Skip to content

Skip to table of contents

ਮਾਤਬਰ ਮੁਖ਼ਤਿਆਰ ਅਤੇ ਇਸ ਦੀ ਪ੍ਰਬੰਧਕ ਸਭਾ

ਮਾਤਬਰ ਮੁਖ਼ਤਿਆਰ ਅਤੇ ਇਸ ਦੀ ਪ੍ਰਬੰਧਕ ਸਭਾ

ਮਾਤਬਰ ਮੁਖ਼ਤਿਆਰ ਅਤੇ ਇਸ ਦੀ ਪ੍ਰਬੰਧਕ ਸਭਾ

“ਉਹ ਮਾਤਬਰ ਅਤੇ ਬੁੱਧਵਾਨ ਮੁਖ਼ਤਿਆਰ ਕੌਣ ਹੈ ਜਿਹ ਨੂੰ ਮਾਲਕ ਆਪਣੇ ਨੌਕਰਾਂ ਚਾਕਰਾਂ ਉੱਤੇ ਠਹਿਰਾਵੇ ਭਈ ਵੇਲੇ ਸਿਰ ਉਨ੍ਹਾਂ ਨੂੰ ਰਸਤ ਦੇਵੇ?”—ਲੂਕਾ 12:42.

1, 2. ਅੰਤਿਮ ਦਿਨਾਂ ਦੇ ਲੱਛਣ ਦੱਸਦਿਆਂ ਯਿਸੂ ਨੇ ਕਿਹੜਾ ਜ਼ਰੂਰੀ ਸਵਾਲ ਉਠਾਇਆ?

ਅੰਤਿਮ ਦਿਨਾਂ ਦੇ ਲੱਛਣ ਦੱਸਦੇ ਸਮੇਂ ਯਿਸੂ ਨੇ ਇਹ ਸਵਾਲ ਉਠਾਇਆ: “ਉਹ ਮਾਤਬਰ ਅਤੇ ਬੁੱਧਵਾਨ ਨੌਕਰ ਕੌਣ ਹੈ ਜਿਹ ਨੂੰ ਮਾਲਕ ਨੇ ਆਪਣੇ ਨੌਕਰਾਂ ਚਾਕਰਾਂ ਉੱਤੇ ਮੁਖ਼ਤਿਆਰ ਕੀਤਾ ਭਈ ਵੇਲੇ ਸਿਰ ਉਨ੍ਹਾਂ ਨੂੰ ਰਸਤ ਦੇਵੇ?” ਯਿਸੂ ਨੇ ਅੱਗੋਂ ਕਿਹਾ ਕਿ ਉਸ ਨੌਕਰ ਦੀ ਵਫ਼ਾਦਾਰੀ ਦੇ ਕਾਰਨ ਉਸ ਨੂੰ ਮਾਲਕ ਦੇ ਸਾਰੇ ਮਾਲ ਮਤੇ ਉੱਤੇ ਮੁਖ਼ਤਿਆਰ ਕੀਤਾ ਜਾਵੇਗਾ।—ਮੱਤੀ 24:45-47.

2 ਇਸ ਤੋਂ ਕਈ ਮਹੀਨੇ ਪਹਿਲਾਂ ਯਿਸੂ ਨੇ ਇਸੇ ਤਰ੍ਹਾਂ ਦਾ ਸਵਾਲ ਪੁੱਛਿਆ ਸੀ। (ਲੂਕਾ 12:42-44 ਪੜ੍ਹੋ।) ਉਸ ਨੇ ਨੌਕਰ ਨੂੰ “ਮੁਖ਼ਤਿਆਰ” ਕਿਹਾ। ਮੁਖ਼ਤਿਆਰ ਉਹ ਹੁੰਦਾ ਹੈ ਜੋ ਘਰ ਦੀ ਦੇਖ-ਰੇਖ ਕਰਦਾ ਹੈ ਅਤੇ ਜਿਸ ਨੂੰ ਘਰ ਦੇ “ਨੌਕਰਾਂ ਚਾਕਰਾਂ” ’ਤੇ ਠਹਿਰਾਇਆ ਗਿਆ ਹੈ। ਪਰ ਮੁਖ਼ਤਿਆਰ ਆਪ ਵੀ ਨੌਕਰ ਹੈ। ਇਹ ਨੌਕਰ ਜਾਂ ਮੁਖ਼ਤਿਆਰ ਕੌਣ ਹੈ ਅਤੇ ਉਹ ਕਿਵੇਂ ‘ਵੇਲੇ ਸਿਰ ਰਸਤ ਦਿੰਦਾ ਹੈ’? ਸਾਡੇ ਸਾਰਿਆਂ ਲਈ ਜ਼ਰੂਰੀ ਹੈ ਕਿ ਅਸੀਂ ਉਸ ਜ਼ਰੀਏ ਨੂੰ ਪਛਾਣੀਏ ਜਿਸ ਦੇ ਰਾਹੀਂ ਪਰਮੇਸ਼ੁਰ ਦਾ ਗਿਆਨ ਦਿੱਤਾ ਜਾ ਰਿਹਾ ਹੈ।

3. (ੳ) ਈਸਾਈ-ਜਗਤ ਦੇ ਟਿੱਪਣੀਕਾਰਾਂ ਨੇ “ਨੌਕਰ” ਬਾਰੇ ਕਹੇ ਯਿਸੂ ਦੇ ਸ਼ਬਦਾਂ ਨੂੰ ਕਿਵੇਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ? (ਅ) “ਮੁਖ਼ਤਿਆਰ” ਜਾਂ “ਨੌਕਰ” ਕੌਣ ਹੈ ਅਤੇ ‘ਨੌਕਰ ਚਾਕਰ’ ਕੌਣ ਹਨ?

