Skip to content

Skip to table of contents

ਸੇਵਾ ਕਰ ਰਹੇ ਦੂਤ

ਸੇਵਾ ਕਰ ਰਹੇ ਦੂਤ

ਸੇਵਾ ਕਰ ਰਹੇ ਦੂਤ

“ਭਲਾ, ਓਹ ਸੱਭੇ ਸੇਵਾ ਕਰਨ ਵਾਲੇ ਆਤਮੇ [ਦੂਤ] ਨਹੀਂ ਜਿਹੜੇ ਮੁਕਤੀ ਦਾ ਵਿਰਸਾ ਪਾਉਣ ਵਾਲਿਆਂ ਦੀ ਸੇਵਾ ਲਈ ਘੱਲੇ ਜਾਂਦੇ ਹਨ?”—ਇਬ. 1:14.

1. ਮੱਤੀ 18:10 ਅਤੇ ਇਬਰਾਨੀਆਂ 1:14 ਤੋਂ ਸਾਨੂੰ ਕੀ ਦਿਲਾਸਾ ਮਿਲਦਾ ਹੈ?

ਯਿਸੂ ਮਸੀਹ ਨੇ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਜਿਹੜੇ ਉਸ ਦੇ ਚੇਲਿਆਂ ਨੂੰ ਠੋਕਰ ਖੁਆ ਸਕਦੇ ਹਨ: “ਖ਼ਬਰਦਾਰ! ਤੁਸੀਂ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਨੂੰ ਤੁੱਛ ਨਾ ਜਾਣੋ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਸੁਰਗ ਵਿੱਚ ਉਨ੍ਹਾਂ ਦੇ ਦੂਤ ਮੇਰੇ ਪਿਤਾ ਦਾ ਜਿਹੜਾ ਸੁਰਗ ਵਿੱਚ ਹੈ ਮੂੰਹ ਸਦਾ ਵੇਖਦੇ ਹਨ।” (ਮੱਤੀ 18:10) ਵਫ਼ਾਦਾਰ ਦੂਤਾਂ ਦਾ ਜ਼ਿਕਰ ਕਰਦਿਆਂ ਪੌਲੁਸ ਰਸੂਲ ਨੇ ਲਿਖਿਆ: “ਭਲਾ, ਓਹ ਸੱਭੇ ਸੇਵਾ ਕਰਨ ਵਾਲੇ ਆਤਮੇ ਨਹੀਂ ਜਿਹੜੇ ਮੁਕਤੀ ਦਾ ਵਿਰਸਾ ਪਾਉਣ ਵਾਲਿਆਂ ਦੀ ਸੇਵਾ ਲਈ ਘੱਲੇ ਜਾਂਦੇ ਹਨ?” (ਇਬ. 1:14) ਇਨ੍ਹਾਂ ਸ਼ਬਦਾਂ ਤੋਂ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਆਪਣੇ ਸਵਰਗੀ ਦੂਤਾਂ ਨੂੰ ਇਨਸਾਨਾਂ ਦੀ ਮਦਦ ਕਰਨ ਲਈ ਘੱਲਦਾ ਹੈ! ਪਰ ਬਾਈਬਲ ਸਾਨੂੰ ਦੂਤਾਂ ਬਾਰੇ ਕੀ ਦੱਸਦੀ ਹੈ? ਦੂਤ ਕਿਵੇਂ ਸਾਡੀ ਮਦਦ ਕਰਦੇ ਹਨ? ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ?

2, 3. ਸਵਰਗ ਵਿਚ ਦੂਤ ਕੀ ਕੰਮ ਕਰਦੇ ਹਨ?

2 ਸਵਰਗ ਵਿਚ ਲੱਖਾਂ-ਕਰੋੜਾਂ ਵਫ਼ਾਦਾਰ ਦੂਤ ਹਨ। ਉਹ ਸਾਰੇ ‘ਸ਼ਕਤੀ ਵਿੱਚ ਬਲਵਾਨ ਹਨ, ਅਤੇ ਉਹ ਦਾ ਸ਼ਬਦ ਸੁਣ ਕੇ ਉਹ ਨੂੰ ਪੂਰਿਆਂ ਕਰਦੇ ਹਨ।’ (ਜ਼ਬੂ. 103:20; ਪਰਕਾਸ਼ ਦੀ ਪੋਥੀ 5:11 ਪੜ੍ਹੋ।) ਪਰਮੇਸ਼ੁਰ ਦੇ ਇਨ੍ਹਾਂ ਪੁੱਤਰਾਂ ਦੀ ਆਪੋ-ਆਪਣੀ ਸ਼ਖ਼ਸੀਅਤ ਹੈ, ਉਨ੍ਹਾਂ ਵਿਚ ਯਹੋਵਾਹ ਵਰਗੇ ਗੁਣ ਹਨ ਅਤੇ ਉਹ ਆਪਣਾ ਭਲਾ-ਬੁਰਾ ਖ਼ੁਦ ਸੋਚ ਸਕਦੇ ਹਨ। ਦੂਤਾਂ ਨੂੰ ਵਧੀਆ ਢੰਗ ਨਾਲ ਵਰਗਾਂ ਵਿਚ ਵੰਡਿਆ ਗਿਆ ਹੈ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਨੇ ਉੱਚੀਆਂ ਪਦਵੀਆਂ ਦਿੱਤੀਆਂ ਹਨ। ਮਹਾਂ ਦੂਤ ਹੈ ਮੀਕਾਏਲ ਜੋ ਸਵਰਗ ਵਿਚ ਯਿਸੂ ਦਾ ਨਾਂ ਹੈ। (ਦਾਨੀ. 10:13; ਯਹੂ. 9) ‘ਸਾਰੀ ਸਰਿਸ਼ਟ ਵਿੱਚੋਂ ਜੇਠੇ’ ਯਿਸੂ ਨੂੰ ਪਰਮੇਸ਼ੁਰ ਦਾ “ਸ਼ਬਦ” ਕਿਹਾ ਗਿਆ ਹੈ ਕਿਉਂਕਿ ਉਹ ਯਹੋਵਾਹ ਵੱਲੋਂ ਬੋਲਦਾ ਹੈ। ਇਸ ਤੋਂ ਇਲਾਵਾ, ਯਹੋਵਾਹ ਨੇ ਉਸ ਨੂੰ ਸ੍ਰਿਸ਼ਟੀ ਦੀਆਂ ਸਾਰੀਆਂ ਚੀਜ਼ਾਂ ਬਣਾਉਣ ਲਈ ਵਰਤਿਆ।—ਕੁਲੁ. 1:15-17; ਯੂਹੰ. 1:1-3.

3 ਮਹਾਂ ਦੂਤ ਤੋਂ ਥੱਲੇ ਸਰਾਫ਼ੀਮ ਹਨ ਜੋ ਯਹੋਵਾਹ ਦੀ ਪਵਿੱਤਰਤਾ ਦਾ ਐਲਾਨ ਕਰਦੇ ਹਨ ਅਤੇ ਉਸ ਦੇ ਲੋਕਾਂ ਦੀ ਪਰਮੇਸ਼ੁਰ ਦੇ ਧਰਮੀ ਅਸੂਲਾਂ ’ਤੇ ਚੱਲਣ ਵਿਚ ਮਦਦ ਕਰਦੇ ਹਨ। ਸਰਾਫ਼ੀਮਾਂ ਤੋਂ ਬਾਅਦ ਕਰੂਬੀ ਹਨ ਜੋ ਪਰਮੇਸ਼ੁਰ ਦੀ ਮਹਾਨਤਾ ਦੇ ਗੁਣ ਗਾਉਂਦੇ ਹਨ। (ਉਤ. 3:24, ਫੁਟਨੋਟ; ਯਸਾ. 6:1-3, 6, 7) ਹੋਰ ਦੂਤ ਪਰਮੇਸ਼ੁਰ ਦੀ ਇੱਛਾ ਅਨੁਸਾਰ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਹਨ।—ਇਬ. 12:22, 23.

