Skip to content

Skip to table of contents

ਧਰਮ ਨੂੰ ਮੰਨਣਾ ਮੇਰਾ ਫ਼ੈਸਲਾ ਜਾਂ ਮੇਰੇ ਮਾਪਿਆਂ ਦਾ?

ਧਰਮ ਨੂੰ ਮੰਨਣਾ ਮੇਰਾ ਫ਼ੈਸਲਾ ਜਾਂ ਮੇਰੇ ਮਾਪਿਆਂ ਦਾ?

ਧਰਮ ਨੂੰ ਮੰਨਣਾ ਮੇਰਾ ਫ਼ੈਸਲਾ ਜਾਂ ਮੇਰੇ ਮਾਪਿਆਂ ਦਾ?

ਪੌਲੈਂਡ ਵਿਚ ਕਈ ਲੋਕ ਯਹੋਵਾਹ ਦੇ ਗਵਾਹਾਂ ਨੂੰ ਕਹਿੰਦੇ ਹਨ, “ਜਿਸ ਧਰਮ ਵਿਚ ਮੈਂ ਜੰਮਿਆ, ਉਸੇ ਵਿਚ ਮਰਾਂਗਾ।” ਉਨ੍ਹਾਂ ਦੇ ਖ਼ਿਆਲ ਨਾਲ ਨਿਆਣੇ ਉਸ ਧਰਮ ਨੂੰ ਮੰਨਦੇ ਹਨ ਜਿਸ ਧਰਮ ਨੂੰ ਉਨ੍ਹਾਂ ਦੇ ਮਾਪੇ ਮੰਨਦੇ ਹਨ। ਕੀ ਤੁਹਾਡੇ ਇਲਾਕੇ ਦੇ ਲੋਕ ਵੀ ਧਰਮ ਬਾਰੇ ਇਹੀ ਕਹਿੰਦੇ ਹਨ? ਉਹ ਇਹੋ ਜਿਹਾ ਰਵੱਈਆ ਕਿਉਂ ਰੱਖਦੇ ਹਨ? ਧਰਮ ਨੂੰ ਮੰਨਣਾ ਬੱਸ ਇਕ ਪਰੰਪਰਾ ਬਣ ਗਈ ਹੈ ਜਿਸ ਅਨੁਸਾਰ ਲੋਕੀ ਆਪਣੇ ਦਾਦਿਆਂ-ਪੜਦਾਦਿਆਂ ਦੇ ਧਰਮ ਨੂੰ ਮੰਨਦੇ ਆਏ ਹਨ। ਕੀ ਯਹੋਵਾਹ ਦੇ ਗਵਾਹਾਂ ਨਾਲ ਵੀ ਇੱਦਾਂ ਹੋ ਸਕਦਾ ਹੈ ਜਿਨ੍ਹਾਂ ਨੇ ਆਪਣੇ ਮਾਪਿਆਂ ਜਾਂ ਦਾਦਿਆਂ-ਪੜਦਾਦਿਆਂ ਕੋਲੋਂ ਸੱਚਾਈ ਸਿੱਖੀ ਹੈ?

ਤਿਮੋਥਿਉਸ ਨਾਲ ਇੱਦਾਂ ਨਹੀਂ ਹੋਇਆ ਸੀ ਜਿਸ ਨੂੰ ਉਸ ਦੀ ਮਾਂ ਤੇ ਨਾਨੀ ਨੇ ਸੱਚੇ ਪਰਮੇਸ਼ੁਰ ਨੂੰ ਮੰਨਣ ਤੇ ਉਸ ਨੂੰ ਪਿਆਰ ਕਰਨਾ ਸਿਖਾਇਆ। ਤਿਮੋਥਿਉਸ ਨੂੰ “ਬਾਲ ਅਵਸਥਾ” ਤੋਂ ਪਵਿੱਤਰ ਲਿਖਤਾਂ ਦਾ ਗਿਆਨ ਸੀ। ਸਮੇਂ ਦੇ ਬੀਤਣ ਨਾਲ ਤਿਮੋਥਿਉਸ, ਉਸ ਦੀ ਮਾਂ ਤੇ ਨਾਨੀ ਨੂੰ ਯਕੀਨ ਹੋ ਗਿਆ ਕਿ ਮਸੀਹੀ ਧਰਮ ਹੀ ਸੱਚਾ ਸੀ। ਤਿਮੋਥਿਉਸ ਨੇ ਯਿਸੂ ਮਸੀਹ ਬਾਰੇ ਸ਼ਾਸਤਰਾਂ ਵਿੱਚੋਂ ਜੋ ਗੱਲਾਂ ਸੁਣੀਆਂ ਸਨ, ਉਨ੍ਹਾਂ ਨੂੰ ‘ਸਤ ਮੰਨਣ’ ਲਈ ਉਹ ਕਾਇਲ ਹੋਇਆ ਸੀ। (2 ਤਿਮੋ. 1:5; 3:14, 15) ਸੋ ਭਾਵੇਂ ਮਸੀਹੀ ਮਾਪੇ ਅੱਜ ਯਹੋਵਾਹ ਦੇ ਭਗਤ ਬਣਨ ਵਿਚ ਆਪਣੇ ਬੱਚਿਆਂ ਦੀ ਬਹੁਤ ਮਦਦ ਕਰਦੇ ਹਨ, ਪਰ ਬੱਚਿਆਂ ਵਿਚ ਵੀ ਯਹੋਵਾਹ ਦੀ ਸੇਵਾ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ।—ਮਰ. 8:34.

