹਾ ਜੀਵ ਹੈ ਜਿਸ ਤੋਂ ਅਸੀਂ ਕੁਝ ਸਿੱਖ ਸਕਦੇ ਹਾਂ। (ਕਹਾਉਤਾਂ 30:26 ਪੜ੍ਹੋ।) ਇਹ ਦੇਖਣ ਨੂੰ ਕੁਝ-ਕੁਝ ਵੱਡੇ ਖ਼ਰਗੋਸ਼ ਵਰਗਾ ਲੱਗਦਾ ਹੈ, ਪਰ ਇਸ ਦੇ ਦੋ ਛੋਟੇ-ਛੋਟੇ ਗੋਲ ਕੰਨ ਹਨ ਅਤੇ ਪਿੱਦੀਆਂ-ਪਿੱਦੀਆਂ ਲੱਤਾਂ ਹਨ। ਇਹ ਜੀਵ ਪਹਾੜੀ ਇਲਾਕਿਆਂ ਵਿਚ ਰਹਿੰਦਾ ਹੈ ਅਤੇ ਉਸ ਦੀ ਤੇਜ਼ ਨਜ਼ਰ ਖ਼ਤਰੇ ਨੂੰ ਦੂਰੋਂ ਪਛਾਣ ਲੈਂਦੀ ਹੈ। ਸੈਹਾ ਆਪਣੀ ਖੁੱਡ ਸਿੱਧੀਆਂ ਚਟਾਨਾਂ ਵਿਚ ਬਣਾਉਂਦਾ ਹੈ ਜਿਸ ਕਰਕੇ ਉਹ ਛੇਤੀ ਹੀ ਕਿਸੇ ਦਾ ਸ਼ਿਕਾਰ ਨਹੀਂ ਬਣਦਾ। ਸੈਹਾ ਝੁੰਡ ਵਿਚ ਰਹਿੰਦਾ ਹੈ। ਇਸ ਤਰ੍ਹਾਂ ਉਹ ਨਾ ਸਿਰਫ਼ ਸੁਰੱਖਿਅਤ ਰਹਿੰਦਾ ਹੈ, ਸਗੋਂ ਸਰਦੀਆਂ ਵਿਚ ਉਸ ਨੂੰ ਨਿੱਘ ਵੀ ਮਿਲਦਾ ਹੈ। *

12, 13. ਪਹਾੜੀ ਸੈਹੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

12 ਅਸੀਂ ਪਹਾੜੀ ਸੈਹੇ ਤੋਂ ਕੀ ਸਿੱਖ ਸਕਦੇ ਹਾਂ? ਪਹਿਲੀ ਗੱਲ ਹੈ ਕਿ ਇਹ ਜਾਨਵਰ ਆਪਣੇ ਆਪ ਨੂੰ ਖ਼ਤਰੇ ਤੋਂ ਬਚਾ ਕੇ ਰੱਖਦਾ ਹੈ। ਉਹ ਆਪਣੀ ਤੇਜ਼ ਨਜ਼ਰ ਨਾਲ ਸ਼ਿਕਾਰੀਆਂ ਨੂੰ ਦੂਰੋਂ ਦੇਖ ਲੈਂਦਾ ਹੈ ਅਤੇ ਇਹ ਖੁੱਡ ਦੇ ਨੇੜੇ ਰਹਿੰਦਾ ਹੈ ਜਿਸ ਕਾਰਨ ਉਹ ਦੀ ਜਾਨ ਬਚ ਸਕਦੀ ਹੈ। ਇਸੇ ਤਰ੍ਹਾਂ ਸਾਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ ਤਾਂਕਿ ਅਸੀਂ ਸ਼ਤਾਨ ਦੀ ਦੁਨੀਆਂ ਦੇ ਖ਼ਤਰਿਆਂ ਤੋਂ ਬਚ ਸਕੀਏ। ਪਤਰਸ ਰਸੂਲ ਨੇ ਮਸੀਹੀਆਂ ਨੂੰ ਤਾਕੀਦ ਕੀਤੀ ਸੀ: “ਸੁਚੇਤ ਹੋਵੋ, ਜਾਗਦੇ ਰਹੋ! ਤੁਹਾਡਾ ਵਿਰੋਧੀ ਸ਼ਤਾਨ ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ!” (1 ਪਤ. 5:8) ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਸ਼ਤਾਨ ਨੇ ਉਸ ਦੀ ਖਰਿਆਈ ਤੋੜਨ ਦੀ ਹਰ ਕੋਸ਼ਿਸ਼ ਕੀਤੀ, ਪਰ ਯਿਸੂ ਨੇ ਸੁਚੇਤ ਰਹਿ ਕੇ ਸ਼ਤਾਨ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। (ਮੱਤੀ 4:1-11) ਇਸ ਤਰ੍ਹਾਂ ਯਿਸੂ ਨੇ ਆਪਣੇ ਚੇਲਿਆਂ ਲਈ ਇਕ ਸ਼ਾਨਦਾਰ ਨਮੂਨਾ ਛੱਡਿਆ!