4. (ੳ) ਧਰਤੀ ਦੀ ਨੀਂਹ ਰੱਖੀ ਜਾਣ ’ਤੇ ਦੂਤਾਂ ਨੇ ਕੀ ਕੀਤਾ? (ਅ) ਜੇ ਇਨਸਾਨ ਪਰਮੇਸ਼ੁਰ ਦੇ ਕਹਿਣੇ ਵਿਚ ਰਹਿੰਦੇ, ਤਾਂ ਉਨ੍ਹਾਂ ਦਾ ਭਵਿੱਖ ਕਿਹੋ ਜਿਹਾ ਹੁੰਦਾ?

4 ਜਦੋਂ “ਧਰਤੀ ਦੀ ਨੀਉਂ ਰੱਖੀ” ਗਈ ਸੀ, ਤਾਂ ਉਦੋਂ ਸਾਰੇ ਦੂਤਾਂ ਨੇ ਖ਼ੁਸ਼ੀ ਮਨਾਈ। ਜਿਉਂ-ਜਿਉਂ ਧਰਤੀ ਇਨਸਾਨਾਂ ਦੇ ਰਹਿਣ ਦੇ ਯੋਗ ਬਣਦੀ ਗਈ, ਦੂਤ ਹੋਰ ਵੀ ਖ਼ੁਸ਼ੀ ਨਾਲ ਆਪਣਾ ਕੰਮ ਕਰਨ ਲੱਗੇ। (ਅੱਯੂ. 38:4, 7) ਯਹੋਵਾਹ ਨੇ ਇਨਸਾਨ ਨੂੰ ‘ਦੂਤਾਂ ਨਾਲੋਂ ਘੱਟ’ ਯਾਨੀ ਥੋੜ੍ਹਾ ਜਿਹਾ ਨੀਵਾਂ ਬਣਾਇਆ, ਪਰ ਉਸ ਨੇ ਇਨਸਾਨ ਨੂੰ ਆਪਣੇ “ਸਰੂਪ” ’ਤੇ ਬਣਾਇਆ ਸੀ ਜਿਸ ਕਰਕੇ ਉਹ ਆਪਣੇ ਸਿਰਜਣਹਾਰ ਦੇ ਵਧੀਆ ਗੁਣ ਜ਼ਾਹਰ ਕਰ ਸਕਦਾ ਹੈ। (ਇਬ. 2:7; ਉਤ. 1:26) ਜੇ ਆਦਮ ਤੇ ਹੱਵਾਹ ਯਹੋਵਾਹ ਦੇ ਕਹਿਣੇ ਵਿਚ ਰਹਿੰਦੇ, ਤਾਂ ਉਹ ਅਤੇ ਉਨ੍ਹਾਂ ਦੀ ਔਲਾਦ ਹਮੇਸ਼ਾ ਲਈ ਸੁੰਦਰ ਧਰਤੀ ’ਤੇ ਰਹਿ ਸਕਦੇ ਸਨ ਅਤੇ ਯਹੋਵਾਹ ਦੇ ਪਰਿਵਾਰ (ਜਿਸ ਵਿਚ ਦੂਤ ਵੀ ਸ਼ਾਮਲ ਹਨ) ਦੇ ਮੈਂਬਰਾਂ ਵਜੋਂ ਜ਼ਿੰਦਗੀ ਦਾ ਆਨੰਦ ਲੈ ਸਕਦੇ ਸਨ।

5, 6. ਸਵਰਗ ਵਿਚ ਕਿਹੜੀ ਬਗਾਵਤ ਹੋਈ ਅਤੇ ਪਰਮੇਸ਼ੁਰ ਨੇ ਕੀ ਕੀਤਾ?

5 ਬਿਨਾਂ ਸ਼ੱਕ ਪਵਿੱਤਰ ਦੂਤ ਹੱਕੇ-ਬੱਕੇ ਰਹਿ ਗਏ ਹੋਣੇ ਜਦੋਂ ਉਨ੍ਹਾਂ ਨੇ ਸਵਰਗ ਵਿਚ ਇਕ ਦੂਤ ਨੂੰ ਬਗਾਵਤ ਕਰਦੇ ਦੇਖਿਆ ਹੋਣਾ। ਇਹ ਦੂਤ ਖ਼ੁਸ਼ੀ ਨਾਲ ਪਰਮੇਸ਼ੁਰ ਦੀ ਵਡਿਆਈ ਨਹੀਂ ਕਰਨਾ ਚਾਹੁੰਦਾ ਸੀ, ਸਗੋਂ ਆਪਣੀ ਭਗਤੀ ਕਰਾਉਣੀ ਚਾਹੁੰਦਾ ਸੀ। ਉਸ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਲਲਕਾਰਿਆ ਤੇ ਆਪਣੀ ਹਕੂਮਤ ਖੜ੍ਹੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਉਹ “ਸ਼ਤਾਨ” (ਯਾਨੀ ਵਿਰੋਧੀ) ਬਣ ਗਿਆ। ਸ਼ਤਾਨ ਨੇ ਪਹਿਲੀ ਵਾਰ ਝੂਠ ਬੋਲ ਕੇ ਚਲਾਕੀ ਨਾਲ ਆਦਮ ਤੇ ਹੱਵਾਹ ਨੂੰ ਆਪਣੇ ਸਿਰਜਣਹਾਰ ਦੇ ਖ਼ਿਲਾਫ਼ ਬਗਾਵਤ ਕਰਨ ਲਈ ਆਪਣੇ ਨਾਲ ਰਲ਼ਾ ਲਿਆ।—ਉਤ. 3:4, 5; ਯੂਹੰ. 8:44.

6 ਯਹੋਵਾਹ ਨੇ ਤੁਰੰਤ ਉਸ ਨੂੰ ਸਜ਼ਾ ਸੁਣਾਈ ਜਦੋਂ ਉਸ ਨੇ ਬਾਈਬਲ ਦੀ ਪਹਿਲੀ ਭਵਿੱਖਬਾਣੀ ਕੀਤੀ: “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।” (ਉਤ. 3:15) ਪਰਮੇਸ਼ੁਰ ਦੀ “ਤੀਵੀਂ” ਅਤੇ ਸ਼ਤਾਨ ਵਿਚਕਾਰ ਦੁਸ਼ਮਣੀ ਚੱਲਦੀ ਰਹਿਣੀ ਸੀ। ਹਾਂ, ਯਹੋਵਾਹ ਆਪਣੇ ਵਫ਼ਾਦਾਰ ਦੂਤਾਂ ਦੇ ਸਵਰਗੀ ਸੰਗਠਨ ਨੂੰ ਆਪਣੀ “ਤੀਵੀਂ” ਵਜੋਂ ਵਿਚਾਰਦਾ ਹੈ ਜਿਸ ਨੂੰ ਉਹ ਬਹੁਤ ਪਿਆਰ ਕਰਦਾ ਹੈ। ਇਸ ਭਵਿੱਖਬਾਣੀ ਤੋਂ ਪਰਮੇਸ਼ੁਰ ਦੇ ਭਗਤਾਂ ਨੂੰ ਆਸ ਮਿਲੀ, ਪਰ ਇਸ ਦੀਆਂ ਗੱਲਾਂ “ਭੇਤ” ਰਹੀਆਂ ਜੋ ਹੌਲੀ-ਹੌਲੀ ਜ਼ਾਹਰ ਹੋਣੀਆਂ ਸਨ। ਯਹੋਵਾਹ ਨੇ ਤੈਅ ਕੀਤਾ ਕਿ ਉਸ ਦੇ ਸਵਰਗੀ ਸੰਗਠਨ ਵਿੱਚੋਂ ਇਕ ਜਣਾ ਸਾਰੇ ਬਗਾਵਤੀਆਂ ਨੂੰ ਕੁਚਲ ਦੇਵੇਗਾ ਅਤੇ ਉਸ ਦੇ ਜ਼ਰੀਏ “ਸਭਨਾਂ ਨੂੰ ਜੋ ਸੁਰਗ ਵਿੱਚ ਅਤੇ ਜੋ ਧਰਤੀ ਉੱਤੇ ਹਨ” ਇਕੱਠਾ ਕਰੇਗਾ।—ਅਫ਼. 1:8-10.

