Skip to content

Skip to table of contents

ਕੁਆਰੇਪਣ ਦੀ ਦਾਤ ਨੂੰ ਵਰਤ ਕੇ ਖ਼ੁਸ਼ੀ ਪਾਓ

ਕੁਆਰੇਪਣ ਦੀ ਦਾਤ ਨੂੰ ਵਰਤ ਕੇ ਖ਼ੁਸ਼ੀ ਪਾਓ

ਕੁਆਰੇਪਣ ਦੀ ਦਾਤ ਨੂੰ ਵਰਤ ਕੇ ਖ਼ੁਸ਼ੀ ਪਾਓ

“ਉਨ੍ਹਾਂ ਦਾ ਵਿਆਹ ਹੋ ਗਿਆ ਤੇ ਉਹ ਖ਼ੁਸ਼ੀ-ਖ਼ੁਸ਼ੀ ਰਹਿਣ ਲੱਗੇ।” ਨਿਆਣਿਆਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਇਹੋ ਜਿਹੇ ਸ਼ਬਦਾਂ ਨਾਲ ਖ਼ਤਮ ਹੁੰਦੀਆਂ ਹਨ। ਰੋਮਾਂਟਿਕ ਫਿਲਮਾਂ ਅਤੇ ਨਾਵਲਾਂ ਵਿਚ ਅਕਸਰ ਇਹੀ ਦੱਸਿਆ ਜਾਂਦਾ ਹੈ ਕਿ ਵਿਆਹ ਕਰ ਕੇ ਹੀ ਖ਼ੁਸ਼ੀ ਮਿਲਦੀ ਹੈ! ਇਸ ਤੋਂ ਇਲਾਵਾ, ਜ਼ਿਆਦਾਤਰ ਸਭਿਆਚਾਰਾਂ ਵਿਚ ਨੌਜਵਾਨਾਂ ਉੱਤੇ ਵਿਆਹ ਕਰਨ ਦਾ ਬਹੁਤ ਦਬਾਅ ਪਾਇਆ ਜਾਂਦਾ ਹੈ। 25 ਸਾਲਾਂ ਦੀ ਉਮਰ ਵਿਚ ਡੈੱਬੀ ਨੇ ਕਿਹਾ ਸੀ: “ਲੋਕੀ ਤੁਹਾਨੂੰ ਮਹਿਸੂਸ ਕਰਾਉਂਦੇ ਹਨ ਕਿ ਕੁੜੀ ਦਾ ਇੱਕੋ-ਇਕ ਸੁਪਨਾ ਵਿਆਹ ਕਰਾਉਣਾ ਹੋਣਾ ਚਾਹੀਦਾ ਹੈ। ਲੋਕ ਇਹ ਵੀ ਕਹਿੰਦੇ ਹਨ ਕਿ ਮੁੰਡੇ-ਕੁੜੀ ਦੀ ਜ਼ਿੰਦਗੀ ਵਿਆਹ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ।”

ਯਹੋਵਾਹ ਨੂੰ ਮੰਨਣ ਵਾਲਾ ਇਨਸਾਨ ਇਹੋ ਜਿਹਾ ਨਜ਼ਰੀਆ ਨਹੀਂ ਰੱਖਦਾ। ਭਾਵੇਂ ਇਸਰਾਏਲ ਵਿਚ ਵਿਆਹ ਕਰਨਾ ਆਮ ਗੱਲ ਮੰਨੀ ਜਾਂਦੀ ਸੀ, ਫਿਰ ਵੀ ਬਾਈਬਲ ਕਈ ਕੁਆਰੇ ਆਦਮੀਆਂ ਤੇ ਤੀਵੀਆਂ ਦਾ ਜ਼ਿਕਰ ਕਰਦੀ ਹੈ ਜਿਹੜੇ ਆਪਣੀ ਜ਼ਿੰਦਗੀ ਤੋਂ ਬਹੁਤ ਖ਼ੁਸ਼ ਸਨ। ਅੱਜ ਕੁਝ ਮਸੀਹੀ ਕੁਆਰੇ ਰਹਿਣਾ ਚਾਹੁੰਦੇ ਹਨ ਅਤੇ ਕਈਆਂ ਨੂੰ ਆਪਣੇ ਹਾਲਾਤਾਂ ਕਰਕੇ ਕੁਆਰੇ ਰਹਿਣਾ ਪੈਂਦਾ ਹੈ। ਕਾਰਨ ਜੋ ਵੀ ਹੋਵੇ, ਜ਼ਰੂਰੀ ਸਵਾਲ ਤਾਂ ਇਹ ਹੈ: ਕੁਆਰੇ ਕਿਵੇਂ ਖ਼ੁਸ਼ ਰਹਿ ਸਕਦੇ ਹਨ?

ਯਿਸੂ ਨੇ ਵਿਆਹ ਨਹੀਂ ਸੀ ਕੀਤਾ ਕਿਉਂਕਿ ਉਹ ਬਹੁਤ ਜ਼ਰੂਰੀ ਕੰਮ ਕਰਨ ਆਇਆ ਸੀ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਨ੍ਹਾਂ ਵਿੱਚੋਂ ਵੀ ਕੁਝ ਕੁਆਰੇ ਰਹਿਣਗੇ। (ਮੱਤੀ 19:10-12) ਇਸ ਤਰ੍ਹਾਂ ਕਹਿਣ ਤੋਂ ਯਿਸੂ ਦਾ ਮਤਲਬ ਸੀ ਕਿ ਜੇ ਅਸੀਂ ਕੁਆਰੇ ਰਹਿ ਕੇ ਖ਼ੁਸ਼ ਰਹਿਣਾ ਹੈ, ਤਾਂ ਸਾਨੂੰ ਤਨੋਂ-ਮਨੋਂ ਇਸ ਜੀਵਨ-ਢੰਗ ਨੂੰ ਕਬੂਲ ਕਰਨਾ ਪਏਗਾ।

