Skip to content

Skip to table of contents

ਦੁਨੀਆਂ ਦਾ ਅੰਤ ਆਉਣ ’ਤੇ ਤੁਹਾਨੂੰ ਕਿੱਥੇ ਹੋਣਾ ਚਾਹੀਦਾ ਹੈ?

ਦੁਨੀਆਂ ਦਾ ਅੰਤ ਆਉਣ ’ਤੇ ਤੁਹਾਨੂੰ ਕਿੱਥੇ ਹੋਣਾ ਚਾਹੀਦਾ ਹੈ?

ਦੁਨੀਆਂ ਦਾ ਅੰਤ ਆਉਣ ’ਤੇ ਤੁਹਾਨੂੰ ਕਿੱਥੇ ਹੋਣਾ ਚਾਹੀਦਾ ਹੈ?

ਜਦੋਂ ਯਹੋਵਾਹ ਆਰਮਾਗੇਡਨ ਵਿਚ ਇਸ ਬੁਰੀ ਦੁਨੀਆਂ ਦਾ ਅੰਤ ਕਰੇਗਾ, ਤਾਂ ਧਰਮੀ ਲੋਕਾਂ ਦਾ ਕੀ ਹੋਵੇਗਾ? ਕਹਾਉਤਾਂ 2:21, 22 ਇਸ ਸਵਾਲ ਦਾ ਜਵਾਬ ਦਿੰਦਾ ਹੈ: “ਸਚਿਆਰ ਹੀ ਧਰਤੀ ਉੱਤੇ ਵੱਸਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।”

ਖਰੇ ਲੋਕਾਂ ਦਾ ਬਚਾਅ ਕਿਵੇਂ ਹੋਵੇਗਾ? ਕੀ ਉਹ ਕਿਸੇ ਜਗ੍ਹਾ ’ਤੇ ਪਨਾਹ ਲੈਣਗੇ? ਉਨ੍ਹਾਂ ਨੂੰ ਕਿੱਥੇ ਹੋਣਾ ਚਾਹੀਦਾ ਹੈ ਜਦੋਂ ਅੰਤ ਆਵੇਗਾ? ਆਓ ਆਪਾਂ ਬਾਈਬਲ ਦੇ ਚਾਰ ਬਿਰਤਾਂਤਾਂ ’ਤੇ ਗੌਰ ਕਰੀਏ ਜੋ ਇਨ੍ਹਾਂ ਸਵਾਲਾਂ ਉੱਤੇ ਚਾਨਣਾ ਪਾਉਂਦੇ ਹਨ।

ਜਦੋਂ ਕਿਸ ਜਗ੍ਹਾ ’ਤੇ ਪਨਾਹ ਲੈਣੀ ਜ਼ਰੂਰੀ ਸੀ

ਨੂਹ ਤੇ ਲੂਤ ਦੇ ਬਚਾਅ ਬਾਰੇ ਅਸੀਂ ਬਾਈਬਲ ਵਿਚ 2 ਪਤਰਸ 2:5-7 ਵਿਚ ਪੜ੍ਹਦੇ ਹਾਂ: “[ਪਰਮੇਸ਼ੁਰ ਨੇ] ਨਾ ਪੁਰਾਣੇ ਸੰਸਾਰ ਨੂੰ ਛੱਡਿਆ ਸਗੋਂ ਜਿਸ ਵੇਲੇ ਕੁਧਰਮੀਆਂ ਦੇ ਸੰਸਾਰ ਉੱਤੇ ਪਰਲੋ ਆਂਦੀ ਤਾਂ ਨੂਹ ਨੂੰ ਜਿਹੜਾ ਧਰਮ ਦਾ ਪਰਚਾਰਕ ਸੀ ਸੱਤਾਂ ਹੋਰਨਾਂ ਸਣੇ ਬਚਾ ਲਿਆ। ਅਤੇ ਸਦੂਮ ਅਤੇ ਅਮੂਰਾਹ ਦੇ ਨਗਰਾਂ ਨੂੰ ਸੁਆਹ ਕਰ ਕੇ ਢਾਹ ਸੁੱਟਣ ਦਾ ਹੁਕਮ ਦਿੱਤਾ ਅਤੇ ਉਨ੍ਹਾਂ ਨੂੰ ਉਹ ਦੇ ਪਿੱਛੋਂ ਦੇ ਕੁਧਰਮੀਆਂ ਲਈ ਇੱਕ ਨਮੂਨਾ ਠਹਿਰਾ ਛੱਡਿਆ ਹੈ। ਅਤੇ ਲੂਤ ਨੂੰ ਜਿਹੜਾ ਧਰਮੀ ਸੀ ਅਤੇ ਦੁਸ਼ਟਾਂ ਦੇ ਲੁੱਚਪੁਣੇ ਦੀ ਚਾਲ ਤੋਂ ਜਿੱਚ ਹੁੰਦਾ ਸੀ ਬਚਾ ਲਿਆ।”

