Skip to content

Skip to table of contents

ਦੂਰ-ਦੁਰੇਡੀਆਂ ਥਾਵਾਂ ’ਤੇ ਸੱਚਾਈ ਦੇ ਬੀ ਖਿੱਲਰ ਗਏ

ਦੂਰ-ਦੁਰੇਡੀਆਂ ਥਾਵਾਂ ’ਤੇ ਸੱਚਾਈ ਦੇ ਬੀ ਖਿੱਲਰ ਗਏ

ਦੂਰ-ਦੁਰੇਡੀਆਂ ਥਾਵਾਂ ’ਤੇ ਸੱਚਾਈ ਦੇ ਬੀ ਖਿੱਲਰ ਗਏ

ਰੂਸ ਵਿਚ ਟੂਵਾ ਗਣਰਾਜ ਸਾਇਬੇਰੀਆ ਦੇ ਧੁਰ ਦੱਖਣੀ ਕੰਢੇ ’ਤੇ ਸਥਿਤ ਹੈ। ਟੂਵਾ ਦੇ ਦੱਖਣੀ-ਪੱਛਮੀ ਹਿੱਸੇ ਵਿਚ ਮੰਗੋਲੀਆ ਹੈ। ਟੂਵਾ ਵਿਚ ਬਹੁਤ ਸਾਰੇ ਲੋਕ ਦੂਰ-ਦੁਰੇਡੇ ਪਿੰਡਾਂ ਵਿਚ ਰਹਿੰਦੇ ਹਨ ਜਿਨ੍ਹਾਂ ਤਕ ਰਾਜ ਦਾ ਸੰਦੇਸ਼ ਪਹੁੰਚਾਉਣਾ ਔਖਾ ਹੈ। ਪਰ ਕੁਝ ਸਮਾਂ ਪਹਿਲਾਂ ਟੂਵਾ ਦੇ ਆਲੇ-ਦੁਆਲੇ ਦੀਆਂ ਥਾਵਾਂ ਤੋਂ ਲੋਕਾਂ ਦਾ ਇਕ ਗਰੁੱਪ ਰਾਜਧਾਨੀ ਕਿਜ਼ੀਲ ਸੈਮੀਨਾਰ ਵਾਸਤੇ ਆਇਆ। ਕਿਜ਼ੀਲ ਵਿਚ ਰਹਿੰਦੀ ਇਕ ਪਾਇਨੀਅਰ ਮਰਿਯਾ ਨੂੰ ਉਨ੍ਹਾਂ ਲੋਕਾਂ ਦੇ ਆਉਣ ਦਾ ਪਤਾ ਲੱਗਾ। ਉਸ ਨੇ ਸੋਚਿਆ ਕਿ ਇਨ੍ਹਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਇਹੀ ਮੌਕਾ ਹੈ।

ਮਰਿਯਾ ਦੱਸਦੀ ਹੈ ਕਿ ਕੀ ਹੋਇਆ: “ਜਿਸ ਸਕੂਲ ਵਿਚ ਮੈਂ ਪੜ੍ਹਾਉਂਦੀ ਹਾਂ, ਉਸ ਸਕੂਲ ਨੇ ਸ਼ਰਾਬੀਆਂ ਅਤੇ ਨਸ਼ੇੜੀਆਂ ਦੇ ਇਲਾਜ ਸੰਬੰਧੀ ਇਕ ਸੈਮੀਨਾਰ ਦਾ ਇੰਤਜ਼ਾਮ ਕੀਤਾ। ਟੂਵਾ ਦੀਆਂ ਦੂਰ-ਦੁਰੇਡੀਆਂ ਥਾਵਾਂ ਤੋਂ ਤਕਰੀਬਨ 50 ਲੋਕਾਂ ਨੇ ਆਉਣਾ ਸੀ। ਉਨ੍ਹਾਂ ਵਿਚ ਅਧਿਆਪਕ, ਮਨੋ-ਵਿਗਿਆਨੀ, ਬਾਲ-ਭਲਾਈ ਅਫ਼ਸਰ ਤੇ ਹੋਰ ਇਹੋ ਜਿਹੇ ਲੋਕ ਸ਼ਾਮਲ ਸਨ।” ਮਰਿਯਾ ਵਾਸਤੇ ਇਨ੍ਹਾਂ ਲੋਕਾਂ ਨੂੰ ਗਵਾਹੀ ਦੇਣ ਦਾ ਇਹ ਚੰਗਾ ਮੌਕਾ ਸੀ, ਪਰ ਉਸ ਵਾਸਤੇ ਇੰਨਾ ਆਸਾਨ ਨਹੀਂ ਸੀ। ਉਹ ਦੱਸਦੀ ਹੈ: “ਮੈਂ ਸ਼ਰਮੀਲੇ ਸੁਭਾਅ ਦੀ ਹਾਂ ਤੇ ਮੈਨੂੰ ਇਸ ਤਰ੍ਹਾਂ ਗਵਾਹੀ ਦੇਣੀ ਔਖੀ ਲੱਗਦੀ ਹੈ। ਪਰ ਮੈਂ ਹਿੰਮਤ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਤਾਂਕਿ ਮੈਂ ਡਰਾਂ ਨਾ ਅਤੇ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਚੰਗੀ ਗਵਾਹੀ ਦੇਵਾਂ।” ਕੀ ਮਰਿਯਾ ਕਾਮਯਾਬ ਹੋਈ?