ਜਿਹੜਾ ਵੀ ਵਿਅਕਤੀ ਪਿਆਰ ਦੀ ਖ਼ਾਤਰ ਯਹੋਵਾਹ ਦੀ ਸੇਵਾ ਕਰ ਕੇ ਹਰ ਹਾਲ ਵਿਚ ਵਫ਼ਾਦਾਰ ਰਹਿਣਾ ਚਾਹੁੰਦਾ ਹੈ, ਉਹੋ ਭਰੋਸੇਯੋਗ ਦਲੀਲਾਂ ਤੋਂ ਕਾਇਲ ਹੋਇਆ ਹੋਣਾ ਚਾਹੀਦਾ ਹੈ। ਫਿਰ ਉਸ ਦੀ ਨਿਹਚਾ ਪੱਕੀ ਤੇ ਸਥਿਰ ਹੋਵੇਗੀ।—ਅਫ਼. 3:17; ਕੁਲੁ. 2:6, 7.

ਬੱਚਿਆਂ ਦੀ ਭੂਮਿਕਾ

ਐਲਬਰਟ * ਦੇ ਮਾਪੇ ਗਵਾਹ ਹਨ ਅਤੇ ਉਹ ਕਹਿੰਦਾ ਹੈ, “ਮੈਂ ਤਾਂ ਹਮੇਸ਼ਾ ਇਹੀ ਮੰਨਦਾ ਆਇਆ ਹਾਂ ਕਿ ਯਹੋਵਾਹ ਦੇ ਗਵਾਹਾਂ ਦਾ ਧਰਮ ਸੱਚਾ ਹੈ। ਪਰ ਮੈਨੂੰ ਉਸ ਤਰ੍ਹਾਂ ਜੀਣਾ ਔਖਾ ਲੱਗਦਾ ਸੀ ਜਿਸ ਤਰ੍ਹਾਂ ਮੇਰੇ ਮਾਪੇ ਮੈਨੂੰ ਜੀਣ ਲਈ ਕਹਿੰਦੇ ਸਨ।” ਨੌਜਵਾਨ ਹੋਣ ਕਰਕੇ ਤੁਸੀਂ ਵੀ ਸ਼ਾਇਦ ਇੱਦਾਂ ਹੀ ਸੋਚਦੇ ਹੋਵੋਗੇ। ਕਿਉਂ ਨਾ ਤੁਸੀਂ ਖ਼ੁਦ ਉਸ ਤਰ੍ਹਾਂ ਦੀ ਜ਼ਿੰਦਗੀ ਜੀ ਕੇ ਦੇਖੋ ਜਿਸ ਤਰ੍ਹਾਂ ਦੀ ਪਰਮੇਸ਼ੁਰ ਚਾਹੁੰਦਾ ਹੈ ਤੇ ਉਸ ਦੀ ਮਰਜ਼ੀ ਪੂਰੀ ਕਰ ਕੇ ਖ਼ੁਸ਼ੀ ਪਾਓ? (ਜ਼ਬੂ. 40:8) ਐਲਬਰਟ ਕਹਿੰਦਾ ਹੈ, “ਮੈਂ ਪ੍ਰਾਰਥਨਾ ਕਰਨ ਲੱਗ ਪਿਆ। ਪਹਿਲਾਂ-ਪਹਿਲਾਂ ਮੇਰੇ ਲਈ ਪ੍ਰਾਰਥਨਾ ਕਰਨੀ ਮੁਸ਼ਕਲ ਸੀ। ਮੈਨੂੰ ਪ੍ਰਾਰਥਨਾ ਕਰਨ ਲਈ ਆਪਣੇ ਆਪ ਨੂੰ ਮਜਬੂਰ ਕਰਨਾ ਪੈਂਦਾ ਸੀ। ਥੋੜ੍ਹੀ ਦੇਰ ਬਾਅਦ ਮੈਨੂੰ ਲੱਗਾ ਕਿ ਜੇ ਮੈਂ ਸਹੀ ਕੰਮ ਕਰਨ ਦੀ ਕੋਸ਼ਿਸ਼ ਕਰਾਂ, ਤਾਂ ਹੀ ਮੈਂ ਪਰਮੇਸ਼ੁਰ ਦੇ ਕਿਸੇ ਕੰਮ ਆਵਾਂਗਾ। ਇਸ ਕਰਕੇ ਮੈਂ ਆਪਣੇ ਵਿਚ ਜ਼ਰੂਰੀ ਤਬਦੀਲੀਆਂ ਕਰ ਸਕਿਆ।” ਯਹੋਵਾਹ ਨਾਲ ਚੰਗਾ ਰਿਸ਼ਤਾ ਜੋੜ ਕੇ ਤੁਸੀਂ ਉਹ ਕੁਝ ਕਰ ਪਾਓਗੇ ਜੋ ਪਰਮੇਸ਼ੁਰ ਤੁਹਾਡੇ ਤੋਂ ਚਾਹੁੰਦਾ ਹੈ।—ਜ਼ਬੂ. 25:14; ਯਾਕੂ. 4:8.

