Skip to content

Skip to table of contents

ਮਸੀਹ ਦਾ ਪਿਆਰ ਸਾਨੂੰ ਦੂਸਰਿਆਂ ਨੂੰ ਪਿਆਰ ਕਰਨ ਲਈ ਪ੍ਰੇਰਦਾ ਹੈ

ਮਸੀਹ ਦਾ ਪਿਆਰ ਸਾਨੂੰ ਦੂਸਰਿਆਂ ਨੂੰ ਪਿਆਰ ਕਰਨ ਲਈ ਪ੍ਰੇਰਦਾ ਹੈ

ਮਸੀਹ ਦਾ ਪਿਆਰ ਸਾਨੂੰ ਦੂਸਰਿਆਂ ਨੂੰ ਪਿਆਰ ਕਰਨ ਲਈ ਪ੍ਰੇਰਦਾ ਹੈ

‘ਯਿਸੂ ਆਪਣੇ ਿਨੱਜ ਲੋਕਾਂ ਨਾਲ ਜਿਹੜੇ ਜਗਤ ਵਿੱਚ ਸਨ ਪਿਆਰ ਕਰ ਕੇ ਉਨ੍ਹਾਂ ਨੂੰ ਅੰਤ ਤੋੜੀ ਪਿਆਰ ਕਰਦਾ ਰਿਹਾ।’—ਯੂਹੰ. 13:1.

1, 2. (ੳ) ਯਿਸੂ ਦੇ ਪਿਆਰ ਵਿਚ ਕਿਹੜੀ ਇਕ ਖ਼ਾਸ ਗੱਲ ਸੀ? (ਅ) ਇਸ ਲੇਖ ਵਿਚ ਅਸੀਂ ਕਿਨ੍ਹਾਂ ਨੂੰ ਪਿਆਰ ਕਰਨ ਬਾਰੇ ਸਿੱਖਾਂਗੇ?

ਯਿਸੂ ਪਿਆਰ ਦੀ ਸਭ ਤੋਂ ਵਧੀਆ ਮਿਸਾਲ ਹੈ। ਉਸ ਦੀ ਬੋਲੀ, ਚਾਲ-ਚਲਣ, ਸਿੱਖਿਆ ਅਤੇ ਕੁਰਬਾਨੀ ਤੋਂ ਪਤਾ ਲੱਗਦਾ ਹੈ ਕਿ ਉਹ ਇਨਸਾਨਾਂ ਨੂੰ ਕਿੰਨਾ ਪਿਆਰ ਕਰਦਾ ਸੀ। ਧਰਤੀ ’ਤੇ ਆਪਣੀ ਜ਼ਿੰਦਗੀ ਦੀ ਆਖ਼ਰੀ ਘੜੀ ਤਕ ਯਿਸੂ ਆਪਣੇ ਕੋਲ ਆਉਣ ਵਾਲੇ ਸਾਰੇ ਲੋਕਾਂ ਨੂੰ, ਖ਼ਾਸ ਕਰਕੇ ਆਪਣੇ ਚੇਲਿਆਂ ਨੂੰ ਪਿਆਰ ਕਰਦਾ ਰਿਹਾ।

2 ਪਿਆਰ ਦੇ ਸੰਬੰਧ ਵਿਚ ਯਿਸੂ ਨੇ ਆਪਣੇ ਚੇਲਿਆਂ ਵਾਸਤੇ ਵਧੀਆ ਮਿਸਾਲ ਕਾਇਮ ਕੀਤੀ ਜਿਸ ’ਤੇ ਉਨ੍ਹਾਂ ਨੂੰ ਚੱਲਣਾ ਚਾਹੀਦਾ ਹੈ। ਉਸ ਦੀ ਮਿਸਾਲ ਤੋਂ ਸਾਨੂੰ ਹੱਲਾਸ਼ੇਰੀ ਮਿਲਦੀ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਤੇ ਹੋਰਨਾਂ ਸਾਰੇ ਲੋਕਾਂ ਨੂੰ ਵੀ ਪਿਆਰ ਕਰੀਏ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਕਲੀਸਿਯਾ ਦੇ ਬਜ਼ੁਰਗ ਯਿਸੂ ਵਾਂਗ ਉਨ੍ਹਾਂ ਭੈਣਾਂ-ਭਰਾਵਾਂ ਨੂੰ ਪਿਆਰ ਕਰਨ ਬਾਰੇ ਕੀ ਸਿੱਖ ਸਕਦੇ ਹਨ ਜਿਹੜੇ ਮਾੜੇ-ਮੋਟੇ ਜਾਂ ਗੰਭੀਰ ਪਾਪ ਕਰਦੇ ਹਨ। ਅਸੀਂ ਇਹ ਵੀ ਦੇਖਾਂਗੇ ਕਿ ਯਿਸੂ ਦਾ ਪਿਆਰ ਮਸੀਹੀਆਂ ਨੂੰ ਔਖੀਆਂ ਘੜੀਆਂ, ਕੁਦਰਤੀ ਆਫ਼ਤਾਂ ਅਤੇ ਬੀਮਾਰੀ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਨ ਲਈ ਕਿਵੇਂ ਪ੍ਰੇਰਦਾ ਹੈ।

3. ਪਤਰਸ ਦੀਆਂ ਗੰਭੀਰ ਗ਼ਲਤੀਆਂ ਦੇ ਬਾਵਜੂਦ ਯਿਸੂ ਉਸ ਨਾਲ ਕਿਵੇਂ ਪੇਸ਼ ਆਇਆ?

3 ਯਿਸੂ ਦੀ ਮੌਤ ਤੋਂ ਇਕ ਰਾਤ ਪਹਿਲਾਂ, ਉਸ ਦੇ ਰਸੂਲ ਪਤਰਸ ਨੇ ਉਸ ਦਾ ਤਿੰਨ ਵਾਰ ਇਨਕਾਰ ਕੀਤਾ। (ਮਰ. 14:66-72) ਲੇਕਿਨ ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਪਤਰਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਵੇਗਾ। ਸੋ ਜਦੋਂ ਪਤਰਸ ਨੇ ਤੋਬਾ ਕੀਤੀ, ਤਾਂ ਯਿਸੂ ਨੇ ਉਸ ਨੂੰ ਮਾਫ਼ ਕਰ ਦਿੱਤਾ। ਉਸ ਤੋਂ ਬਾਅਦ ਯਿਸੂ ਨੇ ਪਤਰਸ ਨੂੰ ਭਾਰੀਆਂ ਜ਼ਿੰਮੇਵਾਰੀਆਂ ਸੌਂਪੀਆਂ। (ਲੂਕਾ 22:32; ਰਸੂ. 2:14; 8:14-17; 10:44, 45) ਅਸੀਂ ਯਿਸੂ ਦੇ ਰਵੱਈਏ ਤੋਂ ਕੀ ਸਿੱਖਦੇ ਹਾਂ ਜੋ ਉਸ ਨੇ ਗੰਭੀਰ ਗ਼ਲਤੀਆਂ ਕਰਨ ਵਾਲਿਆਂ ਪ੍ਰਤਿ ਦਿਖਾਇਆ ਸੀ?

