Skip to content

Skip to table of contents

ਨੱਬੇ ਸਾਲ ਪਹਿਲਾਂ ਮੈਂ ‘ਆਪਣੇ ਕਰਤਾਰ ਨੂੰ ਚੇਤੇ ਰੱਖਣਾ’ ਸ਼ੁਰੂ ਕੀਤਾ

ਨੱਬੇ ਸਾਲ ਪਹਿਲਾਂ ਮੈਂ ‘ਆਪਣੇ ਕਰਤਾਰ ਨੂੰ ਚੇਤੇ ਰੱਖਣਾ’ ਸ਼ੁਰੂ ਕੀਤਾ

ਨੱਬੇ ਸਾਲ ਪਹਿਲਾਂ ਮੈਂ ‘ਆਪਣੇ ਕਰਤਾਰ ਨੂੰ ਚੇਤੇ ਰੱਖਣਾ’ ਸ਼ੁਰੂ ਕੀਤਾ

ਐਡਵਿਨ ਰਿਜਵੈੱਲ ਦੀ ਜ਼ਬਾਨੀ

ਨਵੰਬਰ 11, 1918 ਨੂੰ ਜੰਗਬੰਦੀ ਦੇ ਦਿਨ (Armistice Day) ਅਚਾਨਕ ਹੀ ਸਾਡੇ ਸਕੂਲ ਵਿਚ ਸਾਰੇ ਬੱਚੇ ਵੱਡੀ ਜੰਗ ਦੇ ਖ਼ਤਮ ਹੋਣ ਦੀ ਖ਼ੁਸ਼ੀ ਮਨਾਉਣ ਲਈ ਇਕੱਠੇ ਹੋਏ। ਬਾਅਦ ਵਿਚ ਇਸ ਜੰਗ ਨੂੰ ਪਹਿਲੇ ਵਿਸ਼ਵ ਯੁੱਧ ਦਾ ਨਾਂ ਦਿੱਤਾ ਗਿਆ। ਉਸ ਸਮੇਂ ਮੈਂ ਸਿਰਫ਼ ਪੰਜਾਂ ਸਾਲਾਂ ਦਾ ਸੀ ਅਤੇ ਮੈਨੂੰ ਸਮਝ ਨਹੀਂ ਆਈ ਕਿ ਇਹ ਖ਼ੁਸ਼ੀ ਕਿਉਂ ਮਨਾਈ ਜਾ ਰਹੀ ਸੀ। ਪਰ ਮੇਰੇ ਮਾਪਿਆਂ ਨੇ ਮੈਨੂੰ ਰੱਬ ਬਾਰੇ ਜੋ ਸਿਖਾਇਆ ਸੀ, ਉਸ ਕਰਕੇ ਮੈਨੂੰ ਪਤਾ ਸੀ ਕਿ ਉਨ੍ਹਾਂ ਦੀ ਇਸ ਖ਼ੁਸ਼ੀ ਵਿਚ ਸ਼ਾਮਲ ਹੋਣਾ ਗ਼ਲਤ ਸੀ। ਮੈਂ ਰੱਬ ਨੂੰ ਪ੍ਰਾਰਥਨਾ ਕੀਤੀ, ਪਰ ਮੈਂ ਆਪਣੇ ਜਜ਼ਬਾਤਾਂ ਨੂੰ ਕਾਬੂ ਵਿਚ ਨਹੀਂ ਰੱਖ ਸਕਿਆ ਜਿਸ ਕਰਕੇ ਮੈਂ ਰੋਣ ਲੱਗ ਪਿਆ। ਪਰ ਮੈਂ ਉਸ ਖ਼ੁਸ਼ੀ ਦੇ ਜਸ਼ਨ ਵਿਚ ਹਿੱਸਾ ਨਹੀਂ ਲਿਆ। ਉਦੋਂ ਤੋਂ ਹੀ ਮੈਂ ‘ਆਪਣੇ ਕਰਤਾਰ ਨੂੰ ਚੇਤੇ ਰੱਖਣਾ’ ਸ਼ੁਰੂ ਕਰ ਦਿੱਤਾ।—ਉਪ. 12:1.

ਸਕੂਲ ਵਿਚ ਇਸ ਘਟਨਾ ਤੋਂ ਕੁਝ ਮਹੀਨੇ ਪਹਿਲਾਂ, ਸਾਡਾ ਪਰਿਵਾਰ ਸਕਾਟਲੈਂਡ ਵਿਚ ਗਲਾਸਗੋ ਦੇ ਨੇੜੇ ਰਹਿਣ ਲੱਗ ਪਿਆ। ਉਸ ਸਮੇਂ ਪਿਤਾ ਜੀ ਨੇ ਇਕ ਪਬਲਿਕ ਭਾਸ਼ਣ ਸੁਣਿਆ ਜਿਸ ਦਾ ਵਿਸ਼ਾ ਸੀ “ਲੱਖਾਂ ਹੀ ਲੋਕ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ।” ਇਹ ਭਾਸ਼ਣ ਸੁਣ ਕੇ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ। ਪਿਤਾ ਜੀ ਤੇ ਮਾਤਾ ਜੀ ਬਾਈਬਲ ਸਟੱਡੀ ਕਰਨ ਲੱਗ ਪਏ। ਉਹ ਅਕਸਰ ਪਰਮੇਸ਼ੁਰ ਦੇ ਰਾਜ ਤੇ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ਬਾਰੇ ਗੱਲ ਕਰਦੇ ਰਹਿੰਦੇ ਸਨ। ਮੈਂ ਪਰਮੇਸ਼ੁਰ ਦਾ ਧੰਨਵਾਦੀ ਹਾਂ ਕਿ ਉਦੋਂ ਤੋਂ ਮੇਰੇ ਮਾਪਿਆਂ ਨੇ ਮੈਨੂੰ ਪਰਮੇਸ਼ੁਰ ਨੂੰ ਪਿਆਰ ਕਰਨਾ ਅਤੇ ਉਸ ’ਤੇ ਭਰੋਸਾ ਰੱਖਣਾ ਸਿਖਾਇਆ।—ਕਹਾ. 22:6.

