Skip to content

Skip to table of contents

ਉਸ ਵਿਚ “ਗੁਪਤ” ਖ਼ਜ਼ਾਨੇ ਖੋਜੋ

ਉਸ ਵਿਚ “ਗੁਪਤ” ਖ਼ਜ਼ਾਨੇ ਖੋਜੋ

ਉਸ ਵਿਚ “ਗੁਪਤ” ਖ਼ਜ਼ਾਨੇ ਖੋਜੋ

‘ਉਹ ਦੇ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖ਼ਜ਼ਾਨੇ ਗੁਪਤ ਹਨ।’—ਕੁਲੁ. 2:3.

1, 2. (ੳ) 1922 ਵਿਚ ਕਿਹੜੀਆਂ ਕੀਮਤੀ ਚੀਜ਼ਾਂ ਮਿਲੀਆਂ ਅਤੇ ਇਨ੍ਹਾਂ ਚੀਜ਼ਾਂ ਦਾ ਕੀ ਬਣਿਆ? (ਅ) ਪਰਮੇਸ਼ੁਰ ਦਾ ਬਚਨ ਸਾਰਿਆਂ ਨੂੰ ਕਿਹੜਾ ਸੱਦਾ ਦਿੰਦਾ ਹੈ?

ਜਦੋਂ ਕਿਸੇ ਨੂੰ ਗੁਪਤ ਖ਼ਜ਼ਾਨੇ ਲੱਭਦੇ ਹਨ, ਤਾਂ ਇਹ ਖ਼ਬਰ ਅਕਸਰ ਅਖ਼ਬਾਰ ਦੀ ਸੁਰਖੀ ਬਣ ਜਾਂਦੀ ਹੈ। ਮਿਸਾਲ ਲਈ, ਕਠਿਨ ਹਾਲਾਤਾਂ ਵਿਚ ਲੱਕ-ਤੋੜ ਮਿਹਨਤ ਕਰਨ ਤੋਂ ਦਹਾਕਿਆਂ ਬਾਅਦ 1922 ਵਿਚ ਬ੍ਰਿਟਿਸ਼ ਪੁਰਾਤੱਤਵ-ਵਿਗਿਆਨੀ ਹਾਵਡ ਕਾਟਰ ਨੇ ਦੁਰਲੱਭ ਖੋਜ ਕੀਤੀ। ਉਸ ਨੇ ਫ਼ਿਰਊਨ ਟੂਟੰਕਾਮਨ ਦੀ ਸ਼ਾਹੀ ਕਬਰ ਲੱਭੀ ਜਿਸ ਵਿਚ ਤਕਰੀਬਨ 5,000 ਚੀਜ਼ਾਂ ਸਨ ਜੋ ਜਿਉਂ ਦੀਆਂ ਤਿਉਂ ਸਹੀ-ਸਲਾਮਤ ਸਨ।

2 ਕਾਟਰ ਦੀ ਖੋਜ ਭਾਵੇਂ ਮਾਅਰਕੇ ਦੀ ਸੀ, ਪਰ ਜ਼ਿਆਦਾਤਰ ਲੱਭੀਆਂ ਚੀਜ਼ਾਂ ਅੱਜ ਅਜਾਇਬ ਘਰਾਂ ਵਿਚ ਰੱਖ ਦਿੱਤੀਆਂ ਗਈਆਂ ਹਨ ਜਾਂ ਫਿਰ ਲੋਕਾਂ ਦੇ ਘਰਾਂ ਦੀ ਸ਼ਾਨ ਬਣ ਕੇ ਰਹਿ ਗਈਆਂ ਹਨ। ਇਨ੍ਹਾਂ ਚੀਜ਼ਾਂ ਤੋਂ ਸਾਨੂੰ ਸ਼ਾਇਦ ਇਤਿਹਾਸ ਬਾਰੇ ਜਾਂ ਉਸ ਜ਼ਮਾਨੇ ਦੀ ਕਲਾ ਬਾਰੇ ਥੋੜ੍ਹਾ-ਬਹੁਤਾ ਪਤਾ ਲੱਗੇ, ਪਰ ਇਨ੍ਹਾਂ ਚੀਜ਼ਾਂ ਦਾ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ’ਤੇ ਕੋਈ ਅਸਰ ਨਹੀਂ ਪੈਂਦਾ। ਇਸ ਲਈ ਪਰਮੇਸ਼ੁਰ ਦਾ ਬਚਨ ਸਾਨੂੰ ਅਜਿਹੇ ਖ਼ਜ਼ਾਨਿਆਂ ਦੀ ਖੋਜ ਕਰਨ ਦਾ ਸੱਦਾ ਦਿੰਦਾ ਹੈ ਜਿਨ੍ਹਾਂ ਦਾ ਸੱਚ-ਮੁੱਚ ਸਾਡੇ ’ਤੇ ਅਸਰ ਪੈਂਦਾ ਹੈ। ਇਹ ਸੱਦਾ ਸਾਰਿਆਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਖ਼ਜ਼ਾਨਾ ਖੋਜਣ ਵਾਲੇ ਨੂੰ ਜੋ ਇਨਾਮ ਮਿਲੇਗਾ, ਉਹ ਦੁਨੀਆਂ ਦੇ ਕਿਸੇ ਵੀ ਖ਼ਜ਼ਾਨੇ ਨਾਲੋਂ ਕਿਤੇ ਕੀਮਤੀ ਹੋਵੇਗਾ!—ਕਹਾਉਤਾਂ 2:1-6 ਪੜ੍ਹੋ।

3. ਉਨ੍ਹਾਂ ਖ਼ਜ਼ਾਨਿਆਂ ਤੋਂ ਸਾਨੂੰ ਕੀ ਲਾਭ ਹੋ ਸਕਦਾ ਹੈ ਜਿਹੜੇ ਯਹੋਵਾਹ ਆਪਣੇ ਭਗਤਾਂ ਨੂੰ ਖੋਜਣ ਲਈ ਕਹਿੰਦਾ ਹੈ?

3 ਉਨ੍ਹਾਂ ਖ਼ਜ਼ਾਨਿਆਂ ਦੀ ਅਹਿਮੀਅਤ ਉੱਤੇ ਗੌਰ ਕਰੋ ਜੋ ਯਹੋਵਾਹ ਆਪਣੇ ਭਗਤਾਂ ਨੂੰ ਖੋਜਣ ਲਈ ਕਹਿੰਦਾ ਹੈ। ਉਨ੍ਹਾਂ ਖ਼ਜ਼ਾਨਿਆਂ ਵਿਚ ਇਕ ਹੈ “ਯਹੋਵਾਹ ਦਾ ਭੈ” ਜੋ ਅੱਜ ਮੁਸ਼ਕਲ ਸਮਿਆਂ ਵਿਚ ਸਾਡੀ ਰਾਖੀ ਕਰ ਸਕਦਾ ਹੈ। (ਜ਼ਬੂ. 19:9) ‘ਪਰਮੇਸ਼ੁਰ ਦਾ ਗਿਆਨ’ ਪ੍ਰਾਪਤ ਕਰ ਕੇ ਅਸੀਂ ਸਭ ਤੋਂ ਵੱਡਾ ਸਨਮਾਨ ਪਾ ਸਕਦੇ ਹਾਂ ਜੋ ਕਿਸੇ ਵੀ ਇਨਸਾਨ ਨੂੰ ਮਿਲ ਸਕਦਾ ਹੈ। ਉਹ ਹੈ ਸਰਬਸ਼ਕਤੀਮਾਨ ਪਰਮੇਸ਼ੁਰ ਨਾਲ ਕਰੀਬੀ ਰਿਸ਼ਤਾ! ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਸਾਨੂੰ ਬੁੱਧ, ਗਿਆਨ ਅਤੇ ਸਮਝ ਦੇ ਖ਼ਜ਼ਾਨੇ ਦਿੱਤੇ ਹਨ ਜਿਨ੍ਹਾਂ ਸਦਕਾ ਅਸੀਂ ਰੋਜ਼ਾਨਾ ਜ਼ਿੰਦਗੀ ਦੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਨਾਲ ਸਿੱਝ ਸਕਦੇ ਹਾਂ। (ਕਹਾ. 9:10, 11) ਪਰ ਅਸੀਂ ਅਜਿਹੇ ਬੇਸ਼ਕੀਮਤੀ ਖ਼ਜ਼ਾਨੇ ਕਿਵੇਂ ਲੱਭ ਸਕਦੇ ਹਾਂ?

