Skip to content

Skip to table of contents

ਇੱਤਈ ਵਾਂਗ ਵਫ਼ਾਦਾਰ ਬਣੋ

ਇੱਤਈ ਵਾਂਗ ਵਫ਼ਾਦਾਰ ਬਣੋ

ਇੱਤਈ ਵਾਂਗ ਵਫ਼ਾਦਾਰ ਬਣੋ

‘ਹੇ ਪ੍ਰਭੁ ਪਰਮੇਸ਼ੁਰ, ਸਰਬ ਸ਼ਕਤੀਮਾਨ, ਵੱਡੇ ਅਤੇ ਅਚਰਜ ਹਨ ਤੇਰੇ ਕੰਮ! ਹੇ ਕੌਮਾਂ ਦੇ ਪਾਤਸ਼ਾਹ, ਜਥਾਰਥ ਅਤੇ ਸਤ ਹਨ ਤੇਰੇ ਮਾਰਗ! ਹੇ ਪ੍ਰਭੁ, ਕੌਣ ਤੈਥੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ? ਤੂੰ ਹੀ ਤਾਂ ਇਕੱਲਾ ਵਫ਼ਾਦਾਰ ਹੈਂ।’ ਸਵਰਗ ਵਿਚ ਇਹ ਗੀਤ ਉਨ੍ਹਾਂ ਨੇ ਗਾਇਆ ‘ਜਿਨ੍ਹਾਂ ਨੇ ਦਰਿੰਦੇ ਉੱਤੇ ਅਤੇ ਉਹ ਦੀ ਮੂਰਤੀ ਉੱਤੇ ਫ਼ਤਹ ਪਾਈ।’ ਇਹ ਗੀਤ ਯਹੋਵਾਹ ਦੀ ਵਫ਼ਾਦਾਰੀ ਵੱਲ ਧਿਆਨ ਖਿੱਚਦਾ ਹੈ। (ਪਰ. 15:2-4, NW) ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸਾਰੇ ਭਗਤ ਉਸ ਦੀ ਰੀਸ ਕਰ ਕੇ ਵਫ਼ਾਦਾਰ ਰਹਿਣ।

ਪਰ ਸ਼ਤਾਨ ਹਰ ਸੰਭਵ ਕੋਸ਼ਿਸ਼ ਕਰਦਾ ਹੈ ਕਿ ਉਹ ਧਰਤੀ ’ਤੇ ਰਹਿੰਦੇ ਸਾਰਿਆਂ ਭਗਤਾਂ ਨੂੰ ਪਰਮੇਸ਼ੁਰ ਦੇ ਪਿਆਰ ਤੋਂ ਵਾਂਝਿਆਂ ਕਰੇ। ਇਸ ਦੇ ਬਾਵਜੂਦ ਕਈਆਂ ਨੇ ਔਖੇ ਹਾਲਾਤਾਂ ਵਿਚ ਵੀ ਪਰਮੇਸ਼ੁਰ ਪ੍ਰਤਿ ਆਪਣੀ ਵਫ਼ਾਦਾਰੀ ਬਣਾਈ ਰੱਖੀ। ਅਸੀਂ ਪਰਮੇਸ਼ੁਰ ਦੇ ਕਿੰਨੇ ਧੰਨਵਾਦੀ ਹਾਂ ਕਿ ਉਹ ਅਜਿਹੀ ਵਫ਼ਾਦਾਰੀ ਦੀ ਕਿੰਨੀ ਕਦਰ ਕਰਦਾ ਹੈ। ਸਾਨੂੰ ਯਕੀਨ ਹੈ ਕਿ “ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ, ਅਤੇ ਆਪਣੇ ਭਗਤਾਂ ਨੂੰ ਤਿਆਗਦਾ ਨਹੀਂ।” (ਜ਼ਬੂ. 37:28) ਯਹੋਵਾਹ ਨੇ ਆਪਣੇ ਬਚਨ ਵਿਚ ਕਈ ਵਫ਼ਾਦਾਰ ਭਗਤਾਂ ਦੇ ਕੰਮਾਂ ਨੂੰ ਦਰਜ ਕੀਤਾ ਹੈ ਤਾਂਕਿ ਉਨ੍ਹਾਂ ਦੀ ਰੀਸ ਕਰ ਕੇ ਅਸੀਂ ਆਪਣੀ ਵਫ਼ਾਦਾਰੀ ਬਣਾਈ ਰੱਖ ਸਕੀਏ। ਉਨ੍ਹਾਂ ਵਿੱਚੋਂ ਇਕ ਵਫ਼ਾਦਾਰ ਭਗਤ ਹੈ, ਗਿੱਤੀ ਇੱਤਈ।

‘ਓਪਰਾ ਅਤੇ ਆਪਣੇ ਦੇਸੋਂ ਕੱਢਿਆ ਹੋਇਆ’

ਇੱਤਈ ਸ਼ਾਇਦ ਫਲਿਸਤ ਦੇ ਮਸ਼ਹੂਰ ਸ਼ਹਿਰ ਗਥ ਦਾ ਰਹਿਣ ਵਾਲਾ ਸੀ। ਇੱਥੇ ਹੀ ਗੋਲਿਅਥ ਅਤੇ ਇਸਰਾਏਲੀਆਂ ਦੇ ਹੋਰ ਖ਼ੌਫ਼ਨਾਕ ਦੁਸ਼ਮਣ ਪੈਦਾ ਹੋਏ ਸਨ। ਬਾਈਬਲ ਵਿਚ ਇੱਤਈ ਦਾ ਜ਼ਿਕਰ ਪਹਿਲੀ ਵਾਰ ਉਦੋਂ ਆਉਂਦਾ ਹੈ ਜਦੋਂ ਅਬਸ਼ਾਲੋਮ ਨੇ ਰਾਜਾ ਦਾਊਦ ਦੇ ਖ਼ਿਲਾਫ਼ ਬਗਾਵਤ ਕੀਤੀ। ਉਸ ਵੇਲੇ ਇੱਤਈ ਨਾਂ ਦਾ ਯੋਧਾ ਅਤੇ ਉਸ ਦੇ ਨਾਲ 600 ਫਲਿਸਤੀ ਆਦਮੀ ਆਪਣੇ ਦੇਸ਼ੋਂ ਭੱਜ ਕੇ ਯਰੂਸ਼ਲਮ ਦੇ ਕਿਸੇ ਨੇੜਲੇ ਇਲਾਕੇ ਵਿਚ ਆ ਕੇ ਰਹਿਣ ਲੱਗ ਪਏ ਸਨ।

ਜਦੋਂ ਦਾਊਦ ਨੇ ਇੱਤਈ ਅਤੇ ਉਸ ਦੇ 600 ਬੰਦਿਆਂ ਦੀ ਹਾਲਤ ਦੇਖੀ, ਤਾਂ ਉਸ ਨੂੰ ਸ਼ਾਇਦ ਆਪਣੇ ਉਹ ਦਿਨ ਯਾਦ ਆਏ ਹੋਣੇ ਜਦੋਂ ਉਹ ਅਤੇ ਉਸ ਦੇ 600 ਯੋਧੇ ਥਾਂ-ਥਾਂ ਭਟਕ ਰਹੇ ਸਨ। ਉਨ੍ਹੀਂ ਦਿਨੀਂ ਦਾਊਦ ਅਤੇ ਉਸ ਦੇ ਆਦਮੀਆਂ ਨੂੰ ਫਲਿਸਤ ਦੇ ਸ਼ਹਿਰ ਗਥ ਦੇ ਰਾਜਾ ਆਕੀਸ਼ ਦੇ ਕੋਲ ਜਾ ਕੇ ਪਨਾਹ ਲੈਣੀ ਪਈ ਸੀ। (1 ਸਮੂ. 27:2, 3) ਪਰ ਇੱਤਈ ਅਤੇ ਉਸ ਦੇ ਆਦਮੀਆਂ ਨੇ ਕੀ ਕੀਤਾ ਜਦੋਂ ਦਾਊਦ ਦਾ ਪੁੱਤਰ ਅਬਸ਼ਾਲੋਮ ਆਪਣੇ ਪਿਤਾ ਖ਼ਿਲਾਫ਼ ਬਗਾਵਤ ਕਰਨ ’ਤੇ ਉੱਤਰ ਆਇਆ ਸੀ? ਕੀ ਉਨ੍ਹਾਂ ਨੇ ਅਬਸ਼ਾਲੋਮ ਦਾ ਸਾਥ ਦਿੱਤਾ ਜਾਂ ਦਾਊਦ ਦਾ? ਜਾਂ ਫਿਰ ਕਿਸੇ ਦਾ ਵੀ ਨਹੀਂ?

