Skip to content

Skip to table of contents

ਆਪਣੇ ਗੁਆਂਢੀ ਨਾਲ ਸੱਚ ਬੋਲੋ

ਆਪਣੇ ਗੁਆਂਢੀ ਨਾਲ ਸੱਚ ਬੋਲੋ

ਆਪਣੇ ਗੁਆਂਢੀ ਨਾਲ ਸੱਚ ਬੋਲੋ

“ਤੁਸੀਂ ਝੂਠ ਨੂੰ ਤਿਆਗ ਕੇ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੋ ਕਿਉਂ ਜੋ ਅਸੀਂ ਇੱਕ ਦੂਏ ਦੇ ਅੰਗ ਹਾਂ।”—ਅਫ਼. 4:25.

1, 2. ਸੱਚ ਬੋਲਣ ਬਾਰੇ ਕਈ ਲੋਕਾਂ ਦੇ ਕੀ ਵਿਚਾਰ ਹਨ?

ਸਦੀਆਂ ਤੋਂ ਲੋਕ ਇਹ ਬਹਿਸ ਕਰਦੇ ਆ ਰਹੇ ਹਨ ਕਿ ਇਨਸਾਨ ਹਮੇਸ਼ਾ ਸੱਚ ਬੋਲ ਸਕਦਾ ਹੈ ਕਿ ਨਹੀਂ। ਛੇ ਈ. ਪੂ. ਵਿਚ ਯੂਨਾਨੀ ਕਵੀ ਅਲਕੇਅਸ ਨੇ ਕਿਹਾ: “ਸ਼ਰਾਬ ਵਿਚ ਸੱਚਾਈ ਹੁੰਦੀ ਹੈ।” ਕਹਿਣ ਦਾ ਮਤਲਬ ਹੈ ਕਿ ਜਦੋਂ ਕੋਈ ਸ਼ਰਾਬ ਦੇ ਨਸ਼ੇ ਵਿਚ ਚੂਰ ਹੋ ਜਾਂਦਾ ਹੈ, ਤਾਂ ਸੱਚ ਖ਼ੁਦ-ਬ-ਖ਼ੁਦ ਉਸ ਦੇ ਮੂੰਹੋਂ ਨਿਕਲਣ ਲੱਗਦਾ ਹੈ ਅਤੇ ਸ਼ਾਇਦ ਉਹ ਜ਼ਿਆਦਾ ਗੱਲਾਂ ਕਰਦਾ ਹੈ। ਪਹਿਲੀ ਸਦੀ ਦੇ ਰੋਮੀ ਗਵਰਨਰ ਪੁੰਤਿਯੁਸ ਪਿਲਾਤੁਸ ਦਾ ਸੱਚ ਪ੍ਰਤਿ ਨਜ਼ਰੀਆ ਸਹੀ ਨਹੀਂ ਸੀ ਜਦੋਂ ਉਸ ਨੇ ਯਿਸੂ ਨੂੰ ਸਨਕੀਪੁਣੇ ਨਾਲ ਪੁੱਛਿਆ: “ਸਚਿਆਈ ਹੁੰਦੀ ਕੀ ਹੈ?”—ਯੂਹੰ. 18:38.

2 ਅੱਜ ਸੱਚ ਬੋਲਣ ਬਾਰੇ ਲੋਕਾਂ ਦੇ ਵਿਚਾਰ ਵੱਖੋ-ਵੱਖਰੇ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਕਿਤੇ-ਕਿਤੇ ਸੱਚ ਬੋਲਣਾ ਠੀਕ ਹੈ ਅਤੇ ਜੋ ਉਨ੍ਹਾਂ ਨੂੰ “ਸੱਚ” ਲੱਗਦਾ ਹੈ, ਜ਼ਰੂਰੀ ਨਹੀਂ ਕਿ ਉਹ ਦੂਸਰਿਆਂ ਦੀਆਂ ਨਜ਼ਰਾਂ ਵਿਚ ਵੀ ਸੱਚ ਹੋਵੇ। ਕੁਝ ਲੋਕ ਉਦੋਂ ਹੀ ਸੱਚ ਬੋਲਦੇ ਹਨ ਜਦੋਂ ਉਨ੍ਹਾਂ ਨੂੰ ਸੱਚ ਬੋਲਣਾ ਸੌਖਾ ਲੱਗਦਾ ਹੈ ਅਤੇ ਜਿਸ ਵਿਚ ਉਨ੍ਹਾਂ ਦਾ ਫ਼ਾਇਦਾ ਹੁੰਦਾ ਹੈ। ਇਕ ਕਿਤਾਬ (The Importance of Lying) ਕਹਿੰਦੀ ਹੈ: “ਈਮਾਨਦਾਰੀ ਚੰਗੀ ਗੱਲ ਹੈ, ਪਰ ਇਹ ਜ਼ਿਆਦਾ ਕੰਮ ਨਹੀਂ ਆਉਂਦੀ ਜਦੋਂ ਇਨਸਾਨ ਆਪਣੇ ਬਚਾਅ ਲਈ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੁੰਦਾ ਹੈ। ਉਸ ਕੋਲ ਕੋਈ ਚਾਰਾ ਨਹੀਂ ਹੁੰਦਾ। ਉਸ ਨੂੰ ਜੀਣ ਲਈ ਝੂਠ ਬੋਲਣਾ ਹੀ ਪੈਂਦਾ ਹੈ।”

3. ਸੱਚ ਬੋਲਣ ਸੰਬੰਧੀ ਯਿਸੂ ਕਿਉਂ ਸ਼ਾਨਦਾਰ ਮਿਸਾਲ ਸੀ?

3 ਇਨ੍ਹਾਂ ਲੋਕਾਂ ਦਾ ਨਜ਼ਰੀਆ ਯਿਸੂ ਦੇ ਚੇਲਿਆਂ ਦੇ ਨਜ਼ਰੀਏ ਤੋਂ ਕਿੰਨਾ ਵੱਖਰਾ ਹੈ! ਸੱਚ ਬੋਲਣ ਬਾਰੇ ਯਿਸੂ ਦਾ ਨਜ਼ਰੀਆ ਦੁਨੀਆਂ ਦੇ ਗਿਆਨੀਆਂ-ਧਿਆਨੀਆਂ ਤੋਂ ਬਿਲਕੁਲ ਵੱਖਰਾ ਸੀ। ਉਹ ਹਮੇਸ਼ਾ ਸੱਚ ਬੋਲਦਾ ਸੀ। ਉਸ ਦੇ ਦੁਸ਼ਮਣਾਂ ਨੇ ਵੀ ਇਹ ਗੱਲ ਮੰਨੀ: “ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੂੰ ਸੱਚਾ ਹੈਂ ਅਰ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦਾ ਹੈਂ।” (ਮੱਤੀ 22:16) ਅੱਜ ਵੀ ਯਿਸੂ ਦੇ ਸੱਚੇ ਚੇਲੇ ਯਿਸੂ ਦੀ ਰੀਸ ਕਰਦੇ ਹਨ। ਉਹ ਸੱਚ ਬੋਲਣ ਤੋਂ ਹਿਚਕਿਚਾਉਂਦੇ ਨਹੀਂ। ਉਹ ਪੂਰੇ ਦਿਲ ਨਾਲ ਪੌਲੁਸ ਰਸੂਲ ਦੇ ਸ਼ਬਦਾਂ ਨਾਲ ਸਹਿਮਤ ਹਨ ਜੋ ਉਸ ਨੇ ਮਸੀਹੀਆਂ ਨੂੰ ਕਹੇ ਸਨ: “ਤੁਸੀਂ ਝੂਠ ਨੂੰ ਤਿਆਗ ਕੇ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੋ।” (ਅਫ਼. 4:25) ਆਓ ਆਪਾਂ ਪੌਲੁਸ ਦੇ ਸ਼ਬਦਾਂ ਦੇ ਤਿੰਨ ਪਹਿਲੂਆਂ ’ਤੇ ਵਿਚਾਰ ਕਰੀਏ। ਪਹਿਲਾ, ਸਾਡਾ ਗੁਆਂਢੀ ਕੌਣ ਹੈ? ਦੂਜਾ, ਸੱਚ ਬੋਲਣ ਦਾ ਕੀ ਮਤਲਬ ਹੈ? ਅਤੇ ਤੀਜਾ, ਅਸੀਂ ਇਨ੍ਹਾਂ ਗੱਲਾਂ ਨੂੰ ਰੋਜ਼ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ?