ਉਸ ਖੇਡ ਬਾਰੇ ਸੋਚੋ ਜਿਸ ਨੂੰ ਖੇਡ ਕੇ ਤੁਹਾਨੂੰ ਬਹੁਤ ਮਜ਼ਾ ਆਉਂਦਾ ਹੈ ਜਿਵੇਂ ਕੈਰਮ ਬੋਰਡ ਜਾਂ ਕੋਈ ਹੋਰ ਖੇਡ। ਜੇ ਤੁਹਾਨੂੰ ਇਸ ਖੇਡ ਦੇ ਨਿਯਮਾਂ ਬਾਰੇ ਨਹੀਂ ਪਤਾ ਜਾਂ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਖੇਡ ਨਹੀਂ ਸਕਦੇ, ਤਾਂ ਤੁਸੀਂ ਇਸ ਤੋਂ ਬੋਰ ਹੋ ਜਾਓਗੇ। ਪਰ ਜੇ ਤੁਸੀਂ ਖੇਡ ਦੇ ਨਿਯਮ ਸਿੱਖੇ ਹਨ ਤੇ ਚੰਗੀ ਤਰ੍ਹਾਂ ਖੇਡਦੇ ਹੋ, ਤਾਂ ਤੁਸੀਂ ਇਸ ਨੂੰ ਖੇਡਣ ਦੇ ਮੌਕੇ ਜ਼ਰੂਰ ਭਾਲੋਗੇ। ਪਰਮੇਸ਼ੁਰੀ ਕੰਮਾਂ ਬਾਰੇ ਵੀ ਇਹ ਗੱਲ ਸੱਚ ਹੈ। ਜੇ ਤੁਸੀਂ ਮਸੀਹੀ ਸਭਾਵਾਂ ਦੀ ਤਿਆਰੀ ਕਰੋ ਤੇ ਇਨ੍ਹਾਂ ਵਿਚ ਹਿੱਸਾ ਲਓ, ਤਾਂ ਤੁਹਾਨੂੰ ਮਜ਼ਾ ਆਵੇਗਾ! ਛੋਟੀ ਉਮਰ ਵਿਚ ਵੀ ਤੁਸੀਂ ਚੰਗੀ ਮਿਸਾਲ ਕਾਇਮ ਕਰ ਕੇ ਦੂਜਿਆਂ ਨੂੰ ਉਤਸ਼ਾਹ ਦੇ ਸਕਦੇ ਹੋ!—ਇਬ. 10:24, 25.

ਦੂਸਰਿਆਂ ਨੂੰ ਆਪਣੀ ਨਿਹਚਾ ਬਾਰੇ ਵੀ ਦੱਸੋ। ਅਸੀਂ ਮਜਬੂਰ ਹੋ ਕੇ ਨਹੀਂ ਦੱਸਾਂਗੇ, ਸਗੋਂ ਪਰਮੇਸ਼ੁਰ ਨਾਲ ਪਿਆਰ ਹੋਣ ਕਰਕੇ ਦੱਸਾਂਗੇ। ਆਪਣੇ ਤੋਂ ਪੁੱਛੋ: ‘ਮੈਂ ਦੂਸਰਿਆਂ ਨੂੰ ਯਹੋਵਾਹ ਬਾਰੇ ਕਿਉਂ ਦੱਸਣਾ ਚਾਹੁੰਦਾ ਹਾਂ? ਮੈਂ ਕਿਨ੍ਹਾਂ ਕਾਰਨਾਂ ਕਰਕੇ ਪਰਮੇਸ਼ੁਰ ਨੂੰ ਪਿਆਰ ਕਰਦਾ ਹਾਂ?’ ਤੁਹਾਨੂੰ ਜਾਣਨ ਦੀ ਲੋੜ ਹੈ ਕਿ ਯਹੋਵਾਹ ਪਿਆਰ ਕਰਨ ਵਾਲੇ ਪਿਤਾ ਦੀ ਤਰ੍ਹਾਂ ਹੈ। ਉਸ ਨੇ ਯਿਰਮਿਯਾਹ ਦੇ ਰਾਹੀਂ ਕਿਹਾ: “ਤੁਸੀਂ ਮੈਨੂੰ ਭਾਲੋਗੇ ਅਤੇ ਲੱਭੋਗੇ, ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੋਗੇ।” (ਯਿਰ. 29:13, 14) ਸੋ ਤੁਹਾਨੂੰ ਕੀ ਕਰਨ ਦੀ ਲੋੜ ਹੈ? ਯਾਕੁਬ ਕਹਿੰਦਾ ਹੈ: “ਮੈਨੂੰ ਆਪਣੀ ਸੋਚ ਨੂੰ ਬਦਲਣ ਦੀ ਲੋੜ ਸੀ। ਮੈਂ ਬਚਪਨ ਤੋਂ ਮੀਟਿੰਗਾਂ ਵਿਚ ਅਤੇ ਪ੍ਰਚਾਰ ਕਰਨ ਜਾਂਦਾ ਸੀ, ਪਰ ਇਹ ਸਭ ਕੁਝ ਮੇਰੇ ਲਈ ਰੁਟੀਨ ਬਣ ਗਈ ਸੀ। ਮੈਂ ਸੱਚਾਈ ਉਦੋਂ ਗੰਭੀਰਤਾ ਨਾਲ ਲੈਣ ਲੱਗਾ ਜਦੋਂ ਮੈਂ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਿਆ ਤੇ ਉਸ ਨਾਲ ਗੂੜ੍ਹਾ ਰਿਸ਼ਤਾ ਕਾਇਮ ਕੀਤਾ।”