3 ਈਸਾਈ-ਜਗਤ ਦੇ ਟਿੱਪਣੀਕਾਰ ਅਕਸਰ ਯਿਸੂ ਦੇ ਸ਼ਬਦਾਂ ਦਾ ਹੋਰ ਮਤਲਬ ਕੱਢ ਕੇ ਕਹਿੰਦੇ ਹਨ ਕਿ ਮੁਖ਼ਤਿਆਰ ਉਹ ਲੋਕ ਹਨ ਜਿਨ੍ਹਾਂ ਨੂੰ ਚਰਚ ਵਿਚ ਵੱਡੀਆਂ-ਵੱਡੀਆਂ ਪਦਵੀਆਂ ਮਿਲੀਆਂ ਹੋਈਆਂ ਹਨ। ਪਰ ਉਦਾਹਰਣ ਵਿਚਲੇ “ਮਾਲਕ” ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਈਸਾਈ-ਜਗਤ ਦੇ ਵੱਖੋ-ਵੱਖਰੇ ਪੰਥਾਂ ਵਿਚ ਬਹੁਤ ਸਾਰੇ ਨੌਕਰ ਹੋਣਗੇ। ਇਸ ਦੀ ਬਜਾਇ, ਉਸ ਨੇ ਸਾਫ਼-ਸਾਫ਼ ਦੱਸਿਆ ਕਿ ਸਿਰਫ਼ ਇੱਕੋ “ਮੁਖ਼ਤਿਆਰ” ਜਾਂ “ਨੌਕਰ” ਹੋਵੇਗਾ ਜਿਸ ਨੂੰ ਯਿਸੂ ਆਪਣੇ ਸਾਰੇ ਮਾਲ ਮਤੇ ਉੱਤੇ ਨਿਯੁਕਤ ਕਰੇਗਾ। ਇਸ ਲਈ ਇਹ ਰਸਾਲਾ ਅਕਸਰ ਸਮਝਾਉਂਦਾ ਆਇਆ ਹੈ ਕਿ ਇਹ ਮੁਖ਼ਤਿਆਰ “ਛੋਟੇ ਝੁੰਡ” ਨੂੰ ਦਰਸਾਉਂਦਾ ਹੈ ਜਿਸ ਵਿਚ ਸਾਰੇ ਮਸਹ ਕੀਤੇ ਹੋਏ ਮਸੀਹੀ ਸ਼ਾਮਲ ਹਨ। ਲੂਕਾ ਦੀ ਇੰਜੀਲ ਵਿਚ ਯਿਸੂ ਇਨ੍ਹਾਂ ਦੀ ਹੀ ਗੱਲ ਕਰ ਰਿਹਾ ਸੀ। (ਲੂਕਾ 12:32) ਇਨ੍ਹਾਂ ਸਾਰੇ ਮਸਹ ਕੀਤੇ ਮਸੀਹੀਆਂ ਨੂੰ ‘ਨੌਕਰ ਚਾਕਰ’ ਵੀ ਕਿਹਾ ਗਿਆ ਹੈ। ਪਰ ਇੱਥੇ ਯਿਸੂ ਇਕੱਲੇ-ਇਕੱਲੇ ਨੌਕਰ ਦੀ ਗੱਲ ਰਿਹਾ ਸੀ ਕਿ ਉਨ੍ਹਾਂ ਕੋਲ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਹੋਣਗੀਆਂ। ਪਰ ਦਿਲਚਸਪ ਸਵਾਲ ਇਹ ਉੱਠਦਾ ਹੈ ਕਿ ਕੀ ਹਰ ਮਸਹ ਕੀਤਾ ਹੋਇਆ ਮਸੀਹੀ ਵੇਲੇ ਸਿਰ ਰਸਤ ਦੇਣ ਵਿਚ ਹਿੱਸਾ ਲੈਂਦਾ ਹੈ? ਇਸ ਸਵਾਲ ਦਾ ਜਵਾਬ ਸਪੱਸ਼ਟ ਹੋ ਜਾਂਦਾ ਹੈ ਜਦੋਂ ਅਸੀਂ ਡੂੰਘਾਈ ਨਾਲ ਜਾਂਚ ਕਰ ਕੇ ਦੇਖਦੇ ਹਾਂ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ।

ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦਾ ਦਾਸ

4. ਯਹੋਵਾਹ ਨੇ ਪ੍ਰਾਚੀਨ ਇਸਰਾਏਲ ਦੀ ਕੌਮ ਨੂੰ ਕੀ ਕਹਿ ਕੇ ਬੁਲਾਇਆ ਅਤੇ ਉਸ ਕੌਮ ਬਾਰੇ ਗੌਰ ਕਰਨ ਵਾਲੀ ਕਿਹੜੀ ਜ਼ਰੂਰੀ ਗੱਲ ਹੈ?

4 ਯਹੋਵਾਹ ਨੇ ਪ੍ਰਾਚੀਨ ਇਸਰਾਏਲ ਦੀ ਸਾਰੀ ਕੌਮ ਨੂੰ ਸਮੂਹ ਦੇ ਤੌਰ ਤੇ ਦਾਸ ਕਿਹਾ ਸੀ। “ਤੁਸੀਂ ਮੇਰੇ ਗਵਾਹ [ਬਹੁਵਚਨ] ਹੋ, ਯਹੋਵਾਹ ਦਾ ਵਾਕ ਹੈ, ਨਾਲੇ ਮੇਰਾ ਦਾਸ [ਇਕਵਚਨ] ਜਿਹ ਨੂੰ ਮੈਂ ਚੁਣਿਆ।” (ਯਸਾ. 43:10) ਇੱਥੇ ਕੌਮ ਦੇ ਸਾਰੇ ਲੋਕਾਂ ਨੂੰ ਦਾਸ ਕਿਹਾ ਗਿਆ ਹੈ। ਪਰ ਗੌਰ ਕਰਨ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਸਿਰਫ਼ ਜਾਜਕਾਂ ਅਤੇ ਲੇਵੀਆਂ ਨੂੰ ਹੀ ਸਾਰੀ ਕੌਮ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।—2 ਇਤ. 35:3; ਮਲਾ. 2:7.

5. ਯਿਸੂ ਦੇ ਮੁਤਾਬਕ ਕਿਹੜੀ ਵੱਡੀ ਤਬਦੀਲੀ ਹੋਣ ਵਾਲੀ ਸੀ?

5 ਕੀ ਇਸਰਾਏਲ ਦੀ ਕੌਮ ਉਹ ਨੌਕਰ ਸੀ ਜਿਸ ਬਾਰੇ ਯਿਸੂ ਗੱਲ ਕਰ ਰਿਹਾ ਸੀ? ਨਹੀਂ। ਇਹ ਅਸੀਂ ਇਸ ਲਈ ਕਹਿੰਦੇ ਹਾਂ ਕਿਉਂਕਿ ਯਿਸੂ ਨੇ ਆਪਣੇ ਜ਼ਮਾਨੇ ਦੇ ਯਹੂਦੀਆਂ ਨੂੰ ਕਿਹਾ ਸੀ: “ਪਰਮੇਸ਼ੁਰ ਦਾ ਰਾਜ ਤੁਹਾਥੋਂ ਖੋਹਿਆ ਅਤੇ ਪਰਾਈ ਕੌਮ ਨੂੰ ਜਿਹੜੀ ਉਹ ਦੇ ਫਲ ਦੇਵੇ ਦਿੱਤਾ ਜਾਵੇਗਾ।” (ਮੱਤੀ 21:43) ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਪੁਰਾਣੀ ਕੌਮ ਨੂੰ ਹਟਾ ਕੇ ਇਕ ਨਵੀਂ ਕੌਮ ਨੂੰ ਵਰਤਣ ਵਾਲਾ ਸੀ। ਪਰ ਜਦੋਂ ਪਰਮੇਸ਼ੁਰ ਦੀਆਂ ਹਿਦਾਇਤਾਂ ਦੇਣ ਦੀ ਗੱਲ ਆਉਂਦੀ ਹੈ, ਤਾਂ ਯਿਸੂ ਦੀ ਉਦਾਹਰਣ ਵਿਚਲੇ ਨੌਕਰ ਨੇ ਪ੍ਰਾਚੀਨ ਇਸਰਾਏਲ ਦੇ ਪਰਮੇਸ਼ੁਰ ਦੇ “ਦਾਸ” ਵਰਗਾ ਕੰਮ ਕਰਨਾ ਸੀ।

ਵਫ਼ਾਦਾਰ ਨੌਕਰ ਦੀ ਪਛਾਣ

6. ਪੰਤੇਕੁਸਤ 33 ਈਸਵੀ ਵਿਚ ਕਿਹੜੀ ਨਵੀਂ ਕੌਮ ਹੋਂਦ ਵਿਚ ਆਈ ਅਤੇ ਕੌਣ ਉਸ ਕੌਮ ਦੇ ਮੈਂਬਰ ਬਣੇ?