ਕੀ ਯਿਸੂ ਦੀ ਇਹ ਸਲਾਹ ਸਿਰਫ਼ ਉਨ੍ਹਾਂ ’ਤੇ ਹੀ ਲਾਗੂ ਹੁੰਦੀ ਹੈ ਜਿਨ੍ਹਾਂ ਨੇ ਯਹੋਵਾਹ ਦੀ ਸੇਵਾ ਕਰਨ ਲਈ ਆਪਣੀ ਸਾਰੀ ਜ਼ਿੰਦਗੀ ਕੁਆਰੇ ਰਹਿਣ ਦਾ ਫ਼ੈਸਲਾ ਕੀਤਾ ਹੈ? (1 ਕੁਰਿੰ. 7: 34, 35) ਜ਼ਰੂਰੀ ਨਹੀਂ। ਜ਼ਰਾ ਉਸ ਮਸੀਹੀ ਬਾਰੇ ਸੋਚੋ ਜੋ ਵਿਆਹ ਤਾਂ ਕਰਨਾ ਚਾਹੁੰਦਾ ਹੈ, ਪਰ ਉਸ ਨੂੰ ਸਹੀ ਜੀਵਨ-ਸਾਥੀ ਨਹੀਂ ਮਿਲ ਰਿਹਾ। 30 ਕੁ ਸਾਲਾਂ ਦੀ ਕੁਆਰੀ ਭੈਣ ਐਨਾ ਨੇ ਕਿਹਾ, “ਹਾਲ ਹੀ ਵਿਚ ਮੇਰੇ ਨਾਲ ਕੰਮ ਕਰਨ ਵਾਲੇ ਇਕ ਬੰਦੇ ਨੇ ਅਚਾਨਕ ਮੇਰੇ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ। ਉਹ ਯਹੋਵਾਹ ਦਾ ਗਵਾਹ ਨਹੀਂ ਸੀ। ਵਿਆਹ ਬਾਰੇ ਸੁਣ ਕੇ ਮੈਂ ਖ਼ੁਸ਼ ਹੋ ਗਈ, ਪਰ ਮੈਂ ਫਟਾਫਟ ਇਹ ਖ਼ਿਆਲ ਮਨ ਵਿੱਚੋਂ ਕੱਢ ਦਿੱਤਾ ਕਿਉਂਕਿ ਮੈਂ ਸਿਰਫ਼ ਉਸੇ ਨਾਲ ਹੀ ਵਿਆਹ ਕਰਨਾ ਚਾਹੁੰਦੀ ਹਾਂ ਜੋ ਮੈਨੂੰ ਯਹੋਵਾਹ ਦੇ ਹੋਰ ਨੇੜੇ ਲਿਆਵੇ।”

“ਪ੍ਰਭੂ ਵਿੱਚ” ਵਿਆਹ ਕਰਨ ਦੀ ਤਮੰਨਾ ਨੇ ਐਨਾ ਵਰਗੀਆਂ ਕਈ ਭੈਣਾਂ ਦੀ ਮਦਦ ਕੀਤੀ ਹੈ ਕਿ ਉਹ ਉਸ ਬੰਦੇ ਨਾਲ ਵਿਆਹ ਕਰਨ ਤੋਂ ਬਚਣ ਜੋ ਯਹੋਵਾਹ ਨੂੰ ਨਹੀਂ ਮੰਨਦਾ। * (1 ਕੁਰਿੰ. 7:39; 2 ਕੁਰਿੰ. 6:14) ਇਸ ਅਸੂਲ ਨੂੰ ਮੰਨਦਿਆਂ ਅਜਿਹੀਆਂ ਕਈ ਭੈਣਾਂ ਕੁਆਰੀਆਂ ਰਹਿੰਦੀਆਂ ਹਨ ਜਦੋਂ ਤਕ ਉਨ੍ਹਾਂ ਨੂੰ ਸਹੀ ਸਾਥੀ ਨਹੀਂ ਮਿਲ ਜਾਂਦਾ। ਉਦੋਂ ਤਕ ਉਹ ਕਿਵੇਂ ਖ਼ੁਸ਼ ਰਹਿ ਸਕਦੀਆਂ ਹਨ?

ਸਹੀ ਨਜ਼ਰੀਆ ਰੱਖਣਾ ਸਿੱਖੋ

ਭਾਵੇਂ ਸਾਡੇ ਹਾਲਾਤ ਉਸ ਤਰ੍ਹਾਂ ਦੇ ਨਹੀਂ ਹਨ ਜਿੱਦਾਂ ਦੇ ਅਸੀਂ ਚਾਹੁੰਦੇ ਹਾਂ, ਫਿਰ ਵੀ ਅਸੀਂ ਖ਼ੁਸ਼ ਰਹਿ ਸਕਦੇ ਹਾਂ ਜੇ ਅਸੀਂ ਸਹੀ ਨਜ਼ਰੀਆ ਰੱਖੀਏ। 40 ਸਾਲਾਂ ਦੀ ਕੁਆਰੀ ਭੈਣ ਕਾਰਮਨ ਕਹਿੰਦੀ ਹੈ, “ਮੈਂ ਉਸ ਵਿਚ ਹੀ ਖ਼ੁਸ਼ ਰਹਿੰਦੀ ਹਾਂ ਜੋ ਮੇਰੇ ਕੋਲ ਹੈ, ਜੋ ਮੇਰੇ ਕੋਲ ਨਹੀਂ ਹੈ ਉਸ ਬਾਰੇ ਮੈਂ ਸੁਪਨੇ ਵੀ ਨਹੀਂ ਲੈਂਦੀ।” ਇਹ ਤਾਂ ਠੀਕ ਹੈ ਕਿ ਕਦੇ-ਕਦੇ ਅਸੀਂ ਇਕੱਲੇ ਮਹਿਸੂਸ ਕਰਦੇ ਹਾਂ ਜਾਂ ਮਾਯੂਸ ਹੋ ਜਾਂਦੇ ਹਾਂ, ਪਰ ਸਾਨੂੰ ਪਤਾ ਹੈ ਕਿ ਦੁਨੀਆਂ ਵਿਚ ਹੋਰ ਵੀ ਭੈਣ-ਭਰਾ ਹਨ ਜੋ ਸਾਡੇ ਵਰਗੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ। ਇਹ ਜਾਣ ਕੇ ਸਾਨੂੰ ਅੱਗੇ ਵਧਦੇ ਜਾਣ ਦੀ ਹੱਲਾਸ਼ੇਰੀ ਮਿਲਦੀ ਹੈ। ਯਹੋਵਾਹ ਦੀ ਮਦਦ ਨਾਲ ਕਈ ਕੁਆਰੇ ਭੈਣ-ਭਰਾ ਖ਼ੁਸ਼ ਰਹਿ ਸਕੇ ਅਤੇ ਹੋਰਨਾਂ ਚੁਣੌਤੀਆਂ ਦਾ ਸਾਮ੍ਹਣਾ ਕਰ ਸਕੇ ਹਨ।—1 ਪਤ. 5:9, 10.