ਸਾਡਾ ਗੁਆਂਢੀ ਕੌਣ ਹੈ?

4. ਪਹਿਲੀ ਸਦੀ ਦੇ ਯਹੂਦੀ ਆਗੂਆਂ ਦੇ ਉਲਟ ਯਿਸੂ ਨੇ ਗੁਆਂਢੀ ਬਾਰੇ ਯਹੋਵਾਹ ਦਾ ਨਜ਼ਰੀਆ ਕਿਵੇਂ ਜ਼ਾਹਰ ਕੀਤਾ?

4 ਪਹਿਲੀ ਸਦੀ ਵਿਚ ਕੁਝ ਯਹੂਦੀ ਧਾਰਮਿਕ ਆਗੂਆਂ ਨੇ ਸਿਖਾਇਆ ਕਿ ਸਿਰਫ਼ ਯਹੂਦੀ ਜਾਂ ਉਨ੍ਹਾਂ ਦੇ ਗੂੜ੍ਹੇ ਮਿੱਤਰ ਹੀ ਉਨ੍ਹਾਂ ਦੇ “ਗੁਆਂਢੀ” ਸਨ। ਪਰ ਇਸ ਦੇ ਉਲਟ ਯਿਸੂ ਨੇ ਪੂਰੀ ਤਰ੍ਹਾਂ ਆਪਣੇ ਪਿਤਾ ਦੀ ਸੋਚ ਅਤੇ ਗੁਣਾਂ ਨੂੰ ਜ਼ਾਹਰ ਕੀਤਾ। (ਯੂਹੰ. 14:9) ਇਸੇ ਲਈ ਉਸ ਨੇ ਆਪਣੇ ਚੇਲਿਆਂ ਨੂੰ ਦਿਖਾਇਆ ਕਿ ਪਰਮੇਸ਼ੁਰ ਸਿਰਫ਼ ਇਕ ਕੌਮ ਜਾਂ ਜਾਤ ਦੇ ਲੋਕਾਂ ਦੀ ਤਰਫ਼ਦਾਰੀ ਨਹੀਂ ਕਰਦਾ। (ਯੂਹੰ. 4:5-26) ਇਸ ਤੋਂ ਇਲਾਵਾ, ਪਵਿੱਤਰ ਸ਼ਕਤੀ ਦੀ ਮਦਦ ਨਾਲ ਪਤਰਸ ਰਸੂਲ ਨੂੰ ਪਤਾ ਲੱਗਾ ਕਿ “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂ. 10:28, 34, 35) ਇਸ ਲਈ ਸਾਨੂੰ ਸਾਰੇ ਲੋਕਾਂ ਨੂੰ ਆਪਣੇ ਗੁਆਂਢੀ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਵੀ ਪਿਆਰ ਕਰਨਾ ਚਾਹੀਦਾ ਹੈ ਜਿਹੜੇ ਸਾਡੇ ਨਾਲ ਦੁਸ਼ਮਣਾਂ ਵਾਂਗ ਪੇਸ਼ ਆਉਂਦੇ ਹਨ।—ਮੱਤੀ 5:43-45.

5. ਆਪਣੇ ਗੁਆਂਢੀ ਨਾਲ ਸੱਚ ਬੋਲਣ ਦਾ ਕੀ ਮਤਲਬ ਹੈ?

5 ਪੌਲੁਸ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ ਸਾਨੂੰ ਆਪਣੇ ਗੁਆਂਢੀ ਨਾਲ ਸੱਚ ਬੋਲਣਾ ਚਾਹੀਦਾ ਹੈ? ਸੱਚ ਬੋਲਣ ਦਾ ਮਤਲਬ ਹੈ ਕਿ ਅਸੀਂ ਕਿਸੇ ਨੂੰ ਧੋਖਾ ਦੇਣ ਦੀ ਬਜਾਇ ਉਸ ਨੂੰ ਸਹੀ-ਸਹੀ ਜਾਣਕਾਰੀ ਦੇਈਏ। ਸੱਚੇ ਮਸੀਹੀ ਜਾਣਕਾਰੀ ਨੂੰ ਤੋੜ-ਮਰੋੜ ਕੇ ਪੇਸ਼ ਨਹੀਂ ਕਰਦੇ ਤਾਂਕਿ ਦੂਜਿਆਂ ਨੂੰ ਗੁਮਰਾਹ ਕੀਤਾ ਜਾ ਸਕੇ। ਉਹ ‘ਬੁਰਿਆਈ ਤੋਂ ਸੂਗ ਕਰਦੇ, ਭਲਿਆਈ ਨਾਲ ਮਿਲੇ ਰਹਿੰਦੇ ਹਨ।’ (ਰੋਮੀ. 12:9) “ਸਚਿਆਈ ਦੇ ਪਰਮੇਸ਼ੁਰ” ਦੀ ਰੀਸ ਕਰਦੇ ਹੋਏ ਸਾਨੂੰ ਆਪਣੀ ਕਹਿਣੀ ਤੇ ਕਰਨੀ ਵਿਚ ਈਮਾਨਦਾਰ ਤੇ ਖਰੇ ਹੋਣਾ ਚਾਹੀਦਾ ਹੈ। (ਜ਼ਬੂ. 15:1, 2; 31:5) ਜੇ ਅਸੀਂ ਸੋਚ-ਸਮਝ ਕੇ ਬੋਲਾਂਗੇ, ਤਾਂ ਅਸੀਂ ਔਖੇ ਹਾਲਾਤਾਂ ਵਿਚ ਝੂਠ ਨਹੀਂ ਬੋਲਾਂਗੇ ਅਤੇ ਸ਼ਰਮਿੰਦੇ ਹੋਣ ਤੋਂ ਬਚਾਂਗੇ।—ਕੁਲੁੱਸੀਆਂ 3:9, 10 ਪੜ੍ਹੋ।

6, 7. (ੳ) ਕੀ ਸੱਚ ਬੋਲਣ ਦਾ ਇਹ ਮਤਲਬ ਹੈ ਕਿ ਸਾਨੂੰ ਸਵਾਲ ਪੁੱਛਣ ਵਾਲੇ ਹਰ ਬੰਦੇ ਨੂੰ ਆਪਣੀ ਇਕ-ਇਕ ਗੱਲ ਦੱਸ ਦੇਣੀ ਚਾਹੀਦੀ ਹੈ? ਸਮਝਾਓ। (ਅ) ਅਸੀਂ ਕਿਨ੍ਹਾਂ ’ਤੇ ਭਰੋਸਾ ਰੱਖ ਕੇ ਸੱਚ-ਸੱਚ ਜਾਣਕਾਰੀ ਦੇ ਸਕਦੇ ਹਾਂ?

