“ਇੱਕ ਚੁੱਪ ਕਰਨ ਦਾ ਵੇਲਾ ਹੈ”
“ਇੱਕ ਚੁੱਪ ਕਰਨ ਦਾ ਵੇਲਾ ਹੈ”
ਇਕ ਪੂਰਬੀ ਦੇਸ਼ ਦੀ ਪੁਰਾਣੀ ਕਹਾਵਤ ਹੈ: “ਬੋਲਣਾ ਚਾਂਦੀ ਹੈ ਤੇ ਚੁੱਪ ਰਹਿਣਾ ਸੋਨਾ ਹੈ।” ਪੰਜਾਬੀ ਦੀ ਇਕ ਕਹਾਵਤ ਹੈ: “ਇਕ ਚੁੱਪ ਸੌ ਸੁੱਖ।” ਪ੍ਰਾਚੀਨ ਇਸਰਾਏਲ ਦੇ ਬੁੱਧੀਮਾਨ ਰਾਜੇ ਸੁਲੇਮਾਨ ਨੇ ਲਿਖਿਆ: “ਹਰੇਕ ਕੰਮ ਦਾ ਇੱਕ ਸਮਾ ਹੈ, ਅਤੇ ਹਰ ਮਨੋਰਥ ਦਾ ਜੋ ਅਕਾਸ਼ ਦੇ ਹੇਠ ਹੈ ਇੱਕ ਵੇਲਾ ਹੈ, . . . ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।”—ਉਪ. 3:1, 7.
ਤਾਂ ਫਿਰ ਚੁੱਪ ਰਹਿਣਾ ਕਦੋਂ ਚੰਗਾ ਹੁੰਦਾ ਹੈ? “ਚੁੱਪ” ਸ਼ਬਦ ਬਾਈਬਲ ਵਿਚ ਸੌ ਤੋਂ ਵੀ ਜ਼ਿਆਦਾ ਵਾਰ ਆਉਂਦਾ ਹੈ। ਬਾਈਬਲ ਵਿਚ ਜਿਨ੍ਹਾਂ-ਜਿਨ੍ਹਾਂ ਹਾਲਾਤਾਂ ਵਿਚ ਇਹ ਸ਼ਬਦ ਵਰਤਿਆ ਗਿਆ ਹੈ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਾਡੇ ਲਈ ਚੁੱਪ ਰਹਿਣਾ ਜ਼ਿੰਦਗੀ ਦੇ ਤਿੰਨ ਪਹਿਲੂਆਂ ਵਿਚ ਫ਼ਾਇਦੇਮੰਦ ਹੈ। ਆਓ ਆਪਾਂ ਦੇਖੀਏ ਕਿ ਚੁੱਪ ਰਹਿਣ ਨਾਲ ਅਸੀਂ ਦੂਜਿਆਂ ਦਾ ਆਦਰ ਕਿਵੇਂ ਕਰ ਸਕਦੇ ਹਾਂ, ਇਸ ਤੋਂ ਸਾਡੀ ਸਿਆਣਪ ਅਤੇ ਸੂਝ-ਬੂਝ ਦਾ ਸਬੂਤ ਕਿਵੇਂ ਮਿਲਦਾ ਹੈ ਅਤੇ ਸਾਨੂੰ ਸੋਚ-ਵਿਚਾਰ ਕਰਨ ਵਿਚ ਮਦਦ ਕਿਵੇਂ ਮਿਲਦੀ ਹੈ।
ਆਦਰ ਦੀ ਨਿਸ਼ਾਨੀ
ਚੁੱਪ ਰਹਿਣਾ ਆਦਰ ਦੀ ਨਿਸ਼ਾਨੀ ਹੈ। ਹਬੱਕੂਕ ਨਬੀ ਨੇ ਕਿਹਾ: “ਯਹੋਵਾਹ ਆਪਣੀ ਪਵਿੱਤਰ ਹੈਕਲ ਵਿੱਚ ਹੈ, ਸਾਰੀ ਧਰਤੀ ਉਹ ਦੇ ਅੱਗੇ ਚੁੱਪ ਰਹੇ।” (ਹਬ. 2:20) ਯਹੋਵਾਹ ਦੇ ਭਗਤਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ‘ਚੁੱਪ ਚਾਪ ਯਹੋਵਾਹ ਦੇ ਬਚਾਉ ਲਈ ਆਸਾ ਰੱਖਣ।’ (ਵਿਰ. 3:26) ਜ਼ਬੂਰ ਨੇ ਗਾਇਆ: “ਯਹੋਵਾਹ ਦੇ ਅੱਗੇ ਚੁੱਪ ਚਾਪ ਰਹੁ ਅਤੇ ਧੀਰਜ ਨਾਲ ਉਹ ਦੀ ਉਡੀਕ ਰੱਖ, ਉਸ ਮਨੁੱਖ ਦੇ ਕਾਰਨ ਨਾ ਕੁੜ੍ਹ ਜਿਹ ਦਾ ਰਾਹ ਸਫਲ ਹੁੰਦਾ ਹੈ।”—ਜ਼ਬੂ. 37:7.