ਨੂਹ ਪਰਲੋ ਵਿੱਚੋਂ ਕਿਵੇਂ ਬਚ ਸਕਿਆ? ਪਰਮੇਸ਼ੁਰ ਨੇ ਉਸ ਨੂੰ ਕਿਹਾ: “ਸਰਬੱਤ ਸਰੀਰਾਂ ਦਾ ਅੰਤਕਾਲ ਮੇਰੇ ਸਾਹਮਣੇ ਏਸ ਲਈ ਆ ਗਿਆ ਹੈ ਕਿ ਧਰਤੀ ਉਨ੍ਹਾਂ ਦੇ ਕਾਰਨ ਜ਼ੁਲਮ ਨਾਲ ਭਰ ਗਈ ਹੈ। ਵੇਖ ਮੈਂ ਉਨ੍ਹਾਂ ਨੂੰ ਧਰਤੀ ਦੇ ਸੰਗ ਨਾਸ ਕਰਾਂਗਾ। ਤੂੰ ਆਪਣੇ ਲਈ ਇੱਕ ਕਿਸ਼ਤੀ ਗੋਫਰ ਦੀ ਲੱਕੜੀ ਤੋਂ ਬਣਾ।” (ਉਤ. 6:13, 14) ਨੂਹ ਨੇ ਉਸੇ ਤਰ੍ਹਾਂ ਕਿਸ਼ਤੀ ਬਣਾਈ ਜਿਵੇਂ ਯਹੋਵਾਹ ਨੇ ਉਸ ਨੂੰ ਬਣਾਉਣ ਲਈ ਕਿਹਾ ਸੀ। ਪਰਲੋ ਤੋਂ ਸੱਤ ਦਿਨ ਪਹਿਲਾਂ, ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਕਿ ਉਹ ਜਾਨਵਰਾਂ ਨੂੰ ਅਤੇ ਆਪਣੇ ਪਰਿਵਾਰ ਨੂੰ ਕਿਸ਼ਤੀ ਵਿਚ ਲੈ ਜਾਵੇ। ਸੱਤਵੇਂ ਦਿਨ ਕਿਸ਼ਤੀ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਅਤੇ “ਧਰਤੀ ਉੱਤੇ ਚਾਲੀ ਦਿਨ ਅਰ ਚਾਲੀ ਰਾਤ ਵਰਖਾ ਹੁੰਦੀ ਰਹੀ।” (ਉਤ. 7:1-4, 11, 12, 16) ਨੂਹ ਤੇ ਉਸ ਦਾ ਪਰਿਵਾਰ “ਪਾਣੀ ਤੋਂ ਬਚ ਗਏ।” (1 ਪਤ. 3:20) ਉਹ ਤਾਂ ਹੀ ਬਚ ਸਕੇ ਕਿਉਂਕਿ ਉਹ ਕਿਸ਼ਤੀ ਵਿਚ ਸਨ। ਧਰਤੀ ’ਤੇ ਹੋਰ ਕਿਸੇ ਵੀ ਜਗ੍ਹਾ ਜਾ ਕੇ ਉਨ੍ਹਾਂ ਦਾ ਬਚਾਅ ਨਹੀਂ ਸੀ ਹੋਣਾ।—ਉਤ. 7:19, 20.

ਲੂਤ ਨੂੰ ਵੱਖਰੀਆਂ ਹਿਦਾਇਤਾਂ ਮਿਲੀਆਂ ਸਨ। ਉਸ ਨੂੰ ਦੋ ਦੂਤਾਂ ਨੇ ਕਿਹਾ ਕਿ ਉਸ ਨੂੰ ਕਿੱਥੇ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਨੇ ਉਸ ਨੂੰ ਦੱਸਿਆ: “ਉਹ ਸਭ ਕੁਝ ਜੋ ਤੇਰਾ ਏਸ ਨਗਰ [ਸਦੂਮ] ਵਿੱਚ ਹੈ ਬਾਹਰ ਲੈ ਜਾਹ। ਕਿਉਂਕਿ ਅਸੀਂ ਏਸ ਥਾਂ ਨੂੰ . . . ਨਸ਼ਟ ਕਰਨ ਵਾਲੇ ਹਾਂ।” ਲੂਤ ਤੇ ਉਸ ਦੇ ਪਰਿਵਾਰ ਨੂੰ ‘ਪਹਾੜ ਨੂੰ ਭੱਜਣ’ ਲਈ ਕਿਹਾ ਗਿਆ ਸੀ।—ਉਤ. 19:12, 13, 17.