7. ਨੂਹ ਦੇ ਦਿਨਾਂ ਵਿਚ ਕੁਝ ਦੂਤਾਂ ਨੇ ਕੀ ਕੀਤਾ ਅਤੇ ਉਸ ਦਾ ਉਨ੍ਹਾਂ ਨੂੰ ਕੀ ਅੰਜਾਮ ਭੁਗਤਣਾ ਪਿਆ?

7 ਨੂਹ ਦੇ ਦਿਨਾਂ ਵਿਚ ਬਹੁਤ ਸਾਰੇ ਦੂਤ “ਆਪਣੇ ਅਸਲੀ ਠਿਕਾਣੇ” ਛੱਡ ਕੇ ਇਨਸਾਨਾਂ ਦੇ ਰੂਪ ਧਾਰ ਕੇ ਧਰਤੀ ’ਤੇ ਆ ਗਏ ਤਾਂਕਿ ਉਹ ਆਪਣੀਆਂ ਲਾਲਸਾਵਾਂ ਪੂਰੀਆਂ ਕਰ ਸਕਣ। (ਯਹੂ. 6; ਉਤ. 6:1-4) ਯਹੋਵਾਹ ਨੇ ਇਨ੍ਹਾਂ ਬੁਰੇ ਦੂਤਾਂ ਨੂੰ ਆਪਣੇ ਪਰਿਵਾਰ ਵਿੱਚੋਂ ਛੇਕ ਦਿੱਤਾ ਅਤੇ ਘੁੱਪ ਹਨੇਰੇ ਵਿਚ ਸੁੱਟ ਦਿੱਤਾ। ਨਤੀਜੇ ਵਜੋਂ, ਉਹ ਸ਼ਤਾਨ ਨਾਲ ਮਿਲ ਕੇ ‘ਦੁਸ਼ਟ ਆਤਮੇ’ ਬਣ ਗਏ ਜੋ ਪਰਮੇਸ਼ੁਰ ਦੇ ਸੇਵਕਾਂ ਦੇ ਜਾਨੀ ਦੁਸ਼ਮਣ ਹਨ।—ਅਫ਼. 6:11-13; 2 ਪਤ. 2:4.

ਦੂਤ ਕਿਵੇਂ ਸਾਡੀ ਮਦਦ ਕਰਦੇ ਹਨ?

8, 9. ਇਨਸਾਨਾਂ ਦੀ ਮਦਦ ਲਈ ਯਹੋਵਾਹ ਨੇ ਦੂਤਾਂ ਨੂੰ ਕਿਵੇਂ ਇਸਤੇਮਾਲ ਕੀਤਾ ਹੈ?

8 ਅਬਰਾਹਾਮ, ਯਾਕੂਬ, ਮੂਸਾ, ਯਹੋਸ਼ੁਆ, ਯਸਾਯਾਹ, ਦਾਨੀਏਲ, ਯਿਸੂ, ਪਤਰਸ, ਯੂਹੰਨਾ ਅਤੇ ਪੌਲੁਸ ਉਨ੍ਹਾਂ ਭਗਤਾਂ ਵਿਚ ਹਨ ਜਿਨ੍ਹਾਂ ਦੀ ਦੂਤਾਂ ਨੇ ਸੇਵਾ ਕੀਤੀ ਸੀ। ਵਫ਼ਾਦਾਰ ਦੂਤਾਂ ਨੇ ਪਰਮੇਸ਼ੁਰ ਵੱਲੋਂ ਬੁਰੇ ਲੋਕਾਂ ਨੂੰ ਸਜ਼ਾ ਦਿੱਤੀ, ਭਵਿੱਖਬਾਣੀਆਂ ਦੱਸੀਆਂ, ਸੇਧ ਅਤੇ ਸ਼ਰ੍ਹਾ ਵੀ ਦਿੱਤੀ। (2 ਰਾਜ. 19:35; ਦਾਨੀ. 10:5, 11, 14; ਰਸੂ. 7:53; ਪਰ. 1:1) ਅੱਜ ਸਾਡੇ ਕੋਲ ਪੂਰੀ ਬਾਈਬਲ ਹੈ, ਇਸ ਲਈ ਪਰਮੇਸ਼ੁਰ ਸਾਨੂੰ ਆਪਣੇ ਸੰਦੇਸ਼ ਦੇਣ ਲਈ ਦੂਤਾਂ ਨੂੰ ਨਹੀਂ ਘੱਲਦਾ। (2 ਤਿਮੋ. 3:16, 17) ਪਰ ਇਸ ਦਾ ਇਹ ਮਤਲਬ ਨਹੀਂ ਕਿ ਦੂਤ ਕੁਝ ਨਹੀਂ ਕਰਦੇ। ਇਨਸਾਨਾਂ ਦੀਆਂ ਨਜ਼ਰਾਂ ਤੋਂ ਓਹਲੇ, ਦੂਤ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਅਤੇ ਉਸ ਦੇ ਸੇਵਕਾਂ ਦੀ ਮਦਦ ਕਰਨ ਵਿਚ ਰੁੱਝੇ ਹੋਏ ਹਨ।

9 ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ: “ਯਹੋਵਾਹ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦੁਆਲੇ ਡੇਰਾ ਲਾਉਂਦਾ ਹੈ, ਅਤੇ ਉਨ੍ਹਾਂ ਨੂੰ ਛੁਟਕਾਰਾ ਦਿੰਦਾ ਹੈ।” (ਜ਼ਬੂ. 34:7; 91:11) ਸ਼ਤਾਨ ਨੇ ਕਿਹਾ ਸੀ ਕਿ ਅਜ਼ਮਾਇਸ਼ਾਂ ਆਉਣ ’ਤੇ ਪਰਮੇਸ਼ੁਰ ਦੇ ਲੋਕ ਵਫ਼ਾਦਾਰ ਨਹੀਂ ਰਹਿਣਗੇ। ਇਹ ਗੱਲ ਝੁਠਲਾਉਣ ਲਈ ਯਹੋਵਾਹ ਸ਼ਤਾਨ ਨੂੰ ਆਪਣੇ ਸੇਵਕਾਂ ’ਤੇ ਹਰ ਤਰ੍ਹਾਂ ਦੀਆਂ ਅਜ਼ਮਾਇਸ਼ਾਂ ਲਿਆਉਣ ਦਿੰਦਾ ਹੈ। (ਲੂਕਾ 21:16-19) ਪਰ ਪਰਮੇਸ਼ੁਰ ਜਾਣਦਾ ਹੈ ਕਿ ਉਸ ਦੇ ਭਗਤ ਵਫ਼ਾਦਾਰ ਰਹਿਣ ਲਈ ਕਿਸ ਹੱਦ ਤਕ ਅਜ਼ਮਾਇਸ਼ਾਂ ਸਹਿ ਸਕਦੇ ਹਨ, ਇਸ ਲਈ ਉਹ ਹੱਦੋਂ ਵਧ ਉਨ੍ਹਾਂ ’ਤੇ ਅਜ਼ਮਾਇਸ਼ਾਂ ਨਹੀਂ ਆਉਣ ਦੇਵੇਗਾ। (1 ਕੁਰਿੰਥੀਆਂ 10:13 ਪੜ੍ਹੋ।) ਦੂਤ ਪਰਮੇਸ਼ੁਰ ਦੀ ਇੱਛਾ ਮੁਤਾਬਕ ਇਨਸਾਨਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਹਾਲਾਂਕਿ ਦੂਤਾਂ ਨੇ ਸ਼ਦਰਕ, ਮੇਸ਼ਕ, ਅਬਦ-ਨਗੋ, ਦਾਨੀਏਲ ਅਤੇ ਪਤਰਸ ਦੀ ਜਾਨ ਬਚਾਈ, ਪਰ ਉਨ੍ਹਾਂ ਨੇ ਇਸਤੀਫ਼ਾਨ ਅਤੇ ਯਾਕੂਬ ਨੂੰ ਦੁਸ਼ਮਣਾਂ ਦੇ ਹੱਥੋਂ ਨਹੀਂ ਬਚਾਇਆ। (ਦਾਨੀ. 3:17, 18, 28; 6:22; ਰਸੂ. 7:59, 60; 12:1-3, 7, 11) ਉਨ੍ਹਾਂ ਨੂੰ ਇਸ ਲਈ ਨਹੀਂ ਬਚਾਇਆ ਕਿਉਂਕਿ ਉਨ੍ਹਾਂ ਦੇ ਹਾਲਾਤ ਅਤੇ ਅਜ਼ਮਾਇਸ਼ਾਂ ਵੱਖੋ-ਵੱਖਰੀਆਂ ਸਨ। ਇਸ ਤਰ੍ਹਾਂ ਨਾਜ਼ੀ ਕੈਂਪ ਵਿਚ ਕੁਝ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਪਰ ਜ਼ਿਆਦਾਤਰ ਭੈਣ-ਭਰਾਵਾਂ ਨੂੰ ਯਹੋਵਾਹ ਨੇ ਬਚਾ ਲਿਆ ਸੀ।