ਕੀ ਅਸੀਂ ਕੁਝ ਕਹੇ ਬਿਨਾਂ ਯਹੋਵਾਹ ਦੀ ਉਸਤਤ ਕਰ ਸਕਦੇ ਹਾਂ? ਕੀ ਇਹ ਸੱਚ ਨਹੀਂ ਹੈ ਕਿ ਕਈ ਵਾਰ ਅਸੀਂ ਸ੍ਰਿਸ਼ਟੀ ਦੀ ਸੁੰਦਰਤਾ ਨੂੰ ਦੇਖ ਕੇ ਇੰਨੇ ਦੰਗ ਰਹਿ ਜਾਂਦੇ ਹਾਂ ਕਿ ਸਾਡਾ ਮੂੰਹ ਅੱਡਿਆ ਦਾ ਅੱਡਿਆ ਹੀ ਰਹਿ ਜਾਂਦਾ ਹੈ? ਅਸੀਂ ਇੰਨੇ ਪ੍ਰਭਾਵਿਤ ਹੋ ਜਾਂਦੇ ਹਾਂ ਕਿ ਅਸੀਂ ਮਨ ਹੀ ਮਨ ਵਿਚ ਆਪਣੇ ਸ੍ਰਿਸ਼ਟੀਕਰਤਾ ਦੀ ਵਡਿਆਈ ਕਰਨ ਲੱਗਦੇ ਹਾਂ। ਜ਼ਬੂਰ ਦਾਊਦ ਨੇ ਆਪਣੇ ਇਕ ਭਜਨ ਵਿਚ ਗਾਇਆ: “ਹੇ ਪਰਮੇਸ਼ੁਰ, ਸੀਯੋਨ ਵਿੱਚ ਤੇਰੇ ਲਈ ਸਬਰ [ਚੁੱਪ] ਹੀ ਉਸਤਤ ਹੈ, ਅਤੇ ਤੇਰੇ ਲਈ ਸੁੱਖਨਾ ਪੂਰੀ ਕੀਤੀ ਜਾਵੇਗੀ।”—ਜ਼ਬੂ. 65:1.
ਜਿੱਦਾਂ ਸਾਨੂੰ ਯਹੋਵਾਹ ਦਾ ਆਦਰ ਕਰਨਾ ਚਾਹੀਦਾ ਹੈ, ਉਸੇ ਤਰ੍ਹਾਂ ਸਾਨੂੰ ਉਸ ਦੀਆਂ ਗੱਲਾਂ ਲਈ ਵੀ ਆਦਰ ਹੋਣਾ ਚਾਹੀਦਾ ਹੈ। ਮਿਸਾਲ ਲਈ, ਜਦੋਂ ਪਰਮੇਸ਼ੁਰ ਦੇ ਨਬੀ ਮੂਸਾ ਨੇ ਇਸਰਾਏਲੀਆਂ ਨੂੰ ਆਪਣਾ ਆਖ਼ਰੀ ਭਾਸ਼ਣ ਦਿੱਤਾ ਸੀ, ਤਾਂ ਉਦੋਂ ਉਸ ਨੇ ਅਤੇ ਜਾਜਕਾਂ ਨੇ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਕਿਹਾ: ‘ਚੁੱਪ ਸਾਧ ਕੇ ਸੁਣੋ! ਤੁਸੀਂ ਯਹੋਵਾਹ ਆਪਣੇ ਬਿਵ. 27:9, 10; 31:11, 12.
