Skip to content

Skip to table of contents

‘ਯਹੋਵਾਹ ਨੇ ਆਪਣੇ ਮੁਖੜੇ ਨੂੰ ਉਨ੍ਹਾਂ ਉੱਤੇ ਚਮਕਾਇਆ’

‘ਯਹੋਵਾਹ ਨੇ ਆਪਣੇ ਮੁਖੜੇ ਨੂੰ ਉਨ੍ਹਾਂ ਉੱਤੇ ਚਮਕਾਇਆ’

‘ਯਹੋਵਾਹ ਨੇ ਆਪਣੇ ਮੁਖੜੇ ਨੂੰ ਉਨ੍ਹਾਂ ਉੱਤੇ ਚਮਕਾਇਆ’

ਮਨੁੱਖ ਦੇ ਚਿਹਰੇ ਵਿਚ 30 ਤੋਂ ਜ਼ਿਆਦਾ ਮਾਸਪੇਸ਼ੀਆਂ ਹਨ। ਸਿਰਫ਼ ਇਕ ਮੁਸਕਾਨ ਲਈ 14 ਮਾਸਪੇਸ਼ੀਆਂ ਮਿਲ ਕੇ ਕੰਮ ਕਰਦੀਆਂ ਹਨ! ਕਲਪਨਾ ਕਰੋ ਕਿ ਇਨ੍ਹਾਂ ਮਾਸਪੇਸ਼ੀਆਂ ਤੋਂ ਬਗੈਰ ਤੁਹਾਡੀ ਗੱਲਬਾਤ ਕਿੱਦਾਂ ਦੀ ਹੁੰਦੀ। ਕੀ ਦੂਜਿਆਂ ਨੂੰ ਤੁਹਾਡੀ ਗੱਲਬਾਤ ਵਧੀਆ ਲੱਗੇਗੀ? ਬਿਲਕੁਲ ਨਹੀਂ! ਪਰ ਬੋਲ਼ੇ ਲੋਕਾਂ ਦੇ ਚਿਹਰੇ ਦੀਆਂ ਮਾਸਪੇਸ਼ੀਆਂ ਨਾ ਸਿਰਫ਼ ਗੱਲਬਾਤ ਨੂੰ ਦਿਲਚਸਪ ਬਣਾਉਂਦੀਆਂ ਹਨ, ਸਗੋਂ ਉਸ ਤੋਂ ਵੀ ਜ਼ਿਆਦਾ ਕੁਝ ਕਰਦੀਆਂ ਹਨ। ਉਨ੍ਹਾਂ ਦੀਆਂ ਮਾਸਪੇਸ਼ੀਆਂ ਜਦੋਂ ਸਰੀਰ ਦੀਆਂ ਹਰਕਤਾਂ ਨਾਲ ਮਿਲ ਕੇ ਕੰਮ ਕਰਦੀਆਂ ਹਨ, ਤਾਂ ਗੱਲਾਂ ਦਾ ਮਤਲਬ ਚੰਗੀ ਤਰ੍ਹਾਂ ਸਮਝ ਆ ਜਾਂਦਾ ਹੈ। ਕਈ ਲੋਕ ਹੈਰਾਨ ਰਹਿ ਜਾਂਦੇ ਹਨ ਕਿ ਸੈਨਤ ਭਾਸ਼ਾ ਵਿਚ ਡੂੰਘੇ ਵਿਚਾਰਾਂ ਦੇ ਨਾਲ-ਨਾਲ ਹੋਰਨਾਂ ਗੱਲਾਂ ਦੇ ਵੱਖੋ-ਵੱਖਰੇ ਮਤਲਬ ਕਿੰਨੀ ਬਾਰੀਕੀ ਨਾਲ ਸਮਝਾਏ ਜਾ ਸਕਦੇ ਹਨ।

ਹਾਲ ਹੀ ਵਿਚ ਦੁਨੀਆਂ ਭਰ ਵਿਚ ਬੋਲ਼ੇ ਲੋਕਾਂ ਨੇ ਇਕ ਚਿਹਰਾ ਦੇਖਿਆ ਹੈ ਜਿਸ ਉੱਤੇ ਕਿਸੇ ਮਨੁੱਖੀ ਚਿਹਰੇ ਨਾਲੋਂ ਜ਼ਿਆਦਾ ਰੰਗ-ਬਰੰਗੇ ਹਾਵ-ਭਾਵ ਹਨ। ਇਕ ਤਰ੍ਹਾਂ ਨਾਲ ਉਹ ਹੌਲੀ-ਹੌਲੀ ਯਹੋਵਾਹ ਦਾ ਚਿਹਰਾ ਦੇਖ ਪਾਏ ਹਨ। (ਵਿਰ. 2:19) ਇਹ ਕੋਈ ਇਤਫ਼ਾਕ ਨਹੀਂ ਹੈ। ਯਹੋਵਾਹ ਚਿਰਾਂ ਤੋਂ ਬੋਲ਼ੇ ਲੋਕਾਂ ਲਈ ਪਿਆਰ ਜ਼ਾਹਰ ਕਰਦਾ ਆਇਆ ਹੈ। ਉਸ ਨੇ ਪੁਰਾਣੇ ਜ਼ਮਾਨੇ ਦੇ ਇਸਰਾਏਲੀਆਂ ਲਈ ਪਿਆਰ ਜ਼ਾਹਰ ਕੀਤਾ ਸੀ। (ਲੇਵੀ. 19:14) ਅੱਜ ਵੀ ਬੋਲ਼ੇ ਲੋਕਾਂ ਲਈ ਯਹੋਵਾਹ ਦਾ ਪਿਆਰ ਘਟਿਆ ਨਹੀਂ। “[ਪਰਮੇਸ਼ੁਰ] ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋ. 2:4) ਪਰਮੇਸ਼ੁਰ ਬਾਰੇ ਸਹੀ ਗਿਆਨ ਲੈ ਕੇ ਬਹੁਤ ਸਾਰੇ ਬੋਲ਼ੇ ਲੋਕਾਂ ਨੇ ਮਾਨੋ ਯਹੋਵਾਹ ਦਾ ਚਿਹਰਾ ਦੇਖ ਲਿਆ ਹੈ। ਉਨ੍ਹਾਂ ਲਈ ਗਿਆਨ ਲੈਣਾ ਕਿੱਦਾਂ ਮੁਮਕਿਨ ਹੋਇਆ ਹੈ ਜਦਕਿ ਉਹ ਸੁਣ ਨਹੀਂ ਸਕਦੇ? ਇਸ ਸਵਾਲ ਦਾ ਜਵਾਬ ਜਾਣਨ ਤੋਂ ਪਹਿਲਾਂ ਆਓ ਅਸੀਂ ਗੌਰ ਕਰੀਏ ਕਿ ਸੈਨਤ ਭਾਸ਼ਾ ਬੋਲ਼ੇ ਲੋਕਾਂ ਲਈ ਇੰਨੀ ਜ਼ਰੂਰੀ ਕਿਉਂ ਹੈ।