10. ਦੂਤਾਂ ਦੀ ਮਦਦ ਤੋਂ ਇਲਾਵਾ ਹੋਰ ਕੌਣ ਸਾਡੀ ਮਦਦ ਕਰਦਾ ਹੈ?

10 ਬਾਈਬਲ ਇਹ ਨਹੀਂ ਸਿਖਾਉਂਦੀ ਕਿ ਇਕੱਲਾ-ਇਕੱਲਾ ਦੂਤ ਹਰ ਸੇਵਕ ਦੀ ਰਾਖੀ ਕਰਦਾ ਹੈ। ਪਰ ਅਸੀਂ ਇਸ ਭਰੋਸੇ ਨਾਲ ਪ੍ਰਾਰਥਨਾ ਕਰ ਸਕਦੇ ਹਾਂ ਕਿ “ਜੇ ਅਸੀਂ ਉਹ ਦੀ ਇੱਛਿਆ ਦੇ ਅਨੁਸਾਰ ਕੁਝ ਮੰਗਦੇ ਹਾਂ ਤਾਂ [ਪਰਮੇਸ਼ੁਰ] ਸਾਡੀ ਸੁਣਦਾ ਹੈ।” (1 ਯੂਹੰ. 5:14) ਇਹ ਸੱਚ ਹੈ ਕਿ ਯਹੋਵਾਹ ਸਾਡੀ ਮਦਦ ਕਰਨ ਲਈ ਕਿਸੇ ਦੂਤ ਨੂੰ ਭੇਜ ਸਕਦਾ ਹੈ, ਪਰ ਉਹ ਹੋਰਨਾਂ ਤਰੀਕਿਆਂ ਨਾਲ ਵੀ ਸਾਡੀ ਮਦਦ ਕਰਦਾ ਹੈ। ਸਾਨੂੰ ਮਦਦ ਅਤੇ ਦਿਲਾਸਾ ਦੇਣ ਲਈ ਯਹੋਵਾਹ ਸਾਡੇ ਭੈਣਾਂ-ਭਰਾਵਾਂ ਨੂੰ ਵਰਤਦਾ ਹੈ। ਨਾਲੇ, ਯਹੋਵਾਹ ਸਾਨੂੰ ਬੁੱਧ ਤੇ ਤਾਕਤ ਦੇ ਸਕਦਾ ਹੈ ਤਾਂਕਿ ਅਸੀਂ ‘ਸਰੀਰ ਵਿਚਲੇ ਕੰਡੇ’ ਨੂੰ ਸਹਿ ਸਕੀਏ ਜੋ ਸਾਨੂੰ ਇਸ ਤਰ੍ਹਾਂ ਦਰਦ ਦਿੰਦਾ ਹੈ ਜਿਵੇਂ ਕਿ ਸ਼ਤਾਨ ਦਾ ਦੂਤ ਸਾਨੂੰ ਚਪੇੜਾਂ ਮਾਰ ਰਿਹਾ ਹੋਵੇ।—2 ਕੁਰਿੰ. 12:7-10; 1 ਥੱਸ. 5:14.

ਯਿਸੂ ਦੀ ਰੀਸ ਕਰੋ

11. ਯਿਸੂ ਦੀ ਮਦਦ ਕਰਨ ਲਈ ਦੂਤਾਂ ਨੂੰ ਕਿਵੇਂ ਵਰਤਿਆ ਗਿਆ ਅਤੇ ਪਰਮੇਸ਼ੁਰ ਪ੍ਰਤਿ ਵਫ਼ਾਦਾਰ ਰਹਿ ਕੇ ਯਿਸੂ ਨੇ ਕੀ ਸਾਬਤ ਕੀਤਾ?

11 ਧਿਆਨ ਦਿਓ ਕਿ ਯਹੋਵਾਹ ਨੇ ਯਿਸੂ ਦੇ ਮਾਮਲੇ ਵਿਚ ਦੂਤਾਂ ਨੂੰ ਕਿਵੇਂ ਵਰਤਿਆ। ਉਨ੍ਹਾਂ ਨੇ ਉਸ ਦੇ ਜਨਮ ਅਤੇ ਉਸ ਦੇ ਦੁਬਾਰਾ ਜੀ ਉਠਾਏ ਜਾਣ ਦਾ ਐਲਾਨ ਕੀਤਾ ਅਤੇ ਉਸ ਦੀ ਸਹਾਇਤਾ ਵੀ ਕੀਤੀ ਜਦੋਂ ਉਹ ਧਰਤੀ ’ਤੇ ਸੀ। ਦੂਤ ਉਸ ਦੀ ਗਿਰਫ਼ਤਾਰੀ ਅਤੇ ਜ਼ਾਲਮਾਨਾ ਮੌਤ ਨੂੰ ਰੋਕ ਸਕਦੇ ਸੀ। ਪਰ ਇਸ ਦੀ ਬਜਾਇ ਯਹੋਵਾਹ ਨੇ ਯਿਸੂ ਨੂੰ ਹੌਸਲਾ ਦੇਣ ਲਈ ਇਕ ਦੂਤ ਭੇਜਿਆ। (ਮੱਤੀ 28:5, 6; ਲੂਕਾ 2:8-11; 22:43) ਯਹੋਵਾਹ ਦੀ ਇੱਛਾ ਅਨੁਸਾਰ ਯਿਸੂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਅਤੇ ਸਬੂਤ ਦਿੱਤਾ ਕਿ ਮੁਕੰਮਲ ਇਨਸਾਨ ਸਖ਼ਤ ਤੋਂ ਸਖ਼ਤ ਅਜ਼ਮਾਇਸ਼ ਅਧੀਨ ਪਰਮੇਸ਼ੁਰ ਪ੍ਰਤਿ ਵਫ਼ਾਦਾਰ ਰਹਿ ਸਕਦਾ ਹੈ। ਇਸ ਲਈ ਯਹੋਵਾਹ ਨੇ ਯਿਸੂ ਨੂੰ ਜ਼ਿੰਦਾ ਕਰ ਕੇ ਉਸ ਨੂੰ ਸਵਰਗ ਵਿਚ ਅਮਰ ਜੀਵਨ ਦਿੱਤਾ ਅਤੇ ਉਸ ਨੂੰ “ਸਾਰਾ ਇਖ਼ਤਿਆਰ” ਦੇ ਕੇ ਦੂਤਾਂ ਨੂੰ ਉਸ ਦੇ ਅਧੀਨ ਕਰ ਦਿੱਤਾ। (ਮੱਤੀ 28:18; ਰਸੂ. 2:32; 1 ਪਤ. 3:22) ਇਸ ਤਰ੍ਹਾਂ ਯਿਸੂ ਪਰਮੇਸ਼ੁਰ ਦੀ “ਤੀਵੀਂ” ਦੀ ਮੁੱਖ “ਅੰਸ” ਸਾਬਤ ਹੋਇਆ।— ਉਤ. 3:15; ਗਲਾ. 3:16.