ਪਰਮੇਸ਼ੁਰ ਦੀ ਅਵਾਜ਼ ਨੂੰ ਸੁਣੋ।’ ਇਸ ਤੋਂ ਇਲਾਵਾ, ਜਦੋਂ ਇਸਰਾਏਲੀ ਪਰਮੇਸ਼ੁਰ ਦੀ ਬਿਵਸਥਾ ਨੂੰ ਸੁਣਨ ਲਈ ਇਕੱਠੇ ਹੁੰਦੇ ਸਨ, ਤਾਂ ਬੱਚਿਆਂ ਨੂੰ ਵੀ ਧਿਆਨ ਨਾਲ ਸੁਣਨ ਲਈ ਕਿਹਾ ਜਾਂਦਾ ਸੀ। ਮੂਸਾ ਨੇ ਕਿਹਾ: ‘ਪਰਜਾ ਨੂੰ ਇਕੱਠਾ ਕਰੋ, ਮਨੁੱਖਾਂ, ਤੀਵੀਆਂ ਅਤੇ ਨਿਆਣਿਆਂ ਨੂੰ ਤਾਂ ਜੋ ਓਹ ਸਿੱਖਣ।’—ਅੱਜ ਸਾਡੇ ਲਈ ਕਿੰਨੀ ਚੰਗੀ ਗੱਲ ਹੈ ਕਿ ਅਸੀਂ ਮੀਟਿੰਗਾਂ ਅਤੇ ਸੰਮੇਲਨਾਂ ਵਿਚ ਦਿੱਤੀ ਜਾਂਦੀ ਜਾਣਕਾਰੀ ਨੂੰ ਧਿਆਨ ਨਾਲ ਸੁਣੀਏ। ਜਦੋਂ ਸਟੇਜ ਤੋਂ ਬਾਈਬਲ ਦੀਆਂ ਅਹਿਮ ਸੱਚਾਈਆਂ ਦੱਸੀਆਂ ਜਾ ਰਹੀਆਂ ਹੁੰਦੀਆਂ ਹਨ, ਤਾਂ ਉਸ ਸਮੇਂ ਜੇ ਅਸੀਂ ਇਕ-ਦੂਜੇ ਨਾਲ ਫ਼ਜ਼ੂਲ ਗੱਲਾਂ ਕਰਨ ਵਿਚ ਜੁੱਟ ਜਾਂਦੇ ਹਾਂ, ਤਾਂ ਕੀ ਅਸੀਂ ਪਰਮੇਸ਼ੁਰ ਦੇ ਬਚਨ ਅਤੇ ਉਸ ਦੀ ਸੰਸਥਾ ਦਾ ਅਨਾਦਰ ਨਹੀਂ ਕਰ ਰਹੇ ਹੋਵਾਂਗੇ? ਇਸ ਲਈ ਪ੍ਰੋਗ੍ਰਾਮ ਦੌਰਾਨ ਸਾਨੂੰ ਚੁੱਪ ਰਹਿ ਕੇ ਧਿਆਨ ਨਾਲ ਸੁਣਨਾ ਚਾਹੀਦਾ ਹੈ।
ਜਦੋਂ ਅਸੀਂ ਕਿਸੇ ਨਾਲ ਇਕੱਲਿਆਂ ਵਿਚ ਗੱਲਾਂ ਕਰਦੇ ਹਾਂ, ਉਦੋਂ ਵੀ ਇਕ-ਦੂਜੇ ਦੀ ਗੱਲ ਧਿਆਨ ਨਾਲ ਸੁਣਨੀ ਚੰਗੀ ਹੋਵੇਗੀ। ਇਸ ਤਰ੍ਹਾਂ ਅਸੀਂ ਇਕ-ਦੂਜੇ ਦਾ ਆਦਰ ਕਰ ਰਹੇ ਹੋਵਾਂਗੇ। ਮਿਸਾਲ ਲਈ, ਅੱਯੂਬ ਨੇ ਆਪਣੇ ਉੱਤੇ ਦੋਸ਼ ਲਾਉਣ ਵਾਲਿਆਂ ਨੂੰ ਕਿਹਾ: “ਮੈਨੂੰ ਸਿਖਾਓ ਤਾਂ ਮੈਂ ਚੁੱਪ ਹੋ ਜਾਵਾਂਗਾ।” ਜਦ ਤਕ ਉਹ ਬੋਲਦੇ ਰਹੇ, ਅੱਯੂਬ ਚੁੱਪ ਕਰ ਕੇ ਉਨ੍ਹਾਂ ਦੀ ਗੱਲ ਸੁਣਦਾ ਰਿਹਾ। ਜਦੋਂ ਅੱਯੂਬ ਦੀ ਬੋਲਣ ਦੀ ਵਾਰੀ ਆਈ, ਤਾਂ ਉਸ ਨੇ ਉਨ੍ਹਾਂ ਨੂੰ ਬੇਨਤੀ ਕੀਤੀ: “ਮੇਰੇ ਅੱਗੇ ਚੁੱਪ ਰਹੋ ਭਈ ਮੈਂ ਗੱਲ ਕਰਾਂ।”—ਅੱਯੂ. 6:24; 13:13.