ਕਈ ਮਸੀਹੀ ਭੈਣਾਂ-ਭਰਾਵਾਂ ਨੇ ਦੇਖਿਆ ਹੈ ਕਿ ਕੁਆਰੇ ਰਹਿਣ ਦੇ ਕਈ ਫ਼ਾਇਦੇ ਹਨ। 30 ਕੁ ਸਾਲਾਂ ਦੀ ਕੁਆਰੀ ਭੈਣ ਐਸਤਰ ਕਹਿੰਦੀ ਹੈ: “ਮੇਰੇ ਖ਼ਿਆਲ ਵਿਚ ਖ਼ੁਸ਼ੀ ਦਾ ਰਾਜ਼ ਹੈ ਕਿ ਤੁਸੀਂ ਸਹੀ ਨਜ਼ਰੀਆ ਰੱਖੋ, ਹਾਲਾਤ ਭਾਵੇਂ ਜਿੱਦਾਂ ਦੇ ਮਰਜ਼ੀ ਹੋਣ।” ਕਾਰਮਨ ਅੱਗੇ ਕਹਿੰਦੀ ਹੈ: “ਮੇਰਾ ਵਿਆਹ ਹੋਵੇ ਜਾਂ ਨਾ ਹੋਵੇ, ਪਰ ਮੈਨੂੰ ਯਕੀਨ ਹੈ ਕਿ ਜੇ ਮੈਂ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਨੂੰ ਪਹਿਲ ਦੇਵਾਂ, ਤਾਂ ਯਹੋਵਾਹ ਮੈਨੂੰ ਬਰਕਤਾਂ ਦੇਣ ਤੋਂ ਪਿੱਛੇ ਨਹੀਂ ਹਟੇਗਾ।” (ਜ਼ਬੂ. 84:11) “ਭਾਵੇਂ ਮੇਰੀ ਜ਼ਿੰਦਗੀ ਵਿਚ ਸਾਰਾ ਕੁਝ ਉਸੇ ਤਰ੍ਹਾਂ ਨਹੀਂ ਹੋਇਆ ਜਿਵੇਂ ਮੈਂ ਸੋਚਿਆ ਸੀ, ਪਰ ਮੈਂ ਖ਼ੁਸ਼ ਹਾਂ ਅਤੇ ਖ਼ੁਸ਼ ਰਹਾਂਗੀ।”

ਬਾਈਬਲ ਵਿਚ ਕੁਆਰੇ ਭਗਤਾਂ ਦੀਆਂ ਮਿਸਾਲਾਂ

ਯਿਫ਼ਤਾਹ ਦੀ ਧੀ ਨੇ ਕਦੀ ਨਹੀਂ ਸੀ ਸੋਚਿਆ ਕਿ ਉਹ ਕੁਆਰੀ ਰਹੇਗੀ। ਪਰ ਉਸ ਦੇ ਪਿਤਾ ਦੀ ਸੌਂਹ ਕਰਕੇ ਉਸ ਨੇ ਜਵਾਨੀ ਤੋਂ ਹੀ ਆਪਣੀ ਬਾਕੀ ਦੀ ਜ਼ਿੰਦਗੀ ਹੈਕਲ ਵਿਚ ਸੇਵਾ ਕਰਦਿਆਂ ਗੁਜ਼ਾਰੀ। ਅਚਾਨਕ ਪੈਦਾ ਹੋਏ ਹਾਲਾਤ ਕਾਰਨ ਉਸ ਨੂੰ ਭਵਿੱਖ ਬਾਰੇ ਬਣਾਈਆਂ ਆਪਣੀਆਂ ਯੋਜਨਾਵਾਂ ਬਦਲਣੀਆਂ ਪਈਆਂ ਅਤੇ ਕੁਦਰਤੀ ਖ਼ਾਹਸ਼ਾਂ ਮਾਰਨੀਆਂ ਪਈਆਂ। ਉਸ ਨੇ ਦੋ ਮਹੀਨਿਆਂ ਤਾਈਂ ਸੋਗ ਕੀਤਾ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਦਾ ਵਿਆਹ ਨਹੀਂ ਹੋਵੇਗਾ ਅਤੇ ਨਾ ਉਸ ਦਾ ਆਪਣਾ ਪਰਿਵਾਰ ਹੋਵੇਗਾ। ਪਰ ਉਸ ਨੇ ਆਪਣੀ ਨਵੀਂ ਜ਼ਿੰਦਗੀ ਨੂੰ ਕਬੂਲ ਕੀਤਾ ਅਤੇ ਬਾਕੀ ਦੀ ਜ਼ਿੰਦਗੀ ਖ਼ੁਸ਼ੀ-ਖ਼ੁਸ਼ੀ ਸੇਵਾ ਕਰਦਿਆਂ ਗੁਜ਼ਾਰੀ। ਉਸ ਦੀ ਇਸ ਕੁਰਬਾਨੀ ਸਦਕਾ ਹੋਰ ਇਸਰਾਏਲੀ ਧੀਆਂ ਹਰ ਸਾਲ ਉਸ ਨੂੰ ਹੱਲਾਸ਼ੇਰੀ ਦੇਣ ਜਾਂਦੀਆਂ ਸਨ।—ਨਿਆ. 11:36-40.