ਗੰਭੀਰ ਗ਼ਲਤੀਆਂ ਕਰਨ ਵਾਲਿਆਂ ਪ੍ਰਤਿ ਯਿਸੂ ਵਰਗਾ ਰਵੱਈਆ ਰੱਖੋ

4. ਖ਼ਾਸਕਰ ਕਿਹੜੇ ਹਾਲਾਤ ਵਿਚ ਮਸੀਹ ਵਰਗਾ ਰਵੱਈਆ ਦਿਖਾਉਣ ਦੀ ਲੋੜ ਪੈਂਦੀ ਹੈ?

4 ਸਾਨੂੰ ਕਈ ਹਾਲਾਤਾਂ ਵਿਚ ਮਸੀਹ ਵਰਗਾ ਰਵੱਈਆ ਦਿਖਾਉਣ ਦੀ ਲੋੜ ਪੈਂਦੀ ਹੈ। ਮਿਸਾਲ ਲਈ, ਇਕ ਦੁਖਦਾਈ ਹਾਲਾਤ ਹੋ ਸਕਦਾ ਹੈ ਜਦੋਂ ਪਰਿਵਾਰ ਵਿਚ ਜਾਂ ਕਲੀਸਿਯਾ ਵਿਚ ਕੋਈ ਗੰਭੀਰ ਪਾਪ ਕਰ ਬੈਠਦਾ ਹੈ। ਜਿਉਂ-ਜਿਉਂ ਸ਼ਤਾਨ ਦੀ ਦੁਨੀਆਂ ਦੇ ਅਖ਼ੀਰਲੇ ਦਿਨ ਖ਼ਤਮ ਹੁੰਦੇ ਜਾ ਰਹੇ ਹਨ, ਤਿਉਂ-ਤਿਉਂ ਮਸੀਹੀਆਂ ਉੱਤੇ ਇਸ ਦੁਨੀਆਂ ਦਾ ਮਾੜਾ ਪ੍ਰਭਾਵ ਵਧਦਾ ਜਾ ਰਿਹਾ ਹੈ। ਦੁਨੀਆਂ ਦੇ ਮਾੜੇ ਚਾਲ-ਚਲਣ ਦਾ ਅਸਰ ਬੱਚਿਆਂ ਅਤੇ ਵੱਡਿਆਂ ਦੋਹਾਂ ’ਤੇ ਪੈ ਸਕਦਾ ਹੈ ਜਿਸ ਕਰਕੇ ਉਹ ਪਰਮੇਸ਼ੁਰ ਦੇ ਰਾਹਾਂ ’ਤੇ ਚੱਲਣਾ ਛੱਡ ਦਿੰਦੇ ਹਨ। ਪਹਿਲੀ ਸਦੀ ਵਿਚ ਕੁਝ ਮਸੀਹੀਆਂ ਨੂੰ ਕਲੀਸਿਯਾ ਵਿੱਚੋਂ ਛੇਕਿਆ ਗਿਆ ਸੀ ਤੇ ਕੁਝ ਮਸੀਹੀਆਂ ਨੂੰ ਤਾੜਨਾ ਦਿੱਤੀ ਗਈ ਸੀ। ਅੱਜ ਵੀ ਇੱਦਾਂ ਹੀ ਹੁੰਦਾ ਹੈ। (1 ਕੁਰਿੰ. 5:11-13; 1 ਤਿਮੋ. 5:20) ਫਿਰ ਵੀ ਇੱਦਾਂ ਕਰਦਿਆਂ ਬਜ਼ੁਰਗ ਮਸੀਹ ਵਰਗਾ ਪਿਆਰ ਦਿਖਾਉਂਦੇ ਹਨ ਜਿਸ ਦਾ ਪਾਪ ਕਰਨ ਵਾਲੇ ਉੱਤੇ ਗਹਿਰਾ ਅਸਰ ਪੈ ਸਕਦਾ ਹੈ।

5. ਬਜ਼ੁਰਗਾਂ ਨੂੰ ਪਾਪ ਕਰਨ ਵਾਲਿਆਂ ਪ੍ਰਤਿ ਮਸੀਹ ਵਰਗਾ ਰਵੱਈਆ ਕਿਵੇਂ ਦਿਖਾਉਣਾ ਚਾਹੀਦਾ ਹੈ?

5 ਯਿਸੂ ਵਾਂਗ ਬਜ਼ੁਰਗਾਂ ਨੂੰ ਹਰ ਸਮੇਂ ਯਹੋਵਾਹ ਦੇ ਉੱਚੇ ਧਰਮੀ ਮਿਆਰਾਂ ’ਤੇ ਚੱਲਣ ਦੀ ਲੋੜ ਹੈ। ਇੱਦਾਂ ਕਰ ਕੇ ਉਹ ਯਹੋਵਾਹ ਵਾਂਗ ਨਿਮਰਤਾ, ਦਿਆਲਗੀ ਤੇ ਪਿਆਰ ਨਾਲ ਪੇਸ਼ ਆਉਂਦੇ ਹਨ। ਜਦੋਂ ਕੋਈ ਆਪਣੀਆਂ ਗ਼ਲਤੀਆਂ ਦੇ ਕਾਰਨ ‘ਟੁੱਟੇ ਦਿਲ ਵਾਲਾ’ ਜਾਂ ‘ਕੁਚਲਿਆ’ ਮਹਿਸੂਸ ਕਰਦਾ ਹੈ ਅਤੇ ਦਿਲੋਂ ਤੋਬਾ ਕਰਦਾ ਹੈ, ਤਾਂ ਬਜ਼ੁਰਗਾਂ ਲਈ ‘ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਉ ਨਾਲ ਸੁਧਾਰਨਾ’ ਸੌਖਾ ਹੋ ਜਾਂਦਾ ਹੈ। (ਜ਼ਬੂ. 34:18; ਗਲਾ. 6:1) ਪਰ ਉਸ ਜ਼ਿੱਦੀ ਬਾਰੇ ਕੀ ਜੋ ਜ਼ਰਾ ਜਿੰਨਾ ਵੀ ਪਛਤਾਵਾ ਨਹੀਂ ਕਰਦਾ?

6. ਗ਼ਲਤੀ ਕਰਨ ਵਾਲਿਆਂ ਨਾਲ ਪੇਸ਼ ਆਉਂਦੇ ਸਮੇਂ ਬਜ਼ੁਰਗਾਂ ਨੂੰ ਕਿਹੜੀ ਗੱਲ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਕਿਉਂ?