ਸਿਆਣਪ ਤੇ ਸੂਝ-ਬੂਝ ਦਾ ਸਬੂਤ
ਬਾਈਬਲ ਦੱਸਦੀ ਹੈ: “ਜੋ ਆਪਣਿਆਂ ਬੁੱਲ੍ਹਾਂ ਨੂੰ ਰੋਕਦਾ ਹੈ ਉਹ ਦਾਨਾ ਹੈ।” “ਬੁੱਧ ਵਾਲਾ ਪੁਰਸ਼ ਚੁੱਪ ਕਰ ਰਹਿੰਦਾ ਹੈ।” (ਕਹਾ. 10:19; 11:12) ਧਿਆਨ ਦਿਓ ਕਿ ਯਿਸੂ ਨੇ ਕਿਵੇਂ ਚੁੱਪ ਰਹਿ ਕੇ ਆਪਣੀ ਸਿਆਣਪ ਤੇ ਸੂਝ-ਬੂਝ ਦਾ ਸਬੂਤ ਦਿੱਤਾ। ਜਦੋਂ ਯਿਸੂ ਨੇ ਦੇਖਿਆ ਕਿ ਉਨ੍ਹਾਂ ਲੋਕਾਂ ਨਾਲ ਗੱਲ ਕਰਨੀ ਫ਼ਜ਼ੂਲ ਸੀ ਜੋ ਉਸ ਦੀ ਜਾਨ ਲੈਣੀ ਚਾਹੁੰਦੇ ਸਨ, ਤਾਂ ਉਹ “ਚੁੱਪ ਹੀ ਰਿਹਾ।” ਬਾਅਦ ਵਿਚ ਜਦੋਂ ਉਸ ਨੂੰ ਪੁੱਛ-ਗਿੱਛ ਕਰਨ ਵਾਸਤੇ ਪਿਲਾਤੁਸ ਅੱਗੇ ਲਿਆਂਦਾ ਗਿਆ, ਤਾਂ ਉਸ ਨੇ “ਇੱਕ ਗੱਲ ਦਾ ਵੀ ਜਵਾਬ ਨਾ ਦਿੱਤਾ।” (ਮੱਤੀ 26:63) ਇਸ ਤਰ੍ਹਾਂ ਕਰ ਕੇ ਉਸ ਨੇ ਸਮਝਦਾਰੀ ਤੋਂ ਕੰਮ ਲਿਆ ਕਿਉਂਕਿ ਜੋ ਕੰਮ ਉਸ ਨੇ ਲੋਕਾਂ ਅੱਗੇ ਕੀਤੇ ਸਨ, ਉਨ੍ਹਾਂ ਕੰਮਾਂ ਨੇ ਹੀ ਉਸ ਦੀ ਗਵਾਹੀ ਭਰਨੀ ਸੀ ਕਿ ਉਹ ਕਿਹੋ ਜਿਹਾ ਇਨਸਾਨ ਸੀ।—ਮੱਤੀ 27:11-14.