ਪਰਮੇਸ਼ੁਰ ਦੇ ਖ਼ਜ਼ਾਨੇ ਲੱਭਣੇ

4. ਅਸੀਂ ਉਹ ਖ਼ਜ਼ਾਨੇ ਕਿਵੇਂ ਲੱਭ ਸਕਦੇ ਹਾਂ ਜੋ ਪਰਮੇਸ਼ੁਰ ਨੇ ਸਾਨੂੰ ਦੇਣ ਦਾ ਵਾਅਦਾ ਕੀਤਾ ਹੈ?

4 ਪੁਰਾਤੱਤਵ-ਵਿਗਿਆਨੀਆਂ ਤੇ ਹੋਰ ਖੋਜਕਾਰਾਂ ਨੂੰ ਅਕਸਰ ਦੂਰ-ਦੂਰ ਜਾ ਕੇ ਖ਼ਜ਼ਾਨਿਆਂ ਦੀ ਭਾਲ ਕਰਨੀ ਪੈਂਦੀ ਹੈ। ਪਰ ਸਾਨੂੰ ਪਤਾ ਹੈ ਕਿ ਪਰਮੇਸ਼ੁਰ ਦੇ ਖ਼ਜ਼ਾਨਿਆਂ ਨੂੰ ਕਿੱਥੇ ਲੱਭਣਾ ਹੈ। ਪਰਮੇਸ਼ੁਰ ਦਾ ਬਚਨ ਉਸ ਨਕਸ਼ੇ ਦੀ ਤਰ੍ਹਾਂ ਹੈ ਜੋ ਸਾਨੂੰ ਖ਼ਜ਼ਾਨੇ ਤਕ ਲਿਜਾ ਸਕਦਾ ਹੈ। ਇਹ ਸਾਨੂੰ ਐਨ ਸਹੀ-ਸਹੀ ਦੱਸਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਉਹ ਖ਼ਜ਼ਾਨੇ ਕਿੱਥੇ ਲੱਭ ਸਕਦੇ ਹਾਂ ਜੋ ਉਸ ਨੇ ਸਾਨੂੰ ਦੇਣ ਦਾ ਵਾਅਦਾ ਕੀਤਾ ਹੈ। ਮਸੀਹ ਬਾਰੇ ਗੱਲ ਕਰਦੇ ਹੋਏ ਪੌਲੁਸ ਰਸੂਲ ਨੇ ਲਿਖਿਆ: ‘ਉਹ ਦੇ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖ਼ਜ਼ਾਨੇ ਗੁਪਤ ਹਨ।’ (ਕੁਲੁ. 2:3) ਇਨ੍ਹਾਂ ਸ਼ਬਦਾਂ ਨੂੰ ਪੜ੍ਹਦਿਆਂ ਅਸੀਂ ਆਪਣੇ ਤੋਂ ਪੁੱਛ ਸਕਦੇ ਹਾਂ: ‘ਸਾਨੂੰ ਇਨ੍ਹਾਂ ਖ਼ਜ਼ਾਨਿਆਂ ਦੀ ਕਿਉਂ ਖੋਜ ਕਰਨੀ ਚਾਹੀਦੀ ਹੈ? ਇਹ ਖ਼ਜ਼ਾਨੇ ਕਿਵੇਂ ਮਸੀਹ ਵਿਚ “ਗੁਪਤ” ਹਨ? ਅਤੇ ਅਸੀਂ ਇਨ੍ਹਾਂ ਨੂੰ ਕਿਵੇਂ ਲੱਭ ਸਕਦੇ ਹਾਂ?’ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਆਓ ਆਪਾਂ ਪੌਲੁਸ ਰਸੂਲ ਦੇ ਸ਼ਬਦਾਂ ਨੂੰ ਡੂੰਘਾਈ ਨਾਲ ਜਾਂਚੀਏ।

5. ਪੌਲੁਸ ਕੁਲੁੱਸੀਆਂ ਨੂੰ ਪਰਮੇਸ਼ੁਰ ਦੇ ਖ਼ਜ਼ਾਨਿਆਂ ਬਾਰੇ ਕਿਉਂ ਲਿਖ ਰਿਹਾ ਸੀ?

5 ਪੌਲੁਸ ਨੇ ਇਹ ਸ਼ਬਦ ਕੁਲੁੱਸੈ ਵਿਚ ਰਹਿੰਦੇ ਮਸੀਹੀਆਂ ਨੂੰ ਲਿਖੇ ਸਨ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਖ਼ਾਤਰ ਸੰਘਰਸ਼ ਕਰ ਰਿਹਾ ਸੀ ਤਾਂਕਿ ‘ਉਨ੍ਹਾਂ ਦੇ ਦਿਲਾਂ ਨੂੰ ਤਸੱਲੀ ਮਿਲੇ ਅਤੇ ਓਹ ਪ੍ਰੇਮ ਵਿਚ ਗੁੰਦੇ ਰਹਿਣ।’ (ਕੁਲੁੱਸੀਆਂ 2:1, 2 ਪੜ੍ਹੋ।) ਪੌਲੁਸ ਨੂੰ ਉਨ੍ਹਾਂ ਮਸੀਹੀਆਂ ਦੀ ਇੰਨੀ ਚਿੰਤਾ ਕਿਉਂ ਸੀ? ਪੌਲੁਸ ਨੂੰ ਪਤਾ ਸੀ ਕਿ ਭੈਣਾਂ-ਭਰਾਵਾਂ ਉੱਤੇ ਕਲੀਸਿਯਾ ਦੇ ਕੁਝ ਭਰਾਵਾਂ ਦਾ ਪ੍ਰਭਾਵ ਪੈ ਰਿਹਾ ਸੀ ਜੋ ਯੂਨਾਨੀ ਫ਼ਲਸਫ਼ੇ ਫੈਲਾ ਰਹੇ ਸਨ ਜਾਂ ਫਿਰ ਕਹਿ ਰਹੇ ਸਨ ਕਿ ਮੂਸਾ ਦੀ ਬਿਵਸਥਾ ਦੀ ਪਾਲਣਾ ਕਰਨੀ ਜ਼ਰੂਰੀ ਸੀ। ਇਸ ਲਈ ਉਸ ਨੇ ਭਰਾਵਾਂ ਨੂੰ ਖ਼ਬਰਦਾਰ ਕੀਤਾ: “ਵੇਖਣਾ ਕਿਤੇ ਕੋਈ ਆਪਣੀ ਫ਼ੈਲਸੂਫ਼ੀ ਅਤੇ ਲਾਗ ਲਪੇਟ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ।”—ਕੁਲੁ. 2:8.

