Skip to content

Skip to table of contents

ਨੌਜਵਾਨੋ—ਆਪਣੀ ਤਰੱਕੀ ਜ਼ਾਹਰ ਕਰੋ

ਨੌਜਵਾਨੋ—ਆਪਣੀ ਤਰੱਕੀ ਜ਼ਾਹਰ ਕਰੋ

ਨੌਜਵਾਨੋ—ਆਪਣੀ ਤਰੱਕੀ ਜ਼ਾਹਰ ਕਰੋ

“ਇਨ੍ਹਾਂ ਗੱਲਾਂ ਦਾ ਉੱਦਮ ਕਰ। ਇਨ੍ਹਾਂ ਵਿੱਚ ਲੱਗਾ ਰਹੁ ਭਈ ਤੇਰੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ।”—1 ਤਿਮੋ. 4:15.

1. ਪਰਮੇਸ਼ੁਰ ਨੌਜਵਾਨਾਂ ਲਈ ਕੀ ਚਾਹੁੰਦਾ ਹੈ?

ਪ੍ਰਾਚੀਨ ਇਸਰਾਏਲ ਦੇ ਬੁੱਧੀਮਾਨ ਰਾਜੇ ਸੁਲੇਮਾਨ ਨੇ ਲਿਖਿਆ: “ਹੇ ਜੁਆਨ, ਤੂੰ ਆਪਣੀ ਜੁਆਨੀ ਵਿੱਚ ਮੌਜ ਕਰ, ਅਤੇ ਆਪਣੀ ਜੁਆਨੀ ਦੇ ਦਿਨਾਂ ਵਿੱਚ ਤੇਰਾ ਜੀ ਤੈਨੂੰ ਪਰਚਾਵੇ।” (ਉਪ. 11:9) ਇਸ ਗੱਲ ਨੂੰ ਲਿਖਵਾਉਣ ਵਾਲਾ ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਨੌਜਵਾਨ ਨਾ ਸਿਰਫ਼ ਹੁਣ ਖ਼ੁਸ਼ ਰਹਿਣ, ਸਗੋਂ ਬਾਅਦ ਦੇ ਸਾਲਾਂ ਵਿਚ ਵੀ ਖ਼ੁਸ਼ ਰਹਿਣ। ਪਰ ਜਵਾਨੀ ਦੇ ਦਿਨਾਂ ਵਿਚ ਨੌਜਵਾਨਾਂ ਤੋਂ ਅਕਸਰ ਗ਼ਲਤੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਦਾ ਅਸਰ ਉਨ੍ਹਾਂ ਦੇ ਭਵਿੱਖ ’ਤੇ ਵੀ ਪੈ ਸਕਦਾ ਹੈ। ਵਫ਼ਾਦਾਰ ਅੱਯੂਬ ਨੂੰ ਵੀ ਅਫ਼ਸੋਸ ਸੀ ਕਿ ਸ਼ਾਇਦ ਉਸ ਨੂੰ ‘ਆਪਣੀ ਜਵਾਨੀ ਦੇ ਕੀਤੇ ਬੁਰੇ ਕੰਮਾਂ ਦਾ ਫਲ’ ਮਿਲ ਰਿਹਾ ਸੀ। (ਅੱਯੂ. 13:26, CL) ਦਰਅਸਲ, ਇਕ ਮਸੀਹੀ ਨੂੰ ਅੱਲ੍ਹੜ ਉਮਰ ਵਿਚ ਅਤੇ ਬਾਅਦ ਦੇ ਸਾਲਾਂ ਵਿਚ ਅਕਸਰ ਗੰਭੀਰ ਫ਼ੈਸਲੇ ਕਰਨੇ ਪੈਂਦੇ ਹਨ। ਗ਼ਲਤ ਫ਼ੈਸਲੇ ਕਰਨ ਤੇ ਉਨ੍ਹਾਂ ਦੇ ਦਿਲ ਨੂੰ ਜੋ ਸੱਟ ਲੱਗਦੀ ਹੈ ਅਤੇ ਜੋ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਹਨ, ਉਨ੍ਹਾਂ ਦਾ ਅਸਰ ਸ਼ਾਇਦ ਉਨ੍ਹਾਂ ਦੀ ਬਾਕੀ ਦੀ ਜ਼ਿੰਦਗੀ ’ਤੇ ਪੈ ਸਕਦਾ ਹੈ।—ਉਪ. 11:10.

2. ਬਾਈਬਲ ਦੀ ਕਿਹੜੀ ਸਲਾਹ ’ਤੇ ਚੱਲ ਕੇ ਨੌਜਵਾਨ ਗੰਭੀਰ ਗ਼ਲਤੀਆਂ ਕਰਨ ਤੋਂ ਬਚ ਸਕਦੇ ਹਨ?

2 ਨੌਜਵਾਨਾਂ ਨੂੰ ਸੂਝ-ਬੂਝ ਤੋਂ ਕੰਮ ਲੈਣ ਦੀ ਲੋੜ ਹੈ। ਧਿਆਨ ਦਿਓ ਕਿ ਪੌਲੁਸ ਰਸੂਲ ਨੇ ਕੁਰਿੰਥੀਆਂ ਨੂੰ ਕੀ ਸਲਾਹ ਦਿੱਤੀ ਸੀ: “ਬੁੱਧ ਵਿੱਚ ਬਾਲਕ ਨਾ ਬਣੋ . . . ਬੁੱਧ ਵਿੱਚ ਸਿਆਣੇ ਹੋਵੋ।” (1 ਕੁਰਿੰ. 14:20) ਇਸ ਸਲਾਹ ’ਤੇ ਚੱਲ ਕੇ ਨੌਜਵਾਨ ਸਿਆਣਿਆਂ ਵਾਂਗ ਸੋਚ-ਵਿਚਾਰ ਕਰ ਸਕਣਗੇ ਅਤੇ ਗੰਭੀਰ ਗ਼ਲਤੀਆਂ ਕਰਨ ਤੋਂ ਬਚ ਸਕਣਗੇ।

3. ਸਿਆਣਿਆਂ ਵਾਂਗ ਸੋਚ-ਵਿਚਾਰ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?