6 ਕੀ ਹੋਰਨਾਂ ਨਾਲ ਸੱਚ ਬੋਲਣ ਦਾ ਇਹ ਮਤਲਬ ਹੈ ਕਿ ਸਾਨੂੰ ਸਵਾਲ ਪੁੱਛਣ ਵਾਲੇ ਹਰ ਬੰਦੇ ਨੂੰ ਆਪਣੀ ਇਕ-ਇਕ ਗੱਲ ਦੱਸ ਦੇਣੀ ਚਾਹੀਦੀ ਹੈ? ਜ਼ਰੂਰੀ ਨਹੀਂ। ਯਿਸੂ ਜਦ ਧਰਤੀ ਉੱਤੇ ਹੁੰਦਾ ਸੀ, ਤਾਂ ਉਸ ਨੇ ਦਿਖਾਇਆ ਕਿ ਕੁਝ ਲੋਕਾਂ ਨੂੰ ਜਵਾਬ ਦੇਣਾ ਜਾਂ ਕੋਈ ਹੋਰ ਜਾਣਕਾਰੀ ਦੱਸਣੀ ਜ਼ਰੂਰੀ ਨਹੀਂ ਹੈ। ਕੁਝ ਪਖੰਡੀ ਧਾਰਮਿਕ ਆਗੂਆਂ ਨੇ ਯਿਸੂ ਤੋਂ ਜਦ ਪੁੱਛਿਆ ਸੀ ਕਿ ਉਹ ਕਿਸ ਤਾਕਤ ਜਾਂ ਇਖ਼ਤਿਆਰ ਨਾਲ ਨਿਸ਼ਾਨ ਦਿਖਾਉਂਦਾ ਤੇ ਚਮਤਕਾਰ ਕਰਦਾ ਸੀ, ਤਾਂ ਉਸ ਨੇ ਕਿਹਾ: “ਮੈਂ ਤੁਹਾਨੂੰ ਇੱਕ ਗੱਲ ਪੁੱਛਣਾ। ਤੁਸੀਂ ਮੈਨੂੰ ਉੱਤਰ ਦਿਓ ਤਾਂ ਮੈਂ ਤੁਹਾਨੂੰ ਦੱਸਾਂਗਾ ਜੋ ਕਿਹੜੇ ਇਖ਼ਤਿਆਰ ਨਾਲ ਇਹ ਕੰਮ ਕਰਦਾ ਹਾਂ।” ਗ੍ਰੰਥੀਆਂ ਅਤੇ ਬਜ਼ੁਰਗਾਂ ਵੱਲੋਂ ਜਵਾਬ ਨਾ ਦੇਣ ਤੇ ਯਿਸੂ ਨੇ ਕਿਹਾ: “ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਹੜੇ ਇਖ਼ਤਿਆਰ ਨਾਲ ਮੈਂ ਏਹ ਕੰਮ ਕਰਦਾ ਹਾਂ।” (ਮਰ. 11:27-33) ਯਿਸੂ ਨੇ ਉਨ੍ਹਾਂ ਦੇ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ ਕਿਉਂਕਿ ਉਹ ਜਾਣਦਾ ਸੀ ਕਿ ਉਨ੍ਹਾਂ ਦੇ ਕੰਮ ਭੈੜੇ ਸਨ ਅਤੇ ਉਹ ਉਸ ’ਤੇ ਨਿਹਚਾ ਨਹੀਂ ਕਰਦੇ ਸਨ। (ਮੱਤੀ 12:10-13; 23:27, 28) ਅੱਜ ਵੀ ਯਹੋਵਾਹ ਦੇ ਲੋਕਾਂ ਨੂੰ ਧਰਮ-ਤਿਆਗੀਆਂ ਅਤੇ ਹੋਰਨਾਂ ਬੁਰੇ ਲੋਕਾਂ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ ਜੋ ਆਪਣੇ ਸੁਆਰਥ ਲਈ ਚਲਾਕੀਆਂ ਖੇਡਦੇ ਜਾਂ ਚਤੁਰਾਈ ਵਰਤਦੇ ਹਨ।—ਮੱਤੀ 10:16; ਅਫ਼. 4:14.

7 ਪੌਲੁਸ ਨੇ ਵੀ ਦਿਖਾਇਆ ਸੀ ਕਿ ਕੁਝ ਲੋਕਾਂ ਨੂੰ ਸਾਰੀ ਗੱਲ ਦੱਸਣੀ ਜ਼ਰੂਰੀ ਨਹੀਂ। ਉਸ ਨੇ ਕਿਹਾ ਕਿ ‘ਬੁੜ ਬੁੜ ਕਰਨ ਵਾਲੇ ਅਤੇ ਪਰਾਇਆ ਕੰਮਾਂ ਵਿੱਚ ਲੱਤ ਅੜਾਉਣ ਵਾਲੇ ਅਜੋਗ ਗੱਲਾਂ ਕਰਦੇ ਹਨ।’ (1 ਤਿਮੋ. 5:13) ਜੀ ਹਾਂ, ਜਿਹੜੇ ਲੋਕ ਹੋਰਨਾਂ ਨੂੰ ਉਨ੍ਹਾਂ ਦੀਆਂ ਨਿੱਜੀ ਗੱਲਾਂ ਪੁੱਛਦੇ ਰਹਿੰਦੇ ਹਨ ਜਾਂ ਜਿਹੜੇ ਰਾਜ਼ ਦੀਆਂ ਗੱਲਾਂ ਹੋਰਨਾਂ ਨੂੰ ਜਾ ਕੇ ਦੱਸ ਦਿੰਦੇ ਹਨ, ਉਹ ਸ਼ਾਇਦ ਸੋਚਣ ਕਿ ਦੂਸਰੇ ਕਿਉਂ ਨਹੀਂ ਉਨ੍ਹਾਂ ਨੂੰ ਆਪਣੀਆਂ ਗੱਲਾਂ ਦੱਸਣੀਆਂ ਚਾਹੁੰਦੇ। ਇਸ ਲਈ ਪੌਲੁਸ ਦੀ ਇਹ ਸਲਾਹ ਮੰਨਣੀ ਚੰਗੀ ਹੋਵੇਗੀ: ‘ਤੁਸੀਂ ਚੁੱਪ ਚਾਪ ਰਹੋ ਅਤੇ ਆਪੋ ਆਪਣੇ ਕੰਮ ਧੰਦੇ ਕਰੋ।’ (1 ਥੱਸ. 4:11) ਪਰ ਕਦੇ-ਕਦੇ ਕਲੀਸਿਯਾ ਦੇ ਬਜ਼ੁਰਗ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਸ਼ਾਇਦ ਸਾਡੇ ਤੋਂ ਕੁਝ ਨਿੱਜੀ ਗੱਲਾਂ ਪੁੱਛਣ। ਇਸ ਲਈ ਚੰਗਾ ਹੋਵੇਗਾ ਕਿ ਅਸੀਂ ਸੱਚ-ਸੱਚ ਦੱਸ ਕੇ ਉਨ੍ਹਾਂ ਦਾ ਸਾਥ ਦੇਈਏ ਅਤੇ ਉਨ੍ਹਾਂ ਦੀ ਮਦਦ ਕਰੀਏ ਜਿਸ ਦੀ ਉਹ ਕਦਰ ਕਰਨਗੇ।—1 ਪਤ. 5:2.