ਯਸਾਯਾਹ ਦੇ ਜ਼ਮਾਨੇ ਵਿਚ ਜਿਹੜੇ ਸੱਚੀ-ਮੁੱਚੀ ਖੁਸਰੇ ਸਨ, ਉਹ ਆਪਣੀ ਹਾਲਤ ਤੋਂ ਕਾਫ਼ੀ ਦੁਖੀ ਹੋਏ ਹੋਣੇ। ਬਾਈਬਲ ਇਹ ਨਹੀਂ ਦੱਸਦੀ ਕਿ ਉਹ ਖੁਸਰੇ ਕਿਵੇਂ ਬਣੇ ਸਨ। ਖੁਸਰੇ ਹੋਣ ਕਰਕੇ ਉਹ ਇਸਰਾਏਲ ਦੀ ਸਭਾ ਵਿਚ ਨਹੀਂ ਜਾ ਸਕਦੇ ਸਨ ਤੇ ਨਾ ਹੀ ਉਹ ਵਿਆਹ ਕਰ ਸਕਦੇ ਸੀ ਜਾਂ ਬੱਚੇ ਪੈਦਾ ਕਰ ਸਕਦੇ ਸੀ। (ਬਿਵ. 23:1) ਫਿਰ ਵੀ ਯਹੋਵਾਹ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਸੀ ਅਤੇ ਉਸ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ ਕਿ ਉਹ ਉਸ ਦੇ ਨੇਮ ਨੂੰ ਆਗਿਆਕਾਰੀ ਨਾਲ ਫੜੀ ਰੱਖਦੇ ਸਨ। ਯਹੋਵਾਹ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਉਸ ਦੇ ਘਰ ਵਿਚ “ਇੱਕ ਯਾਦਗਾਰ” ਅਤੇ “ਇੱਕ ਸਦੀਪਕ ਨਾਮ” ਦੇਵੇਗਾ ਯਾਨੀ ਉਨ੍ਹਾਂ ਦੇ ਨਾਂ ਨੂੰ ਭੁਲਾਇਆ ਨਹੀਂ ਜਾਵੇਗਾ। ਦੂਸਰੇ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਉਹ ਵਫ਼ਾਦਾਰ ਖੁਸਰੇ ਯਿਸੂ ਦੇ ਹਜ਼ਾਰ ਸਾਲ ਦੇ ਰਾਜ ਅਧੀਨ ਸਦਾ ਦੀ ਜ਼ਿੰਦਗੀ ਪਾਉਣ ਦੀ ਪੱਕੀ ਉਮੀਦ ਰੱਖ ਸਕਦੇ ਸਨ। ਯਹੋਵਾਹ ਉਨ੍ਹਾਂ ਨੂੰ ਕਦੇ ਵੀ ਨਹੀਂ ਭੁੱਲੇਗਾ।—ਯਸਾ. 56:3-5.

ਯਿਰਮਿਯਾਹ ਦੇ ਹਾਲਾਤ ਕਾਫ਼ੀ ਭਿੰਨ ਸਨ। ਯਿਰਮਿਯਾਹ ਨੂੰ ਨਬੀ ਦਾ ਕੰਮ ਦੇਣ ਤੋਂ ਬਾਅਦ ਪਰਮੇਸ਼ੁਰ ਨੇ ਉਸ ਨੂੰ ਕੁਆਰੇ ਰਹਿਣ ਲਈ ਕਿਹਾ ਕਿਉਂਕਿ ਉਹ ਭੈੜੇ ਸਮਿਆਂ ਵਿਚ ਰਹਿ ਰਿਹਾ ਸੀ ਅਤੇ ਉਸ ਨੂੰ ਆਪਣਾ ਸਾਰਾ ਧਿਆਨ ਆਪਣੇ ਕੰਮ ਵਿਚ ਲਾਉਣਾ ਪੈਣਾ ਸੀ। ਯਹੋਵਾਹ ਨੇ ਕਿਹਾ: “ਤੂੰ ਏਸ ਅਸਥਾਨ ਵਿੱਚ ਨਾ ਆਪਣੇ ਲਈ ਤੀਵੀਂ ਲੈ, ਨਾ ਤੇਰੇ ਪੁੱਤ੍ਰ ਧੀਆਂ ਹੋਣ।” (ਯਿਰ. 16:1-4) ਬਾਈਬਲ ਇਹ ਨਹੀਂ ਦੱਸਦੀ ਕਿ ਇਨ੍ਹਾਂ ਹਿਦਾਇਤਾਂ ਨੂੰ ਸੁਣ ਕੇ ਯਿਰਮਿਯਾਹ ਨੇ ਕੀ ਸੋਚਿਆ ਹੋਵੇਗਾ, ਪਰ ਸਾਨੂੰ ਇਹ ਜ਼ਰੂਰ ਦੱਸਦੀ ਹੈ ਕਿ ਉਹ ਯਹੋਵਾਹ ਦੀਆਂ ਗੱਲਾਂ ਵਿਚ ਆਨੰਦ ਲੈਣ ਵਾਲਾ ਬੰਦਾ ਸੀ। (ਯਿਰ. 15:16) ਬਾਅਦ ਦੇ ਸਾਲਾਂ ਵਿਚ ਜਦੋਂ ਦੁਸ਼ਮਣਾਂ ਨੇ ਯਰੂਸ਼ਲਮ ਨੂੰ 18 ਮਹੀਨਿਆਂ ਤਾਈਂ ਘੇਰੀ ਰੱਖਿਆ ਸੀ, ਤਾਂ ਯਿਰਮਿਯਾਹ ਨੂੰ ਕਾਫ਼ੀ ਕੁਝ ਸਹਿਣਾ ਪਿਆ। ਬਿਨਾਂ ਸ਼ੱਕ, ਯਿਰਮਿਯਾਹ ਨੇ ਦੇਖ ਲਿਆ ਸੀ ਕਿ ਯਹੋਵਾਹ ਦੇ ਹੁਕਮ ਅਨੁਸਾਰ ਕੁਆਰਾ ਰਹਿ ਕੇ ਉਸ ਨੇ ਅਕਲਮੰਦੀ ਕੀਤੀ ਸੀ।—ਵਿਰ. 4:4, 10.

ਖ਼ੁਸ਼ੀ ਪਾਉਣ ਦੇ ਤਰੀਕੇ

ਉੱਪਰ ਦੱਸੇ ਭਗਤ ਕੁਆਰੇ ਰਹੇ ਸਨ, ਪਰ ਯਹੋਵਾਹ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਹ ਪੂਰੀ ਤਰ੍ਹਾਂ ਯਹੋਵਾਹ ਦੀ ਸੇਵਾ ਵਿਚ ਰੁੱਝ ਗਏ ਸਨ। ਅੱਜ ਵੀ ਯਹੋਵਾਹ ਦੀ ਸੇਵਾ ਕਰ ਕੇ ਅਸੀਂ ਜ਼ਿੰਦਗੀ ਵਿਚ ਹੋਰ ਵੀ ਖ਼ੁਸ਼ੀ ਪਾ ਸਕਦੇ ਹਾਂ। ਬਾਈਬਲ ਵਿਚ ਦੱਸਿਆ ਗਿਆ ਸੀ ਕਿ ਖ਼ੁਸ਼ ਖ਼ਬਰੀ ਦੇਣ ਵਾਲਿਆ ਦਾ ਵੱਡਾ ਦਲ ਹੋਵੇਗਾ। (ਜ਼ਬੂ. 68:11) ਇਸ ਵੱਡੇ ਸਾਰੇ ਦਲ ਵਿਚ ਹਜ਼ਾਰਾਂ ਹੀ ਕੁਆਰੀਆਂ ਭੈਣਾਂ ਹਨ। ਉਨ੍ਹਾਂ ਦੀ ਸੇਵਕਾਈ ਕਾਰਨ ਉਨ੍ਹਾਂ ਨੂੰ ਫਲ ਮਿਲੇ ਹਨ। ਸੱਚਾਈ ਵਿਚ ਆਉਣ ਵਾਲੇ ਲੋਕ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਧੀਆਂ-ਪੁੱਤਰ ਬਣ ਗਏ ਹਨ।—ਮਰ. 10:29, 30; 1 ਥੱਸ. 2:7, 8.

14 ਸਾਲਾਂ ਤੋਂ ਪਾਇਨੀਅਰਿੰਗ ਕਰ ਰਹੀ ਲੋਲੀ ਕਹਿੰਦੀ ਹੈ: “ਪਾਇਨੀਅਰਿੰਗ ਕਰ ਕੇ ਮੈਨੂੰ ਪਤਾ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਦਾ ਕੀ ਮਕਸਦ ਹੈ। ਕੁਆਰੀ ਹੋਣ ਕਰਕੇ ਮੈਂ ਪਰਮੇਸ਼ੁਰ ਦੇ ਕੰਮ ਵਿਚ ਰੁੱਝੀ ਰਹਿੰਦੀ ਹਾਂ ਜਿਸ ਕਰਕੇ ਮੈਂ ਇਕੱਲੀ ਮਹਿਸੂਸ ਨਹੀਂ ਕਰਦੀ। ਦਿਨ ਦੇ ਅਖ਼ੀਰ ਤੇ ਮੈਂ ਸੰਤੁਸ਼ਟ ਹੁੰਦੀ ਹਾਂ ਕਿ ਮੈਂ ਪਾਇਨੀਅਰਿੰਗ ਕਰ ਕੇ ਲੋਕਾਂ ਦੀ ਮਦਦ ਕਰਦੀ ਹਾਂ। ਇਸ ਤੋਂ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ।”

ਕਈ ਭੈਣਾਂ ਨਵੀਂ ਭਾਸ਼ਾ ਸਿੱਖ ਕੇ ਹੋਰਨਾਂ ਭਾਸ਼ਾਵਾਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੀਆਂ ਹਨ। ਪਹਿਲਾਂ ਜ਼ਿਕਰ ਕੀਤੀ ਗਈ ਐਨਾ ਕਹਿੰਦੀ ਹੈ: “ਜਿਸ ਸ਼ਹਿਰ ਵਿਚ ਮੈਂ ਰਹਿੰਦੀ ਹਾਂ, ਉੱਥੇ ਦੂਜੀਆਂ ਭਾਸ਼ਾਵਾਂ ਦੇ ਹਜ਼ਾਰਾਂ ਹੀ ਲੋਕ ਰਹਿੰਦੇ ਹਨ।” ਉਹ ਫ੍ਰੈਂਚ ਭਾਸ਼ਾ ਦੇ ਲੋਕਾਂ ਨੂੰ ਪ੍ਰਚਾਰ ਕਰਨ ਦਾ ਆਨੰਦ ਮਾਣਦੀ ਹੈ। “ਨਵੀਂ ਭਾਸ਼ਾ ਸਿੱਖ ਕੇ ਮੈਂ ਬਹੁਤ ਸਾਰੇ ਲੋਕਾਂ ਨਾਲ ਗੱਲ ਕਰ ਸਕਦੀ ਹਾਂ ਅਤੇ ਇਹ ਮੇਰੇ ਲਈ ਇਕ ਨਵੀਂ ਕਿਸਮ ਦਾ ਖੇਤਰ ਹੈ ਜਿੱਥੇ ਪ੍ਰਚਾਰ ਕਰ ਕੇ ਮੈਨੂੰ ਬੜਾ ਮਜ਼ਾ ਆਉਂਦਾ ਹੈ।”