6 ਜਦੋਂ ਗ਼ਲਤੀ ਕਰਨ ਵਾਲਾ ਬਾਈਬਲ ਦੀ ਤਾੜਨਾ ਕਬੂਲ ਨਹੀਂ ਕਰਦਾ ਜਾਂ ਆਪਣੀ ਗ਼ਲਤੀ ਦੇ ਜ਼ਿੰਮੇਵਾਰ ਹੋਰਨਾਂ ਨੂੰ ਠਹਿਰਾਉਂਦਾ ਹੈ, ਤਾਂ ਬਜ਼ੁਰਗਾਂ ਅਤੇ ਹੋਰਨਾਂ ਭੈਣਾਂ-ਭਰਾਵਾਂ ਨੂੰ ਸ਼ਾਇਦ ਉਸ ’ਤੇ ਗੁੱਸਾ ਆਵੇ। ਉਹ ਸ਼ਾਇਦ ਉਸ ਬੰਦੇ ਦੇ ਕੰਮਾਂ ਤੇ ਰਵੱਈਏ ਬਾਰੇ ਬੁਰਾ-ਭਲਾ ਕਹਿਣ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਸ ਦੇ ਕਾਰਨ ਕਿਸੇ ਨੂੰ ਕਿੰਨਾ ਨੁਕਸਾਨ ਹੋਇਆ ਹੈ। ਪਰ ਕ੍ਰੋਧ ਕਰਨਾ ਚੰਗੀ ਗੱਲ ਨਹੀਂ ਹੈ ਤੇ ਨਾ ਹੀ ਇਹ “ਮਸੀਹ ਦੀ ਬੁੱਧੀ” ਅਨੁਸਾਰ ਹੈ। (1 ਕੁਰਿੰ. 2:16; ਯਾਕੂਬ 1:19, 20 ਪੜ੍ਹੋ।) ਯਿਸੂ ਨੇ ਕੁਝ ਮਸੀਹੀਆਂ ਨੂੰ ਭਾਵੇਂ ਸਖ਼ਤ ਚੇਤਾਵਨੀ ਦਿੱਤੀ ਸੀ, ਪਰ ਕਦੇ ਵੀ ਉਸ ਨੇ ਇੱਦਾਂ ਦੀ ਕੋਈ ਗੱਲ ਨਹੀਂ ਕਹੀ ਜਿਸ ਤੋਂ ਲੱਗੇ ਕਿ ਉਹ ਉਨ੍ਹਾਂ ਨੂੰ ਨਫ਼ਰਤ ਕਰਦਾ ਸੀ ਜਾਂ ਦੁੱਖ ਪਹੁੰਚਾਉਣਾ ਚਾਹੁੰਦਾ ਸੀ। (1 ਪਤ. 2:23) ਇਸ ਦੀ ਬਜਾਇ, ਉਸ ਨੇ ਗ਼ਲਤੀ ਕਰਨ ਵਾਲਿਆਂ ’ਤੇ ਇਹ ਛੱਡਿਆ ਕਿ ਜੇ ਉਹ ਚਾਹੁਣ, ਤਾਂ ਤੋਬਾ ਕਰ ਕੇ ਦੁਬਾਰਾ ਯਹੋਵਾਹ ਦੀ ਮਿਹਰ ਪਾ ਸਕਦੇ ਸਨ। ਦਰਅਸਲ, ਯਿਸੂ ਆਇਆ ਹੀ ਦੁਨੀਆਂ ਵਿਚ ‘ਪਾਪੀਆਂ ਨੂੰ ਬਚਾਉਣ’ ਵਾਸਤੇ ਸੀ।—1 ਤਿਮੋ. 1:15.

7, 8. ਜ਼ੁਡੀਸ਼ਲ ਮਾਮਲਿਆਂ ਨੂੰ ਨਜਿੱਠਣ ਵੇਲੇ ਕਿਹੜੀ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ?

7 ਕਲੀਸਿਯਾ ਵਿਚ ਜਿਨ੍ਹਾਂ ਨੂੰ ਤਾੜਿਆ ਜਾਂਦਾ ਹੈ, ਉਨ੍ਹਾਂ ਪ੍ਰਤਿ ਸਹੀ ਰਵੱਈਆ ਰੱਖਣ ਵਿਚ ਯਿਸੂ ਦੀ ਮਿਸਾਲ ਸਾਡੀ ਕਿਵੇਂ ਮਦਦ ਕਰ ਸਕਦੀ ਹੈ? ਯਾਦ ਰੱਖੋ ਕਿ ਬਾਈਬਲ ਅਨੁਸਾਰ ਜਦੋਂ ਕਲੀਸਿਯਾ ਵਿੱਚੋਂ ਕਿਸੇ ਨੂੰ ਛੇਕਿਆ ਜਾਂਦਾ ਹੈ, ਤਾਂ ਇਸ ਨਾਲ ਕਲੀਸਿਯਾ ਦੀ ਰਾਖੀ ਹੁੰਦੀ ਹੈ ਅਤੇ ਪਾਪੀ ਵੀ ਸ਼ਾਇਦ ਤੋਬਾ ਕਰ ਕੇ ਕਲੀਸਿਯਾ ਵਿਚ ਮੁੜ ਆਉਂਦਾ ਹੈ। (2 ਕੁਰਿੰ. 2:6-8) ਦੁੱਖ ਦੀ ਗੱਲ ਹੈ ਕਿ ਕੁਝ ਲੋਕ ਗ਼ਲਤੀਆਂ ਤੋਂ ਤੋਬਾ ਨਹੀਂ ਕਰਦੇ ਜਿਸ ਕਰਕੇ ਉਨ੍ਹਾਂ ਨੂੰ ਛੇਕਣਾ ਪੈਂਦਾ ਹੈ। ਪਰ ਖ਼ੁਸ਼ੀ ਦੀ ਗੱਲ ਹੈ ਕਿ ਬਾਅਦ ਵਿਚ ਕਈ ਪਛਤਾਵਾ ਕਰ ਕੇ ਯਹੋਵਾਹ ਕੋਲ ਉਸ ਦੀ ਕਲੀਸਿਯਾ ਵਿਚ ਮੁੜ ਆਉਂਦੇ ਹਨ। ਜਦੋਂ ਬਜ਼ੁਰਗ ਮਸੀਹ ਵਾਂਗ ਪੇਸ਼ ਆਉਂਦੇ ਹਨ, ਤਾਂ ਗ਼ਲਤੀ ਕਰਨ ਵਾਲਿਆਂ ਲਈ ਤੋਬਾ ਕਰਨੀ ਸੌਖੀ ਹੋ ਜਾਂਦੀ ਹੈ ਤੇ ਉਹ ਮੁੜ ਆਉਂਦੇ ਹਨ। ਕੁਝ ਪਾਪੀਆਂ ਨੂੰ ਸਮੇਂ ਦੇ ਬੀਤਣ ਨਾਲ ਸ਼ਾਇਦ ਉਹ ਸਾਰੀਆਂ ਗੱਲਾਂ ਯਾਦ ਨਾ ਰਹਿਣ ਜੋ ਬਜ਼ੁਰਗਾਂ ਨੇ ਬਾਈਬਲ ਵਿੱਚੋਂ ਤਾੜਨਾ ਦੇਣ ਲੱਗਿਆਂ ਕਹੀਆਂ ਸਨ, ਪਰ ਉਨ੍ਹਾਂ ਨੂੰ ਇਹ ਗੱਲ ਜ਼ਰੂਰ ਚੇਤੇ ਰਹੇਗੀ ਕਿ ਬਜ਼ੁਰਗ ਉਨ੍ਹਾਂ ਨਾਲ ਇੱਜ਼ਤ ਤੇ ਪਿਆਰ ਨਾਲ ਪੇਸ਼ ਆਏ ਸਨ।