ਕੰਨਾਂ ਨਾਲ ਨਹੀਂ ਅੱਖਾਂ ਰਾਹੀਂ ਸਿੱਖਦੇ

ਬੋਲ਼ੇ ਲੋਕਾਂ ਅਤੇ ਸੈਨਤ ਭਾਸ਼ਾ ਬਾਰੇ ਲੋਕਾਂ ਨੂੰ ਕਾਫ਼ੀ ਗ਼ਲਤਫ਼ਹਿਮੀਆਂ ਹਨ। ਆਓ ਕੁਝ ਗ਼ਲਤਫ਼ਹਿਮੀਆਂ ਨੂੰ ਦੂਰ ਕਰੀਏ। ਸੱਚ ਤਾਂ ਇਹ ਹੈ ਕਿ ਬੋਲ਼ੇ ਲੋਕ ਗੱਡੀ ਚਲਾ ਸਕਦੇ ਹਨ, ਉਨ੍ਹਾਂ ਲਈ ਬੁੱਲ੍ਹਾਂ ਨੂੰ ਪੜ੍ਹਨਾ ਬਹੁਤ ਮੁਸ਼ਕਲ ਹੈ, ਸੈਨਤ ਭਾਸ਼ਾ ਅਤੇ ਬ੍ਰੇਲ ਮਿਲਦੀ-ਜੁਲਦੀ ਨਹੀਂ ਹੈ, ਸੈਨਤ ਭਾਸ਼ਾ ਐਕਟਿੰਗ ਹੀ ਨਹੀਂ ਹੈ ਅਤੇ ਦੁਨੀਆਂ ਵਿਚ ਇੱਕੋ ਹੀ ਸੈਨਤ ਭਾਸ਼ਾ ਨਹੀਂ ਹੈ। ਇਸ ਤੋਂ ਇਲਾਵਾ, ਇਲਾਕੇ ਦੇ ਮੁਤਾਬਕ ਸੈਨਤ ਭਾਸ਼ਾ ਵੱਖੋ-ਵੱਖਰੀ ਹੁੰਦੀ ਹੈ।

ਕੀ ਬੋਲ਼ੇ ਲੋਕ ਪੜ੍ਹ ਸਕਦੇ ਹਨ? ਕੁਝ ਬੋਲ਼ੇ ਲੋਕ ਚੰਗੀ ਤਰ੍ਹਾਂ ਪੜ੍ਹ ਸਕਦੇ ਹਨ, ਪਰ ਜ਼ਿਆਦਾਤਰ ਲੋਕਾਂ ਨੂੰ ਪੜ੍ਹਨਾ ਔਖਾ ਲੱਗਦਾ ਹੈ। ਕਿਉਂ? ਕਿਉਂਕਿ ਕਾਗਜ਼ ਉੱਤੇ ਜੋ ਛਪਿਆ ਹੁੰਦਾ ਹੈ, ਉਹ ਬੋਲੀ ਜਾਣ ਵਾਲੀ ਭਾਸ਼ਾ ਹੁੰਦੀ ਹੈ। ਜ਼ਰਾ ਸੋਚੋ ਕਿ ਸੁਣਨ ਦੀ ਕਾਬਲੀਅਤ ਰੱਖਣ ਵਾਲਾ ਬੱਚਾ ਭਾਸ਼ਾ ਕਿਵੇਂ ਸਿੱਖਦਾ ਹੈ। ਜਨਮ ਤੋਂ ਹੀ ਬੱਚਾ ਉਨ੍ਹਾਂ ਲੋਕਾਂ ਨਾਲ ਘਿਰਿਆ ਹੁੰਦਾ ਹੈ ਜੋ ਮਾਂ-ਬੋਲੀ ਵਿਚ ਗੱਲਾਂ ਕਰਦੇ ਹਨ। ਥੋੜ੍ਹੇ ਹੀ ਸਮੇਂ ਵਿਚ ਬੱਚਾ ਸ਼ਬਦਾਂ ਨੂੰ ਜੋੜਨ ਲੱਗ ਪੈਂਦਾ ਹੈ ਤੇ ਪੂਰਾ ਵਾਕ ਬੋਲਣ ਲੱਗਦਾ ਹੈ। ਇੱਦਾਂ ਉਹ ਲੋਕਾਂ ਦੀਆਂ ਗੱਲਾਂ ਸੁਣ-ਸੁਣ ਕੇ ਭਾਸ਼ਾ ਸਿੱਖ ਜਾਂਦਾ ਹੈ। ਜਦੋਂ ਬੱਚੇ ਪੜ੍ਹਨਾ ਸ਼ੁਰੂ ਕਰਦੇ ਹਨ, ਤਾਂ ਉਹ ਕਾਗਜ਼ ਉੱਤੇ ਲਿਖੇ ਉਹੀ ਕਾਲੇ ਅੱਖਰ ਸਿੱਖਦੇ ਹਨ ਜਿੰਨਾ ਨੂੰ ਉਨ੍ਹਾਂ ਨੇ ਸੁਣਿਆ ਹੁੰਦਾ ਹੈ ਕਿ ਇਹ ਕਿੱਦਾਂ ਬੋਲੇ ਜਾਂਦੇ ਹਨ।

ਕਲਪਨਾ ਕਰੋ ਕਿ ਤੁਸੀਂ ਕਿਸੇ ਹੋਰ ਦੇਸ਼ ਵਿਚ ਇਕ ਅਜਿਹੇ ਕਮਰੇ ਵਿਚ ਹੋ ਜੋ ਸ਼ੀਸ਼ੇ ਦਾ ਬਣਿਆ ਹੈ ਅਤੇ ਤੁਹਾਨੂੰ ਬਾਹਰਲੀ ਆਵਾਜ਼ ਸੁਣਾਈ ਨਹੀਂ ਦਿੰਦੀ। ਤੁਸੀਂ ਉੱਥੇ ਦੀ ਭਾਸ਼ਾ ਕਦੀ ਨਹੀਂ ਸੁਣੀ। ਹਰ ਰੋਜ਼ ਉੱਥੇ ਦੇ ਲੋਕ ਕਮਰੇ ਦੇ ਬਾਹਰ ਸ਼ੀਸ਼ੇ ਦੇ ਰਾਹੀਂ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਤੁਸੀਂ ਸੁਣ ਨਹੀਂ ਸਕਦੇ ਕਿ ਉਹ ਕੀ ਕਹਿ ਰਹੇ ਹਨ, ਪਰ ਤੁਸੀਂ ਉਨ੍ਹਾਂ ਦੇ ਬੁੱਲ੍ਹਾਂ ਨੂੰ ਹਿੱਲਦਿਆਂ ਦੇਖਦੇ ਹੋ। ਜਦ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਤੁਸੀਂ ਉਨ੍ਹਾਂ ਦੀ ਗੱਲ ਸਮਝ ਨਹੀਂ ਰਹੇ, ਤਾਂ ਉਹ ਸ਼ਬਦਾਂ ਨੂੰ ਪੇਪਰ ’ਤੇ ਲਿਖ ਕੇ ਸ਼ੀਸ਼ੇ ਦੇ ਰਾਹੀਂ ਦਿਖਾਉਂਦੇ ਹਨ। ਉਹ ਸੋਚਦੇ ਹਨ ਕਿ ਤੁਸੀਂ ਉਨ੍ਹਾਂ ਸ਼ਬਦਾਂ ਨੂੰ ਸਮਝ ਜਾਓਗੇ। ਤੁਹਾਡੇ ਖ਼ਿਆਲ ਨਾਲ ਕੀ ਤੁਸੀਂ ਸਮਝ ਜਾਓਗੇ? ਬਿਨਾਂ ਸ਼ੱਕ, ਤੁਹਾਡੇ ਲਈ ਉਨ੍ਹਾਂ ਨਾਲ ਗੱਲਬਾਤ ਕਰਨੀ ਤੇ ਸਮਝਣੀ ਬਹੁਤ ਹੀ ਮੁਸ਼ਕਲ ਹੋਵੇਗੀ। ਕਿਉਂ? ਕਿਉਂਕਿ ਜੋ ਕੁਝ ਪੇਪਰ ’ਤੇ ਲਿਖਿਆ ਹੈ, ਉਹ ਉਸ ਭਾਸ਼ਾ ਦੇ ਅੱਖਰ ਹਨ ਜੋ ਤੁਸੀਂ ਕਦੇ ਸੁਣੀ ਹੀ ਨਹੀਂ। ਹੁਣ ਤੁਸੀਂ ਸਮਝ ਸਕਦੇ ਹੋ ਕਿ ਬੋਲ਼ੇ ਲੋਕਾਂ ਦੀ ਹਾਲਤ ਵੀ ਕੁਝ ਇਹੋ ਜਿਹੀ ਹੈ।