ਨੂਹ ਤੇ ਲੂਤ ਦੇ ਤਜਰਬਿਆਂ ਤੋਂ ਅਸੀਂ ਦੇਖ ਸਕਦੇ ਹਾਂ ਕਿ “[ਯਹੋਵਾਹ] ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਆਉਂ ਦੇ ਦਿਨ ਤੀਕ ਸਜ਼ਾ ਹੇਠ ਰੱਖਣਾ ਜਾਣਦਾ ਹੈ!” (2 ਪਤ. 2:9) ਇਨ੍ਹਾਂ ਦੋਹਾਂ ਮਾਮਲਿਆਂ ਵਿਚ ਉਨ੍ਹਾਂ ਦਾ ਬਚਾਅ ਕਿਸੇ ਜਗ੍ਹਾ ’ਤੇ ਪਨਾਹ ਲੈਣ ਉੱਤੇ ਨਿਰਭਰ ਕਰਦਾ ਸੀ। ਨੂਹ ਨੂੰ ਕਿਸ਼ਤੀ ਵਿਚ ਜਾਣਾ ਪਿਆ ਅਤੇ ਲੂਤ ਨੂੰ ਸਦੂਮ ਤੋਂ ਬਾਹਰ ਜਾਣਾ ਪਿਆ। ਪਰ ਕੀ ਯਹੋਵਾਹ ਹਮੇਸ਼ਾ ਆਪਣੇ ਲੋਕਾਂ ਦਾ ਇਸੇ ਤਰ੍ਹਾਂ ਬਚਾਅ ਕਰਦਾ ਹੈ? ਕੀ ਯਹੋਵਾਹ ਧਰਮੀਆਂ ਨੂੰ ਉਸੇ ਜਗ੍ਹਾ ’ਤੇ ਨਹੀਂ ਬਚਾ ਸਕਦਾ ਜਿੱਥੇ ਕਿਤੇ ਉਹ ਰਹਿੰਦੇ ਹਨ? ਕੀ ਉਨ੍ਹਾਂ ਲਈ ਹੋਰ ਜਗ੍ਹਾ ਜਾਣਾ ਜ਼ਰੂਰੀ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਆਓ ਆਪਾਂ ਦੋ ਹੋਰ ਬਿਰਤਾਂਤ ਦੇਖੀਏ।

ਕੀ ਹਮੇਸ਼ਾ ਦੂਸਰੀ ਜਗ੍ਹਾ ਜਾਣਾ ਜ਼ਰੂਰੀ ਹੁੰਦਾ ਹੈ?

ਮੂਸਾ ਦੇ ਦਿਨਾਂ ਵਿਚ ਯਹੋਵਾਹ ਨੇ ਮਿਸਰ ਦਾ ਨਾਸ਼ ਕਰਨ ਤੋਂ ਪਹਿਲਾਂ ਦਸਵੀਂ ਬਿਪਤਾ ਲਿਆਂਦੀ ਸੀ। ਉਸ ਵੇਲੇ ਉਸ ਨੇ ਇਸਰਾਏਲੀਆਂ ਨੂੰ ਆਪਣੇ ਘਰਾਂ ਦੀਆਂ ਚੁਗਾਠਾਂ ਉੱਪਰ ਅਤੇ ਦੋਹੀਂ ਪਾਸੀਂ ਪਸਾਹ ਦੇ ਜਾਨਵਰ ਦਾ ਲਹੂ ਛਿੜਕਾਉਣ ਲਈ ਕਿਹਾ ਸੀ। ਕਿਉਂ? ਕਿਉਂਕਿ ਜਦੋਂ ‘ਯਹੋਵਾਹ ਨੇ ਮਿਸਰੀਆਂ ਦੇ ਮਾਰਨ ਲਈ ਲੰਘਣਾ ਸੀ ਅਰ ਜਦ ਉਸ ਨੇ ਸੇਰੂ ਅਤੇ ਦੋਹਾਂ ਬਾਹੀਆਂ ਉੱਤੇ ਲਹੂ ਨੂੰ ਵੇਖਣਾ ਸੀ ਤਾਂ ਯਹੋਵਾਹ ਨੇ ਉਸ ਬੂਹੇ ਤੋਂ ਪਾਸਾ ਦੇਕੇ ਲੰਘ ਜਾਣਾ ਸੀ ਅਰ ਨਾਸ ਕਰਨ ਵਾਲੇ ਨੂੰ ਉਨ੍ਹਾਂ ਦੇ ਮਾਰਨ ਲਈ ਉਨ੍ਹਾਂ ਦੇ ਘਰਾਂ ਵਿੱਚ ਨਹੀਂ ਆਉਣ ਦੇਣਾ ਸੀ।’ ਉਸੇ ਰਾਤ “ਯਹੋਵਾਹ ਨੇ ਮਿਸਰ ਦੇਸ ਦੇ ਹਰ ਇੱਕ ਪਲੋਠੇ ਨੂੰ ਫ਼ਿਰਊਨ ਦੇ ਪਲੋਠੇ ਤੋਂ ਲੈਕੇ ਜਿਹੜਾ ਉਹ ਦੇ ਸਿੰਘਾਸਣ ਉੱਤੇ ਬੈਠਣ ਵਾਲਾ ਸੀ ਉਸ ਬੰਧੂਏ ਦੇ ਪਲੋਠੇ ਤੀਕ ਜਿਹੜਾ ਭੋਰੇ ਵਿੱਚ ਸੀ ਨਾਲੇ ਡੰਗਰ ਦੇ ਹਰ ਇੱਕ ਪਲੋਠੇ ਨੂੰ ਮਾਰ ਸੁੱਟਿਆ।” ਪਰ ਇਸਰਾਏਲੀਆਂ ਦੇ ਪਲੋਠਿਆਂ ਦੀ ਜਾਨ ਬਖ਼ਸ਼ ਦਿੱਤੀ ਗਈ ਅਤੇ ਉਨ੍ਹਾਂ ਨੂੰ ਇਸ ਵਾਸਤੇ ਕਿਸੇ ਖ਼ਾਸ ਜਗ੍ਹਾ ਜਾਣ ਦੀ ਲੋੜ ਵੀ ਨਹੀਂ ਪਈ।—ਕੂਚ 12:22, 23, 29.