8 ਇਸ ਲਈ ਬਜ਼ੁਰਗਾਂ ਨੂੰ “ਆਤਮਾ [ਸ਼ਕਤੀ] ਦਾ ਫਲ,” ਖ਼ਾਸ ਕਰਕੇ ਮਸੀਹ ਵਰਗਾ ਪਿਆਰ ਉਦੋਂ ਵੀ ਦਿਖਾਉਣਾ ਚਾਹੀਦਾ ਹੈ ਜਦੋਂ ਪਾਪੀ ਤਾੜਨਾ ਕਬੂਲ ਨਹੀਂ ਕਰਦਾ। (ਗਲਾ. 5:22, 23) ਉਨ੍ਹਾਂ ਨੂੰ ਕਦੇ ਵੀ ਕਲੀਸਿਯਾ ਵਿੱਚੋਂ ਪਾਪੀ ਨੂੰ ਕੱਢਣ ਵਿਚ ਕਾਹਲੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਦੇ ਰਵੱਈਏ ਤੋਂ ਦਿੱਸਣਾ ਚਾਹੀਦਾ ਹੈ ਕਿ ਉਹ ਚਾਹੁੰਦੇ ਹਨ ਕਿ ਪਾਪੀ ਯਹੋਵਾਹ ਵੱਲ ਮੁੜਨ। ਇਸ ਕਰਕੇ ਬਾਅਦ ਵਿਚ ਕਈ ਪਾਪੀ ਤੋਬਾ ਕਰ ਕੇ ਸ਼ਾਇਦ ਤਹਿ ਦਿਲੋਂ ਯਹੋਵਾਹ ਅਤੇ ਬਜ਼ੁਰਗਾਂ ਦੇ ਅਹਿਸਾਨਮੰਦ ਹੋਣ ਜਿਨ੍ਹਾਂ ਸਦਕਾ ਉਸ ਲਈ ਕਲੀਸਿਯਾ ਵਿਚ ਮੁੜ ਆਉਣਾ ਆਸਾਨ ਹੋਇਆ।—ਅਫ਼. 4:8, 11, 12.

ਅੰਤ ਦੇ ਦਿਨਾਂ ਵਿਚ ਮਸੀਹ ਵਾਂਗ ਪਿਆਰ ਕਰੋ

9. ਇਕ ਉਦਾਹਰਣ ਦਿਓ ਜਦੋਂ ਯਿਸੂ ਨੇ ਪਿਆਰ ਦੀ ਖ਼ਾਤਰ ਆਪਣੇ ਚੇਲਿਆਂ ਲਈ ਕੁਝ ਕੀਤਾ।

9 ਲੂਕਾ ਇਕ ਬੇਮਿਸਾਲ ਉਦਾਹਰਣ ਦਿੰਦਾ ਹੈ ਜਦੋਂ ਯਿਸੂ ਨੇ ਪਿਆਰ ਦੀ ਖ਼ਾਤਰ ਆਪਣੇ ਚੇਲਿਆਂ ਵਾਸਤੇ ਕੁਝ ਕੀਤਾ। ਯਿਸੂ ਨੂੰ ਪਤਾ ਸੀ ਕਿ ਰੋਮੀ ਫ਼ੌਜਾਂ ਨੇ ਯਰੂਸ਼ਲਮ ਸ਼ਹਿਰ ਨੂੰ ਘੇਰ ਲੈਣਾ ਸੀ ਜਿਸ ਕਰਕੇ ਮਸੀਹੀਆਂ ਲਈ ਉੱਥੋਂ ਨਿਕਲਣਾ ਔਖਾ ਹੋਣਾ ਸੀ। ਇਸ ਲਈ ਉਸ ਨੇ ਪਿਆਰ ਦੇ ਕਾਰਨ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ: “ਜਾਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਭਈ ਉਹ ਦਾ ਉੱਜੜਨਾ ਨੇੜੇ ਆ ਪਹੁੰਚਿਆ ਹੈ।” ਚੇਲਿਆਂ ਨੂੰ ਕੀ ਕਰਨਾ ਚਾਹੀਦਾ ਸੀ? ਯਿਸੂ ਨੇ ਪਹਿਲਾਂ ਤੋਂ ਹੀ ਉਨ੍ਹਾਂ ਨੂੰ ਸਾਫ਼ ਹਿਦਾਇਤਾਂ ਦੇ ਦਿੱਤੀਆਂ ਸਨ। “ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਨੂੰ ਭੱਜ ਜਾਣ ਅਤੇ ਓਹ ਜਿਹੜੇ ਉਸ ਦੇ ਵਿੱਚ ਹੋਣ ਸੋ ਨਿੱਕਲ ਜਾਣ ਅਤੇ ਜਿਹੜੇ ਖੇਤਾਂ ਵਿੱਚ ਹੋਣ ਉਹ ਦੇ ਅੰਦਰ ਨਾ ਵੜਨ। ਕਿਉਂ ਜੋ ਇਹ ਵੱਟਾ ਲੈਣ ਦੇ ਦਿਨ ਹਨ ਇਸ ਲਈ ਜੋ ਸਭ ਲਿਖੀਆਂ ਹੋਈਆਂ ਗੱਲਾਂ ਪੂਰੀਆਂ ਹੋਣ।” (ਲੂਕਾ 21:20-22) 66 ਈ. ਵਿਚ ਜਦੋਂ ਯਰੂਸ਼ਲਮ ਨੂੰ ਰੋਮੀ ਫ਼ੌਜਾਂ ਨੇ ਘੇਰ ਲਿਆ, ਤਾਂ ਆਗਿਆਕਾਰ ਮਸੀਹੀਆਂ ਨੇ ਯਿਸੂ ਦੀਆਂ ਹਿਦਾਇਤਾਂ ਅਨੁਸਾਰ ਕੀਤਾ।

10, 11. ਯਰੂਸ਼ਲਮ ਤੋਂ ਭੱਜੇ ਮਸੀਹੀਆਂ ਦੀ ਮਿਸਾਲ ’ਤੇ ਗੌਰ ਕਰ ਕੇ ਸਾਨੂੰ ‘ਵੱਡੇ ਕਸ਼ਟ’ ਵਾਸਤੇ ਤਿਆਰ ਹੋਣ ਵਿਚ ਕਿਵੇਂ ਮਦਦ ਮਿਲਦੀ ਹੈ?

10 ਮਸੀਹੀਆਂ ਨੂੰ ਯਰੂਸ਼ਲਮ ਤੋਂ ਭੱਜਣ ਵੇਲੇ ਇਕ-ਦੂਸਰੇ ਨਾਲ ਉਸੇ ਤਰ੍ਹਾਂ ਦਾ ਪਿਆਰ ਕਰਨ ਦੀ ਲੋੜ ਸੀ ਜਿਵੇਂ ਯਿਸੂ ਨੇ ਉਨ੍ਹਾਂ ਨਾਲ ਕੀਤਾ ਸੀ। ਉਸ ਵੇਲੇ ਉਨ੍ਹਾਂ ਕੋਲ ਜੋ ਵੀ ਸੀ, ਉਨ੍ਹਾਂ ਨੇ ਇਕ-ਦੂਸਰੇ ਨਾਲ ਸਾਂਝਾ ਕੀਤਾ ਹੋਵੇਗਾ। ਪਰ ਯਿਸੂ ਦੀ ਭਵਿੱਖਬਾਣੀ ਸਿਰਫ਼ ਯਰੂਸ਼ਲਮ ਦੀ ਤਬਾਹੀ ਬਾਰੇ ਹੀ ਨਹੀਂ ਸੀ। ਉਸ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ: “ਕਿਉਂ ਜੋ ਉਸ ਸਮੇ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।” (ਮੱਤੀ 24:17, 18, 21) ਇਸ ‘ਵੱਡੇ ਕਸ਼ਟ’ ਤੋਂ ਪਹਿਲਾਂ ਤੇ ਦੌਰਾਨ ਸਾਨੂੰ ਵੀ ਸ਼ਾਇਦ ਕਠਿਨਾਈਆਂ ਆਉਣਗੀਆਂ ਤੇ ਚੀਜ਼ਾਂ ਦੀ ਘਾਟ ਹੋਵੇਗੀ। ਉਦੋਂ ਮਸੀਹ ਵਰਗਾ ਰਵੱਈਆ ਰੱਖਣ ਨਾਲ ਅਸੀਂ ਇਨ੍ਹਾਂ ਕਠਿਨਾਈਆਂ ਨਾਲ ਸਿੱਝ ਪਾਵਾਂਗੇ।