13 ਸੁਚੇਤ ਰਹਿਣ ਦਾ ਇਕ ਤਰੀਕਾ ਹੈ ਕਿ ਅਸੀਂ ਯਹੋਵਾਹ ਦੇ ਕੀਤੇ ਸਾਰੇ ਪ੍ਰਬੰਧਾਂ ਦਾ ਫ਼ਾਇਦਾ ਉਠਾਈਏ। ਸਾਨੂੰ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨਾ ਚਾਹੀਦਾ ਹੈ ਅਤੇ ਮਸੀਹੀ ਸਭਾਵਾਂ ’ਤੇ ਹਾਜ਼ਰ ਹੋਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਲੂਕਾ 4:4; ਇਬ. 10:24, 25) ਜਿੱਦਾਂ ਸੈਹਾ ਝੁੰਡ ਵਿਚ ਰਹਿ ਕੇ ਸੁਰੱਖਿਅਤ ਰਹਿੰਦਾ ਹੈ, ਉਸੇ ਤਰ੍ਹਾਂ ਸਾਨੂੰ ਆਪਣੇ ਭੈਣਾਂ-ਭਰਾਵਾਂ ਦੇ ਨੇੜੇ ਰਹਿਣ ਦੀ ਲੋੜ ਹੈ ਤਾਂਕਿ ਸਾਨੂੰ ‘ਦੋਵੇਂ ਧਿਰਾਂ ਨੂੰ ਉਤਸ਼ਾਹ ਪ੍ਰਾਪਤ’ ਹੋਵੇ। (ਰੋਮ 1:12, CL) ਜਦੋਂ ਅਸੀਂ ਰਾਖੀ ਲਈ ਕੀਤੇ ਯਹੋਵਾਹ ਦੇ ਸਾਰੇ ਪ੍ਰਬੰਧਾਂ ਦਾ ਫ਼ਾਇਦਾ ਉਠਾਉਂਦੇ ਹਾਂ, ਤਾਂ ਅਸੀਂ ਜ਼ਬੂਰ ਦਾਊਦ ਦੀ ਤਰ੍ਹਾਂ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹੁੰਦੇ ਹਾਂ: “ਯਹੋਵਾਹ ਮੇਰੀ ਚਟਾਨ, ਮੇਰਾ ਗੜ੍ਹ ਅਤੇ ਮੇਰਾ ਛੁਡਾਉਣ ਵਾਲਾ ਹੈ, ਮੇਰਾ ਪਰਮੇਸ਼ੁਰ, ਮੇਰਾ ਟਿੱਲਾ, ਜਿਹ ਦੀ ਸ਼ਰਨੀ ਮੈਂ ਆਇਆ ਹਾਂ।”—ਜ਼ਬੂ. 18:2.

ਵਿਰੋਧ ਦੇ ਬਾਵਜੂਦ ਲੱਗੇ ਰਹੋ

14. ਭਾਵੇਂ ਇਕੱਲੀ ਟਿੱਡੀ ਸ਼ਾਇਦ ਇੰਨੀ ਅਹਿਮੀਅਤ ਨਹੀਂ ਰੱਖਦੀ, ਪਰ ਲੱਖਾਂ ਟਿੱਡੀਆਂ ਦੇ ਦਲ ਬਾਰੇ ਕੀ ਕਿਹਾ ਜਾ ਸਕਦਾ ਹੈ?