ਰਾਹਾਬ ਦੀ ਮਿਸਾਲ ’ਤੇ ਵੀ ਗੌਰ ਕਰੋ ਜੋ ਯਰੀਹੋ ਸ਼ਹਿਰ ਦੀ ਰਹਿਣ ਵਾਲੀ ਇਕ ਵੇਸਵਾ ਸੀ। ਇਸਰਾਏਲੀ ਵਾਅਦਾ ਕੀਤੇ ਹੋਏ ਦੇਸ਼ ’ਤੇ ਕਬਜ਼ਾ ਕਰਨ ਵਾਲੇ ਸਨ। ਜਦੋਂ ਰਾਹਾਬ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਯਰੀਹੋ ਦਾ ਸਫ਼ਾਇਆ ਕੀਤਾ ਜਾਣ ਵਾਲਾ ਸੀ, ਤਾਂ ਉਸ ਨੇ ਦੋ ਇਸਰਾਏਲੀ ਜਾਸੂਸਾਂ ਨੂੰ ਕਿਹਾ ਕਿ ਨਗਰ ਦੇ ਵਾਸੀ ਇਸਰਾਏਲੀਆਂ ਤੋਂ ਡਰਦੇ ਮਾਰੇ ਥਰ-ਥਰ ਕੰਬ ਰਹੇ ਸਨ। ਉਸ ਨੇ ਜਾਸੂਸਾਂ ਨੂੰ ਲੁਕਾ ਦਿੱਤਾ ਤੇ ਉਨ੍ਹਾਂ ਨੂੰ ਸੌਂਹ ਖੁਆਈ ਕਿ ਜਦੋਂ ਉਹ ਸ਼ਹਿਰ ’ਤੇ ਚੜ੍ਹਾਈ ਕਰਨ ਆਉਣ, ਤਾਂ ਉਹ ਉਸ ਦੀ ਤੇ ਉਸ ਦੇ ਪਰਿਵਾਰ ਦੀ ਜਾਨ ਬਖ਼ਸ਼ ਦੇਣ। ਜਾਸੂਸਾਂ ਨੇ ਰਾਹਾਬ ਨੂੰ ਹਿਦਾਇਤ ਦਿੱਤੀ ਕਿ ਉਹ ਆਪਣੇ ਪਰਿਵਾਰ ਨੂੰ ਆਪਣੇ ਘਰ ਇਕੱਠਾ ਕਰੇ ਜੋ ਨਗਰ ਦੀ ਕੰਧ ’ਤੇ ਬਣਿਆ ਹੋਇਆ ਸੀ। ਜੇ ਕੋਈ ਘਰ ਦੇ ਬਾਹਰ ਹੋਇਆ, ਤਾਂ ਉਸ ਨੂੰ ਸ਼ਹਿਰ ਦੇ ਨਾਲ ਹੀ ਖ਼ਤਮ ਕਰ ਦਿੱਤਾ ਜਾਣਾ ਸੀ। (ਯਹੋ. 2:8-13, 15, 18, 19) ਪਰ ਯਹੋਵਾਹ ਨੇ ਬਾਅਦ ਵਿਚ ਯਹੋਸ਼ੁਆ ਨੂੰ ਕਿਹਾ ਕਿ ‘ਸ਼ਹਿਰ ਦੀਆਂ ਕੰਧਾਂ ਢਹਿ ਜਾਣੀਆਂ ਚਾਹੀਦੀਆਂ ਸਨ।’ (ਯਹੋ. 6:5) ਜਾਸੂਸਾਂ ਨੇ ਰਾਹਾਬ ਨੂੰ ਕਿਹਾ ਕਿ ਉਹ ਤੇ ਉਸ ਦਾ ਪਰਿਵਾਰ ਬਚਾਅ ਵਾਸਤੇ ਰਾਹਾਬ ਦੇ ਘਰ ਵਿਚ ਹੀ ਰਹਿਣ। ਪਰ ਲੱਗਦਾ ਸੀ ਕਿ ਉਸ ਦਾ ਘਰ ਨਾਸ਼ ਹੋ ਜਾਣ ਵਾਲਾ ਸੀ! ਤਾਂ ਫਿਰ ਰਾਹਾਬ ਅਤੇ ਉਸ ਦੇ ਪਰਿਵਾਰ ਦਾ ਬਚਾਅ ਕਿੱਦਾਂ ਹੋਇਆ?