ਮਰਿਯਾ ਅੱਗੇ ਕਹਿੰਦੀ ਹੈ: “ਮੈਂ ਜਾਗਰੂਕ ਬਣੋ! ਰਸਾਲਾ ਲੱਭਿਆ ਜਿਸ ਵਿਚ ਫੋਬੀਆ ਬਾਰੇ ਗੱਲ ਕੀਤੀ ਗਈ ਹੈ। ਮੈਂ ਸੋਚਿਆ ਕਿ ‘ਇਹ ਵਿਸ਼ਾ ਮਨੋ-ਵਿਗਿਆਨੀ ਨੂੰ ਪਸੰਦ ਆਵੇਗਾ,’ ਇਸ ਲਈ ਮੈਂ ਰਸਾਲਾ ਸਕੂਲ ਲੈ ਗਈ। ਉਸ ਦਿਨ ਸੈਮੀਨਾਰ ਤੇ ਆਈ ਇਕ ਅਧਿਆਪਕ ਮੇਰੇ ਆਫ਼ਿਸ ਵਿਚ ਆਈ ਜਿਸ ਨੂੰ ਮੈਂ ਇਹ ਰਸਾਲਾ ਦਿੱਤਾ। ਉਸ ਨੇ ਖ਼ੁਸ਼ੀ-ਖ਼ੁਸ਼ੀ ਰਸਾਲਾ ਲੈ ਲਿਆ। ਉਸ ਨੇ ਕਿਹਾ ਕਿ ਉਹ ਖ਼ੁਦ ਫੋਬੀਆ ਦੀ ਸ਼ਿਕਾਰ ਹੈ। ਅਗਲੇ ਦਿਨ ਮੈਂ ਉਸ ਵਾਸਤੇ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ –ਭਾਗ 1 ਕਿਤਾਬ ਲੈ ਕੇ ਆਈ। ਉਸ ਨੇ ਕਿਤਾਬ ਵੀ ਲੈ ਲਈ। ਇਹ ਦੇਖ ਕੇ ਮੈਂ ਸੋਚਿਆ ਕਿ ਦੂਜੇ ਅਧਿਆਪਕਾਂ ਨੂੰ ਵੀ ਇਹ ਕਿਤਾਬ ਪਸੰਦ ਆਵੇਗੀ। ਇਸ ਲਈ ਮੈਂ ਇਨ੍ਹਾਂ ਕਿਤਾਬਾਂ ਅਤੇ ਹੋਰ ਪ੍ਰਕਾਸ਼ਨਾਂ ਦਾ ਡੱਬਾ ਭਰ ਕੇ ਸਕੂਲ ਲੈ ਗਈ।” ਡੱਬਾ ਖਾਲੀ ਹੋਣ ਨੂੰ ਦੇਰ ਨਹੀਂ ਲੱਗੀ। ਮਰਿਯਾ ਅੱਗੇ ਦੱਸਦੀ ਹੈ: “ਜਿਸ ਅਧਿਆਪਕਾ ਨੂੰ ਮੈਂ ਕਿਤਾਬ ਦਿੱਤੀ ਸੀ, ਉਸ ਦੇ ਨਾਲ ਦੇ ਕਈ ਅਧਿਆਪਕ ਮੇਰੇ ਆਫ਼ਿਸ ਵਿਚ ਆਏ। ਉਹ ਪੁੱਛਣ ਲੱਗੇ: ‘ਕਿਤਾਬਾਂ ਕਿੱਥੇ ਵੰਡ ਰਹੇ ਹਨ?’” ਉਹ ਸਹੀ ਜਗ੍ਹਾ ਤੇ ਆਏ ਸਨ!