14 ਅਸੀਂ ਟਿੱਡੀਆਂ ਤੋਂ ਵੀ ਸਬਕ ਸਿੱਖ ਸਕਦੇ ਹਾਂ। ਟਿੱਡੀ ਸਿਰਫ਼ ਦੋ ਇੰਚ ਲੰਬੀ ਹੁੰਦੀ ਹੈ। ਇਕ ਇਕੱਲੀ ਟਿੱਡੀ ਨੂੰ ਅਸੀਂ ਜ਼ਿਆਦਾ ਅਹਿਮੀਅਤ ਨਹੀਂ ਦਿੰਦੇ, ਪਰ ਲੱਖਾਂ ਟਿੱਡੀਆਂ ਦਾ ਝੁੰਡ ਦੇਖ ਕੇ ਕੋਈ ਵੀ ਡਰ ਜਾਵੇਗਾ। (ਕਹਾਉਤਾਂ 30:27 ਪੜ੍ਹੋ।) ਟਿੱਡੀਆਂ ਬਹੁਤ ਖਾਂਦੀਆਂ ਹਨ। ਇਹ ਖੇਤ ਵਿਚ ਵਾਢੀ ਲਈ ਤਿਆਰ ਖੜ੍ਹੀ ਫ਼ਸਲ ਨੂੰ ਛੇਤੀ ਹੀ ਉਜਾੜ ਦਿੰਦੀਆਂ ਹਨ। ਬਾਈਬਲ ਵਿਚ ਕੀੜੇ-ਮਕੌੜਿਆਂ ਅਤੇ ਟਿੱਡੀਆਂ ਦੇ ਦਲ ਦੀ ਆਵਾਜ਼ ਦੀ ਤੁਲਨਾ ਰਥਾਂ ਦੇ ਸ਼ੋਰ ਅਤੇ ਭਸਮ ਕਰਨ ਵਾਲੀਆਂ ਅੱਗ ਦੀਆਂ ਲੰਬਾਂ ਨਾਲ ਕੀਤੀ ਗਈ ਹੈ। (ਯੋਏ. 2:3, 5) ਇਨਸਾਨਾਂ ਨੇ ਅੱਗ ਬਾਲ ਕੇ ਟਿੱਡੀਆਂ ਦੇ ਦਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਪਰ ਅੱਗ ਟਿੱਡੀਆਂ ਨੂੰ ਰੋਕ ਨਹੀਂ ਸਕੀ। ਕਿਉਂ? ਕਿਉਂਕਿ ਜਿਹੜੀਆਂ ਟਿੱਡੀਆਂ ਮਰ ਜਾਂਦੀਆਂ ਹਨ, ਉਨ੍ਹਾਂ ਦੇ ਮੁਰਦਾ ਸਰੀਰਾਂ ਨਾਲ ਅੱਗ ਬੁੱਝ ਜਾਂਦੀ ਹੈ। ਅੱਗ ਬੁਝਣ ਤੋਂ ਬਾਅਦ ਬਾਕੀ ਟਿੱਡੀਆਂ ਅੱਗੇ ਲੰਘ ਜਾਂਦੀਆਂ ਹਨ। ਟਿੱਡੀਆਂ ਦਾ ਕੋਈ ਰਾਜਾ ਜਾਂ ਕੋਈ ਲੀਡਰ ਨਹੀਂ ਹੁੰਦਾ, ਫਿਰ ਵੀ ਉਹ ਰਾਹ ਵਿਚ ਆਉਂਦੀ ਹਰ ਰੁਕਾਵਟ ਨੂੰ ਪਾਰ ਕਰਦੀਆਂ ਹੋਈਆਂ ਫ਼ੌਜੀ ਕੁਸ਼ਲਤਾ ਨਾਲ ਅੱਗੇ ਵਧਦੀਆਂ ਜਾਂਦੀਆਂ ਹਨ। *ਯੋਏ. 2:25.

15, 16. ਅੱਜ ਯਹੋਵਾਹ ਦੇ ਗਵਾਹ ਟਿੱਡੀਆਂ ਦੇ ਦਲ ਦੀ ਤਰ੍ਹਾਂ ਕਿਵੇਂ ਹਨ?