ਪਰਿਵਾਰਕ ਮਾਮਲਿਆਂ ਵਿਚ ਸੱਚ ਬੋਲੋ

8. ਇਕ-ਦੂਸਰੇ ਨਾਲ ਸੱਚ ਬੋਲਣ ਨਾਲ ਪਰਿਵਾਰ ਵਿਚ ਪਿਆਰ ਕਿਵੇਂ ਵਧ ਸਕਦਾ ਹੈ?

8 ਆਮ ਕਰਕੇ ਪਰਿਵਾਰ ਦੇ ਮੈਂਬਰਾਂ ਨਾਲ ਸਾਡਾ ਸਭ ਤੋਂ ਮਜ਼ਬੂਤ ਬੰਧਨ ਹੁੰਦਾ ਹੈ। ਇਸ ਬੰਧਨ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਇਕ-ਦੂਜੇ ਨਾਲ ਸੱਚ ਬੋਲੀਏ। ਜੇ ਅਸੀਂ ਖੁੱਲ੍ਹ ਕੇ ਈਮਾਨਦਾਰੀ ਅਤੇ ਪਿਆਰ ਨਾਲ ਇਕ-ਦੂਸਰੇ ਨਾਲ ਗੱਲ ਕਰਾਂਗੇ, ਤਾਂ ਕਈ ਸਮੱਸਿਆਵਾਂ ਅਤੇ ਗ਼ਲਤਫ਼ਹਿਮੀਆਂ ਨੂੰ ਘਟਾਇਆ ਜਾਂ ਦੂਰ ਕੀਤਾ ਜਾ ਸਕਦਾ ਹੈ। ਮਿਸਾਲ ਲਈ, ਜਦੋਂ ਅਸੀਂ ਕੋਈ ਗ਼ਲਤੀ ਕਰ ਬੈਠਦੇ ਹਾਂ, ਤਾਂ ਕੀ ਅਸੀਂ ਆਪਣੇ ਜੀਵਨ-ਸਾਥੀ, ਆਪਣੇ ਬੱਚਿਆਂ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਅੱਗੇ ਮੰਨਦੇ ਹਾਂ ਕਿ ਸਾਡੇ ਤੋਂ ਗ਼ਲਤੀ ਹੋ ਗਈ ਹੈ? ਜੇ ਅਸੀਂ ਦਿਲੋਂ ਮਾਫ਼ੀ ਮੰਗਦੇ ਹਾਂ, ਤਾਂ ਪਰਿਵਾਰ ਵਿਚ ਸ਼ਾਂਤੀ ਅਤੇ ਏਕਤਾ ਬਣੀ ਰਹੇਗੀ।—1 ਪਤਰਸ. 3:8-10 ਪੜ੍ਹੋ।

9. ਸੱਚ ਬੋਲਣ ਲੱਗਿਆਂ ਸਾਨੂੰ ਰੁੱਖੇ ਲਹਿਜੇ ਵਿਚ ਕਿਉਂ ਨਹੀਂ ਗੱਲ ਕਰਨੀ ਚਾਹੀਦੀ?

9 ਸੱਚ ਬੋਲਣ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਬਿਨਾਂ ਸੋਚੇ-ਸਮਝੇ ਹੋਰਾਂ ਨਾਲ ਰੁੱਖੇ ਲਹਿਜੇ ਵਿਚ ਗੱਲ ਕਰੀਏ। ਇਸ ਲਈ ਜੇ ਅਸੀਂ ਸੱਚ ਵੀ ਬੋਲਦੇ ਹਾਂ, ਪਰ ਰੁੱਖਾ ਬੋਲਦੇ ਹਾਂ, ਤਾਂ ਲੋਕਾਂ ’ਤੇ ਸਾਡੀ ਗੱਲ ਦਾ ਕੋਈ ਅਸਰ ਨਹੀਂ ਹੋਵੇਗਾ। ਪੌਲੁਸ ਨੇ ਕਿਹਾ: “ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ, ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ। ਅਤੇ ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।” (ਅਫ਼. 4:31, 32) ਜੇ ਅਸੀਂ ਦੂਸਰਿਆਂ ਨਾਲ ਪਿਆਰ ਅਤੇ ਆਦਰ ਨਾਲ ਗੱਲ ਕਰਦੇ ਹਾਂ, ਤਾਂ ਲੋਕ ਸਾਡੀ ਗੱਲ ਸੁਣਨਗੇ। ਨਾਲੇ ਉਹ ਵੀ ਦੇਖ ਸਕਣਗੇ ਕਿ ਅਸੀਂ ਉਨ੍ਹਾਂ ਦਾ ਆਦਰ ਕਰਦੇ ਹਾਂ।—ਮੱਤੀ 23:12.

ਕਲੀਸਿਯਾ ਦੇ ਮਾਮਲਿਆਂ ਵਿਚ ਸੱਚ ਬੋਲੋ

10. ਸੱਚ ਬੋਲਣ ਸੰਬੰਧੀ ਬਜ਼ੁਰਗ ਯਿਸੂ ਦੀ ਬਿਹਤਰੀਨ ਮਿਸਾਲ ਤੋਂ ਕੀ ਸਿੱਖ ਸਕਦੇ ਹਨ?

10 ਯਿਸੂ ਨੇ ਆਪਣੇ ਚੇਲਿਆਂ ਨਾਲ ਸੌਖੇ ਸ਼ਬਦਾਂ ਵਿਚ ਸਾਫ਼-ਸਾਫ਼ ਗੱਲ ਕੀਤੀ ਸੀ। ਉਸ ਨੇ ਉਨ੍ਹਾਂ ਨੂੰ ਹਮੇਸ਼ਾ ਪਿਆਰ ਨਾਲ ਸਲਾਹ ਦਿੱਤੀ, ਪਰ ਉਸ ਨੇ ਜੋ ਸੱਚ ਸੀ ਉਹੀ ਕਿਹਾ ਭਾਵੇਂ ਉਨ੍ਹਾਂ ਨੂੰ ਚੰਗਾ ਲੱਗਦਾ ਸੀ ਜਾਂ ਨਹੀਂ। (ਯੂਹੰ. 15:9-12) ਮਿਸਾਲ ਲਈ, ਜਦੋਂ ਉਸ ਦੇ ਰਸੂਲ ਵਾਰ-ਵਾਰ ਬਹਿਸ ਕਰਦੇ ਸਨ ਕਿ ਉਨ੍ਹਾਂ ਵਿੱਚੋਂ ਕਿਹੜਾ ਵੱਡਾ ਸੀ, ਤਾਂ ਯਿਸੂ ਨੇ ਉਨ੍ਹਾਂ ਨਾਲ ਸਖ਼ਤੀ ਵਰਤਣ ਦੇ ਨਾਲ-ਨਾਲ ਧੀਰਜ ਵੀ ਰੱਖਿਆ। ਉਸ ਨੇ ਪਿਆਰ ਨਾਲ ਸਮਝਾਇਆ ਕਿ ਨਿਮਰ ਹੋਣਾ ਕਿੰਨਾ ਜ਼ਰੂਰੀ ਹੈ! (ਮਰ. 9:33-37; ਲੂਕਾ 9:46-48; 22:24-27; ਯੂਹੰ. 13:14) ਅੱਜ ਵੀ ਪਰਮੇਸ਼ੁਰ ਦੇ ਅਸੂਲਾਂ ਅਨੁਸਾਰ ਬਜ਼ੁਰਗਾਂ ਲਈ ਸਖ਼ਤੀ ਵਰਤਣੀ ਜ਼ਰੂਰੀ ਹੋ ਜਾਂਦੀ ਹੈ, ਪਰ ਉਹ ਪਰਮੇਸ਼ੁਰ ਦੇ ਇੱਜੜ ਉੱਤੇ ਧੌਂਸ ਨਹੀਂ ਜਮਾਉਂਦੇ। (ਮਰ. 10:42-44) ਹੋਰਨਾਂ ਨਾਲ ਪੇਸ਼ ਆਉਂਦੇ ਵੇਲੇ ਉਹ ਯਿਸੂ ਦੀ ਰੀਸ ਕਰ ਕੇ “ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ” ਹੁੰਦੇ ਹਨ।

11. ਜੇ ਅਸੀਂ ਆਪਣੇ ਭਰਾਵਾਂ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਆਪਣੀ ਜ਼ਬਾਨ ਨੂੰ ਕਿਵੇਂ ਵਰਤਾਂਗੇ?