ਜਦੋਂ ਯਰੀਹੋ ’ਤੇ ਕਬਜ਼ਾ ਕਰਨ ਦਾ ਵਕਤ ਆਇਆ, ਤਾਂ ਇਸਰਾਏਲੀਆਂ ਨੇ ਜੈਕਾਰਾ ਗਜਾਇਆ ਅਤੇ ਜਾਜਕਾਂ ਨੇ ਤੁਰ੍ਹੀਆਂ ਵਜਾਈਆਂ। ਯਹੋਸ਼ੁਆ 6:20 ਕਹਿੰਦਾ ਹੈ: “ਤਾਂ ਐਉਂ ਹੋਇਆ ਕਿ ਜਦ [ਇਸਰਾਏਲੀਆਂ] ਨੇ ਤੁਰ੍ਹੀਆਂ ਦੀ ਅਵਾਜ਼ ਸੁਣੀ ਅਤੇ ਲੋਕ ਗੱਜ ਕੇ ਜੈ ਕਾਰਾ ਬੋਲੇ,” ਤਾਂ ਕੰਧਾਂ ਢਹਿਣੀਆਂ ਸ਼ੁਰੂ ਹੋ ਗਈਆਂ। ਕੰਧਾਂ ਨੂੰ ਢਹਿਣ ਤੋਂ ਕੋਈ ਨਹੀਂ ਸੀ ਰੋਕ ਸਕਦਾ। ਪਰ ਚਮਤਕਾਰ ਤਾਂ ਇਹ ਸੀ ਕਿ ਢਹਿ ਰਹੀਆਂ ਕੰਧਾਂ ਰਾਹਾਬ ਦੇ ਘਰ ਕੋਲ ਆ ਕੇ ਢਹਿਣੋਂ ਹਟ ਗਈਆਂ! ਯਹੋਸ਼ੁਆ ਨੇ ਦੋ ਜਾਸੂਸਾਂ ਨੂੰ ਹੁਕਮ ਦਿੱਤਾ: “ਉਸ ਬੇਸਵਾ ਦੇ ਘਰ ਜਾਓ ਅਤੇ ਉਸ ਤੀਵੀਂ ਨੂੰ ਅਰ ਜੋ ਕੁਝ ਉਸ ਦਾ ਹੈ ਬਾਹਰ ਲੈ ਆਓ ਜਿਵੇਂ ਤੁਸਾਂ ਉਸ ਨਾਲ ਸੌਂਹ ਖਾਧੀ ਸੀ।” (ਯਹੋ. 6:22) ਇਸ ਤਰ੍ਹਾਂ ਰਾਹਾਬ ਦਾ ਸਾਰਾ ਘਰਾਣਾ ਬਚ ਗਿਆ।

ਕਿਹੜੀ ਗੱਲ ਜ਼ਿਆਦਾ ਜ਼ਰੂਰੀ ਸੀ?

ਸੋ ਅਸੀਂ ਨੂਹ, ਲੂਤ, ਮੂਸਾ ਦੇ ਦਿਨਾਂ ਦੇ ਇਸਰਾਏਲੀਆਂ ਅਤੇ ਰਾਹਾਬ ਦੇ ਬਚਾਅ ਤੋਂ ਕੀ ਸਿੱਖ ਸਕਦੇ ਹਾਂ? ਇਨ੍ਹਾਂ ਬਿਰਤਾਂਤਾਂ ਦੀ ਕਿਹੜੀ ਗੱਲ ਸਾਡੀ ਇਹ ਤੈਅ ਕਰਨ ਵਿਚ ਮਦਦ ਕਰੇਗੀ ਕਿ ਇਸ ਦੁਨੀਆਂ ਦਾ ਅੰਤ ਆਉਣ ’ਤੇ ਸਾਨੂੰ ਕਿੱਥੇ ਹੋਣਾ ਚਾਹੀਦਾ ਹੈ?