ਕੁਆਰੇ ਲੋਕਾਂ ਕੋਲ ਅਕਸਰ ਘੱਟ ਜ਼ਿੰਮੇਵਾਰੀਆਂ ਹੁੰਦੀਆਂ ਹਨ ਜਿਸ ਕਰਕੇ ਕੁਝ ਭੈਣ-ਭਰਾ ਉਨ੍ਹਾਂ ਥਾਵਾਂ ’ਤੇ ਸੇਵਾ ਕਰਨ ਚਲੇ ਜਾਂਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। 35 ਕੁ ਸਾਲਾਂ ਦੀ ਕੁਆਰੀ ਭੈਣ ਲੀਡੀਆਨਾ ਨੇ ਹੋਰ ਦੇਸ਼ਾਂ ਵਿਚ ਜਾ ਕੇ ਸੇਵਾ ਕੀਤੀ ਹੈ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਉਹ ਕਹਿੰਦੀ ਹੈ: “ਮੈਨੂੰ ਪੱਕਾ ਯਕੀਨ ਹੈ ਕਿ ਜਿੰਨਾ ਜ਼ਿਆਦਾ ਤੁਸੀਂ ਯਹੋਵਾਹ ਦੀ ਸੇਵਾ ਕਰਦੇ ਹੋ, ਉੱਨਾ ਹੀ ਜ਼ਿਆਦਾ ਗੂੜ੍ਹੇ ਦੋਸਤ-ਮਿੱਤਰ ਬਣਾਉਣੇ ਆਸਾਨ ਹੁੰਦੇ ਹਨ ਜੋ ਤੁਹਾਨੂੰ ਪਿਆਰ ਕਰਨ। ਮੇਰੇ ਬਹੁਤ ਸਾਰੇ ਪੱਕੇ ਦੋਸਤ ਹਨ ਜੋ ਵੱਖ-ਵੱਖ ਪਿਛੋਕੜਾਂ ਅਤੇ ਕੌਮਾਂ ਦੇ ਹਨ ਅਤੇ ਉਨ੍ਹਾਂ ਦੀ ਦੋਸਤੀ ਕਰਕੇ ਮੇਰੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਗਈ ਹੈ।”

ਬਾਈਬਲ ਪ੍ਰਚਾਰਕ ਫਿਲਿੱਪੁਸ ਬਾਰੇ ਗੱਲ ਕਰਦੀ ਹੈ ਜਿਸ ਦੀਆਂ ਚਾਰ ਕੁਆਰੀਆਂ ਧੀਆਂ ਸਨ ਜੋ ਭਵਿੱਖਬਾਣੀ ਕਰਦੀਆਂ ਸਨ। (ਰਸੂ. 21:8, 9) ਉਹ ਵੀ ਆਪਣੇ ਪਿਤਾ ਵਾਂਗ ਜੋਸ਼ ਨਾਲ ਪਰਮੇਸ਼ੁਰ ਦੀ ਭਗਤੀ ਕਰਦੀਆਂ ਹੋਣਗੀਆਂ। ਉਨ੍ਹਾਂ ਨੇ ਸ਼ਾਇਦ ਆਪਣੀ ਭਵਿੱਖਬਾਣੀ ਦੀ ਦਾਤ ਨੂੰ ਕੈਸਰਿਯਾ ਦੇ ਭੈਣਾਂ-ਭਰਾਵਾਂ ਦੇ ਫ਼ਾਇਦੇ ਲਈ ਵਰਤਿਆ ਹੋਵੇਗਾ। (1 ਕੁਰਿੰ. 14:1, 3) ਅੱਜ ਵੀ ਬਹੁਤ ਸਾਰੀਆਂ ਕੁਆਰੀਆਂ ਭੈਣਾਂ ਮੀਟਿੰਗਾਂ ਵਿਚ ਬਾਕਾਇਦਾ ਹਾਜ਼ਰ ਹੋ ਕੇ ਅਤੇ ਟਿੱਪਣੀਆਂ ਦੇ ਕੇ ਹੋਰਨਾਂ ਨੂੰ ਉਤਸ਼ਾਹ ਦਿੰਦੀਆਂ ਹਨ।

ਬਾਈਬਲ ਮੁਤਾਬਕ ਪਹਿਲੀ ਸਦੀ ਵਿਚ ਫ਼ਿਲਿੱਪੈ ਵਿਚ ਰਹਿੰਦੀ ਲੁਦਿਯਾ ਨਾਂ ਦੀ ਭੈਣ ਆਪਣੀ ਪ੍ਰਾਹੁਣਚਾਰੀ ਲਈ ਜਾਣੀ ਜਾਂਦੀ ਸੀ। (ਰਸੂ. 16:14, 15, 40) ਲੁਦਿਯਾ ਸ਼ਾਇਦ ਕੁਆਰੀ ਜਾਂ ਵਿਧਵਾ ਸੀ। ਉਹ ਖੁੱਲ੍ਹੇ ਦਿਲ ਵਾਲੀ ਸੀ ਜਿਸ ਕਰਕੇ ਉਸ ਨੇ ਸਫ਼ਰੀ ਨਿਗਾਹਬਾਨਾਂ ਪੌਲੁਸ, ਸੀਲਾਸ ਤੇ ਲੂਕਾ ਦੀ ਸੰਗਤ ਦਾ ਆਨੰਦ ਮਾਣਿਆ। ਖੁੱਲ੍ਹੇ ਦਿਲ ਵਾਲੇ ਹੋਣ ਨਾਲ ਅਸੀਂ ਵੀ ਇਹੋ ਜਿਹੀਆਂ ਬਰਕਤਾਂ ਪਾ ਸਕਦੇ ਹਾਂ।

ਪਿਆਰ ਪਾਉਣ ਦੀ ਚਾਹਤ ਪੂਰੀ ਕਰਨੀ

ਖ਼ੁਸ਼ੀ ਪਾਉਣ ਲਈ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਇਲਾਵਾ ਸਾਨੂੰ ਸਾਰਿਆਂ ਨੂੰ ਪਿਆਰ ਦੀ ਲੋੜ ਹੈ। ਕੁਆਰੇ ਲੋਕ ਆਪਣੀ ਇਹ ਚਾਹਤ ਕਿਵੇਂ ਪੂਰੀ ਕਰ ਸਕਦੇ ਹਨ? ਪਹਿਲੀ ਗੱਲ, ਯਹੋਵਾਹ ਹਮੇਸ਼ਾ ਸਾਨੂੰ ਪਿਆਰ ਕਰਦਾ ਹੈ ਅਤੇ ਉਹ ਸਾਨੂੰ ਹੌਸਲਾ ਦੇਣ ਤੇ ਸਾਡੀ ਸੁਣਨ ਲਈ ਤਿਆਰ ਰਹਿੰਦਾ ਹੈ। ਰਾਜਾ ਦਾਊਦ ਵੀ “ਇਕੱਲਾ ਅਰ ਦੁਖੀ” ਮਹਿਸੂਸ ਕਰਦਾ ਸੀ, ਪਰ ਉਸ ਨੂੰ ਪਤਾ ਸੀ ਕਿ ਉਹ ਮਦਦ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਸਕਦਾ ਸੀ। (ਜ਼ਬੂ. 25:16; 55:22) ਉਸ ਨੇ ਲਿਖਿਆ: “ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ, ਤਦ ਯਹੋਵਾਹ ਮੈਨੂੰ ਸਾਂਭੇਗਾ।” (ਜ਼ਬੂ. 27:10) ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦੇ ਸਾਰੇ ਭਗਤ ਉਸ ਦੇ ਕਰੀਬ ਹੁੰਦੇ ਜਾਣ ਅਤੇ ਉਸ ਦੇ ਗੂੜ੍ਹੇ ਮਿੱਤਰ ਬਣਨ।—ਜ਼ਬੂ. 25:14; ਯਾਕੂ. 2:23; 4:8.

