ਪਤੀਓ, ਮਸੀਹ ਵਾਂਗ ਪਿਆਰ ਕਰੋ!
ਪਤੀਓ, ਮਸੀਹ ਵਾਂਗ ਪਿਆਰ ਕਰੋ!
ਧਰਤੀ ’ਤੇ ਆਪਣੀ ਆਖ਼ਰੀ ਰਾਤ ਨੂੰ ਯਿਸੂ ਨੇ ਆਪਣੇ ਵਫ਼ਾਦਾਰ ਰਸੂਲਾਂ ਨੂੰ ਕਿਹਾ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰ. 13:34, 35) ਇਸ ਤੋਂ ਪਤਾ ਚੱਲਦਾ ਹੈ ਕਿ ਸਾਰੇ ਸੱਚੇ ਮਸੀਹੀਆਂ ਨੂੰ ਇਕ-ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ।
ਪੌਲੁਸ ਰਸੂਲ ਨੇ ਪਤੀਆਂ ਨੂੰ ਇਹ ਸਲਾਹ ਦਿੰਦੇ ਹੋਏ ਲਿਖਿਆ: “ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ।” (ਅਫ਼. 5:25) ਸੋ ਮਸੀਹੀ ਪਤੀ ਇਸ ਸਲਾਹ ਨੂੰ ਕਿੱਦਾਂ ਲਾਗੂ ਕਰ ਸਕਦਾ ਹੈ, ਖ਼ਾਸਕਰ ਜੇ ਉਸ ਦੀ ਪਤਨੀ ਵੀ ਯਹੋਵਾਹ ਦੀ ਸੇਵਾ ਕਰਦੀ ਹੈ?
ਮਸੀਹ ਨੇ ਕਲੀਸਿਯਾ ਨੂੰ ਪਿਆਰ ਕੀਤਾ
ਬਾਈਬਲ ਸਾਫ਼-ਸਾਫ਼ ਕਹਿੰਦੀ ਹੈ: “ਪਤੀਆਂ ਨੂੰ ਭੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ। ਜਿਹੜਾ ਆਪਣੀ ਪਤਨੀ ਨਾਲ ਪ੍ਰੇਮ ਕਰਦਾ ਹੈ ਉਹ ਆਪਣੇ ਹੀ ਨਾਲ ਪ੍ਰੇਮ ਕਰਦਾ ਹੈ। ਕਿਉਂ ਜੋ ਕਿਸੇ ਨੇ ਆਪਣੇ ਸਰੀਰ ਨਾਲ ਕਦੇ ਵੈਰ ਨਹੀਂ ਕੀਤਾ ਸਗੋਂ ਉਹ ਉਸ ਨੂੰ ਪਾਲਦਾ ਪਲੋਸਦਾ ਹੈ ਜਿਵੇਂ ਮਸੀਹ ਵੀ ਕਲੀਸਿਯਾ ਨੂੰ।” (ਅਫ਼. 5:28, 29) ਯਿਸੂ ਆਪਣੇ ਚੇਲਿਆਂ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਨ੍ਹਾਂ ਨੂੰ ਅਨਮੋਲ ਸਮਝਦਾ ਸੀ। ਭਾਵੇਂ ਉਹ ਗ਼ਲਤੀਆਂ ਕਰਦੇ ਸਨ, ਫਿਰ ਵੀ ਉਹ ਨਿਮਰਤਾ ਤੇ ਪਿਆਰ ਨਾਲ ਉਨ੍ਹਾਂ ਨਾਲ ਪੇਸ਼ ਆਉਂਦਾ ਸੀ। ‘ਉਹ ਆਪਣੇ ਲਈ ਪਰਤਾਪਵਾਨ ਕਲੀਸਿਯਾ ਤਿਆਰ ਕਰਨੀ’ ਚਾਹੁੰਦਾ ਸੀ, ਇਸ ਲਈ ਉਹ ਆਪਣੇ ਚੇਲਿਆਂ ਵਿਚ ਚੰਗੇ ਗੁਣ ਦੇਖਦਾ ਸੀ।—ਅਫ਼. 5:27.