15 ਯੋਏਲ ਨਬੀ ਨੇ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਦੀ ਤੁਲਨਾ ਟਿੱਡੀਆਂ ਦੇ ਕੰਮਾਂ ਨਾਲ ਕੀਤੀ। ਉਸ ਨੇ ਲਿਖਿਆ: “ਓਹ ਸੂਰਮਿਆਂ ਵਾਂਙੁ ਦੌੜਦੇ ਹਨ, ਓਹ ਜੋਧਿਆਂ ਵਾਂਙੁ ਕੰਧਾਂ ਟੱਪਦੇ ਹਨ, ਓਹ ਆਪੋ ਆਪਣੇ ਰਾਹ ਉੱਤੇ ਤੁਰਦੇ ਹਨ, ਓਹ ਆਪਣੇ ਮਾਰਗ ਤੋਂ ਨਹੀਂ ਮੁੜਦੇ। ਕੋਈ ਆਪਣੇ ਸਾਥੀ ਨੂੰ ਨਹੀਂ ਧੱਕਦਾ, ਹਰੇਕ ਆਪਣੇ ਰਾਹ ਉੱਤੇ ਤੁਰਦਾ ਹੈ, ਓਹ ਸ਼ਸਤਰਾਂ ਨੂੰ ਚੀਰ ਕੇ ਲੰਘ ਜਾਂਦੇ ਹਨ, ਅਤੇ ਰੁਕਦੇ ਨਹੀਂ।”—ਯੋਏ. 2:7, 8.

16 ਇਹ ਭਵਿੱਖਬਾਣੀ ਕਿੰਨੇ ਸੋਹਣੇ ਤਰੀਕੇ ਨਾਲ ਪਰਮੇਸ਼ੁਰ ਦੇ ਰਾਜ ਦੇ ਪ੍ਰਚਾਰਕਾਂ ਦਾ ਵਰਣਨ ਕਰਦੀ ਹੈ! ਵਿਰੋਧ ਦੀ ਕੋਈ ਵੀ ‘ਕੰਧ’ ਉਨ੍ਹਾਂ ਦੇ ਪ੍ਰਚਾਰ ਦੇ ਕੰਮ ਨੂੰ ਰੋਕ ਨਹੀਂ ਸਕੀ। ਉਹ ਯਿਸੂ ਮਸੀਹ ਦੀ ਮਿਸਾਲ ਉੱਤੇ ਚੱਲਦੇ ਹਨ ਜੋ ਲੋਕਾਂ ਦੀ ਨਫ਼ਰਤ ਦੇ ਬਾਵਜੂਦ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਰਿਹਾ। (ਯਸਾ. 53:3) ਇਹ ਸੱਚ ਹੈ ਕਿ ਕੁਝ ਮਸੀਹੀ ਵਿਰੋਧੀ ਦੇ ‘ਸ਼ਸਤਰਾਂ ਨੂੰ ਚੀਰਦਿਆਂ’ ਡਿੱਗ ਜਾਂਦੇ ਹਨ ਯਾਨੀ ਉਹ ਆਪਣੇ ਵਿਸ਼ਵਾਸਾਂ ਕਾਰਨ ਸ਼ਹੀਦ ਹੋ ਜਾਂਦੇ ਹਨ। ਫਿਰ ਵੀ ਪ੍ਰਚਾਰ ਦਾ ਕੰਮ ਅੱਗੇ ਵਧਦਾ ਗਿਆ ਹੈ ਅਤੇ ਪ੍ਰਚਾਰਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। (ਯੋਏ. 2:7, 8) ਦਰਅਸਲ, ਸਤਾਹਟਾਂ ਦਾ ਉਲਟਾ ਅਸਲ ਹੋਇਆ ਹੈ ਕਿਉਂਕਿ ਇਨ੍ਹਾਂ ਦੇ ਕਾਰਨ ਖ਼ੁਸ਼ ਖ਼ਬਰੀ ਉਨ੍ਹਾਂ ਲੋਕਾਂ ਤਕ ਪਹੁੰਚ ਜਾਂਦੀ ਹੈ ਜਿਨ੍ਹਾਂ ਨੂੰ ਸ਼ਾਇਦ ਹੋਰ ਤਰੀਕਿਆਂ ਰਾਹੀਂ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਨਾ ਮਿਲਿਆ ਹੋਵੇ। (ਰਸੂ. 8:1, 4) ਕੀ ਤੁਸੀਂ ਟਿੱਡੀਆਂ ਦੀ ਤਰ੍ਹਾਂ ਪ੍ਰਚਾਰ ਕਰਨ ਵਿਚ ਲੱਗੇ ਰਹਿੰਦੇ ਹੋ, ਉਦੋਂ ਵੀ ਜਦੋਂ ਲੋਕ ਤੁਹਾਨੂੰ ਸਤਾਉਂਦੇ ਹਨ ਅਤੇ ਤੁਹਾਡੀ ਗੱਲ ਨਹੀਂ ਸੁਣਦੇ?—ਇਬ. 10:39.