3 ਜੇ ਤੁਸੀਂ ਨੌਜਵਾਨ ਹੋ, ਤਾਂ ਸਿਆਣਿਆਂ ਵਾਂਗ ਸੋਚ-ਵਿਚਾਰ ਕਰਨ ਲਈ ਤੁਹਾਨੂੰ ਕੁਝ ਕਰਨ ਦੀ ਲੋੜ ਹੈ। ਪੌਲੁਸ ਨੇ ਤਿਮੋਥਿਉਸ ਨੂੰ ਕਿਹਾ: “ਕੋਈ ਤੇਰੀ ਜੁਆਨੀ ਨੂੰ ਤੁੱਛ ਨਾ ਜਾਣੇ ਸਗੋਂ ਤੂੰ ਨਿਹਚਾਵਾਨਾਂ ਲਈ ਬਚਨ ਵਿੱਚ, ਚਾਲ ਚਲਣ ਵਿੱਚ, ਪ੍ਰੇਮ ਵਿੱਚ, ਨਿਹਚਾ ਵਿੱਚ, ਪਵਿੱਤਰਤਾਈ ਵਿੱਚ, ਨਮੂਨਾ ਬਣੀਂ। . . . ਤੂੰ ਪੜ੍ਹਾਈ ਕਰਨ, ਉਪਦੇਸ਼ ਕਰਨ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹੀਂ। . . . ਇਨ੍ਹਾਂ ਗੱਲਾਂ ਦਾ ਉੱਦਮ ਕਰ। ਇਨ੍ਹਾਂ ਵਿੱਚ ਲੱਗਾ ਰਹੁ ਭਈ ਤੇਰੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ।” (1 ਤਿਮੋ. 4:12-15) ਇਸ ਸਲਾਹ ਤੋਂ ਪਤਾ ਚੱਲਦਾ ਹੈ ਕਿ ਮਸੀਹੀ ਨੌਜਵਾਨਾਂ ਨੂੰ ਤਰੱਕੀ ਕਰਨ ਦੀ ਲੋੜ ਹੈ ਜੋ ਦੂਸਰਿਆਂ ਨੂੰ ਨਜ਼ਰ ਆਉਣੀ ਚਾਹੀਦੀ ਹੈ।

ਤਰੱਕੀ ਕੀ ਹੈ?

4. ਸੱਚਾਈ ਵਿਚ ਤਰੱਕੀ ਕਰਨ ਦਾ ਕੀ ਮਤਲਬ ਹੈ?

4 ਤਰੱਕੀ ਕਰਨ ਦਾ ਮਤਲਬ ਹੈ “ਅੱਗੇ ਵਧਣਾ ਤੇ ਚੰਗੇ ਇਨਸਾਨ ਬਣਨ ਲਈ ਆਪਣੇ ਵਿਚ ਤਬਦੀਲੀਆਂ ਕਰਨੀਆਂ।” ਪੌਲੁਸ ਨੇ ਤਿਮੋਥਿਉਸ ਨੂੰ ਤਾਕੀਦ ਕੀਤੀ ਕਿ ਉਹ ਬਚਨ, ਚਾਲ-ਚਲਣ, ਪ੍ਰੇਮ, ਨਿਹਚਾ ਅਤੇ ਪਵਿੱਤਰਤਾਈ ਵਿਚ ਅੱਗੇ ਵਧਦਾ ਜਾਵੇ ਤੇ ਆਪਣੀ ਸੇਵਕਾਈ ਨੂੰ ਪੂਰਿਆਂ ਕਰੇ। ਉਸ ਨੇ ਆਪਣੇ ਜੀਵਨ-ਢੰਗ ਵਿਚ ਮਿਸਾਲੀ ਹੋਣਾ ਸੀ। ਇਸ ਤਰ੍ਹਾਂ ਤਿਮੋਥਿਉਸ ਨੇ ਸੱਚਾਈ ਵਿਚ ਤਰੱਕੀ ਕਰਦੇ ਰਹਿਣਾ ਸੀ।

5, 6. (ੳ) ਤਿਮੋਥਿਉਸ ਨੇ ਸੱਚਾਈ ਵਿਚ ਤਰੱਕੀ ਕਦੋਂ ਕਰਨੀ ਸ਼ੁਰੂ ਕੀਤੀ? (ਅ) ਤਰੱਕੀ ਕਰਨ ਸੰਬੰਧੀ ਨੌਜਵਾਨ ਅੱਜ ਤਿਮੋਥਿਉਸ ਦੀ ਨਕਲ ਕਿਵੇਂ ਕਰ ਸਕਦੇ ਹਨ?

5 ਪੌਲੁਸ ਨੇ ਇਹ ਸਲਾਹ 61 ਅਤੇ 64 ਈਸਵੀ ਦਰਮਿਆਨ ਲਿਖੀ ਚਿੱਠੀ ਵਿਚ ਦਿੱਤੀ ਸੀ। ਉਦੋਂ ਤਿਮੋਥਿਉਸ ਤਜਰਬੇਕਾਰ ਬਜ਼ੁਰਗ ਦੇ ਤੌਰ ਤੇ ਸੇਵਾ ਕਰ ਰਿਹਾ ਸੀ। ਪਰ ਧਿਆਨ ਦਿਓ ਕਿ ਉਸ ਨੇ ਬਜ਼ੁਰਗ ਬਣਨ ’ਤੇ ਹੀ ਸੱਚਾਈ ਵਿਚ ਤਰੱਕੀ ਕਰਨੀ ਸ਼ੁਰੂ ਨਹੀਂ ਕੀਤੀ ਸੀ। 49 ਜਾਂ 50 ਈਸਵੀ ਵਿਚ ਤਿਮੋਥਿਉਸ 19-20 ਸਾਲਾਂ ਦਾ ਸੀ ਅਤੇ ਉਸ ਦਾ “ਲੁਸਤ੍ਰਾ ਅਤੇ ਇਕੋਨਿਯੁਮ ਦੇ ਰਹਿਣ ਵਾਲੇ ਭਾਈਆਂ ਵਿੱਚ ਨੇਕਨਾਮ ਸੀ” ਜਿਨ੍ਹਾਂ ਨੇ ਤਿਮੋਥਿਉਸ ਨੂੰ ਸੱਚਾਈ ਵਿਚ ਤਰੱਕੀ ਕਰਦਿਆਂ ਵੇਖਿਆ। (ਰਸੂ. 16:1-5) ਉਸ ਸਮੇਂ ਪੌਲੁਸ ਤਿਮੋਥਿਉਸ ਨੂੰ ਆਪਣੇ ਨਾਲ ਮਿਸ਼ਨਰੀ ਦੌਰੇ ’ਤੇ ਲੈ ਗਿਆ ਸੀ। ਅਗਲੇ ਕੁਝ ਮਹੀਨਿਆਂ ਵਿਚ ਤਿਮੋਥਿਉਸ ਨੂੰ ਹੋਰ ਤਰੱਕੀ ਕਰਦਿਆਂ ਵੇਖ ਕੇ ਪੌਲੁਸ ਨੇ ਉਸ ਨੂੰ ਥੱਸਲੁਨੀਕਾ ਭੇਜਿਆ ਤਾਂਕਿ ਉਹ ਉੱਥੋਂ ਦੇ ਭੈਣਾਂ-ਭਰਾਵਾਂ ਨੂੰ ਦਿਲਾਸਾ ਦੇ ਸਕੇ ਅਤੇ ਉਨ੍ਹਾਂ ਦੀ ਨਿਹਚਾ ਨੂੰ ਤਕੜਿਆਂ ਕਰ ਸਕੇ। (1 ਥੱਸਲੁਨੀਕੀਆਂ 3:1-3, 6 ਪੜ੍ਹੋ।) ਬਿਨਾਂ ਸ਼ੱਕ, ਦੂਸਰਿਆਂ ਨੇ ਤਿਮੋਥਿਉਸ ਨੂੰ ਜਵਾਨੀ ਵਿਚ ਹੀ ਤਰੱਕੀ ਕਰਦਿਆਂ ਦੇਖ ਲਿਆ ਸੀ।