11 ਉਸ ਵੇਲੇ ਸਾਨੂੰ ਯਿਸੂ ਦੀ ਮਿਸਾਲ ’ਤੇ ਚੱਲ ਕੇ ਇਕ-ਦੂਸਰੇ ਨੂੰ ਨਿਰਸੁਆਰਥ ਪਿਆਰ ਦਿਖਾਉਣ ਦੀ ਲੋੜ ਪਵੇਗੀ। ਇਸ ਸੰਬੰਧੀ ਪੌਲੁਸ ਨੇ ਸਲਾਹ ਦਿੱਤੀ: “ਸਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨੂੰ ਉਹ ਦੀ ਭਲਿਆਈ ਲਈ ਰਿਝਾਏ ਭਈ ਉਹ ਦੀ ਤਰੱਕੀ ਹੋਵੇ। ਕਿਉਂ ਜੋ ਮਸੀਹ ਨੇ ਵੀ ਆਪਣੇ ਆਪ ਨੂੰ ਨਹੀਂ ਰਿਝਾਇਆ ਪਰ ਜਿਵੇਂ ਲਿਖਿਆ ਹੋਇਆ ਹੈ ਕਿ ਤੇਰੇ ਨਿੰਦਕਾਂ ਦੀਆਂ ਨਿੰਦਿਆਂ ਮੇਰੇ ਉੱਤੇ ਆ ਪਈਆਂ।”—ਰੋਮੀ. 15:2, 3, 5.

12. ਅੱਜ ਤੋਂ ਹੀ ਸਾਨੂੰ ਕਿਹੋ ਜਿਹਾ ਪਿਆਰ ਕਰਨ ਦੀ ਲੋੜ ਹੈ ਤੇ ਕਿਉਂ?

12 ਪਤਰਸ ਨੂੰ ਪਤਾ ਸੀ ਕਿ ਯਿਸੂ ਉਸ ਨੂੰ ਕਿੰਨਾ ਪਿਆਰ ਕਰਦਾ ਸੀ, ਤਾਹੀਓਂ ਉਸ ਨੇ ਮਸੀਹੀਆਂ ਨੂੰ “ਨਿਸ਼ਕਪਟ ਪ੍ਰੇਮ” ਕਰਨ ਅਤੇ ‘ਸਤ ਦੇ ਅਧੀਨ ਹੋਣ’ ਦੀ ਹੱਲਾਸ਼ੇਰੀ ਦਿੱਤੀ। ਇਸ ਲਈ ਮਸੀਹੀਆਂ ਨੂੰ ‘ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖਣਾ’ ਚਾਹੀਦਾ ਹੈ। (1 ਪਤ. 1:22) ਅੱਜ ਸਾਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਸੀਹ ਵਰਗੇ ਗੁਣ ਪੈਦਾ ਕਰਨ ਦੀ ਲੋੜ ਹੈ। ਪਰਮੇਸ਼ੁਰ ਦੇ ਲੋਕਾਂ ’ਤੇ ਦਿਨ-ਬ-ਦਿਨ ਦਬਾਅ ਵਧਦੇ ਜਾ ਰਹੇ ਹਨ। ਸਾਨੂੰ ਇਸ ਬੁਰੀ ਦੁਨੀਆਂ ਦੀ ਕਿਸੇ ਵੀ ਚੀਜ਼ ’ਤੇ ਭਰੋਸਾ ਨਹੀਂ ਰੱਖਣਾ ਚਾਹੀਦਾ ਹੈ ਕਿਉਂਕਿ ਅਸੀਂ ਅੱਜ ਦੇਖ ਸਕਦੇ ਹਾਂ ਕਿ ਪੂਰੀ ਦੁਨੀਆਂ ਦੀ ਆਰਥਿਕ ਸਥਿਤੀ ਡਾਵਾਂ-ਡੋਲ ਹੋਈ ਪਈ ਹੈ। (1 ਯੂਹੰਨਾ 2:15-17 ਪੜ੍ਹੋ।) ਇਸ ਦੀ ਬਜਾਇ, ਜਿਉਂ-ਜਿਉਂ ਇਸ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਸਾਨੂੰ ਯਹੋਵਾਹ ਅਤੇ ਇਕ-ਦੂਜੇ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰਨ ਤੇ ਕਲੀਸਿਯਾ ਵਿਚ ਇਕ-ਦੂਜੇ ਦੇ ਸੱਚੇ ਦੋਸਤ ਬਣਨ ਦੀ ਲੋੜ ਹੈ। ਪੌਲੁਸ ਨੇ ਕਿਹਾ: “ਭਰੱਪਣ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ, ਆਦਰ ਵਿੱਚ ਦੂਏ ਨੂੰ ਚੰਗਾ ਸਮਝੋ।” (ਰੋਮੀ. 12:10) ਪਤਰਸ ਨੇ ਅੱਗੋਂ ਜ਼ੋਰ ਦਿੰਦੇ ਹੋਏ ਕਿਹਾ: “ਸਭ ਤੋਂ ਪਹਿਲਾਂ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ ਕਿਉਂ ਜੋ ਪ੍ਰੇਮ ਬਾਹਲਿਆਂ ਪਾਪਾਂ ਨੂੰ ਢੱਕ ਲੈਂਦਾ ਹੈ।”—1 ਪਤ. 4:8.

13–15. ਹਰੀਕੇਨ ਤੂਫ਼ਾਨਾਂ ਤੋਂ ਬਾਅਦ ਕੁਝ ਭਰਾਵਾਂ ਨੇ ਮਸੀਹ ਵਰਗਾ ਪਿਆਰ ਕਿਵੇਂ ਦਿਖਾਇਆ?

13 ਸਾਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹ ਮਸੀਹ ਵਰਗਾ ਪਿਆਰ ਦਿਖਾਉਣ ਲਈ ਜਾਣੇ ਜਾਂਦੇ ਹਨ। 2005 ਵਿਚ ਦੱਖਣੀ ਅਮਰੀਕਾ ਦੇ ਕਈ ਇਲਾਕਿਆਂ ਵਿਚ ਜਦੋਂ ਹਰੀਕੇਨ ਤੂਫ਼ਾਨਾਂ ਨੇ ਕਹਿਰ ਢਾਹਿਆ, ਤਾਂ ਕਈ ਗਵਾਹ ਮਦਦ ਕਰਨ ਲਈ ਅੱਗੇ ਆਏ। ਯਿਸੂ ਦੀ ਮਿਸਾਲ ਤੋਂ ਪ੍ਰਭਾਵਿਤ 20,000 ਤੋਂ ਜ਼ਿਆਦਾ ਗਵਾਹਾਂ ਨੇ ਤਬਾਹੀ ਦੇ ਸ਼ਿਕਾਰ ਭੈਣਾਂ-ਭਰਾਵਾਂ ਦੀ ਮਦਦ ਕੀਤੀ। ਉਨ੍ਹਾਂ ਵਿੱਚੋਂ ਕਈਆਂ ਨੇ ਤਾਂ ਮਦਦ ਕਰਨ ਵਾਸਤੇ ਆਪਣੇ ਸੁੱਖ-ਸਹੂਲਤਾਂ ਵਾਲੇ ਘਰ ਤੇ ਨੌਕਰੀਆਂ ਛੱਡ ਦਿੱਤੀਆਂ।