ਪੂਰੇ ਸਮੇਂ ਦੀ ਸੇਵਕਾਈ ਦੀ ਸ਼ੁਰੂਆਤ

15 ਸਾਲ ਦੀ ਉਮਰ ਹੋਣ ਤੇ ਮੈਂ ਉੱਚ ਵਿੱਦਿਆ ਲੈ ਸਕਦਾ ਸੀ, ਪਰ ਮੈਂ ਪੂਰੇ ਸਮੇਂ ਦੀ ਸੇਵਕਾਈ ਕਰਨਾ ਚਾਹੁੰਦਾ ਸੀ। ਪਿਤਾ ਜੀ ਸੋਚਦੇ ਸਨ ਕਿ ਮੈਂ ਅਜੇ ਬਹੁਤ ਛੋਟਾ ਹਾਂ, ਇਸ ਲਈ ਮੈਂ ਕੁਝ ਸਮੇਂ ਲਈ ਆਫ਼ਿਸ ਵਿਚ ਕੰਮ ਕਰਨ ਲੱਗ ਪਿਆ। ਪਰ ਪੂਰਾ ਸਮਾਂ ਯਹੋਵਾਹ ਦੀ ਸੇਵਾ ਕਰਨ ਦੀ ਇੱਛਾ ਇੰਨੀ ਤੀਬਰ ਸੀ ਕਿ ਮੈਂ ਇਕ ਦਿਨ ਭਰਾ ਜੇ. ਐੱਫ਼. ਰਦਰਫ਼ਰਡ ਨੂੰ ਚਿੱਠੀ ਲਿਖੀ ਜੋ ਉਸ ਵੇਲੇ ਦੁਨੀਆਂ ਭਰ ਵਿਚ ਹੋ ਰਹੇ ਪ੍ਰਚਾਰ ਕੰਮ ਦੀ ਨਿਗਰਾਨੀ ਕਰ ਰਹੇ ਸਨ। ਮੈਂ ਉਨ੍ਹਾਂ ਨੂੰ ਆਪਣੀਆਂ ਯੋਜਨਾਵਾਂ ਬਾਰੇ ਉਨ੍ਹਾਂ ਦੀ ਰਾਇ ਪੁੱਛੀ। ਭਰਾ ਰਦਰਫ਼ਰਡ ਨੇ ਵਾਪਸ ਮੈਨੂੰ ਚਿੱਠੀ ਲਿਖੀ: “ਜੇ ਤੂੰ ਇਸ ਉਮਰ ਵਿਚ ਨੌਕਰੀ ਕਰ ਸਕਦਾ ਹੈਂ, ਤਾਂ ਤੂੰ ਪ੍ਰਭੂ ਦੀ ਸੇਵਾ ਵੀ ਕਰ ਸਕਦਾ ਹੈਂ। . . . ਮੈਨੂੰ ਯਕੀਨ ਹੈ ਕਿ ਪ੍ਰਭੂ ਤੈਨੂੰ ਬਰਕਤਾਂ ਦੇਵੇਗਾ ਜੇ ਤੂੰ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਨ ਦਾ ਜਤਨ ਕਰੇਂਗਾ।” ਰਦਰਫ਼ਰਡ ਨੇ ਇਹ ਚਿੱਠੀ 10 ਮਾਰਚ 1928 ਵਿਚ ਲਿਖੀ ਜਿਸ ਦਾ ਸਾਡੇ ਪਰਿਵਾਰ ’ਤੇ ਬਹੁਤ ਗਹਿਰਾ ਅਸਰ ਪਿਆ। ਥੋੜ੍ਹੇ ਚਿਰ ਬਾਅਦ ਮੈਂ, ਪਿਤਾ ਜੀ, ਮਾਤਾ ਜੀ ਤੇ ਮੇਰੀ ਵੱਡੀ ਭੈਣ ਪੂਰੇ ਸਮੇਂ ਦੇ ਪ੍ਰਚਾਰਕ ਬਣ ਗਏ।

1931 ਵਿਚ ਲੰਡਨ ਵਿਚ ਹੋਏ ਜ਼ਿਲ੍ਹਾ ਸੰਮੇਲਨ ਵਿਚ ਭਰਾ ਰਦਰਫ਼ਰਡ ਨੇ ਹੋਰਨਾਂ ਦੇਸ਼ਾਂ ਵਿਚ ਖ਼ੁਸ਼ ਖ਼ਬਰੀ ਫੈਲਾਉਣ ਲਈ ਵਲੰਟੀਅਰਾਂ ਨੂੰ ਅੱਗੇ ਆਉਣ ਲਈ ਕਿਹਾ। ਮੈਂ ਅਤੇ ਐਂਡਰੂ ਜੈੱਕ ਅੱਗੇ ਆਏ। ਮੈਨੂੰ ਲਿਥੁਆਨੀਆ ਦੀ ਰਾਜਧਾਨੀ ਕਓਨਾਸ ਭੇਜਿਆ ਗਿਆ। ਮੈਂ ਉਦੋਂ 18 ਸਾਲਾਂ ਦਾ ਸੀ।