ਕਲਪਨਾ ਕਰੋ ਕਿ ਦਾਊਦ ਯਰੂਸ਼ਲਮ ਤੋਂ ਭੱਜ ਰਿਹਾ ਹੈ ਅਤੇ ਇਕ ਥਾਂ ’ਤੇ ਪਹੁੰਚਦਾ ਹੈ ਜਿਸ ਦਾ ਨਾਂ ਬੈਤ ਮਰਹਾਕ ਹੈ। ਇਸ ਨਾਂ ਦਾ ਮਤਲਬ ਹੈ “ਆਖ਼ਰੀ ਘਰ।” ਇਹ ਯਰੂਸ਼ਲਮ ਦਾ ਸ਼ਾਇਦ ਆਖ਼ਰੀ ਘਰ ਹੈ ਜੋ ਕਿਦਰੋਨ ਵਾਦੀ ਪਾਰ ਕਰਨ ਤੋਂ ਪਹਿਲਾਂ ਆਉਂਦੇ ਜ਼ੈਤੂਨ ਦੇ ਪਹਾੜ ਵੱਲ ਹੈ। (2 ਸਮੂ. 15:17) ਇੱਥੇ ਦਾਊਦ ਰੁਕ ਕੇ ਦੇਖਦਾ ਹੈ ਕਿ ਉਸ ਦੀ ਫ਼ੌਜ ਵਿਚ ਕੌਣ-ਕੌਣ ਹੈ। ਉਹ ਦੇਖਦਾ ਹੈ ਕਿ ਉਸ ਨਾਲ ਵਫ਼ਾਦਾਰ ਇਸਰਾਏਲੀ ਆਦਮੀਆਂ ਤੋਂ ਇਲਾਵਾ ਕਰੇਤੀ ਅਤੇ ਫਲੇਤੀ ਹਨ। ਨਾਲੇ ਸਾਰੇ ਗਿੱਤੀ ਯਾਨੀ ਇੱਤਈ ਅਤੇ ਛੇ ਸੌ ਯੋਧੇ ਉਹ ਦੇ ਨਾਲ ਆਏ ਹੋਏ ਹਨ।—2 ਸਮੂ. 15:18.

ਇੱਤਈ ਦੇ ਜਜ਼ਬਾਤਾਂ ਨੂੰ ਸਮਝਦੇ ਹੋਏ ਦਾਊਦ ਨੇ ਕਿਹਾ: “ਤੂੰ ਸਾਡੇ ਨਾਲ ਕਿਉਂ ਆਇਆ ਹੈਂ? ਤੂੰ ਮੁੜ ਜਾਹ ਅਤੇ ਪਾਤਸ਼ਾਹ [ਅਬਸ਼ਾਲੋਮ] ਨਾਲ ਰਹੁ ਕਿਉਂ ਜੋ ਤੂੰ ਓਪਰਾ ਹੈਂ ਅਤੇ ਆਪਣੇ ਦੇਸੋਂ ਕੱਢਿਆ ਹੋਇਆ ਵੀ ਹੈਂ। ਆਪਣੇ ਥਾਂ ਮੁੜ ਜਾਹ! ਕੱਲ ਹੀ ਤਾਂ ਤੂੰ ਆਇਆ ਹੈਂ ਅਤੇ ਭਲਾ, ਅੱਜ ਹੀ ਮੈਂ ਤੈਨੂੰ ਆਪਣੇ ਨਾਲ ਐਧਰ ਉੱਧਰ ਭੁਆਵਾਂ ਕਿਉਂ ਜੋ ਮੇਰੇ ਜਾਣ ਦਾ ਕੋਈ ਥਹੁ ਨਹੀਂ? ਸੋ ਤੂੰ ਮੁੜ ਜਾਹ ਅਤੇ ਆਪਣੇ ਭਰਾਵਾਂ ਨੂੰ ਭੀ ਲੈ ਜਾਹ ਅਤੇ [ਯਹੋਵਾਹ ਦੀ] ਦਯਾ ਅਰ ਸਚਿਆਈ ਤੇਰੇ ਨਾਲ ਹੋਵੇ।”—2 ਸਮੂ. 15:19, 20.