6 ਨਵੀਂ ਕੌਮ ਮਸਹ ਕੀਤੇ ਹੋਏ ਮਸੀਹੀਆਂ ਦੀ ਬਣੀ ਹੋਈ ਹੈ ਜਿਸ ਨੂੰ ‘ਪਰਮੇਸ਼ੁਰ ਦਾ ਇਸਰਾਏਲ’ ਕਿਹਾ ਗਿਆ ਹੈ। (ਗਲਾ. 6:16; ਰੋਮੀ. 2:28, 29; 9:6) ਇਹ ਕੌਮ ਪੰਤੇਕੁਸਤ 33 ਈਸਵੀ ਵਿਚ ਹੋਂਦ ਵਿਚ ਆਈ ਜਦੋਂ ਪਰਮੇਸ਼ੁਰ ਨੇ ਚੇਲਿਆਂ ’ਤੇ ਆਪਣੀ ਪਵਿੱਤਰ ਸ਼ਕਤੀ ਪਾਈ। ਇਸ ਕੌਮ ਦੇ ਮੈਂਬਰ ਬਣਨ ਤੋਂ ਬਾਅਦ ਸਾਰੇ ਮਸਹ ਕੀਤੇ ਹੋਏ ਮਸੀਹੀ ਮਾਲਕ ਯਿਸੂ ਮਸੀਹ ਵੱਲੋਂ ਨਿਯੁਕਤ ਕੀਤੇ ਗਏ ਨੌਕਰ ਵਜੋਂ ਸੇਵਾ ਕਰ ਰਹੇ ਸਨ। ਉਸ ਕੌਮ ਦੇ ਹਰੇਕ ਮੈਂਬਰ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ। (ਮੱਤੀ 28:19, 20) ਪਰ ਕੀ ਉਸ ਕੌਮ ਦੇ ਹਰ ਮੈਂਬਰ ਨੂੰ ਵੇਲੇ ਸਿਰ ਰਸਤ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ? ਆਓ ਦੇਖੀਏ ਕਿ ਬਾਈਬਲ ਇਸ ਸਵਾਲ ਦਾ ਕੀ ਜਵਾਬ ਦਿੰਦੀ ਹੈ।

7. ਸ਼ੁਰੂ-ਸ਼ੁਰੂ ਵਿਚ ਰਸੂਲਾਂ ਦਾ ਮੁੱਖ ਕੰਮ ਕੀ ਸੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਹੋਰ ਕਿਹੜੀ ਜ਼ਿੰਮੇਵਾਰੀ ਦਿੱਤੀ ਗਈ?

7 ਜਦੋਂ ਯਿਸੂ ਨੇ ਆਪਣੇ 12 ਚੇਲਿਆਂ ਨੂੰ ਰਸੂਲਾਂ ਵਜੋਂ ਨਿਯੁਕਤ ਕੀਤਾ ਸੀ, ਤਾਂ ਉਸ ਨੇ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਭੇਜਿਆ ਸੀ ਜੋ ਕਿ ਉਨ੍ਹਾਂ ਦਾ ਮੁੱਖ ਕੰਮ ਸੀ। (ਮਰਕੁਸ 3:13-15 ਪੜ੍ਹੋ।) ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਰਸੂਲ” ਕੀਤਾ ਗਿਆ ਹੈ, ਉਹ ਯੂਨਾਨੀ ਕਿਰਿਆ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ “ਭੇਜਿਆ ਹੋਇਆ।” ਜਿੱਦਾਂ-ਜਿੱਦਾਂ ਸਮਾਂ ਬੀਤਦਾ ਗਿਆ ਤੇ ਮਸੀਹੀ ਕਲੀਸਿਯਾ ਸਥਾਪਿਤ ਹੋਣ ਵਾਲੀ ਸੀ, ਤਾਂ ਰਸੂਲਾਂ ਦਾ ਕੰਮ ਇਕ “ਹੁੱਦਾ” ਬਣ ਗਿਆ ਯਾਨੀ ਉਨ੍ਹਾਂ ਨੂੰ ਨਿਗਰਾਨੀ ਕਰਨ ਦਾ ਕੰਮ ਦਿੱਤਾ ਗਿਆ।—ਰਸੂ. 1:20-26.

8, 9. (ੳ) 12 ਰਸੂਲਾਂ ਨੂੰ ਜ਼ਿਆਦਾ ਪਰਵਾਹ ਕਿਸ ਗੱਲ ਦੀ ਸੀ? (ਅ) ਹੋਰ ਕਿਨ੍ਹਾਂ ਨੂੰ ਜ਼ਿਆਦਾ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ ਜਿਨ੍ਹਾਂ ਨੂੰ ਪ੍ਰਬੰਧਕ ਸਭਾ ਨੇ ਮਾਨਤਾ ਦਿੱਤੀ?

8 ਪਰ 12 ਰਸੂਲਾਂ ਨੂੰ ਜ਼ਿਆਦਾ ਪਰਵਾਹ ਕਿਸ ਗੱਲ ਦੀ ਸੀ? ਇਸ ਸਵਾਲ ਦਾ ਜਵਾਬ ਪੰਤੇਕੁਸਤ ਦੇ ਦਿਨ ਤੋਂ ਬਾਅਦ ਹੋਈਆਂ ਘਟਨਾਵਾਂ ਤੋਂ ਦੇਖਿਆ ਜਾ ਸਕਦਾ ਹੈ। ਜਦੋਂ ਵਿਧਵਾਵਾਂ ਨੂੰ ਰੋਜ਼ ਭੋਜਨ ਵੰਡਣ ਬਾਰੇ ਬਹਿਸ-ਬਾਜ਼ੀ ਹੋ ਰਹੀ ਸੀ, ਤਾਂ 12 ਰਸੂਲਾਂ ਨੇ ਚੇਲਿਆਂ ਨੂੰ ਇਕੱਠੇ ਕਰ ਕੇ ਕਿਹਾ: “ਇਹ ਚੰਗੀ ਗੱਲ ਨਹੀਂ ਜੋ ਅਸੀਂ ਪਰਮੇਸ਼ੁਰ ਦਾ ਬਚਨ ਛੱਡ ਕੇ ਖਿਲਾਉਣ ਪਿਲਾਉਣ ਦੀ ਟਹਿਲ ਕਰੀਏ।” (ਰਸੂਲਾਂ ਦੇ ਕਰਤੱਬ. 6:1-6 ਪੜ੍ਹੋ।) ਫਿਰ ਰਸੂਲਾਂ ਨੇ ਸੱਚਾਈ ਵਿਚ ਤਕੜੇ ਭਰਾਵਾਂ ਨੂੰ ਇਹ ਜ਼ਰੂਰੀ “ਕੰਮ” ਕਰਨ ਲਈ ਠਹਿਰਾਇਆ ਤਾਂਕਿ ਰਸੂਲ ਆਪ “ਬਚਨ ਦੀ ਸੇਵਾ” ਵਿਚ ਲੱਗੇ ਰਹਿਣ। ਯਹੋਵਾਹ ਨੇ ਇਸ ਇੰਤਜ਼ਾਮ ’ਤੇ ਆਪਣੀ ਬਰਕਤ ਪਾਈ ਜਿਸ ਕਰਕੇ ‘ਪਰਮੇਸ਼ੁਰ ਦਾ ਬਚਨ ਫੈਲਦਾ ਗਿਆ ਅਰ ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਗਈ।’ (ਰਸੂ. 6:7) ਸੋ ਅਸੀਂ ਦੇਖ ਸਕਦੇ ਹਾਂ ਕਿ ਰਸਤ ਦੇਣ ਦੀ ਮੁੱਖ ਜ਼ਿੰਮੇਵਾਰੀ ਰਸੂਲਾਂ ਦੀ ਸੀ।—ਰਸੂ. 2:42.