ਇਸ ਦੇ ਨਾਲ-ਨਾਲ ਅਸੀਂ ਆਪਣੇ ਵਿਸ਼ਵ-ਵਿਆਪੀ ਭਾਈਚਾਰੇ ਵਿਚ ਕਈ ਪਿਤਾ, ਮਾਵਾਂ, ਭਰਾ ਤੇ ਭੈਣਾਂ ਪਾ ਸਕਦੇ ਹਾਂ ਜੋ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਜਿਨ੍ਹਾਂ ਦਾ ਪਿਆਰ ਪਾ ਕੇ ਖ਼ੁਸ਼ੀ ਮਿਲਦੀ ਹੈ। (ਮੱਤੀ 19:29; 1 ਪਤ. 2:17) ਕਈ ਕੁਆਰੀਆਂ ਭੈਣਾਂ ਨੂੰ ਦੋਰਕਸ ਦੀ ਮਿਸਾਲ ’ਤੇ ਚੱਲ ਕੇ ਖ਼ੁਸ਼ੀ ਮਿਲਦੀ ਹੈ ਜੋ “ਸ਼ੁਭ ਕਰਮਾਂ ਅਤੇ ਪੁੰਨ ਦਾਨ ਕਰਨ ਵਿੱਚ ਰੁੱਝੀ ਰਹਿੰਦੀ ਸੀ।” (ਰਸੂ. 9:36, 39) ਲੋਲੀ ਕਹਿੰਦੀ ਹੈ: “ਜਿੱਥੇ ਵੀ ਮੈਂ ਜਾਂਦੀ ਹਾਂ, ਉੱਥੇ ਕਲੀਸਿਯਾ ਵਿਚ ਮੈਂ ਸੱਚੇ ਦੋਸਤ ਭਾਲਦੀ ਹਾਂ ਜੋ ਮੈਨੂੰ ਪਿਆਰ ਕਰਨ ਤੇ ਮੇਰਾ ਸਾਥ ਦੇਣ ਜਦੋਂ ਮੈਂ ਨਿਰਾਸ਼ ਹੋਵਾਂ। ਅਜਿਹੀਆਂ ਦੋਸਤੀਆਂ ਨੂੰ ਪੱਕਾ ਕਰਨ ਲਈ ਮੈਂ ਹੋਰਨਾਂ ਵਿਚ ਗਹਿਰੀ ਦਿਲਚਸਪੀ ਲੈਂਦੀ ਹਾਂ ਅਤੇ ਸਾਰਿਆਂ ਨੂੰ ਪਿਆਰ ਦਿਖਾਉਂਦੀ ਹਾਂ। ਮੈਂ ਅੱਠ ਵੱਖੋ-ਵੱਖਰੀਆਂ ਕਲੀਸਿਯਾਵਾਂ ਵਿਚ ਸੇਵਾ ਕੀਤੀ ਹੈ ਜਿਨ੍ਹਾਂ ਵਿਚ ਮੈਨੂੰ ਚੰਗੀਆਂ ਸਹੇਲੀਆਂ ਮਿਲੀਆਂ ਹਨ। ਅਕਸਰ ਇਹ ਭੈਣਾਂ ਮੇਰੇ ਹਾਣ ਦੀਆਂ ਨਹੀਂ ਹੁੰਦੀਆਂ, ਪਰ ਕਈ ਵਾਰ ਉਹ ਨਾਨੀਆਂ-ਦਾਦੀਆਂ ਜਾਂ ਫਿਰ ਕਿਸ਼ੋਰ ਉਮਰ ਦੀਆਂ ਹੁੰਦੀਆਂ ਹਨ।” ਹਰੇਕ ਕਲੀਸਿਯਾ ਵਿਚ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਪਿਆਰ ਅਤੇ ਦੋਸਤੀ ਦੀ ਲੋੜ ਹੁੰਦੀ ਹੈ। ਇਨ੍ਹਾਂ ਵਿਚ ਗਹਿਰੀ ਦਿਲਚਸਪੀ ਲੈ ਕੇ ਨਾ ਸਿਰਫ਼ ਉਨ੍ਹਾਂ ਦੀ ਪਿਆਰ ਪਾਉਣ ਦੀ ਚਾਹਤ ਪੂਰੀ ਹੁੰਦੀ ਹੈ, ਬਲਕਿ ਸਾਡੀ ਚਾਹਤ ਵੀ ਪੂਰੀ ਹੁੰਦੀ ਹੈ।—ਲੂਕਾ 6:38.