12. ਅਸੀਂ ਯਿਸੂ ਵਾਂਗ ਸੁਰਤ ਵਾਲੇ ਕਿੱਦਾਂ ਹੋ ਸਕਦੇ ਹਾਂ?

12 ਯਿਸੂ ਨੂੰ ਪਤਾ ਸੀ ਕਿ ਜਾਣ-ਬੁੱਝ ਕੇ ਆਪਣੀ ਜਾਨ ਖ਼ਤਰੇ ਵਿਚ ਪਾਉਣ ਦੁਆਰਾ ਪਰਮੇਸ਼ੁਰ ਨੂੰ ਪਰਖਣਾ ਅਤੇ ਦੂਤਾਂ ਤੋਂ ਬਚਾਅ ਦੀ ਉਮੀਦ ਰੱਖਣੀ ਗ਼ਲਤ ਸੀ। (ਮੱਤੀ 4:5-7 ਪੜ੍ਹੋ।) ਸੋ ਆਓ ਆਪਾਂ ਯਿਸੂ ਵਾਂਗ “ਸੁਰਤ” ਵਾਲੇ ਹੋਈਏ ਅਤੇ ਜਾਣ-ਬੁੱਝ ਕੇ ਖ਼ਤਰੇ ਮੁੱਲ ਨਾ ਲਈਏ, ਸਗੋਂ ਪੂਰੇ ਭਰੋਸੇ ਨਾਲ ਸਤਾਹਟਾਂ ਦਾ ਸਾਮ੍ਹਣਾ ਕਰੀਏ।—ਤੀਤੁ. 2:12.

ਅਸੀਂ ਵਫ਼ਾਦਾਰ ਦੂਤਾਂ ਤੋਂ ਕੀ ਸਿੱਖ ਸਕਦੇ ਹਾਂ?

13. ਅਸੀਂ 2 ਪਤਰਸ 2:9-11 ਵਿਚ ਜ਼ਿਕਰ ਕੀਤੇ ਵਫ਼ਾਦਾਰ ਦੂਤਾਂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

13 ਯਹੋਵਾਹ ਦੇ ਮਸਹ ਕੀਤੇ ਹੋਏ ਭਗਤਾਂ ਦੀ ‘ਨਿੰਦਿਆ ਕਰਨ’ ਵਾਲਿਆਂ ਨੂੰ ਸੁਧਾਰਨ ਲਈ ਪਤਰਸ ਰਸੂਲ ਨੇ ਵਫ਼ਾਦਾਰ ਦੂਤਾਂ ਦੀ ਵਧੀਆ ਮਿਸਾਲ ਦਿੱਤੀ। ਭਾਵੇਂ ਦੂਤ ਬਹੁਤ ਸ਼ਕਤੀਸ਼ਾਲੀ ਹਨ, ਪਰ ਉਹ ਨਿਮਰ ਹਨ ਤੇ ਯਹੋਵਾਹ ਦਾ ਆਦਰ ਕਰਦੇ ਹਨ ਜਿਸ ਕਰਕੇ ਉਹ ‘ਉਸ ਦੇ ਅੱਗੇ’ ਕਿਸੇ ਉੱਤੇ ਦੋਸ਼ ਨਹੀਂ ਲਾਉਂਦੇ। (2 ਪਤਰਸ 2:9-11 ਪੜ੍ਹੋ।) ਆਓ ਆਪਾਂ ਵੀ ਕਿਸੇ ’ਤੇ ਬਿਨਾਂ ਵਜ੍ਹਾ ਦੋਸ਼ ਨਾ ਲਾਈਏ, ਸਗੋਂ ਉਨ੍ਹਾਂ ਦਾ ਆਦਰ ਕਰੀਏ ਜੋ ਕਲੀਸਿਯਾ ਵਿਚ ਨਿਗਰਾਨੀ ਕਰਦੇ ਹਨ ਅਤੇ ਬਾਕੀ ਸਾਰਾ ਕੁਝ ਸਭ ਤੋਂ ਵੱਡੇ ਨਿਆਈ ਯਹੋਵਾਹ ਦੇ ਹੱਥ ਵਿਚ ਛੱਡ ਦੇਈਏ।—ਰੋਮੀ. 12:18, 19; ਇਬ. 13:17.

14. ਦੂਤ ਕਿਵੇਂ ਨਿਮਰਤਾ ਨਾਲ ਸੇਵਾ ਕਰ ਕੇ ਸਾਡੇ ਲਈ ਮਿਸਾਲ ਕਾਇਮ ਕਰਦੇ ਹਨ?

14 ਦੂਤ ਨਿਮਰਤਾ ਨਾਲ ਯਹੋਵਾਹ ਦੀ ਸੇਵਾ ਕਰ ਕੇ ਸਾਡੇ ਲਈ ਵਧੀਆ ਮਿਸਾਲ ਕਾਇਮ ਕਰਦੇ ਹਨ। ਮਿਸਾਲ ਲਈ, ਜਦੋਂ ਕੁਝ ਦੂਤ ਇਨਸਾਨਾਂ ਨੂੰ ਮਿਲੇ ਸਨ, ਤਾਂ ਉਨ੍ਹਾਂ ਨੇ ਆਪਣੇ ਨਾਂ ਨਹੀਂ ਦੱਸੇ। (ਉਤ. 32:29; ਨਿਆ. 13:17, 18) ਭਾਵੇਂ ਕਿ ਸਵਰਗ ਵਿਚ ਲੱਖਾਂ-ਕਰੋੜਾਂ ਦੂਤ ਹਨ, ਪਰ ਬਾਈਬਲ ਵਿਚ ਸਿਰਫ਼ ਮਿਕਾਏਲ ਅਤੇ ਜਿਬਰਾਏਲ ਦੇ ਨਾਂ ਹਨ। ਇਹ ਸਾਡੇ ਫ਼ਾਇਦੇ ਲਈ ਹੈ ਤਾਂਕਿ ਅਸੀਂ ਉਨ੍ਹਾਂ ਨੂੰ ਉਹ ਵਡਿਆਈ ਨਾ ਦੇਈਏ ਜਿਸ ਦਾ ਹੱਕਦਾਰ ਸਿਰਫ਼ ਯਹੋਵਾਹ ਹੀ ਹੈ। (ਲੂਕਾ 1:26; ਪਰ. 12:7) ਜਦੋਂ ਯੂਹੰਨਾ ਰਸੂਲ ਨੇ ਇਕ ਦੂਤ ਅੱਗੇ ਮੱਥਾ ਟੇਕਿਆ, ਤਾਂ ਦੂਤ ਨੇ ਉਸ ਨੂੰ ਕਿਹਾ: ‘ਇਉਂ ਨਾ ਕਰ! ਮੈਂ ਤਾਂ ਤੇਰਾ ਅਤੇ ਨਬੀਆਂ ਦਾ ਜੋ ਤੇਰੇ ਭਰਾ ਹਨ ਓਹਨਾਂ ਦੇ ਨਾਲ ਦਾ ਦਾਸ ਹਾਂ।’ (ਪਰ. 22:8, 9) ਇਸ ਲਈ ਸਾਨੂੰ ਸਿਰਫ਼ ਪਰਮੇਸ਼ੁਰ ਦੀ ਹੀ ਭਗਤੀ ਕਰਨੀ ਚਾਹੀਦੀ ਹੈ ਤੇ ਉਸ ਨੂੰ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ।—ਮੱਤੀ 4:8-10 ਪੜ੍ਹੋ।

15. ਧੀਰਜ ਦੇ ਮਾਮਲੇ ਵਿਚ ਦੂਤ ਸਾਡੇ ਲਈ ਕਿਵੇਂ ਮਿਸਾਲ ਹਨ?