11 ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਸਾਫ਼-ਸਾਫ਼ ਦੱਸਾਂਗੇ ਕਿ ਸਾਡੇ ਮਨ ਵਿਚ ਕੀ ਹੈ। ਪਰ ਗੱਲ ਕਰਦਿਆਂ ਅਸੀਂ ਸ਼ਾਂਤ ਰਹਾਂਗੇ ਤਾਂਕਿ ਉਨ੍ਹਾਂ ਨੂੰ ਠੇਸ ਨਾ ਪਹੁੰਚੇ। ਅਸੀਂ ਆਪਣੀ ਜ਼ਬਾਨ ਨੂੰ “ਤਿੱਖੇ ਉੱਸਤਰੇ ਵਾਂਙੁ” ਵਰਤ ਕੇ ਕੌੜੇ ਸ਼ਬਦਾਂ ਨਾਲ ਦੂਸਰਿਆਂ ਦੇ ਦਿਲਾਂ ਨੂੰ ਜ਼ਖ਼ਮੀ ਨਹੀਂ ਕਰਾਂਗੇ। (ਜ਼ਬੂ. 52:2; ਕਹਾ. 12:18) ਜੇ ਅਸੀਂ ਆਪਣੇ ਭਰਾਵਾਂ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ‘ਆਪਣੀ ਜੀਭ ਨੂੰ ਬੁਰਿਆਈ ਤੋਂ, ਅਤੇ ਆਪਣੇ ਬੁੱਲ੍ਹਾਂ ਨੂੰ ਮਕਰ ਬੋਲਣ ਤੋਂ ਰੋਕ ਰੱਖਾਂਗੇ।’ (ਜ਼ਬੂ. 34:13) ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦਾ ਆਦਰ ਕਰਦੇ ਹਾਂ ਅਤੇ ਕਲੀਸਿਯਾ ਵਿਚ ਏਕਤਾ ਬਰਕਰਾਰ ਰੱਖਦੇ ਹਾਂ।

12. ਕਿਸ ਤਰ੍ਹਾਂ ਦਾ ਝੂਠ ਬੋਲਣ ਵਾਲੇ ਖ਼ਿਲਾਫ਼ ਜੁਡੀਸ਼ਲ ਕਰਵਾਈ ਕੀਤੀ ਜਾਣੀ ਚਾਹੀਦੀ ਹੈ? ਸਮਝਾਓ।

12 ਬਜ਼ੁਰਗ ਉਨ੍ਹਾਂ ਲੋਕਾਂ ਤੋਂ ਕਲੀਸਿਯਾ ਦੀ ਰੱਖਿਆ ਕਰਨ ਵਿਚ ਮਿਹਨਤ ਕਰਦੇ ਹਨ ਜੋ ਹੋਰਨਾਂ ਨੂੰ ਬਦਨਾਮ ਕਰਨ ਲਈ ਝੂਠੀਆਂ ਗੱਲਾਂ ਫੈਲਾਉਂਦੇ ਹਨ। (ਯਾਕੂਬ 3:14-16 ਪੜ੍ਹੋ।) ਇਸ ਤਰ੍ਹਾਂ ਦਾ ਝੂਠ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਬੋਲਿਆ ਜਾਂਦਾ ਹੈ। ਉਸ ਬੰਦੇ ਦਾ ਮਕਸਦ ਹੁੰਦਾ ਹੈ ਕਿ ਦੂਸਰਾ ਬੰਦਾ ਕਿਸੇ-ਨ-ਕਿਸੇ ਤਰ੍ਹਾਂ ਦੁਖੀ ਹੋਵੇ। ਇਹ ਕੋਈ ਛੋਟਾ-ਮੋਟਾ ਝੂਠ ਨਹੀਂ ਹੁੰਦਾ ਜੋ ਦੂਸਰਿਆਂ ਨੂੰ ਗੁਮਰਾਹ ਕਰਨ ਲਈ ਬੋਲਿਆ ਜਾਂਦਾ ਹੈ ਜਾਂ ਗੱਲਾਂ ਨੂੰ ਵਧਾ-ਚੜ੍ਹਾ ਕੇ ਬੋਲਿਆ ਜਾਂਦਾ ਹੈ, ਸਗੋਂ ਇਸ ਵਿਚ ਜ਼ਿਆਦਾ ਕੁਝ ਸ਼ਾਮਲ ਹੈ। ਬੇਸ਼ੱਕ, ਹਰ ਤਰ੍ਹਾਂ ਦਾ ਝੂਠ ਬੋਲਣਾ ਗ਼ਲਤ ਹੈ, ਪਰ ਜ਼ਰੂਰੀ ਨਹੀਂ ਕਿ ਹਰ ਝੂਠ ਲਈ ਜੁਡੀਸ਼ਲ ਕਾਰਵਾਈ ਕੀਤੀ ਜਾਵੇ। ਪਰ ਜੇ ਕਿਸੇ ਨੇ ਕਿਸੇ ਬਾਰੇ ਝੂਠੀਆਂ ਗੱਲਾਂ ਫੈਲਾਈਆਂ ਹਨ, ਤਾਂ ਉਸ ਬੰਦੇ ਨਾਲ ਕੀ ਕਰਨਾ ਹੈ, ਇਸ ਦਾ ਫ਼ੈਸਲਾ ਕਰਦੇ ਵੇਲੇ ਬਜ਼ੁਰਗਾਂ ਨੂੰ ਸੰਤੁਲਨ ਰੱਖਣ ਅਤੇ ਸਮਝਦਾਰੀ ਤੋਂ ਕੰਮ ਲੈਣ ਦੀ ਲੋੜ ਹੈ। ਉਨ੍ਹਾਂ ਨੂੰ ਪਹਿਲਾਂ ਇਹ ਦੇਖਣ ਦੀ ਲੋੜ ਹੈ ਕਿ ਝੂਠੀਆਂ ਗੱਲਾਂ ਫੈਲਾਉਣੀਆਂ ਉਸ ਦੀ ਆਦਤ ਤਾਂ ਨਹੀਂ। ਫਿਰ ਉਨ੍ਹਾਂ ਨੂੰ ਦੇਖਣਾ ਚਾਹੀਦਾ ਹੈ ਕਿ ਜੁਡੀਸ਼ਲ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਨਹੀਂ। ਜਾਂ ਫਿਰ ਕੀ ਉਸ ਨੂੰ ਬਾਈਬਲ ਵਿੱਚੋਂ ਸਖ਼ਤ ਪਰ ਪਿਆਰ ਨਾਲ ਤਾੜਨਾ ਦੇਣੀ ਹੀ ਕਾਫ਼ੀ ਹੋਵੇਗੀ?