6. ਸਾਨੂੰ ਕਿਉਂ ਪੌਲੁਸ ਦੀ ਸਲਾਹ ਨੂੰ ਸਮਝਣ ਤੇ ਮੰਨਣ ਦੀ ਲੋੜ ਹੈ?

6 ਅੱਜ ਸਾਡੇ ’ਤੇ ਵੀ ਸ਼ਤਾਨ ਅਤੇ ਉਸ ਦੀ ਦੁਨੀਆਂ ਉਹੋ ਜਿਹਾ ਪ੍ਰਭਾਵ ਪਾ ਰਹੀ ਹੈ। ਮਿਸਾਲ ਲਈ, ਲੋਕਾਂ ਦੀ ਸੋਚ, ਕਦਰਾਂ-ਕੀਮਤਾਂ, ਟੀਚਿਆਂ ਅਤੇ ਜੀਵਨ-ਸ਼ੈਲੀ ਉੱਤੇ ਦੁਨਿਆਵੀ ਫ਼ਲਸਫ਼ਾ, ਮਨੁੱਖੀ ਵਿਚਾਰਧਾਰਾ ਅਤੇ ਕ੍ਰਮ-ਵਿਕਾਸ (evolution) ਦੀ ਥਿਊਰੀ ਦਾ ਅਸਰ ਪੈਂਦਾ ਹੈ। ਕਈ ਪ੍ਰਸਿੱਧ ਤਿਉਹਾਰਾਂ ਵਿਚ ਝੂਠੇ ਧਰਮ ਅਹਿਮ ਭੂਮਿਕਾ ਨਿਭਾਉਂਦੇ ਹਨ। ਕਈ ਟੀ. ਵੀ. ਸ਼ੋਅ, ਫ਼ਿਲਮਾਂ, ਸੰਗੀਤ ਤੇ ਹੋਰ ਮਨੋਰੰਜਨ ਗ਼ਲਤ ਇੱਛਾਵਾਂ ਨੂੰ ਭੜਕਾਉਂਦਾ ਹੈ। ਇਸ ਤੋਂ ਇਲਾਵਾ, ਇੰਟਰਨੈੱਟ ’ਤੇ ਜ਼ਿਆਦਾਤਰ ਸਾਮੱਗਰੀ ਛੋਟੇ-ਵੱਡਿਆਂ ਲਈ ਖ਼ਤਰਾ ਬਣੀ ਹੋਈ ਹੈ। ਜੇ ਅਸੀਂ ਲਗਾਤਾਰ ਇਨ੍ਹਾਂ ਚੀਜ਼ਾਂ ਅਤੇ ਦੁਨੀਆਂ ਦੇ ਚਲਣ ’ਤੇ ਆਪਣਾ ਮਨ ਲਾਉਂਦੇ ਰਹੀਏ, ਤਾਂ ਹੌਲੀ-ਹੌਲੀ ਸਾਡੇ ਜਜ਼ਬਾਤਾਂ ਅਤੇ ਰਵੱਈਏ ’ਤੇ ਨੁਕਸਾਨਦੇਹ ਅਸਰ ਪੈ ਸਕਦਾ ਹੈ ਜਿਸ ਕਰਕੇ ਅਸੀਂ ਯਹੋਵਾਹ ਦੀ ਸੇਧ ਨੂੰ ਠੁਕਰਾ ਸਕਦੇ ਹਾਂ ਅਤੇ ਅਸਲ ਜੀਵਨ ’ਤੇ ਸਾਡੀ ਪਕੜ ਢਿੱਲੀ ਪੈ ਸਕਦੀ ਹੈ। (1 ਤਿਮੋਥਿਉਸ 6:17-19 ਪੜ੍ਹੋ।) ਇਸ ਲਈ ਜੇ ਅਸੀਂ ਸ਼ਤਾਨ ਦੀਆਂ ਚਾਲਾਂ ਵਿਚ ਫਸਣਾ ਨਹੀਂ ਚਾਹੁੰਦੇ, ਤਾਂ ਸਾਨੂੰ ਕੁਲੁੱਸੀਆਂ ਨੂੰ ਦਿੱਤੀ ਪੌਲੁਸ ਦੀ ਸਲਾਹ ਨੂੰ ਸਮਝਣ ਅਤੇ ਇਸ ਉੱਤੇ ਚੱਲਣ ਦੀ ਲੋੜ ਹੈ।

7. ਪੌਲੁਸ ਨੇ ਕਿਹੜੀਆਂ ਦੋ ਗੱਲਾਂ ਦੱਸੀਆਂ ਜਿਨ੍ਹਾਂ ਤੋਂ ਕੁਲੁੱਸੀਆਂ ਨੂੰ ਮਦਦ ਮਿਲਣੀ ਸੀ?