15 ਦੂਤ ਧੀਰਜ ਦੇ ਮਾਮਲੇ ਵਿਚ ਵੀ ਸਾਡੇ ਲਈ ਮਿਸਾਲ ਹਨ। ਭਾਵੇਂ ਦੂਤ ਪਰਮੇਸ਼ੁਰ ਦੇ ਪਵਿੱਤਰ ਭੇਤਾਂ ਨੂੰ ਜਾਣਨ ਦੇ ਬਹੁਤ ਚਾਹਵਾਨ ਹਨ, ਫਿਰ ਵੀ ਉਨ੍ਹਾਂ ਨੂੰ ਭੇਤਾਂ ਦੀਆਂ ਸਾਰੀਆਂ ਗੱਲਾਂ ਨਹੀਂ ਦੱਸੀਆਂ ਜਾਂਦੀਆਂ। ਬਾਈਬਲ ਦੱਸਦੀ ਹੈ: “ਦੂਤ ਵੱਡੀ ਚਾਹ ਨਾਲ ਇਨ੍ਹਾਂ ਗੱਲਾਂ ਨੂੰ ਮਲੂਮ ਕਰਨਾ ਚਾਹੁੰਦੇ ਹਨ!” (1 ਪਤ. 1:12) ਇਸ ਦੇ ਲਈ ਉਹ ਕੀ ਕਰਦੇ ਹਨ? ਉਹ ਧੀਰਜ ਨਾਲ ਉਸ ਸਮੇਂ ਦੀ ਉਡੀਕ ਕਰਦੇ ਹਨ ਜਦ ਤਕ ਯਹੋਵਾਹ “ਕਲੀਸਿਯਾ ਦੇ ਰਾਹੀਂ” ਅਲੱਗ-ਅਲੱਗ ਤਰ੍ਹਾਂ ਦਾ ‘ਗਿਆਨ ਪਰਗਟ’ ਨਹੀਂ ਕਰਦਾ।—ਅਫ਼. 3:10, 11.

16. ਸਾਡੇ ਚਾਲ-ਚਲਣ ਦਾ ਦੂਤਾਂ ’ਤੇ ਕੀ ਅਸਰ ਪੈ ਸਕਦਾ ਹੈ?

16 ਅਜ਼ਮਾਇਸ਼ਾਂ ਦੇ ਅਧੀਨ ਮਸੀਹੀ ‘ਦੂਤਾਂ ਦੇ ਲਈ ਇੱਕ ਤਮਾਸ਼ਾ ਬਣੇ ਹੋਏ’ ਹਨ। (1 ਕੁਰਿੰ. 4:9) ਦੂਤ ਸਾਡੀ ਵਫ਼ਾਦਾਰੀ ਦੇ ਕੰਮਾਂ ਨੂੰ ਦੇਖ ਕੇ ਖ਼ੁਸ਼ ਹੁੰਦੇ ਹਨ ਅਤੇ ਉਹ ਉਦੋਂ ਵੀ ਖ਼ੁਸ਼ ਹੁੰਦੇ ਹਨ ਜਦੋਂ ਕੋਈ ਪਾਪੀ ਤੋਬਾ ਕਰ ਕੇ ਪਰਮੇਸ਼ੁਰ ਵੱਲ ਮੁੜਦਾ ਹੈ। (ਲੂਕਾ 15:10) ਦੂਤ ਮਸੀਹੀ ਭੈਣਾਂ ਦਾ ਅਦਬ ਵਾਲਾ ਚਾਲ-ਚਲਣ ਵੀ ਦੇਖਦੇ ਹਨ। ਬਾਈਬਲ ਦੱਸਦੀ ਹੈ ਕਿ “ਇਸਤ੍ਰੀ ਨੂੰ ਚਾਹੀਦਾ ਹੈ ਜੋ ਦੂਤਾਂ ਦੇ ਕਾਰਨ ਆਪਣੇ ਸਿਰ ਉੱਤੇ ਇਖ਼ਤਿਆਰ ਦਾ ਨਿਸ਼ਾਨ ਰੱਖੇ।” (1 ਕੁਰਿੰ. 11:3, 10) ਜੀ ਹਾਂ, ਦੂਤ ਖ਼ੁਸ਼ ਹੁੰਦੇ ਹਨ ਜਦੋਂ ਉਹ ਮਸੀਹੀ ਭੈਣਾਂ ਅਤੇ ਹੋਰ ਭਗਤਾਂ ਨੂੰ ਪਰਮੇਸ਼ੁਰ ਦੇ ਸਾਰੇ ਇੰਤਜ਼ਾਮਾਂ ਅਤੇ ਅਧਿਕਾਰ ਅਨੁਸਾਰ ਚੱਲਦਿਆਂ ਦੇਖਦੇ ਹਨ। ਇਹ ਦੇਖ ਕੇ ਉਨ੍ਹਾਂ ਨੂੰ ਚੇਤਾ ਰਹਿੰਦਾ ਹੈ ਕਿ ਉਨ੍ਹਾਂ ਨੂੰ ਵੀ ਪਰਮੇਸ਼ੁਰ ਪ੍ਰਤਿ ਆਗਿਆਕਾਰ ਰਹਿਣ ਦੀ ਲੋੜ ਹੈ।

ਦੂਤ ਪ੍ਰਚਾਰ ਕੰਮ ਵਿਚ ਸਾਡੀ ਸਹਾਇਤਾ ਕਰਦੇ ਹਨ

17, 18. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਦੂਤ ਪ੍ਰਚਾਰ ਕੰਮ ਵਿਚ ਸਾਡੀ ਸਹਾਇਤਾ ਕਰਦੇ ਹਨ?