9 ਸਮੇਂ ਦੇ ਬੀਤਣ ਨਾਲ ਹੋਰਨਾਂ ਨੂੰ ਭਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਪਵਿੱਤਰ ਸ਼ਕਤੀ ਦੀ ਸੇਧ ਨਾਲ ਅੰਤਾਕਿਯਾ ਦੀ ਕਲੀਸਿਯਾ ਨੇ ਪੌਲੁਸ ਅਤੇ ਬਰਨਬਾਸ ਨੂੰ ਮਿਸ਼ਨਰੀਆਂ ਵਜੋਂ ਸੇਵਾ ਕਰਨ ਭੇਜਿਆ। ਉਹ ਵੀ ਰਸੂਲਾਂ ਵਜੋਂ ਜਾਣੇ ਜਾਣ ਲੱਗੇ ਭਾਵੇਂ ਉਹ ਸ਼ੁਰੂ ਵਿਚ ਯਿਸੂ ਦੇ 12 ਰਸੂਲਾਂ ਵਿਚ ਸ਼ਾਮਲ ਨਹੀਂ ਸਨ। (ਰਸੂ. 13:1-3; 14:14; ਗਲਾ. 1:19) ਯਰੂਸ਼ਲਮ ਦੀ ਪ੍ਰਬੰਧਕ ਸਭਾ ਨੇ ਉਨ੍ਹਾਂ ਦੋਹਾਂ ਨੂੰ ਰਸੂਲਾਂ ਵਜੋਂ ਮਾਨਤਾ ਦਿੱਤੀ। (ਗਲਾ. 2:7-10) ਉਸ ਤੋਂ ਥੋੜ੍ਹੀ ਦੇਰ ਬਾਅਦ ਪੌਲੁਸ ਨੇ ਰਸਤ ਤਿਆਰ ਕਰਨ ਵਿਚ ਹਿੱਸਾ ਲਿਆ। ਉਸ ਨੇ ਪਰਮੇਸ਼ੁਰ ਦੀ ਸੇਧ ਨਾਲ ਆਪਣੀ ਪਹਿਲੀ ਚਿੱਠੀ ਲਿਖੀ।

10. ਕੀ ਪਹਿਲੀ ਸਦੀ ਵਿਚ ਸਾਰੇ ਮਸਹ ਕੀਤੇ ਹੋਏ ਮਸੀਹੀ ਰਸਤ ਤਿਆਰ ਕਰਨ ਵਿਚ ਲੱਗੇ ਹੋਏ ਸਨ? ਸਮਝਾਓ।

10 ਪਰ ਕੀ ਸਾਰੇ ਮਸਹ ਕੀਤੇ ਹੋਏ ਮਸੀਹੀ ਪ੍ਰਚਾਰ ਕੰਮ ਦੀ ਦੇਖ-ਰੇਖ ਕਰਨ ਅਤੇ ਰਸਤ ਤਿਆਰ ਕਰਨ ਵਿਚ ਲੱਗੇ ਹੋਏ ਸੀ? ਨਹੀਂ। ਪੌਲੁਸ ਰਸੂਲ ਸਾਨੂੰ ਦੱਸਦਾ ਹੈ: “ਸਾਰੇ ਲੋਕ ਰਸੂਲ ਨਹੀਂ ਹਨ। ਸਾਰੇ ਲੋਕ ਨਬੀ ਨਹੀਂ ਹਨ। ਸਾਰੇ ਲੋਕ ਉਸਤਾਦ ਨਹੀਂ ਹਨ। ਸਾਰੇ ਲੋਕ ਕਰਿਸ਼ਮੇ ਨਹੀਂ ਕਰ ਸਕਦੇ।” (1 ਕੁਰਿੰ. 12:29, ERV) ਭਾਵੇਂ ਕਿ ਉਸ ਸਮੇਂ ਵਿਚ ਰਹਿਣ ਵਾਲੇ ਸਾਰੇ ਮਸਹ ਕੀਤੇ ਹੋਏ ਮਸੀਹੀਆਂ ਨੇ ਪ੍ਰਚਾਰ ਦਾ ਕੰਮ ਕੀਤਾ ਸੀ, ਪਰ ਸਿਰਫ਼ ਅੱਠ ਜਣਿਆਂ ਨੂੰ ਬਾਈਬਲ ਦੇ ਯੂਨਾਨੀ ਹਿੱਸੇ ਦੀਆਂ 27 ਕਿਤਾਬਾਂ ਲਿਖਣ ਲਈ ਪਰਮੇਸ਼ੁਰ ਨੇ ਵਰਤਿਆ ਸੀ।

ਸਾਡੇ ਜ਼ਮਾਨੇ ਵਿਚ ਮਾਤਬਰ ਨੌਕਰ

11. ਨੌਕਰ ਨੂੰ ਕਿਹੜੇ ‘ਮਾਲ ਮਤੇ’ ਉੱਤੇ ਨਿਯੁਕਤ ਕੀਤਾ ਗਿਆ ਸੀ?

