ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਯਿਸੂ ਨੇ ਪੂਰੇ ਇਸਰਾਏਲ ਵਿਚ ਪ੍ਰਚਾਰ ਕੀਤਾ। ਤਾਂ ਫਿਰ ਪਤਰਸ ਰਸੂਲ ਨੇ ਕਿਉਂ ਕਿਹਾ ਕਿ ਯਹੂਦੀ ਅਤੇ ਉਨ੍ਹਾਂ ਦੇ ਸਰਦਾਰਾਂ ਨੇ “ਅਣਜਾਣਪੁਣੇ ਨਾਲ” ਯਿਸੂ ਨੂੰ ਕਤਲ ਕੀਤਾ?—ਰਸੂ. 3:17.
ਯਹੂਦੀਆਂ ਦੇ ਸਮੂਹ ਨਾਲ ਗੱਲ ਕਰਦਿਆਂ ਪਤਰਸ ਰਸੂਲ ਨੇ ਕਿਹਾ ਕਿ ਯਿਸੂ ਨੂੰ ਜਾਨੋਂ ਮਾਰਨ ਪਿੱਛੇ ਯਹੂਦੀਆਂ ਦਾ ਹੱਥ ਸੀ। ਉਸ ਨੇ ਕਿਹਾ: “ਤੁਸਾਂ ਅਣਜਾਣਪੁਣੇ ਨਾਲ ਇਹ ਕੀਤਾ ਜਿਵੇਂ ਤੁਹਾਡੇ ਸਰਦਾਰਾਂ ਨੇ ਭੀ ਕੀਤਾ।” (ਰਸੂ. 3:14-17) ਸ਼ਾਇਦ ਕੁਝ ਯਹੂਦੀਆਂ ਨੇ ਕਬੂਲ ਨਹੀਂ ਕੀਤਾ ਕਿ ਯਿਸੂ ਪਰਮੇਸ਼ੁਰ ਵੱਲੋਂ ਭੇਜਿਆ ਮਸੀਹਾ ਸੀ ਤੇ ਨਾ ਹੀ ਉਨ੍ਹਾਂ ਨੇ ਉਸ ਦੀਆਂ ਸਿੱਖਿਆਵਾਂ ਨੂੰ ਸਮਝਿਆ। ਕੁਝ ਹੋਰ ਯਹੂਦੀਆਂ ਨੇ ਇਸ ਲਈ ਯਿਸੂ ਨੂੰ ਮਸੀਹਾ ਵਜੋਂ ਕਬੂਲ ਨਹੀਂ ਕੀਤਾ ਕਿਉਂਕਿ ਉਨ੍ਹਾਂ ਵਿਚ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਇੱਛਾ ਨਹੀਂ ਸੀ ਅਤੇ ਉਹ ਯਿਸੂ ਨਾਲ ਪੱਖਪਾਤ ਕਰਦੇ ਸਨ, ਉਸ ਤੋਂ ਸੜਦੇ ਸਨ ਅਤੇ ਉਸ ਨੂੰ ਨਫ਼ਰਤ ਕਰਦੇ ਸਨ।
ਜ਼ਰਾ ਇਸ ਗੱਲ ’ਤੇ ਗੌਰ ਕਰੋ ਕਿ ਯਹੋਵਾਹ ਨੂੰ ਖ਼ੁਸ਼ ਕਰਨ ਦੀ ਇੱਛਾ ਨਾ ਹੋਣ ਕਰਕੇ ਕਈ ਲੋਕਾਂ ਉੱਤੇ ਯਿਸੂ ਦੀਆਂ ਸਿੱਖਿਆਵਾਂ ਦਾ ਕਿਹੋ ਜਿਹਾ ਅਸਰ ਪਿਆ। ਯਿਸੂ ਅਕਸਰ ਦ੍ਰਿਸ਼ਟਾਂਤ ਵਰਤ ਕੇ ਸਿਖਾਉਂਦਾ ਹੁੰਦਾ ਸੀ। ਯਿਸੂ ਉਨ੍ਹਾਂ ਲੋਕਾਂ ਨੂੰ ਦ੍ਰਿਸ਼ਟਾਂਤ ਸਮਝਾਉਂਦਾ ਹੁੰਦਾ ਸੀ ਜੋ ਸਿੱਖਣ ਦੀ ਤਮੰਨਾ ਰੱਖਦੇ ਸਨ। ਪਰ ਕੁਝ ਲੋਕਾਂ ਨੇ ਤਾਂ ਉਸ ਦੇ ਦ੍ਰਿਸ਼ਟਾਂਤਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਅਤੇ ਮੂੰਹ ਮੋੜ ਕੇ ਚਲੇ ਗਏ। ਇਕ ਵਾਰ ਯਿਸੂ ਦੇ ਕੁਝ ਚੇਲਿਆਂ ਨੂੰ ਉਸ ਦੀ ਗੱਲ ਸੁਣ ਕੇ ਠੋਕਰ ਲੱਗੀ। (ਯੂਹੰ. 6:52-66) ਯਿਸੂ ਇਸ ਲਈ ਦ੍ਰਿਸ਼ਟਾਂਤ ਇਸਤੇਮਾਲ ਕਰਦਾ ਸੀ ਤਾਂਕਿ ਉਸ ਦੇ ਸੁਣਨ ਵਾਲੇ ਆਪਣੇ ਸੋਚ-ਵਿਚਾਰ ਅਤੇ ਚਾਲ-ਚਲਣ ਨੂੰ ਬਦਲਣ। ਪਰ ਉਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਨਹੀਂ ਕੀਤਾ। (ਯਸਾ. 6:9, 10; 44:18; ਮੱਤੀ 13:10-15) ਉਨ੍ਹਾਂ ਨੇ ਇਹ ਭਵਿੱਖਬਾਣੀ ਵੀ ਧਿਆਨ ਵਿਚ ਨਹੀਂ ਰੱਖੀ ਕਿ ਮਸੀਹਾ ਸਿਖਲਾਈ ਦਿੰਦੇ ਸਮੇਂ ਦ੍ਰਿਸ਼ਟਾਂਤ ਵਰਤੇਗਾ।—ਜ਼ਬੂ. 78:2.
ਕੁਝ ਹੋਰ ਲੋਕਾਂ ਨੇ ਪੱਖਪਾਤ ਦੇ ਕਾਰਨ ਯਿਸੂ ਦੀਆਂ ਸਿੱਖਿਆਵਾਂ ਨੂੰ ਸਵੀਕਾਰ ਨਹੀਂ ਕੀਤਾ। ਜਦੋਂ ਯਿਸੂ ਆਪਣੇ ਪਿੰਡ ਨਾਸਰਤ ਦੇ ਯਹੂਦੀ-ਘਰ ਵਿਚ ਉਪਦੇਸ਼ ਦਿੰਦਾ ਹੁੰਦਾ ਸੀ, ਤਾਂ ਲੋਕ “ਹੈਰਾਨ” ਰਹਿ ਜਾਂਦੇ ਸਨ। ਪਰ ਯਿਸੂ ਨੂੰ ਮਸੀਹਾ ਵਜੋਂ ਕਬੂਲ ਕਰਨ ਦੀ ਬਜਾਇ ਉਨ੍ਹਾਂ ਨੇ ਉਸ ਦੇ ਪਿਛੋਕੜ ਉੱਤੇ ਇਹ ਸਵਾਲ ਉਠਾਏ ਕਿ “ਏਹ ਗੱਲਾਂ ਇਸ ਨੂੰ ਕਿੱਥੋਂ ਆਈਆਂ?. . . ਭਲਾ, ਇਹ ਤਰਖਾਣ ਨਹੀਂ ਹੈ, ਮਰਿਯਮ ਦਾ ਪੁੱਤ੍ਰ ਅਤੇ ਯਾਕੂਬ ਅਰ ਯੋਸੇਸ ਅਰ ਯਹੂਦਾਹ ਅਰ ਸ਼ਮਊਨ ਦਾ ਭਰਾ ਅਤੇ ਉਹ ਦੀਆਂ ਭੈਣਾਂ ਐਥੇ ਸਾਡੇ ਕੋਲ ਨਹੀਂ ਹਨ?” (ਮਰ. 6:1-3) ਨਾਸਰਤ ਦੇ ਰਹਿਣ ਵਾਲਿਆਂ ਲਈ ਯਿਸੂ ਦੀਆਂ ਸਿੱਖਿਆਵਾਂ ਕੋਈ ਅਹਿਮੀਅਤ ਨਹੀਂ ਰੱਖਦੀਆਂ ਸਨ ਕਿਉਂਕਿ ਯਿਸੂ ਗ਼ਰੀਬ ਘਰਾਣੇ ਤੋਂ ਸੀ।
ਧਾਰਮਿਕ ਆਗੂਆਂ ਜਾਂ ਫ਼ਰੀਸੀਆਂ ਦਾ ਰਵੱਈਆ ਕਿਹੋ ਜਿਹਾ ਸੀ? ਉਨ੍ਹਾਂ ਵਿੱਚੋਂ ਜ਼ਿਆਦਾਤਰ ਆਗੂਆਂ ਨੇ ਅਜਿਹੇ ਕਾਰਨਾਂ ਕਰਕੇ ਯਿਸੂ ਦੀਆਂ ਗੱਲਾਂ ਨਹੀਂ ਮੰਨੀਆਂ। (ਯੂਹੰ. 7:47-52) ਉਨ੍ਹਾਂ ਆਗੂਆਂ ਨੇ ਯਿਸੂ ਦੀਆਂ ਸਿੱਖਿਆਵਾਂ ਦੀ ਇਸ ਲਈ ਕਦਰ ਨਹੀਂ ਕੀਤੀ ਕਿਉਂਕਿ ਜਦੋਂ ਲੋਕ ਯਿਸੂ ਦੀਆਂ ਗੱਲਾਂ ਸੁਣਨ ਲਈ ਆਉਂਦੇ ਸਨ, ਤਾਂ ਉਹ ਯਿਸੂ ਤੋਂ ਸੜਦੇ ਸਨ। (ਮਰ. 15:10) ਕਈ ਜਾਣੇ-ਮਾਣੇ ਆਗੂਆਂ ਨੂੰ ਬਹੁਤ ਗੁੱਸਾ ਚੜ੍ਹ ਗਿਆ ਸੀ ਜਦੋਂ ਯਿਸੂ ਨੇ ਉਨ੍ਹਾਂ ਦੇ ਪਖੰਡ ਅਤੇ ਧੋਖੇਬਾਜ਼ੀ ਦਾ ਪਰਦਾ-ਫਾਸ਼ ਕੀਤਾ। (ਮੱਤੀ 23:13-36) ਆਗੂਆਂ ਨੇ ਯਿਸੂ ਦੀਆਂ ਗੱਲਾਂ ਨੂੰ ਜਾਣ-ਬੁੱਝ ਕੇ ਨਜ਼ਰਅੰਦਾਜ਼ ਕੀਤਾ, ਇਸ ਲਈ ਯਿਸੂ ਨੇ ਉਨ੍ਹਾਂ ਦੀ ਨਿੰਦਿਆ ਕੀਤੀ। ਉਸ ਨੇ ਕਿਹਾ: “ਤੁਸਾਂ ਸ਼ਰ੍ਹਾ ਦੇ ਸਿਖਲਾਉਣ ਵਾਲਿਆਂ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ ਗਿਆਨ ਦੀ ਕੁੰਜੀ ਲੈ ਗਏ। ਤੁਸੀਂ [ਰਾਜ ਵਿਚ] ਆਪ ਨਹੀਂ ਵੜੇ ਅਤੇ ਵੜਨ ਵਾਲਿਆਂ ਨੂੰ ਵੀ ਰੋਕ ਦਿੱਤਾ।”—ਲੂਕਾ 11:37-52.