ਇੱਤਈ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਉਹ ਦਾਊਦ ਦਾ ਸਾਥ ਨਹੀਂ ਛੱਡੇਗਾ। ਉਸ ਨੇ ਕਿਹਾ: “ਜੀਉਂਦੇ ਯਹੋਵਾਹ ਅਤੇ ਮੇਰੇ ਮਾਹਰਾਜ ਪਤਸ਼ਾਹ ਦੀ ਜਿੰਦ ਦੀ ਸੌਂਹ, ਜਿੱਥੇ ਕਿਤੇ ਮੇਰਾ ਮਾਹਰਾਜ ਪਾਤਸ਼ਾਹ ਭਾਵੇਂ ਮੋਇਆ ਹੋਵੇ ਭਾਵੇਂ ਜੀਉਂਦਾ ਉੱਥੇ ਤੁਹਾਡਾ ਟਹਿਲੂਆ ਵੀ ਅਵੱਸ਼ ਹੋਵੇਗਾ।” (2 ਸਮੂ. 15:21) ਇਹ ਸ਼ਬਦ ਸੁਣ ਕੇ ਦਾਊਦ ਨੂੰ ਸ਼ਾਇਦ ਆਪਣੀ ਪੜਦਾਦੀ ਰੂਥ ਦੇ ਸ਼ਬਦ ਚੇਤੇ ਆਏ ਹੋਣਗੇ। (ਰੂਥ 1:16, 17) ਵਾਕਈ, ਇੱਤਈ ਦੀ ਗੱਲ ਨੇ ਦਾਊਦ ਦੇ ਦਿਲ ਨੂੰ ਛੋਹ ਲਿਆ ਅਤੇ ਉਸ ਨੇ ਇੱਤਈ ਨੂੰ ਕਿਹਾ ਕਿ “ਚੱਲ,” ਕਿਦਰੋਨ ਵਾਦੀ ਦੇ “ਪਾਰ ਲੰਘ।” ਫਿਰ “ਇਤੱਈ ਗਿੱਤੀ ਅਰ ਉਸ ਦੇ ਸਾਰੇ ਲੋਕ ਅਤੇ ਸਭ ਨਿਆਣੇ ਨੀਂਗਰ ਜੋ ਉਸ ਦੇ ਨਾਲ ਸਨ ਪਾਰ ਲੰਘ ਗਏ।”—2 ਸਮੂ. 15:22.

“ਸਾਡੀ ਸਿੱਖਿਆ ਲਈ”

ਰੋਮੀਆਂ 15:4 ਦੱਸਦਾ ਹੈ: “ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ।” ਸਾਨੂੰ ਆਪਣੇ ਤੋਂ ਪੁੱਛਣਾ ਚਾਹੀਦਾ ਹੈ: ਇੱਤਈ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਧਿਆਨ ਦਿਓ ਕਿ ਕਿਹੜੀ ਗੱਲ ਕਰਕੇ ਇੱਤਈ ਦਾਊਦ ਪ੍ਰਤਿ ਵਫ਼ਾਦਾਰ ਰਹਿਣਾ ਚਾਹੁੰਦਾ ਸੀ। ਭਾਵੇਂ ਇੱਤਈ ਪਰਦੇਸੀ ਸੀ ਤੇ ਉਸ ਨੂੰ ਫਲਿਸਤ ਤੋਂ ਕੱਢਿਆ ਗਿਆ ਸੀ, ਪਰ ਉਹ ਜਾਣਦਾ ਸੀ ਕਿ ਯਹੋਵਾਹ ਜੀਉਂਦਾ ਪਰਮੇਸ਼ੁਰ ਹੈ ਜਿਸ ਨੇ ਦਾਊਦ ਨੂੰ ਮਸਹ ਕੀਤਾ ਸੀ। ਉਸ ਨੂੰ ਪਤਾ ਸੀ ਕਿ ਫਲਿਸਤੀ ਅਤੇ ਇਸਰਾਏਲੀ ਇਕ-ਦੂਜੇ ਦੇ ਦੁਸ਼ਮਣ ਸਨ। ਉਸ ਨੂੰ ਇਹ ਵੀ ਪਤਾ ਸੀ ਕਿ ਦਾਊਦ ਨੇ ਉਸ ਦੇ ਦੇਸ਼ ਦੇ ਸੂਰਮੇ ਗੋਲਿਅਥ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪਰ ਇੱਤਈ ਨੇ ਦਾਊਦ ਨੂੰ ਦੁਸ਼ਮਣ ਦੀ ਨਜ਼ਰ ਤੋਂ ਦੇਖਣ ਦੀ ਬਜਾਇ ਜ਼ਿਆਦਾ ਕੁਝ ਦੇਖਿਆ। (1 ਸਮੂ. 18:6, 7) ਇੱਤਈ ਨੇ ਦੇਖਿਆ ਕਿ ਦਾਊਦ ਯਹੋਵਾਹ ਨੂੰ ਪਿਆਰ ਕਰਦਾ ਸੀ। ਉਸ ਨੇ ਇਹ ਵੀ ਦੇਖਿਆ ਕਿ ਦਾਊਦ ਵਿਚ ਚੰਗੇ ਗੁਣ ਸਨ। ਦਾਊਦ ਨੇ ਵੀ ਇੱਤਈ ਨੂੰ ਬਹੁਤ ਇੱਜ਼ਤ-ਮਾਣ ਦਿੱਤਾ। ਇੰਨਾ ਹੀ ਨਹੀਂ, ਜਦੋਂ ਦਾਊਦ ਦੀਆਂ ਫ਼ੌਜਾਂ ਅਬਸ਼ਾਲੋਮ ਦੀਆਂ ਫ਼ੌਜਾਂ ਵਿਚਕਾਰ ਘਮਾਸਾਣ ਲੜਾਈ ਚੱਲ ਰਹੀ ਸੀ, ਤਾਂ ਉਦੋਂ ਉਸ ਨੇ ਆਪਣੀਆਂ ਫ਼ੌਜਾਂ ਦਾ “ਇੱਕ ਤਿਹਾਈ” ਹਿੱਸਾ ‘ਇੱਤਈ ਦੇ ਹੱਥ ਕਰ ਦਿੱਤਾ।’—2 ਸਮੂ. 18:2.