14 ਇਕ ਇਲਾਕੇ ਵਿਚ ਪਾਣੀ 80 ਕਿਲੋਮੀਟਰ ਤਕ ਭਰ ਗਿਆ ਜੋ 30 ਫੁੱਟ ਉੱਚੀ ਕੰਧ ਦੀ ਤਰ੍ਹਾਂ ਵਹਿ ਰਿਹਾ ਸੀ। ਜਦੋਂ ਪਾਣੀ ਘੱਟ ਗਿਆ, ਤਾਂ ਇਕ-ਤਿਹਾਈ ਘਰ ਤੇ ਹੋਰ ਇਮਾਰਤਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਸਨ। ਕਈ ਦੇਸ਼ਾਂ ਤੋਂ ਗਵਾਹ ਆਪਣੇ ਨਾਲ ਸੰਦ ਤੇ ਹੋਰ ਸਾਮੱਗਰੀ ਲੈ ਕੇ ਆਏ ਅਤੇ ਉਹ ਆਪਣੇ ਹੁਨਰਾਂ ਨੂੰ ਵਰਤ ਕੇ ਕੋਈ ਵੀ ਕੰਮ ਕਰਨ ਲਈ ਤਿਆਰ ਸਨ। ਦੋ ਸਕੀਆਂ ਭੈਣਾਂ, ਜੋ ਵਿਧਵਾਵਾਂ ਸਨ, ਨੇ ਆਪਣਾ ਸਾਮਾਨ ਟਰੱਕ ਵਿਚ ਲੱਦਿਆ ਅਤੇ 3,000 ਕਿਲੋਮੀਟਰਾਂ ਦਾ ਸਫ਼ਰ ਤੈਅ ਕਰ ਕੇ ਮਦਦ ਕਰਨ ਲਈ ਆਈਆਂ। ਇਕ ਭੈਣ ਅਜੇ ਵੀ ਉਸ ਇਲਾਕੇ ਵਿਚ ਰਹਿੰਦੀ ਹੈ ਤੇ ਰਿਲੀਫ-ਕਮੇਟੀ ਦੀ ਮਦਦ ਕਰਨ ਦੇ ਨਾਲ-ਨਾਲ ਰੈਗੂਲਰ ਪਾਇਨੀਅਰਿੰਗ ਵੀ ਕਰ ਰਹੀ ਹੈ।

15 ਉਸ ਇਲਾਕੇ ਵਿਚ ਗਵਾਹਾਂ ਅਤੇ ਹੋਰਨਾਂ ਲੋਕਾਂ ਦੇ 5,600 ਤੋਂ ਜ਼ਿਆਦਾ ਘਰਾਂ ਦੀ ਜਾਂ ਤਾਂ ਮੁਰੰਮਤ ਕੀਤੀ ਗਈ ਸੀ ਜਾਂ ਦੁਬਾਰਾ ਬਣਾਏ ਗਏ ਸਨ। ਉੱਥੇ ਦੇ ਗਵਾਹਾਂ ਨੂੰ ਇਹ ਪਿਆਰ ਦੇਖ ਕੇ ਕਿੱਦਾਂ ਲੱਗਾ? ਇਕ ਭੈਣ ਦਾ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ ਤੇ ਉਹ ਇਕ ਛੋਟੇ ਜਿਹੇ ਟ੍ਰੇਲਰ ਵਿਚ ਆ ਕੇ ਰਹਿਣ ਲੱਗ ਪਈ ਜਿਸ ਦੀ ਛੱਤ ਚੋਂਦੀ ਸੀ ਤੇ ਸਟੋਵ ਟੁੱਟਾ ਹੋਇਆ ਸੀ। ਭਰਾਵਾਂ ਨੇ ਉਸ ਲਈ ਛੋਟਾ ਪਰ ਵਧੀਆ ਘਰ ਬਣਾਇਆ। ਉਸ ਨੇ ਆਪਣੇ ਨਵੇਂ ਘਰ ਦੇ ਸਾਮ੍ਹਣੇ ਖੜ੍ਹੀ ਹੋ ਕੇ ਰੋਂਦੀ-ਰੋਂਦੀ ਨੇ ਯਹੋਵਾਹ ਤੇ ਭਰਾਵਾਂ ਦਾ ਧੰਨਵਾਦ ਕੀਤਾ। ਕਈ ਗਵਾਹ ਥੋੜ੍ਹੇ ਚਿਰ ਵਾਸਤੇ ਹੋਰਨਾਂ ਥਾਵਾਂ ’ਤੇ ਰਹਿਣ ਚਲੇ ਗਏ ਕਿਉਂਕਿ ਉਨ੍ਹਾਂ ਦੇ ਘਰ ਤਬਾਹ ਹੋ ਗਏ ਸਨ। ਪਰ ਨਵੇਂ ਘਰ ਬਣਨ ਤੋਂ ਬਾਅਦ ਵੀ ਉਹ ਇਕ ਸਾਲ ਜਾਂ ਜ਼ਿਆਦਾ ਸਮੇਂ ਲਈ ਉਨ੍ਹਾਂ ਥਾਵਾਂ ’ਤੇ ਹੀ ਰਹੇ। ਕਿਉਂ? ਤਾਂਕਿ ਉਨ੍ਹਾਂ ਦੇ ਨਵੇਂ ਘਰਾਂ ਵਿਚ ਉਹ ਭੈਣ-ਭਰਾ ਰਹਿ ਸਕਣ ਜੋ ਮਦਦ ਕਰਨ ਆਏ ਸਨ। ਮਸੀਹ ਵਰਗੇ ਪਿਆਰ ਦੀ ਕਿੰਨੀ ਸ਼ਾਨਦਾਰ ਮਿਸਾਲ!

ਬੀਮਾਰਾਂ ਪ੍ਰਤਿ ਯਿਸੂ ਵਰਗਾ ਰਵੱਈਆ ਰੱਖੋ

16, 17. ਅਸੀਂ ਕਿਨ੍ਹਾਂ ਤਰੀਕਿਆਂ ਨਾਲ ਬੀਮਾਰਾਂ ਪ੍ਰਤਿ ਮਸੀਹ ਵਰਗਾ ਰਵੱਈਆ ਦਿਖਾ ਸਕਦੇ ਹਾਂ?

