Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਸ਼ਤਾਨ ਨੂੰ ਸਵਰਗ ਵਿੱਚੋਂ ਕਦੋਂ ਕੱਢਿਆ ਗਿਆ ਸੀ?—ਪਰ. 12:1-9.

ਭਾਵੇਂ ਕਿ ਪਰਕਾਸ਼ ਦੀ ਪੋਥੀ ਵਿਚ ਪੱਕਾ ਸਮਾਂ ਨਹੀਂ ਦੱਸਿਆ ਗਿਆ ਕਿ ਸ਼ਤਾਨ ਨੂੰ ਕਦੋਂ ਸਵਰਗੋਂ ਧਰਤੀ ’ਤੇ ਸੁੱਟਿਆ ਗਿਆ ਸੀ, ਪਰ ਇਸ ਵਿਚ ਕੁਝ ਘਟਨਾਵਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸ ਨੂੰ ਕਦੋਂ ਸੁੱਟਿਆ ਗਿਆ ਸੀ। ਉਨ੍ਹਾਂ ਘਟਨਾਵਾਂ ਵਿੱਚੋਂ ਪਹਿਲੀ ਹੈ ਪਰਮੇਸ਼ੁਰ ਦੇ ਰਾਜ ਦਾ ਜਨਮ। ਉਸ ਤੋਂ ਬਾਅਦ “ਸੁਰਗ ਵਿੱਚ ਜੁੱਧ ਹੋਇਆ” ਜਿਸ ਵਿਚ ਸ਼ਤਾਨ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਅਤੇ ਉਸ ਨੂੰ ਸਵਰਗ ਤੋਂ ਧਰਤੀ ’ਤੇ ਸੁੱਟ ਦਿੱਤਾ ਗਿਆ।

ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ “ਪਰਾਈਆਂ ਕੌਮਾਂ ਦੇ ਸਮੇ” 1914 ਵਿਚ ਖ਼ਤਮ ਹੋਏ ਜਿਸ ਤੋਂ ਜਲਦੀ ਬਾਅਦ ਪਰਮੇਸ਼ੁਰ ਦਾ ਰਾਜ ਸਥਾਪਿਤ ਹੋਇਆ। * (ਲੂਕਾ 21:24) ਪਰ ਸਵਾਲ ਇਹ ਹੈ ਕਿ ਰਾਜ ਸਥਾਪਿਤ ਹੋਣ ਤੋਂ ਕਿੰਨੀ ਦੇਰ ਬਾਅਦ ਸਵਰਗ ਵਿਚ ਯੁੱਧ ਸ਼ੁਰੂ ਹੋਇਆ ਜਿਸ ਦੇ ਮਗਰੋਂ ਸ਼ਤਾਨ ਨੂੰ ਧਰਤੀ ’ਤੇ ਸੁੱਟ ਦਿੱਤਾ ਗਿਆ?

ਪਰਕਾਸ਼ ਦੀ ਪੋਥੀ 12:4 ਵਿਚ ਦੱਸਿਆ ਹੈ: “ਉਹ ਅਜਗਰ ਓਸ ਇਸਤ੍ਰੀ ਦੇ ਅੱਗੇ ਜਿਹੜੀ ਜਣਨ ਲੱਗੀ ਸੀ ਜਾ ਖਲੋਤਾ ਭਈ ਜਿਸ ਵੇਲੇ ਉਹ ਜਣੇ ਤਾਂ ਉਹ ਦੇ ਬਾਲਕ ਨੂੰ ਭੱਛ ਲਵੇ।” ਇਸ ਹਵਾਲੇ ਤੋਂ ਪਤਾ ਲੱਗਦਾ ਹੈ ਕਿ ਸ਼ਤਾਨ ਪਰਮੇਸ਼ੁਰ ਦੇ ਰਾਜ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਨੂੰ ਝੱਫ ਲੈਣਾ ਚਾਹੁੰਦਾ ਸੀ। ਪਰ ਯਹੋਵਾਹ ਨੇ ਸ਼ਤਾਨ ਦੀ ਇਸ ਸਕੀਮ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ, ਫਿਰ ਵੀ ਸ਼ਤਾਨ ਨੇ ਹਾਰ ਨਹੀਂ ਮੰਨੀ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ‘ਮਿਕਾਏਲ ਅਤੇ ਉਹ ਦੇ ਦੂਤਾਂ’ ਨੇ ‘ਅਜਗਰ ਨਾਲੇ ਉਹ ਦੇ ਦੂਤਾਂ’ ਦੇ ਖ਼ਿਲਾਫ਼ ਤੁਰੰਤ ਕਦਮ ਚੁੱਕਿਆ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਪਰਿਵਾਰ ਤੋਂ ਬੇਦਖ਼ਲ ਕਰ ਦਿੱਤਾ ਤਾਂਕਿ ਉਹ ਰਾਜ ਨੂੰ ਕਿਸੇ ਤਰ੍ਹਾਂ ਨਾਲ ਨੁਕਸਾਨ ਨਾ ਪਹੁੰਚਾ ਸਕਣ। ਸੋ ਲੱਗਦਾ ਹੈ ਕਿ 1914 ਵਿਚ ਪਰਮੇਸ਼ੁਰ ਦੇ ਰਾਜ ਦੇ ਸ਼ੁਰੂ ਹੋਣ ਤੋਂ ਜਲਦੀ ਬਾਅਦ ਸ਼ਤਾਨ ਨੂੰ ਹਰਾਇਆ ਗਿਆ ਸੀ ਅਤੇ ਸਵਰਗੋਂ ਸੁੱਟ ਦਿੱਤਾ ਗਿਆ ਸੀ।