6 ਕਲੀਸਿਯਾ ਦੇ ਨੌਜਵਾਨੋ, ਤੁਸੀਂ ਵੀ ਆਪਣੇ ਵਿਚ ਜ਼ਰੂਰੀ ਗੁਣ ਪੈਦਾ ਕਰੋ ਤਾਂਕਿ ਦੂਸਰੇ ਦੇਖ ਸਕਣ ਕਿ ਤੁਸੀਂ ਸੱਚਾਈ ਵਿਚ ਤਰੱਕੀ ਕਰ ਰਹੇ ਹੋ ਅਤੇ ਬਾਈਬਲ ਸਿਖਾਉਣ ਦੀ ਆਪਣੀ ਕਲਾ ਨੂੰ ਨਿਖਾਰ ਰਹੇ ਹੋ। ਧਿਆਨਯੋਗ ਹੈ ਕਿ ਯਿਸੂ 12 ਸਾਲਾਂ ਦੀ ਉਮਰ ਤੋਂ ਹੀ ‘ਗਿਆਨ ਵਿੱਚ ਵਧਦਾ ਗਿਆ।’ (ਲੂਕਾ 2:52) ਨੌਜਵਾਨੋ, ਆਓ ਦੇਖੋ ਕਿ ਤੁਸੀਂ ਜ਼ਿੰਦਗੀ ਦੀਆਂ ਕਿਹੜੀਆਂ ਤਿੰਨ ਗੱਲਾਂ ਵਿਚ ਆਪਣੀ ਤਰੱਕੀ ਜ਼ਾਹਰ ਕਰ ਸਕਦੇ ਹੋ: (1) ਮੁਸ਼ਕਲਾਂ ਆਉਣ ’ਤੇ, (2) ਵਿਆਹ ਕਰਨ ਬਾਰੇ ਸੋਚ-ਵਿਚਾਰ ਕਰਦਿਆਂ ਅਤੇ (3) “ਚੰਗਾ ਸੇਵਕ” ਬਣਨ ਦੀ ਕੋਸ਼ਿਸ਼ ਕਰਦਿਆਂ।—1 ਤਿਮੋ. 4:6.

“ਸੰਜਮ” ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰੋ

7. ਨੌਜਵਾਨਾਂ ’ਤੇ ਮੁਸ਼ਕਲਾਂ ਦਾ ਕੀ ਅਸਰ ਪੈ ਸਕਦਾ ਹੈ?

7 ਸਤਾਰਾਂ ਸਾਲਾਂ ਦੀ ਕੈਰਲ ਨਾਂ ਦੀ ਭੈਣ ਨੇ ਕਿਹਾ, “ਕਦੇ-ਕਦੇ ਮੈਂ ਇੰਨੀ ਨਿਰਾਸ਼ ਹੋ ਜਾਂਦੀ ਤੇ ਥੱਕ ਜਾਂਦੀ ਸੀ ਕਿ ਸਵੇਰ ਨੂੰ ਮੈਥੋਂ ਉੱਠਿਆ ਨਹੀਂ ਸੀ ਜਾਂਦਾ।” * ਕੈਰਲ, ਭਲਾ ਇੰਨੀ ਨਿਰਾਸ਼ ਕਿਉਂ ਹੋ ਜਾਂਦੀ ਸੀ? ਜਦੋਂ ਉਹ ਦਸਾਂ ਸਾਲਾਂ ਦੀ ਸੀ, ਤਾਂ ਉਸ ਦੇ ਮਾਂ-ਬਾਪ ਦਾ ਤਲਾਕ ਹੋ ਗਿਆ ਅਤੇ ਸਾਰਾ ਪਰਿਵਾਰ ਬਿਖਰ ਗਿਆ। ਉਸ ਨੂੰ ਆਪਣੀ ਮੰਮੀ ਨਾਲ ਰਹਿਣਾ ਪਿਆ ਜਿਸ ਨੂੰ ਬਾਈਬਲ ਦੇ ਨੈਤਿਕ ਅਸੂਲਾਂ ਦੀ ਕੋਈ ਪਰਵਾਹ ਨਹੀਂ ਸੀ। ਕੈਰਲ ਦੀ ਤਰ੍ਹਾਂ ਤੁਸੀਂ ਵੀ ਸ਼ਾਇਦ ਨਿਰਾਸ਼ਾ-ਭਰੇ ਹਾਲਾਤਾਂ ਦਾ ਸਾਮ੍ਹਣਾ ਕਰ ਰਹੇ ਹੋਵੋ ਜਿਨ੍ਹਾਂ ਦੇ ਸੁਧਰਨ ਦੀ ਸ਼ਾਇਦ ਤੁਹਾਨੂੰ ਕੋਈ ਆਸ ਨਜ਼ਰ ਨਹੀਂ ਆਉਂਦੀ।

8. ਤਿਮੋਥਿਉਸ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ?

8 ਤਰੱਕੀ ਕਰਨ ਦੇ ਨਾਲ-ਨਾਲ ਤਿਮੋਥਿਉਸ ਨੂੰ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਮਿਸਾਲ ਲਈ, ਪੇਟ ਦੀ ਸਮੱਸਿਆ ਕਰਕੇ ਉਸ ਨੂੰ “ਬਹੁਤੀਆਂ ਮਾਂਦਗੀਆਂ” ਸਹਿਣੀਆਂ ਪਈਆਂ। (1 ਤਿਮੋ. 5:23) ਕੁਰਿੰਥੁਸ ਵਿਚ ਪੌਲੁਸ ਦੇ ਖ਼ਿਲਾਫ਼ ਬੋਲਣ ਵਾਲੇ ਕੁਝ ਮਸੀਹੀਆਂ ਨੇ ਕਲੀਸਿਯਾ ਵਿਚ ਸਮੱਸਿਆਵਾਂ ਖੜ੍ਹੀਆਂ ਕੀਤੀਆਂ ਹੋਈਆਂ ਸਨ। ਜਦੋਂ ਉਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਪੌਲੁਸ ਨੇ ਤਿਮੋਥਿਉਸ ਨੂੰ ਕੁਰਿੰਥੁਸ ਭੇਜਿਆ, ਤਾਂ ਉਸ ਨੇ ਕਲੀਸਿਯਾ ਨੂੰ ਕਿਹਾ ਕਿ ਉਹ ਤਿਮੋਥਿਉਸ ਦਾ ਸਾਥ ਦੇਣ ਤਾਂਕਿ ਉਹ “ਨਿਚਿੰਤ” ਰਹੇ ਯਾਨੀ ਡਰੇ ਨਾ। (1 ਕੁਰਿੰ. 4:17; 16:10, 11) ਲੱਗਦਾ ਹੈ ਕਿ ਤਿਮੋਥਿਉਸ ਸ਼ਰਮੀਲੇ ਸੁਭਾਅ ਦਾ ਸੀ।

9. ਸੰਜਮ ਕੀ ਹੈ ਅਤੇ ਇਹ ਗੁਣ ਡਰ ਤੋਂ ਕਿਵੇਂ ਵੱਖਰਾ ਹੈ?