ਵਿਦੇਸ਼ ਵਿਚ ਰਾਜ ਦਾ ਪ੍ਰਚਾਰ

ਉਸ ਵੇਲੇ ਲਿਥੁਆਨੀਆ ਦੇ ਲੋਕ ਖੇਤੀਬਾੜੀ ਕਰਨ ਵਾਲੇ ਗ਼ਰੀਬ ਲੋਕ ਸਨ ਅਤੇ ਪੇਂਡੂ ਇਲਾਕਿਆਂ ਵਿਚ ਪ੍ਰਚਾਰ ਕਰਨਾ ਇੰਨਾ ਸੌਖਾ ਨਹੀਂ ਸੀ। ਉੱਥੇ ਰਹਿਣ ਲਈ ਜਗ੍ਹਾ ਲੱਭਣੀ ਬਹੁਤ ਔਖੀ ਸੀ ਤੇ ਕੁਝ ਥਾਵਾਂ ਨੂੰ ਤਾਂ ਮੈਂ ਭੁਲਾ ਹੀ ਨਹੀਂ ਸਕਦਾ ਜਿੱਥੇ ਮੈਂ ਰਿਹਾ ਸੀ। ਇਕ ਰਾਤ ਮੇਰੀ ਤੇ ਐਂਡਰੂ ਦੀ ਨੀਂਦ ਖੁੱਲ੍ਹ ਗਈ ਕਿਉਂਕਿ ਖਾਜ ਕਰ-ਕਰ ਕੇ ਸਾਡਾ ਬੁਰਾ ਹਾਲ ਹੋ ਗਿਆ ਸੀ। ਜਦ ਅਸੀਂ ਲੈਂਪ ਜਗਾਈ, ਤਾਂ ਅਸੀਂ ਦੇਖਿਆ ਕਿ ਬਿਸਤਰਾ ਮਾਂਗਣੂਆਂ ਨਾਲ ਭਰਿਆ ਪਿਆ ਸੀ। ਸਾਨੂੰ ਪੈਰਾਂ ਤੋਂ ਲੈ ਕੇ ਸਿਰ ਤਕ ਮਾਂਗਣੂਆਂ ਨੇ ਵੱਢ-ਵੱਢ ਖਾ ਲਿਆ ਸੀ! ਇਕ ਹਫ਼ਤਾ ਹਰ ਸਵੇਰ ਨੂੰ ਮੈਂ ਦਰਦ ਤੋਂ ਰਾਹਤ ਪਾਉਣ ਲਈ ਨੇੜੇ ਹੀ ਨਦੀ ਦੇ ਠੰਢੇ-ਠੰਢੇ ਪਾਣੀ ਵਿਚ ਜਾ ਕੇ ਖੜ੍ਹਾ ਹੋ ਜਾਂਦਾ ਸੀ। ਫਿਰ ਵੀ ਅਸੀਂ ਪ੍ਰਚਾਰ ਵਿਚ ਲੱਗੇ ਰਹੇ। ਥੋੜ੍ਹੀ ਦੇਰ ਬਾਅਦ ਸਾਨੂੰ ਇਕ ਜੁਆਨ ਪਤੀ-ਪਤਨੀ ਦੇ ਘਰ ਰਹਿਣ ਲਈ ਜਗ੍ਹਾ ਮਿਲ ਗਈ ਜੋ ਸੱਚਾਈ ਵਿਚ ਸਨ। ਉਹ ਸਾਨੂੰ ਆਪਣੇ ਘਰ ਲੈ ਆਏ ਜੋ ਬਹੁਤ ਛੋਟਾ ਸੀ, ਪਰ ਸਾਫ਼-ਸੁਥਰਾ ਸੀ। ਭਾਵੇਂ ਅਸੀਂ ਫ਼ਰਸ਼ ’ਤੇ ਸੌਂਦੇ ਸਾਂ, ਪਰ ਮਾਂਗਣੂਆਂ ਤੋਂ ਤਾਂ ਪਿੱਛਾ ਛੁੱਟਾ!

ਲਿਥੁਆਨੀਆ ਵਿਚ ਉਦੋਂ ਰੋਮਨ ਕੈਥੋਲਿਕ ਤੇ ਰੂਸੀ ਆਰਥੋਡਾਕਸ ਪਾਦਰੀਆਂ ਦਾ ਦਬਦਬਾ ਸੀ। ਸਿਰਫ਼ ਰਈਸ ਲੋਕ ਬਾਈਬਲ ਖ਼ਰੀਦ ਸਕਦੇ ਸਨ। ਸਾਡਾ ਮੁੱਖ ਮਕਸਦ ਪ੍ਰਚਾਰ ਦੇ ਜ਼ਿਆਦਾ ਤੋਂ ਜ਼ਿਆਦਾ ਇਲਾਕੇ ਨੂੰ ਪੂਰਾ ਕਰਨਾ ਅਤੇ ਦਿਲਚਸਪੀ ਦਿਖਾਉਣ ਵਾਲੇ ਲੋਕਾਂ ਨੂੰ ਬਾਈਬਲ ਸਾਹਿੱਤ ਦੇਣਾ ਹੁੰਦਾ ਸੀ। ਪਹਿਲਾਂ ਅਸੀਂ ਕਸਬੇ ਵਿਚ ਰਹਿਣ ਲਈ ਥਾਂ ਲੱਭਦੇ ਹੁੰਦੇ ਸਾਂ। ਫਿਰ ਅਸੀਂ ਹੁਸ਼ਿਆਰੀ ਨਾਲ ਕਸਬੇ ਦੇ ਬਾਹਰਲੇ ਇਲਾਕਿਆਂ ਨੂੰ ਪੂਰਾ ਕਰਦੇ ਸਾਂ ਅਤੇ ਉਸ ਤੋਂ ਬਾਅਦ ਕਸਬੇ ਵਿਚ ਆ ਕੇ ਪ੍ਰਚਾਰ ਕਰਦੇ ਸਾਂ। ਇਸ ਤਰ੍ਹਾਂ ਪਾਦਰੀਆਂ ਵੱਲੋਂ ਕੋਈ ਮੁਸੀਬਤ ਖੜ੍ਹੀ ਕਰਨ ਤੋਂ ਪਹਿਲਾਂ ਹੀ ਅਸੀਂ ਆਮ ਤੌਰ ਤੇ ਆਪਣਾ ਕੰਮ ਖ਼ਤਮ ਕਰ ਦਿੰਦੇ ਸਾਂ।

ਹਲਚਲ ਮਚੀ ਤੇ ਮਸ਼ਹੂਰੀ ਹੋ ਗਈ

1934 ਵਿਚ ਐਂਡਰੂ ਨੂੰ ਕਓਨਾਸ ਦੇ ਬ੍ਰਾਂਚ ਆਫ਼ਿਸ ਕੰਮ ਕਰਨ ਲਈ ਭੇਜ ਦਿੱਤਾ ਗਿਆ ਅਤੇ ਮੇਰੇ ਨਾਲ ਪ੍ਰਚਾਰ ਕਰਨ ਲਈ ਜੌਨ ਸੈਂਪੀ ਆ ਗਿਆ। ਕੁਝ ਤਜਰਬੇ ਤਾਂ ਭੁਲਾਇਆਂ ਹੀ ਨਹੀਂ ਭੁੱਲਦੇ। ਇਕ ਦਿਨ ਮੈਂ ਇਕ ਛੋਟੇ ਜਿਹੇ ਕਸਬੇ ਵਿਚ ਇਕ ਵਕੀਲ ਨੂੰ ਉਸ ਦੇ ਆਫ਼ਿਸ ਵਿਚ ਮਿਲਣ ਗਿਆ। ਵਕੀਲ ਨੂੰ ਬੜਾ ਗੁੱਸਾ ਆਇਆ ਤੇ ਉਸ ਨੇ ਦਰਾਜ਼ ਵਿੱਚੋਂ ਪਿਸਤੌਲ ਕੱਢਿਆ ਤੇ ਉੱਥੋਂ ਮੈਨੂੰ ਚਲੇ ਜਾਣ ਲਈ ਕਿਹਾ। ਮੈਂ ਚੁੱਪ-ਚਾਪ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਤੇ ਬਾਈਬਲ ਦੀ ਇਹ ਸਲਾਹ ਯਾਦ ਕੀਤੀ: “ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।” (ਕਹਾ. 15:1) ਸੋ ਮੈਂ ਉਸ ਨੂੰ ਕਿਹਾ: “ਮੈਂ ਦੋਸਤ ਦੇ ਨਾਤੇ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਆਇਆ ਹਾਂ ਤੇ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਧੀਰਜ ਰੱਖਿਆ।” ਉਸ ਬੰਦੇ ਨੇ ਪਿਸਤੌਲ ਦੇ ਘੋੜੇ ਤੋਂ ਉਂਗਲ ਹਟਾ ਲਈ ਤੇ ਮੈਂ ਫਟਾਫਟ ਉਸ ਆਫ਼ਿਸ ਤੋਂ ਬਾਹਰ ਨਿਕਲ ਆਇਆ।