ਇਕ ਹੋਰ ਗੱਲ ਜੋ ਸਾਨੂੰ ਧਿਆਨ ਵਿਚ ਰੱਖਣੀ ਚਾਹੀਦੀ ਹੈ, ਉਹ ਹੈ ਮਸਹ ਕੀਤੇ ਹੋਏ ਮਸੀਹੀਆਂ ਨੂੰ ਦੁਬਾਰਾ ਜੀ ਉਠਾਇਆ ਜਾਣਾ। ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਸ਼ੁਰੂ ਹੋਣ ਤੋਂ ਜਲਦੀ ਬਾਅਦ ਜੀ ਉਠਾਇਆ ਗਿਆ ਸੀ। * (ਪਰ. 20:6) ਪਰ ਬਾਈਬਲ ਅਨੁਸਾਰ ਜਦੋਂ ਯਿਸੂ ਅਤੇ ਉਸ ਦੀਆਂ ਸਵਰਗੀ ਫ਼ੌਜਾਂ ਅਜਗਰ ਅਤੇ ਉਸ ਦੇ ਦੂਤਾਂ ਨਾਲ ਲੜਨ ਲਈ ਨਿਕਲ ਤੁਰੀਆਂ ਸਨ, ਉਦੋਂ ਯਿਸੂ ਦੇ ਮਸਹ ਕੀਤੇ ਹੋਏ ਭਰਾ ਉਸ ਦੇ ਨਾਲ ਨਹੀਂ ਸਨ। ਇਸ ਦਾ ਮਤਲਬ ਹੈ ਕਿ ਯਿਸੂ ਦੇ ਮਸਹ ਕੀਤੇ ਹੋਏ ਭਰਾਵਾਂ ਨੂੰ ਉਦੋਂ ਜੀ ਉਠਾਇਆ ਨਹੀਂ ਗਿਆ ਸੀ ਜਦ ਸਵਰਗ ਵਿਚ ਸ਼ਤਾਨ ਅਤੇ ਉਸ ਦੇ ਸਾਥੀਆਂ ਨਾਲ ਯੁੱਧ ਹੋ ਰਿਹਾ ਸੀ ਅਤੇ ਉਨ੍ਹਾਂ ਨੂੰ ਅਜੇ ਸਵਰਗੋਂ ਕੱਢਿਆ ਨਹੀਂ ਗਿਆ ਸੀ।

ਤਾਂ ਫਿਰ ਬਾਈਬਲ ਉਹ ਦਿਨ ਜਾਂ ਤਾਰੀਖ਼ ਨਹੀਂ ਦੱਸਦੀ ਜਦੋਂ ਸ਼ਤਾਨ ਅਤੇ ਉਸ ਨਾਲ ਰਲ਼ੇ ਬੁਰੇ ਦੂਤਾਂ ਨੂੰ ਸਵਰਗੋਂ ਕੱਢਿਆ ਗਿਆ ਸੀ। ਇਸ ਤੋਂ ਸਪੱਸ਼ਟ ਹੈ ਕਿ ਇਹ ਘਟਨਾ 1914 ਵਿਚ ਯਿਸੂ ਮਸੀਹ ਦੇ ਰਾਜਾ ਬਣਨ ਤੋਂ ਥੋੜ੍ਹੀ ਦੇਰ ਬਾਅਦ ਹੀ ਹੋਈ।

[ਫੁਟਨੋਟ]

^ ਪੈਰਾ 4 ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਮਕ ਕਿਤਾਬ ਦੇ ਸਫ਼ੇ 215-218 ਦੇਖੋ।