ਬੋਲ਼ੇ ਲੋਕਾਂ ਲਈ ਸੈਨਤ ਭਾਸ਼ਾ ਸੰਚਾਰ ਕਰਨ ਦਾ ਵਧੀਆ ਤਰੀਕਾ ਹੈ। ਬੋਲ਼ਾ ਆਦਮੀ ਆਪਣੇ ਹੱਥਾਂ ਨਾਲ ਇਸ਼ਾਰੇ ਕਰ ਕੇ ਜਾਂ ਚਿਹਰੇ ਦੇ ਹਾਵ-ਭਾਵ ਪ੍ਰਗਟਾ ਕੇ ਆਪਣੀ ਗੱਲ ਸਮਝਾਉਂਦਾ ਹੈ। ਉਹ ਇਸ਼ਾਰੇ ਕਰਦੇ ਸਮੇਂ ਤੇ ਚਿਹਰੇ ਦੇ ਹਾਵ-ਭਾਵ ਪ੍ਰਗਟਾਉਂਦੇ ਸਮੇਂ ਸੈਨਤ ਭਾਸ਼ਾ ਦੀ ਵਿਆਕਰਣ ਦੇ ਨਿਯਮਾਂ ਦਾ ਧਿਆਨ ਰੱਖਦਾ ਹੈ। ਇਸ ਤਰ੍ਹਾਂ ਸੈਨਤ ਭਾਸ਼ਾ ਦੇ ਰਾਹੀਂ ਬੋਲ਼ੇ ਲੋਕ ਇਕ-ਦੂਜੇ ਦੀ ਗੱਲ ਸਮਝ ਜਾਂਦੇ ਹਨ।

ਬੋਲ਼ੇ ਵਿਅਕਤੀ ਦੇ ਹੱਥਾਂ, ਸਰੀਰ ਅਤੇ ਚਿਹਰੇ ਨਾਲ ਕੀਤੇ ਹਰ ਇਸ਼ਾਰੇ ਦਾ ਮਤਲਬ ਹੁੰਦਾ ਹੈ। ਚਿਹਰੇ ਦੇ ਹਾਵ-ਭਾਵ ਸਿਰਫ਼ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਨਹੀਂ ਪ੍ਰਗਟਾਏ ਜਾਂਦੇ। ਇਹ ਹਾਵ-ਭਾਵ ਸੈਨਤ ਭਾਸ਼ਾ ਦੀ ਵਿਆਕਰਣ ਦਾ ਅਟੁੱਟ ਹਿੱਸਾ ਹੈ। ਉਦਾਹਰਣ ਵਜੋਂ, ਭਰਵੱਟਿਆਂ ਨੂੰ ਉਤਾਂਹ ਕਰ ਕੇ ਸਵਾਲ ਪੁੱਛਣਾ ਸੰਕੇਤ ਕਰਦਾ ਹੈ ਕਿ ਤੁਸੀਂ ਉਹ ਸਵਾਲ ਪੁੱਛਦੇ ਹੋ ਜਿਸ ਦਾ ਜਵਾਬ ਦੇਣ ਦੀ ਲੋੜ ਨਹੀਂ, ਪਰ ਉਸ ’ਤੇ ਵਿਚਾਰ ਕਰਨ ਦੀ ਲੋੜ ਹੈ ਜਾਂ ਫਿਰ ਉਹ ਸਵਾਲ ਜਿਸ ਦਾ ਜਵਾਬ ਹਾਂ ਜਾਂ ਨਾਂਹ ਹੋ ਸਕਦਾ ਹੈ। ਭਰਵੱਟਿਆਂ ਨੂੰ ਥੱਲੇ ਕਰਨ ਦਾ ਮਤਲਬ ਹੋ ਸਕਦਾ ਹੈ ਕੌਣ, ਕੀ, ਕਿੱਥੇ, ਕਦੋਂ, ਕਿਉਂ ਜਾਂ ਕਿਵੇਂ। ਮੂੰਹ ਦੀਆਂ ਕੁਝ ਹਰਕਤਾਂ ਤੋਂ ਭਾਵ ਹੋ ਸਕਦਾ ਹੈ ਕਿਸੇ ਚੀਜ਼ ਦਾ ਆਕਾਰ ਜਾਂ ਕੋਈ ਕਿਸੇ ਗੱਲ ਤੋਂ ਕਿੰਨਾ ਪ੍ਰਭਾਵਿਤ ਹੋਇਆ। ਬੋਲ਼ਾ ਵਿਅਕਤੀ ਜਿਸ ਤਰ੍ਹਾਂ ਆਪਣਾ ਸਿਰ ਹਿਲਾਉਂਦਾ ਹੈ, ਆਪਣੇ ਮੋਢਿਆਂ ਨੂੰ ਉਤਾਂਹ ਚੁੱਕਦਾ ਹੈ, ਗੱਲ੍ਹਾਂ ਨੂੰ ਇੱਧਰ-ਉੱਧਰ ਕਰਦਾ ਹੈ ਅਤੇ ਆਪਣੀਆਂ ਅੱਖਾਂ ਝਪਕਦਾ ਹੈ, ਉਸ ਨਾਲ ਉਹ ਹਰ ਛੋਟੀ-ਮੋਟੀ ਗੱਲ ਦੇ ਅਰਥ ਨੂੰ ਸਮਝਾਉਂਦਾ ਹੈ।