9 ਬਾਅਦ ਵਿਚ ਤਿਮੋਥਿਉਸ ਦੀ ਮਦਦ ਕਰਨ ਲਈ ਪੌਲੁਸ ਨੇ ਉਸ ਨੂੰ ਯਾਦ ਕਰਾਇਆ: “ਪਰਮੇਸ਼ੁਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਸਗੋਂ ਸਮਰੱਥਾ ਅਤੇ ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ।” (2 ਤਿਮੋ. 1:7) ਸੰਜਮੀ ਬੰਦਾ ਸੁਰਤ ਵਾਲਾ ਹੁੰਦਾ ਹੈ ਅਤੇ ਉਹ ਸਮਝਦਾਰੀ ਤੋਂ ਕੰਮ ਲੈਂਦਾ ਹੈ। ਉਹ ਮੁਸ਼ਕਲਾਂ ਦਾ ਡੱਟ ਕੇ ਸਾਮ੍ਹਣਾ ਕਰਦਾ ਹੈ ਭਾਵੇਂ ਇੱਦਾਂ ਕਰਨਾ ਉਸ ਲਈ ਬਹੁਤ ਮੁਸ਼ਕਲ ਹੋ ਸਕਦਾ ਹੈ। ਕੁਝ ਨਾਦਾਨ ਨੌਜਵਾਨ ਤਣਾਅ-ਭਰੇ ਹਾਲਾਤਾਂ ਤੋਂ ਡਰ ਜਾਂਦੇ ਹਨ ਅਤੇ ਇਨ੍ਹਾਂ ਤੋਂ ਭੱਜਣ ਲਈ ਕਾਫ਼ੀ ਸੌਂਦੇ ਹਨ ਜਾਂ ਟੈਲੀਵਿਯਨ ਦੇਖਦੇ ਹਨ, ਡਰੱਗਜ਼ ਖਾਂਦੇ ਹਨ ਜਾਂ ਸ਼ਰਾਬ ਪੀਂਦੇ ਹਨ, ਕਲੱਬਾਂ-ਪਾਰਟੀਆਂ ਵਿਚ ਜਾਂਦੇ ਹਨ ਜਾਂ ਬਦਚਲਣ ਕੰਮ ਕਰਨ ਲੱਗ ਪੈਂਦੇ ਹਨ। ਮਸੀਹੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ‘ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ ਇਸ ਵਰਤਮਾਨ ਜੁੱਗ ਵਿੱਚ ਸੁਰਤ, ਧਰਮ ਅਤੇ ਭਗਤੀ ਨਾਲ ਉਮਰ ਬਤੀਤ ਕਰਨ।’—ਤੀਤੁ. 2:12.

10, 11. ਸੁਰਤ ਵਾਲੇ ਹੋਣ ਨਾਲ ਸਾਨੂੰ ਪਰਮੇਸ਼ੁਰ ਦੀ ਤਾਕਤ ਉੱਤੇ ਭਰੋਸਾ ਰੱਖਣ ਵਿਚ ਕਿਵੇਂ ਮਦਦ ਮਿਲਦੀ ਹੈ?

10 ਬਾਈਬਲ ‘ਜੁਆਨਾਂ ਨੂੰ ਸੁਰਤ ਵਾਲੇ ਹੋਣ’ ਦੀ ਤਾਕੀਦ ਕਰਦੀ ਹੈ। (ਤੀਤੁ. 2:6) ਇਸ ਸਲਾਹ ’ਤੇ ਚੱਲਣ ਦਾ ਮਤਲਬ ਹੈ ਕਿ ਤੁਸੀਂ ਪ੍ਰਾਰਥਨਾ ਸਹਿਤ ਸਮੱਸਿਆਵਾਂ ਦਾ ਸਾਮ੍ਹਣਾ ਕਰੋਗੇ ਅਤੇ ਤਾਕਤ ਲਈ ਪਰਮੇਸ਼ੁਰ ਉੱਤੇ ਭਰੋਸਾ ਰੱਖੋਗੇ। (1 ਪਤਰਸ 4:7 ਪੜ੍ਹੋ।) ਇਸ ਤਰ੍ਹਾਂ ਤੁਹਾਡਾ ਉਸ “ਸਮਰੱਥਾ” ’ਤੇ ਭਰੋਸਾ ਵਧੇਗਾ “ਜੋ ਪਰਮੇਸ਼ੁਰ ਦਿੰਦਾ ਹੈ।”—1 ਪਤ. 4:11.

11 ਕੈਰਲ ਸੁਰਤ ਵਾਲੀ ਸੀ ਅਤੇ ਉਸ ਨੇ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਉਸ ਨੇ ਕਿਹਾ: “ਮੈਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੀ ਸੀ ਅਤੇ ਮੈਂ ਆਪਣੀ ਮਾਂ ਨੂੰ ਸਾਫ਼-ਸਾਫ਼ ਦੱਸ ਦਿੱਤਾ ਸੀ ਕਿ ਮੈਂ ਉਸ ਦੇ ਬਦਚਲਣ ਕੰਮਾਂ ਦੇ ਬਿਲਕੁਲ ਖ਼ਿਲਾਫ਼ ਸੀ। ਇਸ ਕਰਕੇ ਯਹੋਵਾਹ ਦਾ ਪੱਖ ਲੈਣਾ ਮੇਰੇ ਲਈ ਸੌਖਾ ਨਹੀਂ ਸੀ। ਪਰ ਪ੍ਰਾਰਥਨਾ ਕਰ ਕੇ ਮੈਨੂੰ ਕਾਫ਼ੀ ਮਦਦ ਮਿਲੀ। ਮੈਂ ਜਾਣਦੀ ਹਾਂ ਕਿ ਯਹੋਵਾਹ ਮੇਰੇ ਨਾਲ ਹੈ, ਇਸ ਲਈ ਮੈਨੂੰ ਡਰਨ ਦੀ ਕੋਈ ਲੋੜ ਨਹੀਂ।” ਯਾਦ ਰੱਖੋ ਕਿ ਮੁਸ਼ਕਲਾਂ ਦਾ ਸਾਮ੍ਹਣਾ ਕਰ ਕੇ ਤੁਹਾਡੀ ਸ਼ਖ਼ਸੀਅਤ ਸੁਧਰਦੀ ਹੈ ਤੇ ਤੁਹਾਡੀ ਨਿਹਚਾ ਤਕੜੀ ਹੁੰਦੀ ਹੈ। (ਜ਼ਬੂ. 105:17-19; ਵਿਰ. 3:27) ਤੁਹਾਡੇ ਉੱਤੇ ਜੋ ਮਰਜ਼ੀ ਮੁਸ਼ਕਲ ਆਵੇ, ਪਰਮੇਸ਼ੁਰ ਤੁਹਾਨੂੰ ਕਦੇ ਛੱਡੇਗਾ ਨਹੀਂ। ਉਹ ਸੱਚ-ਮੁੱਚ ‘ਤੁਹਾਡੀ ਸਹਾਇਤਾ ਕਰੇਗਾ।’—ਯਸਾ. 41:10.