7 ਆਓ ਆਪਾਂ ਫਿਰ ਤੋਂ ਕੁਲੁੱਸੀਆਂ ਨੂੰ ਲਿਖੇ ਪੌਲੁਸ ਦੇ ਸ਼ਬਦਾਂ ’ਤੇ ਮੁੜ ਗੌਰ ਕਰੀਏ। ਉਨ੍ਹਾਂ ਵਾਸਤੇ ਚਿੰਤਾ ਜ਼ਾਹਰ ਕਰਨ ਤੋਂ ਬਾਅਦ, ਪੌਲੁਸ ਨੇ ਦੋ ਗੱਲਾਂ ’ਤੇ ਉਨ੍ਹਾਂ ਦਾ ਧਿਆਨ ਖਿੱਚਿਆ ਜਿਨ੍ਹਾਂ ਸਦਕਾ ਉਹ ਤਸੱਲੀ ਪਾ ਸਕਦੇ ਸਨ ਅਤੇ ਪਿਆਰ ਨਾਲ ਰਹਿ ਸਕਦੇ ਸਨ। ਪਹਿਲੀ ਗੱਲ, ਪੌਲੁਸ ਨੇ ਉਨ੍ਹਾਂ ਦਾ ਧਿਆਨ “ਸਮਝ ਦੀ ਪੂਰੀ ਨਿਹਚਾ” ਉੱਤੇ ਖਿੱਚਿਆ। ਕੁਲੁੱਸੀਆਂ ਨੂੰ ਪੂਰਾ ਭਰੋਸਾ ਹੋਣਾ ਚਾਹੀਦਾ ਸੀ ਕਿ ਉਹ ਸ਼ਾਸਤਰਾਂ ਨੂੰ ਸਹੀ-ਸਹੀ ਸਮਝਦੇ ਸਨ। ਇਸ ਤਰ੍ਹਾਂ ਉਨ੍ਹਾਂ ਦੀ ਨਿਹਚਾ ਪੱਕੀ ਨੀਂਹ ’ਤੇ ਆਧਾਰਿਤ ਹੋਣੀ ਸੀ। (ਇਬ. 11:1) ਫਿਰ ਪੌਲੁਸ ਨੇ “ਪਰਮੇਸ਼ੁਰ ਦੇ ਭੇਤ” ਨੂੰ ਜਾਣਨ ਦੀ ਗੱਲ ਕੀਤੀ। ਕਹਿਣ ਦਾ ਭਾਵ ਕਿ ਉਨ੍ਹਾਂ ਨੇ ਸੱਚਾਈ ਦੀਆਂ ਬੁਨਿਆਦੀ ਗੱਲਾਂ ’ਤੇ ਹੀ ਨਹੀਂ ਅਟਕੇ ਰਹਿਣਾ ਸੀ, ਸਗੋਂ ਪਰਮੇਸ਼ੁਰ ਦੀਆਂ ਡੂੰਘੀਆਂ ਗੱਲਾਂ ਨੂੰ ਵੀ ਸਾਫ਼-ਸਾਫ਼ ਸਮਝਣਾ ਸੀ। (ਇਬ. 5:13, 14) ਵਾਕਈ, ਕੁਲੁੱਸੈ ਦੇ ਮਸੀਹੀਆਂ ਅਤੇ ਅੱਜ ਸਾਡੇ ਵਾਸਤੇ ਕਿੰਨੀ ਚੰਗੀ ਸਲਾਹ! ਪਰ ਅਸੀਂ ਤਸੱਲੀ ਅਤੇ ਸਹੀ ਗਿਆਨ ਕਿੱਦਾਂ ਪਾ ਸਕਦੇ ਹਾਂ? ਪੌਲੁਸ ਨੇ ਇਸ ਦਾ ਰਾਜ਼ ਦੱਸਿਆ: ‘ਮਸੀਹ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖ਼ਜ਼ਾਨੇ ਗੁਪਤ ਹਨ।’

ਮਸੀਹ ਵਿਚਗੁਪਤਖ਼ਜ਼ਾਨੇ

8. ‘ਮਸੀਹ ਵਿੱਚ ਗੁਪਤ’ ਸ਼ਬਦਾਂ ਦਾ ਮਤਲਬ ਸਮਝਾਓ।

8 ਮਸੀਹ ਵਿਚ ਬੁੱਧ ਤੇ ਗਿਆਨ ਦੇ ਸਾਰੇ ਖ਼ਜ਼ਾਨੇ “ਗੁਪਤ” ਹੋਣ ਦਾ ਇਹ ਮਤਲਬ ਨਹੀਂ ਹੈ ਕਿ ਕੋਈ ਉਨ੍ਹਾਂ ਤਕ ਪਹੁੰਚ ਨਹੀਂ ਸਕਦਾ। ਇਸ ਦਾ ਮਤਲਬ ਹੈ ਕਿ ਉਹ ਖ਼ਜ਼ਾਨੇ ਲੱਭਣ ਲਈ ਸਾਨੂੰ ਜੀ-ਤੋੜ ਮਿਹਨਤ ਕਰਨ ਅਤੇ ਆਪਣਾ ਧਿਆਨ ਯਿਸੂ ਮਸੀਹ ’ਤੇ ਲਾਉਣ ਦੀ ਲੋੜ ਹੈ। ਇਹ ਉਸ ਗੱਲ ਅਨੁਸਾਰ ਹੈ ਜੋ ਯਿਸੂ ਨੇ ਆਪਣੇ ਬਾਰੇ ਕਹੀ ਸੀ: “ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ।” (ਯੂਹੰ. 14:6) ਜੀ ਹਾਂ, ਪਰਮੇਸ਼ੁਰ ਦੇ ਗਿਆਨ ਨੂੰ ਪਾਉਣ ਲਈ ਸਾਨੂੰ ਯਿਸੂ ਦੀ ਮਦਦ ਤੇ ਸੇਧ ਲੈਣ ਦੀ ਲੋੜ ਹੈ।

9. ਯਿਸੂ ਕਿਹੜੇ ਰੋਲ ਅਦਾ ਕਰਦਾ ਹੈ?

9 “ਰਾਹ” ਹੋਣ ਤੋਂ ਇਲਾਵਾ, ਯਿਸੂ ਨੇ ਕਿਹਾ ਕਿ ਉਹ “ਸਚਿਆਈ ਅਤੇ ਜੀਉਣ” ਵੀ ਹੈ। ਇਸ ਤੋਂ ਜ਼ਾਹਰ ਹੈ ਕਿ ਯਿਸੂ ਸਿਰਫ਼ ਪਿਤਾ ਤਕ ਪਹੁੰਚਣ ਦਾ ਰਾਹ ਹੀ ਨਹੀਂ ਹੈ, ਸਗੋਂ ਉਹ ਬਾਈਬਲ ਦੀ ਸੱਚਾਈ ਨੂੰ ਸਮਝਣ ਤੇ ਸਦਾ ਦੀ ਜ਼ਿੰਦਗੀ ਪਾਉਣ ਵਿਚ ਅਹਿਮ ਭੂਮਿਕਾ ਅਦਾ ਕਰਦਾ ਹੈ। ਤਾਂ ਫਿਰ ਅਸੀਂ ਦੇਖ ਸਕਦੇ ਹਾਂ ਕਿ ਯਿਸੂ ਵਿਚ ਬਹੁਮੁੱਲੇ ਖ਼ਜ਼ਾਨੇ ਗੁਪਤ ਹਨ ਜਿਨ੍ਹਾਂ ਨੂੰ ਉਹੀ ਲੋਕ ਲੱਭ ਸਕਦੇ ਹਨ ਜਿਹੜੇ ਡੂੰਘਾਈ ਨਾਲ ਬਾਈਬਲ ਦਾ ਅਧਿਐਨ ਕਰਨਗੇ। ਆਓ ਆਪਾਂ ਕੁਝ ਖ਼ਜ਼ਾਨਿਆਂ ਦੀ ਜਾਂਚ ਕਰੀਏ ਜੋ ਸਾਡੇ ਭਵਿੱਖ ਅਤੇ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ’ਤੇ ਅਸਰ ਕਰਦੇ ਹਨ।

10. ਕੁਲੁੱਸੀਆਂ 1:19 ਅਤੇ 2:9 ਤੋਂ ਅਸੀਂ ਯਿਸੂ ਬਾਰੇ ਕੀ ਸਿੱਖ ਸਕਦੇ ਹਾਂ?