ਸਰੀਰ ਦੀਆਂ ਇਨ੍ਹਾਂ ਹਰਕਤਾਂ ਨਾਲ ਜਾਣਕਾਰੀ ਸਮਝ ਕੇ ਦੇਖਣ ਵਾਲੇ ਨੂੰ ਮਜ਼ਾ ਆ ਜਾਂਦਾ ਹੈ। ਇਸ ਅਨੋਖੀ ਭਾਸ਼ਾ ਨਾਲ ਬੋਲ਼ਾ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਗੱਲ ਸਮਝਾ ਸਕਦਾ ਹੈ। ਉਹ ਸ਼ਾਇਰੀ ਤੋਂ ਤਕਨੀਕੀ, ਰੋਮਾਂਟਿਕ ਤੋਂ ਹਾਸ-ਵਿਅੰਗ ਭਾਸ਼ਾ ਅਤੇ ਦੇਖੀਆਂ ਜਾਣ ਵਾਲੀਆਂ ਚੀਜ਼ਾਂ ਤੋਂ ਲੈ ਕੇ ਨਾ ਦੇਖੀਆਂ ਜਾਣ ਵਾਲੀਆਂ ਚੀਜ਼ਾਂ ਤਕ ਸਮਝਾ ਸਕਦਾ ਹੈ।

ਸੈਨਤ ਭਾਸ਼ਾ ਦਾ ਸਾਹਿੱਤ ਬੋਲ਼ੇ ਲੋਕਾਂ ਦੇ ਦਿਲਾਂ ਨੂੰ ਛੂੰਹਦਾ ਹੈ

ਜਦੋਂ ਸੈਨਤ ਭਾਸ਼ਾ ਵਿਚ ਯਹੋਵਾਹ ਦਾ ਗਿਆਨ ਦਿੱਤਾ ਜਾਂਦਾ ਹੈ, ਤਾਂ ਬੋਲ਼ੇ ਲੋਕ ਮਾਨੋ ਇਕ ਤਰ੍ਹਾਂ ਨਾਲ ਸੰਦੇਸ਼ “ਸੁਣ” ਸਕਦੇ ਹਨ ਅਤੇ ਸੰਦੇਸ਼ ਦੇਣ ਵਾਲੇ ਵਿਚ ਯਾਨੀ ਯਹੋਵਾਹ ਵਿਚ “ਨਿਹਚਾ” ਕਰ ਸਕਦੇ ਹਨ। ਤਾਂ ਹੀ ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਬੋਲ਼ੇ ਲੋਕਾਂ ਨੂੰ ਪ੍ਰਚਾਰ ਕਰਨ ਲਈ ਸਖ਼ਤ ਜਤਨ ਕਰਦੇ ਹਨ ਅਤੇ ਸਾਹਿੱਤ ਦਿੰਦੇ ਹਨ ਜਿਸ ਤੋਂ ਬੋਲ਼ੇ ਲੋਕਾਂ ਨੂੰ ਫ਼ਾਇਦਾ ਹੁੰਦਾ ਹੈ। (ਰੋਮੀ. 10:14) ਅੱਜ ਦੁਨੀਆਂ ਵਿਚ ਸੈਨਤ ਭਾਸ਼ਾ ਦੀਆਂ 58 ਟ੍ਰਾਂਸਲੇਸ਼ਨ ਟੀਮਾਂ ਹਨ ਤੇ 40 ਸੈਨਤ ਭਾਸ਼ਾਵਾਂ ਵਿਚ ਪ੍ਰਕਾਸ਼ਨ ਡੀ.ਵੀ.ਡੀ ’ਤੇ ਉਪਲਬਧ ਹਨ। ਕੀ ਉਨ੍ਹਾਂ ਦੀ ਇਹ ਮਿਹਨਤ ਰੰਗ ਲਿਆਈ ਹੈ?

ਜਰਮੀ ਦੇ ਮਾਂ-ਬਾਪ ਬੋਲ਼ੇ ਹਨ। ਉਹ ਕਹਿੰਦਾ ਹੈ: “ਮੈਨੂੰ ਯਾਦ ਹੈ ਕਿ ਮੇਰੇ ਪਿਤਾ ਜੀ ਆਪਣੇ ਕਮਰੇ ਵਿਚ ਪਹਿਰਾਬੁਰਜ ਦੇ ਇਕ ਲੇਖ ਦੇ ਕੁਝ ਪੈਰਿਆਂ ਨੂੰ ਘੰਟਿਆਂ-ਬੱਧੀ ਸਮਝਣ ਦੀ ਕੋਸ਼ਿਸ਼ ਕਰਦੇ ਸਨ। ਫਿਰ ਅਚਾਨਕ ਹੀ ਉਹ ਕਮਰੇ ‘ਚੋਂ ਬਾਹਰ ਆ ਕੇ ਉਤਸੁਕਤਾ ਨਾਲ ਇਸ਼ਾਰੇ ਕਰਨ ਲੱਗੇ: ‘ਮੈਨੂੰ ਸਮਝ ਲੱਗ ਗਈ! ਮੈਨੂੰ ਸਮਝ ਲੱਗ ਗਈ!’ ਫਿਰ ਉਹ ਮੈਨੂੰ ਪੜ੍ਹੀਆਂ ਗੱਲਾਂ ਦਾ ਮਤਲਬ ਸਮਝਾਉਣ ਲੱਗ ਪਏ। ਮੈਂ ਉਦੋਂ ਸਿਰਫ਼ 12 ਸਾਲਾਂ ਦਾ ਸੀ। ਮੈਂ ਪੈਰਿਆਂ ਨੂੰ ਫਟਾਫਟ ਪੜ੍ਹਿਆ ਅਤੇ ਇਸ਼ਾਰਿਆਂ ਨਾਲ ਸਮਝਾਇਆ: ‘ਡੈਡ, ਮੇਰੇ ਖ਼ਿਆਲ ਨਾਲ ਇਸ ਗੱਲ ਦਾ ਮਤਲਬ ਇਹ ਨਹੀਂ ਹੈ। ਇਸ ਦਾ ਮਤਲਬ . . .।’ ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਇਕ ਮਿੰਟ ਰੁਕ ਅਤੇ ਫਿਰ ਕਮਰੇ ਵਿਚ ਵਾਪਸ ਚਲੇ ਗਏ ਤਾਂਕਿ ਉਹ ਖ਼ੁਦ ਮਤਲਬ ਸਮਝ ਸਕਣ। ਮੈਂ ਉਨ੍ਹਾਂ ਦੇ ਚਿਹਰੇ ’ਤੇ ਛਾਈ ਨਿਰਾਸ਼ਾ ਨੂੰ ਕਦੇ ਨਹੀਂ ਭੁਲਾ ਸਕਦਾ, ਪਰ ਮੈਂ ਉਨ੍ਹਾਂ ਦੀ ਤਾਰੀਫ਼ ਕਰਦਾ ਹਾਂ ਕਿ ਉਹ ਖ਼ੁਦ ਮਤਲਬ ਸਮਝਣ ਵਾਪਸ ਕਮਰੇ ਵਿਚ ਚਲੇ ਗਏ। ਹੁਣ ਉਹ ਡੀ.ਵੀ.ਡੀ ਉੱਤੇ ਸੈਨਤ ਭਾਸ਼ਾ ਦੇ ਪ੍ਰਕਾਸ਼ਨਾਂ ਦੀ ਮਦਦ ਨਾਲ ਜਾਣਕਾਰੀ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਦੇ ਹਨ। ਉਨ੍ਹਾਂ ਦਾ ਚਿਹਰਾ ਖ਼ੁਸ਼ੀ ਨਾਲ ਖਿੜ ਉੱਠਦਾ ਹੈ ਜਦੋਂ ਉਹ ਪ੍ਰਗਟਾਉਂਦੇ ਹਨ ਕਿ ਉਹ ਯਹੋਵਾਹ ਬਾਰੇ ਕਿੱਦਾਂ ਮਹਿਸੂਸ ਕਰਦੇ ਹਨ ਅਤੇ ਮੈਂ ਉਨ੍ਹਾਂ ਦੀ ਇਸ ਗੱਲ ਦੀ ਬਹੁਤ ਕਦਰ ਕਰਦਾ ਹਾਂ।”