ਸਫ਼ਲ ਵਿਆਹ ਬਾਰੇ ਸੋਚ-ਵਿਚਾਰ ਕਰਦਿਆਂ

12. ਵਿਆਹ ਬਾਰੇ ਸੋਚ ਰਹੇ ਮਸੀਹੀਆਂ ਨੂੰ ਕਹਾਉਤਾਂ 20:25 ਦੇ ਸਿਧਾਂਤ ਨੂੰ ਕਿਉਂ ਲਾਗੂ ਕਰਨਾ ਚਾਹੀਦਾ ਹੈ?

12 ਅੱਲ੍ਹੜ ਉਮਰ ਨੂੰ ਪਾਰ ਕਰ ਚੁੱਕੇ ਕੁਝ ਮੁੰਡੇ-ਕੁੜੀਆਂ ਨੇ ਵਿਆਹ ਕਰਾਉਣ ਵਿਚ ਜਲਦਬਾਜ਼ੀ ਕੀਤੀ। ਉਨ੍ਹਾਂ ਨੇ ਸੋਚਿਆ ਕਿ ਵਿਆਹ ਹੀ ਉਨ੍ਹਾਂ ਦੀ ਨਿਰਾਸ਼ਾ, ਇਕੱਲੇਪਣ, ਬੋਰੀਅਤ ਅਤੇ ਘਰੇਲੂ ਸਮੱਸਿਆਵਾਂ ਦਾ ਹੱਲ ਹੈ। ਪਰ ਯਾਦ ਰੱਖੋ ਕਿ ਵਿਆਹ ਵੇਲੇ ਖਾਧੀਆਂ ਕਸਮਾਂ ਬਹੁਤ ਮਾਅਨੇ ਰੱਖਦੀਆਂ ਹਨ। ਪੁਰਾਣੇ ਜ਼ਮਾਨੇ ਵਿਚ ਕੁਝ ਲੋਕਾਂ ਨੇ ਬਿਨਾਂ ਸੋਚੇ-ਸਮਝੇ ਪਰਮੇਸ਼ੁਰ ਅੱਗੇ ਸੌਂਹ ਖਾਣ ਵਿਚ ਜਲਦਬਾਜ਼ੀ ਕੀਤੀ। (ਕਹਾਉਤਾਂ 20:25 ਪੜ੍ਹੋ।) ਨੌਜਵਾਨ ਕਦੇ-ਕਦੇ ਗੰਭੀਰਤਾ ਨਾਲ ਨਹੀਂ ਸੋਚਦੇ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੇ ਸਿਰ ’ਤੇ ਕਿਹੜੀਆਂ ਜ਼ਿੰਮੇਵਾਰੀਆਂ ਆਉਣਗੀਆਂ। ਬਾਅਦ ਵਿਚ ਜਾ ਕੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਕਿੰਨਾ ਕੁਝ ਕਰਨ ਦੀ ਲੋੜ ਹੈ।

13. ਮੁੰਡੇ-ਕੁੜੀ ਨੂੰ ਇਕ-ਦੂਜੇ ਨੂੰ ਜਾਣਨ ਤੋਂ ਪਹਿਲਾਂ ਆਪਣੇ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਮਦਦ ਲਈ ਕਿਹੜੀ ਸਲਾਹ ਉਪਲਬਧ ਹੈ?

13 ਮੁੰਡੇ-ਕੁੜੀਓ, ਇਕ-ਦੂਜੇ ਨੂੰ ਜਾਣਨ ਤੋਂ ਪਹਿਲਾਂ ਆਪਣੇ ਤੋਂ ਪੁੱਛੋ: ‘ਮੈਂ ਵਿਆਹ ਕਿਉਂ ਕਰਾਉਣਾ ਚਾਹੁੰਦਾ ਜਾਂ ਚਾਹੁੰਦੀ ਹਾਂ? ਮੈਂ ਉਸ ਕੁੜੀ ਜਾਂ ਮੁੰਡੇ ਤੋਂ ਕਿਹੜੀਆਂ ਉਮੀਦਾਂ ਰੱਖਦਾ ਜਾਂ ਰੱਖਦੀ ਹਾਂ? ਕੀ ਇਹ ਮੁੰਡਾ ਜਾਂ ਕੁੜੀ ਮੇਰੇ ਲਈ ਸਹੀ ਹੈ? ਕੀ ਮੈਂ ਵਿਆਹ ਦੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਤਿਆਰ ਹਾਂ?’ ਵਿਆਹ ਬਾਰੇ ਸੋਚ-ਸਮਝ ਕੇ ਫ਼ੈਸਲਾ ਕਰਨ ਸੰਬੰਧੀ ਤੁਹਾਡੀ ਮਦਦ ਕਰਨ ਲਈ “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਖ਼ਾਸ ਲੇਖ ਛਾਪੇ ਹਨ। * (ਮੱਤੀ 24:45-47) ਇਸ ਜਾਣਕਾਰੀ ਨੂੰ ਇੱਦਾਂ ਸਮਝੋ ਜਿਵੇਂ ਯਹੋਵਾਹ ਖ਼ੁਦ ਤੁਹਾਨੂੰ ਸਲਾਹ ਦੇ ਰਿਹਾ ਹੋਵੇ। ਧਿਆਨ ਨਾਲ ਇਹ ਜਾਣਕਾਰੀ ਪੜ੍ਹੋ ਅਤੇ ਇਸ ਨੂੰ ਲਾਗੂ ਕਰੋ। ਕਦੇ ਵੀ ‘ਘੋੜੇ ਅਤੇ ਖੱਚਰ ਵਰਗੇ ਨਾ ਹੋਵੋ ਜਿਹੜੇ ਬੇਸਮਝ ਹਨ।’ (ਜ਼ਬੂ. 32:8, 9) ਸਿਆਣਿਆਂ ਵਾਂਗ ਸੋਚੋ ਕਿ ਵਿਆਹ ਤੋਂ ਬਾਅਦ ਦੀਆਂ ਜ਼ਿੰਮੇਵਾਰੀਆਂ ਨੂੰ ਤੁਸੀਂ ਪੂਰੀਆਂ ਕਰ ਸਕੋਗੇ ਜਾਂ ਨਹੀਂ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵਿਆਹ ਕਰਨ ਲਈ ਤਿਆਰ ਹੋ, ਤਾਂ ਹਮੇਸ਼ਾ ਯਾਦ ਰੱਖੋ ਕਿ ਤੁਹਾਨੂੰ ‘ਪਵਿੱਤਰਤਾਈ ਵਿੱਚ ਨਮੂਨਾ ਬਣਨ’ ਦੀ ਲੋੜ ਹੈ।—1 ਤਿਮੋ. 4:12.

14. ਮਸੀਹ ਵਰਗੇ ਬਣਨ ਨਾਲ ਤੁਹਾਨੂੰ ਵਿਆਹ ਤੋਂ ਬਾਅਦ ਵੀ ਕਿਹੜੇ ਫ਼ਾਇਦੇ ਹੋ ਸਕਦੇ ਹਨ?