11ਮੱਤੀ 24:45 ਵਿਚ ਦਰਜ ਯਿਸੂ ਦੇ ਸ਼ਬਦਾਂ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਅੰਤਿਮ ਦਿਨਾਂ ਵਿਚ ਵੀ ਮਾਤਬਰ ਅਤੇ ਬੁੱਧਵਾਨ ਨੌਕਰ ਹੋਵੇਗਾ ਜੋ ਮਸਹ ਕੀਤੇ ਹੋਏ ਮਸੀਹੀਆਂ ਦਾ ਬਣਿਆ ਹੈ। ਪਰਕਾਸ਼ ਦੀ ਪੋਥੀ 12:17 ਵਿਚ ਦੱਸਿਆ ਹੈ ਕਿ ਇਹ ਤੀਵੀਂ ਦੇ ਵੰਸ ਵਿੱਚੋਂ ਧਰਤੀ ਉੱਤੇ ਬਾਕੀ “ਰਹਿੰਦੇ” ਮਸਹ ਕੀਤੇ ਹੋਏ ਮਸੀਹੀ ਹਨ। ਇਨ੍ਹਾਂ ਮਸੀਹੀਆਂ ਨੂੰ ਸਮੂਹ ਦੇ ਤੌਰ ਤੇ ਯਿਸੂ ਮਸੀਹ ਦੇ ਧਰਤੀ ਉਤਲੇ ਸਾਰੇ ਮਾਲ ਮਤੇ ਉੱਤੇ ਨਿਯੁਕਤ ਕੀਤਾ ਗਿਆ ਹੈ। ਜਿਸ ‘ਮਾਲ ਮਤੇ’ ਉੱਤੇ ਮਾਤਬਰ ਮੁਖ਼ਤਿਆਰ ਨੂੰ ਨਿਯੁਕਤ ਕੀਤਾ ਗਿਆ ਹੈ, ਉਹ ਮਾਲ ਮਤਾ ਮਾਲਕ ਯਿਸੂ ਦੇ ਰਾਜ ਨਾਲ ਸੰਬੰਧਿਤ ਧਰਤੀ ਉੱਤੇ ਕੀਤੇ ਜਾਂਦੇ ਕੰਮ ਜਾਂ ਚੀਜ਼ਾਂ ਹਨ। ਇਨ੍ਹਾਂ ਵਿਚ ਯਿਸੂ ਦੇ ਰਾਜ ਦੀ ਪਰਜਾ ਯਾਨੀ ਵੱਡੀ ਭੀੜ ਦੇ ਲੋਕ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਵਰਤੇ ਜਾਂਦੇ ਬੈਥਲ ਘਰ, ਸੰਮੇਲਨ ਹਾਲ ਅਤੇ ਚੀਜ਼ਾਂ ਵਗੈਰਾ ਹਨ।

12, 13. ਇਕ ਮਸੀਹੀ ਨੂੰ ਕਿਵੇਂ ਪਤਾ ਹੈ ਕਿ ਉਸ ਨੂੰ ਸਵਰਗੀ ਸੱਦਾ ਮਿਲਿਆ ਹੈ?

12 ਕਿਸੇ ਭੈਣ ਜਾਂ ਭਰਾ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਸ ਦੀ ਸਵਰਗ ਜਾਣ ਦੀ ਉਮੀਦ ਹੈ ਅਤੇ ਉਹ ਧਰਤੀ ਉੱਤੇ ਬਾਕੀ ਰਹਿੰਦੇ ਮਸਹ ਕੀਤੇ ਹੋਏ ਮਸੀਹੀਆਂ ਵਿੱਚੋਂ ਹੈ? ਇਸ ਸਵਾਲ ਦਾ ਜਵਾਬ ਪੌਲੁਸ ਦੇ ਉਨ੍ਹਾਂ ਸ਼ਬਦਾਂ ਵਿਚ ਪਾਇਆ ਜਾਂਦਾ ਹੈ ਜੋ ਉਸ ਨੇ ਸਵਰਗ ਜਾਣ ਦੀ ਉਮੀਦ ਰੱਖਣ ਵਾਲੇ ਮਸੀਹੀਆਂ ਨੂੰ ਲਿਖੇ ਸਨ: “ਜਿੰਨੇ ਪਰਮੇਸ਼ੁਰ ਦੇ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ ਓਹੀ ਪਰਮੇਸ਼ੁਰ ਦੇ ਪੁੱਤ੍ਰ ਹਨ। ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਫੇਰ ਮੁੜ ਕੇ ਡਰੋ ਸਗੋਂ ਲੇਪਾਲਕ ਪੁੱਤ੍ਰ ਹੋਣ ਦਾ ਆਤਮਾ ਮਿਲਿਆ ਜਿਸ ਕਰਕੇ ਅਸੀਂ “ਅੱਬਾ,” ਹੇ ਪਿਤਾ, ਪੁਕਾਰਦੇ ਹਾਂ। ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਸਾਖੀ ਦਿੰਦਾ ਹੈ ਭਈ ਅਸੀਂ ਪਰਮੇਸ਼ੁਰ ਦੇ ਬਾਲਕ ਹਾਂ। ਅਤੇ ਜੇ ਬਾਲਕ ਹਾਂ ਤਾਂ ਅਧਕਾਰੀ ਵੀ ਹਾਂ, ਪਰਮੇਸ਼ੁਰ ਦੇ ਅਧਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਕਾਰੀ ਪਰ ਤਦੇ ਜੇ ਅਸੀਂ ਉਹ ਦੇ ਨਾਲ ਦੁਖ ਝੱਲੀਏ ਭਈ ਉਹ ਦੇ ਨਾਲ ਅਸੀਂ ਵਡਿਆਏ ਜਾਈਏ।”—ਰੋਮੀ. 8:14-17.

13 ਸਾਦੇ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਇਹ ਮਸੀਹੀ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨਾਲ ਮਸਹ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਵਰਗੀ ‘ਸੱਦਾ’ ਮਿਲਦਾ ਹੈ। (ਇਬ. 3:1) ਪਰਮੇਸ਼ੁਰ ਖ਼ੁਦ ਉਨ੍ਹਾਂ ਨੂੰ ਇਹ ਸੱਦਾ ਦਿੰਦਾ ਹੈ। ਪਰਮੇਸ਼ੁਰ ਦੇ ਪੁੱਤਰ ਬਣਨ ਦੇ ਇਸ ਸੱਦੇ ਨੂੰ ਉਹ ਬਿਨਾਂ ਕਿਸੇ ਸਵਾਲ, ਸ਼ੱਕ ਜਾਂ ਡਰ ਦੇ ਤੁਰੰਤ ਕਬੂਲ ਕਰ ਲੈਂਦੇ ਹਨ। (1 ਯੂਹੰਨਾ 2:20, 21 ਪੜ੍ਹੋ।) ਸੋ ਉਹ ਖ਼ੁਦ ਇਹ ਚੋਣ ਨਹੀਂ ਕਰਦੇ ਕਿ ਉਹ ਸਵਰਗ ਜਾਣਗੇ, ਪਰ ਯਹੋਵਾਹ ਉਨ੍ਹਾਂ ’ਤੇ ਆਪਣੀ ਪਵਿੱਤਰ ਸ਼ਕਤੀ ਪਾ ਕੇ ਆਪਣੀ ਮੋਹਰ ਲਾਉਂਦਾ ਹੈ।—2 ਕੁਰਿੰ. 1:21, 22; 1 ਪਤ. 1:3, 4.

ਸਹੀ ਨਜ਼ਰੀਆ ਰੱਖਣਾ

14. ਮਸਹ ਕੀਤੇ ਹੋਏ ਮਸੀਹੀ ਆਪਣੇ ਸੱਦੇ ਨੂੰ ਕਿਵੇਂ ਵਿਚਾਰਦੇ ਹਨ?