ਜਿਸ ਤਰ੍ਹਾਂ ਯਿਸੂ ਨੇ ਆਪਣੀ ਕਲੀਸਿਯਾ ਨੂੰ ਪਿਆਰ ਕੀਤਾ, ਉਸੇ ਤਰ੍ਹਾਂ ਪਤੀਆਂ ਨੂੰ ਵੀ ਆਪਣੀ ਕਹਿਣੀ ਤੇ ਕਰਨੀ ਦੁਆਰਾ ਆਪਣੀਆਂ ਪਤਨੀਆਂ ਲਈ ਪਿਆਰ ਜ਼ਾਹਰ ਕਰਨਾ ਚਾਹੀਦਾ ਹੈ। ਜਿਸ ਪਤਨੀ ਨੂੰ ਆਪਣੇ ਪਤੀ ਦਾ ਪਿਆਰ ਮਿਲਦਾ ਹੈ, ਉਹ ਖ਼ੁਸ਼ ਰਹਿਣ ਦੇ ਨਾਲ-ਨਾਲ ਇਹ ਵੀ ਮਹਿਸੂਸ ਕਰਦੀ ਹੈ ਕਿ ਉਸ ਦਾ ਪਤੀ ਉਸ ਦੀ ਕਦਰ ਕਰਦਾ ਹੈ। ਦੂਸਰੇ ਪਾਸੇ, ਜਿਸ ਔਰਤ ਕੋਲ ਜ਼ਿੰਦਗੀ ਦੀਆਂ ਸਾਰੀਆਂ ਸੁੱਖ-ਸਹੂਲਤਾਂ ਹੁੰਦੀਆਂ ਹਨ, ਪਰ ਪਤੀ ਦੇ ਪਿਆਰ ਤੋਂ ਵਾਂਝੀ ਹੁੰਦੀ ਹੈ, ਉਹ ਬਹੁਤ ਦੁਖੀ ਹੁੰਦੀ ਹੈ।
ਪਤੀ ਕਿੱਦਾਂ ਦਿਖਾ ਸਕਦਾ ਹੈ ਕਿ ਉਹ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ? ਇਕ ਤਰੀਕਾ ਹੈ ਕਿ ਜਦੋਂ ਉਹ ਹੋਰਨਾਂ ਨੂੰ ਆਪਣੀ ਪਤਨੀ ਨੂੰ ਮਿਲਾਉਂਦਾ ਹੈ, ਤਾਂ ਉਹ ਆਦਰ ਨਾਲ ਇੰਜ ਕਰਦਾ ਹੈ ਅਤੇ ਉਸ ਦੀ ਤਾਰੀਫ਼ ਕਰਦਾ ਹੈ ਕਿ ਉਹ ਹਮੇਸ਼ਾ ਉਸ ਦਾ ਸਾਥ ਦਿੰਦੀ ਹੈ। ਜੇ ਪਰਿਵਾਰ ਵਿਚ ਪਤਨੀ ਨੇ ਕਿਸੇ ਕੰਮ ਨੂੰ ਸਿਰੇ ਚਾੜ੍ਹਨ ਵਿਚ ਅਹਿਮ ਯੋਗਦਾਨ ਪਾਇਆ ਹੈ, ਤਾਂ ਪਤੀ ਇਸ ਬਾਰੇ ਦੂਜਿਆਂ ਨੂੰ ਦੱਸਣ ਤੋਂ ਝਿਜਕਦਾ ਨਹੀਂ। ਦੂਜਾ ਤਰੀਕਾ ਹੈ ਕਿ ਜਦੋਂ ਪਤਨੀ ਇਕੱਲਿਆਂ ਵਿਚ ਆਪਣੇ ਪਤੀ ਨਾਲ ਹੁੰਦੀ ਹੈ, ਤਾਂ ਉਦੋਂ ਵੀ ਉਸ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਪਤੀ ਉਸ ਨੂੰ ਬੇਹੱਦ ਪਿਆਰ ਕਰਦਾ ਹੈ। ਇਹ ਅਹਿਸਾਸ ਇੱਦਾਂ ਵੀ ਕਰਾਇਆ ਜਾ ਸਕਦਾ ਹੈ ਜਿਵੇਂ ਪਤਨੀ ਦੇ ਹੱਥ ਨੂੰ ਪਿਆਰ ਨਾਲ ਛੋਹਣਾ, ਪਿਆਰ-ਭਰੀ ਮੁਸਕਾਨ ਦੇਣੀ, ਉਸ ਨੂੰ ਪਿਆਰ ਨਾਲ ਜੱਫੀ ਪਾਉਣੀ ਅਤੇ ਤਾਰੀਫ਼ ਕਰਨੀ। ਭਾਵੇਂ ਇਹ ਗੱਲਾਂ ਛੋਟੀਆਂ-ਛੋਟੀਆਂ ਜਾਪਣ, ਪਰ ਇਨ੍ਹਾਂ ਦਾ ਪਤਨੀ ਦੇ ਦਿਲ ’ਤੇ ਗਹਿਰਾ ਅਸਰ ਪੈਂਦਾ ਹੈ।
“ਉਨ੍ਹਾਂ ਨੂੰ ਭਰਾ ਆਖਣ ਤੋਂ ਨਹੀਂ ਸ਼ਰਮਾਉਂਦਾ”
ਯਿਸੂ ਮਸੀਹ ਆਪਣੇ “[ਮਸਹ ਕੀਤੇ ਹੋਏ ਚੇਲਿਆਂ] ਨੂੰ ਭਰਾ ਆਖਣ ਤੋਂ ਨਹੀਂ ਸ਼ਰਮਾਉਂਦਾ” ਸੀ। (ਇਬ. 2:11, 12, 17) ਜੇ ਤੁਸੀਂ ਮਸੀਹੀ ਪਤੀ ਹੋ, ਤਾਂ ਯਾਦ ਰੱਖੋ ਕਿ ਤੁਹਾਡੀ ਪਤਨੀ ਤੁਹਾਡੀ ਮਸੀਹੀ ਭੈਣ ਹੈ। ਭਾਵੇਂ ਉਸ ਨੇ ਬਪਤਿਸਮਾ ਵਿਆਹ ਤੋਂ ਪਹਿਲਾਂ ਜਾਂ ਬਾਅਦ ਵਿਚ ਲਿਆ ਹੋਵੇ, ਪਰ ਵਿਆਹ ਵੇਲੇ ਖਾਧੀ ਸੌਂਹ ਨਾਲੋਂ ਯਹੋਵਾਹ ਦੀ ਸੇਵਾ ਕਰਨ ਦਾ ਉਸ ਦਾ ਪ੍ਰਣ ਜ਼ਿਆਦਾ ਮਹੱਤਤਾ ਰੱਖਦਾ ਹੈ। ਜਦੋਂ ਕੋਈ ਭਰਾ ਮੀਟਿੰਗ ਦਾ ਕੋਈ ਭਾਗ ਪੇਸ਼ ਕਰ ਰਿਹਾ ਹੁੰਦਾ ਹੈ, ਤਾਂ ਉਹ ਤੁਹਾਡੀ ਪਤਨੀ ਨੂੰ ਜਵਾਬ ਦੇਣ ਦਾ ਮੌਕਾ ਦੇਣ ਲੱਗਿਆਂ “ਭੈਣ” ਕਹੇਗਾ। ਉਹ ਤੁਹਾਡੀ ਵੀ ਮਸੀਹੀ ਭੈਣ ਹੈ, ਨਾ ਸਿਰਫ਼ ਕਿੰਗਡਮ ਹਾਲ ਵਿਚ, ਸਗੋਂ ਘਰ ਵਿਚ ਵੀ। ਜਿੱਦਾਂ ਤੁਸੀਂ ਕਿੰਗਡਮ ਹਾਲ ਵਿਚ ਉਸ ਨਾਲ ਪੇਸ਼ ਆਉਂਦੇ ਹੋ, ਉਸੇ ਤਰ੍ਹਾਂ ਤੁਹਾਨੂੰ ਘਰ ਵਿਚ ਵੀ ਪਿਆਰ ਤੇ ਨਿਮਰਤਾ ਨਾਲ ਪੇਸ਼ ਆਉਣਾ ਚਾਹੀਦਾ ਹੈ।