14 ਤੁਹਾਡੀ ਸਿਆਣਪ ਵਿਆਹ ਤੋਂ ਬਾਅਦ ਵੀ ਤੁਹਾਨੂੰ ਸਫ਼ਲ ਬਣਾਵੇਗੀ। ਸਿਆਣਾ ਮਸੀਹੀ ਯਿਸੂ ‘ਮਸੀਹ ਦੀ ਪੂਰੀ ਡੀਲ ਦੇ ਅੰਦਾਜ਼ੇ ਤੀਕ ਪਹੁੰਚਣ’ ਯਾਨੀ ਮਸੀਹ ਵਰਗਾ ਬਣਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। (ਅਫ਼. 4:11-14) ‘ਮਸੀਹ ਨੇ ਵੀ ਆਪਣੇ ਆਪ ਨੂੰ ਨਾ ਰਿਝਾ’ ਕੇ ਸਾਡੇ ਲਈ ਸ਼ਾਨਦਾਰ ਮਿਸਾਲ ਕਾਇਮ ਕੀਤੀ। (ਰੋਮੀ. 15:3) ਜਦੋਂ ਪਤੀ-ਪਤਨੀ ਇਕ-ਦੂਜੇ ਦੇ ਭਲੇ ਬਾਰੇ ਸੋਚਦੇ ਹਨ, ਤਾਂ ਪਰਿਵਾਰ ਵਿਚ ਅਮਨ-ਚੈਨ ਤੇ ਪਿਆਰ ਵਧਦਾ ਹੈ। (1 ਕੁਰਿੰ. 10:24) ਪਤੀ ਆਪਣੇ ਨਾਲੋਂ ਜ਼ਿਆਦਾ ਪਿਆਰ ਆਪਣੀ ਪਤਨੀ ਨੂੰ ਕਰੇਗਾ ਅਤੇ ਪਤਨੀ ਵੀ ਆਪਣੇ ਪਤੀ ਦੇ ਅਧੀਨ ਹੋਣ ਦਾ ਪੱਕਾ ਇਰਾਦਾ ਕਰੇਗੀ ਜਿਵੇਂ ਯਿਸੂ ਆਪਣੇ ਪਿਤਾ ਦੇ ਅਧੀਨ ਰਹਿੰਦਾ ਹੈ।—1 ਕੁਰਿੰ. 11:3; ਅਫ਼. 5:25.

‘ਆਪਣੀ ਸੇਵਕਾਈ ਨੂੰ ਪੂਰਿਆਂ ਕਰੋ’

15, 16. ਤੁਸੀਂ ਸੇਵਕਾਈ ਵਿਚ ਆਪਣੀ ਤਰੱਕੀ ਕਿਵੇਂ ਜ਼ਾਹਰ ਕਰ ਸਕਦੇ ਹੋ?

15 ਤਿਮੋਥਿਉਸ ਦੀ ਅਹਿਮ ਜ਼ਿੰਮੇਵਾਰੀ ਵੱਲ ਧਿਆਨ ਦਿਵਾਉਂਦਿਆਂ ਪੌਲੁਸ ਨੇ ਉਸ ਨੂੰ ਲਿਖਿਆ: “ਮੈਂ ਪਰਮੇਸ਼ੁਰ ਅਤੇ ਮਸੀਹ ਯਿਸੂ . . . ਦਾ ਵਾਸਤਾ ਦੇ ਕੇ ਤੈਨੂੰ ਤਗੀਦ ਕਰਦਾ ਹਾਂ ਭਈ ਤੂੰ ਬਚਨ ਦਾ ਪਰਚਾਰ ਕਰ। ਵੇਲੇ ਕੁਵੇਲੇ ਉਸ ਵਿੱਚ ਲੱਗਿਆ ਰਹੁ।” ਅੱਗੇ ਉਸ ਨੇ ਕਿਹਾ: “ਪਰਚਾਰਕ ਦਾ ਕੰਮ ਕਰੀਂ, ਆਪਣੀ ਸੇਵਕਾਈ ਨੂੰ ਪੂਰਿਆਂ ਕਰੀਂ।” (2 ਤਿਮੋ. 4:1, 2, 5) ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਤਿਮੋਥਿਉਸ ਨੂੰ ‘ਨਿਹਚਾ ਦੀਆਂ ਗੱਲਾਂ ਤੇ ਪਲਣ’ ਦੀ ਲੋੜ ਸੀ।—1 ਤਿਮੋਥਿਉਸ 4:6 ਪੜ੍ਹੋ।

16 ਤੁਸੀਂ ਕਿਵੇਂ ‘ਨਿਹਚਾ ਦੀਆਂ ਗੱਲਾਂ ਤੇ ਪਲ’ ਸਕਦੇ ਹੋ? ਪੌਲੁਸ ਨੇ ਲਿਖਿਆ: “ਤੂੰ ਪੜ੍ਹਾਈ ਕਰਨ, ਉਪਦੇਸ਼ ਕਰਨ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹੀਂ। ਇਨ੍ਹਾਂ ਗੱਲਾਂ ਦਾ ਉੱਦਮ ਕਰ। ਇਨ੍ਹਾਂ ਵਿੱਚ ਲੱਗਾ ਰਹੁ।” (1 ਤਿਮੋ. 4:13, 15) ਜੇ ਅਸੀਂ ਇਨ੍ਹਾਂ ਗੱਲਾਂ ਵਿਚ ਸੁਧਾਰ ਕਰਨਾ ਹੈ, ਤਾਂ ਸਾਨੂੰ ਲਗਨ ਨਾਲ ਬਾਈਬਲ ਅਤੇ ਹੋਰ ਪ੍ਰਕਾਸ਼ਨਾਂ ਨੂੰ ਪੜ੍ਹਨਾ ਚਾਹੀਦਾ ਹੈ। ਮੂਲ ਭਾਸ਼ਾ ਵਿਚ ‘ਲੱਗੇ ਰਹਿਣ’ ਦਾ ਮਤਲਬ ਹੈ ਕਿਸੇ ਕੰਮ ਵਿਚ ਪੂਰੀ ਤਰ੍ਹਾਂ ਖੁੱਭ ਜਾਣਾ। ਕੀ ਤੁਹਾਨੂੰ ਅਧਿਐਨ ਕਰਨ ਦੀ ਆਦਤ ਹੈ? ਕੀ ਤੁਸੀਂ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਦੀ ਸਟੱਡੀ ਕਰਨ ਵਿਚ ਖੁੱਭ ਜਾਂਦੇ ਹੋ? (1 ਕੁਰਿੰ. 2:10) ਜਾਂ ਕੀ ਤੁਸੀਂ ਬਸ ਸਰਸਰੀ ਨਜ਼ਰ ਹੀ ਮਾਰਦੇ ਹੋ? ਪੜ੍ਹੀਆਂ ਗੱਲਾਂ ਉੱਤੇ ਮਨਨ ਕਰ ਕੇ ਤੁਸੀਂ ਤਰੱਕੀ ਕਰ ਪਾਓਗੇ।—ਕਹਾਉਤਾਂ 2:1-5 ਪੜ੍ਹੋ।

17, 18. (ੳ) ਸਾਨੂੰ ਆਪਣੇ ਵਿਚ ਕਿਹੜੀਆਂ ਕਾਬਲੀਅਤਾਂ ਪੈਦਾ ਕਰਨ ਦੀ ਲੋੜ ਹੈ? (ਅ) ਤਿਮੋਥਿਉਸ ਵਰਗਾ ਰਵੱਈਆ ਰੱਖਣ ਨਾਲ ਪ੍ਰਚਾਰ ਵਿਚ ਤੁਹਾਡੀ ਕਿਵੇਂ ਮਦਦ ਹੋਵੇਗੀ?