ਬਿਜ਼ਨਿਸ ਦੇ ਮਾਮਲਿਆਂ ਵਿਚ ਸੱਚ ਬੋਲੋ

13, 14. (ੳ) ਕੁਝ ਲੋਕ ਆਪਣੇ ਮਾਲਕਾਂ ਜਾਂ ਕੰਪਨੀਆਂ ਨਾਲ ਕਿਵੇਂ ਸੱਚ ਨਹੀਂ ਬੋਲੇ? (ਅ) ਕੰਮ ’ਤੇ ਈਮਾਨਦਾਰ ਹੋਣ ਅਤੇ ਸੱਚ ਬੋਲਣ ਦੇ ਕਿਹੜੇ ਚੰਗੇ ਨਤੀਜੇ ਨਿਕਲ ਸਕਦੇ ਹਨ?

13 ਅਸੀਂ ਅਜਿਹੇ ਜ਼ਮਾਨੇ ਵਿਚ ਰਹਿ ਰਹੇ ਹਾਂ ਜਿੱਥੇ ਹਰ ਪਾਸੇ ਬੇਈਮਾਨੀ ਦਾ ਬੋਲਬਾਲਾ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਸੱਚ-ਸੱਚ ਦੱਸਣਾ ਸਾਡੇ ਲਈ ਮੁਸ਼ਕਲ ਹੋ ਸਕਦਾ ਹੈ ਜਿਨ੍ਹਾਂ ਵਾਸਤੇ ਅਸੀਂ ਕੰਮ ਕਰਦੇ ਹਾਂ। ਜਦੋਂ ਲੋਕ ਨੌਕਰੀ ਵਾਸਤੇ ਅਪਲਾਈ ਕਰਦੇ ਹਨ, ਤਾਂ ਉਹ ਖੁੱਲ੍ਹੇ-ਆਮ ਝੂਠ ਬੋਲਦੇ ਹਨ। ਉਦਾਹਰਣ ਲਈ, ਉਹ ਆਪਣਾ ਕੰਮ ਦਾ ਤਜਰਬਾ ਅਤੇ ਪੜ੍ਹਾਈ-ਲਿਖਾਈ ਨੂੰ ਵਧਾ-ਚੜ੍ਹਾ ਕੇ ਦੱਸਦੇ ਹਨ ਅਤੇ ਝੂਠੇ-ਮੂਠੇ ਕਾਗਜ਼-ਪੱਤਰ ਬਣਵਾ ਲੈਂਦੇ ਹਨ ਤਾਂਕਿ ਉਨ੍ਹਾਂ ਨੂੰ ਜ਼ਿਆਦਾ ਤਨਖ਼ਾਹ ਵਾਲੀ ਨੌਕਰੀ ਮਿਲੇ। ਦੂਸਰੇ ਪਾਸੇ, ਕਈ ਕਰਮਚਾਰੀ ਕੰਮ ਕਰਨ ਦਾ ਦਿਖਾਵਾ ਕਰਦੇ ਹਨ ਜਦਕਿ ਉਸ ਵੇਲੇ ਉਹ ਆਪਣੇ ਨਿੱਜੀ ਕੰਮ ਕਰ ਰਹੇ ਹੁੰਦੇ ਹਨ ਭਾਵੇਂ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਇਹ ਕੰਪਨੀ ਦੇ ਅਸੂਲਾਂ ਦੇ ਖ਼ਿਲਾਫ਼ ਹੈ। ਉਹ ਸ਼ਾਇਦ ਅਜਿਹਾ ਕੁਝ ਪੜ੍ਹ ਰਹੇ ਹੁੰਦੇ ਹਨ ਜਿਸ ਦਾ ਉਨ੍ਹਾਂ ਦੇ ਕੰਮ ਨਾਲ ਕੋਈ ਤਅੱਲਕ ਨਹੀਂ, ਜਾਂ ਨਿੱਜੀ ਫ਼ੋਨ ਕਾਲਾਂ ਕਰਦੇ ਰਹਿੰਦੇ ਜਾਂ ਮੈਸੇਜਿਸ ਭੇਜਦੇ ਰਹਿੰਦੇ ਹਨ ਜਾਂ ਇੰਟਰਨੈੱਟ ’ਤੇ ਬੈਠੇ ਰਹਿੰਦੇ ਹਨ।

14 ਸੱਚੇ ਮਸੀਹੀ ਇੱਦਾਂ ਨਹੀਂ ਸੋਚਦੇ ਕਿ ਕਦੇ ਈਮਾਨਦਾਰ ਰਹਿ ਲਿਆ ਤੇ ਕਦੇ ਨਹੀਂ ਅਤੇ ਕਦੇ ਸੱਚ ਬੋਲ ਲਿਆ ਤੇ ਕਦੇ ਨਹੀਂ। (ਕਹਾਉਤਾਂ 6:16-19 ਪੜ੍ਹੋ।) ਪੌਲੁਸ ਨੇ ਕਿਹਾ: “ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।” (ਇਬ. 13:18) ਇਸ ਲਈ ਮਸੀਹੀ ਆਪਣੇ ਮਾਲਕ ਲਈ ਪੂਰਾ ਦਿਨ ਕੰਮ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪੂਰੇ ਦਿਨ ਦੀ ਤਨਖ਼ਾਹ ਮਿਲਦੀ ਹੈ। (ਅਫ਼. 6:5-8) ਜਦੋਂ ਅਸੀਂ ਈਮਾਨਦਾਰੀ ਨਾਲ ਸਖ਼ਤ ਮਿਹਨਤ ਕਰਦੇ ਹਾਂ, ਤਾਂ ਸਾਡੇ ਸਵਰਗੀ ਪਿਤਾ ਦੀ ਵਡਿਆਈ ਹੁੰਦੀ ਹੈ। (1 ਪਤ. 2:12) ਮਿਸਾਲ ਲਈ, ਸਪੇਨ ਵਿਚ ਰੋਬੈਰਤੋ ਦੇ ਮਾਲਕ ਨੇ ਉਸ ਦੀ ਤਾਰੀਫ਼ ਕੀਤੀ ਕਿ ਉਹ ਈਮਾਨਦਾਰ ਅਤੇ ਮਿਹਨਤੀ ਹੈ। ਰੋਬੈਰਤੋ ਦੇ ਚੰਗੇ ਚਾਲ-ਚਲਣ ਨੂੰ ਦੇਖ ਕੇ ਕੰਪਨੀ ਨੇ ਹੋਰ ਗਵਾਹਾਂ ਨੂੰ ਨੌਕਰੀ ਤੇ ਲਾ ਲਿਆ। ਉਹ ਵੀ ਬਹੁਤ ਮਿਹਨਤੀ ਕਾਮੇ ਸਾਬਤ ਹੋਏ। ਸਾਲਾਂ ਦੌਰਾਨ ਰੋਬੈਰਤੋ ਨੇ 23 ਭਰਾਵਾਂ ਨੂੰ ਅਤੇ 8 ਬਾਈਬਲ ਵਿਦਿਆਰਥੀਆਂ ਨੂੰ ਨੌਕਰੀ ਦਿਵਾਈ!

15. ਬਿਜ਼ਨਿਸ ਕਰਨ ਵਾਲਾ ਮਸੀਹੀ ਕਿਵੇਂ ਦਿਖਾਉਂਦਾ ਹੈ ਕਿ ਉਹ ਸੱਚ ਬੋਲਦਾ ਹੈ?