ਇਹ ਸੱਚ ਹੈ ਕਿ ਨੂਹ ਕਿਸ਼ਤੀ ਵਿਚ ਜਾ ਕੇ ਬਚ ਗਿਆ ਸੀ, ਪਰ ਸਵਾਲ ਇਹ ਹੈ ਕਿ ਉਹ ਕਿਸ਼ਤੀ ਵਿਚ ਗਿਆ ਹੀ ਕਿਉਂ ਸੀ? ਕੀ ਇਸ ਲਈ ਨਹੀਂ ਕਿ ਉਸ ਨੇ ਨਿਹਚਾ ਕੀਤੀ ਤੇ ਪਰਮੇਸ਼ੁਰ ਦੀ ਆਗਿਆ ਮੰਨੀ? ਬਾਈਬਲ ਕਹਿੰਦੀ ਹੈ: “ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਤਿਵੇਂ ਉਸ ਨੇ ਕੀਤਾ।” (ਉਤ. 6:22; ਇਬ. 11:7) ਕੀ ਅਸੀਂ ਵੀ ਇਸ ਤਰ੍ਹਾਂ ਕਰਦੇ ਹਾਂ? ਕੀ ਅਸੀਂ ਉਹ ਸਭ ਕਰ ਰਹੇ ਹਾਂ ਜੋ ਕੁਝ ਕਰਨ ਦਾ ਪਰਮੇਸ਼ੁਰ ਨੇ ਸਾਨੂੰ ਹੁਕਮ ਦਿੱਤਾ ਹੈ? ਨੂਹ ‘ਧਰਮ ਦਾ ਪਰਚਾਰਕ ਵੀ ਸੀ।’ (2 ਪਤ. 2:5) ਨੂਹ ਦੇ ਵਾਂਗ ਕੀ ਅਸੀਂ ਵੀ ਜੋਸ਼ ਨਾਲ ਪ੍ਰਚਾਰ ਕਰਦੇ ਹਾਂ ਭਾਵੇਂ ਲੋਕ ਸਾਡੀ ਗੱਲ ਨਹੀਂ ਵੀ ਸੁਣਦੇ?

ਲੂਤ ਸਦੂਮ ਤੋਂ ਭੱਜ ਕੇ ਨਾਸ਼ ਤੋਂ ਬਚ ਗਿਆ ਸੀ। ਉਸ ਦੀ ਜਾਨ ਇਸ ਲਈ ਬਚ ਗਈ ਸੀ ਕਿਉਂਕਿ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਸੀ ਅਤੇ ਸਦੂਮ ਤੇ ਅਮੂਰਾਹ ਦੇ ਲੋਕਾਂ ਦੇ ਬਦਚਲਣ ਕੰਮਾਂ ਤੋਂ ਬਹੁਤ ਦੁਖੀ ਸੀ। ਕੀ ਅਸੀਂ ਵੀ ਅੱਜ ਲੋਕਾਂ ਦੇ ਬਦਚਲਣ ਕੰਮਾਂ ਤੋਂ ਸੱਚ-ਮੁੱਚ ਦੁਖੀ ਹੁੰਦੇ ਹਾਂ? ਜਾਂ ਫਿਰ ਕੀ ਅਸੀਂ ਉਨ੍ਹਾਂ ਕੰਮਾਂ ਨੂੰ ਦੇਖਣ ਦੇ ਇੰਨੇ ਆਦੀ ਹੋ ਗਏ ਹਾਂ ਤੇ ਸੋਚਦੇ ਹਾਂ ਕਿ ਇਨ੍ਹਾਂ ਦਾ ਸਾਡੇ ’ਤੇ ਜ਼ਰਾ ਵੀ ਅਸਰ ਨਹੀਂ ਪੈਣਾ? ਕੀ ਅਸੀਂ “ਸ਼ਾਂਤੀ ਨਾਲ ਨਿਰਮਲ ਅਤੇ ਨਿਹਕਲੰਕ” ਰਹਿਣ ਦੀ ਪੁਰਜ਼ੋਰ ਕੋਸ਼ਿਸ਼ ਕਰਦੇ ਹਾਂ?—2 ਪਤ. 3:14.