ਜਦੋਂ ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਨਾਲ ਸੰਗਤ ਕਰਦੇ ਹੋ ਜਿਨ੍ਹਾਂ ਤੋਂ ਤੁਹਾਨੂੰ ਉਤਸ਼ਾਹ ਮਿਲਦਾ ਹੈ, ਤਾਂ ਤੁਹਾਨੂੰ ਪ੍ਰਚਾਰ ਕਰ ਕੇ ਜ਼ਿਆਦਾ ਮਜ਼ਾ ਆਵੇਗਾ। ਇਕ ਕਹਾਵਤ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ।” (ਕਹਾ. 13:20) ਸੋ ਉਨ੍ਹਾਂ ਭੈਣਾਂ-ਭਰਾਵਾਂ ਨਾਲ ਦੋਸਤੀ ਕਰੋ ਜਿਨ੍ਹਾਂ ਨੇ ਪਰਮੇਸ਼ੁਰ ਦੀ ਸੇਵਾ ਕਰਨ ਦੇ ਟੀਚੇ ਰੱਖੇ ਹਨ ਤੇ ਉਸ ਦੀ ਸੇਵਾ ਕਰ ਕੇ ਖ਼ੁਸ਼ ਹਨ। ਯੋਲਾ ਕਹਿੰਦੀ ਹੈ: “ਮੈਂ ਉਨ੍ਹਾਂ ਨੌਜਵਾਨਾਂ ਨਾਲ ਦੋਸਤੀ ਕੀਤੀ ਜਿਹੜੇ ਯਹੋਵਾਹ ਦੀ ਸੇਵਾ ਨੂੰ ਪਹਿਲ ਦਿੰਦੇ ਹਨ ਜਿਸ ਕਰਕੇ ਮੈਨੂੰ ਉਨ੍ਹਾਂ ਤੋਂ ਬਹੁਤ ਹੌਸਲਾ ਮਿਲਿਆ। ਮੈਂ ਬਾਕਾਇਦਾ ਪ੍ਰਚਾਰ ਕਰਨ ਲੱਗ ਪਈ ਜਿਸ ਕਰਕੇ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ।”

ਮਾਪਿਆਂ ਦੀ ਭੂਮਿਕਾ

ਯੋਲਾ ਕਹਿੰਦੀ ਹੈ: “ਮੈਂ ਆਪਣੇ ਮਾਪਿਆਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਯਹੋਵਾਹ ਦੀ ਸਿੱਖਿਆ ਦਿੱਤੀ।” ਹਾਂ, ਬੱਚਿਆਂ ਉੱਤੇ ਮਾਪਿਆਂ ਦਾ ਜ਼ਬਰਦਸਤ ਅਸਰ ਪੈਂਦਾ ਹੈ ਕਿ ਉਹ ਕਿਹੜੇ ਧਰਮ ਨੂੰ ਮੰਨਣਗੇ। ਪੌਲੁਸ ਰਸੂਲ ਨੇ ਲਿਖਿਆ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” (ਅਫ਼. 6:4) ਯਹੋਵਾਹ ਦੀ ਇਸ ਸਲਾਹ ਤੋਂ ਜ਼ਾਹਰ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਯਹੋਵਾਹ ਦੇ ਰਾਹਾਂ ਬਾਰੇ ਸਿਖਾਉਣਾ ਚਾਹੀਦਾ ਹੈ, ਨਾ ਕਿ ਆਪਣੇ ਰਾਹਾਂ ਬਾਰੇ। ਆਪਣੇ ਬੱਚਿਆਂ ਦੇ ਮਨਾਂ ਵਿਚ ਇਹ ਗੱਲਾਂ ਨਾ ਪਾਓ ਕਿ ਉਨ੍ਹਾਂ ਨੂੰ ਜ਼ਿੰਦਗੀ ਵਿਚ ਕੀ ਬਣਨਾ ਚਾਹੀਦਾ ਹੈ। ਇਸ ਦੀ ਬਜਾਇ, ਚੰਗਾ ਹੋਵੇਗਾ ਕਿ ਤੁਸੀਂ ਯਹੋਵਾਹ ਦੀ ਇੱਛਾ ਅਨੁਸਾਰ ਜੀਉਣ ਦਾ ਟੀਚਾ ਰੱਖਣ ਵਿਚ ਉਨ੍ਹਾਂ ਦੀ ਮਦਦ ਕਰੋ!

ਤੁਸੀਂ ਆਪਣੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਦੀਆਂ ਗੱਲਾਂ ਬਿਠਾਉਣ ਲਈ “ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।” (ਬਿਵ. 6:6, 7) ਤਿੰਨ ਮੁੰਡਿਆਂ ਦੇ ਮਾਂ-ਬਾਪ ਈਵਾ ਤੇ ਰਿਸ਼ਾਰਡ ਕਹਿੰਦੇ ਹਨ, “ਅਸੀਂ ਆਪਣੇ ਮੁੰਡਿਆਂ ਨਾਲ ਵੱਖ-ਵੱਖ ਤਰ੍ਹਾਂ ਦੀ ਫੁੱਲ-ਟਾਈਮ ਸੇਵਾ ਬਾਰੇ ਕਾਫ਼ੀ ਗੱਲ ਕਰਦੇ ਸੀ।” ਨਤੀਜਾ? “ਛੋਟੀ ਉਮਰ ਤੋਂ ਹੀ ਮੁੰਡੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਦਾਖ਼ਲਾ ਲੈਣਾ ਚਾਹੁੰਦੇ ਸੀ। ਫਿਰ ਉਹ ਪਬਲੀਸ਼ਰ ਬਣ ਗਏ ਤੇ ਉਨ੍ਹਾਂ ਨੇ ਆਪ ਹੀ ਬਪਤਿਸਮਾ ਲੈਣ ਦਾ ਫ਼ੈਸਲਾ ਕੀਤਾ। ਬਾਅਦ ਵਿਚ ਉਨ੍ਹਾਂ ਨੇ ਪਾਇਨੀਅਰਿੰਗ ਕੀਤੀ ਅਤੇ ਬੈਥਲ ਗਏ।”