“ਸੱਚ ਨਾਲ ਚਿੰਬੜੇ ਰਹੋ”

17. ਗੈੱਕੋ ਦੇ ਪੈਰ ਮੁਲਾਇਮ ਸਤਹ ਉੱਤੇ ਕਿਵੇਂ ਚਿੰਬੜੇ ਰਹਿ ਸਕਦੇ ਹਨ?

17 ਗੈੱਕੋ ਨਾਂ ਦੀ ਨਿੱਕੀ ਜਿਹੀ ਕਿਰਲੀ ਉੱਤੇ ਗੁਰੂਤਾ-ਖਿੱਚ ਦਾ ਕੋਈ ਅਸਰ ਨਹੀਂ ਪੈਂਦਾ। (ਕਹਾਉਤਾਂ 30:28 ਪੜ੍ਹੋ।) ਵਿਗਿਆਨੀ ਹੈਰਾਨ ਰਹਿ ਗਏ ਹਨ ਕਿ ਇਹ ਛੋਟੀ ਜਿਹੀ ਕਿਰਲੀ ਕੰਧਾਂ ਅਤੇ ਛੱਤਾਂ ਉੱਤੇ ਦੌੜਦੀ-ਫਿਰਦੀ ਹੈ ਤੇ ਡਿੱਗਦੀ ਨਹੀਂ। ਗੈੱਕੋ ਇੱਦਾਂ ਕਿਵੇਂ ਕਰ ਪਾਉਂਦੀ ਹੈ? ਇਸ ਦੇ ਪੈਰਾਂ ਨਾਲ ਕੋਈ ਗੂੰਦ ਨਹੀਂ ਲੱਗਾ ਜਿਸ ਕਰਕੇ ਇਹ ਚਿੰਬੜੀ ਰਹਿ ਸਕਦੀ ਹੈ। ਇਸ ਦੀ ਬਜਾਇ ਇਸ ਦੇ ਪੈਰਾਂ ਉੱਤੇ ਹਜ਼ਾਰਾਂ ਹੀ ਛੋਟੇ-ਛੋਟੇ ਵਾਲ ਹਨ। ਹਰ ਵਾਲ ਦੇ ਸਿਰੇ ਉੱਪਰ ਸੈਂਕੜੇ ਹੀ ਗੋਲ-ਗੋਲ ਕੂਚੀਆਂ ਜਿਹੀਆਂ ਹੁੰਦੀਆਂ ਹਨ। ਇਨ੍ਹਾਂ ਕੂਚੀਆਂ ਦੇ ਅੰਦਰਲੇ ਅਣੂਆਂ ਵਿਚ ਜੋ ਬਲ ਹੁੰਦਾ ਹੈ, ਉਹ ਗੈੱਕੋ ਨਾਲੋਂ ਜ਼ਿਆਦਾ ਭਾਰ ਸੰਭਾਲ ਸਕਦਾ ਹੈ। ਜਦੋਂ ਇਹ ਸ਼ੀਸ਼ੇ ਉੱਪਰ ਸਿਰ ਭਾਰ ਥੱਲੇ ਨੂੰ ਆਉਂਦੀ ਹੈ, ਤਾਂ ਇਹ ਡਿੱਗਦੀ ਨਹੀਂ। ਵਿਗਿਆਨੀ ਗੈੱਕੋ ਦੀ ਇਸ ਖੂਬੀ ਤੋਂ ਇੰਨੇ ਪ੍ਰਭਾਵਿਤ ਹੋਏ ਹਨ ਕਿ ਉਨ੍ਹਾਂ ਨੇ ਗੈੱਕੋ ਦੇ ਪੈਰਾਂ ਦੀ ਨਕਲ ਕਰ ਕੇ ਸਿੰਥੈਟਿਕ ਚੀਜ਼ਾਂ ਬਣਾਈਆਂ ਹਨ ਜਿਨ੍ਹਾਂ ਨਾਲ ਚੀਜ਼ਾਂ ਨੂੰ ਜੋੜਿਆ ਜਾ ਸਕਦਾ ਹੈ। *

18. ਅਸੀਂ ਕਿਵੇਂ ਯਕੀਨੀ ਬਣਾ ਸਕਦੇ ਹਾਂ ਕਿ ਅਸੀਂ ਚੰਗੀਆਂ ਗੱਲਾਂ ਯਾਨੀ “ਸੱਚ ਨਾਲ ਚਿੰਬੜੇ” ਹੋਏ ਹਾਂ?