ਮਿਸਰ ਦੇ ਇਸਰਾਏਲੀ ਅਤੇ ਯਰੀਹੋ ਦੀ ਰਾਹਾਬ ਇਸ ਲਈ ਬਚ ਗਈ ਕਿਉਂਕਿ ਉਹ ਆਪਣੇ ਘਰਾਂ ਵਿਚ ਰਹੇ। ਇਸ ਤਰ੍ਹਾਂ ਕਰਨ ਲਈ ਉਨ੍ਹਾਂ ਨੂੰ ਨਿਹਚਾ ਕਰਨ ਅਤੇ ਆਗਿਆ ਮੰਨਣ ਦੀ ਲੋੜ ਸੀ। (ਇਬ. 11:28, 30, 31) ਜਦੋਂ ਮਿਸਰ ਦੇ ਇਕ ਤੋਂ ਬਾਅਦ ਇਕ ਘਰ ਵਿਚ “ਵੱਡਾ ਸਿਆਪਾ” ਹੋਣ ਲੱਗਿਆ ਹੋਣਾ, ਤਾਂ ਕਲਪਨਾ ਕਰੋ ਕਿ ਇਸਰਾਏਲੀ ਕਿਵੇਂ ਟਿਕਟਿਕੀ ਲਾ ਕੇ ਆਪਣੇ ਪਲੋਠਿਆਂ ਨੂੰ ਦੇਖਦੇ ਰਹੇ ਹੋਣੇ। (ਕੂਚ 12:30) ਜਦੋਂ ਕੰਧਾਂ ਦੇ ਡਿੱਗਣ ਦੀ ਆਵਾਜ਼ ਨੇੜੇ ਆਉਂਦੀ ਗਈ, ਤਾਂ ਕਲਪਨਾ ਕਰੋ ਕਿ ਰਾਹਾਬ ਨੇ ਆਪਣੇ ਪਰਿਵਾਰ ਦੇ ਜੀਆਂ ਨੂੰ ਕਿਵੇਂ ਘੁੱਟ ਕੇ ਫੜਿਆ ਹੋਇਆ ਹੋਣਾ। ਉਸ ਨੂੰ ਜਾਸੂਸਾਂ ਦੀ ਆਗਿਆ ਅਨੁਸਾਰ ਆਪਣੇ ਘਰ ਵਿਚ ਹੀ ਰਹਿਣ ਲਈ ਕਿੰਨੀ ਨਿਹਚਾ ਕਰਨ ਦੀ ਲੋੜ ਸੀ!

ਜਲਦ ਹੀ ਸ਼ਤਾਨ ਦੀ ਬੁਰੀ ਦੁਨੀਆਂ ਦਾ ਅੰਤ ਹੋਵੇਗਾ। ਯਹੋਵਾਹ ਆਪਣੇ “ਕ੍ਰੋਧ ਦੇ ਦਿਨ” ਆਪਣੇ ਲੋਕਾਂ ਦੀ ਰਾਖੀ ਕਿਵੇਂ ਕਰੇਗਾ, ਇਸ ਦਾ ਸਾਨੂੰ ਅਜੇ ਪੱਕਾ ਪਤਾ ਨਹੀਂ। (ਸਫ਼. 2:3) ਭਾਵੇਂ ਉਸ ਵੇਲੇ ਅਸੀਂ ਜਿੱਥੇ ਕਿਤੇ ਵੀ ਜਿਨ੍ਹਾਂ ਹਾਲਾਤਾਂ ਵਿਚ ਹੋਵਾਂਗੇ, ਅਸੀਂ ਯਕੀਨ ਕਰ ਸਕਦੇ ਹਾਂ ਕਿ ਜੇ ਅਸੀਂ ਯਹੋਵਾਹ ’ਤੇ ਭਰੋਸਾ ਰੱਖਾਂਗੇ ਅਤੇ ਉਸ ਦੀ ਆਗਿਆ ਮੰਨਾਂਗੇ, ਤਾਂ ਉਹ ਸਾਨੂੰ ਜ਼ਰੂਰ ਬਚਾਵੇਗਾ। ਉਹ ਸਮਾਂ ਆਉਣ ਤਕ ਸਾਨੂੰ ਯਸਾਯਾਹ ਦੀ ਭਵਿੱਖਬਾਣੀ ਵਿਚ ਦੱਸੀਆਂ “ਕੋਠੜੀਆਂ” ਬਾਰੇ ਸਹੀ ਰਵੱਈਆ ਰੱਖਣ ਦੀ ਲੋੜ ਹੈ।

‘ਆਪਣੀਆਂ ਕੋਠੜੀਆਂ ਵਿੱਚ ਵੜੋ’