14 ਸਵਰਗੀ ਇਨਾਮ ਦੀ ਉਡੀਕ ਕਰਦਿਆਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਆਪਣੇ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ? ਉਨ੍ਹਾਂ ਨੂੰ ਪਤਾ ਹੈ ਕਿ ਭਾਵੇਂ ਉਨ੍ਹਾਂ ਨੂੰ ਇਹ ਸ਼ਾਨਦਾਰ ਸੱਦਾ ਮਿਲਿਆ ਹੈ, ਪਰ ਇਹ ਸਿਰਫ਼ ਸੱਦਾ ਹੀ ਹੈ। ਸਵਰਗੀ ਇਨਾਮ ਪਾਉਣ ਲਈ ਉਨ੍ਹਾਂ ਨੂੰ ਮਰਦੇ ਦਮ ਤਕ ਵਫ਼ਾਦਾਰ ਰਹਿਣਾ ਪਵੇਗਾ। ਉਹ ਨਿਮਰਤਾ ਨਾਲ ਪੌਲੁਸ ਰਸੂਲ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹੁੰਦੇ ਹਨ: “ਹੇ ਭਰਾਵੋ, ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਐਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਅਤੇ ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵਧ ਕੇ ਨਿਸ਼ਾਨੇ ਵੱਲ ਦੱਬੀ ਜਾਂਦਾ ਹਾਂ ਭਈ ਉਸ ਉੱਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ੁਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ।” (ਫ਼ਿਲਿ. 3:13, 14) ਧਰਤੀ ’ਤੇ ਰਹਿੰਦੇ ਮਸਹ ਕੀਤੇ ਹੋਏ ਮਸੀਹੀਆਂ ਨੂੰ ‘ਪੂਰਨ ਅਧੀਨਗੀ ਨਾਲ ਉਸ ਸੱਦੇ ਦੇ ਜੋਗ ਚਾਲ ਚਲਣ’ ਲਈ ਆਪਣੀ ਪੂਰੀ ਵਾਹ ਲਾਉਣ ਦੀ ਲੋੜ ਹੈ। ਇੱਦਾਂ ਉਨ੍ਹਾਂ ਨੂੰ “ਡਰਦੇ ਅਤੇ ਕੰਬਦੇ ਹੋਏ” ਕਰਨਾ ਚਾਹੀਦਾ ਹੈ।—ਅਫ਼. 4:1, 2; ਫ਼ਿਲਿ. 2:12; 1 ਥੱਸ. 2:12.

15. ਮਸੀਹੀਆਂ ਨੂੰ ਉਨ੍ਹਾਂ ਬਾਰੇ ਕਿਵੇਂ ਸੋਚਣਾ ਚਾਹੀਦਾ ਹੈ ਜੋ ਮੈਮੋਰੀਅਲ ਵੇਲੇ ਵਾਈਨ ਤੇ ਰੋਟੀ ਲੈਂਦੇ ਹਨ ਅਤੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਆਪਣੇ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ?

15 ਦੂਜੇ ਪਾਸੇ, ਹੋਰਨਾਂ ਭੈਣਾਂ-ਭਰਾਵਾਂ ਨੂੰ ਉਸ ਭਰਾ ਜਾਂ ਭੈਣ ਬਾਰੇ ਕਿਵੇਂ ਸੋਚਣਾ ਚਾਹੀਦਾ ਹੈ ਜੋ ਮਸਹ ਕੀਤੇ ਹੋਣ ਦਾ ਦਾਅਵਾ ਕਰਦਾ ਹੈ ਅਤੇ ਮੈਮੋਰੀਅਲ ਵਿਚ ਰੋਟੀ ਤੇ ਵਾਈਨ ਲੈਂਦਾ ਹੈ? ਸਾਨੂੰ ਕੋਈ ਸਵਾਲ ਨਹੀਂ ਖੜ੍ਹਾ ਕਰਨਾ ਚਾਹੀਦਾ ਕਿ ਉਸ ਨੂੰ ਸੱਚ-ਮੁੱਚ ਸੱਦਾ ਮਿਲਿਆ ਹੈ ਜਾਂ ਨਹੀਂ। ਇਹ ਯਹੋਵਾਹ ਅਤੇ ਉਸ ਮਸੀਹੀ ਦਾ ਆਪਸੀ ਮਾਮਲਾ ਹੈ। (ਰੋਮੀ. 14:12) ਪਰ ਜਿਨ੍ਹਾਂ ਮਸੀਹੀਆਂ ਨੂੰ ਸੱਚ-ਮੁੱਚ ਸੱਦਾ ਮਿਲਿਆ ਹੈ, ਉਹ ਹੱਦੋਂ ਵੱਧ ਹੋਰਨਾਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚਦੇ। ਉਹ ਇਹ ਨਹੀਂ ਸੋਚਦੇ ਕਿ ਮਸਹ ਹੋਣ ਕਰਕੇ ਉਨ੍ਹਾਂ ਕੋਲ “ਵੱਡੀ ਭੀੜ” ਦੇ ਕੁਝ ਮੈਂਬਰਾਂ ਨਾਲੋਂ ਬਾਈਬਲ ਦੀਆਂ ਗੱਲਾਂ ਦੀ ਜ਼ਿਆਦਾ ਸਮਝ ਹੈ ਜੋ ਕਾਫ਼ੀ ਦੇਰ ਤੋਂ ਸੱਚਾਈ ਵਿਚ ਹਨ। (ਪਰ. 7:9) ਉਹ ਇਹ ਵੀ ਨਹੀਂ ਮੰਨਦੇ ਕਿ ਉਨ੍ਹਾਂ ਨੂੰ ‘ਹੋਰ ਭੇਡਾਂ’ ਨਾਲੋਂ ਜ਼ਿਆਦਾ ਪਵਿੱਤਰ ਸ਼ਕਤੀ ਮਿਲਦੀ ਹੈ। (ਯੂਹੰ. 10:16) ਉਹ ਇਹ ਵੀ ਨਹੀਂ ਚਾਹੁੰਦੇ ਕਿ ਦੂਸਰੇ ਉਨ੍ਹਾਂ ਦਾ ਜ਼ਿਆਦਾ ਇੱਜ਼ਤ-ਮਾਣ ਕਰਨ ਅਤੇ ਨਾ ਹੀ ਉਹ ਇਹ ਦਾਅਵਾ ਕਰਦੇ ਹਨ ਕਿ ਯਿਸੂ ਦੀ ਯਾਦਗਾਰ ਵੇਲੇ ਵਾਈਨ ਤੇ ਰੋਟੀ ਲੈਣ ਕਰਕੇ ਉਹ ਕਲੀਸਿਯਾ ਦੇ ਬਜ਼ੁਰਗਾਂ ਨਾਲੋਂ ਜ਼ਿਆਦਾ ਅਧਿਕਾਰ ਰੱਖਦੇ ਹਨ।

16–18. (ੳ) ਕੀ ਸਾਰੇ ਮਸਹ ਕੀਤੇ ਹੋਏ ਮਸੀਹੀ ਬਾਈਬਲ ਦੀਆਂ ਸੱਚਾਈਆਂ ਦੀ ਨਵੀਂ ਸਮਝ ਦੇਣ ਵਿਚ ਸ਼ਾਮਲ ਹਨ? ਮਿਸਾਲ ਦੇ ਕੇ ਸਮਝਾਓ। (ਅ) ਪ੍ਰਬੰਧਕ ਸਭਾ ਨੂੰ ਫ਼ੈਸਲੇ ਕਰਨ ਤੋਂ ਪਹਿਲਾਂ ਹਰ ਮਸਹ ਕੀਤੇ ਹੋਏ ਮਸੀਹੀ ਨਾਲ ਸਲਾਹ-ਮਸ਼ਵਰਾ ਕਰਨ ਦੀ ਲੋੜ ਕਿਉਂ ਨਹੀਂ?