18 ਅਸੀਂ ਗੈੱਕੋ ਤੋਂ ਕੀ ਸਿੱਖ ਸਕਦੇ ਹਾਂ? ਬਾਈਬਲ ਸਾਨੂੰ ਇਹ ਸਲਾਹ ਦਿੰਦੀ ਹੈ: “ਬੁਰਾਈ ਨੂੰ ਘ੍ਰਿਣਾ ਕਰੋ। ਸੱਚ ਨਾਲ ਚਿੰਬੜੇ ਰਹੋ।” (ਰੋਮ 12:9, CL) ਸ਼ਤਾਨ ਦੀ ਦੁਨੀਆਂ ਮਾੜਾ ਅਸਰ ਪਾਉਂਦੀ ਹੈ ਜਿਸ ਕਰਕੇ ਪਰਮੇਸ਼ੁਰ ਦੇ ਅਸੂਲਾਂ ਉੱਤੇ ਸਾਡੀ ਪਕੜ ਢਿੱਲੀ ਪੈ ਸਕਦੀ ਹੈ। ਮਿਸਾਲ ਲਈ, ਜੇ ਅਸੀਂ ਉਨ੍ਹਾਂ ਲੋਕਾਂ ਨਾਲ ਮਿਲਦੇ-ਜੁਲਦੇ ਹਾਂ ਜੋ ਪਰਮੇਸ਼ੁਰ ਦੇ ਅਸੂਲਾਂ ਉੱਤੇ ਨਹੀਂ ਚੱਲਦੇ, ਤਾਂ ਸਾਡਾ ਸਹੀ ਕੰਮ ਕਰਨ ਦਾ ਇਰਾਦਾ ਕਮਜ਼ੋਰ ਪੈ ਸਕਦਾ ਹੈ। ਇਹ ਮਾੜਾ ਅਸਰ ਸਕੂਲ ਵਿਚ ਜਾਂ ਕੰਮ ਦੀ ਥਾਂ ਤੇ ਅਤੇ ਘਟੀਆ ਮਨੋਰੰਜਨ ਰਾਹੀਂ ਸਾਡੇ ਉੱਤੇ ਪੈ ਸਕਦਾ ਹੈ। ਖ਼ਬਰਦਾਰ ਰਹੋ ਕਿ ਤੁਹਾਡੇ ਨਾਲ ਇੱਦਾਂ ਨਾ ਹੋਵੇ! ਪਰਮੇਸ਼ੁਰ ਦਾ ਬਚਨ ਚੇਤਾਵਨੀ ਦਿੰਦਾ ਹੈ: “ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ।” (ਕਹਾ. 3:7) ਇਸ ਦੀ ਬਜਾਇ, ਉਸ ਸਲਾਹ ਉੱਤੇ ਚੱਲੋ ਜੋ ਮੂਸਾ ਨੇ ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਦਿੱਤੀ ਸੀ: “ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈ ਖਾਓ, ਉਸ ਦੀ ਉਪਾਸਨਾ ਕਰੋ, ਉਸ ਦੇ ਨਾਲ ਲੱਗੇ ਰਹੋ।” (ਬਿਵ. 10:20) ਯਹੋਵਾਹ ਨਾਲ ਚਿੰਬੜੇ ਯਾਨੀ ਲੱਗੇ ਰਹਿਣ ਨਾਲ ਅਸੀਂ ਯਿਸੂ ਦੀ ਨਕਲ ਕਰ ਰਹੇ ਹੋਵਾਂਗੇ ਜਿਸ ਬਾਰੇ ਕਿਹਾ ਗਿਆ ਸੀ: “ਤੈਂ ਧਰਮ ਨਾਲ ਪ੍ਰੇਮ ਅਤੇ ਕੁਧਰਮ ਨਾਲ ਵੈਰ ਰੱਖਿਆ।”—ਇਬ. 1:9.