10“ਕਿਉਂ ਜੋ ਪਰਮੇਸ਼ੁਰਤਾਈ ਦੀ ਸਾਰੀ ਭਰਪੂਰੀ ਉਸੇ ਵਿੱਚ ਦੇਹ ਧਾਰੀ ਹੋ ਕੇ ਵੱਸਦੀ ਹੈ।” (ਕੁਲੁ. 1:19; 2:9) ਯੁਗਾਂ ਤੋਂ ਹੀ ਯਹੋਵਾਹ ਦੇ ਨਾਲ ਹੋਣ ਕਰਕੇ ਯਿਸੂ ਜਿੰਨੀ ਚੰਗੀ ਤਰ੍ਹਾਂ ਪਰਮੇਸ਼ੁਰ ਦੀ ਸ਼ਖ਼ਸੀਅਤ ਅਤੇ ਮਰਜ਼ੀ ਬਾਰੇ ਜਾਣਦਾ ਹੈ, ਉੱਨਾ ਕੋਈ ਹੋਰ ਨਹੀਂ ਜਾਣਦਾ। ਆਪਣੀ ਸੇਵਕਾਈ ਦੌਰਾਨ ਯਿਸੂ ਨੇ ਲੋਕਾਂ ਨੂੰ ਉਹ ਸਾਰੀਆਂ ਗੱਲਾਂ ਸਿਖਾਈਆਂ ਜੋ ਉਸ ਨੇ ਆਪਣੇ ਪਿਤਾ ਕੋਲੋਂ ਸਿੱਖੀਆਂ ਸਨ। ਇਸ ਤੋਂ ਇਲਾਵਾ, ਉਸ ਨੇ ਆਪਣੇ ਕੰਮਾਂ ਵਿਚ ਉਹ ਸਾਰੇ ਗੁਣ ਜ਼ਾਹਰ ਕੀਤੇ ਜੋ ਉਸ ਦੇ ਪਿਤਾ ਯਹੋਵਾਹ ਨੇ ਉਸ ਵਿਚ ਪਾਏ ਸਨ। ਇਸ ਲਈ ਯਿਸੂ ਕਹਿ ਸਕਿਆ: “ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ।” (ਯੂਹੰ. 14:9) ਹਾਂ, ਪਰਮੇਸ਼ੁਰ ਦੀ ਸਾਰੀ ਬੁੱਧ ਅਤੇ ਗਿਆਨ ਯਿਸੂ ਮਸੀਹ ਵਿਚ ਗੁਪਤ ਜਾਂ ਵੱਸਦਾ ਹੈ। ਯਿਸੂ ਤੋਂ ਸਿਵਾਇ ਯਹੋਵਾਹ ਬਾਰੇ ਜਾਣਨ ਦਾ ਹੋਰ ਕੋਈ ਬਿਹਤਰ ਜ਼ਰੀਆ ਨਹੀਂ ਹੈ। ਯਿਸੂ ਬਾਰੇ ਧਿਆਨ ਨਾਲ ਜਾਣ ਕੇ ਹੀ ਅਸੀਂ ਯਹੋਵਾਹ ਬਾਰੇ ਜਾਣ ਸਕਦੇ ਹਾਂ।

11. ਬਾਈਬਲ ਭਵਿੱਖਬਾਣੀਆਂ ਦਾ ਯਿਸੂ ਨਾਲ ਕੀ ਸੰਬੰਧ ਹੈ?

11“ਯਿਸੂ ਦੀ ਗਵਾਹੀ ਤਾਂ ਅਗੰਮ ਵਾਕ ਦੀ ਰੂਹ ਹੈ।” (ਪਰ. 19:10) ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਵਿਚਲੀਆਂ ਕਈ ਭਵਿੱਖਬਾਣੀਆਂ ਯਿਸੂ ’ਤੇ ਹੀ ਪੂਰੀਆਂ ਹੋਈਆਂ ਅਤੇ ਹੋਣੀਆਂ ਹਨ। ਉਤਪਤ 3:15 ਵਿਚ ਦਰਜ ਪਹਿਲੀ ਭਵਿੱਖਬਾਣੀ ਤੋਂ ਲੈ ਕੇ ਪਰਕਾਸ਼ ਦੀ ਪੋਥੀ ਦੇ ਸ਼ਾਨਦਾਰ ਦਰਸ਼ਣਾਂ ਨੂੰ ਸਹੀ-ਸਹੀ ਤਾਂ ਹੀ ਸਮਝਿਆ ਜਾ ਸਕਦਾ ਹੈ ਜੇ ਅਸੀਂ ਪਰਮੇਸ਼ੁਰ ਦੇ ਰਾਜ ਸੰਬੰਧੀ ਯਿਸੂ ਦੀ ਅਹਿਮ ਭੂਮਿਕਾ ਸਮਝਾਂਗੇ। ਇਸ ਲਈ ਜਿਹੜੇ ਲੋਕ ਨਹੀਂ ਮੰਨਦੇ ਕਿ ਯਿਸੂ ਹੀ ਵਾਅਦਾ ਕੀਤਾ ਹੋਇਆ ਮਸੀਹਾ ਹੈ, ਉਨ੍ਹਾਂ ਨੂੰ ਇਬਰਾਨੀ ਸ਼ਾਸਤਰ ਵਿਚ ਦੱਸੀਆਂ ਕਈ ਭਵਿੱਖਬਾਣੀਆਂ ਸਮਝ ਨਹੀਂ ਆਉਂਦੀਆਂ। ਇਸ ਤੋਂ ਇਲਾਵਾ, ਜਿਹੜੇ ਲੋਕ ਇਬਰਾਨੀ ਸ਼ਾਸਤਰ—ਜਿਸ ਵਿਚ ਮਸੀਹ ਬਾਰੇ ਕਈ ਭਵਿੱਖਬਾਣੀਆਂ ਦਰਜ ਹਨ—ਨੂੰ ਕੋਈ ਅਹਿਮੀਅਤ ਨਹੀਂ ਦਿੰਦੇ, ਉਨ੍ਹਾਂ ਦੀਆਂ ਨਜ਼ਰਾਂ ਵਿਚ ਯਿਸੂ ਇਕ ਮਹਾਨ ਇਨਸਾਨ ਤੋਂ ਸਿਵਾਇ ਹੋਰ ਕੁਝ ਨਹੀਂ ਹੈ। ਯਿਸੂ ਬਾਰੇ ਗਿਆਨ ਲੈ ਕੇ ਹੀ ਅਸੀਂ ਬਾਈਬਲ ਦੀਆਂ ਉਹ ਭਵਿੱਖਬਾਣੀਆਂ ਸਮਝ ਸਕਦੇ ਹਾਂ ਜੋ ਅਜੇ ਪੂਰੀਆਂ ਹੋਣੀਆਂ ਹਨ।—2 ਕੁਰਿੰ. 1:20.

12, 13. (ੳ) ਯਿਸੂ ਕਿਵੇਂ “ਜਗਤ ਦਾ ਚਾਨਣ” ਹੈ? (ਅ) ਧਾਰਮਿਕ ਹਨੇਰੇ ਵਿੱਚੋਂ ਬਾਹਰ ਆ ਕੇ ਮਸੀਹੀਆਂ ਦਾ ਕੀ ਫ਼ਰਜ਼ ਬਣਦਾ ਹੈ?