16 ਕੀ ਦੁਨੀਆਂ ਭਰ ਵਿਚ ਰਹਿੰਦੇ ਮਸਹ ਕੀਤੇ ਹੋਏ ਸਾਰੇ ਮਸੀਹੀ ਨੈੱਟਵਰਕ ਦੀ ਤਰ੍ਹਾਂ ਇਕ-ਦੂਸਰੇ ਨਾਲ ਸੰਪਰਕ ਕਰ ਕੇ ਬਾਈਬਲ ਦੀਆਂ ਸੱਚਾਈਆਂ ਦੀ ਨਵੀਂ ਸਮਝ ਦਿੰਦੇ ਹਨ? ਨਹੀਂ। ਭਾਵੇਂ ਕਿ ਸਮੂਹ ਦੇ ਤੌਰ ਤੇ ਸਾਰੇ ਮਸਹ ਕੀਤੇ ਹੋਏ ਮਸੀਹੀਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਇਕ-ਦੂਜੇ ਨੂੰ ਰਸਤ ਦੇਣ, ਪਰ ਸਾਰਿਆਂ ਕੋਲ ਇੱਕੋ ਜਿਹੀਆਂ ਜ਼ਿੰਮੇਵਾਰੀਆਂ ਜਾਂ ਕੰਮ ਨਹੀਂ ਹਨ। (1 ਕੁਰਿੰਥੀਆਂ 12:14-18 ਪੜ੍ਹੋ।) ਜਿਵੇਂ ਅਸੀਂ ਦੇਖਿਆ ਹੈ ਕਿ ਪਹਿਲੀ ਸਦੀ ਵਿਚ ਸਾਰੇ ਮਸਹ ਕੀਤੇ ਹੋਏ ਮਸੀਹੀ ਪ੍ਰਚਾਰ ਕਰਨ ਵਿਚ ਰੁੱਝੇ ਹੋਏ ਸਨ, ਪਰ ਸਿਰਫ਼ ਮੁੱਠੀ ਭਰ ਮਸੀਹੀਆਂ ਨੂੰ ਬਾਈਬਲ ਦੀਆਂ ਕਿਤਾਬਾਂ ਲਿਖਣ ਤੇ ਕਲੀਸਿਯਾ ਦੀ ਦੇਖ-ਰੇਖ ਕਰਨ ਲਈ ਥਾਪਿਆ ਗਿਆ ਸੀ।

17 ਜ਼ਰਾ ਇਸ ਉਦਾਹਰਣ ’ਤੇ ਵਿਚਾਰ ਕਰੋ: ਬਾਈਬਲ ਵਿਚ ਕਿਤੇ-ਕਿਤੇ ਦੱਸਿਆ ਜਾਂਦਾ ਹੈ ਕਿ ਜੁਡੀਸ਼ਲ ਮਾਮਲਿਆਂ ਨਾਲ ਨਜਿੱਠਣ ਲਈ “ਕਲੀਸਿਯਾ” ਕੋਈ ਕਦਮ ਚੁੱਕਦੀ ਹੈ। (ਮੱਤੀ 18:17) ਪਰ ਅਸਲ ਵਿਚ ਸਿਰਫ਼ ਬਜ਼ੁਰਗ ਕਲੀਸਿਯਾ ਦੇ ਪ੍ਰਤੀਨਿਧੀਆਂ ਵਜੋਂ ਕਿਸੇ ਮਾਮਲੇ ਨਾਲ ਨਜਿੱਠਣ ਲਈ ਕਾਰਵਾਈ ਕਰਦੇ ਹਨ। ਫ਼ੈਸਲਾ ਕਰਨ ਤੋਂ ਪਹਿਲਾਂ ਬਜ਼ੁਰਗ ਕਲੀਸਿਯਾ ਦੇ ਸਾਰੇ ਮੈਂਬਰਾਂ ਦੇ ਵਿਚਾਰ ਨਹੀਂ ਪੁੱਛਦੇ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਬਜ਼ੁਰਗਾਂ ਦੀ ਹੈਸੀਅਤ ਵਿਚ ਉਹ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ ਜੋ ਉਨ੍ਹਾਂ ਨੂੰ ਦਿੱਤੀ ਗਈ ਹੈ। ਉਹ ਜੋ ਵੀ ਕਰਦੇ ਹਨ ਕਲੀਸਿਯਾ ਦੇ ਬਦਲੇ ਕਰਦੇ ਹਨ।

18 ਇਸੇ ਤਰ੍ਹਾਂ ਅੱਜ ਸਿਰਫ਼ ਥੋੜ੍ਹੇ ਜਿਹੇ ਮਸਹ ਕੀਤੇ ਹੋਏ ਭਰਾ ਮਾਤਬਰ ਨੌਕਰ ਦੀ ਪ੍ਰਤਿਨਿਧਤਾ ਕਰਦੇ ਹਨ। ਇਹ ਥੋੜ੍ਹੇ ਜਿਹੇ ਭਰਾ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਹਨ। ਮਸਹ ਕੀਤੇ ਹੋਏ ਇਹ ਭਰਾ ਪ੍ਰਚਾਰ ਦੇ ਕੰਮ ਅਤੇ ਰਸਤ ਦੇਣ ਦੇ ਕੰਮ ਦੀ ਦੇਖ-ਰੇਖ ਕਰਦੇ ਹਨ। ਜਿੱਦਾਂ ਪਹਿਲੀ ਸਦੀ ਵਿਚ ਪ੍ਰਬੰਧਕ ਸਭਾ ਫ਼ੈਸਲੇ ਕਰਨ ਤੋਂ ਪਹਿਲਾਂ ਹਰ ਮਸਹ ਕੀਤੇ ਹੋਏ ਮਸੀਹੀ ਨਾਲ ਸਲਾਹ-ਮਸ਼ਵਰਾ ਨਹੀਂ ਸੀ ਕਰਦੀ, ਉਸੇ ਤਰ੍ਹਾਂ ਅੱਜ ਪ੍ਰਬੰਧਕ ਸਭਾ ਨੂੰ ਇਸ ਤਰ੍ਹਾਂ ਕਰਨ ਦੀ ਲੋੜ ਨਹੀਂ ਹੈ। (ਰਸੂਲਾਂ 16:4, 5 ਪੜ੍ਹੋ।) ਫਿਰ ਵੀ ਸਾਰੇ ਮਸਹ ਕੀਤੇ ਹੋਏ ਮਸੀਹੀ ਪ੍ਰਚਾਰ ਦੇ ਕੰਮ ਵਿਚ ਰੁੱਝੇ ਹੋਏ ਹਨ ਜੋ ਅੱਜ ਦੁਨੀਆਂ ਭਰ ਵਿਚ ਹੋ ਰਿਹਾ ਹੈ। ਸਮੂਹ ਦੇ ਤੌਰ ਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਇਕ ਸਰੀਰ ਦੀ ਤਰ੍ਹਾਂ ਹਨ, ਪਰ ਉਹ ਇਕੱਲੇ-ਇਕੱਲੇ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਤੇ ਕੰਮ ਕਰਦੇ ਹਨ।—1 ਕੁਰਿੰ. 12:19-26.