ਇਕ ਪਤੀ-ਪਤਨੀ ਦੀ ਮਿਸਾਲ ’ਤੇ ਵੀ ਗੌਰ ਕਰੋ ਜੋ ਯਹੋਵਾਹ ਦੇ ਗਵਾਹ ਹਨ। ਉਨ੍ਹਾਂ ਨੇ ਚਿਲੀ ਵਿਚ ਰਹਿੰਦੀ ਬੋਲ਼ੀ ਕੁੜੀ ਹੇਸੇਨੀਆ ਨਾਲ ਗੱਲ ਕੀਤੀ। ਉਸ ਦੀ ਮਾਂ ਤੋਂ ਇਜਾਜ਼ਤ ਲੈ ਕੇ ਉਨ੍ਹਾਂ ਨੇ ਹੇਸੇਨੀਆ ਨੂੰ ਡੀ.ਵੀ.ਡੀ ਉੱਤੇ ਬਾਈਬਲ ਕਹਾਣੀਆਂ ਦੀ ਕਿਤਾਬ ਚਿਲੀਅਨ ਸੈਨਤ ਭਾਸ਼ਾ ਵਿਚ ਦਿਖਾਈ। ਉਨ੍ਹਾਂ ਨੇ ਕਿਹਾ: “ਜਦੋਂ ਹੇਸੇਨੀਆ ਕਹਾਣੀ ਨੂੰ ਡੀ.ਵੀ.ਡੀ ਉੱਤੇ ਦੇਖਣ ਲੱਗੀ, ਤਾਂ ਉਹ ਹੱਸਣ ਲੱਗ ਪਈ ਤੇ ਫਿਰ ਰੋਣ ਲੱਗ ਪਈ। ਉਸ ਦੀ ਮਾਂ ਨੇ ਪੁੱਛਿਆ ਕਿ ਉਹ ਕਿਉਂ ਰੋ ਰਹੀ ਸੀ, ਤਾਂ ਉਸ ਨੇ ਕਿਹਾ ਉਸ ਨੂੰ ਉਹ ਬਹੁਤ ਚੰਗਾ ਲੱਗਾ ਜੋ ਉਹ ਦੇਖ ਰਹੀ ਸੀ। ਉਸ ਦੀ ਮਾਂ ਨੇ ਦੇਖ ਲਿਆ ਸੀ ਕਿ ਉਹ ਡੀ.ਵੀ.ਡੀ ਦੀ ਹਰ ਗੱਲ ਸਮਝ ਰਹੀ ਸੀ।”

ਵੈਨੇਜ਼ੁਏਲਾ ਦੇ ਇਕ ਪਿੰਡ ਦੀ ਬੋਲ਼ੀ ਤੀਵੀਂ ਦੀ ਇਕ ਕੁੜੀ ਹੈ ਤੇ ਦੂਸਰਾ ਬੱਚਾ ਹੋਣ ਵਾਲਾ ਸੀ। ਪੈਸਿਆਂ ਦੀ ਤੰਗੀ ਕਰਕੇ ਉਹ ਤੇ ਉਸ ਦਾ ਪਤੀ ਦੂਜਾ ਬੱਚਾ ਨਹੀਂ ਚਾਹੁੰਦੇ ਸੀ, ਇਸ ਲਈ ਉਹ ਗਰਭਪਾਤ ਕਰਾਉਣ ਬਾਰੇ ਸੋਚ ਰਹੇ ਸਨ। ਇਕ ਦਿਨ ਯਹੋਵਾਹ ਦੇ ਗਵਾਹ ਉਨ੍ਹਾਂ ਨੂੰ ਮਿਲਣ ਆਏ, ਪਰ ਉਨ੍ਹਾਂ ਨੂੰ ਗਰਭਪਾਤ ਵਾਲੀ ਗੱਲ ਨਹੀਂ ਸੀ ਪਤਾ। ਉਨ੍ਹਾਂ ਨੇ ਉਸ ਜੋੜੇ ਨੂੰ ਵਿਡਿਓ ਉੱਤੇ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਦਾ 12ਵਾਂ ਪਾਠ ਵੈਨੇਜ਼ੁਏਲਾ ਦੀ ਸੈਨਤ ਭਾਸ਼ਾ ਵਿਚ ਦਿਖਾਇਆ। ਇਸ ਪਾਠ ਵਿਚ ਸਮਝਾਇਆ ਗਿਆ ਹੈ ਕਿ ਗਰਭਪਾਤ ਤੇ ਹੱਤਿਆ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ। ਬਾਅਦ ਵਿਚ ਉਸ ਤੀਵੀਂ ਨੇ ਗਵਾਹਾਂ ਨੂੰ ਦੱਸਿਆ ਕਿ ਇਸ ਪਾਠ ਦਾ ਅਧਿਐਨ ਕਰ ਕੇ ਉਹ ਕਿੰਨੀ ਸ਼ੁਕਰਗੁਜ਼ਾਰ ਸੀ! ਉਸ ਨੇ ਕਿਹਾ ਕਿ ਵਿਡਿਓ ਦੇਖਣ ਤੋਂ ਬਾਅਦ ਉਨ੍ਹਾਂ ਨੇ ਗਰਭਪਾਤ ਨਾ ਕਰਾਉਣ ਦਾ ਫ਼ੈਸਲਾ ਕੀਤਾ। ਡੀ.ਵੀ.ਡੀ ਉੱਤੇ ਸੈਨਤ ਭਾਸ਼ਾ ਦੇ ਬਰੋਸ਼ਰ ਦੀ ਮਦਦ ਨਾਲ ਇਕ ਮਾਸੂਮ ਬੱਚੇ ਦੀ ਜਾਨ ਬਚ ਗਈ!