12“ਮੈਂ ਜਗਤ ਦਾ ਚਾਨਣ ਹਾਂ।” (ਯੂਹੰਨਾ 8:12; 9:5 ਪੜ੍ਹੋ।) ਧਰਤੀ ’ਤੇ ਯਿਸੂ ਦੇ ਜਨਮ ਤੋਂ ਕਾਫ਼ੀ ਚਿਰ ਪਹਿਲਾਂ ਯਸਾਯਾਹ ਨਬੀ ਨੇ ਭਵਿੱਖਬਾਣੀ ਕੀਤੀ ਸੀ: “ਜਿਹੜੇ ਲੋਕ ਅਨ੍ਹੇਰੇ ਵਿੱਚ ਚੱਲਦੇ ਸਨ, ਓਹਨਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਸਾਯੇ ਦੇ ਦੇਸ ਵਿੱਚ ਵੱਸਦੇ ਸਨ, ਓਹਨਾਂ ਉੱਤੇ ਚਾਨਣ ਚਮਕਿਆ।” (ਯਸਾ. 9:2) ਮੱਤੀ ਰਸੂਲ ਨੇ ਸਮਝਾਇਆ ਕਿ ਇਹ ਭਵਿੱਖਬਾਣੀ ਯਿਸੂ ’ਤੇ ਉਦੋਂ ਪੂਰੀ ਹੋਈ ਜਦੋਂ ਉਸ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਅਤੇ ਕਿਹਾ: “ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ।” (ਮੱਤੀ 4:16, 17) ਯਿਸੂ ਦੇ ਪ੍ਰਚਾਰ ਕਰਕੇ ਲੋਕਾਂ ’ਤੇ ਪਰਮੇਸ਼ੁਰ ਦੇ ਗਿਆਨ ਦਾ ਚਾਨਣ ਹੋਇਆ ਅਤੇ ਉਨ੍ਹਾਂ ਨੂੰ ਝੂਠੀਆਂ ਧਾਰਮਿਕ ਸਿੱਖਿਆਵਾਂ ਦੀ ਗ਼ੁਲਾਮੀ ਤੋਂ ਆਜ਼ਾਦੀ ਮਿਲੀ। ਯਿਸੂ ਨੇ ਕਿਹਾ: “ਮੈਂ ਜਗਤ ਵਿੱਚ ਚਾਨਣ ਹੋ ਕੇ ਆਇਆ ਹਾਂ ਤਾਂ ਜੋ ਹਰ ਕੋਈ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਅਨ੍ਹੇਰੇ ਵਿੱਚ ਨਾ ਰਹੇ।”—ਯੂਹੰ. 1:3-5; 12:46.

13 ਕਈ ਸਾਲਾਂ ਬਾਅਦ ਪੌਲੁਸ ਰਸੂਲ ਨੇ ਭੈਣਾਂ-ਭਰਾਵਾਂ ਨੂੰ ਕਿਹਾ: “ਕਿਉਂ ਜੋ ਤੁਸੀਂ ਅੱਗੇ ਅਨ੍ਹੇਰਾ ਸਾਓ ਪਰ ਹੁਣ ਪ੍ਰਭੁ ਵਿੱਚ ਹੋ ਕੇ ਚਾਨਣ ਹੋ, ਤੁਸੀਂ ਚਾਨਣ ਦੇ ਪੁਤ੍ਰਾਂ ਵਾਂਙੁ ਚੱਲੋ।” (ਅਫ਼. 5:8) ਧਾਰਮਿਕ ਹਨੇਰੇ ਵਿੱਚੋਂ ਬਾਹਰ ਨਿਕਲ ਕੇ ਮਸੀਹੀਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਚਾਨਣ ਦੇ ਬੱਚਿਆਂ ਵਾਂਗ ਚੱਲਣ। ਇਹ ਗੱਲ ਪਹਾੜੀ ਉਪਦੇਸ਼ ਵਿਚ ਚੇਲਿਆਂ ਨੂੰ ਕਹੀ ਯਿਸੂ ਦੀ ਗੱਲ ਨਾਲ ਮੇਲ ਖਾਂਦੀ ਹੈ: “ਇਸੇ ਤਰਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।” (ਮੱਤੀ 5:16) ਕੀ ਤੁਸੀਂ ਯਿਸੂ ਵਿਚ ਗੁਪਤ ਖ਼ਜ਼ਾਨਿਆਂ ਨੂੰ ਲੱਭ ਕੇ ਇੰਨੇ ਖ਼ੁਸ਼ ਹੋ ਕਿ ਤੁਸੀਂ ਉਨ੍ਹਾਂ ਨੂੰ ਦੂਜਿਆਂ ਨਾਲ ਸਾਂਝਿਆਂ ਕੀਤੇ ਬਗੈਰ ਰਹਿ ਨਹੀਂ ਸਕਦੇ? ਤੁਸੀਂ ਆਪਣੀ ਕਹਿਣੀ ਅਤੇ ਆਪਣੇ ਚੰਗੇ ਚਾਲ-ਚਲਣ ਦੁਆਰਾ ਇਹ ਚਾਨਣ ਚਮਕਾਉਣਾ ਚਾਹੋਗੇ!

14, 15. (ੳ) ਪੁਰਾਣੇ ਜ਼ਮਾਨੇ ਵਿਚ ਭੇਡਾਂ ਤੇ ਹੋਰ ਜਾਨਵਰ ਸੱਚੀ ਭਗਤੀ ਦਾ ਹਿੱਸਾ ਕਿਵੇਂ ਸਨ? (ਅ) ‘ਪਰਮੇਸ਼ੁਰ ਦੇ ਲੇਲੇ’ ਵਜੋਂ ਯਿਸੂ ਕਿਵੇਂ ਬਹੁਮੁੱਲਾ ਖ਼ਜ਼ਾਨਾ ਹੈ?

14ਯਿਸੂ ‘ਪਰਮੇਸ਼ੁਰ ਦਾ ਲੇਲਾ ਹੈ।’ (ਯੂਹੰ. 1:29, 36) ਪੂਰੀ ਬਾਈਬਲ ਵਿਚ ਦੱਸਿਆ ਹੈ ਕਿ ਪਾਪਾਂ ਦੀ ਮਾਫ਼ੀ ਅਤੇ ਪਰਮੇਸ਼ੁਰ ਦੇ ਅੱਗੇ ਜਾਣ ਲਈ ਖ਼ਾਸਕਰ ਭੇਡ ਦੀ ਬਲੀ ਚੜ੍ਹਾਈ ਜਾਂਦੀ ਸੀ। ਮਿਸਾਲ ਲਈ, ਜਦੋਂ ਅਬਰਾਹਾਮ ਨੇ ਜ਼ਾਹਰ ਕਰ ਦਿੱਤਾ ਕਿ ਉਹ ਆਪਣੇ ਪੁੱਤਰ ਇਸਹਾਕ ਦੀ ਬਲੀ ਦੇਣ ਲਈ ਤਿਆਰ ਸੀ, ਤਾਂ ਯਹੋਵਾਹ ਨੇ ਉਸ ਨੂੰ ਕਿਹਾ ਕਿ ਉਹ ਇਸਹਾਕ ਦੀ ਬਲੀ ਨਾ ਚੜ੍ਹਾਵੇ। ਇਸ ਦੀ ਬਜਾਇ ਯਹੋਵਾਹ ਨੇ ਬਲੀ ਚੜ੍ਹਾਉਣ ਲਈ ਇਕ ਭੇਡੂ ਮੁਹੱਈਆ ਕੀਤਾ ਤਾਂਕਿ ਇਸਹਾਕ ਦੀ ਜਗ੍ਹਾ ਉਸ ਦੀ ਬਲੀ ਚੜ੍ਹਾਈ ਜਾ ਸਕੇ। (ਉਤ. 22:12, 13) ਜਦੋਂ ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਕੀਤਾ ਗਿਆ, ਤਾਂ ਇਕ ਵਾਰ ਫਿਰ “ਯਹੋਵਾਹ ਦਾ ਪਸਾਹ” ਮਨਾਉਣ ਵਿਚ ਭੇਡਾਂ ਦੀ ਅਹਿਮ ਭੂਮਿਕਾ ਰਹੀ। (ਕੂਚ 12:1-13) ਇਸ ਤੋਂ ਇਲਾਵਾ, ਮੂਸਾ ਦੀ ਬਿਵਸਥਾ ਵਿਚ ਹੋਰ ਵੱਖੋ-ਵੱਖਰੇ ਜਾਨਵਰਾਂ ਦੀਆਂ ਬਲੀਆਂ ਚੜ੍ਹਾਉਣ ਲਈ ਕਿਹਾ ਗਿਆ ਸੀ ਜਿਨ੍ਹਾਂ ਵਿਚ ਭੇਡਾਂ ਤੇ ਬੱਕਰੀਆਂ ਵੀ ਸ਼ਾਮਲ ਸਨ।—ਕੂਚ 29:38-42; ਲੇਵੀ. 5:6, 7.