19, 20. “ਮਾਤਬਰ ਅਤੇ ਬੁੱਧਵਾਨ ਨੌਕਰ” ਅਤੇ ਇਸ ਦੀ ਪ੍ਰਬੰਧਕ ਸਭਾ ਬਾਰੇ ਵੱਡੀ ਭੀੜ ਕਿਹੋ ਜਿਹਾ ਨਜ਼ਰੀਆ ਰੱਖਦੀ ਹੈ?

19 ਉੱਪਰ ਦੱਸੀਆਂ ਗੱਲਾਂ ਦਾ ਵੱਡੀ ਭੀੜ ਉੱਤੇ ਕੀ ਅਸਰ ਪੈਣਾ ਚਾਹੀਦਾ ਜੋ ਧਰਤੀ ’ਤੇ ਰਹਿਣ ਦੀ ਉਮੀਦ ਰੱਖਦੀ ਹੈ? ਰਾਜਾ ਯਿਸੂ ਦੇ ਮਾਲ ਮਤੇ ਵਿਚ ਸ਼ਾਮਲ ਹੋਣ ਕਰਕੇ ਉਹ ਬੜੀ ਖ਼ੁਸ਼ੀ ਨਾਲ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਦਰਸਾਉਂਦੀ ਪ੍ਰਬੰਧਕ ਸਭਾ ਵੱਲੋਂ ਕੀਤੇ ਇੰਤਜ਼ਾਮਾਂ ਅਨੁਸਾਰ ਚੱਲਦੀ ਹੈ। ਵੱਡੀ ਭੀੜ ਦੇ ਮੈਂਬਰ ਪ੍ਰਬੰਧਕ ਸਭਾ ਦੀ ਨਿਗਰਾਨੀ ਹੇਠ ਦਿੱਤੀ ਜਾਂਦੀ ਰਸਤ ਦੀ ਬਹੁਤ ਕਦਰ ਕਰਦੇ ਹਨ। ਹਾਲਾਂਕਿ ਉਹ ਸਮੂਹ ਦੇ ਤੌਰ ਤੇ ਮਾਤਬਰ ਨੌਕਰ ਦਾ ਆਦਰ ਕਰਦੇ ਹਨ, ਪਰ ਉਹ ਧਿਆਨ ਵਿਚ ਰੱਖਦੇ ਹਨ ਕਿ ਉਹ ਉਨ੍ਹਾਂ ਮਸੀਹੀਆਂ ਨੂੰ ਜ਼ਿਆਦਾ ਉੱਚਾ ਦਰਜਾ ਨਹੀਂ ਦੇਣਗੇ ਜੋ ਮਾਤਬਰ ਨੌਕਰ ਦਾ ਹਿੱਸਾ ਹੋਣ ਦਾ ਦਾਅਵਾ ਕਰਦੇ ਹਨ। ਕੋਈ ਵੀ ਮਸੀਹੀ ਜਿਸ ਨੂੰ ਸੱਚ-ਮੁੱਚ ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਨਾਲ ਮਸਹ ਕੀਤਾ ਹੈ, ਇੱਦਾਂ ਦਾ ਆਦਰ-ਮਾਣ ਨਹੀਂ ਚਾਹੇਗਾ।—ਰਸੂ. 10:25, 26; 14:14, 15.

20 ਸੋ ਚਾਹੇ ਅਸੀਂ “ਨੌਕਰਾਂ ਚਾਕਰਾਂ” ਵਿੱਚੋਂ ਬਾਕੀ ਬਚੇ ਮਸਹ ਕੀਤੇ ਹੋਏ ਮਸੀਹੀ ਹਾਂ ਜਾਂ ਵੱਡੀ ਭੀੜ ਦੇ ਮੈਂਬਰ ਹਾਂ, ਆਓ ਅਸੀਂ ਮਾਤਬਰ ਮੁਖ਼ਤਿਆਰ ਅਤੇ ਇਸ ਦੀ ਪ੍ਰਬੰਧਕ ਸਭਾ ਦਾ ਪੂਰਾ-ਪੂਰਾ ਸਾਥ ਦੇਣ ਦਾ ਪੱਕਾ ਇਰਾਦਾ ਕਰੀਏ। ਆਓ ਆਪਾਂ ਸਾਰੇ ਜਣੇ ‘ਜਾਗਦੇ ਰਹੀਏ’ ਅਤੇ ਅੰਤ ਤਕ ਵਫ਼ਾਦਾਰ ਰਹੀਏ।—ਮੱਤੀ 24:13, 42.

ਕੀ ਤੁਹਾਨੂੰ ਯਾਦ ਹੈ?

• “ਮਾਤਬਰ ਅਤੇ ਬੁੱਧਵਾਨ ਨੌਕਰ” ਕੌਣ ਹੈ ਅਤੇ ਨੌਕਰ-ਚਾਕਰ ਕੌਣ ਹਨ?

• ਕਿਸੇ ਭੈਣ ਜਾਂ ਭਰਾ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਸ ਨੂੰ ਸਵਰਗੀ ਸੱਦਾ ਮਿਲਿਆ ਹੈ?

• ਬਾਈਬਲ ਦੀ ਕਿਸੇ ਸੱਚਾਈ ਦੀ ਨਵੀਂ ਸਮਝ ਦੇਣ ਦੀ ਮੁੱਖ ਜ਼ਿੰਮੇਵਾਰੀ ਕਿਸ ਦੀ ਹੈ?

• ਮਸਹ ਕੀਤੇ ਹੋਏ ਭਰਾ ਜਾਂ ਭੈਣ ਨੂੰ ਆਪਣੇ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ?

[ਸਵਾਲ]

[ਸਫ਼ਾ 23 ਉੱਤੇ ਤਸਵੀਰ]

ਅੱਜ ਪ੍ਰਬੰਧਕ ਸਭਾ ਮਾਤਬਰ ਅਤੇ ਬੁੱਧਵਾਨ ਨੌਕਰ ਨੂੰ ਦਰਸਾਉਂਦੀ ਹੈ। ਪਹਿਲੀ ਸਦੀ ਵਿਚ ਵੀ ਇਹੋ ਜਿਹਾ ਇੰਤਜ਼ਾਮ ਸੀ