ਜਦ ਮੈਂ ਜੌਨ ਨੂੰ ਮਿਲਿਆ, ਤਾਂ ਉਸ ਨੇ ਵੀ ਆਪਣਾ ਅਜੀਬੋ-ਗ਼ਰੀਬ ਤਜਰਬਾ ਦੱਸਿਆ। ਉਸ ਨੂੰ ਪੁਲਸ ਸਟੇਸ਼ਨ ਲੈ ਜਾਇਆ ਗਿਆ ਕਿਉਂਕਿ ਉਸ ਉੱਤੇ ਇਕ ਤੀਵੀਂ ਦਾ ਇਕ ਨੋਟ ਚੋਰੀ ਕਰਨ ਦਾ ਦੋਸ਼ ਲਾਇਆ ਗਿਆ ਸੀ ਜਿਸ ਦੀ ਕਾਫ਼ੀ ਕੀਮਤ ਸੀ। ਪੁਲਸ ਵਾਲਿਆਂ ਨੇ ਉਸ ਦੇ ਸਾਰੇ ਕੱਪੜੇ ਉਤਾਰ ਕੇ ਉਸ ਦੀ ਤਲਾਸ਼ੀ ਲਈ। ਉਸ ਤੋਂ ਕੋਈ ਨੋਟ ਨਹੀਂ ਮਿਲਿਆ। ਬਾਅਦ ਵਿਚ ਅਸਲੀ ਚੋਰ ਫੜਿਆ ਗਿਆ।

ਇਨ੍ਹਾਂ ਦੋਹਾਂ ਘਟਨਾਵਾਂ ਨੇ ਉਸ ਸ਼ਾਂਤ ਕਸਬੇ ਵਿਚ ਹਲਚਲ ਮਚਾ ਦਿੱਤੀ ਜਿਸ ਕਰਕੇ ਸਾਡੇ ਸੰਦੇਸ਼ ਦੀ ਮੁਫ਼ਤ ਵਿਚ ਹੀ ਮਸ਼ਹੂਰੀ ਹੋ ਗਈ!

ਗੁਪਤ ਕਾਰਵਾਈਆਂ

ਲਾਤਵੀਆ ਵਿਚ ਪ੍ਰਚਾਰ ਦੇ ਕੰਮ ’ਤੇ ਪਾਬੰਦੀ ਲੱਗੀ ਹੋਈ ਸੀ। ਉੱਥੇ ਬਾਈਬਲ ਸਾਹਿੱਤ ਪਹੁੰਚਾਉਣਾ ਖ਼ਤਰੇ ਤੋਂ ਖਾਲੀ ਨਹੀਂ ਸੀ। ਮਹੀਨੇ ਵਿਚ ਇਕ ਵਾਰ ਅਸੀਂ ਰਾਤ ਦੀ ਟ੍ਰੇਨ ਰਾਹੀਂ ਲਾਤਵੀਆ ਗੇੜਾ ਮਾਰਦੇ ਸੀ। ਉੱਥੇ ਸਾਹਿੱਤ ਛੱਡਣ ਤੋਂ ਬਾਅਦ ਕਦੇ-ਕਦੇ ਅਸੀਂ ਲਿਥੁਆਨੀਆ ਮੁੜਨ ਦੀ ਬਜਾਇ ਸਿੱਧਾ ਏਸਟੋਨੀਆ ਚਲੇ ਜਾਂਦੇ ਸੀ ਤਾਂਕਿ ਉੱਥੋਂ ਅਸੀਂ ਹੋਰ ਬਾਈਬਲ ਸਾਹਿੱਤ ਲਿਆ ਸਕੀਏ। ਇਹ ਬਾਈਬਲ ਸਾਹਿੱਤ ਵੀ ਅਸੀਂ ਮੁੜਦੇ ਵਕਤ ਲਾਤਵੀਆ ਵਿਚ ਛੱਡ ਦਿੰਦੇ ਸਾਂ।