ਲੋਰੈਨ ਨਾਂ ਦੀ ਬੋਲ਼ੀ ਭੈਣ ਕਹਿੰਦੀ ਹੈ: “ਬਾਈਬਲ ਨੂੰ ਸਮਝਣਾ ਇਕ ਤਸਵੀਰ ਦੇ ਛੋਟੇ-ਛੋਟੇ ਟੁਕੜਿਆਂ ਨੂੰ ਜੋੜਨ ਦੇ ਬਰਾਬਰ ਹੈ। ਬਾਈਬਲ ਦੀਆਂ ਕੁਝ ਗੱਲਾਂ ਮੈਨੂੰ ਸਮਝ ਨਹੀਂ ਆਉਂਦੀਆਂ ਸਨ ਜਿਸ ਕਰਕੇ ਮਨ ਵਿਚ ਪੂਰੀ ਤਸਵੀਰ ਨਹੀਂ ਬਣਦੀ ਸੀ। ਜਦੋਂ ਸੈਨਤ ਭਾਸ਼ਾ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨ ਉਪਲਬਧ ਹੋਣ ਲੱਗੇ, ਤਾਂ ਇਨ੍ਹਾਂ ਦੀ ਮਦਦ ਨਾਲ ਮੈਨੂੰ ਪੂਰੀ ਤਸਵੀਰ ਸਮਝ ਆਉਣ ਲੱਗ ਪਈ।” ਜੋਰਜ ਨਾਂ ਦਾ ਬੋਲ਼ਾ ਭਰਾ 38 ਸਾਲਾਂ ਤੋਂ ਗਵਾਹ ਹੈ। ਉਹ ਕਹਿੰਦਾ ਹੈ: “ਇਸ ਵਿਚ ਕੋਈ ਸ਼ੱਕ ਨਹੀਂ ਕਿ ਜਦੋਂ ਤੁਸੀਂ ਗੱਲਾਂ ਨੂੰ ਆਪ ਸਮਝਦੇ ਹੋ, ਤਾਂ ਤੁਹਾਡਾ ਆਤਮ-ਸਨਮਾਨ ਤੇ ਭਰੋਸਾ ਵਧਦਾ ਹੈ। ਸੈਨਤ ਭਾਸ਼ਾ ਦੀਆਂ ਡੀ.ਵੀ.ਡੀਜ਼ ਦਾ ਮੇਰੇ ਉੱਤੇ ਬਹੁਤ ਗਹਿਰਾ ਅਸਰ ਪਿਆ ਹੈ ਜਿਸ ਕਰਕੇ ਯਹੋਵਾਹ ਨਾਲ ਮੇਰਾ ਰਿਸ਼ਤਾ ਹੋਰ ਵੀ ਪੱਕਾ ਹੋਇਆ ਹੈ।”

“ਮੇਰੀ ਭਾਸ਼ਾ ਵਿਚ ਮੀਟਿੰਗ”

ਸੈਨਤ ਭਾਸ਼ਾ ਦੇ ਪ੍ਰਕਾਸ਼ਨਾਂ ਤੋਂ ਇਲਾਵਾ, ਯਹੋਵਾਹ ਦੇ ਗਵਾਹਾਂ ਨੇ ਕਲੀਸਿਯਾਵਾਂ ਦਾ ਵੀ ਪ੍ਰਬੰਧ ਕੀਤਾ ਹੈ ਜਿਨ੍ਹਾਂ ਵਿਚ ਸੈਨਤ ਭਾਸ਼ਾ ਵਿਚ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ। ਅੱਜ ਦੁਨੀਆਂ ਭਰ ਵਿਚ 1,100 ਤੋਂ ਜ਼ਿਆਦਾ ਸੈਨਤ ਭਾਸ਼ਾ ਦੀਆਂ ਕਲੀਸਿਯਾਵਾਂ ਹਨ। ਬੋਲ਼ੇ ਭੈਣਾਂ-ਭਰਾਵਾਂ ਨਾਲ ਉਨ੍ਹਾਂ ਦੀ ਭਾਸ਼ਾ ਵਿਚ ਗੱਲ ਕੀਤੀ ਜਾਂਦੀ ਹੈ ਅਤੇ ਬਾਈਬਲ ਸੱਚਾਈਆਂ ਨੂੰ ਸੈਨਤ ਭਾਸ਼ਾ ਵਿਚ ਉਵੇਂ ਪੇਸ਼ ਕੀਤਾ ਜਾਂਦਾ ਹੈ ਜਿਵੇਂ ਬੋਲ਼ਾ ਵਿਅਕਤੀ ਸੋਚਦਾ ਤੇ ਸਮਝਦਾ ਹੈ। ਉਨ੍ਹਾਂ ਨੂੰ ਸੱਚਾਈਆਂ ਸਿਖਾਉਣ ਵੇਲੇ ਉਨ੍ਹਾਂ ਦੇ ਸਭਿਆਚਾਰ ਦਾ ਆਦਰ ਕੀਤਾ ਜਾਂਦਾ ਹੈ ਤੇ ਉਨ੍ਹਾਂ ਦੀ ਜ਼ਿੰਦਗੀ ਦੇ ਤਜਰਬੇ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ।

ਕੀ ਸੈਨਤ ਭਾਸ਼ਾ ਦੀਆਂ ਕਲੀਸਿਯਾਵਾਂ ਬਣਨ ਦਾ ਕੋਈ ਫ਼ਾਇਦਾ ਹੋਇਆ ਹੈ? ਸਿਰਲ ਦੀ ਉਦਾਹਰਣ ਲੈ ਲਓ। ਉਸ ਨੇ 1955 ਵਿਚ ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲਿਆ ਸੀ। ਸਾਲਾਂ ਤਾਈਂ ਉਸ ਨੇ ਪ੍ਰਕਾਸ਼ਨਾਂ ਨੂੰ ਪੂਰਾ ਜ਼ੋਰ ਲਾ ਕੇ ਪੜ੍ਹਿਆ ਅਤੇ ਬਾਕਾਇਦਾ ਮਸੀਹੀ ਸਭਾਵਾਂ ਵਿਚ ਜਾਂਦਾ ਰਿਹਾ। ਉੱਥੇ ਕਦੀ-ਕਦੀ ਤਰਜਮਾ ਕਰਨ ਵਾਲੇ ਹੁੰਦੇ ਸਨ ਤੇ ਕਦੀ-ਕਦੀ ਨਹੀਂ। ਜਦੋਂ ਕੋਈ ਵੀ ਤਰਜਮਾ ਕਰਨ ਵਾਲਾ ਨਹੀਂ ਸੀ ਹੁੰਦਾ, ਤਾਂ ਦੂਸਰੇ ਗਵਾਹ ਸਟੇਜ ਤੋਂ ਕਹੀਆਂ ਜਾਂਦੀਆਂ ਗੱਲਾਂ ਨੂੰ ਲਿਖ ਕੇ ਉਸ ਨੂੰ ਦਿਖਾਉਂਦੇ ਸਨ। 1989 ਵਿਚ ਉਸ ਨੂੰ ਗਵਾਹ ਬਣੇ ਨੂੰ 34 ਸਾਲ ਹੋ ਗਏ ਸਨ। ਉਦੋਂ ਅਮਰੀਕਾ ਦੇ ਸ਼ਹਿਰ ਨਿਊਯਾਰਕ ਸਿਟੀ ਵਿਚ ਪਹਿਲੀ ਸੈਨਤ ਭਾਸ਼ਾ ਦੀ ਕਲੀਸਿਯਾ ਬਣੀ। ਕਲੀਸਿਯਾ ਦਾ ਮੈਂਬਰ ਹੋਣ ਦੇ ਨਾਤੇ ਸਿਰਲ ਕਿਵੇਂ ਮਹਿਸੂਸ ਕਰਦਾ ਸੀ? “ਇਹ ਇੱਦਾਂ ਸੀ ਜਿਵੇਂ ਮੈਂ ਜੰਗਲ ਵਿੱਚੋਂ ਬਾਹਰ ਆ ਗਿਆ ਹੋਵਾਂ ਜਾਂ ਅਨ੍ਹੇਰੀ ਜਗ੍ਹਾ ਵਿੱਚੋਂ ਨਿਕਲ ਕੇ ਉਜਾਲੇ ਵਿਚ ਆ ਗਿਆ ਹੋਵਾਂ। ਮੇਰੀ ਭਾਸ਼ਾ ਵਿਚ ਮੀਟਿੰਗ!”