ਸਾਢੇ ਤਿੰਨ ਸਾਲਾਂ ਤਾਈਂ ਯਿਸੂ ਨੇ ਪੂਰੇ ਇਸਰਾਏਲ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। ਉਸ ਨੇ ਬਹੁਤਿਆਂ ਨੂੰ ਇਸ ਕੰਮ ਦੀ ਸਿਖਲਾਈ ਦਿੱਤੀ। (ਲੂਕਾ 9:1, 2; 10:1, 16, 17) ਯਿਸੂ ਤੇ ਉਸ ਦੇ ਚੇਲਿਆਂ ਦਾ ਸਿਖਾਉਣ ਦਾ ਤਰੀਕਾ ਇੰਨਾ ਅਸਰਦਾਰ ਸੀ ਕਿ ਫ਼ਰੀਸੀ ਬੁੜਬੁੜਾਉਣ ਲੱਗੇ: “ਵੇਖੋ ਜਗਤ ਉਹ ਦੇ ਪਿੱਛੇ ਲੱਗ ਤੁਰਿਆ!” (ਯੂਹੰ. 12:19) ਸਾਫ਼ ਜ਼ਾਹਰ ਹੈ ਕਿ ਜ਼ਿਆਦਾਤਰ ਯਹੂਦੀ ਯਿਸੂ ਬਾਰੇ ਕੁਝ-ਨ-ਕੁਝ ਤਾਂ ਜਾਣਦੇ ਸਨ। ਫਿਰ ਵੀ ਉਹ ਜਾਣ-ਬੁੱਝ ਕੇ “ਅਣਜਾਣਪੁਣੇ” ਵਿਚ ਰਹੇ ਕਿ ਯਿਸੂ ਪਰਮੇਸ਼ੁਰ ਵੱਲੋਂ ਭੇਜਿਆ ਮਸੀਹਾ ਸੀ। ਉਹ ਯਿਸੂ ਬਾਰੇ ਹੋਰ ਗਿਆਨ ਲੈ ਸਕਦੇ ਸਨ ਜਿਸ ਕਰਕੇ ਉਸ ਲਈ ਉਨ੍ਹਾਂ ਦਾ ਪਿਆਰ ਵਧ ਸਕਦਾ ਸੀ। ਯਿਸੂ ਦੀ ਮੌਤ ਪਿੱਛੇ ਉਨ੍ਹਾਂ ਕੁਝ ਆਗੂਆਂ ਦਾ ਹੱਥ ਸੀ। ਇਸ ਲਈ ਪਤਰਸ ਰਸੂਲ ਨੇ ਕਈਆਂ ਨੂੰ ਤਾਕੀਦ ਕੀਤੀ: “ਤੋਬਾ ਕਰੋ ਅਤੇ ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੁ ਦੇ ਹਜੂਰੋਂ ਸੁਖ ਦੇ ਦਿਨ ਆਉਣ। ਅਤੇ ਉਹ ਮਸੀਹ ਨੂੰ ਜਿਹੜਾ ਤੁਹਾਡੇ ਲਈ ਠਹਿਰਾਇਆ ਹੋਇਆ ਹੈ, ਹਾਂ, ਯਿਸੂ ਹੀ ਨੂੰ, ਘੱਲ ਦੇਵੇ।” (ਰਸੂ. 3:19, 20) ਦਿਲਚਸਪੀ ਦੀ ਗੱਲ ਹੈ ਕਿ ਹਜ਼ਾਰਾਂ ਹੀ ਯਹੂਦੀ ਖ਼ੁਸ਼ ਖ਼ਬਰੀ ਨੂੰ ਧਿਆਨ ਨਾਲ ਸੁਣਨ ਲੱਗੇ ਜਿਨ੍ਹਾਂ ਵਿਚ “ਬਹੁਤ ਸਾਰੇ ਜਾਜਕ” ਵੀ ਸਨ। ਇੱਦਾਂ ਕਰ ਕੇ ਉਹ ਅਣਜਾਣਪੁਣੇ ਵਿਚ ਨਹੀਂ ਰਹੇ। ਇਸ ਦੀ ਬਜਾਇ ਉਨ੍ਹਾਂ ਨੇ ਤੋਬਾ ਕਰ ਕੇ ਯਹੋਵਾਹ ਦੀ ਮਿਹਰ ਪਾਈ।—ਰਸੂ. 2:41; 4:4; 5:14; 6:7.