ਜੇ ਤੁਹਾਨੂੰ ਕਲੀਸਿਯਾ ਵਿਚ ਜ਼ਿਆਦਾ ਜ਼ਿੰਮੇਵਾਰੀਆਂ ਮਿਲੀਆਂ ਹਨ, ਤਾਂ ਤੁਹਾਨੂੰ ਇਨ੍ਹਾਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸ਼ਾਇਦ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਮੁਸ਼ਕਲ ਲੱਗਣ। ਤੁਸੀਂ ਕਲੀਸਿਯਾ ਦੀਆਂ ਜ਼ਿੰਮੇਵਾਰੀਆਂ ਬਾਰੇ ਹੋਰਨਾਂ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨਾਲ ਗੱਲ ਕਰ ਕੇ ਉਨ੍ਹਾਂ ਦੀ ਮਦਦ ਲੈ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਕੁਝ ਜ਼ਿੰਮੇਵਾਰੀਆਂ ਦੇ ਕੇ ਉਸ ਭੈਣ ਯਾਨੀ ਆਪਣੀ ਪਤਨੀ ਲਈ ਸਮਾਂ ਕੱਢ ਸਕੋਗੇ ਜਿਸ ਨੂੰ ਤੁਹਾਡੀ ਬਹੁਤ ਲੋੜ ਹੈ। ਯਾਦ ਰੱਖੋ ਕਿ ਤੁਹਾਡੀਆਂ ਜ਼ਿੰਮੇਵਾਰੀਆਂ ਨੂੰ ਤਾਂ ਕਈ ਭਰਾ ਪੂਰੀਆਂ ਕਰ ਦੇਣਗੇ, ਪਰ ਆਪਣੀ ਪਤਨੀ ਦੀਆਂ ਲੋੜਾਂ ਸਿਰਫ਼ ਤੁਸੀਂ ਹੀ ਪੂਰੀਆਂ ਕਰ ਸਕਦੇ ਹੋ।
ਇਸ ਤੋਂ ਇਲਾਵਾ, ਤੁਸੀਂ ਆਪਣੀ ਪਤਨੀ ਦੇ ਸਿਰ ਹੋ। ਬਾਈਬਲ ਕਹਿੰਦੀ ਹੈ: “ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਇਸਤ੍ਰੀ ਦਾ ਸਿਰ ਪੁਰਖ ਹੈ।” (1 ਕੁਰਿੰ. 11:3) ਸਿਰ ਵਜੋਂ ਤੁਸੀਂ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਓਗੇ? ਤੁਸੀਂ ਵਾਰ-ਵਾਰ ਉਸ ਨੂੰ ਇਹ ਆਇਤ ਦਿਖਾ-ਦਿਖਾ ਕੇ ਨਹੀਂ ਕਹੋਗੇ ਕਿ ਉਹ ਤੁਹਾਡਾ ਆਦਰ ਕਰੇ, ਸਗੋਂ ਪਿਆਰ ਨਾਲ ਆਪਣੀ ਇਹ ਜ਼ਿੰਮੇਵਾਰੀ ਨਿਭਾਓਗੇ। ਆਪਣੀ ਜ਼ਿੰਮੇਵਾਰੀ ਸਹੀ ਤਰ੍ਹਾਂ ਨਿਭਾਉਣ ਲਈ ਤੁਸੀਂ ਆਪਣੀ ਪਤਨੀ ਨਾਲ ਪੇਸ਼ ਆਉਂਦਿਆਂ ਯਿਸੂ ਮਸੀਹ ਦੀ ਰੀਸ ਕਰੋਗੇ।—1 ਪਤ. 2:21.