ਯਹੋਵਾਹ ਦੇ ਗਵਾਹਾਂ ਦੀਆਂ ਸੈਨਤ ਭਾਸ਼ਾਈ ਕਲੀਸਿਯਾਵਾਂ ਅਜਿਹੀਆਂ ਥਾਵਾਂ ਹਨ ਜਿੱਥੇ ਬੋਲ਼ੇ ਲੋਕ ਬਾਕਾਇਦਾ ਇਕੱਠੇ ਹੋ ਕੇ ਯਹੋਵਾਹ ਬਾਰੇ ਸਿੱਖ ਸਕਦੇ ਹਨ ਤੇ ਉਸ ਦੀ ਭਗਤੀ ਕਰ ਸਕਦੇ ਹਨ। ਉਹ ਇਨ੍ਹਾਂ ਥਾਵਾਂ ਤੇ ਨਾ ਸਿਰਫ਼ ਉਤਸ਼ਾਹ ਪ੍ਰਾਪਤ ਕਰ ਸਕਦੇ ਹਨ, ਸਗੋਂ ਇਕ-ਦੂਜੇ ਨਾਲ ਦੋਸਤੀ ਵੀ ਕਰ ਸਕਦੇ ਹਨ। ਬੋਲ਼ੇ ਲੋਕ ਦੁਨੀਆਂ ਦੇ ਹੋਰਨਾਂ ਲੋਕਾਂ ਨਾਲ ਆਸਾਨੀ ਨਾਲ ਗੱਲਬਾਤ ਨਹੀਂ ਕਰ ਸਕਦੇ ਜਿਸ ਕਰਕੇ ਉਹ ਸ਼ਾਇਦ ਸਮਾਜ ਤੋਂ ਕੱਟੇ ਹੋਏ ਮਹਿਸੂਸ ਕਰਨ, ਪਰ ਕਲੀਸਿਯਾਵਾਂ ਵਿਚ ਉਹ ਇਕ-ਦੂਸਰੇ ਨਾਲ ਬੇਝਿਜਕ ਗੱਲਬਾਤ ਕਰ ਸਕਦੇ ਤੇ ਮਿਲ-ਜੁਲ ਸਕਦੇ ਹਨ। ਇਨ੍ਹਾਂ ਕਲੀਸਿਯਾਵਾਂ ਵਿਚ ਬੋਲ਼ੇ ਲੋਕ ਸੱਚਾਈ ਸਿੱਖ ਕੇ ਯਹੋਵਾਹ ਦੀ ਸੇਵਾ ਵਿਚ ਅੱਗੇ ਵਧਦੇ ਹਨ। ਕਈ ਬੋਲ਼ੇ ਗਵਾਹ ਪਾਇਨੀਅਰ ਬਣ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ। ਕੁਝ ਤਾਂ ਹੋਰਨਾਂ ਦੇਸ਼ਾਂ ਵਿਚ ਜਾ ਕੇ ਬੋਲ਼ੇ ਲੋਕਾਂ ਦੀ ਯਹੋਵਾਹ ਬਾਰੇ ਸਿੱਖਣ ਵਿਚ ਮਦਦ ਕਰਦੇ ਹਨ। ਕਈ ਬੋਲ਼ੇ ਭਰਾ ਵਧੀਆ ਸਿੱਖਿਅਕ, ਚੰਗਾ ਪ੍ਰਬੰਧ ਕਰਨ ਵਾਲੇ ਤੇ ਚਰਵਾਹੇ ਬਣਨਾ ਸਿੱਖਦੇ ਹਨ ਅਤੇ ਫਿਰ ਉਹ ਕਲੀਸਿਯਾ ਵਿਚ ਚੰਗੀ ਤਰ੍ਹਾਂ ਜ਼ਿੰਮੇਵਾਰੀਆਂ ਨਿਭਾਉਣ ਦੇ ਲਾਇਕ ਬਣਦੇ ਹਨ।

ਅਮਰੀਕਾ ਵਿਚ 100 ਤੋਂ ਜ਼ਿਆਦਾ ਸੈਨਤ ਭਾਸ਼ਾਈ ਕਲੀਸਿਯਾਵਾਂ ਤੇ ਤਕਰੀਬਨ 80 ਗਰੁੱਪ ਹਨ। ਬ੍ਰਾਜ਼ੀਲ ਵਿਚ ਤਕਰੀਬਨ 300 ਸੈਨਤ ਭਾਸ਼ਾ ਦੀਆਂ ਕਲੀਸਿਯਾਵਾਂ ਤੇ 400 ਤੋਂ ਜ਼ਿਆਦਾ ਗਰੁੱਪ ਹਨ। ਮੈਕਸੀਕੋ ਵਿਚ ਤਕਰੀਬਨ 300 ਸੈਨਤ ਭਾਸ਼ਾਈ ਕਲੀਸਿਯਾਵਾਂ ਹਨ। ਰੂਸ ਵਿਚ 30 ਤੋਂ ਜ਼ਿਆਦਾ ਸੈਨਤ ਭਾਸ਼ਾ ਦੀਆਂ ਕਲੀਸਿਯਾਵਾਂ ਤੇ 113 ਗਰੁੱਪ ਹਨ। ਦੁਨੀਆਂ ਭਰ ਵਿਚ ਹੋ ਰਹੇ ਵਾਧੇ ਦੀਆਂ ਇਹ ਕੁਝ ਮਿਸਾਲਾਂ ਹਨ।