16 ਸ਼ਾਇਦ ਸਾਡੇ ਵਿੱਚੋਂ ਬਹੁਤਿਆਂ ਨੇ ਕੁਦਰਤੀ ਆਫ਼ਤਾਂ ਦਾ ਸਾਮ੍ਹਣਾ ਨਾ ਕੀਤਾ ਹੋਵੇ। ਪਰ ਕੋਈ-ਨ-ਕੋਈ ਸਿਹਤ ਸਮੱਸਿਆ ਤਾਂ ਸਾਰਿਆਂ ਨੂੰ ਹੁੰਦੀ ਹੈ। ਇਹ ਸਮੱਸਿਆ ਸਾਨੂੰ ਹੋ ਸਕਦੀ ਹੈ ਜਾਂ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਹੋ ਸਕਦੀ ਹੈ। ਪਰ ਬੀਮਾਰਾਂ ਪ੍ਰਤਿ ਯਿਸੂ ਦਾ ਜੋ ਰਵੱਈਆ ਸੀ, ਉਸ ਤੋਂ ਅਸੀਂ ਕੁਝ ਸਿੱਖਦੇ ਹਾਂ। ਪਿਆਰ ਦੀ ਖ਼ਾਤਰ ਯਿਸੂ ਨੂੰ ਬੀਮਾਰਾਂ ’ਤੇ ਤਰਸ ਆਇਆ। ਜਦੋਂ ਲੋਕ ਉਸ ਕੋਲ ਬੀਮਾਰਾਂ ਨੂੰ ਲੈ ਕੇ ਆਏ, ਤਾਂ ਉਸ ਨੇ “ਸਾਰੇ ਰੋਗੀਆਂ ਨੂੰ ਚੰਗਿਆਂ ਕੀਤਾ।”—ਮੱਤੀ 8:16; 14:14.

17 ਅੱਜ ਮਸੀਹੀਆਂ ਕੋਲ ਯਿਸੂ ਵਾਂਗ ਬੀਮਾਰਾਂ ਨੂੰ ਠੀਕ ਕਰਨ ਦੀ ਚਮਤਕਾਰੀ ਸ਼ਕਤੀ ਨਹੀਂ ਹੈ, ਪਰ ਉਹ ਬੀਮਾਰਾਂ ਪ੍ਰਤਿ ਯਿਸੂ ਵਰਗੀ ਹਮਦਰਦੀ ਜ਼ਰੂਰ ਰੱਖਦੇ ਹਨ। ਉਹ ਇਹ ਹਮਦਰਦੀ ਕਿੱਦਾਂ ਦਿਖਾਉਂਦੇ ਹਨ? ਮਿਸਾਲ ਲਈ, ਬਜ਼ੁਰਗ ਕਲੀਸਿਯਾ ਦੇ ਬੀਮਾਰ ਭੈਣ-ਭਰਾਵਾਂ ਦੀ ਮਦਦ ਕਰਨ ਲਈ ਨਾ ਸਿਰਫ਼ ਇੰਤਜ਼ਾਮ ਕਰਦੇ ਹਨ, ਸਗੋਂ ਦੇਖਦੇ ਵੀ ਹਨ ਕਿ ਬੀਮਾਰਾਂ ਦੀ ਮਦਦ ਕੀਤੀ ਵੀ ਜਾ ਰਹੀ ਹੈ ਕਿ ਨਹੀਂ। ਇਸ ਤਰ੍ਹਾਂ ਉਹ ਮਸੀਹ ਵਰਗਾ ਰਵੱਈਆ ਦਿਖਾਉਂਦਿਆਂ ਮੱਤੀ 25:39, 40 (ਪੜ੍ਹੋ।) ਵਿਚ ਦਰਜ ਸਿਧਾਂਤ ਉੱਤੇ ਚੱਲਦੇ ਹਨ। *

18. ਦੋ ਭੈਣਾਂ ਨੇ ਇਕ ਹੋਰ ਭੈਣ ਨੂੰ ਕਿਵੇਂ ਸੱਚਾ ਪਿਆਰ ਦਿਖਾਇਆ ਅਤੇ ਨਤੀਜਾ ਕੀ ਨਿਕਲਿਆ?

18 ਦੂਜਿਆਂ ਦੀ ਭਲਾਈ ਕਰਨ ਲਈ ਜ਼ਰੂਰੀ ਨਹੀਂ ਕਿ ਤੁਸੀਂ ਬਜ਼ੁਰਗ ਹੋਵੋ। 44 ਸਾਲਾਂ ਦੀ ਸ਼ਾਰਲੀਨ ਦੀ ਮਿਸਾਲ ਉੱਤੇ ਗੌਰ ਕਰੋ। ਉਸ ਨੂੰ ਕੈਂਸਰ ਸੀ ਤੇ ਉਸ ਨੂੰ ਦੱਸਿਆ ਗਿਆ ਕਿ ਉਹ ਸਿਰਫ਼ 10 ਦਿਨ ਹੀ ਜੀਵੇਗੀ। ਦੋ ਭੈਣਾਂ ਸ਼ੈਰਨ ਤੇ ਨਿਕੋਲੈੱਟ ਨੇ ਦੇਖਿਆ ਕਿ ਸ਼ਾਰਲੀਨ ਦੇ ਪਤੀ ਨੂੰ ਉਸ ਦੀ ਕਿੰਨੀ ਦੇਖ-ਭਾਲ ਕਰਨੀ ਪੈਂਦੀ ਸੀ। ਇਸ ਲਈ ਦੋਵੇਂ ਭੈਣਾਂ 10 ਦਿਨਾਂ ਤਾਈਂ ਸ਼ਾਰਲੀਨ ਦੀ ਦੇਖ-ਭਾਲ ਕਰਨ ਲਈ ਅੱਗੇ ਆਈਆਂ। ਪਰ ਸ਼ਾਰਲੀਨ 10 ਦਿਨਾਂ ਦੀ ਬਜਾਇ ਛੇ ਹਫ਼ਤਿਆਂ ਤਕ ਜ਼ਿੰਦਾ ਰਹੀ ਤੇ ਭੈਣਾਂ ਨੇ ਅੰਤ ਤਕ ਪਿਆਰ ਨਾਲ ਉਸ ਦੀ ਦੇਖ-ਭਾਲ ਕੀਤੀ। ਸ਼ੈਰਨ ਕਹਿੰਦੀ ਹੈ: “ਅਸੀਂ ਦੁਖੀ ਹੁੰਦੇ ਹਾਂ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਇਨਸਾਨ ਨੇ ਠੀਕ ਨਹੀਂ ਹੋਣਾ। ਪਰ ਯਹੋਵਾਹ ਨੇ ਸਾਨੂੰ ਸਹਿਣ ਦੀ ਤਾਕਤ ਦਿੱਤੀ। ਇਸ ਅਨੁਭਵ ਕਾਰਨ ਯਹੋਵਾਹ ਅਤੇ ਭੈਣਾਂ-ਭਰਾਵਾਂ ਨਾਲ ਸਾਡਾ ਰਿਸ਼ਤਾ ਹੋਰ ਵੀ ਪੱਕਾ ਹੋਇਆ ਹੈ।” ਸ਼ਾਰਲੀਨ ਦਾ ਪਤੀ ਕਹਿੰਦਾ ਹੈ: “ਮੈਂ ਇਨ੍ਹਾਂ ਪਿਆਰੀਆਂ ਭੈਣਾਂ ਦਾ ਅਹਿਸਾਨ ਕਦੇ ਨਹੀਂ ਭੁੱਲਾਂਗਾ ਜਿਨ੍ਹਾਂ ਨੇ ਪਿਆਰ ਨਾਲ ਸ਼ਾਰਲੀਨ ਦੀ ਦੇਖ-ਭਾਲ ਕੀਤੀ। ਉਨ੍ਹਾਂ ਦੇ ਨਿਰਸੁਆਰਥ ਪਿਆਰ ਅਤੇ ਚੰਗੇ ਰਵੱਈਏ ਕਾਰਨ ਮੇਰੀ ਵਫ਼ਾਦਾਰ ਸ਼ਾਰਲੀਨ ਲਈ ਆਖ਼ਰੀ ਅਜ਼ਮਾਇਸ਼ ਸਹਿਣੀ ਆਸਾਨ ਹੋ ਗਈ ਤੇ ਮੈਨੂੰ ਵੀ ਸਰੀਰਕ ਅਤੇ ਜਜ਼ਬਾਤੀ ਤੌਰ ਤੇ ਰਾਹਤ ਮਿਲੀ ਜਿਸ ਦੀ ਮੈਨੂੰ ਬਹੁਤ ਲੋੜ ਸੀ। ਮੈਂ ਸਦਾ ਲਈ ਉਨ੍ਹਾਂ ਦਾ ਸ਼ੁਕਰਗੁਜ਼ਾਰ ਰਹਾਂਗਾ। ਉਨ੍ਹਾਂ ਦੀ ਕੁਰਬਾਨੀ ਸਦਕਾ ਯਹੋਵਾਹ ਵਿਚ ਮੇਰੀ ਨਿਹਚਾ ਅਤੇ ਭੈਣਾਂ-ਭਰਾਵਾਂ ਲਈ ਪਿਆਰ ਵਧਿਆ ਹੈ।”