ਅਸੀਂ ਵੀ ਸਮਝਦਾਰੀ ਤੋਂ ਕੰਮ ਲੈ ਕੇ ਚੁੱਪ ਰਹਿ ਸਕਦੇ ਹਾਂ, ਖ਼ਾਸ ਕਰਕੇ ਉਦੋਂ ਜਦੋਂ ਲੋਕ ਸਾਡਾ ਗੁੱਸਾ ਭੜਕਾਉਂਦੇ ਹਨ। ਬਾਈਬਲ ਦੀ ਇਕ ਕਹਾਵਤ ਹੈ: “ਜਿਹੜਾ ਛੇਤੀ ਕ੍ਰੋਧ ਨਹੀਂ ਕਰਦਾ ਉਹ ਵੱਡਾ ਸਮਝ ਵਾਲਾ ਹੈ, ਪਰ ਤੱਤੀ ਤਬੀਅਤ ਵਾਲਾ ਮੂਰਖਤਾਈ ਨੂੰ ਉੱਚਾ ਕਰਦਾ ਹੈ।” (ਕਹਾ. 14:29) ਗੁੱਸਾ ਆ ਜਾਣ ’ਤੇ ਜਦੋਂ ਅਸੀਂ ਬਿਨਾਂ ਸੋਚੇ-ਸਮਝੇ ਕੁਝ ਉਲਟਾ-ਸਿੱਧਾ ਕਹਿ ਦਿੰਦੇ ਹਾਂ, ਤਾਂ ਅਸੀਂ ਸ਼ਾਇਦ ਬਾਅਦ ਵਿਚ ਪਛਤਾਈਏ। ਇੱਦਾਂ ਦੇ ਹਾਲਾਤਾਂ ਵਿਚ ਸਾਡੀਆਂ ਗੱਲਾਂ ਸ਼ਾਇਦ ਮੂਰਖਤਾ ਭਰੀਆਂ ਜਾਪਣ ਅਤੇ ਅਸੀਂ ਆਪਣੀ ਮਨ ਦੀ ਸ਼ਾਂਤੀ ਵੀ ਗੁਆ ਦੇਈਏ।
ਜਦੋਂ ਅਸੀਂ ਬੁਰੇ ਲੋਕਾਂ ਦੀ ਸੰਗਤ ਵਿਚ ਹੁੰਦੇ ਹਾਂ, ਤਾਂ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕੀ ਕਹਿੰਦੇ ਹਾਂ। ਪ੍ਰਚਾਰ ਕਰਦਿਆਂ ਜਦੋਂ ਲੋਕ ਸਾਡੀ ਖਿੱਲੀ ਉਡਾਉਂਦੇ ਹਨ, ਤਾਂ ਚੁੱਪ ਰਹਿਣ ਵਿਚ ਹੀ ਸਾਡਾ ਭਲਾ ਹੈ। ਇਸ ਤੋਂ ਇਲਾਵਾ, ਕੰਮ ਦੀ ਥਾਂ ’ਤੇ ਜਾਂ ਫਿਰ ਸਕੂਲ ਵਿਚ ਗੰਦੇ ਚੁਟਕਲੇ ਜਾਂ ਗੰਦੀ ਭਾਸ਼ਾ ਸੁਣਨ ’ਤੇ ਚੁੱਪ ਰਹਿਣਾ ਹੀ ਚੰਗਾ ਹੈ ਤਾਂਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਅਸੀਂ ਵੀ ਉਨ੍ਹਾਂ ਵਰਗੇ ਹੀ ਹਾਂ। (ਅਫ਼. 5:3) ਜ਼ਬੂਰ ਨੇ ਲਿਖਿਆ: “ਜਿੰਨਾ ਚਿਰ ਦੁਸ਼ਟ ਮੇਰੇ ਅੱਗੇ ਹੈ, ਮੈਂ ਲਗਾਮ ਆਪਣੇ ਮੂੰਹ ਵਿੱਚ ਰੱਖਾਂਗਾ।”—ਜ਼ਬੂ. 39:1.