ਇੱਤਈ ਵਾਂਗ ਸਾਨੂੰ ਵੀ ਸਭਿਆਚਾਰਕ, ਜਾਤੀਗਤ ਅਤੇ ਨਸਲੀ ਵਿਤਕਰਾ ਕਰਨ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਕਿਸੇ ਨਾਲ ਅੰਦਰੋ-ਅੰਦਰੀਂ ਦੁਸ਼ਮਣੀ ਨਹੀਂ ਕਰਨੀ ਚਾਹੀਦੀ। ਇਸ ਦੀ ਬਜਾਇ ਸਾਨੂੰ ਦੂਸਰਿਆਂ ਵਿਚ ਚੰਗੇ ਗੁਣ ਦੇਖਣੇ ਚਾਹੀਦੇ ਹਨ। ਦਾਊਦ ਅਤੇ ਇੱਤਈ ਵਿਚਕਾਰ ਜੋ ਰਿਸ਼ਤਾ ਸੀ, ਉਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਯਹੋਵਾਹ ਨੂੰ ਜਾਣਨ ਅਤੇ ਉਸ ਨੂੰ ਪਿਆਰ ਕਰਨ ਲੱਗਦੇ ਹਾਂ, ਤਾਂ ਅਸੀਂ ਕਿਸੇ ਵੀ ਤਰ੍ਹਾਂ ਦੇ ਭੇਦ-ਭਾਵ ਨੂੰ ਭੁਲਾ ਸਕਦੇ ਹਾਂ।

ਇੱਤਈ ਦੀ ਮਿਸਾਲ ’ਤੇ ਸੋਚ-ਵਿਚਾਰ ਕਰਦਿਆਂ ਸਾਨੂੰ ਆਪਣੇ ਤੋਂ ਇਹ ਸਵਾਲ ਪੁੱਛਣੇ ਚਾਹੀਦੇ ਹਨ: ‘ਕੀ ਮੈਂ ਵੀ ਦਾਊਦ ਤੋਂ ਮਹਾਨ ਯਿਸੂ ਮਸੀਹ ਪ੍ਰਤਿ ਵਫ਼ਾਦਾਰ ਹਾਂ? ਕੀ ਮੈਂ ਵਫ਼ਾਦਾਰੀ ਨਾਲ ਪ੍ਰਚਾਰ ਅਤੇ ਚੇਲੇ ਬਣਾਉਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਕਰਦਾ ਹਾਂ?’ (ਮੱਤੀ 24:14; 28:19, 20) ‘ਮੈਂ ਆਪਣੀ ਵਫ਼ਾਦਾਰੀ ਸਾਬਤ ਕਰਨ ਲਈ ਕਿੰਨਾ ਕੁਝ ਸਹਿਣ ਲਈ ਤਿਆਰ ਹਾਂ?’