ਯਹੋਵਾਹ ਆਪਣੇ ਲੋਕਾਂ ਨੂੰ ਯਸਾਯਾਹ 26:20 ਵਿਚ ਕਹਿੰਦਾ ਹੈ: “ਹੇ ਮੇਰੀ ਪਰਜਾ, ਆਪਣੀਆਂ ਕੋਠੜੀਆਂ ਵਿੱਚ ਵੜ, ਆਪਣੇ ਬੂਹੇ ਆਪਣੇ ਉੱਤੇ ਭੇੜ ਲੈ, ਥੋੜੇ ਚਿਰ ਲਈ ਆਪ ਨੂੰ ਲੁਕਾ, ਜਦ ਤੀਕ ਕਹਿਰ ਟਲ ਨਾ ਜਾਵੇ।” ਇਹ ਭਵਿੱਖਬਾਣੀ ਪਹਿਲਾਂ ਸ਼ਾਇਦ ਉਦੋਂ ਪੂਰੀ ਹੋਈ ਸੀ ਜਦੋਂ ਮਾਦੀਆਂ ਤੇ ਫ਼ਾਰਸੀਆਂ ਨੇ 539 ਈ. ਪੂ. ਵਿਚ ਬਾਬਲ ’ਤੇ ਕਬਜ਼ਾ ਕੀਤਾ ਸੀ। ਬਾਬਲ ਸ਼ਹਿਰ ਵਿਚ ਵੜਦਿਆਂ ਸਾਰ ਫ਼ਾਰਸ ਦੇ ਰਾਜੇ ਖੋਰਸ ਨੇ ਲੋਕਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਆਪਣੇ ਘਰਾਂ ਦੇ ਅੰਦਰ ਰਹਿਣ ਕਿਉਂਕਿ ਉਸ ਦੇ ਸੈਨਿਕਾਂ ਨੇ ਉਸ ਹਰ ਬੰਦੇ ਨੂੰ ਮਾਰ ਦੇਣਾ ਸੀ ਜੋ ਆਪਣੇ ਘਰ ਤੋਂ ਬਾਹਰ ਘੁੰਮਦਾ ਹੋਇਆ ਨਜ਼ਰ ਆਇਆ।

ਇਸ ਭਵਿੱਖਬਾਣੀ ਵਿਚ ਦੱਸੀਆਂ “ਕੋਠੜੀਆਂ” ਸਾਡੇ ਜ਼ਮਾਨੇ ਵਿਚ ਸ਼ਾਇਦ ਸੰਸਾਰ ਭਰ ਵਿਚ 1,00,000 ਤੋਂ ਜ਼ਿਆਦਾ ਕਲੀਸਿਯਾਵਾਂ ਹਨ। ਇਹ ਕਲੀਸਿਯਾਵਾਂ ਯਹੋਵਾਹ ਦੇ ਗਵਾਹਾਂ ਦੀ ਨਿਹਚਾ ਤਕੜਿਆਂ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ “ਵੱਡੀ ਬਿਪਤਾ” ਦੌਰਾਨ ਵੀ ਅਜਿਹਾ ਕਰਦੀਆਂ ਰਹਿਣਗੀਆਂ। (ਪਰ. 7:14) ਪਰਮੇਸ਼ੁਰ ਦੇ ਲੋਕਾਂ ਨੂੰ ਆਪਣੀਆਂ “ਕੋਠੜੀਆਂ” ਵਿਚ ਜਾਣ ਅਤੇ ਲੁਕਣ ਦਾ ਹੁਕਮ ਦਿੱਤਾ ਗਿਆ ਹੈ “ਜਦ ਤੀਕ ਕਹਿਰ ਟਲ ਨਾ ਜਾਵੇ।” ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਕਲੀਸਿਯਾ ਪ੍ਰਤਿ ਚੰਗਾ ਨਜ਼ਰੀਆ ਰੱਖੀਏ ਅਤੇ ਆਪਣੇ ਭੈਣਾਂ-ਭਰਾਵਾਂ ਦੀ ਸੰਗਤ ਵਿਚ ਹਮੇਸ਼ਾ ਰਹਿਣ ਦਾ ਪੱਕਾ ਇਰਾਦਾ ਕਰੀਏ। ਅਸੀਂ ਪੌਲੁਸ ਦੀ ਇਸ ਸਲਾਹ ਦੇ ਮੁਤਾਬਕ ਚੱਲ ਸਕਦੇ ਹਾਂ: ‘ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ। ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਉੱਨਾ ਹੀ ਵਧੀਕ ਹੋਵੇ ਜਿੰਨਾ ਅਸੀਂ ਵੇਖਦੇ ਹਾਂ ਭਈ ਉਹ ਦਿਨ ਨੇੜੇ ਆਉਂਦਾ ਹੈ।’—ਇਬ. 10:24, 25.

[ਸਫ਼ਾ 7 ਉੱਤੇ ਤਸਵੀਰ]

ਅਸੀਂ ਉਨ੍ਹਾਂ ਕੰਮਾਂ ਤੋਂ ਕੀ ਸਿੱਖ ਸਕਦੇ ਹਾਂ ਜੋ ਪਰਮੇਸ਼ੁਰ ਨੇ ਅਤੀਤ ਵਿਚ ਆਪਣੇ ਲੋਕਾਂ ਨੂੰ ਬਚਾਉਣ ਲਈ ਕੀਤੇ ਸਨ?

[ਸਫ਼ਾ 8 ਉੱਤੇ ਤਸਵੀਰ]

ਸਾਡੇ ਜ਼ਮਾਨੇ ਵਿਚ “ਕੋਠੜੀਆਂ” ਕੀ ਹੋ ਸਕਦੀਆਂ ਹਨ?