15 ਦਰਅਸਲ ਇਨਸਾਨਾਂ ਦੁਆਰਾ ਚੜ੍ਹਾਈ ਗਈ ਕੋਈ ਵੀ ਬਲੀ ਪਾਪ ਤੇ ਮੌਤ ਤੋਂ ਹਮੇਸ਼ਾ ਲਈ ਛੁਟਕਾਰਾ ਨਹੀਂ ਦਿਲਾ ਸਕਦੀ ਸੀ। (ਇਬ. 10:1-4) ਪਰ ਯਿਸੂ ‘ਪਰਮੇਸ਼ੁਰ ਦਾ ਉਹ ਲੇਲਾ ਹੈ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!’ ਇਸੇ ਕਰਕੇ ਯਿਸੂ ਉਹ ਖ਼ਜ਼ਾਨਾ ਹੈ ਜੋ ਦੁਨੀਆਂ ਦੇ ਕਿਸੇ ਵੀ ਖ਼ਜ਼ਾਨੇ ਤੋਂ ਕਿਤੇ ਬਹੁਮੁੱਲਾ ਹੈ। ਇਸ ਲਈ ਚੰਗਾ ਹੋਵੇਗਾ ਕਿ ਅਸੀਂ ਯਿਸੂ ਦੀ ਕੁਰਬਾਨੀ ਬਾਰੇ ਡੂੰਘਾਈ ਨਾਲ ਪੜ੍ਹਨ ਲਈ ਸਮਾਂ ਕੱਢੀਏ ਅਤੇ ਇਸ ਕੁਰਬਾਨੀ ’ਤੇ ਨਿਹਚਾ ਕਰੀਏ। ਇਸ ਤਰ੍ਹਾਂ ਕਰਨ ਨਾਲ ਸਾਨੂੰ ਭਵਿੱਖ ਵਿਚ ਸ਼ਾਨਦਾਰ ਬਰਕਤਾਂ ਅਤੇ ਇਨਾਮ ਮਿਲੇਗਾ। ‘ਛੋਟੇ ਝੁੰਡ’ ਦੇ ਮਸੀਹੀਆਂ ਨੂੰ ਸਵਰਗ ਵਿਚ ਮਸੀਹ ਨਾਲ ਮਹਿਮਾ ਅਤੇ ਆਦਰ ਮਿਲੇਗਾ ਅਤੇ ‘ਹੋਰ ਭੇਡਾਂ’ ਨੂੰ ਸੋਹਣੀ ਧਰਤੀ ’ਤੇ ਸਦਾ ਦੀ ਜ਼ਿੰਦਗੀ ਮਿਲੇਗੀ।—ਲੂਕਾ 12:32; ਯੂਹੰ. 6:40, 47; 10:16.

16, 17. ‘ਨਿਹਚਾ ਦੇ ਕਰਤੇ ਅਤੇ ਸੰਪੂਰਨ ਕਰਨ ਵਾਲੇ’ ਵਜੋਂ ਯਿਸੂ ਦੀ ਭੂਮਿਕਾ ਨੂੰ ਸਮਝਣਾ ਜ਼ਰੂਰੀ ਕਿਉਂ ਹੈ?

16ਯਿਸੂ “ਨਿਹਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ।” (ਇਬਰਾਨੀਆਂ 12:1, 2 ਪੜ੍ਹੋ।) ਇਬਰਾਨੀਆਂ ਦੇ 11ਵੇਂ ਅਧਿਆਏ ਵਿਚ ਪੌਲੁਸ ਨੇ ਨਿਹਚਾ ਬਾਰੇ ਜ਼ਬਰਦਸਤ ਚਰਚਾ ਕੀਤੀ ਜਿਸ ਵਿਚ ਉਸ ਨੇ ਨਿਹਚਾ ਦੀ ਪਰਿਭਾਸ਼ਾ ਦੇਣ ਦੇ ਨਾਲ-ਨਾਲ ਨਿਹਚਾਵਾਨ ਆਦਮੀਆਂ ਤੇ ਤੀਵੀਆਂ ਦੀ ਸੂਚੀ ਵੀ ਦਿੱਤੀ, ਜਿਵੇਂ ਨੂਹ, ਅਬਰਾਹਾਮ, ਸਾਰਾਹ ਅਤੇ ਰਾਹਾਬ। ਇਸ ਸਭ ਕਾਸੇ ਨੂੰ ਧਿਆਨ ਵਿਚ ਰੱਖਦਿਆਂ, ਪੌਲੁਸ ਨੇ ਮਸੀਹੀਆਂ ਨੂੰ ਤਾਕੀਦ ਕੀਤੀ ਕਿ ਉਹ ‘ਯਿਸੂ ਦੀ ਵੱਲ ਤੱਕਦੇ ਰਹਿਣ ਜਿਹੜਾ ਨਿਹਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ।’ ਪਰ ਕਿਉਂ?