ਮਾਪਿਆਂ ਨੂੰ ਚੰਗੀ ਮਿਸਾਲ ਬਣਨ ਦੀ ਲੋੜ ਹੈ। ਰਿਸ਼ਾਰਡ ਕਹਿੰਦਾ ਹੈ, “ਅਸੀਂ ਠਾਣ ਰੱਖੀ ਸੀ ਕਿ ਅਸੀਂ ਦੂਹਰੀ ਜ਼ਿੰਦਗੀ ਨਹੀਂ ਜੀਵਾਂਗੇ, ਘਰ ਵਿਚ ਹੋਰ ਤੇ ਕਲੀਸਿਯਾ ਵਿਚ ਹੋਰ।” ਤਾਂ ਫਿਰ ਆਪਣੇ ਤੋਂ ਪੁੱਛੋ: ‘ਮੇਰੀ ਜ਼ਿੰਦਗੀ ਤੋਂ ਮੇਰੇ ਨਿਆਣੇ ਕੀ ਸਿੱਖਦੇ ਹਨ? ਕੀ ਉਹ ਇਹ ਦੇਖਦੇ ਹਨ ਕਿ ਅਸੀਂ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਹਾਂ? ਕੀ ਉਨ੍ਹਾਂ ਨੂੰ ਇਹ ਪਿਆਰ ਮੇਰੀਆਂ ਪ੍ਰਾਰਥਨਾਵਾਂ ਤੇ ਨਿੱਜੀ ਅਧਿਐਨ ਕਰਦੇ ਸਮੇਂ ਨਜ਼ਰ ਆਉਂਦਾ ਹੈ? ਕੀ ਪ੍ਰਚਾਰ ਪ੍ਰਤਿ ਮੇਰੇ ਰਵੱਈਏ ਤੋਂ, ਮਨੋਰੰਜਨ, ਚੀਜ਼ਾਂ ਅਤੇ ਕਲੀਸਿਯਾ ਦੇ ਦੂਜੇ ਮੈਂਬਰਾਂ ਬਾਰੇ ਮੇਰੀਆਂ ਗੱਲਾਂ ਤੋਂ ਦੇਖ ਸਕਦੇ ਹਨ ਕਿ ਮੈਂ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਹਾਂ? (ਲੂਕਾ 6:40) ਤੁਹਾਡੀ ਰੋਜ਼ਮੱਰਾ ਦੀ ਜ਼ਿੰਦਗੀ ਤੋਂ ਨਿਆਣੇ ਦੇਖਣਗੇ ਕਿ ਤੁਸੀਂ ਜੋ ਕਹਿੰਦੇ ਹੋ, ਉਹ ਕਰਦੇ ਵੀ ਹੋ।

ਬੱਚਿਆਂ ਦੀ ਪਰਵਰਿਸ਼ ਕਰਦਿਆਂ ਉਨ੍ਹਾਂ ਨੂੰ ਅਨੁਸ਼ਾਸਨ ਦੇਣਾ ਵੀ ਬਹੁਤ ਜ਼ਰੂਰੀ ਹੈ। ਪਰਮੇਸ਼ੁਰ ਦਾ ਬਚਨ ਸਾਨੂੰ ਕਹਿੰਦਾ ਹੈ ਕਿ “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ।” (ਕਹਾ. 22:6) ਈਵਾ ਤੇ ਰਿਸ਼ਾਰਡ ਕਹਿੰਦੇ ਹਨ, “ਅਸੀਂ ਇਕੱਲੇ-ਇਕੱਲੇ ਬੱਚੇ ਨਾਲ ਬਾਈਬਲ ਦੀ ਸਟੱਡੀ ਕਰਨ ਲਈ ਸਮਾਂ ਕੱਢਦੇ ਸਾਂ।” ਇਹ ਮਾਪਿਆਂ ’ਤੇ ਨਿਰਭਰ ਕਰਦਾ ਹੈ ਕਿ ਹਰ ਬੱਚੇ ਨਾਲ ਵੱਖੋ-ਵੱਖਰੇ ਸਮੇਂ ’ਤੇ ਸਟੱਡੀ ਕਰਨ ਦੀ ਲੋੜ ਹੈ ਜਾਂ ਨਹੀਂ। ਭਾਵੇਂ ਤੁਸੀਂ ਸਾਰੇ ਬੱਚਿਆਂ ਨਾਲ ਸਟੱਡੀ ਕਰੋ ਜਾਂ ਇਕੱਲੇ-ਇਕੱਲੇ ਨਾਲ, ਪਰ ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਹਰ ਬੱਚੇ ਦੀ ਯੋਗਤਾ ਵੱਖੋ-ਵੱਖਰੀ ਹੁੰਦੀ ਹੈ ਅਤੇ ਤੁਹਾਨੂੰ ਉਨ੍ਹਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਸਟੱਡੀ ਕਰਨੀ ਚਾਹੀਦੀ ਹੈ। ਮਿਸਾਲ ਲਈ, ਉਨ੍ਹਾਂ ਨੂੰ ਇਹ ਕਹਿਣ ਦੀ ਬਜਾਇ ਕਿ ਕਿਹੜਾ ਸੰਗੀਤ ਮਾੜਾ ਹੈ, ਕਿਉਂ ਨਾ ਉਨ੍ਹਾਂ ਨੂੰ ਖ਼ੁਦ ਫ਼ੈਸਲਾ ਕਰਨਾ ਸਿਖਾਓ ਕਿ ਉਨ੍ਹਾਂ ਲਈ ਕੀ ਸਹੀ ਹੈ ਅਤੇ ਕੀ ਗ਼ਲਤ ਅਤੇ ਕਿਹੜੇ ਬਾਈਬਲ ਅਸੂਲ ਲਾਗੂ ਹੁੰਦੇ ਹਨ?

ਤੁਹਾਡੇ ਬੱਚਿਆਂ ਨੂੰ ਪਤਾ ਹੋਵੇਗਾ ਕਿ ਤੁਸੀਂ ਉਨ੍ਹਾਂ ਤੋਂ ਕੀ ਚਾਹੁੰਦੇ ਹੋ। ਤੁਹਾਨੂੰ ਵੀ ਸ਼ਾਇਦ ਲੱਗਦਾ ਹੋਵੇ ਕਿ ਤੁਸੀਂ ਜੋ ਕਹਿੰਦੇ ਹੋ, ਬੱਚੇ ਉਹ ਕਰਦੇ ਵੀ ਹਨ। ਫਿਰ ਵੀ ਤੁਹਾਨੂੰ ਦੇਖਣ ਦੀ ਲੋੜ ਹੈ ਕਿ ਉਨ੍ਹਾਂ ਦੇ ਦਿਲਾਂ ਵਿਚ ਕੀ ਹੈ। ਯਾਦ ਰੱਖੋ ਕਿ “ਮਨੁੱਖ ਦੇ ਮਨ ਦੀ ਸਲਾਹ ਡੂੰਘੇ ਪਾਣੀ ਵਰਗੀ ਹੈ, ਪਰ ਸਮਝ ਵਾਲਾ ਉਹ ਨੂੰ ਬਾਹਰ ਕੱਢ ਲਿਆਵੇਗਾ।” (ਕਹਾ. 20:5) ਦੇਖੋ ਕਿ ਤੁਹਾਡਾ ਬੱਚਾ ਇੱਦਾਂ ਦੀ ਕੋਈ ਗੱਲ ਤਾਂ ਨਹੀਂ ਕਰਦਾ ਜਿਸ ਤੋਂ ਲੱਗੇ ਕਿ ਉਸ ਨੂੰ ਸੱਚਾਈ ਅਪਣਾਉਣੀ ਮੁਸ਼ਕਲ ਲੱਗ ਰਹੀ ਹੈ। ਜੇ ਹਾਂ, ਤਾਂ ਇਸ ਬਾਰੇ ਤੁਰੰਤ ਕੁਝ ਕਰੋ। ਉਸ ਨੂੰ ਕੋਸੇ ਬਿਨਾਂ ਦੱਸੋ ਕਿ ਤੁਹਾਨੂੰ ਉਸ ਦੀ ਪਰਵਾਹ ਹੈ ਤੇ ਫਿਰ ਢੁਕਵੇਂ ਸਵਾਲ ਪੁੱਛੋ। ਪਰ ਜ਼ਿਆਦਾ ਸਵਾਲ ਵੀ ਨਾ ਪੁੱਛੋ। ਉਸ ਨੂੰ ਲੱਗਣਾ ਚਾਹੀਦਾ ਹੈ ਕਿ ਤੁਸੀਂ ਉਸ ਦੀ ਪਰਵਾਹ ਕਰਦੇ ਹੋ। ਇਸ ਤਰ੍ਹਾਂ ਤੁਸੀਂ ਉਸ ਦੀ ਮਦਦ ਕਰ ਸਕੋਗੇ।

ਕਲੀਸਿਯਾ ਦੀ ਭੂਮਿਕਾ

ਯਹੋਵਾਹ ਦੇ ਸੇਵਕ ਹੋਣ ਦੇ ਨਾਤੇ, ਕੀ ਤੁਸੀਂ ਕਲੀਸਿਯਾ ਦੇ ਨੌਜਵਾਨਾਂ ਦੀ ਮਦਦ ਕਰ ਸਕਦੇ ਹੋ ਕਿ ਉਹ ਮਾਪਿਆਂ ਤੋਂ ਮਿਲੀ ਪਰਮੇਸ਼ੁਰੀ ਸਿੱਖਿਆ ਦੀ ਕਦਰ ਕਰਨ? ਇਹ ਤਾਂ ਠੀਕ ਹੈ ਕਿ ਬੱਚਿਆਂ ਨੂੰ ਸਿਖਲਾਈ ਦੇਣੀ ਮਾਪਿਆਂ ਦੀ ਜ਼ਿੰਮੇਵਾਰੀ ਹੈ, ਪਰ ਕਲੀਸਿਯਾ ਦੇ ਹੋਰ ਮੈਂਬਰ, ਖ਼ਾਸਕਰ ਬਜ਼ੁਰਗ ਵੀ ਸਿਖਲਾਈ ਦੇਣ ਵਿਚ ਮਾਪਿਆਂ ਦਾ ਸਾਥ ਦੇ ਸਕਦੇ ਹਨ। ਖ਼ਾਸਕਰ ਉਨ੍ਹਾਂ ਪਰਿਵਾਰਾਂ ਦਾ ਸਾਥ ਦੇਣਾ ਜ਼ਰੂਰੀ ਹੈ ਜਿਨ੍ਹਾਂ ਵਿਚ ਇਕ ਮਾਪਾ ਯਹੋਵਾਹ ਨੂੰ ਨਹੀਂ ਮੰਨਦਾ।