ਯਹੋਵਾਹ ਦੇ ਗਵਾਹ ਸੈਨਤ ਭਾਸ਼ਾ ਵਿਚ ਅਸੈਂਬਲੀਆਂ ਤੇ ਜ਼ਿਲ੍ਹਾ ਸੰਮੇਲਨ ਵੀ ਕਰਦੇ ਹਨ। ਪਿਛਲੇ ਸਾਲ ਦੁਨੀਆਂ ਭਰ ਵਿਚ 120 ਜ਼ਿਲ੍ਹਾ ਸੰਮੇਲਨ ਵੱਖੋ-ਵੱਖਰੀਆਂ ਸੈਨਤ ਭਾਸ਼ਾਵਾਂ ਵਿਚ ਕੀਤੇ ਗਏ ਸਨ। ਇਨ੍ਹਾਂ ਸੰਮੇਲਨਾਂ ਸਦਕਾ ਬੋਲ਼ੇ ਭੈਣ-ਭਰਾ ਦੇਖ ਸਕਦੇ ਹਨ ਕਿ ਉਹ ਵੀ ਵਿਸ਼ਵ-ਵਿਆਪੀ ਭਾਈਚਾਰੇ ਦਾ ਹਿੱਸਾ ਹਨ ਜੋ ਸਮੇਂ ਸਿਰ ਮਿਲਦੇ ਪਰਮੇਸ਼ੁਰ ਦੇ ਗਿਆਨ ਤੋਂ ਲਾਭ ਉਠਾ ਰਹੇ ਹਨ।

ਲੈਨਰਡ ਵੀ ਸੁਣ ਨਹੀਂ ਸਕਦਾ ਅਤੇ ਉਹ ਤਕਰੀਬਨ 25 ਸਾਲਾਂ ਤੋਂ ਯਹੋਵਾਹ ਦਾ ਗਵਾਹ ਹੈ। ਉਹ ਕਹਿੰਦਾ ਹੈ: “ਮੈਨੂੰ ਪਤਾ ਹੈ ਕਿ ਯਹੋਵਾਹ ਸੱਚਾ ਪਰਮੇਸ਼ੁਰ ਹੈ। ਫਿਰ ਵੀ ਮੈਨੂੰ ਸਾਫ਼ ਸਮਝ ਨਹੀਂ ਆਈ ਕਿ ਯਹੋਵਾਹ ਇਨਸਾਨਾਂ ’ਤੇ ਦੁੱਖ ਕਿਉਂ ਆਉਣ ਦਿੰਦਾ ਹੈ। ਕਦੀ-ਕਦੀ ਮੈਨੂੰ ਯਹੋਵਾਹ ’ਤੇ ਗੁੱਸਾ ਆ ਜਾਂਦਾ ਸੀ। ਪਰ ਸੈਨਤ ਭਾਸ਼ਾ ਦੇ ਜ਼ਿਲ੍ਹਾ ਸੰਮੇਲਨ ਵਿਚ ਇਕ ਖ਼ਾਸ ਭਾਸ਼ਣ ਦੌਰਾਨ ਮੈਂ ਸਮਝ ਗਿਆ ਕਿ ਪਰਮੇਸ਼ੁਰ ਕਿਉਂ ਦੁੱਖ ਆਉਣ ਦਿੰਦਾ ਹੈ। ਜਦੋਂ ਭਾਸ਼ਣ ਖ਼ਤਮ ਹੋਇਆ, ਤਾਂ ਮੇਰੀ ਪਤਨੀ ਨੇ ਮੈਨੂੰ ਕੂਹਣੀ ਮਾਰੀ ਤੇ ਪੁੱਛਿਆ, ‘ਹੁਣ ਤਸੱਲੀ ਹੋ ਗਈ?’ ਮੈਂ ਦਿਲੋਂ ਕਿਹਾ ਹਾਂ! 25 ਸਾਲਾਂ ਬਾਅਦ ਮੈਂ ਸ਼ੁਕਰ ਮਨਾਉਂਦਾ ਹਾਂ ਕਿ ਮੈਂ ਯਹੋਵਾਹ ਨੂੰ ਛੱਡਿਆ ਨਹੀਂ। ਮੈਂ ਹਮੇਸ਼ਾ ਯਹੋਵਾਹ ਨੂੰ ਪਿਆਰ ਕੀਤਾ ਹੈ, ਪਰ ਮੈਂ ਉਸ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਿਆ। ਅੱਜ ਮੈਂ ਸਮਝਦਾ ਹਾਂ!”

ਦਿਲੋਂ ਸ਼ੁਕਰਗੁਜ਼ਾਰ

ਯਹੋਵਾਹ ਬਾਰੇ ਸਿੱਖ ਕੇ ਬੋਲ਼ੇ ਲੋਕ ਉਸ ਦੇ ਚਿਹਰੇ ਉੱਤੇ ਕਿਹੜੇ “ਭਾਵ” ਦੇਖ ਰਹੇ ਹਨ? ਪਿਆਰ, ਹਮਦਰਦੀ, ਨਿਆਂ, ਵਫ਼ਾਦਾਰੀ, ਦਇਆ ਤੇ ਕਈ ਹੋਰ ਭਾਵ।

ਦੁਨੀਆਂ ਭਰ ਵਿਚ ਬੋਲ਼ੇ ਭੈਣ-ਭਰਾ ਯਹੋਵਾਹ ਦਾ ਚਿਹਰਾ ਦੇਖ ਰਹੇ ਹਨ ਤੇ ਦੇਖਦੇ ਰਹਿਣਗੇ ਜਿਉਂ-ਜਿਉਂ ਉਨ੍ਹਾਂ ਦਾ ਯਹੋਵਾਹ ਬਾਰੇ ਗਿਆਨ ਵਧੇਗਾ। ਬੋਲ਼ੇ ਲੋਕਾਂ ਨਾਲ ਪਿਆਰ ਹੋਣ ਕਰਕੇ ‘ਯਹੋਵਾਹ ਨੇ ਆਪਣੇ ਮੁਖੜੇ ਨੂੰ ਉਨ੍ਹਾਂ ਉੱਤੇ ਚਮਕਾਇਆ ਹੈ।’ (ਗਿਣ. 6:25) ਬੋਲ਼ੇ ਲੋਕ ਬਹੁਤ ਸ਼ੁਕਰਗੁਜ਼ਾਰ ਹਨ ਕਿ ਉਹ ਯਹੋਵਾਹ ਨੂੰ ਜਾਣ ਸਕੇ ਹਨ!

[ਸਫ਼ੇ 24, 25 ਉੱਤੇ ਤਸਵੀਰਾਂ]

ਦੁਨੀਆਂ ਭਰ ਵਿਚ 1,100 ਤੋਂ ਜ਼ਿਆਦਾ ਸੈਨਤ ਭਾਸ਼ਾ ਦੀਆਂ ਕਲੀਸਿਯਾਵਾਂ ਹਨ

[ਸਫ਼ਾ 26 ਉੱਤੇ ਤਸਵੀਰਾਂ]

ਯਹੋਵਾਹ ਦਾ ਮੁਖੜਾ ਬੋਲ਼ੇ ਲੋਕਾਂ ਉੱਤੇ ਚਮਕਿਆ ਹੈ