ਕਹਾ. 11:12) ਸੱਚਾ ਮਸੀਹੀ ਰਾਜ਼ ਦੀਆਂ ਗੱਲਾਂ ਹੋਰਨਾਂ ਨੂੰ ਜਾ ਕੇ ਨਹੀਂ ਦੱਸਦਾ। ਮਸੀਹੀ ਬਜ਼ੁਰਗਾਂ ਨੂੰ ਖ਼ਾਸ ਕਰਕੇ ਇਸ ਮਾਮਲੇ ਵਿਚ ਧਿਆਨ ਰੱਖਣਾ ਚਾਹੀਦਾ ਹੈ ਤਾਂਕਿ ਉਹ ਕਲੀਸਿਯਾ ਦੇ ਮੈਂਬਰਾਂ ਦੇ ਭਰੋਸੇ ਨੂੰ ਬਣਾਈ ਰੱਖਣ।
“ਬੁੱਧ ਵਾਲਾ” ਇਨਸਾਨ ਵਿਸ਼ਵਾਸਘਾਤੀ ਨਹੀਂ ਹੁੰਦਾ। (ਚੁੱਪ ਰਹਿ ਕੇ ਵੀ ਕੋਈ ਜਣਾ ਦੂਜਿਆਂ ਉੱਤੇ ਚੰਗਾ ਅਸਰ ਪਾ ਸਕਦਾ ਹੈ। 19ਵੀਂ ਸਦੀ ਦਾ ਇਕ ਅੰਗ੍ਰੇਜ਼ੀ ਲੇਖਕ ਸਿਡਨੀ ਸਮਿਥ ਨੇ ਆਪਣੇ ਜ਼ਮਾਨੇ ਦੇ ਇਕ ਲਿਖਾਰੀ ਬਾਰੇ ਲਿਖਿਆ: “ਗੱਲ ਕਰਦਿਆਂ ਉਹ ਵਿਚ-ਵਿਚ ਚੁੱਪ ਕਰ ਜਾਂਦਾ ਹੈ। ਇੱਦਾਂ ਉਸ ਨਾਲ ਗੱਲਾਂ ਕਰਨ ਵਿਚ ਬਹੁਤ ਮਜ਼ਾ ਆਉਂਦਾ ਹੈ।” ਸਾਧਾਰਣ ਗੱਲਬਾਤ ਕਰਦਿਆਂ ਦੋਨੋਂ ਦੋਸਤ ਗੱਲਬਾਤ ਕਰਦੇ ਹਨ। ਇੱਕੋ ਜਣਾ ਹੀ ਨਹੀਂ ਬੋਲਦਾ ਰਹਿੰਦਾ। ਨਾਲੇ ਜਿਸ ਨੂੰ ਚੰਗੀ ਤਰ੍ਹਾਂ ਗੱਲ ਕਰਨੀ ਆਉਂਦੀ ਹੈ, ਉਸ ਨੂੰ ਚੰਗੀ ਤਰ੍ਹਾਂ ਸੁਣਨਾ ਵੀ ਚਾਹੀਦਾ ਹੈ।
ਸੁਲੇਮਾਨ ਨੇ ਚੇਤਾਵਨੀ ਦਿੱਤੀ: “ਗੱਪਾਂ ਦੇ ਵਾਧੇ ਵਿੱਚ ਅਪਰਾਧ ਦੀ ਕਮੀ ਨਹੀਂ, ਪਰ ਜੋ ਆਪਣਿਆਂ ਬੁੱਲ੍ਹਾਂ ਨੂੰ ਰੋਕਦਾ ਹੈ ਉਹ ਦਾਨਾ ਹੈ।” (ਕਹਾ. 10:19) ਇਸ ਲਈ ਜਿੰਨਾ ਕੋਈ ਘੱਟ ਬੋਲੇਗਾ, ਉੱਨਾ ਹੀ ਘੱਟ ਉਹ ਬੇਵਕੂਫ਼ੀ ਦੀਆਂ ਗੱਲਾਂ ਕਰੇਗਾ। ਦਰਅਸਲ “ਮੂਰਖ ਵੀ ਜਿੰਨਾ ਚਿਰ ਚੁਪ ਰਹੇ ਬੁੱਧਵਾਨ ਹੀ ਗਿਣੀਦਾ ਹੈ, ਜੇ ਬੁੱਲ੍ਹ ਬੰਦ ਰੱਖੇ ਤਾਂ ਸਿਆਣਾ ਸਮਝੀਦਾ ਹੈ।” (ਕਹਾ. 17:28) ਆਓ ਆਪਾਂ ਯਹੋਵਾਹ ਅੱਗੇ ਬੇਨਤੀ ਕਰੀਏ ਕਿ ਉਹ ਸਾਡੇ ‘ਬੁੱਲ੍ਹਾਂ ਦੇ ਦਰ ਉੱਤੇ ਰਾਖਾ ਰੱਖੇ!’—ਜ਼ਬੂ. 141:3.