ਇਕ ਵਾਰ ਕਿਸੇ ਨੇ ਇਕ ਕਸਟਮ ਅਧਿਕਾਰੀ ਨੂੰ ਸਾਡੇ ਕੰਮ ਬਾਰੇ ਦੱਸ ਦਿੱਤਾ ਜਿਸ ਨੇ ਸਾਨੂੰ ਟ੍ਰੇਨ ਵਿੱਚੋਂ ਉਤਰਨ ਅਤੇ ਸਾਰਾ ਸਾਹਿੱਤ ਵੱਡੇ ਅਫ਼ਸਰ ਕੋਲ ਲੈ ਜਾਣ ਲਈ ਕਿਹਾ। ਮੈਂ ਅਤੇ ਜੌਨ ਨੇ ਮਦਦ ਲਈ ਯਹੋਵਾਹ ਨੂੰ ਦੁਆ ਕੀਤੀ। ਅਸੀਂ ਹੈਰਾਨ ਹੋਏ ਕਿ ਅਧਿਕਾਰੀ ਨੇ ਆਪਣੇ ਅਫ਼ਸਰ ਨੂੰ ਇਹ ਨਹੀਂ ਸੀ ਦੱਸਿਆ ਕਿ ਸਾਡੇ ਕੋਲ ਸਾਹਿੱਤ ਸੀ। ਉਸ ਨੇ ਸਿਰਫ਼ ਇੰਨਾ ਹੀ ਦੱਸਿਆ ਸੀ ਕਿ ‘ਇਹ ਆਦਮੀ ਦੱਸਣਾ ਚਾਹੁੰਦੇ ਹਨ ਕਿ ਉਨ੍ਹਾਂ ਕੋਲ ਕੀ ਕੁਝ ਹੈ।’ ਮੈਂ ਤਾਂ ਇੰਨਾ ਹੀ ਦੱਸਿਆ ਸੀ ਕਿ ਸਾਡੇ ਕੋਲ ਉਹ ਸਾਹਿੱਤ ਹੈ ਜਿਹੜਾ ਸਕੂਲਾਂ ਤੇ ਕਾਲਜਾਂ ਵਿਚ ਲੋਕਾਂ ਦੀ ਇਹ ਸਮਝਣ ਵਿਚ ਮਦਦ ਕਰੇਗਾ ਕਿ ਅੱਜ ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਦਾ ਕੀ ਮਤਲਬ ਹੈ। ਕਸਟਮ ਅਧਿਕਾਰੀ ਨੇ ਸਾਨੂੰ ਉੱਥੋਂ ਜਾਣ ਦੀ ਇਜਾਜ਼ਤ ਦੇ ਦਿੱਤੀ ਅਤੇ ਅਸੀਂ ਬਿਨਾਂ ਕਿਸੇ ਖ਼ਤਰੇ ਦੇ ਸਾਹਿੱਤ ਲਾਤਵੀਆ ਪਹੁੰਚਾ ਦਿੱਤਾ।

ਬਾਲਟਿਕ ਦੇਸ਼ਾਂ ਵਿਚ ਰਾਜਨੀਤਿਕ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਸਨ ਅਤੇ ਲੋਕੀ ਯਹੋਵਾਹ ਦੇ ਗਵਾਹਾਂ ਦਾ ਵਿਰੋਧ ਕਰ ਰਹੇ ਸਨ। ਲਿਥੁਆਨੀਆ ਵਿਚ ਵੀ ਸਾਡੇ ਪ੍ਰਚਾਰ ਕੰਮ ’ਤੇ ਪਾਬੰਦੀ ਲਾ ਦਿੱਤੀ ਗਈ ਸੀ। ਐਂਡਰੂ ਅਤੇ ਜੌਨ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ। ਨਾਲੇ ਦੂਸਰੀ ਵਿਸ਼ਵ ਜੰਗ ਦੇ ਬੱਦਲ ਮੰਡਰਾ ਰਹੇ ਸਨ ਜਿਸ ਕਰਕੇ ਸਾਰੇ ਬ੍ਰਿਟਿਸ਼ ਲੋਕਾਂ ਨੂੰ ਚਲੇ ਜਾਣ ਲਈ ਕਹਿ ਦਿੱਤਾ ਗਿਆ ਸੀ। ਸੋ ਮੈਂ ਵੀ ਉਦਾਸ ਹੋ ਕੇ ਉੱਥੋਂ ਚਲਾ ਗਿਆ।

ਉੱਤਰੀ ਆਇਰਲੈਂਡ ਵਿਚ ਮਿਲੇ ਸਨਮਾਨ ਤੇ ਬਰਕਤਾਂ

ਉਦੋਂ ਮੇਰੇ ਮਾਪੇ ਉੱਤਰੀ ਆਇਰਲੈਂਡ ਵਿਚ ਜਾ ਕੇ ਰਹਿਣ ਲੱਗ ਪਏ ਸਨ ਤੇ 1937 ਵਿਚ ਮੈਂ ਵੀ ਉਨ੍ਹਾਂ ਕੋਲ ਚਲਾ ਗਿਆ। ਉੱਤਰੀ ਆਇਰਲੈਂਡ ਵਿਚ ਲੋਕ ਜੰਗ ਦੇ ਕਾਰਨ ਡਰੇ ਹੋਏ ਸਨ ਅਤੇ ਉੱਥੇ ਬਾਈਬਲ ਸਾਹਿੱਤ ਉੱਤੇ ਵੀ ਪਾਬੰਦੀ ਲੱਗੀ ਹੋਈ ਸੀ। ਫਿਰ ਵੀ ਅਸੀਂ ਜੰਗ ਦੌਰਾਨ ਪ੍ਰਚਾਰ ਕਰਦੇ ਰਹੇ। ਯੁੱਧ ਤੋਂ ਬਾਅਦ ਸਾਡੇ ਕੰਮ ਤੋਂ ਪਾਬੰਦੀ ਹਟਾ ਦਿੱਤੀ ਗਈ। ਉਸ ਵੇਲੇ ਇਕ ਪਾਇਨੀਅਰ ਹੈਰੋਲਡ ਕਿੰਗ, ਜੋ ਬਾਅਦ ਵਿਚ ਚੀਨ ਵਿਚ ਮਿਸ਼ਨਰੀ ਸੇਵਾ ਕਰਨ ਵਾਸਤੇ ਚਲਾ ਗਿਆ, ਨੇ ਖੁੱਲ੍ਹੇ ਮੈਦਾਨ ਵਿਚ ਭਾਸ਼ਣ ਦੇਣ ਦਾ ਇੰਤਜ਼ਾਮ ਕੀਤਾ। ਉਸ ਨੇ ਕਿਹਾ ਕਿ “ਇਸ ਸ਼ਨੀਵਾਰ ਮੈਂ ਇਸ ਮੈਦਾਨ ਵਿਚ ਪਹਿਲਾ ਭਾਸ਼ਣ ਦੇਵਾਂਗਾ।” ਫਿਰ ਉਸ ਨੇ ਮੇਰੇ ਵੱਲ ਦੇਖ ਕੇ ਕਿਹਾ, “ਅਗਲੇ ਸ਼ਨੀਵਾਰ ਤੂੰ ਭਾਸ਼ਣ ਦੇਵੇਂਗਾ।” ਮੈਥੋਂ ਕੁਝ ਬੋਲਿਆ ਨਹੀਂ ਗਿਆ।