“ਤੁਸੀਂ ਮੇਰੇ ਮਿੱਤ੍ਰ ਹੋ”
ਯਿਸੂ ਨੇ ਆਪਣੇ ਚੇਲਿਆਂ ਨੂੰ ਮਿੱਤਰ ਕਿਹਾ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: “ਹੁਣ ਤੋਂ ਅੱਗੇ ਮੈਂ ਤੁਹਾਨੂੰ ਦਾਸ ਨਹੀਂ ਆਖਾਂਗਾ ਕਿਉਂ ਜੋ ਦਾਸ ਨਹੀਂ ਜਾਣਦਾ ਭਈ ਉਹ ਦਾ ਮਾਲਕ ਕੀ ਕਰਦਾ ਹੈ, ਪਰ ਮੈਂ ਤੁਹਾਨੂੰ ਮਿੱਤ੍ਰ ਕਰਕੇ ਆਖਿਆ ਹੈ ਕਿਉਂਕਿ ਮੈਂ ਜੋ ਕੁਝ ਆਪਣੇ ਪਿਤਾ ਕੋਲੋਂ ਸੁਣਿਆ ਸੋ ਸਭ ਤੁਹਾਨੂੰ ਦੱਸ ਦਿੱਤਾ।” (ਯੂਹੰ. 15:14, 15) ਯਿਸੂ ਅਤੇ ਉਸ ਦੇ ਚੇਲੇ ਖੁੱਲ੍ਹ ਕੇ ਗੱਲਬਾਤ ਕਰਦੇ ਸਨ। ਉਹ ਇਕੱਠੇ ਮਿਲ ਕੇ ਕੰਮ ਵੀ ਕਰਦੇ ਹੁੰਦੇ ਸੀ। ‘ਯਿਸੂ ਅਰ ਉਹ ਦੇ ਚੇਲਿਆਂ’ ਨੂੰ ਕਾਨਾ ਵਿਚ ਵਿਆਹ ਦੀ ਦਾਅਵਤ ’ਤੇ ਇਕੱਠਿਆਂ ਨੂੰ ਬੁਲਾਇਆ ਗਿਆ ਸੀ। (ਯੂਹੰ. 2:2) ਉਹ ਗਥਸਮਨੀ ਬਾਗ਼ ਵਰਗੀਆਂ ਮਨ-ਪਸੰਦ ਥਾਵਾਂ ’ਤੇ ਜਾਂਦੇ ਹੁੰਦੇ ਸਨ। ਬਾਈਬਲ ਕਹਿੰਦੀ ਹੈ: “ਯਿਸੂ ਆਪਣਿਆਂ ਚੇਲਿਆਂ ਨਾਲ ਉੱਥੇ ਬਹੁਤ ਵੇਰੀ ਜਾਂਦਾ ਹੁੰਦਾ ਸੀ।”—ਯੂਹੰ. 18:2.
ਪਤਨੀ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਸ ਦਾ ਪਤੀ ਉਸ ਨੂੰ ਆਪਣਾ ਸਭ ਤੋਂ ਕਰੀਬੀ ਦੋਸਤ ਸਮਝਦਾ ਹੈ। ਸੋ ਕਿੰਨਾ ਜ਼ਰੂਰੀ ਹੈ ਕਿ ਤੁਸੀਂ ਪਤੀਓ ਤੇ ਪਤਨੀਓ ਇਕੱਠੇ ਜ਼ਿੰਦਗੀ ਦਾ ਮਜ਼ਾ ਲਓ! ਇਕੱਠੇ ਪਰਮੇਸ਼ੁਰ ਦੀ ਸੇਵਾ ਕਰੋ। ਮਿਲ ਕੇ ਬਾਈਬਲ ਪੜ੍ਹਨ ਦਾ ਆਨੰਦ ਲਓ। ਇਕੱਠੇ ਸਮਾਂ ਬਿਤਾਉਂਦਿਆਂ ਤੁਰੋ-ਫਿਰੋ, ਗੱਲਾਂ ਕਰੋ ਅਤੇ ਖਾਣਾ ਖਾਓ। ਤੁਸੀਂ ਸਿਰਫ਼ ਪਤੀ-ਪਤਨੀ ਹੀ ਬਣ ਕੇ ਨਾ ਰਹੋ, ਸਗੋਂ ਇਕ-ਦੂਜੇ ਦੇ ਪੱਕੇ ਮਿੱਤਰ ਵੀ ਬਣੋ।
ਉਹ “ਉਨ੍ਹਾਂ ਨੂੰ ਅੰਤ ਤੋੜੀ ਪਿਆਰ ਕਰਦਾ ਰਿਹਾ”
ਯਿਸੂ ‘ਆਪਣੇ ਚੇਲਿਆਂ ਨੂੰ ਅੰਤ ਤੋੜੀ ਪਿਆਰ ਕਰਦਾ ਰਿਹਾ।’ (ਯੂਹੰ. 13:1) ਇਸ ਸੰਬੰਧੀ ਕੁਝ ਪਤੀ ਯਿਸੂ ਦੀ ਰੀਸ ਨਹੀਂ ਕਰਦੇ। ਉਹ ਸ਼ਾਇਦ “ਆਪਣੀ ਜੁਆਨੀ ਦੀ ਤੀਵੀਂ” ਨੂੰ ਛੱਡ ਕੇ ਕਿਸੇ ਘੱਟ ਉਮਰ ਦੀ ਤੀਵੀਂ ਪਿੱਛੇ ਲੱਗ ਜਾਂਦੇ ਹਨ।—ਮਲਾ. 2:14, 15.