17 ਦੂਤ “ਪ੍ਰਭੁ ਦੇ ਦਿਨ” ਵਿਚ ਹੋ ਰਹੇ ਕੁਝ ਵੱਡੇ-ਵੱਡੇ ਕੰਮਾਂ ਵਿਚ ਵੀ ਸ਼ਾਮਲ ਹਨ। ਇਨ੍ਹਾਂ ਕੰਮਾਂ ਵਿਚ ਸ਼ਾਮਲ ਹੈ 1914 ਵਿਚ ਹੋਈ ਪਰਮੇਸ਼ੁਰ ਦੇ ਰਾਜ ਦੀ ਸਥਾਪਨਾ ਅਤੇ ‘ਮਿਕਾਏਲ ਅਤੇ ਉਹ ਦੇ ਦੂਤਾਂ’ ਦੁਆਰਾ ਸ਼ਤਾਨ ਅਤੇ ਉਸ ਦੇ ਸਾਥੀਆਂ ਨੂੰ ਸਵਰਗੋਂ ਧਰਤੀ ’ਤੇ ਸੁੱਟਿਆ ਜਾਣਾ। (ਪਰ. 1:10; 11:15; 12:5-9) ਯੂਹੰਨਾ ਰਸੂਲ ਨੇ ‘ਇੱਕ ਦੂਤ ਨੂੰ ਸਦੀਪਕਾਲ ਦੀ ਇੰਜੀਲ ਨਾਲ ਅਕਾਸ਼ ਵਿੱਚ ਉੱਡਦਿਆਂ ਡਿੱਠਾ ਭਈ ਧਰਤੀ ਦੇ ਵਾਸੀਆਂ ਨੂੰ ਖੁਸ਼ ਖਬਰੀ ਸੁਣਾਵੇ।’ ਦੂਤ ਨੇ ਐਲਾਨ ਕੀਤਾ: “ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਇਸ ਲਈ ਜੋ ਉਹ ਦੇ ਨਿਆਉਂ ਦਾ ਸਮਾ ਆ ਪੁੱਜਾ ਹੈ ਅਤੇ ਜਿਹ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਪਾਣੀਆਂ ਦੇ ਸੁੰਬਾਂ ਨੂੰ ਬਣਾਇਆ ਤੁਸੀਂ ਉਹ ਨੂੰ ਮੱਥਾ ਟੇਕੋ!” (ਪਰ. 14:6, 7) ਭਾਵੇਂ ਸ਼ਤਾਨ ਜਿੰਨਾ ਮਰਜ਼ੀ ਵਿਰੋਧ ਕਰ ਲਵੇ, ਪਰ ਯਹੋਵਾਹ ਦੇ ਭਗਤ ਇਹ ਭਰੋਸਾ ਰੱਖ ਸਕਦੇ ਹਨ ਕਿ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਿਆਂ ਦੂਤ ਉਨ੍ਹਾਂ ਦੇ ਨਾਲ ਹੁੰਦੇ ਹਨ।—ਪਰ. 12:13, 17.

18 ਜਿਵੇਂ ਇਕ ਦੂਤ ਨੇ ਫ਼ਿਲਿੱਪੁਸ ਨੂੰ ਹਬਸ਼ੀ ਖੋਜੇ ਕੋਲ ਭੇਜਿਆ ਸੀ, ਉਸੇ ਤਰ੍ਹਾਂ ਅੱਜ ਦੂਤ ਸਾਡੇ ਨਾਲ ਸਿੱਧੀ ਗੱਲ ਕਰ ਕੇ ਨਹੀਂ ਦੱਸਦੇ ਕਿ ਅਸੀਂ ਕਿਹੜੇ ਨੇਕਦਿਲ ਲੋਕਾਂ ਕੋਲ ਜਾਈਏ। (ਰਸੂ. 8:26-29) ਪਰ ਭੈਣਾਂ-ਭਰਾਵਾਂ ਦੇ ਕਈ ਤਜਰਬਿਆਂ ਤੋਂ ਜ਼ਾਹਰ ਹੈ ਕਿ ਦੂਤ ਪ੍ਰਚਾਰ ਦੇ ਕੰਮ ਵਿਚ ਸਾਡਾ ਸਾਥ ਦਿੰਦੇ ਹਨ ਅਤੇ ਸੇਧ ਦੇ ਕੇ ਸਾਨੂੰ ਉਨ੍ਹਾਂ ਲੋਕਾਂ ਕੋਲ ਭੇਜਦੇ ਹਨ ਜਿਹੜੇ “ਸਦੀਪਕ ਜੀਉਣ ਲਈ ਠਹਿਰਾਏ ਗਏ” ਹਨ। * (ਰਸੂ. 13:48) ਸੋ ਕਿੰਨਾ ਜ਼ਰੂਰੀ ਹੈ ਕਿ ਅਸੀਂ ਬਾਕਾਇਦਾ ਪ੍ਰਚਾਰ ਕੰਮ ਵਿਚ ਹਿੱਸਾ ਲੈਂਦੇ ਰਹੀਏ ਤਾਂਕਿ ਅਸੀਂ ਉਨ੍ਹਾਂ ਲੋਕਾਂ ਨੂੰ ਲੱਭ ਸਕੀਏ ਜੋ ਸੱਚੇ ਦਿਲ ਨਾਲ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੁੰਦੇ ਹਨ।—ਯੂਹੰ. 4:23, 24.

19, 20. ਇਸ ‘ਜੁਗ ਦੇ ਅੰਤ’ ਦੇ ਸਮੇਂ ਤੋਂ ਪਹਿਲਾਂ ਦੂਤ ਕਿਹੜੇ ਕੰਮ ਕਰ ਰਹੇ ਹਨ ਤੇ ਭਵਿੱਖ ਵਿਚ ਕਿਹੜੇ ਕਰਨਗੇ?

19 ਸਾਡੇ ਦਿਨਾਂ ਬਾਰੇ ਗੱਲ ਕਰਦਿਆਂ ਯਿਸੂ ਨੇ ਕਿਹਾ ਕਿ ਇਸ ‘ਜੁਗ ਦੇ ਅੰਤ’ ਦੇ ਸਮੇਂ ਵਿਚ ਦੂਤ “ਧਰਮੀਆਂ ਵਿੱਚੋਂ ਦੁਸ਼ਟਾਂ ਨੂੰ ਅੱਡ ਕਰਨਗੇ।” (ਮੱਤੀ 13:37-43, 49) ਦੂਤ ਮਸਹ ਕੀਤੇ ਹੋਇਆਂ ਦੇ ਆਖ਼ਰੀ ਮੈਂਬਰਾਂ ਨੂੰ ਇਕੱਠਿਆਂ ਕਰਨ ਅਤੇ ਉਨ੍ਹਾਂ ’ਤੇ ਮੋਹਰ ਲਾਉਣ ਦਾ ਵੀ ਕੰਮ ਕਰਦੇ ਹਨ। (ਮੱਤੀ 24:31 ਪੜ੍ਹੋ; ਪਰ. 7:1-3) ਇਸ ਤੋਂ ਇਲਾਵਾ, ਭਵਿੱਖ ਵਿਚ ਜਦੋਂ ਯਿਸੂ ‘ਭੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰਿਆਂ ਕਰੇਗਾ,’ ਤਾਂ ਉਹ ਦੇ ਨਾਲ ਦੂਤ ਵੀ ਹੋਣਗੇ।—ਮੱਤੀ 25:31-33, 46.

20 ‘ਜਾਂ ਪ੍ਰਭੁ ਯਿਸੂ ਆਪਣੇ ਬਲਵੰਤ ਦੂਤਾਂ ਸਣੇ ਅਕਾਸ਼ੋਂ ਪਰਗਟ ਹੋਵੇਗਾ,’ ਤਾਂ ਉਹ ਸਾਰੇ “ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ” ਨਾਸ਼ ਹੋ ਜਾਣਗੇ। (2 ਥੱਸ. 1:6-10) ਯੂਹੰਨਾ ਨੇ ਦਰਸ਼ਣ ਵਿਚ ਇਹੀ ਘਟਨਾ ਦੇਖੀ ਸੀ। ਪਰ ਉਸ ਨੇ ਦੇਖਿਆ ਕਿ ਯਿਸੂ ਅਤੇ ਉਸ ਦੀਆਂ ਸਵਰਗੀ ਫ਼ੌਜਾਂ ਚਿੱਟੇ ਘੋੜਿਆਂ ’ਤੇ ਧਰਮ ਦਾ ਯੁੱਧ ਲੜਨ ਲਈ ਨਿਕਲ ਤੁਰੀਆਂ।—ਪਰ. 19:11-14.