ਮੈਨੂੰ ਆਪਣਾ ਪਹਿਲਾ ਭਾਸ਼ਣ ਚੰਗੀ ਤਰ੍ਹਾਂ ਯਾਦ ਹੈ। ਸੈਂਕੜੇ ਲੋਕ ਸੁਣਨ ਲਈ ਆਏ ਹੋਏ ਸਨ। ਮੈਂ ਬਕਸੇ ’ਤੇ ਖੜ੍ਹਾ ਹੋ ਕੇ ਬਿਨਾਂ ਮਾਇਕ ਦੇ ਇਹ ਭਾਸ਼ਣ ਦਿੱਤਾ। ਭਾਸ਼ਣ ਖ਼ਤਮ ਹੋਣ ਤੇ ਇਕ ਆਦਮੀ ਮੇਰੇ ਕੋਲ ਆਇਆ, ਮੇਰੇ ਨਾਲ ਹੱਥ ਮਿਲਾਇਆ ਅਤੇ ਆਪਣੀ ਪਛਾਣ ਬਿੱਲ ਸਮਿਥ ਵਜੋਂ ਕਰਾਈ। ਉਸ ਨੇ ਕਿਹਾ ਕਿ ਉਹ ਇਹ ਦੇਖ ਕੇ ਖੜ੍ਹ ਗਿਆ ਕਿ ਇੱਥੇ ਭੀੜ ਕਿਉਂ ਜਮ੍ਹਾ ਹੋਈ ਹੈ। ਮੈਨੂੰ ਪਤਾ ਲੱਗਾ ਕਿ ਮੇਰੇ ਪਿਤਾ ਜੀ ਬਿੱਲ ਨੂੰ ਪਹਿਲਾਂ ਮਿਲ ਚੁੱਕੇ ਸਨ, ਪਰ ਜਦੋਂ ਮੇਰੇ ਪਿਤਾ ਜੀ ਤੇ ਸੌਤੇਲੀ ਮਾਤਾ ਜੀ ਡਬਲਿਨ ਪਾਇਨੀਅਰਿੰਗ ਕਰਨ ਚਲੇ ਗਏ, ਤਾਂ ਬਿੱਲ ਨਾਲੋਂ ਉਨ੍ਹਾਂ ਦਾ ਸੰਪਰਕ ਟੁੱਟ ਗਿਆ ਸੀ। ਮੈਂ ਬਿੱਲ ਨਾਲ ਬਾਈਬਲ ਸਟੱਡੀ ਕਰਨ ਲੱਗ ਪਿਆ। ਸਮੇਂ ਦੇ ਬੀਤਣ ਨਾਲ ਬਿੱਲ ਦੇ ਪਰਿਵਾਰ ਦੇ ਨੌਂ ਮੈਂਬਰ ਯਹੋਵਾਹ ਦੇ ਭਗਤ ਬਣ ਗਏ।

ਬਾਅਦ ਵਿਚ ਮੈਂ ਬੇਲਫ਼ਾਸਟ ਦੇ ਬਾਹਰ ਵੱਡੇ-ਵੱਡੇ ਘਰਾਂ ਵਾਲੇ ਇਲਾਕਿਆਂ ਵਿਚ ਪ੍ਰਚਾਰ ਕਰਨ ਲੱਗ ਪਿਆ। ਉੱਥੇ ਮੈਨੂੰ ਰੂਸ ਦੀ ਇਕ ਤੀਵੀਂ ਮਿਲੀ ਜੋ ਪਹਿਲਾਂ ਲਿਥੁਆਨੀਆ ਰਹਿੰਦੀ ਸੀ। ਮੈਂ ਉਸ ਨੂੰ ਕੁਝ ਸਾਹਿੱਤ ਦਿਖਾਇਆ, ਤਾਂ ਉਸ ਨੇ ਇਕ ਕਿਤਾਬ ਵੱਲ ਇਸ਼ਾਰਾ ਕਰ ਕੇ ਕਿਹਾ: “ਮੇਰੇ ਕੋਲ ਇਹ ਕਿਤਾਬ ਹੈ। ਮੇਰੇ ਤਾਇਆ ਜੀ ਨੇ ਇਹ ਕਿਤਾਬ ਦਿੱਤੀ ਸੀ ਜੋ ਕਓਨਾਸ ਦੀ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਹਨ।” ਉਸ ਨੇ ਮੈਨੂੰ ਪੋਲਿਸ਼ ਭਾਸ਼ਾ ਵਿਚ ਸ੍ਰਿਸ਼ਟੀ (Creation) ਕਿਤਾਬ ਦਿਖਾਈ। ਹਾਸ਼ੀਏ ਟਿੱਪਣੀਆਂ ਲਿਖ-ਲਿਖ ਕੇ ਭਰੇ ਹੋਏ ਸਨ। ਉਹ ਇਹ ਜਾਣ ਕੇ ਹੈਰਾਨ ਰਹਿ ਗਈ ਕਿ ਇਹ ਕਿਤਾਬ ਮੈਂ ਹੀ ਉਸ ਦੇ ਤਾਏ ਨੂੰ ਦਿੱਤੀ ਸੀ ਜਦੋਂ ਮੈਂ ਉਸ ਨੂੰ ਕਓਨਾਸ ਵਿਚ ਮਿਲਿਆ ਸੀ!—ਉਪ. 11:1.

ਜਦੋਂ ਜੌਨ ਸੈਂਪੀ ਨੂੰ ਪਤਾ ਲੱਗਾ ਕਿ ਮੈਂ ਉੱਤਰੀ ਆਇਰਲੈਂਡ ਜਾ ਰਿਹਾ ਹਾਂ, ਤਾਂ ਉਸ ਨੇ ਮੈਨੂੰ ਆਪਣੀ ਛੋਟੀ ਭੈਣ ਨੈਲੀ ਨੂੰ ਮਿਲਣ ਲਈ ਕਿਹਾ ਜਿਸ ਨੇ ਬਾਈਬਲ ਵਿਚ ਥੋੜ੍ਹੀ-ਬਹੁਤੀ ਰੁਚੀ ਦਿਖਾਈ ਸੀ। ਮੈਂ ਤੇ ਮੇਰੀ ਭੈਣ ਕੌਨੀ ਉਸ ਨੂੰ ਬਾਈਬਲ ਸਟੱਡੀ ਕਰਾਉਣ ਲੱਗ ਪਏ। ਨੈਲੀ ਨੇ ਤੇਜ਼ੀ ਨਾਲ ਤਰੱਕੀ ਕੀਤੀ ਤੇ ਆਪਣੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਸੌਂਪ ਦਿੱਤੀ। ਸਮੇਂ ਦੇ ਗੁਜ਼ਰਨ ਨਾਲ ਅਸੀਂ ਕੋਰਟਿੰਗ ਕਰਨ ਲੱਗ ਪਏ ਤੇ ਵਿਆਹ ਕਰਾ ਲਿਆ।