ਸ੍ਰਿਸ਼ਟੀ ਤੋਂ ਸਬਕ

19. (ੳ) ਤੁਹਾਨੂੰ ਸ੍ਰਿਸ਼ਟੀ ਵਿਚ ਯਹੋਵਾਹ ਦੇ ਕਿਹੜੇ ਗੁਣ ਨਜ਼ਰ ਆਉਂਦੇ ਹਨ? (ਅ) ਪਰਮੇਸ਼ੁਰ ਦੀ ਬੁੱਧ ਤੋਂ ਸਾਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?

19 ਅਸੀਂ ਦੇਖਿਆ ਹੈ ਕਿ ਯਹੋਵਾਹ ਦੀਆਂ ਬਣਾਈਆਂ ਗਈਆਂ ਚੀਜ਼ਾਂ ਤੋਂ ਉਸ ਦੇ ਗੁਣ ਝਲਕਦੇ ਹਨ। ਅਸੀਂ ਉਸ ਦੀ ਸ੍ਰਿਸ਼ਟੀ ਤੋਂ ਵਧੀਆ ਸਬਕ ਸਿੱਖਦੇ ਹਾਂ। ਜਿੰਨਾ ਜ਼ਿਆਦਾ ਅਸੀਂ ਯਹੋਵਾਹ ਦੇ ਕੰਮਾਂ ਬਾਰੇ ਸਿੱਖਾਂਗੇ, ਉੱਨਾ ਹੀ ਜ਼ਿਆਦਾ ਅਸੀਂ ਉਸ ਦੀ ਬੁੱਧੀ ਤੋਂ ਹੈਰਾਨ ਹੋਵਾਂਗੇ। ਜੇ ਅਸੀਂ ਪਰਮੇਸ਼ੁਰ ਦੀ ਬੁੱਧ ਵੱਲ ਧਿਆਨ ਦਿੰਦੇ ਰਹਾਂਗੇ, ਤਾਂ ਨਾ ਸਿਰਫ਼ ਸਾਨੂੰ ਹੁਣ ਖ਼ੁਸ਼ੀ ਮਿਲੇਗੀ, ਸਗੋਂ ਭਵਿੱਖ ਵਿਚ ਸਾਡੀ ਰਾਖੀ ਵੀ ਹੋਵੇਗੀ। (ਉਪ. 7:12) ਜੀ ਹਾਂ, ਕਹਾਉਤਾਂ 3:13, 18 ਦੇ ਸ਼ਬਦ ਸਾਡੇ ਬਾਰੇ ਵੀ ਸੱਚ ਹੋਣਗੇ: “ਧੰਨ ਹੈ ਉਹ ਆਦਮੀ ਜਿਹ ਨੂੰ ਬੁੱਧ ਲੱਭਦੀ ਹੈ, ਅਤੇ ਉਹ ਪੁਰਸ਼ ਜਿਹ ਨੂੰ ਸਮਝ ਪ੍ਰਾਪਤ ਹੁੰਦੀ ਹੈ, ਜਿਹੜੇ ਉਹ ਨੂੰ ਗ੍ਰਹਿਣ ਕਰਦੇ ਹਨ ਉਹ ਓਹਨਾਂ ਲਈ ਜੀਉਣ ਦਾ ਬਿਰਛ ਹੈ, ਅਤੇ ਜੋ ਕੋਈ ਉਹ ਨੂੰ ਫੜੀ ਰੱਖਦਾ ਹੈ ਉਹ ਖੁਸ਼ ਰਹਿੰਦਾ ਹੈ।”

[ਫੁਟਨੋਟ]

^ ਪੈਰਾ 6 ਖ਼ਾਸ ਕਰਕੇ ਨਿਆਣੇ ਫੁਟਨੋਟ ਵਿਚ ਦੱਸੇ ਰਸਾਲਿਆਂ ਨੂੰ ਪੜ੍ਹ ਸਕਦੇ ਹਨ ਅਤੇ ਕਲੀਸਿਯਾ ਦੇ ਪਹਿਰਾਬੁਰਜ ਅਧਿਐਨ ਦੌਰਾਨ ਸਿੱਖੀਆਂ ਗੱਲਾਂ ਨੂੰ ਆਪਣੀਆਂ ਟਿੱਪਣੀਆਂ ਵਿਚ ਸ਼ਾਮਲ ਕਰ ਸਕਦੇ ਹਨ।