ਵਿਲੀ ਵਰਗੇ ਕਈ ਪਤੀ ਮਸੀਹ ਦੀ ਰੀਸ ਕਰਦੇ ਹਨ। ਵਿਲੀ ਦੀ ਪਤਨੀ ਦੀ ਸਿਹਤ ਖ਼ਰਾਬ ਹੋਣ ਕਰਕੇ ਉਸ ਨੂੰ ਕਈ ਸਾਲਾਂ ਤਾਈਂ ਦਿਨ-ਰਾਤ ਦੇਖ-ਭਾਲ ਦੀ ਜ਼ਰੂਰਤ ਸੀ। ਵਿਲੀ ਇਸ ਬਾਰੇ ਕਿੱਦਾਂ ਮਹਿਸੂਸ ਕਰਦਾ ਸੀ? ਉਸ ਨੇ ਕਿਹਾ: “ਮੈਂ ਆਪਣੀ ਪਤਨੀ ਨੂੰ ਹਮੇਸ਼ਾ ਪਰਮੇਸ਼ੁਰ ਤੋਂ ਮਿਲੀ ਦਾਤ ਸਮਝਿਆ ਹੈ। ਇਸ ਤੋਂ ਇਲਾਵਾ, ਸੱਠ ਸਾਲ ਪਹਿਲਾਂ ਮੈਂ ਵਾਅਦਾ ਕੀਤਾ ਸੀ ਕਿ ਮੈਂ ਦੁੱਖ-ਸੁੱਖ ਵਿਚ ਉਸ ਦੀ ਦੇਖ-ਭਾਲ ਕਰਾਂਗਾ ਅਤੇ ਮੈਂ ਇਹ ਵਾਅਦਾ ਕਦੀ ਨਹੀਂ ਭੁੱਲਾਂਗਾ।”
ਮਸੀਹੀ ਪਤੀਓ, ਮਸੀਹ ਵਾਂਗ ਪਿਆਰ ਕਰੋ। ਪਰਮੇਸ਼ੁਰ ਦਾ ਭੈ ਰੱਖਣ ਵਾਲੀ ਆਪਣੀ ਪਤਨੀ ਯਾਨੀ ਆਪਣੀ ਮਸੀਹੀ ਭੈਣ ਤੇ ਦੋਸਤ ਨੂੰ ਅਨਮੋਲ ਸਮਝੋ।
[ਸਫ਼ਾ 20 ਉੱਤੇ ਤਸਵੀਰ]
ਕੀ ਤੁਹਾਡੀ ਪਤਨੀ ਤੁਹਾਡੀ ਸਭ ਤੋਂ ਕਰੀਬੀ ਦੋਸਤ ਹੈ?
[ਸਫ਼ਾ 20 ਉੱਤੇ ਤਸਵੀਰ]
‘ਆਪਣੀਆਂ ਪਤਨੀਆਂ ਨਾਲ ਪ੍ਰੇਮ’ ਕਰਦੇ ਰਹੋ