21. ਜਿਸ ਦੂਤ ਦੇ ਹੱਥ ਵਿਚ “ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ” ਹੈ, ਉਹ ਸ਼ਤਾਨ ਅਤੇ ਉਸ ਨਾਲ ਰਲ਼ੇ ਬੁਰੇ ਦੂਤਾਂ ਦਾ ਕੀ ਕਰੇਗਾ?

21 ਇਸ ਦੇ ਨਾਲ-ਨਾਲ ਯੂਹੰਨਾ ਨੇ “ਇੱਕ ਦੂਤ ਨੂੰ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਆਪਣੇ ਹੱਥ ਵਿੱਚ ਲਈ ਅਕਾਸ਼ੋਂ ਉਤਰਦੇ ਵੇਖਿਆ।” ਇਹ ਮਹਾਂ ਦੂਤ ਮਿਕਾਏਲ ਤੋਂ ਸਿਵਾਇ ਹੋਰ ਕੋਈ ਨਹੀਂ ਹੋ ਸਕਦਾ। ਉਹ ਸ਼ਤਾਨ ਅਤੇ ਉਸ ਦੇ ਨਾਲ ਦੇ ਬੁਰੇ ਦੂਤਾਂ ਨੂੰ ਬੰਨ੍ਹ ਕੇ ਅਥਾਹ ਕੁੰਡ ਵਿਚ ਸੁੱਟ ਦੇਵੇਗਾ। ਯਿਸੂ ਦੇ ਹਜ਼ਾਰ ਸਾਲ ਦੇ ਅਖ਼ੀਰ ’ਤੇ ਇਨ੍ਹਾਂ ਬੁਰੇ ਦੂਤਾਂ ਨੂੰ ਥੋੜ੍ਹੀ ਦੇਰ ਵਾਸਤੇ ਆਜ਼ਾਦ ਕੀਤਾ ਜਾਵੇਗਾ ਤਾਂਕਿ ਉਹ ਮੁਕੰਮਲ ਹੋ ਚੁੱਕੇ ਇਨਸਾਨਾਂ ਦੀ ਆਖ਼ਰੀ ਪਰੀਖਿਆ ਲੈ ਸਕਣ। ਇਸ ਤੋਂ ਬਾਅਦ, ਸ਼ਤਾਨ ਅਤੇ ਉਸ ਦੇ ਦੂਤਾਂ ਦਾ ਹਮੇਸ਼ਾ ਲਈ ਨਾਸ਼ ਕੀਤਾ ਜਾਵੇਗਾ। (ਪਰ. 20:1-3, 7-10; 1 ਯੂਹੰ. 3:8) ਹਾਂ, ਪਰਮੇਸ਼ੁਰ ਖ਼ਿਲਾਫ਼ ਬਗਾਵਤ ਕਰਨ ਵਾਲਿਆਂ ਦਾ ਖੁਰਾ-ਖੋਜ ਮਿਟਾ ਦਿੱਤਾ ਜਾਵੇਗਾ!

22. ਆਉਣ ਵਾਲੇ ਸਮੇਂ ਵਿਚ ਦੂਤ ਕੀ ਕੁਝ ਕਰਨਗੇ ਅਤੇ ਸਾਨੂੰ ਉਨ੍ਹਾਂ ਦੇ ਕੰਮਾਂ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?

22 ਸ਼ਤਾਨ ਦੀ ਬੁਰੀ ਦੁਨੀਆਂ ਤੋਂ ਸਾਡਾ ਛੁਟਕਾਰਾ ਬੱਸ ਨੇੜੇ ਹੀ ਹੈ। ਦੂਤ ਇਨ੍ਹਾਂ ਮਹੱਤਵਪੂਰਣ ਕੰਮਾਂ ਵਿਚ ਹਿੱਸਾ ਲੈਣਗੇ ਜਿਨ੍ਹਾਂ ਕਰਕੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਠਹਿਰਾਇਆ ਜਾਵੇਗਾ ਅਤੇ ਧਰਤੀ ਅਤੇ ਮਨੁੱਖਜਾਤੀ ਲਈ ਉਸ ਦਾ ਮਕਸਦ ਪੂਰਾ ਹੋਵੇਗਾ। ਇਹ ਸੱਚ-ਮੁੱਚ ‘ਸੱਭੇ ਸੇਵਾ ਕਰਨ ਵਾਲੇ ਦੂਤ ਹਨ ਜਿਹੜੇ ਮੁਕਤੀ ਦਾ ਵਿਰਸਾ ਪਾਉਣ ਵਾਲਿਆਂ ਦੀ ਸੇਵਾ ਲਈ ਘੱਲੇ ਜਾਂਦੇ ਹਨ।’ ਆਓ ਆਪਾਂ ਯਹੋਵਾਹ ਦਾ ਸ਼ੁਕਰੀਆ ਅਦਾ ਕਰੀਏ ਕਿ ਉਹ ਸਾਡੀ ਮਦਦ ਕਰਨ ਲਈ ਆਪਣੇ ਦੂਤਾਂ ਨੂੰ ਵਰਤਦਾ ਹੈ ਤਾਂਕਿ ਅਸੀਂ ਉਸ ਦੀ ਇੱਛਾ ਪੂਰੀ ਕਰ ਕੇ ਸਦਾ ਦੀ ਜ਼ਿੰਦਗੀ ਪਾ ਸਕੀਏ।

[ਫੁਟਨੋਟ]

^ ਪੈਰਾ 18 ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ) ਨਾਮਕ ਕਿਤਾਬ ਦੇ ਸਫ਼ੇ 549-551 ਦੇਖੋ।

ਤੁਸੀਂ ਕਿਵੇਂ ਜਵਾਬ ਦਿਓਗੇ?

• ਦੂਤਾਂ ਨੂੰ ਕਿਸ ਹਿਸਾਬ ਨਾਲ ਵਰਗਾਂ ਵਿਚ ਵੰਡਿਆ ਗਿਆ ਹੈ?

• ਕੁਝ ਦੂਤਾਂ ਨੇ ਨੂਹ ਦੇ ਦਿਨਾਂ ਵਿਚ ਕੀ ਕੀਤਾ ਸੀ?

• ਸਾਡੀ ਮਦਦ ਕਰਨ ਲਈ ਪਰਮੇਸ਼ੁਰ ਨੇ ਦੂਤਾਂ ਨੂੰ ਕਿਵੇਂ ਵਰਤਿਆ ਹੈ?

• ਸਾਡੇ ਸਮਿਆਂ ਵਿਚ ਵਫ਼ਾਦਾਰ ਦੂਤ ਕੀ ਕਰਦੇ ਹਨ?

[ਸਵਾਲ]

[ਸਫ਼ਾ 21 ਉੱਤੇ ਤਸਵੀਰ]

ਦੂਤ ਖ਼ੁਸ਼ ਹੋ ਕੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਹਨ

[ਸਫ਼ਾ 23 ਉੱਤੇ ਤਸਵੀਰ]

ਪਰਮੇਸ਼ੁਰ ਦੀ ਇੱਛਾ ਅਨੁਸਾਰ ਦੂਤ ਹਮੇਸ਼ਾ ਮਦਦ ਕਰਨ ਲਈ ਤਿਆਰ ਰਹਿੰਦੇ ਹਨ ਜਿਵੇਂ ਉਨ੍ਹਾਂ ਨੇ ਦਾਨੀਏਲ ਦੀ ਮਦਦ ਕੀਤੀ ਸੀ

[ਸਫ਼ਾ 24 ਉੱਤੇ ਤਸਵੀਰਾਂ]

ਦਲੇਰ ਹੋਵੋ ਕਿਉਂਕਿ ਦੂਤ ਪ੍ਰਚਾਰ ਕੰਮ ਵਿਚ ਸਾਡਾ ਸਾਥ ਦੇ ਰਹੇ ਹਨ!

[ਕ੍ਰੈਡਿਟ ਲਾਈਨ]

Globe: NASA photo