17 ਮੀਸ਼ੈਲ ਨਾਂ ਦੀ ਨੌਜਵਾਨ ਪਾਇਨੀਅਰ ਨੇ ਕਿਹਾ: “ਚੰਗੀ ਤਰ੍ਹਾਂ ਪ੍ਰਚਾਰ ਕਰਨ ਲਈ ਮੈਂ ਨਿੱਜੀ ਅਧਿਐਨ ਕਰਨ ਲਈ ਸਮਾਂ ਤੈਅ ਕੀਤਾ ਹੋਇਆ ਹੈ ਤੇ ਮੈਂ ਬਾਕਾਇਦਾ ਮੀਟਿੰਗਾਂ ਤੇ ਜਾਂਦੀ ਹਾਂ। ਇਸ ਕਰਕੇ ਯਹੋਵਾਹ ਨਾਲ ਮੇਰਾ ਰਿਸ਼ਤਾ ਹੋਰ ਵੀ ਮਜ਼ਬੂਤ ਹੋਇਆ ਹੈ।” ਪਾਇਨੀਅਰ ਵਜੋਂ ਸੇਵਾ ਕਰਨ ਨਾਲ ਤੁਸੀਂ ਪ੍ਰਚਾਰ ਵਿਚ ਬਾਈਬਲ ਨੂੰ ਚੰਗੀ ਤਰ੍ਹਾਂ ਵਰਤਣਾ ਸਿੱਖੋਗੇ ਅਤੇ ਲੋਕਾਂ ਨੂੰ ਅਸਰਕਾਰੀ ਤਰੀਕੇ ਨਾਲ ਖ਼ੁਸ਼-ਖ਼ਬਰੀ ਸੁਣਾ ਸਕੋਗੇ। ਬਾਈਬਲ ਨੂੰ ਚੰਗੀ ਤਰ੍ਹਾਂ ਪੜ੍ਹਨ ਅਤੇ ਮਸੀਹੀ ਸਭਾਵਾਂ ਵਿਚ ਵਧੀਆ ਟਿੱਪਣੀਆਂ ਦੇਣ ਦੀ ਕੋਸ਼ਿਸ਼ ਕਰੋ। ਸਿਆਣੇ ਨੌਜਵਾਨ ਹੋਣ ਕਰਕੇ ਤੁਸੀਂ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਵਧੀਆ ਭਾਸ਼ਣ ਦੇਣ ਲਈ ਚੰਗੀ ਤਰ੍ਹਾਂ ਤਿਆਰੀ ਕਰਨੀ ਚਾਹੋਗੇ। ਨਾਲੇ ਤੁਸੀਂ ਉਹੀ ਜਾਣਕਾਰੀ ਪੇਸ਼ ਕਰੋਗੇ ਜੋ ਤੁਹਾਨੂੰ ਦਿੱਤੀ ਗਈ ਹੈ।

18 ‘ਬਚਨ ਦਾ ਪਰਚਾਰ ਕਰਨ’ ਦਾ ਮਤਲਬ ਹੈ ਸੇਵਕਾਈ ਵਿਚ ਹੋਰ ਅਸਰਕਾਰੀ ਹੋਣਾ ਅਤੇ ਮੁਕਤੀ ਪਾਉਣ ਵਿਚ ਹੋਰਨਾਂ ਦੀ ਮਦਦ ਕਰਨੀ। ਇਸ ਦੇ ਲਈ ਸਾਨੂੰ ਆਪਣੇ ਵਿਚ ‘ਸਿਖਾਉਣ’ ਦੀ ਕਲਾ ਪੈਦਾ ਕਰਨੀ ਪਵੇਗੀ। (2 ਤਿਮੋ. 4:2) ਜਿਵੇਂ ਤਿਮੋਥਿਉਸ ਨੇ ਪੌਲੁਸ ਨਾਲ ਕੰਮ ਕਰ ਕੇ ਚੰਗੀ ਤਰ੍ਹਾਂ ਪ੍ਰਚਾਰ ਕਰਨਾ ਸਿੱਖਿਆ ਸੀ, ਉਸੇ ਤਰ੍ਹਾਂ ਤੁਸੀਂ ਵੀ ਤਜਰਬੇਕਾਰ ਭੈਣਾਂ-ਭਰਾਵਾਂ ਨਾਲ ਕੰਮ ਕਰ ਕੇ ਉਨ੍ਹਾਂ ਦੇ ਸਿਖਾਉਣ ਦੇ ਤਰੀਕਿਆਂ ਤੋਂ ਸਿੱਖ ਸਕਦੇ ਹੋ। (1 ਕੁਰਿੰ. 4:17) ਪੌਲੁਸ ਨੇ ਜਿਨ੍ਹਾਂ ਦੀ ਮਦਦ ਕੀਤੀ ਸੀ, ਉਨ੍ਹਾਂ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਉਸ ਨੇ ਨਾ ਸਿਰਫ਼ ਉਨ੍ਹਾਂ ਨੂੰ ਖ਼ੁਸ਼-ਖ਼ਬਰੀ ਸੁਣਾਈ, ਸਗੋਂ ਉਨ੍ਹਾਂ ਲਈ “ਆਪਣੀ ਜਾਨ” ਵੀ ਦੇ ਦਿੱਤੀ। ਕਹਿਣ ਦਾ ਭਾਵ ਕਿ ਉਸ ਨੇ ਉਨ੍ਹਾਂ ਦੀ ਮਦਦ ਕਰਨ ਵਿਚ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ ਕਿਉਂਕਿ ਉਹ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਸੀ। (1 ਥੱਸ. 2:8) ਪੌਲੁਸ ਵਾਂਗ ਸੇਵਕਾਈ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਤਿਮੋਥਿਉਸ ਵਰਗਾ ਰਵੱਈਆ ਰੱਖੋ ਜਿਸ ਨੇ ਦਿਲੋਂ ਹੋਰਨਾਂ ਦੀ ਪਰਵਾਹ ਕੀਤੀ ਤੇ “ਇੰਜੀਲੀ ਸੇਵਾ ਕੀਤੀ ਸੀ।” (ਫ਼ਿਲਿੱਪੀਆਂ 2:19-23 ਪੜ੍ਹੋ।) ਕੀ ਤੁਸੀਂ ਆਪਣੀ ਸੇਵਕਾਈ ਵਿਚ ਅਜਿਹਾ ਰਵੱਈਆ ਦਿਖਾਉਂਦੇ ਹੋ?