15 ਜੇ ਸਾਡਾ ਆਪਣਾ ਕਾਰੋਬਾਰ ਹੈ, ਤਾਂ ਕੀ ਅਸੀਂ ਸਾਰੇ ਕਾਰੋਬਾਰੀ ਮਾਮਲਿਆਂ ਵਿਚ ਸੱਚ ਬੋਲਦੇ ਹਾਂ ਜਾਂ ਕੀ ਕਦੇ-ਕਦੇ ਉਨ੍ਹਾਂ ਲੋਕਾਂ ਨਾਲ ਝੂਠ ਬੋਲਦੇ ਹਾਂ ਜੋ ਗੁਆਂਢੀਆਂ ਦੀ ਤਰ੍ਹਾਂ ਹਨ? ਬਿਜ਼ਨਿਸ ਕਰਨ ਵਾਲੇ ਮਸੀਹੀ ਨੂੰ ਮੁਨਾਫ਼ਾ ਕਮਾਉਣ ਲਈ ਕਿਸੇ ਚੀਜ਼ ਜਾਂ ਸਹੂਲਤ ਬਾਰੇ ਗ਼ਲਤ ਜਾਣਕਾਰੀ ਨਹੀਂ ਦੇਣੀ ਚਾਹੀਦੀ ਤੇ ਨਾ ਹੀ ਉਸ ਨੂੰ ਰਿਸ਼ਵਤ ਲੈਣੀ ਜਾਂ ਦੇਣੀ ਚਾਹੀਦੀ ਹੈ। ਅਸੀਂ ਵੀ ਦੂਸਰਿਆਂ ਨਾਲ ਉਸੇ ਤਰ੍ਹਾਂ ਪੇਸ਼ ਆਉਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਦੂਜੇ ਸਾਡੇ ਨਾਲ ਪੇਸ਼ ਆਉਣ।—ਕਹਾ. 11:1; ਲੂਕਾ 6:31.

ਸਰਕਾਰੀ ਅਧਿਕਾਰੀਆਂ ਨਾਲ ਸੱਚ ਬੋਲੋ

16. ਮਸੀਹੀ (ੳ) ਸਰਕਾਰੀ ਅਧਿਕਾਰੀਆਂ ਨੂੰ ਕੀ ਦਿੰਦੇ ਹਨ? (ਅ) ਯਹੋਵਾਹ ਨੂੰ ਕੀ ਦਿੰਦੇ ਹਨ?

16 ਯਿਸੂ ਨੇ ਕਿਹਾ: “ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ।” (ਮੱਤੀ 22:21) ਕਿਹੜੀਆਂ “ਚੀਜ਼ਾਂ” ਸਾਨੂੰ ਕੈਸਰ ਯਾਨੀ ਸਰਕਾਰੀ ਅਧਿਕਾਰੀਆਂ ਨੂੰ ਦੇਣੀਆਂ ਚਾਹੀਦੀਆਂ ਹਨ? ਜਦੋਂ ਯਿਸੂ ਨੇ ਇਹ ਸ਼ਬਦ ਕਹੇ ਸਨ, ਤਾਂ ਟੈਕਸ ਬਾਰੇ ਗੱਲ ਚੱਲ ਰਹੀ ਸੀ। ਪਰਮੇਸ਼ੁਰ ਅਤੇ ਇਨਸਾਨਾਂ ਅੱਗੇ ਆਪਣੀ ਜ਼ਮੀਰ ਸ਼ੁੱਧ ਰੱਖਣ ਲਈ ਮਸੀਹੀ ਆਪਣੇ ਦੇਸ਼ ਦੇ ਕਾਨੂੰਨ ਮੰਨਦੇ ਹਨ ਜਿਨ੍ਹਾਂ ਵਿਚ ਟੈਕਸ ਦੇਣ ਦਾ ਕਾਨੂੰਨ ਵੀ ਸ਼ਾਮਲ ਹੈ। (ਰੋਮੀ. 13:5, 6) ਪਰ ਅਸੀਂ ਜਾਣਦੇ ਹਾਂ ਕਿ ਯਹੋਵਾਹ ਸਭ ਤੋਂ ਮਹਾਨ ਅਤੇ ਸੱਚਾ ਪਰਮੇਸ਼ੁਰ ਹੈ ਜਿਸ ਨੂੰ ਅਸੀਂ ਆਪਣੇ ਪੂਰੇ ਦਿਲ, ਜਾਨ, ਬੁੱਧ ਅਤੇ ਸ਼ਕਤੀ ਨਾਲ ਪਿਆਰ ਕਰਦੇ ਹਾਂ। (ਮਰ. 12:30; ਪਰ. 4:11) ਇਸ ਲਈ ਅਸੀਂ ਹਰ ਹਾਲ ਵਿਚ ਪੂਰੀ ਤਰ੍ਹਾਂ ਯਹੋਵਾਹ ਪਰਮੇਸ਼ੁਰ ਦੇ ਅਧੀਨ ਰਹਿੰਦੇ ਹਾਂ।—ਜ਼ਬੂਰਾਂ ਦੀ ਪੋਥੀ 86:11, 12 ਪੜ੍ਹੋ।

17. ਸਰਕਾਰ ਤੋਂ ਮਦਦ ਲੈਣ ਬਾਰੇ ਯਹੋਵਾਹ ਦੇ ਲੋਕਾਂ ਦਾ ਕੀ ਨਜ਼ਰੀਆ ਹੈ?

17 ਕਈ ਦੇਸ਼ਾਂ ਵਿਚ ਸਰਕਾਰ ਉਨ੍ਹਾਂ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਦੀ ਹੈ ਜਿਨ੍ਹਾਂ ਨੂੰ ਕਿਸੇ ਚੀਜ਼ ਜਾਂ ਪੈਸੇ ਦੀ ਲੋੜ ਹੁੰਦੀ ਹੈ। ਇਹੋ ਜਿਹੀ ਮਦਦ ਲੈਣੀ ਮਸੀਹੀਆਂ ਲਈ ਗ਼ਲਤ ਨਹੀਂ ਹੈ, ਪਰ ਉਨ੍ਹਾਂ ਨੂੰ ਦੇਖਣਾ ਚਾਹੀਦਾ ਹੈ ਕਿ ਉਹ ਇਸ ਦੇ ਹੱਕਦਾਰ ਹਨ ਜਾਂ ਨਹੀਂ। ਜੇ ਅਸੀਂ ਆਪਣੇ ਗੁਆਂਢੀ ਨਾਲ ਸੱਚ ਬੋਲਦੇ ਹਾਂ, ਤਾਂ ਅਸੀਂ ਸਰਕਾਰ ਤੋਂ ਮਦਦ ਲੈਣ ਲਈ ਸਰਕਾਰੀ ਅਧਿਕਾਰੀਆਂ ਨੂੰ ਗ਼ਲਤ ਜਾਣਕਾਰੀ ਨਹੀਂ ਦੇਵਾਂਗੇ।

ਸੱਚ ਬੋਲ ਕੇ ਮਿਲਦੀਆਂ ਬਰਕਤਾਂ

18-20. ਆਪਣੇ ਗੁਆਂਢੀ ਨਾਲ ਸੱਚ ਬੋਲ ਕੇ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