17ਇਬਰਾਨੀਆਂ 11 ਵਿਚ ਦੱਸੇ ਵਫ਼ਾਦਾਰ ਆਦਮੀਆਂ ਤੇ ਤੀਵੀਆਂ ਨੂੰ ਪੱਕੀ ਨਿਹਚਾ ਸੀ ਕਿ ਪਰਮੇਸ਼ੁਰ ਆਪਣਾ ਵਾਅਦਾ ਪੂਰਾ ਕਰੇਗਾ। ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਪਰਮੇਸ਼ੁਰ ਆਪਣਾ ਵਾਅਦਾ ਮਸੀਹਾ ਅਤੇ ਉਸ ਦੇ ਰਾਜ ਦੇ ਜ਼ਰੀਏ ਕਿਵੇਂ ਪੂਰਾ ਕਰੇਗਾ। ਇਸ ਅਰਥ ਵਿਚ ਉਨ੍ਹਾਂ ਦੀ ਨਿਹਚਾ ਅਧੂਰੀ ਸੀ। ਦਰਅਸਲ, ਜਿਨ੍ਹਾਂ ਆਦਮੀਆਂ ਨੂੰ ਯਹੋਵਾਹ ਨੇ ਮਸੀਹਾ ਬਾਰੇ ਕਈ ਭਵਿੱਖਬਾਣੀਆਂ ਲਿਖਣ ਲਈ ਵਰਤਿਆ ਸੀ, ਉਹ ਵੀ ਇਨ੍ਹਾਂ ਭਵਿੱਖਬਾਣੀਆਂ ਦਾ ਅਰਥ ਨਹੀਂ ਸਮਝ ਪਾਏ। (1 ਪਤ. 1:10-12) ਕੇਵਲ ਯਿਸੂ ਦੇ ਰਾਹੀਂ ਹੀ ਨਿਹਚਾ ਨੂੰ ਸੰਪੂਰਣ ਕੀਤਾ ਜਾ ਸਕਦਾ ਹੈ। ਸੋ ਕਿੰਨਾ ਜ਼ਰੂਰੀ ਹੈ ਕਿ ਅਸੀਂ ‘ਨਿਹਚਾ ਦੇ ਕਰਤੇ ਅਤੇ ਸੰਪੂਰਨ ਕਰਨ ਵਾਲੇ’ ਵਜੋਂ ਯਿਸੂ ਦੀ ਭੂਮਿਕਾ ਨੂੰ ਜਾਣੀਏ ਤੇ ਚੰਗੀ ਤਰ੍ਹਾਂ ਸਮਝੀਏ!

ਭਾਲਦੇ ਰਹੋ

18, 19. (ੳ) ਮਸੀਹ ਵਿਚ ਹੋਰ ਗੁਪਤ ਖ਼ਜ਼ਾਨਿਆਂ ਦੇ ਨਾਂ ਦੱਸੋ। (ਅ) ਸਾਨੂੰ ਪਰਮੇਸ਼ੁਰ ਦੇ ਖ਼ਜ਼ਾਨੇ ਭਾਲਦੇ ਰਹਿਣ ਲਈ ਯਿਸੂ ਵੱਲ ਕਿਉਂ ਤੱਕਣਾ ਚਾਹੀਦਾ ਹੈ?

18 ਮਨੁੱਖਜਾਤੀ ਨੂੰ ਬਚਾਉਣ ਬਾਰੇ ਪਰਮੇਸ਼ੁਰ ਦੇ ਮਕਸਦ ਵਿਚ ਅਸੀਂ ਯਿਸੂ ਦੀਆਂ ਕੁਝ ਹੀ ਅਹਿਮ ਭੂਮਿਕਾਵਾਂ ਬਾਰੇ ਦੇਖਿਆ ਹੈ। ਮਸੀਹ ਵਿਚ ਹੋਰ ਵੀ ਗੁਪਤ ਖ਼ਜ਼ਾਨੇ ਹਨ। ਉਨ੍ਹਾਂ ਨੂੰ ਲੱਭ ਕੇ ਸਾਨੂੰ ਖ਼ੁਸ਼ੀ ਹੋਵੇਗੀ ਤੇ ਫ਼ਾਇਦੇ ਹੋਣਗੇ। ਮਿਸਾਲ ਲਈ, ਪਤਰਸ ਰਸੂਲ ਨੇ ਯਿਸੂ ਨੂੰ ‘ਜੀਉਣ ਦਾ ਕਰਤਾ’ ਤੇ “ਦਿਨ ਦਾ ਤਾਰਾ” ਕਿਹਾ। (ਰਸੂ. 3:15; 5:31; 2 ਪਤ. 1:19) ਨਾਲੇ ਬਾਈਬਲ ਯਿਸੂ ਨੂੰ “ਆਮੀਨ” ਵੀ ਕਹਿੰਦੀ ਹੈ। (ਪਰ. 3:14) ਕੀ ਤੁਸੀਂ ਇਨ੍ਹਾਂ ਭੂਮਿਕਾਵਾਂ ਦਾ ਅਰਥ ਅਤੇ ਅਹਿਮੀਅਤ ਨੂੰ ਸਮਝਦੇ ਹੋ? ਯਿਸੂ ਨੇ ਕਿਹਾ: “ਢੂੰਢੋ ਤਾਂ ਤੁਹਾਨੂੰ ਲੱਭੇਗਾ।”—ਮੱਤੀ 7:7.

19 ਇਤਿਹਾਸ ਵਿਚ ਯਿਸੂ ਵਰਗਾ ਕੋਈ ਬੰਦਾ ਨਹੀਂ ਹੋਇਆ ਜਿਸ ਦੀ ਜ਼ਿੰਦਗੀ ਇੰਨੀ ਮਾਅਨੇ ਰੱਖਦੀ ਹੈ ਅਤੇ ਸਾਡੇ ਵਧੀਆ ਭਵਿੱਖ ਦੀ ਉਮੀਦ ਨਾਲ ਇੰਨੀ ਜੁੜੀ ਹੋਈ ਹੈ। ਉਸ ਵਿਚ ਅਜਿਹੇ ਖ਼ਜ਼ਾਨੇ ਹਨ ਜਿਨ੍ਹਾਂ ਨੂੰ ਉਹ ਹਰ ਇਨਸਾਨ ਲੱਭ ਸਕਦਾ ਹੈ ਜਿਹੜਾ ਦਿਲੋਂ ਉਨ੍ਹਾਂ ਨੂੰ ਭਾਲਦਾ ਹੈ। ਸਾਡੀ ਦੁਆ ਹੈ ਕਿ ਤੁਸੀਂ ਵੀ ‘ਉਸ ਵਿਚ ਗੁਪਤ’ ਖ਼ਜ਼ਾਨਿਆਂ ਨੂੰ ਭਾਲ ਕੇ ਖ਼ੁਸ਼ੀਆਂ ਤੇ ਬਰਕਤਾਂ ਪਾਓ।

ਕੀ ਤੁਹਾਨੂੰ ਯਾਦ ਹੈ?

• ਮਸੀਹੀਆਂ ਨੂੰ ਕਿਹੜੇ ਖ਼ਜ਼ਾਨਿਆਂ ਦੀ ਭਾਲ ਕਰਨ ਨੂੰ ਕਿਹਾ ਗਿਆ ਹੈ?

• ਕੁਲੁੱਸੀਆਂ ਨੂੰ ਦਿੱਤੀ ਪੌਲੁਸ ਦੀ ਸਲਾਹ ਅੱਜ ਸਾਡੇ ਲਈ ਢੁਕਵੀਂ ਕਿਉਂ ਹੈ?

• ਮਸੀਹ ਵਿਚ “ਗੁਪਤ” ਕੁਝ ਖ਼ਜ਼ਾਨਿਆਂ ਦੇ ਨਾਂ ਦੱਸੋ ਅਤੇ ਇਨ੍ਹਾਂ ਬਾਰੇ ਸਮਝਾਓ।

[ਸਵਾਲ]

[ਸਫ਼ਾ 5 ਉੱਤੇ ਤਸਵੀਰਾਂ]

ਬਾਈਬਲ ਉਸ ਨਕਸ਼ੇ ਦੀ ਤਰ੍ਹਾਂ ਹੈ ਜੋ ਸਾਨੂੰ ਮਸੀਹ ਵਿਚ “ਗੁਪਤ” ਖ਼ਜ਼ਾਨਿਆਂ ਤਕ ਲੈ ਜਾ ਸਕਦਾ ਹੈ