ਪਰਿਵਾਰ ਦੇ ਮੁਖੀ ਵੀ ਇੱਤਈ ਦੀ ਵਫ਼ਾਦਾਰੀ ਦੀ ਮਿਸਾਲ ਤੋਂ ਕੁਝ ਸਿੱਖ ਸਕਦੇ ਹਨ। ਜਦੋਂ ਇੱਤਈ ਨੇ ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਦਾਊਦ ਦਾ ਸਾਥ ਦੇਣ ਲਈ ਉਸ ਨਾਲ ਜਾਣ ਦਾ ਫ਼ੈਸਲਾ ਕੀਤਾ, ਤਾਂ ਇਸ ਫ਼ੈਸਲੇ ਦਾ ਅਸਰ ਇੱਤਈ ਦੇ ਬੰਦਿਆਂ ’ਤੇ ਵੀ ਪਿਆ। ਇਸੇ ਤਰ੍ਹਾਂ ਸੱਚੀ ਭਗਤੀ ਦਾ ਪੱਖ ਲੈਣ ਲਈ ਪਰਿਵਾਰ ਦੇ ਮੁਖੀ ਜੋ ਫ਼ੈਸਲੇ ਕਰਦੇ ਹਨ, ਉਨ੍ਹਾਂ ਦਾ ਅਸਰ ਉਨ੍ਹਾਂ ਦੇ ਪਰਿਵਾਰਾਂ ਉੱਤੇ ਪੈ ਸਕਦਾ ਹੈ। ਇੱਥੋਂ ਤਕ ਕਿ ਕੁਝ ਸਮੇਂ ਲਈ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਵੀ ਕਰਨਾ ਪੈ ਸਕਦਾ ਹੈ। ਪਰ ਸਾਨੂੰ ਭਰੋਸਾ ਦਿਵਾਇਆ ਗਿਆ ਹੈ: “ਯਹੋਵਾਹ ਤਾਂ ਭਲਾ ਹੈ, ਉਹ ਦੀ ਦਯਾ ਸਦੀਪਕ ਹੈ, ਅਤੇ ਉਹ ਦੀ ਵਫ਼ਾਦਾਰੀ ਪੀੜ੍ਹੀਓਂ ਪੀੜ੍ਹੀ ਤੀਕ ਹੈ।”—ਜ਼ਬੂ. 100:5.

ਅਬਸ਼ਾਲੋਮ ਨਾਲ ਹੋਈ ਦਾਊਦ ਦੀ ਜੰਗ ਤੋਂ ਬਾਅਦ ਬਾਈਬਲ ਇੱਤਈ ਬਾਰੇ ਹੋਰ ਕੁਝ ਨਹੀਂ ਦੱਸਦੀ। ਭਾਵੇਂ ਪਰਮੇਸ਼ੁਰ ਦੇ ਬਚਨ ਵਿਚ ਸਾਨੂੰ ਇੱਤਈ ਦੀ ਥੋੜ੍ਹੀ ਜਿਹੀ ਹੀ ਝਲਕ ਦਿੱਤੀ ਗਈ ਹੈ, ਫਿਰ ਵੀ ਸਾਨੂੰ ਪਤਾ ਲੱਗਦਾ ਹੈ ਕਿ ਇੱਤਈ ਦਾ ਕਿਹੋ ਜਿਹਾ ਰਵੱਈਆ ਸੀ ਜਦੋਂ ਉਸ ਨੇ ਦਾਊਦ ਦੀ ਜ਼ਿੰਦਗੀ ਦੀ ਔਖੀ ਘੜੀ ਵਿਚ ਉਸ ਦਾ ਸਾਥ ਦਿੱਤਾ। ਬਾਈਬਲ ਵਿਚ ਕੀਤਾ ਇੱਤਈ ਦਾ ਜ਼ਿਕਰ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਵਫ਼ਾਦਾਰ ਇਨਸਾਨਾਂ ਨੂੰ ਉਨ੍ਹਾਂ ਦੀ ਵਫ਼ਾਦਾਰੀ ਦਾ ਫਲ ਵੀ ਦਿੰਦਾ ਹੈ।—ਇਬ. 6:10.