^ ਪੈਰਾ 8 ਪੱਤੇ ਕੁਤਰਨ ਵਾਲੀ ਕੀੜੀ ਬਾਰੇ ਹੋਰ ਜਾਣਕਾਰੀ ਲਈ ਅੰਗ੍ਰੇਜ਼ੀ ਵਿਚ ਜਾਗਰੂਕ ਬਣੋ!, 22 ਮਾਰਚ 1997, ਸਫ਼ਾ 31 ਅਤੇ 22 ਮਈ 2002 ਸਫ਼ਾ 31 ਦੇਖੋ।

^ ਪੈਰਾ 11 ਪਹਾੜੀ ਸੈਹੇ ਬਾਰੇ ਹੋਰ ਜਾਣਕਾਰੀ ਲਈ ਅੰਗ੍ਰੇਜ਼ੀ ਵਿਚ 8 ਸਤੰਬਰ 1990 ਦੇ ਜਾਗਰੂਕ ਬਣੋ! ਦੇ ਸਫ਼ੇ 15-16 ਦੇਖੋ।

^ ਪੈਰਾ 14 ਟਿੱਡੀਆਂ ਬਾਰੇ ਹੋਰ ਜਾਣਕਾਰੀ ਲਈ ਅੰਗ੍ਰੇਜ਼ੀ ਦੇ 22 ਅਕਤੂਬਰ 1976 ਦੇ ਜਾਗਰੂਕ ਬਣੋ! ਦਾ ਸਫ਼ਾ 11 ਦੇਖੋ।

^ ਪੈਰਾ 17 ਗੈੱਕੋ ਬਾਰੇ ਹੋਰ ਜਾਣਕਾਰੀ ਲਈ ਅਕਤੂਬਰ-ਦਸੰਬਰ 2006 ਦੇ ਜਾਗਰੂਕ ਬਣੋ! ਦੇ ਸਫ਼ੇ 5-6 ਦੇਖੋ।

ਕੀ ਤੁਹਾਨੂੰ ਯਾਦ ਹੈ?

ਅਸੀਂ ਇਨ੍ਹਾਂ ਜੀਵਾਂ ਤੋਂ ਕੀ ਸਿੱਖਦੇ ਹਾਂ:

• ਕੀੜੀ?

• ਪਹਾੜੀ ਸੈਹਾ?

• ਟਿੱਡੀ?

• ਗੈੱਕੋ?

[ਸਵਾਲ]

[ਸਫ਼ਾ 16 ਉੱਤੇ ਤਸਵੀਰ]

ਕੀ ਤੁਸੀਂ ਵੀ ਪੱਤੇ ਕੁਤਰਨ ਵਾਲੀ ਕੀੜੀ ਦੀ ਤਰ੍ਹਾਂ ਮਿਹਨਤੀ ਹੋ?

[ਸਫ਼ਾ 17 ਉੱਤੇ ਤਸਵੀਰਾਂ]

ਪਹਾੜੀ ਸੈਹਾ ਝੁੰਡ ਵਿਚ ਰਹਿ ਕੇ ਸੁਰੱਖਿਅਤ ਰਹਿੰਦਾ ਹੈ। ਕੀ ਤੁਸੀਂ ਵੀ ਇੱਦਾਂ ਕਰਦੇ ਹੋ?

[ਸਫ਼ਾ 18 ਉੱਤੇ ਤਸਵੀਰ]

ਟਿੱਡੀਆਂ ਦੀ ਤਰ੍ਹਾਂ ਮਸੀਹੀ ਪ੍ਰਚਾਰ ਵਿਚ ਲੱਗੇ ਰਹਿੰਦੇ ਹਨ

[ਸਫ਼ਾ 18 ਉੱਤੇ ਤਸਵੀਰ]

ਜਿਸ ਤਰ੍ਹਾਂ ਗੈੱਕੋ ਮੁਲਾਇਮ ਸਤਹ ਨਾਲ ਚਿੰਬੜੀ ਰਹਿੰਦੀ ਹੈ, ਮਸੀਹੀ ਵੀ ਚੰਗੀਆਂ ਗੱਲਾਂ ਫੜੀ ਰੱਖਦੇ ਹਨ

[ਕ੍ਰੈਡਿਟ ਲਾਈਨ]

Stockbyte/Getty Images