ਮੈਂ ਤੇ ਨੈਲੀ ਨੇ 56 ਸਾਲ ਯਹੋਵਾਹ ਦੀ ਸੇਵਾ ਕੀਤੀ ਤੇ ਅਸੀਂ ਸੌ ਤੋਂ ਜ਼ਿਆਦਾ ਲੋਕਾਂ ਦੀ ਬਾਈਬਲ ਦਾ ਗਿਆਨ ਲੈਣ ਵਿਚ ਮਦਦ ਕੀਤੀ। ਅਸੀਂ ਤਾਂ ਸੋਚਿਆ ਸੀ ਕਿ ਆਰਮਾਗੇਡਨ ਵਿੱਚੋਂ ਬਚ ਕੇ ਅਸੀਂ ਇਕੱਠੇ ਯਹੋਵਾਹ ਦੀ ਨਵੀਂ ਦੁਨੀਆਂ ਵਿਚ ਰਹਾਂਗੇ, ਪਰ ਜ਼ਾਲਮ ਮੌਤ ਨੇ 1998 ਵਿਚ ਨੈਲੀ ਨੂੰ ਮੇਰੇ ਕੋਲੋਂ ਖੋਹ ਲਿਆ। ਉਸ ਦੀ ਮੌਤ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਇਹ ਮੇਰੀ ਜ਼ਿੰਦਗੀ ਵਿਚ ਸਭ ਤੋਂ ਵੱਡੀ ਅਜ਼ਮਾਇਸ਼ ਸੀ।

ਬਾਲਟਿਕ ਦੇਸ਼ਾਂ ਨੂੰ ਵਾਪਸ

ਨੈਲੀ ਦੀ ਮੌਤ ਤੋਂ ਸਾਲ ਕੁ ਬਾਅਦ ਮੈਨੂੰ ਇਕ ਹੋਰ ਬਰਕਤ ਮਿਲੀ। ਮੈਨੂੰ ਟੈਲਿਨ, ਏਸਟੋਨੀਆ ਦੇ ਬ੍ਰਾਂਚ ਆਫ਼ਿਸ ਤੋਂ ਚਿੱਠੀ ਮਿਲੀ ਕਿ ਮੈਂ ਉਨ੍ਹਾਂ ਨੂੰ ਮਿਲਾਂ। ਏਸਟੋਨੀਆ ਦੇ ਭਰਾਵਾਂ ਨੇ ਚਿੱਠੀ ਵਿਚ ਲਿਖਿਆ ਸੀ: “1920 ਅਤੇ 1930 ਦੇ ਮੁਢਲੇ ਸਾਲਾਂ ਵਿਚ 10 ਭਰਾਵਾਂ ਨੂੰ ਬਾਲਟਿਕ ਦੇਸ਼ਾਂ ਵਿਚ ਸੇਵਾ ਕਰਨ ਲਈ ਭੇਜਿਆ ਗਿਆ ਸੀ ਤੇ ਉਨ੍ਹਾਂ ਵਿੱਚੋਂ ਸਿਰਫ਼ ਤੁਸੀਂ ਇਕੱਲੇ ਜ਼ਿੰਦਾ ਬਚੇ ਹੋ।” ਚਿੱਠੀ ਵਿਚ ਅੱਗੇ ਲਿਖਿਆ ਸੀ ਕਿ ਬ੍ਰਾਂਚ ਵਿਚ ਭਰਾ ਏਸਟੋਨੀਆ, ਲਾਤਵੀਆ ਅਤੇ ਲਿਥੁਆਨੀਆ ਵਿਚ ਹੋਏ ਪ੍ਰਚਾਰ ਦਾ ਇਤਿਹਾਸ ਤਿਆਰ ਕਰ ਰਹੇ ਸੀ। ਫਿਰ ਮੈਥੋਂ ਪੁੱਛਿਆ ਸੀ: “ਕੀ ਤੁਸੀਂ ਆ ਸਕਦੇ ਹੋ?”

ਇਹ ਤਜਰਬੇ ਸਾਂਝੇ ਕਰਨੇ ਇਕ ਸਨਮਾਨ ਹੈ ਜੋ ਉਨ੍ਹਾਂ ਸਾਲਾਂ ਵਿਚ ਮੈਨੂੰ ਤੇ ਮੇਰੇ ਨਾਲ ਸੇਵਾ ਕਰਨ ਵਾਲੇ ਭਰਾਵਾਂ ਨੂੰ ਹੋਏ ਸਨ! ਲਾਤਵੀਆ ਵਿਚ ਮੈਂ ਭਰਾਵਾਂ ਨੂੰ ਉਹ ਅਪਾਰਟਮੈਂਟ ਦਿਖਾਇਆ ਜੋ ਪਹਿਲਾਂ ਬ੍ਰਾਂਚ ਆਫ਼ਿਸ ਹੋਇਆ ਕਰਦਾ ਸੀ। ਛੱਤ ਦੀ ਉਹ ਥਾਂ ਵੀ ਦਿਖਾਈ ਜਿੱਥੇ ਅਸੀਂ ਸਾਹਿੱਤ ਲੁਕਾਉਂਦੇ ਸਾਂ ਤੇ ਇਹ ਕਦੇ ਪੁਲਸ ਦੇ ਹੱਥ ਨਹੀਂ ਲੱਗਾ। ਲਿਥੁਆਨੀਆ ਵਿਚ ਭਰਾ ਮੈਨੂੰ ਇਕ ਛੋਟੇ ਜਿਹੇ ਕਸਬੇ ਸ਼ਾਓਲਹੇ ਲੈ ਗਏ ਜਿੱਥੇ ਮੈਂ ਪਾਇਨੀਅਰਿੰਗ ਕਰਦਾ ਸੀ। ਉੱਥੇ ਜਿਨ੍ਹਾਂ ਭੈਣਾਂ-ਭਰਾਵਾਂ ਨੂੰ ਮੈਂ ਮਿਲਿਆ, ਉਨ੍ਹਾਂ ਵਿੱਚੋਂ ਇਕ ਭਰਾ ਨੇ ਦੱਸਿਆ: “ਕਈ ਸਾਲ ਪਹਿਲਾਂ ਮੈਂ ਤੇ ਮੇਰੇ ਮਾਤਾ ਜੀ ਨੇ ਇਸ ਕਸਬੇ ਵਿਚ ਘਰ ਖ਼ਰੀਦਿਆ ਸੀ। ਅਸੀਂ ਘਰ ਨੂੰ ਸਾਫ਼ ਕਰ ਰਹੇ ਸਾਂ ਤੇ ਮੈਨੂੰ ਦ ਡੀਵਾਈਨ ਪਲੈਨ ਆਫ਼ ਦ ਏਜਸ ਅਤੇ ਦ ਹਾਰਪ ਆਫ਼ ਗਾਡ ਕਿਤਾਬਾਂ ਮਿਲੀਆਂ। ਇਨ੍ਹਾਂ ਨੂੰ ਪੜ੍ਹ ਕੇ ਲੱਗਾ ਕਿ ਮੈਨੂੰ ਸੱਚਾਈ ਮਿਲ ਗਈ ਹੈ। ਤੁਸੀਂ ਹੀ ਉਹ ਕਿਤਾਬਾਂ ਕਈ ਸਾਲ ਪਹਿਲਾਂ ਇਸ ਘਰ ਵਿਚ ਛੱਡ ਗਏ ਹੋਵੋਗੇ!”