ਪਰਮੇਸ਼ੁਰ ਕਦੀ ਭੁੱਲਦਾ ਨਹੀਂ

ਬਾਈਬਲ ਦੱਸਦੀ ਹੈ ਕਿ ਸਾਰੇ ਮਸੀਹੀਆਂ ਨੂੰ ਆਪਣੀ ਜ਼ਿੰਦਗੀ ਵਿਚ ਕੋਈ ਨਾ ਕੋਈ ਕੁਰਬਾਨੀ ਕਰਨੀ ਪੈਂਦੀ ਹੈ ਕਿਉਂਕਿ ਅਸੀਂ ਭੈੜੇ ਸਮਿਆਂ ਵਿਚ ਜੀ ਰਹੇ ਹਾਂ। (1 ਕੁਰਿੰ. 7:29-31) ਜਿਹੜੇ ਸਿਰਫ਼ ਪ੍ਰਭੂ ਵਿਚ ਹੀ ਵਿਆਹ ਕਰਾਉਣ ਦੇ ਹੁਕਮ ਨੂੰ ਮੰਨ ਕੇ ਕੁਆਰੇ ਰਹਿੰਦੇ ਹਨ, ਉਹ ਆਦਰ ਅਤੇ ਪਿਆਰ ਦੇ ਲਾਇਕ ਹਨ। (ਮੱਤੀ 19:12) ਇਹ ਕੁਰਬਾਨੀ ਕਰਨ ਦਾ ਇਹ ਮਤਲਬ ਨਹੀਂ ਕਿ ਉਹ ਆਪਣੀ ਜ਼ਿੰਦਗੀ ਵਿਚ ਪੂਰੀ ਤਰ੍ਹਾਂ ਖ਼ੁਸ਼ ਨਹੀਂ ਰਹਿ ਸਕਦੇ।

ਲੀਡੀਆਨਾ ਕਹਿੰਦੀ ਹੈ: “ਮੈਂ ਆਪਣੀ ਜ਼ਿੰਦਗੀ ਤੋਂ ਖ਼ੁਸ਼ ਹਾਂ ਕਿਉਂਕਿ ਮੇਰੀ ਖ਼ੁਸ਼ੀ ਯਹੋਵਾਹ ਨਾਲ ਮੇਰੇ ਰਿਸ਼ਤੇ ਅਤੇ ਉਸ ਦੀ ਸੇਵਾ ਕਰਨ ’ਤੇ ਨਿਰਭਰ ਹੈ। ਮੈਂ ਕਈ ਵਿਆਹੇ ਹੋਏ ਲੋਕਾਂ ਨੂੰ ਜਾਣਦੀ ਹਾਂ ਜੋ ਖ਼ੁਸ਼ ਹਨ ਤੇ ਜੋ ਖ਼ੁਸ਼ ਨਹੀਂ ਹਨ। ਇਹ ਹਕੀਕਤ ਜਾਣ ਕੇ ਮੈਨੂੰ ਪਤਾ ਲੱਗ ਗਿਆ ਕਿ ਮੇਰੀ ਖ਼ੁਸ਼ੀ ਇਸ ਗੱਲ ’ਤੇ ਨਿਰਭਰ ਨਹੀਂ ਕਰਦੀ ਕਿ ਭਵਿੱਖ ਵਿਚ ਮੇਰਾ ਵਿਆਹ ਹੋਵੇਗਾ ਜਾਂ ਨਹੀਂ।” ਯਿਸੂ ਨੇ ਦੱਸਿਆ ਸੀ ਕਿ ਖ਼ੁਸ਼ੀ ਖ਼ਾਸ ਕਰਕੇ ਦੂਜਿਆਂ ਦੀ ਸੇਵਾ ਕਰਨ ਅਤੇ ਉਨ੍ਹਾਂ ਨੂੰ ਦੇਣ ਉੱਤੇ ਨਿਰਭਰ ਕਰਦੀ ਹੈ। ਇੱਦਾਂ ਸਾਰੇ ਹੀ ਮਸੀਹੀ ਕਰ ਸਕਦੇ ਹਨ।—ਯੂਹੰ. 13:14-17; ਰਸੂ. 20:35.

ਬਿਨਾਂ ਸ਼ੱਕ, ਸਾਨੂੰ ਇਹ ਗੱਲ ਜਾਣ ਕੇ ਖ਼ੁਸ਼ੀ ਮਿਲਦੀ ਹੈ ਕਿ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਅਸੀਂ ਜਿਹੜੀ ਮਰਜ਼ੀ ਕੁਰਬਾਨੀ ਕਰਦੇ ਹਾਂ, ਯਹੋਵਾਹ ਸਾਨੂੰ ਉਸ ਦਾ ਫਲ ਜ਼ਰੂਰ ਦੇਵੇਗਾ। ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।”—ਇਬ. 6:10.

[ਫੁਟਨੋਟ]

^ ਪੈਰਾ 6 ਭਾਵੇਂ ਇਹ ਲੇਖ ਮਸੀਹੀ ਭੈਣਾਂ ਵਾਸਤੇ ਲਿਖਿਆ ਗਿਆ ਹੈ, ਪਰ ਇਸ ਵਿਚ ਦਿੱਤੀ ਸਲਾਹ ਭਰਾਵਾਂ ’ਤੇ ਵੀ ਲਾਗੂ ਹੁੰਦੀ ਹੈ।

[ਸਫ਼ਾ 25 ਉੱਤੇ ਸੁਰਖੀ]

“ਮੈਂ ਉਸ ਵਿਚ ਹੀ ਖ਼ੁਸ਼ ਰਹਿੰਦੀ ਹਾਂ ਜੋ ਮੇਰੇ ਕੋਲ ਹੈ, ਜੋ ਮੇਰੇ ਕੋਲ ਨਹੀਂ ਹੈ, ਉਸ ਬਾਰੇ ਮੈਂ ਸੁਪਨੇ ਵੀ ਨਹੀਂ ਲੈਂਦੀ।”—ਕਾਰਮਨ

[ਸਫ਼ਾ 26 ਉੱਤੇ ਤਸਵੀਰ]

ਲੋਲੀ ਅਤੇ ਲੀਡੀਆਨਾ ਖ਼ੁਸ਼ੀ ਨਾਲ ਉਸ ਥਾਂ ’ਤੇ ਸੇਵਾ ਕਰਦੀਆਂ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ

[ਸਫ਼ਾ 27 ਉੱਤੇ ਤਸਵੀਰ]

ਪਰਮੇਸ਼ੁਰ ਆਪਣੇ ਸੇਵਕਾਂ ਨੂੰ ਆਪਣੇ ਕਰੀਬ ਆਉਣ ਦਾ ਸੱਦਾ ਦਿੰਦਾ ਹੈ