ਬਜ਼ੁਰਗ ਨਿਆਣਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ ਤਾਂਕਿ ਉਹ ਯਹੋਵਾਹ ਨੂੰ ਪਿਆਰ ਕਰਨ ਤੇ ਉਨ੍ਹਾਂ ਨੂੰ ਇਹ ਵੀ ਲੱਗੇ ਕਿ ਦੂਜਿਆਂ ਨੂੰ ਉਨ੍ਹਾਂ ਦੀ ਲੋੜ ਹੈ ਤੇ ਉਨ੍ਹਾਂ ਦੀ ਕਦਰ ਕਰਦੇ ਹਨ? ਮੇਰੀਯੂਸ ਪੋਲੈਂਡ ਦੀ ਇਕ ਕਲੀਸਿਯਾ ਵਿਚ ਨਿਗਾਹਬਾਨ ਹੈ। ਉਹ ਕਹਿੰਦਾ ਹੈ: “ਬਜ਼ੁਰਗਾਂ ਲਈ ਨਿਆਣਿਆਂ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਹੈ। ਸਿਰਫ਼ ਉਦੋਂ ਹੀ ਨਹੀਂ ਜਦੋਂ ਕੋਈ ਸਮੱਸਿਆ ਖੜ੍ਹੀ ਹੁੰਦੀ ਹੈ, ਸਗੋਂ ਹੋਰਨਾਂ ਮੌਕਿਆਂ ਤੇ ਵੀ ਗੱਲ ਕਰਨੀ ਚਾਹੀਦੀ ਹੈ ਜਿਵੇਂ ਪ੍ਰਚਾਰ ਕਰਦਿਆਂ, ਸਭਾਵਾਂ ਤੋਂ ਬਾਅਦ ਜਾਂ ਹੋਰ ਕੁਝ ਕਰਦੇ ਸਮੇਂ।” ਕਿਉਂ ਨਾ ਨਿਆਣਿਆਂ ਤੋਂ ਪੁੱਛੋ ਕਿ ਉਹ ਕਲੀਸਿਯਾ ਬਾਰੇ ਕਿਵੇਂ ਸੋਚਦੇ ਹਨ? ਇੱਦਾਂ ਕਲੀਸਿਯਾ ਨਾਲ ਉਨ੍ਹਾਂ ਦਾ ਪਿਆਰ ਵਧੇਗਾ ਤੇ ਉਹ ਆਪਣੇ ਆਪ ਨੂੰ ਕਲੀਸਿਯਾ ਦਾ ਹਿੱਸਾ ਸਮਝਣਗੇ।

ਬਜ਼ੁਰਗ ਹੋਣ ਦੇ ਨਾਤੇ ਕੀ ਤੁਸੀਂ ਆਪਣੀ ਕਲੀਸਿਯਾ ਦੇ ਨੌਜਵਾਨਾਂ ਤੋਂ ਵਾਕਫ਼ ਹੋ ਰਹੇ ਹੋ? ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਐਲਬਰਟ ਹੁਣ ਬਜ਼ੁਰਗ ਦੇ ਤੌਰ ਤੇ ਸੇਵਾ ਕਰ ਰਿਹਾ ਹੈ। ਅੱਲ੍ਹੜ ਉਮਰ ਵਿਚ ਹੁੰਦਿਆਂ ਉਸ ਨੂੰ ਕਈ ਮੁਸ਼ਕਲਾਂ ਆਈਆਂ। ਉਹ ਕਹਿੰਦਾ ਹੈ, “ਨੌਜਵਾਨ ਹੋਣ ਕਰਕੇ ਮੈਂ ਚਾਹੁੰਦਾ ਸੀ ਕਿ ਕੋਈ ਬਜ਼ੁਰਗ ਮੈਨੂੰ ਆ ਕੇ ਮਿਲੇ।” ਨੌਜਵਾਨਾਂ ਲਈ ਬਜ਼ੁਰਗ ਪ੍ਰਾਰਥਨਾ ਕਰ ਸਕਦੇ ਹਨ ਕਿ ਉਹ ਯਹੋਵਾਹ ਦੀ ਸੇਵਾ ਕਰਦੇ ਰਹਿਣ ਤੇ ਉਸ ਨਾਲ ਗੂੜ੍ਹਾ ਰਿਸ਼ਤਾ ਜੋੜਨ। ਇਸ ਤਰ੍ਹਾਂ ਕਰ ਕੇ ਉਹ ਨੌਜਵਾਨਾਂ ਵਿਚ ਰੁਚੀ ਲੈ ਸਕਦੇ ਹਨ।—2 ਤਿਮੋ. 1:3.