ਸੈਮੀਨਾਰ ਦਾ ਆਖ਼ਰੀ ਦਿਨ ਸ਼ਨੀਵਾਰ ਸੀ। ਉਸ ਦਿਨ ਮਰਿਯਾ ਨੂੰ ਛੁੱਟੀ ਸੀ, ਇਸ ਲਈ ਉਸ ਨੇ ਆਪਣੇ ਆਫ਼ਿਸ ਵਿਚ ਕਈ ਮੇਜ਼ਾਂ ਉੱਤੇ ਸਾਹਿੱਤ ਰੱਖ ਦਿੱਤਾ। ਉਸ ਨੇ ਬੋਰਡ ਉੱਤੇ ਲਿਖਿਆ: “ਪਿਆਰੇ ਅਧਿਆਪਕੋ! ਤੁਸੀਂ ਆਪਣੇ ਲਈ ਅਤੇ ਆਪਣੇ ਜਾਣ-ਪਛਾਣ ਵਾਲਿਆਂ ਲਈ ਸਾਹਿੱਤ ਲੈ ਸਕਦੇ ਹੋ। ਇਨ੍ਹਾਂ ਚੰਗੇ ਪ੍ਰਕਾਸ਼ਨਾਂ ਦੀ ਮਦਦ ਨਾਲ ਤੁਸੀਂ ਆਪਣੇ ਕੰਮ ਵਿਚ ਸਫ਼ਲ ਹੋਵੋਗੇ ਅਤੇ ਆਪਣੇ ਪਰਿਵਾਰਾਂ ਨੂੰ ਮਜ਼ਬੂਤ ਕਰ ਸਕੋਗੇ।” ਨਤੀਜਾ ਕੀ ਨਿਕਲਿਆ? “ਮੈਂ ਉਸੇ ਦਿਨ ਆਫ਼ਿਸ ਗਈ ਤੇ ਦੇਖਿਆ ਕਿ ਸਾਰਾ ਸਾਹਿੱਤ ਖ਼ਤਮ ਹੋ ਚੁੱਕਾ ਸੀ। ਮੈਂ ਜਲਦੀ ਹੀ ਹੋਰ ਕਿਤਾਬਾਂ ਤੇ ਰਸਾਲੇ ਮੰਗਵਾ ਲਏ।” ਸੈਮੀਨਾਰ ਖ਼ਤਮ ਹੋਣ ਤਕ ਮਰਿਯਾ ਨੇ 380 ਰਸਾਲੇ, 173 ਕਿਤਾਬਾਂ ਅਤੇ 34 ਬਰੋਸ਼ਰ ਵੰਡ ਦਿੱਤੇ ਸਨ। ਜਿਹੜੇ ਸੈਮੀਨਾਰ ਲਈ ਆਏ ਸਨ, ਉਹ ਦੂਰ-ਦੁਰੇਡੀਆਂ ਥਾਵਾਂ ’ਤੇ ਵਾਪਸ ਚਲੇ ਗਏ ਜਿੱਥੇ ਉਹ ਰਹਿੰਦੇ ਤੇ ਕੰਮ ਕਰਦੇ ਹਨ। ਸਾਹਿੱਤ ਵੀ ਉਨ੍ਹਾਂ ਦੇ ਨਾਲ ਚਲਾ ਗਿਆ। ਮਰਿਯਾ ਕਹਿੰਦੀ ਹੈ: “ਮੈਂ ਬਹੁਤ ਖ਼ੁਸ਼ ਹਾਂ ਕਿ ਸੱਚਾਈ ਦੇ ਬੀ ਟੂਵਾ ਦੇ ਦੂਰ-ਦੁਰੇਡੇ ਥਾਵਾਂ ’ਤੇ ਖਿੱਲਰ ਗਏ ਹਨ!”—ਉਪ. 11:6.

[ਸਫ਼ਾ 32 ਉੱਤੇ ਨਕਸ਼ਾ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਰੂਸ

ਟੂਵਾ ਗਣਰਾਜ