19, 20. (ੳ) ਅਸੀਂ ਕਿਹੜੇ ਪੰਜ ਪਹਿਲੂਆਂ ਵਿਚ ਯਿਸੂ ਵਰਗਾ ਰਵੱਈਆ ਦਿਖਾ ਸਕਦੇ ਹਾਂ? (ਅ) ਤੁਸੀਂ ਕੀ ਕਰਨ ਦਾ ਇਰਾਦਾ ਕੀਤਾ ਹੈ?

19 ਇਨ੍ਹਾਂ ਤਿੰਨਾਂ ਲੇਖਾਂ ਵਿਚ ਅਸੀਂ ਯਿਸੂ ਦੇ ਰਵੱਈਏ ਦੇ ਪੰਜ ਪਹਿਲੂ ਦੇਖੇ ਹਨ ਅਤੇ ਇਹ ਵੀ ਦੇਖਿਆ ਹੈ ਕਿ ਅਸੀਂ ਉਸ ਵਾਂਗ ਕਿਵੇਂ ਸੋਚ ਸਕਦੇ ਅਤੇ ਕੰਮ ਕਰ ਸਕਦੇ ਹਾਂ। ਆਓ ਆਪਾਂ ਯਿਸੂ ਵਾਂਗ ‘ਕੋਮਲ ਅਤੇ ਮਨ ਦੇ ਗ਼ਰੀਬ’ ਬਣੀਏ। (ਮੱਤੀ 11:29) ਦੂਸਰਿਆਂ ਨਾਲ ਪਿਆਰ ਨਾਲ ਪੇਸ਼ ਆਈਏ, ਉਦੋਂ ਵੀ ਜਦੋਂ ਸਾਨੂੰ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਨਜ਼ਰ ਆਉਂਦੀਆਂ ਹਨ। ਆਓ ਅਸੀਂ ਔਖੇ ਹਾਲਾਤਾਂ ਵਿਚ ਵੀ ਦਲੇਰੀ ਨਾਲ ਯਹੋਵਾਹ ਦੇ ਸਾਰੇ ਹੁਕਮਾਂ ਨੂੰ ਮੰਨੀਏ।

20 ਆਓ ਆਪਾਂ ਵੀ ਯਿਸੂ ਵਾਂਗ “ਅੰਤ ਤੋੜੀ” ਆਪਣੇ ਸਾਰੇ ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਰਹੀਏ। ਪਿਆਰ ਕਾਰਨ ਅਸੀਂ ਯਿਸੂ ਦੇ ਸੱਚੇ ਚੇਲਿਆਂ ਵਜੋਂ ਪਛਾਣੇ ਜਾਂਦੇ ਹਾਂ। (ਯੂਹੰ. 13:1, 34, 35) ਹਾਂ, ‘ਭਰੱਪਣ ਦਾ ਪ੍ਰੇਮ ਬਣਾਈ ਰੱਖੋ।’ (ਇਬ. 13:1.) ਇੱਦਾਂ ਕਰਨ ਤੋਂ ਪਿੱਛੇ ਨਾ ਹਟੋ! ਯਹੋਵਾਹ ਦੀ ਵਡਿਆਈ ਕਰਨ ਅਤੇ ਦੂਸਰਿਆਂ ਦੀ ਮਦਦ ਕਰਨ ਵਿਚ ਆਪਣੀ ਜ਼ਿੰਦਗੀ ਲਾਓ! ਯਹੋਵਾਹ ਤੁਹਾਡੀਆਂ ਦਿਲੋਂ ਕੀਤੀਆਂ ਕੋਸ਼ਿਸ਼ਾਂ ’ਤੇ ਬਰਕਤ ਪਾਵੇਗਾ।

[ਫੁਟਨੋਟ]

^ ਪੈਰਾ 17 15 ਅਕਤੂਬਰ 1986 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ ਲੇਖ “ਸਿਰਫ਼ ਇਹੀ ਨਾ ਕਹੋ: ‘ਨਿੱਘੇ

ਅਤੇ ਰੱਜੇ ਪੁੱਜੇ ਰਹੋ’” ਦੇਖੋ।

ਕੀ ਤੁਸੀਂ ਸਮਝਾ ਸਕਦੇ ਹੋ?

• ਗ਼ਲਤੀ ਕਰਨ ਵਾਲਿਆਂ ਪ੍ਰਤਿ ਬਜ਼ੁਰਗ ਯਿਸੂ ਵਰਗਾ ਰਵੱਈਆ ਕਿਵੇਂ ਦਿਖਾ ਸਕਦੇ ਹਨ?

• ਇਸ ਅੰਤ ਦੇ ਸਮੇਂ ਵਿਚ ਮਸੀਹ ਵਰਗਾ ਪਿਆਰ ਜ਼ਾਹਰ ਕਰਨਾ ਕਿਉਂ ਇੰਨਾ ਜ਼ਰੂਰੀ ਹੈ?

• ਬੀਮਾਰਾਂ ਪ੍ਰਤਿ ਅਸੀਂ ਕਿਵੇਂ ਮਸੀਹ ਵਰਗਾ ਰਵੱਈਆ ਦਿਖਾ ਸਕਦੇ ਹਾਂ?

[ਸਵਾਲ]

[ਸਫ਼ਾ 17 ਉੱਤੇ ਤਸਵੀਰ]

ਬਜ਼ੁਰਗ ਚਾਹੁੰਦੇ ਹਨ ਕਿ ਪਾਪੀ ਯਹੋਵਾਹ ਵੱਲ ਮੁੜ ਆਉਣ

[ਸਫ਼ਾ 18 ਉੱਤੇ ਤਸਵੀਰ]

ਯਰੂਸ਼ਲਮ ਤੋਂ ਭੱਜੇ ਮਸੀਹੀਆਂ ਨੇ ਮਸੀਹ ਵਰਗਾ ਰਵੱਈਆ ਕਿਵੇਂ ਦਿਖਾਇਆ?

[ਸਫ਼ਾ 19 ਉੱਤੇ ਤਸਵੀਰ]

ਯਹੋਵਾਹ ਦੇ ਗਵਾਹ ਯਿਸੂ ਵਰਗਾ ਪਿਆਰ ਜ਼ਾਹਰ ਕਰਨ ਲਈ ਜਾਣੇ ਜਾਂਦੇ ਹਨ