ਨੌਜਵਾਨਾਂ ਲਈ ਕਲੀਸਿਯਾ ਦੇ ਕੰਮ ਕਰਨੇ ਚੰਗੀ ਗੱਲ ਹੋਵੇਗੀ। ਨਹੀਂ ਤਾਂ ਉਹ ਦੁਨੀਆਂ ਵਿਚ ਨਾਂ ਕਮਾਉਣ ਦੇ ਟੀਚੇ ਰੱਖ ਲੈਣਗੇ। ਕੀ ਤੁਸੀਂ, ਜੋ ਉਮਰ ਵਿਚ ਵੱਡੇ ਹੋ, ਉਨ੍ਹਾਂ ਨਾਲ ਪ੍ਰਚਾਰ ’ਤੇ ਜਾ ਸਕਦੇ ਹੋ ਅਤੇ ਉਨ੍ਹਾਂ ਦੇ ਦੋਸਤ ਬਣ ਸਕਦੇ ਹੋ? ਉਨ੍ਹਾਂ ਨਾਲ ਸਮਾਂ ਗੁਜ਼ਾਰੋ ਅਤੇ ਮਾਹੌਲ ਇੱਦਾਂ ਦਾ ਬਣਾਓ ਕਿ ਉਹ ਤੁਹਾਡੇ ਉੱਤੇ ਭਰੋਸਾ ਕਰਨ ਤੇ ਤੁਹਾਨੂੰ ਦੋਸਤ ਸਮਝਣ। ਯੋਲਾ ਕਹਿੰਦੀ ਹੈ: “ਇਕ ਪਾਇਨੀਅਰ ਭੈਣ ਨੇ ਦਿਲੋਂ ਮੇਰੇ ਵਿਚ ਰੁਚੀ ਦਿਖਾਈ। ਪਹਿਲੀ ਵਾਰ ਮੈਂ ਉਸ ਭੈਣ ਨਾਲ ਹੀ ਪ੍ਰਚਾਰ ’ਤੇ ਗਈ ਸੀ ਤੇ ਮੈਂ ਜਾਣਾ ਵੀ ਉਸੇ ਨਾਲ ਚਾਹੁੰਦੀ ਸੀ।”

ਫ਼ੈਸਲਾ ਤੁਹਾਡਾ

ਬੱਚਿਓ, ਆਪਣੇ ਤੋਂ ਪੁੱਛੋ: ‘ਮੈਂ ਕਿਹੜੇ ਟੀਚੇ ਰੱਖੇ ਹਨ? ਜੇ ਮੈਂ ਹਾਲੇ ਬਪਤਿਸਮਾ ਨਹੀਂ ਲਿਆ ਹੈ, ਤਾਂ ਕੀ ਮੈਂ ਬਪਤਿਸਮਾ ਲੈਣ ਦਾ ਟੀਚਾ ਰੱਖਿਆ ਹੈ?’ ਯਹੋਵਾਹ ਲਈ ਦਿਲੋਂ ਪਿਆਰ ਹੋਣ ਕਰਕੇ ਤੁਹਾਨੂੰ ਖ਼ੁਦ ਬਪਤਿਸਮਾ ਲੈਣ ਦਾ ਫ਼ੈਸਲਾ ਕਰਨਾ ਚਾਹੀਦਾ ਹੈ, ਨਾ ਕਿ ਇਹ ਸੋਚ ਕੇ ਕਿ ਇੱਦਾਂ ਕਰਨਾ ਪਰਿਵਾਰ ਦੀ ਪਰੰਪਰਾ ਹੈ।

ਸਾਡੀ ਦੁਆ ਹੈ ਕਿ ਤੁਸੀਂ ਯਹੋਵਾਹ ਨੂੰ ਆਪਣਾ ਦੋਸਤ ਅਤੇ ਸੱਚਾਈ ਨੂੰ ਖ਼ਜ਼ਾਨੇ ਦੀ ਤਰ੍ਹਾਂ ਸਮਝੋ। ਯਹੋਵਾਹ ਨੇ ਯਸਾਯਾਹ ਰਾਹੀਂ ਕਿਹਾ ਸੀ: “ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ।” ਯਹੋਵਾਹ ਤੁਹਾਡੇ ਨਾਲ ਰਹੇਗਾ ਜਦ ਤਕ ਤੁਸੀਂ ਉਸ ਦੇ ਦੋਸਤ ਰਹੋਗੇ। ਉਹ ਤੁਹਾਨੂੰ ਤਕੜਿਆਂ ਕਰੇਗਾ ਅਤੇ ‘ਤੁਹਾਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲੇਗਾ।’—ਯਸਾ. 41:10.

[ਫੁਟਨੋਟ]

^ ਪੈਰਾ 6 ਕੁਝ ਨਾਂ ਬਦਲੇ ਗਏ ਹਨ।

[ਸਫ਼ਾ 4 ਉੱਤੇ ਤਸਵੀਰ]

ਮਾਪਿਓ, ਜਾਣਨ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਬੱਚੇ ਦੇ ਦਿਲ ਵਿਚ ਕੀ ਹੈ

[ਸਫ਼ਾ 6 ਉੱਤੇ ਤਸਵੀਰ]

ਯਹੋਵਾਹ ਲਈ ਦਿਲੋਂ ਪਿਆਰ ਹੋਣ ਕਰਕੇ ਤੁਹਾਨੂੰ ਖ਼ੁਦ ਬਪਤਿਸਮਾ ਲੈਣ ਦਾ ਫ਼ੈਸਲਾ ਕਰਨਾ ਚਾਹੀਦਾ ਹੈ