ਸੋਚ-ਵਿਚਾਰ ਕਰਨ ਵਿਚ ਮਦਦ
ਧਰਮੀ ਰਾਹ ’ਤੇ ਚੱਲਣ ਵਾਲੇ ਮਨੁੱਖ ਬਾਰੇ ਬਾਈਬਲ ਕਹਿੰਦੀ ਹੈ ਕਿ “ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ ਹੈ।” (ਜ਼ਬੂ. 1:2) ਪੰਜਾਬੀ ਦੀ ਈਜ਼ੀ ਟੂ ਰੀਡ ਵਰਯਨ ਵਿਚ ਲਿਖਿਆ ਹੈ: ‘ਉਹ ਯਹੋਵਾਹ ਦੇ ਉਪਦੇਸ਼ਾਂ ਤੇ ਦਿਨ ਰਾਤ ਸੋਚ ਵਿਚਾਰ ਕਰਦਾ ਹੈ।’ ਪਰ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨ ਲਈ ਕਿਹੋ ਜਿਹਾ ਮਾਹੌਲ ਹੋਣਾ ਚਾਹੀਦਾ ਹੈ?
ਅਬਰਾਹਾਮ ਦਾ ਪੁੱਤਰ ਇਸਹਾਕ ‘ਸ਼ਾਮਾਂ ਦੇ ਵੇਲੇ ਖੇਤਾਂ ਵਿੱਚ ਗਿਆਨ ਧਿਆਨ ਕਰਨ ਲਈ ਬਾਹਰ ਜਾਂਦਾ ਹੁੰਦਾ ਸੀ।’ (ਉਤ. 24:63) ਉਹ ਪਰਮੇਸ਼ੁਰੀ ਗੱਲਾਂ ’ਤੇ ਸੋਚ-ਵਿਚਾਰ ਕਰਨ ਲਈ ਸ਼ਾਂਤ ਜਗ੍ਹਾ ਅਤੇ ਸਮਾਂ ਚੁਣਦਾ ਹੁੰਦਾ ਸੀ। ਰਾਜਾ ਦਾਊਦ ਵੀ ਰਾਤ ਦੇ ਸਰਨਾਟੇ ਵਿਚ ਗਿਆਨ-ਧਿਆਨ ਕਰਦਾ ਹੁੰਦਾ ਸੀ। (ਜ਼ਬੂ. 63:6) ਮੁਕੰਮਲ ਇਨਸਾਨ ਯਿਸੂ ਵੀ ਪਰਮੇਸ਼ੁਰੀ ਗੱਲਾਂ ’ਤੇ ਸੋਚ-ਵਿਚਾਰ ਕਰਨ ਲਈ ਸ਼ਾਂਤ ਜਗ੍ਹਾ ਦੀ ਭਾਲ ਕਰਦਾ ਹੁੰਦਾ ਸੀ। ਉਹ ਲੋਕਾਂ ਦੀਆਂ ਭੀੜਾਂ ਤੋਂ ਦੂਰ ਪਹਾੜਾਂ, ਉਜਾੜਾਂ ਅਤੇ ਹੋਰ ਸ਼ਾਂਤ ਜਗ੍ਹਾ ਜਾ ਕੇ ਮਨਨ ਕਰਦਾ ਹੁੰਦਾ ਸੀ।—ਮੱਤੀ 14:23; ਲੂਕਾ 4:42; 5:16.