ਜਿਸ ਕਸਬੇ ਵਿਚ ਮੈਂ ਪਾਇਨੀਅਰਿੰਗ ਕੀਤੀ ਸੀ, ਉੱਥੇ ਮੈਂ ਇਕ ਸਰਕਟ ਸੰਮੇਲਨ ਵਿਚ ਵੀ ਗਿਆ। 65 ਸਾਲ ਪਹਿਲਾਂ ਮੈਂ ਉਸ ਕਸਬੇ ਵਿਚ ਹੋਏ ਸੰਮੇਲਨ ਵਿਚ ਗਿਆ ਸੀ। ਉਦੋਂ 35 ਲੋਕ ਸੰਮੇਲਨ ਵਿਚ ਹਾਜ਼ਰ ਹੋਏ ਸਨ। ਪਰ ਹੁਣ 1,500 ਭੈਣਾਂ-ਭਰਾਵਾਂ ਨੂੰ ਸੰਮੇਲਨ ਵਿਚ ਦੇਖ ਕੇ ਮੇਰੀ ਖ਼ੁਸ਼ੀ ਦੀ ਕੋਈ ਸੀਮਾ ਨਹੀਂ ਰਹੀ! ਯਹੋਵਾਹ ਨੇ ਸੱਚ-ਮੁੱਚ ਪ੍ਰਚਾਰ ਕੰਮ ’ਤੇ ਬਰਕਤ ਪਾਈ ਹੈ!

‘ਯਹੋਵਾਹ ਨੇ ਮੈਨੂੰ ਤਿਆਗਿਆ ਨਹੀਂ’

ਹਾਲ ਹੀ ਵਿਚ ਮੈਨੂੰ ਇਕ ਬਹੁਤ ਹੀ ਵੱਡੀ ਬਰਕਤ ਮਿਲੀ ਜਦੋਂ ਬੀ ਨਾਂ ਦੀ ਇਕ ਪਿਆਰੀ ਮਸੀਹੀ ਭੈਣ ਮੇਰੇ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਈ। ਸਾਡਾ ਵਿਆਹ ਨਵੰਬਰ 2006 ਵਿਚ ਹੋਇਆ।

ਮੈਂ ਉਸ ਹਰ ਨੌਜਵਾਨ ਨੂੰ, ਜੋ ਸੋਚਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦਾ ਹੈ, ਇਨ੍ਹਾਂ ਸ਼ਬਦਾਂ ’ਤੇ ਚੱਲਣ ਦੀ ਸਲਾਹ ਦੇਵਾਂਗਾ: “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ।” ਮੈਂ ਜ਼ਬੂਰ ਦੇ ਲਿਖਾਰੀ ਵਾਂਗ ਖ਼ੁਸ਼ ਹਾਂ ਜਿਸ ਨੇ ਲਿਖਿਆ: “ਹੇ ਪਰਮੇਸ਼ੁਰ, ਤੈਂ ਮੈਨੂੰ ਜੁਆਨੀ ਤੋਂ ਸਿਖਲਾਇਆ ਹੈ, ਅਤੇ ਹੁਣ ਤੀਕੁਰ ਮੈਂ ਤੇਰੇ ਅਨੋਖੇ ਕੰਮਾਂ ਨੂੰ ਦੱਸਦਾ ਰਿਹਾ। ਸੋ ਬੁਢੇਪੇ ਤੇ ਧੌਲਿਆਂ ਤੀਕ ਵੀ, ਹੇ ਪਰਮੇਸ਼ੁਰ, ਮੈਨੂੰ ਨਾ ਤਿਆਗ, ਜਦ ਤੀਕ ਮੈਂ ਆਉਣ ਵਾਲੀ ਪੀੜ੍ਹੀ ਨੂੰ ਤੇਰਾ ਬਲ, ਅਤੇ ਸਾਰੇ ਆਉਣ ਵਾਲਿਆਂ ਨੂੰ ਤੇਰੀ ਸਮਰੱਥਾ ਨਾ ਦੱਸਾਂ।”—ਜ਼ਬੂ. 71:17, 18.

[ਸਫ਼ਾ 25 ਉੱਤੇ ਨਕਸ਼ਾ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਲਾਤਵੀਆ ਵਿਚ ਬਾਈਬਲ ਸਾਹਿੱਤ ਲੈ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਸੀ

ਏਸਟੋਨੀਆ

ਟੈਲਨ

ਰੀਗਾ ਦੀ ਖਾਈ

ਲਾਤਵੀਆ

ਰੀਗਾ

ਲਿਥੁਆਨੀਆ

ਵਿਲਨੀਅਸ

ਕਓਨਾਸ

[ਸਫ਼ਾ 26 ਉੱਤੇ ਤਸਵੀਰ]

ਸਕਾਟਲੈਂਡ ਵਿਖੇ ਮੈਂ 15 ਸਾਲਾਂ ਦੀ ਉਮਰ ਵਿਚ ਪਾਇਨੀਅਰਿੰਗ ਸ਼ੁਰੂ ਕੀਤੀ

[ਸਫ਼ਾ 26 ਉੱਤੇ ਤਸਵੀਰ]

1942 ਨੂੰ ਆਪਣੇ ਵਿਆਹ ਦੇ ਦਿਨ ਨੈਲੀ ਨਾਲ