18 ਸੱਚ ਬੋਲਣ ਨਾਲ ਕਈ ਬਰਕਤਾਂ ਮਿਲਦੀਆਂ ਹਨ। ਸਾਡੀ ਜ਼ਮੀਰ ਸਾਫ਼ ਰਹਿੰਦੀ ਹੈ ਜਿਸ ਕਰਕੇ ਸਾਨੂੰ ਮਨ ਦੀ ਸ਼ਾਂਤੀ ਮਿਲਦੀ ਹੈ। (ਕਹਾ. 14:30; ਫ਼ਿਲਿ. 4:6, 7) ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਜ਼ਮੀਰ ਬਹੁਤ ਮਾਅਨੇ ਰੱਖਦੀ ਹੈ। ਨਾਲੇ ਜਦੋਂ ਅਸੀਂ ਸਾਰੀਆਂ ਗੱਲਾਂ ਵਿਚ ਸੱਚ ਬੋਲਦੇ ਹਾਂ, ਤਾਂ ਸਾਨੂੰ ਇਸ ਗੱਲ ਦਾ ਡਰ ਨਹੀਂ ਰਹੇਗਾ ਕਿ ਇਕ ਦਿਨ ਸਾਡਾ ਝੂਠ ਫੜਿਆ ਜਾਵੇਗਾ।—1 ਤਿਮੋ. 5:24.

19 ਇਕ ਹੋਰ ਬਰਕਤ ਵੀ ਮਿਲਦੀ ਹੈ। ਪੌਲੁਸ ਨੇ ਕਿਹਾ ਕਿ ਅਸੀਂ ਹਰ ਗੱਲ ਵਿਚ ਸੱਚ ਬੋਲ ਕੇ ਪਰਮਾਣ ਦਿੰਦੇ ਹਾਂ ਕਿ ਅਸੀਂ ‘ਪਰਮੇਸ਼ੁਰ ਦੇ ਸੇਵਕ’ ਹਾਂ। (2 ਕੁਰਿੰ. 6:4, 7) ਬ੍ਰਿਟੇਨ ਵਿਚ ਰਹਿੰਦੇ ਇਕ ਮਸੀਹੀ ਬਾਰੇ ਇਹ ਗੱਲ ਸੱਚ ਸਾਬਤ ਹੋਈ। ਉਹ ਕਿਸੇ ਨੂੰ ਆਪਣੀ ਕਾਰ ਵੇਚਣ ਲੱਗਾ ਸੀ। ਭਰਾ ਨੇ ਉਸ ਆਦਮੀ ਨੂੰ ਕਾਰ ਦੀਆਂ ਖੂਬੀਆਂ ਅਤੇ ਨੁਕਸਾਂ ਬਾਰੇ ਦੱਸਿਆ ਜਿਨ੍ਹਾਂ ਵਿਚ ਉਹ ਖ਼ਾਮੀਆਂ ਵੀ ਸ਼ਾਮਲ ਸਨ ਜਿਹੜੀਆਂ ਦੇਖੀਆਂ ਨਹੀਂ ਜਾ ਸਕਦੀਆਂ। ਜਦੋਂ ਕਾਰ ਨੂੰ ਖ਼ਰੀਦਣ ਆਏ ਬੰਦੇ ਨੇ ਕਾਰ ਨੂੰ ਚਲਾ ਕੇ ਦੇਖਿਆ, ਤਾਂ ਉਸ ਨੇ ਭਰਾ ਨੂੰ ਪੁੱਛਿਆ ਕਿ ਕੀ ਉਹ ਯਹੋਵਾਹ ਦਾ ਗਵਾਹ ਹੈ। ਭਲਾ, ਉਸ ਨੇ ਭਰਾ ਨੂੰ ਇਹ ਸਵਾਲ ਕਿਉਂ ਪੁੱਛਿਆ? ਉਸ ਆਦਮੀ ਨੇ ਭਰਾ ਦੀ ਈਮਾਨਦਾਰੀ ਅਤੇ ਉਸ ਦੀ ਸਾਫ਼-ਸੁਥਰੀ ਦਿੱਖ ਨੂੰ ਦੇਖ ਕੇ ਇੱਦਾਂ ਕਿਹਾ। ਇਸ ਤੋਂ ਬਾਅਦ ਹੋਈ ਗੱਲਬਾਤ ਕਰਕੇ ਭਰਾ ਉਸ ਆਦਮੀ ਨੂੰ ਚੰਗੀ ਗਵਾਹੀ ਦੇ ਸਕਿਆ।

20 ਕੀ ਅਸੀਂ ਵੀ ਈਮਾਨਦਾਰ ਰਹਿ ਕੇ ਅਤੇ ਸੱਚ ਬੋਲ ਕੇ ਆਪਣੇ ਸਿਰਜਣਹਾਰ ਦੀ ਵਡਿਆਈ ਕਰਦੇ ਹਾਂ? ਪੌਲੁਸ ਨੇ ਕਿਹਾ: ‘ਅਸਾਂ ਸ਼ਰਮ ਦੀਆਂ ਗੁਪਤ ਗੱਲਾਂ ਨੂੰ ਛੱਡਿਆ ਹੋਇਆ ਹੈ ਅਤੇ ਨਾ ਚਤਰਾਈ ਦੀ ਚਾਲ ਚੱਲਦੇ ਹਾਂ।’ (2 ਕੁਰਿੰ. 4:2) ਸੋ ਆਓ ਅਸੀਂ ਆਪਣੇ ਗੁਆਂਢੀ ਨਾਲ ਸੱਚ ਬੋਲਣ ਦੀ ਪੁਰਜ਼ੋਰ ਕੋਸ਼ਿਸ਼ ਕਰੀਏ। ਇਸ ਤਰ੍ਹਾਂ ਕਰ ਕੇ ਅਸੀਂ ਆਪਣੇ ਸਵਰਗੀ ਪਿਤਾ ਦੀ ਮਹਿਮਾ ਕਰ ਰਹੇ ਹੋਵਾਂਗੇ ਅਤੇ ਉਸ ਦੇ ਲੋਕਾਂ ਦੀ ਵੀ ਵਡਿਆਈ ਹੋਵੇਗੀ।

ਤੁਸੀਂ ਕਿਵੇਂ ਜਵਾਬ ਦਿਓਗੇ?

• ਸਾਡਾ ਗੁਆਂਢੀ ਕੌਣ ਹੈ?

• ਆਪਣੇ ਗੁਆਂਢੀ ਨਾਲ ਸੱਚ ਬੋਲਣ ਦਾ ਕੀ ਮਤਲਬ ਹੈ?

• ਸੱਚ ਬੋਲਣ ਨਾਲ ਪਰਮੇਸ਼ੁਰ ਦੀ ਕਿਵੇਂ ਵਡਿਆਈ ਹੁੰਦੀ ਹੈ?

• ਸੱਚ ਬੋਲ ਕੇ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

[ਸਵਾਲ]

[ਸਫ਼ਾ 17 ਉੱਤੇ ਤਸਵੀਰ]

ਕੀ ਤੁਸੀਂ ਆਪਣੀਆਂ ਛੋਟੀਆਂ-ਛੋਟੀਆਂ ਗ਼ਲਤੀਆਂ ਮੰਨਣ ਲਈ ਤਿਆਰ ਰਹਿੰਦੇ ਹੋ?

[ਸਫ਼ਾ 18 ਉੱਤੇ ਤਸਵੀਰ]

ਨੌਕਰੀ ਲਈ ਅਪਲਾਈ ਕਰਦਿਆਂ ਕੀ ਤੁਸੀਂ ਸੱਚ ਬੋਲਦੇ ਹੋ?