ਸ਼ਾਂਤ ਮਾਹੌਲ ਦੇ ਸਾਨੂੰ ਕਈ ਫ਼ਾਇਦੇ ਹੁੰਦੇ ਹਨ। ਸ਼ਾਂਤ ਮਾਹੌਲ ਵਿਚ ਸਾਨੂੰ ਆਪਣੀ ਜਾਂਚ ਕਰਨ ਦਾ ਮੌਕਾ ਮਿਲਦਾ ਹੈ ਕਿ ਸਾਨੂੰ ਆਪਣੇ ਵਿਚ ਕਿੱਥੇ-ਕਿੱਥੇ ਸੁਧਾਰ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ, ਸਾਨੂੰ ਮਨ ਦੀ ਸ਼ਾਂਤੀ ਮਿਲਦੀ ਹੈ। ਸ਼ਾਂਤ ਮਾਹੌਲ ਵਿਚ ਸੋਚ-ਵਿਚਾਰ ਕਰਨ ਨਾਲ ਅਸੀਂ ਆਪਣੇ ਵਿਚ ਨਿਮਰਤਾ ਤੇ ਸਾਦਗੀ ਵਰਗੇ ਗੁਣ ਪੈਦਾ ਕਰ ਸਕਦੇ ਹਾਂ ਅਤੇ ਜ਼ਿਆਦਾ ਜ਼ਰੂਰੀ ਗੱਲਾਂ ਲਈ ਸਾਡੀ ਕਦਰਦਾਨੀ ਵਧੇਗੀ।
ਭਾਵੇਂ ਚੁੱਪ ਰਹਿਣਾ ਚੰਗਾ ਹੈ, ਪਰ ‘ਇੱਕ ਬੋਲਣ ਦਾ ਵੇਲਾ ਵੀ ਹੈ।’ (ਉਪ. 3:7) ਅੱਜ ਪਰਮੇਸ਼ੁਰ ਦੇ ਸੱਚੇ ਭਗਤ ਉਸ ਦੇ ਰਾਜ ਦੀ ਖ਼ੁਸ਼ ਖ਼ਬਰੀ “ਸਾਰੀ ਦੁਨੀਆ ਵਿੱਚ” ਫੈਲਾ ਰਹੇ ਹਨ। (ਮੱਤੀ 24:14) ਜਿਉਂ-ਜਿਉਂ ਉਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਤਿਉਂ-ਤਿਉਂ ਉਹ ਹੋਰ ਵੀ ਜ਼ੋਰਾਂ-ਸ਼ੋਰਾਂ ਤੇ ਖ਼ੁਸ਼ੀ ਨਾਲ ਸੰਦੇਸ਼ ਦਾ ਐਲਾਨ ਕਰ ਰਹੇ ਹਨ। (ਮੀਕਾ. 2:12) ਆਓ ਆਪਾਂ ਵੀ ਉਨ੍ਹਾਂ ਵਿਚ ਸ਼ਾਮਲ ਹੋਈਏ ਜੋ ਜੋਸ਼ ਨਾਲ ਇਸ ਕੰਮ ਵਿਚ ਹਿੱਸਾ ਲੈ ਰਹੇ ਹਨ ਅਤੇ ਯਹੋਵਾਹ ਦੇ ਅਸਚਰਜ ਕੰਮਾਂ ਬਾਰੇ ਲੋਕਾਂ ਨੂੰ ਦੱਸ ਰਹੇ ਹਨ। ਇਸ ਮਹੱਤਵਪੂਰਣ ਕੰਮ ਵਿਚ ਹਿੱਸਾ ਲੈਂਦਿਆਂ ਆਓ ਆਪਾਂ ਆਪਣੇ ਜੀਣ ਦੇ ਤੌਰ-ਤਰੀਕੇ ਰਾਹੀਂ ਦਿਖਾਈਏ ਕਿ ਕਦੇ-ਕਦੇ ਚੁੱਪ ਰਹਿਣ ਦੇ ਸੌ ਸੁੱਖ ਹੁੰਦੇ ਹਨ।
[ਸਫ਼ਾ 3 ਉੱਤੇ ਤਸਵੀਰ]
ਮਸੀਹੀ ਸਭਾਵਾਂ ਦੌਰਾਨ ਸਾਨੂੰ ਧਿਆਨ ਨਾਲ ਸੁਣਨਾ ਤੇ ਸਿੱਖਣਾ ਚਾਹੀਦਾ ਹੈ
[ਸਫ਼ਾ 4 ਉੱਤੇ ਤਸਵੀਰ]
ਪ੍ਰਚਾਰ ਕਰਦਿਆਂ ਜਦੋਂ ਲੋਕੀ ਸਾਨੂੰ ਬੁਰਾ-ਭਲਾ ਕਹਿੰਦੇ ਹਨ, ਤਾਂ ਚੁੱਪ ਰਹਿਣਾ ਹੀ ਚੰਗੀ ਗੱਲ ਹੈ
[ਸਫ਼ਾ 5 ਉੱਤੇ ਤਸਵੀਰ]
ਸੋਚ-ਵਿਚਾਰ ਕਰਨ ਲਈ ਸ਼ਾਂਤ ਮਾਹੌਲ ਜ਼ਰੂਰੀ ਹੈ