ਤਰੱਕੀ ਕਰਨ ਨਾਲ ਖ਼ੁਸ਼ੀ ਮਿਲਦੀ ਹੈ

19, 20. ਸੱਚਾਈ ਵਿਚ ਤਰੱਕੀ ਕਰਨ ਨਾਲ ਕਿਉਂ ਖ਼ੁਸ਼ੀ ਮਿਲਦੀ ਹੈ?

19 ਸੱਚਾਈ ਵਿਚ ਤਰੱਕੀ ਕਰਨ ਲਈ ਮਿਹਨਤ ਕਰਨੀ ਪੈਂਦੀ ਹੈ। ਤੁਹਾਨੂੰ ਧੀਰਜ ਨਾਲ ਆਪਣੇ ਵਿਚ ਸਿਖਾਉਣ ਦੇ ਹੁਨਰ ਪੈਦਾ ਕਰਨ ਦੀ ਲੋੜ ਹੈ। ਪਰ ਅਖ਼ੀਰ ਵਿਚ ਤੁਸੀਂ “ਬਹੁਤਿਆਂ ਨੂੰ” ਸੱਚਾਈ ਸਿਖਾ ਕੇ ‘ਧਨੀ ਬਣਾਉਗੇ’ ਅਤੇ ਉਹ ਤੁਹਾਡੇ ਲਈ “ਅਨੰਦ ਯਾ ਅਭਮਾਨ ਦਾ ਮੁਕਟ” ਹੋਣਗੇ। (2 ਕੁਰਿੰ. 6:10; 1 ਥੱਸ. 2:19) ਫ੍ਰੈੱਡ ਨਾਂ ਦੇ ਪਾਇਨੀਅਰ ਨੇ ਕਿਹਾ: “ਹੁਣ ਮੈਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮਾਂ ਹੋਰਨਾਂ ਦੀ ਮਦਦ ਕਰਨ ਵਿਚ ਲਾਉਂਦਾ ਹਾਂ। ਇਹ ਗੱਲ ਵਾਕਈ ਸੱਚ ਹੈ ਕਿ ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”

20 ਸੱਚਾਈ ਵਿਚ ਤਰੱਕੀ ਕਰਨ ਨਾਲ ਜੋ ਖ਼ੁਸ਼ੀ ਤੇ ਸੰਤੁਸ਼ਟੀ ਮਿਲਦੀ ਹੈ, ਉਸ ਬਾਰੇ ਡੈਫਨੀ ਨਾਂ ਦੀ ਨੌਜਵਾਨ ਪਾਇਨੀਅਰ ਨੇ ਕਿਹਾ: “ਜਿਉਂ-ਜਿਉਂ ਮੈਂ ਯਹੋਵਾਹ ਬਾਰੇ ਸਿੱਖਦੀ ਗਈ, ਤਿਉਂ-ਤਿਉਂ ਉਸ ਨਾਲ ਮੇਰਾ ਰਿਸ਼ਤਾ ਗੂੜ੍ਹਾ ਹੁੰਦਾ ਗਿਆ। ਜਦੋਂ ਤੁਸੀਂ ਆਪਣੀ ਪੂਰੀ ਵਾਹ ਲਾ ਕੇ ਯਹੋਵਾਹ ਨੂੰ ਖ਼ੁਸ਼ ਕਰਦੇ ਹੋ, ਤਾਂ ਤੁਹਾਨੂੰ ਕਿੰਨਾ ਚੰਗਾ ਲੱਗਦਾ ਹੈ!” ਸ਼ਾਇਦ ਇਨਸਾਨਾਂ ਨੂੰ ਤੁਹਾਡੀ ਤਰੱਕੀ ਹਮੇਸ਼ਾ ਨਜ਼ਰ ਨਾ ਆਵੇ, ਪਰ ਯਹੋਵਾਹ ਹਮੇਸ਼ਾ ਤੁਹਾਡੀ ਤਰੱਕੀ ਨੂੰ ਦੇਖ ਕੇ ਉਸ ਦੀ ਕਦਰ ਕਰਦਾ ਹੈ। (ਇਬ. 4:13) ਨੌਜਵਾਨ ਭੈਣੋ ਤੇ ਭਰਾਵੋ, ਤੁਸੀਂ ਆਪਣੇ ਸਵਰਗੀ ਪਿਤਾ ਦੀ ਮਹਿਮਾ ਕਰ ਸਕਦੇ ਹੋ। ਸੱਚਾਈ ਵਿਚ ਆਪਣੀ ਤਰੱਕੀ ਜ਼ਾਹਰ ਕਰ ਕੇ ਤੁਸੀਂ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਦੇ ਰਹੋ।—ਕਹਾ. 27:11.

[ਫੁਟਨੋਟ]

^ ਪੈਰਾ 7 ਕੁਝ ਨਾਂ ਬਦਲੇ ਗਏ ਹਨ।

^ ਪੈਰਾ 13ਕੀ ਇਹ ਚੰਗਾ ਜੀਵਨ-ਸਾਥੀ ਬਣੇਗਾ?,” ਜੁਲਾਈ-ਸਤੰਬਰ 2007 ਜਾਗਰੂਕ ਬਣੋ! ਵਿਚ ਅਤੇ“ ਪਰਮੇਸ਼ੁਰ ਦੀ ਮਦਦ ਨਾਲ ਜੀਵਨ-ਸਾਥੀ ਪਸੰਦ ਕਰੋ,” 15 ਮਈ 2001 ਦੇ ਪਹਿਰਾਬੁਰਜ ਵਿਚ ਦੇਖੋ।

ਤੁਸੀਂ ਕੀ ਸਿੱਖਿਆ?

• ਸੱਚਾਈ ਵਿਚ ਤਰੱਕੀ ਕਰਨ ਲਈ ਤੁਹਾਨੂੰ ਕੀ ਕੁਝ ਕਰਨ ਦੀ ਲੋੜ ਹੈ?

• ਤੁਸੀਂ ਆਪਣੀ ਤਰੱਕੀ ਕਿਵੇਂ ਜ਼ਾਹਰ ਕਰ ਸਕਦੇ ਹੋ ਜਦੋਂ ਤੁਸੀਂ

ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋ?

ਵਿਆਹ ਕਰਾਉਣ ਬਾਰੇ ਸੋਚਦੇ ਹੋ?

ਪ੍ਰਚਾਰ ਕਰਦੇ ਹੋ?

[ਸਵਾਲ]

[ਸਫ਼ਾ 15 ਉੱਤੇ ਤਸਵੀਰ]

ਪ੍ਰਾਰਥਨਾ ਦੀ ਮਦਦ ਨਾਲ ਤੁਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕੋਗੇ

[ਸਫ਼ਾ 16 ਉੱਤੇ ਤਸਵੀਰ]

ਨੌਜਵਾਨ ਪਬਲੀਸ਼ਰ ਕਿਵੇਂ ਸਿਖਾਉਣ ਦੇ ਅਸਰਕਾਰੀ ਤਰੀਕੇ ਅਪਣਾ ਸਕਦੇ ਹਨ?